Murde Di Taaqat (Punjabi Story) : Kulwant Singh Virk

ਮੁਰਦੇ ਦੀ ਤਾਕਤ (ਕਹਾਣੀ) : ਕੁਲਵੰਤ ਸਿੰਘ ਵਿਰਕ

ਸਜਰੇ ਬਣੇ ਪਾਕਿਸਤਾਨ ਵਿਚ ਗੋਗੀਰਾ ਬ੍ਰਾਂਚ ਨਹਿਰ ਦੇ ਕੰਢੇ ਇਕ ਬੰਗਲੇ ਵਿਚ ਮੇਰਾ ਬਸੇਰਾ ਸੀ। ਇਥੋਂ ਥੋੜੀ ਦੂਰ ਸੱਚੇ ਸੌਦੇ ਦਾ ਰੀਫ਼ੀਊਜੀ ਕੈਂਪ ਸੀ। ਇਹ ਕੈਂਪ ਮੇਰੇ ਕਿਆਸ ਵਿਚ ਪੱਛਮੀ ਪੰਜਾਬ ਦਾ ਸਭ ਤੋਂ ਵਡਾ ਰੀਫ਼ੀਊਜੀ ਕੈਂਪ ਸੀ। ਦੋ ਤਿੰਨ ਮੀਲਾਂ ਦੇ ਘੇਰੇ ਵਿਚ ਕੋਈ ਦੋ ਲੱਖ ਜੀਅ ਡੱਕੇ ਹੋਏ ਸਨ। ਇਹਨਾਂ ਦੀ ਹਿਫ਼ਾਜ਼ਤ ਲਈ ਗੜ੍ਹਵਾਲੀਆਂ ਦੀਆਂ ਦੋ ਪਲਟੂਨਾਂ ਬੰਗਲੇ ਦੇ ਬਾਹਰਲੇ ਪਲਾਟਾਂ ਵਿਚ ਤੰਬੂ ਲਾ ਕੇ ਰਹਿੰਦੀਆਂ ਸਨ। ਪਾਕਿਸਤਾਨ ਸਰਕਾਰ ਨੇ ਵੀ ਪਾਕਿਸਤਾਨ ਆਰਮਡ ਪੋਲੀਸ ਦੇ ਕੋਈ ਪੰਜਾਹ ਆਦਮੀ ਇਸ ਬੰਗਲੇ ਦੇ ਨੇੜੇ ਬਿਠਾਏ ਹੋਏ ਸਨ। ਇਹਨਾਂ ਦਾ ਕੰਮ ਵੀ ਰੀਫ਼ੀਊਜੀ ਕੈਂਪ ਦੀ ਰਾਖੀ ਦਸਿਆ ਜਾਂਦਾ ਸੀ। ਅਸਲ ਵਿਚ ਉਹ ਕੈਂਪ ਵਾਲਿਆਂ ਦੀ ਰਾਖੀ ਨਹੀਂ ਕਰਦੇ ਸਨ ਸਗੋਂ ਕੈਂਪ ਵਾਲਿਆਂ ਤੋਂ ਬਾਹਰਲੇ ਪਿੰਡਾਂ ਦੀ ਰਾਖੀ ਕਰਦੇ ਸਨ। ਸਰਕਾਰ ਨੂੰ ਇਹ ਸ਼ਕਾਇਤ ਸੀ ਕਿ ਰਾਤ ਵੇਲੇ ਕੈਂਪ ਵਿਚੋਂ ਸਿੱਖ ਬੰਦੂਕਾਂ ਲੈ ਕੇ ਤੇ ਘੋੜਿਆਂ ਤੇ ਚੜ੍ਹ ਕੇ ਦੂਰ ਦੂਰ ਦੇ ਪਿੰਡਾਂ ਵਿਚ ਜਾ ਕੇ ਬਲਵੇ ਫ਼ਸਾਦ ਕਰਦੇ ਹਨ। ਪਾਕਿਸਤਾਨ ਪੁਲਿਸ ਦੇ ਇਹ ਸਿਪਾਹੀ ਜਿਹੜੇ ਸਾਰੇ ਦੇ ਸਾਰੇ ਫ਼ੌਜ ਵਿਚੋਂ ਸਜਰੇ ਕੱਢੇ ਹੋਏ ਛਾਛੀ ਸਨ, ਕੈਂਪ ਦੇ ਦਵਾਲੇ ਚੱਕਰ ਲਾਂਦੇ ਰਹਿੰਦੇ ਤੇ ਜਿਹੜਾ ਬੰਦਾ ਕੈਂਪ ਤੋਂ ਬਾਹਰ ਭੌਂਦਾ ਮਿਲ ਜਾਂਦਾ ਉਸ ਨੂੰ ਗੋਲੀ ਮਾਰ ਕੇ ਮਾਰ ਦਿੰਦੇ। ਗੜ੍ਹਵਾਲੀਆਂ ਨੂੰ ਇਸ ਗੱਲ ਦਾ ਪਤਾ ਸੀ ਪਰ ਉਹ ਬੇਬੱਸ ਸਨ। ਉਸ ਵੇਲੇ ਜੋ ਥੋੜਾ ਬਹੁਤ ਕਾਨੂੰਨ ਹੈ ਸੀ ਉਸ ਦੇ ਮੁਤਾਬਿਕ ਕੈਂਪ ਵਿਚ ਰਹਿੰਦੇ ਕਿਸੇ ਆਦਮੀ ਲਈ ਕੈਂਪ ਤੋਂ ਬਾਹਰ ਭੌਣਾ ਜੁਰਮ ਸੀ, ਭਾਵੇਂ ਕੈਂਪ ਦੇ ਨਾਲ ਲਗਦੀ ਪੈਲੀ ਉਸ ਦੀ ਆਪਣੀ ਮਾਲਕੀ ਹੀ ਕਿਉਂ ਨਾ ਹੋਵੇ। ਪੁਲਸ ਦੀ ਬੋਲੀ ਵਿਚ ਛਾਛੀ ਉਸ ਬਾਰੇ ਇਹ ਕਹਿੰਦੇ ਕਿ ਉਹ ਕਿਧਰੇ ‘‘ਵਾਰਦਾਤ’’ ਕਰਨ ਚਲਿਆ ਸੀ। ਦੋਹਾਂ ਧਿਰਾਂ ਨੂੰ ਇਹ ਤੇ ਪਤਾ ਸੀ ਕਿ ‘‘ਵਾਰਦਾਤ’’ ਕਰਨ ਜਾਣ ਵਾਲੇ ਨੂੰ ਮੌਤ ਦੀ ਸਜ਼ਾ ਨਹੀਂ ਦਿਤੀ ਜਾ ਸਕਦੀ ਪਰ ਛਾਛੀ ਸੱਜਰੀ ਲੋਥ ਕਦੀ ਲੱਭਣ ਹੀ ਨਾ ਦਿੰਦੇ ਤੇ ਨਾ ਕਦੀ ਇਹ ਮੰਨਦੇ ਕਿ ਉਹਨਾਂ ਕਿਸੇ ਨੂੰ ਗੋਲੀ ਮਾਰੀ ਹੈ।

ਹੌਲੀ ਹੌਲੀ ਕੈਂਪ ਦੇ ਲੋਕੀਂ ਪੈਦਲ ਕਾਫ਼ਲਿਆਂ ਵਿਚ, ਮੋਟਰਾਂ ਵਿਚ ਤੇ ਗੱਡੀਆਂ ਵਿਚ ਉਥੋਂ ਨਿਕਲਦੇ ਗਏ ਤੇ ਕੈਂਪ ਸੌੜਾ ਹੁੰਦਾ ਗਿਆ। ਪਰ ਛਾਛੀਆਂ ਦੇ ਡਰ ਨੇ ਇਸ ਨੂੰ ਹੋਰ ਵੀ ਸੌੜਾ ਕਰ ਦਿਤਾ ਸੀ। ਕੋਈ ਆਦਮੀ ਆਪਣੀ ਟੱਪਰੀ ਤੋਂ ਬਹੁਤ ਦੂਰ ਟੱਟੀ ਫਿਰਨ ਨਾ ਜਾਂਦਾ, ਕੋਈ ਕੋਲ ਵੱਗਦੇ ਸੂਏ ਤੇ ਹੱਥ ਧੋਣ ਵੀ ਨਾ ਜਾਂਦਾ। ਕਹਿੰਦੇ ਛਾਛੀ ਗੋਲੀ ਮਾਰ ਦੇਣਗੇ। ਉਨ੍ਹਾਂ ਵਿਚੋਂ ਕਿਸੇ ਨੇ ਕਿਸੇ ਛਾਛੀ ਨੂੰ ਉਸ ਦੇ ਨੇੜੇ ਖਲੋ ਕੇ ਨਹੀਂ ਵੇਖਿਆ ਸੀ। ਨੀਮ ਸਲੇਟੀ ਵਰਦੀਆਂ ਪਾ ਕੇ ਤੇ ਹੱਥ ਵਿਚ ਬੰਦੂਕ ਫੜੀ ਭੌਂਦਿਆਂ ਨੂੰ ਉਹ ਦੂਰੋਂ ਵੇਖ ਕੇ ਉਨ੍ਹਾਂ ਵਲ ਉਂਗਲਾਂ ਕਰਦੇ, ਪਰ ਕਦੀ ਕਿਸੇ ਨੂੰ ਉਨਾਂ ਦੇ ਕੋਲ ਹੋਣ ਜਾਂ ਉਨ੍ਹਾਂ ਨਾਲ ਗੱਲ ਕਰਨ ਦਾ ਹੌਂਸਲਾ ਨਹੀਂ ਪਿਆ ਸੀ। ਗੜ੍ਹਵਾਲੀ ਇਹ ਜਾਣਦੇ ਸਨ ਕਿ ਕੈਂਪ ਦੇ ਲੋਕ ਛਾਛੀਆਂ ਤੋਂ ਬਹੁਤ ਡਰਦੇ ਹਨ। ਜਦ ਉਹ ਕੈਂਪ ਦੇ ਅੰਦਰ ਡਿਊਟੀ ਦਿੰਦੇ ਤਾਂ ਲੋਕੀ ਉਨ੍ਹਾਂ ਤੋਂ ਛਾਛੀਆਂ ਬਾਰੇ ਗੱਲਾਂ ਪੁੱਛਦੇ, ਉਹ ਸਾਰੇ ਕਿੰਨੇ ਨੇ? ਤੁਸੀਂ ਕਿੰਨੇ ਹੋ? ਉਨ੍ਹਾਂ ਕੋਲ ਕੀ ਹਥਿਆਰ ਨੇ? ਤੁਹਾਡੇ ਕੋਲ ਕੀ ਨੇ? ਗੜ੍ਹਵਾਲੀ ਇਸ ਗੱਲ ਤੋਂ ਬੜਾ ਚਿੜ੍ਹਦੇ ਕਿ ਕੈਂਪ ਦੇ ਲੋਕੀਂ ਛਾਛੀਆਂ ਨੂੰ ਉਨ੍ਹਾਂ ਦੇ ਮੁਕਾਬਲੇ ਦਾ ਸਮਝਦੇ ਹਨ, ਇਸ ਵਿਚ ਉਹ ਆਪਣੀ ਬੜੀ ਹੇਠੀ ਸਮਝਦੇ ਤੇ ਛਾਛੀਆਂ ਦੀ ਵਡਿਆਈ।

ਫਿਰ ਦੂਸਰਾ ਦੌਰ ਆਇਆ। ਕੈਂਪ ਵਿਚ ਰਹਿੰਦਿਆਂ ਰਹਿੰਦਿਆਂ ਲੋਕਾਂ ਦੇ ਹੌਂਸਲੇ ਹੌਲੀ ਹੌਲੀ ਟੁੱਟ ਗਏ ਸਨ। ਕਾਨੂੰਨ ਦਾ ਮਾਣ ਵੀ ਹੁਣ ਆਪਣੇ ਅਸਲੀ ਪੱਧਰ ਵੱਲ ਆ ਰਿਹਾ ਸੀ। ਜ਼ਿਲੇ ਦੇ ਪੁਲਸ ਅਫ਼ਸਰਾਂ ਨੂੰ ਚੂੰਕਿ ਹੁਣ ਕੈਂਪ ਤੋਂ ਕੋਈ ਖ਼ਤਰਾ ਨਹੀਂ ਰਿਹਾ ਸੀ ਇਸ ਲਈ ਉਨ੍ਹਾਂ ਨੇ ਛਾਛੀਆਂ ਨੂੰ ਸਖ਼ਤੀ ਕਰਨ ਤੋਂ ਹਟਕ ਦਿਤਾ। ਗੜ੍ਹਵਾਲੀਆਂ ਨੂੰ ਜਦ ਇਸ ਗੱਲ ਦਾ ਪਤਾ ਲਗਾ ਤਾਂ ਉਨ੍ਹਾਂ ਦੇ ਸਿਰ ਵਿਚੋਂ ਸਮਝੋ ਜੂੰ ਮਰ ਗਈ। ਕੈਂਪ ਤੇ ਛਾਛੀਆਂ ਦਾ ਰੁਹਬ ਹੁਣ ਪਿੰਡ ਦੇ ਚੌਂਕੀਦਾਰ ਤੋਂ ਵਧ ਨਹੀਂ ਰਿਹਾ ਸੀ। ਉਹ ਐਵੇਂ ਫੋਕੇ ਹੀ ਬੰਦੂਕਾਂ ਲੈ ਕੇ ਭੌਂਦੇ ਰਹਿੰਦੇ, ਗੜ੍ਹਵਾਲੀਆਂ ਨੇ ਕੈਂਪ ਦੀਆਂ ਪੁਰਾਣੀਆਂ ਹੱਦਾਂ ਤੇ ਝੰਡੀਆਂ ਲਾ ਦਿਤੀਆਂ ਤੇ ਲੋਕੀਂ ਖੁਲ੍ਹਾ ਉਥੋਂ ਤੱਕ ਭੌਂਦੇ ਰਹਿੰਦੇ, ਝੰਡੀਆਂ ਸਾਹਮਣੇ ਹੋਣ ਕਰ ਕੇ ਛਾਛੀ ਕਿਸੇ ਨੂੰ ਐਵੇਂ ਹੀ ਫੜ ਕੇ ਹੁਣ ਇਹ ਨਹੀਂ ਆਖ ਸਕਦੇ ਸਨ ਕਿ ਉਹ ਕੈਂਪ ਦੀ ਹੱਦ ਤੋਂ ਬਾਹਰ ਵਾਰਦਾਤ ਕਰਨ ਚਲਿਆ ਸੀ। ਝੰਡੀਆਂ ਦੇ ਕੋਲ ਖਲੋ ਕੇ ਲੋਕੀਂ ਛਾਛੀਆਂ ਨੂੰ ਇਧਰ ਉਧਰ ਪਹਿਰੇਦਾਰਾਂ ਵਾਂਗ ਭੌਂਦਾ ਵੇਖਦੇ ਰਹਿੰਦੇ। ਉਨ੍ਹਾਂ ਦੀ ਹੁਣ ਸਾਰੀ ਫੂਕ ਨਿਕਲ ਚੁਕੀ ਸੀ।
ਵਾਪਸ ਬਾਰਕਾਂ ਵਿਚ ਤੇ ਛਾਛੀਆਂ ਦਾ ਅਸਲੋਂ ਕੋਈ ਰੁਹਬ ਨਹੀਂ ਸੀ। ਉਨ੍ਹਾਂ ਦੀਆਂ ਬੰਦੂਕਾਂ ਫ਼ੌਜ ਦੇ ਰੱਦ ਕੀਤੇ ਨਿਕੰਮੇ ਮਾਡਲ ਦੀਆਂ ਹਨ। ਗੜ੍ਹਵਾਲੀਆਂ ਨੂੰ ਚੂੰਕਿ ਇਨ੍ਹਾਂ ਬੰਦੂਕਾਂ ਦੀ ਅਸਲੀਅਤ ਦਾ ਪਤਾ ਸੀ ਇਸ ਲਈ ਉਨ੍ਹਾਂ ਸਾਹਮਣੇ ਛਾਛੀਆਂ ਨੂੰ ਇਹ ਚੁਕਦਿਆਂ ਬੜੀ ਸ਼ਰਮ ਆਉਂਦੀ। ਰਾਈਫ਼ਲ ਸਫ਼ਾਈ ਵਾਲੇ ਦਿਨ ਗੜ੍ਹਵਾਲੀ ਆਪਣੀਆਂ ਵਧੀਆ ਨਵੀਆਂ ਬੰਦੂਕਾਂ ਵਿਚੋਂ ਫ਼ਖ਼ਰ ਨਾਲ ਪੁਲ-ਥਰੂ ਖਿਚਦੇ, ਫਿਰ ਉਨ੍ਹਾਂ ਨੂੰ ਕਾਕ ਕਰ ਕੇ ਘੋੜੇ ਦਬਾਂਦੇ ਤੇ ਫਿਰ ਇਕ ਨਖ਼ਰੇ ਜਿਹੇ ਨਾਲ ਸੇਫ਼ਟੀ ਕੈਚ ਲਾਂਦੇ ਤਾਂ ਦੂਰੋਂ ਵੇਖ ਰਹੇ ਛਾਛੀਆਂ ਦੇ ਮੂੰਹ ਵਿਚ ਪਾਣੀ ਭਰ ਆਉਂਦਾ। ਫਿਰ ਗੜ੍ਹਵਾਲੀਏ ਆਪਣੀਆਂ ਲਾਈਟ ਮਸ਼ੀਨਗੰਨਾਂ ਤੇ ਮਾਰਟਰਾਂ ਸਾਫ਼ ਕਰਦੇ ਤੇ ਕਦੀ ਹੈਂਡ ਗ੍ਰੀਨੇਡਾਂ ਨੂੰ ਖੋਲ੍ਹ ਕੇ ਉਹਨਾਂ ਦੇ ਸਪਰਿੰਗ ਟੈਸਟ ਕਰਦੇ। ਉਨ੍ਹਾਂ ਦਾ ਸਿਗਨੈਲਰ ਹਰ ਵੇਲੇ ਆਪਣੇ ਸੈਟ ਤੇ ਬੈਠਾ ਲਾਹੌਰ ਅੰਮ੍ਰਿਤਸਰ ਵਿਚ ਆਪਣੇ ਬਟੈਲੀਅਨ ਦੀਆਂ ਹੋਰ ਕੰਪਨੀਆਂ ਨਾਲ ਗੱਲਾਂ ਕਰਦਾ ਰਹਿੰਦਾ। ਇਸ ਸਭ ਕੁਝ ਦੇ ਸਾਹਮਣੇ ਛਾਛੀ ਇਸ ਤਰ੍ਹਾਂ ਮਹਿਸੂਸ ਕਰਦੇ ਜਿਵੇਂ ਕੋਈ ਗ਼ਰੀਬ ਮੁੰਡਾ ਆਪਣੇ ਅਮੀਰ ਗਵਾਂਢੀ ਮੁੰਡੇ ਦੇ ਨਵਾਂ ਸਾਈਕਲ ਲੈਣ ਤੇ ਕਰਦਾ ਹੈ। ਦੋਹਾਂ ਧਿਰਾਂ ਦੀ ਆਪੋ ਵਿਚ ਕਦੇ ਕੋਈ ਝੜਪ ਨਹੀਂ ਹੋਈ ਸੀ, ਕਦੀ ਤਾਹਨੇ ਮਿਹਣਿਆਂ ਤੱਕ ਵੀ ਨਹੀਂ ਅਪੜੇ ਸਨ, ਆਪੋ ਵਿਚ ਸਦਾ ਹੱਸ ਹੱਸ ਕੇ ਗੱਲਾਂ ਕਰਦੇ ਪਰ ਦਿਲਾਂ ਵਿਚ ਦੋਵੇਂ ਧਿਰਾਂ ਆਪਣੇ ਆਪ ਨੂੰ ਇਕ ਦੂਸਰੇ ਨਾਲ ਮੇਚਦੇ ਰਹਿੰਦੇ। ਇਸ ਮੁਕਾਬਲੇ ਵਿਚ ਛਾਛੀ ਦਿਨੋਂ ਦਿਨ ਹੌਲੇ ਹੁੰਦੇ ਜਾ ਰਹੇ ਸਨ ਤੇ ਇਸ ਤਰ੍ਹਾਂ ਲਗਦਾ ਸੀ ਕਿਸੇ ਦਿਨ ਉਹ ਆਪਣੇ ਆਪ ਨੂੰ ਆਪਣੇ ਦੇਸ ਵਿਚ ਹੀ ਗੜ੍ਹਵਾਲੀਆਂ ਦੇ ਮੁਕਾਬਲੇ ਦਾ ਹੀ ਨਾ ਸਮਝਣਗੇ।

ਨਹਿਰ ਗੋਗੀਰਾ ਬ੍ਰਾਂਚ ਐਵੇਂ ਨਾਂ ਦੀ ਹੀ ਬ੍ਰਾਂਚ ਸੀ। ਅਸਲ ਵਿਚ ਉਹ ਇਕ ਬੜੀ ਵੱਡੀ ਨਹਿਰ ਸੀ। ਜਦੋਂ ਇਸ ਦੇ ਗੱਡੀ ਵਾਲੇ ਪੁਲ ਤੋਂ ਗੇਲੀਆਂ ਤੇ ਪੈਰ ਧਰ ਧਰ ਕੇ ਲੰਘਣਾ ਪੈਂਦਾ ਤਾਂ ਇਸ ਦੀ ਸ਼ੂਕਰ ਸੁਣ ਕੇ ਕਈਆਂ ਦੇ ਦਿਲ ਸਹਿਮ ਜਾਦੇ ਤੇ ਉਹ ਅਗਾਂਹ ਪੈਰ ਨਾ ਪੁੱਟ ਸਕਦੇ। ਕਿਹਾ ਜਾਂਦਾ ਸੀ ਕਿ ਇਸ ਵਿਚ ਡਿੱਗੇ ਟਾਂਗਿਆਂ ਦਾ ਨਾਂ ਨਿਸ਼ਾਨ ਲੱਭਣਾ ਔਖਾ ਸੀ। ਫ਼ਸਾਦਾਂ ਦੇ ਦਿਨਾਂ ਵਿਚ ਹੋਰ ਨਹਿਰਾਂ ਵਾਂਗ ਇਸ ਵਿਚ ਵੀ ਬੜੇ ਮੁਰਦੇ ਰੁੜ੍ਹਦੇ ਆਏ ਸਨ। ਫਿਰ ਇਹ ਕੁਝ ਚਿਰ ਬੰਦ ਰਹੀ। ਬੰਦੀ ਖ਼ਤਮ ਹੋਣ ਪਿਛੋਂ ਜਦੋਂ ਇਹ ਨਵੇਂ ਸਿਰੇ ਚੱਲੀ ਤਾਂ ਮੁਰਦਿਆਂ ਜਾਂ ਲਹੂ ਦਾ ਕੋਈ ਨਿਸ਼ਾਨ ਨਹੀਂ। ਪਾਣੀ ਅਸਲੋਂ ਸਾਫ਼ ਤੇ ਨਿਤਰਿਆ ਹੋਇਆ ਆਉਂਦਾ ਸੀ। ਜਿਹੜੇ ਸਿਪਾਹੀ ਤਰਨਾ ਜਾਣਦੇ ਸਨ ਉਹ ਇਸ ਵਿਚ ਚੋਖਾ ਚੋਖਾ ਚਿਰ ਨਹਾਉਂਦੇ ਰਹਿੰਦੇ।

ਇਕ ਦਿਨ ਦੁਪਹਿਰ ਵੇਲੇ ਇਸ ਵਿਚ ਇਕ ਲੋਥ ਤਰਦੀ ਆਈ। ਇਹ ਲੋਥ ਕਈਆਂ ਹਫ਼ਤਿਆਂ ਪਿਛੋਂ ਆਈ ਸੀ ਇਸ ਲਈ ਬੰਗਲੇ ਦੇ ਦੁਆਲੇ ਵੱਸਦੇ ਲੋਕਾਂ ਵਿਚ ਇਸ ਦਾ ਬੜਾ ਚਰਚਾ ਹੋਇਆ। ਜਿਸ ਨੇ ਸੁਣਿਆ ਉਸ ਨੇ ਅਗਲੇ ਨੂੰ ਦੱਸਿਆ ਪਰ ਬਹੁਤ ਹੈਰਾਨੀ ਕਿਸੇ ਨੂੰ ਨਾ ਹੋਈ। ਆਖ਼ਰ ਲੋਥਾਂ ਪਿਛਲੇ ਦਿਨੀਂ ਪਾਣੀ ਵਿਚ ਰੁੜ੍ਹਦੀਆਂ ਹੀ ਰਹੀਆਂ ਸਨ। ਇਕ ਦੋ ਦਿਨ ਹੋਰ ਲੰਘੇ ਤੇ ਫਿਰ ਇਕ ਦਿਨ ਸਵੇਰੇ ਤਿੰਨ ਲੋਥਾਂ ਥੋੜੀ ਥੋੜੀ ਵਿਥ ਤੇ ਤਰਦੀਆਂ ਲੰਘੀਆਂ। ਉਸ ਦਿਨ ਅਸੀਂ ਨਹਿਰ ਦੀ ਪਟੜੀਓ ਪਟੜੀ ਨਨਕਾਣੇ ਸਾਹਿਬ ਜਾ ਰਹੇ ਸਾਂ। ਬੰਗਲੇ ਤੋਂ ਕੁਝ ਮੀਲਾਂ ਤੇ ਸਾਨੂੰ ਇਹ ਲੋਥਾਂ ਮਿਲੀਆਂ, ਜਦ ਅਸੀਂ ਲੌਢੇ ਵੇਲੇ ਮੁੜ ਕੇ ਆਏ ਤਾਂ ਇਹ ਹੌਲੀ ਹੌਲੀ ਤਰਦੀਆਂ ਮਸਾਂ ਅਜੇ ਮਾਨਾਂਵਾਲੇ ਦੀ ਸੇਧ ਤੇ ਹੀ ਅਪੜੀਆਂ ਸਨ। ਅਸਾਂ ਇਹ ਗਵੇੜ ਲਾਇਆ ਕਿ ਇਹ ਲਾਸ਼ਾਂ ਕਸ਼ਮੀਰ ਦੀ ਲੜਾਈ ਵਿਚ ਮਾਰੇ ਗਏ ਆਦਮੀਆਂ ਦੀਆਂ ਨੇ। ਜਦ ਅਸੀਂ ਵਾਪਸ ਕੈਂਪ ਵਿਚ ਅਪੜੇ ਤੇ ਉਥੇ ਵੀ ਇਨ੍ਹਾਂ ਲੋਥਾਂ ਦਾ ਹੀ ਰੌਲਾ ਸੀ। ਇਹ ਗੱਲ ਧੁੰਮੀ ਹੋਈ ਸੀ ਕਿ ਜਿਹੜੀਆਂ ਲਾਸ਼ਾਂ ਅੱਜ ਕਲ੍ਹ ਰੁੜ੍ਹਦੀਆਂ ਆਉਂਦੀਆਂ ਨੇ ਉਹ ਕਸ਼ਮੀਰ ਦੀ ਲੜਾਈ ਵਿਚ ਮਾਰੇ ਲੋਕਾਂ ਦੀਆਂ ਨੇ। ਬੰਗਲੇ ਦੇ ਦੁਆਲੇ ਹੁਣ ਇਹ ਖ਼ਿਆਲ ਆਮ ਸੀ ਕਿ ਇਹੋ ਜਿਹੀਆਂ ਲੋਥਾਂ ਰੋਜ਼ ਆਇਆ ਕਰਨਗੀਆਂ।

ਕਸ਼ਮੀਰ ਦੀ ਲੜਾਈ ਬਾਰੇ ਗੜ੍ਹਵਾਲੀਆਂ ਤੇ ਛਾਛੀਆਂ ਦੀਆਂ ਕਈ ਵੇਰਾਂ ਬਹਿਸਾਂ ਹੋਈਆਂ ਸਨ। ਛਾਛੀ ਕਹਿੰਦੇ ਸਨ ਕਿ ਕਸ਼ਮੀਰ ਵਿਚ ਹਿੰਦੁਸਤਾਨੀ ਫ਼ੌਜਾਂ ਹਾਰ ਰਹੀਆਂ ਨੇ। ਇਹ ਗੱਲ ਉਹ ਪਾਕਿਸਤਾਨੀ ਅਖ਼ਬਾਰਾਂ ਤੋਂ ਪੜ੍ਹਦੇ ਸਨ। ਗੜ੍ਹਵਾਲੀਆਂ ਦਾ ਸਿਗਨੇਲਰ ਵੀ ਆਪਣੇ ਵਾਇਰਲੈਸ ਸੈਟ ਤੇ ਰੋਜ਼ ਹਿੰਦੁਸਤਾਨੀ ਖ਼ਬਰਾਂ ਸੁਣਦਾ ਤੇ ਫਿਰ ਸਾਰਿਆਂ ਨੂੰ ਦਸਦਾ ਕਿ ਹਿੰਦੁਸਤਾਨੀ ਫ਼ੌਜਾਂ ਜਿੱਤ ਰਹੀਆਂ ਨੇ। ਉਹ ਕਹਿੰਦਾ ਕਿ ਮੈਂ ਹਿੰਦੁਸਤਾਨੀ ਖ਼ਬਰਾਂ ਲਗਾਵਾਂਗਾ ਜਿਸ ਦੀ ਮਰਜ਼ੀ ਹੋਵੇ ਆ ਕੇ ਸੁਣ ਲਵੇ। ਸਾਡਾ ਰੇਡੀਓ ਥਾਵਾਂ ਦੇ ਨਾਂ ਲੈ ਲੈ ਕੇ ਦਸਦਾ ਹੈ ਕਿ ਪਾਕਿਸਤਾਨੀ ਪਿਛਾਂ ਹੱਟ ਰਹੇ ਹਨ। ਛਾਛੀ ਵੀ ਹੁਣ ਕੰਨੋ ਕੰਨ ਸੁਣ ਰਹੇ ਸਨ ਕਿ ਮੁਢਲੀਆਂ ਜਿੱਤ ਪਿਛੋਂ ਪਾਕਿਸਤਾਨੀ ਜਗ੍ਹਾ ਛੱਡ ਰਹੇ ਨੇ ਤੇ ਹਿੰਦੁਸਤਾਨੀ ਖੋਹਿਆ ਹੋਇਆ ਇਲਾਕਾ ਵਾਪਸ ਲੈ ਰਹੇ ਨੇ। ਬੰਗਲੇ ਦੀ ਧਰਤੀ ਤੇ ਹੁਣ ਗੜ੍ਹਵਾਲੀਆਂ ਦੇ ਪੈਰ ਦਿਨੋ ਦਿਨ ਜੰਮ ਰਹੇ ਸਨ ਤੇ, ਛਾਛੀਆਂ ਦੇ ਦਿਨੋ ਦਿਨ ਉਖੜ ਰਹੇ ਸਨ। ਪਹਿਲਾਂ ਉਹ ਕਿਸੇ ਇਕੱਲੇ ਦੁਕੱਲੇ ਗੜ੍ਹਵਾਲੀ ਦੇ ਸਾਹਮਣੇ ਉਨ੍ਹਾਂ ਦੀ ਬੋਲੀ ਦੀਆਂ ਸਾਂਗਾਂ ਲਾ ਲਿਆ ਕਰਦੇ ਸਨ, ਹੁਣ ਉਹ ਇਹ ਕੰਮ ਵੀ ਛੱਡ ਗਏ ਸਨ। ਗੜ੍ਹਵਾਲੀਆਂ ਦੀਆਂ ਭੱਰਰ ਭੱਰਰ ਕਰਦੀਆਂ ਮੋਟਰਾਂ, ਉਨ੍ਹਾਂ ਦੇ ਸ਼ਿਕਾਰ ਖੇਡਦੇ ਅਫ਼ਸਰਾਂ ਦੀਆਂ ਚਲਦੀਆਂ ਗੋਲੀਆਂ, ਉਨ੍ਹਾਂ ਲਈ ਦੂਰੋਂ ਦੁਰਾਡਿਓਂ ਆਉਂਦੇ ਉਚੇਚੇ ਰਾਸ਼ਨ ਦੇ ਟਰੱਕ ਤੇ ਉਨ੍ਹਾਂ ਦਾ ਵਾਰਿਲੈਸ ਸੈਟ ਬੰਗਲੇ ਦੇ ਵਾਯੂਮੰਡਲ ਤੇ ਛਾਏ ਰਹਿੰਦੇ। ਛਾਛੀਆਂ ਦੀਆਂ ਵਰਦੀਆਂ ਆਮ ਕਰ ਕੇ ਮੈਲੀਆਂ ਤੇ ਪੁਰਾਣੀਆਂ ਹੁੰਦੀਆਂ ਤੇ ਉਨ੍ਹਾਂ ਦੀਆਂ ਬੰਦੂਕਾਂ ਘਟੀਆ ਜਿਨ੍ਹਾਂ ਨੂੰ ਉਹ ਦਿਲੋਂ ਨਫ਼ਰਤ ਕਰਦੇ ਸਨ, ਕਿਉਂਕਿ ਉਨ੍ਹਾਂ ਵੀ ਫ਼ੌਜ ਵਿਚ ਵਧੀਆ ਬੰਦੂਕਾਂ ਚਲਾਈਆਂ ਹੋਈਆਂ ਸਨ। ਇਨ੍ਹਾਂ ਬੰਦੂਕਾਂ ਕਰ ਕੇ ਉਹ ਆਪਣੇ ਆਪ ਨੂੰ ਵੀ ਘਟੀਆ ਸਮਝਣ ਲਗ ਪਏ ਸਨ। ਹੁਣ ਤੇ ਇਸ ਤਰ੍ਹਾਂ ਲਗਦਾ ਸੀ ਕਿ ਜਿਵੇਂ ਧੁੱਪ ਉਨ੍ਹਾਂ ਦੇ ਅੰਦਰੀਂ ਵੜ ਆਈ ਹੈ।

ਇਕ ਦਿਨ ਅਜੇ ਮਸਾਂ ਦਿਨ ਹੀ ਚੜ੍ਹਿਆ ਸੀ, ਨਾ ਛਾਛੀ ਤੇ ਨਾ ਗੜ੍ਹਵਾਲੀ ਅਜੇ ਕਿਸੇ ਕੰਮ ਲਗੇ ਸਨ। ਸਗੋਂ ਨਹਿਰ ਦੇ ਕੰਢੇ ਇਧਰ ਉਧਰ ਜੰਗਲ ਪਾਣੀ ਫਿਰ ਰਹੇ ਸਨ ਕਿ ਇਕ ਹੋਰ ਲੋਥ ਦੂਰੋਂ ਆਉਂਦੀ ਦਿਸੀ। ਇਹ ਲੋਥ ਵੀ ਕਸ਼ਮੀਰ ਤੋਂ ਹੀ ਆਈ ਸੀ ਜਿਥੇ ਲੜਾਈ ਲਗੀ ਹੋਈ ਸੀ। ਇਕ ਮੋਘੇ ਤੇ ਖਲੋ ਕੇ ਚੋਖੇ ਸਾਰੇ ਸਿਪਾਹੀ ਇਸ ਰੁੜ੍ਹਦੀ ਆਉਂਦੀ ਲਾਸ਼ ਨੂੰ ਵੇਖਣ ਲਗ ਪਏ, ਇਥੇ ਖਲੋਤਿਆਂ ਇਕ ਛਾਛੀ ਦਾ ਮਨ ਲੋਥ ਤੋਂ ਪਿਛਾਂ ਟੁਰਦਾ ਟੁਰਦਾ ਕਸ਼ਮੀਰ ਅਪੜ ਗਿਆ, ਜਿਥੋਂ ਇਹ ਲੋਥ ਆਈ ਸੀ, ਜਿਥੇ ਬੰਦੇ ਮਰ ਰਹੇ ਸਨ, ਹਿੰਦੂ ਤੇ ਮੁਸਲਮਾਨ। ਜਿਸ ਬੰਦੇ ਦੀ ਇਹ ਲਾਸ਼ ਸੀ ਉਹ ਭਲਾ ਹਿੰਦੂ ਸੀ ਕਿ ਮੁਸਲਮਾਨ? ਉਸ ਨੇ ਦਿਲ ਵਿਚ ਸੋਚਿਆ ਤੇ ਫਿਰ ਉੱਚੀ ਕਿਹਾ, ‘‘ਆਓ ਭਈ ਵੇਖੀਏ, ਹਿੰਦੂ ਏ ਕਿ ਮੁਸਲਮਾਨ।’’

ਉਸ ਦੀ ਇਹ ਗੱਲ ਸੁਣ ਕੇ ਮੈਨੂੰ ਕੁਝ ਹੈਰਾਨੀ ਜਿਹੀ ਹੋਈ, ਇਹ ਰੁੜ੍ਹਦੇ ਆਉਂਦੇ, ਫੁੱਲੇ ਹੋਏ, ਪਿਲ ਪਿਲ ਕਰਦੇ ਮੁਰਦੇ ਵੀ ਹਿੰਦੂ ਮੁਸਲਮਾਨ ਹੋ ਸਕਦੇ ਹਨ? ਇਹ ਮੈਨੂੰ ਪਹਿਲੇ ਕਦੀ ਖ਼ਿਆਲ ਨਹੀਂ ਆਇਆ ਸੀ। ਪਰ ਹੋ ਕਿਉਂ ਨਹੀਂ ਸਕਦੇ ਸਨ। ਜੇ ਲੜਨ ਵਾਲੇ ਬੰਦੇ ਹਿੰਦੂ ਜਾਂ ਮੁਸਲਮਾਨ ਸਨ ਤਾਂ ਉਨ੍ਹਾਂ ਦੇ ਨਹਿਰਾਂ ਵਿਚ ਰੁੜ੍ਹਦੇ ਮੁਰਦੇ ਵੀ ਹਿੰਦੂ ਸਨ ਜਾਂ ਮੁਸਲਮਾਨ। ਪਲੋ ਪਲੀ ਵਿਚ ਉਹ ਛਾਛੀ ਕਪੜੇ ਲਾਹ ਕੇ ਨਹਿਰ ਦੇ ਵਿਚ ਜਾ ਵੜਿਆ ਤੇ ਉਸ ਮੁਰਦੇ ਨੂੰ ਹੱਥਾਂ ਨਾਲ ਧਿੱਕ ਧਿੱਕ ਕੇ ਕੰਢੇ ਵਲ ਲਿਆਉਣ ਲਗ ਪਿਆ। ਅਸੀਂ ਵੀ ਸਾਰੇ ਹੌਲੀ ਹੌਲੀ ਟੁਰਦੇ ਉਥੇ ਜਾ ਅਪੜੇ ਜਿਥੇ ਮੁਰਦਾ ਕੰਢੇ ਲਗਣਾ ਸੀ। ਉਸ ਨੂੰ ਧਰੂ ਕੇ ਅਸਾਂ ਪਟੜੀ ਤੇ ਲਟਾ ਦਿਤਾ। ਫੁੱਲ ਕੇ ਉਸ ਦੀ ਹਰ ਸ਼ੈ ਮੋਟੀ ਮੋਟੀ ਤੇ ਡਰਾਉਣੀ ਹੋ ਗਈ ਹੋਈ ਸੀ। ਉਸ ਦੀ ਖੱਲ ਪੱਛੀ ਪੱਛੀ ਤੇ ਪਿਲ ਪਿਲ ਕਰ ਰਹੀ ਸੀ। ਉਸ ਕੋਲੋਂ ਬੋ ਵੀ ਆ ਰਹੀ ਸੀ, ਪਰ ਉਸ ਵੇਲੇ ਕਿਸੇ ਦਾ ਇਸ ਗੱਲ ਵਲ ਧਿਆਨ ਨਾ ਗਿਆ। ਹਰ ਇਕ ਦੇ ਮਨ ਤੇ ਇਹ ਸਵਾਲ ਸਵਾਰ ਸੀ ‘‘ਇਹ ਹਿੰਦੂ ਹੈ ਕਿ ਮੁਸਲਮਾਨ।’’ ਇਕ ਛਾਛੀ ਨੇ ਝਟਪਟ ਉਸ ਦੀ ਨਿਕਰ ਦੇ ਬਟਨ ਖੋਲ੍ਹਣੇ ਸ਼ੁਰੂ ਕੀਤੇ ਤੇ ਅਸਾਂ ਸਾਰਿਆਂ ਇਸ ਇਮਤਿਹਾਨ ਦੇ ਨਤੀਜੇ ਵਲ ਅੱਖਾਂ ਲਾ ਦਿਤੀਆਂ। ਲੌ! ਮੁਰਦਾ ਤੇ ਸਾਫ਼ ਹਿੰਦੂ ਸੀ। ਉਥੇ ਖੜੇ ਛਾਛੀਆਂ ਦੇ ਚਿਹਰੇ ਇਕਦਮ ਖਿੜ ਗਏ ਤੇ ਗੜ੍ਹਵਾਲੀਆਂ ਦੇ ਡਿੱਗ ਗਏ।
‘‘ਹਿੰਦੂ ਸੀ ਵਿਚਾਰਾ!’’ ਇਕ ਛਾਛੀ ਨੇ ਜੇਤੂ ਹਮਦਰਦੀ ਨਾਲ ਕਿਹਾ।
‘‘ਆਹੋ’’ ਦੋ ਹੋਰ ਛਾਛੀਆਂ ਨੇ ਸਿਰ ਹਿਲਾ ਕੇ ਤਾਈਦ ਕੀਤੀ। ਕਿਸੇ ਗੜ੍ਹਵਾਲੀ ਨੇ ਇਸ ਗੱਲ ਨੂੰ ਟੋਕਿਆ ਨਾ।
ਛਾਛੀਆਂ ਨੇ ਮੁਰਦੇ ਨੂੰ ਫਿਰ ਪਾਣੀ ਵਿਚ ਰੋੜ੍ਹ ਦਿਤਾ ਤੇ ਉਹ ਉਸੇ ਤਰ੍ਹਾਂ ਹੀ ਪਾਣੀ ਵਿਚ ਤਰਨ ਲਗ ਪਿਆ ਜਿਵੇਂ ਉਹ ਕੋਈ ਜਲ ਜੰਤੂ ਹੀ ਹੈ। ਇਸ ਤੋਂ ਛਾਛੀਆਂ ਦਾ ਸਾਰਾ ਸਹਿਮ ਜਾਂਦਾ ਰਿਹਾ। ਉਨ੍ਹਾਂ ਦੀਆਂ ਬਾਰਕਾਂ ਦਾ ਵਾਯੂਮੰਡਲ ਵੀ ਬਦਲ ਗਿਆ। ਹੁਣ ਉਹ ਮਾਘੇ ਮਾਰ ਮਾਰ ਕੇ ਕਵਾਲੀਆਂ ਪੜ੍ਹਦੇ ਤੇ ਬੋਲੀਆਂ ਪਾਂਦੇ। ਉਸ ਮੁਰਦੇ ਨੇ ਉਨ੍ਹਾਂ ਵਿਚ ਬੜੀ ਜਾਨ ਪਾ ਦਿਤੀ ਸੀ।

  • ਮੁੱਖ ਪੰਨਾ : ਕੁਲਵੰਤ ਸਿੰਘ ਵਿਰਕ, ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ