Meenh, Boohe Te Barian (Punjabi Story) : Zubair Ahmad

ਮੀਂਹ, ਬੂਹੇ ਤੇ ਬਾਰੀਆਂ (ਕਹਾਣੀ) : ਜ਼ੁਬੈਰ ਅਹਿਮਦ

ਮੀਂਹ ਪਿਆ ਪੈਂਦਾ ਏ ਤੇ ਬਾਰੀ ਲਾਗੇ ਬੈਠਾ ਆਂ ਮੈਂ।

ਛੱਤਾਂ, ਚੁਬਾਰਿਆਂ, ਪਰਛੱਤੀਆਂ, ਕੰਧਾਂ ਤੇ ਪਰਨਾਲਿਆਂ ਰਾਹੀਂ ਪਾਣੀ ਡਿੱਗਦਾ ਪਿਆ ਏ, ਵਗਦਾ ਪਿਆ ਏ। ਡਿੱਗੀ ਜਾਂਦਾ ਏ, ਵਗੀ ਜਾਂਦਾ ਏ, ਡਿੱਗੀ ਈ ਜਾਂਦਾ ਏ। ਧੋਈ ਜਾਂਦਾ ਈ ਸਾਡਾ ਗਲੀ, ਮਿੱਟੀ, ਗਾਰ, ਕੱਖ ਤੇ ਸਭੇ ਜਾਂਦਾ ਈ ਰੋੜੀ। ਮੁੰਡਿਆਂ ਦੇ ਲੱਕ-ਲੱਕ ਤੀਕ ਪਾਣੀ ਹੋ ਗਿਆ ਹੋਣਾ। ਏਸ ਵੱਡੇ ਬਜ਼ਾਰ ਮਹੱਲੇ ਦਾ। ਮੰਡੀਰ ਉੱਥੇ ਨਹਾਉਂਦਾ ਹੋਣਾ ਏ ਤੇ ਵਿੱਚ ਪਾਣੀ ਪਲਾਂਘਾਂ ਮਾਰ-ਮਾਰ ਕੇ ਇੱਕ ਦੂਜੇ ਉੱਤੇ ਸੁੱਟਦੇ ਹੋਣਾ ਏ। ਪਹਿਲੀ ਕੋਠੀ ਦੇ ਅਸ਼ਰਫ਼ ਸਾਹਿਬ ਕਹਿੰਦੇ ਨੇ- ਇਸ ਗਾਰ ਗਲੇ ਪਾਣੀ ਵਿੱਚ ਨਹਾਉਣ ਨਾਲ ਫੋੜੇ ਫਿੰਮਣੀਆਂ ਨਿਕਲਦੇ ਨੇ ਪਰ ਹਨੀਫ਼ਾ ਬਰਫ਼ ਆਲਾ ਕਹਿੰਦਾ ਏ ਮਰਦੇ ਨੇ।
ਇਹ ਗੱਲਾਂ ਹੁਣ ਪੁਰਾਣੀਆਂ ਨਹੀਂ ਹੋ ਗਈਆਂ ਹੋਈਆਂ? ਨਾ ਵੱਡੇ ਬਜ਼ਾਰ ਪਾਣੀ ਖੜ੍ਹਾ ਹੁੰਦਾ ਏ ਨਾ ਮੁੰਡੇ ਨਹਾਉਂਦੇ ਨੇ। ਨਵਾਂ ਸੀਵਰਜ ਜੋ ਪਾਇਆ ਗਿਆ ਏ ਵੱਡੇ ਬਜ਼ਾਰ। ਸਾਡਾ ਪਰਨਾਲਾ ਨਵੇਂ ਵਜ਼ੀਰੇ ਆਜ਼ਮ ਦੇ ਹਲਕੇ ਵਿੱਚ ਜੋ ਆ ਗਿਆ ਹੋਇਆ ਏ।
ਘਰ ਸਾਡੇ ਦੇ ਪਰਨਾਲੇ 'ਚੋਂ ਮਿੱਟੀ ਰੰਗਾ ਤੂੜੀ ਰਲ਼ਿਆ ਪਾਣੀ ਡਿੱਗ ਜਾਂਦਾ ਏ ਤੇ ਸਾਡਾ ਕੋਠਾ ਖੁਰੀ ਜਾਂਦਾ ਏ। ਚਿੰਤਾ ਲੱਗ ਪਈ ਏ ਮੈਨੂੰ। ਮੈਨੂੰ ਈ ਛੱਡਣਾ ਪੈਣਾ ਏ ਕੋਠਾ ਮੁੜ। ਟੱਬਰ ਸਾਡੇ ਨੂੰ ਕੰਮੀਂ ਲਾ ਦੇਣਾ ਏ। ਚਾਚੀ ਤੇ ਆਪ ਦੇ ਗੁੱਤਾਂ ਕਰ ਪ੍ਰਾਹੁਣਿਆਂ ਵਾਂਗ ਪਲੰਘ ਉੱਤੇ ਜਾ ਬਹਿਣਾ ਏ।
ਵੱਡੇ ਸਾਂਦ ਤੋਂ ਸੈਕਲ ਪਿੱਛੇ ਮੈਂ ਤੂੜੀ ਦੀ ਬੋਰੀ ਲਿਆਸਾਂ। ਜੇ ਸੈਕਲ ਸਿੱਧੀ ਕਰਾਂ ਤੇ ਬੋਰੀ ਇੱਕ ਪਾਸੇ ਉੱਲਰ ਜਾਂਦੀ ਏ ਤੇ ਜੇ ਬੋਰੀ ਨੂੰ ਸਾਵਾਂ ਕਰਾਂ ਤਾਂ ਸੈਕਲ ਸਿੱਧੀ ਨਹੀਂ ਰਹਿੰਦੀ। ਫੇਰ ਅਸਗਰ ਗੁੱਜਰ ਕਿਆਂ ਤੋਂ ਗੋਹਾ-ਦਾਬੜਾ ਵੀ ਚੁੱਕ ਕੇ ਲਿਆਉਣਾ ਪੈਣਾ ਏ। ਉਸ ਹਮੇਸ਼ਾਂ ਮੇਰੇ ਵਜ਼ੂਦ ਤੋਂ ਜ਼ਿਆਦਾ ਭਰ ਦੇਣਾ ਏ ਤੇ ਉੱਤੋਂ ਮਾਰਨੀਆਂ ਹਨ ਗੱਲਾਂ। ਮੈਥੋਂ ਚੁੱਕਿਆ ਨਹੀਂ ਜਾਣਾ। ਗੜ੍ਹ ਆਲੇ ਚੀਕਣੀ ਮਿੱਟੀ ਦੀਆਂ ਦੋ-ਤਿੰਨ ਗੱਠਾਂ ਲਾਹ ਜਾਣੀਆਂ ਨੇ। ਗਲ਼ੀ ਵਿੱਚ ਈ ਮਿੱਟੀ ਵਿੱਚ ਗੋਹਾ ਤੇ ਤੂੜੀ ਰਲ਼ਾ ਕੇ ਤੇ ਵਿਚਕਾਰ ਪਾਣੀ ਦੀ ਥਾਂ ਬਣਾ ਕੇ ਕੱਛੇ ਪਾ ਕੇ ਜਦ ਏਸ ਗਿੱਲੀ ਮਿੱਟੀ ਉੱਤੇ ਨੱਚਾਂਗੇ ਤੇ ਫੇਰ ਭੁੱਲ ਜਾਵਾਂਗੇ ਸਭੇ ਕੁਝ। ਬਾਰੀ ਦੀ ਝਾਤੀ ਵਿੱਚੋਂ, ਸਾਡਾ ਤਮਾਸ਼ਾ ਵੇਖਸੀ ਚਾਚੀ।
ਵੱਡੀ ਭੈਣ ਮੇਰੀ ਤੇ ਹਾ ਸਾਰਾ ਕੋਠਾ ਲਿੱਪਣ ਗਈਆਂ 'ਤੇ ਚਾਚੀ ਸਿਆਲਾਂ ਵਿੱਚ ਸੁਥਰਨੇ ਕੋਠੇ ਉੱਤੇ ਮੰਜੀ ਡਾਹ ਕੇ ਧੁੱਪ ਸੇਕੇਗੀ ਤੇ ਦੋ-ਦੋ ਗੁੱਤਾਂ ਕਰੇਗੀ ਪਰ ਮੈਂ ਹੁਣ ਵੱਡਾ ਹੋ ਗਿਆਆਂ ਤੇ ਕੋਈ ਕੰਮ ਨਹੀਂ ਆਖਦੀ ਚਾਚੀ। ਪਰ ਨਿੱਕੇ ਭਰਾਵਾਂ ਛਾਛੀ ਤੇ ਕਾਛੀ ਨੂੰ ਅਜੇ ਵੀ ਸਾਰਾ ਕੰਮ ਕਰਨਾ ਪੈਂਦਾ ਏ। ਕਾਛੀ ਪਰਦੇਸ ਟੁਰ ਗਿਆ ਹੋਇਆ ਏ ਕਦੇ ਦਾ। ਕਦੇ ਘੁਲਿਆ ਹੋਣਾਂ ਏਂ ਪਈ ਕਾਛੀ ਵੀ ਕਦੀ ਪਰਦੇਸ ਟੁਰ ਜਾਵੇਗਾ, ਗੋਰਿਆਂ ਦੇ ਦੇਸ ਵਿੱਚ। ਪਰ ਚਾਚੀ ਦੇ ਦੋਵੇਂ ਪੁੱਤਰ ਵੀ ਤਾਂ ਅਮਰੀਕਾ ਟੁਰ ਗਏ ਨੇ। ਉਹ ਆਪੇ ਵੀ ਹੁਣ ਉੱਥੇ ਈ ਰਹਿੰਦੀ ਏ। ਕਈ ਬੰਦਿਆਂ ਮੈਥੋਂ ਪੁੱਛਿਆ ਪਈ ਕੀ ਗੱਲ ਹੋਈ, ਪਈ ਚਾਚੀ ਤੈਥੋਂ ਕੰਮ ਲੈਣਾ ਤੇ ਕਲਾਮ ਕਰਨਾ ਛੱਡ ਦਿੱਤਾ। ਮੇਰੇ ਅੰਦਰ ਵੀ ਸਤਾਰਾਂ ਵਰ੍ਹਿਆਂ ਦੀ ਕੌੜ ਸੀ ਚਾਚੇ ਚਾਚੀ ਨਾਲ। ਪਿਓ ਦੇ ਪੂਰੇ ਹੋਵਣ ਮਗਰੋਂ ਅਸਾਡਾ ਚਾਚੇ ਨਾਲ ਈ ਰਹਿਣਾ ਹੋਇਆ। ਮੈਂ ਕੌੜ ਪਾਲ਼ਦਾ ਤੇ ਸੜਦਾ-ਬਲਦਾ ਰਿਹਾ। ਮੈਂ ਦੱਸ ਈ ਦੇਨਾਂ- ਮੈਂ ਨਾ ਚਾਚੀ ਨਾਲ ਲੜਿਆ ਨਾ ਬਦਕਲਾਮੀ ਕੀਤੀ। ਬਸ ਚੁੱਪ ਕਰਕੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਿਆ ਸੀ। ਚਾਚੀ ਮਾਂ ਨਾਲ ਵਿਹੜੇ ਵਿੱਚ ਲੜਦੀ ਪਈ ਸੀ, ਮੈਂ ਉਤਲੀ ਬਾਰੀ ਵਿੱਚ ਖਲੋਤਾ ਸਾਂ। ਐਂਵੇਂ ਮੇਰੀ ਚੁੱਪ ਦੀ ਤੱਕਣੀ ਦਾ ਪਰਛਾਂਵਾਂ ਉਹਦੀਆਂ ਅੱਖਾਂ ਉੱਤੋਂ ਲੰਘਿਆ। ਉਹਨੇ ਕੌੜ ਨਾਲ ਉਤਲੀ ਨਜ਼ਰੇ ਤੱਕਿਆ, ‘‘ਤੂੰ ਕੀ ਆਨੇ ਟੱਡੇ ਤੱਕਦਾ ਪਿਆਂ ਏਂ?'' ਪਹਿਲੋਂ ਕਦੇ ਅੱਖ ਨਹੀਂ ਸੀ ਚੁੱਕੀ। ਇੱਕੋ ਚੁੱਪ ਦੇ ਪਲ ਵਿੱਚ ਡਰ ਦੇ ਸਤਾਰਾਂ ਵਰ੍ਹਿਆਂ ਉੱਤੇ ਮੈਂ ਪੁੱਠੇ ਪੈਰੀਂ ਪੈਂਡਾ ਕੀਤਾ ਤੇ ਅੱਖ ਨਾ ਝਮਕੀ। ਜਦ ਮੈਂ ਨਾ ਹਿੱਲਿਆ ਤੇ ਚਾਚੀ ਹੰਕਾਰ ਨਾਲ ਸਿਰ ਮਾਰ ਕੇ, ‘‘ਹੂ'' ਆਖ ਕੇ ਕਮਰੇ ਵੜ੍ਹ ਗਈ। ਉਹਨੂੰ ਕੀ ਪਤਾ ਪੈਰਾਂ ਤੋਂ ਮੈਂ ਕੰਬ ਰਿਹਾ ਸਾਂ।
ਉਹ ਦਿਨ ਤੋਂ ਲੈ- ਮੁੜ ਉਸ ਨਾ ਮੈਨੂੰ ਕੋਈ ਕੰਮ ਕਿਹਾ, ਨਾ ਸਲਾਮ ਕੀਤਾ। ਤੀਹ ਪੈਂਤੀ ਵਰ੍ਹੇ ਹੋ ਗਏ ਨੇ ਜੱਦੀ ਘਰ ਵਿਕਿਆਂ, ਪੁਰਾਣਾ ਮੁਹੱਲਾ ਛੱਡਿਆਂ, ਪਰ ਕੌੜ ਨਾ ਮੁੱਕੀ। ਕਾਮਰੇਡ ਬਾਲੀ ਮੌਨੂੰ ਮੱਤ ਦੇਂਦਾ ਹੁੰਦਾ ਸੀ- ਕੌੜ ਨੂੰ ਪੁੱਠਾ ਕਰ ਕੇ, ਤੇਰਾ ਦੁੱਖ ਮੁੱਕ ਜਾਵੇਗਾ। ਚਾਚੀ ਵੱਲੇ ਪਿਆਰ ਨਾਲ ਤੱਕ। ਚੰਗੀ ਮੱਤ ਦੇਂਦਾ ਸੀ। ਪਤਾ ਨਹੀਂ, ਪਰ ਚਾਚੀ ਨੇ ਕਿੰਨਾ ਜਿਊਣਾ ਏ। ਹਰ ਵਾਰ ਅਮਰੀਕਾ ਤੋਂ ਆਉਂਦੀ ਏ ਤੇ ਪਹਿਲੇ ਤੋਂ ਵੱਧ ਵੱਲ ਹੁੰਦੀ ਏ, ਜੀਵੀ ਜਾਂਦੀ ਏ। ਜੀਵੀ ਜਾਂਦੀ ਏ, ਮੀਂਹ ਪਈ ਜਾਂਦਾ ਏ ਤੇ ਮੈਂ ਬਾਰੀ ਤੋਂ ਤੱਕੀ ਜਾਨਾਂ।
ਸਾਹਮਣੇ ਬਾਜੀ ਨਸੀਮ ਦਾ ਘਰ ਏ ਤੇ ਝਾਤੀ ਸਿੱਧੀ ਗਲ਼ੀ ਤੋਂ ਪਾਰ ਉਹਨਾਂ ਦੇ ਵਿਹੜੇ ਪੈਂਦੀ ਏ। ਹੁਣੇ-ਹੁਣੇ ਬਾਜੀ ਨਸੀਮ ਦੀ ਧਰੇਕ ਵਾਂਗ ਵੱਧਦੀ ਜਵਾਨ ਹੁੰਦੀ ਦੀ ਕੋਠੇ ਉੱਤੋਂ ਸੁੱਕਣੇ ਪਾਏ ਕੱਪੜੇ ਲਾਹ ਕੇ ਗਈ ਏ ਤਾਂ ਮਾਂ ਉਹਦੀ ਪਿੱਛੇ-ਪਿੱਛੇ ਆਈ ਏ। ਮਾਂ ਉਹਦੀ ਨੂੰ ਪਤਾ ਏ ਮੈਂ ਬਾਰੀ ਕੋਲ ਖਲਾ ਆਂ। ਮਾਂ ਉਹਦੀ ਨੂੰ ਹਰ ਵੇਲੇ ਪਤਾ ਹੁੰਦਾ ਏ, ਬਸ ਉਹਦੀ ਧੀ ਨੂੰ ਪਤਾ ਨਹੀਂ ਹੁੰਦਾ। ਪਿੱਛੇ ਮੈਂ ਆਪਣੇ ਘਰ ਦੇ ਬੂਹੇ ਅੱਗੇ ਪੇਸ਼ਾਬ ਕਰਦਾ ਪਿਆ ਸਾਂ। ਜਦ ਮੈਂ ਖਲੋ ਕੇ ਨਾਲ਼ਾ ਬੰਨਦਾ ਪਿਆ ਸਾਂ ਤੇ ਬਾਜੀ ਨਸੀਮ ਆਪਣੇ ਬੂਹੇ ਅੱਗੇ ਖਲੋਤੀ ਸੀ। ਨਾਸਾਂ ਫੜਕਾ ਕੇ ਆਖਣ ਲੱਗੀ, ‘‘ਤੂੰ ਖ਼ੈਰ ਨਾਲ ਵੱਡਾ ਹੋ ਗਿਆ ਏਂ। ਰੋਟੀ ਨੂੰ ਛੋਛੀ ਤੇ ਨਹੀਂ ਨਾ ਕਹਿੰਦਾ। ਘਰ ਅੰਦਰ ਪੇਸ਼ਾਬ ਕਰਿਆ ਕਰ।''
ਮੈਂ ਹੈਰਾਨ ਬਿਟ-ਬਿਟ ਉਹਦਾ ਮੂੰਹ ਤੱਕੀ ਗਿਆ। ਬਾਜੀ ਨਸੀਮ ਦੀਆਂ ਅੱਖਾਂ ਕਿੰਨੀਆਂ ਮੋਟੀਆਂ ਤੇ ਕਾਲੀਆਂ ਸ਼ਾਹ ਸਨ। ਕਿੰਨੇ ਵਰ੍ਹੇ ਤੋਂ ਉਹਦਾ ਬੰਦਾ ਕਿਸੇ ਅਰਬ ਮੁਲਕ ਵਿੱਚ ਏ। ਹਰ ਵਰ੍ਹੇ ਆਉਂਦਾ ਏ ਤੇ ਉਹਨੂੰ ਇੱਕ ਬਾਲ ਦੇ ਜਾਂਦਾ ਏ। ਇੱਕ-ਦੋ ਵਰ੍ਹੇ ਪਹਿਲਾਂ ਤੇ ਬਾਜੀ ਨਸੀਮ ਮੈਥੋਂ ਘਰ ਦਾ ਸੌਦਾ ਮੰਗਵਾਉਂਦੀ ਹੁੰਦੀ ਸੀ ਤੇ ਹੁਣ ਟੱਡਣ ਲੱਗ ਪਈ ਏ ਆਨੇ। ਪਰ ਮੈਂ ਤਾਂ ਨਾ ਉਹਨੂੰ ਵੇਖਦਾ ਆਂ ਤੇ ਨਾ ਉਹਦੀ ਜਵਾਨ ਹੁੰਦੀ ਧੀ ਨੂੰ। ਉਹਨਾਂ ਦਾ ਘਰ ਈ ਸਾਡੇ ਸਾਹਮਣੇ ਏ ਤੇ ਝਾਤੀ ਸਿੱਧੀ ਉਹਨਾਂ ਦੇ ਘਰ ਪੈਂਦੀ ਏ। ਨਾਲੇ ਉਹਦੀ ਧੀ ਤਾਂ ਕਿਸੇ ਨੂੰ ਵੀ ਨਹੀਂ ਵੇਖਦੀ। ਉਹਨੂੰ ਈ ਸਾਰੇ ਵੇਖਦੇ ਨੇ ਤੇ ਆਪੂੰ ਤਾਂ ਬੱਸ ਸ਼ੀਸ਼ਾ ਈ ਵੇਖਦੀ ਰਹਿੰਦੀ ਏ, ਸਗੋਂ ਸ਼ੀਸ਼ਾ ਈ ਉਹਨੂੰ ਵੇਖਦਾ ਰਹਿੰਦਾ ਏ। ਦੋਵੇਂ ਮਾਵਾਂ-ਧੀਆਂ ਦੇ ਵਾਲ਼ ਕਿੰਨੇ ਮਿਲ਼ਦੇ ਨੇ। ਸਹੁਰਾ ਬਾਜੀ ਨਸੀਮ ਦਾ ਹਰ ਐਤਵਾਰ ਨੂੰ ਵਿਹੜੇ ਬਹਿ ਕੇ ਸਿਰ ਨੂੰ ਖ਼ਜ਼ਾ ਲਾਉਂਦਾ ਰਹਿੰਦਾ ਏ ਜਾਂ ਫੇਰ ਪੁਰਾਣੀ ਸੈਕਲ ਧੋਂਦਾ ਰਹਿੰਦਾ ਏ। ਹਰ ਦੂਜੇ ਚੌਥੇ ਮਹੀਨੇ ਕਾਲੇ ਰੰਗ ਦੀ ਨਿੱਕੀ ਡੱਬੀ ਲਿਆ ਕੇ ਸੈਕਲ ਨੂੰ ਰੰਗ ਕਰਦਾ ਰਹਿੰਦਾ ਏ। ਕਿੰਨੀ ਉੱਚੀ ਸੈਕਲ ਏ। ਪਤਾ ਨਹੀਂ ਖੌਰੇ ਕਿਹੜੇ ਵੇਲਿਆਂ ਦੀ ਏ। ਮੁੰਡੇ ਛੇੜਾਂ ਕਰਦੇ ਨੇ- ‘ਪਹਿਲੀ ਵੱਡੀ ਲਾਮ ਦੀ ਏ।' ਸੁਣਿਆ ਉਸ ਤਿੰਨ ਵਿਆਹ ਕੀਤੇ ਪਰ ਹੁਣ ਤਾਂ ਇੱਕ ਵੀ ਉਹਦੇ ਨਾਲ ਨਹੀਂ।
ਬਾਜੀ ਨਸੀਮ ਹੁਣ ਪਤਾ ਨਹੀਂ ਕਿੱਥੇ ਏ। ਅਚਨਚੇਤ ਉਹਨਾਂ ਘਰ ਛੱਡ ਦਿੱਤਾ। ਕਹਿੰਦੇ ਉਹ ਕਿਰਾਏ ਉੱਤੇ ਸਨ ਤੇ ਮਕੱਦਮਾ ਚਲਦਾ ਪਿਆ ਸੀ। ਨਵੇਂ ਆਏ ਕੌਣ ਨੇ?
ਮੀਂਹ ਪਈ ਜਾਂਦਾ ਏ ਤੇ ਬਾਰੀ ਕੋਲ ਬੈਠਾ। ਬਾਜੀ ਨਸੀਮ ਦੇ ਬੂਹੇ ਅੱਗੇ ਪਾਣੀ ਖਲੋ ਜਾਣਾ ਏ। ਸ਼ਰੀਫ਼ ਹੱਟੀ ਆਲੇ ਦੇ ਕੋਲ ਵੀ। ਗੁੱਜਰਾਂ ਦੇ ਵਾੜੇ ਵੀ ਤੇ ਉਹ ਆਪਣੀਆਂ ਮੱਝਾਂ ਗਲ਼ੀ ਵਿੱਚ ਚੋਣਗੇ। ਮਾਸੀ ਦੇ ਵਿਹੜੇ ਵੀ ਪਾਣੀ ਭਰ ਜਾਣਾ ਏ ਤੇ ਰਾਤੀਂ ਉੱਥੋਂ ਡੱਡੂਆਂ ਦੀਆਂ 'ਵਾਜ਼ਾਂ ਆਣੀਆਂ ਨੇ। ਕਹਿੰਦੇ- ਮਾਸੀ ਦੇ ਸਿਰ ਦਾ ਸਾਈਂ ਫ਼ਕੀਰ ਹੋ ਗਿਆ ਸੀ। ਕੁਝ ਸੁਣਾਉਂਦੇ- ਅਸਾਂ ਫਲਾਣੇ ਥਾਂ ਭੁੱਖਿਆ ਮੰਗਦੇ ਤੱਕਿਆ। ਕੁਝ ਆਖਦੇ- ਨਸ਼ੇ ਕਰਦਾ ਏ ਤੇ ਮਜ਼ਾਰਾਂ ਉੱਤੇ ਪਿਆ ਰਹਿੰਦਾ ਏ। ਅਸਾਂ ਕਦੀ ਨਾ ਅੱਖੀਂ ਡਿੱਠਾ। ਮਾਸੀ ਦੇ ਵਿਹੜੇ ਅੱਜ ਦੇ ਬੂਟੇ, ਧਰੇਕ ਤੇ ਅਮਰੂਦਾਂ ਦੇ ਰੁੱਖ ਨੇ। ਮਾਸੀ ਕੁੱਕੜੀਆਂ ਪਾਲ਼ੀਆਂ ਹੋਈਆਂ ਨੇ ਤੇ ਉਹਨਾਂ ਦੇ ਆਂਡੇ ਵੇਚ ਗੁਜ਼ਾਰਾ ਕਰਦੀ ਏ। ਬਾਬੇ ਸ਼ਰੀਫ਼ ਨੇ ਹੱਟੀ ਨੂੰ ਆਂਦੇ ਰਾਹ ਉੱਤੇ ਵਿੱਥ ਨਾਲ ਇੱਟਾਂ ਵਿਛਾ ਦਿੱਤੀਆਂ ਨੇ। ਬਾਲ ਤਾਂ ਛਲਾਂਗਾ ਮਾਰਦੇ, ਇੱਟਾਂ ਪੱਟਦੇ, ਪਾਣੀ ਨਾਲ ਖੇਡਾਂ ਕਰਦੇ ਹੱਟੀ ਅਪੜ ਜਾਣੇ ਨੇ ਪਰ ਅੰਕਲ ਜ਼ਮੀਲ ਸਾਹਿਬ ਜੇ ਸੌਦਾ ਲੈਣ ਆਏ ਤੇ ਉਹਨਾਂ ਕੋਲੋਂ ਇੱਕ ਇੱਟ ਤੋਂ ਦੂਜੀ ਤਾਈਂ ਪੈਰ ਈ ਨਹੀਂ ਪੁੱਟਿਆ ਜਾਣਾ। ਬਾਲਾਂ ਕੁਝ ਚਿਰ ਉਹਨਾਂ ਨੂੰ ਉਡੀਕਣਾ ਏ ਤੇ ਮੁੜ ਛੜੱਪੇ ਮਾਰ ਪਾਣੀ ਵਿੱਚੋਂ ਤਿਰਖੇ ਲੰਘਣਾ ਏ ਤੇ ਛਿੱਟਾਂ ਉਹਨਾਂ ਉੱਤੇ ਪੈਣੀਆਂ ਨੇ ਤੇ ਉਹਨਾਂ ਗਾਲ੍ਹਾਂ ਕੱਢਣੀਆਂ ਨੇ, ‘‘ਕੁੱਤੇ ਦੇ ਤੁਖ਼ਮੋ'' ਬਦ ਦੇ ਬੀਓ ਮਗ਼ਰਬ ਦੀ ਨਮਾਜ਼ ਪੜ੍ਹਨੀ ਸੀ ਮੈਂ ਮਸੀਤੇ ਨਮਾਜ਼ ਪੜ੍ਹਨ ਜ਼ਰੂਰ ਜਾਣਾ ਹੁੰਦਾ। ਛੱਤਰੀ ਖ਼ੌਰੇ ਅੰਗਰੇਜ਼ਾਂ ਦੇ ਵੇਲੇ ਦੀ ਏ। ਥਾਂ-ਥਾਂ ਤਰੋਪੇ ਲੱਗੇ ਹੋਏ ਨੇ। ਬਾਜ਼ੀ ਨਜ਼ੀਮ ਦਾ ਸਹੁਰਾ ਆਪਣੀ ਸੈਕਲ ਤੇ ਅੰਕਲ ਜ਼ਮੀਲ ਸਾਹਿਬ ਆਪਣੀ ਛੱਤਰੀ ਤੋਂ ਖਲਾਸੀ ਕਿਉਂ ਨਹੀਂ ਕਰਾਂਦੇ।
ਮੀਂਹ ਪੈ ਰਿਹਾ ਏ ਤੇ ਮੈਨੂੰ ਪਤਾ ਏ ਸਾਡੇ ਘਰ ਦੇ ਨਾਲ ਕੋਠੇ ਉੱਤੇ ਸੋਹਣਿਆਂ ਤੇ ਉਹਦੀ ਨਿੱਕੀ ਭੈਣ ਨਹਾਉਂਦੀ ਹੋਣੀ ਏ। ਪਰ ਮੈਂ ਕਿਹੜੇ ਬਹਾਨੇ ਕੋਠੇ ਜਾਵਾਂ। ਮੰਜੀਆਂ ਵੀ ਲਾਹ ਲਈਆਂ ਹੋਈਆਂ ਨੇ ਤੇ ਜੇ ਉਹਨਾਂ ਦੀ ਭੈਣ ਬੁਸ਼ਰਾ ਤੱਕ ਲਿਆ ਤੇ ਉਸ ਮੀਂਹ ਦੇ ਨਾਲ ਅਨ੍ਹੇਰੀ ਵੀ ਝੁਲਾ ਦੇਣੀ ਏ। ਨਾਲੇ ਸੁਹਣਿਆਂ ਦਾ ਕੋਈ ਕੀ ਕਰੇ, ਇੱਕ ਨਾਲ ਟਿੱਕੇ ਤਾਂ ਗੱਲ ਏ। ਜਿਹੜੇ ਮੁੰਡੇ ਕੋਲ ਚਾਰ ਛਿਲੜ ਨੇ, ਦੋ ਚਾਰ ਪੈਨੀਆਂ ਨੇ, ਨਾਤਾ ਧੋਤਾ ਰਹਿੰਦਾ ਏ, ਕਾਲੀ ਐਨਕ ਲਾਉਂਦਾ ਏ, ਉਹ ਈ ਉਹਨੂੰ ਚੰਗਾ ਲੱਗਣਾ ਏ। ਬਸ਼ਰਾ ਨੂੰ ਵੇਖੋ- ਵਿਆਹ ਤੋਂ ਪਹਿਲਾਂ ਕਿਸੀ ਨੂੰ ਵੀ ਉਸ ਮੂੰਹ ਨਾ ਲਾਇਆ। ਭਾਵੇਂ ਉਹ ਵੀ ਸੋਹਣੀ ਈ ਸੀ। ਸੁਹਣੇ ਈ ਹੁੰਦੇ ਨੇ ਕਸ਼ਮੀਰੀ। ਵਿਆਹ ਦਾ ਕਿੰਨਾ ਚਾਅ ਸੀ ਉਸ ਨੂੰ। ਮਰੀ ਜਾਂਦੀ ਸੀ। ਵਿਆਹ ਹੋਇਆ, ਨਿਬਾਹ ਨਾ ਹੋਇਆ। ਛੇਵੇਂ ਮਹੀਨੇ ਤੋਂ।
ਮੂੰਹ ਫੱਟ ਸੀ ਉਹ ਹਮੇਸ਼ਾਂ ਤੋਂ ਈ। ਹੁਣ ਝੇੜੇ ਕਰਦੀ ਰਹਿੰਦੀ ਏ, ਸਾਰਾ ਦਿਨ। ਹਰ ਫੇਰੀ ਆਲੇ ਨਾਲ ਉਹਦੀ ਲੜਾਈ। ਬਜ਼ਾਰ ਵਿੱਚ ਹਰ ਹੱਟੀ ਆਲੇ ਨਾਲ ਉਹਦੀ ਖ਼ਰਖ਼ਸ਼। ਸਾਡੇ ਉਹ ਗਵਾਂਢੀ ਨਹੀਂ, ਕੰਧ ਨਾਲ ਕੰਧ ਸਾਂਝੀ ਏ। ਗਰਮੀਆਂ ਦੇ ਵਿੱਚ ਉਹਨਾਂ ਦੇ ਘਰ ਜਾਣਾ ਤੇ ਉਹਨਾਂ ਦੀ ਮਾਂ ਗਲ਼ ਵਿੱਚ ਬਿੰਨਾ ਕਮੀਜ਼ ਦੇ ਮਲਮਲ ਦੀ ਚੁੰਨੀ ਨੂੰ ਗਿੱਲਾ ਕਰਕੇ ਪਿੰਡੇ ਉੱਤੇ ਲਿਆ ਹੁੰਦਾ ਏ। ਕਸ਼ਮੀਰੀ ਖੁੱਲ੍ਹੇ-ਡੁੱਲ੍ਹੇ ਹੁੰਦੇ ਨੇ। ਗਲ਼ੀ ਦੇ ਮੁੰਡੇ ਕਹਿੰਦੇ- ਜਵਾਨ ਭੈਣ ਭਰਾ ਇੱਕ ਦੂਜੇ ਦੇ ਸਾਹਮਣੇ ਬਿੰਨਾ ਸ਼ਰਮ ਤੋਂ ਕੱਪੜੇ ਬਦਲ ਲੈਂਦੇ ਨੇ। ਕਈ ਵਾਰ ਸੋਚਨਾ, ਰੱਬ ਕਰੇ ਕੋਈ, ਬੁਸ਼ਰਾ ਨੂੰ ਦੱਸ ਈ ਦੇਵੋ, ਪਈ ਤੂੰ ਅਜੇ ਵੀ ਸੋਹਣੀ ਏਂ। ਸਾਰੇ ਘਰ ਦਾ ਕੰਮ ਉਹਨੇਂ ਸਾਂਭਿਆ ਹੋਇਆ ਏ ਤੇ ਹਰ ਇੱਕ ਨਾਲ ਛਿੰਜਦੀ-ਖਿੱਝਦੀ ਤੇ ਖਹਿੰਦੀ ਰਹਿੰਦੀ ਏ ਤੇ ਝੇੜਾ ਕਰੀ ਜਾਂਦੀ ਏ, ਕਰੀ ਜਾਂਦੀ ਏ।
ਕਿਹਨੇ ਦੱਸਿਆ ਸੀ ਬੁਸ਼ਰਾ ਦਾ ਦੂਜਾ ਵਿਆਹ ਹੋ ਗਿਆ ਏ, ਖੌਰੇ ਹੁਣ ਕਿਸ ਹਾਲ ਵਿੱਚ ਏ। ਕਿੰਨੇ ਈ ਵਰ੍ਹੇ ਹੋ ਗਏ ਨੇ। ਕੋਈ ਖ਼ੈਰ ਖ਼ਬਰ ਨਹੀਂ ਮਿਲੀ। ਮੇਰਾ ਵੀ ਫੇਰਾ ਨਹੀਂ ਲੱਗਾ।
ਮੀਂਹ ਅਜੇ ਵੀ ਪੈਂਦਾ ਪਿਆ ਏ ਤੇ ਕੁਵੈਤ ਆਲੀ ਭਿੱਜਦੀ ਸਾਹਮਣਿਓਂ ਲੰਘੀ ਏ। ਹਾਜੀ ਨਸੀਮ ਕਿਆਂ ਦੇ ਪਿਛਵਾੜੇ ਕੁਵੈਤ ਆਲੀ ਦਾ ਘਰ ਏ। ਉਹਦਾ ਇੱਕੋ ਇੱਕ ਪੁੱਤਰ ਏ ਤੇ ਉਹ ਕੁਵੈਤ ਏ। ਵੱਡਾ ਸਾਰਾ ਘਰ ਤੇ ਉਹ 'ਕੱਲੀ। ਨੌਕਰ ਵੀ ਕੋਈ ਨਹੀਂ ਰੱਖਿਆ ਹੋਇਆ ਸੂ। ਪਿੱਛੋਂ ਕਿਸੇ ਪਿੰਡ ਦੀ ਏ। ਕਦੀ ਕਦਾਰ ਕੋਈ ਬੰਦਾ ਜਨਾਨੀ ਆਉਂਦੇ ਨੇ ਤੇ ਕੁਝ ਦਿਨ ਰਹਿ ਕੇ ਮੁੜ ਜਾਂਦੇ ਨੇ। ਕੁਵੈਤ ਆਲੀ ਦੇ ਇਕੱਲੇ ਪੁੱਤਰ ਦਾ ਅਜੇ ਵਿਆਹ ਨਹੀਂ ਹੋਇਆ। ਕਈ ਵਰ੍ਹਿਆਂ ਤੋਂ ਸਾਕ ਲੱਭਦੀ ਪਈ ਏ। ਹਰ ਵਰ੍ਹੇ ਉਹਦਾ ਪੁੱਤਰ ਆਉਂਦਾ ਏ ਤੇ ਵਿਆਹ ਕੀਤੇ ਬਿੰਨਾ ਪਰਤ ਜਾਂਦਾ ਏ਼ਕਿਸੇ ਵੱਲੱ ਕੁਵੈਤ ਵਾਲੀ ਦਾ ਘਰ ਬੰਦ ਹੁੰਦਾ ਸੀ। ਹਿੰਦੂਆਂ ਦੇ ਵੇਲੇ ਦਾ ਪੁਰਾਣਾ ਘਰ ਤੇ ਕਹਿੰਦੇ ਨੇ ਪਈ ਏਥੇ ਭੂਤਾਂ ਦਾ ਡੇਰਾ ਏ। ਬਸੰਤ ਉੱਤੇ ਉਹਨਾਂ ਦੇ ਘਰ ਗੁੱਡੀਆਂ ਡਿੱਗਦੀਆਂ ਪਰ ਜੇਰਾ ਨਹੀਂ ਸੀ ਹੁੰਦਾ ਕਿਸੇ ਦਾ ਲੁੱਟਣ ਦਾ। ਇੱਕ ਦਿਨ ਕੁਵੈਤ ਆਲੀ ਟਾਂਗੇ ਉੱਤੇ ਆਈ ਤੇ ਘਰੀਂ ਚਾਨ੍ਹਣ ਹੋਇਆ। ਜਦ ਉਸ ਦੱਸਿਆ ਪਈ ਮੇਰਾ ਪੁੱਤਰ ਕੁਵੈਤ ਏ ਤੇ ਉਹਦਾ ਵਿਆਹ ਕਰਨਾ ਏ ਤੇ ਕਿੰਨੀਆਂ ਈ ਜਵਾਨ ਕੁੜੀਆਂ ਦੀਆਂ ਮਾਵਾਂ ਉਹਦੀ ਸੇਵਾ ਵਿੱਚ ਰੁੱਝ ਗਈਆਂ। ਪਰ ਜਦ ਤਿੰਨ-ਚਾਰ ਵਰ੍ਹੇ ਉਹਦੇ ਪੁੱਤਰ ਕਿਸੇ ਨਾਲ ਵੀ ਵਿਆਹ ਨਾ ਕੀਤਾ ਤੇ ਜਨਾਨੀਆਂ ਉਹਨੂੰ ਮੂੰਹ ਲਾਣਾ ਈ ਬੰਦ ਕਰ ਦਿੱਤਾ ਤੇ ਸੌ-ਸੌ ਗੱਲਾਂ ਕਰਨ ਲੱਗ ਪਈਆਂ। ਮੌਨੂੰ ਪਤਾ ਏ ਅੱਜ ਕੁਵੈਤ ਆਲੀ ਗੁੜ ਆਲੇ ਚੌਲ ਜਾਂ ਪੂੜੇ ਪਕਾਏਗੀ ਤੇ ਸਾਡੇ ਘਰ ਜ਼ਰੂਰ ਲੈ ਕੇ ਆਏਗੀ, ਸਹੇਲੜੀ ਜੋ ਏ ਉਹ ਮਾਂ ਮੇਰੀ ਦੀ। ਦੋਵੇਂ ਹਰ ਜੁੰਮੇਰਾਤ ਨੂੰ ਸਵੇਲ-ਸਵੇਲੇ ਹੱਥ ਵਿੱਚ ਤਸਬੀਆਂ ਫੜ੍ਹ ਕੇ ਚਿੱਟੀਆਂ ਚੁੰਨੀਆਂ ਮੂੰਹ ਦੇ ਦੰਦਾਂ ਵਿੱਚ ਦੇ ਕੇ ‘ਅੱਲ੍ਹਾ ਹੂ, ਅਲ੍ਹਾ ਹੂ'' ਕਰਦੀਆਂ ਦਾਤਾ ਸਾਹਿਬ ਪੈਦਲ ਜਾਂਦੀਆਂ ਨੇ।
ਕਿੰਨੇ ਹੀ ਵਰ੍ਹੇ ਕੁਵੈਤ ਆਲੀ ਦਾ ਪੁੱਤਰ ਰਿਹਾ ਤੇ ਫਿਰ ਮੁੜ ਕਦੇ ਨਾ ਆਇਆ। ਕਿੰਨੇ ਈ ਵਰ੍ਹੇ ਹੋ ਗਏ ਹੋਏ ਹੈਨ ਕੁਵੈਤ ਆਲੀ ਨੂੰ ਗੁਜ਼ਰੇ ਤੇ ਹੁਣ ਪਤਾ ਨਹੀਂ ਉਹਨਾਂ ਦੇ ਘਰ ਕੌਣ ਰਹਿੰਦਾ ਏ।
ਮੀਂਹ ਪਈ ਈ ਜਾਂਦਾ ਏ, ਪਈ ਈ ਜਾਂਦਾ ਏ ਤੇ ਮੈਂ ਬਾਰੀ ਕੋਲ ਈ ਬੈਠਾ ਆਂ। ਹੋਰ ਕੀ ਕਰਾਂ?

ਨਸੀਮ ਕਿਆਂ ਦੇ ਸੱਜੇ ਪਾਸੇ ਸੱਯਦ ਅਲੀ ਹੈਦਰ ਵਾਸਤੀ ਹੋਰਾਂ ਦਾ ਘਰ ਏ। ਹੈਦਰ ਵਾਸਤੀ ਮੇਰੇ ਨਾਲ ਕਾਲਜ ਵੀ ਏ ਪਰ ਉਹਦਾ ਗਰੁੱਪ ਦੂਜਾ ਏ। ਹੈਦਰ ਵਾਸਤੀ ਦੇ ਦੋ ਵੱਡੇ ਭਰਾ ਤੇ ਤਿੰਨ ਵੱਡੀਆਂ ਭੈਣਾਂ ਨੇ। ਪਿਓ ਉਹਦਾ ਆਲਮ ਏ। ਕਈ ਕਿਤਾਬਾਂ ਲਿਖੀਆਂ, ਪਰ ਹੁਣ ਕਈ ਵਰ੍ਹਿਆਂ ਤੋਂ ਮੰਜੇ ਲੱਗਾ ਹੋਇਆ ਏ। ਜਨਾਨੀ ਉਹਦੀ ਉਹਨੂੰ ਕਈ ਵਰ੍ਹਿਆਂ ਤੋਂ ਦਵਾਈਆਂ ਖਵਾਈ ਜਾਂਦੀ ਏ, ਖਵਾਈ ਜਾਂਦੀ ਏ ਪਰ ਉਹ ਵੱਲ ਈ ਨਹੀਂ ਹੋ ਰਿਹਾ। ਵੱਡੀਆਂ ਤੇ ਭੈਣਾਂ ਯੂਨੀਵਰਸਿਟੀਆਂ ਤੀਕ ਪੜੀ੍ਹਆਂ ਤੇ ਨੌਕਰੀਆਂ ਕਰਦੀਆਂ ਨੇ। ਦੋਵੇਂ ਭਰਾ ਵੀ ਨੌਕਰੀਆਂ ਕਰਦੇ ਨੇ। ਪਹਿਲੇ ਸਾਕ ਪਸੰਦ ਨਾ ਆਏ। ਹੁਣ ਆਉਂਦਾ ਕੋਈ ਨਹੀਂ। ਲੱਗਦਾ ਏ, ਤਿੰਨੇ ਭੈਣਾਂ ਰੁੱਸੀਆਂ ਹੋਈਆਂ ਨੇ ਆਪਣੇ ਆਪ ਤੋਂ- ਵੇਲ ਤੋਂ- ਭਰਾਵਾਂ ਤੋਂ- ਮਾਪਿਆਂ ਤੋਂ- ਤੇ ਪਤਾ ਨਹੀਂ ਕਿਹਦੇ-ਕਿਹਦੇ ਕੋਲੋਂ। ਭਰਾ ਆਖਦੇ ਨੇ ਜਦ ਤੀਕ ਭੈਣਾਂ ਦੇ ਵਿਆਹ ਨਹੀਂ ਹੁੰਦੇ, ਅਸਾਂ ਵੀ ਨਹੀਂ ਕਰਨੇ। ਭੈਣਾਂ ਕਦੇ ਬਾਰੀ ਕੋਲ ਨਹੀਂ ਖਲੋਂਦੀਆਂ, ਮੀਂਹ ਨਹੀਂ ਵੇਹਂਦੀਆਂ, ਕਦੇ ਵਿਹੜੇ ਨਹੀਂ ਨਹਾਉਂਦੀਆਂ, ਕਿਸੇ ਨਾਲ ਗੱਲ ਨਹੀਂ ਕਰਦੀਆਂ। ਬੱਸ ਉਹਨਾਂ ਨੂੰ ਰੋਹ ਏ। ਸਾਰੇ ਭੈਣ-ਭਰਾ ਨੌਕਰੀਆਂ ਕਰਦੇ ਜਾਂਦੇ ਨੇ, ਕਰੀ ਜਾਂਦੇ ਨੇ ਤੇ ਬੁੱਢੇ ਹੋਈ ਜਾਂਦੇ ਨੇ, ਹੋਈ ਜਾਂਦੇ ਨੇ।
ਸਯੱਦ ਅਲੀ ਹੈਦਰ ਵਾਸਤੀ ਹੁਣ ਘਰ ਢਾਹ ਕੇ ਸਾਰਕੇਟ ਪਾ ਲਈ ਹੋਈ ਏ। ਦੂਜੇ ਬੰਨਿਓ ਉਹਨਾਂ ਦਾ ਘਰ ਬਜ਼ਾਰ ਨੂੰ ਜਾ ਲੱਗਦਾ ਏ। ਪਰ ਉਹ ਆਪ ਕਿੱਥੇ ਨੇ? ਕਦੀ ਉਘ-ਸੁੱਘ ਨਹੀਂ ਮਿਲੀ। ਹੈਦਰ ਵਾਸਤੀ ਵੀ ਨ ਕਦੀ ਮਿਲਿਆ ਨਾ ਨਜ਼ਰੀ ਪਿਆ ਏ।
ਮੀਂਹ ਅਜੇ ਰੁਕਿਆ ਨਹੀਂ। ਆਪਣੇ ਘਰ ਦੀ ਦੂਜੀ ਮੰਜ਼ਿਲ ਦੀ ਬਾਰੀ ਤੋਂ ਮੈਂ ਸਾਹਮਣੇ ਬਾਜੀ ਨਸੀਮ ਕਿਆਂ ਤੋਂ ਖੱਬੇ ਪਾਸੇ ਗਲੀ ਦੀ ਨੁੱਕੜੇ ਰਿਆਜ਼ ਡਾਕੀਏ ਨੂੰ ਘਰ ਦੀ ਬਾਰੀ ਕੋਲ ਬੈਠਾ ਤਕਨਾਂ ਵਾਂ।
ਰਿਆਜ਼ ਡਾਕੀਆ ਕਦ ਦਾ ਰਿਟਾਇਰ ਹੋ ਗਿਆ ਏ। ਥੱਲੇ ਘਰ ਕਿਰਾਏ 'ਤੇ ਚਾੜ੍ਹਿਆ ਹੋਇਆ ਸੂ ਤੇ ਉੱਤੇ ਦੋ ਕਮਰਿਆਂ ਵਿੱਚ ਉਹ ਕੱਲਾ ਰਹਿੰਦਾ ਏ। ਉਹ ਘਰ ਵੀ ਉਹਨੇ ਪੰਦਰਾਂ ਵਰ੍ਹਿਆਂ ਪਿਛੋਂ ਇੱਟ-ਇੱਟ ਜੋੜ ਕੇ ਉਸਾਰਿਆ ਏ। ਮੁਹੱਲੇ ਵਿੱਚ ਕਮੇਟੀਆਂ ਪਾ ਪਾ ਕੇ ਚਾਰ ਪੈਸੇ ਜੋੜਦਾ ਏ ਤੇ ਘਰ ਉੱਤੇ ਲਾ ਦੇਂਦਾ ਏ।
ਕਹਿੰਦੇ ਨੇ ਉਹਦੀ ਜਨਾਨੀ ਬਹੁਤ ਸੁਹਣੀ ਸੀ। ਸਿਰਖਾ ਨੱਕ, ਸਾਂਵਲਾ ਰੰਗ, ਮੱਧਰਾ ਕੱਦ ਤੇ ਪਿੱਛਾ ਭਾਰਾ। ਚਾਰ ਬਾਲਾਂ ਸਣੇ ਉਹ ਖੁਰਸ਼ੀਦ ਨਾਲ ਉਧਲ ਗਈ। ਪਰ ਨਹੀਂ, ਉਧਲੀ ਉਹ ਖੁਰਸ਼ੀਦ ਨਾਲ ਈ ਸੀ ਪਰ ਵਸੀ ਉਹਦੇ ਨਾਲ ਨਹੀਂ। ਖੁਰਸ਼ੀਨ ਨੂੰ ਤਾਂ ਉਹਨੇ ਧੁਰਾ ਬਣਾਇਆ, ਆਪਣੇ ਪੁਰਾਣੇ ਯਾਰ ਤਾਈਂ ਅਪੜਨ ਲਈ। ਖੁਰਸ਼ੀਦ ਰਿਕਸ਼ਾ ਚਲਾਉਂਦਾ ਸੀ। ਇੱਕ ਦਿਨ ਰਿਆਜ਼ ਜਦ ਨੌਕਰੀ ਉੱਤੇ ਗਿਆ ਹੋਇਆ ਸੀ, ਖੁਰਸ਼ੀਦ ਬਿੰਨਾ ਬੂਹਾ ਖੜਕਾਏ ਉਹਦੇ ਬੂਹੇ ਦਾ ਟਾਟ ਚੁੱਕ ਕੇ ਘਰ ਅੰਦਰ ਵੜ ਗਿਆ। ਰਿਆਜ਼ ਦੀ ਜਨਾਨੀ ਦੇ ਰੌਲੇ ਦੀ ਆਵਾਜ਼ ਆਈ ਤੇ ਲੋਕਾਂ ਖੁਰਸ਼ੀਦ ਨੂੰ ਉਹਦੇ ਘਰੋਂ ਨਿਕਲ ਲੈਂਦੇ ਨੂੰ ਤੱਕਿਆ। ਖੁਰਸ਼ੀਦ ਬਹੁਤ ਉੱਚਾ ਲੰਮਾ ਗੱਭਰੂ ਸੀ। ਉਸ ਨੂੰ ਡੱਕਣ ਦਾ ਜੇਰਾ ਨਾ ਹੋਇਆ ਕਿਸੇ ਦਾ। ਦੋ ਤਿੰਨ ਦਿਨਾਂ ਮਗਰੋਂ ਇੰਝ ਈ ਹੋਇਆ। ਹੁੰਦੇ ਹੁੰਦੇ ਦਿਨ ਦਿਹਾੜੇ ਖੁਰਸ਼ੀਦ ਰਿਆਜ਼ ਦੇ ਘਰ ਜਾ ਵੜਦਾ ਪਰ ਉਹਦੀ ਜਨਾਨੀ ਦੀ 'ਵਾਜ ਈ ਨਾ ਆਉਂਦੀ।ਰਿਆਜ਼ ਨੂੰ ਪਤਾ ਲੱਗਾ ਤੇ ਉਸ ਰੋਜ਼ ਘਰ ਆ ਕੇ ਆਪਣੀ ਜਨਾਨੀ ਦਾ ਕੁੱਟ-ਕੁਟਾਪਾ ਚਾ ਕਰਨਾ। ਬਾਲਾਂ ਦੇ ਉੱਚੀ-ਉੱਚੀ ਰੋਣ ਦਾ ਰੌਲਾ ਪੂਰੇ ਮੁਹੱਲੇ ਸੁਣਿਆ ਜਾਣਾ। ਅਖੀਰ ਇੱਕ ਹਿਾੜੇ ਉਹਦੀ ਜਨਾਨੀ ਖੁਰਸ਼ੀਜ ਨਾਲ ਈ ਨਿਕਲ ਗਈ। ਉਸ ਬਾਲ ਸਾਂਭੇ ਇੱਕ ਦੋ ਗੱਠੜੀਆਂ ਬੰਨ੍ਹੀਆਂ ਤੇ ਸਾਰਾ ਸੋਨਾ-ਰੁਪਿਆ ਹੂੰਝ-ਹਾਂਝ ਕੇ ਖੁਰਸ਼ੀਦ ਨਾਲ ਰਿਕਸ਼ੇ ਬਹਿ ਕੇ ਟੁਰ ਗਈ ਤੇ ਮੁੜ ਕਦੇ ਨਾ ਆਈ। ਮੁਹੱਲੇ ਦੇ ਬੁੱਢੇ ਬਾਬੇ ਅਜੇ ਵੀ ਪੁਰਾਣੀ ਡਿੱਠੀ ਨੂੰ ਚੇਤਿਓਂ ਲੰਘਾ ਕੇ ਉਹਦੇ ਸੁਹੱਪਣ ਨੂੰ ਮੋਹ ਨਾਲ ਚਿਤਾਰਦੇ ਨੇ।
ਕੁਝ ਦਿਨ ਮਗਰੋਂ ਖੁਰਸ਼ੀਦ ਪਰਤ ਆਇਆ। ਰਿਆਜ਼ ਉਹਦੇ ਖ਼ਿਲਾਫ਼ ਪੁਲੀਸ ਵਿੱਚ ਪਹਿਲੋਂ ਈ ਖਰਚਾ ਦਿੱਤਾ ਹੋਇਆ ਸੀ। ਪਰ ਉਹ ਰਾਤੀਂ ਈ ਥਾਣੇ ਤੋਂ ਮੁੜ ਆਇਆ। ਉਹਦਾ ਆਖਣ ਸੀ ਕਿ ਉਹ ਮੈਨੂੰ ਵੀ ਛੱਡ ਕੇ ਆਪਣੇ ਵਿਆਹ ਤੋਂ ਪਹਿਲੋਂ ਦੇ ਈ ਕਿਸੇ ਯਾਰ ਨਾਲ ਟੁਰ ਗਈ ਏ ਤੇ ਕਰਾਚੀ ਜਾ ਵੱਸੀ ਏ। ਜਨਾਨੀ ਦੇ ਜਾਵਣ ਦੇ ਕੁਝ ਦਿਨਾਂ ਮਗਰੋਂ ਰਿਆਜ਼ ਆਪਣੀ ਜਨਾਨੀ ਤੇ ਬਾਲਾਂ ਨੂੰ ਚੇਤੇ ਕਰ-ਕਰ ਕੇ ਰੋਂਦਾ। ਉਹਨੇ ਮੁੜ ਵਿਆਹ ਕਰਨ ਦੇ ਲੱਖ ਆਹਰ ਕੀਤੇ ਪਰ ਵਿਆਹ ਕਰਾਉਣ ਆਲ਼ੀਆਂ ਵਿੱਚ ਵਿਚੋਲੀਆਂ ਉਹਨੂੰ ਲੁੱਟ-ਪੁੱਟ ਲੈ ਜਾਂਦੀਆਂ, ਪਰ ਉਹਦਾ ਵਿਆਹ ਨਾ ਹੁੰਦਾ। ਸਿੱਧੜ ਤਾਂ ਉਹ ਸਦਾ ਤੋਂ ਸੀ। ਰਿਆਜ਼ ਡਾਕੀਏ ਨੂੰ ਸਾਰੇ ਪੁਰਾਣੇ ਮੁਹੱਲੇ ਦੇ ਲੋਕਾਂ ਦਾ ਪਤਾ ਏ। ਚਾਲੀ ਸਾਲ ਦੀ ਨੌਕਰੀ ਪਿੱਛੋਂ ਉਹ ਰਿਟਾਇਰ ਹੋਇਆ। ਜਦ ਦੇ ਸਰਕਾਰ ਨੇ ਗਲੀਆਂ, ਮੁਹੱਲਿਆਂ ਤੇ ਸੜਕਾਂ ਦੇ ਨਾਂ ਬਦਲੇ ਨੇ ਰਿਆਜ਼ ਡਾਕੀਏ ਨੂੰ ਅੱਲ੍ਹਾ ਖ਼ਾਨੇ ਕੰਮ ਕੁਝ ਲੱਭ ਪਿਆ ਏ। ਉਹਨੂੰ ਈ ਪੁਰਾਣੇ ਮੁਹੱਲਿਆਂ ਦੇ ਨਾਂ ਯਾਦ ਨੇ। ਸਗੋਂ ਹਰ ਘਰ ਦੇ ਇੱਕ-ਇੱਕ ਜੀਅ ਦਾ ਪਤਾ ਏ। ਪੁਰਾਣੇ ਪਤਿਆਂ ਉੱਤੇ ਜਿਹੜੀਆਂ ਚਿੱਠੀਆਂ ਆਉਂਦੀਆਂ ਨੇ, ਨਵੇਂ ਡਾਕੀਏ ਆ ਕੇ ਉਹਦੇ ਕੋਲੋਂ ਈ ਪੁੱਛਦੇ ਨੇ। ਅਰਜਨ ਰੋਡ, ਸ਼ਿਵਾ ਜੀ ਸਟਰੀਟ, ਕ੍ਰਿਸ਼ਨਾ ਗਲੀ। ਰਿਆਜ਼ ਕੱਲਾ ਰਹਿੰਦਾ ਏ, ਉਹਦੇ ਧੌਲੇ ਮਹੀਂ ਤੇ ਉਹ ਬਿਮਾਰ ਏ। ਜਾਪਦਾ ਏ ਉਹ ਵੇਲੇ ਤੋਂ ਬਾਹਰ ਏ। ਉਹਦੇ ਲਈ ਨਾ ਵੇਲਾ ਲੰਘਦਾ ਏ ਨਾ ਘੱਟਦਾ ਏ, ਸਗੋਂ ਉਹ ਵੇਲੇ ਤੋਂ ਬਾਹਰਾ ਹੋ ਕੇ ਲੰਘਦੇ ਵੇਲੇ ਨੂੰ ਤੱਕਦਾ ਰਹਿੰਦਾ ਏ, ਤੱਕਦਾ ਰਹਿੰਦਾ ਏ। ਕਈ ਵਰ੍ਹਿਆਂ ਤੋਂ ਚੁੱਪ-ਚੁਪੀਤਾ ਬੈਠਾ ਤੱਕੀ ਜਾਂਦਾ ਏ। ਕੈਰਮ ਬੋਰਡ ਖੇਡਦਿਆਂ ਮੁੰਡਿਆਂ ਨੂੰ, ਬਾਂਦਰ ਕਲਾ ਖੇਡਦਿਆਂ ਨੂੰ- ਬਸੰਤ ਉੱਤੇ ਪਤੰਗਾਂ ਨੂੰ- ਬਾਜ਼ ਲੱਗੇ ਕਬੂਤਰਾਂ ਨੂੰ, ਗਲੀ ਵਿੱਚੋਂ ਲੰਘਦੀ ਖ਼ਲਕਤ ਨੂੰ- ਮੀਂਹ ਨੂੰ- ਉਹ ਤੱਕੀ ਜਾਂਦਾ ਏ- ਤੱਕੀ ਜਾਂਦਾ ਏ- ਤੱਕੀ ਜਾਂਦਾ ਏ।
ਮੀਂਹ ਮੱਠਾ ਹੋ ਗਿਆ ਏ ਤੇ ਗਲੀ ਵਿੱਚ ਨਹਾਤੀ-ਧੋਤੀ ਤਾਰਕੋਲ ਦੀ ਸੜਕ ਵਾਂਗ ਸਲੇਟੀ ਸ਼ਾਮ ਲੱਥ ਪਈ ਏ।

ਜਫ਼ਰੀ ਆ ਜਾਂਦਾ ਤੇ ਚੰਗਾ ਸੀ ਉਹਦੇ ਕੋਲ ਸਿਗਟਾਂ ਦੀ ਡੱਬੀ ਵੀ ਹੋਣੀ ਏ। ਸਾਰੇ ਯਾਰਾਂ ਬੁਟਾਈ ਸਟਾਲ ਉੱਤੇ ਇਕੱਠੇ ਹੋਣਾ ਏ ਤੇ ਰੋਜ਼ ਵਾਂਗਰ ਰਾਤੀਂ ਅਸੀਂ ਤਿਰਕੇ ਘਰ ਆਉਣਾ ਏ। ਭਾਦੋਂ ਦੇ ਅਖੀਰੀ ਮੀਂਹ ਨੇ ਤੇ ਅਮਜਦ ਸਾਹਿਬ ਸਿਆਲ ਤੋਂ ਅਗਰੋਂ ਈ ਚੁੜ-ਮੁੜ ਕੀਤਾ, ਅੱਧੀਆਂ ਬਾਹਵਾਂ ਵਾਲਾ ਸਵੈਟਰ ਪਾ ਕੇ ਪਾਣੀ ਤੋਂ ਬੱਚਦੇ ਗੜਵੀ ਫੜ ਕੇ ਦੁੱਧ ਲੈਣ ਜਾਂਦੇ ਪਏ ਨੇ।
ਚੰਗਾ ਸੀ ਜੇ ਜਫ਼ਰੀ ਆ ਜਾਂਦਾ। ਦੋ-ਤਿੰਨ ਗਲ਼ੀਆਂ ਛੱਡ ਕੇ ਈ ਉਹਦਾ ਘਰ ਏ। ਮੈਂ ਆਪੇ ਈ ਨਾ ਪਤ ਕਰਾਂ। ਪਰ ਉਹਦੇ ਪਿਓ ਨੇ ਆਖ ਦੇਣਾ ਏ, ਪਈ ਉਹ ਤਾਂ ਘਰ ਈ ਨਹੀਂ। ਨਾਲੇ ਆਪ ਦੋ ਗੱਲਾਂ ਵੀ ਮਾਰ ਦੇਣੀਆਂ ਨੇ।
ਹੁਣੇ ਬਾਜੀ ਨਸੀਮ ਦੀਆਂ ਮੋਟੀਆਂ-ਮੋਟੀਆਂ ਕਾਲੀਆਂ-ਸਿਆਹ ਅੱਖਾਂ ਵਾਂਗਰ ਰਾਤ ਲੱਥ ਪੈਣੀ ਏ। ਰਾਤ ਨੂੰ ਤਿਰਖੀ ਹਵਾ ਝੂਲਣੀ ਏ ਤੇ ਬੂਹੇ ਬਾਰੀਆਂ ਰਾਹੀਂ ਆਉਂਦੇ ਨਿੰਮੇ-ਨਿੰਮੇ ਚਾਨ੍ਹਣ ਵਿੱਚ ਗਲ਼ੀ ਵਿੱਚ ਖਲੋਤੇ ਪਾਣਈਆਂ ਉੱਤੇ ਹਵਾ ਪਾਰੋਂ ਸੱਪ ਲਹਿਰਦੇ ਜਾਪਣੇ ਨੇ। ਅਚੇਟ ਵਿੱਚ ਬਾਰੀ ਤੋਂ ਤੱਕੇ ਇਹ ਰੰਗ ਕਦੇ ਵੀ ਫਿਕੇ ਨਹੀਂ ਪੈਣੇ। ਮੀਂਹ, ਸ਼ਾਮ ਤੇ ਰਾਤ ਦੇ-ਗਲੀ ਦੀ ਇਕੱਲੀ ਸਟਰੀਟ ਲਾਈਟ, ਚੁਫੇਰੇ ਥੱਲੇ ਚਾਨ੍ਹਣ ਵਿੱਚ ਬਸ ਚੁੱਪ ਈ ਸੰਘਣੀ ਹੋਣੀ ਏ। ਸੱਯਦ ਅਲੀ ਹੈਦਰ ਵਾਸਤੀ ਦੇ ਘਰ ਦੀ ਬੱਤੀ ਕਿੰਨੀ ਈ ਦੇਰ ਬਲਦੀ ਰਹਿੰਦੀ ਏ ਤੇ ਬਸਰਾ ਕਿਆਂ ਦੇ ਘਰੋਂ ਮੱਠੀਆਂ-ਮੱਠੀਆਂ ਗੱਲਾਂ ਕਰਨ ਦੀਆਂ ਵਾਜਾਂ ਆਉਂਦੀਆਂ ਰਹਿਣਾ ਏ। ਰਿਆਜ਼ ਡਾਕੀਏ ਦੇ ਰੇਡੀਓ ਉੱਤੇ ਵਜਦੇ ਪੁਰਾਣੇ ਹਿੰਦੁਸਤਾਨੀ ਗਾਣਿਆਂ ਉੱਤੇ ਕਿੰਨਿਆਂ ਕੰਨ ਲਾਏ ਹੋਏ ਨੇ।
ਮੈਂ ਯਾਰਾਂ ਨਾਲ ਟੀ-ਸਟਾਲ ਉੱਤੇ ਚਾਹ ਸੁਟਰ ਦੇ ਹੋਣਾ ਏ ਤੇ ਤਕੀ ਤੇ ਪ੍ਰੋਫੈਸਰ ਐਵੇਂ ਈ ਕਿਸੇ ਗੱਲ ਉੱਤੇ ਅੜ ਕੇ ਸਾਰਿਆਂ ਨੂੰ ਬੋਰ ਕਰੀ ਜਾਣਾ ਏ ਤੇ ਮੈਨੂੰ ਗੁਲਾਬੋ ਈ ਚੇਤੇ ਆਈ ਜਾਣੀ ਏ। ਮੀਂਹ ਪਵੇ ਨਾ ਪਵੇ, ਅਸਾਂ ਬਾਰੀ ਕੋਲ ਈ ਖਲੋਤੇ ਰਹਿ ਜਾਣਾ ਏ। ਸਵਾਦਲੀ ਗੱਲ ਇਹ ਪਈ ਗੁਲਾਬੋ ਹੇਠਲੀ ਮੰਜ਼ਿਲ ਤੇ ਰਹਿੰਦੀ ਏ ਤੋ ਉਹਦੇ ਘਰ ਅੱਗੇ ਪਾਣੀ ਵੀ ਨਹੀਂ ਖਲੋਂਦਾ। ਤੁਸੀਂ ਆਖ ਸੋ ਮੈਂ ਗੁਲਾਬੋ ਦਾ ਤੇ ਦੱਸਿਆ ਈ ਨਹੀਂ। ਮੈਂ ਹੁਣ ਗੁਲਾਬੋ ਦਾ ਕੀ ਦੱਸਾਂ?
(ਲਿਪੀਆਂਤਰ: ਡਾ. ਸਤਪਾਲ ਕੌਰ)

  • ਮੁੱਖ ਪੰਨਾ : ਕਹਾਣੀਆਂ, ਜ਼ੁਬੈਰ ਅਹਿਮਦ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ