Mausam Theek Nahin (Punjabi Story) : Pargat Singh Satauj

ਮੌਸਮ ਠੀਕ ਨਹੀਂ (ਕਹਾਣੀ) : ਪਰਗਟ ਸਿੰਘ ਸਤੌਜ

ਮੈਂ ਕਿੰਨੀ ਹੀ ਦੇਰ ਤੋਂ ਖੜ੍ਹੀ ਪੇਂਟਿੰਗ ਨੂੰ ਨਿਹਾਰ ਰਹੀ ਹਾਂ। ਪੇਂਟਿੰਗ ਵਿੱਚ ਸੁਰਮਈ ਰਾਤ ਦਾ ਦ੍ਰਿਸ਼ ਹੈ। ਦੂਰ ਬਿਜਲੀ ਲਿਸ਼ਕ ਰਹੀ ਹੈ। ਟਾਵੀਂ ਟਾਵੀਂ ਕਣੀ ਡਿੱਗ ਰਹੀ ਹੈ। ਇੱਕ ਔਰਤ ਕਾਨਿਆਂ ਦੇ ਛੱਪਰ ਹੇਠ ਖੜ੍ਹੀ ਬੜੀ ਉਤਸੁਕਤਾ ਨਾਲ ਬਾਹਰ ਵੱਲ ਵੇਖ ਰਹੀ ਹੈ ਜਿਵੇਂ ਕਿਸੇ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਹੋਵੇ। ਮੈਂ ਜਦੋਂ ਵੀ ਇਸ ਤਸਵੀਰ ਨੂੰ ਵੇਖਦੀ ਹਾਂ, ਮੇਰੇ ਅੰਦਰ ਕੁਝ ਟੁੱਟਣ ਲੱਗਦਾ ਹੈ। ਸੋਚਦੀ ਹਾਂ, ਜਿਸ ਨੂੰ ਵੀ ਇਹ ਉਡੀਕ ਰਹੀ ਹੈ ਉਹ ਆਇਆ ਕਿਉਂ ਨਹੀਂ? ਇਹ ਹੁਣ ਕਿੰਨੀ ਦੇਰ ਇੱਥੇ ਖੜ੍ਹੀ ਉਡੀਕ ਕਰਦੀ ਰਹੇਗੀ? ਫਿਰ ਆਪ ਹੀ ਜਵਾਬ ਘੜ ਲੈਂਦੀ ਹਾਂ। ਸ਼ਾਇਦ ਉਹ ਮੌਸਮ ਖ਼ਰਾਬ ਹੋਣ ਕਰਕੇ ਨਾ ਆਇਆ ਹੋਵੇ। ਫਿਰ ਆਪਣੀਆਂ ਹੀ ਘੜੀਆਂ ਕਲਪਨਾਵਾਂ ’ਤੇ ਹੱਸ ਪੈਂਦੀ ਹਾਂ। ਮੈਂ ਵੀ ਕਿੰਨੀ ਝੱਲੀ ਹਾਂ, ਆਪਣੀ ਕਲਪਨਾ ਨਾਲ ਨਿਰਜੀਵ ਵਸਤੂਆਂ ਵਿੱਚ ਵੀ ਜਾਨ ਪਾ ਦਿੰਦੀ ਹਾਂ ਫਿਰ ਉਨ੍ਹਾਂ ਸਬੰਧੀ ਕਹਾਣੀਆਂ ਘੜ ਕੇ ਖ਼ੁਦ ਹੀ ਦੁਖੀ ਹੁੰਦੀ ਰਹਿੰਦੀ ਹਾਂ। ਮੈਂ ਪੇਂਟਿੰਗ ’ਤੇ ਹੱਥ ਫੇਰਦੀ ਹਾਂ ਜਿਵੇਂ ਕਿਸੇ ਦੇ ਚਿਹਰੇ ਨੂੰ ਪਿਆਰ ਨਾਲ ਪਲੋਸ ਰਹੀ ਹੋਵਾਂ ਜਾਂ ਉਸ ਪੇਂਟਿੰਗ ਵਿਚਲੀ ਔਰਤ ਦੇ ਅੱਖਾਂ ’ਚੋਂ ਗੱਲ੍ਹਾਂ ਤੱਕ ਸਰਕ ਆਏ ਅੱਥਰੂ ਪੂੰਝ ਰਹੀ ਹੋਵਾਂ। ਜਿਸ ਦਿਨ ਦੀ ਉਹ ਮੈਨੂੰ ਇਹ ਪੇਂਟਿੰਗ ਦੇ ਕੇ ਗਿਆ ਹੈ, ਉਸ ਦਿਨ ਤੋਂ ਹੀ ਪਤਾ ਨਹੀਂ ਮੈਂ ਕਿਹੜੇ ਸੁਪਨ ਸੰਸਾਰ ਵਿੱਚ ਗੁਆਚੀ ਰਹਿੰਦੀ ਹਾਂ।

ਇੱਕ ਦਿਨ ਉਹ ਅਚਾਨਕ ਮੇਰੇ ਸਕੂਲ ਆ ਗਿਆ ਸੀ। ਮੈਂ ਪਛਾਣ ਲਿਆ ਸੀ ਕਿ ਮੇਰਾ ਈ.ਟੀ.ਟੀ. ਵੇਲੇ ਦਾ ਜਮਾਤੀ ਹੈ। ਮੈਂ ਪਹਿਲਾਂ ਤਾਂ ਉਸਦੇ ਮੂੰਹੋਂ ਆਪਣਾ ਨਾਮ ਸੁਣ ਕੇ ਹੈਰਾਨ ਰਹਿ ਗਈ। ਇਸ ਨੂੰ ਮੇਰਾ ਨਾਮ ਕਿਵੇਂ ਯਾਦ ਹੈ? ਇਹ ਤਾਂ ਡਾਇਟ ਵਿੱਚ ਕੁੜੀਆਂ ਤੋਂ ਬੜਾ ਦੂਰ ਦੂਰ ਰਹਿੰਦਾ ਸੀ। ਚੁੱਪ ਚੁਪੀਤਾ, ਆਪਣੇ-ਆਪ ਵਿੱਚ ਗੁਆਚਿਆ ਹੋਇਆ। ਮੇਰਾ ਆਪਣਾ ਸੁਭਾਅ ਵੀ ਝਿਜਕ ਵਾਲਾ ਸੀ। ਇਸ ਕਰਕੇ ਮੇਰੇ ਵੀ ਉਸਦਾ ਨਾਮ ਯਾਦ ਨਹੀਂ ਸੀ, ਸਿਰਫ਼ ਚਿਹਰਾ ਪਛਾਣਦੀ ਸਾਂ। ਮੈਂ ਪਛਾਣ ਕੇ ਉਸ ਨੂੰ ਕੁਰਸੀ ਉੱਪਰ ਬੈਠਣ ਦਾ ਇਸ਼ਾਰਾ ਕਰ ਦਿੱਤਾ। ਉਸਨੇ ਕੁਰਸੀ ’ਤੇ ਬੈਠਦਿਆਂ, ਹੱਸਦਿਆਂ ਮੈਨੂੰ ਪੁੱਛਿਆ, “ਪਛਾਣ ਗਏ ਮੈਡਮ ਜੀ?”
“ਹਾਂ! ਤੁਸੀਂ ਸਾਡੀ ਡਾਇਟ ਦੇ ਪ੍ਰਸਿੱਧ ਸ਼ਖ਼ਸ ਸੀ।” ਉਹ ਵਧੀਆ ਚਿੱਤਰਕਾਰ ਹੋਣ ਕਰਕੇ ਸਭ ਦੀ ਨਜ਼ਰ ਵਿੱਚ ਸੀ।
“ਮੇਰਾ ਨਾਮ ਕੀ ਏ ਭਲਾਂ?” ਉਸ ਨੇ ਫਿਰ ਉਸੇ ਲੈਅ ਵਿੱਚ ਪੁੱਛਿਆ।
“ਮੁਆਫ਼ ਕਰਨਾ, ਨਾਮ ਤਾਂ ਯਾਦ ਨਹੀਂ।” ਮੈਨੂੰ ਆਪਣੇ-ਆਪ ’ਤੇ ਗੁੱਸਾ ਆਇਆ, ਮੈਂ ਡਾਇਟ ਵਿੱਚ ਸਭ ਨਾਲ ਖੁੱਲ੍ਹੀ ਕਿਉਂ ਨਹੀਂ ਸੀ?
“ਗੁਰਜੀਤ ਐ ਮੇਰਾ ਨਾਮ। ਤੁਹਾਡਾ ਨਾਮ ਰੂਬਲਪ੍ਰੀਤ।” ਉਸ ਨੇ ਮੇਰਾ ਨਾਮ ਲੈ ਕੇ ਮੈਨੂੰ ਹੈਰਾਨ ਕਰ ਦਿੱਤਾ ਸੀ। ਫਿਰ ਉਸਦੀਆਂ ਅਗਲੀਆਂ ਗੱਲਾਂ ਨੇ ਮੈਨੂੰ ਹੋਰ ਵੀ ਹੈਰਾਨੀ ਵਿੱਚ ਪਾ ਦਿੱਤਾ, “ਤੁਹਾਡਾ ਪਿੰਡ ਵਾਲੀਆਂ ਐ। ਤੁਹਾਡੇ ਪਤੀ ਬੀ.ਐਸ.ਐਨ.ਐੱਲ. ’ਚ ਜੇ.ਈ. ਨੇ।”

“ਸਰ, ਤੁਹਾਨੂੰ ਮੇਰੇ ਬਾਰੇ ਏਨਾ ਕਿਵੇਂ ਪਤੈ?” ਮੈਂ ਬੇਹੱਦ ਹੈਰਾਨ ਸੀ ਕਿ ਪੂਰੇ ਪੰਦਰਾਂ ਸਾਲਾਂ ਬਾਅਦ ਮਿਲਿਆ, ਨਾਲ ਪੜ੍ਹਦਾ ਮੁੰਡਾ ਮੇਰੇ ਬਾਰੇ ਏਨਾ ਕੁਝ ਜਾਣਦਾ ਹੈ। ਉਪਰੋਂ ਉਹ ਮੁੰਡਾ ਜਿਸਨੂੰ ਕਦੀ ਕੁੜੀਆਂ ਨਾਲ ਗੱਲ ਕਰਦਿਆਂ ਵੀ ਨਹੀਂ ਵੇਖਿਆ ਸੀ। ਅਸੀਂ ਦੋ ਸਾਲ ਇਕੱਠੇ ਪੜ੍ਹੇ। ਢਾਈ ਸਾਲ ਧਰਨੇ ਮੁਜ਼ਾਹਰਿਆਂ ’ਤੇ ਜਾਂਦੇ ਰਹੇ। ਏਨੇ ਸਮੇਂ ’ਚ ਇਸ ਨੇ ਮੇਰੇ ਨਾਲ ਇੱਕ ਦਿਨ ਵੀ ਜ਼ੁਬਾਨ ਸਾਂਝੀ ਨਹੀਂ ਕੀਤੀ ਸੀ। ਇਹ ਮੇਰੇ ਬਾਰੇ ਏਨਾ ਕਿੰਝ ਜਾਣਦਾ ਹੈ?
ਮੇਰੀ ਗੱਲ ਦਾ ਜਵਾਬ ਉਸਨੇ ਨੀਵੀਂ ਪਾ ਕੇ ਏਨਾ ਕੁ ਹੀ ਦਿੱਤਾ ਸੀ, “ਬੱਸ ਉਂਝ ਹੀ।”
ਮੈਂ ਉਸ ਦੀ ਅਜੇ ‘ਉਂਝ ਹੀ’ ’ਚ ਉਲਝੀ ਸਾਂ ਕਿ ਉਸਨੇ ਹੱਥ ’ਚ ਫੜੇ ਵੱਡੇ ਲਿਫ਼ਾਫ਼ੇ ’ਚੋਂ ਕੁਝ ਪੈਕਿੰਗ ਕੱਢ ਕੇ ਮੈਨੂੰ ਫੜਾ ਦਿੱਤੀ, “ਆਹ ਮੇਰੀ ਇੱਕ ਪੇਂਟਿੰਗ ਐ ਤੁਹਾਡੇ ਲਈ।”
“ਵਾਹ… ਸ਼ੁਕਰੀਆ ਜੀ! ਸਰ ਇਹਨੂੰ ਖੋਲ੍ਹ ਕੇ ਵੇਖ ਸਕਦੀ ਆਂ ਜੀ?”
“ਹਾਂ ਹਾਂ ਜ਼ਰੂਰ ਦੇਖੋ। ਤੁਹਾਡੇ ਲਈ ਈ ਐ।”

“ਵਾਹ… ਕਮਾਲ ਦੀ ਪੇਂਟਿੰਗ।” ਉਹ ਸੱਚਮੁੱਚ ਬੜੀ ਖ਼ੂਬਸੂਰਤ ਕਲਾਕ੍ਰਿਤ ਸੀ। ਮੈਂ ਉਸ ਨੂੰ ਵੇਖ ਕੇ ਕਿਸੇ ਕੀਮਤੀ ਸੈਅ ਵਾਂਗ ਮੁੜ ਲਿਫ਼ਾਫ਼ੇ ਵਿੱਚ ਪਾਇਆ ਤੇ ਆਪਣੀ ਲਾਗਲੀ ਕੁਰਸੀ ਉੱਪਰ ਰੱਖ ਲਈ,
“ਸਰ, ਅੱਜ ਏਧਰ ਅਚਾਨਕ ਕਿਵੇਂ ਆਉਣੇ ਹੋਏ?”

“ਅੱਜ ਮੇਰੀ ਵਿੱਦਿਅਕ ਮੁਕਾਬਲਿਆਂ ’ਚ ਡਿਊਟੀ ਲੱਗੀ ਸੀ ਬਰਨਾਲੇ। ਮੈਨੂੰ ਪਤਾ ਸੀ ਤੁਸੀਂ ਇੱਥੇ ਪੜ੍ਹਾਉਂਦੇ ਓਂ। ਸੋਚਿਆ ਜਾਂਦਾ ਜਾਂਦਾ ਤੁਹਾਨੂੰ ਮਿਲ ਜਾਵਾਂ।” ਉਸਨੇ ਹਲਕਾ ਜਿਹਾ ਮੁਸਕਰਾਉਂਦਿਆਂ ਫਿਰ ਇਸ ਤਰ੍ਹਾਂ ਨੀਵੀਂ ਪਾ ਲਈ ਜਿਵੇਂ ਕੋਈ ਸ਼ਰਮਾਕਲ ਬੱਚਾ ਕੁਝ ਬੋਲਦਾ ਪੈਰ ਦੇ ਅੰਗੂਠੇ ਨਾਲ ਧਰਤੀ ਖੁਰਚਣ ਲੱਗ ਪਿਆ ਹੋਵੇ।
“ਤੁਹਾਡੇ ਬੱਚੇ?” ਉਸਨੇ ਨੀਵੀਂ ਚੁੱਕਦਿਆਂ ਅਗਲਾ ਸਵਾਲ ਪੁੱਛਿਆ।
“ਇੱਕ ਮੁੰਡੈ ਜੀ।”
“ਮੇਰੇ ਇੱਕ ਕੁੜੀ ਐ।” ਉਸਨੇ ਮੇਰੇ ਬਿਨਾਂ ਪੁੱਛੇ ਹੀ ਦੱਸ ਦਿੱਤਾ।
“ਮੈਡਮ ਵੀ ਟੀਚਰ ਨੇ?”
“ਨਹੀਂ ਜੀ… ਉੁਹ… ਤਾਂ…।” ਉਹ ਥੋੜ੍ਹਾ ਹਿਚਕਚਾਇਆ ਤੇ ਫਿਰ ਬੋਲਿਆ, “ਉਨ੍ਹਾਂ ਦੀ ਤਾਂ ਮੌਤ ਹੋ ਗਈ ਸੀ ਦੋ ਹਜ਼ਾਰ ਬਾਰਾਂ ’ਚ।” ਉਸਦੀ ਅਵਾਜ਼ ਤਰਲ ਹੋ ਗਈ ਸੀ।
“ਓਹ… ਬੇਹੱਦ ਅਫ਼ਸੋਸ ਦੀ ਗੱਲ ਐ।” ਮੈਨੂੰ ਸੁਣ ਕੇ ਸੱਚਮੁੱਚ ਦੁੱਖ ਹੋਇਆ।

ਚਾਹ ਆ ਗਈ। ਅਸੀਂ ਸਕੂਲ ਬਾਰੇ, ਬੱਚਿਆਂ ਬਾਰੇ, ਆਪਣੇ ਨਾਲ ਪੜ੍ਹਦੇ ਹੋਰ ਮੁੰਡੇ ਕੁੜੀਆਂ ਬਾਰੇ ਗੱਲਾਂ ਕਰਦੇ ਰਹੇ। ਉਸਨੇ ਦੱਸਿਆ ਕਿ ਉਹ ਪੇਂਟਿਗ ਵਿੱਚ ਬਹੁਤ ਵੱਡੇ ਵੱਡੇ ਐਵਾਰਡ ਜਿੱਤ ਚੁੱਕਿਆ ਹੈ। ਵੱਡੇ ਵੱਡੇ ਸ਼ਹਿਰਾਂ ਅਤੇ ਵਿਦੇਸ਼ਾਂ ਵਿੱਚ ਵੀ ਉਹ ਆਪਣੇ ਚਿੱਤਰਾਂ ਦੀ ਪ੍ਰਦਰਸ਼ਨੀ ਲਾ ਚੁੱਕਿਆ ਹੈ। ਵਾਪਸ ਜਾਂਦਿਆਂ ਉਸਨੇ ਮੇਰਾ ਨੰਬਰ ਲੈ ਕੇ ਆਪਣੇ ਮੋਬਾਈਲ ਵਿੱਚ ਐਡ ਕਰ ਲਿਆ ਤੇ ਮੈਨੂੰ ਮਿਸ ਕਾਲ ਮਾਰ ਦਿੱਤੀ। ਕਈ ਦਿਨ ਉਸਦਾ ਕੋਈ ਫੋਨ ਜਾਂ ਮੈਸਿਜ ਨਾ ਆਇਆ। ਇਸ ਤਰ੍ਹਾਂ ਅਕਸਰ ਹੁੰਦਾ ਹੈ। ਕੋਈ ਨਾਲ ਪੜ੍ਹਦਾ ਮਿਲ ਜਾਂਦਾ ਹੈ। ਫੋਨ ਨੰਬਰਾਂ ਦਾ ਵਟਾਂਦਰਾ ਹੁੰਦਾ ਹੈ, ਪਰ ਫਿਰ ਆਪੋ-ਆਪਣੇ ਕੰਮੀਂ ਰੁੱਝ ਜਾਂਦੇ ਹਨ। ਉਸਦਾ ਮਿਲਣਾ ਮੈਂ ਵੀ ਇਸੇ ਤਰ੍ਹਾਂ ਭੁੱਲ-ਭੁਲਾ ਜਾਂਦੀ ਜੇ ਉਸਦੀ ਦਿੱਤੀ ਪੇਂਟਿੰਗ ਲੌਬੀ ’ਚ ਨਾ ਲਗਾਈ ਹੁੰਦੀ। ਇਸ ਪੇਂਟਿੰਗ ਅਤੇ ਇਸ ਪੇਂਟਿੰਗ ਵਾਲੇ ਬਾਰੇ ਮੈਂ ਆਪਣੇ ਹਸਬੈਂਡ ਨੂੰ ਵੀ ਦੱਸਿਆ ਸੀ ਕਿ ਮੇਰੇ ਨਾਲ ਪੜ੍ਹਦਾ ਇਹ ਮੁੰਡਾ ਏਨੀ ਤਰੱਕੀ ਕਰ ਗਿਆ ਹੈ। ਪਰ ਉਸਨੇ ਕੋਈ ਦਿਲਚਸਪੀ ਨਾ ਲਈ। ਨਾ ਪੇਂਟਿੰਗ ਵਿੱਚ, ਨਾ ਪੇਂਟਿੰਗ ਵਾਲੇ ਵਿੱਚ।

ਕਈ ਦਿਨਾਂ ਬਾਅਦ ਅਚਾਨਕ ਉਸਨੇ ਮੇਰੇ ਵਟਸਐਪ ’ਤੇ ਆਪਣੀਆਂ ਤਿੰਨ ਚਾਰ ਪੇਂਟਿੰਗਾਂ ਭੇਜ ਦਿੱਤੀਆਂ। ਉਸਦੀ ਕਲਾ ’ਤੇ ਸੱਚਮੁੱਚ ਰਸ਼ਕ ਆਉਂਦਾ ਸੀ। ਏਨੀ ਖ਼ੂਬਸੂਰਤੀ ਨਾਲ ਉਹ ਕਿਵੇਂ ਅਜਿਹੇ ਦ੍ਰਿਸ਼ ਸਿਰਜ ਲੈਂਦਾ ਹੈ? ਮੈਂ ਅਜੇ ਇਸੇ ਹੈਰਾਨੀ ’ਚੋਂ ਨਹੀਂ ਨਿਕਲੀ ਸਾਂ ਕਿ ਉਸਦੇ ਅਗਲੇ ਮੈਸਿਜ ਨੇ ਮੈਨੂੰ ਹੋਰ ਹੈਰਾਨੀ ਵਿੱਚ ਧੱਕ ਦਿੱਤਾ, “ਤੁਹਾਡੇ ਪੇਂਟਿੰਗ ਦੇ ਸ਼ੌਕ ਦਾ ਕੀ ਬਣਿਆ?”

‘ਹੈਂ! ਮੇਰੇ ਇਸ ਸ਼ੌਕ ਦਾ ਇਹਨੂੰ ਕਿੱਥੋਂ ਪਤਾ ਚੱਲ ਗਿਆ?’ ਦੱਬੂ ਸੁਭਾਅ ਦੀ ਹੋਣ ਕਰਕੇ ਮੈਂ ਕਿਸੇ ਨੂੰ ਆਪਣੇ ਇਸ ਸ਼ੌਕ ਬਾਰੇ ਦੱਸਿਆ ਵੀ ਨਹੀਂ ਸੀ। ਡਾਇਟ ਵਿੱਚ ਆਰਟ ਵਾਲੀ ਮੈਡਮ ਦਾ ਦਿੱਤਾ ਕੰਮ ਮੈਂ ਬੜੀਆਂ ਰੀਝਾਂ ਨਾਲ ਕਰਦੀ ਸੀ। ਮੇਰੇ ਹੁਣ ਯਾਦ ਆ ਰਿਹਾ ਹੈ। ਆਰਟ ਵਾਲੀ ਮੈਡਮ ਸਭ ਤੋਂ ਵੱਧ ਤਾਰੀਫ਼ ਮੇਰੇ ਤੇ ਗੁਰਜੀਤ ਦੇ ਕੰਮ ਦੀ ਕਰਦੀ ਸੀ। ਮੈਨੂੰ ਰੰਗ ਪਿਆਰੇ ਲੱਗਦੇ ਸਨ। ਰੰਗਾਂ ਨਾਲ ਖੇਡਣਾ ਮੈਨੂੰ ਸਕੂਨ ਦਿੰਦਾ ਸੀ। ਮੈਂ ਆਪਣਾ ਸ਼ੌਕ ਘਰ ਵਿੱਚ ਪਾਲਣ ਲੱਗੀ ਸੀ। ਮੇਰੇ ਲਈ, ਮੇਰੇ ਸ਼ੌਕ ਲਈ ਘਰ ਦਾ ਮਾਹੌਲ ਬਹੁਤ ਦਮਘੋਟੂ ਸੀ। ਘਰ ਵਿੱਚ ਚਾਹੇ ਅਮੀਰੀ ਸੀ, ਪਰ ਹਰ ਗੱਲ ਉੱਪਰ ਬੰਧਨ ਸਨ। ਹਰ ਕਦਮ ਘਰਦਿਆਂ ਦੀਆਂ ਹਦਾਇਤਾਂ ਨਾਲ ਅੱਗੇ ਟਿਕਦਾ ਸੀ।

ਇੱਕ ਦਿਨ ਮੈਂ ਚੁਬਾਰੇ ’ਚ ਬੈਠੀ ਆਪਣੇ ਘਰ ਦੇ ਮਾਹੌਲ ਨੂੰ ਰੰਗਾਂ ਵਿੱਚ ਚਿਤਰ ਰਹੀ ਸੀ। ਪੇਂਟਿੰਗ ਵਿੱਚ ਇੱਕ ਸੋਨ ਰੰਗੇ ਪਿੰਜਰੇ ਵਿੱਚ ਇੱਕ ਕੁੜੀ ਬੈਠੀ ਹੈ ਜਿਸਦਾ ਅੱਧਾ ਰੂਪ ਕੁੜੀ ਦਾ ਹੈ ਅਤੇ ਅੱਧਾ ਚਿੜੀ ਦਾ। ਪਿੰਜਰੇ ਦੇ ਸਰੀਆਂ ਦੀ ਜਗ੍ਹਾ ਬੰਦੇ ਜੜੇ ਹੋਏ ਹਨ। ਆਲੇ-ਦੁਆਲੇ ਵੀ ਤੇ ਉੱਪਰ ਹੇਠਾਂ ਵੀ। ਉਨ੍ਹਾਂ ਬੰਦਿਆਂ ਦੇ ਜਿਸਮਾਂ ’ਤੇ ਤਿੱਖੀਆਂ ਕਿਰਚਾਂ ਉੱਗੀਆਂ ਹੋਈਆਂ ਹਨ। ਮੈਂ ਉਸ ਪੇਂਟਿੰਗ ਨੂੰ ਆਖ਼ਰੀ ਛੋਹਾਂ ਦੇ ਰਹੀ ਸਾਂ ਕਿ ਉੱਪਰ ਚੁਬਾਰੇ ਵਿੱਚ ਪਿਤਾ ਜੀ ਆ ਗਏ, “ਆਹ ਕੰਮ ’ਤੇ ਤਾਂ ਬਥੇਰਾ ਲੱਗੀ ਰਹਿੰਦੀ ਐਂ। ਪੜ੍ਹ ਵੀ ਲਿਆ ਕਰ ਭੋਰਾ। ਬਥੇਰਾ ਪੈਸਾ ਵਹਾਇਐ ਤੇਰੇ ’ਤੇ। ਪਹਿਲਾਂ ਕੁਛ ਬਣ, ਇਹ ਕੰਜਰ ਕਿੱਤੇ ਤਾਂ ਜਦੋਂ ਮਰਜੀ ਕਰਲੀਂ।”

ਉਨ੍ਹਾਂ ਨੇ ਮੇਰੇ ਵੱਲ ਅੱਖਾਂ ਕੱਢੀਆਂ। ਮੇਰੇ ਹੱਥ ਕੰਬ ਗਏ। ਰੰਗ ਦੀ ਸ਼ੀਸ਼ੀ ਮੇਰੀ ਪੇਂਟਿੰਗ ਉੱਪਰ ਡੁੱਲ੍ਹ ਗਈ। ਮੇਰੇ ਹੰਝੂ ਰੰਗਾਂ ਵਿੱਚ ਘੁਲ ਗਏ। ਮੈਂ ਹਰਖ ਵਿੱਚ ਪੇਂਟਿੰਗ ਪਾੜ ਦਿੱਤੀ। ਮੈਂ ਰੰਗਾਂ ਤੋਂ ਅੱਖਾਂ ਫੇਰ ਲਈਆਂ। ਮੇਰੀ ਜ਼ਿੰਦਗੀ ਬੇਰੰਗ ਹੋ ਗਈ।
“ਪੇਂਟਿੰਗ ਕਰਦੇ ਓਂ ਜਾਂ ਛੱਡ ਦਿੱਤੀ?” ਉਸਦੇ ਦੁਬਾਰਾ ਆਏ ਮੈਸਿਜ ਨਾਲ ਮੇਰੀ ਸੁਰਤੀ ਪਰਤੀ।
“ਤੁਹਾਨੂੰ ਕਿਵੇਂ ਪਤਾ, ਮੈਨੂੰ ਪੇਂਟਿੰਗ ਦਾ ਸ਼ੌਕ ਸੀ?”
“ਤੁਹਾਡੇ ਗੁਆਂਢੀ ਮੁੰਡੇ ਨੇ ਦੱਸਿਆ ਸੀ। ਇੱਥੇ ਡਾਇਟ ’ਚ ਵੀ ਮੈਂ ਤੇਰੀ ਆਰਟ ਵੇਖਦਾ ਰਹਿੰਦਾ ਸੀ। ਤੈਨੂੰ ਇੱਕ ਗੱਲ ਦਾ ਹੋਰ ਵੀ ਪਤਾ ਨੀ ਹੋਣਾ।”
“ਕਿਹੜੀ?” ਮੈਂ ਕੋਈ ਹੋਰ ਰਾਜ਼ ਖੁੱਲ੍ਹਣ ਦੀ ਆਸ ਵਿੱਚ ਪੁੱਛਿਆ।
“ਤੇਰੀ ਇੱਕ ਪੇਂਟਿਗ ਮੈਂ ਆਰਟ ਵਾਲੀ ਮੈਡਮ ਨੂੰ ਪੁੱਛ ਕੇ ਘਰ ਲੈ ਗਿਆ ਸੀ। ਉਹ ਹੁਣ ਵੀ ਮੇਰੇ ਕੋਲ ਪਈ ਹੈ।”
“ਕਿਉਂ?”
“ਕਿਉਂ ਕੀ? ਉਹ ਮੈਨੂੰ ਵਧੀਆ ਲੱਗੀ। ਮੈਂ ਮੈਡਮ ਤੋਂ ਪੁੱਛ ਕੇ ਲੈ ਗਿਆ।”
“ਮੇਰੇ ਬਾਰੇ ਹੋਰ ਕੀ ਪਤੈ?”
“ਤੁਹਾਡੇ ਘਰ ਚੁਬਾਰਾ ਹੈਗਾ ਨਾ?” ਉਸਨੇ ਉਲਟਾ ਮੈਨੂੰ ਇਹ ਸਵਾਲ ਪੁੱਛ ਲਿਆ।
“ਹਾਂ ਹੈਗਾ।”
“ਤੈਨੂੰ ਤੇਰੇ ਘਰ ਦੇ ਹੋਰ ਕੁੜੀਆਂ ਵਾਂਗ ਬਾਹਰ-ਅੰਦਰ ਬਹੁਤ ਘੱਟ ਜਾਣ ਦਿੰਦੇ ਸੀ। ਤੂੰ ਚੁਬਾਰੇ ਦੀ ਖਿੜਕੀ ਵਿੱਚ ਬੈਠੀ ਬਾਹਰ ਵੱਲ ਵੇਖਦੀ ਰਹਿੰਦੀ।”

ਉਹ ਦੱਸ ਰਿਹਾ ਸੀ, ਪਰ ਮੈਂ ਆਪਣੀ ਸੁਰਤੀ ਵਿੱਚ ਉਸੇ ਖਿੜਕੀ ਵਿੱਚ ਜਾ ਬੈਠੀ ਸਾਂ। ਮੈਂ ਉੱਥੇ ਬੈਠੀ ਆਸਮਾਨ ’ਚ ਖੰਭਾਂ ਵਰਗੇ ਚਿੱਟੇ ਬੱਦਲ ਵੇਖਦੀ। ਕਦੇ ਕਲਪਨਾ ਕਰਦੀ, ਮੇਰੇ ਇਨ੍ਹਾਂ ਬੱਦਲਾਂ ਦੇ ਖੰਭ ਲੱਗ ਜਾਣ। ਮੈਂ ਉੱਡ ਕੇ ਸਾਰੀ ਦੁਨੀਆਂ ਵੇਖਾਂ। ਜਿੱਥੇ ਜੀਅ ਕਰੇ, ਉੱਥੇ ਜਾਵਾਂ। ਮੈਂ ਉੱਡਦੇ ਪੰਛੀ ਵੇਖਦੀ। ਮੈਨੂੰ ਡੁੱਬਦਾ ਸੂਰਜ ਚੰਗਾ ਲੱਗਦਾ। ਦੁਪਹਿਰ ਤੋਂ ਸ਼ਾਮ ’ਚ ਘੁਲਦਾ ਸੁਰਮਈ ਰੰਗ ਵੇਖਦੀ। ਵਾਹਣਾਂ ਤੋਂ ਪਾਰ ਵੱਡੀ ਸੜਕ ਉੱਪਰ ਭੱਜੇ ਜਾਂਦੇ ਵਾਹਨਾਂ ਦੀ ਗੂੰਜ ਦਾ ਸੰਗੀਤ ਸੁਣਦੀ। ਜੀਅ ਕਰਦਾ ਮੈਂ ਵੀ ਇਨ੍ਹਾਂ ਵਾਂਗ ਲੰਬੇ ਸਫ਼ਰ ’ਤੇ ਜਾਵਾਂ।

“ਤੈਨੂੰ ਹੋਰ ਮੁੰਡੇ ਕੁੜੀਆਂ ਨਾਲ ਬੱਸ ’ਤੇ ਜਾਣ ਦਾ ਚਾਅ ਸੀ ਪਰ ਘਰ ਵਾਲੇ ਤੈਨੂੰ ਆਪ ਛੱਡ ਕੇ ਜਾਂਦੇ ਤੇ ਫਿਰ ਛੁੱਟੀ ਵੇਲੇ ਲੈ ਕੇ ਜਾਂਦੇ। ਇੱਕ ਦਿਨ ਤੇਰਾ ਭਰਾ ਲੇਟ ਹੋ ਗਿਆ ਸੀ। ਤੂੰ ਹੋਰ ਕੁੜੀਆਂ ਨਾਲ ਬੱਸ ’ਤੇ ਘਰ ਆ ਗਈ। ਮੈਂ ਸੁਣਿਆ ਸੀ ਉਸ ਦਿਨ ਘਰਦਿਆਂ ਨੇ ਤੈਨੂੰ ਗਾਲ੍ਹਾਂ ਦਿੱਤੀਆਂ ਸਨ।”

ਗੁਰਜੀਤ ਦਾ ਇਹ ਮੈਸਿਜ ਮੈਂ ਦੋ ਤਿੰਨ ਵਾਰ ਪੜ੍ਹਿਆ। ਉਹ ਦਿਨ ਮੇਰੀਆਂ ਅੱਖਾਂ ਅੱਗੇ ਫਿਰ ਸਾਕਾਰ ਹੋ ਗਿਆ। ਮੈਨੂੰ ਘਰਦਿਆਂ ਦੀ ਹਦਾਇਤ ਹੁੰਦੀ ਸੀ, ‘ਤੂੰ ਬੱਸ ’ਤੇ ਨੀ ਆਉਣਾ। ਅਸੀਂ ਆਪ ਈ ਲੈ ਕੇ, ਛੱਡ ਕੇ ਆਵਾਂਗੇ।’ ਪਰ ਮੈਂ ਤਾਂ ਹੋਰ ਮੁੰਡੇ ਕੁੜੀਆਂ ਵਾਂਗ ਜਿਉਣਾ ਚਾਹੁੰਦੀ ਸਾਂ। ਇਸ ਤਰ੍ਹਾਂ ਮੇਰਾ ਦਮ ਘੁੱਟਦਾ ਸੀ। ਜੀਅ ਕਰਦਾ ਸੀ ਚੀਕ ਚੀਕ ਕੇ ਕਹਾਂ, “ਮੈਨੂੰ ਖੁੱਲ੍ਹ ਕੇ ਸਾਹ ਤਾਂ ਲੈਣ ਦਿਓ।” ਪਰ ਮੈਂ ਤਾਂ ਘਰਦਿਆਂ ਦੀ ਸ਼ਰੀਫ਼ ਕੁੜੀ। ਅੱਖਾਂ ਚੁੱਕ ਕੇ ਵੇਖਣ ਦੀ ਹਿੰਮਤ ਵੀ ਮੇਰੇ ਵਿੱਚ ਨਹੀਂ ਸੀ। ਫਿਰ ਮੂੰਹੋਂ ਬੋਲ ਪੈਣਾ ਤਾਂ ਸੰਭਵ ਹੀ ਨਹੀਂ ਸੀ। ਮਰਿਆਦਾ ਦੇ ਜਿੰਦੇ ਮੇਰੀ ਹਰ ਹਰਕਤ ’ਤੇ ਲੱਗੇ ਸਨ।

ਉਹ ਇਕਦਮ ਔਫਲਾਈਨ ਹੋ ਗਿਆ। ਇਸ ਮੈਸਿਜ ਤੋਂ ਬਾਅਦ ਉਸਦਾ ਕੋਈ ਮੈਸਿਜ ਨਹੀਂ ਆਇਆ। ਮੇਰੇ ਦਿਮਾਗ਼ ਵਿੱਚ ਕਿੰਨੇ ਹੀ ਸਵਾਲ ਉੱਗ ਆਏ ਸਨ। ‘ਉਹ ਮੇਰੇ ਬਾਰੇ ਏਨਾ ਕਿਉਂ ਜਾਣਦਾ ਹੈ? ਕਿਸ ਲਈ ਜਾਣਦਾ ਹੈ? ਹੁਣ ਏਨੇ ਸਾਲਾਂ ਬਾਅਦ ਕਿਉਂ ਦੱਸ ਰਿਹਾ ਹੈ? ਉਹ ਕੀ ਕਰ ਰਿਹਾ ਹੈ? ਕੀ ਚਾਹੁੰਦਾ ਹੈ?’ ਸਭ ਮੇਰੀ ਸਮਝ ਤੋਂ ਬਾਹਰ ਸੀ।

ਮੇਰੀ ਪੇਂਟਿੰਗ ਤੋਂ ਨਜ਼ਰ ਹਟੀ ਤੇ ਮੇਰੇ ਚੇਤਿਆਂ ’ਚ ਮੇਰੀ ਉਹ ਪਿੰਜਰੇ ਵਾਲੀ ਅਧੂਰੀ ਪੇਂਟਿੰਗ ਸਾਕਾਰ ਹੋ ਗਈ। ਇੱਕ ਅਦਿੱਖ ਪਿੰਜਰਾ ਹਮੇਸ਼ਾ ਮੇਰੇ ਅੰਗ-ਸੰਗ ਰਿਹਾ ਹੈ। ਜਦੋਂ ਘਰ ਵਿੱਚ ਮੈਨੂੰ ਵਿਆਹ ਦੇਣ ਦੀਆਂ ਗੱਲਾਂ ਚੱਲਣ ਲੱਗੀਆਂ ਸਨ ਤਾਂ ਮੇਰਾ ਅੰਦਰ ਖਿੜ ਖਿੜ ਜਾਂਦਾ ਸੀ। ਅੰਦਰ ਖ਼ੁਸ਼ੀਆਂ ਨੱਚ ਉਠਦੀਆਂ ਸਨ। ਮੈਂ ਕਲਪਨਾ ਦੇ ਸੰਸਾਰ ਵਿੱਚ ਗੁਆਚ ਜਾਂਦੀ ਸਾਂ। ਹੁਸੀਨ ਖ਼ਿਆਲ ਮੇਰੇ ਚੇਤਿਆਂ ’ਚ ਘੁੰਮੇਰੀਆਂ ਲਗਾਉਣ ਲੱਗਦੇ ਸਨ। ਵੱਡੀ ਖ਼ੁਸ਼ੀ ਇਹ ਸੀ ਕਿ ਮੈਂ ਘਰਦਿਆਂ ਦੇ ਪਿੰਜਰੇ ਵਿੱਚੋਂ ਆਜ਼ਾਦ ਹੋ ਜਾਵਾਂਗੀ ਤੇ ਫਿਰ ਆਪਣੇ ਸਾਥੀ ਨਾਲ ਖੁੱਲ੍ਹੇ ਆਸਮਾਨ ਵਿੱਚ ਉਡਾਰੀਆਂ ਭਰਾਂਗੀ। ਹਵਾਵਾਂ ਨਾਲ ਗੱਲਾਂ ਕਰਾਂਗੀ।

ਜਿਸ ਦਿਨ ਮੇਰੇ ਪਤੀ ਮੈਨੂੰ ਵੇਖਣ ਆਏ ਸਨ, ਮੈਂ ਉਦਾਸ ਹੋ ਗਈ ਸਾਂ। ‘ਮੇਰੀ ਕਲਪਨਾ ਵਿੱਚ ਤਾਂ ਸੋਹਣਾ ਸੁਨੱਖਾ ਗੱਭਰੂ ਸੀ ਪਰ ਇਹ ਤਾਂ…?’ ਫੇਰ ਮਨ ਨੇ ਮੋੜਾ ਖਾਧਾ, ‘ਜ਼ਰੂਰੀ ਨਹੀਂ ਸੋਹਣੇ, ਮਨ ਦੇ ਵੀ ਸੋਹਣੇ ਹੋਣ। ਸਾਰੀ ਜ਼ਿੰਦਗੀ ਕੱਟਣ ਲਈ ਸੂਰਤ ਨਾਲੋਂ ਸੀਰਤ ਵੱਧ ਅਹਿਮੀਅਤ ਰੱਖਦੀ ਹੈ।’

ਮੇਰੇ ਸਰਦਾਰ ਜੀ, ਮੇਰਾ ਹੁਸਨ ਵੇਖ ਕੇ ਮੈਨੂੰ ਝੱਟ ਹਾਂ ਕਰ ਗਏ। ਮੇਰੇ ਘਰਦਿਆਂ ਤੋਂ ਵੀ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ। ਉਨ੍ਹਾਂ ਦੀ ਕੁੜੀ ਲਈ ਉਨ੍ਹਾਂ ਤੋਂ ਵੀ ਤਿੱਗਣਾ ਵੱਧ ਅਮੀਰ ਜਵਾਈ ਮਿਲਿਆ ਸੀ। ਚਾਲੀ ਕਿੱਲੇ ਵਾਹਣ, ਮਹਿਲ ਵਰਗੀ ਕੋਠੀ ਤੇ ਉਪਰੋਂ ਬੀ.ਐੱਸ.ਐੱਨ.ਐੱਲ. ਵਿੱਚ ਜੇ.ਈ. ਦੀ ਨੌਕਰੀ। ਅਸੀਂ ਜੱਟ ਸਾਂ ਤੇ ਉਹ ਜੱਦੀ-ਪੁਸ਼ਤੀ ਸਰਦਾਰ।

ਮਹੀਨੇ ਕੁ ਬਾਅਦ ਮੈਨੂੰ ਮਹਿਸੂਸ ਹੋਇਆ ਸੀ, ਮੈਂ ਆਜ਼ਾਦ ਕਿੱਥੇ ਹੋ ਗਈ ਸਾਂ? ਮੈਨੂੰ ਤਾਂ ਇੱਕ ਪਿੰਜਰੇ ਵਿੱਚੋਂ ਦੂਸਰੇ ਪਿੰਜਰੇ ਵਿੱਚ ਸੁੱਟ ਦਿੱਤਾ ਸੀ। ਮੇਰੇ ਪਤੀ ਦੇ ਖ਼ੂਨ ’ਚ ਅਜੇ ਵੀ ਪਿਤਾ-ਪੁਰਖੀ ਸਰਦਾਰੀ ਵਾਲੀ ਹੈਂਕੜ ਸੀ। ਉਹ ਮੈਥੋਂ ਬੂਟ ਪਵਾਉਂਦਾ, ਬੂਟ ਲੁਹਾਉਂਦਾ। ਰੋਟੀ ਤੋਂ ਲੈ ਕੇ ਹਰ ਨਿੱਕੀ-ਮੋਟੀ ਚੀਜ਼ ਜਿੱਥੇ ਵੀ ਉਹ ਬੈਠਾ ਹੁੰਦਾ, ਆਵਾਜ਼ ਮਾਰ ਦਿੰਦਾ, ਮੈਨੂੰ ਫੜਾ ਕੇ ਆਉਣੀ ਪੈਂਦੀ।

ਕਦੇ ਕਦੇ ਉਹ ਪੈੱਗ ਲਾ ਕੇ ਆਪਣੀ ਸਰਦਾਰੀ ਦੀਆਂ ਡੀਂਗਾਂ ਮਾਰਨ ਲੱਗ ਜਾਂਦਾ। ਮੈਂ ਆਪਣੇ-ਆਪ ਨੂੰ ਉਸ ਅੱਗੇ ਹੋਰ ਛੋਟਾ ਹੋਇਆ ਮਹਿਸੂਸ ਕਰਦੀ। ਕਦੇ ਸੱਸ ਆਪਣੇ ਪੁਰਖਿਆਂ ਦੇ ਕਿੱਸੇ ਸੁਣਾਉਂਦੀ ਮੈਨੂੰ ਅਹਿਸਾਸ ਕਰਵਾਉਂਦੀ ਕਿ ਸਾਡਾ ਖਾਨਦਾਨ ਤੇਰੇ ਤੋਂ ਬਹੁਤ ਉੱਚਾ ਹੈ। ਮੈਨੂੰ ਲੱਗਦਾ ਜਿਵੇਂ ਉਹ ਮੈਨੂੰ ਤਾੜ ਰਹੀ ਹੋਵੇ ਕਿ ‘ਆਪਣੀ ਔਕਾਤ ਵਿੱਚ ਰਹੀਂ।’

ਮੈਨੂੰ ਹਰ ਕੰਮ ਲਈ ਇੱਥੋਂ ਵੀ ਇਜਾਜ਼ਤ ਲੈਣੀ ਪੈਂਦੀ। ਇੱਕ ਦਿਨ ਮੇਰੇ ਮਨ ’ਚ ਆਈ, ‘ਚਲੋ ਹੋਰ ਨਹੀਂ ਤਾਂ ਘਰ ਬੈਠੀ ਪੇਂਟਿੰਗ ਤਾਂ ਕਰ ਸਕਦੀ ਹਾਂ।’ ਮੈਂ ਸਰਦਾਰ ਜੀ ਤੋਂ ਪੇਂਟਿਗ ਕਰਨ ਬਾਰੇ ਇਜਾਜ਼ਤ ਮੰਗੀ।
“ਲੈ ਜ਼ਰੂਰੀ ਐ ਗੰਦ ’ਚ ਹੱਥ ਮਾਰਨਾ? ਤੂੰ ਮੈਨੂੰ ਦੱਸ ਕਿਹੜੀ ਫੋਟੋ ਚਾਹੀਦੀ ਐ, ਮੈਂ ਲਿਆ ਦਿੰਨਾ। ਊਂ ਤਾਂ ਕਹਿ ਦਿੰਦੀ ਐ ਮੇਰੇ ਕੋਲ ਟਾਈਮ ਨੀਂ। ਫੇਰ ਟਾਈਮ ਕਿੱਥੋਂ ਕੱਢੇਂਗੀ? ਅੱਧੇ ਤੋਂ ਵੱਧ ਦਿਨ ਤਾਂ ਤੇਰਾ ਸਕੂਲ ਵਿੱਚ ਲੰਘ ਜਾਂਦੈ। ਫੇਰ ਘਰ ਵੀ ਸੰਭਾਲਣਾ ਹੁੰਦੈ।”

ਮੈਂ ਉਸਨੂੰ ਕਹਿਣਾ ਚਾਹੁੰਦੀ ਸੀ, ‘ਹੋਰ ਕੁਛ ਨਹੀਂ ਮੰਗਦੀ, ਬੱਸ ਜ਼ਿੰਦਗੀ ਲਿਆ ਦੇ ਮੈਨੂੰ।’ ਪਰ ਕਹਿ ਨਾ ਸਕੀ। ਮੈਨੂੰ ਤਾਂ ਬਚਪਨ ਤੋਂ ਹੁਣ ਤੱਕ ਹਰ ਗੱਲ ’ਤੇ ਨੀਵੀਂ ਪਾ ਲੈਣਾ ਸਿਖਾਇਆ ਗਿਆ ਸੀ। ਮੈਨੂੰ ਤਾਂ ਦੱਸਿਆ ਗਿਆ ਸੀ, ‘ਵੱਡਿਆਂ ਅੱਗੇ ਜ਼ੁਬਾਨ ਖੋਲ੍ਹਣਾ ਚਰਿੱਤਰ ਦੀ ਮਾੜੀ ਨਿਸ਼ਾਨੀ ਹੁੰਦੀ ਹੈ।’ ਮੈਨੂੰ ਤਾਂ ਹਰ ਗੱਲ ਮੰਨ ਲੈਣ ਦੀ ਸਿਖਲਾਈ ਦਿੱਤੀ ਗਈ ਸੀ। ਹਾਂ! ਮਨ ਇਹ ਜ਼ਰੂਰ ਸੋਚਦਾ ਸੀ, ‘ਮੈਂ ਹੋਰਾਂ ਵਾਂਗੂੰ ਵੱਡੀ ਕਦੋਂ ਹੋਵਾਂਗੀ ਜਦੋਂ ਆਪਣੀ ਗੱਲ ਮਨਾ ਲਵਾਂ…?’

ਮੈਂ ਆਪਣਾ ਮਨ ਮਾਰ ਲਿਆ, ਸ਼ੌਕ ਮਾਰ ਲਏ। ਬੱਦਲਾਂ ਤੱਕ ਪੌੜੀ ਲਾ ਲੈਣ ਵਾਲੇ ਮੇਰੇ ਖ਼ਿਆਲ ਘਰ ਤੋਂ ਸਕੂਲ ਤੇ ਸਕੂਲ ਤੋਂ ਘਰ, ਬੱਸ ਏਨੇ ਕੁ ਰਸਤੇ ਦੀ ਮਿਣਤੀ ਕਰਨ ਲਈ ਰਾਖਵੇਂ ਹੋ ਗਏ। ਮੈਂ ਰੰਗਾਂ ਵੱਲੋਂ ਅੱਖਾਂ ਮੀਟ ਲਈਆਂ। ਰੰਗ-ਬਿਰੰਗੀਆਂ ਤਸਵੀਰਾਂ ਬਣਾਉਂਦੇ ਮੇਰੇ ਖ਼ਿਆਲ, ਟੁੱਟੇ ਬੁਰਸ਼ਾਂ ਵਾਂਗ ਕੂੜੇਦਾਨ ਵਿੱਚ ਜਾ ਡਿੱਗੇ। ਜਦੋਂ ਬੇਟੇ ਨੇ ਜਨਮ ਲੈ ਲਿਆ ਫੇਰ ਤਾਂ ਮੈਂ ਉਸ ਵਿੱਚ ਹੀ ਏਨੀ ਖੁੱਭ ਗਈ ਕਿ ਮੇਰੇ ਚਿੱਤ-ਚੇਤੇ ਵੀ ਨਾ ਰਿਹਾ ਕਿ ਰੰਗਾਂ ਨਾਲ ਵੀ ਕਦੇ ਮੇਰੀ ਕੋਈ ਸਾਂਝ ਸੀ।

ਅਚਾਨਕ ਏਨੇ ਸਾਲਾਂ ਬਾਅਦ ਰੰਗਾਂ ਵਾਲੀ ਇਹ ਪੇਂਟਿੰਗ ਮੇਰੇ ਡਰਾਇੰਗ ਰੂਮ ਵਿੱਚ ਆ ਲੱਗੀ ਹੈ। ਘਰ ਵਿੱਚ ਇੱਧਰ ਉੱਧਰ ਫਿਰਦਿਆਂ ਮੈਂ ਇਹ ਤਸਵੀਰ ਵੇਖਦੀ ਰਹਿੰਦੀ ਹਾਂ। ਮੈਨੂੰ ਹੁਣ ਦੁਬਾਰਾ ਰੰਗਾਂ ਦੇ ਖ਼ਿਆਲ ਆਉਣ ਲੱਗੇ ਹਨ। ਇਸ ਤਸਵੀਰ ਨੂੰ ਵੇਖ ਕੇ ਮੈਂ ਕਲਪਨਾ ਕਰਦੀ ਹਾਂ। ਮਨ ’ਚ ਕਿੰਨੀਆਂ ਹੀ ਕਹਾਣੀਆਂ ਬੁਣਦੀ ਹਾਂ। ਗੁਰਜੀਤ ਦੀ ਮੇਰੇ ਬਾਰੇ ਏਨੀ ਜਾਣਕਾਰੀ ਇਕੱਠੀ ਕਰ ਲੈਣ ਵਾਲੀ ਕਹਾਣੀ ਦਾ ਸਿਰਾ ਮੈਨੂੰ ਅਜੇ ਵੀ ਨਹੀਂ ਲੱਭਿਆ ਹੈ।
ਹੌਲੀ ਹੌਲੀ ਮੈਨੂੰ ਉਸਦੇ ਮੈਸਿਜ ਦੀ ਉਡੀਕ ਹੋਣ ਲੱਗੀ ਸੀ। ਦਸ ਕੁ ਦਿਨਾਂ ਬਾਅਦ ਮੈਂ ਸਕੂਲੋਂ ਆ ਕੇ ਅਜੇ ਚਾਹ ਹੀ ਪੀਣ ਲੱਗੀ ਸੀ ਕਿ ਉਸ ਦਾ ਮੈਸਿਜ ਆ ਗਿਆ, “ਸਤਿ ਸ੍ਰੀ ਅਕਾਲ ਜੀ, ਘਰ ਪਰਿਵਾਰ ਸਭ ਠੀਕ ਹੈ?”
“ਹਾਂ ਜੀ ਸਭ ਓਕੇ।”
“ਮੈਂ ਕਾਲ ਕਰ ਸਕਦਾਂ?” ਉਸਨੇ ਪੁੱਛਿਆ।
“ਹਾਂ ਹਾਂ ਕਰ ਸਕਦੇ ਓਂ।” ਮੇਰਾ ਮਨ ਅੰਦਰੋਂ ਇੰਝ ਉਛਲਿਆ ਜਿਵੇਂ ਮੈਂ ਇਸੇ ਦੀ ਉਡੀਕ ਵਿੱਚ ਬੈਠੀ ਹੋਵਾਂ। ਸਰਦਾਰ ਜੀ ਦਫ਼ਤਰ ਸਨ। ਸੱਸ, ਮੇਰੀ ਨਨਾਣ ਕੋਲ ਗਈ ਹੋਈ ਸੀ। ਮੈਂ ਝੱਟ ਹਰੀ ਝੰਡੀ ਦੇ ਦਿੱਤੀ।
“ਸਕੂਲ ਵਧੀਆ ਚੱਲ ਰਿਹਾ ਏ?” ਮੈਂ ਫੋਨ ’ਤੇ ਉਸਦੀ ਆਵਾਜ਼ ਪਹਿਲੀ ਵਾਰ ਸੁਣੀ।
“ਹਾਂ ਜੀ ਬਹੁਤ ਵਧੀਆ। ਤੁਸੀਂ ਸੁਣਾਓ ਪੇਂਟਿੰਗ ਦਾ ਕਿਵੇਂ ਚੱਲ ਰਿਹੈ?”
“ਬਹੁਤ ਵਧੀਆ ਜੀ। ਬੱਸ ਲੱਗੇ ਰਹੀਦੈ। ਤੁਹਾਡੇ ਮੰਮੀ ਡੈਡੀ ਸਭ ਠੀਕ ਨੇ?”
“ਹਾਂ ਜੀ ਸਭ ਠੀਕ-ਠਾਕ।”

“ਤੁਹਾਡੇ ਡੈਡੀ ਮੈਂ ਇੱਕ ਵਾਰ ਹੀ ਦੇਖੇ ਨੇ ਜਦੋਂ ਪਹਿਲੀ ਵਾਰ ਤੁਹਾਡੀ ਫ਼ੀਸ ਭਰਵਾਉਣ ਲਈ ਤੁਹਾਡੇ ਨਾਲ ਡਾਇਟ ਆਏ ਸੀ।” ਉਸ ਦੀ ਗੱਲ ਸੁਣ ਕੇ ਮੈਂ ਚ੍ਰਕਿਤ ਰਹਿ ਗਈ। ਇਹਦੇ ਕੋਲ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਮੇਰੇ ਬਾਰੇ ਏਨੀ ਜਾਣਕਾਰੀ ਕਿਵੇਂ ਐ?
“ਇੱਕ ਗੱਲ ਦੱਸੋ ਸਰ। ਤੁਹਾਨੂੰ ਮੇਰੇ ਬਾਰੇ ਏਨੀ ਜਾਣਕਾਰੀ ਕਿਵੇਂ ਐ? ਇਸਦਾ ਕੀ ਰਾਜ਼ ਐ?” ਹੁਣ ਮੇਰੀ ਉਤਸੁਕਤਾ ਹੱਦੋਂ ਟੱਪ ਗਈ ਸੀ।
“ਇਸ ਵਿੱਚ ਵੀ ਕੋਈ ਰਾਜ਼ ਐ। ਜੇ ਪੁੱਛਣਾ ਚਾਹੁੰਦੇ ਹੋ ਤਾਂ ਦੱਸ ਦਿੰਦਾ ਹਾਂ ਪਰ ਮੇਰੀ ਗੱਲ ਦਾ ਬੁਰਾ ਨਾ ਮਨਾਇਓ।”
“ਨਹੀਂ ਨਹੀਂ ਜੀ, ਬੁਰਾ ਕਿਉਂ ਮਨਾਉਣਾ।”
“ਅਸਲ ਵਿੱਚ ਮੈਂ ਤੁਹਾਨੂੰ ਚਾਹੁੰਦਾ ਸੀ ਪਰ ਕਦੇ ਬੋਲ ਕੇ ਨਾ ਕਹਿ ਸਕਿਆ।”
“ਓ… ਮਾਈ ਗੌਡ…!” ਮੈਂ ਹੈਰਾਨ ਰਹਿ ਗਈ।

“ਪਲੀਜ਼ ਮੇਰੀ ਗੱਲ ਦਾ ਬੁਰਾ ਨਾ ਮਨਾਇਓ। ਮੇਰੇ ਮਨ ’ਚ ਤੁਹਾਡੇ ਪ੍ਰਤੀ ਕੋਈ ਬੁਰੀ ਭਾਵਨਾ ਨਹੀਂ ਹੈ। ਮੇਰਾ ਮਨ ਸੀ ਕਿ ਮੈਂ ਇੱਕ ਵਾਰੀ ਤੁਹਾਡੇ ਬਾਰੇ ਰਹੀ ਮੇਰੀ ਇਸ ਭਾਵਨਾ ਬਾਰੇ ਜ਼ਰੂਰ ਦੱਸਾਂ। ਇੱਕ ਵਾਰ ਦੱਸ ਕੇ ਹੁਣ ਮੇਰੇ ਮਨ ਤੋਂ ਜਿਵੇਂ ਭਾਰ ਜਿਹਾ ਲਹਿ ਗਿਐ।” ਜੋ ਉਹ ਬੋਲ ਰਿਹਾ ਸੀ, ਉਸਦਾ ਸੱਚ ਉਸਦੀ ਆਵਾਜ਼ ਵਿੱਚੋਂ ਝਲਕ ਰਿਹਾ ਸੀ। ਮੈਂ ਸੱਚਮੁੱਚ ਉਸਦੀ ਗੱਲ ਦਾ ਬੁਰਾ ਨਹੀਂ ਮਨਾਇਆ। ਪਰ ਹਾਂ। ਹੈਰਾਨ ਜ਼ਰੂਰ ਸਾਂ ਕਿ ਏਨੇ ਸਾਲ ਉਹ ਇਸ ਗੱਲ ਨੂੰ ਆਪਣੇ ਮਨ ’ਚ ਕਿੰਝ ਲਈ ਫਿਰਦਾ ਰਿਹਾ ਤੇ ਮੈਨੂੰ ਇਸਦਾ ਅੱਜ ਪਤਾ ਲੱਗਦਾ ਹੈ।
“ਤੁਸੀਂ ਪਹਿਲਾਂ ਕਿਉਂ ਨੀ ਦੱਸਿਆ?” ਮੇਰੀ ਉਤਸੁਕਤਾ ਉਵੇਂ ਬਰਕਰਾਰ ਸੀ।

“ਪਤੈ ਕੀ ਕਾਰਨ ਸੀ?” ਉਹ ਪ੍ਰਸ਼ਨ ਵਰਗਾ ਇੱਕ ਵਾਕ ਬੋਲ ਕੇ ਥੋੜ੍ਹੀ ਦੇਰ ਰੁਕਿਆ ਤੇ ਫਿਰ ਬਿਨਾਂ ਮੇਰਾ ਕੋਈ ਹੁੰਗਾਰਾ ਉਡੀਕੇ ਆਪ ਹੀ ਦੱਸਣ ਲੱਗ ਪਿਆ, “ਅਸਲ ਵਿੱਚ ਜਿਸ ਦਿਨ ਮੈਂ ਤੁਹਾਨੂੰ ਪਹਿਲੇ ਦਿਨ ਵੇਖਿਆ, ਮੈਨੂੰ ਲੱਗਿਆ ਮੇਰੇ ਸੁਪਨਿਆਂ ਦੀ ਕੁੜੀ ਤੁਸੀਂ ਹੀ ਹੋ। ਉਸੇ ਦਿਨ ਤੋਂ ਮੈਂ ਤੁਹਾਡੇ ’ਤੇ ਨਜ਼ਰ ਰੱਖਣ ਲੱਗ ਪਿਆ। ਥੋੜ੍ਹੇ ਦਿਨਾਂ ਬਾਅਦ ਮੈਨੂੰ ਤੁਹਾਡੇ ਸ਼ੌਕ ਦਾ ਪਤਾ ਲੱਗਿਆ। ਤੁਹਾਨੂੰ ਵੀ ਇਹੀ ਬਿਮਾਰੀ ਸੀ ਜੋ ਮੈਨੂੰ ਲੱਗੀ ਹੋਈ ਸੀ।” ਉਹ ਹਲਕਾ ਜਿਹਾ ਹੱਸਿਆ ਜਿਵੇਂ ਕਿਸੇ ਨੇ ਤ੍ਰੇਲ ਧੋਤੀ ਟਾਹਣੀ ਹਿਲਾ ਦਿੱਤੀ ਹੋਵੇ ਤੇ ਤਿਪ ਤਿਪ ਕਰਦੇ ਤੁਪਕੇ ਹੇਠਾਂ ਡਿੱਗੇ ਹੋਣ। “ਰਾਤਾਂ ਨੂੰ ਤੈਨੂੰ ਯਾਦ ਕਰਨਾ, ਤੇਰੇ ਸੁਪਨੇ ਆਉਣੇ, ਇਹ ਆਮ ਹੋ ਗਿਆ ਸੀ। ਇਹ ਸਭ ਮੇਰੇ ਮਨ ਨੂੰ ਸਕੂਨ ਵੀ ਦਿੰਦਾ ਸੀ। ਮੈਂ ਤੈਨੂੰ ਕਹਿਣਾ ਵੀ ਚਾਹੁੰਦਾ ਸਾਂ ਪਰ ਇੱਕ ਝਿਜਕ ਸੀ ਜਿਹੜੀ ਮੇਰੀ ਜ਼ੁਬਾਨ ਨੂੰ ਤਾਲਾ ਲਾਈ ਰੱਖਦੀ ਸੀ। ਮੈਂ ਐਵੇਂ ਝੱਲਿਆਂ ਵਾਲੀਆਂ ਕਲਪਨਾਵਾਂ ਕਰਦਾ ਕਿ ਮੇਰੇ ਦਿਲ ਦੀ ਗੱਲ ਮੈਂ ਮੂੰਹੋਂ ਬੋਲਾਂ ਵੀ ਨਾ ਤੇ ਤੈਨੂੰ ਪਤਾ ਵੀ ਚੱਲ ਜਾਵੇ, ਹਾ ਹਾ ਹਾ ਹਾ ਹਾ ਹਾ ਹਾ। ਐਂ ਭਲਾਂ ਕਿਵੇਂ ਹੋ ਸਕਦਾ ਸੀ? ਮੈਂ ਤਾਂ ਹੁਣ ਤੱਕ ਆਪਣੇ ਦੋਸਤਾਂ ਨੂੰ ਵੀ ਇਹ ਗੱਲ ਨੀ ਦੱਸੀ। ਇਹ ਨੀ ਕਿ ਮੈਂ ਬਿਲਕੁਲ ਵੀ ਕੋਸ਼ਿਸ਼ ਨੀ ਕੀਤੀ। ਇੱਕ ਵਾਰੀ ਕੋਸ਼ਿਸ਼ ਕੀਤੀ ਵੀ ਸੀ।” ਉਹ ਥੋੜ੍ਹਾ ਵਕਫ਼ਾ ਲੈਣ ਲਈ ਰੁਕ ਗਿਆ।
“ਕਿਵੇਂ?” ਹੁਣ ਮੈਨੂੰ ਸਾਰੀ ਗੱਲ ਜਾਣਨ ਦੀ ਕਾਹਲ ਹੋ ਗਈ ਸੀ। ਉਸਦਾ ਰੁਕਣਾ ਮੈਨੂੰ ਚੰਗਾ ਨਹੀਂ ਲੱਗਿਆ ਸੀ।
“ਜਦੋਂ ਆਪਣੀ ਟੀ.ਪੀ. ਲੱਗੀ ਸੀ।” ਉਹ ਅੱਗੇ ਬੋਲਿਆ।
“ਹਾਂ।” ਮੈਂ ਉਸਦੇ ਬੋਲਾਂ ਦਾ ਹੁੰਗਾਰਾ ਭਰਿਆ।
“ਆਪਣੇ ਫਿਜ਼ੀਕਲ ਵਾਲੇ ਸਰ ਦੀ ਡਿਊਟੀ ਸਾਡੇ ਨਾਲ ਸੀ। ਇੱਕ ਦਿਨ ਉਹ ਕਹਿੰਦੇ ਕਿ, “ਜੇ ਥੋਡੇ ’ਚੋਂ ਕਿਸੇ ਨੇ ਕੋਈ ਕੁੜੀ ਪਸੰਦ ਕਰ ਰੱਖੀ ਐ ਤਾਂ ਦੱਸ ਦਿਓ। ਮੈਂ ਗੱਲ ਤੋਰ ਕੇ ਵੇਖ ਲਵਾਂਗਾ।”
ਇੱਕ ਦਿਨ ਮੈਂ ਉਨ੍ਹਾਂ ਦੇ ਕਮਰੇ ਵਿੱਚ ਚਲਾ ਗਿਆ। ਮੈਂ ਉਨ੍ਹਾਂ ਨੂੰ ਝਿਜਕਦੇ ਝਿਜਕਦੇ ਕਹਿ ਦਿੱਤਾ, “ਸਰ, ਮੇਰੀ ਗੱਲ ਰੂਬਲ ਨਾਲ ਤੋਰ ਕੇ ਵੇਖ ਲਓ ਜੀ।”
“ਤੈਨੂੰ ਕਿੰਨਾ ਵਾਹਣ ਆਉਂਦੈ?” ਉਨ੍ਹਾਂ ਨੇ ਪਹਿਲਾ ਸਵਾਲ ਇਹ ਹੀ ਪੁੱਛਿਆ।
“ਚਾਰ ਕਿੱਲੇ ਨੇ ਜੀ।”

“ਫੇਰ ਨੀ ਤੇਰੀ ਗੱਲ ਬਣਨੀ। ਉਨ੍ਹਾਂ ਦਾ ਤਾਂ ਵੱਡਾ ਕੰਮ ਐ। ਉਹ ਤਾਂ ਵੀਹ ਪੱਚੀ ਕਿੱਲੇ ਭਾਲਦੇ ਹੋਣੇ। ਕੋਈ ਹੋਰ ਦੇਖ ਲੈ।” ਉਨ੍ਹਾਂ ਨੇ ਮੈਨੂੰ ਇਸ ਤਰ੍ਹਾਂ ਕਹਿ ਦਿੱਤਾ ਜਿਵੇਂ ਮੈਂ ਮੰਡੀ ’ਚੋਂ ਗੰਢਿਆਂ ਦਾ ਰੇਟ ਪੁੱਛ ਰਿਹਾ ਹੋਵਾਂ, ਅੱਗੋਂ ਦੁਕਾਨਦਾਰ ਕਹੇ, ‘ਨਹੀਂ ਇਹ ਮੋਟੇ ਤਾਂ ਮਹਿੰਗੇ ਨੇ, ਆਹ ਬਾਰੀਕ ਸਸਤੇ ਨੇ। ਇਹ ਲੈ ਜਾ।’ ਉਸ ਦਿਨ ਤੋਂ ਬਾਅਦ ਮੈਂ ਤੇਰੀ ਮੁਹੱਬਤ ਦਿਲ ’ਚ ਸਾਂਭ ਲਈ ਤੇ ਆਪਣੀ ਜ਼ੁਬਾਨ ਨੂੰ ਖ਼ਾਮੋਸ਼ੀ ਦਾ ਤਾਲਾ ਮਾਰ ਲਿਆ। ਫਿਰ ਆਪਣਾ ਕੋਰਸ ਪੂਰਾ ਹੋਇਆ। ਨੌਕਰੀਆਂ ਲਈ ਧਰਨੇ ਮੁਜ਼ਾਹਰੇ ਸ਼ੁਰੂ ਹੋਏ। ਡਾਇਟ ਤੋਂ ਨਿਕਲਣ ਤੋਂ ਬਾਅਦ ਤੂੰ ਮੈਨੂੰ ਕਦੀ ਵੀ ਨਜ਼ਰ ਨੀ ਆਈ। ਫੇਰ ਮੇਰਾ ਵਿਆਹ ਹੋਇਆ। ਬੱਚੀ ਹੋਈ। ਮੈਂ ਉਧਰ ਰਚ-ਮਿਚ ਗਿਆ। ਤੇਰਾ ਖ਼ਿਆਲ ਮੇਰੇ ਮਨ ’ਚੋਂ ਮਨਫ਼ੀ ਹੁੰਦਾ ਗਿਆ। ਹਾਂ, ਕਦੇ ਕਦੇ ਸਫ਼ਾਈ ਕਰਦਿਆਂ ਗਰੁੱਪ ਫੋਟੋ ਹੱਥ ਲੱਗ ਜਾਂਦੀ ਤਾਂ ਮੇਰੇ ਉਹ ਗੱਲਾਂ ਫਿਰ ਚੇਤੇ ਆ ਜਾਂਦੀਆਂ। ਮੈਂ ਤੈਨੂੰ ਕੁਝ ਦੇਰ ਨਿਹਾਰਦਾ ਤੇ ਫਿਰ… ਬੱਸ…!”

“ਹੁਣ ਕਈ ਦਿਨ ਹੋਏ ਤੇਰੀ ਇੱਕ ਸਹੇਲੀ ਦੀ ਮੈਨੂੰ ਫੇਸਬੁੱਕ ’ਤੇ ਫਰੈਂਡ ਰਿਕੁਐਸਟ ਆਈ ਸੀ। ਮੈਂ ਉਸਦੀ ਵਾਲ ਖੋਲ੍ਹ ਕੇ ਘੋਖਣ ਲੱਗਿਆ ਤਾਂ ਵਿੱਚ ਤੇਰੀ ਫੋਟੋ ਨਜ਼ਰ ਆ ਗਈ ਤੇ ਬੱਸ ਹੁਣ ਤੈਨੂੰ ਸਭ ਦੱਸ ਕੇ ਭਾਰ ਮੁਕਤ ਹੋ ਗਿਆ, ਹਾ ਹਾ ਹਾ ਹਾ ਹਾ।” ਉਹ ਹੱਸਿਆ।

ਉਹ ਹੱਸਿਆ ਪਰ ਮੈਂ ਨਹੀਂ ਹੱਸੀ। ਜੜ੍ਹ ਹੋ ਗਈ ਸਾਂ। ਕਿੰਨੀਆਂ ਸੋਚਾਂ, ਕਿੰਨੇ ਖ਼ਿਆਲ ਮੇਰੇ ਅੰਦਰ ਖੌਰੂ ਪਾਉਣ ਲੱਗੇ ਸਨ। ਮੈਨੂੰ ਗੁੱਸਾ ਆ ਰਿਹਾ ਸੀ ਪਤਾ ਨਹੀਂ ਆਪਣੇ-ਆਪ ’ਤੇ ਜਾਂ ਉਸ ’ਤੇ ਜਾਂ ਦੋਵਾਂ ’ਤੇ।
“ਚੰਗਾ ਜੀ, ਕੋਈ ਫੋਨ ਆ ਰਿਹੈ। ਮੈਂ ਫੇਰ ਕਰੂੰਗਾ।” ਉਸ ਨੇ ਫੋਨ ਕੱਟ ਦਿੱਤਾ। ਮੈਂ ਮਹਿਸੂਸ ਕੀਤਾ, ਮੇਰੀਆਂ ਅੱਖਾਂ ਵਿੱਚ ਪਾਣੀ ਸਿੰਮ ਆਇਆ ਸੀ।

ਹੁਣ ਕਿੰਨੇ ਦਿਨ ਹੋ ਗਏ ਉਸਦਾ ਨਾ ਕੋਈ ਮੈਸਿਜ ਆਇਆ ਅਤੇ ਨਾ ਹੀ ਕੋਈ ਫੋਨ। ਮੈਨੂੰ ਉਸਦੇ ਫੋਨ ਦੀ ਉਡੀਕ ਹੈ। ਵਟਸਐਪ ਵੀ ਵਾਰ ਵਾਰ ਚੈੱਕ ਕਰ ਰਹੀ ਹਾਂ, ਪਰ ਉਸਦਾ ਕੋਈ ਮੈਸਿਜ ਨਹੀਂ। ਸੱਚ ਪੁੱਛੋਂ ਤਾਂ ਹੁਣ ਮੈਨੂੰ ਰੰਗ ਨਜ਼ਰ ਆਉਣ ਲੱਗੇ ਹਨ। ਕੋਈ ਹਲਕਾ ਹਲਕਾ ਚਾਅ ਅੰਦਰੋਂ ਉੱਠਣ ਲੱਗਿਆ ਹੈ ਜਿਵੇਂ ਦਿਲ ’ਤੇ ਬਹਾਰ ਦਾ ਮੌਸਮ ਪਰਤ ਆਇਆ ਹੋਵੇ। ਹਜ਼ਾਰਾਂ ਸੁਗੰਧਿਤ ਫੁੱਲ ਖਿੜ ਗਏ ਹੋਣ। ਮੇਰੀ ਨਜ਼ਰ ਪੇਂਟਿੰਗ ’ਤੇ ਜਾ ਟਿਕੀ ਹੈ। ਮੈਂ ਇਸ ਪੇਂਟਿੰਗ ਵਿੱਚ ਇੱਕ ਬਦਲਾਅ ਕਰਨਾ ਚਾਹੁੰਦੀ ਹਾਂ। ਇਸ ਮੀਂਹ ਵਾਲੀ ਸ਼ਾਮ ਦੀ ਥਾਂ ਬਸੰਤ ਦੀ ਖਿੜੀ ਧੁੱਪ ਵਿੱਚ ਸੋਹਣੇ ਫੁੱਲ ਖਿੜਾ ਦੇਵਾਂ ਤਾਂ ਕਿ ਆਉਣ ਵਾਲਾ ਜਲਦੀ ਪਰਤ ਆਵੇ।

ਮੋਬਾਈਲ ਉੱਤੇ ਵਟਸਐਪ ਮੈਸਿਜ ਦੀ ਟਿਊਨ ਵੱਜੀ ਹੈ। ਮੈਂ ਚੁੱਕ ਕੇ ਵੇਖਦੀ ਹਾਂ। ਗੁਰਜੀਤ ਦਾ ਮੈਸਿਜ ਹੈ। ਮੈਂ ਫੁੱਲਾਂ ਵਾਂਗ ਖਿੜ ਜਾਂਦੀ ਹਾਂ। ਮੈਸਿਜ ਖੋਲ੍ਹ ਕੇ ਵੇਖਿਆ ਹੈ। ਇੱਕ ਸੋਹਣੀ ਜਿਹੀ ਕੁੜੀ ਦੀ ਫੋਟੋ ਹੈ। ਸ਼ਾਇਦ ਆਪਣੀ ਪਤਨੀ ਦੀ ਫੋਟੋ ਵਿਖਾ ਰਿਹਾ ਹੋਵੇਗਾ। ਫਿਰ ਵੀ ਮੈਂ ਪੁੱਛ ਲਿਆ, “ਇਹ ਕਿਸਦੀ ਹੈ?”

“ਪਹਿਲਾਂ ਚੰਗੀ ਤਰ੍ਹਾਂ ਵੇਖੋ। ਬਿਲਕੁਲ ਤੁਹਾਡੇ ਵਰਗੀ ਹੈ ਨਾ?”
“ਹਾਂ ਮੇਰੇ ਵਰਗੀ ਹੈ। ਪਰ ਹੈ ਕਿਸਦੀ?” ਮੈਂ ਚਾਹੁੰਦੀ ਸੀ ਉਹ ਐਵੇਂ ਬੁਝਾਰਤਾਂ ਜਿਹੀਆਂ ਨਾ ਪਾਵੇ, ਛੇਤੀ ਗੱਲ ਨਿਬੇੜ ਕੇ ਕੋਈ ਹੋਰ ਗੱਲ ਕਰੇ। ਮੈਂ ਵੀ ਉਸਨੂੰ ਬੜਾ ਕੁਝ ਦੱਸਣਾ ਚਾਹੁੰਦੀ ਹਾਂ।
“ਇਹਨੂੰ ਵੀ ਤੇਰੇ ਵਾਂਗੂੰ ਪੇਂਟਿੰਗ ਦਾ ਸ਼ੌਕ ਐ। ਇੱਕ ਦਿਨ ਚੰਡੀਗੜ੍ਹ ਮੇਰੀ ਪ੍ਰਦਰਸ਼ਨੀ ਦੇਖਣ ਆਈ ਸੀ।”
“ਫੇਰ?” ਮੇਰਾ ਦਿਲ ਧੜਕਿਆ।
“ਹੁਣ ਅਸੀਂ ਦੋਵੇਂ ਇੱਕ ਹੋ ਗਏ।”

ਮੈਨੂੰ ਜਾਪਿਆ ਜਿਵੇਂ ਉਸ ਨੇ ਇਹ ਵਾਕ ਨਹੀਂ ਬੋਲਿਆ ਸਗੋਂ ਭਖਦਾ ਅੰਗਿਆਰ ਮੇਰੇ ਦਿਲ ’ਤੇ ਰੱਖ ਦਿੱਤਾ ਹੋਵੇ। ਮੈਂ ਮੋਬਾਈਲ ਪਰ੍ਹਾਂ ਵਗਾਹ ਮਾਰਿਆ। ਮੇਰੇ ਅੰਦਰਲਾ ਦਰਦ ਅੱਖਾਂ ਰਾਹੀਂ ਛਲਕ ਆਇਆ। ਦਿਲ ’ਚੋਂ ਹੂਕ ਉੱਠੀ, ‘ਚੰਦਰਿਆ, ਤੂੰ ਆ ਜਾਂਦਾ ਅਜੇ ਹੁਣੇ ਤਾਂ ਮੌਸਮ ਠੀਕ ਹੋਇਆ ਸੀ।’ ਮੈਂ ਭਰੀਆਂ ਅੱਖਾਂ ਨਾਲ ਉਸ ਪੇਂਟਿੰਗ ਵੱਲ ਵੇਖਦੀ ਹਾਂ। ਪੇਂਟਿੰਗ ਵਿਚਲੀ ਉਹ ਕੁੜੀ ਮੈਂ ਹੀ ਹਾਂ ਤੇ ਮੌਸਮ ਅਜੇ ਵੀ ਠੀਕ ਨਹੀਂ ਹੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਪਰਗਟ ਸਿੰਘ ਸਤੌਜ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ