Minni Kahanian : Kamaljit Kaur Kamal

ਮਿੰਨ੍ਹੀ ਕਹਾਣੀਆਂ : ਕਮਲਜੀਤ ਕੌਰ ਕਮਲ

1. ਸੰਵਿਧਾਨ ਦਿਵਸ

ਸਕੂਲ ਦੀ ਸਵੇਰ ਦੀ ਸਭਾ ਵਿੱਚ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਸੀ ।ਵਾਰੋ-ਵਾਰੀ ਬੱਚੇ ਮਾਈਕ ਤੇ ਸੰਵਿਧਾਨ ਦਿਵਸ ਤੇ ਬੋਲੇ।ਇਸ ਤੋਂ ਬਾਅਦ ਮੁੱਖ ਅਧਿਆਪਕਾ ਨੇ ਸੰਵਿਧਾਨ ਦਿਵਸ ਦੇ ਮਹੱਤਵ ਬਾਰੇ ਦੱਸਦਿਆਂ ਆਮ ਆਦਮੀ ਦੇ ਕਨੂੰਨੀ ਹੱਕਾਂ ਕਨੂੰਨ ਦੇ ਵਿਸਥਾਰ ਬਾਰੇ ਦੱਸਦਿਆਂ ਕਿਹਾ ਕਿ ਹਰ ਜਾਤੀ ਤੇ ਨਸਲ ਦੇ ਲੋਕਾਂ ਦੇ ਹੱਕ ਬਰਾਬਰ ਹਨ ।ਹਰ ਬੱਚੇ ਨੂੰ ਪੜ੍ਹਨ ਦਾ ਅਧਿਕਾਰ ਹੈ ਬੱਚਿਆਂ ਨੇ ਭਾਸ਼ਣ ਸੁਣ ਕੇ ਤਾੜੀਆਂ ਵਜਾਈਆਂ ਤੇ ਪਿੱਛੇ ਸਕੂਲ ਦੀ ਬਣ ਰਹੀ ਬਿਲਡਿੰਗ ਵਿੱਚ ਮਜ਼ਦੂਰਾਂ ਨਾਲ ਇੱਟਾਂ ਢੋਹ ਰਹੇ ਉਹਨਾਂ ਦੇ ਬੱਚੇ ਵੀ ਕੰਮ ਛੱਡਕੇ ਸਕੂਲੀ ਬੱਚਿਆਂ ਮਗਰ ਤਾੜੀਆਂ ਮਾਰ ਰਹੇ ਸੀ ।

2. ਜੁਬਾਨ ਦਾ ਰਸ

ਇਕ ਵਾਰੀ ਇਕ ਰਾਹਗੀਰ ਇਕ ਮਾਈ ਦੇ ਘਰ ਰੁਕਿਆ । ਮਾਈ ਨੇ ਦਾਲਾਂ, ਸਬਜੀਆਂ ਤੇ ਖੀਰ ਬਣਾ ਕੇ ਬੜੇ ਚਾਅ ਨਾਲ ਰੋਟੀ ਦੀ ਤਿਆਰੀ ਕੀਤੀ ਤੇ ਜਦੋਂ ਰੋਟੀ ਖਾਣ ਦਾ ਸਮਾਂ ਹੋਇਆ ਤਾਂ ਰਾਹਗੀਰ ਦੀ ਨਿਗਾਹ ਸਾਹਮਣੇ ਖੜੀ ਮੱਝ ਤੇ ਪਈ । ਉਸਨੇ ਦੇਖਿਆ ਕਿ ਘਰ ਦਾ ਦਰਵਾਜਾ ਬੜਾ ਤੰਗ ਹੈ ਤੇ ਮੱਝ ਬਹੁਤ ਤਕੜੀ ਹੈ । ਇਹ ਦੇਖਕੇ ਉਸਨੇ ਕਿਹਾ "ਮਾਈ ਜੇ ਤੇਰੀ ਮੱਝ ਮਰ ਜਾਵੇ ਤਾਂ ਕੀ ਕਰੇਗੀ ,ਤੇਰਾ ਦਰਵਾਜਾ ਤੰਗ ਆ ਤੇ ਮੱਝ ਬਹੁਤੀ ਤਕੜੀ ,ਇਹਨੂੰ ਅਗਲਾ ਬਾਹਰ ਕਿਵੇਂ ਲਜਾਊ ?" ਮਾਈ ਜੋ ਉਹਦੇ ਵਾਸਤੇ ਥਾਲ ਵਿੱਚ ਗਰਮ-ਗਰਮ ਰੋਟੀ ਲੈ ਕੇ ਆ ਰਹੀ ਸੀ, ਉਸਨੂੰ ਇਹ ਗੱਲ ਸੁਣ ਕੇ ਗੁੱਸਾ ਆ ਗਿਆ । ਮਾਈ ਰਾਹਗੀਰ ਨੂੰ ਕਹਿੰਦੀ" ਬਾਬਾ ਹੱਥ ਕਰ !"
ਜਦੋਂ ਬਾਬੇ ਨੇ ਦੋਵੇਂ ਹੱਥ ਅਗਾਹ ਕੀਤੇ ਤਾਂ ਮਾਈ ਨੇ ਗਰਮ-ਗਰਮ ਖੀਰ ਉਸਦੇ ਹੱਥਾਂ ਤੇ ਉਲਟ ਦਿੱਤੀ । ਰਾਹਗੀਰ ਚੀਕਾਂ ਮਾਰਦਾ ਹੋਇਆ ਬਾਹਰ ਵੱਲ ਭੱਜਿਆ !
ਲੋਕਾਂ ਨੇ ਪੁੱਛਿਆ "ਕੀ ਹੋਇਆ ਬਈ ?" ਤਾਂ ਉਸਨੇ ਕਿਹਾ "ਇਹ ਮੇਰੀ ਜੁਬਾਨ ਦਾ ਰਸ ਡੁੱਲ੍ਹਦਾ ਜਾਂਦਾ ।"
ਬਚਪਨ ਵਿੱਚ ਮੇਰੀ ਮਾਂ ਦੁਆਰਾ ਸੁਣਾਈ ਇਹ ਕਹਾਣੀ ਮੈਨੂੰ ਕਦੇ ਨਹੀਂ ਭੁੱਲਦੀ । ਜਿਵੇਂ ਜਿਵੇਂ ਮੈਂ ਵੱਡੀ ਹੋਈ ਮੈਨੂੰ ਸਮਾਜ ਵਿੱਚ ਵਿਚਰਦਿਆਂ ਅਨੇਕਾਂ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ । ਹਰੇਕ ਦਾ ਆਪੋ-ਆਪਣਾ ਅੰਦਾਜ਼ ਹੈ । ਕੋਈ ਕੋਈ ਤਾਂ ਹਰ ਗੱਲ ਤੋਲ ਕੇ ਕਰਦਾ ਹੈ ਪਰ ਕਈ ਲੋਕ ਸਿੱਧੇ ਹੀ ਚਲਦੇ ਹਨ।
ਕਈ ਵਾਰੀ ਬਹੁਤ ਪੜ੍ਹੇ ਲਿਖੇ ਲੋਕ ਭਾਵੇਂ ਉਹ ਕਿੰਨੇ ਵੀ ਉੱਚੇ ਅਹੁਦੇ ਤੇ ਬੈਠੇ ਹੋਣ ਉਨ੍ਹਾਂ ਦੀ ਜੁਬਾਨ ਕਰਕੇ ਹਰ ਸ‍ਹ-‍ ਕਰਮੀ ਉਨਾ ਤੋਂ ਦੂਰ ਭੱਜਦਾ ਹੈ ਉਨ੍ਹਾਂ ਨੂੰ ਹਿਟਲਰ ਕਿਹਾ ਜਾਂਦਾ ਹੈ । ਪਰ ਇਸਤੋਂ ਉਲਟ ਕਈ ਲੋਕ ਭਾਵੇਂ ਆਮ ਜਿਹਾ ਕੰਮ ਕਰਦੇ ਹੋਣ ਪਰ ਉਹ ਸਮਾਜ ਵਿੱਚ ਬਹੁਤ ਹਰਮਨ-ਪਿਆਰੇ ਹੋ ਜਾਂਦੇ ਹਨ । ਇਹ ਸਭ ਸਾਡੀ ਜੁਬਾਨ ਦਾ ਹੀ ਖੇਲ ਹੈ । ਇਹੀ ਜੁਬਾਨ ਸਾਨੂੰ ਅਰਸ਼ ਤੋ ਫਰਸ਼ ਤੇ ਅਤੇ ਫਰਸ਼ ਤੋਂ ਅਰਸ਼ ਤੇ ਪਹੁੰਚਾ ਸਕਦੀ ਹੈ ਕਿਉਂਕਿ ਜੁਬਾਨ 'ਚੋ ਨਿਕਲੀ ਗੱਲ ਤੇ ਕਮਾਨ 'ਚੋ ਨਿਕਲਿਆ ਤੀਰ ਕਦੇ ਵਾਪਿਸ ਨਹੀਂ ਆਉਂਦੇ । ਜੁਬਾਨ ਦੇ ਚਲਾਏ ਤੀਰਾਂ ਦਾ ਖ਼ਾਮਿਆਜ਼ਾ ਸਾਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪੈਂਦਾ ਹੈ । ਚੰਗੀ ਬੋਲੀ ਸਾਡੇ ਤੋਂ ਕੁਝ ਖੋਂਹਦੀ ਨਹੀਂ ਸਗੋਂ ਦੂਜੇ ਦੇ ਮਨ ਤੇ ਛਾਪ ਛੱਡ ਜਾਂਦੀ ਹੈ ।

3. ਬੇਵਸੀ

ਹਰਜੀਤ ਮਾਂ ਪਿਉ ਦੀ ਲਾਡਲੀ ਧੀ ਸੀ।ਉਹ ਸਕੂਲ ਵਿੱਚ ਖੇਡਾਂ ਵਿੱਚ ਹਮੇਸ਼ਾ ਅੱਵਲ ਆਉਂਦੀ।ਅੱਜ ਉਸਦੇ ਪਿਤਾ ਨੇ ਅਗਲੀ ਪੜ੍ਹਾਈ ਲਈ ਬੜੇ ਚਾਅ ਨਾਲ ਉਸਨੂੰ ਹੌਸਟਲ ਛੱਡ ਦਿੱਤਾ ਅਤੇ ਨਵੇਂ ਬੂਟ ਅਤੇ ਕੱਪੜੇ ਵੀ ਖਰੀਦ ਕੇ ਦਿੱਤੇ।ਹਰਜੀਤ ਵੀ ਦੌੜ ਮੁਕਾਬਲਿਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲੱਗੀ।ਇੱਥੋ ਤੱਕ ਕਿ ਕਾਲਜ ਦੀ ਸਭ ਤੋਂ ਤੇਜ਼ ਦੌੜਨ ਵਾਲੀ ਖਿਡਾਰਨ ਪੰਮੀ ਨੂੰ ਵੀ ਪਿੱਛੇ ਛੱਡਣ ਲੱਗ ਪਈ।ਹੁਣ ਉਸਦੇ ਮਨ ਵਿੱਚ ਇੱਕ ਹੀ ਖ਼ਿਆਲ ਰਹਿੰਦਾ ਕਿ ਜ਼ਿਲਾ ਪੱਧਰ ਤੇ ਹੋਣ ਵਾਲੀਆਂ ਖੇਡਾਂ ਵਿੱਚ ਉਹ ਚੁਣੀ ਜਾਵੇ।ਆਖ਼ਰ ਉਹ ਸਮਾਂ ਆ ਗਿਆ।ਅੱਜ ਗਰਾਊਂਡ ਵਿੱਚ ਸਾਰੇ ਮੋਹਰੀ ਖਿਡਾਰੀ ਜ਼ਿਲਾ ਪੱਧਰ ਦੀ ਚੋਣ ਲਈ ਪਹੁੰਚੇ।ਹਰਜੀਤ ਪਹਿਲੇ ਸਥਾਨ ਤੇ ਆਈ।ਪਰ ਉਦੋਂ ਹੀ ਇੱਕ ਵੀ ਆਈ ਪੀ ਗੱਡੀ ਵਿੱਚੋਂ ਕੋਈ ਬੰਦਾ ਕੋਚ ਸਾਹਿਬ ਨੂੰ ਮਿਲਣ ਆਇਆ।ਕੋਚ ਸਾਹਿਬ ਨੇ ਬੇਵਸੀ ਭਰੀਆਂ ਨਜ਼ਰਾਂ ਨਾਲ ਹਰਜੀਤ ਵੱਲ ਤੱਕਿਆ।ਦੂਸਰੇ ਦਿਨ ਨੋਟਿਸ ਬੋਰਡ ਤੇ ਆਪਣੀ ਥਾਂ ਪੰਮੀ ਦਾ ਨਾਂ ਵੇਖ ਕੇ ਹਰਜੀਤ ਨੂੰ ਕੋਚ ਸਾਹਿਬ ਦੀਆਂ ਬੇਵਸੀ ਭਰੀਆਂ ਅੱਖਾਂ ਯਾਦ ਆ ਗਈਆਂ ਤੇ ਹਰਜੀਤ ਦੇ ਜੋਸ਼ ਨੇ ਸਦਾ ਲਈ ਅੱਖਾਂ ਮੀਚ ਲਈਆਂ।

4. ਪਰੇਸ਼ਾਨੀਆਂ

ਮੀਤ ਬੜਾ ਪਰੇਸ਼ਾਨ ਹੋ ਕੇ ਘਰੋਂ ਨਿਕਲਿਆ ਪੋਲੇ-ਪੋਲੇ ਪੈਰ ਪੁੱਟਦਾ ਸੜਕ ਤੇ ਤੁਰਿਆ ਜਾਂਦਾ, ਬੜਾ ਥੱਕਿਆ-ਥੱਕਿਆ , ਮੱਥੇ ਤੇ ਵੱਟ, ਘਰ ਦੀਆਂ ਜਿੰਮੇਵਾਰੀਆਂ ਤੋਂ ਪਰੇਸ਼ਾਨ ਅੱਗੇ ਵਧਦਾ ਤੁਰਿਆ ਗਿਆ । ਅੱਗੇ ਜਾ ਕੇ ਬੱਸ ਲਈ । ਬੱਸ ਵਿੱਚ ਬੈਠਾ ਜਿੰਦਗੀ ਨੂੰ ਕੋਸਦਾ ਸੋਚਣ ਲੱਗਾ ,ਜਿਦੰਗੀ ਕੀ ਹੈ? ਪ੍ਰੇਸ਼ਾਨੀਆਂ ਦੀ ਪੰਡ ,ਮਨ ਕਰੇ ਨਾ ਕਰੇ ਬਸ ਢੋਈ ਜਾਉ । ਇਨ੍ਹਾਂ ਪਰੇਸ਼ਾਨੀਆਂ ਤੋਂ ਹੁਣ ਤਾਂ ਮਰ ਕੇ ਹੀ ਪਿੱਛਾ ਛੁੱਟੂ । ਏਨੇ ਚਿਰ ਨੂੰ ਇਕ ਅੰਨਾ ਆਦਮੀ ਕਾਲੀਆਂ ਐਨਕਾਂ ਲਾਈ ਲਾਗਲੀ ਸੀਟ ਤੇ ਆ ਬੈਠਾ । ਮੀਤ ਨੇ ਉਸ ਅੰਨ੍ਹੇ ਆਦਮੀ ਨੂੰ ਪੁੱਛਿਆ ਕਿ ਉਹ ਕਿੱਥੇ ਜਾ ਰਿਹਾ ਹੈ। ਉਸ ਆਦਮੀ ਨੇ ਕਿਹਾ ਕਿ ਉਹ ਇਕ ਸਕੂਲ ਵਿੱਚ ਸੰਗੀਤ ਦੇ ਅਧਿਆਪਕ ਦੀ ਇੰਟਰਵਿਊ ਲਈ ਜਾ ਰਿਹਾ ਹੈ, ਸ਼ਾਇਦ ਉੱਥੇ ਮੇਰੀ ਨੌਕਰੀ ਲੱਗ ਜਾਵੇ । ਐਨਾ ਸੁਣਦਿਆ ਹੀ ਮੀਤ ਦੀਆਂ ਸਾਰੀਆਂ ਪਰੇਸ਼ਾਨੀਆਂ ਪਤਾ ਨਹੀਂ ਕਿੱਥੇ ਉੱਡ ਗਈਆ ।

5. ਅਤੀਤ

ਸੁਨੀਤਾ ਮਾਂ ਬਾਪ ਦੀ ਬਹੁਤ ਸਿਆਣੀ ਧੀ ਸੀ।ਘਰੋਂ ਰੋਜ਼ ਕਾਲਜ ਜਾਂਦੀ ਤੇ ਸਮੇਂ 'ਤੇ ਵਾਪਸ ਆਉਂਦੀ।ਪਰ ਆਪਣੇ ਨਾਲ ਪੜ੍ਹਦੀਆਂ ਅਮੀਰ ਘਰਾਂ ਦੀਆਂ ਕੁੜੀਆਂ ਨੂੰ ਦੇਖ ਹਉਂਕੇ ਭਰਦੀ।ਇੱਕ ਦਿਨ ਇੱਕ ਕੁੜੀ ਉਸਨੂੰ ਆਪਣੇ ਨਾਲ ਬਾਹਰ ਘੁੰਮਣ ਲੈ ਗਈ।ਉਹ ਘੁੰਮਣ ਨਹੀਂ ਬਲਕਿ ਸੁਨੀਤਾ ਨੂੰ ਅਜਿਹੀ ਦਲਦਲ ਵਿੱਚ ਫਸਾਉਣ ਲੈ ਗਈ ਕਿ ਨਾ ਚਾਹੁੰਦੇ ਹੋਏ ਵੀ ਪੈਸੇ ਦੇ ਲਾਲਚ ਕਾਰਨ ਸੁਨੀਤਾ ਸਮਾਜ ਅਤੇ ਮਾਂ-ਬਾਪ ਦੇ ਵਿਸ਼ਵਾਸ ਅਤੇ ਡਰ ਨੂੰ ਭੁਲਾਕੇ ਮੰਨ ਗਈ ਅਤੇ ਪੈਸੇ ਦੇ ਨਸ਼ੇ ਵਿੱਚ ਪੂਰੀ ਤਰਾਂ ਡੁੱਬ ਗਈ।ਸੁਨੀਤਾ ਨੇ ਹੁਣ ਕਦੇ ਵੀ ਪਿੱਛੇ ਮੁੜ ਕੇ ਨਾ ਦੇਖਿਆ ,ਉਸਨੂੰ ਤਾਂ ਪੈਸਾ ਹੀ ਸਭ ਕੁਝ ਲੱਗਦਾ ਕਿਉਂਕਿ ਉਹ ਵੀ ਹੁਣ ਅਮੀਰ ਕੁੜੀਆਂ ਵਿੱਚ ਸ਼ਾਮਲ ਹੋ ਗਈ ਸੀ।ਮਾਂ-ਬਾਪ ਨੂੰ ਕਹਿ ਦਿੱਤਾ ਕਿ ਇੱਕ ਬਹੁਤ ਵਧੀਆ ਪਾਰਟ ਟਾਈਮ ਜਾਬ ਮਿਲ ਗਈ ਹੈ ।ਉਹਨਾਂ ਨੇ ਵੀ ਇਤਰਾਜ਼ ਨਾ ਜਤਾਇਆ।ਹੁਣ ਸੁਨੀਤਾ ਕੋਲ ਕਾਰ,ਬੰਗਲਾ ਤੇ ਅਮੀਰਾਂ ਵਾਲੀ ਹਰ ਸ਼ੈ ਆ ਗਈ।ਹੁਣ ਮਾਪਿਆਂ ਨੇ ਸੁਨੀਤਾ ਲਈ ਲੜਕਾ ਪਸੰਦ ਕੀਤਾ।ਉਦੋਂ ਹੀ ਬੜੀ ਧੂਮ-ਧਾਮ ਨਾਲ ਵਿਆਹ ਵੀ ਕਰ ਦਿੱਤਾ ਗਿਆ।ਵਿਆਹ ਮਗਰੋਂ ਸੁਨੀਤਾ ਨੇ ਸੋਚਿਆ ਕਿ ਹੁਣ ਉਹ ਕੋਈ ਵੀ ਅਜਿਹਾ ਕੰਮ ਨਹੀਂ ਕਰੇਗੀ ਕਿ ਪਰਿਵਾਰ ਦੀ ਬਦਨਾਮੀ ਹੋਵੇ।ਉਸਦੇ ਘਰ ਪੁੱਤਰ ਨੇ ਜਨਮ ਲਿਆ।ਸਭ ਪਾਸੇ ਖ਼ੁਸ਼ੀ ਹੀ ਖ਼ੁਸ਼ੀ ਸੀ।ਪੁੱਤਰ ਨੂੰ ਵਧੀਆ ਸਕੂਲ ਵਿੱਚ ਪਾਇਆ ਗਿਆ ਅਤੇ ਫਿਰ ਕਾਲਜ ਜਾਣ ਲੱਗਾ।ਇੱਕ ਦਿਨ ਬੜੀ ਜ਼ੋਰ-ਜ਼ੋਰ ਨਾਲ ਦਰਵਾਜ਼ਾ ਖੜਕਿਆ ਸੁਨੀਤਾ ਨੇ ਭੱਜਕੇ ਦਰਵਾਜ਼ਾ ਖੋਲ੍ਹਿਆ ਤਾਂ ਅੱਗੇ ਉਸਦਾ ਪੁੱਤਰ ਲੋਹਾ-ਲਾਖਾ ਹੋਇਆ ਖੜਾ ਸੀ।ਸੁਨੀਤਾ ਨੇ ਉਸਨੂੰ ਪੁੱਛਿਆ ਕੀ ਗੱਲ ਹੈ?ਸ਼ਾਂਤ ਹੋਣ ਲਈ ਕਿਹਾ।ਪਰ ਉਸਦੇ ਪੁੱਤਰ ਨੇ ਉਸਦੀ ਇੱਕ ਨਾ ਸੁਣੀ ਅਤੇ ਘਰ ਵਿੱਚ ਮੌਜੂਦ ਪਰਿਵਾਰਕ ਮੈਂਬਰਾਂ ਤੇ ਆਪਣੇ ਪਿਉ ਦੀ ਪਰਵਾਹ ਕੀਤੇ ਬਿਨਾ ਸੁਨੀਤਾ ਨੂੰ ਗਾਲਾਂ ਕੱਢਣੀਆ ਸ਼ੁਰੂ ਕਰ ਦਿੱਤੀਆਂ।ਉਸਦੇ ਬੋਲ ਸਨ,"ਮੈਨੂੰ ਪਤੈ ਤੇਰਾ ਅਤੀਤ ਕੀ ਐ!ਤੂੰ ਇੱਕ ਬੁਰੀ ਔਰਤ ਹੈਂ।ਮੇਰੇ ਦੋਸਤ ਕਹਿੰਦੇ ਨੇ ਮੇਰੀ ਮਾਂ ਤਵਾਇਫ਼ ਸੀ, ਜੋ ਕਿ ਹੁਣ ਸਤੀ ਸਵਿੱਤਰੀ ਬਣੀ ਫਿਰਦੀ ਹੈ ।ਅੱਜ ਤੋਂ ਬਾਅਦ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ, ਮੈਂ ਹੁਣੇ ਇਹ ਘਰ ਛੱਡ ਕੇ ਜਾ ਰਿਹਾ ਹਾਂ।"
ਇੰਝ ਸੁਨੀਤਾ ਤਾਂ ਬਦਲ ਗਈ , ਪਰ ਅਤੀਤ ਕਦੇ ਵੀ ਪਿੱਛਾ ਨਹੀਂ ਛੱਡਦਾ।

  • ਮੁੱਖ ਪੰਨਾ : ਪੰਜਾਬੀ ਕਹਾਣੀਆਂ