Punjabi Stories/Kahanian
ਡਾ. ਅਮਰਜੀਤ ਟਾਂਡਾ
Dr Amarjit Tanda

Punjabi Kavita
  

Neela Sukka Samundar Dr Amarjit Tanda

ਡਾ ਅਮਰਜੀਤ ਟਾਂਡਾ ਦੀ ਕਾਵਿਕ-ਨਾਵਲ ਕਲਾ

Amarjit Tanda is a prolific writer and a thoughtful poet. His depth of imagination and command over language is marvellous. His contribution to the literature are appreciable. I have enjoyed quite a few poetic compositions of Amarjit Tanda. His poems are based on deep thought and understanding of social mileu and he has very good command on Punjabi Language. My best wishes-Dr S. S. Johl, Chancellor, Central University of Punjab.

ਅਮਰਜੀਤ ਟਾਂਡਾ ਨੇ ਇੱਕੀਵੀਂ ਸਦੀ ਦੇ ਦੂਸਰੇ ਦਹਾਕੇ ਵਿੱਚ ਆਪਣਾ ਪਲੇਠਾ ਨਾਵਲ 'ਨੀਲਾ ਸੁੱਕਾ ਸਮੁੰਦਰ 'ਰਾਹੀਂ ਪੰਜਾਬੀ ਨਾਵਲ ਜਗਤ ਵਿੱਚ ਦਸਤਕ ਦਿੱਤੀ ਹੈ। ਇਸ ਨਾਵਲ ਵਿਚ ਟਾਂਡਾ ਨੇ ਕੁਝ ਨਵੇਂ ਪ੍ਰਯੋਗ ਕਰਨ ਦਾ ਜੋਖ਼ਮ ਉਠਾਇਆ ਹੈ। ਨਵੀਂ ਕਿਸਮ ਦੀ ਕਾਵਿਕ ਭਾਸ਼ਾ ਲੇਖਕਾਂ ਲਈ ਚੁਣੌਤੀ ਹੈ । ਜੋਖ਼ਮ ਮੈਂ ਇਸ ਕਰਕੇ ਕਿਹਾ ਹੈ ਕਿ ਅਜਿਹੀ ਭਾਸ਼ਾ ਆਮ ਜੀਵਨ ਦੀ ਵਿਵਹਾਰਕ ਭਾਸ਼ਾ ਨਹੀਂ ਹੁੰਦੀ । --ਗ਼ਜ਼ਲਾਂ ਵਰਗੀਆਂ ਉਂਗਲਾਂ ਨਜ਼ਮਾਂ 'ਚ ਡੋਬਣੀਆਂ, ਬਦੇਸ਼ ਨੇ ਰੋਟੀ ਤਾਂ ਦਿੱਤੀ, ਮਾਂ ਬਾਪ ਖੋਹ ਲਏ, ਪਿਆਰ ਦੀ ਇਕ ਗੱਲ ਨਾਲ ਉਮਰ ਭਰ ਦਾ ਰਿਸ਼ਤਾ ਜੁੜਨ ਦੀ ਗੱਲ, ਕਵਿਤਾ ਹੈ ਤਾਂ ਪਿੰਡ ਹੈ, ਛਾਂ ਹੈ, ਮਾਂ ਹੈ, ਪਰਾਈ ਮਿੱਟੀ ਗੱਲਾਂ ਨਹੀਂ ਕਰਦੀ, ਅਸੀਸਾਂ ਦਾ ਵਿਯੋਗ ਕੱਤਣਾ, ---'ਅਜਿਹੀ ਜਜ਼ਬਾਤਾਂ ਦੇ ਹੜ੍ਹ 'ਚ ਡੁੱਬੀ ਵਾਰਤਕ ਪੜ੍ਹਕੇ ਰੂਹ ਖਿੜਦੀ ਹੈ, ਫ਼ਿਕਰ ਵੀ ਹੁੰਦਾ । ਅਮਰਜੀਤ ਨੇ ਆਪਣੇ ਨਾਵਲ ਵਿਚ ਨਸ਼ਿਆਂ ਬਾਰੇ, ਗੈਂਗਵਾਰ ਬਾਰੇ, ਗੁਰਬਾਣੀ ਦੀ ਬੇਅਦਬੀ ਬਾਰੇ, ਦੇਸ਼ ਦੀ ਵੰਡ ਬਾਰੇ, ਬਲਾਤਕਾਰਾਂ ਬਾਰੇ, ਪਿਆਰ ਬਾਰੇ, ਇਸ਼ਕ ਬਾਰੇ ਆਪਣੇ ਸੰਸੇ ਜ਼ਾਹਰ ਕੀਤੇ ਹਨ। ਉਹ ਪੰਜਾਬ ਦੇ ਪਿੰਡਾਂ ਦੀ ਤੁਲਨਾ, ਹਿਵਰੇ ਬਾਜ਼ਾਰ ਪਿੰਡ ਦੀ ਅਮੀਰੀ ਨਾਲ ਵੀ ਕਰਦਾ ਹੈ। ਇਸ ਤਰ੍ਹਾਂ ਨਾਵਲ ਵਿਚ ਬੜਾ ਕੁਝ ਹੈ, ਸੰਜਮ ਵਿਚ ਹੈ, ਸੰਕੇਤਕ ਹੈ। ਕੱਲ੍ਹ ਜਦ ਆਇਆ ਸੀ ਤੂੰ ਗਲੀ 'ਚ ਵਿਕਣ ਨੂੰ ਜਾਂ ਔਰਤ 'ਚ ਅਰਸ਼ਾਂ ਜੇਡਾ ਜੇਰਾ ਹੈ, ਆਦਿ । ਦੋਸਤੋ ! ਇਹ ਨਾਵਲ ਕਵਿਤਾ ਦੇ ਪਾਠਕਾਂ ਨੂੰ ਵੀ ਪਰਭਾਵਿਤ ਕਰੇਗਾ ਤੇ ਵਾਰਤਕ ਪੜ੍ਹਨ ਵਾਲੇ ਪਾਠਕਾਂ ਨੂੰ ਵੀ। ਸਾਹਿਤ ਦੇ ਸ਼ਾਸਤਰੀਆਂ ਦਾ ਨਾਵਲ ਬਾਰੇ ਪਤਾ ਨਹੀਂ ਕੀ ਪ੍ਰਤੀਕਰਮ ਹੋਵੇਗਾ, ਮੈਂ 'ਨੀਲਾ ਸੁੱਕਾ ਸਮੁੰਦਰ' ਨੂੰ ਜੀ ਆਇਆਂ ਆਖਦਾ ਹਾਂ - ਬਲਦੇਵ ਸਿੰਘ (ਸੜਕਨਾਮਾ)

'ਨੀਲਾ ਸੁੱਕਾ ਸਮੁੰਦਰ' ਇਕ ਵਿਗਿਆਨੀ, ਖੋਜੀ ਅਤੇ ਸੂਖਮ ਬਿਰਤੀ ਵਾਲੇ ਲੇਖਕ ਦੀ ਭਟਕਦੀ ਆਤਮਾ ਦੀ ਵਾਰਤਾ ਹੈ। ਇਹ ਰਚਨਾ ਭਾਵੇਂ ਟਕਸਾਲੀ ਰੂਪ ਨਾਵਲ ਨਾ ਲਗੇ ਪਰ ਵੇਲੇ ਦੇ ਸਮੁੱਚੇ ਸਮਾਜ ਦਾ ਨਵੇਕਲੇ ਰੂਪ ਵਿਚ ਮੁਹਾਂਦਰਾ ਪੇਸ਼ ਕਰਨ ਲਈ ਇਸ ਨਵੇਕਲੀ ਰਚਨਾ ਨੂੰ ਬਿਆਨਣ ਲਈ ਅੰਗਰੇਜ਼ੀ ਦਾ ਇਕੋ ਢੁਕਵਾਂ ਸ਼ਬਦ ਹੈ " ਨਾਵਲ "।'ਨੀਲਾ ਸੁੱਕਾ ਸਮੁੰਦਰ' ਨੂੰ ਪੜ੍ਹਦਿਆਂ ਪ੍ਰੋ ਪੂਰਨ ਸਿੰਘ ਦਾ ਚੇਤਾ ਆਉਂਦਾ ਹੈ ਜੋ ਆਪਣੀਆਂ ਭਾਵਨਾਵਾਂ ਨੂੰ ਬਿਨਾ ਕਿਸੇ ਤਰਤੀਬ ਜਾਂ ਤੁਕਾਂਤ ਦੇ ਖੁਲਕੇ ਬਿਆਨ ਕਰਦਾ ਸੀ। ਅਮਰਜੀਤ ਟਾਂਡਾ ਆਪਣੀਆਂ ਸੋਚਾਂ ਦੇ ਪ੍ਰਵਾਹ ਨੂੰ ਬਿਨਾ ਤਰਤੀਬ ਦੇ ਕਵੀ ਦੀਆਂ ਮਾਰੀਆਂ ਉਡਾਰੀਆਂ ਵਾਂਗ ਪੇਸ਼ ਕਰ ਦਿੰਦਾ ਹੈ। 'ਨੀਲਾ ਸੁੱਕਾ ਸਮੁੰਦਰ' ਵੇਲੇ ਦੇ ਪੰਜਾਬ ਦਾ ਨਕਸ਼ਾ ਇਸ ਰਚਨਾ ਦੇ ਨਾਇਕ ਦੀਆਂ ਭਟਕਦੀਆਂ ਸੋਚਾਂ ਵਿਚੋਂ ਉਭਾਰਦਾ ਹੈ। ਭਾਵੇਂ ਘਟਨਾਵਾਂ ਕਿਸੇ ਤਰਤੀਬ ਵਿਚ ਨਹੀਂ ਪੇਸ਼ ਕੀਤੀਆਂ ਗਈਆਂ ਪਰ ਸੋਚਾਂ ਦੇ ਵਹਿਣ ਰਾਹੀਂ ਪੰਜਾਬ ਦਾ ਹਰ ਚੰਗਾ ਮੰਦਾ ਪੱਖ ਉਜਾਗਰ ਹੋ ਜਾਂਦਾ ਹੈ। ਵੇਲੇ ਦੇ ਸੂਝਵਾਨ ਵਿਅਕਤੀ ਪੰਜਾਬ ਦੀਆਂ ਸਮੱਸਿਆਵਾਂ ਬਾਰੇ, ਪੰਜਾਬ ਦੇ ਮਸਲਿਆਂ ਬਾਰੇ, ਪੰਜਾਬ ਵਿੱਚ ਵਾਪਰੀਆਂ ਚੰਗੀਆਂ ਮੰਦੀਆਂ ਘਟਨਾਵਾਂ ਬਾਰੇ ਜੋ ਵੀ ਚਿੰਤਾ ਪ੍ਰਗਟ ਕਰਦੇ ਹਨ ਉਹ ਇਸ ਰਚਨਾ ਵਿਚ ਸ਼ਾਮਲ ਹੈ। ਪਾਠਕਾਂ ਨੂੰ ਇੰਜ ਲਗਦਾ ਹੈ ਜਿਵੇਂ ਉਹਨਾਂ ਦੀਆਂ ਭਟਕਦੀਆਂ ਸੋਚਾਂ ਦਾ ਚਿਤਰਨ ਹੋ ਰਿਹਾ ਹੋਵੇ।-ਡਾ ਸੁਰਿੰਦਰ ਸਿੰਘ ਦੁਸਾਂਝ, ਪ੍ਰੋਫੈਸਰ ਮੁਖੀ ਪੀ ਏ ਯੂ ਲੁਧਿਆਣਾ

ਕਵਿਤਾ ਦੇ ਖੇਤਰ ਵਿਚ ਕੁਝ ਕਰ ਗੁਜ਼ਰਨ ਦੀ ਤੜਪ, ਲਗਨ ਅਤੇ ਮਿਹਨਤ ਡਾ ਅਮਰਜੀਤ ਟਾਂਡਾ ਦੀ ਅਨੂਠੀ ਵਿਸ਼ੇਸ਼ਤਾ ਹੈ। ਉਹ ਬਹੁਤ ਸਚੇਤ ਅਤੇ ਜਾਗਰੂਕ ਕਵੀ ਹੈ । ਉਸ ਦੀਆਂ ਕਵਿਤਾਵਾਂ ਕਵਿਤਾ ਦੇ ਜਗਤ ਦੀਆਂ ਬਹੁਤ ਸਾਰੀਆਂ ਮਸ਼ਹੂਰ ਰੀਤਾਂ ਨੂੰ ਆਤਮਸਾਤ ਕਰਦੀਆਂ ਹਨ । ਉਸ ਦੀ ਕਾਵਿ-ਭਾਸ਼ਾ ਤੋਂ ਇਹ ਅਹਿਸਾਸ ਬੜੀ ਸ਼ਿੱਦਤ ਨਾਲ ਹੁੰਦਾ ਹੈ ਕਿ ਉਹ ਸਿਰਫ਼ ਕਵਿਤਾ ਦਾ ਲਿਖਾਰੀ ਹੀ ਨਹੀਂ ਕਵਿਤਾ ਦਾ ਬਹੁਤ ਸਜੱਗ ਤੇ ਨਿਰੰਤਰ ਪਾਠਕ ਵੀ ਹੈ । ਉਹ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਅਤੇ ਵਰਤਾਰਿਆਂ ਤੋਂ ਵੀ ਅਣਭਿੱਜ ਨਹੀਂ । ਇਨ੍ਹਾਂ ਘਟਨਾਵਾਂ ਅਤੇ ਵਰਤਾਰਿਆਂ ਦੀ ਕਲਾਮਈ ਪੇਸ਼ਕਾਰੀ ਉਸਦੀ ਕਵਿਤਾ ਨੂੰ ਸਮੇਂ ਦੀ ਹਾਣੀ ਬਣਾਉਂਦੀ ਹੈ । ਸਿਰਫ਼ ਪੇਸ਼ਕਾਰੀ ਹੀ ਨਹੀਂ, ਇਨ੍ਹਾਂ ਦਾ ਮੁੱਲੰਕਣ ਅਤੇ ਨਿਰਖ ਪਰਖ ਵੀ ਉਸ ਦੀ ਕਵਿਤਾ ਦਾ ਹਿੱਸਾ ਬਣਦੇ ਹਨ । ਸਰੋਦੀ ਵਹਾਅ ਉਸ ਦੀ ਕਵਿਤਾ ਨੂੰ ਸਫ਼ਿਆਂ ਤੇ ਫੈਲਣ ਦੀ ਤੌਫ਼ੀਕ ਬਖ਼ਸ਼ਦਾ ਹੈ -ਡਾ ਸੁਰਜੀਤ ਪਾਤਰ

ਅਮਰਜੀਤ ਟਾਂਡਾ ਆਪਣੀ ਕਾਵਿ ਧਰਤੀ, ਪੰਜਾਬ ਦੀ ਜੋ ਵਰਤਮਾਨ ਸਥਿਤੀ ਹੈ, ਉਸ ਨਾਲ ਉਹ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਨਾਇਕ ਦਾ ਆਪਣਿਆਂ ਨੂੰ ਛੱਡ ਕੇ ਦੂਰ ਦੇਸ਼ ਜਾਣ ਦੀ ਲੋੜ ਨਾਲ ਜੁੜਿਆ ਸੰਤਾਪ ਜਾਂ ਤਨਾਓ ਹੈ ਜੋ ਉਸ ਦੇ ਧੁਰ ਅੰਦਰ ਘਰ ਬਣਾਈ ਬੈਠਾ ਹੈ। ਇਸ ਕਰਕੇ ਉਹ ਪੰਜਾਬ ਵਿਚ ਇਕ ਨਵੀਂ ਵਿਵਸਥਾ ਦੀ ਸਥਾਪਨਾ ਦੀ ਕਾਮਨਾ ਹੀ ਨਹੀਂ ਕਰਦਾ, ਉਸ ਲਈ ਯਤਨਸ਼ੀਲ ਵੀ ਹੈ- ਡਾ ਅਮਰੀਕ ਸਿੰਘ ਪੂੰਨੀ ਪ੍ਰੋਫੈਸਰ(ਰੀਟਡ) ਦਿੱਲੀ ਯੂਨੀਵਰਸਿਟੀ

ਅਮਰਜੀਤ ਟਾਂਡਾ ਨੇ ਚਿੱਠੀਆਂ ਦੀ ਚੁੱਪ ਨੂੰ ਤਲਾਸ਼ਣ ਦਾ ਯਤਨ ਕੀਤਾ ਹੈ, ਇਸ ਚੁੱਪ ਦਾ ਕਾਰਣ ਉਸ ਨੇ ਆਧੁਨਿਕ ਸੰਚਾਰ ਨੂੰ ਦੱਸਿਆ ਹੈ। ਜਿਸ ਵਿਚ ਕੋਈ ਦੁੱਖ ਦਰਦ ਨਹੀਂ ਹੁੰਦਾ ਅਤੇ ਨਾ ਹੀ

ਪਿਆਰੀਆਂ ਰਿਸ਼ਤੇਦਾਰੀਆਂ ਦਾ ਨਿੱਘ ਹੁੰਦਾ ਹੈ। ਇਸੇ ਲਈ ਅਜੋਕੇ ਸੰਚਾਰ ਦੇ ਉਪਕਰਣਾਂ ਨੂੰ ਚਿੱਠੀਆਂ ਵਾਂਗ ਹਿੱਕ ਨਾਲ ਨਹੀਂ ਲਗਾਇਆ ਜਾ ਸਕਦਾ। ਦੂਜੇ ਪਾਸੇ ਚਿੱਠੀਆਂ ਵਿਚ ਹਿੱਕ ਨਾਲ ਲਗਾਉਣ ਵਾਲੇ ਬਹੁਤ ਸਾਰੇ ਰਿਸ਼ਤੇ ਨਾਤੇ ਹੁੰਦੇ ਹਨ- ਡਾ ਜੋਗਿੰਦਰ ਕੈਰੋਂ

ਡਾ.ਟਾਂਡਾ ਵਰਗੀ ਡੂੰਘੀ ਸੰਵੇਦਨਾ ਵਾਲਾ ਵਿਅਕਤੀ ਹੀ ਜਿੰਦਗੀ ਦੀਆਂ ਸਾਰਥਕ ਅਤੇ ਸਿਹਤਮੰਦ ਕਦਰਾਂ ਦੀ ਥਾਹ ਪਾ ਸਕਦਾ ਹੈ। ਅਜੇਹੀ ਕਵਿਤਾ ਨਾਲ ਹੀ ਪਾਠਕ ਦੀ ਸਾਂਝ ਬਣਦੀ ਹੈ। ਅਜੇਹੀ ਕਵਿਤਾ ਨਾਲ ਮੇਰਾ ਨਿਕਟ ਵਾਸਤਾ ਹੈ-ਮੋਹਨਜੀਤ

ਅਮਰਜੀਤ ਸਿੰਘ ਟਾਂਡਾ ਪਹਿਲੇ ਸਰੋਤ ਅਤੇ ਦੂਜੇ ਸਰੋਤ ਪ੍ਰਤੀ ਕਵੀ ਦਾ ਸ਼ਬਦ ਵਿਹਾਰ ਇਕੋ ਭਾਵ ਵਾਲਾ ਹੈ। ਉਸਦੀ ਕਵਿਤਾ ਅਟਕਾ ਪੈਦਾ ਨਹੀਂ ਹੋਣ ਦੇਂਦੀ। ਇਹ ਕਵਿਤਾ ਵਿਸਥਾਰ ਵਾਲੀ ਹੈ ਜਿਸ ਵਿਚ ਵਿਸਰ ਚੁੱਕੇ ਸ਼ਬਦਾਂ ਦਾ ਤੋਰਾ ਫੇਰਾ ਲਗਾ ਰਹਿੰਦਾ ਹੈ। ਕਹਿ ਸਕਦੇ ਹਾਂ ਪ੍ਰਦੇਸ ਰਹਿੰਦਾ ਵਿਅਕਤੀ ਆਪਣੇ ਮੂਲ ਦੇ ਹੋਰ ਨੇੜੇ ਹੋਣ ਦੀ ਰੀਝ ਪਾਲੀ ਰੱਖਦਾ ਹੈ- ਜਗਤਾਰਜੀਤ ਸਿੰਘ

ਪੜ੍ਹਦਿਆਂ ਇਨਸਾਨੀ ਰੀਝਾਂ, ਸੁਪਨਿਆਂ ਅਤੇ ਹੇਰਵਿਆਂ ਦੇ ਕਾਵਿਕ ਬਿਆਨ ਦਾ ਅਨੁਭਵ ਹੋਇਆ ਹੈ। ਸਰੀਂਹ ਦੇ ਸਾਵੇ ਪੱੱਤਿਆਂ ਦੀ ਸ਼ਗਨਾਂਮੱਤੀ ਖਣਕਾਰ ਤੋਂ ਲੈ ਕੇ ਉੱਜੜੇ ਘਰਾਂ ਦੀ ਸਰਾਪੀ ਚੁੱਪ ਦੀ ਦਰਦ ਗਾਥਾ ਸੁਣਾਈ ਦਿਤੀ ਹੈ। ਸੰਯੋਗ ਦੀ ਮਿੱਠੀ ਰਿਮਝਿਮ ਤੋਂ ਲੈ ਕੇ ਵਿਯੋਗ ਦੇ ਖਾਰੇ ਅੱਥਰੂਆਂ ਤੱਕ ਦੇ ਮੁਹੱੱਬਤੀ ਗੀਤ ਦੀ ਧੁੰਨ ਕੰਨੀਂ ਪਈ ਹੈ-ਸੁਖਵਿੰਦਰ ਅੰਮ੍ਰਿਤ

ਅਮਰਜੀਤ ਟਾਂਡਾ ਕਲਮ ਨਾਲ ਅੰਤਰ ਰਾਸ਼ਟਰੀ ਪ੍ਰਤੀਮਾਨ ਸਥਾਪਤ ਕਰਦਾ ਹੈ। ਅਜਿਹੇ ਮਿਕਨਾਤੀਸੀ ਬਿੰਬ ਬਹੁਤ ਹੀ ਘੱਟ ਸ਼ਾਇਰੀ ਵਿਚ ਮਿਲਦੇ ਹਨ। ਪਰਵਾਸੀ ਪੰਜਾਬੀ ਬੰਦੇ ਦੇ ਅਚੇਤ ਮਨ ਵਿਚ ਪਏ ਬਿੰਬ ਕਹਾਵਤਾਂ ਮੁਹਾਵਰੇ ਅਤੇ ਅਖਾਣ ਅਚਨਚੇਤ ਹੀ ਉਸ ਦੇ ਮਨ ਦੀਆਂ ਡੂੰਘਾਈਆਂ ਵਿਚੋਂ ਆਪ ਮੁਹਾਰੇ ਬਾਹਰ ਆ ਕੇ ਖੁਸ਼ਗੁਬਾਰ ਸ਼ਾਇਰੀ ਦੀ ਮੋਹਲੇਧਾਰ ਸਿਰਜਨਾ ਕਰਦੇ ਹਨ। ਇਹ ਸ਼ਾਇਰੀ ਤੁਹਾਨੂੰ ਜਝਬਾਤਾਂ ਅਤੇ ਸੁਪਨਿਆਂ ਨਾਲ ਸ਼ਰਸ਼ਾਰ ਕਰ ਦਿੰਦੀ ਹੈ। ਸ਼ਬਦ ਦੀ ਕਾਇਨਾਤ ਬੰਦੇ ਦੇ ਮਨ ਵਿਚ ਅਨੰਤ ਕਾਲ ਤੱਕ ਲਹਿਲਹਾਉਂਦੀ ਰਹਿੰਦੀ ਹੈ। ਸਬਦਾਂ ਦੀ ਇਸ ਮੋਹਲੇਧਾਰ ਬਰਕਤ ਦਾ ਮੈਂ ਆਪਣੇ ਮਨ ਦੀ ਡੂੰਘਾਈ 'ਚੋਂ ਸੁਆਗਤ ਕਰਦਾ ਹਾਂ-ਡਾ ਸੁਖਚੈਨ, ਪ੍ਰੋਫੈਸਰ ਪੀ ਏ ਯੂ ਲੁਧਿਆਣਾ

ਡਾ ਅਮਰਜੀਤ ਟਾਂਡਾ ਬੌਧਿਕਤਾ,ਚੇਤਨਤਾ,ਵਿਗਿਆਨਕਤਾ ਤੇ ਰਾਜਸੀ ਸੂਝਬੂਝ ਨਾਲ ਓਤਪੋਤ ਸ਼ਖਸ਼ੀਅਤ ਹਨ। ਹਰਫ਼ਾਂ ਦੇ ਰੂਪ ਵਿਚ ਉਹਨਾਂ ਦੇ ਧੁਰ ਅੰਦਰੋਂ ਨਿਕਲੇ ਅਹਿਸਾਸ ਹਰ ਸੁਹਿਰਦ ਪੰਜਾਬੀ ਪਾਠਕ ਦੀ ਰੂਹ ਨੂੰ ਟੁੰਬਦੇ ਹਨ-ਡਾ ਪੁਸ਼ਪਿੰਦਰ ਖੋਖ਼ਰ

ਨੀਲਾ ਸੁੱਕਾ ਸਮੁੰਦਰ (ਨਾਵਲ) ਡਾ. ਅਮਰਜੀਤ ਟਾਂਡਾ

1. ਬਦੇਸ਼ ਨੇ ਰੋਟੀ ਤਾਂ ਦਿਤੀ ਪਰ ਮਾਂ ਬਾਪ ਖੋਹ ਲਏ

ਪਿੰਡ ਦੇ ਨੇੜੇ ਗ਼ਦਰੀ ਬਾਬਿਆਂ ਦੀ ਯਾਦ 'ਚ ਬਣੀ ਯਾਦਗਾਰੀ ਲਾਇਬ੍ਰੇਰੀ ਦੇਖ ਕੇ ਬਲਵੀਰ ਦੀਆਂ ਅੱਖਾਂ ਦੀਆਂ ਪਲਕਾਂ 'ਤੇ ਵਲੈਤ ਦੇ ਖਾਬ ਤਰਨ ਲੱਗ ਪਏ ਸਨ। ਇਹ ਇਕ ਸੁਭਾਵਿਕ ਗੱਲ ਹੋਈ ਸੀ ਬਲਵੀਰ ਦੀਆਂ ਕਾਲੀਆਂ ਸੁਰਮਈ ਰਾਤਾਂ ਦੇ ਸਰ੍ਹਾਣੇ।

ਬਲਵੀਰ ਨੇ ਵਿਦੇਸ਼ ਦੀ ਜ਼ਿੰਦਗੀ ਦੀਆਂ ਔਕੜਾਂ, ਚੰਗਿਆਈਆਂ ਅਤੇ ਵਿਦੇਸ਼ੀਆਂ ਦੀ ਆਪਣੇ ਵਤਨ ਵਾਪਸੀ 'ਤੇ ਹੁੰਦੀ ਖੱਜਲ-ਖੁਆਰੀ ਆਦਿ ਵੱਖ-ਵੱਖ ਪਹਿਲੂਆਂ ਨਾਲ ਜੁੜੇ ਆਮ ਜ਼ਿੰਦਗੀ ਦੀ ਤਰਜ਼ਮਾਨੀ ਕਰਦੇ ਕਈ ਥਾਈਂ ਲੇਖ ਛਪੇ ਪੜ੍ਹੇ ਸਨ ਪਰ ਬਲਵੀਰ ਨੂੰ ਚੈਨ ਨਾ ਆਉਂਦੀ। ਇਹ ਗੱਲ ਬਲਵੀਰ ਆਪਣੇ ਦੋਸਤਾਂ ਹਰਦਿਆਲ, ਮਨਜੀਤ ਅਤੇ ਮਾਸਟਰ ਅਮਰ ਨਾਲ ਵੀ ਕਦੇ ਕਦੇ ਕਰਦਾ ਰਹਿੰਦਾ ਸੀ। ਇਹ ਇਲਮ ਵੀ ਨਹੀਂ ਸੀ ਕਿ ਆਧੁਨਿਕਤਾ ਦੀ ਆੜ 'ਚ ਅਮੀਰ ਵਿਰਾਸਤ ਤੇ ਸੱਭਿਆਚਰਕ ਕਦਰਾਂ ਕੀਮਤਾਂ ਆਪਣਾ ਆਪਾ ਹੀ ਗਵਾ ਕੇ ਬਹਿ ਜਾਣਗੀਆਂ।

ਉਹਨੇ ਗ਼ਜ਼ਲ ਵਰਗੀਆਂ ਉਂਗਲੀਆਂ ਨਜ਼ਮ 'ਚ ਡੋਬੀਆਂ ਤਾਂ ਕਿ ਸਮੇਂ ਨੂੰ ਜਰਾ ਹੋਰ ਅੱਗੇ ਤੋਰਿਆ ਜਾਵੇ। ਉਹੀ ਨਜ਼ਮ ਉਹਨੇ ਆਪਣੇ ਜੀਵਨ ਦੀਆਂ ਪੈੜਾਂ ਤੇ ਪੈਰਾਂ ਨੂੰ ਵੀ ਸੁਣਾਈ ਜਿਹਨਾਂ ਤੇ ਉਹਨੇ ਖੜਨਾ ਉੱਡਣਾ ਸਿਖਿਆ ਸੀ ਤੇ ਇਕ ਪਰਿੰਦਾ ਬਣਨਾ ਸੀ ਬੇਗਾਨੇ ਅੰਬਰਾਂ ਦਾ ਤੇ ਪਰਾਈਆਂ ਮਹਿਕਾਂ ਦਾ।

ਕਦੇ ਕਦੇ ਕੀ ਹੁੰਦਾ ਹੈ ਕਿ ਕਿਸੇ ਦੀ ਸ਼ਾਮ ਖ਼ਾਤਿਰ ਸੂਰਜ ਵਾਂਗ ਡੁੱਬਣਾ ਵੀ ਪੈਂਦਾ ਹੈ। ਜਾਣਾ ਵੀ ਪੈਂਦਾ ਹੈ ਚੱਲ ਕੇ ਇਕ ਪੈਗਾਮ ਦੀ ਤਰਾਂ ਤਾਂ ਕਿ ਤਾਰੀਖ ਦਾ ਧਰੂ ਤਾਰਾ ਹੀ ਨਾ ਮਿਟ ਜਾਵੇ। ਹੋ ਸਕਦਾ ਹੈ ਕਿ ਦੋ ਪਲ ਅਰਸ਼ 'ਚੋਂ ਮਿਟਣਾ ਪੈ ਵੀ ਜਾਏ ਤਾਂ ਕਿ ਜੱਗ ਦੇ ਮਿਹਣੇ ਨਾ ਚੁੱਭਦੇ ਰਹਿਣ ਯਾਦਾਂ ਦੇ ਕਿਨਾਰਿਆਂ ਤੋਂ ਜਿੰਦ ਦੇ ਸਹਾਰਿਆਂ ਦੀ ਹੂਕ ਬਣ ਕੇ। ਏਦਾਂ ਵੀ ਹੋਇਆ ਸੀ ਇਕ ਵਾਰ ਕਿ ਕਿਸੇ ਆਪਣੇ ਦੇ ਇਲਜ਼ਾਮ ਦਾ ਸਿਹਰਾ ਵੀ ਬੰਨ੍ਹਣਾ ਪਿਆ ਸੀ ਸਿਰ ਤੇ। ਓਦੋਂ ਅਜੇ ਪਿਆਰ ਦੀਆਂ ਗਲੀਆਂ ਨੂੰ ਦਗਾੜਾ ਨਹੀਂ ਸੀ ਵੱਜਾ। ਚੰਨ ਸਿਤਾਰਿਆਂ ਦੀਆਂ ਰੀਝਾਂ ਜਾਗਦੀਆਂ ਸਨ। ਇਹਨਾਂ ਹੀ ਰਾਹਾਂ ਨੇ ਸਾਡੇ ਸਮਿਆਂ ਦਾ ਇਕ ਮਧੁਰ ਗੀਤ ਬਣਨਾ ਸੀ। ਅਰਾਮ ਲਈ ਸੂਹਾ ਸੁਖ਼ਨ ਯਾਰੜੇ ਦੇ ਸੱਥਰ ਨੇ ਬਣ ਸਜਣਾ ਸੀ। ਮਹਿਬੂਬਾ ਦੇ ਹਾਜ਼ਿਰ ਪਲਾਂ ਨੇ ਕਾਹਲੇ ਪੈਣਾ ਸੀ ਜਾਣ ਲਈ। ਅਲਵਿਦਾ ਦੀਆਂ ਘੜੀਆਂ ਨੇ ਝੱਲ ਵਲੱਲ ਨਹੀਂ ਸੀ ਸਹੇੜਨਾ। ਸੂਹੇ ਅੰਗਿਆਰਾਂ ਤੇ ਸੱਜਰੇ ਚਾਅ ਨੇ ਨੱਚਣਾ ਸੀ ਖੱਲੋ ਕੇ ਅਜੇ। ਇਸ਼ਕ-ਏ-ਆਲਮ ਨੇ ਤੇਗ ਦੀ ਧਾਰ 'ਤੇ ਟੁਰ ਕੇ ਰਾਹ ਬਣਾਉਣੇ ਸਨ। ਰੂਹਾਂ ਨੂੰ ਸਦੀਵੀ ਜ਼ਖਮੀ ਸਦੀਆਂ ਦੇ ਸਰਾਪ ਲੱਗਣੇ ਸਨ।

ਕੁਹਰਾਮ ਦੀ ਹਵਾ ਨੇ ਵਗਣਾ ਸੀ। ਤੇ ਮੇਰੇ ਲਹੂ ਵਿਚ ਮਲ੍ਹ ਮਲ੍ਹ ਕੇ ਧੋਣੇ ਸਨ ਹੱਥ ਹੱਥਿਆਰੇ ਨੇ। ਨਵੇਂ ਰਾਹਾਂ ਨੇ ਬਣਨਾ ਸੀ ਕਿਸੇ ਬੇਗੁਨਾਹ ਫੁੱਲ ਪੱਤੀ ਦਾ ਰਾਗ। ਸਿੱਜਦੇ ਨਾ ਕਬੂਲਣ ਤੇ ਸੂਰਜਾਂ ਨੂੰ ਸਿਰ ਕਤਲ ਕਰਵਾਉਣੇ ਪੈਣੇ ਸਨ। ਇਲਹਾਮ ਹੋਣੇ ਸਨ ਮਰ ਰਹੀਆਂ ਚਿੜੀਆਂ ਦੀ ਚੀਂ ਚੀਂ ਦੇ ਪਹੁੰਚ ਰਹੇ ਸੁਨੇਹਿਆਂ ਦੇ ਹਾਰਾਂ ਵਿਚੋਂ।

ਇਹੋ ਜੇਹੀਆਂ ਵਿਲਕਦੀਆਂ ਸਤਰਾਂ ਰਾਤ ਦਿਨ ਅੱਖਾਂ ਵਿਚ ਦੀ ਨੇੜੇ ਹੋ ਹੋ ਲੰਘਦੀਆਂ ਸਨ। ਜਗਦੇ ਮੱਥਿਆਂ 'ਚ ਸੋਚਾਂ ਦੇ ਹੜ੍ਹ ਵਹਿੰਦੇ ਹੀ ਰਹਿੰਦੇ ਸਨ। ਮਿਹਨਤ ਤਾਂ ਸੀ ਪਰ ਬਦੇਸ਼ੀਂ ਵਸਣ ਦੇ ਸੁਫਨਿਆਂ ਦਾ ਮੁਕਾਬਲਾ ਅਜੇ ਵੀ ਆਪਣੇ ਦੇਸ਼ 'ਚ ਰਹਿਣ ਸਹਿਣ ਨਾਲ ਸੀ।
ਇਹ ਵਿਚਾਰ ਬਲਵੀਰ ਦਾ ਪਿੱਛਾ ਨਹੀਂ ਸਨ ਛੱਡ ਰਹੇ। ਉਹਨੇ ਸੁਪਨਮਈ ਅਰਸ਼ 'ਚ ਉਡਾਣ ਭਰੀ ਤੇ ਤਾਰਿਆਂ ਨਾਲ ਖੇਡਦਾ ਖੇਡਦਾ ਸੌਂ ਗਿਆ ਸੀ।

ਚਾਨਣੀ 'ਚ ਵੀ ਕਿਹੜੀ ਗੂੜ੍ਹੀ ਨੀਂਦ ਆਉਂਦੀ ਹੈ। ਬਾਕੀ ਜਗਦੇ ਟੁੱਟਦੇ ਤਾਰਿਆਂ ਦੇ ਸ਼ੋਰ ਵੀ ਕਿਹੜਾ ਸੌਂਣ ਦਿੰਦੇ ਨੇ ਰੱਜ ਰੱਜ ਕੇ। ਸੇਜ ਕਰਵਟਾਂ ਜੇ ਕੋਈ ਅੱਛੇ ਗੀਤ ਗਾਉਣ ਲਈ ਨਾ ਸਾਂਭਦੀਆਂ ਤਾਂ ਜ਼ਿੰਦਗੀ ਦੇ ਰੰਗਮੰਚ ਤੇ ਤੇਰੇ ਮੇਰੇ ਖਾਬ ਨਹੀਂ ਸੀ ਉੱਗਣੇ। ਦਫਨ ਹੋ ਜਾਣੇ ਸਨ ਕਿਤੇ ਜਨਮਦੇ ਸੁਫਨਿਆਂ ਦੇ ਸੁਰ। ਅਜਿਹਾ ਆਮ ਹੀ ਹੁੰਦਾ ਆਇਆ ਹੈ ਕੁਆਰੀਆਂ ਕੱਚੀਆਂ ਕਲੀਆਂ ਨਾਲ। ਮਹਕਿਦੇ ਫੁੱਲਾਂ ਤੇ ਬੁੱਲਾਂ ਨਾਲ। ਕਿੱਥੇ ਜਿਉਣ ਦਿੰਦੀ ਹੈ ਉਹਨਾਂ ਫੁੱਲ ਪੱਤੀਆਂ ਦੀ ਆਤਮਸਾਤਤਾ।

2. ਗਿਆਨ ਦੀ ਚੰਗਿਆਰੀ ਵਾਂਗ ਨਿੱਕਾ ਜੇਹਾ ਦੀਵਾ ਦੂਰ ਦੂਰ ਤੱਕ ਹਨੇਰਾ ਪੂੰਝ ਦਿੰਦਾ ਹੈ

ਬਲਵੀਰ ਦਾ ਮਨ ਸੁਫਨਿਆਂ ਲਈ ਲੋਚਦਾ ਸੀ। ਸੁਫਨੇ ਲੈਣੇ ਵੀ ਚਾਹੀਦੇ ਹਨ ਪਰ ਅਰਸ਼ ਵਰਗੇ ਜੇ ਹੋਣ ਤਾਂ। ਜੇ ਸੁਫਨੇ ਨਾ ਹੋਣ ਅੱਖਾਂ ਦੇ ਮੇਚਦੇ ਤਾਂ ਜ਼ਿੰਦਗੀ ਕਿੱਥੇ ਟੁਰਦੀ ਹੈ ਔਝੜ ਰਾਹਾਂ 'ਤੇ। ਇੰਜ ਹੀ ਸੁਫਨੇ ਖਤਮ ਕਰਕੇ ਬਲਵੀਰ ਨਹੀਂ ਸੀ ਮਿਟਣਾ ਚਾਹੁੰਦਾ। ਉਸ ਨੇ ਘਰ ਸਾਰਿਆਂ ਦੇ ਬੈਠਿਆਂ ਇਹ ਗੱਲ ਕਹੀ ਤੇ ਮਨ ਦੀਆਂ ਪਰਤਾਂ ਖੋਲ ਕੇ ਵਿਛਾਈਆਂ ਤਾਂ ਕਿ ਸਾਰੇ ਪੜ੍ਹ ਲੈਣ। ਟੁਰਦਿਆਂ ਹੀ ਲੱਭਦੀਆਂ ਨੇ ਮੰਜ਼ਿਲਾਂ। ਇਕ ਸ਼ਾਮ ਦੀਵੇ ਨਾ ਜਗਾਓ ਤਾਂ ਦਿਵਾਲੀ ਦੇ ਸੁਫਨੇ ਰਾਤਾਂ 'ਚੋਂ ਮਰ ਜਾਣਗੇ। ਇਹ ਕਿਹੜੀ ਜ਼ਿੰਦਗੀ ਹੋਈ ਜੇ ਫਿਰ ਸੱਖਣੀ ਹੋ ਜਾਵੇ ਸੋਚਾਂ ਤੇ ਸੁਫਨਿਆਂ ਤੋਂ।

ਤੁਸੀਂ ਆਪ ਹੀ ਦੇਖ ਲਓ ਏਨਾ ਪੜ੍ਹ ਲਿਖ ਕੇ ਵੀ ਯੂਨੀਵਰਸਿਟੀ ਦੀ ਨੌਕਰੀ ਕਰਦਿਆਂ,ਕੋਈ ਆਪਣੇ ਜਾਇਆਂ ਦੀ ਦਿਲ ਖੋਲ੍ਹ ਵੀ ਮੱਦਦ ਨਹੀਂ ਕਰ ਸਕਦਾ। ਕੀ ਕਰੋਗੇ ਇਹੋ ਜੇਹੀ ਪੜ੍ਹਾਈ ਦਾ ਜੋ ਚੰਗਾ ਰਹਿਣ ਸਹਿਣ ਤੇ ਜੀਵਨ ਆਨੰਦ ਹੀ ਨਾ ਦੇ ਸਕੇ। 30 ਸਾਲ ਗੁਆ ਮਸਾਂ ਹੀ ਟੁੱਕ ਜੋਗਾ ਹੁੰਦਾ ਹੈ ਬੰਦਾ। ਨਾਰਵੇ ਤੋਂ ਜਦ ਵੀ ਨਿੱਕੇ ਭਰਾ ਆਉਂਦੇ ਸਨ ਅੱਖਾਂ 'ਚ ਕਈ ਸੁਫਨੇ ਛੱਡ ਜਾਂਦੇ ਸਨ। ਝੰਜੋੜੇ ਹੋਏ ਪੱੱਛੇ ਹੋਏ ਪਲ ਬਹੁਤ ਹੀ ਮੁਸ਼ਕਲ ਨਾਲ ਸੌਂਦੇ ਸਨ।

ਉਹ ਖੁੱਲੇ ਖਰਚੇ ਕਰਦੇ ਤੇ ਵਧੀਆ ਛੁੱਟੀਆਂ ਬਿਤਾ ਚਲੇ ਜਾਂਦੇ। ਜਦ ਜੇਬ 'ਚ ਕੁਝ ਹੋਵੇ ਤਾਂ ਹੀ ਸੋਭਾ ਘਰ ਬਾਹਰ ਹੁੰਦੀ ਹੈ। ਪੈਸੇ ਬਿਨ ਕਿਤੇ ਨਹੀਂ ਗਤ ਬਾਕੀ ਸਭ ਗੱਲਾਂ ਹੀ ਨੇ। ਉਹ ਹੋਰ ਨੇ ਜੋ ਮਾਇਆ ਤੋਂ ਦੂਰ ਰਹਿਣਾ ਦੱਸਦੇ ਹਨ ਪਰ ਉਹ ਆਪ ਸਾਰੀ ਉਮਰ ਲੋਕਾਂ ਤੋਂ ਹੀ 'ਕੱਠੀ ਕਰ ਕਰ ਸਾਂਭਦੇ ਰਹਿੰਦੇ ਹਨ। ਬਾਅਦ 'ਚ ਪਾਜ ਖੁੱਲਦੇ ਨੇ ਇਹੋ ਜੇਹਿਆਂ ਦੇ।

ਤੁਸੀਂ ਹਰ ਵੇਲੇ ਸਾਨੂੰ ਦੋਹਾਂ ਜੀਆਂ ਨੂੰ ਹੀ ਕੋਸਦੇ ਰਹਿੰਦੇ ਹੋ ਬਲਵੀਰ ਨੇ ਬੀਜੀ ਨੂੰ ਕਹਿਣਾ। ਬੰਦੇ ਨੇ ਆਪ ਵੀ ਰਹਿਣਾ ਹੈ ਫਿਰ ਘਰ ਵੀ ਚਾਹੀਦਾ ਹੈ ਰਹਿਣ ਨੂੰ। ਬੰਦੇ ਨੂੰ ਉੱਚ ਪੜਾਈ ਦੇ ਚੱਕਰ 'ਚ ਹੀ ਨਹੀਂ ਗਿੜਨਾ ਚਾਹੀਦਾ ਦਸਵੀਂ ਤੋਂ ਬਾਅਦ ਹੀ ਕੋਈ ਨਿੱਕਾ ਮੋਟਾ ਆਪਣਾ ਕੰਮ ਸ਼ੁਰੂ ਕਰ ਲੈਣਾ ਚਾਹੀਦਾ ਹੈ। ਉਹ ਬਹੁਤ ਹੀ ਸਮਝਦਾਰੀ ਨਾਲ ਕਹਿੰਦਾ ਪਰ ਓਸ ਵੇਲੇ ਸੁਣਦਾ ਵੀ ਨਹੀਂ ਕੋਈ। ਕੁੱਝ ਨਹੀਂ ਰੱਖਿਆ ਪੜ੍ਹਾਈਆਂ 'ਚ। ਪੈਸਾ ਹੀ ਹੈ ਸਭ ਕੁੱਝ ਦੁਨੀਆਂ 'ਚ। ਕਿਸੇ ਨੂੰ ਦਿੰਦੇ ਰਹੋ ਤਾਂ ਠੀਕ ਹੈ ਨਹੀਂ ਤਾਂ ਏਥੇ ਕੋਈ ਨਹੀਂ ਹੈ ਆਪਣਾ। ਸਾਰੇ ਹੀ ਦੌਲਤ ਦੀ ਭੁੱਖ ਲੈ ਕੇ ਜੀਅ ਰਹੇ ਨੇ ਇਹ ਕੁੱਖਾਂ। ਸੀਨਿਆਂ ਨੂੰ ਦੁੱਖ ਲੱਗੇ ਨੇ ਗਰਜਾਂ ਦੇ। ਕਿਸੇ ਨੂੰ ਕੋਈ ਬਿਨ ਮਤਲਬ ਪਛਾਨਣੋ ਹੀ ਹਟ ਗਿਆ ਹੈ। ਇਹਨਾਂ ਹੀ ਸੋਚਾਂ 'ਚ ਡੁੱਬਿਆ ਬਲਵੀਰ ਕੋਈ ਬਾਹਰ ਦਾ ਹੀ ਹੱਲ ਕੱਢਦਾ ਰਹਿੰਦਾ ਸੀ।

ਪਤਾ ਲੱਗਾ ਇਕ ਖਬਰ ਤੋਂ ਕਿ ਜਿੱਥੇ ਅਮਰੀਕਾ ਨੇ ਵੀਜ਼ਾ ਨਿਯਮ ਸਖਤ ਕਰਨ ਬਾਰੇ ਪ੍ਰਸਤਾਵ ਤਿਆਰ ਕੀਤਾ ਹੈ। ਉਥੇ ਹੀ ਬ੍ਰਿਟੇਨ ਨੇ ਭਾਰਤੀ ਨਾਗਰਿਕਾਂ ਲਈ ਆਪਣੇ ਦਰਵਾਜ਼ੇ ਖੋਲ੍ਹੇ ਸਨ। ਇਸੇ ਤਹਿਤ ਬ੍ਰਿਟੇਨ ਜਾਣ ਵਾਲੇ ਭਾਰਤੀ ਨਾਗਰਿਕਾਂ ਦੇ ਵੀਜ਼ਾ 'ਚ ਪਿਛਲੇ ਸਾਲ ਦੇ ਮੁਕਾਬਲੇ 9 ਫੀਸਦੀ ਦਾ ਵਾਧਾ ਹੋਇਆ ਹੈ ਜਦ ਕਿ ਵਿਦਿਆਰਥੀਆਂ ਦੇ ਵੀਜ਼ੇ 'ਚ 27 ਫੀਸਦੀ ਵਾਧਾ ਹੋਇਆ ਹੈ। ਰਿਪੋਰਟ 'ਚ ਕਿਹਾ ਗਿਆ ਸੀ ਕਿ ਇਸ ਸਾਲ ਸਤੰਬਰ ਤੱਕ 5 ਲੱਖ 17 ਹਜ਼ਾਰ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਮਿਲਿਆ ਜੋ ਪਿਛਲੇ ਸਾਲ ਨਾਲੋਂ 9 ਫੀਸਦੀ ਵਧੇਰੇ ਸਨ।

ਇਸ 'ਚ 4 ਲੱਖ 27 ਹਜ਼ਾਰ ਲੋਕਾਂ ਨੂੰ ਸੈਰ-ਸਪਾਟਾ ਵੀਜ਼ਾ ਮਿਲਿਆ। ਇਸ 'ਚ 11 ਫੀਸਦੀ ਦਾ ਵਾਧਾ ਹੋਇਆ। ਪਿਛਲੇ ਸਾਲ 14 ਹਜ਼ਾਰ ਵਿਦਿਆਰਥੀਆਂ ਨੂੰ ਵੀਜ਼ਾ ਦਿੱਤਾ ਗਿਆ, ਜੋ 27 ਫੀਸਦੀ ਵਧੇਰੇ ਸਨ। ਉੱਥੇ ਹੀ ਘੱਟ ਮਿਆਦ ਵਾਲਾ ਵੀਜ਼ਾ 5 ਹਜ਼ਾਰ ਵਿਦਿਆਰਥੀਆਂ ਨੂੰ ਮਿਲਿਆ, ਜਦੋਂ ਕਿ 53 ਹਜ਼ਾਰ ਲੋਕਾਂ ਨੂੰ ਕੰਮ ਲਈ ਵੀਜ਼ਾ ਮਿਲਿਆ। ਇਸ ਨਾਲ ਸਪੱਸ਼ਟ ਹੈ ਕਿ ਬ੍ਰਿਟੇਨ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਦੇਣ 'ਤੇ ਅਮਰੀਕਾ ਵਰਗੀ ਸਖਤੀ ਨਹੀਂ ਵਰਤ ਰਿਹਾ ਸੀ।

ਭਾਰਤ-ਬ੍ਰਿਟੇਨ ਦੇ ਸੰਬੰਧਾਂ ਲਈ ਇਹ ਵਧੀਆ ਸਮਾਂ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਹੋਰ ਦੇਸ਼ਾਂ ਨਾਲ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਗੱਲ ਵੀ ਆਖੀ ਹੈ ਅਤੇ ਇਸ ਦਾ ਸਬੂਤ ਇਹ ਅੰਕੜੇ ਦੱਸ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵੀਜ਼ੇ ਲਈ ਵਿਦਿਆਰਥੀਆਂ ਦੀਆਂ 90 ਫੀਸਦੀ ਅਰਜ਼ੀਆਂ 15 ਦਿਨ 'ਚ ਨਜਿੱਠ ਦਿੱਤੀਆਂ ਜਾਂਦੀਆਂ ਹਨ। ਬ੍ਰਿਟੇਨ ਚਾਹੁੰਦਾ ਹੈ ਕਿ ਵੱਧ ਤੋਂ ਵੱਧ ਭਾਰਤੀ ਲੋਕ ਪੜ੍ਹਾਈ, ਵਪਾਰ ਕਰਨ ਅਤੇ ਘੁੰਮਣ ਲਈ ਆਉਣ।

ਬਹੁਤੇ ਬੁਲਾਰੇ ਧਰਮਾਂ ਮਜਹਬਾਂ ਦੇ ਪਿੱਛੇ ਲਾ ਵਿਹਲੜ ਹੀ ਪੈਦਾ ਕਰਦੇ ਹਨ। ਲੋਕ ਏਥੇ ਭਗਤੀ ਜਰੀਏ ਮੁਕਤੀਆਂ ਮੌਤਾਂ ਨਹੀਂ ਭਾਲਣ ਆਉਂਦੇ। ਘਰ ਵਿਚ ਬਰਕਤਾਂ ਦੇ ਢੇਰ ਸਦਾ ਕਾਰ ਕਰਨ ਨਾਲ ਹੀ ਲੱਗਦੇ ਹਨ। ਵਿਗੜੇ ਕੰਮ ਸੁਲਝਾਉਣ ਨਾਲ ਹੀ ਸੰਵਰਦੇ ਹਨ। ਜਨਮਾਂ ਜਨਮਾਂ ਦੀ ਕੋਈ ਮੈਲ ਨਹੀਂ ਹੁੰਦੀ ਨਾ ਹੀ ਕਿਸੇ ਭਗਤੀ ਦੀ ਚੌਕੜੀ ਨਾਲ ਲੱਥਦੀ ਹੈ। ਜੂਨਾਂ ਕੁਝ ਵੀ ਨਹੀਂ ਹੁੰਦੀਆਂ ਸਭ ਭੁੱਲੇਖੇ ਨੇ। ਦੁੱਖ ਦਲਿੱਦਰ ਦੂਰ ਹੁੰਦੇ ਹਨ ਮਿਹਨਤਾਂ ਨਾਲ ਕਸਰਤ ਅਤੇ ਅੱਛੇ ਅਹਾਰ ਨਾਲ।

ਨਾਮ ਧਿਆਨ ਸਿਮਰਨ ਸੱਭ ਮੌਤ ਕੁਕਰਮ ਤੋਂ ਡਰਾ ਧਮਕਾ ਕੇ ਲੁੱਟਣ ਦਾ ਹੀ ਸੁਧਰਿਆ ਤਰੀਕਾ ਹੈ। ਜਿਸ ਕਰਕੇ ਸੁਣਨ ਵਾਲੇ ਉਲਝਾ ਲਏ ਜਾਂਦੇ ਹਨ। ਹਰ ਕੋਈ ਆਖਦਾ ਹੈ ਕਿ ਰੱਬ ਰੱਬ ਕਰੋ ਜੋ ਕਿ ਅੰਧਵਿਸ਼ਵਾਸ ਦਾ ਹੀ ਇਕ ਰਾਹ ਦਰਸਾਇਆ ਜਾਂਦਾ ਹੈ। ਸੱਭ ਫਰੇਬੀ ਪਾਖੰਡੀ ਹਨ ਅਜਿਹੀਆਂ ਪੈੜਾਂ ਤੇ ਤੁਰਨਾ ਦੱਸਣ ਵਾਲੇ। ਏਨੇ ਵਿਹਲੜ ਸਿਰ ਘੁਮਾਉਣ ਵਾਲੇ ਜੇ ਕਿਤੇ ਇਹ ਦਿਮਾਗ ਦੀਆਂ ਫੈਕਟਰੀਆਂ ਆਪਣੇ ਨਿੱਜੀ ਨਿੱਕੇ ਧੰਦਿਆਂ 'ਚ ਲਾਉਣ ਤਾਂ ਦੇਸ਼ ਦੇ ਬਾਰੇ ਨਿਆਰੇ ਹੋ ਜਾਣ। ਕੋਈ ਦਲਾਲਾਂ ਜਲਾਦਾਂ ਦੇ ਮਗਰ ਲੱਗ ਸਮੁੰਦਰਾਂ 'ਚ ਡੁੱਬਣ ਲਈ ਨਾ ਜਾਵੇ।

ਇਹ ਪੜ੍ਹ ਕੇ ਬਲਵੀਰ ਦੇ ਮਨ 'ਚ ਹੋਰ ਉਤਸ਼ਾਹ ਵਧ ਗਿਆ ਤੇ ਲੱਗ ਗਿਆ ਮਨ 'ਚ ਹੀ ਹੋਰ ਖੁਸ਼ ਹੋਣ ਜਿੱਦਾਂ ਨਾਨਕਿਆਂ ਨੂੰ ਜਾਣ ਦਾ ਚਾਅ ਚੜਦਾ ਹੈ। ਮਾਮੀਆਂ ਮਾਮਿਆਂ ਦਾ ਅਥਾਹ ਪਿਆਰ ਮਿਲਦਾ ਹੈ। ਹੁਣ ਗੱਲ ਸੀ ਤਾਂ ਪੈਸਿਆਂ ਦੀ, ਪਾਸਪੋਰਟ ਤੇ ਬਾਹਰ ਕਿਸੇ ਤਰ੍ਹਾਂ ਕੋਰਸ ਵਿਚ ਦਾਖਲੇ ਦੀ ਜਾਂ ਹੋਰ ਜੁਗਾੜ ਦੀ। ਪਰ ਉਹ ਤਾਂ ਪਹਿਲਾਂ ਹੀ ਪੜਿਆ ਹੋਇਆ ਸੀ-ਦੇਖਦੇ ਆਂ ਏਸੇ ਦੇ ਸਿਰ 'ਤੇ ਹੀ ਅਰਜ਼ੀ ਦੇ ਕੇ!

ਲੈ ਹੁਣ ਪਤਾ ਲੱਗੂ ਕਿ ਫਲਾਣੇ ਦਾ ਮੁੰਡਾ ਵੀ ਬਾਹਰ ਚੱਲਿਆ ਪੜ੍ਹਨ ਜਾਂ ਫਿਰ ਕਹੋ ਕਿ ਰਾਤ ਦਿਨ ਪਲ ਪਲ ਮਰਨ। ਭਲੇ ਵੇਲੇ 'ਚ ਮਹਾਤਮਾ ਗਾਂਧੀ ਗਿਆ ਸੀ ਕਹਿੰਦੇ ਅਫਰੀਕਾ 'ਚ ਪੜ੍ਹਨ। ਆਪਾਂ ਵੀ ਕਿਹੜੇ ਘੱਟ ਆਂ ਮਹਾਤਮਾ ਗਾਂਧੀ ਤੋਂ। ਅੱਜਕਲ ਜੇ ਇਕ ਦਿਨ ਹੀ ਅਮਰੀਕਾ ਕਨੇਡਾ ਜਾਂ ਫਿਰ ਆਸਟ੍ਰੇਲੀਆ ਖੋਲ੍ਹ ਦੇਣ ਪੰਜਾਬ 'ਚ ਕੋਈ ਬਾਪੂ ਬੇਬੇ ਵੀ ਨਾ ਰਹੇ ਤੇ ਕਹੇ ਕਿ ਅਸੀਂ ਵੀ ਨਾਲ ਹੀ ਚੱਲਦੇ ਹਾਂ ਫਿਰ ਕਿਹੜਾ ਆਉਂਦਾ ਰਹੂ ਕੱਲਾ ਕਹਿਰਾ। ਪਰ ਕਹਿੰਦੇ ਹਨ ਕਿ ਹਵਾਈ ਅੱਡੇ ਦੇ ਕਰਮਚਾਰੀ ਬਿਨ ਕਾਗਜ਼, ਟਿਕਟ ਦੇਖ ਆਪ ਹੀ ਪ੍ਰਾਹੁਣਿਆਂ ਵਾਂਗ ਬਿਠਾ ਬਦਲਾ ਦਿੰਦੇ ਨੇ ਜਾਣ ਵਾਲੇ ਜਹਾਜ ਦੀ ਫਲਾਈਟ 'ਚ। ਸਾਡੀ ਬੀਬੀ ਤਾਂ 'ਜੈਸ' 'ਨੋ' ਸਿੱਖ ਕੇ ਹੀ ਨਾਰਵੇ ਵਲੈਤ ਘੁੰਮ ਆਈ ਸੀ-ਬਲਵੀਰ ਦੱਸਦਾ।

ਨਹੀਂ ਜੋ ਕੁੱਝ ਪੱਲੇ ਹੈ ਤਾਂ ਇਸ ਤੇ ਹੀ ਕਰਦੇ ਆਂ ਕੋਸ਼ਿਸ਼ ਬਲਵੀਰ ਸੋਚਦਾ ਸੋਚਦਾ ਘਰਵਾਲੀ ਨਾਲ ਸਲਾਹ ਕਰਦਾ। ਕਹਿੰਦੇ ਨੇ ਓਥੇ ਕੁਝ ਸਮਾਂ ਟੈਕਸੀ ਚਲਾ ਕੇ ਵੀ ਕੰਮ ਰਿੜ ਪੈਂਦਾ ਹੈ। ਨਾਲ-ਨਾਲ ਐਜੂਕੇਸ਼ਨ ਡਿਗਰੀ ਹੋਰ ਹਾਸਿਲ ਕਰ ਲਵਾਂਗੇ। ਸਮੇਂ ਦਾ ਨਾਂ ਹੀ ਸੰਘਰਸ਼ ਹੈ। ਪੜ੍ਹਾਉਣ ਦੀ ਨੌਕਰੀ ਨਹੀਂ ਤਾਂ ਕੁਝ ਆਪਣਾ ਕਾਰੋਬਾਰ ਹੀ ਕਰ ਲਵਾਂਗੇ। ਬੈਂਕ ਮੈਨੇਜਰ ਬਰਾੜ ਦੇ ਕਹਿਣ ਵਾਂਗੂ-ਅਖੇ ਡਾ ਸਾਹਿਬ ਬਾਹਰ ਲੈ ਚੱਲੋ ਸਈ ਇਕ ਵਾਰ-ਟੋਕਰੀ ਵੀ ਢੋਹ ਲਵਾਂਗੇ ਓਥੇ।

ਕਹਿੰਦੇ ਨੇ ਕਿ ਓਥੇ ਸੜਕਾਂ ਕਿਨਾਰਿਆਂ ਨੂੰ ਸੰਵਾਰ ਖਿੱਚ ਕੇ ਜਿਵੇਂ ਬਣਾਈਆਂ ਹੋਈਆਂ ਹੋਣ। ਨਾ ਕਿਤੇ ਗੰਦ ਨਾ ਕਚਰਾ। ਸ਼ਹਿਰੀ ਇਮਾਰਤਾਂ ਦੇ ਮੱਥੇ ਬੱਦਲਾਂ 'ਚ ਪਹੁੰਚੇ ਹੁੰਦੇ ਹਨ! ਕਾਰਾਂ ਇੰਜ ਜਾਪਦੀਆਂ ਜਿਵੇਂ ਅੱਜ ਹੀ ਵਿਆਹ ਕੇ ਲਿਆਂਦੀ ਬਹੂ ਵਰਗੀਆਂ ਹੋਣ। ਏਡੀਆਂ ਏਡੀਆਂ ਕਾਰਾਂ ਮੁੰਡੇ ਲਈ ਫਿਰਦੇ ਹਨ ਜਿੱਡੀਆਂ ਸਾਡੇ ਰਾਸ਼ਟਰਪਤੀ ਕੋਲ ਹੁੰਦੀਆਂ ਨੇ। ਟਰੱਕ ਏਡੇ ਏਡੇ ਜਿਵੇਂ 6-6 ਦੁਕਾਨਾਂ ਨੂੰ ਜੋੜ ਜੋੜ ਕੇ ਸੜਕ ਉੱਪਰ ਰੋੜ ਕੇ ਛੱਡਿਆ ਹੋਵੇ। ਸਭ ਕੁਝ ਦੇਖਾਂਗੇ ਤੇ ਮਾਣਾਂਗੇ। ਇਕ ਵਾਰ ਵੀਜ਼ਾ ਆ ਲੈਣ ਦੇ ਹੱਥ 'ਚ ਫੇਰ ਕਰਾਂਗੇ ਪਿੰਡ ਦੇ ਵਲੈਤੀਆਂ ਨਾਲ ਗੱਲਾਂ।

3. ਪਿਆਰ ਦੀ ਇਕ ਗੱਲ ਨਾਲ ਉਮਰ ਭਰ ਦਾ ਰਿਸ਼ਤਾ ਜੁੜ ਜਾਂਦਾ ਹੈ

ਹਰੇਕ ਮਨ ਵਿਚ ਘਰ ਦੀ ਤੀਬਰ ਇੱਛਾ ਹੁੰਦੀ ਹੈ। ਹੌਲੀ ਹੌਲੀ ਬਲਵੀਰ ਨੇ ਵੀ ਘਰ ਉਸਾਰਿਆ ਪਰ ਚਾਹਤ ਕਿੱਥੇ ਪੂਰੀ ਹੁੰਦੀ ਹੈ ਬਿਨ ਖੁੱਲੀ ਲੱਛਮੀ ਦੇ। ਆਲੇ ਦੁਆਲੇ ਗਵਾਂਢੀਆਂ ਨੂੰ ਲੱਗਾ ਕਿ ਕੋਈ ਅਮੀਰ ਮੋਟਾ ਬੰਦਾ ਲੱਗਦਾ ਹੈ ਕਿਤੇ ਸਾਡੇ ਤੋਂ ਵੱਡਾ ਘਰ ਪਾ ਸਾਨੂੰ ਹੀ ਨਾ ਨੀਵਾਂ ਕਰ ਦੇਵੇ। ਵਿਹੜੇ 'ਚ ਕੋਰੀਅਨ ਘਾਹ ਲਾ ਕੇ ਕੁੱਤਾ ਵੀ ਪੁਮੇਰੀਅਨ ਰੱਖ ਲਿਆ ਜੋ ਕਿ ਕਿਸੇ ਨੇ ਗਲੋਂ ਲਾਹਿਆ ਸੀ। ਏਹੀ ਸ਼ੌਕ ਹੁੰਦੇ ਨੇ ਅਮੀਰਾਂ ਰਾਠਾਂ ਤੇ ਧਨਾਢ ਲੋਕਾਂ ਦੇ। ਪਰ ਜਦ ਦੋ ਕੁ ਕਮਰੇ ਪਾ ਬਿਜਲੀ ਪਾਣੀ ਚਾਲੂ ਕਰਾ ਸਿਰ ਢਕਿਆ ਤਾਂ ਲੱਛਮੀ ਜੀ ਨਾ ਕਿਤੇ ਦਿਸਿਆ ਕਰੇ। ਗਵਾਂਢੀ ਜਿਹੜੇ ਡਰਦੇ ਸਨ ਜ਼ਰਾ ਆਰਾਮ ਨਾਲ ਸਾਹ ਲੈਣ ਲੱਗ ਪਏ। ਗੱਲ ਕੀ ਗਵਾਂਢੀਆਂ ਨੂੰ ਨੀਂਦ ਆਉਣ ਲੱਗ ਪਈ ਸੀ ਸਾਡੀਆਂ ਤਰੱਕੀਆਂ ਦੇਖ ਦੇਖ ਕੇ।

ਬਲਵੀਰ ਕਿਸੇ ਦੀ ਵੀ ਪ੍ਰਵਾਹ ਨਹੀਂ ਸੀ ਕਰਦਾ । ਕਿਸੇ ਨੇ ਕਿਹੜੀ ਮਦਦ ਕਰ ਦੇਣੀ ਸੀ। ਉਹਨਾਂ ਨੇ ਆਪਣੇ ਆਪ ਹੀ ਸਮਝੌਤਾ ਕਰ ਸਮਾਨ ਲਿਆ ਸਜਾਇਆ। ਜਦ ਲੱਛਮੀ ਜੇਬ 'ਚੋਂ ਕੂਚ ਕਰ ਗਈ ਦੁਕਾਨਦਾਰਾਂ ਨੇ ਉਧਾਰ ਬੰਦ ਕਰ ਦਿਤਾ ਤਾਂ ਯਾਰਾਂ ਨੇ ਰੋੜੀ ਕੁੱਟ ਕੇ ਘੋਲੂਆ ਪਾ ਦਿਤਾ। ਦਰਵਾਜ਼ਿਆਂ ਦੀ ਜਗਾ ਇੱਟਾਂ ਨਾਲ ਬੰਦ ਕਰਵਾ ਦਿੱਤੀ ਤੇ ਕੱਲ੍ਹੇ ਜਾਲੀਦਾਰ ਪੱਲੇ ਲਗਵਾ ਕੇ ਠੰਡੀਆਂ ਹਵਾਵਾਂ ਮਾਨਣ ਲੱਗ ਪਏ। ਅੰਦਰ ਕਿਹੜਾ ਝਾਕਦਾ ਹੈ ਓਪਰਾ ਬੰਦਾ ਕਿ ਕਿੱਥੇ ਕਿੱਥੇ ਚਿੱਟਾ ਮਰਮਰ ਲੱਗਾ ਹੈ। ਉਹਨੂੰ ਘਾਹ ਤੇ ਬਿਠਾ ਦੇਈਦਾ ਸੀ ਕਿ ਅੰਦਰ ਅਜੇ ਮਾਰਬਲ ਗਿੱਲਾ ਹੈ। ਰਗੜਾਈ ਹੋਣ ਵਾਲੀ ਹੈ। ਸਟੋਰ ਨੂੰ ਰਸੋਈ ਬਣਾ ਪਰੌਂਠੇ ਪੱਕਣ ਲੱਗ ਪਏ। ਬਗੀਚੇ 'ਚ ਸਬਜ਼ੀਆਂ ਆਰਗੈਨਿਕ । ਬਸ ਫਿਰ ਕੀ ਸੀ ਰਾਤ ਦਿਨ ਨਜ਼ਾਰੇ ਆਉਣ ਲੱਗ ਪਏ । ਕਿਸੇ ਭੜੂਏ ਨੂੰ ਕੋਈ ਕਿਰਾਇਆ ਨਹੀਂ ਸੀ ਦੇਣਾ ਪੈਣਾ। ਕਿਸੇ ਘਰ ਮਾਲਕ ਦੀ ਰੋਕ ਟੋਕ ਨਹੀਂ ਸੀ।
ਤੇ ਫਿਰ ਇਕ ਦਿਨ ਓਹੀ ਵਿਹੜਾ ਸੀ ਤੇ ਮਾਂ ਚੇਤੇ 'ਚ ਆ ਗਈ.....ਲਿਖਦਿਆਂ ਲਿਖਦਿਆਂ ਡੁੱਬਣ ਲੱਗ ਪਿਆ ਸੀ ਬਲਵੀਰ ਨੀਲੇ ਸਮੁੰਦਰ ਦੀਆਂ ਨੀਲੀਆਂ ਨੀਲੀਆਂ ਲਹਿਰਾਂ 'ਚ-

ਮਾਂ ਖੁੱਲੀ ਕਿਤਾਬ,
ਸੁਰੀਲਾ ਜੇਹਾ ਗੀਤ ਮਾਂ
ਮਾਂ ਹੈ ਪਿੰਡ ਹੈ
ਛਾਂ ਹੈ ਮਾਂ ਹੈ-
ਵੱਡਾ ਵਿਹੜਾ ਬੋਹੜ ਦੀ ਸੰਘਣੀ ਛਾਂ
ਅਸੀਸਾਂ ਦਾ ਚਸ਼ਮਾ ਕਲਪ ਬਿਰਖ,
ਤਿਆਗ ਮੁਜੱਸਮਾ, ਤਪਸਵੀ ਦੁਖ ਜਫ਼ਰ ਜਾਲਣੀ
ਵੱਡਾ ਰੱਬ
ਬਿਰਹੋਂ ਦਾ ਤੀਰਥ ਸਵਰਗ ਨਾਲੋਂ ਉੱਤਮ
ਫਰਿਸ਼ਤਾ ਰੂਪ

ਓਸ ਵਿਹੜੇ ਛਾਂ ਨਹੀਂ ਹੁੰਦੀ
ਜਿਸ ਘਰ ਲੋਕੋ ਮਾਂ ਨਹੀਂ ਹੁੰਦੀ
ਨਿੱਘ ਕੁਰਬਾਨੀ ਅਤੇ ਪਿਆਰ ਦਾ ਅਹਿਸਾਸ ਓਦੋਂ ਹੁੰਦਾ ਹੈ
ਜਦ ਉਹ ਵਿਛੜ ਜਾਂਦੀ ਹੈ
ਮਾਂ ਸੱਭ ਤੋਂ ਵੱਡੀ ਸੰਸਥਾ
ਵਿਸ਼ਵ ਪ੍ਰਸਿੱਧ ਨਜ਼ਾਰਾ ਓਹਦਾ ਇਕ ਚੁੰਮਣ

ਸੰਤ ਭਗਤੀਂ ਮਾਂ ਗੁਰੂ, ਪੀਰ, ਪੈਗ਼ੰਬਰ
ਹੁਣ ਕਦੋਂ ਆਵੇਂਗਾ ਪੁੱਤ? ਕਹਿੰਦੀ ਹੁੰਦੀ ਸੀ -
ਮਾਂ ਨੂੰ ਕਬਰਾਂ ਦੇ ਰਾਹ ਟੁਰ ਗਈ ਨੂੰ ਸੱਤ ਸਾਲ ਹੋ ਚੁੱਕੇ ਹਨ-
ਫ਼ੋਨ ਦੀ ਤਾਰ ਕੱਟੀ ਗਈ ਹੈ-
ਮਾਂ ਸਦਕਾ ਖੁੱਲ੍ਹੇ ਰਹਿਣ ਵਾਲੇ ਦਰ ਬੰਦ ਹੋ ਗਏ ਹਨ ਹੁਣ
ਦੋਸਤੋ! ਬਹੁਤ ਮੁਸ਼ਕਲ ਹੁੰਦਾ ਏ ਮੁਖ਼ਾਤਿਬ ਹੋਣਾ ਬੰਦ ਬੂਹਿਆਂ ਨੂੰ
ਤੇ ਜਾਂ ਦਰਾਂ ਦੀ ਉਡੀਕ ਬਣ ਕੇ
ਸਦਾ ਲਈ ਦੂਰ ਤੁਰ ਗਈਆਂ ਮਾਵਾਂ ਦੇ ਮੂਕ ਰੁਦਨ ਨੂੰ ਸੁਣਨਾ
ਮਾਰਗ ਦਰਸ਼ਕ, ਸਭ ਤੋਂ ਵੱਡਾ ਰਹਿਨੁਮਾ-
ਪੁੱਤਾਂ ਦੇ ਰਾਹਾਂ ਚੋਂ ਕੰਡੇ ਚੁਗ ਕੇ ਆਪਣੇ ਪੋਟਿਆਂ ਨੂੰ ਪੀੜਾ ਕਰਨ ਵਾਲੀ
ਮਲੂਕ ਪੈਰਾਂ ਹੇਠ ਤਲੀਆਂ ਧਰਨ ਵਾਲੀ-
ਲਾਡਲਿਆਂ ਨੂੰ ਰੋੜਾਂ ਦੀ ਚੁਭਣ ਤੋਂ ਬਚਾਉਣ ਲਈ

ਸਭ ਤੋਂ ਵੱਡੀ ਸੁਪਨਸਾਜ਼ ਬੱਚਿਆਂ ਦੀ
ਨੈਣਾਂ ਵਿਚ ਸੁਪਨੇ ਧਰਦੀ,
ਲੋੜਾਂ ਥੋੜਾਂ ਦੀ ਪ੍ਰਵਾਹ ਕੀਤੇ ਬਿਨਾਂ -ਬੱਚਿਆਂ ਦੇ ਚਾਅ ਪੂਰੇ ਕਰਦੀ-
ਸਭ ਤੋਂ ਵੱਡੀ ਖ਼ੈਰ-ਖਵਾਹ,
ਚੜ੍ਹਦੀ ਕਲਾ ਲਈ ਅਰਦਾਸਾਂ ਕਰਦੀ ਸੁੱਖਾਂ ਮੰਗਦੀ,
ਟੁੱਟਦੇ ਸਾਹਾਂ ਦੀ ਅਉਧ ਹੰਢਾਉਂਦਿਆਂ ਵੀ,
ਬੱਚਿਆਂ ਦੀ ਲੰਮੀ ਉਮਰ ਦੀ ਦੁਆ ਕਰਦੀ ਧਰਤ
ਪਿਆਰ ਹਮਦਰਦੀ ਦੇ ਫ਼ੈਹੇ ਧਰਦੀ-ਜ਼ਖ਼ਮਾਂ 'ਤੇ
ਮੋਹ ਦੀਆਂ ਟਕੋਰਾਂ ਕਰਦੀ,ਦਰਦ ਹਰਦੀ ਸਿੰਮਦੀ ਪੀੜ 'ਤੇ
ਕੁਦਰਤ ਦੀ ਮਹਾਨ ਕਿਰਤ, ਤਹਿਜ਼ੀਬ ਦੀ ਅਣਮੋਲ ਦਾਤ,
ਧਰਤ ਦੇ ਵਿਹੜੇ 'ਚ ਸਿਤਾਰਿਆਂ ਦੀ ਪਰਾਤ
ਜੋ ਨਿੱਘ ਤਰੌਂਕੇ, ਰਿਸ਼ਮਾਂ ਵੰਡੇ, ਸੁਖਨ ਦੀ ਰਿਮਝਿਮ-
ਆਪਣਾ-ਆਪਾ- ਜਾਇਆਂ ਤੋਂ ਵਾਰੇ-
ਮੰਜ਼ਲਾਂ ਦੀ ਪ੍ਰਾਪਤੀ ਦਾ ਅਹਿਦ ਮਾਨਵਤਾ ਦਾ ਸਭ ਤੋਂ ਵੱਡਾ ਤੋਹਫ਼ਾ,
ਜੀਵਨ-ਜਾਚ ਦੀ ਪਾਠਸ਼ਾਲਾ,
ਜਿੰਦਗੀ ਦੀ ਸੁਚੱਜੀ ਵਿਚਾਰਧਾਰਾ-ਨਿਮਰਤਾ ਦਾ ਮੁਜੱਸਮਾ

ਉਹ ਹੋਵੇ ਘਰ ਉਡੀਕਣ- ਘੂਰੀਆਂ-ਝਿੜਕਾਂ ਦੇ ਪਲ ਮੁੜ ਜਿਊਣ
ਗ਼ੈਰ-ਹਾਜ਼ਰੀ ਵਿਚ ਦਰ ਉਦਾਸ ਹੋ ਜਾਣ
ਉਡੀਕ ਖਤਮ ਹੋ ਜਾਵੇ-ਸਿਵਾ ਸੇਕਣਾ ਵੀ ਨਸੀਬ ਨਾ ਹੋਵੇ
ਮੜੀਆਂ ਦੀ ਰਾਖ਼ ਫਰੋਲਣ ਜੋਗੇ ਰਹਿ ਜਾਣ ਪੁੱਤ-

ਨਾਲ ਹੀ ਰੁਖ਼ਸਤ ਹੋ ਜਾਂਦੀਆਂ ਨੇ ਦਾਤਾਂ ਦੀਆਂ ਕਣੀਆਂ,
ਬੁੱਝ ਜਾਂਦੇ ਨੇ ਰਹਿਮਤਾਂ ਦੇ ਚਿਰਾਗ -ਜਦ ਟੁਰ ਜਾਵੇ-
ਕੰਬਣ ਲਗ ਜਾਣ ਹੱਥਾਂ ਨਾਲ ਦਿੱਤੀਆਂ ਅਸੀਸਾਂ-

ਜਦ ਬੋਲ ਯਾਦ ਆਉਂਦੇ ਨੇ ਤਾਂ ਮਨ-ਮਮਟੀ 'ਤੇ ਚਿਰਾਗ ਜਗਦਾ ਹੈ-
ਪੁੱਤ ਭੁੱਖ ਤਾਂ ਨਹੀਂ ਲੱਗੀ, ਵੇਲੇ ਸਿਰ ਰੋਟੀ ਖਾ ਲਿਆ ਕਰ
ਨੀਂਦ ਪੂਰੀ ਜ਼ਰੂਰ ਕਰਿਆ ਕਰ'-
ਆਪਣੀ ਸਿਹਤ ਦਾ ਖਿਆਲ ਰੱਖੀਂ,
ਧੁਖਦੀਆਂ ਤਿੱਖੜ ਦੁਪਹਿਰਾ ਮਾਵਾਂ ਬਲਦੀਆਂ ਛਾਵਾਂ
ਗ਼ਮ ਅਤੇ ਵਿਗੋਚਿਆਂ 'ਚ -
ਮੱਥੇ 'ਤੇ ਉੱਕਰੇ ਦਿਸਹੱਦਿਆਂ ਦਾ ਨਾਮਕਰਨ
ਕਰਮ ਸਾਧਨਾ ਅਚੇਤ ਮਨਾਂ ਚ ਉੱਕਰੀ ਵਰਣਮਾਲਾ
ਅਕਲ-ਕਟੋਰਾ ਅਤੇ ਕੰਨ-ਮਰੋੜਨੀ ਮੋਹ-ਭਿੱਜੀ ਘੂਰੀ, -
ਸਭ ਤੋਂ ਵੱਡੀ ਪਨਾਹ,ਮਿੱਠੀ ਜਹੀ ਝਿੜਕ,
ਗਡੀਰਾ ਵੀ ਤੇ ਘਨ੍ਹੇੜੀ ਵੀ
ਲੋਰੀ ਪੋਤੜਾ ਚੋਗ ਤੇ ਝਿੜਕ ਵੀ
ਖਿਡੌਣਾ ਸੁਪਨਾ ਰਾਗ ਤੋਤਲੇ ਬੋਲ ਵੀ

ਉਸਦੀ ਬੁੱਕਲ ਚ ਕੁਦਰਤ -ਪੈਰਾਂ ਚ ਸਵਰਗ,
ਇਸ ਦਰਬਾਰ ਚ ਤਾਜਾਂ ਤਖਤਾਂ ਵਾਲੇ ਵੀ ਸਿਰ ਝੁਕਾੳਣ
ਹਕੂਮਤਾਂ ਨਿਵ ਜਾਣ ਬਾਦਸ਼ਾਹੀਆਂ ਸਲਾਮ ਕਰਨ-
ਅੰਬਰਾਂ ਵਰਗੀ ਚਾਹਤ ਜ਼ਿੰਦਗੀ ਦਾ ਸਭ ਤੋਂ ਸੁੱਚਾ ਸਰੋਕਾਰ
ਹਰਫ਼ਾਂ ਚ ਨਾ ਸਮਾ ਸਕਣ ਵਾਲੀ ਇਬਾਦਤ -

ਸਾਰੀ ਰਾਤ ਤੁਰਦੀ-ਫਿਰਦੀ ਜਨਤ
ਮੱਕੀ ਦੇ ਟੁੱਕ ਵਰਗੀ ਲਜ਼ਤ
ਜਿਸਦੀ ਹਿੱਕ ਵਿਚ ਦਰਦ ਸਿੰਮੇ
ਸੁੱਤੇ ਲਾਡਲੇ ਦੇ ਨੈਣੀਂ ਤਰਦੇ ਸੁਪਨਿਆਂ ਦੀ ਲਾਲੀ
ਨਿੰਦਰਾਈਆਂ ਰਾਤਾਂ 'ਚ ਸੁਖਨ ਦਾ ਜਾਗ ਲਾਉਂਦੀ
ਬੱਚਿਆਂ ਦੇ ਸਿਰਹਾਣੇ ਬੈਠਾ ਰੱਬ

ਭਾਵੇਂ ਉਹ ਮਾਂ ਦੇ ਚਾਅ ਤਾਂ ਨਾ ਪੂਰੇ ਕਰ ਸਕਿਆ ਪਰ ਉਹਨੇ ਨਜ਼ਮਾਂ 'ਚ ਮਾਂ ਬੀ ਜੀ ਬਾਰੇ ਬਹੁਤ ਉੱਸਤਤ ਲਿਖੀ ਸੀ। ਪਰ ਕੋਈ ਵੀ ਹੋਵੇ ਸਾਰੇ ਦੇਣ ਨੂੰ ਨਹੀਂ ਸਗੋਂ ਲੈਣ ਨੂੰ ਹੀ ਚੰਗਾ ਸਮਝਦੇ ਨੇ। ਤੇ ਹਾਂ ਮਾਸਟਰ ਪ੍ਰੋਫੈਸਰ ਲੋਕਾਂ ਦੇ ਕੋਲ ਓਦਾਂ ਹੀ ਪੈਸੇ ਦੇ ਹੜ੍ਹ ਵਗਦੇ ਰਹਿੰਦੇ ਹਨ। ਇਹ ਉਹਨੂੰ ਯੂਨੀਵਰਸਿਟੀ 'ਚ ਨੌਕਰੀ ਤੋਂ ਬਾਅਦ ਪਤਾ ਲੱਗਾ ਸੀ। ਅਸਮਾਨੀ ਲਿਸ਼ਕ ਤਾਂ ਸੁੱਖ ਨਾਲ ਵਿਆਹ ਤੋਂ ਪਹਿਲਾਂ ਹੀ ਪੈ ਗਈ ਸੀ ਕਿ ਕੋਈ ਅਮੀਰ ਹੀ ਲਗਦਾ ਹੈ। ਜਦੋਂ ਇਹ ਕਿਹਾ ਸੀ ਕਿ ਬਾਕੀ ਸਾੜੀਆਂ ਸੂਟ ਫਿਰ ਸਈ ਕਿਸੇ ਦਿਨ ਤੇ ਉਹ ਦਿਨ ਕਦੇ ਵੀ ਨਾ ਮੁੜ ਆਇਆ। ਘਰਵਾਲੀ ਨੇ ਕੁੱਝ ਸਮਾਨ ਦਾ ਪਰਬੰਧ ਕੀਤਾ ਕਿਉਂਕਿ ਉਹ ਪਹਿਲਾਂ ਹੀ ਕਾਲਜ 'ਚ ਪੜਾਉਦੀ ਸੀ। ਤੇ ਸਰਦਾਰਾਂ ਨੇ ਹੋਸਟਲ 'ਚੋਂ ਰਿਕਸ਼ੇ ਤੇ ਪੰਡ ਬੰਨ ਕੇ ਦਰੀ ਬਿਸਤਰਾ ਜਾਣੀ ਆਪਣੇ ਹਿੱਸੇ ਦਾ ਯੋਗਦਾਨ ਲਿਆ ਰੱਖਿਆ ਸੀ। ਨਵੀਂ ਵਿਆਹੀ ਆਈ ਪਰਾਂ ਮੂੰਹ ਕਰ ਕਰ ਕੇ ਹੱਸੇ ਜੋ ਅੱਜ ਤੱਕ ਸਹੇਲੀਆਂ ਨੂੰ ਦੱਸਦੀ ਸਾਹ ਨਹੀਂ ਲੈਂਦੀ। ਪਿੰਡਾਂ ਦੀ ਅਮੀਰੀ ਦੀਆਂ ਨਿਸ਼ਾਨੀਆਂ ਦੋ ਚਾਦਰਾਂ ਦਰੀ ਤੇ ਰਜਾਈ ਖੇਸ ਹੀ ਤਾਂ ਹੁੰਦੇ ਨੇ। ਬਾਕੀਆਂ ਦਾ ਤਾਂ ਪਤਾ ਨਹੀਂ ਬਲਵੀਰ ਕਹਿੰਦਾ ਜੋ ਸੱਚ ਸੀ।

4. ਪੰਜਾਬ ਦੇ ਘਰ ਘਰ ਨੂੰ ਮਕਾਨ ਬਣਾ ਦਿਤਾ ਵਲੈਤ ਨੇ

ਬਲਵੀਰ ਨੂੰ ਬਦੇਸ਼ਾਂ ਦੇ ਜਲੌਅ ਦਾ ਤਾਂ ਪਤਾ ਸੀ ਪਰ ਹੋਰ ਸੱਲ ਜੋ ਮਨ ਨੂੰ ਲੱਗ ਜਾਣੇ ਸਨ ਉਹਨਾਂ ਦੀ ਸਾਰ ਬਿਲਕੁਲ ਨਹੀਂ ਸੀ।
ਬਲਵੀਰ ਨੂੰ ਘਰ ਦਾ ਵਿਹੜਾ ਕਹਿੰਦਾ ਹੁੰਦਾ ਸੀ ਕਿ ਪਰਦੇਸ ਨਾ ਜਾਵੀਂ। ਛਾਵਾਂ ਨਹੀਂ ਹੁੰਦੀਆਂ ਪੁੱਤ ਪਰਦੇਸਾਂ 'ਚ । ਅੱਧੀ ਅੱਧੀ ਰਾਤ ਦਾ ਜਾਗਣਾ ਪੱਲੇ ਪੈਂਦਾ ਹੈ। ਮਾਵਾਂ ਨਹੀਂ ਹੁੰਦੀਆਂ ਓਥੇ ਹਿੱਕ ਦਾ ਤਾਪ ਮਾਪਣ ਵਰਗੀਆਂ। ਨਿੱਕਰਾਂ ਵਿਚ ਨੰਗ ਧੜੰਗੀਆਂ ਖੇਡਣ ਵਾਲੀਆਂ ਥਾਵਾਂ ਨਹੀਂ ਹੁੰਦੀਆਂ। ਪੁੱਤ ਪਰਦੇਸ ਬੜੇ ਨਿਰਮੋਹੇ। ਭੁੱਖ ਨਹੀਂ ਕੋਈ ਪੁੱਛਦਾ । ਓਥੇ ਕੋਈ ਹਿੱਕਾਂ ਦੇ ਦੁੱਖ ਨਹੀ ਪੁੱਛਦਾ ਪੁੱਤ। ਮਾਂ ਕਹਿੰਦੀ ਹੁੰਦੀ ਸੀ।
ਦਿਲ 'ਚ ਬਹੁਤ ਆਉਂਦਾ ਸੀ ਕਿ ਮੈਂ ਕਿਹੜਾ ਚੰਨ ਖਿਡਾਊਂ ਏਥੇ ਤੇ ਕਿਸ ਤੋਂ ਚਾਨਣ ਅੱਖੀਂ ਪਵਾਊਂ। ਮਾਂ ਨੇ ਕਹਿਣਾ ਵੇ ਓਥੇ ਤੈਂ ਰਾਤਾਂ 'ਚ ਰੋਣਾ ਤੇ ਏਥੇ ਮੇਰਾ ਪਿੰਡ 'ਚ ਸਾਰਾ ਅੰਬਰ ਚੋਣਾ। ਤੇਰੇ ਸੁਪਨੇ ਅਜੇ ਅਣਜਾਣੇ ਤੇ ਮੈਥੋਂ ਜਾਗਦਿਆਂ ਤਾਰੇ ਵੀ ਨਹੀਂ ਗਿਣੇ ਜਾਣੇ। ਕਿਸੇ ਨੇ ਹੰਝੂ ਨਹੀਂ ਸੁਕਾਉਣ ਆਉਣਾ ਸਰ੍ਹਾਣੇ। ਫਿਰ ਬਚਪਨ ਯਾਦ ਕਰੇਂਗਾ ਜੋ ਕਦੇ ਪੁਰਾਣਾ ਨਹੀਂ ਹੋਇਆ ਅੱਜ ਤੱਕ।

ਬੋਹੜ ਪਿੱਪਲ ਹਵਾ ਓਥੇ ਕਿਤੇ ਨਹੀਂ ਖੇਡਦੀਆਂ ਕਿੱਕਲੀ ਵਰਗੇ ਚਾਅ ਲੈ ਕੇ। ਯਾਰਾਂ ਵਰਗੇ ਸਾਹ ਨਹੀਂ ਲੱਭਦੇ। ਝਨਾਂ ਵਰਗੇ ਡੁੱਬਣ ਤਰਨ ਲਈ ਓਥੇ ਇਕ ਵੀ ਦਰਿਆ ਨਹੀ ਬਣਿਆ। ਬੀ ਜੀ ਨੇ ਕਹਿਣਾ ਪੁੱਤ ਤੂੰ ਜੇ ਚਲਾ ਗਿਆ ਤਾਂ ਇਸ ਵਿਹੜੇ ਨੇ 'ਕੱਲਾ ਰਹਿ ਜਾਣਾ ਹੈ ਤੇਰੇ ਬਗੈਰ ਜਿਥੇ ਤੂੰ ਖੇਡਦਾ ਲਿਟਦਾ ਹੁੰਦਾ ਸੀ। ਰੋਟੀ ਮੰਗਦਾ ਹੁੰਦਾ ਸੀ ਰੰਗ ਵਾਲੀ ਮੱਕੀ ਦੀ। ਮੈਂ ਵੀ ਦੱਸ ਕਿਹਨੂੰ ਟੁੱਕ ਬਣਾ ਬਣਾ ਖਵਾਇਆ ਕਰੂੰਗੀ। ਕਿਹਦੇ ਪੋਤੀਆਂ ਪੋਤੇ ਖਿਡਾਇਆ ਕਰੂੰਗੀ।

ਮੈਂ ਹੁਣ ਇਹ ਹੰਝੂ ਕਿਹੜੇ ਲੜ ਬੰਨਿਆਂ ਕਰਾਂਗੀ। ਕਿਹੜੇ ਟੁੱਕ ਲਈ ਬਾਲਣ ਹੱਡ ਇਹ ਭੰਨਿਆਂ ਕਰਾਂਗੀ। ਕਦੇ ਪਰਾਈ ਮਿੱਟੀ ਗੱਲਾਂ ਨਹੀ ਕਰਦੀ ਹੁੰਦੀ। ਉਹਦੇ ਕੋਲ ਹਾਉਕਿਆਂ ਲਈ ਇਕ ਵੀ ਚੀਕ ਨਹੀਂ ਸਰਦੀ। ਨਿੱਤ ਠਾਰਦੀ ਹੈ ਆਪ ਵੀ ਠਰੀ ਹੁੰਦੀ ਹੈ। ਨਾ ਹੀ ਓਹਦੇ ਕੋਲ ਕੋਈ ਘਰ ਦੀ ਰੀਝ ਹੁੰਦੀ ਹੈ। ਨਾ ਹੀ ਕਦੇ ਹਿੱਕਾਂ ਦੇ ਜ਼ਖ਼ਮ ਭਰਦੀ ਹੈ। ਨਾ ਹੀ ਫੇਹੇ ਹੁੰਦੇ ਹਨ ਬਜ਼ਾਰਾਂ 'ਚ ਮਾਂ ਦੀ ਛੁਹ ਵਰਗੇ ਦੁਖਦੀਆਂ ਅੱਖਾਂ 'ਤੇ ਰੱਖਣ ਲਈ।
ਉਹ ਸੋਚਦਾ ਕਿ ਭਾਰਤ ਵਿੱਚੋਂ ਕਈ ਕਿਸਮ ਦਾ ਪਰਵਾਸ ਹੋ ਰਿਹਾ ਹੈ। ਖਾਸ ਕਰ ਕੇ ਪੰਜਾਬ ਦੀਆਂ ਗਲੀਆਂ 'ਚੋਂ। ਗੈਰ-ਹੁਨਰਮੰਦ ਅਤੇ ਅਰਧ ਹੁਨਰਮੰਦ ਕਾਮਿਆ ਦਾ ਪਰਵਾਸ। ਹੁਨਰਮੰਦ ਕਾਮੇ, ਪੇਸ਼ੇਵਰ ਲੋਕ ਹਨ। ਨੌਜਵਾਨ ਵਿਦਿਆਰਥੀ ਬਣ ਕੇ ਸਰਮਾਏਦਾਰ ਦੇਸ਼ਾਂ ਵਿਚ ਜਾ ਰਹੇ ਹਨ।

ਰੁਜ਼ਗਾਰ ਦੇ ਮੌਕਿਆਂ ਦੀ ਦੇਸ਼ ਵਿੱਚ ਘਾਟ ਜਾਂ ਰੁਜ਼ਗਾਰ ਦੇ ਮਿਆਰ ਦਾ ਯੋਗਤਾ ਤੋਂ ਨੀਵਾਂ ਹੋਣਾ ਮੁੱਖ ਕਾਰਨ ਹੈ। ਪੰਜਾਬੀਆਂ ਨੇ ਜੇ ਦੇਸ਼ ਲਈ ਕਮਾਇਆ ਹੈ ਤਾਂ ਗੁਆਇਆ ਵੀ ਬਹੁਤ ਕੁਝ ਹੈ। ਉਹ ਜਦ ਵੀ ਪਿੱਛੇ ਅਸੀਸਾਂ ਦਿੰਦੇ ਪਰਿਵਾਰਾਂ ਨੂੰ ਡਰਾਫਟ ਭੇਜਦੇ ਹਨ ਤਾਂ ਕਈ ਗੁਣਾ ਵਧ ਕੇ ਪੈਸਾ ਵਧ ਜਾਂਦਾ ਹੈ ਤੇ ਬਸ ਫਿਰ ਘਰ ਵਾਲੇ ਸਾਰੇ ਹੀ ਲੱਗ ਜਾਂਦੇ ਨੇ ਕੱਛਾਂ ਵਜਾਉਣ ਅਤੇ ਭੰਗੜੇ ਪਾਉਣ।

ਪੈਸੇ ਨਾਲ ਇੰਜ ਪ੍ਰਦੇਸੀਆਂ ਦੇ ਪਰਵਾਰ ਤਰੱਕੀ ਦੇ ਰਾਹ, ਦੇਸ਼ ਦੀ ਆਰਥਿਕ ਤਰੱਕੀ ਵਧੀ ਤੇ ਬਾਪੂ ਖੰਗੂਰੇ ਮਾਰਨ ਲੱਗਾ। ਆਰਥਿਕ ਤਰੱਕੀ, ਸਭਿਆਚਾਰ ਅਤੇ ਕਦਰਾਂ ਕੀਮਤਾਂ ਦੇ ਗਿਆਨ ਨੇ ਪੰਜਾਬ ਤੇ ਭਾਰਤਨੂੰ ਮਾਲੋਮਾਲ ਕੀਤਾ। ਇਨ੍ਹਾਂ ਪਰਵਾਸੀਆਂ ਨੇ ਆਪਣੇ ਪਿੰਡਾਂ ਵਿੱਚ ਸਕੂਲਾਂ, ਕਾਲਜਾਂ, ਹਸਪਤਾਲਾਂ ਅਤੇ ਹੋਰ ਸਮਾਜਕ ਕਾਰਜਾਂ ਵਿਚ ਵੀ ਵਾਧਾ ਕੀਤਾ।

ਕਈ ਪੰਜਾਬੀਆਂ ਨੇ ਦੂਜੇ ਦੇਸ਼ਾਂ ਵਿਚ ਉਚੇ ਰਾਜਸੀ ਪਦ ਪ੍ਰਾਪਤ ਕਰ ਕੇ ਹੋਰ ਰਹਿਣ ਵਾਲੇ ਪਰਵਾਸੀਆਂ ਦੇ ਹੱਕਾਂ ਦੀ ਵੀ ਰਾਖੀ ਕੀਤੀ ਤੇ ਪੰਜਾਬ ਦਾ ਨਾਂ ਵੀ ਮਾਣਮੱਤਾ ਕੀਤਾ। ਇਹ ਗੱਲ ਕੋਈ ਛੋਟੀ ਨਹੀਂ ਸੀ ਲੱਗਦੀ।

ਹੋਇਆ ਇਹ ਹੈ ਕਿ ਬਾਹਰ ਗਏ ਪੰਜਾਬੀ ਪੱਕੇ ਤੌਰ 'ਤੇ ਬਦੇਸ਼ੀ ਬਣ ਗਏ ਹਨ ਤੇ ਉਹਨਾਂ ਪਿੰਡ 'ਚ ਸਭ ਕੁਝ ਗੁਆ ਲਿਆ ਤੇ 'ਬਰੇਨ-ਡਰੇਨ' ਵੀ ਹੋਈ ਹੈ। ਇਹ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਤੇ ਰੁਜ਼ਗਾਰ ਦੇ ਨੀਵੇਂ ਮਿਆਰ ਕਾਰਨ ਵੀ ਹੋਇਆ ਜਾਪਦਾ ਹੈ। ਸਿੱਖਿਆ ਤੇ ਦੇਸ਼ 'ਚੋਂ ਲਈ ਟਰੇਨਿੰਗ ਦਾ ਲਾਭ ਬਦੇਸ਼ੀ ਲੈ ਗਏ। ਸੂਚਨਾ ਤਕਨਾਲੋਜੀ ਦੇ ਇਨਕਲਾਬ ਤੋਂ ਬਾਅਦ ਪੰਜਾਬ ਵਿੱਚੋਂ ਪੇਸ਼ਾਵਰ ਲੋਕਾਂ ਤੇ ਵਿਦਿਆਰਥੀਆਂ ਦੇ ਬਾਹਰਲੇ ਦੇਸ਼ਾਂ ਵਿੱਚ ਜਾਣ ਨਾਲ ਕੈਪੀਟਲ-ਡਰੇਨ ਵੀ ਓਦੋਂ ਹੀ ਹੋਇਆ। ਸੂਬੇ ਵਿੱਚੋਂ ਪੂੰਜੀ ਦਾ ਨਿਕਾਸ, ਕਰਾਂ ਦੀ ਚੋਰੀ ਅਤੇ ਹਵਾਲੇ ਕਾਰੋਬਾਰੀਆਂ ਰਾਹੀਂ ਵਿਦੇਸ਼ੀ ਪੂੰਜੀ ਦੇ ਨੁਕਸਾਨ ਦੇ ਰੂਪ ਵਿੱਚ ਪ੍ਰਤੱਖ ਦੇਖਿਆ ਜਾ ਸਕਦਾ ਹੈ।

ਪਰਦੇਸੀਆਂ ਦੀ ਆਮਦਨ ਵਿੱਚ ਕਈ ਗੁਣਾਂ ਵਾਧਾ ਹੋਇਆ। ਉਹਨਾਂ ਵਧੀ ਹੋਈ ਆਮਦਨ ਨੂੰ ਗੈਰ-ਉਤਪਾਦਕ ਦਿਖਾਵੇ ਦੇ ਕੰਮਾਂ ਉਪਰ ਖਰਚ ਕੀਤਾ ਤੇ ਮਹਿੰਗੇ ਘਰ, ਕਾਰਾਂ ਵਸਤਾਂ ਖਰੀਦੀਆਂ। ਪੰਜਾਬ ਵਿੱਚ ਮਹਿਲਨੁਮਾ ਘਰ, ਵਿਦੇਸ਼ਾਂ ਤੇ ਪੰਜਾਬ ਵਿੱਚ ਵਿਆਹਾਂ ਤੇ ਸਮਾਜਕ ਸਮਾਗਮਾਂ ਉਪਰ ਬੇਲੋੜਾ ਖਰਚ ਕੀਤਾ। ਅੱਜ ਕਲ ਪੇਂਡੂ ਇਲਾਕਿਆਂ ਵਿਚ ਸਕੂਲਾਂ, ਕਾਲਜਾਂ, ਹਸਪਤਾਲਾਂ ਅਤੇ ਹੋਰ ਸਾਂਝੇ ਕੰਮਾਂ ਦੇ ਸੰਬੰਧ ਵਿਚ ਤਰੱਕੀ ਦਾ ਝਲਕਾਰਾ ਪੈ ਰਿਹਾ ਹੈ।

ਬਾਹਰਲੇ ਪੰਜਾਬੀ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦੀ ਬਜਾਏ ਗੁਰਦੁਆਰਿਆਂ,ਮੰਦਰਾਂ ਜਾਂ ਹੋਰ ਧਾਰਮਿਕ ਸਥਾਨਾਂ 'ਤੇ ਜ਼ਿਆਦਾ ਧਨ ਖਰਚਦੇ ਹਨ। ਬਦੇਸ਼ਾਂ ਵਿੱਚ ਬਹੁਤੇ ਧਾਰਮਿਕ ਸਥਾਨ ਸਾਂਝੇ ਨਾ ਹੋ ਕੇ ਮੈਂਬਰਾਂ ਦੀ ਜਾਇਦਾਦ ਹਨ, ਤਾਂਹੀ ਇਨ੍ਹਾਂ ਥਾਵਾਂ 'ਤੇ ਲੜਾਈ-ਝਗੜੇ ਤੇ ਪੱਗਾਂ ਆਮ ਹੀ ਲੱਥਦੀਆਂ ਰਹਿੰਦੀਆਂ ਹਨ।

ਬਹੁਤੇ ਗੈਰ ਕਾਨੂੰਨੀ ਤਰੀਕਿਆਂ ਦਾ ਸਹਾਰਾ ਲੈਂਦੇ ਆਮਦਨ ਵਧਾਉਣ ਲਈ ਵੀ ਵੇਖੇ ਜਾ ਸਕਦੇ ਹਨ ਜਿਵੇਂ ਕਿ ਨਸ਼ੇ ਵੇਚਣ ਦਾ ਧੰਦਾ। ਨਤੀਜਾ ਬੱਚੇ ਨਸ਼ੇ ਕਰਨ ਦੇ ਗੁਲਾਮ ਹੋ ਰਹੇ ਹਨ ਤੇ ਜੇਲਾਂ ਵਿਚ ਸਜ਼ਾ ਵੀ ਕੱਟਦੇ ਹਨ। ਬਾਹਰਲੇ ਪੰਜਾਬ ਦੀਆਂ ਫੇਰੀਆਂ ਦੌਰਾਨ ਅਮੀਰੀ ਦਾ ਵੀ ਦਿਖਾਵਾ ਕਰਦੇ ਹਨ। ਉਸ ਤੋਂ ਪ੍ਰਭਾਵਤ ਹੋ ਬਹੁਤ ਸਾਰੇ ਬਾਹਰਲੇ ਦੇਸ਼ਾਂ ਨੂੰ ਜਾਣ ਲਈ ਗੈਰ ਕਾਨੂੰਨੀ ਢੰਗਾਂ ਦਾ ਸਹਾਰਾ ਲੈਂਦੇ ਹਨ। ਕਈ ਵਾਰੀ ਉਨ੍ਹਾਂ ਨੂੰ ਇਸਦੀ ਵੱਡੀ ਕੀਮਤ ਵੀ ਚੁਕਾਉਣੀ ਪੈਂਦੀ ਹੈ।

ਜੋ ਬਾਹਰ ਪਹੁੰਚ ਜਾਂਦੇ ਹਨ, ਗੈਰ-ਕਾਨੂੰਨੀ ਹੋਣ ਕਾਰਨ ਉਨ੍ਹਾਂ ਦੀ ਬਹੁਤ ਲੁੱਟ-ਖਸੁੱਟ ਵੀ ਹੁੰਦੀ ਹੈ। ਕਈ ਪੰਜਾਬੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਤਸੀਹੇ ਵੀ ਝੱਲਣੇ ਪਏ ਹਨ। ਓਦੋਂ ਮਾਂ ਦਾ ਕਿਹਾ ਯਾਦ ਆਉਂਦਾ ਹੈ ਬਾਪੂ ਦੇ ਸੁੱਕੇ ਅੱਥਰੂ ਪੂੰਝਣ ਨੂੰ ਵਾਰ ਵਾਰ ਦਿਲ ਕਰਦਾ ਹੈ। ਪਰ ਉਸ ਵੇਲੇ ਤੱਕ ਸਮਾਂ ਮੁੱਠਾਂ 'ਚੋਂ ਖਿਸਕ ਚੁੱਕਾ ਹੁੰਦਾ ਹੈ। ਅੰਬਰ ਪਾਟ ਚੁੱਕਾ ਹੁੰਦਾ ਹੈ। ਬਿਜਲੀ ਡਿੱਗ ਚੁੱਕੀ ਹੁੰਦੀ ਹੈ ਮੱਥੇ ਦੀਆਂ ਲਕੀਰਾਂ 'ਤੇ। ਰਾਹ ਸਾਥ ਨਹੀਂ ਦਿੰਦੇ ਓਦੋਂ ਬਾਪ ਕਬਰਾਂ 'ਚੋਂ ਮੁੜ ਨਹੀਂ ਆ ਕੇ ਜੱਫੀਆਂ 'ਚ ਲੈਂਦੇ।

5. ਵਧੀਆ ਨਜ਼ਮ ਕਵਿਤਾ ਸਾਹਿਤਕ ਵੰਨਗੀਆਂ 'ਚੋਂ ਸੋਹਣੀ ਵਹੁਟੀ ਵਾਂਗ ਅੱਗੇ ਵੀ ਹੋ ਸਕਦੀ ਹੈ

ਬਲਵੀਰ ਨੂੰ ਲਿਖਣ ਪੜ੍ਹਨ ਦਾ ਵੀ ਬਹੁਤ ਸੌਕ ਸੀ। ਆਮ ਉਹ ਕਵਿਤਾ ਲਿਖਦਾ ਸੀ। ਸੁਖਨੈਨ ਇਕ ਦਿਨ ਬੈਠਾ ਬੈਠਾ ਉਹਨੂੰ ਕਈ ਸਵਾਲ ਪੁੱਛਣ ਲੱਗ ਪਿਆ। ਓਹਨੇ ਕਿਤੇ ਡਾ. ਬਲਵੀਰ ਬਾਰੇ ਲਿਖਿਆ ਪੜ੍ਹਿਆ ਵੀ ਸੀ। ਵਿਗਿਆਨ ਦੇ ਨਾਲ ਨਾਲ ਉਹ ਕਵਿਤਾ ਵੀ ਲਿਖਦਾ ਸੀ। ਉਸ ਦੇ ਖੋਜ ਪੱਤਰ ਅੰਤਰ-ਰਾਸ਼ਟਰੀ ਪੱਧਰ ਤੇ ਛਪ ਚੁੱਕੇ ਸਨ । ਕਵਿਤਾਵਾਂ ਵੀ ਅਨੇਕਾਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਰਸਾਲਿਆਂ ਵਿਚ ਛਪ ਚੁੱਕੀਆਂ ਸਨ। 1994 ਤੋਂ ਉਹ ਸਿਡਨੀ (ਆਸਟਰੇਲੀਆ) ਵਿਚ ਆ ਕੇ ਰਹਿ ਰਿਹਾ ਸੀ। ਉਸਦੇ ਵਿਚਰਨ ਦਾ ਘੇਰਾ ਵੀ ਅੰਤਰ-ਰਾਸ਼ਟਰੀ ਹੋ ਗਿਆ ਸੀ। ਸਵਾਲ ਕਰਦਿਆਂ ਉਹ ਕਈ ਸਵਾਲ ਪੁੱਛਦਾ ਗਿਆ। ਸਾਰੇ ਹੀ ਸਵਾਲ ਸਾਹਿਤ ਨਾਲ ਮਿਲਦੇ ਜੁਲਦੇ ਸਨ।

ਅਸਮਾਨ ਵਰਗੀ ਕਵਿਤਾ ਟੋਲ੍ਹਣੀ ਜਾਂ ਚੰਨ ਸੂਰਜ ਵਰਗੀ ਨਜ਼ਮ ਲਿਖਣੀ ਬਹੁਤ ਹੀ ਮੁਸ਼ਕਿਲ ਹੈ। ਅਜੇ ਤੱਕ ਪੰਜਾਬੀ ਭਾਸ਼ਾ ਮਿਰਜ਼ਾ ਗਾਲਿਬ, ਇਕਬਾਲ, ਫ਼ੈਜ ਨਹੀਂ ਪੈਦਾ ਕਰ ਸਕੀ । ਕੋਈ ਪੰਜਾਬੀ ਕਵਿਤਾ ਨੂੰ ਛਾਪਣ ਲਈ ਤਿਆਰ ਨਹੀਂ ਹੈ । ਜੇ ਆਪਾਂ ਗੱਲ ਕਰੀਏ ਬਾਵਾ ਬਲਵੰਤ ਜੀ ਦੀ, ਲਾਲ ਸਿੰਘ ਦਿਲ, ਪਾਸ਼ ਦੀ ਤਾਂ ਕਹਿ ਸਕਦੇ ਹਾਂ ਕਿ ਇਹਨਾਂ ਕਵੀਆਂ ਕੋਲ ਕੋਈ ਵੀ ਸਰਕਾਰੀ ਲੋਈ, ਸ਼ਾਲ ਜਾਂ ਟਹੂਆ ਨਹੀਂ ਹੈ ਪਰ ਲੋਕ ਸ਼ੋਭਾ ਬਹੁਤ ਹੈ । ਇਹ ਹਨ ਉਹ ਕਵੀ ਜਿਹਨਾਂ ਨੇ ਲਹੂ 'ਚ ਡੁੱਬ ਕੇ ਕਵਿਤਾ ਕਹੀ ਹੈ। ਕਵੀ ਸਨ ਗੁਰੂ ਨਾਨਕ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਵਰਗੇ । ਬਹੁਤ ਸਾਰੇ ਲੋਕ ਅਜੋਕੇ ਢਾਂਚੇ ਨੂੰ ਬਦਲਣ ਲਈ ਸੰਘਰਸ਼ ਕਰ ਰਹੇ ਹਨ। ਉੱਚੇ ਜਗਦੇ ਸੁੱਚੇ ਮੱਥੇ ਹੀ ਅਜਿਹਾ ਕਰ ਸਕੇ ਸਨ ।

ਹਾਂ ਬਹੁਤੇ ਅਜਿਹਾ ਹੀ ਕਰ ਰਹੇ ਹਨ। ਕਈਆਂ ਨੇ ਤਾਂ ਇਹ ਵਿਉਪਾਰ ਹੀ ਬਣਾ ਲਿਆ ਹੈ । ਸ਼ਾਲ, ਟਹੂਏ ਅਤੇ ਪੈਸੇ ਇਕੱਠੇ ਕਰਨ ਨਾਲ ਕੋਈ ਵੱਡਾ ਨਹੀਂ ਹੋਣ ਲੱਗਾ। ਅੱਜ ਕੱਲ੍ਹ ਬਹੁਤੇ ਕਵੀ ਤਾਂ ਜੁਗਾੜੂ ਹਨ। ਪੁਰਸਕਾਰ ਤਾਂ ਲੋਕਾਂ ਨਾਲ ਜੋੜਦੇ ਹਨ ਪਰ ਜੇ ਉਹਨਾਂ ਦੀ ਕਲਮ ਨੂੰ ਮਿਲੇ ਹੋਣ ਨਾ ਕਿ ਸਰਕਾਰੀ ਸਿਫ਼ਾਰਸ਼ ਨਾਲ ਹਥਿਆਏ ਗਏ ਹੋਣ । ਸ਼ਾਲ, ਟਹੂਏ ਅਤੇ ਪੈਸੇ ਇਕੱਠੇ ਕਰਨ ਵਾਲੇ ਤੈਨੂੰ ਕਿਹੜਾ ਨਹੀਂ ਪਤਾ ਕਿ ਕਿਹੜੇ ਹਨ- ਜੇ ਨਾਂ ਲਏ ਉਹਨਾਂ ਨੂੰ ਨੀਂਦ ਨਹੀਂ ਆਉਣੀ - ਕਿਤੇ ਦਿਲ ਦਾ ਦੌਰਾ ਹੀ ਨਾ ਪੈ ਜਾਵੇ ਉੇਹਨਾਂ ਨੂੰ, ਇਹ ਵੀ ਡਰ ਲੱਗਦਾ ਹੈ ।

ਪਾਸ਼, ਬਾਵਾ ਬਲਵੰਤ, ਦਿਲ ਵਰਗੇ ਥੋੜ੍ਹੇ ਹਨ ਜੋ ਗ਼ਰੀਬਾਂ, ਕਿਰਸਾਨਾਂ, ਮਜ਼ਦੂਰਾਂ ਦੀ ਗੱਲ ਕਰਦੇ ਹਨ । ਉਹਨਾਂ ਨੇ ਇਸ ਸਭ ਕੁਝ ਨੂੰ ਵਿਸਾਰੀ ਰੱਖਿਆ ਕਿਓਂਕਿ ਉਹਨਾਂ ਨੂੰ ਇਸ ਵਿਚ ਕੋਈ ਸ਼ੋਭਾ, ਸੋ.ਹਰਤ ਨਹੀਂ ਦਿਸਦੀ ਸੀ। ਅੱਛੀ, ਉਮਦਾ ਕਵਿਤਾ ਆਪ ਬੋਲਦੀ ਹੈ ।

ਬਾਵਾ ਬਲਵੰਤ ਲੋਕ ਕਵੀ ਸੀ। ਜੇ ਉਹ ਸਰਕਾਰੀ ਬਣ ਜਾਂਦਾ ਤਾਂ ਉਹ ਧੁੱਪ ਦੇ ਸੇਕ ਨਾਲ ਨਾ ਮਰਦਾ। ਅਜਿਹੇ ਬੋਲਾਂ ਵਾਲੇ ਕਵੀ ਸਦਾ ਹੀ ਲੋਕ ਮਨਾਂ 'ਚ ਜ਼ਿੰਦਾ ਰਹਿੰਦੇ ਹਨ ਤੇ ਰਹਿਣਗੇ ਵੀ । ਲੋਕ ਕਵੀਆਂ ਦਾ ਅੰਤ ਸ਼ਾਇਦ ਏਦਾਂ ਹੀ ਹੁੰਦਾ ਰਹੇਗਾ। ਉਹ ਸਰਕਾਰੀ ਛਤਰੀਆਂ ਹੇਠ ਕਦੇ ਨਹੀਂ ਆਉਣਗੇ।

ਅਸਲ ਨਜ਼ਮ ਖੇਤਾਂ, ਫੁੱਲਾਂ, ਤਿਤਲੀਆਂ ਜਾਂ ਬੱਦਲਾਂ, ਸਿਤਾਰਿਆਂ ਤੋਂ ਹੀ ਤੁਰਦੀ ਹੈ । ਅਜਿਹਾ ਮੇਰੇ ਨਾਲ ਵੀ ਬੀਤਦਾ ਰਿਹਾ- ਦੂਸਰੀ ਗੱਲ, ਜਦੋਂ ਘਰ 'ਚ ਪੈਸੇ ਧੇਲੇ ਦੀ ਕੁਝ ਜ਼ਿਆਦਾ ਹੀ ਲਹਿਰ ਬਹਿਰ ਜਾਣੀ ਕਿ ਕਿੱਲਤ ਹੋਵੇ - ਚੰਦ ਤਾਂ ਉਦੋਂ ਦਿਨੇ ਹੀ ਨਜ਼ਰ ਆਉਣ ਲੱਗ ਜਾਂਦਾ ਹੈ। ਆਪਾਂ ਦੋਨਾਂ ਨੇ ਬਥੇਰਾ ਇਹ ਸਭ ਕੁਝ ਹੰਢਾਇਆ ਹੈ। ਅਜਿਹੀ ਅਸਲੀਅਤ ਹੀ ਕਵਿਤਾ ਲਈ ਸ਼ਬਦ ਬਣਦੀ ਹੈ। ਕਵਿਤਾ ਇਹਨਾਂ ਹੀ ਪਲਾਂ 'ਚੋਂ ਪੈਦਾ ਹੋਈ ਹੈ ਸਦਾ। ਪਸ਼ੂ ਚਾਰਨੇ, ਪੈਰਾਂ 'ਚ ਕਣਕ ਦੇ ਖੁੰਘੇ ਲਵਾਉਣੇ, ਭੁੱਖੇ ਪਿਆਸੇ ਮਰਨਾ ਤਾਂ ਬੇਰ ਲੱਭਣੇ, ਮਲ੍ਹੇ ਟੋਲਣੇ, ਗੁੰਮੀਆਂ ਖਾਣੀਆਂ ਤੇ ਕੰਡਿਆਂ ਨਾਲ ਜੂਝਣਾ - ਇਹੀ ਸਨ ਨਜ਼ਾਰੇ । ਆਪਾਂ ਕਿਹੜਾ ਘੱਟ ਗੁੱਥਮ ਗੁੱਥਾ ਹੋਏ ਰਹਿੰਦੇ ਸਾਂ ਹੋਸਟਲ 'ਚ -ਯਾਦ ਹੋਣਾ ਤੈਨੂੰ। ਮੈਨੂੰ ਗੁਰੁ ਨਾਨਕ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਅਤੇ ਬਾਬਾ ਫ਼ਰੀਦ ਉੱਚੀ ਗੱਲ ਕਰਦੇ ਲੱਗਦੇ ਸਨ।

ਅਸਲ 'ਚ ਦਿਹਾਤੀ ਖੇਤਰ ਦੀਆਂ ਘਾਲਣਾਵਾਂ ਤੇ ਬਚਪਨ ਵੀ ਕਵਿਤਾਵਾਂ ਹੀ ਹੁੰਦੀਆਂ ਹਨ। ਘਰਾਂ ਦੀਆਂ ਤੰਗੀਆਂ ਤੁਰਸ਼ੀਆਂ, ਗ਼ਰੀਬੀ, ਭੁੱਖ ਨਾਲ ਵਾਸਤਾ - ਇਹਨਾਂ ਅਵਸਥਾਵਾਂ ਨਾਲ ਜੂਝਣਾ ਹੀ ਕਵਿਤਾ ਦੀਆਂ ਪਹਿਲੀਆਂ ਸਤਰਾਂ ਹੁੰਦੀਆਂ ਹਨ । ਏਥੇ ਯੂਨੀਵਰਸਿਟੀ 'ਚ ਕਵੀ ਦਰਬਾਰ ਸੁਣੇ, ਕਵੀਆਂ ਜਿਵੇਂ ਡਾ.ਹਰਿਭਜਨ ਸਿੰਘ, ਅੰਮ੍ਰਿਤਾ, ਪ੍ਰੋ. ਮੋਹਨ ਸਿੰਘ, ਸ਼ਿਵ, ਪਾਤਰ, ਜਗਤਾਰ, ਬਾਵਾ ਬਲਵੰਤ, ਲਾਲ ਸਿੰਘ ਦਿਲ ਅਤੇ ਪਾਸ਼ ਨੂੰ ਸੁਣਿਆ ਪੜ੍ਹਿਆ ਤਾਂ ਕੁਝ ਪਤਾ ਲੱਗਿਆ ਕਿ ਕਵਿਤਾ ਲਿਖਣਾ ਕੋਈ ਅਸਾਨ ਕੰਮ ਨਹੀਂ ਹੈ ।
ਪੰਜਾਬੀ ਭਾਸ਼ਾ ਵਿਚ ਡਰਾਮੇ ਦਾ ਇਤਿਹਾਸ ਇਕ ਜਟਿਲ ਵਰਤਾਰਾ ਹੈ ਕਿਉਂਕਿ ਪੰਜਾਬੀ ਸਭਿਆਚਾਰ ਵਿਚ ਨਾਟਕ ਵਿਧਾ ਦੀ ਸਥਿਤੀ ਸੰਤੋਖਜਨਕ ਨਹੀਂ ਰਹੀ । ਕਈ ਕਾਰਨਾਂ ਕਰਕੇ ਨਾਟਕ ਵਿਧਾ ਵਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ । ਸਭਿਆਚਾਰਕ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਡਰਾਮੇ ਦੀ ਵਿਧੀਵਤ ਆਰੰਭਤਾ ਪੱਛਮ ਦੇ ਪ੍ਰਭਾਵ ਨਾਲ ਹੋਈ ਹੈ ਤੇ ਇਹ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਕਿਤੇ ਕਿਤੇ ਤੁਰਨ ਦਾ ਯਤਨ ਕਰਦੀ ਹੈ ।

ਸਰ ਵਿਲੀਅਮ ਜੋਨਜ਼ ਦੁਆਰਾ ਕੀਤੇ 'ਸ਼ਕੁੰਤਲਾ' ਨਾਟਕ ਦੇ ਅੰਗ੍ਰੇਜ਼ੀ ਅਨੁਵਾਦ ਰਾਹੀਂ ਇਸ ਨਾਟ ਪ੍ਰੰਪਰਾ ਦਾ ਸੰਚਾਰ ਪੱਛਮ ਤੱਕ ਹੋਇਆ। ਪੰਜਾਬੀ ਨਾਟਕ ਦੀ ਉਂਗਲੀ ਆਈ. ਸੀ. ਨੰਦਾ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਹਰਚਰਨ ਸਿੰਘ, ਗੁਰਦਿਆਲ ਸਿੰਘ ਖੋਸਲਾ, ਗੁਰਦਿਆਲ ਸਿੰਘ ਫੁੱਲ, ਹਰਸ਼ਰਨ ਸਿੰਘ, ਸੁਰਜੀਤ ਸਿੰਘ ਸੇਠੀ, ਕਪੂਰ ਸਿੰਘ ਘੁੰਮਣ, ਅਜਮੇਰ ਸਿੰਘ ਔਲਖ, ਆਤਮਜੀਤ, ਗੁਰਸ਼ਰਨ ਸਿੰਘ, ਰਵਿੰਦਰ ਰਵੀ, ਪਾਲੀ ਭੁਪਿੰਦਰ ਅਤੇ ਸਤੀਸ਼ ਕੁਮਾਰ ਵਰਮਾ ਨੇ ਫੜੀ ਤੇ ਇਸ ਨੂੰ ਹੋਰ ਅੱਗੇ ਤੋਰਨ ਦੀ ਲੋੜ ਹੈ।

ਮੈਨੂੰ ਰੰਗਾਂ ਨਾਲ ਵੀ ਸ਼ਬਦਾਂ ਵਾਂਗ ਖੇਡਣ ਦਾ ਸ਼ੌਕ ਹੈ, ਪਰ ਨਿਪੁੰਨਤਾ ਕਿਸੇ ਕਿਸੇ ਨੂੰ ਹੀ ਮਿਲਦੀ ਹੈ । ਕਦੇ ਕਦੇ ਮੈਂ ਚਿੱਤਰ ਬਣਾਉਣ ਦਾ ਸ਼ੌਕ ਕੈਮਰੇ ਨਾਲ ਪੂਰਾ ਕਰ ਲੈਂਦਾ ਹਾਂ । ਅੱਜ ਕੱਲ੍ਹ ਕੰਪਿਊਟਰ ਕਈ ਕਲਾਵਾਂ ਨੂੰ ਇਕੱਠਾ ਤੋਰਦਾ ਰਹਿੰਦਾ ਹੈ। ਕੰਪਿਊਟਰ ਬੁਰਸ਼, ਸੰਗੀਤ ਤੇ ਕਲਾਵਾਂ ਨੂੰ ਤੁਰੰਤ ਸਾਂਭ ਲੈਂਦਾ ਹੈ ਅਤੇ ਇਹਨਾਂ ਕਲਾਵਾਂ ਨੂੰ ਬਹੁਤ ਹੀ ਸੌਖਾ ਕਰ ਦਿੱਤਾ ਹੈ । ਪਰਪੱਕਤਾ ਤਾਂ ਕਿਸੇ ਕਿਸੇ ਦੇ ਹੀ ਹੱਥ ਆਉਂਦੀ ਹੈ ।
ਹਾਂ ਪਿੰਡ ਤੋਂ ਸ਼ਹਿਰ ਤੇ ਫਿਰ ਅੰਤਰ-ਰਾਸ਼ਟਰੀ ਸੀਨ ਦੇ ਘੇਰੇ ਵਿਚ ਆ ਕੇ ਸੋਚ ਬਦਲਦੀ ਹੈ, ਰਵੱਈਏ ਨੂੰ ਹੋਰ ਬਣਤਰ ਮਿਲਦੀ ਹੈ ਤੇ ਮਾਨਸਿਕਤਾ ਦਾ ਸੰਸਾਰ ਵੀ ਟੁੱਟਦਾ ਬਣਦਾ ਹੈ ।
ਪਤਨੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਰਿਸ਼ਤੇ ਵਧੀਆ ਹਨ । ਖੜਕਾ ਦੜਕਾ ਵੀ ਹੁੰਦਾ ਰਹਿੰਦਾ ਹੈ ਆਮ ਵਾਂਗ । ਹਾਂ ਇਹ ਰਿਸ਼ਤੇ ਅਜੇ ਵੀ ਪੰਜਾਬ ਦੇ ਦਿਹਾਤੀ ਜੀਵਨ ਨੂੰ ਪੂਰਾ ਅਮੀਰ ਕਰ ਰਹੇ ਹਨ। ਵਿਰਸਾ ਉਗਮਦਾ ਵਸਦਾ ਰਹਿੰਦਾ ਹੈ।
ਵੈਸੇ ਸਾਹਿਤ ਵੀ ਕਿਹੜਾ ਰੋਟੀ ਜੋਗਾ ਕਰਦਾ ਹੈ। ਰਾਤ ਦਿਨ ਆਪਣੇ ਨਾਲ ਹੀ ਟੁੱਟ ਟੁੱਟ ਬੈਠਣਾ ਤੇ ਫਿਰ ਜੁੜਨਾ ਹੁੰਦਾ ਹੈ। ਕਵਿਤਾ ਕਿਹੜੀ ਪੇਟ ਭਰਦੀ ਹੈ ਮਨ ਦਾ ਇਕ ਵਹਿਮ ਬਣ ਗਿਆ ਹੈ ਲਿਖਣ ਵਾਲੇ ਦਾ। ਕਵਿਤਾ ਛਾਪਣ ਲਈ ਕੋਈ ਅੱਗੇ ਨਹੀਂ ਆਉਂਦਾ। ਸੁਣਨ ਲਈ ਕੋਈ ਹੈ ਨਹੀਂ। ਆਪਣੀ ਸੁਣਾ ਦੌੜ ਜਾਂਦੇ ਨੇ।

ਦਿਲਾਂ ਨੂੰ ਜੇ ਪਹਿਲੇ ਤਾਰਿਆਂ ਦੇ ਵਿਗੋਚੇ ਨਾ ਹੁੰਦੇ
ਤਾਂ ਕਿਸੇ ਕੁਆਰੀ 'ਵਾ ਨੇ ਟਿੱਲੇ ਤੇ ਨਹੀਂ ਸੀ ਚੜ੍ਹ ਚੜ੍ਹ ਕੂਕਣਾਂ ਤਪੀਆਂ ਦੇ ਤਪ ਟੁੱਟਣੋ ਬਚ ਜਾਂਦੇ-
ਸੋਹਣੀ ਜੇ ਝਨਾਂ 'ਚ ਤਰ ਜਾਂਦੀ ਤਾਂ ਪਾਣੀਆਂ ਤੇ ਇਸ਼ਕ ਦੀ ਕਹਾਣੀ ਨਹੀਂ ਸੀ ਲਿਖੀ ਜਾਣੀ -ਬਲਵੀਰ ਕਹਿੰਦਾ।

6. ਆਪਣੀ ਮਿੱਟੀ ਵਰਗੇ ਮੋਹ ਨਹੀਂ ਲੱਭਦੇ ਪਰਾਈ ਧਰਤ 'ਤੇ

ਬਲਵੀਰ ਨੂੰ ਉਹਦੀ ਮਹਿਬੂਬ ਰਣਜੀਤ ਵਾਸਤਾ ਪਾਉਂਦੀ ਕਹਿੰਦੀ। ਬਲਵੀਰ ਤੇਰਾ ਵਿਛੋੜਾ ਵੀ ਕਿਹੜਾ ਝੱਲਿਆ ਜਾਣਾ ਹੈ। ਉਹਨੂੰ ਕਹਿੰਦੀ-ਤੂੰ ਨਾ ਜਾਂਦਾ ਤਾਂ ਚੰਗਾ ਸੀ-ਬਲਵੀਰ। ਹੋਰ ਪਲ ਠਹਿਰ ਜਾਂਦਾ ਮੇਰੀਆਂ ਬਾਂਹਾਂ 'ਚ। ਕੀ ਜਾਣਾ ਸੀ ਤੇਰਾ? ਸਾਹ ਤਾਂ ਮੇਰਾ ਹੀ ਰੁਕਣਾ ਸੀ। ਮੈਂ ਹੋਰ ਦੋ ਪਲ ਜੀਅ ਲੈਂਦੀ। ਰਣਜੀਤ ਸੱਲ 'ਚ ਡੁੱਬਣ ਲਗਦੀ ਡੁਸਕਦੀ।
ਉੱਧੜੇ ਜ਼ਖ਼ਮ ਜੇਹੇ ਸੀਅ ਲੈਂਦੀ ਅੜਿਆ। ਬਚੇ ਹੋਏ ਹੰਝੂ ਸਾਰੇ ਪੀ ਲੈਂਦੀ। ਹੋਰ ਦੱਸ ਮੈਂ ਤੇਰਾ ਕੀ ਲੈ ਲੈਂਦੀ ਰਣਜੀਤ ਸਿਸਕਦੀ।

ਤੂੰ ਜਿੰਨੀ ਕੁ ਦਿਤੀ ਮੁਹੱਬਤ ਉਨਾ ਕੁ ਜੀਅ ਲਿਆ ਹੈ। ਦਿਨਾਂ ਦੇ ਨੰਗੇ ਪਿੰਡੇ ਤੇ ਲਿਖ ਲਿਖ ਉਡੀਕ ਉਧੜੀਆਂ ਰਾਤਾਂ ਨੂੰ ਸੀਅ ਲਿਆ ਹੈ। ਹੋਰ ਮੈਂ 'ਕੱਲੀ ਕਿੰਜ਼ ਅੰਗਿੜਾਈਆਂ ਸਾਂਭਦੀ। ਜਿੰਨਾ ਕੁ ਬਚਿਆ ਸੀ ਪਿਆਰ ਉਨਾ ਕੁ ਹੀ ਪੀ ਲਿਆ ਹੈ। ਯਾਦ ਤੇਰੀ 'ਚ ਬਲੀ ਪਲੀ ਹਾਂ। ਸ਼ਾਮ ਦੁਪਹਿਰਾਂ ਵਿਚ ਸਾਡੀ ਆਉਧ ਨੂੰ ਰੋਗ ਲਾ ਕੇ ਦੱਸ ਤੈਂ ਕੀ ਲਿਆ ਹੈ ਵੇ ਭੈੜਿਆ?

ਹੁਣ ਤੱਕ ਬਲਵੀਰ ਲੋਕਾਂ ਨਾਲ ਜੁੜਿਆ ਹੋਇਆ ਇਕ ਜੀਵ-ਵਿਗਿਆਨੀ ਬਣ ਗਿਆ ਸੀ। ਡਾ.ਬਲਵੀਰ ਬਹੁਪੱਖੀ ਕਾਰਜਾਂ ਕਰਕੇ ਹੁਣ ਆਸਟਰੇਲੀਆ ਵਿਚ ਸਤਿਕਾਰਿਤ ਵਿਅਕਤੀ ਵੀ ਸੀ। ਉਹ ਕਪਾਹ ਦੇ ਕੀੜਿਆਂ ਨਾਲ ਪ੍ਰਭਾਵਿਤ ਕਮਜ਼ੋਰ ਅਤੇ ਮੁਰਝਾਏ ਪੱਤਿਆਂ ਦੇ ਦੂਰ ਦੂਰ ਤੱਕ ਫੈਲੇ ਖੇਤ ਦੇਖਦਾ। ਜਿਨ੍ਹਾਂ ਫਸਲਾਂ ਨੂੰ ਬੜੀ ਹੈਰਾਨੀ ਨਾਲ ਉਹ ਵੇਖਦਾ ਹੁੰਦਾ ਸੀ ਓਹੀ ਉਸਦੇ ਜੀਵਨ ਦਾ ਰਾਗ ਤੇ ਰਾਹ ਬਣ ਗਈਆਂ। ਉਸ ਦੇ ਆਪਣੇ ਜੱਦੀ ਪਿੰਡ ਢੇਰੀਆਂ (ਨਕੋਦਰ) ਜੋ ਪੰਜਾਬ ਦੀ ਖੁਰਾਕ ਦੀ ਪੈਲੀ ਵਿਚ ਵਸਿਆ ਹੋਇਆ ਹੈ, ਦੇ ਹਰੇ-ਭਰੇ ਖੇਤਾਂ ਦੀਆਂ ਅਣਗਿਣਤ ਫਸਲਾਂ ਨੂੰ ਭਰਪੂਰ ਵੇਖਣ ਦੀ ਖਾਹਿਸ਼ ਨੇ ਉਸ ਦੀ ਕਿਸਮਤ ਨੂੰ ਬਦਲ ਕੇ ਰੱਖ ਦਿੱਤਾ ਸੀ। ਪਿੰਡ ਵਾਲੇ ਬਜ਼ੁਰਗ ਓਹਦਾ ਸਿਰ ਪਲੋਸਦੇ ਸਨ ਪਿਆਰ ਕਰਦੇ ਸਨ।

ਇਸ ਵਿਉਹਾਰ ਨੇ ਉਸ ਨੂੰ ਕੀਟਵਿਗਿਆਨ (ਉਹ ਵਿਸ਼ਾ ਜੋ ਕੀੜਿਆਂ ਮਕੌੜਿਆ ਦੀ ਵਿਗਿਆਨ ਨਾਲ ਸਬੰਧਿਤ ਹੈ) ਵਿਚ ਦਾਖਲ ਹੋਣ ਲਈ ਪ੍ਰੇਰਿਆ ਅਤੇ ਇਸ ਕਰਕੇ ਹੀ ਡਾ.ਬਲਵੀਰ ਆਸਟਰੇਲੀਆ ਵਿਚ ਸਿਡਨੀ ਸਥਿਤ ਕੰਪਨੀ ਦੀ ਮਲਕੀਅਤ ਵਜੋਂ ਮੈਨੇਜਿੰਗ ਡਾਇਰੈਕਟਰ ਬਣ ਉੱਭਰਿਆ।

ਡਾ ਬਲਵੀਰ ਨੇ ਨਾਲ ਹੀ ਜਾਇਦਾਦ ਖਰੀਦਣ ਤੇ ਵੇਚਣ ਦੇ ਕੰਮ ਨੂੰ ਵੀ ਸ਼ਾਮਲ ਕਰ ਲਿਆ। ਇਸ ਰਾਹੀਂ ਉਹਨੇ ਸਫਲਤਾ ਦੀ ਪੌੜੀ ਦਾ ਡੰਡਾ ਛੁਹਿਆ। ਆਰਥਿਕ ਤੌਰ 'ਤੇ ਪ੍ਰਦੇਸ਼ ਵਿਖੇ ਮਾਣ ਵੀ ਹਾਸਲ ਕੀਤਾ। ਪਰ ਇਸ ਸਫਲਤਾ ਨੇ ਉਸ ਦੇ ਆਪਣੇ ਦੇਸ਼ ਲਈ ਜਜ਼ਬਾਤਾਂ ਨੂੰ ਖਤਮ ਨਹੀਂ ਕੀਤਾ ਸਗੋਂ ਉਨ੍ਹਾਂ ਵਿਚ ਵਾਧਾ ਹੋਇਆ ਤਾਂ ਕਿ ਉਹ ਆਪਣੀ ਦੂਸਰੀ ਖਾਹਿਸ਼ ਨੂੰ ਤਰ੍ਹਾਂ ਤਰ੍ਹਾਂ ਨਾਲ ਵਧਾ ਕੇ ਅਤੇ ਜੜ੍ਹਾਂ ਮਜ਼ਬੂਤ ਕਰ ਸਕਣ ਲਈ ਕਦਮ ਅੱਗੇ ਰੱਖੇ।

ਆਪਣੀ ਉੱਚੀ ਵਪਾਰਿਕ ਸਫਲਤਾ ਕਰਕੇ, ਉਹਨੇ ਮੋੜ ਕੇ ਆਪਣੀ ਜਨਮ ਭੂਮੀ ਨੂੰ ਬਹੁਤ ਵੱਡੀ ਪੱਧਰ 'ਤੇ ਸਮੂਹਿਕ ਸੇਵਾਵਾਂ ਦਿੱਤੀਆਂ ਅਤੇ ਇਸ ਦੇ ਨਾਲ ਨਾਲ ਸਾਹਿਤਕਾਰ ਵਜੋਂ ਲੇਖ ਅਤੇ ਕਵਿਤਾ ਦੇ ਨਾਲ ਨਾਲ ਮਾਂ ਬੋਲੀ ਨੂੰ ਪ੍ਰਦੇਸ਼ ਵਿਚ ਵੀ ਉਤਸ਼ਾਹਿਤ ਕੀਤਾ। ਇਨ੍ਹਾਂ ਕਾਰਨਾਂ ਨਾਲ ਉਹ ਆਪਣੇ ਨਾਲ ਆਸਟਰੇਲੀਆ ਵਸਦੇ ਪੰਜਾਬੀ ਦੇਸ਼ ਵਾਸੀਆਂ ਦੇ ਮਨਾਂ ਨੂੰ ਵੀ ਜਿੱਤ ਚੁੱਕਿਆ ਸੀ। ਉਹਨੇ ਪੰਜਾਬੀਆਂ ਨੂੰ ਸੱਤਾਂ ਸੁਮੰਦਰਾਂ ਤੋਂ ਪਾਰ ਰਹਿੰਦਿਆਂ ਹੋਇਆਂ ਵੀ ਆਪਣੀ ਮਾਂ ਬੋਲੀ ਜ਼ੁਬਾਨ ਅਤੇ ਸਭਿਆਚਾਰ ਦੀ ਖੁਸ਼ਬੂ ਨਾਲ ਜੋੜਨ ਲਈ ਇਕ ਵੱਡੇ ਪਲੇਟਫਾਰਮ ਦਾ ਆਗਾਜ਼ ਵੀ ਕੀਤਾ। ਉਹ ਇੰਡੀਅਨ ਓਵਰਸੀਜ਼ ਕਾਂਗਰਸ ਆਸਟਰੇਲੀਆ ਦੇ ਕੰਮਾਂ 'ਚ ਵੀ ਲੀਨ ਰਹਿੰਦਾ।

2010 ਵਿਚ ਐਨ.ਆਰ.ਆਈ. ਭਲਾਈ ਸੰਸਥਾ ਦੇ ਸਲਾਹਕਾਰ ਬੋਰਡ ਵੱਲੋਂ ਭਾਰਤ ਦਾ ਝੰਡਾ ਉੱਚਾ ਰੱਖਣ ਲਈ ਉਸ ਨੂੰ 'ਹਿੰਦ ਰਤਨ ਐਵਾਰਡ 2010' ਨਾਲ ਵੀ ਸਨਮਾਨਿਤ ਕੀਤਾ ਗਿਆ ਜੋ ਨਵੀਂ ਦਿੱਲੀ ਵਿਚ ਰਿਪਬਲਿਕ ਡੇਅ ਤੇ ਉਹਨਾਂ ਨੂੰ ਭੇਟ ਕੀਤਾ ਗਿਆ ਸੀ। ਇਹ ਐਵਾਰਡ ਉਨ੍ਹਾਂ ਨੂੰ ਉਨ੍ਹਾਂ ਦੀਆਂ ਕੌਮ ਪ੍ਰਤੀ ਲੰਮੇ ਸਮੇਂ ਤੱਕ ਕੀਮਤੀ ਸੇਵਾਵਾਂ ਅਤੇ ਪ੍ਰਾਪਤੀਆਂ ਦੇ ਯੋਗਦਾਨ ਪਾਉਣ ਲਈ ਦਿਤਾ ਗਿਆ ਸੀ।

ਡਾ.ਬਲਵੀਰ ਗਰੀਨ ਵੇਅ ਕਾਮਨਵੈਲਥ ਚੋਣ ਵਿਚ ਸੁਤੰਤਰ ਉਮੀਦਵਾਰ ਵਜੋਂ ਨਾਮਜ਼ਦ ਵੀ ਕੀਤਾ ਗਿਆ ਅਤੇ ਉਹ ਨਿਊ ਸਾਊਥ ਵੇਲਜ਼ ਦੀਆਂ ਫੈਡਰਲ ਚੋਣਾਂ ਨੂੰ ਵੀ ਤਿੰਨ ਵਾਰ ਲੜ ਚੁਕਿਆ ਸੀ। ਇੰਜ ਜ਼ਿੰਦਗੀ ਟੁਰਦੀ ਜਾਂਦੀ ਨੂੰ ਓਹਨੇ ਨੇੜੇ ਹੋ ਕੇ ਹੋਰ ਵੀ ਤੱਕਿਆ ਸੀ। ਉਹ ਪੰਜਾਬੀ, ਜੋ ਆਪਣੇ ਆਪ ਨੂੰ ਇਕ ਵਿਲੱਖਣ ਕੀਟ ਵਿਗਿਆਨੀ, ਇਕ ਕਾਂਗਰਸਮੈਨ, ਕਵੀ ਤੇ ਪੰਜਾਬੀ ਅਤੇ ਭਾਰਤੀ ਕੌਮ ਦੇ ਸਮਾਜ ਸੇਵਕ ਵਜੋਂ ਸਾਬਿਤ ਕਰ ਚੁੱਕਿਆ ਸੀ, ਆਸਟਰੇਲੀਆ ਵਿਚ ਰਹਿੰਦੇ ਪੰਜਾਬੀਆਂ ਦਾ ਆਪਣੇ ਲੇਖਾਂ ਅਤੇ ਆਪਣੀਆਂ ਲਿਖੀਆਂ ਕਵਿਤਾਵਾਂ ਨਾਲ ਵੱਖ-ਵੱਖ ਮੌਕਿਆਂ 'ਤੇ ਦਿਲ ਪ੍ਰਚਾਵਾ ਵੀ ਕਰਦਾ ਰਹਿੰਦਾ ਸੀ। ਉਹਨੇ ਪੰਜਾਬੀ ਕਵਿਤਾ ਦੀਆਂ ਸੱਤ ਪੁਸਤਕਾਂ ਵੀ ਲਿਖੀਆਂ।

ਇਸ ਤਰ੍ਹਾਂ ਮਾਂ ਬੋਲੀ ਨੂੰ ਵੱਡਾ ਹੁੰਗਾਰਾ ਦੇਣ ਲਈ ਫਿਲਮਾਂ ਵਿਚ ਵੀ ਦਿਲਚਸਪੀ ਲਈ ਅਤੇ ਪੰਜਾਬੀਆਂ ਦੀ ਸ਼ਾਨ ਨੂੰ ਵੱਡੇ ਪਰਦੇ 'ਤੇ ਲਿਆਉਣ ਵਿਚ ਵੀ ਕੋਈ ਕਸਰ ਨਹੀਂ ਛੱਡੀ। ਇਸ ਕੜੀ ਵਿਚ ਛੇ ਪੰਜਾਬੀ ਫੀਚਰ ਫਿਲਮਾਂ ਨੂੰ ਭਰਾਵਾਂ ਨਾਲ ਮਿਲ ਕੇ ਉਹਨਾਂ ਵੱਲੋ ਸਥਾਪਿਤ ਕੀਤੀ ਗਈ ਕੰਪਨੀ 'ਸਿੰਘ ਬਰਦਰਜ਼' ਵਲੋਂ ਬਣਾਇਆ ਗਿਆ ਸੀ।

ਇਹਨਾਂ ਬਹੁਪੱਖੀ ਕਾਰਜਾਂ ਤੋਂ ਇਲਾਵਾ ਡਾ.ਬਲਵੀਰ ਨੇ ਕੀਟ ਵਿਗਿਆਨ ਵਿਚ ਉਹਨਾਂ ਵੱਲੋਂ ਕੀਤੀ ਗਈ ਮੂਲ ਖੋਜ ਕਾਰਜ ਨੂੰ ਅਮਰੀਕਾ ਦੀ 'ਅਮੈਰੀਕਨ ਬਾਇਉਗਰਾਫੀਕਲ ਇੰਸਟੀਚੀਊਟ ਰੇਲਿੰਗ' ਵਲੋਂ ਵੀ ਮਾਨਤਾ ਦਿਤੀ ਗਈ ਸੀ ਅਤੇ ਦੁਨੀਆਂ ਦੀਆਂ 5000 ਪਰਸਿੱਧ ਸ਼ਖਸ਼ੀਅਤਾਂ ਵਿਚ ਆਪਣਾ ਨਾਂ ਦਰਜ ਕਰਵਾਇਆ।

'ਇੰਗਲੈਡ ਦੀ ਇੰਸਟੀਚੀਊਟ ਆਫ ਬਾਇਓਲੋਜੀ' ਵੱਲੋਂ ਉਹਨਾਂ ਨੂੰ 'ਚਾਰਟਰਡ ਬਨਸਪਤੀ ਵਿਗਿਆਨਕ' ਦੀ ਆਨਰੇਰੀ ਡਿਗਰੀ ਵੀ ਦਿਤੀ ਗਈ। ਡਾ.ਬਲਵੀਰ ਆਮ ਹੀ ਭਾਰਤ ਆਉਂਦੇ ਰਹਿੰਦੇ ਜਿਥੇ ਕਿ ਉਹ ਆਪਣੀ ਪੁਰਾਣੀ ਸੰਸਥਾ ਪੰਜਾਬ ਖੇਤੀਬਾੜੀ ਯੂਨੀਵਰਸਟੀ, ਲੁਧਿਆਣਾ ਦੇ ਵਿਦਿਆਰਥੀਆਂ ਨੂੰ ਮਿਲਦੇ ਅਤੇ ਸੰਬੋਧਿਤ ਕਰਦੇ।
ਡਾ.ਬਲਵੀਰ ਨਵੀਆਂ ਤਰੱਕੀਆਂ ਬਾਰੇ ਵੀ ਵਿਚਾਰ ਸਾਂਝੇ ਕਰਨ ਦੇ ਨਾਲ ਨਾਲ ਫਸਲਾਂ ਨੂੰ ਭਰਪੂਰ ਕਰਨ ਦੇ ਨਵੇਂ ਤਰੀਕੇ ਅਤੇ ਚੋਖੇ ਤਜਰਬੇ ਦੀਆਂ ਲਾਭਦਾਇਕ ਗੱਲਾਂ ਜਿਨ੍ਹਾਂ ਵਿਚ ਸ਼ਹਿਦ ਦੀਆਂ ਮੱਖੀਆਂ ਦਾ ਪਾਲਣਾ ਤੇ ਵਧਾਉਣਾ, ਫਸਲਾਂ 'ਤੇ ਕੀੜਿਆਂ ਅਤੇ ਨਦੀਨਾਂ ਦਾ ਬਨਸਪਤੀ ਕੰਟਰੋਲ ਕਰਨ ਲਈ ਵੀ ਵਿਚਾਰ ਵਟਾਂਦਰੇ ਕਰਦੇ ਰਹਿੰਦੇ ਸਨ।

ਪੰਜਾਬ ਖੇਤੀਬਾੜੀ ਯੂਨੀਵਰਸਟੀ ਤੋਂ ਉਨ੍ਹਾਂ ਨੇ 1976 ਵਿਚ ਐਮ.ਐਸ ਸੀ. ਅਤੇ 1980 ਵਿਚ ਪੀਐਚ.ਡੀ. ਦੀ ਡਿਗਰੀ ਹਾਸਲ ਕਰਨ ਤੋਂ ਬਾਅਦ 15 ਸਾਲ, ਇਥੇ ਕੀਟ ਵਿਭਾਗ ਵਿਚ ਅਧਿਆਪਕ ਅਤੇ ਖੋਜ ਕਾਰਜਾਂ ਦੀ ਸੇਵਾ ਕੀਤੀ ਅਤੇ ਇਸ ਦੇ ਨਾਲ ਹੀ ਉਹ ਯੂਨੀਵਰਸਟੀ ਦੇ 'ਯੰਗ ਰਾਈਟਰਜ਼ ਐਸੋਸੀਏਸ਼ਨ' ਦੇ ਸੰਪਾਦਕ ਅਤੇ ਇੰਚਾਰਜ ਵੀ ਰਹਿ ਚੁੱਕੇ ਸਨ। ਉਨ੍ਹਾਂ ਨੇ ਚਾਰ ਹੋਰ ਪੁਸਤਕਾਂ, ਬਨਸਪਤੀ ਵਿਗਿਆਨ ਅਤੇ ਕਾਕਰੋਚਾਂ ਦਾ ਕੰਟਰੋਲ , ਬਨਸਪਤੀ ਵਿਗਿਆਨ ਅਤੇ ਚੂਹਿਆਂ 'ਤੇ ਕਾਬੂ ਅਤੇ "ਆਸਟਰੇਲੀਆ ਵਿਚ ਟਰਮਾਈਟਸ ਦਾ ਪ੍ਰਬੰਧ" ਬਾਰੇ ਵੀ ਲਿਖੀਆਂ ਸਨ।
ਮੈਲਬਰਨ ਦੀ ਸਿੱਖ ਸੁਸਾਇਟੀ ਵਲੋਂ ਉਹਨਾਂ ਨੂੰ ਭਾਰਤੀ ਕੌਮ ਦੀ ਭਲਾਈ ਲਈ ਕੀਤੇ ਗਏ ਕੰਮਾਂ ਨੂੰ ਮਾਨਤਾ ਵੀ ਦਿੱਤੀ ਗਈ ਸੀ ਅਤੇ ਉਹਨਾਂ ਨੂੰ 2001 ਦੇ ਸਾਲ ਦਾ 'ਅੰਤਰਰਾਸ਼ਟਰੀ ਵਲੰਟੀਅਰ ਦੇ ਖਿਤਾਬ' ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।

ਡਾ.ਬਲਵੀਰ ਪੰਜਾਬੀ ਸਾਹਿਤ ਅਕੈਡਮੀ ਸਿਡਨੀ ਅਤੇ ਪੰਜਾਬੀ ਵੈਲਫੇਅਰ ਐਂਡ ਕਲਚਰਲ ਐਸੋਸੀਏਸ਼ਨ ਆਸਟਰੇਲੀਆ ਦੇ ਸੰਸਥਾਪਿਕ ਪ੍ਰਧਾਨ ਵੀ ਬਣੇ। ਸਿਡਨੀ ਤੋਂ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਸੀ ਕਿ ਮੈਂ ਸਕੂਲ ਵਿਚ ਹਮੇਸ਼ਾ ਹੀ ਪਹਿਲੇ ਨੰਬਰ 'ਤੇ ਰਿਹਾ ਹਾਂ ਅਤੇ ਕਵਿਤਾ ਨਾਲ ਮੇਰੀ ਸਕੂਲ ਦੇ ਦਿਨਾਂ ਤੋਂ ਪਹਿਲਾਂ ਦੀ ਹੀ ਮੁਹੱਬਤ ਰਹੀ ਹੈ। ਉਨ੍ਹਾਂ ਦਾ ਸੱਚੇ ਪੰਜਾਬੀ ਹੋਣ ਅਤੇ ਉਸਦੇ ਮਹਾਨ ਸੰਘਰਸ਼ ਦਾ ਸਬੂਤ ਉਹਨਾਂ ਦੀ ਕਵਿਤਾ ਵਿਚੋਂ ਮਿਲਦਾ ਹੈ। ਉਹਨਾਂ ਦੀ ਸਫਲ ਹੋਣ ਦੀ ਖਾਹਿਸ਼ ਉਨ੍ਹਾਂ ਦੀਆਂ ਇਹਨਾਂ ਸੱਤਰਾਂ ਤੋਂ ਮਿਲਦੀ ਹੈ।

"ਅੱਗ ਜਦੋਂ ਵੀ ਛਾਤੀ ਵਿਚ ਬਲਦੀ ਹੈ
ਪਰਬਤ ਵੀ ਉੱਚੇ ਨਹੀਂ ਲੱਗਦੇ"

ਡਾ.ਬਲਵੀਰ ਨੇ ਪੰਜਾਬੀਆਂ ਨੂੰ ਇੱਕਠੇ ਕਰਨ ਲਈ ਕਈ ਪਲੇਟ- ਫਾਰਮਾਂ 'ਤੇ ਵੀ ਕੰਮ ਕੀਤਾ। ਜਿਸ ਵਿਚ ਉਨ੍ਹਾਂ ਵਲੋਂ ਚਲਾਏ ਕਈ ਸਭਿਆਚਾਰਕ ਅਤੇ ਭਲਾਈ ਪ੍ਰੋਗਰਾਮ ਵੀ ਸ਼ਾਮਲ ਸਨ। ਜਿਸ ਨੇ ਉਨ੍ਹਾਂ ਦੀ ਕੌਮ ਨੂੰ ਉਸ ਦੀ ਵਿਲੱਖਣ ਪਹਿਚਾਣ ਬਣਾਈ ਰੱਖਣ ਲਈ ਉਤਸ਼ਾਹਿਤ ਵੀ ਕੀਤਾ। ਵਿਦੇਸ਼ ਵਿਖੇ ਉਨ੍ਹਾਂ ਨੇ ਪੰਜਾਬੀ ਪ੍ਰੋਗਰਾਮਾਂ ਵਿਚ ਬੱਚਿਆਂ ਦੇ ਭੰਗੜੇ ਅਤੇ ਗਿੱਧੇ ਲਈ ਇਨਾਮ, ਪੰਜਾਬੀ ਪਹਿਰਾਵਾ ਅਤੇ ਪੰਜਾਬੀ ਗੀਤਾਂ ਦੇ ਮੁਕਾਬਲਿਆਂ ਤੋਂ ਇਲਾਵਾਂ ਧਾਰਮਿਕ ਪ੍ਰੋਗਰਾਮਾਂ ਜਿਨ੍ਹਾਂ ਵਿਚ ਸ਼ਬਦ ਗੋਸ਼ਟੀਆਂ ਸਨ। ਇੰਜ ਉਨ੍ਹਾਂ ਨੇ ਪੰਜਾਬੀ ਬੁੱਧੀਜੀਵੀ ਅਤੇ ਸਿੱਖ ਵਿਦਵਾਨਾਂ ਦਾ ਭਰਪੂਰ ਸਹਿਯੋਗ ਪਰਪਤ ਕੀਤਾ।

ਡਾ.ਬਲਵੀਰ ਉਪਰੋਕਤ ਕਾਰਜਾਂ ਤੋਂ ਇਲਾਵਾ ਵਧੇਰੇ ਹੋਰ ਕਾਰਨ ਵੀ ਹਨ, ਜਿਨ੍ਹਾਂ ਵਿਚ ਪੇਂਟਿੰਗ, ਅਤੇ ਪੰਜਾਬੀ ਸਾਹਿਤਕ ਮੈਗਜ਼ੀਨ ਕਲੀਰੇ ਨੂੰ ਐਡਿਟ ਕਰਨਾ ਸ਼ਾਮਲ ਸੀ। ਉਨ੍ਹਾਂ ਨੇ ਗੁਰੂ ਸਾਹਿਬਾਨਾ ਦੀਆਂ ਤਸਵੀਰਾਂ ਪੇਂਟ ਕੀਤੀਆਂ ਸਨ । ਅਤੇ ਨਾਲ ਹੀ ਪੰਜਾਬੀ ਲੋਕ ਰੰਗ ਦੇ ਆਸ਼ਿਕ -ਸੋਹਣੀ ਮਹੀਂਵਾਲ, ਸੱਸੀ-ਪੁਨੂੰ ਦੇ ਨਾਲ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਕਈ ਹੋਰ ਪੇਂਟਿੰਗਜ਼ ਵੀ ਬਣਾਈਆਂ ਸਨ।
ਕਦੇ ਕਦੇ ਉਹ ਕਹਿੰਦਾ ਬੁਝਦੀ ਨਹੀਂ ਕਲਾ ਰੰਗ ਨਹੀਂ ਖੁਰਦੇ। ਕਦੇ ਸੋਚ ਜੇ ਮਰ ਜਾਵੇ ਤਾਂ ਸੁਫਨੇ ਨਹੀਂ ਜਗਦੇ। ਮਰਨ ਨਾ ਦੇਵੀਂ ਹੁੱਨਰ ਨੂੰ ਬੁੱਤ ਤਰਾਸ਼ ਨਹੀਂ ਮਰਦੇ ਹੁੰਦੇ।

ਇਨ੍ਹਾਂ ਹੀ ਕਾਰਨਾਂ ਨਾਲ ਉਹ ਆਪਣੇ ਨਾਲ ਆਸਟਰੇਲੀਆ ਵਿਚ ਵੱਸਦੇ ਪੰਜਾਬੀ ਦੇਸ਼ ਵਾਸੀਆਂ ਦੇ ਮਨਾਂ ਨੂੰ ਜਿੱਤ ਚੁੱਕੇ ਸਨ। ਉਨ੍ਹਾਂ ਨੇ ਪੰਜਾਬੀਆਂ ਨੂੰ ਸੱਤਾਂ ਸੁਮੰਦਰਾਂ ਤੋਂ ਪਾਰ ਰਹਿੰਦਿਆਂ ਹੋਇਆਂ ਵੀ ਆਪਣੀ ਮਾਂ ਬੋਲੀ ਜ਼ੁਬਾਨ ਅਤੇ ਸਭਿਆਚਾਰ ਦੀ ਖੁਸ਼ਬੂ ਨਾਲ ਜੋੜਨ ਲਈ ਇਕ ਵੱਡੇ ਪਲੇਟਫਾਰਮ ਤੇ ਕੰਮ ਕਰਨ ਦਾ ਆਗਾਜ਼ ਵੀ ਕੀਤਾ ਸੀ।
ਅੜਿਆ ਕੀ ਲੱਭੇਂਗਾ ਸਾਡੇ ਲਫਜ਼ਾਂ ਦੇ ਵਿਉਪਾਰ 'ਚੋਂ। ਹਰਫਾਂ ਦੀ ਹਿੱਕ 'ਚ ਹਾਉਕਿਆਂ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਤੇ ਹਾਂ ਜਾਂ ਕਿਤੇ ਕਿਤੇ ਵਿਛੋੜੇ ਦੀ ਰਿਸ਼ਮ ਮਰਦੀ ਦਿਸਦੀ ਹੈ। ਉਹ ਨੇੜੇ ਬੈਠੀ ਰਣਜੀਤ ਦੀ ਰੂਹ ਨਾਲ ਗੱਲਾਂ ਕਰਦਾ।

7. ਨਿੱਕੀ ਜਿਹੀ ਕੀੜੀ ਹਾਥੀ ਦਾ ਬੁਰਾ ਹਾਲ ਕਰ ਦਿੰਦੀ ਹੈ ਨਿੱਕੀ ਦਲੀਲ ਨਾਲ ਵੱਡੇ ਫੈਸਲੇ ਵੀ ਹੋ ਸਕਦੇ ਹਨ

ਘਰ ਬਾਰੇ ਵਾਰ ਵਾਰ ਬਲਵੀਰ ਨੂੰ ਯਾਦ ਆਉਂਦੀ। ਕਿੰਜ ਸਾਰੇ ਪੰਜਾਬ ਦੇ ਘਰ ਮਕਾਨ ਬਣ ਰਹੇ ਸਨ। ਉਹ ਲਿਖਦਾ-ਘਰ ਸਨ ਕਦੇ ਘਰਾਂ ਨੂੰ ਦੌੜਦੇ ਸਨ ਸੂਰਜ, ਸਾਰਾ ਸਾਰਾ ਦਿਨ ਥੱਕ ਟੁੱਟ ਕੇ। ਭੁੱਖ ਲੱਗਦੀ ਸੀ ਬੂਹਿਆਂ ਦੀ, ਮੋਹ ਜਾਗਦੇ ਸਨ ਦਰਾਂ ਦੇ। ਓਹੀ ਘਰ ਜਿਸ ਦਿਨ ਦੇ ਮਕਾਨ ਬਣ ਗਏ ਸਨ ਕਿਸੇ ਦੀ ਵੀ ਰੂਹ ਨਹੀਂ ਸੀ ਕਰਦੀ ਘਰਾਂ ਨੂੰ ਪਰਤਣ ਲਈ। ਮਕਾਨਾਂ 'ਚ ਕਿਹੜਾ ਜਾਂਦਾ ਹੈ ਅੱਜ ਕਲ੍ਹ ਕਿਹੜਾ ਲਾਉਂਦਾ ਹੈ ਨੇਹ ਬਿਨ ਤਸਵੀਰਾਂ ਦੀਵਾਰਾਂ ਨਾਲ। ਜਿਹਨਾਂ ਬੋਟਾਂ ਲਈ ਆਲ੍ਹਣੇ ਉਸਾਰੇ, ਸਾਰੇ ਹੀ ਸਹਾਰੇ ਪਰਾਂ ਦੇ ਫੁੱਟਦਿਆਂ ਹੀ ਧਰਤ ਨੂੰ ਅਲਵਿਦਾ ਕਹਿ ਅਕਾਸ਼ਾਂ ਵੱਲ ਉੱਡ ਗਏ। ਓਸ ਦਿਨ ਘਰ ਮਕਾਨ ਬਣ ਗਏ ਸਨ। ਓਦਣ ਖੇਤਾਂ 'ਚ ਖੜ੍ਹੀਆਂ ਫਸਲਾਂ ਸਿਸਕੀਆਂ ਸਨ। ਜਦ ਬਲਵੀਰ ਘਰ ਨੂੰ ਛੱਡ ਕੇ ਟੁਰਿਆ ਸੀ। ਇੰਜ ਪੰਜਾਬ ਦੇ ਪਿੰਡ ਪਿੰਡ ਹੋਇਆ। ਸ਼ਹਿਰਾਂ ਦੀਆਂ ਗਲੀਆਂ ਵੀ ਸੁੰਨੀਆਂ ਹੋ ਗਈਆਂ ਸਨ। ਸਾਰੀ ਸਾਰੀ ਰਾਤ ਵਿਯੋਗ ਵਿਚ ਹੰਝੂਆਂ ਨਾਲ ਛੱਤਾਂ ਚੋਈਆਂ ਸਨ। ਅੰਬਰ ਉੱਚੇ ਹੋ
ਗਏ ਸਨ ਡਿਉੜੀਆਂ 'ਚ ਉਡੀਕਾਂ ਜੁੜ ਜੁੜ ਉਡੀਕਣ ਲੱਗੀਆਂ ਸਨ ਖ਼ਤ। ਜਾਂ ਫੋਨਾਂ ਦੇ ਰੋਗ ਲੱਗੇ ਸਨ ਓਦਣ ਤੋਂ ਪੰਜਾਬ ਦੀ ਹਰ ਗਲੀ ਤੇ ਹਰ ਵਿਹੜੇ ਨੂੰ।

ਅਸੀਸਾਂ ਕੱਤਣ ਲੱਗੀਆ ਸਨ ਵਿਯੋਗ ਆਪਣੇ ਰਾਹ ਆਪ ਹੀ ਸੁੰਨੇ ਕਰ ਕਰ ਕੇ। ਭੁੱਖਾਂ ਦੀਆਂ ਚੀਸਾਂ ਜਾਗੀਆਂ ਤਾਰਿਆਂ ਦੇ ਸਹਾਰੇ ਟੁੱਟੇ ਸਨ ਓਸ ਦੁਪਹਿਰ ਵੇਲੇ। ਰਾਤਾਂ ਨੂੰ ਉਨੀਂਦਰੀਆਂ ਅੱਖਾਂ ਦੇ ਸਰਾਪ ਲੱਗੇ ਸਨ। ਫੋਨਾਂ ਦੀਆਂ ਅਵਾਜ਼ਾਂ ਨਾਲ ਟੁੱਕ ਪੱਕਣ ਤੇ ਜਲਣ ਲੱਗੇ ਸਨ। ਕਦੇ ਕਦੇ ਰੋਣ ਤੇ ਕਦੇ ਕਦੇ ਹੱਸਣ ਦੀਆਂ ਅਵਾਜ਼ਾਂ ਅਸਮਾਨ 'ਚ ਸੁਣਦੀਆਂ। ਥੱਕੇ ਟੁੱਟੇ ਆਏ ਦਿਨ ਭੁੱਖ ਨਾਲ
ਅੰਦਰ ਵੜ ਵੜ ਹੰਝੂਆਂ ਨਾਲ ਸਰ੍ਹਾਣੇ ਭਿਓਣ ਲੱਗੇ। ਯਾਰਾਂ ਨੂੰ ਵੀ ਨਾ ਦੱਸਦੇ ਮਾਂਵਾਂ ਦੀਆਂ ਰੀਝਾਂ ਵਾਲੇ ਗੀਤ ਤੇ ਸੁਰਾਂ। ਕੰਧਾਂ ਵੀ ਨਾ ਪੁੱਛਦੀਆਂ ਕਿ ਪੁੱਤ ਕੀ ਖਾ ਕੇ ਸੁੱਤਾ ਸੀ ਅੱਧੀ ਰਾਤੇ ਜਦੋਂ ਆਇਆ ਸੀ।
ਪਿੰਡੀਂ ਮਾਵਾਂ ਦੇ ਕਾਲਜੇ 'ਚ ਹੌਲ ਉੱਠਦੇ ਬਾਪੂ ਨੂੰ ਨਾ ਕੁਝ ਦੱਸਦੀਆਂ ਕਿ ਕਿਉਂ ਰੋਂਦੀਆਂ ਸਨ ਕੁੱਖਾਂ ਰਾਤ ਬਰਾਤੇ। ਕਿਉਂ ਹੱਥੀ ਤੋਰ ਚੰਦਾਂ ਨੂੰ ਕੰਧਾਂ ਚੋਂਦੀਆਂ ਰਹੀਆਂ। ਇਹ ਸੱਭ ਕੁੱਝ ਬਲਵੀਰ ਦੇ ਸਮਿਆਂ ਨਾਲ ਹੋਇਆ ਸੀ।

ਕੁਝ ਤਾਂ ਸੂਰਜ ਕਬਰੀਂ ਟੁਰ ਗਏ ਸਨ। ਨਾਲ ਹੀ ਕਈ ਟੁਰ ਗਈਆਂ ਸਨ ਮਾਵਾਂ। ਤੇ ਕਈ ਰਹਿ ਗਏ ਸਨ ਤਾਰੇ ਗਿਣਦੇ ਗਿਣਦੇ ਜੋ ਵੇਚ ਕੇ ਆ ਗਏ ਸਨ ਥਾਵਾਂ। ਹੱਥਾਂ 'ਚ ਖਿਡਾਏ ਚਾਵਾਂ ਦੇ ਅੰਬਰ ਮੇਚਦੇ ਨਾ ਰਹੇ। ਲੋਅ ਨਾ ਮੇਚਦੀ ਰਹੀ ਚੰਨ ਸੂਰਜਾਂ ਦੀ। ਸੜਕ ਤੇ ਫਿਰਦੇ ਸਨ ਦੋ ਜ਼ਹਾਨ। ਪਿੰਡੀਂ ਸ਼ਹਿਰੀਂ ਬਚੇ ਰਹਿ ਗਏ ਸਨ ਜਿੰਦਰੇ ਲਾ ਕੇ ਗਏ ਘਰ ਬਣੇ ਮਕਾਨ।
ਮਕਾਨਾਂ 'ਚ ਕਿੱਥੇ ਆਉਂਦੀ ਸੀ ਨੀਂਦ! ਹਿੱਕ ਨਾਲ ਬਿਨਾ ਚੰਨ ਲਾਏ ਖਬਰੇ ਕਿੰਜ ਸੌਂ ਜਾਂਦੀਆਂ ਨੇ ਰੁੱਤਾਂ। ਕੋਈ ਵੀ ਨਹੀਂ ਸੀ ਦੱਸਦਾ? ਕੌਣ ਲੈਂਦਾ ਹੈ ਸਾਰ ਹਾਉਕਿਆਂ ਦੀ।

ਹੱਥਾਂ 'ਚ ਨਾਨਕ ਸ਼ਬਦ ਰਹਿ ਗਿਆ ਸੀ ਬਚਿਆ ਜਾਂ ਸ਼ਬਦ ਕੀਰਤਨ ਬਦਲਦੇ ਉਦਾਸ ਪਲਾਂ ਦੀ ਕਹਾਣੀ। ਕੋਈ ਗੁਰਦਵਾਰੇ ਅੱਖਾਂ ਦਾ ਧਰੂ ਤਾਰਾ ਸੂਰਜ ਧਰਤ ਨੂੰ ਛੱਡ ਕੇ ਚਲਾ ਗਿਆ ਸੀ । ਅਜੇ ਆਇਆ ਹੀ ਨਹੀਂ ਸੀ ਲੈਣ। ਨਾ ਹੀ ਉਹਨਾਂ ਦੀ ਉਡੀਕ 'ਚ ਹੁਣ ਕੋਈ ਘਰ ਬੈਠਾ ਸੀ ਕਿਸੇ ਰਾਹ ਵਿਚ। ਓਦੋਂ ਅੰਬਰ ਪਾਟਾ ਦੇਖਿਆ ਸੀ ਮੈਂ -ਬਲਵੀਰ ਕਹਿੰਦਾ।

ਘਰਾਂ ਨੂੰ ਮਕਾਨ ਬਣਾ ਲਿਆ ਸੀ। ਆਪਣੇ ਹੀ ਹੱਥੀਂ, ਆਪਣੇ ਹੱਥਾਂ ਦੀਆਂ ਲਕੀਰਾਂ ਨੇ। ਮੱਥਿਆਂ 'ਚ ਦੋ ਚਾਰ ਬਚੀਆਂ ਤੜਫਦੀਆਂ ਮਰਦੀਆਂ ਤਕਦੀਰਾਂ ਨੇ। ਘਰਾਂ ਨੂੰ ਉਜੜਦਿਆਂ ਉਜੜਦਿਆਂ ਦੇਖਿਆ ਸੀ ਆਪ ਬਣੇ ਸਾਧ ਫਕੀਰਾਂ ਨੇ। ਏਡੇ ਏਡੇ ਵੱਡੇ ਸ਼ਾਹ ਦਿੱਲ ਅਮੀਰਾਂ ਨੇ। ਸੀਨਿਆਂ ਨੂੰ ਆਪ ਹੀ ਝਰੀਟਦਿਆਂ ਰੋਂਦਿਆਂ ਪਿੱਟਦਿਆਂ ਥੋਹਰਾਂ ਤੇ ਕਰੀਰਾਂ ਨੇ। ਕਦੇ ਕਦੇ ਬਲਵੀਰ ਲਿਖਦਾ ਇੰਜ ਕਹਿੰਦਾ - ਬੀਜ਼ ਹਾਂ ਨਿੱਕਾ ਜੇਹਾ ਅਜੇ ਅੱਖਾਂ ਖੋਲਦਾ ਹਾਂ। ਜਿਸ ਦਿਨ ਰੁੱਖ ਬਣਿਆ ਫਿਰ ਕਦੇ ਛਾਂ ਸੀਨਾ ਅੰਗ ਅੰਗ ਵੀ ਕੱਟਵਾਵਾਂਗਾ। ਜਾਂ ਫਰੇਬੀ ਨੇਤਾ ਬਾਰੇ ਲਿਖਦਾ ਸੋਚਦਾ।

"ਜਿੰਨਾ ਤੈਨੂੰ ਜਿਊਣ ਦਾ ਹੁਣ ਫਿਕਰ ਹੈ
ਓਨਾ ਹੀ ਸ਼ਹਿਰ 'ਚ ਕਤਲ ਤੇਰੇ ਦਾ ਜ਼ਿਕਰ ਹੈ"
ਤੇ ਸੋਚਾਂ 'ਚ ਤਰਦਾ ਤਰਦਾ ਬਲਵੀਰ ਸੌਂ ਜਾਂਦਾ ਪਲ ਭਰ ਗੁਜ਼ਰ ਗਏ ਸਮੇਂ ਨੂੰ ਭੁਲਾਣ ਖਾਤਿਰ ਤੇ ਸਵੇਰ ਨੂੰ ਟੁੱਕ ਲਈ ਜਾਣ ਦਾ ਫਿਕਰ ਪੈ ਜਾਂਦਾ।

8. ਦੁਨੀਆਂ ਗਿਆਨ ਨਾਲ ਭਰੀ ਪਈ ਹੈ,ਜਰੂਰਤ ਹੁਣ ਦਿਮਾਗ ਦੇ ਜਗਦੇ ਦੀਪਕ ਦੀ ਹੈ

"ਕੱਲ ਤੂੰ ਜਦ ਆਇਆ ਸੀ ਗਲੀ 'ਚ ਵਿਕਣ ਨੂੰ
ਦਿਲ ਮੇਰਾ ਕਰਦਾ ਸੀ ਕੁਫਰ ਤੇਰਾ ਲਿਖਣ ਨੂੰ"

ਬਲਵੀਰ ਨੂੰ ਫਿਰ ਦੁਬਾਰਾ ਸਤਰਾਂ ਯਾਦ ਆ ਜਾਂਦੀਆਂ।
ਦਿਲਾਂ ਨੂੰ ਜੇ ਪਹਿਲੇ ਤਾਰਿਆਂ ਦੇ ਵਿਗੋਚੇ ਨਾ ਹੁੰਦੇ ਤਾਂ ਕਿਸੇ ਕੁਆਰੀ 'ਵਾ ਨੇ ਟਿੱਲੇ ਤੇ ਨਹੀਂ ਸੀ ਚੜ੍ਹ ਚੜ੍ਹ ਕੂਕਣਾਂ। ਤਪੀਆਂ ਦੇ ਤਪ ਟੁੱਟਣੋ ਬਚ ਜਾਂਦੇ।

ਬਲਵੀਰ ਨੂੰ ਪੰਜਾਬ ਦੀ ਹੋ ਰਹੀ ਘਟੀਆ ਰਾਜਨੀਤੀ ਨੂੰ ਵੰਗਾਰਨ ਦਾ ਲਿਖਤਾਂ ਰਾਹੀਂ ਹੌਸਲਾ ਮਿਲਦਾ ਰਹਿੰਦਾ ਸੀ। ਉਹਨੇ ਅਖਬਾਰਾਂ 'ਚ ਲਿਖਿਆ ਕਿ ਨਵੰਬਰ ਤੋਂ ਪੰਜਾਬ ਵਿੱਚ ਸ਼ੁਰੂ ਹੋਈਆਂ ਸਦਭਾਵਨਾ ਰੈਲੀਆਂ ਅਸਲ ਵਿੱਚ ਜ਼ਬਰ ਨੂੰ ਪ੍ਰਦਰਸ਼ਤ ਕਰਨ ਵਾਲੇ ਇਕੱਠ ਸਨ। ਜਿਨ੍ਹਾਂ ਵਿੱਚ ਮਜ਼ਬੂਰ ਕੀਤੇ ਗਏ ਪੰਚ, ਸਰਪੰਚ, ਗ਼ਰੀਬ, ਪੈਨਸ਼ਨਾਂ ਉਡੀਕ ਰਹੇ ਬਜ਼ੁਰਗ ਅਤੇ ਵਿਧਵਾਵਾਂ, ਕਾਲੀਆਂ ਪੱਗਾਂ ਬੰਨੀ ਪੁਲਿਸ ਦੇ 10 ਹਜ਼ਾਰ ਜੁਆਨ ਅਤੇ ਪ੍ਰਸ਼ਾਸ਼ਨ ਵੱਲੋਂ ਧੱਕੇ ਨਾਲ ਭੇਜੇ ਗਏ ਦਰਜਾ ਤਿੰਨ ਅਤੇ ਚਾਰ ਮੁਲਾਜ਼ਮ ਸ਼ਾਮਿਲ ਹੋਏ ਦੱਸੇ ਗਏ ਸਨ।

ਬਲਵੀਰ ਕਹਿੰਦਾ ਅਸਲ ਵਿਚ ਇਹ ਮੰਦਭਾਵਨਾ ਫੈਲਾਣਗੀਆਂ ਸਦਭਾਵਨਾ ਨਹੀ ਜਿਨ੍ਹਾਂ ਦਾ ਉਦੇਸ਼ ਲੋਕਾਂ ਨੂੰ ਜੋੜਨਾ ਨਹੀਂ ਬਲਕਿ ਤੋੜਨਾ ਸੀ । ਏਹੀ ਮੰਤਰੀ ਜੋ ਕੁੱਝ ਦਿਨ ਪਹਿਲਾਂ ਤੱਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੀ ਹਿੰਮਤ ਨਹੀਂ ਸੀ ਕਰ ਰਹੇ ਸਨ। ਸਾਰਾ ਪ੍ਰਬੰਧ ਹੁਣ ਪੁਲਸ ਦੀ ਸੁਰੱਖਿਆ ਵਿਚ ਹੋ ਰਿਹਾ ਸੀ। ਸਦਭਾਵਨਾ ਲਈ ਪੁਲਸ ਦੀ ਸੁਰੱਖਿਆ ਦੀ ਕੀ ਲੋੜ ਹੈ ? ਬਲਵੀਰ ਪੁੱਛਦਾ।

ਰਾਜ ਦੇ ਅਮਨ ਪਸੰਦ ਲੋਕ ਹੁਣ ਭ੍ਰਿਸ਼ਟ ਅਤੇ ਅਯੋਗ ਸਰਕਾਰ ਨੂੰ ਕਦੇ ਵੋਟ ਨਹੀਂ ਪਾਉਣਗੇ। ਜਿਹੜਾ ਹਾਲ ਹੁਣੇ ਬਿਹਾਰ ਵਿਚ ਹੋਇਆ ਹੈ। ਉਹੀ ਹਾਲ ਸਰਕਾਰ ਦਾ 2019 ਦੀਆਂ ਵਿਧਾਨ ਸਭਾ ਚੋਣਾਂ ਵਿਚ ਹੋਵੇਗਾ। ਇਹ ਜਾਣ ਲੈਣਾ ਚਾਹੀਦਾ ਹੈ ਕਿ ਸਰਕਾਰੀ ਤੰਤਰ ਦੀ ਸਹਾਇਤਾ ਨਾਲ ਇਸ ਤਰ੍ਹਾਂ ਦੀਆਂ ਰੈਲੀਆਂ ਰਾਹੀਂ ਉਹ ਪੰਜਾਬ ਦੇ ਲੋਕਾਂ ਨੂੰ ਨਾ ਤਾਂ ਧੋਖਾ ਦੇ ਸਕਦੇ ਹਨ ਅਤੇ ਨਾ ਹੀ ਆਪਣੇ ਏਜੰਡੇ ਨੂੰ ਅਮਲੀ ਜਾਮਾ ਪਹਿਨਾ ਸਕਦੇ ਹਨ।

ਇਤਿਹਾਸ ਵਿੱਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਕੀਤੀ ਗਈ। ਪਹਿਲੀ ਵਾਰ ਗੁਰੂ ਸਾਹਿਬ ਦੇ ਅੰਗ ਗਲੀਆਂ ਵਿੱਚ ਖਿਲਾਰੇ ਗਏ ਸਨ। ਸਿੱਖਾਂ ਦੀ ਆਪਣੀ ਕਹਾਉਂਦੀ ਸਰਕਾਰ ਤੋਂ ਦੋਸ਼ੀ ਅਜੇ ਤੱਕ ਨਹੀਂ ਫੜੇ ਗਏ ਸਨ।

ਸਰਕਾਰ ਨੇ ਪੰਜਾਬ 'ਤੇ 2-3 ਲੱਖ ਕਰੋੜ ਦਾ ਕਰਜਾ ਚੜਾ ਦਿੱਤਾ ਹੈ। 2400 ਕਰੋੜ ਰੁਪਇਆ ਬੁੱਢਾਪਾ ਪੈਨਸ਼ਨਾਂ ਅਤੇ ਮੁਲਾਜਮਾਂ ਦੀਆਂ ਤਨਖਾਹਾਂ ਦਾ ਬਕਾਇਆ ਖੜਾ ਸੀ। ਹਰ ਮਹੀਨੇ 550 ਕਰੋੜ ਓਵਰ ਡਰਾਫਟ ਰਾਹੀਂ ਲੈ ਕੇ ਕੰਮ ਚਲਾਇਆ ਜਾ ਰਿਹਾ ਸੀ। ਸਰਕਾਰ ਵੱਲੋਂ ਵਿਰੋਧੀਆਂ ਤੇ ਪਰਚੇ ਕੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਸਰਕਾਰ ਜਵਾਲਾਮੁੱਖੀ ਵਰਗੇ ਵਿਰੋਧ ਨੂੰ ਠੱਲ੍ਹਣ ਲਈ ਤਿਨਕੇ ਦਾ ਸਹਾਰਾ ਲੱਭ ਰਹੀ ਸੀ।

ਸਰਬੱਤ ਖਾਲਸਾ ਸੰਗਤ ਦੇ ਇਕੱਠ ਨੇ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਸੀ। ਬੁਖਲਾਹਟ ਵਿਚ ਹਿਟਲਰੀ ਫਰਮਾਨ ਜਾਰੀ ਹੋ ਰਹੇ ਸਨ। ਕਿਸੇ ਵਰਕਰ ਵੱਲ ਚੁੱਕੀ ਅੱਖ ਨੂੰ ਸਬਕ ਸਿਖਾਉਣ ਦੀ ਧਮਕੀ ਦਿੱਤੀ ਜਾ ਰਹੀ ਸੀ। ਰੋਹ 'ਚ 70 ਸਾਲਾਂ ਦੇ ਬਜ਼ੁਰਗ ਨੇ ਇਕ ਮੰਤਰੀ ਦੀ ਪੱਗ ਲਾਹੀ। ਲੋਕਾਂ ਦਾ ਇਸ ਤੋਂ ਵੱਧ ਵਿਰੋਧ ਹੋਰ ਕੀ ਹੋ ਸਕਦਾ ਸੀ। ਲੋਕ ਕਹਿ ਰਹੇ ਸਨ ਕਿ ਜੇ ਗੁਰੂ ਸਹਿਬਾਨ ਦੀ ਬੇਅਦਬੀ ਰੋਕਣ ਲਈ ਸਾਨੂੰ ਆਪਣੀਆਂ ਜਾਨਾਂ ਵੀ ਵਾਰਨੀਆਂ ਪਈਆਂ ਤਾਂ ਉਹ ਪਿੱਛੇ ਨਹੀਂ ਹਟਣਗੇ। ਡੰਡਾ-ਬਰਗੇਡ ਵਲੋਂ ਸ਼ਾਂਤਮਈ ਰੋਸ ਮਾਰਚ ਕਰਦੀਆਂ ਔਰਤਾਂ ਨੂੰ ਕੁੱਟਣ ਮਾਰਨ ਅਤੇ ਬੇਇੱਜ਼ਤ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾ ਰਹੀ ਸੀ। ਸਰਕਾਰ ਦਾ ਔਰੰਗਜ਼ੇਬੀ ਰਾਜ ਜਾਪਦਾ ਸੀ। ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾਣ ਵਾਲੀਆਂ ਸਦਭਾਵਨਾ ਰੈਲੀਆਂ ਫਲਾਪ ਸਿੱਧ ਹੋਣਗੀਆਂ ਪੰਜਾਬ ਦੇ ਲੋਕਾਂ ਨੂੰ ਸਰਕਾਰ ਦੀ ਅਸਲੀਅਤ ਸਮਝ ਆ ਗਈ ਸੀ ਤੇ ਹੁਣ ਉਹ ਆਗੂਆਂ ਦੀਆਂ ਗੱਲਾਂ ਵਿੱਚ ਆਉਣ ਵਾਲੇ ਨਹੀਂ ਸਨ। ਸਰਕਾਰ ਵੱਲੋਂ ਟਰਾਂਸਪੋਰਟਰਾਂ ਦੀਆਂ ਬੱਸਾਂ ਨੂੰ ਧੱਕੇ ਨਾਲ ਲਏ ਜਾਣ ਦੇ ਯਤਨਾਂ ਦੀ ਨਿੰਦਾ ਹੋ ਰਹੀ ਸੀ। ਆਪਣੀਆਂ ਬੱਸਾਂ ਇਕੱਠ ਕਰਨ ਲਈ ਕਿਉਂ ਨਹੀਂ ਵਰਤੀਆਂ ਗਈਆਂ? ਛੋਟੇ ਟਰਾਂਸਪੋਰਟਰਾਂ ਨੂੰ ਧਮਕਾਇਆ ਜਾ ਰਿਹਾ ਸੀ।

ਮੰਤਰੀ ਵੱਲੋਂ ਮੁਆਫੀ ਮੰਗਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੋ ਨੌਜਵਾਨਾਂ ਦੀ ਮੌਤ ਤੇ ਕਿਸਾਨੀ ਬਰਬਾਦ ਹੋ ਚੁੱਕੀ ਸੀ। ਜੇਕਰ ਇਮਾਨਦਾਰੀ ਨਾਲ ਸਰਕਾਰ ਨੇ ਇਸ ਨੂੰ ਥੋੜ੍ਹਾ ਜਿਹਾ ਵੀ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਪੰਜਾਬ ਦਾ ਮਾਹੌਲ ਨਹੀਂ ਵਿਗੜਨਾ ਸੀ। ਮੰਤਰੀ ਨੇ ਮੁਆਫੀ ਮੰਗਕੇ ਸਾਬਤ ਕਰ ਦਿੱਤਾ ਸੀ ਕਿ ਸਰਕਾਰ ਤੋਂ ਵੱਡੀ ਗੱਲਤੀ ਹੋਈ ਸੀ। ਸਰਕਾਰ ਨੂੰ ਹੁਣ ਇਨ੍ਹਾਂ ਰੈਲੀਆਂ ਵੱਲ ਧਿਆਨ ਦੇਣ ਦੀ ਬਜਾਏ ਪੰਜਾਬ ਦੇ ਵਿਗੜ ਰਹੇ ਮਾਹੌਲ ਨੂੰ ਸ਼ਾਂਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਸੀ। ਸਦਭਾਵਨਾ ਰੈਲੀਆਂ ਆਯੋਜਿਤ ਕਰਕੇ ਅਮਨ ਸ਼ਾਂਤੀ ਘੱਟ ਅਤੇ ਤਣਾਅ ਜ਼ਿਆਦਾ ਪੈਦਾ ਹੋ ਰਿਹਾ ਸੀ।

ਨਕੋਦਰ ਵਿੱਚ ਆਯੋਜਿਤ ਕੀਤੀ ਗਈ, ਰੈਲੀ ਵਿੱਚ ਇਕੱਠ ਤਾਂ ਚੰਗਾ ਸੀ। ਪਰ ਉਥੇ ਆਉਣ ਵਾਲੇ ਲੋਕ ਕੌਣ ਸਨ ਅਤੇ ਕਿਵੇਂ ਲਿਆਂਦੇ ਗਏ? ਖਬਰਾਂ ਮੁਤਾਬਕ ਸਰਕਾਰੀ ਕਰਮਚਾਰੀਆਂ ਅਤੇ ਸੁਰੱਖਿਆ ਕਰਮੀਆਂ ਤੋਂ ਇਲਾਵਾ ਲਾਭ ਪਾਤਰ ਰੈਲੀ ਵਿੱਚ ਵੱਡੀ ਗਿਣਤੀ ਵਿਚ ਦੇਖੇ ਗਏ ਸਨ। ਲੋਕਾਂ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਨੂੰ ਪੈਸੇ ਦੇ ਲਾਲਚ ਦੇ ਕੇ ਉਥੇ ਲਿਆਂਦਾ ਗਿਆ ਸੀ। ਲੋਕਾਂ ਨੂੰ ਉਥੇ ਸ਼ਰਾਬ ਦੀਆਂ ਪੇਟੀਆਂ ਵੰਡੀਆਂ ਗਈਆ। ਇਹ ਹੋਰ ਵੀ ਅਫਸੋਸ ਦੀ ਗੱਲ ਸੀ। ਵੈਰਾਗੀ ਪਾਰਟੀ, ਜੋ ਪੰਥਕ ਹੋਣ ਦਾ ਦਾਅਵਾ ਕਰਦੀ ਸੀ, ਕੀ ਉਸ ਨੂੰ ਇਹੋ ਜਿਹੀਆਂ ਕਾਰਵਾਈਆਂ ਸ਼ੋਭਾ ਦਿੰਦੀਆਂ ਸਨ? ਵਿਰੋਧੀ ਧਿਰਾਂ ਨੂੰ ਖੁੱਲੀ ਚੁਣੌਤੀ ਦਿਤੀ ਗਈ। ਇਹ ਅਮਨ ਸ਼ਾਂਤੀ ਵਾਸਤੇ ਸਮਾਗਮ ਸੀ, ਨਾ ਕਿ ਸਿਆਸੀ ਧਿਰਾਂ ਨੂੰ ਨੀਵਾਂ ਦਿਖਾਉਣ ਲਈ ਜਾਂ ਉਨਾਂ ਨੂੰ ਚੁਣੌਤੀ ਦੇਣ ਲਈ। ਪਾਕਿਸਤਾਨ ਅਤੇ ਉਸ ਦੀਆਂ ਖੁਫੀਆ ਏਜੰਸੀਆਂ ਉਤੇ ਵੀ ਇਲਜ਼ਾਮ ਮੜ ਦਿਤੇ ਗਏ। ਪਰ ਮੰਤਰੀ ਦੇ ਭਾਸ਼ਣ ਵਿਚ ਕਾਫੀ ਠਹਿਰਾ ਸੀ।

ਇਹੋ ਜਿਹੀਆਂ ਰੈਲੀਆਂ ਨਾਲ ਲੋਕਾਂ ਦਾ ਵਕਤ ਅਤੇ ਪੈਸਾ ਹੀ ਬਰਬਾਦ ਹੁੰਦਾ ਹੈ। ਦਫ਼ਤਰੀ ਕੰਮ ਕਾਜ ਰੁਕਦਾ ਸੀ। ਲੋਕਾਂ ਦੀਆਂ ਸਮੱਸਿਆਵਾਂ ਵੀ ਵੱਧ ਜਾਂਦੀਆਂ ਨੇ। ਖਾਸ ਕਰਕੇ ਆਵਾਜਾਈ ਵਿਚ ਕਾਫੀ ਦਿੱਕਤ ਆਉਂਦੀ ਹੈ ਅਤੇ ਵਿਉਪਾਰ 'ਤੇ ਵੀ ਮਾੜਾ ਅਸਰ ਪੈਂਦਾ ਸੀ। ਚਾਹੀਦਾ ਇਹ ਹੈ ਕਿ ਸਦਭਾਵਨਾ ਰੈਲੀਆਂ 'ਚ ਸਦਭਾਵਨਾ ਵੀ ਕਿਤੇ ਦਿਸੇ ਨਾ ਕਿ ਚੁਣੌਤੀਆਂ ਤੇ ਹਿਟਲਰੀ ਫੁਰਮਾਨ ਹੀ ਜਾਰੀ ਕੀਤੇ ਜਾਣ। ਰੈਲੀਆਂ ਵਿੱਚ ਭਾਸ਼ਣ ਦੀ ਸ਼ੈਲੀ ਵਿਚ ਬਦਲਾਅ ਲਿਆਉਣਾ ਬਹੁਤ ਜਰੂਰੀ ਸੀ। ਇਸ ਵੇਲੇ ਅਮਨ ਸ਼ਾਂਤੀ ਲਿਆਉਣਾ ਅਸਲ ਮਕਸਦ ਸੀ। ਸਗੋਂ ਵਿਰੋਧੀ ਧਿਰਾਂ ਨੂੰ ਵੀ ਮੰਚ 'ਤੇ ਸੱਦਾ ਦੇਣਾ ਲਾਹੇਵੰਦ ਸੀ।
ਸਦਭਾਵਨਾ ਨੂੰ ਦੁਰਭਾਵਨਾ 'ਚ ਨਾ ਪੇਸ਼ ਕੀਤਾ ਜਾਵੇ ਤਾਂ ਹੀ ਕੁਝ ਅੱਛਾ ਨਤੀਜਾ ਨਿਕਲ ਸਕਦਾ ਸੀ।

9. 'ਅਸੀ ਤਾਂ ਅਜੇਹੀਆਂ 'ਨੇਰੀਆਂ ਰਾਤਾਂ 'ਚ ਕੋਈ ਚਿੱਟੇ ਚੰਨ ਦੀ ਲੋਅ ਬੀਜਣੀ ਚਾਹੁੰਦੇ ਹਾਂ।'

ਅੱਜ ਫਿਰ ਰਾਤ ਦਿਨ ਸਾਜਿਸ਼ਾਂ ਘੜ੍ਹ ਰਹੇ ਹਨ ਤੇ ਔਰੰਗੇ ਦਾ ਰੂਪ ਧਾਰ ਰਹੇ ਹਨ। ਪੰਜਾਬ ਦੀ ਨਿਮਾਣੀ ਮਿੱਟੀ ਬੇਕਸੂਰਾਂ ਦੇ ਰੱਤ 'ਚ ਭਿੱਜਦੀ ਜਾ ਰਹੀ ਹੈ। ਤੈਨੂੰ ਪਤਾ ਹੀ ਹੈ ਕਿ ਅੱਜ ਲੱਖਾਂ ਸੁਪਨੇ, ਆਵਾਜਾਂ, ਗੀਤ ਤੇ ਨਜ਼ਮਾਂ ਕਿਰ ਕਿਰ ਮਰ ਰਹੀਆਂ ਸਨ।

ਬਹੁਤ ਚਿਰ ਹੋ ਗਿਆ ਹੈ ਤੈਨੂੰ ਚੁੱਭੀ ਮਾਰ ਕੇ ਸਾਥੋਂ ਅਲੋਪ ਹੋਏ ਨੂੰ। ਚੱਲ ਆ ਰਾਵੀ 'ਚੋਂ ਬਾਹਰ ਤੇ ਸਾਰੀ ਤਵਾਰੀਖ ਮੁੜ ਕੇ ਸਿਰਜੀਏ। ਲਿਖੀਏ ਉਹਨਾਂ ਔਝੜ ਵੇਲਿਆਂ ਦੇ ਨਾਂ ਤਾਂ ਕਿ ਕੋਈ ਮੁੜ ਤੱਤੀਆਂ ਤਵੀਆਂ 'ਤੇ ਤੇਰੇ ਵਰਗੇ ਨਾਨਕ ਦੇ ਪਿਆਰੇ ਨੂੰ ਬੈਠਣ ਲਈ ਨਾ ਕਹੇ। ਹੁਣ ਸਾਡੇ ਕੋਲੋਂ ਨਹੀਂ ਇੰਜ਼ ਬੇਗੁਨਾਹ ਹੁੰਦਿਆਂ ਸਵੀਕਾਰਿਆ ਜਾਂਦਾ ਤੇਰੇ ਵਾਂਗ ਤੱਤੀਆਂ ਤਵੀਆਂ 'ਤੇ ਬੈਠਣਾ। ਤੇ ਨਾ ਹੀ ਇਹਨਾਂ ਚੰਡਾਲਾਂ ਦੇ ਸੁਣੇ ਜਾਂਦੇ ਨੇ ਹੁਕਮ ਉਬਲਦੀਆਂ ਦੇਗਾਂ 'ਚ ਬੈਠ ਕੇ।

ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਸੀ। ਬਲਵੀਰ ਨੇ ਗੁਰਦੁਆਰੇ ਭਾਸ਼ਣ ਵੀ ਦਿਤਾ ਤੇ ਇਕ ਨਜ਼ਮ ਵੀ ਸੁਣਾਈ। ਤਾਂ ਸੰਗਤ ਅਸ਼ਅਸ਼ ਕਰ ਉੱਠੀ ਤੇ ਸਰਸ਼ਾਰ ਹੋ ਗਿਆ ਸੀ ਸੰਗਤ ਦਾ ਸਾਰਾ ਵਾਤਾਵਰਣ।
ਨਜ਼ਮ ਦੀਆਂ ਸਤਰਾਂ ਕੁੱਝ ਇਸ ਤਰਾਂ ਸਨ-

"ਅਸੀਂ ਤਾਂ ਉਹ ਹੱਥ ਭੰਨਣਾਂ ਲੋਚਦੇ ਹਾਂ
ਜੋ ਸਾਡੇ ਲਈ ਅਜਿਹੇ ਦਰਿਸ਼ ਸਿਰਜਣਗੇ-
ਅਸੀਂ ਆਪਣੀ ਚਾਲੇ ਵਗਦੇ ਸ਼ਾਂਤ ਦਰਿਆ
ਸਿਰਾਂ ਲਈ ਤੱਤੀ ਰੇਤ ਦੇ ਮੀਂਹ ਨਹੀਂ ਮੰਗਦੇ-
ਅਸੀ ਤਾਂ ਅਜੇਹੀਆਂ 'ਨੇਰੀਆਂ ਰਾਤਾਂ 'ਚ
ਕੋਈ ਚਿੱਟੇ ਚੰਨ ਦੀ ਲੋਅ ਬੀਜਣੀ ਚਾਹੁੰਦੇ ਹਾਂ।
ਘਰਾਂ ਦੇ ਬਨੇਰਿਆਂ 'ਤੇ
ਨਾਨਕ ਦੇ ਸ਼ਬਦ ਰੂਪੀ ਦੀਵੇ ਸਜਾਉਣ ਦਾ ਮੋਹ ਹੈ ਸਾਡੇ ਦਿਲਾਂ 'ਚ
ਆ ਕੋਈ ਪੰਜਾਬ ਤੇ ਦੁਨੀਆਂ ਦੇ ਵਿਹੜੇ 'ਚ
ਕੋਈ ਚਿੱਟੇ ਗੁਲਾਬ ਵਰਗੀ ਦੁਪਹਿਰ ਬਣ ਖਿੜ੍ਹੀਏ
ਤਾਂ ਕਿ ਮਾਵਾਂ ਨੂੰ ਮਾਰੇ ਗਏ ਪੁੱਤਾਂ ਦੇ ਵਿਗੋਚੇ ਨਾ ਖਾ ਜਾਣ-
ਐਤਕੀਂ ਤੇਰੇ ਸ਼ਹੀਦੀ ਦਿਵਸ ਤੇ
ਮੇਰੀ ਕਲਮ ਦੀ ਇਹੀ ਇੱਕ ਨਿੱਕੀ ਜੇਹੀ ਅਰਜ਼ ਹੈ- ਕਬੂਲ ਕਰੀ

ਇਹ ਓਦੋਂ ਦੀ ਗੱਲ ਹੈ ਜਦੋਂ ਹਰ ਪਿੰਡ ਸ਼ਹਿਰ ਦੀ ਮਿੱਟੀ ਲਹੂ ਨਾਲ ਭਿੱਜ ਗਈ ਸੀ। ਹਰ ਪਾਸੇ ਦਹਿਸ਼ਤ ਗਰਦੀ ਦਾ ਦੌਰ ਸੀ। ਕਲਮਾਂ ਤੜਫ਼ ਤੜਫ਼ ਹਵਾਵਾਂ ਨੂੰ ਕਹਿੰਦੀਆਂ ਰਹੀਆਂ ਕਿ ਕੋਈ ਪੰਜਾਬ ਨੂੰ ਲੱਗੀ ਨਜ਼ਰ ਉਤਾਰੇ। ਰੋਜ਼ ਨੀਂਦਰ ਦੀ ਗੋਦ ਤਿੜਕਦੀ ਸੀ। ਬਾਹਰ ਹਰ ਪਾਸੇ ਚੀਕਾਂ ਦੀ ਕਿਣਮਿਣ ਸੀ। ਹਰ ਪਾਸੇ ਵੈਣ ਹੀ ਵੈਣ ਸਨ। ਘਰਾਂ ਵਿਚ ਨਿੱਤ ਖੌਫ਼ ਰਿੱਝਦੇ ਸਨ। ਚੁਫੇਰੇ ਤਲਵਾਰਾਂ, ਗੋਲੀਆਂ ਤੇ ਅਸਾਲਟਾਂ ਦਾ ਪਹਿਰਾ ਸੀ। ਲੋਕਾਂ ਨੇ ਬਹੁਤ ਅਰਜ਼ਾਂ ਕੀਤੀਆਂ ਕਿ ਇਹ ਰੁੱਤ ਬਦਲ ਜਾਵੇ ਤੇ ਬਿਰਖਾਂ ਨੂੰ ਓੁਹਨਾਂ ਦੀ ਉਮਰ ਮਿਲੇ ਤੇ ਡਾਲੀਆਂ ਦੇ ਜਿਸਮਾਂ ਤੇ ਹਰੀਆਂ ਕਰੂੰਬਲਾਂ ਖਿੜ੍ਹ ਪੈਣ। ਕਦੇ ਕਿਸੇ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਇਸ ਦੌਰ ਦੀ ਸੀਮਾ ਹਰਫ਼ਾਂ ਨੂੰ ਵੀ ਟੱਪ ਜਾਵੇਗੀ। ਸਾਰਾ ਕੁਝ ਮੱਥੇ ਦੀਆਂ ਲਕੀਰਾਂ ਤੋਂ ਪਰੇ ਜੇਹੇ ਹੋਇਆ ਸੀ। ਮਨੁੱਖਤਾ ਦੇ ਸਹਾਰਿਆ, ਇਨਸਾਨੀਅਤ ਦੇ ਸੂਰਜਾ, ਤੱਤੀਆਂ ਤਵੀਆਂ 'ਤੇ ਹੱਸ ਹੱਸ ਬੈਠਣ ਤੇ ਗਾਉਣ ਵਾਲਿਆ। ਓਹਦੇ ਭਾਣੇ ਨੂੰ ਮਿੱਠਾ ਕਰਕੇ ਸਵੀਕਾਰ ਕਰਨ ਵਾਲਿਆ। ਕਈ ਸਾਲ ਲੰਘ ਗਏ ਹਨ। ਅਥਾਹ ਪਾਣੀ ਤੇਰੇ ਪੰਜਾਬ ਦੇ ਪੁਲਾਂ ਹੇਠ ਦੀ ਲੰਘ ਚੁੱਕਾ ਹੈ। ਤੈਨੂੰ ਸ਼ਾਇਦ ਯਾਦ ਹੋਵੇ ਕਿ ਤੇਰੇ ਹੀ ਮਹਾਨ ਸ਼ਹੀਦੀ ਦਿਵਸ 'ਤੇ ਤੇਰੇ ਹੀ ਚਰਨਾਂ ਨੂੰ ਪ੍ਰਣਾਮ ਕਰਨ ਗਏ ਕਈ ਬੇਗੁਨਾਹ ਮਾਂਵਾਂ ਦੇ ਪੁੱਤ, ਮਤਾਂਵਾਂ, ਭੈਣਾਂ ਤੇ ਕਈ ਬਜੁਰਗ ਬਾਪ ਸਮੇਂ ਨੇ ਪਲਾਂ 'ਚ ਹੀ ਮੌਤ ਦੀ ਗੋਦ 'ਚ ਸੁਆ ਦਿਤੇ ਸਨ।

ਅੱਜ ਵੀ ਓਹੀ ਪਲ ਯਾਦ ਆਉਂਦੇ ਹਨ। ਜਦੋਂ ਮਨ ਝੰਜੋੜੇ ਗਏ ਸਨ, ਤਨ ਵਲੂੰਧਰੇ ਗਏ ਸਨ। ਉਸ ਦੁਖਾਂਤ ਨੇ ਇਨਸਾਨੀਅਤ ਨੂੰ ਮਿੱਟੀ 'ਚ ਰੋਲਿਆ ਸੀ। ਸੰਗੀਨਾਂ ਨੇ ਕਾਨੂੰਨ ਨੂੰ ਹੱਥ 'ਚ ਲੈ ਕੇ ਇਨਸਾਨੀਅਤ ਦਾ ਸ਼ਰੇਆਮ ਕਤਲੇਆਮ ਕੀਤਾ। ਜ਼ਾਲਮਾਂ ਨੇ ਨਿੱਕੇ ਨਿੱਕੇ ਬੱਚਿਆਂ ਦੀਆਂ ਚੀਕਾਂ ਵੀ ਨਾ ਸੁਣੀਆਂ। ਔਰਤਾਂ ਨਾਲ ਸ਼ਰੇਆਮ ਬਦਸਲੂਕੀ ਕੀਤੀ। ਤੇਰੇ ਹੀ ਹਰਿਮੰਦਰ 'ਚ ਉਹਨਾਂ ਤਬਾਹੀ ਮਚਾਈ।

ਇਹ ਓਦੋਂ ਦੀ ਗੱਲ ਹੈ ਜਦੋਂ ਅਰਸ਼ ਵੀ ਹੁੱਬਕੀਂ ਰੋਇਆ ਸੀ। ਇਕ ਪਾਸੇ ਸਾਰੇ ਦੇਸ਼ ਦੀ ਫੌਜ ਤੇ ਦੂਜੇ ਪਾਸੇ ਤੇਰੇ ਕੁਝ ਕੁ ਸੀਸ ਤਲੀ ਤੇ ਧਰਕੇ ਬੈਠੇ ਭੁੱਖੇ ਪਿਆਸੇ ਸ਼ੇਰਾਂ ਦੇ ਪੁੱਤ। 25 ਸਾਲਾਂ ਬਾਦ ਤੇਰੀ ਹੀ ਗੋਦ 'ਚ ਅੱਗ ਲਾਉਣ ਵਾਲੇ। ਤੇਰੇ ਉਸਾਰੇ ਹੋਏ ਅੰਮ੍ਰਿਤ ਦੇ ਸਰੋਵਰ ਦੇ ਆਲੇ ਦੁਆਲੇ। ਦੁਨੀਆਂ ਭਰ 'ਚ ਇਕ ਅੱਤ ਘਿਣਾਉਣੇ ਕਹਿਰ ਨੂੰ ਰਚਣਹਾਰੇ, ਹਜ਼ਾਰਾਂ ਸੂਰਜਾਂ ਨੂੰ ਮਿੱਟੀ 'ਚ ਮਿਲਾਉਣ ਵਾਲੇ, ਅਜੇ ਵੀ ਬੇਖੌਫ਼ ਘੁੰਮ ਰਹੇ ਹਨ, ਸੰਗੀਨਾਂ ਦੀ ਛਾਂ ਹੇਠ ਤੇਰੇ ਸ਼ੇਰਾਂ ਦੇ ਬੱਚਿਆਂ ਤੋਂ ਡਰਦੇ।
ਮੈਂ ਪੁੱਛਦਾ ਹਾਂ ਤਵੀਆਂ ਤੇ ਦੇਗਾਂ ਨੂੰ ਠਾਰਨ ਵਾਲਿਆ ਕਿ ਓਸ ਵੇਲੇ ਮੇਰੇ ਕੋਲ ਤੇਰੇ ਤੋਂ ਵੱਡਾ ਕਿਹੜਾ ਸਹਾਰਾ ਸੀ?

ਬਾਪੂ ਦੇ ਵੇਲੇ ਦੀ ਗੱਲ ਸੰਨ ਸੰਤਾਲੀ ਚੇਤੇ ਕਰਵਾ ਦਿਤੀ ਇਹਨਾਂ ਜ਼ਾਲਮਾਂ ਨੇ। ਆਪਣੇ ਹੀ ਘਰ ਨੂੰ ਅੱਗ ਲਾ ਕੇ ਖਬਰੇ ਕਿਹੜੀ ਕੁਲੱਛਣੀ ਕਬਰਾਂ ਨੂੰ ਤੁਰ ਗਈ ਸੀ। ਓਦੋਂ ਵੀ ਕਈ ਕਲਮਾਂ ਰੋਈਆਂ ਸਨ। ਓਦੋਂ ਵੀ ਲੋਕਾਂ ਵਾਰਿਸ ਸ਼ਾਹ ਨੂੰ ਹਾਕਾਂ ਮਾਰੀਆਂ ਸਨ ਤੇ ਹੀਰ ਦੀ ਮਜ਼ਾਰ ਤੇ ਧਾਗੇ ਬੰਨ੍ਹ ਕੇ ਰਾਂਝੇ ਨੂੰ ਉਡੀਕ ਉਡੀਕ ਬੁੱਢੀਆਂ ਹੋ ਗਈਆਂ ਸਨ। ਬਿਲਕੁਲ ਏਸੇ ਤਰ੍ਹਾ ਹੀ ਜੂਨ ਚੁਰਾਸੀ 'ਚ ਵੀ ਕਈ ਸੁਹਾਗ ਉਜਾੜੇ ਗਏ। ਹਰ ਦਰ ਲਹੂ ਨਾਲ ਭਿੱਜਿਆ।

ਰਾਵੀ 'ਚ ਟੁੱਬੀ ਮਾਰ ਕੇ ਛੁਪ ਜਾਣ ਵਾਲਿਆ। ਸਾਨੂੰ ਤੇਰੇ ਤੇ ਬਹੁਤ ਆਸਾਂ ਸਨ। ਆ ਕੇ ਆਪਣੇ ਅੰਮ੍ਰਿਤਸਰ ਦਾ ਹਾਲ ਤਾਂ ਪੁੱਛ ਜਾ। ਕੀ ਬੀਤਿਆ ਤੇਰੇ ਪੰਜਾਬ ਨਾਲ। ਉਂਝ ਏਥੇ ਹਰ ਪਾਸੇ ਜ਼ਾਲਮਾਂ ਦੇ ਪਹਿਰੇ ਸਨ ਤੇ ਘੇਰੇ ਵਿਚ ਤੇਰਾ ਸ਼ੇਰ ਰਾਂਝੇ ਵਾਂਗ ਕੱਲਾ ਜੂਝਦਾ ਖੜ੍ਹਾ ਸੀ।

ਅੱਜ ਤੇਰੇ ਸ਼ਹਿਰ ਵਿਚ ਫਿਰ ਤੇਰੇ ਮਿਰਜੇ. ਸ਼ੇਰਾਂ ਦੇ ਤੀਰ ਗੁਆਚ ਗਏ ਹਨ ਤੇ ਨਿੱਤ ਤੇਰੀਆਂ ਸਾਹਿਬਾਂ ਵਰਗੀਆਂ ਧੀਆਂ ਕੁੜੀਆਂ ਦੀਆਂ ਡੋਲੀਆਂ ਦਿਨ ਦਿਹਾੜੇ ਲੁੱਟੀਆਂ ਜਾ ਰਹੀਆਂ ਹਨ। ਹਰ ਪਾਸੇ ਹਨੇਰਾ ਹੀ ਹਨੇਰਾ ਹੈ ਤੇ ਰਾਵੀ ਝਨ੍ਹਾਂ ਦੇ ਪਾਣੀਆਂ 'ਚ ਤੂਫਾਨ ਆਏ ਹੋਏ ਨੇ। ਉਜੜੇ ਲੋਕ ਅੱਜ ਤੱਕ ਹੱਕ ਮੰਗਦੇ ਮੰਗਦੇ ਥੱਕ ਗਏ ਨੇ। ਸੋਹਣੀਆਂ ਵਾਂਗ ਹੱਥ 'ਚ ਕੁਝ ਵੀ ਨਹੀਂ ਹੈ। ਸਿਰਫ਼ ਕੱਚੇ ਘੜੇ ਦਾ ਸਹਾਰਾ ਹੈ -ਪਰ ਉਹਨੇ ਤਾਂ ਦਰਿਆ 'ਚ ਵੀ ਠੱਲਣਾ ਹੈ।

ਅੱਜ ਤੇਰੇ ਵਸਾਏ ਸ਼ਹਿਰ ਤੇ ਪੰਜਾਬ ਦੀ ਹਵਾ ਬਹੁਤ ਔਖੇ ਔਖੇ ਸਾਹ ਭਰ ਰਹੀ ਹੈ। ਏਥੇ ਓਹੀ ਕੁਝ ਹੋ ਰਿਹਾ ਹੈ ਜੋ ਕਦੇ ਸਦੀਆਂ ਪਹਿਲਾਂ ਹੋਇਆ ਸੀ। ਅਸੀਂ ਆਪਣੇ ਘਰ ਵਿਚ ਹੀ ਜਲਾਵਤਨ ਹੋਏ ਬੈਠੇ ਹਾਂ ਤੇਰੇ ਇਕ ਨਾਂ ਦਾ ਸਹਾਰਾ ਲੈਂਦੇ। ਘਰ ਘਰ ਸੁੰਨ੍ਹਾ ਹੋਇਆ ਦਿਸਦਾ ਹੈ। ਗਭਰੂਆਂ ਦੀਆਂ ਟੋਲੀਆਂ ਜਾਂ ਤਾਂ ਰਹੀਆਂ ਨਹੀਂ ਜਾਂ ਕਈ ਵਿਚਾਰੇ ਛੁਪ ਕੇ ਬਦੇਸ਼ਾਂ 'ਚ ਜਾ ਵਸੇ ਹਨ। ਤੇਰੇ ਸ਼ਹਿਰ ਦੇ ਹਾਕਮ ਦੀਆਂ ਗੋਲੀਆਂ ਤੋਂ ਰਾਹ ਖਹਿੜੇ ਬੇਗੁਨਾਹ ਵਿੰਨ੍ਹ ਹੋ ਜਾਣ ਤੋਂ ਡਰਦੇ।

ਇਥੇ ਰੋਜ਼ ਬੇਕਸੂਰ ਸੂਰਜ ਸਲੀਬਾਂ 'ਤੇ ਟੰਗੇ ਜਾ ਰਹੇ ਹਨ। ਜਾਬਰਾਂ ਨੇ ਅੱਤ ਚੁੱਕੀ ਹੋਈ ਹੈ। ਨਿੱਤ ਮੁਗਲੀਏ ਦੁੱਲੇ ਭੱਟੀ ਦੇ ਘਰਾਂ ਨੂੰ ਲਾਂਬੂ ਲਾ ਰਹੇ ਹਨ ਤੇ ਤੇਰੇ ਪੰਜਾਬ ਦੀਆਂ ਮਾਂਵਾਂ ਦੇ ਹੱਥ ਰੱਸੀਆਂ ਨਾਲ ਬੰਨ੍ਹ ਬੰਨ੍ਹ ਕਿਸੇ ਔਰੰਗੇ ਦੇ ਸਿਪਾਹੀ ਜੋਰੋ ਜ਼ਰਬੀ ਲਈ ਜਾ ਰਹੇ ਹਨ।

ਸੱਚ ਤੇ ਪਹਿਰਾ ਦੇਣ ਵਾਲੇ ਤੇ ਮੁਹੱਬਤ ਦੇ ਗੀਤ ਗਾਉਣ ਵਾਲਿਆਂ ਨੂੰ ਤੇਰੇ ਵਾਂਗ ਹੀ ਬਲਦੀਆਂ ਦੇਗਾਂ 'ਚ ਪਾ ਕੇ ਉਬਾਲਿਆ ਜਾ ਰਿਹਾ ਹੈ। ਜੇਲ੍ਹਾਂ 'ਚ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਦੇ ਖ਼ਤਮ ਕੀਤਾ ਜਾ ਰਿਹਾ ਹੈ। ਸਿੱਖਾਂ ਨੂੰ ਹੀ ਮੂਹਰੇ ਕਰ ਕਰ ਭਰਾਵਾਂ ਨਾਲ ਲੜਾਇਆ ਜਾ ਰਿਹਾ ਹੈ। ਅਦਾਲਤ ਅੰਨ੍ਹੀ ਹੋ ਗਈ ਹੈ। ਕਿਸੇ ਪਾਸੇ ਕੋਈ ਅਰਜ਼ ਨਹੀਂ ਸੁਣਦਾ। ਕਿਸੇ ਪਾਸੇ ਫਰਿਆਦ ਨਹੀਂ ਹੈ। ਹਰ ਪਾਸੇ ਜੰਗਲ ਦਾ ਰਾਜ ਹੈ। ਤਾਰੀਖ ਦੇ ਵਰਕੇ ਪਿਛਾਂਹ ਵੱਲ ਦੇਖ ਦੇਖ ਬੇਸਹਾਰਾ ਝਾਕ ਰਹੇ ਹਨ।

ਤੂੰ ਕਹੇਂਗਾ ਮੈ ਕੌਣ ਹਾਂ-ਮੈਂ ਇਸ ਜ਼ਬਰ ਜ਼ਨਾਹ 'ਚ ਲਿਤਾੜੀ ਜਾ ਰਹੀ ਲੋਕਾਂ ਦੀ ਅਵਾਜ਼ ਹਾਂ। ਆਪਣੀਆਂ ਹੀ ਰਾਤਾਂ ਦਾ ਇਕ ਗੁਆਚਾ ਜੇਹਾ ਸੁਪਨਾ ਤੇ ਤੂੰ 'ਨੇਰ੍ਹੇ 'ਚ ਕੁਫ਼ਰ ਤੇ ਜ਼ੁਲਮ ਦੀ ਇਸ ਰੁੱਤ 'ਚ ਚੁੱਪ ਬੈਠਾ ਦੇਖ ਰਿਹਾ ਏਂ। ਤੇਰੇ ਤੋਂ ਤਾਂ ਜ਼ਾਬਰ ਕੰਬਦੇ ਸਨ। ਤੇਰੀ ਲੀਹ ਤੋਂ ਤਾਂ ਪਰਬਤ ਡਰਦੇ ਸਨ। ਤੂੰ ਵੀ ਜਹਾਂਗੀਰੀਏ ਦੇ ਕਹੇ ਤੱਤੀ ਰੇਤਾ 'ਚ ਨ੍ਹਾਉਣਾ, ਲਿਸ਼ਕਦੀਆਂ ਤੇਗਾਂ ਦਾ ਰਾਹ ਦੱਸਦਾ, ਬਲਦੀਆਂ ਉੱਬਲਦੀਆਂ ਦੇਗਾਂ ਦਾ ਰਾਹ ਅਪਣਾ ਲਿਆ।

ਤੂੰ ਸ਼ਵੀਆਂ ਉੱਤੇ ਨੱਚਦਾ ਰਿਹਾ, ਤਵੀਆਂ ਉੱਤੇ ਹੱਸਦਾ ਰਿਹਾ। ਤੇਰੀ ਓਸ ਯਾਦ ਨੂੰ ਲੈ ਕੇ ਸੀਨੇ ਵਿਚ ਇਕ ਚੀਸ ਜੇਹੀ ਪੈਂਦੀ ਹੈ ਤੇ ਤੜਫ਼ਦੀ ਆਂਦਰ ਕਈ ਕੁਝ ਕਹਿੰਦੀ ਹੈ। ਉਹ ਰਾਹ ਜੋ ਤੇਰਾ ਨਵਾਂ ਨਰੋਆ ਜੇਹਾ ਸੀ। ਉਹ ਸਬਕ ਜੋ ਸੱਜਰਾ ਸੱਜਰਾ ਸੀ, ਕਿੱਥੇ ਚਲਾ ਗਿਆ ਹੈ?

ਭਾਂਵੇਂ ਇਹ ਸੱਚ ਹੈ ਕਿ ਹਰਫ਼ ਤਕਦੀਰ ਨਹੀਂ ਬਦਲ ਸਕਦੇ ਤੇ ਕਲਮ ਕੁਫਰ ਦੀ ਹੋਣੀ ਨੂੰ ਕੀ ਕਹੇ। ਸਿਆਲਾਂ ਵਾਲੀ ਕੁੜੀ ਦੀ ਕਿਹੜਾ ਕੋਈ ਮੱਥੇ ਦੀ ਲਕੀਰ ਬਦਲ ਸਕਿਆ ਸੀ। ਪਰ ਉਹਨੇ ਓਸ ਲਕੀਰ ਨੂੰ ਪੰਜਾਬ ਦਾ ਹੱਕ ਵੀ ਨਹੀਂ ਸੀ ਸਮਝਿਆ। ਜਿਵੇਂ ਤੂੰ ਨਹੀਂ ਸੀ ਕੁਫਰ ਕਬੂਲ ਕੀਤਾ ਤੇ ਜੇ ਇਹ ਸੱਭ ਕੁਝ ਸਵੀਕਾਰ ਕਰ ਲੈਂਦਾ ਤਾਂ ਸਾਡੇ ਵਰਗਾ ਹੋ ਜਾਣਾ ਸੀ। ਤੂੰ ਤਾਂ ਸਮੇਂ ਨੂੰ ਵੀ ਗੋਲ ਕਰ ਦਿਤਾ, ਓਦੋਂ ਸਮਾਂ ਵੀ ਰੁਕ ਗਿਆ ਸੀ ਜਦੋਂ ਤੂੰ ਤੱਤੀ ਰੇਤ 'ਚ ਨਾਤ੍ਹਾ ਸੀ। ਤਪਦੀ ਸੁਰਖ ਤਵੀ ਉੱਤੇ ਹੱਸਿਆ ਸੀ। ਬਲਦੀ ਉਬਲਦੀ ਦੇਗ ਨੂੰ ਠਾਰਿਆ ਸੀ।

ਲਹਿਰ ਦੀ ਛਾਂ ਹੇਠ ਕਈ ਲੋਟੂ ਟੋਲਿਆਂ ਨੇ ਕੰਜ਼ਕਾਂ ਦੇ ਬਲਾਤਕਾਰ, ਨਿਰਦੋਸ਼ਾਂ ਦੇ ਕਤਲ ਤੇ ਲੁੱਟਾਂ ਮਾਰਾਂ ਕਰ ਕੇ ਲਹਿਰ ਨੂੰ ਪੂਰਾ ਬਦਨਾਮ ਕੀਤਾ ਸੀ। ਰੁੱਤਾਂ ਦਾ ਰੱਜਵਾਂ ਚੀਰ ਹਰਣ ਹੋਇਆ। ਦਿਨ ਨਿੱਜੀ ਕਿੜਾਂ ਕੱਢਣ ਲੱਗ ਪਏ ਸਨ। ਤੇ ਏ ਕੇ ਸੰਤਾਲੀ ਹੀ ਚਾਰ ਚੁਫੇਰੇ ਉੱਗ ਪਈ ਸੀ।

ਸਿਧਾਂਤ ਕਿਤੇ ਦੂਰ ਤੁਰ ਗਿਆ ਸੀ। ਤੇ ਬੇਗੁਨਾਹ ਮਾਂਵਾਂ ਦੇ ਲਾਡਲਿਆਂ ਨੂੰ ਕਿਸੇ ਚੰਦਰੇ ਪਲਾਂ ਦੀਆਂ ਕੀਤੀਆਂ ਦਾ ਫ਼ਲ ਭੁਗਤਣਾ ਪਿਆ ਸੀ।
ਦਿੱਲੀ ਤੇ ਹੋਰ ਕਈ ਸ਼ਹਿਰਾਂ ਦੀਆਂ ਗਲੀਆਂ ਰੋਈਆਂ। ਮੌਤ ਅਰਸ਼ ਤੇ ਚੜ੍ਹ ਨਗਨ ਨੱਚਦੀ ਰਹੀ। ਅਜੇ ਤੀਕ ਨਵੰਬਰ 1984 ਦੇ ਦੋਸ਼ੀ ਵੀ ਆਮ ਤੁਰੇ ਫਿਰਦੇ ਹਨ। ਮਾਵਾਂ ਇਨਸਾਫ ਲੱਭਦੀਆਂ ਲੱਭਦੀਆਂ ਬੁੱਢੀਆਂ ਹੋ ਗਈਆਂ ਸਨ। ਤੇ ਕਈ ਬਾਪ ਕਬਰਾਂ ਦੇ ਰਾਹੀਂ ਟੁਰ ਗਏ ਸਨ।

10. "ਫੁੱਲ ਥੱਕ ਗਏ ਗੁਆਚੇ ਰੰਗ ਲੱਭਦੇ ਰੰਗ ਤੇਰੇ ਹੁਸਨ 'ਚੋਂ ਲੱਭੇ'

ਬਲਵੀਰ ਇਕ ਦਿਨ ਇਹ ਆਪਣੀਆਂ ਸਤਰਾਂ ਗੁਣਗੁਣਾਉਂਦਾ ਬ੍ਰਹਿਮੰਡ ਦੀ ਸਿਰਜਣਾ ਬਾਰੇ ਸੋਚਣ ਲੱਗ ਪਿਆ।
ਬ੍ਰਹਿਮੰਡ ਦੀ ਸਿਰਜਣਾ ਹੌਲੀ ਹੌਲੀ ਹੋਈ ਸੀ। ਖਲਾਅ ਅਕਾਸ਼ ਨੂੰ ਕੋਈ ਥੰਮ੍ਹਾਂ ਦੀ ਲੋੜ ਨਹੀਂ ਸੀ। ਹੇਠ ਪੈਰ ਰੱਖਣ ਲਈ ਸਮੁੰਦਰ 'ਚੋਂ ਇਕ ਟੋਟਾ ਦਿਸਿਆ। ਓਹੀ ਟੋਟਾ ਧਰਤ ਦੀ ਚਾਦਰ ਬਣਾ ਵਿਛਾ ਦਿਤਾ ਗਿਆ ਸੀ। ਅੱਜ ਬਲਵੀਰ ਫੱਕਰਾਂ ਵਾਂਗ ਬੋਲ ਰਿਹਾ ਸੀ।

ਧਰਤ ਬੇਡੌਲ ਜੇਹੀ ਸੀ ਕਿਤਿਓਂ ਚੂੰਢੀਆਂ ਭਰ ਭਰ ਪਹਾੜ ਉੱਸਰੇ। ਹੁਣ ਸਾਰੇ ਪਾਸੇ ਵਿਰਾਨਗੀ ਸੀ। ਹਵਾ ਸੀ ਖਿਲਾਰ ਦਿਤੀ। ਕਿਤੇ ਕਿਤੇ ਚਾਨਣ ਸੂਰਜ ਦੀ ਜੇਬ 'ਚ ਪੈ ਗਿਆ। ਸੂਰਜ ਨੇ ਲੋਅ ਚੰਨ ਤਾਰਿਆਂ ਨੂੰ ਦੇਣੀ ਸ਼ੁਰੂ ਕਰ ਦਿਤੀ। ਜਿੱਦਣ ਸੂਰਜ ਘੱਟ ਚਾਨਣ ਦਿੰਦਾ ਰਾਤ ਕਾਲੀ ਚੁੰਨੀ ਓੜਣ ਲੱਗ ਪਈ। ਜਿਸ ਦਿਨ ਉਹਦੀ ਤਪਸ਼ ਘੱਟ ਚਲਦੀ ਤਾਂ ਚੰਨ ਨੂੰ ਦਿਲ ਖੋਲ੍ਹ ਰੌਸ਼ਨੀ ਵੰਡ ਦਿੰਦਾ।

ਮੀਂਹ ਪਿਆ ਤਾਂ ਹਰਿਆਵਲ ਸ਼ੁਰੂ ਹੋਈ। ਜੀਵ ਜੰਤੂ ਪੰਛੀ ਪੱਤੇ ਫਲਾਂ ਨੂੰ ਖਾਣ ਆ ਗਏ । ਬਚਿਆ ਪਾਣੀ ਨੀਵਾਣ 'ਚ 'ਕੱਠਾ ਹੁੰਦਾ ਹੁੰਦਾ ਸਮੁੰਦਰ ਬਣ ਗਿਆ। ਸੂਰਜ ਊਰਜ਼ਾ ਸ਼ਕਤੀ ਨੇ ਧਰਤ ਤੇ ਹੋਰ ਘਾਹ, ਬੀਜ ਅਤੇ ਫਲਦਾਰ ਰੁੱਖ ਉਗਾਏ। ਕਈ ਰੁੱਖ ਕਿਸਮਾਂ ਨੇ ਜਨਮ ਲੈ ਲਿਆ। ਮੌਸਮ ਰੁੱਤਾਂ ਜਨਮ ਪਈਆਂ।

ਪਾਣੀ ਗਰਮੀ ਰੌਸ਼ਨੀ ਹਰਿਆਈ ਫੁੱਲ ਪੰਛੀ ਅੰਬਰ ਵਿਚ ਉੱਡਣ ਲੱਗੇ। ਵੱਡੇ ਵੱਡੇ ਜਲ ਜੰਤੂ ਪਾਣੀ 'ਚ ਪੈਦਾ ਹੋ ਗਏ। ਸਮੁੰਦਰ ਧਰਤ ਜੀਵਾਂ ਪੰਛੀਆਂ ਨਾਲ ਭਰਨ ਲੱਗ ਪਈ। ਕਈ ਰੀਂਗਣ ਲੱਗੇ ਤੇ ਬਾਕੀ ਤੁਰਨ ਫਿਰਨ ਉਡਣ ਤੇ ਤਰਨ ਲੱਗ ਪਏ।
ਏਦਾਂ ਦਿਨ ਰਾਤ ਨਵੇਂ ਨਵੇਂ ਕੱਪੜੇ ਲਾਉਣ ਪਾਉਣ ਲੱਗ ਪਏ। ਦਿਨ ਕਹੇ ਮੈਂ ਸੋਹਣਾ ਤੇ ਰਾਤ ਕਹੇ ਮੈਂ।
ਸ਼ਾਮ ਤੇ ਸਵੇਰੇ ਜਗਾਏ ਗਏ। ਸਵੇਰੇ ਸਰਘੀ ਪਹਿਲਾਂ ਜਾਗ ਪਈ ਉਹ ਔਰਤ। ਤੇ ਆਲਸੀ ਦਿਨ ਨੂੰ ਬੰਦਾ ਬਣਨਾ ਪਿਆ।
ਹੁਣ ਸੋਹਣੀ ਚੀਜ਼ ਨਖ਼ਰੇ ਕਰਨੇ ਸਿਖ ਗਈ ਤੇ ਦਿਨ ਕਚੀਚੀਆਂ ਵੱਟਿਆ ਕਰੇ। ਔਰਤ ਨੇ ਬੰਦੇ ਨੂੰ ਬੰਦਾ ਬਣ ਕੇ ਰਹਿਣ ਨੂੰ ਕਿਹਾ। ਪਰ ਬੰਦਾ ਸੋਹਣੀ ਸ਼ੈਅ ਦੇਖ ਕਿੰਜ ਰਹਿ ਸਕਦਾ ਸੀ ਔਕਾਤ 'ਚ।

ਇਕ ਦੂਜੇ ਦੀਆਂ ਤਨ ਮਨ ਦੀਆਂ ਰੀਝਾਂ ਜਾਗ ਪਈਆਂ ਤੇ ਮੁਹੱਬਤ ਦੇ ਪਲ ਸ਼ੁਰੂ ਹੋ ਗਏ। ਨਤੀਜਾ ਕੀ ਹੋਣਾ ਸੀ ਓਹਲੇ ਰਹਿ ਪਰਦੇ 'ਚ। ਨੀਲੇ ਅੰਬਰ ਵੱਲ ਪਹਿਲੀ ਪਰੀ ਨੇ ਓਦਣ ਉਡਾਣ ਭਰੀ ਸੀ।
ਉਹਨਾਂ ਦੇ ਘਰ ਬਾਲ ਤੇ ਬਾਲੜੀ ਨੇ ਜਨਮ ਲਿਆ ਤੇ ਜੱਗ ਉਤੇ ਸ਼ਾਮਾਂ ਜਗਣ ਲੱਗੀਆਂ ਸਨ।
ਔਰਤ ਤੇ ਬੰਦੇ ਤੋਂ ਆਲੇ ਦੁਆਲੇ ਮੱਛੀਆਂ, ਪੰਛੀਆਂ ਅਤੇ ਧਰਤੀ ਉੱਤੇ ਜੀਵ-ਜੰਤੂਆਂ ਨੂੰ ਸਾਂਭਣਾ ਔਖਾ ਹੋ ਗਿਆ। ਹਰ ਪਾਸੇ ਮਾਦਾ ਲਈ ਨਰ ਦੇ ਝਗੜੇ ਸ਼ੁਰੂ ਹੋ ਗਏ ਜੋ ਅੱਜ ਵੀ ਨਹੀਂ ਰੁਕੇ।
ਬ੍ਰਹਿਮੰਡ ਸਿਰਜਣਾ ਇੰਜ ਹੋਈ ਸੀ ਬਲਵੀਰ ਨੇ ਨੇੜੇ ਬੈਠੇ ਬੱਚਿਆਂ ਦੇ ਝੁੰਡ ਨੂੰ ਸਮਝਾਇਆ।

11. 'ਬਹੁਤ ਵਾਰ ਡੁੱਬਿਆ ਖੰਜਰ
ਕਈ ਦਿਨਾਂ ਰਾਤਾਂ ਦੀ ਹਿੱਕ ਵਿਚ
ਖਬਰ ਨਹੀਂ ਕਿ
ਮੇਰੇ ਹੀ ਸਿਰ ਕਿਉਂ ਲੱਗਾ ਇਲਜ਼ਾਮ-ਏ-ਕਤਲ'

ਬਲਵੀਰ ਦਾ ਪਿੰਡ ਲਈ ਮੋਹ ਜਾਗਦਾ ਤੇ ਉਹ ਕਹਿੰਦਾ ਸ਼ਾਲਾ!
ਮੇਰੇ ਦੇਸ਼ ਦਾ ਹਰ ਪਿੰਡ ਹਿਵਰੇ ਬਾਜ਼ਾਰ ਬਣ ਜਾਵੇ।

ਆਪਣੇ ਬਜਟ 'ਚ ਹੁਣੇ ਹੁਣੇ ਵਿੱਤ ਮੰਤਰੀ ਨੇ 'ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ' ਦਾ ਐਲਾਨ ਕੀਤਾ ਸੀ। ਜਿਸ 'ਚ ਇਕ ਹਜ਼ਾਰ ਪਿੰਡਾਂ ਦੇ ਸਮੁੱਚੇ ਵਿਕਾਸ ਦਾ ਟੀਚਾ ਮਿੱਥਿਆ ਗਿਆ ਸੀ। ਉਹਦਾ ਦਿਲ ਕਰੇ ਕਿ ਜੇ ਪ੍ਰਧਾਨ ਮੰਤਰੀ ਇਕ ਵਾਰ ਹਿਵਰੇ ਬਾਜ਼ਾਰ ਘੁੰਮ ਆਉਣ ਇਸ ਯੋਜਨਾ ਦਾ ਲਾਭ ਤਾਂ ਹੀ ਸੀ। ਫਿਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਪਿੰਡਾਂ ਦਾ ਵਿਕਾਸ ਕਿਸ ਤਰ੍ਹਾਂ ਕੀਤਾ ਜਾ ਸਕੇਗਾ।

ਮੱਧ ਮਹਾਰਾਸ਼ਟਰ 'ਚ ਹਿਵਰੇ ਬਾਜ਼ਾਰ ਉਥੋਂ ਸਿਰਫ਼ 30 ਕਿਲੋਮੀਟਰ ਦੀ ਦੂਰੀ 'ਤੇ ਹੀ ਹੈ। ਇਸ ਪਿੰਡ ਦੇ ਵਿਕਾਸ ਲਈ ਕਈ ਰਾਜ ਪੱਧਰ ਦੇ ਅਤੇ ਕੌਮੀ ਐਵਾਰਡ ਜਿੱਤੇ ਹਨ। ਤੇ ਇਹ ਉਨ੍ਹਾਂ ਲੋਕਾਂ ਲਈ ਇਕ ਤੀਰਥ ਅਸਥਾਨ ਬਣ ਗਿਆ ਹੈ। ਜੋ ਦਿਹਾਤੀ ਖੇਤਰਾਂ ਦਾ ਬਹੁਪੱਖੀ ਵਿਕਾਸ ਕਰਨਾ ਚਾਹੁੰਦੇ ਸਨ।

ਹਿਵਰੇ ਬਾਜ਼ਾਰ ਦਿਹਾਤੀ ਵਿਕਾਸ ਦੇ ਮਾਮਲੇ 'ਚ ਇਕ ਚਮਤਕਾਰ ਤੋਂ ਘੱਟ ਨਹੀਂ। ਇਸ ਪਿੰਡ ਦੀ 1400 ਲੋਕਾਂ ਦੀ ਆਬਾਦੀ ਦਾ ਅੱਧਾ ਹਿੱਸਾ ਗਰਮੀਆਂ ਦੇ ਮਹੀਨਿਆਂ 'ਚ ਰੋਜ਼ੀ-ਰੋਟੀ ਲਈ ਮੁੰਬਈ ਤੇ ਪੁਣੇ ਚਲਾ ਜਾਂਦਾ ਸੀ। ਇਹ ਇਕ ਛੋਟਾ ਜਿਹਾ ਪਿੰਡ ਹੈ, ਜਿਥੇ 257 ਪਰਿਵਾਰ ਰਹਿੰਦੇ ਹਨ। ਪਿੰਡ ਦੇ ਇਕ ਆਦਰਸ਼ਵਾਦੀ ਰਾਓ ਡਾਵਰ, ਜਿਸ ਨੇ ਉਨ੍ਹੀਂ ਦਿਨੀਂ ਪੁਣੇ 'ਚ ਆਪਣੀ ਪੋਸਟ ਗ੍ਰੈਜੂਏਸ਼ਨ ਮੁਕੰਮਲ ਕੀਤੀ ਸੀ। ਨੇ ਆਪਣੇ ਪਿੰਡ ਹਿਵਰੇ ਬਾਜ਼ਾਰ ਪਰਤਣ ਅਤੇ ਇਸ ਦੀ ਦਸ਼ਾ ਸੁਧਾਰਨ ਦਾ ਫ਼ੈਸਲਾ ਕੀਤਾ ਸੀ। ਇਹ ਉਸ ਦੀ ਦੋ ਦਹਾਕਿਆਂ ਦੀ ਮਿਹਨਤ ਹੀ ਸੀ ਕਿ ਪਿੰਡ ਅੱਜ ਹਰਿਆ-ਭਰਿਆ ਲੱਗਦਾ ਸੀ।

ਹਿਵਰੇ ਬਾਜ਼ਾਰ ਦੇ ਲੋਕਾਂ ਦੀ 1991 'ਚ ਪ੍ਰਤੀ ਵਿਅਕਤੀ ਆਮਦਨ 832 ਰੁਪਏ ਸੀ। ਹੁਣ ਵੱਧ ਕੇ 28000 ਰੁਪਏ ਹੋ ਗਈ ਸੀ। ਪਿੰਡ ਦੇ ਲੱਗਭਗ 50 ਪਰਿਵਾਰ ਲੱਖਪਤੀ ਬਣ ਗਏ ਸਨ। 1980 'ਚ ਇਸ ਪਿੰਡ 'ਚ ਸਿਰਫ਼ ਇਕ ਮੋਟਰ ਸਾਈਕਲ ਹੁੰਦਾ ਸੀ। ਜਦ ਕਿ ਹੁਣ ਪਿੰਡ 'ਚ 270 ਮੋਟਰ ਸਾਈਕਲ, 25 ਫੋਰਵ੍ਹੀਲਰ ਅਤੇ 17 ਟਰੈਕਟਰ ਹਨ। ਪਵਾਰ ਨੇ ਪਾਣੀ ਦੇ ਸੋਮਿਆਂ ਦੀ ਸੰਭਾਲ ਕਰਨ ਦਾ ਮਹੱਤਵਪੂਰਨ ਕੰਮ ਕੀਤਾ ਸੀ। ਇਸ ਦੇ ਲਈ ਉਨ੍ਹਾਂ ਨੇ ਪਿੰਡ 'ਚ ਅਤੇ ਪਿੰਡ ਦੇ ਨੇੜੇ ਪਹਾੜੀਆਂ 'ਤੇ ਵੱਡੇ ਪੱਧਰ 'ਤੇ ਰੁੱਖ ਲਗਾਏ ਅਤੇ ਪਾਣੀ ਦੀ ਸੰਭਾਲ ਲਈ ਪਹਾੜੀਆਂ 'ਚ ਨਾਲੀਆਂ ਤੇ ਕੰਧਾਂ ਆਦਿ ਬਣਵਾਈਆਂ। ਇਸ ਨਾਲ ਪਹਾੜਾਂ ਤੋਂ ਖੁਰਨ ਵਾਲੀ ਮਿੱਟੀ 'ਤੇ ਰੋਕ ਲੱਗ-ਇਲਾਕੇ 'ਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵੱਧ ਗਿਆ ਸੀ। ਪਿੰਡ ਦੇ ਖੇਤਾਂ ਨੂੰ ਸਿੰਚਾਈ ਲਈ ਪਾਣੀ ਮਿਲਣ ਲੱਗਾ। ਤੇ ਨਾਲ ਹੀ 12 ਮਹੀਨੇ ਹਰੇਕ ਘਰ ਨੂੰ ਪਾਈਪਾਂ ਰਾਹੀਂ ਭਰਪੂਰ ਸਾਫ-ਸੁਥਰਾ ਪੀਣ ਵਾਲਾ ਪਾਣੀ ਵੀ ਮਿਲਣ ਲੱਗ ਪਿਆ।

ਪਿੰਡ 'ਚ ਪਹਿਲਾਂ ਇਕ ਹੀ ਫਸਲ ਹੁੰਦੀ ਸੀ ਤੇ ਉਸ ਦਾ ਕੋਈ ਵੀ ਭਰੋਸਾ ਨਹੀਂ ਹੁੰਦਾ ਸੀ। ਹੁਣ ਇਥੇ ਕਿਸਾਨ ਸਾਲ 'ਚ ਤਿੰਨ ਤੇ ਕਦੇ-ਕਦੇ ਚਾਰ ਫਸਲਾਂ ਵੀ ਪੈਦਾ ਕਰ ਲੈਂਦੇ ਸਨ। ਪਿੰਡ 'ਚ ਸਿੱਖਿਆ, ਸਿਹਤ, ਚੌਗਿਰਦੇ ਦੀ ਸੰਭਾਲ ਅਤੇ ਸੱਭਿਆਚਾਰਕ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿਤਾ ਜਾ ਰਿਹਾ ਸੀ। ਮਹਾਰਾਸ਼ਟਰ ਦੇ ਹਜ਼ਾਰਾਂ ਪਿੰਡਾਂ 'ਚ ਬੀਤੇ ਦਹਾਕਿਆਂ 'ਚ ਆਰਥਿਕ ਖੁਸ਼ਹਾਲੀ ਆਈ।

ਬਲਵੀਰ ਨੇ ਦੱਸਆ ਕਿ ਤਿੰਨ ਗੱਲਾਂ ਕਾਰਨ ਹਿਵਰੇ ਬਾਜ਼ਾਰ ਦਾ ਪ੍ਰਯੋਗ ਕਾਫੀ ਮਹੱਤਵਪੂਰਨ ਰਿਹਾ ਸੀ। ਆਰਥਿਕ ਵਿਕਾਸ ਹੀ ਪਿੰਡ ਦਾ ਆਖਰੀ ਟੀਚਾ ਨਹੀਂ ਸੀ ਸਗੋਂ ਇਸ ਨੂੰ ਵੀ ਇਕ ਜ਼ਰੀਆ ਬਣਾ ਕੇ ਪਿੰਡ ਦੇ ਚਹੁੰ-ਮੁਖੀ ਵਿਕਾਸ ਦਾ ਆਧਾਰ ਬਣਾਇਆ ਜਾ ਰਿਹਾ ਸੀ। ਬਲਵੀਰ ਵੀ ਪੰਜਾਬ ਦਾ ਹਰ ਪਿੰਡ ਹਿਵਰੇ ਬਾਜ਼ਾਰ ਬਣਾਉਣਾ ਚਾਹੁੰਦਾ ਸੀ। ਪੰਜਾਬ ਦੇ ਕਈ ਪਿੰਡ ਅਜਿਹੇ ਉਪਰਾਲੇ ਕਰ ਵੀ ਰਹੇ ਹਨ ਜੋ ਕ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਪਰ ਕਈ ਪਿੰਡੀਂ ਸਿਆਸਤ ਰਾਹਾਂ 'ਚ ਆ ਖੜ੍ਹਦੀ ਹੈ, ਇਹ ਬਹੁਤ ਹੀ ਮੰਦਭਾਗਾ ਹੈ ਬਲਵੀਰ ਇਹ ਜਾਣ ਕੇ ਨਿਰਾਸ਼ ਤੇ ਉਦਾਸ ਵੀ ਹੁੰਦਾ।

ਹਿਵਰੇ ਬਾਜ਼ਾਰ 'ਚ ਅੱਜ ਸਿਰਫ਼ ਇਕੋ-ਇਕ ਕੱਚਾ ਮਕਾਨ ਹੈ, ਜਿਸ ਨੂੰ 'ਮਿਊਜ਼ੀਅਮ ਪੀਸ' ਵਜੋਂ ਸੰਭਾਲ ਕੇ ਰੱਖਿਆ ਗਿਆ ਹੈ। ਕੋਈ ਵੀ ਪਰਿਵਾਰ ਪਿੰਡ 'ਚ ਕੱਚੇ ਮਕਾਨ 'ਚ ਨਹੀਂ ਰਹਿੰਦਾ। ਪਿੰਡ ਦੇ ਲੱਗਭਗ 60 ਪਰਿਵਾਰ, ਜੋ ਰੋਜ਼ੀ-ਰੋਟੀ ਦੀ ਭਾਲ ਲਈ ਇਸ ਪਿੰਡ 'ਚੋਂ ਕਿਤੇ ਹੋਰ ਚਲੇ ਗਏ ਸਨ, ਆਪਣੇ ਪਿੰਡ ਪਰਤ ਆਏ ਹਨ। ਡਾਵਰ ਜੋ ਇਸ ਪਿੰਡ ਦਾ ਸਰਪੰਚ ਵੀ ਹੈ, ਦਾ ਕਹਿਣਾ ਹੈ ਕਿ ''ਇਸ ਪਿੰਡ 'ਚ ਸਮੁੱਚੀ ਆਬਾਦੀ 'ਚੋਂ ਸਿਰਫ਼ 3 ਪਰਿਵਾਰ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਅਤੇ ਸਾਡੀ ਕੋਸ਼ਿਸ਼ ਹੈ ਕਿ ਉਨ੍ਹਾਂ ਨੂੰ ਵੀ ਛੇਤੀ ਜ਼ਮੀਨ ਮਿਲਜਾਵੇ ਤੇ ਉਨ੍ਹਾਂ ਦੀ ਆਮਦਨ 'ਚ ਵਾਧਾ ਹੋਵੇ।''

ਇਥੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਨ ਵਾਲੀ ਚੀਜ਼ ਪਿੰਡ ਦੀ ਸਫ਼ਾਈ ਦਾ ਪੱਧਰ ਹੈ। ਇਥੇ ਖੁੱਲ੍ਹੇ ਆਸਮਾਨ ਹੇਠ ਰਫ਼ਾ-ਹਾਜ਼ਤ ਲਈ ਜਾਣਾ ਬੀਤੇ ਦੀ ਗੱਲ ਬਣ ਕੇ ਰਹਿ ਗਿਆ ਹੈ ਤੇ ਹਿਵਰੇ ਬਾਜ਼ਾਰ ਪਿੰਡ ਦੇ ਹਰੇਕ ਘਰ 'ਚ ਹੁਣ ਟਾਇਲਟ ਅਤੇ ਇਸ਼ਨਾਨ ਘਰ ਹੈ। ਔਰਤਾਂ ਨੂੰ ਬਰਾਬਰੀ ਦਾ ਦਰਜਾ ਦਿਵਾਉਣ ਲਈ ਉਥੇ ਮਕਾਨਾਂ ਦੀ ਮਾਲਕੀ ਔਰਤਾਂ ਨੂੰ ਦਿਤੀ ਗਈ ਹੈ। ਸਕੂਲ, ਫੁੱਲਾਂ ਦੀ ਨਰਸਰੀ, ਜਿਮਨੇਜ਼ੀਅਮ, ਕਮਿਊਨਿਟੀ ਸੈਂਟਰ, ਲਾਇਬ੍ਰੇਰੀ, ਆਡੀਟੋਰੀਅਮਅਤੇ ਸੋਲਰ ਊਰਜਾ ਨਾਲ ਚੱਲਣ ਵਾਲੀਆਂ ਸਟ੍ਰੀਟ ਲਾਈਟਾਂ ਦੇਖ ਕੇ ਬੰਦਾ ਬਹੁਤ ਹੀ ਪ੍ਰਭਾਵਿਤ ਹੁੰਦਾ ਹੈ।

ਹਿਵਰੇ ਬਾਜ਼ਾਰ ਪਿੰਡ 'ਚ ਤੁਹਾਨੂੰ ਕਿਤੇ ਵੀ ਖੁੱਲ੍ਹਾ ਨਾਲਾ ਨਜ਼ਰ ਨਹੀਂ ਆਵੇਗਾ ਜਿਵੇਂ ਕਿ ਭਾਰਤ ਦੇ ਹਰੇਕ ਪਿੰਡ ਜਾਂ ਸ਼ਹਿਰੀ ਬਸਤੀਆਂ 'ਚ ਨਜ਼ਰ ਆਉਂਦੇ ਹਨ। ਇਨ੍ਹਾਂ ਕਰਕੇ ਹੀ ਲੋਕਾਂ ਨੂੰ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਪਸ਼ੂਆਂ ਦੇ ਗੋਹੇ ਨਾਲ ਪਿੰਡ 'ਚ 112 ਗੋਬਰ ਗੈਸ ਪਲਾਂਟ ਚੱਲ ਰਹੇ ਹਨ। ਜਿਨ੍ਹਾਂ ਨਾਲ ਬਿਜਲੀ ਪੈਦਾ ਕਰਨ ਤੋਂ ਇਲਾਵਾ ਖਾਦ ਵੀ ਬਣਾਈ ਜਾਂਦੀ ਹੈ। ਡਾਵਰ ਬੜੇ ਮਾਣ ਨਾਲ ਕਹਿੰਦੇ ਹਨ, ''ਅਸੀਂ ਅੰਡਰਗਰਾਊਂਡ ਨਾਲੀਆਂ ਬਣਵਾ ਕੇ ਮੱਖੀਆਂ-ਮੱਛਰ ਪੈਦਾ ਹੋਣ 'ਤੇ ਰੋਕ ਲਗਾਈ ਹੈ ਤਾਂ ਕਿ ਲੋਕਾਂ ਦੀ ਸਿਹਤ ਤੰਦਰੁਸਤ ਰਹੇ। ਅਸੀਂ ਇਥੇ ਆਉਣ ਵਾਲਿਆਂ ਨੂੰ ਚੈਲੰਜ ਕਰਦੇ ਹਾਂ ਕਿ ਸਾਨੂੰ ਪਿੰਡ 'ਚ ਕੋਈ ਵੀ ਮੱਛਰ ਦਿਖਾ ਦਿਓ ਤੇ 100 ਰੁਪਏ ਨਕਦ ਇਨਾਮ ਜਿੱਤ ਲਓ।''

ਪਿੰਡ 'ਚ ਸਾਂਝਾ ਵਣ ਪ੍ਰਬੰਧ ਆਪਣੇ-ਆਪ 'ਚ ਇਕ ਅਨੋਖੀ ਯੋਜਨਾ ਹੈ। ਇਸ ਪਿੰਡ ਦੇ ਲੋਕਾਂ ਨੇ ਪਿਛਲੇ 25 ਸਾਲਾਂ 'ਚ ਲੱਗਭਗ 35 ਲੱਖ ਰੁੱਖ ਉਗਾਏ ਹਨ। ਉਥੇ ਆਲੇ-ਦੁਆਲੇ ਪਹਾੜੀਆਂ 'ਤੇ ਹਿਰਨ ਬੇਖ਼ੌਫ਼ ਘੁੰਮਦੇ ਹਨ। ਡਾਵਰ ਨੇ ਦੱਸਿਆ ਕਿ ''ਅਸੀਂ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਤੋਂ ਕੁਝ ਪੰਛੀ ਵੀ ਇਥੇ ਲਿਆ ਕੇ ਰੱਖੇ ਹੋਏ ਹਨ ਅਤੇ ਪਹਾੜੀਆਂ 'ਤੇ ਘਾਹ ਉਗਾਇਆ ਹੋਇਆ ਹੈ, ਜਿਥੇ ਪਿੰਡ ਦੀਆਂ ਗਊਆਂ-ਮੱਝਾਂ ਹਰਾ ਚਾਰਾ ਚਰਦੀਆਂ ਹਨ ਅਤੇ ਪਿੰਡ 'ਚ ਰੋਜ਼ਾਨਾ 5 ਹਜ਼ਾਰ ਲੀਟਰ ਦੁੱਧ ਦੀ ਪੈਦਾਵਾਰ ਹੁੰਦੀ ਹੈ।''

ਇਹ ਵਿਕਾਸ ਉਹਨੇ ਅਖਬਾਰ 'ਚ ਵੀ ਲਿਖਿਆ ਤੇ ਕਈ ਪਿੰਡਾਂ ਨੇ ਵਲੈਤੋਂ ਆਏ ਲੋਕਾਂ ਦੇ ਸਹਿਯੋਗ ਨਾਲ ਕਰ ਕੇ ਵੀ ਵਿਖਾਇਆ। ਦੁਆਬੇ ਮਾਲਵੇ ਦੇ ਕਈ ਪਿੰਡਾਂ ਨੇ ਇਹ ਇਕ ਉਦਾਹਰਣ ਵੀ ਕਰ ਵਿਖਾਈ ਤੇ ਅਜੇਹੇ ਵਿਕਾਸ ਦੇ ਕੀਤੇ ਕੰਮ ਦੇਖ ਕੇ ਸਾਰੇ ਪੰਜਾਬੀ ਖੁਸ਼ੀਆਂ 'ਚ ਭੰਗੜੇ ਵੀ ਪਾਉਂਦੇ ਹਨ। ਇਹ ਅਨੋਖਾ ਕੰਮ ਉਹਨਾਂ ਆਪਣੇ ਆਪ ਹੀ ਮਿਲ ਕੇ ਬਿਨਾਂ ਸਰਕਾਰ ਦੀ ਮੱਦਦ ਲਏ ਨੇਪਰੇ ਚਾੜਿਆ।
ਬਲਵੀਰ ਦਾ ਮਨ ਵੀ ਪੰਜਾਬ ਦੇ ਹਰ ਪਿੰਡ ਪਿੰਡ ਇਹੋ ਜੇਹੀ ਹੀ ਤਸਵੀਰ ਜੜਨ ਨੂੰ ਕਾਹਲਾ ਰਹਿੰਦਾ। ਉਹ ਜਦ ਵੀ ਪੰਜਾਬ ਜਾਂਦਾ ਤਾਂ ਕਈ ਪਿੰਡਾਂ ਨੂੰ ਅਜਿਹੇ ਕੰਮ ਕਰਨ ਲਈ ਪਰੇਰਨਾ ਦੇ ਕੇ ਹੀ ਪਰਤਦਾ ਸੀ।

12. 'ਰਿਸ਼ਤੇ ਘਰਾਂ ਦੇ ਸਿਰਨਾਵਿਆਂ ਵਾਂਗ ਸੁਫਨਾ ਬਣ ਰਹੇ ਹਨ"

ਕਦੇ ਕਦੇ ਬਲਵੀਰ ਦੇ ਮਨ ਚ ਪੰਜਾਬ ਦੀ ਦੁਰਦਸ਼ਾ ਦੇਖ ਦੇਖ ਦੁੱਖ ਵੀ ਹੁੰਦਾ ਤੇ ਉਹ ਬੈਠਾ ਬੈਠਾ ਸਤਰਾਂ 'ਚ ਕਸੀਸਾਂ ਗੁੰਦਣ ਲੱਗ ਜਾਂਦਾ।
ਉਸ ਪੰਜਾਬ ਨੂੰ ਕੀ ਹੋ ਗਿਆ ਸੀ ਜੋ ਸੱਭ ਨੂੰ ਪੁੱਤਾ ਵਾਂਗ ਸਾਂਭਦਾ ਹੁੰਦਾ ਸੀ। ਉਸ ਪਵਿੱਤਰ ਕਿਤਾਬ ਨੂੰ ਕੀ ਹੋ ਗਿਆ ਸੀ ਜੋ ਜਿਉਣ ਦੇ ਰਾਹ ਦੱਸਦੀ ਹੁੰਦੀ ਸੀ।

ਰੁੱਖ ਜਦ ਆਪਣਿਆ ਨੂੰ ਹੀ ਮਾਰਦੇ ਹਨ ਤਾਂ ਕਿਸੇ ਨੂੰ ਦੱਸ ਕੀ ਕਹੀਏ ? ਉਹ ਬਾਹਵਾਂ ਰਾਹਵਾਂ ਨੂੰ ਪੁੱਛਦਾ। ਜਿਸ ਨੂੰ ਲਹੂ ਪਾ ਪਾ ਵੱਡਾ ਕੀਤਾ ਸੀ। ਪਤਾ ਨਹੀ ਉਸ ਪੰਜਾਬੀ ਗੁਲਾਬੀ ਬੂਟੇ ਨੂੰ ਕੀ ਹੋ ਗਿਆ ਸੀ। ਘਰਾਂ ਦਰਾਂ ਤੇ ਖ਼ੂਨ ਹੈ ਅਤੇ ਗਲੀਆਂ ਰਾਹ ਸੂਹੇ ਜੇਹੇ ਹੋਏ ਪਏ ਸਨ। ਜੋ ਸਦਾ ਮੁਹੱਬਤ ਦੀ ਬਾਤ ਪਾਉਂਦਾ ਹੁੰਦਾ ਸੀ ਉਸ ਚਨਾਬ ਨੂੰ ਕੀ ਹੋ ਗਿਆ ਸੀ।

ਮਿੱਟੀ ਬਹੁਤ ਚਿਰ ਗਾਉਂਦੀ ਰਹੀ ਸੁਰ ਤਾਲ ਦੇ ਅੱਥਰੂ। ਕੁਝ ਸਮਝ ਨਾ ਲੱਗਾ ਕਿ ਪਲਾਂ 'ਚ ਹੀ ਉਸ ਰਬਾਬ ਨੂੰ ਕੀ ਹੋ ਗਿਆ ਸੀ। ਆਈ ਕਿਤਿਓਂ ਲੱਗੀ ਕਿਤੇ ਸ਼ਹਿਰਾਂ ਦੇ ਸ਼ਹਿਰ ਖਾ ਗਈ ਸੀ ਡੈਣ ਬਣੀ ਕੋਈ ਅੱਗ। ਖਬਰੇ ਓਹਦੇ ਸ਼ਬਾਬ ਨੂੰ ਕੀ ਹੋ ਗਿਆ ਹੈ। ਜੋ ਰੱਬ ਦੇ ਭੇਤ ਦੱਸਦਾ ਸੀ ਉਸ ਅੱਲ੍ਹਾ ਨੂੰ ਵੀ ਪਤਾ ਨਹੀਂ ਕੀ ਹੋ ਗਿਆ ਹੈ।
ਉਹ ਵੀ ਤੁਰ ਗਿਆ ਹੈ ਕਿਸੇ ਕੁਰਾਹੀਂ ਪੈ ਕੇ। ਬੜਾ ਹਿਸਾਬੀ ਸੀ ਬੰਦਾ ਪੰਜਾਬ- ਖਬਰੇ ਓਹਦੇ ਹਿਸਾਬ ਨੂੰ ਕੀ ਹੋ ਗਿਆ ਸੀ। ਜੋ ਕਦੇ ਨਵਾਬ ਬਣ ਕੇ ਰਹਿੰਦਾ ਸੀ। ਓਸ ਨਵਾਬ ਨੂੰ ਕੀ ਹੋ ਗਿਆ? ਬਲਵੀਰ ਨੂੰ ਵੀ ਕੋਈ ਸਮਝ ਨਹੀਂ ਸੀ ਲਗ ਰਹੀ।
ਪਿਛਲੇ ਦਿਨੀਂ ਪੰਜਾਬ ਦੇ ਖੂੰਖਾਰ ਦੇ ਚਰਚਿਤ ਗੈਂਗਸਟਰ ਸਿਮੀ ਰੌਂਡ ਦੀ ਇਕ ਕਥਿਤ ਪੁਲਿਸ ਮੁਕਾਬਲੇ 'ਚ ਮੌਤ ਹੋਣ ਤੋਂ ਬਾਅਦ ਇਕ ਵਾਰ ਮੁੜ ਪੰਜਾਬ 'ਚ ਲਗਾਤਾਰ ਵਧ ਰਹੇ ਗੈਂਗ-ਸੱਭਿਆਚਾਰ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਸਨ।

ਪਿਛਲੇ ਦਿਨਾਂ ਤੋ ਬਿਜਲਈ ਅਤੇ ਪ੍ਰਿੰਟ ਮੀਡੀਆ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਸਭ ਥਾਂਈਂ, ਪੰਜਾਬ ਦੇ ਗੈਂਗਸਟਰਾਂ ਬਾਰੇ ਸਮਾਜ ਸ਼ਾਸਤਰੀਆਂ, ਰਾਜਨੀਤਕ ਲੋਕਾਂ, ਪੱਤਰਕਾਰਾਂ ਅਤੇ ਪੰਜਾਬ ਚਿੰਤਕਾਂ ਵਿਚਾਲੇ ਵਿਚਾਰ ਚਰਚਾ ਚੱਲਦੀ ਰਹੀ। ਸਿਮੀ ਰੌਂਡ ਦੀ ਕਥਿਤ ਪੁਲਿਸ ਮੁਕਾਬਲੇ 'ਚ ਹੋਈ ਮੌਤ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਏ ਹਨ। ਸਿਮੀ ਰੌਂਡ ਦੇ ਪਰਿਵਾਰਕ ਮੈਂਬਰ ਅਤੇ ਉਸ ਦੇ ਸਮਰਥਕ ਲੋਕ ਉਸ ਨੂੰ ਪੁਲਿਸ ਵਲੋਂ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਦੇ ਦੋਸ਼ ਲਗਾ ਰਹੇ ਸਨ। ਜਦੋਂ ਕਿ ਪੰਜਾਬ ਪੁਲਿਸ ਇਸ ਮੁਕਾਬਲੇ ਨੂੰ ਅਸਲੀ ਦੱਸ ਕੇ ਇਹ ਦਲੀਲ ਦੇ ਰਹੀ ਹੈ ਕਿ ਜਦੋਂ ਵੀ ਕੋਈ ਗੈਂਗਸਟਰ ਅਮਨ-ਕਾਨੂੰਨ ਲਈ ਇਕ ਹੱਦ ਤੋਂ ਵੱਧ ਸਮੱਸਿਆ ਬਣ ਜਾਵੇ ਅਤੇ ਉਸ ਦੇ ਕਿਸੇ ਵੀ ਤਰ੍ਹਾਂ ਮੁੱਖ ਧਾਰਾ ਵਿਚ ਵਾਪਸੀ ਦੇ ਸਾਰੇ ਰਾਹ ਬੰਦ ਹੋ ਜਾਣ ਤਾਂ ਉਨ੍ਹਾਂ ਗੈਂਗਸਟਰਾਂ ਦਾ ਅੰਤ ਅਖ਼ੀਰ ਵਿਚ ਇਹੋ ਜਿਹਾ ਹੀ ਹੁੰਦਾ ਹੈ।

ਨਿਰਸੰਦੇਹ ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਪੇਸ਼ੇਵਰ ਮੁਜ਼ਰਮਾਨਾਂ ਕਾਰਵਾਈਆਂ ਦਾ ਦੌਰ ਬੜੀ ਤੇਜ਼ੀ ਨਾਲ ਵੱਧ ਰਿਹਾ ਸੀ। ਡੇਢ-ਦੋ ਦਹਾਕੇ ਪਹਿਲਾਂ ਸਿਰਫ਼ ਫ਼ਿਲਮਾਂ ਅੰਦਰ ਹੀ ਜੀਪਾਂ 'ਤੇ ਸਵਾਰ ਬੰਦੂਕਾਂ ਚੁੱਕੀ ਦਨਦਨਾਉਂਦੇ ਜਿਨ੍ਹਾਂ ਗੈਂਗਸਟਰਾਂ ਨੂੰ ਦੇਖਿਆ ਜਾਂਦਾ ਸੀ। ਉਹ ਹੁਣ ਪੰਜਾਬ 'ਚ ਹਕੀਕੀ ਰੂਪ 'ਚ ਲੋਕਾਂ ਦਾ ਅਮਨ-ਚੈਨ ਖੋਹ ਰਹੇ ਸਨ। ਜੇਕਰ ਇਹ ਆਖ ਲਿਆ ਜਾਵੇ ਕਿ ਪੰਜਾਬ ਦੇ ਲੋਕਾਂ ਨੂੰ ਸ਼ਾਮ ਨੂੰ ਸੁੱਖੀ-ਸਾਂਦੀ ਘਰ ਪਰਤਦਿਆਂ ਹੁਣ ਇਹ ਮਹਿਸੂਸ ਕਰਨਾ ਚਾਹੀਦਾ ਹੈ। ਕਿ ਉਨ੍ਹਾਂ ਦੇ ਸਾਹ ਗੈਂਗਸਟਰਾਂ ਦੇ ਰਹਿਮੋ-ਕਰਮ 'ਤੇ ਸਨ ਕਿਉਂਕਿ ਉਹ ਅਜੇ ਗੈਂਗਸਟਰਾਂ ਦਾ ਸ਼ਿਕਾਰ ਨਹੀਂ ਹੋਏ, ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ।

ਸ਼ਾਇਦ ਦੋ ਦਹਾਕੇ ਪਹਿਲਾਂ ਕਦੇ ਪੰਜਾਬ ਦੇ ਲੋਕਾਂ ਨੇ 'ਗੈਂਗਸਟਰ'ਲਫ਼ਜ਼ ਤੱਕ ਨਹੀਂ ਸੁਣਿਆ ਹੋਵੇਗਾ। ਅੱਜ ਪੰਜਾਬ 'ਚ ਬਹੁਤ ਤੇਜ਼ੀ ਨਾਲ ਵੱਧ ਰਿਹਾ ਗੈਂਗਸਟਰ ਸੱਭਿਆਚਾਰ ਪੰਜਾਬ ਲਈ ਬੇਹੱਦ ਚਿੰਤਾ ਦਾ ਵਿਸ਼ਾ ਬਣ ਗਿਆ ਸੀ। ਕੁਝ ਮਹੀਨੇ ਪਹਿਲਾਂ ਪੰਜਾਬ ਪੁਲਿਸ ਮੁਖੀ ਨੇ ਖੁਲਾਸਾ ਕੀਤਾ ਸੀ ਕਿ ਪੰਜਾਬ 'ਚ 47 ਵੱਡੇ ਖ਼ਤਰਨਾਕ ਗੈਂਗ ਮੌਜੂਦ ਹਨ। ਜਿਨ੍ਹਾਂ ਦੇ 403 ਸਰਗਰਮ ਮੈਂਬਰ ਹਨ। 182 ਕਥਿਤ ਗੈਂਗਸਟਰ ਗੈਂਗ ਮੈਂਬਰ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ 'ਚ ਸਨ ਤੇ ਪਿਛਲੇ 1 ਸਾਲ 'ਚ ਪੰਜਾਬ ਵਿਚ ਵੱਖ-ਵੱਖ ਗੈਂਗਾਂ ਦੇ 37 ਮੈਂਬਰ ਅਜਿਹੇ ਹਨ, ਜੋ ਕਿ ਪੁਲਿਸ ਦੀ ਗ੍ਰਿਫ਼ਤ 'ਚੋਂ ਭੱਜਣ ਵਿਚ ਕਾਮਯਾਬ ਰਹੇ ਸਨ।
ਪੁਲਿਸ ਮੁਖੀ ਦੇ ਬਿਆਨ ਵਿਚ ਉਨ੍ਹਾਂ ਛੋਟੇ-ਮੋਟੇ ਗੈਂਗਾਂ ਦਾ ਜ਼ਿਕਰ ਨਹੀਂ ਸੀ, ਜਿਹੜੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਦਹਿਸ਼ਤ ਵੰਡ ਰਹੇ ਸਨ। ਇਸ ਤੋਂ ਅੰਦਾਜ਼ਾ ਲਗਾਉਣਾ ਔਖਾ ਨਹੀਂ ਹੈ ਕਿ ਪੰਜਾਬ ਦੀ ਜਵਾਨੀ ਕਿੰਜ ਪੇਸ਼ੇਵਰ ਜ਼ੁਰਮਾਂ ਦੀ ਦੁਨੀਆ ਅੰਦਰ ਤੇਜੀ ਨਾਲ ਦਾਖ਼ਲ ਹੋ ਰਹੀ ਸੀ।

ਸਿਮੀ ਰੌਂਡ ਦੀ ਮੌਤ ਤੋਂ ਬਾਅਦ ਵੀ ਪੰਜਾਬ ਪੁਲਿਸ ਦੇ ਮੁਖੀ ਦੀਪ ਸੰਧੂ ਨੇ ਦਾਅਵਾ ਕੀਤਾ ਕਿ ਅਜੇ ਵੀ ਪੰਜਾਬ ਵਿਚ 'ਏ' ਸ਼੍ਰੇਣੀ ਦੇ 8 ਅਤੇ 'ਬੀ'ਸ਼੍ਰੇਣੀ ਦੇ 9 ਗਰੋਹ ਸਰਗਰਮ ਸਨ। ਪੰਜਾਬ ਪੁਲਿਸ ਮੁਖੀ ਦੀਪ ਸੰਧੂ ਤੇ ਪੰਜਾਬ ਦੇ ਮੁੱਖਮੰਤਰੀ ਨੇ ਗੈਂਗਸਟਰਾਂ ਨੂੰ ਗ਼ਲਤ ਰਾਹ ਛੱਡ ਕੇ ਕਾਨੂੰਨ ਦੀ ਸ਼ਰਨ 'ਚ ਆਉਣ ਦੀ ਅਪੀਲ ਵੀ ਕੀਤੀ ਸੀ।

ਪੰਜਾਬ ਦੇ ਨੌਜਵਾਨ ਗੈਂਗਸਟਰ ਕਿਉਂ ਬਣਦੇ ਹਨ? ਬਲਵੀਰ ਦੱਸ ਰਿਹਾ ਸੀ। ਇਹ ਸਵਾਲ ਅੱਜਕੱਲ੍ਹ ਕਾਫ਼ੀ ਅਹਿਮ ਬਣਿਆ ਹੋਇਆ ਹੈ। ਕੁਝ ਅਰਸਾ ਪਹਿਲਾਂ ਇਕ ਗੈਂਗਸਟਰ ਦੇ ਜੀਵਨ'ਤੇ ਆਧਾਰਤ ਬਣੀ ਪੰਜਾਬੀ ਫ਼ਿਲਮ 'ਸੁੰਦਰ ਦ ਗੈਂਗਸਟਰ'ਵਿਚ ਕਾਫ਼ੀ ਹੱਦ ਤੱਕ ਸੱਚਾਈ ਨੂੰ ਨੇੜਿਓਂ ਦਿਖਾਉਣ ਦਾ ਯਤਨ ਕੀਤਾ ਗਿਆ ਸੀ । ਕਿ ਇਕ ਆਮ ਤੇ ਸਾਧਾਰਨ ਘਰ ਦਾ ਕੋਈ ਅੱਲ੍ਹੜ ਮੁੰਡਾ ਆਖ਼ਰਕਾਰ ਖ਼ਤਰਨਾਕ ਗੈਂਗਸਟਰ ਕਿਵੇਂ ਬਣ ਜਾਂਦਾ ਹੈ? ਇਕ ਸਾਧਾਰਨ ਘਰ ਦੇ ਸਕੂਲ ਪੜ੍ਹਦੇ ਨਾਬਾਲਗ ਮੁੰਡੇ ਨੂੰ ਪੁਲਿਸ ਇਕ ਰੰਜ਼ਿਸ਼ ਦੇ ਮਾਮਲੇ 'ਚ ਝੂਠੇ ਮੁਕੱਦਮੇ ਵਿਚ ਹਵਾਲਾਤ ਦਿਖਾ ਦਿੰਦੀ ਹੈ ਅਤੇ ਇਸੇ ਬੇਇਨਸਾਫ਼ੀ ਵਿਚੋਂ ਹੀ ਪੈਦਾ ਹੁੰਦਾ ਹੈ ਇਕ ਖੂੰਖਾਰ ਗੈਂਗਸਟਰ।
ਦਹਿਸ਼ਤ ਦੇ ਇਕ ਭਿਆਨਕ ਦੌਰ ਦਾ ਅੰਤ ਵੀ ਮੌਤ ਨਾਲ ਹੀ ਹੁੰਦਾ ਹੈ। ਇਹ ਸਿਰਫ਼ ਕਹਾਣੀ ਹੀ ਨਹੀਂ ਆਖੀ ਜਾ ਸਕਦੀ, ਬਲਕਿ ਪੰਜਾਬ ਦੇ ਬਹੁਤ ਸਾਰੇ ਗੈਂਗਸਟਰਾਂ ਦੇ ਪੈਦਾ ਹੋਣ ਦਾ ਕਾਰਨ ਵੀ ਇਸੇ ਵਿਚੋਂ ਹੀ ਸ਼ਾਇਦ ਲੱਭਿਆ ਜਾ ਸਕਦਾ ਹੈ।

ਸਮਾਜ ਵਿਚੋਂ ਜ਼ੁਰਮ ਨੂੰ ਸਿਰਫ਼ ਕਾਨੂੰਨ ਦੇ ਜ਼ੋਰ ਨਾਲ ਹੀ ਖ਼ਤਮ ਨਹੀਂ ਕੀਤਾ ਜਾ ਸਕਦਾ ਬਲਕਿ ਜ਼ੁਰਮ ਨੂੰ ਖ਼ਤਮ ਕਰਨ ਲਈ ਜ਼ੁਰਮ ਦੀ ਜੜ੍ਹ ਤੱਕ ਜਾਣਾ ਜ਼ਰੂਰੀ ਹੁੰਦਾ ਹੈ। ਨਿਰਸੰਦੇਹ ਦੁਨੀਆ ਦੇ ਹਰ ਮੁਲਕ 'ਚ ਗੈਂਗ ਸੱਭਿਆਚਾਰ ਮੌਜੂਦ ਹੈ ਪਰ ਇਸਦੇ ਕਾਰਨ ਵੱਖੋ-ਵੱਖਰੇ ਹੋ ਸਕਦੇ ਹਨ।

ਦੁਨੀਆ 'ਚ ਵੱਧ ਰਹੀ ਬੇਰੁਜ਼ਗਾਰੀ ਕਾਰਨ ਨੌਜਵਾਨ ਪੀੜ੍ਹੀ ਵੱਡੀ ਪੱਧਰ 'ਤੇ ਮਾਯੂਸ ਹੋ ਕੇ ਨਸ਼ਿਆਂ ਤੇ ਜ਼ੁਰਮਾਂ ਦੀ ਦੁਨੀਆ 'ਚ ਧੱਸ ਰਹੀ ਹੈ। ਪਰ ਪੰਜਾਬ ਦੀ ਗੱਲ ਕਰੀਏ ਤਾਂ ਉਥੇ ਬਹੁਤਾਤ ਜ਼ੁਰਮ ਬੇਇਨਸਾਫ਼ੀ ਦੇ ਮਲਾਲ ਵਿਚੋਂ ਪੈਦਾ ਹੋ ਰਿਹਾ ਸੀ।

ਕੁਝ ਅਰਸਾ ਪਹਿਲਾਂ ਨਵਾਂਸ਼ਹਿਰ ਪੁਲਿਸ ਨੇ 'ਬਿਗਗੈਂਗ' ਨਾਲ ਜਾਣੇ ਜਾਂਦੇ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਇਕ ਇੱਜ਼ਤਦਾਰ, ਸਰਦੇ-ਪੁੱਜਦੇ ਅਤੇ ਪੜ੍ਹੇ-ਲਿਖੇ ਪਰਿਵਾਰ ਨਾਲ ਸਬੰਧਤ ਸਨ। ਦੋਵਾਂ ਵਿਚੋਂ ਇਕ ਭਰਾ ਡਾਕਟਰ ਤੇ ਇਕ ਵਕੀਲ ਬਣਨ ਲਈ ਘਰੋਂ ਕਾਲਜ ਗਏ ਸਨ ਪਰ ਪੇਸ਼ੇਵਰ ਮੁਜ਼ਰਮ ਬਣ ਕੇ ਕਾਲਜੋਂ ਬਾਹਰ ਨਿਕਲੇ। ਨੌਜਵਾਨ ਪੀੜ੍ਹੀ ਅੰਦਰ ਭਵਿੱਖ ਪ੍ਰਤੀ ਬੇਯਕੀਨੀ ਅਤੇ ਤਰੁੱਟੀ ਪੂਰਨ ਸਿੱਖਿਆ ਪ੍ਰਣਾਲੀ ਵੀ ਨਵੀਂ ਪੀੜ੍ਹੀ ਨੂੰ ਸਮਾਜ ਨਾਲੋਂ ਤੋੜ ਰਹੀ ਹੈ। ਪੰਜਾਬ 'ਚ ਵਾਪਰਦੀਆਂ ਬਹੁਤੀਆਂ ਹਿੰਸਕ ਘਟਨਾਵਾਂ ਅੰਦਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਲੋਕ ਦੁਸ਼ਮਣੀਆਂ ਕੱਢਣ ਜਾਂ ਬਦਲੇ ਦੀ ਅੱਗ ਨੂੰਸ਼ਾਂਤ ਕਰਨ ਲਈ ਗੈਂਗਸਟਰਾਂ ਜਾਂ ਸ਼ੂਟਰਾਂ ਦੀ ਵਰਤੋਂ ਕਰ ਰਹੇ ਹਨ। ਜੇਕਰ ਕਿਸੇ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ ਹੁੰਦੀ ਹੈ ਤਾਂ ਉਸ ਦਾ ਕਾਨੂੰਨ ਤੋਂ ਇਨਸਾਫ਼ ਲਈ ਵਿਸ਼ਵਾਸ ਕਿਉਂ ਟੁੱਟ ਰਿਹਾ ਹੈ? ਸਿਆਸੀ ਇਸ਼ਾਰੇ 'ਤੇ ਚੱਲਦੇ ਪੰਜਾਬ ਦੇ ਪੁਲਿਸ-ਤੰਤਰ ਵਲੋਂ ਕਿਸੇ ਮੁਜ਼ਰਮ ਨੂੰ ਬੇਦੋਸ਼ਾ ਤੇ ਕਿਸੇ ਬੇਗੁਨਾਹ ਨੂੰ ਦੋਸ਼ੀ ਬਣਾਉਣਾ ਕੋਈ ਅਲੋਕਾਰੀ ਗੱਲ ਨਹੀਂ ਰਹੀ। ਪਰ ਅਦਾਲਤਾਂ ਤੋਂ ਵੀ ਹੁਣ ਲੋਕਾਂ ਦਾ ਇਨਸਾਫ਼ ਲਈ ਭਰੋਸਾ ਟੁੱਟ ਰਿਹਾ ਸੀ। ਦਹਾਕਿਆਂ-ਬੱਧੀ ਪੀੜਤਾਂ ਨੂੰ ਇਨਸਾਫ਼ ਲਈ ਕਟਹਿਰਿਆਂ 'ਚ ਖੜ੍ਹੇ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਸੀ।

ਨਿਆਂ ਪ੍ਰਣਾਲੀ ਦੀ ਢਿੱਲ ਮੱਠ ਤੇ ਚੋਰ-ਮੋਰੀਆਂ ਵੀ ਲੋਕਾਂ ਨੂੰ ਜ਼ੁਰਮਾਂ ਵੱਲ ਉਤਸ਼ਾਹਿਤ ਕਰ ਰਹੀਆਂ ਸਨ। ਪੰਜਾਬ ਵਿਚ ਗੈਂਗ ਸੱਭਿਆਚਾਰ ਨੂੰ ਸਿਰਫ਼ ਕਾਨੂੰਨ ਦੇ ਲਿਹਾਜ਼ ਨਾਲ ਨੱਥ ਨਹੀਂ ਪਾਈ ਜਾ ਸਕਦੀ, ਬਲਕਿ ਇਸ ਲਈ ਸਰਕਾਰ ਨੂੰ ਭਾਵਨਾਤਮਕ ਅਤੇ ਸਮਾਜਿਕ ਪੱਧਰ 'ਤੇ ਵੀ ਸਿੱਟਾ ਮੁਖੀ ਨੀਤੀਆਂ 'ਤੇ ਕੰਮ ਕਰਨਾ ਪਵੇਗਾ, ਜਿਸ ਕਾਰਨ ਸਕੂਲ 'ਚ ਪੜ੍ਹਨ ਤੋਂ ਲੈ ਕੇ ਰੁਜ਼ਗਾਰ ਹਾਸਲ ਕਰਨ ਦੇ ਪੜਾਅ ਤੱਕ ਕਿਸੇ ਅੱਲ੍ਹੜ ਜਾਂ ਨੌਜਵਾਨ ਨੂੰ ਇਹੋ ਜਿਹਾ ਵਾਤਾਵਰਨ ਨਾ ਮਿਲੇ। ਜਿਸ ਨਾਲ ਉਹ ਸਮਾਜ ਦੇ ਇਕ ਚੰਗੇ ਬਾਸ਼ਿੰਦੇ ਤੋਂ 'ਗੈਂਗਸਟਰ' ਬਣ ਜਾਵੇ। ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਸੇਧਮਈ ਅਤੇ ਕਾਨੂੰਨ ਵਿਵਸਥਾ ਨੂੰ ਸੁਧਾਰਮਈ ਬਣਾਉਣਾ ਇਸ ਵੇਲੇ ਦੀ ਅਹਿਮ ਲੋੜ ਬਣ ਗਈ ਸੀ। ਬਲਵੀਰ ਸੁਝਾਅ ਰਿਹਾ ਸੀ।

13. 'ਲੋਕ ਰੰਗਾਂ ਨਾਲ ਖੇਡਦੇ ਹੋਲੀ ਵੀਣੀਆਂ ਤੇ ਤੇਰੇ ਰੰਗ ਖੇਡਦੇ'

ਬਲਵੀਰ ਤੁਰਿਆ ਫਿਰਦਾ ਗੀਤ ਵੀ ਸਿਰਜਦਾ।
ਮੱਥਿਆਂ 'ਚ ਖੁਣੀਆਂ ਯਾਦਾਂ ਕਿੱਥੇ ਮਰਦੀਆਂ ਨੇ ਰਣਜੀਤ। ਰਾਤਾਂ 'ਚੋਂ ਨਾ ਸੌਣ ਦੇਣ ਵਾਲੀਆਂ ਪਲ ਪਲ ਉੱਠਦੀਆਂ ਚੀਸਾਂ। ਤੇ ਮੁਲਾਕਾਤਾਂ ਵਰਗੀਆਂ ਘੜੀਆਂ ਨਹੀਂ ਖੁਰਦੀਆਂ ਝਨਾਵਾਂ 'ਚ ਵੀ। ਜ਼ਖਮਾਂ ਦੀਆਂ ਤਰਿੜਾਂ ਤੋੜ ਤੋੜ ਕੀਤੇ ਟੁੱਟਦੇ ਜੁੜਦੇ ਵਾਅਦੇ ਚੌਦਵੀਂ ਦੀ ਚਾਨਣੀ ਵਰਗੇ ਵਿਲਕਦੇ ਲਿਸ਼ਕਦੇ ਕੱਲੇ ਰਹਿ ਗਏ ਪਹਿਰ ਕਦ ਸੌਂਦੇ ਨੇ ਗੂੜ੍ਹੀ ਨੀਂਦੇ-ਬਲਵੀਰ ਭਾਵੁਕ ਹੋ ਜਾਂਦਾ।

ਕਿਤਾਬਾਂ ਦੇ ਸਫਿਆਂ 'ਚ ਸੁੱਕ ਸੜ ਗਏ ਤੇਰੀਆਂ ਉਡੀਕਾਂ ਵੱਲ ਦੇਖਦੇ ਗੁਲਾਬੀ ਉਨਾਬੀ ਕਈ ਫੁੱਲ ਜੋ ਤੂੰ ਤੇ ਮੈਂ ਇਕ ਦੂਸਰੇ ਨੂੰ ਕੋਸੀ ਕੋਸੀ ਧੁੱਪ 'ਚ ਫੜਾਏ ਸਨ। ਕੀ ਹਾਲ ਹੋਇਆ ਹੋਵੇਗਾ ਉਹਨਾਂ ਰੰਗੀਨ ਰੂਹਾਂ ਪੱਤੀਆਂ ਦਾ ਜੋ ਆਪਣੀਆਂ ਆਂਦਰਾਂ ਦਾ ਖੂਨ ਵਹਾ ਕੇ ਓਸੇ 'ਚ ਹੀ ਡੁੱਬ ਡੁੱਬ ਮਰਦੀਆਂ ਰਹੀਆਂ ਹੋਣਗੀਆਂ। ਤੂੰ ਕੀ ਜਾਣੇ ਪਲ ਪਲ ਵਹਿੰਦੇ ਅਜਾਈਂ ਖੂਨ ਦੀ ਗਾਥਾ। ਜਰਾ ਜਰਾ ਹੋ ਕੇ ਮਰੇ ਪਲ ਪਹਿਰਾਂ ਦੇ ਟੁੱਕੜੇ ਜਿਹਨਾਂ ਨੇ ਮੁੜ ਕਦੇ ਨਹੀਂ ਸੀ ਜੁੜ ਕੇ ਜ਼ਿੰਦਗੀ ਜਿਊਣੀ -ਬਲਵੀਰ ਰਣਜੀਤ ਨੂੰ ਕਹਿੰਦਾ।

ਜੋ ਯਾਦਾਂ 'ਚ ਜ਼ਖਮੀ ਹੁੰਦੇ ਨੇ ਕਦੇ ਵੀ ਅਰਾਮ ਨਾਲ ਨਹੀਂ ਸੁੱਤੇ ਵਕਤ।
ਜੋ ਉਡੀਕਾਂ 'ਚ ਖੁਰਦੇ ਨੇ ਕਦੇ ਨਹੀਂ ਲਿਸ਼ਕੇ ਅੰਬਰਾਂ 'ਚ ਮੁੜ ਕੇ।
ਮੁਹੱਬਤ ਕੋਈ ਖੇਡ ਨਹੀਂ ਹੁੰਦੀ ਕਿ ਖੇਡ ਕੇ ਘਰਾਂ ਨੂੰ ਪਰਤ ਜਾਓ।
ਕੋਈ ਖਿਡੌਣਾ ਨਹੀਂ ਕਿ ਟੁੱਟ ਗਿਆ ਤਾਂ ਜੁੜ ਜਾਵੇਗਾ ਦੁਬਾਰਾ।
ਰਣਜੀਤ ਤੂੰ ਤਾਂ ਦੁਪਹਿਰ ਵਾਂਗ ਖਿੜ ਕੇ ਛੁਪ ਗਈ ਮੁਲਾਕਾਤਾਂ 'ਚੋਂ।
ਚਾਨਣੀ ਵਿਛਾ ਉਡ ਗਈ ਰੋਂਦੀਆਂ ਰਾਤਾਂ 'ਚੋਂ।
ਹਿੱਕ 'ਚ ਸੂਰਜ ਲੁਕਾ ਟੁਰ ਗਈ ਪਰਭਾਤਾਂ 'ਚੋਂ।
ਦਸ ਸਾਨੂੰ ਕੀ ਲੱਭਾ ਤੇਰੀਆਂ ਬਰੂਹਾਂ ਤੇ ਖੂਨ ਚੋ ਚੋ ਕੇ।

ਬਲਵੀਰ ਆਪਣੀ ਇਸ਼ਕ ਦੀ ਰਾਤ ਨਾਲ ਗੱਲਾਂ ਕਰਦਾ ਕਰਦਾ ਪਿਘਲ ਜਾਂਦਾ ਵਹਿ ਟੁਰਦਾ।

14. ਗੋਬਿੰਦ ਸ਼ਾਸਤਰ ਅਤੇ ਸ਼ਸਤਰ ਦਾ ਮਾਡਲ ਹੈ

ਇਕ ਦਿਨ ਡਾ.ਬਲਵੀਰ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਫਿਲਾਸਫੀ ਬਾਰੇ ਸੰਗਤਾਂ ਨੂੰ ਭਾਸ਼ਣ ਦਿਤਾ।
ਸੂਰਜ ਦੀ ਸੋਚ, ਤਲਵਾਰ ਦਾ ਆਸ਼ਕ ਸੀ ਗੁਰੂ ਗੋਬਿੰਦ ਸਿੰਘ, ਡਾ.ਬਲਵੀਰ ਆਪਣੀ ਤਕਰੀਰ 'ਚ ਸੰਗਤ ਨੂੰ ਸੰਬੋਧਿਤ ਹੋ ਕਹਿ ਰਿਹਾ ਸੀ। ਗੁਰੂ ਗੋਬਿੰਦ ਸਿੰਘ ਸੂਰਜ ਦੀ ਸੋਚ, ਸਰਘੀ ਦਾ ਸੁਪਨਾ ਤੇ ਅਰਸ਼ ਜੇਡਾ ਬਲੀਆਂ ਦਾ ਦਾਨੀ। ਸ਼ਾਸਤਰ ਅਤੇ ਸ਼ਸਤਰ ਦਾ ਸੁਮੇਲ ਹੈ, ਮਾਡਲ ਹੈ। ਉਹ ਤਲਵਾਰ ਦਾ ਤੇ ਵਾਰ ਦਾ ਧਨੀ, ਬਾਪੂ ਨੂੰ ਕੁਰਬਾਨੀ ਦਾ ਰਾਹ ਦੱਸਦਾ। ਆਪ ਵੀ ਲਾਡਲੇ ਕੌਮ ਦੇ ਲੇਖੇ ਲਾ ਗਿਆ-ਨਿੱਕੀ ਜੇਹੀ ਉਮਰੇ ਅਰਸ਼ਾਂ ਵਰਗੇ ਉੱਚੇ ਕਰਤਵ ਸ਼ਾਇਦ ਇਸ ਸੂਰਮੇ ਦੇ ਹੀ ਹਿੱਸੇ ਆਏ ਸਨ।

ਉਹ ਪਤਾ ਨਹੀ ਕਿਸ ਮਿੱਟੀ 'ਚੋਂ ਉਪਜਿਆ ਸੀ। ਤੀਰਾਂ ਦਾ ਨਿਸ਼ਾਨਚੀ, ਖੰਜ਼ਰ ਦਾ ਪਿਤਾਮਾ, ਤਲਵਾਰ ਦਾ ਇਹ ਆਸ਼ਕ। ਉਹਨੇ ਲਾਡਲਿਆਂ ਦੇ ਟੁਰਨ ਵੇਲੇ ਇਕ ਵੀ ਹੰਝੂ ਨਾ ਕੇਰਿਆ। ਨਹੀਂ ਤਾਂ ਬਾਪ ਪਾਗਲ ਹੋ ਜਾਂਦੇ ਹਨ, ਮਾਵਾਂ ਮਰ ਮਿਟਦੀਆਂ ਹਨ- ਲਾਡਲਿਆਂ ਦੇ ਵਿਛੜਣ 'ਤੇ।

ਵਿਸਾਖੀ -ਪੰਜਾਬ ਦਾ ਉੱਤਮ ਤੇ ਪ੍ਰਸਿੱਧ ਤਿਉਹਾਰ ਹੈ। ਗਿੱਧੇ, ਭੰਗੜੇ ਰਾਹੀਂ ਖੁਸ਼ੀ ਨੂੰ ਜ਼ੋਰ-ਸ਼ੋਰ ਨਾਲ ਮਨਾਉਂਣ ਨੂੰ ਕਿਹਦਾ ਦਿੱਲ ਨਹੀ ਕਰਦਾ। ਕਣਕਾਂ ਨਾਲ ਭੜੋਲੇ ਕੋਠੀਆਂ ਤਾਂ ਭਰਦੀਆਂ ਹੀ ਹਨ-ਨਾਲ ਦੀ ਨਾਲ ਅੰਨ ਦਾਤਾ, ਖੇਤਾਂ ਦਾ ਸ਼ਹਿਨਸ਼ਾਹ ਲੋਕਾਈ ਦੀ ਵੀ ਭੁੱਖ ਦੂਰ ਕਰਦਾ ਆਪ ਵੀ ਹਿੱਕ ਕੱਢ ਕੇ ਚਾਰ ਦਿਨ ਟੁਰਦਾ ਹੈ, ਗੋਬਿੰਦ ਦੀ ਫ਼ੌਜ਼ ਦਾ ਸੈਨਿਕ।

ਗੁਰੂ ਗੋਬਿੰਦ ਸਿੰਘ ਪਹਿਲਾਂ ਤੋਂ ਹੀ ਇਸ ਦੇ ਸਿਰਜਕ ਰਹੇ ਹਨ ਅਤੇ ਇਸੇ ਹੀ ਤਿਉਹਾਰ ਦੇ ਆਗਮਨ 'ਤੇ ਖ਼ਾਲਸਾ ਪੰਥ ਦੀ ਸਿਰਜਣਾ ਦਾ ਅਨੋਖਾ, ਸੱਚਾ ਸੁੱਚਾ ਤੇ ਇਨਕਲਾਬੀ ਰਿਸ਼ਮਾਂ ਵਾਲਾ ਸੰਸਕਾਰ ਉਹਨੇ ਹੀ ਪਹਿਲੀ ਵਾਰ ਸਾਜਿਆ ਸੀ।

ਇਕ ਖਾਲਸ-ਸੱਚੀ ਸੁੱਚੀ ਫ਼ੌਜ਼ ਦਾ ਰਚੇਤਾ,ਲੀਡਰ ਮੁੜ ਲੱਭਣਾ ਕਠਨ ਹੋ ਗਿਆ ਹੈ। ਕਾਲ ਦੇ ਭੈਅ ਤੋਂ ਉਹਦਾ ਖਾਲਸਾ ਮੁਕਤ ਹੋ ਕੇ ਅਕਾਲ ਸ਼ਕਤੀ ਵਿਚ ਤਰੰਗਿਤ ਹੋ ਜਾਂਦਾ ਹੈ। ਸ਼ਾਸਤਰ ਨੂੰ ਸ਼ਸਤਰ ਦੀ ਹੋਂਦ ਮਿਲ ਗਈ। ਥਿੜਕਦੀ ਕੌਮ ਦੀ ਨੀਂਹ ਬਲਵਾਨ ਬਣ ਗਈ। ਅਕਾਲ ਜੋ ਰਾਖਾ, ਕਿਰਪਾਲੂ ਤੇਗ ਦਾ ਧਨੀ ਵੀ ਹੈ। 'ਗਰਬ ਗੰਜਨ ਦੁਸ਼ਟ ਸੂਰਜ ਸ਼ਕਤੀ ਵੀ ਹੈ। ਉਹਦੇ ਨਾਲ ਰਚਮਿਚ ਸਾਰੇ ਸੰਸੇ ਖਤਮ ਹੋ ਜਾਂਦੇ ਹਨ।

ਗੋਬਿੰਦ ਸ਼ਬਦ ਸੁਚੇਤ ਪੱਧਰ ਤੋਂ ਉਪਰ ਬੈਠਾ ਹੈ। ਗੋਬਿੰਦ ਨੇ ਵਿਭਿੰਨ ਭ੍ਰਾਂਤੀਆਂ ਅਤੇ ਹੀਣ-ਭਾਵਨਾਵਾਂ ਵਾਲਿਆਂ ਨੂੰ ਸੁੱਚੇ ਸ਼ਬਦ ਤੇ ਤਿੱਖੇ ਤੀਰ ਵੀ ਵੰਡੇ। ਉਹਨੇ ਕੌਮ ਦੀ ਮਾਨਸਿਕਤਾ 'ਚੋਂ ਗੁਲਾਮੀ ਮਾਰੀ ਤੇ ਯੋਧਿਆਂ ਦੇ ਸਿਰਤਾਜ ਬਣੇ। ਸੱਚ ਦੇ ਸਫ਼ਿਆਂ 'ਚੋਂ ਖਾਲਸਾ ਸਾਜ ਕੇ ਨਵਾਂ ਨਿਰਾਲਾ ਜੇਹਾ ਇਤਿਹਾਸਕ ਵਰਕਾ ਥੱਲਿਆ। ਖਾਲਸੇ ਦੇ ਸੰਕਲਪ ਵਿਚੋਂ ਹੀ ਗੋਬਿੰਦ ਸ਼ਬਦ ਉਪਜਿਆ ਸੀ ਕਦੇ।

ਲੋਕੋ ਲੱਭ ਕੇ ਲਿਆਓ ਕਿਤਿਓਂ-ਉਹ ਲੀਡਰ-ਨਹੀਂ ਤਾਂ ਇਹ ਕੌਮ ਖਿੰਡ ਚੱਲੀ ਹੈ- ਕਿਤਿਓਂ ਭਾਲੋ ਉਹੀ ਇਖਲਾਕ ਦਾ ਚਿਹਰਾ ਜੋ ਅੱਜ ਦੇ ਸਵੇਰਿਆਂ 'ਚ ਨਵਾਂ ਜੇਹਾ ਸੂਰਜ ਬਣ ਕੇ ਉਦੈ ਹੋਵੇ!

ਗੋਬਿੰਦ ਜਾਇਆ ਨਾ ਕਿਸੇ ਦੀ ਈਨ ਪ੍ਰਵਾਨ ਕਰੇ ਨਾ ਹੀ ਈਨ ਮੰਨਵਾਏ। ਉਹਦਾ ਕਰਮ ਸ਼ੁੱਭ ਅਮਲ ਦੀਆਂ ਪੈੜਾਂ 'ਤੇ ਹੀ ਪੱਬ ਧਰਦਾ ਹੈ। ਜਦੋਂ ਸ਼ੁੱਭ ਕਰਮ ਜੂਝ ਮਰਨਾ ਹੋ ਜਾਵੇ। ਮਨ ਚਿੱਤ 'ਚ ਦਰਿੜ ਇਰਾਦਾ ਉੱਗ ਆਵੇ, ਸੇਧ ਤੇ ਤਲਵਾਰ ਗੋਬਿੰਦ ਦੀ ਹੋਵੇ, ਜਿੱਤ ਨਿਸ਼ਚੈ ਹੀ ਹੋ ਜਾਂਦੀ ਹੈ।
ਦਰਿੜਤਾ ਇਕ ਕਰਮ ਹੈ ਸੱਚਾ ਸੁੱਚਾ-ਇਸ਼ਕ ਹੈ ਗੋਬਿੰਦ ਸ਼ਬਦ ਦਾ। ਮੁਹੱਬਤ ਹੈ-ਸੱਥਰਾਂ ਤੇ ਸੌਣ ਵਾਲੇ ਨਾਲ।
'ਜਬ ਆਵ ਕੀ ਅਉਧ ਨਿਦਾਨ ਬਨੈ, ਅਤ ਹੀ ਰਨ ਮੈ ਤਬ ਜੂਝ ਮਰੋ।'
ਜਦੋਂ ਸੀਨੇ 'ਚ ਗੋਬਿੰਦ ਸ਼ਬਦ ਹੋਵੇ ਤੇ ਕਰਮ ਵਿਚ ਜੂਝਣ ਦਾ ਚਾਓ ਚਮਕੇ-ਓਦੋਂ ਹਰ ਪਾਸੇ ਹੀ ਜਿੱਤ ਹੁੰਦੀ ਹੈ। ਓਦੋਂ ਹੀ ਜ਼ਫਰਨਾਮਾ ਜਨਮ ਲੈਂਦਾ ਹੈ।
ਗੋਬਿੰਦ ਮਾਡਲ ਸ਼ਾਸਤਰ ਅਤੇ ਸ਼ਸਤਰ ਚੜ੍ਹਦੀ ਕਲਾ ਵਾਲਾ ਹੈ। ਜੋ ਭਵਿੱਖਮੁਖੀ, ਨਵੀਂ ਪੈੜ੍ਹ ਤੇ ਸਰੋਂ ਦੇ ਫੁੱਲਾਂ ਵਰਗਾ ਤਾਰੀਖ਼ ਦਾ ਪੰਨਾ ਵੀ ਬਣਦਾ ਹੈ।

ਗੋਬਿੰਦ ਸ਼ਬਦ ਸ਼ਕਤੀ ਦਾ ਰਹੱਸ ਹੈ ਕਿ ਉਨ੍ਹਾਂ ਸੰਕਲਪਾਂ ਨੂੰ ਵਿਹਾਰਕ ਝਰੋਖੇ 'ਚੋਂ ਉਸਾਰ ਕੇ ਇਤਿਹਾਸ ਦੇ ਪੰਨਿਆਂ 'ਤੇ ਜੜ੍ਹ ਦਿਤਾ। ਜੋ ਇਨਸਾਨੀਅਤ ਦਾ ਗੌਰਵ ਅਤੇ ਸਵੈ-ਮਾਣ ਬਣਿਆ ਰਾਹ ਉਕਰਿਆ, ਪੈੜ ਪਾਈ ਗਈ। ਚਿੰਤਨ ਅਤੇ ਚੇਤਨਾ 'ਚ ਗੋਬਿੰਦ ਨੇ ਨਿਵੇਕਲੇ ਜੇਹੇ ਸਫ਼ੇ ਸਿਰਜੇ। ਜਿਨ੍ਹਾਂ ਦੀ ਪ੍ਰਾਸੰਗਿਕਤਾ ਵਰਤਮਾਨ ਸਮੇਂ ਦੇ ਸੀਨੇ ਉਪਰ ਵੀ ਅਰਸ਼ ਵਰਗਾ ਹੀ ਸਤੰਬ ਹੈ। ਮੀਨਾਰ ਹੈ ਅੰਬਰ ਦੇ ਬਨੇਰੇ 'ਤੇ।

ਤਾਰੀਖ ਦੇ ਪੰਨੇ 'ਤੇ ਚਿੰਤਨ ਅਤੇ ਚੇਤਨ ਵਿਚ ਜਿਹੜਾ ਨਵਾਂ ਅਧਿਆਇ ਗੋਬਿੰਦ ਨੇ ਸ਼ੁਰੂ ਕੀਤਾ ਸੀ-ਉਹਦਾ ਕਿਤੇ ਵੀ ਨਿਸ਼ਾਨ ਨਹੀ ਮਿਲਦਾ। ਜੋ ਹੁਣ ਬਿਨ ਸੰਭਾਲੇ ਨਾਸ਼ੁਕਰਿਆਂ ਰਾਹਾਂ 'ਚ ਰੁਲਦਾ ਜਾ ਰਿਹਾ ਹੈ ਲੋਕੋ!

ਜੇ ਇਹੀ ਸਾਡੇ ਵਿਹੜਿਆਂ 'ਚ ਸੋਚ ਬਣੀ ਰਹੀ, ਜੋ ਅੱਜ ਕੱਲ ਵਿਚਰ ਵਾਪਰ ਰਿਹਾ ਹੈ ਤਾਂ ਗੋਬਿੰਦ ਦੇ ਤੀਰ ਇਕ ਇਕ ਕਰਕੇ ਸਾਨੂੰ ਪੁੱਛਣਗੇ। ਬਾਪੂ ਦੇ ਸੀਸ ਦੀ ਤਾਰੀ ਕੀਮਤ, ਤੋਤਲੀ ਉਮਰੇ ਸਾਡੇ ਵਾਸਤੇ ਚਿਣੇ ਨੀਹਾਂ 'ਚ ਪਿਆਰੇ ਤੇ ਨਿਆਰੇ ਲਾਡਲੇ ਜੇਹੇ ਬੋਲਦੇ ਸੀਨੇ। ਮਾਂ ਗੁਜਰੀ ਦੀ ਹਿੱਕ ਫਿਰ ਭੁੱਬਾਂ ਮਾਰ ਕੇ ਤੜਪੇਗੀ। ਭਾਂਵੇਂ ਕਿ ਉਸ ਨੇ ਓਦੋਂ ਅੱਥਰੂ ਵੀ ਨਹੀਂ ਸੀ ਕੇਰਿਆ।
ਕੌਮ ਕੁਰਾਹੇ ਪੈ ਚੱਲੀ ਹੈ, ਗੋਬਿੰਦ ਦੀਆਂ ਪੈੜਾਂ ਤੋਂ ਪਰ੍ਹੇ ਹੋਈ ਜਾ ਰਹੀ ਹੈ।

ਗੋਬਿੰਦ ਨੇ ਭਗੌਤੀ ਨੂੰ ਸਿਮਰ ਕੇ ਪੰਥ ਸਾਜਿਆ ਸੀ। ਏਸੇ ਕਰਕੇ ਪੰਥ ਦੀ ਸੁਰਤਿ ਵਿਚ ਸ਼ਸਤਰ ਦੀ ਉਪਾਸ਼ਨਾ ਹੋਈ ਤੇ ਹਮੇਸ਼ਾਂ ਨਿਆਰਾ ਤੇ ਨਿਰਾਲਾ ਰਿਹਾ ਹੈ ਨਵੇਂ ਚਰਿਤਰ ਵਾਲਾ ਕਿਉਂਕਿ ਉਹਦੇ ਚਿੱਤ ਵਿਚ ਯੁੱਧ ਅਤੇ ਮੁੱਖ ਵਿਚ ਨਾਨਕ ਹੈ। ਸ਼ਾਸਤਰ ਅਤੇ ਸ਼ਸਤਰ ਦਾ ਸੰਗਮ ਹੋ ਗਿਆ ਹੈ। ਮਜਲੂਮ ਦਾ ਰੱਖਿਅਕ ਹੈ-ਗੋਬਿੰਦ।
ਰਚਨਾਤਮਿਕ ਪੈੜਾਂ ਵੱਲ ਨਜ਼ਰ ਮਾਰੋ.........

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥

ਰੇ ਮਨ ਇਹਿ ਬਿਧਿ ਜੋਗੁ ਕਮਾਓ ॥
ਸਿੰਙੀ ਸਾਚ ਅਕਪਟ ਕੰਠਲਾ ਧਿਆਨ ਬਿਭੂਤ ਚੜ੍ਹਾਓ ॥
ਪ੍ਰਭਜੂ ਤੋਕਹਿ ਲਾਜ ਹਮਾਰੀ ॥
ਨੀਲ ਕੰਠ ਨਰਹਰਿ ਨਾਰਾਇਣ ਨੀਲ ਬਸਨ ਬਨਵਾਰੀ

ਜਾਗਤਿ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ ॥
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ ॥

ਸ਼ਾਸਤਰ ਅਤੇ ਸ਼ਸਤਰ ਦੇ ਮਾਡਲ ਰਾਹੀਂ ਸਗਲ ਜਮਾਤ ਸਾਜ ਕੇ ਇਕ ਖਾਲਸ ਹਾਰ ਪਰੋਇਆ ਜਿਸਦੇ ਫੁੱਲਪੱਤੀਆਂ ਰੰਗ ਬਿਰੰਗੇ ਤੇ ਸੂਹੇ ਸਨ। ਉਹ ਲਤਾੜੀਆਂ ਰੂਹਾਂ ਤੇ ਪੀੜਿਤ ਆਤਮਾਵਾਂ 'ਚ ਸਵੈਮਾਣ ਦਾ ਦੀਪਕ ਹੈ। ਅਮਰ ਸਿਰਜਣਾ 'ਚ ਮਾਨਵੀ ਮੁਕਤੀ ਲਈ ਕਰਮਸ਼ੀਲਤਾ ਦੀ ਤਸਵੀਰ ਹੈ। ਜੋ ਸਦਾ ਹੀ ਇਤਿਹਾਸ ਦੀ ਹਿੱਕ ਤੇ ਜੜ੍ਹੀ ਰਹੇਗੀ, ਜਿਸ ਨੇ ਜੂਝਣ 'ਚੋਂ ਆਪਣੇ ਅਰਥ ਭਾਲੇ ਸਨ ਤੇ ਸੰਸਾਰ ਨੂੰ ਭੇਟ ਕੀਤੇ ਵਿਸਾਖੀ ਵਰਗੇ ਨਵੀਨ ਦਿੰਹੁ ਜੋ ਕਦੇ ਵੀ ਸ਼ੇਰਾਂ ਦੀ ਕੌਮ ਨੂੰ ਨਹੀਂ ਭੁੱਲਣਗੇ। ਬਲਵੀਰ ਨੇ ਬੋਲਦਿਆਂ ਪੁਕਾਰਦਿਆਂ ਕੌਮ ਨੂੰ ਹਲੂਣਿਆਂ!

15. ਨਿੱਕੀਆਂ ਨਿੱਕੀਆਂ ਕਣੀਆਂ ਹੀ ਸਮੁੰਦਰ ਜਨਮਦੀਆਂ ਹਨ

ਇਕ ਦਿਨ ਕਿਸੇ ਦੋਸਤ ਦੇ ਘਰ ਰਾਤ ਦਾ ਖਾਣਾ ਸੀ। ਅਰਦਾਸ ਫਲਸਫਾ ਤੇ ਮਨ ਚਿੰਤਨ 'ਤੇ ਗੱਲ ਚਲ ਪਈ। ਮੈਂ ਕੁੱਝ ਇਸ ਤਰਾਂ ਸਮਝਦਾ ਹਾਂ ਡਾ ਬਲਵੀਰ ਕਹਿਣ ਲੱਗਾ। ਉਹਨੇ ਵਿਚਾਰ ਪੇਸ਼ ਕਰਦਿਆਂ ਕਿਹਾ।

ਅਰਦਾਸ ਵੇਲੇ ਅਰਸ਼ ਲਿਸ਼ਕਣ ਲੱਗ ਪੈਂਦਾ ਹੈ। ਰਿਮਿਝਮ ਹੋਣ ਲਗਦੀ ਹੈ। ਕੋਈ ਆਸਰਾ ਟੋਲਣ ਟੁਰ ਪੈਂਦਾ ਹੈ ਸੰਸਾਰ। ਅਰਦਾਸ ਹੋਣ ਸਮੇਂ ਸੰਗਤ 'ਚ ਹਾਜ਼ਰ ਸਾਰਿਆਂ ਨੂੰ ਹੱਥ ਜੋੜ ਕੇ ਖਲੋਣਾ ਚਾਹੀਦਾ ਹੈ ਕਿਓਂਕਿ ਹੁਣ ਤਾਂ ਇਕ ਅਰਜ਼ ਹੋਣ ਲਗੀ ਹੈ -ਸਮੂਹ ਇਕੱਠ ਵੱਲੋਂ। ਇਕ ਨਿਮਾਣਾਪਣ ਜਾਗਣ ਲੱਗਾ ਹੈ ਨਿਆਸਰਿਆਂ ਨਿਓਟਿਆਂ ਕੋਲੋਂ ਮਿਹਰ ਲਈ ਤਰਲਾ ਹੈ। ਜੋ ਸੱਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਹੋਵੇ, ਉਹ ਵੀ ਉੱਠ ਕੇ ਚੌਰ ਕਰੇ। ਪਰ ਉਸ ਨੂੰ ਕਿਸੇ ਨੇਤਾ ਦੇ ਆਉਣ ਤੇ ਖੜੇ ਹੋਣ ਸਮੇ ਸਜਾ ਹੋਣੀ ਲਾਜ਼ਮੀ ਹੈ। ਅਰਦਾਸ ਕਰਨ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਖੜ੍ਹੋ ਕੇ, ਹੱਥ ਜੋੜ ਕੇ ਅਰਦਾਸ ਕਰੇ ਤਾਂ ਕਿ ਸਨਮੁੱਖ ਹੋਇਆ ਜਾਏ ਕਿਓਂਕਿ ਅਰਜ਼ ਜਿਸ ਅੱਗੇ ਕਰਨੀ ਹੈ ਓਹਦੇ ਅੱਗੇ ਹੋ ਕੇ ਹੀ ਜੋਦੜੀ ਹੋਣੀ ਚਾਹੀਦੀ ਹੈ।
ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਾ ਹੋਣ ਤਾਂ ਕਿਸੇ ਪਾਸੇ ਮੁੱਖ ਕਰ ਕੇ ਅਰਦਾਸ ਕਰੋ, ਪ੍ਰਵਾਨ ਹੋ ਜਾਵੇਗੀ ਕਿਓਂਕਿ ਗੁਰੂ ਨਾਨਕ ਹਰ ਦਿਸ਼ਾ 'ਚ ਬੈਠਾ ਹੈ।

"ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ।। "- ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 519
ਸਿਦਕੀ ਤੇ ਸਿਰੜੀ ਯੋਧਾ ਸਿੱਖ ਆਗੂ ਸ਼ਹੀਦ ਸ: ਦਰਸ਼ਨ ਸਿੰਘ ਫੇਰੂਮਾਨ, ਅਰਦਾਸ ਦੀ ਮਹਾਨਤਾ ਨੂੰ ਕਾਇਮ ਰੱਖਣ ਵਾਲਾ, ਆਪਣੇ ਕੀਤੇ ਪ੍ਰਣ ਨੂੰ ਨਿਭਾਉਣ ਵਾਲੇ 20ਵੀਂ ਸਦੀ ਦੇ ਉਨ੍ਹਾਂ ਆਗੂਆਂ ਵਿਚੋਂ ਇਕ ਸਨ। ਜਿਨ੍ਹਾਂ ਜੋ ਕਿਹਾ ਉਹ ਤੋੜ ਨਿਭਾਇਆ | ਕੁਰਬਾਨੀ ਸਦਕਾ ਉਹ ਸਮੁੱਚੇ
ਪੰਜਾਬੀਆਂ ਵਿਚ ਮਾਣਮਤੇ ਹਨ ਤੇ ਬਹੁਤ ਹੀ ਸਤਿਕਾਰੇ ਜਾਂਦੇ ਹਨ| ਜਥੇ ਦੀ ਗ੍ਰਿਫ਼ਤਾਰੀ ਤੋਂ ਪਿੱਛੋਂ ਉਨ੍ਹਾਂ ਨੂੰ 10 ਮਹੀਨੇ ਲਗਾਤਾਰ ਜੇਲ੍ਹ 'ਚ ਵੀ ਰਹਿਣਾ ਪਿਆ ਸੀ |
ਜਦੋਂ ਕੋਈ ਖਾਸ ਅਰਦਾਸ ਕਿਸੇ ਇਕ ਜਾਂ ਵਧੀਕ ਆਦਮੀਆਂ ਵਲੋਂ ਹੋਵੇ, ਤਾਂ ਉਹਨਾਂ ਤੋਂ ਬਿਨਾਂ ਸੰਗਤ ਵਿਚ ਬੈਠੇ ਹੋਰਨਾਂ ਦਾ ਉਠਣਾ ਜ਼ਰੂਰੀ ਨਹੀਂ ਜਿਵੇਂ ਵਿਆਹ ਵੇਲੇ ਆਮ ਹੁੰਦਾ ਹੈ। ਗੱਲ ਤਾਂ ਅਰਜ਼ ਦੀ ਹੈ-

ਅਰਦਾਸ (ਅਰਜ਼ + ਦਾਸ਼ਤ) ਤੋਂ ਬਣਿਆ ਇਕ ਸ਼ਬਦ ਹੈ। ਅਰਜ਼ ਦਾ ਅਰਥ ਹੈ ਬੇਨਤੀ ਤੇ ਦਾਸ਼ਤ ਦਾ ਅਰਥ ਹੈ ਪੇਸ਼ ਕਰਨਾ। ਇਕ ਬੇਨਤੀ ਲੈ ਕੇ ਸਾਹਮਣੇ ਹਾਜ਼ਿਰ ਹੋਣਾ ਤੇ ਮਨ ਚਿੱਤ ਲਾ ਕੇ ਕਰਨੀ। ਅਰਥਾਤ ਬੇਨਤੀ ਦੀ ਪੇਸ਼ਕਸ਼। ਗੁਰਮਤਿ ਵਿਚ ਅਰਦਾਸ ਦੀ ਖ਼ਾਸ ਅਹਿਮੀਅਤ ਮਿਲਦੀ ਹੈ। ਅਰਦਾਸ ਜਗ ਜੀਵ ਵੱਲੋਂ ਕੀਤੀ ਗਈ ਬੇਨਤੀ ਹੁੰਦੀ ਹੈ। ਦੁੱਖ ਹੋਵੇ ਜਾਂ ਸੁੱਖ, ਖੁਸ਼ੀ ਹੋਵੇ ਜਾਂ ਗਮੀ, ਹਰ ਮੌਕੇ 'ਤੇ ਗੁਰੂ ਦਾ ਸਿੱਖ ਗੁਰੂ ਨਾਨਕ ਦੇ ਘਰ ਦੁਆਰ ਤੋਂ ਬਖਸ਼ਿਸ਼ ਲੈਣ ਲਈ ਅਰਦਾਸ ਕਰਦਾ ਹੈ।

ਨਾਨਕ ਕੀ ਅਰਦਾਸਿ ਸੁਣੀਜੈ ।।ਕੇਵਲ ਨਾਮੁ ਰਿਦੇ ਮਹਿ ਦੀਜੈ - ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 389

ੴ ਵਾਹਿਗੁਰੂ ਜੀ ਕੀ ਫ਼ਤਹਿ॥
ਸ੍ਰੀ ਭਗੌਤੀ ਜੀ ਸਹਾਇ॥
ਵਾਰ ਸ੍ਰੀ ਭਗੌਤੀ ਜੀ ਕੀਪਾਤਸ਼ਾਹੀ 10॥
ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ॥
ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ॥
ਅਰਜਨ ਹਰਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ॥
ਸ੍ਰੀ ਹਰਿਕ੍ਰਿਸ਼ਨ ਧਿਆਇਐ ਜਿਸ ਡਿਠੈ ਸਭਿ ਦੁਖ ਜਾਇ॥
ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈਧਾਇ॥
ਸਭ ਥਾਂਈ ਹੋਇ ਸਹਾਇ॥
ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ!
ਸਭ ਥਾਂਈ ਹੋਇ ਸਹਾਇ॥ ........ਬੋਲੋ ਜੀ ਵਾਹਿਗੁਰੂ!

ਪੰਜਾਂ ਪਿਆਰਿਆਂ,ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ ਜਪੀਆਂ, ਤਪੀਆਂ, ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ! ..ਬੋਲੋ ਜੀ ਵਾਹਿਗੁਰੂ!

ਪ੍ਰਾਰਥਨਾ ਇਕ ਅਜਿਹੀ ਪ੍ਰਕ੍ਰਿਆ ਹੈ ਜਿਸ ਨੂੰ ਸੰਸਾਰ ਦੇ ਸਾਰੇ ਧਾਰਮਿਕ ਆਗੂਆਂ ਨੇ ਪ੍ਰਤੱਖ ਜਾਂਅਪ੍ਰਤੱਖ ਰੂਪ ਵਿਚ ਅਨੁਭਵ ਕੀਤਾ ਤੇ ਪ੍ਰਗਟਾਇਆ ਹੈ। ਮਨਮੁੱਖ ਦਾ ਯੁਕਤੀਪੂਰਨ, ਲਾਭਦਾਇਕ ਅਤੇ ਸੁਭਾਵਕ ਕਰਤੱਵ ਹੈ। ਦੇਵਤਿਆ ਅੱਗੇ ਖਾਸ ਮਨੋਰਥਾਂ ਦੀ ਪੂਰਤੀ ਲਈ ਪ੍ਰਾਰਥਨਾ ਕੀਤੀ ਜਾਂਦੀ ਸੀ। ਦੇਵਤਾ ਬੀਮਾਰੀ ਦੂਰ ਕਰਦਾ ਹੈ। ਕੋਈ ਭੂਤ ਪ੍ਰੇਤ ਵਸ ਵਿਚ ਕਰਦਾ ਹੈ ਅਤੇ ਕੋਈ ਮਾਇਆ ਪ੍ਰਾਪਤੀ ਵਿਚ ਸਹਾਇਤਾ ਕਰਦਾ ਹੈ।

ਸੋ ਜਿਸ ਪ੍ਰਕਾਰ ਦੀ ਜਿਸ ਸਮੇਂ ਲੋੜ ਹੁੰਦੀ ਹੈ ਉਸੇ ਅਨੁਸਾਰ ਹੀ ਦੇਵਤੇ ਦੀ ਚੋਣ ਕਰਕੇ ਉਸ ਅੱਗੇ ਪ੍ਰਾਰਥਨਾ ਕੀਤੀ ਜਾਂਦੀ ਸੀ। ਇਹ ਸਭ ਨਿਰਧਾਰਤ ਨੇ।
ਪ੍ਰਾਰਥਨਾ ਪੁਰੋਹਿਤ ਜਾਂ ਪਾਦਰੀ ਹੀ ਕਰਦੇ ਸਨ। ਕੋਈ ਵਿਸ਼ੇਸ਼ ਅਵਸਰ ਹੁੰਦਾ ਸੀ ਤਾਂ ਉਪਰੋਕਤ ਸ਼੍ਰੇਣੀ ਦੇ ਕਿਸੇ ਵਿਅਕਤੀ ਨੂੰ ਨਿਮੰਤ੍ਰਿਤ ਕੀਤਾ ਜਾਂਦਾ ਅਤੇ ਪ੍ਰਾਰਥਨਾ ਕਰਨ ਤੇ ਉਸ ਨੂੰ ਕੁਝ ਭੇਟ ਵੀ ਕੀਤਾ ਜਾਂਦਾ ਅੱਜ ਵੀ ਭਾਈ ਨੂੰ ਸੱਦਿਆ ਜਾਂਦਾ ਹੈ ਪਰ ਅਰਜ਼ ਤੁਹਾਡੀ ਹੁੰਦੀ ਹੈ। ਇਹ ਨਹੀ ਸਮਝ 'ਚ ਆਈ ਗੱਲ ਕਿ ਅਰਜ਼ ਤੁਹਾਡੀ ਤੇ ਕਰੇ ਭਾਈ ਜਾਂ ਪੁਜਾਰੀ?
ਯਹੂਦੀ ਪ੍ਰਾਰਥਨਾ ਨੂੰ ਵਿਅਕਤੀਗਤ ਰੂਪ ਹੀ ਦੇਂਦੇ ਹਨ। ਹਰੇਕ ਵਿਅਕਤੀ ਆਪਣੇ ਲਈ ਆਪ ਹੀ ਪ੍ਰਾਰਥਨਾ ਕਰਦਾ ਹੈ ਪਰ ਪੂਜਾ ਕਰਨ ਲਈ ਉਹ ਬਹੁਤ ਸਾਰੇ ਇਕੱਠੇ ਹੋ ਜਾਂਦੇ ਹਨ।

ਇਸਲਾਮੀ ਰਵਾਇਤਾਂ ਅਨੁਸਾਰ ਨਿਜੀ ਤੇ ਪ੍ਰਾਈਵੇਟ ਪ੍ਰਾਰਥਨਾ ਦਿਨ ਵਿਚ ਪੰਜ ਵਾਰ ਕੀਤੀ ਜਾਂਦੀ ਹੈ। ਕੀ ਹਰ ਵੇਲੇ ਅਰਜ਼ਾਂ ਹੀ ਹੋਣ। ਕਾਰ ਕਦੋਂ ਹੋਵੇ? ਇਹ ਕੀ ਬਿਜਨਸ ਹੋਇਆ ? ਬਲਵੀਰ ਦੇ ਇਸ ਕਹਿਣ ਨੂੰ ਕੁਝ ਸਮਝਿਆ ਨਾ ਜਾਂਦਾ। ਪਰ ਜਨਤਕ ਇਕੱਠ ਵਿਚ ਸਾਰਿਆਂ ਲਈ ਪ੍ਰਾਰਥਨਾ ਕਰਨ ਵਾਸਤੇ ਸ਼ੁਕਰਵਾਰ ਦਾ ਦਿਨ ਨਿਯਤ ਕੀਤਾ ਗਿਆ ਹੈ। ਕੀ ਸ਼ੁਕਰਵਾਰ ਹੀ ਇਹ ਹੋ ਸਕਦੀ ਹੈ ਦਿਨ ਤਾਂ ਸਾਰੇ ਹੀ ਇਕੋ ਜੇਹੇ ਹਨ।

ਵਾਕਿਆ ਹੀ ਓਹਨਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਕੋਈ ਵੀ ਮੁਕਾਬਲਾ ਨਹੀਂ ਹੈ। ਜਿਹਨਾਂ ਨੇ ਦੇਗ ਚਲਾਈ। ਜੋ ਇਕ ਦੂਸਰੇ ਕੋਲ ਸੀ ਤਿਲ ਫੁੱਲ ਸਦਾ ਹੀ ਵੰਡ ਕੇ ਛਕਿਆ। ਇਹ ਹੀ ਗੁਰੂ ਨਾਨਕ ਜੀ ਦੀ ਰੀਤ ਹੈ। ਰਾਹ ਹੈ ਨਨਕਾਣੇ ਦਾ।
ਤੇਗ ਖੰਡਾ ਵਾਹੁਣ 'ਚ ਬਾਬਾ ਦੀਪ ਸਿੰਘ ਦਾ ਤੇ ਬੰਦਾ ਸਿੰਘ ਬਹਾਦਰ ਦਾ ਅਜੇ ਤੱਕ ਕੋਈ ਵੀ ਰੀਕਾਰਡ ਨਹੀਂ ਤੋੜ ਸਕਿਆ। ਕਮਾਲ ਸਨ ਓਹ ਯੋਧੇ। ਉਹ ਇਰਾਦੇ ਵਾਲੇ ਸਨ। ਜੇ ਕਿਤੇ ਅੱਜ ਵੀ ਓਹੀ ਗੈਰਤਾਂ ਇਰਾਦੇ ਜਨਮ ਲੈ ਲੈਣ। ਕੋਈ ਕਿਵੇਂ ਅੜ ਸਕਦਾ ਹੈ ਮੂਹਰੇ!

ਕੁਰਬਾਨ ਹਾਂ ਉਹਨਾਂ ਸਿੰਘਾਂ ਸਿੰਘਣੀਆਂ 'ਤੇ। ਜਿਹਨਾਂ ਨੇ ਸਿੱਖ ਧਰਮ ਹੇਤ ਸੀਸ ਭੇਟ ਕਰ ਦਿੱਤੇ, ਕੌਣ ਕਰ ਸਕਦਾ ਹੈ ਇਹੋ ਜੇਹੇ ਸੂਰਮਿਆਂ ਸਿੰਘਣੀਆਂ ਦਾ ਮੁਕਾਬਲਾ! ਹੋਰ ਦੇਖੋ ਕਿ ਬੰਦ ਬੰਦ ਕਟਵਾਉੁਣ ਦੀ ਰਵੈਤ ਵੀ ਗੁਰੂ ਗੋਬਿੰਦ ਸਿੰਘ ਦੇ ਹੀ ਹੀਰਿਆ ਨੇ ਹੀ ਪਾਈ। ਜੰਮਿਆ ਕੋਈ ਉਸ ਤੋਂ ਬਾਅਦ ਅਜੇਹਾ ਗੁਰੂ ਪਿਆਰਾ?

ਅਸੀਂ ਤਾਂ ਚੀਚੀ ਤੇ ਜਰਾ ਜਿੰਨੀ ਛੁਰੀ ਲੱਗਣ ਤੇ ਹੀ ਹਾਲ ਦੁਹਾਈ ਪਾ ਦਿੰਦੇ ਹਾਂ। ਬੱਚੇ ਨੂੰ ਜਰਾ ਕੁ ਸੱਟ ਲੱਗ ਜਾਵੇ। ਘਰ ਵਾਲੀਆ ਘਰਵਾਲੇ ਦਾ ਬੁਰਾ ਹਾਲ ਕਰ ਦਿੰਦੀਆ ਹਨ ਕਿ ਅਜੇ ਤੱਕ ਐਬੂਲਿੰਸ ਕਿਉ ਨਹੀਂ ਆਈ ? ਤੁਹਾਨੂੰ ਕੋਈ ਫਿਕਰ ਹੀ ਨਹੀਂ ਹੈ। ਲਾਡਲੇ ਦਾ ਦੇਖੋ ਕਿੰਨਾ ਖ਼ੂਨ ਵਗ ਗਿਆ ਹੈ। ਜਾਣੀ ਹੁਣ ਕਦੇ ਉਹ ਖੂਨ ਦੇ ਦੋ ਤੁਪਕੇ ਬਣਨੇ ਹੀ ਨਹੀਂ ਜਿਵੇਂ ਸਾਰੀ ਉਮਰ। ਪਰ ਜੋ ਘਰਵਾਲੇ ਦਾ ਖੂਨ ਸੁਕਾ ਦਿੰਦੀਆ ਹਨ ਉਹ ਯਾਦ ਹੀ ਨਹੀਂ। ਧਨ ਸਨ ਉਹ ਬਲੀਦਾਨੀ ਲੋਕ ਤੇ ਉਹਨਾਂ ਦੀਆਂ ਕਿਰਤ ਕਮਾਈਆਂ!

ਖੋਪਰੀਆਂ ਲੁਹਾਉਣ ਦੇ ਚਾਅ ਵੀ ਗੋਬਿੰਦ ਨੇ ਹੀ ਸਿਖਾਏ ਤੇ ਚਰਖੜੀਆਂ ਤੇ ਚੜ੍ਹ ਚੜ੍ਹ ਗੀਤ ਗਾਉੁਣੇ ਵੀ ਓਹਨੇ ਹੀ ਦੱਸੇ ਸਨ। ਇਹ ਹਰੇਕ ਨੇ ਨਹੀ ਕਰ ਸਕਣਾ। ਨਾ ਹੀ ਅਜੇ ਤੀਕ ਅਜੇਹੀ ਕਿਸੇ ਨੇ ਲੀਕ ਪਾਈ ਹੈ। ਧਨ ਨੇ ਅਜੇਹੇ ਸੂਰੇ।
ਇਹ ਅਟੁੱਟ ਨੇ ਅਰਦਾਸ ਦੇ ਅੰਗ। ਸਤਰਾਂ ਅਰਜ਼ ਦੀਆਂ। ਕਦੇ ਮਨ ਚਿੱਤ 'ਚ ਉਤਾਰ ਕੇ ਦੇਖਣਾ। ਸਾਨੂੰ ਤਾਂ ਕਾਹਲ ਹੁੰਦੀ ਹੈ ਪਰਸ਼ਾਦ ਲੰਗਰ ਦੀ ਅਸੀਂ ਕੀ ਅਰਦਾਸ ਦਾ ਕਰਿਸ਼ਮਾਂ ਸੁਣਨਾ ਹੈ। ਅਸੀਂ ਤਾਂ ਅਜੇ ਇਹ ਸੁਣਨ ਜੋਗੇ ਵੀ ਨਹੀਂ ਹੋਏ।

ਆਰਿਆਂ ਨਾਲ ਤਨ ਚਿਰਾਓਣੇ ਬੱਚਿਆ ਦੇ ਟੋਟੇ ਟੋਟੇ ਕਰਵਾ ਕੇ ਆਪਣੀਆ ਹੀ ਝੋਲੀਆ 'ਚ ਪਵਾਉੁਣੇ ਤਾਂ ਇਹਨਾਂ ਹੀ ਗੁਰੂ ਗੋਬਿੰਦ ਨਾਨਕ ਦੇ ਪਿਆਰਿਆ ਤੋਂ ਹੀ ਕੋਈ ਸਿੱਖ ਸਕਦਾ ਹੈ। ਦੇਖਣਾ ਤਾਂ ਕੀ ਇਹੋ ਜੇਹਾ ਦਰਿਸ਼ ਸਗੋਂ ਸੁਣ ਸੁਣ ਕੇ ਹੀ ਗਸ਼ ਪੈਣ ਨੂੰ ਕਰਦੇ ਨੇ।
ਤੇ ਅੱਜ ਅਸੀਂ ਅਰਦਾਸਾਂ ਤਾਂ ਨਿੱਤ ਕਰਦੇ ਹਾਂ ਪਰ ਸਿਰਫ ਪਰਧਾਨਗੀਆ ਚੌਧਰਾਂ ਲਈ ਤੇ ਸਿਰਫ ਆਪਣੇ ਹੀ ਬੱਚਿਆ ਦੀ ਸੁੱਖਸਾਂਦ ਦੀਆਂ -ਕਮਾਲ ਹੈ !
ਅਰਦਾਸ ਤਾਂ ਸਾਰਿਆ ਲਈ ਜ਼ਰੂਰੀ ਹੈ ...ਜੇ ਅਰਦਾਸ ਹੈ ਤਾਂ ਆਪਣੀ ਆਪਣੀ ਹੀ ਕਿਉੁ ?
" ਪੰਨਾ 1420, ਸਤਰ 11 ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥
ਅਰਦਾਸ ਨਾਲ ਸਿੱਖ ਦੇ ਮਨ ਵਿੱਚ ਨਿਮਰਤਾ ਆਵੇ। ਹਊਮੈਂ ਦਾ ਪਰਦਾ ਦੂਰ ਹੋਵੇ।

ਪਰ ਅੱਜ ਕੱਲ੍ਹ ਤਾਂ ਨਿਮਰਤਾ ਨਾਲੋ ਕੁੜੱਤਣ ਨਫ਼ਰਤ ਵਧ ਰਹੀ ਹੈ। ਕੀ ਇਹ ਸਿਖਾ ਰਹੀ ਹੈ ਅਰਦਾਸ ਸਾਨੂੰ ਜਾਂ ਮੇਰੀ ਨਜ਼ਰ ਗਲਤ ਹੋਵੇਗੀ ਦੇਖਣ ਪਰਖਣ 'ਚ? ਜੀਵ ਨੂੰ ਆਪਣੀਆਂ ਸਾਰੀਆਂ ਸਿਆਣਪਾਂ ਛੱਡ ਕੇ, ਤਨ-ਮਨ ਨਾਨਕ ਦਰ 'ਤੇ ਅਰਪਣ ਕਰ ਕੇ, ਨਾਮ ਮੱਦਦ ਲਈ ਤੇ ਸ਼ਾਂਤੀ ਦੀ ਦਾਤ ਮੰਗਣੀ ਚਾਹੀਦੀ ਹੈ।
"ਇਹ ਅਰਦਾਸਿ ਹਮਾਰੀ ਸੁਆਮੀ ਵਿਸਰੁ ਨਾਹੀ ਸੁਖਦਾਤੇ ।।" ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 747
ਅਰਦਾਸ ਮਨ ਸਿਮਰਣ 'ਚ ਹੋਵੇ ਇਕ ਪਿਆਰ 'ਚ ਅਰਜੋਈ। ਨਿਮਾਣੇ ਵਾਂਗ ਓਟ ਆਸਰੇ ਲਈ ਤਰਲਾ ਮੰਜ਼ਿਲ ਲਈ ਸਿਕ ..ਪਿਆਰੇ ਨਾਲ ਮਿਲਣ!
ਅਰਜ਼ ਵੀ ਤਾਂ ਇਕ ਮਿਲਣ ਹੈ ਮੁਲਾਕਾਤ ਵਰਗਾ। ਕਿਸੇ ਅੱਗੇ ਤਰਲਾ ਅਰਜੋਈ। ਜਿਵੇਂ ਕੋਈ ਸਾਹ ਰੋਕਦਾ ਹੈ ਪਲ ਭਰ ਲਈ। ਅਰਜ਼ੀ ਦੇਣ ਵਾਂਗ। ਬਲਵੀਰ ਨੂੰ ਅਜਿਹਾ ਹੀ ਕੁਝ ਲੱਗਦਾ ਤੇ ਉਹ ਦਲੀਲਾਂ ਦਿੰਦਾ ਰਹਿੰਦਾ।

16. ਸਾਰੀ ਰਾਤ ਵੀ ਨਾ ਵਿਰਿਆ ਨਿਮਾਣਾ
ਚੰਨ ਸਿਤਾਰੇ ਪਿਆਸੇ ਹੀ ਸੌਂ ਗਏ

ਬਲਵੀਰ ਕਹਿੰਦਾ-ਬਿਜਲੀ ਕੜਕੀ ਲਿਸ਼ਕੀ। ਦਿਲ ਦੀਆ ਦਰਦਾਂ ਨਾਲੋਂ ਘੱਟ ਸੀ ਓਹਦੇ 'ਚ ਚੀਸਾਂ।

ਐਵੇਂ ਉੁੱਚੀ ਰੋ ਰੋ ਰੌਲਾ ਪਾਣ ਨਾਲ ਪੱਤਿਆ ਨੂੰ ਅਰਾਮ ਨਹੀਂ ਮਿਲਦਾ।
ਫੁੱਲਾਂ ਨੂੰ ਰੰਗਾਂ ਦੀਆ ਦੌਲਤਾਂ ਨਹੀਂ ਮਿਲਦੀਆ ।
ਰੋਂਦੇ ਦਰਿਆ ਜੇ ਚੁੱਪ ਕਰਾਉੁਣੇ ਤਾਂ ਕੱਚਿਆ 'ਤੇ ਤਰ ਕੇ ਆਵੀਂ।
ਉਦਾਸ ਘਰਾਂ ਦੇ ਜੇ ਦੁੱਖ ਸੁਣਨੇ ਹੋਏ ਤਾਂ ਬੈਗ ਵਿਚ ਅੱਥਰੂ ਵੀ ਲਿਆਵੀਂ ਬਹੁਤ ਸਾਰੇ।
ਰੱਜ ਕੇ ਰੋਣ ਜੋਗਾ ਵੀ ਹੋ ਕੇ ਆਵੀਂ।
ਟੁਰਨ ਲੱਗਾ ਖੋਲ੍ਹਕੇ ਦੇਖ ਲਈ ਸਵੇਰ ਵਾਲਾ ਸੂਰਜ ਵੀ ਹੈ।
ਦੁਪਿਹਰ ਵੇਲੇ ਤਾਂ ਹੰਝੂਆ 'ਚ ਡੁੱਬ ਮਰ ਜਾਣਾ ਇਹਨੇ
ਬਾਰੀਆਂ ਢੋਹ ਕੇ ਜਾਵੀਂ ਸ਼ਹਿਰ ਦੀਂਆ।
ਧਰਤ ਕੋਲੋਂ ਬੰਦ ਨਹੀਂ ਹੋਣੀਆ ਬਾਦ 'ਚ।

ਪਾਣੀ ਪਾ ਕੇ ਜਾਵੀਂ ਪੌਦਿਆਂ ਪਰਿੰਦਿਆ ਨੂੰ
ਨਹੀ ਤਾਂ ਪਿਆਸੇ ਮਰ ਜਾਣਗੇ ਸੁਪਨਿਆ 'ਚ।

ਜੋ ਖਾਬਾਂ 'ਚ ਤਿਰਹਾਇਆ ਮਰ ਜਾਵੇ ਪੱਥਰ ਬਣਦਾ ਹੈ। ਉੁਸ ਕੋਲੋਂ ਚੰਨ ਨਹੀਂ ਬਣਿਆ ਜਾਂਦਾ। ਨਾ ਹੀ ਕਿਸੇ ਦੀ ਅੱਖ ਦਾ ਸੁਫਨਾ। ਹਿੱਕਾਂ 'ਚ ਡੁੱਬੇ ਸ਼ਬਦਾਂ ਨੂੰ ਨਹੀਂ ਜਗਾਈਦਾ। ਜਿਸਮਾਂ 'ਚ ਬਲਦੀ ਅੱਗ ਨੂੰ ਨਹੀਂ ਬੁਝਾਈਦਾ ਹੁੰਦਾ। ਵਿਯੋਗ 'ਚ ਬੈਠੇ ਹੰਝੂਆ ਨੂੰ ਨਹੀਂ ਵਿਰਾਈਦਾ ਕਦੇ। ਨਹਾਕੇ ਜ਼ੁਲਫਾਂ ਨੂੰ ਛੱਤ ਤੇ ਨਹੀਂ ਚੜ੍ਹ ਸੁਕਾਈਦਾ ਹੁੰਦਾ। ਇਸ਼ਕ ਦਾ ਚੜਿਆ ਤਾਪ ਨਹੀਂ ਕਿਤੇ ਵਿਖਾਈਦਾ ਕਦੇ ਵੀ।

ਚੰਨ ਦੀ ਲੱਗੇ ਭੁੱਖ ਤਾਂ ਰੌਲਾ ਪਾਈਦਾ ਸਦਾ। ਚੀਸ ਹੋਵੇ ਹਿੱਕੀਂ ਤਾਂ ਕਿਤੇ ਜਾ ਪੜਾਈਦਾ। ਜਾਗੇ ਅੰਗੀਂ ਗੀਤ ਤਾਂ ਉੁੱਚੇ ਚੜ੍ਹ ਚੜ੍ਹ ਉੱਚਾ ਗਾਈਦਾ ਹੈ। ਆਵੇ ਜੇ ਕੋਈ ਆਪਣਾ ਤਾਂ ਦਿਲ ਖੋਲ ਕੇ ਸਦਾ ਵਿਛਾਈ ਦਾ ।

ਇਕ ਸ਼ਾਮ ਗੱਲ ਟੁਰ ਪਈ ਚੇਤਨਤਾ ਅਵਚੇਤਨਤਾ ਤੇ ਬ੍ਰਹਿਮੰਡਤਾ ਬਾਰੇ। ਮਨ ਚੇਤਨ ਅਵਸਥਾ ਅਸੀਮ, ਵਸੀਹ, ਜਿਸਦਾ ਕੋਈ ਪਾਰਾਵਾਰ ਨਾ ਹੋਵੇ ਅਜੇਹੀ ਜੋ ਆਪਣੇ ਆਪ ਵਿਚ ਪੂਰਨ ਹੈ। ਦੂਜੇ ਦੀ ਟੇਕ ਤੋਂ ਪੂਰੀ ਤਰ੍ਹਾਂ ਮੁਕਤ। ਬ੍ਰਹਿਮੰਡ 'ਚ ਫੈਲਣਦਾਰ ਰੂਪ ਹੋਣਾ ਹੈ ਰਹੱਸਾਂ ਦਾ ਅਥਾਹ ਖਜ਼ਾਨਾ ਬਣਨਾ ਹੁੰਦਾ ਹੈ।

ਸਮਾਜਿਕ ਤੇ ਸਮੂਹਕ ਅਵਚੇਤਨ ਤਲ ਤੇ ਪਏ ਅਰਥਾਂ ਨੂੰ ਸਮਝਣਾ ਜਰੂਰੀ ਹੁੰਦਾ ਹੈ। ਕਠੋਰਤਾ, ਸਿਰਫ਼ ਨਾਰੀਅਲ ਵਾਂਗ ਹੀ ਹੈ। ਅੰਦਰ ਜਲ ਹੈ ਅੰਮ੍ਰਿਤ ਵਰਗਾ। ਸਮਾਜ ਸੁਧਾਰਕ ਜਾਂ ਸਿਆਸੀ ਆਲੋਚਕ ਬਾਗੀ ਨਹੀਂ ਹਨ। ਇਹ ਸਭ ਜਾਨਣ ਵਾਲੇ ਹਨ। ਸੰਤ ਵੀ ਹੋ ਸਕਦੇ ਹਨ ਫੱਕਰ ਵੀ। ਨਾਨਕ ਸੰਤ ਫੱਕਰ ਹੈ। ਉਹ ਬਾਗੀ ਨਹੀ ਸੱਚ ਕਹਿਣ ਤੋਂ ਚੁੱਪ ਵੀ ਨਹੀ ਹੈ। ਚੇਤਨਾ ਦੇ ਉਸ ਮੁਕਾਮ ਤੱਕ ਆਪਣੇ ਆਪ ਨੂੰ ਲੈ ਜਾਣਾ ਜਿੱਥੇ ਸੱਚ ਵਸਦਾ ਹੈ ਤਾਂ ਮਿਲਣ ਹੋ ਜਾਵੇਗਾ।

ਪਿਆਰ ਜੇ ਸੱਚਾ ਹੈ ਤਾਂ ਹੋ ਜਾਵੇਗਾ। ਹੋ ਕੇ ਹੀ ਰਹੇਗਾ। ਕਿਉਂਕਿ ਸੱਚਾ ਹੈ ਕੋਮਲ ਹੈ। ਮਗਰ ਕੱਚਾ ਪਿਆਰ ਤਾਂ ਅਧੂਰਾ ਰਹਿ ਮਰ ਜਾਵੇਗਾ। ਪਿਆਰ ਤਾਂ ਅਜੇ ਹੋਇਆ ਹੀ ਨਹੀ ਅਵਚੇਤਨ ਮਨ ਕੀ ਕਰੇਗਾ ਮੁਹੱਬਤ। ਪਿਆਰ ਵੀ ਕਰੋ ਮਗਰ ਮਨ ਚੇਤਨ ਹੋਵੇ। ਅਵਚੇਤਨ ਮਨ ਕੀ ਕਰਨਗੇ ਪਿਆਰ। ਪਿਆਰ ਤਾਂ ਹੋ ਹੀ ਜਾਣਾ ਚਾਹੀਦਾ ਸੀ ਜੇ ਉਹ ਸੱਚਾ ਸੀ। ਤਾਂ ਜੇ ਰੂਹਾਂ ਇਕਮਿਕ ਹੋ ਗਈਆਂ ਸਨ। ਬਹੁਤ ਹੁੰਦੇ ਨੇ ਸੱਚੇ ਪਿਆਰ ਜੋ ਵਿਆਹ 'ਚ ਤਬਦੀਲ ਹੋਏ ਹਨ। ਬਾਂਹ ਫੜੀ ਹੈ ਤਾਂ ਛੱਡਣ ਲਈ ਨਾ ਫੜੋ।

ਕਬੀਰ ਮਨ ਚੇਤਨ ਹੈ। ਉੁਸ ਦਾ ਅਕਸ ਬੁਰੀ ਤਰ੍ਹਾਂ ਵੰਡੇ ਹੋਏ ਸਮੂਹਿਕ ਅਵਚੇਤਨਤਾ ਦੇ ਦਰਪਣ ਉਤੇ ਬਣਦਾ ਹੈ। ਚੇਤਨਾ ਅਖੰਡਤਾ ਦਾ ਸੰਵਾਦ ਜਗਾ ਕੇ ਟੋਟਿਆਂ 'ਚ ਵੰਡੀ ਹੋਈ ਜ਼ਿੰਦਗੀ ਤੋਂ ਮੁਕਤ ਹੋਣ ਦਾ ਰਾਹ ਵਿਖਾਉਂਦੀ ਹੈ ਤੇ ਲਹੂ-ਲੁਹਾਨ ਹੋਈ ਮਨੋ-ਊਰਜਾ ਨੂੰ ਧਰਵਾਸ ਵੀ ਵੰਡਦੀ ਹੈ।

ਸਮਾਜਕ, ਰਾਜਨੀਤਿਕ ਤੇ ਆਰਥਕ ਚੇਤਨਾ ਲੋਕਮਨ ਦੀ ਜਾਗ੍ਰਿਤ ਅਵਸਥਾ ਨਾਲੋਂ ਉੱਚਾ ਪੜਾਅ ਹੈ। ਇਹੋ ਚੇਤਨਾ ਕੁਝ ਸਮਾਜਕ, ਰਾਜਨੀਤਿਕ ਤੇ ਆਰਥਕ ਪ੍ਰਸਥਿਤੀਆਂ ਨੂੰ ਪੂਰਵ-ਨਿਸ਼ਚਿਤ ਕਰਦੀ ਹੈ।

ਜਿਹੜੇ ਲੋਕ ਚੇਤਨ ਹੋਣਗੇ ਓਹੀ ਚਮਕਦੇ ਹਨ। ਤੇ ਸੋਹਣੇ ਚੰਨ ਤਾਰੇ ਲੱਗਦੇ ਹਨ। ਉਹ ਸ਼ਾਂਤ ਹਨ ਅਸ਼ਾਂਤ ਨਹੀ ਹੁੰਦੇ। ਸਦੀਵੀ ਟਿਕਾ ਤੇ ਅਨੰਦ ਤਾਂ ਚੇਤਨਤਾ 'ਚ ਹੀ ਵਸਦਾ ਤੇ ਵਹਿੰਦਾ ਹੈ।

ਦੁਨੀਆਂ ਵਿਚ ਚੇਤਨਾ ਅਤੇ ਬਦਲਵੀਂ ਜੀਵਨ ਜਾਚ ਤੇ ਅਧਾਰਤ ਲਹਿਰਾਂ ਚਲਣਗੀਆਂ। ਇਨ੍ਹਾਂ ਦੀ ਸਿਧਾਂਤਕ ਬੁਨਿਆਦ ਜੀਵਨ, ਕਾਇਨਾਤ ਅਤੇ ਸਮਾਜ ਬਾਰੇ ਇਕ ਨਵੀਂ ਤਰਾਂ ਦੀ ਚੇਤਨਤਾ ਦਾ ਅਗਾਜ਼ ਹੋਵੇਗਾ। ਦਿਲਚਸਪ ਗੱਲ ਇਹ ਹੈ ਕਿ ਇਸ ਸਾਂਝੀ ਸੋਚ ਚੇਤਨਾ ਤੇ ਹੀ ਜਾ ਕੇ ਠਹਿਰੇਗੀ। ਚੇਤਨਾ ਆਪਣੇ ਆਪ ਅਲੱਗ ਅਲੱਗ ਥਾਵਾਂ ਤੇ ਪ੍ਰਗਟ ਹੋਣ ਲੱਗੀ ਹੈ।

ਅਸੀਂ ਆਪਣੇ ਆਮ ਜੀਵਨ ਵਿਚੋਂ ਹੀ ਇਹ ਦਿਲਚਸਪ ਵਰਤਾਰਾ ਸਮਝ ਸਕਦੇ ਹਾਂ ਕਿ ਅਚਾਨਕ ਹੀ ਸਾਨੂੰ ਕੋਈ ਅਜੇਹਾ ਮਿਲਦਾ ਹੈ ਜਿਸ ਬਾਰੇ ਸਾਨੂੰ ਇਹ ਪਤਾ ਲਗਦਾ ਹੈ ਕਿ ਉਸ ਦਾ ਚੇਤੰਨ ਮਨ ਧਿਆਨ ਅਤੇ ਵਿਗਿਆਨਕ ਪ੍ਰਸ਼ਨਾਂ ਵਿਚ ਦਿਲਚਸਪੀ ਹੋ ਗਈ ਹੈ। ਕੋਈ ਜਾਗਿਆ ਪਲ ਮਿਲਿਆ ਹੈ ਕਿਸੇ ਗਿਆਨ 'ਚ ਡੁੱਬਕੀ ਲੱਗੀ ਹੈ। ਬਸ ਉੁਸ 'ਚ ਚਾਅ ਨਾਲ ਤੈਰਨਾ ਸਿੱਖੋ। ਆਪਣੇ ਆਪ ਨੂੰ ਉਸ 'ਚ ਡੁਬੋ ਲਓ। ਤੁਹਾਡਾ ਜੀਅ ਨਹੀਂ ਲੱਗਣਾ ਚਾਹੀਦਾ ਉਸ ਬਗੈਰ। ਗੱਲ ਕੀ ਇਕ ਮਿਲਣ ਹੋ ਗਿਆ। ਚੇਤਨ ਮੁਲਾਕਾਤ ਕਰਾਮਾਤ ਹੋ ਗਈ ਸਮਝੋ।

ਧਾਰਮਿਕ ਦੀਵਾਨਾਂ ਵਿਚ ਸਮਾਜ ਦੇ ਚੇਤਨ ਮਨ ਹੁਣ ਕਦੇ ਵੀ ਨਜ਼ਰ ਨਹੀ ਆਉਣ ਲੱਗੇ। ਸਭ ਰੋਗੀ ਹੀ ਦਿਸਣਗੇ ਓਥੇ। ਚੇਤਨਾ ਦਾ ਇਹ ਮੋੜ ਕਿਸੇ ਬਾਹਰੀ ਵਿਚਾਰਧਾਰਕ ਪ੍ਰਭਾਵ ਕਾਰਣ ਨਹੀਂ, ਬਲਕਿ ਅੰਦਰੋ ਹੀ ਪੈਦਾ ਹੋ ਰਹੀ ਨਵੀਂ ਤਰਾਂ ਦੀ ਜਾਗ ਅਤੇ ਜੀਵਨ ਤਰੰਗਾਂ ਦਾ ਸਿੱਟਾ ਬਣਕੇ ਜਨਮ ਲਏਗਾ। ਜਿਹੜੇ ਵੀ ਇਸ ਪਾਸੇ ਤੋਂ ਮੁੜੇ ਨਜ਼ਰ ਆ ਰਹੇ ਹਨ, ਉਹ ਆਪਣੇ ਜੀਵਨ ਅਨੁਭਵ ਵਿਚੋਂ ਹੀ ਇਸ ਪਾਸੇ ਤੋਂ ਕਿਨਾਰਾ ਕਰ ਰਹੇ ਹਨ। ਉੁਹ ਨਾਨਕ ਨੂੰ ਤਾਂ ਸੁਣ ਲੈਣਗੇ। ਪਰ ਪਾਖੰਡੀਆਂ ਦੇ ਰਾਹਾਂ ਨੂੰ ਰੋਕ ਲਾਉੁਣਗੇ। ਹੁਣ ਤਾਂ ਲੀਲਾ ਰਾਗ 'ਚ ਹੋਵੇਗੀ। ਵਣ ਤਾਰਿਆਂ ਦਾ ਸੁਮੇਲ ਹੋਵੇਗਾ ਸੂਰਜ ਮੰਡਲ ਦੀਆ ਤਾਰਾਂ 'ਚ ਤਰੰਗਾਂ ਛਿੜਣਗੀਆ। ਮਨ ਮਸਤ ਹੋ ਕੇ ਕਿਸੇ ਦੇ ਇਸ਼ਕ 'ਚ ਮਿਲੇਗਾ।

ਸੰਵੇਦਨਸ਼ੀਲ ਦ੍ਰਿਸ਼ਟੀ ਨਾਲ ਦੇਖਣ ਲੱਗੀਏ ਤਾਂ ਸਾਨੂੰ ਆਪਣੇ ਆਲੇ ਦੁਆਲੇ ਚੇਤਨਤਾ ਦੀ ਹੋਂਦ ਉੁੱਗਦੀ ਦਿਸੇਗੀ। ਲੋਕ ਜਾਗਣ ਲੱਗੇ ਹਨ। ਜਾਗਣਾ ਵੀ ਪੈਣਾ ਸੀ ਕਿੰਨਾ ਕੁ ਚਿਰ ਅੱਖਾਂ ਮੀਟ ਮੀਟ ਇਹ ਜ਼ਿੰਦਗੀ ਬਤੀਤ ਕਰਦੇ ਰਹੋਗੇ। ਇੰਜ ਗੀਤ ਦੀ ਤਰਜ਼ ਨਹੀਂ ਸੀ ਮਿਲਣੀ । ਪਿਆਰੇ ਦੇ ਦੀਦਾਰ ਨਹੀਂ ਸੀ ਹੋਣੇ। ਬੇਕਾਰ ਹੋ ਜਾਣੀ ਸੀ ਸਾਰੀ ਵਾਟ।

ਔਰਤ ਚੇਤਨ ਹੈ ਸੰਸਕਾਰ ਵੰਡਦੀ ਹੈ। ਓਹੀ ਨਿੱਤ ਨਵੀਂਆਂ ਹਵਾਵਾਂ ਨੂੰ ਮਿਲਦੇ ਹਨ। ਔਰਤ ਦੇ ਉੱਕਰੇ ਗਏ ਸੰਸਕਾਰ, ਵਿਚਾਰ ਤੇ ਹੋਰ ਕਲਾਵਾਂ ਸਮੇਂ ਦੇ ਸਫ਼ੈਦ ਪੰਨਿਆਂ 'ਤੇ ਸਦਾ ਉੱਕਰੀਆਂ ਜਾਂਦੀਆਂ ਹਨ। ਫਿਰ ਸਮਾਂ ਓਹੀ ਵਿਚਾਰ ਅਤੇ ਕਲਾਵਾਂ ਨੂੰ ਜੇਬਾਂ 'ਚ ਪਾ ਕੇ ਰੱਖਦਾ ਹੈ। ਤੇ ਰਾਹਾਂ ਦੀਆਂ ਪੈੜਾਂ ਤੇ ਸਦਾ ਲਿਖਦਾ ਰਹਿੰਦਾ ਹੈ।

ਔਰਤ ਚੰਨ ਵਰਗੀ ਲੋਅ ਹੈ। ਰੌਸ਼ਨੀ ਹੈ ਨਵੇਂ ਦਿੰਹੁ ਵਰਗੀ ਚੇਤਨ ਚਾਨਣੀ ਹੈ। ਔਰਤ 'ਚ ਅਰਸ਼ਾਂ ਜੇਡਾ ਜ਼ੇਰਾ ਹੈ। ਚਾਨਣ ਹੈ ਤੇ ਨੀਲੇ ਪਾਣੀਆਂ ਵਰਗੀ ਨਰਮ ਤੇ ਸੋਹਣੀ ਮਟਕੀਲੀ ਟੋਰ ਵੀ। ਓਹਨੇ ਸਾਰੀ ਲੋਕਾਈ ਆਪਣੇ ਬਸ ਕਰਨੀ ਸੀ ਕਰ ਲਈ ਹੈ। ਦੁਨੀਆ ਹਿਲਾ ਕੇ ਰੱਖ ਦਿੰਦਾ ਹੈ ਉੁਸ ਦਾ ਇਕ ਨਖ਼ਰਾ। ਇਹ ਉੁਸ ਦੀ ਸੁਹੱਪਣਤਾ 'ਚ ਲਿਖਿਆ ਗਿਆ ਹੈ। ਅੰਗਾਂ ਦੀਆਂ ਅੰਗੜਾਈਆ 'ਚ ਵਿਛਿਆ ਪਿਆ ਹੈ ਓਹਦੇ। ਕੋਈ ਵੀ ਸੂਰਾ ਦਸੋ ਜੋ ਓਹਦੇ ਇਸ਼ਕ 'ਚ ਡੁੱਬ ਕੇ ਨਾ ਮਰਿਆ ਹੋਵੇ। ਮੂਰਸ਼ਤ ਕਰ ਦਿੰਦਾ ਹੈ ਓਹਦਾ ਪਿਆਰ ਤੇ ਪਹਿਰਾਵਾ। ਕਿਤੇ ਵੀ ਸੋਹਣੀ ਔਰਤ ਦਿਸੇ ਨਜ਼ਰਾਂ ਪਲਾਂ 'ਚ ਮੁੜ ਜਾਂਦੀਆ ਹਨ ਸੁਘੜ ਸਿਆਣਿਆ ਦੀਆਂ ਵੀ। ਜੇ ਅਜਿਹਾ ਨਹੀਂ ਹੁੰਦਾ ਤਾਂ ਉੁਸਦਾ ਸੋਹਣੀ ਔਰਤ ਹੋਣਾ ਬੇਕਾਰ ਹੈ। ਸੁੰਦਰਤਾ 'ਚ ਵੀ ਚੇਤਨਤਾ ਹੀ ਬੋਲਦੀ ਹੈ। ਕਦੇ ਕਰੂਪ ਚਿਹਰੇ ਵੀ ਬੋਲੇ ਨੇ?

ਜਿਸ ਤਰਾਂ ਰੁੱਖ ਉੁਪਰ ਵਧਣ ਲਈ ਹੇਠਾਂ ਵਲ ਜੜਾਂ ਫੈਲਾਏਗਾ। ਬੁੱਧੀਵਧਤਾ ਲਈ ਵੇਦਾਂ ਨਵੀਆਂ ਖੋਜਾਂ ਦਾ ਗਿਆਨ 'ਕੱਠਾ ਕੀਤਾ ਜਾਣਾ ਚਾਹੀਦਾ ਹੈ। ਜਾਗਣ ਲਈ ਚੇਤਨ ਮਨ ਲਈ ਬਹੁਤ ਗਿਆਨ ਸਮੱਗਰੀ 'ਕੱਠੀ ਕਰਨੀ ਪਵੇਗੀ। ਨੀਂਦ 'ਚ ਕੀ ਕਰੋਗੇ। ਸੁਫਨੇ ਜੋ ਕਦੇ ਸਾਥ ਨਹੀਂ ਬਣਦੇ ਭੁਰ ਜਾਂਦੇ ਹਨ ਪਲਾਂ 'ਚ ਹੀ।

ਤੈਰਨਾ ਸਿੱਖਣ ਲਈ ਪਾਣੀ 'ਚ ਉੁਤਰਨਾ ਹੀ ਪਵੇਗਾ। ਬਾਹਰ ਬੈਠੇ ਕਿੰਜ਼ ਆਵੇਗਾ ਤਰਨਾ। ਬਹੁਤੇ ਲੋਕ ਸੁੱਤੇ ਸੁੱਤੇ ਹੀ ਨੌਕਰੀ ਵਿਉੁਪਾਰ ਤੇ ਜਾ ਆਉੁਂਦੇ ਹਨ। ਜਾਗਦੇ ਹੀ ਨਹੀਂ । ਅੱਖਾਂ ਮੀਟੀਆਂ ਹੀ ਲਈ ਫਿਰਦੇ ਹਨ ਬਹੁਤੇ ਮਹਾਂਰਥੀ।

ਤੁਸੀਂ ਹੈਰਾਨ ਹੋਵੇਗੇ ਇਹ ਸਭ ਜਾਣਕੇ ਕਿ ਅਸੀਂ ਤਾਂ ਉੁਹਨਾਂ ਦੀਆਂ ਖੁੱਲੀਆਂ ਅੱਖਾਂ ਦੇਖਦੇ ਹਾਂ। ਜੇ ਨਾ ਖੁੱਲੀਆਂ ਹੋਣ ਤਾਂ ਉਹ ਦੁਕਾਨ ਦਫਤਰ ਜਾ ਕਿੰਜ ਸਕਦੇ ਨੇ। ਇਹ ਸਾਰੀ ਸਚਾਈ ਹੈ ਜਾਣਕੇ ਯਕੀਨ ਵੀ ਕਰ ਲਓਗੇ। ਉੁਹ ਕੋਹਲੂ ਦੇ ਬੈਲ ਵਾਂਗ ਹਨ ਜਿਹਦੇ ਖੋਪੇ ਲਾਏ ਹੋਏ ਨੇ ਤੇ ਸਫਰ ਹੀ ਸਫਰ ਹੈ ਉਸ ਲਈ ਲਿਖਿਆ।
ਚੇਤਨ ਮਨ ਇਹ ਅਵਸਥਾ ਕਦੇ ਵੀ ਕਬੂਲ ਨਹੀਂ ਕਰੇਗਾ। ਰਾਹ ਪੁੱਛੇਗਾ ਉਹ ਵੀ ਸ਼ੌਰਟ ਕੱਟ ਜਾਂ ਸੁਖਾਵਾਂ।

ਬੱਸਾਂ ਕਾਰਾਂ ਗੱਡੀਆ 'ਚ ਸਾਰੇ ਹੀ ਊਂਂਘ ਰਹੇ ਹੁੰਦੇ ਹਨ। ਕੋਈ ਵੀ ਜਾਗ ਕੇ ਰਾਜ਼ੀ ਨਹੀਂ ਹੈ। ਏਹੀ ਤਾਂ ਅਵਚੇਤਨਤਾ ਦਾ ਰਾਗ ਹੈ। ਕਹਾਣੀ ਹੈ ਨੀਂਦ ਦੀ। ਜੇ ਸਾਰੇ ਜਾਗ ਕੇ ਭਾਵ ਚੇਤਨ ਮਨ ਪਹਿਨਕੇ ਚੱਲਣ ਤਾਂ ਮੰਜ਼ਿਲ ਨਾ ਮਿਲ ਜਾਏ! ਜੀਵਨ ਮਨੋਰਥ ਨਾ ਸੰਪੂਰਣ ਹੋ ਜਾਣ। ਅਸੀਂ ਖਬਰੇ ਕਦ ਜਾਗਾਂਗੇ ਇੰਜ਼ ਹੀ ਏਡੀ ਸੋਹਣੀ ਜ਼ਿੰਦਗੀ ਬਿਨ ਆਨੰਦ ਲਏ ਰੁਖਸਤ ਹੋ ਜਾਂਦੇ ਹਾਂ ਇਸ ਹੁਸੀਨ ਦੁਨੀਆਂ ਤੋਂ।
ਮੰਦਿਰ ਮਸਜਿਦ ਗੁਰਦੁਵਾਰੇ ਵੀ ਲੋਕ ਬਹੁਤੇ ਸੁੱਤੇ ਹੀ ਜਾਂਦੇ ਹਨ। ਜੇ ਜਾਗਦੇ ਹੋਣ ਤਾਂ ਹੁਣ ਤੱਕ ਨਾਨਕ ਦਾ ਰਾਹ ਨਾ ਪਾ ਲਿਆ ਹੁੰਦਾ। ਰਾਮ ਅੱਲਾ ਲੱਭ ਲੈਣਾ ਸੀ ਸ਼ਾਇਦ ਲੋਕਾਂ ਨੇ। ਚੇਤਨ ਮਨ ਹੀ ਰਾਹ ਲੱਭਦੇ ਨੇ। ਅਵਚੇਤਨ ਮਨ ਭਟਕਣ 'ਚ ਹੀ ਵਿਚਰਦੇ ਰਹਿੰਦੇ ਨੇ ਸਾਰੀ ਸਾਰੀ ਉਮਰ। ਨੀਂਦ 'ਚ ਕਦ ਉੁਦਾਸ ਮਨ ਮੋਤੀਆਂ ਦਾ ਚੋਗਾ ਢੂੰਡੇਗਾ।
ਸੋ ਸੌ ਸੌ ਰਾਹ ਹਨ ਚੇਤਨ ਮਨ ਕੋਲ-ਖੁਸ਼ੀਆਂ ਮਹਿਕਾਂ ਖੋਜਣ ਲਈ ਵੰਡਣ ਲਈ ਮਾਨਣ ਲਈ। ਬਲਵੀਰ ਦਲੀਲਾਂ 'ਚ ਲੈ ਕੇ ਮਹਿਫਲਾਂ ਨੂੰ ਟੋਰਦਾ। ਲੋਕ ਝੂਮਣ ਲੱਗ ਜਾਂਦੇ। ਚੁਫ਼ੇਰੇ ਮਹਿਕਣ ਲੱਗ ਜਾਂਦੇ।

17. ਲੰਬੀਆਂ ਵਾਟਾਂ 'ਤੇ ਰੁਕ ਰੁਕ ਸਾਹ ਲੈ ਲੈਣਾ
ਥਕਾਵਟ ਘੱਟ ਕਰ ਮੰਜ਼ਿਲ ਵੱਲ ਲੈ ਜਾਵੇਗਾ

ਹਰ ਕੋਈ ਅੱਜ ਕਲ੍ਹ ਆਲੇ ਦੁਆਲੇ ਬਾਰੇ ਫਿਕਰਮੰਦ ਹੈ।। ਬਲਵੀਰ ਤਾਂ ਪਹਿਲਾਂ ਹੀ ਸੀ ਦਰਦਨਾਕ ਪਲਾਂ 'ਚ ਵਿੰਨਿਆ ਹੋਇਆ ਤੇ ਤੁਰਿਆ ਫਿਰਦਾ ਗਾਉਂਦਾ ਰਹਿੰਦਾ ਸੀ।

ਜਿੰਨਾ ਤੈਨੂੰ ਜਿਊਣ ਦਾ ਹੁਣ ਫ਼ਿਕਰ ਹੋ ਗਿਆ ਜਾਪਦਾ ਹੈ। ਓਨੀ ਹੀ ਪਿਆਸ ਨਾਲ ਤੇਰੇ ਹੀ ਸ਼ਹਿਰ ਵਿਚ ਤੇਰੇ ਹੀ ਕਤਲ ਦੀਆਂ ਗੱਲਾਂ ਸੁਣੀਆਂ ਜਾ ਰਹੀਆਂ ਹਨ। ਜ਼ਿਕਰ ਸੀ ਗਲੀ ਗਲੀ 'ਚ। ਬਸ ਦਿਨ ਆਉਣ ਹੀ ਵਾਲਾ ਹੈ।
ਇਸ਼ਕ ਵੀ ਓਹਦੇ ਕੋਲੋਂ ਦੀ ਕਈ ਵਾਰ ਹੋ ਹੋ ਲੰਘਿਆ ਪਰ ਬਲਵੀਰ ਨੇ ਪਹਿਰਾਂ ਨੂੰ ਨਜ਼ਮ 'ਚ ਹੀ ਕਹਿ ਸੁਣਾਇਆ। ਰਾਤ ਦੇ ਪਲਾਂ 'ਤੋਂ ਘੁੰਢ ਉਤਾਰਦਾ।

ਕਿੰਜ਼ ਕਹਿ ਦੇਵਾਂ ਕਿ ਕੱਲ ਰਾਤ ਨਹੀਂ ਸੀ ਰੋਈ। ਕਿੰਜ਼ ਕਹਿ ਦੇਵਾਂ ਕਿ ਕੱਜਲ ਨਹੀ ਸੀ ਮਰਿਆ। ਪਲਕਾਂ ਨਹੀਂ ਸਨ ਭੁੱਖੀਆਂ ਸੁੱਤੀਆਂ। ਕਿ ਯਾਦ 'ਚ ਨਹੀਂ ਸੀ ਤੂੰ ਆਈ ਤੇ ਮੁੜ ਕੇ ਗਈ ਹੀ ਨਾ। ਤਾਰਿਆਂ ਨੂੰ ਪੁੱਛ ਲੈ ਕੋਲ ਹੀ ਸਨ ਮੇਰੇ। ਸਾਰੇ ਜਿੰਨੇ ਗਾਏ ਸਨ ਗੀਤ ਸਨ ਤੇਰੇ। ਐਵੇਂ ਨੀਂਦ ਵਿਚ ਆ ਕੇ ਰੁਲਾ ਕੇ ਚਲੀ ਗਈ। ਯਾਦ ਤੇਰੀ ਹੀ ਸੀ ਫਿਰ ਥਾਪੜ ਥਾਪੜ ਸੁਆ ਕੇ ਚਲੀ ਗਈ। ਯਾਦ 'ਚ ਝੰਭਿਆ ਹੋਇਆ ਦਿਨ ਇੰਜ ਭਲਾ ਕਿੰਨਾ ਕੁ ਚਿਰ ਸੌਂ ਸਕਦਾ ਹੈ।

ਜੋ ਰਾਤਾਂ 'ਚ ਆਹਟ ਜੇਹੀ। ਸਰਕਦੀ ਸਰਕਦੀ ਪੋਲੇ ਪੋਲੇ ਪੈਰੀਂ ਆਵੇ ਬੂਹੇ ਬਾਰੀਆਂ ਟੱਪ ਕੇ। ਕੁਆਰੀ ਸੱਚਿਆਰੀ ਜੱਗੋਂ ਨਿਆਰੀ ਜੇਹੀ ਲੱਗਦੀ ਹੈ। ਉਹ ਰਾਤ ਦੀ ਘੜੀ। ਬੰਸਰੀ ਦਾ ਉਹ ਗੀਤ।
ਜੇ ਮੁਹੱਬਤ ਹੈ ਤਾਂ ਛੁਪਣ ਛੁਪਾਈ ਕੇਹੀ। ਜੇ ਵਟਣਾ ਅੰਗੀਂ ਤਾਂ ਸੰਗਾਂ ਕੇਹੀਆਂ। ਜੇ ਮਹਿਕਾਂ ਮਹਿੰਦੀ ਫਿਰ ਕੱਜਣ ਕੇਹੇ। ਜੇ ਚੀਸ ਇਸ਼ਕ ਦੀ ਫਿਰ ਕੋਈ ਨਾ ਵਾਟ ਲੰਮੇਰੀ। ਜੇ ਮਹੀਂਵਾਲ ਕਿਤੇ ਦਿਸਦਾ ਹੋਵੇ ਕੌਣ ਪੁੱਛਦਾ ਫਿਰ ਤੂਫਾਨਾਂ ਨੂੰ। ਕਿਹੜਾ ਝਨਾਂ ਨਹੀਂ ਸਿਖਾਉੁਂਦਾ ਪਲਾਂ 'ਚ ਤਰਨਾ ਤੇ ਫਿਰ ਓਸ ਵਿਚ ਹੀ ਡੁੱਬ ਮਰਨਾ।

ਸੋਹਣੀ ਜੇ ਝਨਾਂ 'ਚ ਤਰ ਜਾਂਦੀ ਤਾਂ ਪਾਣੀਆਂ 'ਤੇ ਇਸ਼ਕ ਦੀ ਕਹਾਣੀ ਨਹੀਂ ਸੀ ਲਿਖੀ ਜਾਣੀ-ਡਾ ਬਲਵੀਰ ਕਹਿੰਦਾ ਸੀ।
ਜੇ ਖਾਬ ਰਾਂਝਣ ਦੇ ਹੋਣ ਤਾਂ ਸੱਭ ਰਾਤਾਂ ਝੱਲੀਆਂ ਹੋ ਜਾਂਦੀਆਂ ਹਨ। ਜੇ ਗੀਟੇ ਇਸ਼ਕ ਦੇ ਨੇ ਤਾਂ ਕੁਲ ਜਹਾਨ ਦੀਆਂ ਦੁਪਹਿਰਾਂ ਕੱਲੀਆਂ ਨਹੀਂ ਖੇਡ ਸਕਦੀਆਂ।
ਕਦੇ ਕਦੇ ਬਲਵੀਰ ਕਹਿੰਦਾ-

ਲਾਸ਼ਾਂ ਦੇ ਬਜ਼ਾਰੀਂ ਲੱਗਣ ਬੋਲੀਆਂ
ਸਾਮਰਾਜੀ ਆ ਗਿਆ ਕਿੰਨਾ ਖੁਮਾਰ
ਪਿਆਸ ਕਿੰਨੀ ਲੱਗੀ ਹੈ ਦਰਿਆਵਾਂ ਨੂੰ
ਨਵੇਂ ਨਵੇਂ ਵਿਕਣ ਆ ਗਏ ਨੇ ਦੇਖੋ ਸੱਭਿਆਚਾਰ

ਜਾਂ
ਮਾਵਾਂ ਦੇ ਚਾਵਾਂ ਸੰਗ
ਨਾ ਸੰਭਾਲੋ ਬਾਰੂਦ
ਤੋਤਲੀਆ ਜ਼ੁਬਾਨਾਂ
ਤੇ ਨਾ ਤਾਰੋ ਅਜੇ ਗੋਲੀਆਂ ਬਾਰੂਦ ਡੁੱਬੀਆਂ।

ਅਜੇ ਤਾਂ ਲੈ ਲੈਣ ਦਿਓ ਦੋ ਚਾਰ ਖੂਬਸੂਰਤ ਸੁਪਨੇ।
ਅਜੇ ਤਾਂ ਖੇਡ ਲੈਣ ਦਿਓ ਗੋਦਾਂ 'ਚ।
ਅਜੇ ਨਾ ਸਿਖਾਓ ਲਾਡ ਗੋਲੀਆਂ ਦੇ।
ਅਜੇ ਨਾ ਚਾਵਾਂ ਨੂੰ ਰੋਲੋ ਇਸ਼ਕ ਦੇ ਭੈੜੇ ਰੋਗਾਂ 'ਚ।

ਬਲਵੀਰ ਆਪਣੇ ਪਿਆਰ ਦੇ ਦਿਨ ਯਾਦ ਕਰ ਕਹਿ ਦਿੰਦਾ-

ਹੁਣ ਦਫਨਾ ਦੇ ਯਾਦਾਂ ਮੇਰੀਆਂ। ਅੱਧੀ ਲੰਘ ਗਈ ਹੰਝੂਆਂ ਸਰ੍ਹਾਣੇ। ਓਦੋਂ ਗੁਆਚਿਆ ਸੀ ਅਸਮਾਨ ਤੇ ਸਾਰੇ ਤਾਰੇ ਤੇਰੇ ਵਰਗੇ ਤੇ ਕੁਝ ਤੇਰੀ ਤੋਰ ਵਰਗੇ ਦਿਸਦੇ ਸਨ।
ਸ਼ਬਦ ਮਨ ਚੰਚਲ ਬਣ ਕਿਰਿਆ। ਤੇਰੇ ਬਗੈਰ ਸਾਰੀ ਰਾਤ ਵੀ ਨਾ ਵਿਰਿਆ ਨਿਮਾਣਾ। ਤੇ ਰਾਤ ਚੰਨ ਸਿਤਾਰੇ ਪਿਆਸੇ ਹੀ ਸੌਂ ਗਏ ਤੇ ਕਈ ਭੁੱਖੇ ਹੀ ਮਰ ਗਏ ਤੇਰੇ ਬਿਨ। ਉਹ ਕਹਿੰਦਾ-
ਮਾਂ ਦੇ ਹਿਰਦੇ ਬਗੈਰ ਸਨੇਹ ਭਰੀ ਅੱਗ ਕਿਤਿਓਂ ਵੀ ਨਹੀਂ ਲੱਭ ਸਕਦੀ। ਫੁੱਲਾਂ ਦੀਆਂ ਮਹਿਕਾਂ ਹੀ ਪਾਰਕਾਂ ਚ ਸੱਦਦੀਆਂ ਹਨ। ਤੇ ਨਾਂ ਰੱਖਦੀਆਂ ਹਨ ਰੁੱਤਾਂ ਦੇ।
ਚੁੱਲ੍ਹਿਆਂ ਤੱਕ ਹੀ ਅੱਗ ਰੱਖੀ ਜਾਵੇ ਤਾਂ ਚੰਗੀ ਹੈ ਪੇਟ ਦੀ ਅੱਗ ਬੁਝਾਏਗੀ। ਸ਼ਮਸ਼ੀਰ ਦਾ ਮਿਆਨ 'ਚ ਹੀ ਰਹਿਣਾ ਚੰਗਾ ਹੈ। ਕਿਸੇ ਬੇਗੁਨਾਹ ਦਾ ਖੁਨ ਬਚ ਜਾਵੇਗਾ ਵਹਿਣੋਂ। ਨਿੱਕੀਆਂ ਨਿੱਕੀਆਂ ਡੰਡੀਆਂ ਵੀ ਰਾਹ ਬਣ ਜਾਂਦੀਆਂ ਹਨ।

ਘਰਾਂ ਦੇ ਰਾਹ ਕਦੇ ਨਹੀਂ ਕੋਈ ਭੁੱਲਿਆ-ਅਜੇ ਤੱਕ। ਜੇ ਕਿਤੇ ਗਰਮ ਹਵਾਵਾਂ ਨਾ ਵਗਣ ਅਵੱਲੀਆਂ।
ਵਰਤਮਾਨ ਦੇ ਨਾਲ ਚੱਲਿਆ ਕਰ। ਭਵਿੱਖ ਵੱਲ ਵੇਖਦਾ ਵੇਖਦਾ। ਲੱਭ ਜਾਣਗੇ ਸੂਰਜ ਰਾਹਾਂ 'ਚੋਂ ਬਥੇਰੇ।

18. ਰਹਿ ਗਿਆ ਸੀ ਮੇਰੇ ਸਾਹ ਵਿਚ ਕੋਈ
ਮੇਰੇ ਵਰਗੀ ਗੱਲ ਤੇਰੀ ਹੈ
ਤੂੰ ਕਿਉੁ ਲੱਗ ਪਿਆ ਰੋਣ ਓਏ ਝੱਲਿਆ
ਇਹ ਤਾਂ ਕਹਾਣੀ ਮੇਰੀ ਹੈ-

ਬਲਵੀਰ ਇਹ ਕਹਿੰਦਾ ਕਿਸੇ ਹਾਰੇ ਹੰਭੇ ਦੋਸਤ ਨੂੰ।
ਇਹ ਪਲ ਵਾਪਰੇ ਇਕ ਸ਼ਾਮ ਗੱਲ ਟੁਰ ਪਈ-ਕੋਈ ਚੇਤੇ 'ਚੋਂ ਬੋਲਿਆ-

ਕਦ ਭਰੇੰਗਾ ਹੁੰਗਾਰਾ ਸੋਹਣਿਆ
ਕਦ ਆਵੇਗੀ ਵਟਣੇ ਦੀ ਰੁੱਤ
ਸਾਡੇ ਪਿੰਡ ਕਦ ਛਣਕਣਗੇ ਕਲੀਰੇ
ਕਦ ਤੇਰੀ ਟੁੱਟੇਗੀ ਚੁੱਪ
ਕਦ ਫਰਕਣਗੇ ਬੁੱਲ਼ ਤੇਰੇ ਕਦ ਕੇਰੇਂਗਾ ਮੂੰਹੋਂ ਫੁੱਲ
ਕਦ ਪੈਣਗੇ ਬੂਰ ਹਿੱਕਾਂ ਨੂੰ ਕਦ ਤਰਨਗੇ ਹਾਸੇ ਡੁੱਲ ਡੁੱਲ।
ਕਦ ਦੇਵੇਂਗਾ ਆਪਣਾ ਹੱਥ ਮੈਨੂੰ
ਕਦ ਕੂੰਜਾਂ ਦੇ ਚਾਅ ਫੁੱਟਣਗੇ।
ਕਦ ਮਰੋੜੇਂਗਾ ਕਲਾਈਆਂ ਨੂੰ
ਕਦ ਵੰਗਾਂ ਦੇ ਰੰਗ ਟੁੱਟਣਗੇ-
ਰਣਜੀਤ ਕਹਿੰਦੀ ਇਕ ਦਿਨ- ਕਦੇ ਦੱਸ ਤਾਂ ਸਈ।
ਕਦ ਹੱਥ 'ਚ ਹੱਥ ਕੋਈ ਉਗਲੀਂ ਸਰਕੇਗੀ।
ਕਦ ਕਦਮ ਕਦਮ ਨੂੰ ਪੁੱਛੇਗਾ ਟੁਰਨਾ।
ਕਦ ਦੁਨੀਆਂ ਦੀ ਅੱਖ ਫਰਕੇਗੀ।
ਪੈਰ ਨਾ ਪੁੱਟਣਾ ਤੇ ਦਿਲ ਦੀ ਨਾ ਦੱਸਣਾ।
ਕਦ ਮੁੜ ਉੁਹ ਜ਼ਹਾਨ ਵਸੇਗਾ।
ਕਦ ਦਿਲ ਨੂੰ ਆਪਣਾ ਦਿਲ ਖੋਲ ਘੁੰਢੀ ਕੋਈ ਦੱਸੇਗਾ?
ਅੜਿਆ ਬੋਲ ਤਾਂ ਸਈ। ਦੱਸ ਤਾਂ ਸਹੀ ਮੇਰੀ ਮਹਿੰਦੀ ਦਾ ਮੁੱਲ ਕੀ ਹੈ ?
ਕੀ ਕੀਮਤ ਲਾਈ ਵੰਗਾਂ ਦੀ।
ਕੀ ਭਾਅ ਲਾਇਆ ਪੰਜ਼ੇਬਾਂ ਦਾ ਤੈਂ ਕੀ ਕੀਮਤ ਮੇਰੀਆਂ ਸੰਗਾਂ ਦੀ।
ਭੁੱਲ ਗਿਆ ਤੂੰ ਦੁੱਧ ਸਰ੍ਹਾਣੇ।
ਚਿਰ ਤੋਂ ਖੜੀਆਂ ਉੁਡੀਕਾਂ ਨੂੰ।
ਕੋਈ ਜੱਗ ਨਾ ਢੋਈ ਵੰਡਦਾ ਯਾਦਾਂ 'ਚ ਪਾਈਆਂ ਲੀਕਾਂ ਨੂੰ।
ਡਿੱਗ ਪਈ ਤਾਂ ਕੌਣ ਚੁੱਕੇਗਾ।
ਸਾਹ ਤੇਰਿਆਂ ਰਾਹਾਂ ਦੇ।
ਕੌਣ ਲਾਵੇਗਾ ਘੁੱਟ ਹਿੱਕਾਂ ਨੂੰ ਚਾਅ ਚੜੇ ਦੋ ਬਾਹਾਂ ਦੇ।

ਇਕ ਵਾਰ ਅਜ਼ਮਾ ਕੇ ਵੇਖ ਓਹੀ ਉਮਰ ਉੁਦਾਸ ਜੇਹੀ।
ਛੱਤ ਉੁੱਤੇ ਉੁੱਡੇ ਉੁਡਾਰੀ ਓਹੀ ਉੁੱਡੇ ਪਿਆਸ ਜੇਹੀ।
ਕੁਆਰੀਆ ਹਵਾਵਾਂ ਦਾ ਘਰ 'ਚ ਜੀਅ ਕਿੱਥੇ ਲਗਦਾ।

ਵੇ ਬੂਹਿਆਂ ਓਹਲੇ ਹੋ ਹੋ ਝਾਕਦੀਆਂ ਕਰਨ ਕੀ।
ਕਿੱਥੇ ਮਰਨ ਰੀਝਾਂ ਛੰਡ ਕੇ ਢਾਕ ਦੀਆਂ।
ਤੂੰ ਲੈਣੇ ਤਾਂ ਗੀਤ ਮੇਰੇ ਲੈ ਲਾ ਝਾਂਜ਼ਰ ਦੀ ਛਣਕਾਰ ਜੇਹੀ ਦੇ ਦੇ।
ਸਾਹ ਲੈ ਲਾ ਦੋ ਬਚੇ ਅਸਾਡੇ ਨਖ਼ਰਿਆ ਦਾ ਹੰਕਾਰ ਜੇਹਾ ਦੇ ਦੇ।

ਇਕ ਦਿਨ ਹੋਰ ਸੋਚਾਂ 'ਚ ਬਲਵੀਰ ਵਹਿ ਗਿਆ।

ਦੇਖ ਕਿੱਦਾਂ ਦਾ ਦਿਨ ਚੜਿਆ। ਅੱਜ ਫਿਰ ਮਸਾਂ ਮਸਾਂ ਤਾਰਿਆ ਨੂੰ ਚੰਨ ਗਰਾਹੀਆਂ ਟੁੱਕ ਖਵਾ ਕੇ ਚਾਨਣੀ ਖੋਰ ਪਿਆਇਆ ਦੁੱਧ। ਲੋਰੀਆਂ ਦੇ ਕੇ, ਥਾਪੜ ਥਾਪੜ ਸੁਆਇਆ ਚੰਦਰੇ ਸੌਂਦੇ ਹੀ ਨਹੀ ਸਨ। ਦਿਨ ਚੜਿਆ ਹੈ ਪਰ ਸੂਰਜ ਨਹੀਂ ਦਿਸਦਾ ਜਿਵੇਂ ਨਦੀਓਂ ਨਹਾ ਕੇ ਤੂੰ ਨਿਕਲੀ ਹੋਵੇਂ। ਪਾਣੀ ਨਾਲ ਮਲਮਲੀ ਭਿੱਜਾ ਸੂਟ ਸਭ ਕੁਝ ਦੱਸਦਾ ਸੀ ਅੰਗ ਅੰਗ ਦਾ ਸਿਰਨਾਵਾਂ -ਜੀਤੀ।

ਹੋਰ ਕਿਹਦਾ ਇਹ ਚਾਨਣ ਏਨਾ ਹੋਰ ਕਿਹਦੀ ਅੱਗ ਵਰਗੀ ਧੁੱਪ ਹੈ। ਹੋਰ ਕਿਹਦੀ ਇਹ ਮਹਿਕ ਜੇਹੀ ਹੈ। ਸੇਕਣ ਵਾਲੀ ਹੋਰ ਕਿਹਦੀ ਚੁੱਪ ਹੈ। ਏਨਾ ਸੇਕ ਸੂਰਜ ਕੋਲ ਕਿੱਥੇ। ਏਨੀਆਂ ਨਜ਼ਰਾਂ ਕਿੱਥੇ ਤਿੱਖੀਆਂ। ਏੇਨੇ ਤੀਰ ਨਕਸ਼ਾਂ ਦੇ ਤਿੱਖੇ ਹਿੱਕ ਅੰਗਿਆਰ ਖੁੱਲੇ ਤਾਂ ਡਿੱਠੀਆਂ। ਇਹ ਦਿਨ ਮੇਰਾ ਹੀ ਲਗਦਾ। ਤੇਰੇ ਵਾਂਗ ਬਲਦਾ ਤੇ ਜਗਦਾ। ਮੇਰੇ ਵਾਂਗ ਤੱਕਦਾ ਨਿਤ ਤੈਨੂੰ। ਤੇਰੇ ਵਾਂਗ ਵਿਛਦਾ ਤੇ ਵਗਦਾ।

ਇਹੋ ਜੇਹੀ ਪਹਿਲ ਵਰੇਸ ਦੀ ਰੁੱਤੇ ਮੇਰੀ ਨਗਰੀ ਆ ਜਾਇਆ ਕਰ। ਛੱਡ ਜਾਇਆ ਕਰ ਪਰਛਾਵੇਂ ਲੰਗਾਰੇ ਅੱਗ ਘਟਾ ਬਣ ਚੜ ਆਇਆ ਕਰ। ਕੀ ਲੈਣਾ ਹੁਣ ਵਹਿ ਇਸ ਉਮਰੇ। ਝੀਲ ਜੇਹੀ ਇਕ ਬਣ ਕੇ ਰਹੀਏ। ਕੀ ਲੈਣਾ ਅਸਮਾਨਾਂ ਕੋਲੋਂ ਹਿੱਕ ਦੀ ਗੱਲ ਹਿੱਕ ਨੂੰ ਕਹੀਏ।

ਦਿਨ ਦੁਪਹਿਰਾਂ ਪਾਈਆਂ ਵੰਡੀਆਂ ਵਿਚ ਉਡੀਕਾਂ ਸਦੀਆਂ ਲੰਘੀਆਂ। ਹੁਣ ਤਾਂ ਜ਼ੁਲਫਾਂ ਦੀ ਸੁਣ ਲਈਏ ਐਵੇਂ ਨਾ ਕੁਰਾਹੇ ਪਈਏ। ਇਹ ਜ਼ਿੰਦ ਮਸਾਂ ਦੁਪਹਿਰਾਂ ਜੋਗੀ। ਇਹਦੀ ਬਲਦੀ ਛਾਵੇਂ ਬਹੀਏ।
ਇਹੋ ਜੇਹੇ ਖਿਆਲਾਂ 'ਚ ਡੁੱਬਿਆ ਬਲਵੀਰ ਕਦੇ ਆਪਣੇ ਪਰਛਾਵੇਂ ਜਾਂ ਛਾਂ ਨਾਲ ਨਰਾਜ਼ ਹੋ ਲੈਂਦਾ ਜਾਂ ਹੱਸ ਖੇਡ ਲੈਂਦਾ ਤੇ ਸਫਿਆਂ ਤੇ ਵਿਛ ਜਾਂਦਾ।

19.

ਘਰ ਪਿੰਡ ਖੇਤ ਖਿੜ੍ਹੀ ਕਿਤੇ ਦੁਪਹਿਰ ਤਾਂ ਹੋਵੇ
ਚੁੱਪ ਚੰਦ ਤਾਰੇ ਕੋਈ ਹੱਸਦਾ ਪਹਿਰ ਤਾਂ ਹੋਵੇ
ਬਲਵੀਰ ਸੋਚਦਾ।

ਬੈਠੇ ਹਨ ਸਹਿਮੇ ਫੁੱਲ ਡਾਲੀਆਂ 'ਤੇ ਚਿਰਾਂ ਤੋਂ।
ਤੁਰਨ ਫਿਰਨ ਲਈ ਕੋਈ ਬੇਖੌਫ਼ ਸ਼ਹਿਰ ਤਾਂ ਹੋਵੇ।
ਵਗ ਰਿਹਾ ਹਾਂ ਚੁੱਪ 'ਕੱਲਾ ਕਿਨਾਰਿਆਂ ਸੰਗ।
ਹਿੱਕ ਖੋਲਣ ਗੌਣ ਲਈ ਕੋਈ ਲਹਿਰ ਤਾਂ ਹੋਵੇ।
ਚਿਣਗ 'ਚ ਹੀ ਸੀ ਅੱਗ ਜਾਂ ਰੁਲ ਰਹੀ ਸੀ ਪੱਗ।
ਲਿਖੀ ਕਿਸੇ ਸੁਬਾ 'ਚ ਕਿਤੇ ਕੋਈ ਖ਼ੈਰ ਤਾਂ ਹੋਵੇ।

ਕਹਿੰਦੇ ਨੇ ਰਾਤ ਦਿਨ ਬਦਲ ਦਿੰਦੇ ਨੇ ਤਕਦੀਰ।
ਜੇ ਮੌਸਮ ਜਾਂ ਸ਼ਾਮ 'ਚ ਗਹਿਰ ਬਦਲਣ ਲਈ ਰੰਗ ਤਾਂ ਹੋਣ।
ਸੱਚ ਤੇ ਤੁਰਦੇ ਜਾਂ ਸੂਲੀ ਤੇ ਜੇ ਨੱਚਦੇ ਦੇਖਣਾ ਹੋਵੇ ਕਿਸੇ ਨੂੰ ਤਾਂ
ਸਾਹਮਣੇ ਭਰਿਆ ਪਿਆਲਾ ਜ਼ਹਿਰ ਦਾ ਤਾਂ ਹੋਵੇ।

ਬਲਵੀਰ ਕਹਿੰਦਾ ਜੋ ਆਏ ਖਤ ਨਹੀਂ ਪੜਦੇ ਸਦੀਆ ਤੀਕ ਪਛਤਾਉਣਗੇ। ਖਤ ਤਾਂ ਸੁਨੇਹੇ ਹੁੰਦੇ ਨੇ। ਵਿਲਕਦੇ ਸਾਹ ਹੁੰਦੇ ਨੇ ਬਚੇ ਹੋਏ ਕਿਸੇ ਦੂਰ ਉਡੀਕਦੀ ਔਸੀਂ ਦੇ। ਵਿਯੋਗੀ ਰਾਤਾਂ 'ਚ ਲਿਖੀਆਂ ਚਿੱਠੀਆਂ ਸਿਰਨਾਵੇਂ ਭਾਲਦੀਆ ਹਨ।

ਸ਼ਹਿਰ ਬਦਲ ਕੇ ਸਿਰਨਾਵੇਂ ਹੀ ਬਦਲਦੇ ਨੇ। ਪਤਾ ਦੱਸ ਦੇਵੇਂਗੀ ਤਾਂ ਮੇਰੇ ਖਤ ਖੁਦਕਸ਼ੀ ਨਹੀਂ ਕਰਨਗੇ। ਜੇ ਕਦੇ ਆਉਣਾ ਹੋਇਆ ਤਾਂ ਖ਼ਤ ਵਾਂਗ ਆਵੀਂ। ਅਚਨਚੇਤ ਜੇਹੀ ਕਿਸੇ ਯਾਦ 'ਚੋਂ ਜਨਮੀਂ। ਉਡੀਕ ਦੀ ਰਾਹ 'ਚ ਤੈਨੂੰ ਪੱਗ ਦੇ ਲੜ੍ਹ ਨਾਲ ਪੂੰਝ ਕੇ ਫ਼ੜਾਂਗਾ। ਪਹਿਲਾਂ ਤਾਂ ਹਿੱਕ ਨਾਲ ਲਾਵਾਂਗਾ ਫ਼ਿਰ ਓਹਲੇ ਬਹਿ ਵਾਰ ਵਾਰ ਪੜ੍ਹਾਂਗਾ।

ਬਹੁਤ ਕੁਝ ਖ਼ੁਰਦਾ ਰਹਿੰਦਾ ਹੈ ਜਿੰਨਾ ਚਿਰ ਤੇਰਾ ਖ਼ਤ ਨਹੀਂ ਆਉਂਦਾ। ਡਾਕੀਆ ਜਦ ਬਿਨਾਂ ਰੁਕੇ ਲੰਘ ਜਾਂਦਾ ਹੈ। ਖਬਰੇ ਕਿੰਨੀਆਂ ਉਮੀਦਾਂ ਮਰਦੀਆਂ ਹਨ ਓਸ ਪਲ। ਕਿੰਨੀਆਂ ਸਿਖ਼ਰ ਦੁਪਹਿਰਾਂ ਬੈਠੀਆਂ ਰਾਹ ਤੇਰੇ 'ਚ ਠਰਦੀਆਂ ਹਨ। ਦਿਲ ਜਿਹਨਾਂ ਦੀਆਂ ਨੁੱਕਰਾਂ 'ਚ ਕੋਈ ਆਸ ਪੁੰਗਰਦੀ ਹੋਵੇ। ਜਦੋਂ ਉਹ ਆਪਣੀ ਅੱਗ 'ਚ ਮੁਰਝਾਉਂਦੇ ਹਨ। ਕਬਰਾਂ 'ਚੋਂ ਲਾਂਬੂ ਉੱਠਦੇ ਹਨ ਪਿੰਡਾਂ ਦੀਆਂ ਜੂਹਾਂ 'ਚ ਚੁੱਪ ਸੌਂ ਜਾਂਦੀ ਹੈ।
ਤੂੰ ਕਿਹੜਾ ਜਾਣਦੀ ਨਹੀਂ ਕਿ ਖ਼ਤਾਂ ਦੀ ਉਡੀਕ ਕਿਹੜੀ ਉਮਰ ਨੂੰ ਲੱਗਦੀ ਹੈ। ਕਿਹੜੇ ਵੇਲੇ ਤਰੇੜ ਪੈਂਦੀ ਹੈ ਸ਼ੀਸ਼ੇ ਨੂੰ। ਕਦੋਂ ਬਣਦੇ ਨੇ ਰੰਗ ਬਿਰੰਗੇ ਸੁਪਨੇ ਪਲਕਾਂ 'ਤੇ। ਕਦੋਂ ਰੂਹ ਦੌੜਦੀ ਹੈ ਅੰਦਰ ਤੇ ਕਿਸੇ ਰਾਂਝਣ ਦੇ ਪਿੰਡ ਵੱਲ ਨੂੰ।

ਖ਼ਤ ਹੀ ਹੁੰਦਾ ਹੈ ਜੋ ਕਿਸੇ ਪਿੰਡ 'ਚੋਂ ਛੁਹ ਲੈ ਟੁਰ ਕੇ ਆਉਂਦਾ ਹੈ। ਖ਼ਤ ਹੀ ਬੂਹੀਂ ਅੰਬ ਪੱਤੇ ਲਟਕਾਉਂਦਾ ਹੈ। ਖ਼ਤ ਹੀ ਅੰਗਾਂ ਵਿਚ ਝਰਨਾਟਾਂ ਪਾਉਂਦਾ ਹੈ।

ਖ਼ਤ ਸਤਰੀਂ ਟਿਕਿਆ ਅਸਮਾਨ ਹੁੰਦਾ ਹੈ। ਖ਼ਤ ਕਿਸੇ ਪਰਬਤ ਤੋਂ ਆਇਆ ਭਗਵਾਨ ਹੁੰਦਾ ਹੈ। ਖ਼ਤਾਂ ਵਿਚ ਰੀਝਾਂ ਖ਼ਤਾਂ ਵਿਚ ਜਾਨ ਹੁੰਦੀ ਹੈ। ਖ਼ਤ ਸੁਗੰਧੀਆਂ ਖ਼ਤ ਈਮਾਨ ਵਾਲੇ ਹੁੰਦੇ ਨੇ। ਖ਼ਤ ਇੰਜ਼ ਮਿਲਦੇ ਹਨ ਜਿਵੇਂ ਇਨਸਾਨ ਬਣ ਕਿਨਾਰੇ ਬਣ ਮਿਲਦੇ ਹਨ ਡੁੱਬਦਿਆਂ ਨੂੰ। ਬੂਹਿਆਂ ਉਤੇ ਜਦ ਖ਼ਤ ਕੋਈ ਆਉਂਦਾ ਹੈ। ਉੱਜੜਦਾ ਪਿੰਡ ਨਗਰ ਵਸ ਜਾਂਦਾ ਹੈ। ਦਰ ਸੁੰਨ੍ਹਾ ਇਤਿਹਾਸ ਕਹਾਉਣ ਲੱਗ ਪੈਂਦਾ ਹੈ। ਜਦੋਂ ਕੋਈ ਦੁੱਖਦਾ ਦਿਲ ਲਿਖਵਾਉਦਾ ਹੈ ਹੰਝੂਆਂ ਦੇ ਡੁੱਬਕਿਆਂ ਨਾਲ। ਚੀਸਾਂ ਦੀ ਸਿਆਹੀ ਘੋਲ ਕੇ ਦਿੰਦਾ ਹੈ ਕਿਸੇ ਨਿਆਣੀ ਕਲਮ ਨੂੰ। ਤੇ ਵਾਰ ਵਾਰ ਪੁੱਛਦਾ ਹੈ ਪੁੱਤ ਕੀ ਲਿਖਿਆ ਇਕ ਵਾਰ ਫਿਰ ਪੜ੍ਹ ਕੇ ਸੁਣਾ।
ਖ਼ਤਾਂ ਨੂੰ ਹੀ ਸਦਾ ਖ਼ਤ ਆਉਂਦੇ ਨੇ। ਜਦ ਕਿਸੇ ਨੂੰ ਕਿਸੇ ਦੀਆਂ ਯਾਦਾਂ ਰਾਤਾਂ 'ਚ ਖਾਂਦੀਆਂ ਹਨ।

ਮਹਿਕਾਂ ਜੇ ਕਦੇ ਫੁੱਲ ਬਣ ਜਾਣ। ਗੋਦੀ ਚੱਕ ਚੱਕ ਚੰਨ ਖਿਡਾਉਣ ਦਾ ਜੇ ਵੇਲਾ ਕੋਈ ਦੁਪਹਿਰ ਉਡੀਕੇ ਤਾਂ। ਖ਼ਤ ਆਇਆ ਉਦਾਸ ਵੀ ਕਰਦਾ ਹੈ ਤੇ ਆਪ ਵੀ ਹੁੰਦਾ ਹੈ। ਟੁੱਟੇ ਸਵਾਸ ਵੀ ਜੋੜਦਾ ਹੈ। ਯਾਰਾਂ ਦਾ ਧਰਵਾਸ ਵੀ ਹੁੰਦਾ ਹੈ। ਪਰਕਾਸ਼ ਵੀ ਹੁੰਦਾ ਹੈ ਬਾਪ ਵਰਗਾ। ਉਡੀਕ 'ਚ ਹੁੰਦਾ ਹੈ ਕਿ ਕਦੇ ਛਾਂਵਾਂ ਦਾ ਖ਼ਤ ਆਵੇਗਾ। ਮਾਵਾਂ ਦਾ ਖ਼ਤ ਆਵੇਗਾ ਵਿਹੜੇ 'ਚ ਨਿੰਮੋਝੂਣੀਆਂ ਹੋ ਫਿਰਦੀਆਂ ਦਾ। ਨਿੱਕੇ ਵੱਡੇ ਭਰਾਵਾਂ ਦਾ ਖ਼ਤ ਵੀ ਆ ਸਕਦਾ ਹੈ। ਥਾਵਾਂ ਦਾ ਖ਼ਤ ਵੀ ਆ ਸਕਦਾ ਹੈ ਜੋ ਅੰਗ ਸੰਗ ਖੇਡਦੀਆਂ ਰਹੀਆਂ ਸਨ।
ਖ਼ਤ ਹੀ ਖ਼ਤਾਂ ਦੇ ਸਾਏ ਹੁੰਦੇ ਨੇ। ਹੱਥਾਂ ਵਿਚ ਜਿਵੇਂ ਚੰਨ ਚਾਏ ਹੋਣ। ਸੂਹੇ ਬੁਲ੍ਹਾਂ ਲਈ ਚੁੰਮਣ ਆਏ ਹੋਣ ਤੇ ਚੁੱਕ ਚੁੱਕ ਅੱਡੀਆਂ ਹਿੱਕੀਂ ਲਾਏ ਹੋਣ।
ਤੇ ਰੂਹ ਕੋਈ ਕਹਿੰਦੀ ਹੈ-

ਸਖੀਓ ਨੀ ਕੱਲ ਖ਼ਤ ਇਕ ਆਇਆ
ਸਾਰਾ ਵਿਹੜਾ ਓਹਨੇਂ ਨੱਚਣ ਲਾਇਆ
ਤਾਰਿਆਂ ਆ ਕੇ ਝੁਰਮਟ ਪਾਇਆ
ਚਾਨਣੀ ਰਾਤ ਕੋਲੋਂ ਅਸਾਂ ਪੜ੍ਹਾਇਆ

ਕਦੇ ਕਦੇ ਖ਼ਤ ਕਹਿੰਦਾ ਹੈ ਕਿਸੇ ਨੇ ਆਉਣਾ ਹੈ। ਜੋ ਦੂਰ ਕਿਤੇ ਬਦੇਸ਼ੀਂ ਗਿਆ ਇਕ ਪ੍ਰਾਹੁਣਾ ਵੀ ਹੋ ਸਕਦਾ ਹੈ। ਜਿਹਦਾ ਰੰਗ ਸਾਂਵਲਾ ਤੇ ਉਹ ਚੰਨ ਤੋਂ ਵੀ ਸੋਹਣਾ ਹੈ। ਹਾਰ ਪਰੋਅ ਕੇ ਗਲ ਵਿਚ ਪਾਉਣ ਨੂੰ ਜੀਅ ਕਰਦਾ ਹੈ ਕਿਸੇ ਨੂੰ। ਹਰ ਇਕ ਸੁਫ਼ਨਾ ਇੰਜ਼ ਸਜਾਉਣਾ ਚਾਹੁੰਦਾ ਹੈ। ਓਦਣ ਮਹਿੰਦੀ ਨੇ ਵਟਣੇ ਦਾ ਹੋਣਾ ਹੁੰਦਾ ਹੈ।

ਕਦੇ ਚਿੱਠੀਆਂ ਚੁੱਪ ਚਾਪ ਆਉਂਦੀਆਂ ਸਨ ਤੇ ਸੁਨੇਹੇ ਲੈ ਕੇ ਮੁੜ ਜਾਂਦੀਆਂ ਸਨ। ਅੱਜਕਲ ਚਿੱਠੀਆਂ ਨਹੀਂ ਆਉਂਦੀਆਂ ਕਿਸੇ ਹੋਰ ਦੇਸ ਨੂੰ ਟੁਰ ਗਈਆਂ ਹਨ ਸ਼ਾਇਦ। ਨਾ ਹੀ ਉਹ ਖੁਸ਼ੀ ਲੱਗਦੀ ਹੈ ਓਸ ਤਰਾਂ ਹਿੱਕ ਨੂੰ ਆ ਕੇ। ਅੱਜਕਲ ਫ਼ੋਨ ਈਮੇਲਾਂ ਜਾਂ ਵਟਸਐਪ ਆਉਂਦੇ ਹਨ। ਨੇੜੇ ਵੀ ਨਹੀਂ ਹੁੰਦੇ ਕਿ ਸਿਰ ਤੇ ਪਿਆਰ ਹੀ ਦੇ ਦੇਈਏ। ਪਲੋਸ ਲਈਏ ਸਿਰ ਨੂੰ।

ਉਹਨਾਂ 'ਚ ਕੋਈ ਦੁੱਖ ਦਰਦ ਵੀ ਨਹੀਂ ਹੁੰਦਾ। ਨਾ ਹੀ ਉਹ ਏਨੇ ਕਿਤਿਓਂ ਜ਼ਖ਼ਮੀਂ ਹੀ ਹੁੰਦੇ ਹਨ ਤੇ ਨਾ ਹੀ ਬਹੁਤੇ ਲਾਡਲੇ ਮਾਸੀ ਭੂਆ ਦੇ ਸੁੱਖ ਸੁਨੇਹੇ ਵਰਗੇ। ਫ਼ੋਨ ਈਮੇਲਾਂ ਜਾਂ ਵਟਸਐਪ 'ਚ ਕੁਝ ਵੀ ਨਹੀਂ ਹੁੰਦਾ ਹਿੱਕ ਨੂੰ ਲਾਉਣ ਵਾਲਾ। ਤੇ ਗਲ ਨੂੰ ਲਾ ਕੇ ਚੁੱਪ ਕਰਾਉਣ ਵਾਲਾ।

ਚਿੱਠੀਆਂ 'ਚ ਬਹੁਤ ਕੁਝ ਹੁੰਦਾ ਸੀ ਚੁੱਕ ਚੁੱਕ ਕੇ ਖਿਡਾਉਣ ਵਰਗਾ। ਸਾਹਾਂ ਵਿਚ ਪਾਉਣ ਵਰਗਾ। ਹਿੱਕ ਨੂੰ ਲਾ ਵਿਰਾਉਣ ਵਰਗਾ। ਚਿੱਠੀਆਂ ਪਹਿਲਾਂ ਹੱਥ ਸਾਫ਼ ਕਰ ਕੇ ਪੱਲੇ ਨਾਲ ਫ਼ੜੀਆਂ ਜਾਂਦੀਆਂ ਸਨ। ਅਦਬ ਨਾਲ ਸਾਂਭੀਆਂ ਜਾਂਦੀਆਂ। ਸਦੀਆਂ ਭਰ ਸਰ੍ਹਾਣਿਆਂ ਅਲਮਾਰੀਆਂ ਕਿਤਾਬਾਂ 'ਚ ਸਾਂਭ ਸਾਂਭ ਰੱਖੀਆਂ ਜਾਂਦੀਆਂ ਸਨ। ਅੱਖਾਂ ਪੂੰਝਦੀਆਂ ਸਨ ਚਿੱਠੀਆਂ ਸੱਲ ਵਿਛੋੜੇ ਹੂੰਝਦੀਆਂ ਹੁੰਦੀਆਂ ਸਨ।

ਕਦੇ ਡਾਕੀਏ ਦੀ ਉਡੀਕ ਹੁੰਦੀ ਸੀ-ਅੱਖਾਂ ਵਿਚ ਚੀਸ ਹੁੰਦੀ ਸੀ। ਰਾਤ ਗਿਣਦੀ ਤਾਰੀਕ ਹੁੰਦੀ ਸੀ। ਕੰਧ ਵਾਹੁੰਦੀ ਕੋਈ ਲੀਕ ਹੁੰਦੀ ਸੀ। ਖ਼ਤਾਂ ਰੁੱਕਿਆਂ ਚਿੱਠੀਆਂ ਦੇ ਮਰਨ ਨਾਲ ਚਾਅ ਵੀ ਨਹੀਂ ਰਹੇ ਉਹ। ਆਉਣ ਜਾਣ ਦੇ ਬਹਾਨੇ ਵੀ ਟੁਰ ਗਏ ਕਿਤੇ ਕਬਰਾਂ ਦੇ ਰਾਹੀਂ। ਉਹ ਇਸ਼ਕ ਵੀ ਨਹੀਂ ਰਿਹਾ। ਜੋ ਰੁੱਕਾ ਜਾਂ ਲਿਫ਼ਾਫਾ ਸੁੱਟ ਦੌੜ ਜਾਂਦਾ ਸੀ। ਮੁਹੱਬਤ ਵਾਲੀ ਕੰਧ ਵੀ ਉੱਚੀ ਹੋ ਗਈ ਹੈ। ਅੱਡੀਆਂ ਚੁੱਕ ਚੁੱਕ ਕਿਹਨੂੰ ਕੋਈ ਸੁੱਟੇ ਚਿੱਠੀਆਂ। ਕਿਹਨੂੰ ਦੱਸਣ ਰੋਸੇ ਚਿੱਠੀਆਂ ਤੇ ਕਿਹਦੇ ਨਾਲ ਹੱਸਣ ਖੇਡਣ ਇਹ ਚਿੱਠੀਆਂ। ਕਿੱਥੇ ਚਲੀਆਂ ਗਈਆਂ ਹਨ। ਚਾਵਾਂ ਨਾਲ ਖਰੀਦ ਕੇ ਲਿਆਦੀਆਂ ਤਹਾਂ ਲਾ ਲਾ ਬੰਦ ਕੀਤੀਆਂ। ਬੁੱਲ੍ਹਾਂ ਦੇ ਪਿਆਰ ਛੁਹ ਨਾਲ ਲਿਖੀਆਂ ਲਿਖਾਈਆਂ ਜਾਂਦੀਆਂ ਚਿੱਠੀਆਂ।

ਮਿੰਨਤਾਂ ਕਰ ਕਰ ਪੜ੍ਹਾਈਆਂ ਚਿੱਠੀਆਂ। ਮੁੜ ਤਹਿ ਲਾ ਲਾ ਰੱਖੀਂਆਂ ਰਖਾਈਆਂ ਤੇ ਵਾਰ ਵਾਰ ਪੜ੍ਹਾਈਆਂ ਚਿੱਠੀਆਂ। ਪਤਾ ਨਹੀਂ ਕਿੱਥੇ ਭਿੱਜ ਗਈਆਂ ਹਨ ਰਾਹਾਂ 'ਚ। ਹੁਣ ਕੋਈ ਨਹੀਂ ਉਡੀਕਦਾ ਡਾਕੀਏ ਨੂੰ।

ਸੁਨੇਹੇ ਤਾਂ ਪਹਿਲਾਂ ਹੀ ਰੁੱਸੇ ਬੈਠੇ ਹੁੰਦੇ ਹਨ। ਜਾਂ ਫ਼ੋਨ ਸੁਣ ਕੇ ਨਾ ਆ ਸਕਣ ਦਾ ਬਹਾਨਾ ਸੁਣ ਕੇ। ਜਾਂ ਫਿਰ ਵਟਸਐਪ ਤੇ ਨਰਾਜ਼ਗੀ ਦੀਆਂ ਸਤਰਾਂ ਪੜ੍ਹ ਕੇ। ਜਦੋਂ ਫ਼ੋਨ ਵੀ ਭੰਨਣ ਨੂੰ ਦਿੱਲ ਕਰਦਾ ਹੈ ਪਰ ਮਹਿੰਗਾ ਹੋਣ ਕਰਕੇ ਸੁੱਟਿਆ ਵੀ ਤਾਂ ਨਹੀਂ ਜਾਂਦਾ।

ਜੀਅ ਕਰਦਾ ਕਿ ਮੁੜ ਕੇ ਆ ਜਾਵੇ ਚਿੱਠੀਆਂ ਦਾ ਪਹਿਰ। ਤੇ ਇੰਜ ਸ਼ਾਇਦ ਉੱਜੜੇ ਘਰ ਅਤੇ ਸ਼ਹਿਰ ਵੀ ਵਸ ਜਾਣ। ਖੁਸ਼ੀਆਂ 'ਤੋਂ ਉੱਤਰੇ ਸੁਪਨਿਆਂ ਦੀ ਗਹਿਰ ਵੀ ਲੱਥ ਜਾਵੇ -ਹੋ ਸਕਦਾ। ਮੁਰਝਾਏ ਫੁੱਲ ਵੀ ਸ਼ਾਇਦ ਮਹਿਕਣ ਲੱਗ ਜਾਣ ਲਹਿਰਾਂ ਬਹਿਰਾਂ ਗਲਾਂ ਨੂੰ ਆ ਲੱਗ ਸਕਦੀਆਂ ਹਨ। ਸਭ ਕੁਝ ਹੋ ਸਕਦਾ ਹੈ।

20. ਸੋਚ ਸੰਜ਼ਮ ਦੀ ਸੀਮਾ ਤੇ ਪਰੀਭਾਸ਼ਾ ਵੀ ਹੁੰਦੀ ਹੈ।

ਬਲਵੀਰ ਲਿਖਦਾ ਤੇ ਕਹਿੰਦਾ ਵੀ।

ਸਰੀਰ ਨੂੰ ਸੰਜ਼ਮ ਦੀ ਬਹੁਤ ਜ਼ਰੂਰਤ ਹੈ। ਮਨ ਸਦਾ ਹੁਨਰ ਭਾਲੇ ਤਾਂ ਬਿਹਤਰ ਰਹੇਗਾ। ਵਧ ਜਾਂ ਕਿੰਨਾ ਖਾਣਾ ਹੈ। ਸਰੀਰ ਜਾਂ ਲਾਲਸਾ ਦੱਸੇਗੀ। ਸਾਧੂ ਕੋਲ ਵੀ ਨਹੀਂ ਹੈ ਇਸ ਤਰਾਂ ਦਾ ਸੰਜ਼ਮ। ਭਟਕਣ ਦੀ ਹੀ ਜ਼ਿੰਦਗੀ ਲਈ ਫਿਰਦਾ ਹੈ ਦਰ ਦਰ 'ਤੇ। ਸੱਭ ਕਾਮ ਗਰਸਤ ਕਿਰਿਆ ਹੈ ਦੁਨੀਆਂ। ਤਪੀ ਜਪੀ ਸੰਜਮੀਂ ਨਹੀ ਹੈ ਕੋਈ। ਵਿਖਾਵੇ ਕਰਦੇ ਨੇ ਸਾਰੇ। ਖਰਸਰੇ 'ਚ ਕੀ ਨਹੀਂ ਹੋਇਆ। ਬਪਾਸਾ ਦੇਵ ਵਰਗਿਆਂ ਨੇ ਕੀ ਕੀ ਨਹੀਂ ਕੀਤਾ। ਹਰ ਰੋਜ਼ ਹੁੰਦਾ ਹੈ ਸਿਰਫ ਪਰਦੇ ਨੇ ਤਣੇ ਹੋਏ।

ਜੋ ਇਹ ਕਹਿੰਦਾ ਹੈ ਕਿ ਮੈਂ ਸਰੀਰ ਨੂੰ ਸੰਜ਼ਮ ਵਿਚ ਰੱਖਦਾ ਹਾਂ ਅਤੇ ਇਸ ਨੂੰ ਆਪਣਾ ਗੁਲਾਮ ਬਣਾਉਂਦਾ ਹਾਂ। ਜੋ ਲੋਕਾਂ ਵਿਚ ਪ੍ਰਚਾਰ ਕਰਨ ਤੋਂ ਬਾਦ ਇਹ ਕਹਿੰਦਾ ਹੈ। ਮੂਰਖ ਕਹਾਣੀਆਂ ਸੁਣਾਉਂਦੇ ਹਨ। ਜਿਨ੍ਹਾਂ ਦਾ ਕਿਸੇ ਸ਼ਕਤੀ ਤੇ ਸੱਚ ਨਾਲ ਕੋਈ ਮੇਲ ਨਹੀਂ ਹੈ। ਇਹਨਾਂ ਕਹਾਣੀਆਂ ਦੇ ਰਾਹੀਂ ਨਾ ਚੱਲੋ। ਆਪਣੇ ਰਾਹ ਆਪ ਉਸਾਰੋ। ਆਪਣੇ ਆਪ ਦੇ ਹੀ ਸੱਚੇ ਸੇਵਕ ਬਣੋ।

ਗੁਰ ਨਾਨਕ ਸੰਜ਼ਮੀ ਹੈ। ਕੋਈ ਜਪੀ ਤਪੀ ਵੀ ਕੁਰਾਹੀਆ ਹੋ ਸਕਦਾ ਹੈ। ਤਪੀਆ ਵਿਖਾਵਾ ਹੈ। ਨਾਨਕ ਅੰਦਰੋਂ ਟੁਰਦਾ ਹੈ। ਬਹਰੋਂ ਨਾ ਕਦੇ ਟੁਰੋ। ਨਿਰੰਤਰਤਾ ਸਦਾ ਸੰਜ਼ਮ ਨਹੀਂ ਹੈ। ਜ਼ਿੰਦਗੀ ਗੁਰ ਨਾਨਕ ਕੋਲ ਹੈ । ਗੁਰ ਨਾਨਕ ਕੋਲ ਜ਼ਿੰਦਗੀ ਦੀ ਪਰੀਭਾਸ਼ਾ ਹੈ।

ਕਦੇ ਵੀ ਛਿੜਕਾ ਦੇਖ ਕੇ ਮੀਂਹ ਨਾ ਸਮਝ ਲੈਣਾ। ਜਦ ਇਹ ਛਿੜਕਾ ਹਰ ਪਾਸੇ ਦਿਸੇਗਾ ਓਦੋਂ ਯਕੀਨ ਕਰਨਾ। ਕੰਟਰੋਲ ਨਿਰੰਤਰਤਾ ਕਾਨੂੰਨਣ ਹੈ ਵਿਧਾ। ਘੱਟ ਖਾਣਾ ਪਹਿਨਣਾ ਸੌਣਾ ਸੰਜ਼ਮ ਨਹੀਂ ਲਿਖਦਾ ।

ਨਾਨਕ ਦੀਆ ਪੈੜਾਂ 'ਚ ਸੰਜ਼ਮ ਦੇਖੋਗੇ। ਬੁੱਧ ਦੇ ਰਾਹ 'ਚ ਸੰਜ਼ਮ ਮਿਲੇਗਾ। ਜੋ ਤੁਹਾਡੇ ਅੱਜ ਘਰ ਆ ਪੈਰੀਂ ਡਿੱਗ ਕੇ ਸੰਜ਼ਮ ਲੱਭਦਾ ਹੈ। ਉਹ ਸੰਪੂਰਨ ਨਹੀਂ ਹੈ। ਆਪਣੇ ਆਪ ਦੇ ਮਾਲਕ ਹੋ ਜਾਓ ਨਾਨਕ ਆਪਣੇ ਆਪ 'ਚ ਸ਼੍ਰਿਸਟ ਸੰਜ਼ਮ ਹੈ। ਉਹ ਵਿਸ਼ਵਾਸ ਰੱਖਦਾ ਹੈ ਆਪਣੇ ਆਪ 'ਚ।

ਇਕ ਵਾਰ ਕਿਸੇ ਨੂੰ ਸਰਪੰਚ ਚੁਣ ਲਿਆ ਬਿਨ ਵੋਟ ਕਿ ਇਹ ਬੰਦਾ ਨੇਕ ਹੈ ਹੱਲ ਕਰੇਗਾ ਹਰੇਕ ਦੀ ਮੁਸ਼ਕਲ ਦਾ ਲੋਕਾਂ ਉਪਾਧੀ ਬਖਸ਼ ਦਿਤੀ ਪਰ ਜਦੋਂ ਅਸਲੀ ਸਰਪੰਚ ਆਇਆ ਤਾਂ ਉਹ ਉਠ ਕੇ ਪਰਾਂ ਹੋ ਗਿਆ ਕਹਿੰਦਾ -ਆਓ ਜੀ ਸਰਪੰਚ ਸਾਹਿਬ ਇਹ ਤੁਹਾਡੀ ਕੁਰਸੀ ਹੈ।

ਉਹਨਾਂ ਨੇ ਸਾਰੇ ਪਰਬੰਧ ਕਰ ਰੱਖੇ ਸਨ ਕਿ ਅੱਜ ਫਸਾਦ ਹੋਵੇਗਾ। ਪਰ ਸਰਪੰਚ ਨੇ ਕੋਈ ਅਜਿਹਾ ਨਹੀਂ ਸੀ ਕੀਤਾ। ਸਗੋਂ ਕਹਿ ਰਿਹਾ ਸੀ ਕਿ ਇਹਨਾਂ ਲਈ ਕੋਈ ਪਰਬੰਧ ਦੀ ਕੀ ਜਰੂਰਤ ਹੈ। ਕੰਮਜ਼ੋਰੀ ਲਈ ਕੋਈ ਪਰਬੰਧ ਨਹੀ ਚਾਹੀਦਾ।

ਕਈ ਵਾਰ ਘੋੜਸਵਾਰ ਵੀ ਸਜਾਏ ਜਾਂਦੇ ਹਨ। ਨੇਤਾ ਵੀ ਉਸਾਰੇ ਜਾਂ ਪੱਥੇ ਜਾਂਦੇ ਹਨ ਜਿਵੇਂ ਮਾਂ ਗੋਬਰ ਤੋਂ ਪਾਥੀ ਬਣਾ ਦਿੰਦੀ ਸੀ। ਚੌਂਕਾ ਲਿੱਪ ਸਿੰਗਾਰ ਦਿੰਦੀ ਸੀ।

ਪਰੰਪਰਾ ਕੋਈ ਸੰਜ਼ਮ ਨਹੀਂ। ਆਤਮਬਲੀ ਹੋ ਜਾਓ ਨਾਨਕ ਦਾ ਰਾਹ ਹੀ ਆਤਮਬਲ ਸਿਖਾਉਂਦਾ ਹੈ। ਡਰਪੋਕ ਕਮਜ਼ੋਰ ਕਦੇ ਘਰੀਂ ਜਿੱਤਾਂ ਨਹੀਂ ਲੈ ਕੇ ਪਰਤੇ। ਮੇਰੀਆ ਸਤਰਾਂ ਪੁਕਾਰਦੀਆ ਹਨ ਅਜੇ ਵੀ ਕਿ....

'ਗੋਬਿੰਦ ਨਹੀਂ ਕਦੇ ਹਾਰੇ
ਸਾਹਿਬਜ਼ਾਦੇ ਹੀ ਤਲਵਾਰਾਂ ਚੁੰਮਦੇ ਆਏ ਨੇ
ਦੀਵਾਰਾਂ ਤਾਂ ਨੰਨੇ ਮੁੰਨੇ ਸਿਤਾਰੇ ਵੀ ਢਾਹ ਦਿੰਦੇ ਹਨ'

ਕਮਜ਼ੋਰਾਂ ਮੂਹਰੇ ਹੀ ਆਉਦੀਆ ਹਨ ਮੁਸ਼ਕਲਾਂ। ਘਰ ਉਹਨਾਂ ਦੇ ਹੀ ਢਾਹੇ ਜਾਂਦੇ ਹਨ ਜੋ ਤਰਲੇ ਕਰਦੇ ਹਨ। ਜੋ ਆਪਣੇ ਬਲ ਤੇ ਇਕੱਲੇ ਹੀ ਖੜ ਜਾਂਦੇ ਹਨ ਉਹਨਾਂ ਕੋਲੋਂ ਹਰ ਕੋਈ ਡਰਨ ਲਗਦਾ ਹੈ। ਭੈਅ ਖਾਂਦਾ ਹੈ ਹਰੇਕ। ਉਹਨਾਂ ਦੀ ਹਵਾ ਵੱਲ ਵੀ ਨਹੀਂ ਕੋਈ ਝਾਕੇਗਾ।
ਗੋਬਿੰਦ ਕੋਲੋਂ ਕਿਉ ਡਰਦੇ ਨੇ ਸਾਰੇ ਕਿਉਕਿ ਉਸ ਕੋਲ ਲੜਨ ਦੀ ਇੱਛਾ ਹੈ ਆਤਮ ਵਿਸ਼ਵਾਸ ਹੈ।
ਗੋਬਿੰਦ ਕੋਲ ਸ਼ਾਸਤਰ ਵੀ ਹੈ ਸ਼ਸਤਰ ਵੀ। ਉਹ ਹਰੇਕ ਜ਼ੁਲਮ ਲਈ ਨਗਮਾਂ ਹੈ, ਰਾਗ ਹੈ। ਹਰ ਸਤਰ ਦਾ ਗੀਤ ਹੈ ਉਹ। ਹਰ ਸਮੇਂ ਦਾ ਸਹਾਰਾ ਹੈ।

ਅੱਜ ਸੱਤਾ ਵੀ ਏਹੀ ਮਾਪਦੰਡ ਵਰਤ ਰਹੀ ਹੈ। ਡਰ ਭੌਅ ਵੰਡ ਦਿਤਾ ਹੈ ਤਖਤ ਨੇ। ਗਰੀਬ ਝੱਲ ਰਿਹਾ ਹੈ ਘਰ ਘਰ। ਗੁਰਬੱਤ ਦਰ ਘਰ 'ਚ ਵਿਛਾ ਦਿਤੀ ਗਈ ਹੈ। ਏਹੀ ਸੱਤਾ ਦਾ ਨਿਸ਼ਾਨਾ ਹੁੰਦਾ ਹੈ।
ਇਹਨਾਂ ਹਲਾਤਾਂ 'ਚ ਸਦਾ ਤਲਵੇ ਚੱਟ ਅਮੀਰ ਜਾਂ ਤਰਲੇ ਮਿੰਨਤਾਂ ਵਾਲੇ ਲਾਹਾ ਖੱਟਦੇ ਹਨ। ਅਜਿਹਾ ਕਈ ਵਾਰ ਦੇਰ ਤਕ ਹੋ ਜਾਂਦਾ ਹੈ ਜਾਂ ਫਿਰ ਲਾਭ ਮੌਕਾ ਸੰਭਾਲ ਫਾਇਦਾ ਚੱਕ ਲੈਂਦੇ ਹਨ। ਇਹ ਰੁੱਚੀ ਵਿਉਪਾਰੀ ਵਰਗ 'ਚ ਆਮ ਹੁੰਦੀ ਹੈ।

ਜਦੋਂ ਇਹ ਸੋਚਦੇ ਹੋ ਕਿ ਮਨ ਅਸ਼ਾਂਤ ਹੈ। ਤਾਂ ਮਨ 'ਚ ਤਣਾਅ ਉਤਪੰਨ ਹੁੰਦਾ ਹੈ। ਆਪਸੀ ਮਨ ਵਿਰੋਧਤਾ ਦਾ ਪਰਚੰਮ ਉਡਦਾ ਹੈ। ਕਿਸੇ ਆਪਣੇ ਦੀ ਉਡੀਕ 'ਚ ਉਦਾਸ ਮਨ ਝੁਰਦਾ ਹੈ। ਖੁਸ਼ੀ ਅਲੋਪ ਕਰ ਲੈਂਦੇ ਹੋ ਤੁਸੀਂ। ਏਸੇ ਹੀ ਮੰਦਭਾਗੀ ਦਸ਼ਾ 'ਚੋਂ ਕੱਢਣਾ ਮੇਰਾ ਉਦੇਸ਼ ਹੈ ਅੱਜ ਦੀ ਵਾਰਤਾ ਦਾ। ਆਪਣੇ ਆਪ 'ਚ ਖੁਸ਼ ਹੋ ਜਾਓ ਨਾਨਕ ਦੀਆ ਛਾਵਾਂ 'ਚ ਅਨੰਦ ਮਾਣੋ। ਕੋਈ ਦੁਨੀਆ ਦੀ ਤਾਕਤ ਨਹੀਂ ਰੁਲਾ ਸਕੇਗੀ ਤੁਹਾਨੂੰ।
ਕੱਲ ਫਿਰ ਮਿਲਾਂਗੇ ਅੱਜ ਦਾ ਦਿਨ ਦੁਪਹਿਰ ਸ਼ਾਮ ਆਪ ਮਾਣੋ। ਬਲਵੀਰ ਬੋਲਦਾ ਚਲਾ ਗਿਆ।

21. ਜ਼ਿੰਦਗੀ 'ਤੋਂ ਉੱਚਾ ਕੋਈ ਅਰਸ਼ ਨਹੀਂ ਹੁੰਦਾ
ਜੇ ਆਪਣੇ ਨਾਂ ਨੂੰ ਚਾਰ ਚੰਨ ਲਾ ਲਓਗੇ ਤਾਂ ਇਸ ਤੋਂ ਵੱਡਾ ਤਗਮਾ ਕੋਈ ਨਹੀਂ

ਕੀ ਹੋਇਆ ਸੀ ਇਕ ਦਿਨ। ਸਰਹੰਦ ਦੇ ਰਾਹਾਂ 'ਚ ਲੋਰੀਆ ਖਿੱਲਰ ਗਈਆ ਸਨ। ਦੀਵਾਰਾਂ ਭਿੱਜ ਗਈਆਂ ਸਨ ਅਰਜ਼ਾਂ ਦਲੀਲਾਂ ਨਾਲ। ਸੂਰਜ ਦੀ ਕਿਸੇ ਨਾ ਸੁਣੀ। ਧਰਤ ਨੂੰ ਗਸ਼ ਪੈ ਗਏ ਸਨ। ਅਸਮਾਨ ਚੀਰਿਆ ਗਿਆ ਸੀ। ਦਰਿਆ ਰੁਕ ਗਏ ਸਨ। ਦਿਨੇ ਹਨੇਰਾ ਹੋ ਗਿਆ ਸੀ। ਹਵਾਵਾਂ 'ਚੋਂ ਰਾਗ ਗੁੰਮ ਹੋ ਗਏ ਸਨ। ਬਹੁਤ ਰੋਏ ਸਨ ਤਾਰੇ। ਚੰਨ ਨੇ ਵੀ ਬਥੇਰਾ ਰੋਕਿਆ ਸੀ ਹਨੇਰੇ ਨੂੰ। ਬਚਪਨ ਕੰਧਾਂ 'ਤੇ ਲਿਖਿਆ ਗਿਆ ਸੀ। ਬਜ਼ੁਰਗ ਪਰਬਤਾਂ ਦੀ ਵੀ ਕਿਸੇ ਨਾ ਸੁਣੀ। ਸਮੁੰਦਰ ਨੂੰ ਸੋਕਾ ਪੈ ਗਿਆ ਸੀ। ਘਰਾਂ 'ਚ ਅੱਗ ਆ ਵੜੀ ਸੀ। ਦਰਾਂ 'ਤੇ ਬਦੀ ਆ ਚੜੀ ਸੀ। ਜ਼ਹਾਨ ਚ ਹਨੇਰ ਹੋ ਗਿਆ ਸੀ। ਤਖ਼ਤ ਤੇ ਕਾਨੂੰਨ ਦੀਆਂ ਅੱਖਾਂ ਅੰਨੀਆ ਹੋ ਗਈਆ ਸਨ। ਕੀ ਕੀ ਨਹੀ ਸੀ ਹੋਇਆ ਇਸ ਦਿਨ। ਓਸ ਦਿਨ ਸੰਗਤ 'ਚੋਂ ਕਈ ਔਰਤਾਂ ਨੇ ਆ ਕੇ ਬਲਵੀਰ ਦੇ ਮਨ ਨੂੰ ਹੋਰ ਉਤਸ਼ਾਹ ਤੇ ਸ਼ਾਬਾਸ਼ ਦੇ ਕੇ ਭਰੋਸਾ ਭਰ ਦਿੱਤਾ ਸੀ। ਰਹਿਣ ਦੇ ਬੀਅ ਮਿੱਟੀ ਵਿਚ ਹੀ ਰਹਿਣ ਦੇ। ਬਾਹਰ ਜੇ ਰਹਿ ਗਏ ਤਾਂ ਅੰਗਿਆਰ ਬਣ ਜਾਣਗੇ। ਬਲਵੀਰ ਲਿਖਦਾ। ਭਾਂਵੇਂ ਕਿਤਿਓਂ ਵੀ ਬਹਾਰ ਆ ਜਾਵੇ ਭੁੱਖ ਦੇ ਦੁੱਖ ਕਿਸੇ ਨੇ ਵੀ ਨਹੀਂ ਪੂੰਝਣੇ। ਸੜਕਾਂ ਤੇ ਇਕ ਗੀਤ ਫਿਰ ਉਤਰੇਗਾ। ਗਲੀ ਗਲੀ ਜ਼ਮੀਰ ਵਿਕੇਗੀ ਫਿਰ ਇਕ ਵਾਰ। ਦਰੀਂ ਤੇਰੇ ਸ਼ਹਿਰ ਸ਼ਹਿਰ ਚਰਚਾ ਹੋਵੇਗਾ। ਘਰੋਂ ਬਾਹਰ ਆ ਕੇ ਮਰੇਗੀ ਇਕ ਨਵੀਂ ਬਹਾਰ ਵਰਗੀ ਕੁੜੀ। ਆਪਣੀ ਮੁਹੱਬਤ ਨੂੰ ਯਾਦ ਕਰਦਿਆਂ ਕਰਦਿਆਂ ਬਲਵੀਰ ਕਹਿਣ ਲੱਗਾ।
ਏਨਾ ਹੀ ਪਤਾ ਸੀ ਕਿ ਮਿਲਣ ਵੇਲੇ ਸਿਰਫ ਤੂੰ ਹੀ ਹੋਣਾ ਸੀ। ਜਾਂ ਹੋਣਾ ਸੀ ਤੇਰਾ ਓਹੀ ਪਹਿਲਾਂ ਵਾਲਾ ਪਿਆਰ। ਨਖਰਿਆ ਲਾਰਿਆਂ ਵਾਲਾ ਹਾਉਕਾ। ਤੇਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਰੋਸਾ ਤੇ ਮੇਰਾ ਵਾਰ ਵਾਰ ਮਨਾਉਣਾ। ਤੇ ਤੇਰਾ ਨਾ ਮੰਨਣਾਂ। ਕਿੱਡੇ ਵੱਡੇ ਹੋ ਜਾਂਦੇ ਸਨ ਉਹ ਦਿਨ ਤੇ ਉਡੀਕ 'ਚ ਭਿੱਜੀਆਂ ਰਾਤਾਂ ਤੇ ਪਰਭਾਤਾਂ। ਕਿੰਨਾ ਚੰਗਾ ਹੁੰਦਾ ਸੀ ਉਹ ਰੁੱਸਿਆ ਹੋਇਆ ਦਿਨ। ਉਹ ਨਰਾਜ਼ ਜੇਹੀ ਕੋਲ ਬੈਠੀ ਰਾਤ ਦਾ ਚੰਨ। ਤੂੰ ਮਿਲਦੀ ਬੱਚਿਆਂ 'ਚ ਉਲਝੀ ਕਾਇਨਾਤ ਵਾਂਗ। ਤਾਰੇ ਸਾਂਭਦੀ ਕੱਲੀ ਕਿਸੇ ਬਹਾਨੇ ਆਈ ਹਵਾ ਦੇ ਬੁਲੇ ਵਾਂਗ। ਚੰਨ ਤੋਂ ਡਰਦੀ ਰੁੱਖਾਂ ਦੀਆ ਛਾਵਾਂ ਤੋਂ ਸ਼ਰਮਾਉਂਦੀ। ਓਹੀ ਅਣਬੁਝੀ ਚਿੰਗਾਰੀ ਲੈ ਕੇ ਹਿੱਕ 'ਚ।
ਦੇਖ ਅੱਜਕਲ ਪਰਛਾਂਵੇਂ ਵੀ ਸੰਗਣ ਲੱਗ ਪਏ ਹਨ -ਬਲਵੀਰ ਬੋਲਦਾ।

ਰੁੱਤਾਂ ਵੀ ਪੁੱਛ ਕੇ ਸ਼ਹਿਰੀਂ ਵੜਦੀਆ ਹਨ। ਚੁੰਨੀਆਂ ਨਾਲ ਅਜੇ ਵੀ ਮੂੰਹ ਢਕਦੀਆ ਹਨ ਸ਼ਾਮਾਂ। ਸਿਤਾਰਿਆਂ ਨੂੰ ਹਿੱਕਾਂ ਸੰਗ ਲਾ ਲਾ ਕੇ ਸੌਂਦੀਆਂ ਨੇ ਰਾਤਾਂ। ਪੁਰਾਣੇ ਦਿਨਾਂ ਨੂੰ ਲੜਾਂ ਨਾਲ ਬੰਨ ਕੇ ਕਿੱਕਲੀ ਪਾਉਂਦੀਆਂ ਹਨ। ਆਨੇ ਬਹਾਨੇ ਕਰ ਪੈਰ ਦੀ ਮੋਚ ਕੱਢਵਾਉਂਦੀਆਂ ਹਨ। ਹਵਾਵਾਂ ਅਜੇ ਵੀ ਲੰਘ ਜਾਂਦੀਆਂ ਨੇ ਬੇਪਛਾਣ ਕਰਕੇ।

ਦੇਖ ਲੈ ਅਜਿਹੇ ਵੀ ਹੋਣੇ ਸਨ ਹਾਦਸੇ। ਜਿਹਨਾਂ 'ਚ ਰੂਹਾਂ ਮਰਦੀਆ ਤਾਂ ਹਨ ਪਰ ਉਹਨਾਂ ਦੇ ਰੁਦਨ ਕੋਈ ਵੀ ਜ਼ਮਾਨੇ ਵਾਲਾ ਨਹੀਂ ਸੁਣਦਾ। ਕਿੱਲੀ 'ਤੇ ਪੋਣੇ 'ਚ ਟੰਗੀਆਾਂ ਰਹਿ ਜਾਂਦੀਆ ਨੇ ਇਹੋ ਜੇਹੀਆਂ ਜੁਆਨੀਆਂ ਦੀਆ ਸੱਧਰਾਂ। ਤੈਂ ਹੋਣਾ ਸੀ ਵਕਤ ਨੇ ਟੁਰਨਾ ਸੀ ਨਾਲ ਨਾਲ। ਖੇਲਦੀ ਦੇ ਗੀਟਿਆਂ ਨੇ ਡਿੱਗਣਾ ਸੀ ਵਾਰ ਵਾਰ। ਘਰਾਂ ਦੀ ਵਾਰਤਾ ਭੁੱਲਣੀ ਸੀ ਸ਼ਾਮਾਂ ਨੂੰ। ਸਹੇਲੀਆਂ ਦੇ ਸਾਥ ਵਿਛੜਣੇ ਸਨ।

ਵੰਝਲੀ ਨੇ ਕੁਰਲਾਉਣਾ ਸੀ। ਛੇਕਾਂ ਨੇ ਚੀਕਣਾਂ ਸੀ।ਵੇਦਨਾਂ ਨੇ ਡੁਸਕਣਾ ਸੀ। ਭੰਵਰਿਆ ਨੇ ਕੁਰਬਾਨ ਹੋਣ ਦੀ ਗੱਲ ਕਰਨੀ ਸੀ ਹੌਲੀ ਹੌਲੀ। ਤੇਰੇ ਵਿਯੋਗ ਨੇ ਟੁਰਨਾ ਸੀ ਨਾਲ ਨਾਲ । ਵਕਤ 'ਕੱਲੇ ਨੇ ਹੀ ਮਰਨਾ ਸੀ ਆਪਣੀ ਮੌਤ ਤੇਰੇ ਬਗ਼ੈਰ। ਖਬਰੇ ਕੀ ਕੁਝ ਨਹੀਂ ਸੀ ਹੋਇਆ ਓਸ ਦਿਨ। ਕਿਸੇ ਆਪਣੇ ਨੂੰ ਜਦ ਕੋਈ ਕੱਲਿਆਂ ਛੱਡ ਟੁਰਦਾ ਹੈ। ਤਾਂ ਖੰਭ ਝੜਦੇ ਨਹੀਂ ਦੇਖੇ ਜਾਂਦੇ। ਉਡਾਨਾਂ 'ਚੋਂ ਕੋਈ ਰਹਿਬਰ ਨਹੀਂ ਲੱਭਦਾ।

ਤਾਰੇ ਕਿਰਦੇ ਨਹੀਂ ਚੁਗੇ ਜਾਂਦੇ। ਵਿਲਕਦੇ ਸਾਹਾਂ ਨੂੰ ਕੋਈ ਨਹੀਂ ਵਰਾਉਂਦਾ ਹੁੰਦਾ। ਦੇਖੀਂ ਕਿਤੇ ਚੇਤਾ ਨਾ ਭੁਲਾ ਦੇਵੀਂ ਜ਼ਿੰਦਗੀ ਦੀਆਂ ਹਿੱਕਾਂ 'ਚੋਂ ਧੜਕਣਾਂ ਗੁਆਚ ਜਾਣਗੀਆਂ। ਕਿਸੇ ਨੇ ਪੁਰਾਣੇ ਪਾਟੇ ਗੀਤ ਨਹੀਂ ਸੀਣੇ। ਕਿਸੇ ਧਰਤ ਨੇ ਡੁੱਲ਼ੇ ਅਨਾਥ ਹੰਝੂ ਨਹੀਂ 'ਕੱਠੇ ਕਰਨੇ।
ਰਾਤਾਂ ਦੇ ਕੋਲ ਹੀ ਰਹਿਮਤਾਂ ਰਹਿਣ ਦੇਣੀਆਂ ਚਾਹੀਦੀਆਂ ਨੇ। ਬਾਤਾਂ ਦੇ ਕੋਲ ਹੀ ਲੋਰੀਆਂ ਨੂੰ ਸੌਣ ਦੇਣਾ ਚੰਗਾ ਹੁੰਦਾ ਹੈ।

ਰਹਿਣਦੇ ਪੱਬ ਛਣਕਦੇ ਝਾਂਜ਼ਰਾਂ ਨਾ ਲਾਹ
ਲੈਣ ਦੇ ਅੰਗੜਾਈਆ ਐਵੇਂ ਬਾਹਾਂ ਨਾ ਛੁਪਾ
ਦੇਖ ਕਿੰਨਾ ਇਹਨਾਂ ਨੂੰ ਚੜਿਆ ਮਿਲਣ ਦਾ ਚਾਅ
ਘੁੱਟ ਲੈ ਇਹਨਾਂ ਨੂੰ ਹਿੱਕ ਨਾਲ
ਨਾ ਕਿਸੇ ਦੀ ਲੱਗ ਜਾਏ ਇਹਨਾਂ ਨੂੰ ਹਾਅ

ਰਣਜੀਤ ਨੂੰ ਉਦਾਸ ਨਹੀਂ ਸੀ ਜਾਪਦੀ ਰਾਤ। ਚੁੱਪ ਜੇਹੀ ਹੋ ਕੇ ਬੈਠੀ ਇਕ ਪਾਸੇ। ਸਾਹ ਵੀ ਆ ਜਾ ਰਹੇ ਸਨ। ਪਰ ਚੁੱਪ ਦਾ ਕੋਈ ਕੋਈ ਹੀ ਕਾਰਣ ਪੁੱਛਦਾ ਹੈ। ਤੇ ਨਾ ਹੀ ਇਹ ਲੋਕ ਜਾਣਦੇ ਹਨ। ਚੁੱਪ ਦੀਆਂ ਬਾਤਾਂ ਜੋ ਨੀਂਦਰ 'ਚ ਵੀ ਸੁਣੀਆਂ ਹੋਣ।

ਕੌਣ ਨਹੀਂ ਜਾਣਦਾ ਕਿ ਚੁੱਪ ਕੋਲ ਦੁੱਖ ਬਹੁਤ ਹੁੰਦੇ ਹਨ। ਚੁੱਪ ਕੋਲ ਕੋਈ ਬੈਠੇ ਤਾਂ ਸੁਣੇ? ਉਹ ਸਵਾਲ ਕਰਦੀ ਦੁਨੀਆਂ ਨੂੰ। ਕਿਸੇ ਚੁੱਪ ਕੋਲ ਦੁੱਖ ਵਿਯੋਗ ਕਿਸੇ ਚੁੱਪ ਤਨ ਉਦਾਸ ਜੇਹਾ ਰੋਗ। ਨਾ ਕੋਈ ਸੁਣੇ ਨਾ ਕਿਸੇ ਯੋਗ। ਚੁੱਪ ਦੇ ਨਾ ਮਰਦੇ ਚੁੱਪ ਜੇਹੇ ਰੋਗ।

ਤੂੰ ਓਹਦੀ ਉਡੀਕ 'ਚ ਉਦਾਸ ਨਾ ਹੋਇਆ ਕਰ-ਬਲਵੀਰ ਕਹਿੰਦਾ। ਰੂਹਾਂ ਨੂੰ ਲੱਗ ਜਾਂਦੀ ਹੈ -ਚੁੱਪ ਜੇਹੀ ਉਦਾਸੀ ਦੀ ਬਿਮਾਰੀ। ਕੋਈ ਅਜੀਬ ਜੇਹੇ ਖਿਆਲ। ਨਾ ਰਿੜਕਿਆ ਕਰ ਚੁੱਪ ਜੇਹੇ ਸਵੇਰਿਆਂ 'ਚ ਚੰਨ ਤਾਰਿਆਂ ਨਾਲ ਭਰਿਆ ਅੱਧਰਿੜਕਾ।

ਜ਼ਿੰਦਗੀ ਦੀ ਪੌੜੀ ਬਹੁਤੀ ਲੰਬੀ ਨਹੀਂ ਹੈ।
ਇਕ ਰਾਤ ਮਿਲੀ ਹੈ ਗੁਆ ਨਾ ਰੋ ਰੋ ਕੇ।
ਏਥੇ ਕੋਈ ਨਹੀਂ ਸੁਣਦਾ ਹੰਝੂਆ ਭਰੀਆ ਰਾਤਾਂ ਨੂੰ।
ਦੀਵਿਆਂ ਬਿਨ ਸਵਾਤਾਂ ਨੂੰ।
ਬਲਦੇ ਪਹਿਰ ਹਲਾਤਾਂ ਨੂੰ।

ਚੁੱਪ ਜੇਹੀ ਕਦੇ ਕਿਸੇ ਗਲੀ ' ਚ ਨਾ ਜਾਵੀਂ।
ਉਦਾਸ ਜੇਹੀ ਕਦੇ ਬਾਤ ਨਾ ਪਾਇਆ ਕਰ।
ਕਿਸੇ ਦੇ ਹੱਥ ਦੁੱਧ ਦੇ ਫੇਹੇ ਨਹੀਂ ਅੱਜ ਕੱਲ੍ਹ
ਕਿ ਰੱਖ ਦੇਵੇਗਾ ਬਲਦੀਆਂ ਪਲਕਾਂ 'ਤੇ।
ਐਵੇਂ ਹੀ ਬਦਨਾਮ ਹੋ ਜਾਂਦੇ ਨੇ ਨਾਂ।
ਚੁੱਪ ਉਦਾਸ ਜੇਹੀਆ ਸੜਕਾਂ ਦੇ।

ਸਦੀਆਂ ਭਰ ਅਰਸ਼ ਕਿਨਾਰੇ ਲਿਖਦਾ ਰਿਹਾ ਇਕ ਨਾਮ ਤੇਰਾ।
ਸ਼ਹਿਰ ਦੇ ਘਰ ਘਰ ਨੇ ਐਵੇਂ ਨਾਂ ਕਰ ਦਿਤਾ ਸੀ ਬਦਨਾਮ ਮੇਰਾ।

ਇਕ ਮਹਿਫ਼ਲ 'ਚ ਗੱਲ ਤੁਰ ਪਈ ਸੀ ਕਿ ਹੱਥਾਂ 'ਚ ਨਹੀਂ ਟਿਕਦਾ ਹਰ ਰੋਜ਼ ਸੂਰਜ। ਰਾਤ 'ਚੋਂ ਗੁਆਚ ਜਾਂਦਾ ਹੈ ਸਰ੍ਹਾਣੇ ਪਿਆ ਚੰਦ। ਕਰੀਏ ਤਾਂ ਕੀ ਕਰੀਏ। ਕਦੇ ਟੁੱਟ ਜਾਂਦਾ ਹੈ ਸੂਰਜ ਕਦੇ ਭੁਰ ਜਾਂਦਾ ਹੈ ਚੰਦ। ਨਹੀਂ ਲਿਖਿਆ ਰਹਿੰਦਾ ਤੇਰਾ ਨਾਂ ਅਰਸ਼ ਕਿਨਾਰੇ। ਨਾ ਹੀ ਫੜ ਹੁੰਦੇ ਹਨ ਸਾਰੇ ਦੇ ਸਾਰੇ ਕਿਰਦੇ ਤਾਰੇ। ਕਿੰਨੀਆਂ ਕੁ ਮਰਮਾਂ ਲਾਵਾਂ ਜ਼ਖਮਾਂ 'ਤੇ ਕਿੰਨੇ ਕੁ ਭਰ ਦੇਵਾਂ ਫੱਟ ਤੇਰੇ ਇਸ਼ਕੇ ਦੇ। ਸਮਝ ਨਾ ਲਗਦੀ।
ਫੱਟ ਭਰ ਵੀ ਦੇਵਾਂ ਤਰੇੜਾਂ ਦਿਸਦੀਆਂ ਹੀ ਰਹਿੰਦੀਆਂ ਹਨ। ਪਲਕਾਂ ਬੰਦ ਵੀ ਕਰ ਲਵਾਂ। ਮਰਦੇ ਅੱਥਰੂ ਨਹੀਂ ਬਚਦੇ ਕਦੇ।
ਕੀ ਕਰਾਂ ਸਾਰਾ ਸਾਰਾ ਦਿਨ ਨਹੀਂ ਦੇਖੇ ਜਾਂਦੇ ਤੇਰੇ ਵਿਲਕਦੇ ਨੈਣ ਤੇ ਤੱਕ ਤੱਕ ਸਿਸਕਦੀ ਹਿੱਕ। ਬਲਵੀਰ ਰਣਜੀਤ ਨੂੰ ਕਹਿੰਦਾ।

ਬਹੁਤ ਔਖਾ ਹੁੰਦਾ ਹੈ ਬੇਚੈਨ ਰੂਹਾਂ ਨਾਲ ਸੌਣਾਂ। ਘਰੀਂ ਪਰਤਣਾ ਹਾਰੀਆਂ ਰੀਝਾਂ ਲੈ ਕੇ। ਤੇ ਝੂਠੇ ਧਰਵਾਸ ਸਰ੍ਹਾਣੇ ਹੇਠ ਰੱਖ ਰੱਖ ਵਿਰਾਉਣੀਆਂ ਰੋਂਦੀਆਂ ਕਾਲੀਆਂ ਕਾਲੀਆਂ ਰਾਤਾਂ।
ਓਦੋਂ ਨਾ ਤਾਂ ਬਚੇ ਤਾਰੇ ਵਿਰਦੇ ਨੇ ਤੇ ਨਾ ਹੀ ਖਾਬਾਂ ਦੀਆ ਟੁੱਟੀਆਂ ਕਰਵਟਾਂ ਦੀਆਂ ਆਹਾਂ ਜੁੜਦੀਆਂ ਹਨ।
ਕੋਈ ਤਾਂ ਦਿਨ ਹੋਵੇ ਕਿ ਓਹਦੇ ਨਾਂ ਲਿਖਾਂ। ਕੋਈ ਤਾਂ ਸਫ਼ਾ ਪਰਤ ਕੇ ਦੇਖਾਂ ਕਿ ਹੋਵੇ ਓਹਦੇ ਨਕਸ਼ਾਂ ਵਰਗਾ। ਉਡੀਕ ਕੀ ਕਰਨੀ ਜੇ ਆਉਣਾ ਹੀ ਨਹੀਂ ਕਿਸੇ ਨੇ। ਬੂਹੇ ਦਰ ਸਜਾਵਾਂ ਤਾਂ ਕਿਹਦੇ ਲਈ। ਬਲਵੀਰ ਆਪਣੇ ਆਪ ਨੂੰ ਵੀ ਕੋਸਦਾ ਕਦੇ ਕਦੇ।
ਇਬਾਦਤ ਹੋਵੇ ਤਾਂ ਦੱਸ ਕਿਹੜੇ ਹੁਸਨ ਦੀ ਤਕਦੀਰ ਹੋਵੇ। ਖ਼ਤ ਲਿਖਾਂ ਤਾਂ ਦੱਸ ਕਿਹਦਾ ਸਿਰਨਾਵਾਂ ਕਰਾਂ। ਜ਼ਖਮ ਰੋਂਦੇ ਨੇ ਦੱਸ ਕਿਹਦੇ ਦਰਦ ਨਾਲ ਭਰਾਂ ਇਹਨਾਂ ਨੂੰ।

ਡਿਓੜੀਆ 'ਚ ਬੈਠੀ ਖੂੰਡੀ ਤੇ ਜਿੰਦਰੇ ਨਾ ਗੁਆਇਓ। ਛੱਤਾਂ ਚੰਨ ਵਿਹੂਣੀਆ ਜੰਮ ਪੈਣਗੀਆਂ। ਸ਼ਰੀਂਹ ਦੇ ਪੱਤ ਨਹੀਂ ਬੱਝਣੇ ਬੂਹਿਆਂ 'ਤੇ। ਰਹਿਣ ਦੇ ਐਵੇਂ ਰਾਹਾਂ 'ਚ ਤਾਰੇ ਨਾ ਬੀਜਿਆ ਕਰ। ਸਿਖਰ ਦੁਪਹਿਰਾਂ 'ਚ ਕਿੱਥੇ ਜਗਦੇ ਨੇ ਇਹ ਸੂਰਜਾਂ ਦੇ ਝੰਭੇ ਹੋਏ ਗੀਤ।

22.

ਨਾ ਹੀ ਸੀ ਰੀਝ ਮਿਲਣ ਦੀ
ਨਾ ਹੀ ਕੋਈ ਹੰਝੂ ਰੋਇਆ
ਨਾ ਹੀ ਕਿਸੇ ਦੀ ਹਿੱਕ ਪਾਟੀ
ਇਸ ਤਰਾਂ ਇਕ ਹਾਦਸਾ ਹੋਇਆ
ਤੈਥੋਂ ਹੀ ਨਾ ਝਨਾਂ ਟੱਪ ਹੋਇਆ।
ਬਹੁਤ ਉਡੀਕ ਕੀਤੀ ਬਾਲੀਆਂ
ਪਲਕਾਂ ਤੇਰੇ ਇੰਤਜ਼ਾਰ 'ਚ।
ਤੈਥੋਂ ਹੀ ਨਾ ਹਿੱਕ ਨਾਲ ਲਾ ਕੇ ਰੱਖ ਹੋਇਆ।

ਹੁਸਨ ਵੱਡਾ ਹੋ ਹੋ ਕਈ ਵਾਰ ਮਰ ਗਿਆ ਸੀ।

ਐਵੇਂ ਨਾ ਪਰਤ ਜਾਵੀਂ
ਏਥੇ ਹੀ ਕੁਫਰ ਨੇ ਨੱਚਣਾਂ ਹੈ
ਓਸੇ ਹੀ ਥਾਂ ਤੇ ਖੜਾ ਹਾਂ ਚਿਰ ਦਾ
ਜਿੱਥੇ ਸੱਚ ਦਾ ਸਿਰ ਲੱਥਣਾ ਹੈ-

ਦਿਲ ਜੇ ਨਾਲ ਨਾ ਤੁਰਿਆ
ਤਾਂ 'ਕੱਲੀ ਹਿੱਕ ਨਾ ਤਾਰੀਂ
ਜੇ ਹੰਝੂ ਨਾਲ ਨਾ ਹੱਸੇ
ਤਾਂ ਐਵੇਂ ਕਿਸੇ ਨੂੰ ਅਵਾਜ਼ ਨਾ ਮਾਰੀਂ-

ਕੀ ਕੀ ਨਹੀਂ ਸਿਤਮ ਸਹੇ। ਕੀ ਕੀ ਨਹੀਂ ਵਰਤਿਆ ਤਲਵਾਰ ਨਾਲ ਅੱਜ ਤੱਕ ਸਮੇਂ ਨੂੰ ਪੁੱਛੀਂ। ਕੰਡਿਆਂ ਦੇ ਸੱਥਰ 'ਤੇ ਸੁੱਤੇ ਯਾਰ ਨੂੰ ਪੁੱਛੀਂ। ਕੀ ਕੀ ਨਹੀਂ ਬੀਤਿਆ ਤੇਰੇ ਪਰੀਵਾਰ ਨਾਲ।
ਤੂੰ ਕਲਾਵੇ 'ਚ ਆ ਜਾਂਦੀ ਤਾਂ ਨਜ਼ਮ ਬਣ ਜਾਣੀ ਸੀ। ਬਦਨ 'ਚ ਕੰਪਨ ਜਗ ਪੈਂਦੀ ਤਾਂ ਅੱਗ ਬਣ ਜਾਣੀ ਸੀ। ਬਹੁਤ ਔਖਾ ਹੁੰਦਾ ਹੈ ਵਿਲਕਦੀਆਂ ਝਾਂਜ਼ਰਾਂ ਛੱਡ ਬੱਗੇ ਪੱਬ ਲੈ ਉਡ ਜਾਣਾ ਤੇ ਮਹਿਫ਼ਲ ਸੁੰਨੀ ਕਰ ਜਾਣਾ ਦੁਨੀਆਂ ਦੀ।

ਪਿੰਡ ਨੂੰ ਸੰਬੋਧਿਤ ਹੋ ਇਕ ਦਿਨ ਜਦੋਂ ਪਿੰਡ ਬਲਵੀਰ ਗਿਆ ਤਾਂ ਕਹਿਣ ਲੱਗਾ।
ਹਾਂ ਮੈਂ ਆਇਆ ਹਾਂ। ਆਪਣੇ ਹੱਥੀਂ ਲਾਏ ਰੁੱਖਾਂ ਨੂੰ ਮਿਲਣ। ਕੌਣ ਨਹੀਂ ਆਉਂਦਾ ਆਪਣੀ ਚੀਜਾਂ ਨੂੰ ਦੇਖਣ ਰਾਹਾਂ ਨੂੰ ਤੱਕਣ। ਕੋਲ ਬੈਠ ਸੁਣਨ ਉਹਨਾਂ ਦੇ ਦੁੱਖਾਂ ਨੂੰ। ਛਾਂਵਾਂ ਫ਼ਲ ਦੇ ਦੇ ਬਖਸ਼ੇ ਸੁੱਖਾਂ ਨੂੰ।
ਗਲਵੱਕੜੀਆਂ 'ਚ ਲੈ ਲੈ ਜਦ ਮੈਂ ਉਹਨਾਂ ਨੂੰ ਸੀਨੇ ਨਾਲ ਲਾਇਆ ਸੀ। ਤਾਂ ਮੇਰੇ ਪਿੰਡ ਦੇ ਹਿੱਸੇ ਦਾ ਅਰਸ਼ ਰੋਇਆ ਸੀ ਮੇਰੇ ਨਾਲ। ਸਾਰਾ ਪਿੰਡ ਓਦਣ ਦੇਖਣ ਆਇਆ ਸੀ ਮੇਰੇ ਅੱਥਰੂ। ਅਸੀਂ ਇਕ ਦੂਸਰੇ ਦੀਆਂ ਮਜ਼ਬੂਰੀਆ ਸੁਣੀਆਂ ਤੇ ਇਕ ਦੂਸਰੇ ਨੂੰ ਸੁਣਾਈਆਂ ਵੀ । ਤੇ ਫਿਰ ਪਲ ਭਰ ਖਿੜ ਖਿੜਾ ਕੇ ਹੱਸੇ ਵੀ ਤੇ ਨੱਚੇ ਵੀ।
ਘਰਾਂ ਨੂੰ ਤਿਅਗਣਾਂ ਤੇ ਪਰਾਈ ਧਰਤ ਤੇ ਜਾ ਗੀਤ ਲੱਭਣੇ ਕਿਹੜੇ ਸੌਖੇ ਹੁੰਦੇ ਨੇ।

ਇਹ ਘਰਾਂ ਘਰਾਂ ਦੀ ਭੁੱਖ ਵੇ ਲੋਕੋ। ਅੰਦਰ ਵੜ ਵੜ ਡੁਸਕਣਾ ਤੇ ਕੰਧਾਂ ਨੂੰ ਵੀ ਦੁੱਖ ਨਾ ਦੱਸਣਾ ਤੂੰ ਕੀ ਜਾਣੇ ਕਿੰਨੀਆਂ ਲੰਮੀਆਂ ਸਜ਼ਾਵਾਂ ਵਾਂਗ ਹੁੰਦਾ ਹੈ। ਜ਼ਾਮ ਹੋਏ ਜ਼ੰਗਾਲੇ ਜਿੰਦਰੇ ਨੂੰ ਸਾਹ ਬਖਸ਼ਣਾ। ਦੀਵਾਰਾਂ 'ਤੋਂ ਗਰਦ ਘੱਟੇ ਦਾ ਤਰਸ ਪੂੰਝਣ ਮੈਂ ਤਾਂ ਆਇਆ ਸੀ। ਥਾਂ ਕੁਥਾਂਹ ਪਏ ਮੰਜ਼ੇ ਬਿਸਤਰਿਆਂ ਦੇ ਪਾਸੇ ਪਰਤਣ। ਤੇ ਉਹਨਾਂ ਦੀਆ ਹਿੱਕਾਂ 'ਤੇ ਇਕ ਦੋ ਸੁਫਨੇ ਹੋਰ ਧਰਨ। ਇਹਨਾਂ ਪੱਤਿਆਂ ਡਾਲੀਆਂ ਨੂੰ ਕੀ ਪਤਾ ਸੀ ਕਿ ਕਿੰਜ਼ ਪਿੰਡ ਦਾ ਧਨਾਢ ਬਣ ਜਾਂਦਾ ਸੀ ਹਰ ਵਾਰ ਸਰਪੰਚ। ਕਿ ਆਪਣੇ ਨਾਂ ਦੇ ਗੇਟ ਕਿੰਜ ਬਣ ਉਸਰ ਜਾਂਦੇ ਹਨ।

ਮਜ਼ਦੂਰ ਰੋਜ਼ੀ ਦੇ ਵਾਸਤਾ ਸਦਕਾ। ਕਿਉਂ ਨਿਮਾਣੇ ਜੇਹੇ ਹੋ ਹੱਥ ਜੋੜ ਜੋੜ ਖੜ ਜਾਂਦੇ ਹਨ। ਕਿ ਉਹਨਾਂ ਦੇ ਕਾਕਿਆਂ ਨੇ ਕੀ ਕੀ ਜ਼ਬਰ ਨਹੀਂ ਕੀਤਾ ਪੱਠਿਆਂ ਬਦਲੇ ਸ਼ਿੰਦੋ ਮਿੰਦੋ ਦੇ ਨਾਲ। ਪਿੰਡਾਂ ਦਾ ਕਿੰਜ ਰੁਲਦਾ ਹੈ ਹੁਸਨ। ਗਲੀਆਂ ਦੀ ਸਾਰ ਕਿਉਂ ਨਹੀਂ ਕੋਈ ਲੈਂਦਾ ਹਾਕਮ ਰਜਵਾੜਾ। ਕਿੱਥੇ ਗਰਕ ਹੋ ਜਾਂਦੀਆਂ ਨੇ। ਕਦੇ ਮਿਲੀਆਂ ਗਲੀਆਂ ਪੱਕੀਆਂ ਕਰਨ ਨੂੰ ਗਰਾਂਟਾਂ।
ਗੋਲਕਾਂ ਕੌਣ ਖਾ ਜਾਂਦਾ ਹੈ। ਬਾਅਦ 'ਚ ਭੁਲ ਝੁਕ ਦੀਆਂ ਅਰਦਾਸਾਂ ਕਰਕੇ ਬਖਸ਼ਾਉਂਦਾ। ਅਜੇ ਵੀ ਕਿਉਂ ਨੇ ਗੰਦੀਆਂ ਝਾਕਦੀਆਂ ਪਿੰਡ ਦੀਆਂ ਨਾਲੀਆਂ।
ਮਿਟਾ ਦਿਓ ਥਾਂ ਥਾਂ ਲਿਖੇ ਸਵਾਸਥ ਅਭੀਆਨਾਂ ਦੇ ਸੰਦੇਸ਼।
ਮੈਂ ਆਇਆ ਸਾਂ ਕਿ ਨਹਿਰ 'ਚ ਪਾਣੀ ਦੇਖਾਂਗਾ। ਛਾਵਾਂ ਹੋਰ ਹੋਣਗੀਆਂ ਗ਼ੂੜੀਆਂ ਬੋਹੜਾਂ ਪਿੱਪਲਾਂ ਦੀਆਂ। ਨਾ ਹੀ ਕਿਤੇ ਨਹਿਰ ਤੇ ਨਾ ਹੀ ਬੋਹੜਾਂ ਪਿੱਪਲਾਂ ਦੀ ਹੋਂਦ ਰਹੀ ਸੀ। ਕਿਹਨੂੰ ਦੱਸਾਂ ਇਹ ਰੁਦਣ ਅੱਖਾਂ ਦੇ ਕੀ ਸੁਣਾਂ ਦੁੱਖ ਕੱਖਾਂ ਦੇ। ਰੁੱਖਾਂ ਨੂੰ ਗਲ ਲਾ ਰੋ ਚਲਿਆ ਹਾਂ। ਸਾਹੀਂ ਹੰਝਆੂਂ ਨੂੰ ਪਰੋਅ ਚਲਿਆ ਹਾਂ।
ਮਿੱਟੀ ਨੂੰ ਉਲਾਂਬਾ ਦੇ ਦਿਤਾ ਹੈ। ਹਰ ਪਿੰਡ ਦਾ ਇਹ ਉਦਾਸਿਆ ਗੀਤ ਸਾਂਝਾ ਹੈ।
ਕਿੱਥੇ ਬਚਦੇ ਨੇ ਬੰਦਿਆਂ ਬਗੈਰ ਘਰ। ਟੁੱਟ ਜਾਂਦੇ ਹਨ ਖੁਰ ਜਾਂਦੇ ਹਨ ਘਰ। ਹੱਥੀਂ ਬਣਾਏ ਲਿੱਪੇ ਪੋਚੇ-ਇਤਿਹਾਸ ਦੇ ਪੰਨੇ। ਨਕਸ਼ ਪਏ ਰਹਿ ਜਾਂਦੇ ਹਨ ਘਰਾਂ 'ਚ।
ਹੰਝੂ ਕਿਰੇ ਰਹਿ ਜਾਂਦੇ ਹਨ ਦਰਾਂ 'ਚ। ਛੁਹਾਂ ਰਹਿ ਜਾਂਦੀਆਂ ਹਨ ਜਿੰਦਰਿਆਂ 'ਤੇ। ਮੁੱਖਾਂ 'ਤੇ ਚੁੰਮਣਾਂ ਵਾਂਗ ਪਿਆਰ। ਜਿਵੇਂ ਬੰਸਰੀ ਦੇ ਛੇਕਾਂ 'ਤੇ ਬੁੱਲਾਂ ਦੇ ਰਾਗ ਸਹਿਕਦੇ ਰਹਿੰਦੇ ਹਨ।

ਸਾਰੀ ਉਮਰ ਦਾ ਪਿਆਰ ਸਤੰਭ ਥਾਪਦਾ ਹੈ ਆਦਮੀ। ਹਨ੍ਹੇਰਿਆਂ 'ਚੋਂ ਮਿੱਟੀ ਦੀਆਂ ਮੁੱਠਾਂ ਭਰ ਭਰ। ਅੱਖਾਂ ਤੇ ਰੱਖ ਰੱਖ ਨਵੇਂ ਨਵੇਂ ਸੁਪਨੇ। ਨਾ ਟੁੱਟਣ ਵਾਲੀਆਂ ਪੱਕੀਆਂ ਪੱਕੀਆਂ ਇੱਟਾਂ ਦਾ ਓਟ ਆਸਰਾ ਲੈ। ਗੀਤ ਦੀਆਂ ਸਤਰਾਂ ਵਾਂਗ ਚਿਣਦਾ ਹੈ ਖੁਸ਼ੀਆਂ। ਸਾਹਾਂ ਨਾਲ ਮਿਣਦਾ ਹੈ ਉੱਚੀਆਂ ਹੁੰਦੀਆਂ ਆਸਾਂ। ਨਕਸ਼ੇ ਹੱਦਾਂ ਇੱਟਾਂ ਪੱਥਰਾਂ ਦੀ ਲੰਬੀ ਉਮਰ। ਅੰਬਰ ਨੂੰ ਹੱਥ ਲਾਉਣ ਵਾਲੀ ਛੱਤ। ਗੁਰੂਆ ਦੀਆਂ ਤੇ ਆਪਣੀਆਂ ਫ਼ੋਟੋਆਂ ਲਾ ਲਾ ਸਜਾਉਂਦਾ।

ਮੋਰ ਬੂਟੇ ਪਾਉਂਦਾ ਹੈ। ਰਸੋਈ ਦੀਵਾਰਾਂ ਦਰਾਂ ਦੇ ਭਵਿੱਖ ਦੇ ਸੁਫ਼ਨੇ ਬੀਜਦਾ ਹੈ। ਘਰ ਦੀਵਾਰਾਂ ਗਿੱਧਿਆਂ ਵਿਆਹਾਂ ਪਾਠਾਂ ਅਨੰਦਮਈ ਗੀਤਾਂ ਕਾਰ ਵਿਹਾਰਾਂ ਨਾਲ। ਡੰਗਰ ਵੱਛੇ ਬਗੈਰ ਰੁੱਖਾਂ ਦੇ ਰਾਖਿਆਂ ਤੋਂ ਬਾਂਝੇ ਕਲੇਸ਼ਾਂ, ਸਰਾਪਾਂ, ਹਾਸਿਆਂ ਰੋਸਿਆਂ ਬਗ਼ੈਰ ਹੌਲੀ ਹੌਲੀ ਤੁਰਦੇ ਤੁਰਦੇ ਘਰ ਬੁੱਢੇ ਹੋ ਜਾਂਦੇ ਹਨ। ਖੁਰਦੇ ਭੁਰਦੇ ਡਿੱਗਣ ਢਹਿਣ ਲੱਗ ਪੈਂਦੇ ਹਨ। ਰੋਸ਼ਨਦਾਨਾਂ ਤੋਂ ਰਿਸ਼ਮਾਂ ਡਰਨ ਲੱਗ ਜਾਂਦੀਆਂ ਹਨ।

ਬੰਦ ਬੂਹਿਆਂ ਤੋਂ ਓਹੀ ਕੰਜ਼ਕਾਂ ਘਬਰਾ ਘਬਰਾ ਕੇ ਲੰਘਦੀਆਂ ਹਨ। ਪ੍ਰਾਹੁਣੇ, ਲਲਕਾਰੇ, ਚਾਅ, ਹਾਉਕਿਆਂ ਦੇ ਪਹਿਰਾਵੇ ਪਹਿਨ ਲੈਂਦੇ ਹਨ। ਸਾਰਾ ਸਾਰਾ ਦਿਨ ਲਿਟਣ ਵਾਲੇ ਯਾਰ ਕਈ ਕਈ ਦਿਨ ਰਹਿਣ ਵਾਲੀਆਂ ਮਾਸੀਆਂ ਮਾਸੜ ਭੂਆ ਫੁੱਫੜ ਵੀ ਨਹੀਂ ਵੜ੍ਹਦੇ ਓਸੇ ਘਰ ਵਿਚ ਫਿਰ।

ਚੌਕੀਦਾਰ ਹੋਕਾ ਵੀ ਦੇਣੋ ਹਟ ਜਾਂਦਾ ਹੈ ਨੇੜੇ ਆ ਕੇ। ਨਾਨਕ ਦਾ ਸ਼ਬਦ ਵੀ ਨਹੀਂ ਬੋਲਦਾ ਓਸ ਵਿਹੜੇ ਵਿਚ। ਜੋ ਤੜਕੇ ਹੀ ਹਨ੍ਹੇਰੇ 'ਚ ਘੁੰਮਣ ਲਗ ਜਾਂਦਾ ਸੀ ਚਾਟੀਆਂ ਮਧਾਣੀਆਂ ਦੁਆਲੇ। ਖੁਰਲੀਆਂ ਟੋਂਹਦਾ ਵਿਹੜੇ ਸੰਬਰਦਾ ਰੱਬ ਵੀ ਕਿਤੇ ਗੁਆਚ ਜਾਂਦਾ ਹੈ। ਰੁੜ੍ਹ ਜਾਂਦੇ ਹਨ ਇਸ ਤਰਾਂ ਰੰਗਾਂ ਢੰਗਾਂ 'ਚ ਅੱਡੀਆਂ ਚੱਕ ਚੱਕ ਉਸਾਰੇ ਮੀਨਾਰ। ਲੰਬੀਆਂ ਲੰਬੀਆਂ ਡੋਰਾਂ ਨਾਲ ਉੱਚੇ ਉੱਚੇ ਚੜੇ ਪਤੰਗ। ਘਰ ਪਰੇਤਾਂ ਦੇ ਅੱਡੇ ਬਣ ਜਾਂਦੇ ਹਨ।

ਬਚਪਨ, ਜਵਾਨੀ ਤੇ ਸਾਰੀਆਂ ਖੇਡਾਂ ਗੁਆਚ ਜਾਂਦੀਆਂ ਹਨ। ਉਹਨਾਂ ਹੀ ਵਿਹੜਿਆਂ ਰਸੋਈਆਂ ਵਿਚ। ਜਿੱਥੇ ਚੰਦ ਸੂਰਜ ਨਾਲ ਬਹਿ ਬਹਿ ਟੁੱਕ ਮਾਣਦੇ ਸਨ।
ਲੋਹੜੀਆਂ, ਵਿਸਾਖੀਆਂ,ਦੁਸਹਿਰੇ ਨੇੜਿਓਂ ਲੰਘਣੋਂ ਘਬਰਾਉਣ ਲਗਦੇ ਹਨ। ਅੰਦਰ ਤਾਂ ਕੀ ਆਉਣਾ ਉਹਨਾਂ ਨੇ ਹੁਣ। ਮੀਹਾਂ ਦੀ ਮਾਰ ਹੱਥੀਂ ਕੀਤੀਆਂ ਕਲੀਆਂ ਤੇ ਰੰਗਾਂ ਦੇ ਨਕਸ਼ ਬਗਾੜ ਦਿੰਦੀ ਹੈ ਜਿੰਦਗੀ। ਓਹੀ ਰਖ਼ਵਾਲੇ ਯਾਰ ਲੱਗਦੇ ਬੂਹੇ ਚਿਰਾਂ ਵਾਂਗ ਟੱਕਰੇ ਦੋਸਤਾਂ ਵਾਂਗ ਮੱਥਿਆਂ 'ਤੇ ਹੱਥ ਰੱਖ ਰੱਖ ਪਛਾਨਣ ਲਗਦੇ ਹਨ। ਗਲਵੱਕੜੀਆਂ ਦੀ ਛੁਹ ਬਗੈਰ।

ਰਾਤਾਂ ਬਾਤਾਂ ਲੋਰੀਆਂ ਦੇ ਸੰਗੀਤ ਦੇ ਗੁਆਚਣ ਨਾਲ ਸੁੰਗੜ,
ਸਹਿਮ ਮਰ ਜਾਂਦੇ ਹਨ ਘਰ।
ਕਿਰਲੀਆਂ, ਮੱਕੜੀਆਂ, ਚੂਹਿਆਂ,
ਚਾਮਚੜਿਕਾਂ ਜੋਗੇ ਰਹਿ ਜਾਂਦੇ ਹਨ ਘਰ।
ਇੱਕੱਲੇ ਓਦਰੇ,ਰੋਂਦੇ ਵਿਰਲਾਪ ਦੇ ਇੱਕਲਾਪੇ 'ਚ
ਖੰਡਰਾਤ, ਪਰੇਤ ਵਾਸ ਬਣ ਜਾਂਦੇ ਹਨ ਘਰ।
ਸੂਰਜ ਵੀ ਨਹੀਂ ਝਾਕਦੇ ਅਜੇਹੇ ਘਰਾਂ ਵੱਲ।
ਚੰਦ ਵੀ ਨਹੀਂ ਨਿਕਲਦੇ ਰਾਤਾਂ ਨੂੰ ਉਹਨਾਂ ਦੀਆਂ ਛੱਤਾਂ ਉਪਰ।

ਹਵਾਵਾਂ ਡਰ ਡਰ ਲੰਘਦੀਆਂ ਹਨ। ਭੰਗੜੇ ਗਿੱਧੇ ਡਰਦੇ ਹਨ, ਉਹਨਾਂ ਹੀ ਵਿਹੜਿਆਂ ਡਿਓੜੀਆਂ ਤੋਂ। ਜਿੱਥੇ ਕਦੇ ਉਹ ਧਮਾਲਾਂ ਤੇ ਲਲਕਾਰੇ ਬਣੇ ਸਨ।
ਹੌਲੀ ਹੌਲੀ ਲੰਗੜਾ ਲੰਗੜਾ ਤੁਰਦੇ, ਚੇਤਿਆਂ 'ਚੋਂ ਡੁੱਲ ਜਾਂਦੇ ਹਨ ਘਰ। ਸਾਹਾਂ 'ਚੋਂ ਗੁਆਚ ਜਾਂਦੇ ਹਨ। ਰੌਣਕਾਂ 'ਚੋਂ ਤਿਲਕ ਜਾਂਦੇ ਹਨ ਕੱਲੇ ਖੜ੍ਹੇ ਖੜ੍ਹੇ ਘਰ।
ਸਾਜਣ ਵਾਲਿਆਂ ਨੂੰ ਉਡੀਕਦੇ ਭੁੱਖਾਂ ਪਿਆਸਾਂ ਆਸਾਂ ਸਵਾਦਾਂ ਨੂੰ ਸਾਂਭਦੇ ਬਚਪਨ ਵੀ ਨਹੀਂ ਖੇਡਣ ਦਿੰਦੇ। ਬੇਰ ਵੀ ਨਹੀਂ ਤੋੜਨ ਦਿੰਦੇ ਓਹੀ ਪਿਆਰੇ ਪਿਆਰੇ ਆਲ੍ਹਣੇ। ਚਿੜੀਆਂ ਕਬੂਤਰਾਂ ਨੂੰ ਵੀ ਪਛਾਣ ਪਛਾਣ ਕੇ ਬੈਠਣ ਦਿੰਦੇ ਹਨ। ਕਾਵਾਂ ਨੂੰ ਝੱਟ ਉਡਾ ਦਿੰਦੇ ਹਨ ਬੁੱਢੇ ਹੋਏ ਘਰ ਬੂਹੇ।

ਸ਼ਰੀਕ ਸਾਂਭੀ ਬੈਠੇ ਹਨ ਘਰ। ਤਾਰੀਖ ਸਾਂਭੀ ਬੈਠੀ ਹੈ ਘਰ। ਲੀਕ ਸਾਂਭੀ ਬੈਠੀ ਹੈ ਘਰ। ਕੋਈ ਲੰਬੀ ਉਡੀਕ ਸਾਂਭੀ ਬੈਠੀ ਹੈ ਘਰ।
ਅੱਖਾਂ 'ਚ ਬੁੱਕ ਬੁੱਕ ਲਟਕਦੇ ਅੱਥਰੂ ਲੈ ਕੇ ਬੈਠੇ ਹਨ ਓਹੀ ਨਾਲ ਜੋ ਖੇਡਦੇ ਖਿਡੌਦੇ ਸਨ ਘਰ।

ਘਰ ਨਾਲ ਜੁੜੇ ਹੋਣ ਦਾ ਮੋਹ ਅਤੇ ਉਸ ਤੋਂ ਟੁੱਟ ਜਾਣ ਦਾ ਦਰਦ ਝਲਕਦਾ ਹੈ। ਬੰਦਿਆਂ ਬਗੈਰ ਕਾਹਦੇ ਘਰ। ਸੁਫ਼ਨਿਆਂ ਵਿਚ ਹੁਣ ਬਹੁਤ ਨੇੜੇ ਲੱਗਦੇ ਨੇ ਇਹ ਘਰ। ਸ਼ਰੀਕਾਂ ਦੀਆਂ ਜਗੀਰਾਂ ਬਣੇ ਬੈਠੇ ਹਨ ਓਹੀ ਘਰ।

ਇਹ ਕਵਿਤ ਸ਼ਬਦ ਕੱਲ ਦੇ ਵੀ ਹਨ ਤੇ ਅੱਜ ਦੇ ਵੀ। ਘਰ ਦੇ ਅਰਥ, ਮਾਹੌਲ ਬਦਲ ਗਏ ਹਨ, ਕਾਰਨ ਕਈ ਹਨ। ਬਹੁਤੇ ਤਾਂ ਮਕਾਨ ਬਣੇ ਪਏ ਹਨ। ਕਵਿਤਾ ਕਹਾਣੀ ਸਮਝਣ ਵਾਲੀ ਹੈ। ਕਈ ਦੋਸਤ ਇਹ ਕਹਿੰਦੇ ਨੇ ਕਿ ਦਰਦ ਨਾ ਬਣਾਓ ਬੀਤੇ ਨੂੰ ਐਵੇਂ। ਹੰਝੂ ਨਾ ਕੇਰੋ ਭਾਵੁਕ ਹੋ ਕੇ।

ਕੀ ਕਦੇ ਲੰਮੇ ਪੈੰਡਿਆਂ ਤੇ ਤੁਰ ਹੋਇਆ ਹੈ ਬਿਨ ਛਾਲਿਆਂ ਦੇ। ਤੁਰਿਆ ਵੀ ਕਿੱਥੇ ਜਾਂਦਾ ਹੈ ਕਸੀਸਾਂ ਦਰਾਂ 'ਤੇ ਸੁੱਕਣੇ ਪਾ ਕੇ। ਮੋਹ,ਪਿਆਰ ਤੇ ਉਦਰੇਵੇਂ ਤੋਂ ਇਲਾਵਾ ਹੋਰ ਵੀ ਕਿੰਨਾ ਕੁਝ ਹੁੰਦਾ ਹੈ। ਅਪ੍ਰਤੱਖ ਦਿਸਦਾ ਹੈ ਅਤੇ ਕਈ ਗੰਭੀਰ ਸੁਆਲ ਖੜ੍ਹੇ ਹੁੰਦੇ ਹਨ।
ਬਲਵੀਰ ਜ਼ਿਹਨ ਦੀਆਂ ਪਰਤਾਂ ' ਚੋਂ ਦੋਸਤਾਂ ਨੂੰ ਕਹਿੰਦਾ! ਵੈਸੇ ਤਾਂ ਘਰਾਂ ਨੂੰ ਛੱਡ ਕੇ ਗਏ ਸਾਂ ਕੁਝ ਖੋਜਣ ਲੱਭਣ ਲਈ। ਜਦੋਂ ਚੇਤੇ 'ਚ ਆ ਜਾਣ ਤਾਂ ਸੁਪਨੇ 'ਚ ਕਿਉਂ ਨਾ ਜੜਾਵਾਂ।

23. ਤੂੰ ਆ ਜਾਵੇਂ ਤਾਂ ਰਣਜੀਤ ਸਾਡੀ ਵੀ ਦਿਵਾਲੀ ਹੋ ਜਾਵੇਗੀ

ਦਿਵਾਲੀ ਆਈ ਤਾਂ ਚੁੱਪ ਚਾਪ ਇਕ ਕੋਣੇ 'ਚ ਬਹਿਸ ਕਰਨ ਲੱਗ ਪਿਆ ਸ਼ਹਿਰ। ਆਪਣੇ ਅੰਦਰਲੇ ਵਿਚਾਰ ਵਟਾਂਦਰੇ 'ਚੋਂ ਕੀ ਨਿੱਕਲਣਾ ਸੀ।

ਤੂੰ ਆ ਜਾਵੇਂ ਤਾਂ ਰਣਜੀਤ ਦਿਵਾਲੀ ਹੋ ਜਾਵੇਗੀ। ਦੀਵਿਆਂ ਚੰਨਾਂ 'ਚ ਤਾਂ ਲੋਅ ਉਧਾਰੀ ਹੁੰਦੀ ਹੈ। ਪਰ ਤੇਰੀ ਰੌਸ਼ਨ ਝਲਕ ਤਾਂ ਸਦੀਵੀ ਹੈ। ਕੁਝ ਪਲਾਂ ਦੀ ਰੌਸ਼ਨੀ ਸੰਗ ਕਿੱਥੇ ਪੂੰਝੇ ਜਾਂਦੇ ਨੇ ਹਨ੍ਹੇਰੇ। ਬਹੁਤ ਅੰਧੇਰ ਛਾਇਆ ਪਿਆ ਹੈ ਦਰਾਂ 'ਤੇ। ਤਾਂਹੀਂ ਲੋਕ ਨਹੀਂ ਪਰਤਦੇ ਘਰਾਂ ਨੂੰ। ਸੋਚਦੇ ਨੇ ਕੀ ਲੈਣਾ ਤਾਲੇ ਲੱਗੇ ਕਾਲੇ ਬੁਝੇ ਵਿਹੜਿਆਂ ਬੂਹਿਆਂ 'ਤੋਂ। ਹਨ੍ਹੇਰਿਆਂ ਨੇ ਰਸੋਈਆਂ ਦਲਾਨਾਂ ਦੇ ਮੋਹ ਕਤਲ ਕਰ ਦਿਤੇ ਹਨ। ਯਾਦਾਂ ਨਹੀਂ ਲੱਭਦੀਆਂ ਮਾਂ ਦੀਆਂ ਰੱਖੀਆਂ ਅੰਧੇਰੀਆਂ ਅਲਮਾਰੀਆਂ 'ਚੋਂ। ਬਾਪੂ ਨੇ ਮਸਾਂ ਕੀਤੇ ਸਨ ਰਾਹ ਰੌਸ਼ਨ। ਉਹ ਵੀ ਹਨੇਰੇ 'ਚ ਨਹੀਂ ਦਿਸਦੇ।

ਦੇਖ ਮੇਰੇ ਬੱਚਿਆਂ ਦੀਆਂ ਕੁੱਲੀਆਂ ਵੀ ਇਕ ਦਿਨ ਰੌਸ਼ਨ ਹੋ ਜਾਣ ਤਾਂ ਜ਼ਹਾਨ 'ਚ ਦੀਪਾਵਲੀ ਸਜਦੀ ਚੰਗੀ ਲੱਗੇਗੀ। ਨਹੀਂ ਤਾਂ ਸਾਡੀ ਕਾਹਦੀ ਦੀਵਾਲੀ। ਹੋ ਸਕਦਾ ਓਸ ਦਿਨ ਤੂੰ ਆਪਣੇ ਢੇਰ ਮਠਿਆਈ ਦੇ ਡੱਬਿਆਂ 'ਚੋਂ ਮੇਰੇ ਨੰਨਿਆਂ ਦਾ ਵੀ ਮੂੰਹ ਮਿੱਠਾ ਕਰਾ ਦੇਵੇਂ। ਸਾਨੂੰ ਨਹੀਂ ਕੋਈ ਝੋਰੇ ਸ਼ੂਗਰਾਂ ਦੇ। ਤੈਨੂੰ ਡਰ ਹੋਵੇਗਾ ਨਿੱਤ ਦੀ ਡਾਈਬੀਟਿਜ਼ ਕੋਲਸਟਰਲ ਦਾ। ਮਸਾਂ ਤਾਂ ਓਦਣ ਰੱਜਕੇ ਖਾਣਾ ਹੈ ਅਸੀਂ। ਤੇਰੇ ਬਚੇ ਖੁਚੇ ਪਕਵਾਨਾਂ 'ਚੋਂ। ਸਾਰੇ ਸਾਲ ਦਾ ਕੂੜਾ ਹੂੰਝਦਿਆਂ ਹੂੰਝਦਿਆਂ। ਤੇਰੀਆਂ ਕੋਠੀਆਂ ਦਾ ਅੰਧੇਰਾ ਸਾਫ਼ ਕਰਦਿਆਂ ਕਰਦਿਆਂ।

ਆ ਜਾਵੀਂ ਕੁਝ ਪਲ ਅਸੀਂ ਵੀ ਦੇਖ ਲਵਾਂਗੇ ਜਗਦੀ ਰੌਸ਼ਨ ਜ਼ਿੰਦਗੀ। ਸਜੀਆਂ ਸ਼ਾਮਾਂ ਤੇ ਰਾਤਾਂ। ਸਾਡੀਆਂ ਕੁੱਲੀਆਂ 'ਤੇ ਤਾਂ ਬਨ੍ਹੇਰੇ ਵੀ ਨਹੀਂ ਹਨ ਕਿ ਦੋ ਦੀਵੇ ਹੀ ਕਿਤੇ ਰੱਖ ਲਈਏ ਮੁਸ਼ਕਤ ਦਾ ਬਚਿਆ ਖੁਚਿਆ ਤੇਲ ਪਾ ਕੇ।

ਕੋਈ ਸ਼ਿਕਵਾ ਨਹੀਂ ਜ਼ਿੰਦਗੀ। ਤੇਰੀਆਂ ਕੋਠੀਆਂ ਹੀ ਸਜੀਆਂ ਟਿਮਟਮਾਂਦੀਆਂ ਦੇਖ ਖੁਸ਼ ਹੋ ਲਵਾਂਗੇ ਇਕ ਦੋ ਰੋਜ਼। ਓਸ ਦਿਨ ਦੇਖ ਲਵਾਂਗੇ ਕਿ ਜ਼ਿੰਦਗੀ ਦੀ ਟੋਰ ਵੀ ਇਸ ਤਰ੍ਹਾਂ ਦੀ ਹੁੰਦੀ ਹੈ।
ਤੇਰੇ ਮੁੱਖ ਦੀ ਲਿਸ਼ਕ ਮਿਲ ਗਈ ਤਾਂ ਰੌਸ਼ਨ ਹੋ ਜਾਵੇਗਾ ਮੇਰਾ ਧਰਤ ਅੰਬਰ।

ਤੂੰ ਸਜ ਧਜ ਜੇ ਕਿਤੇ ਗਲੀ 'ਚੋਂ ਲੰਘ ਜਾਵੇਂ ਤਾਂ ਗਲੀਆਂ ਨੇ ਨੱਚਦੀਆਂ ਹੱਸਦੀਆਂ ਨੇ ਸਾਹ ਨਹੀਂ ਲੈਣਾ। ਸੁਗੰਧੀਆਂ ਵਿਛ ਜਾਣਗੀਆਂ ਪੌਣਾਂ 'ਚ। ਰੰਗਾਂ 'ਚ ਵਸ ਜਾਣਗੀਆਂ ਮਹਿਫ਼ਲਾਂ। ਉਮਰਾਂ ਲੱਗ ਜਾਣਗੀਆਂ ਸਾਡੇ ਸੁਫ਼ਨਿਆਂ ਨੂੰ।

ਸਜ ਜਾਣਗੇ ਸਾਡੇ ਵੀ ਦਿਲ-ਏ-ਦਰ। ਹੋਰ ਅਸੀਂ ਕੀ ਲੈਣਾ ਬਨਾਵਟੀ ਬੱਤੀਆਂ ਤੋਂ। ਸੁਬਾ ਤੇ ਸ਼ਾਮਾਂ ਰੱਤੀਆਂ 'ਚੋਂ। ਪਲਾਂ 'ਚ ਬੁੱਝ ਜਾਣ ਵਾਲੀਆਂ ਮੋਮਬੱਤੀਆਂ ਤੋਂ। ਤੇ ਵਗ ਰਹੀਆਂ ਹਵਾਵਾਂ ਤੱਤੀਆਂ ਤੋਂ।
ਸਾਨੂੰ ਸਾਡੇ ਤਨ ਪੇਟ ਖਾਲੀ ਮੁਬਾਰਕ। ਤੈਨੂੰ ਤੇਰੀ ਦਿਵਾਲੀ ਮੁਬਾਰਕ।

24. ਜਦੋਂ ਘਰ ਘਰ ਵੈਣ ਕਿਰੇ ਸਨ ਹੈਵਾਨੀਅਤ ਨੱਚੀ ਸੀ
ਲਹੂ ਨਾਲ ਕਬਰਾਂ ਚੋਈਆਂ ਸਨ

ਇਕ ਸ਼ਾਮ ਘਰ ਨੂੰ ਪਰਤਦਾ ਬਜ਼ਾਰ 'ਚ ਬਲਵੀਰ ਬਜ਼ੁਰਗ ਲੋਕਾਂ ਨਾਲ ਗੱਲੀਂ ਲੱਗ ਗਿਆ। ਗੱਲ ਅਗਸਤ 1947 ਦੀ ਵੰਡ ਦੀ ਚਲ ਪਈ। ਅਗਸਤ 1947 ਦੇ ਅੱਧ ਵਿਚ ਪੰਜਾਬ ਦਾ ਵਿਭਾਜਨ ਭਾਰਤ ਦੀ ਵੰਡ ਕਰਨ ਅਤੇ ਭਾਰਤ ਅਤੇ ਪਾਕਿਸਤਾਨ ਨੂੰ ਬਿਜਲੀ ਵੰਡਣ ਲਈ ਇੰਡੀਅਨ ਨੈਸ਼ਨਲ ਕਾਂਗਰਸ, ਆਲ ਇੰਡੀਆ ਮੁਸਲਿਮ ਲੀਗ ਅਤੇ ਪੰਜਾਬ ਦੇ ਸਿੱਖਾਂ ਵਿਚਕਾਰ ਅੰਗਰੇਜ਼ਾਂ ਦੁਆਰਾ ਵਰਗਲਾਈ, ਕੀਤੇ ਇਕ ਸਮਝੌਤੇ ਦੇ ਹਿੱਸੇ ਵਜੋਂ ਹੋਇਆ ਸੀ।
ਜਦੋਂ ਘਰ ਘਰ ਵੈਣ ਕਿਰੇ ਹੈਵਾਨੀਅਤ ਨੱਚੀ ਲਹੂ ਨਾਲ ਕਬਰਾਂ ਚੋਈਆਂ ਸਨ। ਬਲਵੀਰ ਦਾ ਸ਼ਾਇਰ ਦਿਲ ਪਿਘਲ ਗਿਆ।

ਅਣਵੰਡੇ ਪੰਜਾਬ ਸੂਬੇ ਦੀ ਕੁੱਲ ਜਨਸੰਖਿਆ 33 ਮਿਲੀਅਨ ਸੀ। ਇਸ ਵਿਚ ਬ੍ਰਿਟਿਸ਼ ਦੁਆਰਾ ਸਿੱਧੇ ਤੌਰ 'ਤੇ ਨਿਯੁਕਤ ਇਲਾਕਿਆਂ ( 2.8 ਕਰੋੜ) ਅਤੇ ਕਈ ਰਿਆਸਤਾਂ ਸ਼ਾਮਲ ਹਨ। ਪੰਜਾਬ ਇਕ ਮੁਸਲਿਮ ਬਹੁਗਿਣਤੀ ਪ੍ਰਾਂਤ ਸੀ, ਜਦੋਂ ਕਿ ਹਿੰਦੂ ਅਤੇ ਸਿੱਖਾਂ ਨੇ 44-47 ਪ੍ਰਤੀਸ਼ਤਦੀ ਬਹੁਤ ਘੱਟ ਗਿਣਤੀ ਵਿੱਚ ਪੈਦਾ ਕੀਤਾ ਜਿਸ ਸਿਧਾਂਤ ਤੇ ਭਾਰਤ ਅਤੇ ਪੰਜਾਬ ਵੰਡਿਆ ਗਿਆ ਸੀ। ਉਹ ਇਹ ਸੀ ਕਿ ਮੁਸਲਿਮ ਬਹੁਗਿਣਤੀ ਵਾਲੇ ਖੇਤਰ ਭਾਰਤ ਦੇ ਬਾਕੀ ਹਿੱਸੇ ਤੋਂ ਵੱਖ ਕੀਤੇ ਗਏ ਅਤੇ ਪਾਕਿਸਤਾਨ ਨੂੰ ਦਿੱਤੇ ਗਏ।
ਭਾਰਤ ਨੂੰ ਵੰਡਣ ਦੀ ਮੰਗ ਮੁਸਲਮਾਨਾਂ ਦੀ ਮੁੱਖ ਸੰਪਰਦਾਇਕ ਪਾਰਟੀ ਆਲ ਇੰਡੀਆ ਮੁਸਲਿਮ ਲੀਗ ਨੇ ਕੀਤੀ ਸੀ। ਇਸ ਨੇ ਜ਼ੋਰ ਦਿੱਤਾ ਕਿ ਭਾਰਤੀ ਮੁਸਲਮਾਨ ਘੱਟ ਗਿਣਤੀ (ਭਾਰਤ ਦੀ ਕੁੱਲ ਆਬਾਦੀ ਦਾ ਇਕ ਚੌਥਾਈ) ਨਹੀਂ ਸਨ ਪਰ ਉਨ੍ਹਾਂ ਦੇ ਇਸਲਾਮੀ ਵਿਸ਼ਵਾਸ ਅਤੇ ਸਭਿਆਚਾਰ ਦੇ ਕਾਰਨ ਇਕ ਵੱਖਰੀ ਕੌਮ ਸੀ।

ਜਦੋਂ ਮੁਸਲਿਮਲੀਗ ਨੇ ਭਾਰਤ ਦੀ ਵੰਡ ਦੀ ਮੰਗ ਕੀਤੀ ਤਾਂ ਪੰਜਾਬ ਦੇ ਸਿੱਖਾਂ ਨੇ ਇਹੀ ਸਿਧਾਂਤ ਪੰਜਾਬ ਨੂੰ ਲਾਗੂ ਕਰਨ ਦੀ ਮੰਗ ਕੀਤੀ। ਇੰਡੀਅਨ ਨੈਸ਼ਨਲ ਕਾਂਗਰਸ ਭਾਰਤ ਨੂੰ ਇਕਜੁੱਟ ਰੱਖਣਾ ਚਾਹੁੰਦਾ ਸੀ। ਪਰ ਇਹ ਜਾਨਣਾ ਕਿ ਮੁਸਲਿਮ ਲੀਗ 8 ਮਾਰਚ, 1 9 47 ਨੂੰ ਭਾਰਤ ਦੇ ਵਿਭਾਜਨ 'ਤੇ ਜ਼ੋਰ ਦੇ ਰਹੀ ਸੀ। ਇਸ ਨੇ ਪੰਜਾਬ ਦੀ ਵੰਡ ਲਈ ਸਿੱਖ ਮੰਗ ਦੇ ਪਿੱਛੇ ਆਪਣਾ ਭਾਰ ਸੁੱਟ ਦਿੱਤਾ।

ਵਾਇਸਰਾਏ ਮਾਉਂਟਬੈਟਨ ਇਸ ਸਿੱਟੇ ਤੇ ਪਹੁੰਚਿਆ ਕਿ ਭਾਰਤ ਦਾ ਵਿਭਾਜਨ ਅਟੱਲ ਹੋ ਗਿਆ ਸੀ। ਇਸ ਲਈ 3 ਜੂਨ, 1947 ਨੂੰ, ਵਿਭਾਜਨ ਯੋਜਨਾ ਦੀ ਘੋਸ਼ਣਾ ਕੀਤੀ ਗਈ ਸੀ। ਜਿਸ ਵਿੱਚ ਪੰਜਾਬ ਅਤੇ ਬੰਗਾਲ ਦੀਆਂ ਵਿਧਾਨ ਸਭਾਵਾਂ ਦੀ ਮੰਗ ਕੀਤੀ ਗਈ ਸੀ ਕਿ ਕੀ ਉਹ ਆਪਣੇ ਪ੍ਰਾਂਤਾਂ ਨੂੰ ਇਕਜੁੱਟ ਜਾਂ ਵੰਡਿਆ ਰੱਖਣਾ ਚਾਹੁੰਦੇ ਹਨ। ਦੋਵੇਂ ਸੰਸਧਾਨਾਂ ਨੇ ਆਪਣੇ ਸੂਬਿਆਂ ਦੇ ਵਿਭਾਜਨ ਦੇ ਪੱਖ ਵਿੱਚ ਵੋਟ ਪਾਈ ਸੀ।

ਭਾਰਤ ਅਤੇ ਪਾਕਿਸਤਾਨ ਨੂੰ ਬਿਜਲੀ ਦਾ ਅਸਲ ਤਬਾਦਲਾ ਖੂਨੀ ਅਤੇ ਤਿੱਖਾ ਸਿੱਧ ਹੋਇਆ। ਕੁਝ ਲੋਕਾਂ ਨੇ ਇਸਨੂੰ 20 ਵੀਂ ਸਦੀ ਦੀਆਂ ਦਸ ਵੱਡੀਆਂ ਤ੍ਰਾਸਦੀਆਂ ਵਿੱਚੋਂ ਇੱਕ ਦੱਸਿਆ ਹੈ ਭਾਰਤ ਦੇ ਵਿਭਾਜਨ ਦੇ ਦੌਰਾਨ ਜ਼ਿੰਦਗੀ ਦਾ ਅੰਦਾਜ਼ਨ ਨੁਕਸਾਨ 10 ਲੱਖ ਹੈ। ਇਸ ਤੋਂ ਇਲਾਵਾ 14-18 ਮਿਲੀਅਨ ਲੋਕਾਂ ਨੂੰ ਸੁਰੱਖਿਅਤ ਘਰਾਂ ਦੀ ਭਾਲ ਵਿਚ ਕੌਮਾਂਤਰੀ ਸਰਹੱਦ ਪਾਰ ਕਰਨ ਲਈ ਮਜਬੂਰ ਕੀਤਾ ਗਿਆ ਸੀ।

ਇਕੱਲੇ ਪੰਜਾਬ ਲਈ, ਜੀਵਨ ਦਾ ਨੁੱਕਸਾਨ ਲੱਗਭਗ 500,000-800000 ਅਤੇ 10 ਮਿਲੀਅਨ ਲੋਕਾਂ ਨੂੰ ਆਪਣੀਆਂ ਜਾਨਾਂ ਲਈ ਭੱਜਣ ਲਈ ਮਜਬੂਰ ਕੀਤਾ ਗਿਆ ਸੀ।
ਸਭ ਤੋਂ ਅਹਿਮ ਗੱਲ ਇਹ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪੰਜਾਬ ਵਿਚ ਨਸਲੀ ਸਫਾਈ ਦਾ ਪਹਿਲਾ ਮਾਮਲਾ ਹੋਇਆ। ਇਸ ਲਈ ਇਸਨੇ ਹਿੰਸਾ ਦੇ ਵਿਵਹਾਰ ਨੂੰ ਜਨਮ ਦਿੱਤਾ।
ਇਸ ਤਰ੍ਹਾਂ 1947 ਦੇ ਅੰਤ ਵਿਚ ਭਾਰਤੀ ਪੂਰਬੀ ਪੰਜਾਬ ਵਿਚ ਮੁਸਲਿਮ ਮੌਜੂਦਗੀ ਦੇ ਸਾਰੇ ਨਿਸ਼ਾਨ ਖ਼ਤਮ ਹੋ ਗਏ। ਕੁਝ ਮੁਸਲਮਾਨ ਮਲੇਰ ਕੋਟਲਾ ਦੇ ਛੋਟੇ ਰਿਆਸਤਾਂ (ਕੁੱਲ ਆਬਾਦੀ 88,000) ਵਿਚ ਬਾਕੀ ਰਹਿ ਗਏ ਪਾਕਿਸਤਾਨੀ ਪੱਛਮੀ ਪੰਜਾਬ ਵਿਚ, ਹਿੰਦੂਆਂ ਅਤੇ ਸਿੱਖਾਂ ਦੀ ਉਹਨਾਂ ਦੀ ਗ਼ੈਰ-ਹਾਜ਼ਰੀ ਕਾਰਨ ਸਪੱਸ਼ਟ ਹੋ ਗਈ।
ਪੰਜਾਬੀ ਹਿੰਦੂ, ਮੁਸਲਿਮ ਅਤੇ ਸਿੱਖ ਆਪਣੇ ਪ੍ਰਾਂਤ ਨੂੰ ਇਕਜੁੱਟ ਰੱਖਣ ਲਈ ਸਹਿਮਤ ਹੋ ਸਕਦੇ ਸਨ? ਹਿੰਸਾ ਜੋ ਭਾਰਤ ਦੇ ਹੋਰਨਾਂ ਹਿੱਸਿਆਂ ਵਿਚ ਹੋਈ ਕਿਉਂ ਨਾ ਰੋਕੀ ਗਈ? 'ਨਸਲੀ ਸਫਾਈ ' ਦੇ ਅਧਿਆਇ ਵਿਚ ਵਿਕਸਿਤ ਕੀਤੇ ਗਏ ਇਕ ਸਿਧਾਂਤਕ ਢਾਂਚੇ ਦੀ ਮਦਦ ਨਾਲ ਪੇਸ਼ਕਸ਼ ਸੀ।

ਇਕ ਅਨਿਸ਼ਚਿਤ ਭਵਿੱਖ ਦਾ ਡਰ, ਦੂਰ ਦੁਰਾਡੇ ਹੋਏ ਭਾਈਚਾਰੇ ਦੇ ਨੇਤਾਵਾਂ ਦੇ ਵਿਚਕਾਰ ਸੰਚਾਰ ਦੀ ਘਾਟ, ਬਰਤਾਨਵੀ ਸਰਕਾਰ ਦਾ ਪਤਨ। ਅਥਾਰਿਟੀ ਅਤੇ ਸਰਕਾਰੀ ਸੰਸਥਾਵਾਂ ਅਤੇ ਕਰਮਚਾਰੀਆਂ ਦੇ ਨਤੀਜੇ ਨਾ ਹੋਣ ਕਾਰਨ ਸਮਾਜਿਕ ਅਤੇ ਰਾਜਨੀਤਿਕ ਮਾਹੌਲ ਪੈਦਾ ਹੋਇਆ। ਜਿਸ ਵਿਚ ਸ਼ੱਕ ਅਤੇ ਡਰ ਪੈਦਾ ਹੋਇਆ। ਆਮ ਲੋਕ ਅਜਿਹੀਆਂ ਸਥਿਤੀਆਂ ਵਿਚ ਪ੍ਰਤੀਕ੍ਰਿਆ ਅਤੇ ਵਧੇਰੇ ਪ੍ਰਤੀਕਿਰਿਆ ਦਾ ਇਰਾਦਾ ਅਤੇ ਅਣਇੱਛਤ ਨਤੀਜੇ ਨਿਕਲਦੇ ਸਨ।

ਜਿਸ ਨਾਲ ਸਥਿਤੀ ਵਿਗੜਦੀ ਜਾ ਰਹੀ ਸੀ ਅਤੇ ਅੰਤ ਵਿਚ ਇੰਡਆ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਮਨੁੱਖੀ ਤਰਾਸਦੀ ਵਾਪਰੀ। ਜਿਸ ਨਾਲ ਲਹੂ ਨਾਲ ਕਬਰਾਂ ਚੋਈਆਂ ਤੇ ਘਰ ਘਰ ਵੈਣ ਕਿਰੇ। ਇਨਸਾਨੀਅਤ ਹੈਵਾਨੀਅਤ ਬਣ ਨੱਚੀ ਸੀ ਓਦੋਂ।
ਬਲਵੀਰ ਨੂੰ ਸਾਰੇ ਸੁਣ ਕੇ ਹੈਰਾਨ ਰਹਿ ਗਏ ਤੇ ਕਈ ਤਾਂ ਉਸ ਸਮੇਂ ਨੂੰ ਚੇਤੇ 'ਚ ਵਸਾ ਅੱਖਾਂ ਵੀ ਪੂੰਝਣ ਲਗ ਪਏ ਸਨ।

25.

ਤੁਹਾਨੂੰ ਤਾਂ ਕੁਝ ਨਹੀਂ ਕਿਹਾ
ਆਪਣੇ ਹੀ ਹਿੱਸੇ ਦਾ ਜ਼ਹਿਰ ਪੀਤਾ ਹੈ
ਕਾਤਲ ਨੇ ਕੀ ਲੱਭਣਾਂ ਹਨ੍ਹੇਰ ਚ
ਮੈਂ ਆਪਣੇ ਹੀ ਕਤਲ ਦਾ
ਗੁਨਾਹ ਆਪ ਕਬੂਲ ਕੀਤਾ ਹੈ

ਬਲਵੀਰ ਕਦੇ ਕਦੇ ਦੋਸਤਾਂ ਨੂੰ ਕਹਿ ਦਿੰਦਾ-
ਅਸੀਂ ਤਾਂ ਗੀਤ ਹਾਂ। ਪਾਣੀਆਂ ਦਾ ਗੀਤ ਬਣ ਜਾਂਦੇ ਹਾਂ ਕਦੇ ਕਦੇ। ਸਤਲੁਜ ਬਿਆਸ ਦੇ ਵਹਿਣਾਂ ਸੰਗ ਰਹਿੰਦੇ ਹਾਂ। ਸਾਡੀ ਢਾਣੀ 'ਚ ਜੇਹਲਮ-ਝਨਾਬ ਵੀ ਬਹਿੰਦੇ ਹਨ। ਗੱਲਾਂ ਕਰਦੇ ਹਨ। ਤੇ ਅਸੀਂ ਇਹਨਾਂ ਦੀਆਂ ਲਹਿਰਾਂ ਤੋਂ ਦਰਦ ਚੁਗਦੇ ਰਹਿੰਦੇ ਹਾਂ।
ਅਜੇ ਵੀ ਹਵਾਵਾਂ 'ਚ ਰਵਾਨੀ ਜ਼ਖਮੀਂ ਪੰਜਾਬ ਦੀ ਹੈ। ਟੁੱਟੇ ਹੋਏ ਹਾਸਿਆਂ ਤੇ ਮਹਿਕਦੇ ਗੁਲਾਬ ਦੀ। ਸਾਡੀ ਤਾਂ ਸਲਾਮ ਵੀ ਨਾ ਸੁਣਨ ਇਹ। ਧੜ ਤੋਂ ਵੱਖ ਕੀਤੀਆਂ ਲਟਕਦੀਆਂ ਬਾਹਵਾਂ। ਅਸੀਂ ਤਾਂ ਖੈਰ ਮੰਗਦੇ ਹਾਂ ਸਾਬਤ ਪੰਜਾਬ ਦੀ। ਰਾਵੀ ਜੇਹਲਮ ਤੇ ਆਸ਼ਕ ਝਨਾਬ ਦੀ। ਡੁੱਬਦੇ ਸ਼ਬਾਬ ਦੀ ਤੇ ਤਖ਼ਤ ਹਜ਼ਾਰੇ ਦੇ ਖ਼ਾਬ ਦੀ।
ਅਜੇ ਵੀ ਦਿਸਣ ਤੁਰੇ ਫਿਰਦੇ ਕੱਟੇ ਹੋਏ ਇਨਸਾਨੀਅਤ ਦੇ ਅੰਗ। ਵਿਲਕਦੀ ਰੋਂਦੀ ਟੁੱਟੀ ਰੀਝਾਂ ਵਾਲੀ ਵੰਗ। ਅੱਡੀਆਂ ਚੱਕ ਚੱਕ ਦੇਖਦੀ ਝੰਗ। ਤੇ ਮੂੰਹ 'ਚੋਂ ਬੋਲ ਆਪ ਮੁਹਾਰੇ ਫੁੱਟਦੇ ਕਿ ਸਾਡੀ ਪਲਕਾਂ ਤੋਂ ਕਿਰਦਿਆਂ ਦੀ ਕਾਹਦੀ ਜੰਗ। ਸੁਬਹ-ਸ਼ਾਮਾਂ ਦੇ ਸਾਡੇ ਤਾਂ ਓਹੀ ਰੋਸੇ ਤੇ ਓਹੀ ਰੰਗ।
ਸਾਨੂੰ ਤਾਂ ਹਵਾ ਹੀ ਆਵੇ ਲਿਜਾਵੇ ਦੇਵੇ ਸੁੱਖ ਸੁਨੇਹੇ। ਦੋਪਾਸੀਂ ਹੱਸਦੀਆਂ ਕਪਾਹਾਂ ਚਿੱਟੀਆਂ ਦੇ। ਖੇਡਣ ਵਾਲੀਆਂ ਮਿੱਟੀਆਂ 'ਤੇ ਧਰਤੀ 'ਤੇ ਕਾਹਦੀਆਂ ਸਰਹੱਦਾਂ। ਪਰਿੰਦੇ ਸਾਡੀਆਂ ਲੈ ਜਾਣ ਸਲਾਮਾਂ।
ਮੋੜ ਲਿਆਵਣ ਸਤਿ ਸ੍ਰੀ ਅਕਾਲ।
ਤੇ ਅਜੇ ਵੀ ਪੈਗਾਮਾਂ ਦੇ ਗਲਾਂ 'ਚ ਦਿਸੇ ਲਟਕਦਾ ਸਿਸਕਦਾ
ਓਹੀ ਗੁਆਚਿਆ ਰੰਗ ਰਾਗ ਤੇ ਤਾਲ।
ਸਾਡੀਆਂ ਰਹਿ ਗਈਆਂ ਪੈੜਾਂ ਓਥੇ
ਸ਼ਾਮਾਂ ਸਿਖ਼ਰ ਦੁਪਹਿਰਾਂ ਓਥੇ
ਕਲ ਕਲ ਵਗਦੀਆਂ ਨਹਿਰਾਂ ਓਥੇ
ਮੱਚਲਦੀਆਂ ਗਾਉਂਦੀਆਂ ਲਹਿਰਾਂ ਓਥੇ
ਖੇਡਣ ਵਾਲੀ ਮਿੱਟੀ ਵੀ ਰਹਿ ਗਈ। ਡੇਗਣ ਵਾਲੀਆਂ ਹੱਦਾਂ ਹਨ। ਤੇ ਕੱਟਣ ਵਾਲੀ ਕੰਡਿਆਲੀ ਤਾਰ ਹੈ।

ਰੁੱਕਾ ਚਿੱਠੀ ਭੇਜਣ ਵਾਲੀ ਅਜੇ ਵੀ ਤਾਂਘ ਹੈ। ਤੇ ਨੇੜੇ ਹੀ ਖੜੀਆਂ ਹਨ ਦੁਨਾਲੀਆਂ। ਰੂਹਾਂ ਨੂੰ ਕੰਬਾ ਦੇਣ ਵਾਲੀਆਂ। ਜੋ ਅਜੇ ਵਾਪਸ ਨਹੀਂ ਮੁੜੀਆਂ ਘਰਾਂ ਨੂੰ।

ਅਸਾਡੇ ਬੋਹੜ ਪਿੱਪਲ ਮੀਤ। ਮਰਦਾਨੇ ਬਾਲੇ ਦੇ ਸੰਗੀਤ। ਹਲਟ ਟੱਲੀਆਂ ਦੇ ਗੀਤ। ਜੋ ਹਿੱਕੀਂ ਲੀਕ ਬਣ ਗਏੇ ਸਨ ਅਸਾਡੇ ਸਾਰੇ ਅਜੇ ਓਥੇ ਹੀ ਹਨ। ਜਿੱਥੇ ਪੁੱਗਦੀਆਂ ਰਹੀਆਂ ਸਨ ਪ੍ਰੀਤਾਂ। ਨੀਤਾਂ ਸਨ ਜਿੱਥੇ ਇਸ਼ਕ ਦੀਆਂ ਸਿੱਧੀਆਂ। ਜਿੱਥੇ ਰਹਿ ਗਏ ਯਾਰ ਤੇ ਹਾਣੀ। ਨਾਨਕ ਸ਼ਬਦ ਤੇ ਪਾਵਨ ਗੁਰਬਾਣੀ ਵੀ ਓਥੇ ਹੀ ਰਹਿ ਗਈ ਹੈ। ਸਦਾ ਮਿਲਦੇ ਸਨ ਭਰੇ ਜਾਂਦੇ ਰਾਹ।

ਇਸ਼ਕ ਜਿਥੇ ਕੁੱਛੜੀਂ ਰਹਿੰਦਾ ਸੀ ਤੇ ਸਾਹਾਂ 'ਚ ਸਾਹ। ਇੱਕਰਾਰ ਮਿਲਣ ਦੇ ਵੀ ਓਥੇ ਹੀ ਕਿਤੇ ਰਹਿ ਗਏ ਸਨ। ਹਾਉਕੇ ਜ਼ਾਰੋ ਜ਼ਾਰ ਮਿਲਦੇ ਸਨ ਕਦੇ। ਯਾਰ ਮਿਲਣ ਲਈ ਆਵੇ ਤਾਂ ਉਹਨੂੰ ਕਹੀਂ ਕਿ ਉਹ ਅਲਵਿਦਾ ਨਾ ਆਖੇ ਜਾਣ ਲਈ। ਧਰਤ ਤੇ ਸਾਕੇ ਨਾ ਲਿਆਵੀਂ ਕਦੇ ਜ਼ਿੰਦ ਨੂੰ ਕਹਿਣਾ ਹੈ।
ਸੁਬ੍ਹਾ ਸ਼ਾਮ ਏਦਾਂ ਦੀ ਹੋਵੇ ਕਿ ਸਲਾਮਾਂ ਜੇਹੀਆਂ ਵਾਹੀਆਂ ਹੋਣ ਉਹਨਾਂ ਤੇ ਦੋਹੀਂ ਪਾਸੀਂ। ਇਹ ਮੰਗ ਲਾਂ ਖੈਰਾਂ ਤੇ ਮੇਰੀ ਉਹੀ ਝੋਲ ਬਣਾ ਦੇ। ਮੁਕੱਦਰੀਂ ਜੇ ਇਹ ਲੇਖ ਲਿਖਵਾ ਦੇਵੇਂ ਤਾਂ ਤੇਰਾ ਸ਼ੁਕਰ ਹੋਵੇਗਾ। ਓਦਣ ਮੈਂ ਰੱਜ ਰੱਜ ਖੇਡਾਂਗਾ ਚੰਨ ਤਾਰਿਆਂ ਸੰਗ ਚਾਨਣੀ ਵਿਛਾ ਵਿਛਾ ਕੇ।
ਅਜੇ ਬਲਵੀਰ ਸੁੱਤਾ ਹੀ ਸੀ ਕਿ ਕਿਸੇ ਪਿਆਰ ਦੀ ਛੁਹ ਸਦਕਾ ਤੇਰੀਆ ਪੰਜੇਬਾਂ ਦੀ ਛਣਕਾਰ ਨੇ ਜਗਾ ਕੇ ਕਿਹਾ-ਜਾਗਦਾ ਰਹਿ ਤੇ ਇਹਨਾ ਦੀ ਪੁਕਾਰ ਜਰਾ ਸੁਣ।
ਸੁੱਤੀਆਂ ਰੂਹਾਂ ਤੱਕ ਨਹੀਂ ਪਹੁੰਚਦੀ ਮੇਰੀ ਹਿੱਕ ਦੀ ਚੀਸ। ਰਾਤ ਚੰਨ ਤਾਰੇ ਤੋੜੇ ਸਨ ਸੁੰਨੇ ਮਾਂ ਦੇ ਬਨ੍ਹੇਰੇ 'ਤੇ ਰੱਖ ਬੈਠਾ ਹਾਂ। ਸੂਰਜ ਨੂੰ ਜਗਾ ਨਹੀਂ ਸੀ ਕਿਤੇ ਰੱਖਣ ਲਈ। ਜਰਾ ਕੁ ਸਾਫ ਕਰ ਧਰਤ ਤੇ ਰੱਖ ਬੈਠਾ ਹਾਂ।
ਬਲਵੀਰ ਦੀ ਦਲੀਲ ਤੁਰਦੀ ਸੁਰੰਗ ਵਾਂਗ ਵਿਚਾਰ ਵਟਾਂਦਰੇ ਦੀ ਚੁੱਪ ਚਾਪ 'ਚੋਂ ਕਈ ਵਾਰ ਕਹਿ ਉੱਠਦੀ।
ਪੁੱਤ ਅਣਖ਼ਾਂ ਏਦਾਂ ਨਹੀਂ ਮਹਿਫ਼ੂਜ਼ ਰਹਿੰਦੀਆਂ। ਕਲਗੀਆਂ ਵੀ-ਮੱਥੇ ਚੁਣ ਚੁਣ ਕੇ ਹੀ ਸਜਦੀਆਂ ਨੇ।

ਤੂੰ ਮੱਥੇ ਤੇ ਚੰਨ ਸਜਾ ਕੇ ਆਵੀਂ
ਨੈਣਾਂ ਵਿਚ ਚੰਨ ਰਿਸ਼ਮ ਪੁਵਾ ਕੇ ਆਵੀਂ
ਉਹ ਕਹਿੰਦਾ ਸਿਸਕਦੀਆਂ ਕਿਰਨਾਂ ਤਾਂ ਕਿਤਿਓਂ ਲਿਆ ਕੇ ਦੇ। ਚਾਨਣੀਆਂ ਹੀ ਹਨ੍ਹੇਰੇ ਪੂੰਝਦੀਆਂ ਨੇ। ਪੱਤਿਆਂ ਦੀਆਂ ਝੱਲਾਂ ਨਾਲ ਹੀ ਮਿਲਦਾ ਹੈ ਰੂਹਾਂ ਨੂੰ ਅਰਾਮ। ਜੇ ਕਿਰਦੇ ਸੁਪਨੇ ਨਾ ਸੰਭਾਲੇ ਗਏ ਤਾਂ ਕੋਈ ਨਹੀਂ ਖੁਣਦਾ ਨਾਂ ਤਾਰੀਖ਼ਾਂ 'ਤੇ।
ਕਿਹੜਾ ਵਕਤ ਗਵਾਉਂਦਾ ਹੈ ਬਹਿ ਬਹਿ ਉਡੀਕਾਂ 'ਚ ਅੱਜ ਕੱਲ੍ਹ। ਸ਼ਰੀਕਾਂ ਦੇ ਬੋਲ ਕੋਈ ਨਹੀਂ ਰਾਹ ਸੁਣਦਾ। ਪੱਥਰਾਂ 'ਤੇ ਹੀ ਲਿਖੇ ਜਾਂਦੇ ਹਨ ਗੀਤ ਸ਼ਹਾਦਤਾਂ ਦੇ। ਪਰਿੰਦਿਆਂ ਦੇ ਬੋਲਾਂ 'ਤੇ ਉੱਤਰ ਆਉਂਦੇ ਹਨ। ਜ਼ਾਲਮਾਂ ਦੀਆਂ ਹਿੱਕਾਂ ਮਿਣਦੇ ਹਨ ਖੰਜਰਾਂ ਦੇ ਬੋਲ।
ਕਬਰ ਜਿੰਨੀ ਜ਼ਮੀਨ ਮੰਗ ਕੇ ਕੀ ਕਰੇਂਗਾ। ਜਖ਼ਮੀ ਦਿਲਾਂ ਦੇ ਨੇੜੇ ਤੇੜੇ ਤੁਰਨਾ ਫਿਰਨਾ ਸਿਖ। ਹੁਣ ਢਾਈ ਗਜ਼ ਜ਼ਮੀਨ ਨਾਲ ਨਹੀਂ ਸਰਨਾ। ਅਕਾਸ਼ ਚਾਹੀਦੇ ਨੇ ਜਗਣ ਲਈ। ਅੰਗਿਆਰ ਚਾਹੀਦੇ ਨੇ ਮਘਣ ਲਈ। ਤੇ ਹੰਝੂ ਚਾਹੀਦੇ ਨੇ ਵਗਣ ਲਈ।

ਕੁੱਲੀਆਂ 'ਚ ਜਗਾ ਕੇ ਆਇਆ ਕਰ ਸ਼ਾਮ ਨੂੰ ਚੰਨਾਂ ਦੇ ਚਿਰਾਗ। ਨਿੱਕੇ ਨਿੱਕੇ ਤਾਰਿਆਂ ਵਰਗੇ ਨਿੱਕੇ ਨਿੱਕੇ ਪੇਟ ਭਰ ਸੌਣ ਜੋਗੇ ਹੋ ਜਾਣਗੇ ਦੀਵੇ। ਸੱਜਰੀ ਸਵੇਰ 'ਚ ਸੂਰਜ ਧਰ ਆਇਆ ਕਰ ਕਦੇ ਕਦੇ। ਮਿਹਨਤ ਦੀਆਂ ਤੁਰੀਆਂ ਜਾਂਦੀਆਂ ਲਕੀਰਾਂ 'ਤੇ। ਲੀਰੋ ਲੀਰ ਕਰ ਦੇ ਕੁਫ਼ਰ ਉਗਲਦੇ ਥਾਂ ਥਾਂ ਮੋੜਾਂ 'ਤੇ ਝੁੱਲਦੇ ਝੰਡੇ। ਸਲਾਹਾਂ 'ਚ ਹੀ ਹੁੰਦੇ ਨੇ ਤਰਕੀਬਾਂ ਦੇ ਸਾਹ। ਰੁਲਦੀ ਸ਼ਾਨ ਦੇ ਖਿੰਡਰੇ ਨਿਸ਼ਾਨ ਹੀ ਹੱਥ ਪਾਉਂਦੇ ਨੇ ਖੰਡੇ ਨੂੰ। ਰੋਹ ਬਿਨ ਨਹੀਂ ਹਿਣਕਦੇ ਘੋੜੇ। ਚਾਅ ਬਿਨ ਨਹੀਂ ਹੱਥਾਂ 'ਚ ਅਟਕਦੀਆਂ ਵਾਗਾਂ। ਡੁੱਲ੍ਹੇ ਹੱਕ ਕਦੇ ਕੋਈ ਘਰੀਂ ਨਹੀਂ ਦੇਣ ਆਉਂਦਾ। ਸੂਰਜ ਕਦੇ ਸਾਗਰਾਂ 'ਚ ਡੁੱਬ ਕੇ ਨਹੀਂ ਲਿਸ਼ਕੇ। ਪਰਬਤਾਂ ਨੂੰ ਖ਼ੋਰਨ ਦਾ ਮੋਹ ਕਦੇ ਹੱਥ ਜੋੜ ਕੇ ਨਹੀਂ ਜਿਊਂਦਾ ਹੁੰਦਾ ਹਜ਼ੂਰ। ਐਂਵੇ ਤਾਰਿਆਂ ਦੇ ਝੁਰਮਟ 'ਚ ਨਾ ਮੁਹਾਂਦਰਾ ਗੁਆ।
ਪਰਾਂ ਹੋ ਕੇ ਚੰਨ ਬਣ ਕੇ ਚਮਕ। ਕੁਝ ਤਾਂ ਹੋਣਗੀਆਂ ਤੜਫ਼ਦੀਆਂ ਰਾਤਾਂ। ਲੱਪ ਕੁ ਤਾਂ ਹੋਣਗੇ ਉਹਨਾਂ ਦੀਆਂ ਮੁੱਠਾਂ 'ਚ ਰੀਝਾਂ ਦੇ ਧਾਗੇ।
ਦਿਲ ਕਰਦਾ ਹੈ ਤਾਂ ਚੱਲ ਨਵਾਂ ਅਕਾਸ਼ ਉਣੀਏ ਕੋਈ। ਦੁਬਾਰਾ ਬੁਣੀਏ ਧਰਤ ਲੰਗਾਰੀ ਥਾਂ ਥਾਂ 'ਤੋਂ। ਤੇ ਭੁੱਖੀਆਂ ਹਿੱਕਾਂ ਚੋਣ ਨਿਸ਼ਾਨ ਚੁਣੀਏ-ਸਿਤਾਰੇ ਖੁਣੀਏ ਡਾਲੀ ਡਾਲੀ ਰੁੱਖੀਂ। ਨਵੀਂ ਤਰਜ਼ ਸੁਣੀਏ ਸ਼ਮਸ਼ੀਰ ਦੀ।
ਆਪਣਾ ਜੇ ਕੋਈ ਨਰਾਜ਼ ਹੋ ਗਿਆ ਹੋਵੇ ਤਾਂ ਜਹਾਨ ਦੁਨੀਆਂ ਰੁੱਸ ਗਈ ਲਗਦੀ ਸੀ। ਰੁੱਸੀ ਧਰਤ ਮਨਾਉਣੀ ਬਹੁਤ ਔਖੀ ਹੁੰਦੀ ਹੈ ਲੋਕੋ।
ਮੇਰਾ ਵੀ ਜਹਾਨ ਕੱਲ੍ਹ ਨਰਾਜ਼ ਹੋ ਗਿਆ ਸੀ। ਬਲਵੀਰ ਰਣਜੀਤ ਬਾਰੇ ਲਿਖਦਾ-
ਰੁੱਸ ਗਈ ਸੀ ਦੁਨੀਆਂ ਸਾਰੀ। ਰੁੱਸੀ ਧਰਤ ਮਨਾਉਣੀ ਬਹੁਤ ਔਖੀ ਹੁੰਦੀ ਹੈ ਦੋਸਤੋ। ਤੂੰ ਐਂਵੇ ਨਾ ਰੁੱਸ ਜਾਇਆ ਕਰ। ਫਿਰ ਵਿਰਾਉਂਦਿਆਂ ਵਿਰਾਉਂਦਿਆਂ ਬੀਤ ਜਾਂਦੀਆਂ ਨੇ ਸਦੀਆਂ। ਤੇ ਫਿਰ ਅੱਥਰੂ ਵੱਖਰੇ ਮਰਦੇ ਨੇ ਅਜ਼ਾਈਂ। ਰੂਹਾਂ 'ਤੇ ਜਖ਼ਮ ਹੋਰ। ਗਲੀਆਂ ਨੂੰ ਵਾਧੂ ਰੋਣੇ। ਫੁੱਲਾਂ ਨੂੰ ਵੱਖਰੀਆਂ ਝਰੀਟਾਂ। ਨਾ ਹੋਇਆ ਕਰ ਨਰਾਜ਼ ਝੱਲੀਏ। ਬਹੁਤ ਮੁਸ਼ਕਲ ਨੇ ਰੁੱਸੇ ਖ਼ਾਬ ਮਨਾਉਣੇ।

ਰੁੱਸਿਆ ਸੁਪਨਾ ਫਿਰ ਇਕ ਵਾਰ ਨਹੀਂ ਸੌ ਵਾਰ ਪੈਂਦਾ ਹੈ ਚੁੰਮਣਾ। ਵਾਰ ਵਾਰ ਲੈਣਾ ਪੈਂਦਾ ਹੈ ਗਲਵੱਕੜੀ 'ਚ ਘੁੱਟ ਕੇ। ਤਾਂ ਜਾ ਕੇ ਕਿਤੇ ਮੰਨਦਾ ਹੈ ਕਈ ਕਈ ਦਿਨਾਂ ਬਾਅਦ। ਨਾ ਤੂੰ ਨਿੱਕੀ ਨਿੱਕੀ ਗੱਲ ਤੇ ਨਰਾਜ਼ ਨਾ ਹੋਇਆ ਕਰ। ਨਹੀਂ ਤਾਂ ਗੁੱਸੇ ਹੋਏ ਭਟਕਦੇ ਰਹਾਂਗੇ ਭੁੱਖੇ ਪਿਆਸੇ। ਅੱਜ ਕੱਲ ਦੋ ਘੁੱਟ ਪਾਣੀ ਵੀ ਕੋਈ ਨਹੀਂ ਪੁੱਛਦਾ ਭੁੱਖੇ ਪਿਆਸਿਆਂ ਨੂੰ। ਪਿੱਠ ਤੇ ਹੱਥ ਤਾਂ ਕੀ ਰੱਖਣਾ। ਬਹੁਤ ਸਵਾਰਥੀ ਆਪ ਹੁਦਰਾ ਹੋ ਗਿਆ ਹੈ ਸੰਸਾਰ।

ਹਾਂ ਸੱਚ ਜਾਗ ਪਿਆ ਕਰ ਮੇਰੇ ਪਹਿਲੇ ਚੁੰਮਣ ਤੇ ਹੀ। ਇਕ ਵਾਰ ਮੁਸਕਰਾ ਕੇ ਫਿਰ ਭਾਵੇਂ ਸੌਂ ਜਾਇਆ ਕਰ। ਸਾਰਾ ਦਿਨ ਰਾਤ। ਇੰਜ ਚੰਗਾ ਨਹੀਂ ਲਗਦਾ। ਕਿ ਨਾਲ ਲੱਗ ਕੇ ਸੁੱਤੇ ਹੋਈਏ ਤੇ ਖ਼ਾਬਾਂ 'ਚ ਤੁਰੇ ਫਿਰੀਏ ਕਿਸੇ ਹੋਰ ਅੰਬਰ 'ਤੇ। ਸੁਪਨਿਆਂ ਵਿਚ ਵੀ ਨਾਲ ਨਾਲ ਰਿਹਾ ਕਰ ਮੇਰੇ। ਹਾਦਸੇ ਹੋ ਜਾਂਦੇ ਨੇ ਜੇ ਇਕੱਲੇ ਹੋਈਏ ਤਾਂ। ਤੇ ਹਾਂ -ਹਾਦਸਿਆਂ 'ਚ ਮਰੇ ਸੁਪਨੇ ਪਛਾਣੇ ਵੀ ਨਹੀਂ ਜਾਂਦੇ। ਨਾ ਹੀ ਜੜ ਹੁੰਦੇ ਨੇ ਕਿਸੇ ਫ਼ਰੇਮ 'ਚ ਕਰੂਪ ਜੇਹੇ ਚਿਹਰੇ।

ਆਪਾਂ ਕਿਉਂ ਰਹੀਏ ਦੂਰ। ਦੂਰ ਰਹਿ ਰਹਿ ਵਿਯੋਗ ਜਨਮਦੇ ਨੇ। ਫਿਰ ਉਹਨਾਂ ਨੂੰ ਸਾਂਭਦੇ ਫ਼ਿਰਾਂਗੇ! ਇਹ ਸਾਰੇ ਦੁੱਖ ਹੀ ਵਿਯੋਗਾਂ ਦੇ ਨੇ। ਨਾ ਮਰਮਾਂ ਨਾ ਪੱਟੀਆਂ। ਨਾ ਕੋਈ ਰੂਹ ਲੱਭੇ ਟੋਹਣ ਲਈ। ਨਾ ਪਤਾ ਲੱਗੇ ਧਰਵਾਸ ਕਿੱਥੇ ਰੱਖੀਏ। ਹੱਥਾਂ 'ਚ ਫ਼ੜ੍ਹੇ-ਜੇਬਾਂ 'ਚ ਸਾਂਭੇ। ਜਦੋਂ ਵੀ ਕੋਈ ਮਿਟਿਆ ਵਿਛੋੜੇ 'ਚ ਹੀ ਛੁਪਿਆ। ਕੋਲ ਕੋਲ ਰਹਾਂਗੇ ਨਾ ਵਿਯੋਗ 'ਚ ਮਰਨ ਨਾ ਮਿਟਣ। ਬੁੱਲ੍ਹਾਂ ਤੇ ਹਾਸੇ ਤੇ ਚੁੰਮਣ ਬਾਹਾਂ 'ਚ ਗਲਵੱਕੜੀਆਂ ਰਹਿਣਗੀਆਂ। ਏਦਾਂ ਹੀ ਜੇ ਪੈਂਦੀ ਰਹੇ ਦੋਸਤਾਂ 'ਚ ਕਿੱਕਲੀ। ਤਾਂ ਦੁਨੀਆਂ ਨਾ ਕਦੇ ਖੁਰੇ। ਪੱਛੀਆਂ ਨਾ ਜਾਣ ਰੂਹਾਂ ਖ਼ਾਬ ਨਾ ਮਰਨ ਬੇਗੁਨਾਹ।
ਹਿਜ਼ਰ ਵੀ ਰਹਿਣ ਭਾਵੇਂ ਜਾਗਦੇ। ਫ਼ਾਸਲਿਆਂ 'ਚ ਕੁਝ ਨਹੀਂ ਰੱਖਿਆ। ਸੁਣਿਆਂ ਕਰ ਗਹੁ ਨਾਲ ਮੇਰੀ। ਬਲਵੀਰ ਰਣਜੀਤ ਨੂੰ ਕਹਿੰਦਾ।

ਜਦ ਮੈਂ ਤੱਕਦਾ ਹਾਂ- ਤੈਨੂੰ ਕਰੀਬ ਤੋਂ ਗਲ ਨਾਲ ਲਾ ਕੇ। ਆਤਮਸਾਤ ਹੋ ਜਾਂਦੀ ਹੈ ਕਾਇਨਾਤ। ਧਰਤੀ 'ਤੇ ਪੈਰ ਰੱਖ ਕੇ ਕੀ ਕਰਨੇ। ਤੈਨੂੰ ਚੁੱਕ ਕੇ ਹੁਲਾਰੇ ਦੇਣ ਨੂੰ ਜੀਅ ਕਰਦਾ। ਬਹੁਤ ਜ਼ੋਰ ਹੈ ਮੇਰੀਆਂ ਬਾਹਵਾਂ ਵਿਚ। ਮੇਰੀਆਂ ਆਹਵਾਂ ਨੇੜੇ ਆ-ਓਦੋਂ ਏਧਰ ਓਧਰ ਨਾ ਤੱਕੀਂ। ਜਲ ਲੈਣ ਦੇਵੀਂ ਦੁਨੀਆਂ। ਭਸਮ ਹੋ ਲੈਣ ਦੇਵੀਂ ਸੰਸਾਰ। ਸਾਡੀ ਆਪਣੀ ਧਰਤ ਸਾਡਾ ਆਪਣਾ ਅਰਸ਼।
ਬਲਵੀਰ ਤੇ ਰਣਜੀਤ ਦੋਨੋਂ ਬੱਦਲਾਂ 'ਚ ਅਠਖੇਲੀਆਂ ਕਰਦੇ।

26. ਜੋ ਸੁੱਖ ਛਜੂ ਦੇ ਚੁਬਾਰੇ, ਨਾਂ ਉਹ ਬਲਖ ਨਾਂ ਬੁਖ਼ਾਰੇ

ਵਿਦੇਸ਼ ਜਾਣ ਬਾਰੇ ਬਲਵੀਰ ਨੇ ਕਈਆਂ ਤੋਂ ਪੁੱਛਿਆ । ਕਿਸੇ ਨੇ ਕਿਹਾ ਮੈਂ ਹੋਰ ਕਿਤੇ ਰਹਿਣਾ ਚਾਹੁੰਦਾ ਸੀ।
ਇਕ ਨੇ ਕਿਹਾ-ਮੈਂ ਕੁਝ ਨਵੀਆਂ ਚੀਜ਼ਾਂ ਦੇਖਣ ਲਈ ਉਤਸੁਕ ਸੀ।
ਮੈਂ ਦਿਲਚਸਪ ਦੌਰਾ ਕਰਨ ਲਈ ਬੇਚੈਨ ਸੀ।​ ਇਕ ਹੋਰ ਬੋਲਿਆ।

ਬਾਹਰ ਆ ਕੇ ਵਸੇ ਲੋਕਾਂ ਨੇ ਬਲਵੀਰ ਨੂੰ ਦੱਸਿਆ ਕਿ ਚੰਗਾ ਰਹਿਣਾ ਤਾਂ ਮਾਤਰ ਭੂਮੀ ਦਾ ਹੀ ਹੁੰਦਾ ਹੈ ਪਰ ਕੀ ਕਰੀਏ ਓਥੇ ਸਾਰਾ ਕੁਝ ਗੰਦਲਾ ਹੋ ਚੁੱਕਾ ਹੈ। ਜਿੰਦਗੀ ਜਿਉਂਣ ਦੇ ਕਾਬਲ ਹੀ ਨਹੀਂ । ਤੇ ਜਿਉਣਾ ਸਿਰਫ ਇਕ ਵਾਰ ਹੀ ਹੁੰਦਾ-ਜੋਗਾ ਸਿੰਘ ਨੇ ਕਿਹਾ।

ਮੈਨੂੰ ਨਹੀਂ ਲੱਗਦਾ ਵਿਦੇਸ਼ ਵਿੱਚ ਆ ਕੇ ਕਿਸੇ ਕੋਲ ਉੱਥੋਂ ਦੇ ਜੀਵਨ ਨੂੰ ਪਸੰਦ ਜਾ ਨਾ ਪਸੰਦ ਕਰਨ ਦੀ ਚੋਣ ਹੁੰਦੀ ਹੈ। ਜੋ ਵੀ ਹੁੰਦੈ ਬੰਦੇ ਨੂੰ ਆਪਣੇ ਆਪ ਨੂੰ ਉਸ ਮੁਤਾਬਿਕ ਢਾਲਣਾ ਪੈਂਦਾ ਹੈ-ਰਾਜਪਾਲ ਕਹਿਣ ਲੱਗਾ।
ਇਕ ਸੀਨੀਅਰ ਪ੍ਰੋਫੈਸਰ ਕਹਿੰਦੇ ਹਨ ਕਿ ਸਾਰੀਆਂ ਥਾਵਾਂ ਇੱਕੋ ਜੇਹੀਆਂ ਹੀ ਹਨ।
ਬਦੇਸ਼ੀ ਜੀਵਨ ਕੋਈ ਨਹੀ ਹੁੰਦਾ ਜੀ ਸਿਰਫ ਕੰਮ ਹੀ ਹੁੰਦਾ ਹੈ- ਪ੍ਰੀਤਮ ਸਿੰਘ ਬੋਲਿਆ।

ਵਿਦੇਸ਼ੀ ਜੀਵਨ ਤਾਂ ਜੀਵਨ ਸਾਥੀ ਤੇ ਡਿਪੈਂਡ ਕਰਦਾ ਹੈ। ਜੀਵਨ ਘਰ ਤੋਂ ਸ਼ੁਰੂ ਹੁੰਦਾ ਤੇ ਭਾਰਤੀ ਔਰਤ ਦੀ ਬਦਕਿਸਮਤੀ, ਕਈ ਵਾਰ ਜੋੜੀਆਂ ਜੱਗ ਥੋੜੀਆਂ ਤੇ ਨਰੜ ਬਥੇਰੇ। ਵਿਦੇਸ਼ ਨੇ ਸਭ ਤੋਂ ਪਹਿਲਾਂ ਇਹ ਗਿਫਟ ਦਿੱਤਾ ਪਤਾ ਨਹੀ ਵਿਦੇਸ਼ ਕਹਿ ਲਵਾਂ ਜਾਂ ਨਾ। ਕਿਹਦੇ ਸਿਰ ਮੜਾਂ। ਪਰ ਇਥੇ ਕੰਮ ਕਰਦੀ ਹਾਂ ਵਿਦੇਸ਼ ਨੇ ਰੋਟੀ ਆਪ ਕਮਾਉਣ ਲਾਇਆ ਹੈ। ਇਹ ਇਕ ਵਧੀਆ ਚੀਜ ਹੈ- ਗੁਰਿੰਦਰ ਨੇ ਦੱਸਿਆ।
ਜੋ ਸੁੱਖ ਛਜੂ ਦੇ ਚੁਬਾਰੇ, ਨਾਂ ਉਹ ਬਲਖ ਨਾਂ ਬੁਖ਼ਾਰੇ-ਜੀਤੀ ਕਹਿਣ ਲੱਗੀ।
ਬਹੁਤਿਆਂ ਨੇ ਵਿਦੇਸ਼ 'ਚ ਹੀ ਰਹਿਣਾ ਪਸੰਦ ਕੀਤਾ ਤੇ ਅੱਛਾ ਜੀਵਨ ਗੁਜ਼ਰ ਮੰਨਿਆ ਹੈ।

ਵਿਦੇਸ਼ ਨੇ ਰੋਟੀ ਰੋਜ਼ੀ ਦਿੱਤੀ। ਚੰਗਾ ਰਹਿਣ ਸਹਿਣ ਪੈਸੇ ਨਾਲ ਆਪੇ ਹੀ ਹੋ ਜਾਂਦਾ ਹੈ। ਪਰ ਏਥੇ ਉਹ ਮਿੱਟੀ ਨਾਲ ਮੋਹ ਨਹੀਂ ਬਣਦਾ ਬਲਵੀਰ ਸੋਚਦਾ ਤੇ ਕਹਿੰਦਾ। ਬੱਚੇ ਕਹਿਣੇ 'ਚ ਘੱਟ ਹੋ ਜਾਂਦੇ ਹਨ। ਘਰਾਂ 'ਚੋਂ ਨਿਕਲ ਬਾਹਰ ਅੰਗਰੇਜ਼ਾਂ ਨਾਲ ਵਿਆਹ ਕਰਵਾ ਰਹੇ ਹਨ। ਪਿੱਛੇ ਮਾਂ ਬਾਪ ਪੈਸੇ ਘਰ ਵੱਲੋਂ ਤਾਂ ਖੁਸ਼ ਹੋ ਜਾਂਦੇ ਹਨ। ਬਹੁਤੇ ਬੱਚਿਆਂ ਦੀ ਦੂਰੀ ਤੇ ਵਿਯੋਗ ਵਿਚ ਹੀ ਟੁਰ ਜਾਂਦੇ ਹਨ।
ਜਾਂ ਇਹ ਕਹਿਣਾ ਹੋਵੇਗਾ ਕਿ ਇਹ ਤਾਂ ਹੋਣਾ ਹੀ ਸੀ।
ਵਿਦੇਸ਼ ਨੇ ਜਿੱਥੇ ਅੱਛਾ ਜੀਵਨ ਦਿੱਤਾ ਓਥੇ ਦੋਸਤ ਮਿੱਤਰ ਵੀ ਖੋਹੇ।
ਘਰ ਵਿਹੜੇ ਵੀ ਛੱਡਣੇ ਪਏ।

27. ਬਦੇਸ਼ ਵੀ ਸੁਫਨੇ ਵਾਂਗ ਇਕ ਰੀਝ ਜਾਂ ਚਾਅ ਹੀ ਹੈ
ਜਿਵੇਂ ਸੋਹਣੀ ਨੂੰ ਮਿਲਣਾ ਹੋਵੇ

ਸਾਡੇ ਵਾਂਗ ਪੰਜਾਬੀ ਜਵਾਨੀ ਆਪਣੇ ਭਵਿੱਖ ਤੋਂ ਚਿੰਤਾ ਤੁਰ ਹੋ ਕੇ ਪੜ੍ਹਾਈ ਨੂੰ ਆਧਾਰ ਬਣਾ ਕੇ ਬਦੇਸ਼ਾਂ ਵੱਲ ਟੁਰ ਰਹੀ ਹੈ। ਬਦੇਸ਼ ਵੀ ਸੁਫਨੇ ਵਾਂਗ ਇਕ ਰੀਝ ਜਾਂ ਚਾਅ ਹੀ ਹੈ ਜਿਵੇਂ ਸੋਹਣੀ ਨੂੰ ਮਿਲਣਾ ਹੋਵੇ। ਢੋਲ ਵਰਗਾ ਤਾਲ ਸੁਰ। ਨੌਜਵਾਨ ਕੈਨੇਡਾ, ਆਸਟਰੇਲੀਆ, ਅਮਰੀਕਾ, ਨਿਊਜ਼ੀਲੈਂਡ ਤੇ ਇੰਗਲੈਂਡ ਵੱਲ ਵਹੀਰਾਂ ਘੱਤ ਰਹੇ ਹਨ। ਪੜ੍ਹਾਈ ਪੂਰੀ ਕਰਨ ਉਪਰੰਤ ਜੌਬ ਕਰਕੇ ਵੀਜ਼ਾ ਲੈਂਦੇ ਹਨ ਤੇ ਪੀ.ਆਰ ਪ੍ਰਾਪਤ ਕਰ ਲੈਂਦੇ ਹਨ। ਇਹ ਉਨ੍ਹਾਂ ਲਈ ਵਰਦਾਨ ਹੈ। ਕਈ ਕੁਰਾਹੇ ਪੈ ਕੇ ਤੇ ਸੰਤਾਪ ਭੋਗਣ ਜੋਗੇ ਵੀ ਰਹਿ ਜਾਂਦੇ ਹਨ। ਕਈ ਵਿਆਹ ਕਰਵਾ ਲੈਂਦੇ ਹਨ। ਕੁੜੀ ਜਾਂ ਮੁੰਡਾ ਬਾਹਰ ਵੀ ਚਲਿਆ ਜਾਂਦਾ ਹੈ। ਉਨ੍ਹਾਂ ਦਾ ਬਾਕੀ ਪਰਿਵਾਰ ਵੀ ਲੰਘ ਜਾਂਦਾ ਹੈ। ਇਹ ਤਾਂ ਹੋਇਆ ਵਰਦਾਨ ਪਰ ਉੱਥੇ ਜਾ ਕੇ ਕਈਆਂ ਦੀ ਦੁਰਦਸ਼ਾ ਜੋ ਹੁੰਦੀ ਹੈ। ਕਈ ਵਾਰ ਸੱਚ ਵੀ ਨਹੀਂ ਆਉਂਦਾ।

ਇੱਥੋਂ ਗਈ ਕੁੜੀ ਨੂੰ ਜਦੋਂ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਉਸ ਦਾ ਪਤੀ ਪਹਿਲਾਂ ਹੀ ਵਿਆਹਿਆ ਹੋਇਆ ਹੈ ਤਾਂ ਨਾ ਉਹ ਘਰ ਦੀ ਰਹਿੰਦੀ ਹੈ ਨਾ ਹੀ ਕਿਸੇ ਘਾਟ ਦੀ। ਅਜਿਹਾ ਹੀ ਕਈ ਵਾਰ ਮੁੰਡਿਆਂ ਨਾਲ ਵੀ ਹੁੰਦਾ ਹੈ। ਜਿਸ ਕੁੜੀ ਨਾਲ ਉਹ ਚਾਰ ਲਾਵਾਂ ਲੈ ਕੇ ਆਏ ਹੁੰਦੇ ਹਨ। ਜਦੋਂ ਉਹ ਜਹਾਜ਼ ਚੜ੍ਹ ਕੇ ਪਤੀ ਦੇ ਦੇਸ਼ ਲਈ ਰਵਾਨਾ ਹੁੰਦੀ ਹੈ ਤਾਂ ਉਹ ਸਹੁਰੇ ਘਰ ਪਹੁੰਚਣ ਦੀ ਥਾਂ ਆਪਣੇ ਕਿਸੇ ਪੁਰਾਣੇ ਦੋਸਤ ਦੇ ਜਾ ਡੇਰਾ ਲਾਉਂਦੀ ਹੈ। ਲੱਖਾਂ ਰੁਪਏ ਖਰਚ ਕੇ ਆਇਆ ਵਿਚਾਰਾ ਲਾੜਾ ਫੁੱਟ ਫੁੱਟ ਰੋਂਦਾ ਹੈ। ਇਸ ਤੋਂ ਵੱਡਾ ਫਰੇਬ ਸੰਤਾਪ ਕੀ ਹੋ ਸਕਦਾ ਹੈ ਇਕ ਸੰਤਾਪੀ ਰੂਹ ਲਈ?

ਬਦੇਸ਼ਾਂ 'ਚ ਸਾਰਿਆਂ ਨਾਲੋਂ ਪਰੇਸ਼ਾਨ ਜ਼ਿਆਦਾ ਪੜ੍ਹੇ ਲਿਖੇ ਲੋਕ ਹਨ। ਯੋਗ ਨੌਕਰੀ ਨਾ ਮਿਲਣ ਕਾਰਨ ਅਪਸੈੱਟ ਹੋ ਜਾਂਦੇ ਹਨ। ਘਟੀਆ ਕੰਮ ਨੂੰ ਕਿਸੇ ਦਾ ਦਿਲ ਨਹੀਂ ਮੰਨਦਾ। ਭਾਵੇਂ ਭਾਰਤ ਵਿਚ ਵੀ ਪੜ੍ਹੇ ਲਿਖੇ ਹੀ ਪਰੇਸ਼ਾਨ ਹਨ ਜਿਥੇ ਰਿਸ਼ਵਤਖੋਰੀ ਕਰਕੇ ਕੋਈ ਅੱਛੀ ਨੌਕਰੀ ਨਹੀਂ ਮਿਲਦੀ। ਪਿਛਲੇ ਕਈ ਸਾਲਾਂ ਤੋਂ ਸਰਕਾਰ ਨੇ ਨੌਕਰੀਆਂ ਨਹੀਂ ਕੱਢੀਆਂ। ਨੌਜਵਾਨ ਪੜ੍ਹ ਪੜ੍ਹ ਕੇ ਔਵਰਏਜ਼ ਹੋਈ ਜਾ ਰਹੇ ਹਨ। ਘੱਟ ਤੋਂ ਘੱਟ ਪੜ੍ਹਾਈ ਵਾਲੇ ਲੋਕ ਜਾਂਦੇ ਸਾਰ ਜਿਹੋ ਜਿਹਾ ਵੀ ਕੰਮ ਮਿਲਦਾ ਹੈ ਕਰ ਲੈਂਦੇ ਹਨ। ਜੇ ਦੇਖਿਆ ਜਾਵੇ ਡਿੱਜੀਟਲ ਕਰਨ ਹੋਣ ਨਾਲ ਦੇਸ਼ ਸਾਫ ਨਹੀਂ ਹੋਣ ਲੱਗਾ। ਕੋਈ ਲਿੰਕ ਨਹੀਂ ਹੈ ਜਿਥੋਂ ਗਰੀਬ ਵਿਚਾਰਾ ਟੁੱਕ ਲਾਹ ਕੇ ਖਾ ਸਕੇ।

ਸਾਰੇ ਸੋਮਿਆਂ ਤੋਂ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਪੂਰੀ ਤਸੱਲੀ ਕਰਕੇ ਹੀ ਪੜ੍ਹਨ, ਪੱਕੇ ਹੋਣ ਜਾਂ ਵਿਆਹ ਕਰਵਾਉਣ ਤੇ ਕੰਮ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਏਜੰਟਾਂ 'ਤੇ ਅੱਖਾਂ ਮੀਚ ਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਜੇ ਸਹੀ ਰਾਹ ਨਾ ਚੁਣਿਆ ਜਾਵੇ ਸਾਰੀ ਉਮਰ ਸੰਤਾਪ ਭੋਗਣਾ ਪਵੇਗਾ। ਬਲਵੀਰ ਕਦੇ ਕਦੇ ਸਲਾਹ ਦੇਣ ਵਾਂਗ ਵੀ ਗੱਲ ਕਰਦਾ।

ਘਰਾਂ ਦੀਆਂ ਮਜਬੂਰੀਆਂ ਕਰਕੇ ਜਾਂ ਪੜ੍ਹ ਲਿਖ ਕੇ ਵੀ ਬੇਰੁਜ਼ਗਾਰੀ ਹੰਢਾਉਂਦੇ ਹਨ ਬਹੁਤ ਸਾਰੇ ਲੋਕ। ਆਖਰ ਦਿਲ 'ਤੇ ਪੱਥਰ ਧਰ ਕੇ ਉਨ੍ਹਾਂ ਨੂੰ ਬਦੇਸ਼ 'ਚ ਜਾਣਾ ਪੈਂਦਾ ਹੈ। ਹਰੇਕ ਲਈ ਵੱਖ ਵੱਖ ਹਾਲਾਤ ਬਣਦੇ ਹਨ ਬਦੇਸ਼ ਜਾਣ ਲਈ। ਕਈ ਹਨ ਜਿਹੜੇ ਲੁੱਟਿਆ ਸਰਮਾਇਆ ਬਾਹਰਲੀਆਂ ਬੈਂਕਾਂ ਵਿਚ ਜਮਾਂ ਕਰਵਾਉਣ ਜਾਂਦੇ ਹਨ। ਕੁਝ ਐਸ਼ੋ ਇਸ਼ਰਤ ਕਰਨ ਲਈ ਜਾਂਦੇ ਹਨ।

ਜ਼ਮੀਨਾਂ ਦਾ ਘਟਣਾ, ਆਬਾਦੀ ਦਾ ਵਧਣਾ, ਥੋੜ੍ਹੀ ਜ਼ਮੀਨ ਵਿਚੋਂ ਪਰਿਵਾਰ ਦਾ ਗੁਜ਼ਾਰਾ ਨਾ ਹੋਣਾ। ਜ਼ਿਮੀਂਦਾਰਾਂ ਦੇ ਸਿਰ ਬੈਂਕ ਦੇ ਲੱਖਾਂ ਕਰਜ਼ੇ ਅਤੇ ਖੁਦਕੁਸ਼ੀਆਂ ਕਰਨੀਆਂ। ਇਹ ਆਮ ਜਿਹੀ ਗੱਲ ਬਣ ਗਈ ਹੈ।
ਘਰ ਛੱਡ ਕੇ ਕੋਈ ਵੀ ਪਰਦੇਸਾਂ ਵਿਚ ਜਾ ਕੇ ਵਸਣਾ ਪਸੰਦ ਨਹੀਂ ਕਰਦਾ ਹੈ ਪਰ ਮਜਬੂਰੀਆਂ ਸਭ ਕੁਝ ਕਰਵਾ ਦਿੰਦੀਆਂ ਹਨ। ਨੌਜਵਾਨ ਹੱਥਾਂ ਵਿਚ ਡਿਗਰੀਆਂ ਲਈ ਫਿਰਦੇ ਹਨ। ਮੁਜ਼ਾਹਰੇ ਕਰਦੇ ਡਿਗਰੀਆਂ ਸਾੜ ਰਹੇ ਹਨ। ਪਰ ਕੋਈ ਉਨ੍ਹਾਂ ਦੀ ਆਵਾਜ਼ ਨੂੰ ਨਹੀਂ ਸੁਣ ਰਿਹਾ ਹੈ।

ਬੇਰੁਜ਼ਗਾਰੀ ਸਭ ਹੱਦਾਂ ਬੰਨ੍ਹੇ ਟੱਪ ਗਈ ਹੈ। ਨੌਜਵਾਨ ਨੂੰ ਬਦੇਸ਼ ਜਾਣਾ ਹੀ ਠੀਕ ਲਗਦਾ ਹੈ ਕਿਉਂਕਿ ਉੱਥੋਂ ਦੇ ਅਸੂਲ ਕਨੂੰਨ ਠੀਕ ਹਨ। ਜੇ ਕੋਈ ਕੰਮ ਕਰਦਾ ਹੈ ਤਾਂ ਉਸ ਨੂੰ ਉਸ ਦੀ ਪੂਰੀ ਪੂਰੀ ਮਿਹਨਤ ਮਿਲ ਜਾਂਦੀ ਹੈ। ਭਾਵੇਂ ਉਸ ਨੂੰ ਉੱਥੇ ਹੱਡ-ਭੰਨਵੀਂ ਮਿਹਨਤ ਕਰਨੀ ਪੈਂਦੀ ਹੈ।
ਪਰ ਫੇਰ ਵੀ ਉਹ ਪਰਦੇਸ 'ਚ ਵਸਣਾ ਪਸੰਦ ਕਰਦੇ ਹਨ। ਅੱੱਛਾ ਰਹਿਣ ਸਹਿਣ ਨੌਜਵਾਨਾਂ ਦੀ ਖਿੱਚ ਹੈ। ਉੱਥੇ ਜਾ ਕੇ ਆਪਣੇ ਪਰਿਵਾਰਾਂ ਦੀ ਅੱਛੀ ਪਾਲਣਾ ਕਰ ਸਕਣਗੇ ਇਹ ਸੋਚ ਹੈ ਤੇ ਕਾਫੀ ਹੱਦ ਤੱਕ ਇਹ ਸੱਚ ਵਰਗਾ ਖ਼ਾਬ ਵੀ ਹੈ।

ਅੱਜ ਦਾ ਨੌਜਵਾਨ ਨਸ਼ਿਆਂ ਦੀ ਦਲ-ਦਲ ਵਿਚ ਗ੍ਰਸਿਆ ਗਿਆ ਹੈ। ਸਰਕਾਰਾਂ ਆਈਆਂ ਪਰ ਉਨ੍ਹਾਂ ਨੇ ਵੀ ਲੋਕਾਂ ਦੀ ਵਜਾਏ ਆਪਣੇ ਹੀ ਭਵਿੱਖ ਨੂੰ ਸੰਵਾਰਿਆ। ਵਿਕਾਸ ਦਾ ਹੋਕਾ ਦਿਤਾ ਜਾ ਰਿਹਾ ਹੈ। ਉਹ ਵੀ ਸੜਕਾਂ ਦਾ। ਪਰ ਨੌਜਵਾਨਾਂ ਨੂੰ ਰੁਜ਼ਗਾਰ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦੇ ਪੇਟ ਦੀ ਅੱਗ ਬੁਝ ਸਕੇ।

ਏਸੇ ਹੀ ਬੇਗੁਨਾਹ ਦਾ ਮਾਰਿਆ ਨੌਜਵਾਨ ਜਾਅਲੀ ਏਜੰਟਾਂ ਕੋਲੋਂ ਲੁੱਟਿਆ ਜਾ ਰਿਹਾ ਹੈ। ਕਈ ਭਵਿੱਖ ਤਾਂ ਰਸਤੇ ਵਿੱਚ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਫਿਰ ਵੀ ਪਰਦੇਸਾਂ ਵਿੱਚ ਹੀ ਵਸਣਾ ਚਾਹੁੰਦੇ ਹਨ। ਕਈਆਂ ਨੂੰ ਪਰਦੇਸ ਵਰਦਾਨ ਹੈ ਪਰ ਕਈਆਂ ਨੂੰ ਸੰਤਾਪ ਲਗ ਗਏ ਹਨ ਉਮਰਾਂ ਦੇ! ਬਲਵੀਰ ਨੂੰ ਇਹ ਸੋਚ ਸੋਚ ਵੀ ਚਿੰਤਾ ਖਾਂਦੀ। ਰਾਤਾਂ ਦੀ ਨੀਂਦ ਤਿੜਕ ਜਾਂਦੀ।

ਬਹੁਤਿਆਂ ਦਾ ਵਿਚਾਰ ਹੈ ਕਿ ਜੇ ਮਿਹਨਤ ਅਤੇ ਲਗਨ ਨਾਲ ਕੰਮ ਕਰਨਾ ਹੋਵੇ ਤਾਂ ਆਪਣੇ ਦੇਸ਼ ਵਿਚ ਵੀ ਬਹੁਤ ਕੰਮ ਹੋ ਸਕਦਾ ਹੈ। ਜੋ ਕੰਮ ਅਸੀਂ ਓਧਰ ਜਾ ਕੇ ਕਰਦੇ ਹਾਂ, ਉਸ ਕੰਮ ਨੂੰ ਇਥੇ ਕਰਨ ਵਿਚ ਸ਼ਰਮ ਮਹਿਸੂਸ ਕਰਦੇ ਹਾਂ। ਹਮੇਸ਼ਾ ਮਿਹਨਤ ਦਾ ਮੁੱਲ ਪੈਂਦਾ ਹੈ। ਚਾਹੇ ਉਹ ਦੇਸ਼ ਜਾਂ ਬਦੇਸ਼ ਵਿਚ ਜਾ ਕੇ ਕਿਸੇ ਵੀ ਖੇਤਰ ਵਿਚ ਜਾ ਕੇ ਕੀਤੀ ਗਈ ਹੋਵੇ। ਕਿਸ ਦਾ ਜੀਅ ਕਰਦਾ ਹੈ ਆਪਣੇ ਭੈਣ-ਭਰਾਵਾਂ, ਮਾਤਾ-ਪਿਤਾ, ਰਿਸ਼ਤੇਦਾਰਾਂ ਨੂੰ ਛੱਡ ਕੇ ਜਾਣ ਨੂੰ? ਆਪਣੇ ਦੇਸ਼ ਵਿਚ ਬੇਰੁਜ਼ਗਾਰੀ ਦੇ ਝੰਭੇ ਹੋਏ ਇਹ ਨੌਜਵਾਨ ਜੇਕਰ ਵਿਦੇਸ਼ਾਂ ਨੂੰ ਪੈਸੇ ਕਮਾਉਣ ਤੁਰ ਗਏ ਹਨ ਤਾਂ ਇਸ ਵਿਚ ਇਨ੍ਹਾਂ ਨੌਜਵਾਨਾਂ ਨੂੰ ਕੋਈ ਸ਼ੌਕ ਨਹੀਂ ਸੀ। ਜ਼ਿਆਦਾਤਰ ਇਹ ਸਾਰੇ ਬੇਵਸੀ ਅਤੇ ਲਾਚਾਰ ਹੋ ਕੇ ਇਥੋਂ ਚਲੇ ਗਏ ਸਨ। ਅਜਿਹੀ ਜ਼ਿੰਦਗੀ ਨੂੰ ਅਸੀਂ ਵਰਦਾਨ ਨਹੀਂ ਕਹਾਂਗੇ ਤਾਂ ਹੋਰ ਕੀ ਨਾ ਦੇਈਏੇ ਇਸ ਕਥਾ ਕਹਾਣੀ ਦਾ?
ਹਰ ਰੋਜ ਪੰਜਾਬ ਦੀ ਨੌਜਵਾਨ ਪੀੜ੍ਹੀ 'ਚ ਬਦੇਸ਼ਾਂ ਵਿਚ ਜਾਣ ਦੀ ਦੌੜ ਲੱਗੀ ਹੋਈ ਹੈ। ਹਰ ਕੋਈ ਰਾਤੋ-ਰਾਤ ਅਮੀਰ ਹੋਣ ਨੂੰ ਫਿਰਦਾ ਹੈ। ਇਸ ਲਈ ਹਰ ਕੋਈ ਬਦੇਸ਼ ਜਾਣ ਲਈ ਪੁੱਠੇ-ਸਿੱਧੇ ਹੱਥ ਕੰਡੇ ਅਪਣਾਉਂਦਾ ਹੈ। ਜਿਸ ਦਾ ਹਰਜਾਨਾ ਕਈ ਵਾਰ ਉਨ੍ਹਾਂ ਨੂੰ ਆਪ ਵੀ ਭੁਗਤਣਾ ਪੈਂਦਾ ਹੈ।

ਜੋ ਵਿਅਕਤੀ ਸਹੀ ਤਰੀਕੇ ਨਾਲ ਕਾਨੂੰਨ ਮੁਤਾਬਿਕ ਬਾਹਰ ਜਾਂਦਾ ਹੈ ਅਤੇ ਪੱਕਾ ਹੋ ਜਾਂਦਾ ਹੈ। ਉਸ ਦਾ ਕਾਰੋਬਾਰ ਪੂਰੀ ਤਰ੍ਹਾਂ ਜੰਮ ਜਾਂਦਾ ਹੈ। ਉਸ ਲਈ ਤਾਂ ਵਿਦੇਸ਼ ਵਰਦਾਨ ਬਣ ਜਾਂਦਾ ਹੈ ਪਰ ਜੋ ਗਲਤ ਤਰੀਕੇ ਨਾਲ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੂੰ ਹਮੇਸ਼ਾ ਮੁਸੀਬਤਾਂ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਨੂੰ ਓਥੇ ਜਾ ਕੇ ਛੁਪ ਛੁਪ ਕੇ ਰਹਿਣਾ ਪੈਂਦਾ ਹੈ। ਕੰਮ ਲੱਭਣ ਵਿਚ ਉਨ੍ਹਾਂ ਨੂੰ ਕਾਫੀ ਮੁਸ਼ਕਲ ਪੇਸ਼ ਆਉਂਦੀ ਹੈ ਕਿਉਂਕਿ ਜੇਕਰ ਉਹ ਫੜੇ ਜਾਣ ਤਾਂ ਜੇਲ੍ਹਾਂ ਵਿਚ ਸੁੱਟ ਦਿਤੇ ਜਾਂਦੇ ਹਨ। ਪਿੱਛੇ ਮਾਂਵਾਂ ਵਿਲਕਦੀਆਂ ਹਨ ਤੇ ਓਥੇ ਉਹ ਆਪ ਰੋਂਦੇ ਪਿੱਟਦੇ ਹਨ।

ਉਥੋਂ ਦੇ ਕਾਨੂੰਨ ਕਾਫੀ ਸਖਤ ਹੁੰਦੇ ਹਨ ਜਿੱਥੋਂ ਬਚ ਕੇ ਨਿਕਲਣਾ ਕਾਫੀ ਮੁਸ਼ਕਲ ਹੁੰਦਾ ਹੈ। ਸਾਰੀ ਸਾਰੀ ਉਮਰ ਜੇਲ੍ਹਾਂ ਵਿਚ ਵੀ ਸੜਨਾ ਪੈਂਦਾ ਹੈ। ਰੂਹਾਂ ਤੜਫਦੀਆਂ ਮਰ ਜਾਂਦੀਆਂ ਹਨ ਤੇ ਓਹੀ ਬਦੇਸ਼ ਸੰਤਾਪ ਬਣ ਕੇ ਜਿੰਦਗੀ 'ਚ ਲਟਕ ਜਾਂਦਾ ਹੈ।
ਉਹ ਸਾਰੀ ਉਮਰ ਆਪਣੇ ਪਿੰਡ ਮਾਪਿਆਂ ਅਤੇ ਬੱਚਿਆਂ ਨੂੰ ਯਾਦ ਕਰ ਕਰ ਕੇ ਵਿਛੋੜੇ 'ਚ ਮਹਾਂ ਸੰਤਾਪ ਭੋਗਦੇ ਹਨ।

28. ਵਿਦੇਸ਼ ਦੀ ਪਹਿਲੀ ਚੁਣੌਤੀ ਮੁਸ਼ਕਲਾਂ ਭਰਿਆ ਸਫ਼ਰ ਹੁੰਦਾ ਹੈ
ਕਈਆਂ ਦੀਆਂ ਤਾਂ ਕਹਾਣੀਆਂ ਸੁਣ ਸੁਣ ਦਿਲ ਕੰਬ ਜਾਂਦਾ ਹੈ

ਬਲਵੀਰ ਨੇ ਸਾਰਾ ਤਾਂ ਨਹੀਂ ਪਰ ਰੂਸ ਨਾਰਵੇ ਸਵੀਡਨ ਅਮਰੀਕਾ ਸਿੰਗਾਪੁਰ ਜਾਣੀ ਕਾਫੀ ਦੇਸ਼ਾਂ ਦੀ ਜ਼ਿੰਦਗੀ ਦੇਖੀ ਹੋਈ ਸੀ।
ਬੰਦੇ ਦੇ ਆਪਣੇ ਆਪ ਘਰ ਨੂੰ ਛੱਡ ਦੁਨੀਆਂ 'ਚੋਂ ਕੁਝ ਵੱਡਾ ਉੱਚਾ ਸੁੱਚਾ ਲੱਭਣ ਦੀ ਆਸ ਹੁੰਦੀ ਹੈ। ਇਸ ਜੀਵਨ ਜੰਗ ਜੱਦੋਜਹਿਦ ਵਿਚ ਹੀ ਉਹ ਘੁਲਦਾ ਜ਼ਿੰਦਗੀ ਦੀ ਕਿਸ਼ਤੀ ਇਸੇ ਹੀ ਸਾਗਰ ਵਿਚ ਤਾਰ ਡੋਬ ਬਹਿੰਦਾ ਹੈ।
ਬਲਵੀਰ ਬੇਬੱਸ ਸੀ ਕਿਉਂਕਿ ਉਹ ਆਪਣੇ ਪਰਿਵਾਰ ਦਾ ਢਿੱਡ ਨਹੀਂ ਸੀ ਭਰ ਸਕਦਾ। ਬਲਵੀਰ ਨੇ ਵੀ ਸੋਚਿਆ ਸੀ ਕਿ ਉਹ ਵਿਦੇਸ਼ ਜਾ ਕੇ ਨੌਕਰੀ ਕਰੇਗਾ ਤੇ ਆਪਣੇ ਪਰਿਵਾਰ ਨੂੰ ਸੁਖਾਵਾਂ ਕਰ ਲਵੇਗਾ।
ਪਰੀਵਾਰ ਵੀ ਵਿਦੇਸ਼ ਵਿਚ ਬਿਹਤਰੀਨ ਜ਼ਿੰਦਗੀ ਦੇ ਸੁਪਨੇ ਲੈਣ ਲੱਗਾ। ਬੱਚਿਆਂ ਨੂੰ ਵਧੀਆ ਜ਼ਿੰਦਗੀ ਦੇਵਾਂਗੇ।
ਭਾਵੇਂ ਕਿ ਕਈ ਭੁੱਖ ਕੁਦਰਤੀ ਆਫ਼ਤਾਂ ਜਾਂ ਅਤਿਆਚਾਰ ਕਰਕੇ ਵਿਦੇਸ਼ ਗਏ ਸਨ। ਪਰ ਜ਼ਿਆਦਾਤਰ ਲੋਕ ਪੈਸੇ ਕਮਾਉਣ ਲਈ ਵਿਦੇਸ਼ ਗਏ ਸਨ। ਪਰਵਾਸੀਆਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਸੀ? ਕੀ ਬਿਹਤਰ ਜ਼ਿੰਦਗੀ ਮਿਲ ਜਾਂਦੀ ਹੈ?
ਵਿਦੇਸ਼ ਜਾਣ ਦੀ ਪਹਿਲੀ ਚੁਣੌਤੀ ਸਫ਼ਰ ਹੁੰਦਾ ਹੈ। ਸਫ਼ਰ ਬਹੁਤ ਮੁਸ਼ਕਲਾਂ ਭਰਿਆ ਵੀ ਹੋ ਸਕਦਾ ਸੀ। ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਤਾਂ ਆਪਣੀ ਮੰਜ਼ਿਲ ਤੱਕ ਵੀ ਨਹੀਂ ਪਹੁੰਚ ਪਾਉਂਦੇ। ਸਮੁੰਦਰਾਂ ਵਿਚ ਹੀ ਗੁਆਚ ਜਾਂਦੇ ਹਨ।
ਕਈਆਂ ਦੀਆਂ ਤਾਂ ਕਹਾਣੀਆਂ ਸੁਣ ਸੁਣ ਦਿਲ ਕੰਬ ਜਾਂਦਾ ਸੀ।

ਇਕ ਨੇ ਦੱਸਿਆ "ਟਰੱਕ ਤੁੰਨਿਆ ਹੋਇਆ ਸੀ। ਰਸਤੇ ਵਿਚ ਅਸੀਂ ਬਹੁਤ ਸਾਰੀਆਂ ਲਾਸ਼ਾਂ ਦੇਖੀਆਂ ਅਤੇ ਅਜਿਹੇ ਲੋਕ ਵੀ ਜੋ ਮੌਤ ਦੀ ਉਡੀਕ ਵਿਚ ਮਾਰੇ-ਮਾਰੇ ਘੁੰਮ ਫਿਰ ਰਹੇ ਸਨ। ਕਈ ਡਰਾਈਵਰ ਇੰਨੇ ਬੇਰਹਿਮ ਹੁੰਦੇ ਹਨ ਕਿ ਉਹ ਲੋਕਾਂ ਨੂੰ ਰਸਤੇ ਵਿਚ ਹੀ ਟਰੱਕ ਵਿੱਚੋਂ ਲਾਹ ਦਿੰਦੇ ਸਨ।"

ਇਕ ਹੋਰ ਨੇ ਕਿਹਾ "ਉਸ ਨੇ ਇਹ ਕਦੇ ਵੀ ਨਹੀਂ ਸੋਚਿਆ ਸੀ ਕਿ ਉਸ ਨੂੰ ਆਪਣੀ ਦੋ ਸਾਲਾਂ ਦੀ ਨੰਨ੍ਹੀ ਬੱਚੀ ਦੀ ਯਾਦ ਕਿੰਨੀ ਸਤਾਵੇਗੀ। ਉਹ ਯਾਦ ਕਰਦੀ ਕਹਿੰਦੀ ਜਦੋਂ ਵੀ ਮੈਂ ਕਿਸੇ ਮਾਂ ਨੂੰ ਆਪਣੇ ਬੱਚੇ ਨਾਲ ਦੇਖਦੀ ਸੀ, ਤਾਂ ਮੇਰਾ ਕਲੇਜਾ ਚੀਰਿਆ ਜਾਂਦਾ ਸੀ।"

ਜੀਤ ਨੇ ਦੱਸਿਆ "ਵਿਦੇਸ਼ ਦੇ ਰਹਿਣ-ਸਹਿਣ ਮੁਤਾਬਿਕ ਜੀਣਾ ਇੰਨਾ ਸੌਖਾ ਨਹੀਂ ਸੀ। ਕਈ ਮਹੀਨੇ ਬੀਤਣ ਤੋਂ ਬਾਅਦ ਹੀ ਉਹ ਘਰ ਪੈਸੇ ਭੇਜ ਸਕਿਆ ਸੀ। ਉਹ ਦੱਸਦਾ ਤਨਹਾਈ ਅਤੇ ਮਾਯੂਸੀ ਕਰਕੇ ਮੈਂ ਕਈ ਰਾਤਾਂ ਰੋ-ਰੋ ਕੇ ਵੀ ਕੱਟੀਆਂ।"

ਪਰੀਤੂ ਕਹਿਣ ਲੱਗਾ "ਜਾਣ ਲਈ ਸਮੁੰਦਰ ਪਾਰ ਕਰਨ ਵਾਸਤੇ ਅਸੀਂ ਪੈਸੇ ਇਕੱਠੇ ਕਰ ਲਏ। ਉੱਥੇ ਜਾਣ ਵਾਲੀ ਕਿਸ਼ਤੀ ਟੁੱਟੀ-ਫੁੱਟੀ ਸੀ ਅਤੇ ਇਸ ਵਿਚ ਜਿੰਨੀਆਂ ਸਵਾਰੀਆਂ ਸਨ, ਉੱਨੇ ਜਣਿਆਂ ਲਈ ਇਹ ਨਹੀਂ ਸੀ ਬਣਾਈ ਗਈ। ਸਾਨੂੰ ਆਪਣੀਆਂ ਜੁੱਤੀਆਂ ਨਾਲ ਬੇੜੀ ਵਿੱਚੋਂ ਪਾਣੀ ਕੱਢਣਾ ਪਿਆ! ਜਦੋਂ ਅਸੀਂ ਸਪੇਨ ਪਹੁੰਚੇ, ਤਾਂ ਮੈਂ ਏਨਾ ਥੱਕ ਟੁੱਟ ਗਿਆ ਸੀ ਕਿ ਬੇੜੀ ਵਿੱਚੋਂ ਨਿਕਲ ਕੇ ਸਮੁੰਦਰ ਕੰਢੇ ਤੁਰਨ ਲਈ ਸਾਡੇ ਵਿਚ ਤਾਕਤ ਵੀ ਨਹੀਂ ਸੀ।"

ਦੂਜੇ ਦੇਸ਼ ਵਿਚ ਵਸਣ ਬਾਰੇ ਸੋਚਣ ਵਾਲੇ ਲੋਕਾਂ ਨੂੰ ਗੰਭੀਰਤਾ ਨਾਲ ਖ਼ਤਰਿਆਂ ਬਾਰੇ ਸੋਚਣਾ ਚਾਹੀਦਾ ਹੈ ਨਾ ਕਿ ਸਿਰਫ਼ ਸਫ਼ਰ ਬਾਰੇ। ਉਨ੍ਹਾਂ ਨੂੰ ਵਿਦੇਸ਼ੀ ਭਾਸ਼ਾ, ਨਵੇਂ ਸਭਿਆਚਾਰ, ਖ਼ਰਚੇ ਅਤੇ ਉਸ ਦੇਸ਼ ਦੇ ਨਾਗਰਿਕ ਬਣਨ ਲਈ ਕਾਨੂੰਨੀ ਤੌਰ ਤੇ ਆਉਂਦੀਆਂ ਮੁਸ਼ਕਲਾਂ ਬਾਰੇ ਵੀ ਸੋਚਣਾ ਚਾਹੀਦਾ ਹੈ। ਜਿਹੜੇ ਗ਼ੈਰ-ਕਾਨੂੰਨੀ ਢੰਗ ਨਾਲ ਜਾਂਦੇ ਹਨ। ਉਨ੍ਹਾਂ ਨੂੰ ਪੱਕੀ ਨੌਕਰੀ, ਵਧੀਆ ਘਰ, ਚੰਗੀ ਪੜ੍ਹਾਈ ਜਾਂ ਸਿਹਤ ਸਹੂਲਤਾਂ ਨਹੀਂ ਮਿਲਦੀਆਂ। ਉਨ੍ਹਾਂ ਨੂੰ ਬੈਂਕ ਖਾਤਾ ਖੋਲ੍ਹਣ ਜਾਂ ਡਰਾਈਵਿੰਗ ਲਾਇਸੰਸ ਲੈਣ ਵਿਚ ਮੁਸ਼ਕਲ ਆ ਸਕਦੀ ਹੈ। ਕਾਗਜ਼-ਪੱਤਰਾਂ ਬਿਨਾਂ ਰਹਿ ਰਹੇ ਲੋਕਾਂ ਦਾ ਜ਼ਿਆਦਾਤਰ ਸ਼ੋਸ਼ਣ ਕੀਤਾ ਜਾਂਦਾ ਹੈ। ਖ਼ਾਸ ਕਰ ਕੇ ਉਨ੍ਹਾਂ ਨੂੰ ਘੱਟ ਪੈਸੇ ਦੇ ਕੇ ਮਜ਼ਦੂਰੀ ਵੀ ਕਰਵਾਈ ਜਾਂਦੀ ਹੈ।

ਪੈਸਾ ਇਕ ਹੋਰ ਸੋਚ ਹੈ। ਅਸੀਂ ਪੈਸੇ 'ਤੇ ਕਿੰਨਾ ਕੁ ਭਰੋਸਾ ਰੱਖ ਸਕਦੇ ਹਾਂ? ਪੈਸਾ ਇਕੱਠਾ ਕਰਨ ਲਈ ਲੋੜ ਤੋਂ ਅਧਿਕ ਕੋਸ਼ਿਸ਼ ਨਾ ਕਰਨਾ। ਕਿਉਂਕਿ ਪੈਸਾ ਅੱਖ ਦੇ ਇਕ ਝਮਕਾਰੇ ਨਾਲ ਪੰਛੀ ਵਾਂਗ ਉਡ ਸਕਦਾ ਹੈ। ਪੈਸਾ ਪਿਆਰ, ਸੁਰੱਖਿਆ ਅਤੇ ਪਰਿਵਾਰਕ ਏਕਤਾ ਕਦੇ ਵੀ ਨਹੀਂ ਖ਼ਰੀਦ ਸਕਦਾ।

ਬਹੁਤੇ ਲੋਕ ਪੈਸਿਆਂ ਦੀ ਤੰਗੀ ਤਨਹਾਈ ਅਤੇ ਆਪਣੇ ਪਰਿਵਾਰ ਤੋਂ ਲੰਬੇ ਸਮੇਂ ਲਈ ਜੁਦਾ ਰਹਿਣ ਦੇ ਬਾਵਜੂਦ ਸਾਲਾਂ ਤਾਈਂ ਵਿਦੇਸ਼ ਵਿਚ ਹੀ ਰਹਿੰਦੇ ਹਨ। ਉਹ ਬਹੁਤ ਸਾਰਾ ਪੈਸਾ ਲਾ ਕੇ ਵਿਦੇਸ਼ ਜਾਂਦੇ ਹਨ। ਪਰ ਜਦੋਂ ਉਹ ਸਫ਼ਲ ਨਹੀਂ ਹੁੰਦੇ ਤਾਂ ਬਦਨਾਮੀ ਦੇ ਡਰੋਂ ਘਰ ਆਉਣ ਲਈ ਉਨ੍ਹਾਂ ਵਿਚ ਹਿੰਮਤ ਨਹੀਂ ਹੁੰਦੀ।
ਜੀਤਾ ਸਾਲ ਬਾਅਦ ਹੀ ਆਪਣੇ ਵਤਨ ਵਾਪਸ ਚਲਾ ਗਿਆ ਸੀ। ਉਹ ਦੱਸਦਾ "ਮੈਨੂੰ ਆਪਣੀ ਸੋਹਣੀ ਘਰਵਾਲੀ ਅਤੇ ਛੋਟੀ ਬੱਚੀ ਦੀ ਯਾਦ ਬਹੁਤ ਸਤਾਉਂਦੀ ਸੀ।"
ਬਹੁਤੇ ਗੁਰਬਤ ਦੁੱਖੋਂ ਹੀ ਬਦੇਸ਼ ਜਾਣ ਦਾ ਫੈਸਲ਼ਾ ਕਰਦੇ ਹਨ।

29. ਜੇਕਰ ਸਮੇਂ ਨੇ ਅਜੇ ਵੀ ਅੱਖ ਨਾ ਖੋਲ੍ਹੀ
ਤਾਂ ਭਵਿੱਖ ਵਿਚ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ

ਬਹੁਤ ਹੀ ਘੱਟ ਲੋਕ ਹੋਣਗੇ ਜਿਨ੍ਹਾਂ ਦੇ ਘਰ ਰੱਜਵੀਂ ਰੋਟੀ ਖਾਣ ਲਈ ਮਿਲਦੀ ਹੋਵੇ ਤਾਂ ਵੀ ਵਿਅਕਤੀ ਆਪਣਾ ਘਰ ਬਾਰ,ਭੈਣ ਭਰਾ, ਮਾਪੇ,ਰਿਸ਼ਤੇਦਾਰ ਛੱਡਕੇ ਘਰੋਂ ਬਾਹਰ ਵਿਦੇਸ਼ ਦੀ ਖਾਕ ਛਾਨਣ ਲਈ ਜਾਣ ਵਾਸਤੇ ਤਿਆਰ ਹੋ ਜਾਵੇਗਾ। ਮਜ਼ਬੂਰ ਕਰਦੇ ਹਨ ਹਾਲਾਤ। ਪੰਜਾਬ ਦੀ ਨੌਜਵਾਨੀ ਭਾਵੇਂ ਉਹ ਵੱਧ ਪੜ੍ਹੀ ਹੈ ਭਾਂਵੇਂ ਘੱਟ,ਪੇਂਡੂ ਹੈ ਜਾਂ ਸ਼ਹਿਰੀ, ਸਭ ਦੀ ਮਾਨਸਿਕਤਾ ਕਿਸੇ ਵੀ ਸਿੱਧੇ ਅਸਿੱਧੇ ਢੰਗ ਨਾਲ ਵਿਦੇਸ਼ ਜਾਣ ਲਈ ਤਿਆਰ ਹੋਈ ਬੈਠੀ ਹੈ। ਇਥੋਂ ਤੱਕ ਕਿ ਪੰਜਾਬ ਵਿਚ ਇਕ ਵੀ ਨੌਜਵਾਨ ਇਥੇ ਰਹਿਣ ਲਈ ਤਿਆਰ ਨਹੀਂ ਹੈ।

ਜੇਕਰ ਕਿਸੇ ਦੇਸ਼ ਦੀ ਸਰਕਾਰ ਇਹ ਕਹਿ ਦੇਵੇ ਕਿ ਐਨੇ ਘੰਟਿਆਂ ਵਿਚ ਜਿਹੜਾ ਸਾਡੇ ਦੇਸ਼ ਵਿਚ ਆ ਗਿਆ,ਪੱਕਾ ਕਰ ਦੇਵਾਂਗੇ। ਪੰਜਾਬੀ ਜ਼ਹਾਜ਼ ਦੇ ਪਰਾਂ ਤੇ ਚੜ੍ਹਕੇ ਜਾਣ ਤੋਂ ਵੀ ਗੁਰੇਜ਼ ਨਹੀਂ ਕਰਨਗੇ ਭਾਵੇਂ ਸਾਹਮਣੇ ਮੌਤ ਹੀ ਕਿਉਂ ਨਾ ਖੜ੍ਹੀ ਨਜ਼ਰ ਆਉਂਦੀ ਹੋਵੇ।

ਸਮੇਂ ਦੀਆਂ ਸਰਕਾਰਾਂ ਨੇ ਬੇਰੁਜ਼ਗਾਰੀ ਤੇ ਸਿਖਿਆ ਨੂੰ ਅਣਗੌਲਿਆ ਕਰ ਰੱਖਿਆ ਹੈ। ਇਸੇ ਲਾਲਸਾ ਅਧੀਨ ਹੀ ਨੌਜਵਾਨ ਧੜਾਧੜ ਸਟੱਡੀ ਦੇ ਆਧਾਰ 'ਤੇ ਲੱਖਾਂ ਦੀ ਗਿਣਤੀ ਵਿਚ ਵਿਦੇਸ਼ ਜਾ ਰਹੇ ਹਨ।

ਟਰੈਵਲ ਏਜੰਟਾਂ ਵੱਲੋਂ ਵਿਖਾਏ ਸਬਜ਼ਬਾਗਾਂ ਕਾਰਨ ਆਮ ਲੋਕ ਅਜਿਹੀ ਮਾਨਸਿਕਤਾ ਕਾਰਨ ਉਨ੍ਹਾ ਦੇ ਚੁੰਗਲ ਵਿਚ ਆਸਾਨੀ ਨਾਲ ਫਸ ਜਾਂਦੇ ਹਨ। ਭਾਵੇਂ ਉਨ੍ਹਾ ਨੂੰ ਇਹ ਪੈਸਾ ਜ਼ਮੀਨ ਵੇਚਕੇ,ਉਧਾਰ ਜਾਂ ਵਿਆਜ ਤੇ ਫੜ੍ਹਕੇ,ਘਰਬਾਰ ,ਗਹਿਣਾ ਗੱਟਾ,ਮਸ਼ੀਨਰੀ ਤੱਕ ਵੇਚਕੇ ਵੀ ਕਿਉਂ ਨਾ ਲਾਉਣਾ ਪਵੇ। ਬਹੁਤਿਆਂ ਨਾਲ ਤਾਂ ਇਸ ਝੰਜਟ ਵਿਚ ਠੱਗੀ ਵੀ ਵੱਜਦੀ ਹੈ। ਇੰਜ ਉਹ ਕਿਸੇ ਪਾਸੇ ਜੋਗੇ ਵੀ ਨਹੀਂ ਰਹਿੰਦੇ ਹਨ।
ਕਈ ਜਿਹੜੇ ਘਰੋਂ ਤੁਰ ਪੈਂਦੇ ਹਨ ਉਹ ਰਸਤੇ ਵਿਚ ਚੋਰ ਮੋਰੀਆਂ ਰਾਹੀਂ ਲੰਘਦੇ ਠੰਢ, ਭੁੱਖ ਪਿਆਸ ਜਾਂ ਬਿਮਾਰੀ ਕਾਰਨ ਜੀਵਨ ਲੀਲਾ ਖਤਮ ਕਰ ਟੁਰ ਜਾਂਦੇ ਹਨ। ਕਈ ਸਮੁੰਦਰਾਂ 'ਚ ਡੁੱਬ ਕੇ ਮਰ ਜਾਂਦੇ ਹਨ।
ਹਾਂ ਜਿਹੜੇ ਕਿਸੇ ਮੁਲਕ ਵਿਚ ਚੋਰੀ ਛਿਪੇ ਪਹੁੰਚ ਵੀ ਜਾਂਦੇ ਹਨ। ਉਨ੍ਹਾ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਗ਼ੁਲਾਮ ਮਜ਼ਦੂਰ ਬਣਾ ਲਿਆ ਜਾਂਦਾ ਹੈ। ਜੇ ਫੜ੍ਹੇ ਜਾਣ ਤਾਂ ਜੇਲ੍ਹਾਂ ਵਿਚ ਰੁਲਣਾ ਪੈਂਦਾ ਹੈ।
ਇਸ ਵੇਲੇ ਇਕ ਲੱਖ ਪੰਜਾਬੀ ਵਿਦੇਸ਼ ਦੀਆਂ ਜੇਲ੍ਹਾਂ ਵਿਚ ਬੰਦ ਹਨ। ਯੂਨਾਈਟਿਡ ਨੇਸ਼ਿਨਜ਼ ਆਫ ਡਰੱਗਜ਼ ਐਂਡ ਕਰਾਈਮ ਰੀਪੋਰਟ ਵਿਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਹਰ ਸਾਲ 20 ਹਜ਼ਾਰ ਪੰਜਾਬੀ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਜਾਂਦੇ ਹਨ।
ਪੰਜਾਬੀਆਂ ਦੇ ਇਸ ਦੁੱਖ ਨੂੰ ਆਪਣਾ ਸਮਝਕੇ ਹਜ਼ਾਰਾਂ ਨੌਜਵਾਨਾ ਨੂੰ ਵਿਦੇਸ਼ੀ ਜੇਲ੍ਹਾਂ ਤੋਂ ਆਜ਼ਾਦ ਕਰਵਾਕੇ ਲਿਆਂਦਾ ਵੀ ਗਿਆ ਹੈ। ਜਿਸ ਨਾਲ ਵਿੱਛੜੇ ਪੁੱਤਾਂ ਨੂੰ ਮਾਵਾਂ ਦੀਆਂ ਛਾਤੀਆਂ ਨਾਲ ਲਾਕੇ ਕਲੇਜੇ ਠੰਡ ਵੀ ਪਈ ਹੈ।
ਖੂਨ ਪਸੀਨੇ ਦੀ ਕਮਾਈ ਦਾ 2000 ਕਰੋੜ ਰੁਪਿਆ ਠੱਗ ਏਜੰਟਾਂ ਨੇ ਨੌਜਵਾਨਾਂ ਤੋਂ ਡਕਾਰਿਆ ਹੈ । ਇਸ ਲੁੱਟ ਕਾਰਨ 50 ਹਜ਼ਾਰ ਪਰੀਵਾਰ ਅੱਜ ਵੀ ਨਰਕ ਦੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ। ਅਜੇ ਵੀ ਇਹ ਰੁਝਾਨ ਘਟਿਆ ਨਹੀਂ ਹੈ।

ਭਾਵੇਂ 50 ਲੱਖ ਤੋਂ ਉੱਪਰ ਪੰਜਾਬੀ ਵਿਦੇਸ਼ਾਂ ਵਿਚ ਵਸ ਕੇ ਆਪਣਾ ਚੰਗਾ ਜੀਵਨ ਨਿਰਬਾਹ ਕਰ ਰਹੇ ਹਨ। ਮੁਸੀਬਤ ਵੇਲੇ ਇਨ੍ਹਾ ਪੰਜਾਬੀਆਂ ਨੂੰ ਭਾਰਤੀ ਦੂਤਾਵਾਸ ਨੇ ਕਦੇ ਵੀ ਬਾਂਹ ਨਹੀਂ ਫੜਾਈ। ਚੋਰੀ ਛਿਪੇ ਰਹਿ ਰਹੇ ਪੰਜਾਬੀਆਂ ਨੂੰ ਗਰੀਸ ਵਿਚ ਪੱਕਾ ਕਰਨ ਲਈ ਜਦੋਂ ਉਥੋਂ ਦੀ ਸਰਕਾਰ ਨੇ ਪਾਸਪੋਰਟਾਂ ਦੀ ਮੰਗ ਕੀਤੀ ਤਾਂ ਸਫਾਰਤਖਾਨਿਆਂ ਨੇ ਉਨ੍ਹਾ ਨੂੰ ਬਣਦਾ ਸਹਿਯੋਗ ਨਹੀਂ ਦਿੱਤਾ। ਇਹੋ ਹਾਲ ਬਾਕੀ ਮੁਲਕਾਂ ਦੇ ਭਾਰਤੀ ਸਫਾਰਤਖਾਨਿਆਂ ਦਾ ਹੈ।

ਨਿੱਤ ਰੋਜ਼ ਭਾਵੇਂ ਵਿਦੇਸ਼ਾਂ ਵਿਚ ਫਸੇ ਪੰਜਾਬੀਆਂ ਦੀਆਂ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਹਨ। ਫਿਰ ਵੀ ਲੋਕਾਂ ਵਿਚ ਨਜ਼ਾਇਜ਼ ਢੰਗ ਅਪਣਾ ਕੇ ਵਿਦੇਸ਼ ਜਾਣ ਦੀ ਤਮੰਨਾ ਤੇ ਰੀਝ ਮੱਧਮ ਨਹੀਂ ਹੋ ਰਹੀ। ਨੌਜਵਾਨ ਆਪਣੀਆਂ ਰਿਸ਼ਤੇਦਾਰੀਆਂ ਵਿਚ ਜਾਂ ਸੌਦੇਬਾਜ਼ੀ ਨਾਲ ਜਾਅਲੀ ਸ਼ਾਦੀਆਂ ਕਰਕੇ ਵੀ ਵਿਦੇਸ਼ ਨਿੱਕਲ ਜਾਣ ਦਾ ਹਰ ਢੰਗ ਤਰੀਕਾ ਵਰਤਦੇ ਹਨ। ਪੰਜਾਬ ਦੇ ਪਾਸਪੋਰਟ ਦਫਤਰਾਂ ਵਿਚ ਹਜ਼ਾਰਾਂ ਅਰਜ਼ੀਆਂ ਦਾ ਵਿਚਾਰ ਅਧੀਨ ਹੋਣਾ ਹੈ ਇਸ ਗੱਲ ਦਾ ਪ੍ਰਤੱਖ ਪ੍ਰਮਾਣ।
ਨਵੀਆਂ ਸੈਂਕੜੇ ਅਰਜ਼ੀਆਂ ਰੋਜ਼ਾਨਾ ਹੋਰ ਪੁੱਜ ਰਹੀਆਂ ਹਨ। ਪ੍ਰਮੁੱਖ ਕਾਰਨ ਇਸ ਮਾਨਸਿਕਤਾ ਦਾ ਇਹ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਨੌਜਵਾਨਾਂ ਲਈ ਰੁਜ਼ਗਾਰ ਮੁਹੱਈਆ ਕਰਵਾਉਣ ਬਾਰੇ ਸੰਜੀਦਗੀ ਨਾਲ ਸੋਚਿਆ ਹੀ ਨਹੀਂ ਕਦੇ।
ਗੈਰ ਸਰਕਾਰੀ ਅੰਕੜਿਆਂ ਅਨੁਸਾਰ ਅੱਜ 50 ਲੱਖ ਨੌਜਵਾਨ ਵਿਹਲੇ ਫਿਰ ਰਹੇ ਹਨ। ਕੰਮ ਮਿਲ ਨਹੀਂ ਰਿਹਾ। ਉਹ ਕਈ ਤਰਾਂ ਦੀਆਂ ਭੈੜੀਆਂ ਆਦਤਾਂ ਅਪਣਾ ਰਹੇ ਹਨ। ਮਾਪੇ ਜ਼ਮੀਨਾਂ ਵੇਚਕੇ ਉਨ੍ਹਾਂ ਨੂੰ ਇਸ ਜ਼ਿੰਦਗੀ ਵਿਚੋਂ ਕੱਢਣ ਲਈ ਵਿਦੇਸ਼ਾਂ ਨੂੰ ਚੰਗਾ ਭਵਿੱਖ ਲੱਭਣ ਲਈ ਵੀ ਤੋਰ ਦਿੰਦੇ ਹਨ।
ਜੇਕਰ ਸਾਡੀਆਂ ਸਰਕਾਰਾਂ ਨੇ ਅਜੇ ਵੀ ਮੌਕਾ ਨਾ ਸੰਭਾਲਿਆ ਤਾਂ ਭਵਿੱਖ ਵਿਚ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ।

30. ਐ ਪੰਜਾਬ!
ਅਸੀਂ ਤੇਰੇ ਲਾਡਲੇ
ਤੇਰੀ ਲੁੱਟੀ ਖੁੱਸੀ ਗੈਰਤ ਤੇ ਅਣਖ਼
ਵਾਪਿਸ ਲਿਆਉਣ ਲਈ
ਰਾਤ ਦਿਨ ਬੇਹੱਦ ਫਿਕਰਮੰਦ ਹਾਂ

ਬਲਵੀਰ ਪੰਜਾਬ ਦੀ ਲੁੱਟੀ ਖੁੱਸੀ ਗੈਰਤ ਤੇ ਅਣਖ਼ ਵਾਪਿਸ ਲਿਆਉਣ ਲਈ ਰਾਤ ਦਿਨ ਬੇਹੱਦ ਫਿਕਰਮੰਦ ਰਹਿੰਦਾ -
ਉਹ ਕਹਿੰਦਾ ਸੀ ਕਿ ਜ਼ਿੰਦਾਂ ਮਾਂ ਨੂੰ ਕਹੋ ਕਿ ਹਾਉਕੇ ਨਾ ਭਰੇ। ਹਟਕੋਰਿਆਂ ਨੇ ਕਦੇ ਨਹੀਂ ਵਾਪਿਸ ਕੀਤੇ ਡੁੱਲ੍ਹੇ ਹੋਏ ਸੁਪਨੇ। ਅਸੀਂ ਤੈਨੂੰ ਤੇਰਾ ਖੁੱਸਿਆ ਰਾਜ ਵੀ ਜਲਦੀ ਕਿਸੇ ਦਿਨ ਲਿਆ ਕੇ ਦੇਵਾਂਗੇ ਤੇ ਤੇਰੇ ਤਖ਼ਤਾਂ ਦੇ ਲੁੱਟੇ ਕੋਹੇਨੂਰ ਨੂੰ ਵੀ ਤੇਰੇ ਤਾਜ 'ਚ ਸਜਾਵਾਂਗੇ।
ਹੇ ਗੋਬਿੰਦ ਤੇਰੇ ਖਾਲਸੇ ਕਦੇ ਥੱਕੇ ਹਾਰੇ ਨਹੀਂ।
ਉਹ ਤੇਰੇ ਵਾਂਗ ਹੀ ਅਣਥੱਕ ਨੇ ਤੇ ਚਾਹੁੰਦੇ ਹਨ ਅਜੇ ਵੀ ਜੂਝਣਾ।
ਤਲਵਾਰ ਨੂੰ ਸੀਨੇ ਨਾਲ ਲਾ ਕੇ ਸੌਂਦੇ ਹਨ ਅੱਜ ਵੀ।
ਤੇ ਚੰਡੀ ਦੀ ਵਾਰ ਉਹਨਾਂ ਦਾ ਸਿਮਰਨ ਤੇ ਗੀਤ ਹੈ ਰੋਜ਼ ਦਾ।

ਜਦ ਤੱਕ ਤੇਰੀ ਸ਼ਮਸ਼ੀਰ ਦੇ ਮੋਹ ਨੂੰ ਤੇਰੇ ਪੁੱਤਰਾਂ ਨੇ ਉਂਂਗਲੀ ਲਾਈ ਰੱਖਿਆ। ਚੁੰਮ ਚੁੰਮ ਟੰਗਦੇ ਰਹੇ ਅਰਸ਼ ਦੀ ਕਿੱਲੀ 'ਤੇ। ਤੇਰੇ ਪੁੱਤਰਾਂ ਦਾ ਰਾਜ ਬਦੇਸ਼ਾਂ 'ਚ ਕਈ ਧਰਤੀਆਂ ਤੇ ਹੋਵੇਗਾ। ਤੇ ਸਾਰੀ ਦੁਨੀਆਂ ਤੇ ਅਕਾਸ਼ ਤੋਂ ਫਿਰ ਚਮਕਣਗੇ। ਕਦੇ ਸੂਰਜ ਬਣ ਤੇ ਕਦੇ ਚੰਨ ਸਿਤਾਰੇ। ਤੇਰੀ ਮਿੱਟੀ ਦੀ ਮਹਿਕ ਨੇ ਜ਼ਿੰਦਾਂ ਦੇ ਗੁਆਚੇ ਰਾਜ ਦੇ ਹਾਉਕੇ ਜੇ ਦਲੀਪ ਨੇ ਨਹੀ ਸੁਣੇ ਤਾਂ ਬਹੁਤ ਜਨਮ ਲੈ ਲੈਣਗੇ ਬੰਦੇ ਬਹਾਦਰ ਤੇ ਹਰੀ ਸਿੰਘ ਨਲੂਏ ਵਰਗੇ ਸੂਰਬੀਰ।

ਪੰਜਾਬ! ਤੂੰ ਮਾਂ ਜ਼ਿੰਦਾਂ ਨੂੰ ਕਹਿ ਦੇ ਕਿ ਗੋਬਿੰਦ ਦੇ ਅਜੀਤ ਜੁਝਾਰ ਫਿਰ ਪਰਤਣ ਹੀ ਵਾਲੇ ਹਨ ਗੜ੍ਹੀ ਤੋਂ ਵਿਹਲੇ ਹੋ ਕੇ। ਫਤਿਹ ਸਿੰਘ ਤੇ ਜ਼ੋਰਾਵਰ ਸਿੰਘ ਪਹੁੰਚਣ ਹੀ ਵਾਲੇ ਨੇ ਸਰਹੰਦ ਦੀ ਕੰਧ ਮਲੀਆ ਮੇਟ ਕਰ ਕੇ।

ਅਜੇ ਤਾਂ ਅਸੀਂ ਬਾਪੂ ਦੇ ਸੀਸ ਦਾ ਬਦਲਾ ਲੈਣਾ ਹੈ ਦਿੱਲੀ ਤੋਂ। ਤੇ ਓਹਦੀਆਂ ਕੀਤੀਆਂ ਬੇਵਫ਼ਾ ਅਰਜ਼ਾਂ ਤੋਂ। ਬੇਈਮਾਨ ਤਾਂ ਸੱਤਾ ਹੋਈ ਫਿਰਦੀ ਹੈ। ਚਾਅ ਤਾਂ ਇਹਨਾਂ ਨੂੰ ਜਹਿਦਾਦਾਂ ਦਾ ਚੜਿਆ ਰਹਿੰਦਾ ਹੈ। ਇਹਨਾਂ ਨੂੰ ਕੋਈ ਦਰੇਗ ਨਹੀਂ ਕਿਰੇ ਹੰਝੂਆਂ ਨਾਲ। ਲੈ ਜਾਵੇ ਜਿਹੜਾ ਮਰਜ਼ੀ ਸੋਨ-ਦਰਵਾਜ਼ੇ ਲਾਹ ਕੇ ਹਰਿਮੰਦਰ ਦੇ । ਢਾਹ ਜਾਵੇ ਤਖ਼ਤ ਅਕਾਲ ਜਦੋਂ ਵੀ ਕੋਈ ਚਾਹੇ। ਇਹ ਫਿਰ ਵੀ ਉੱਠ ਉੱਠ ਕਰਨਗੇ ਨਮਸਕਾਰਾਂ ਭੁੱਖੀਆਂ ਤੇ ਕਦੇ ਨਾ ਰੱਜਣ ਵਾਲੀਆਂ ਰੂਹਾਂ ਨੂੰ। ਤੇ ਪਾ ਦੇਣਗੇ ਮੂਹਰੇ ਹੋ ਹੋ ਕੇ ਅਣਗਿਣਤ ਸਿਰੋਪੇ ਗਲਾਂ 'ਚ।

ਕੁਫ਼ਰ ਦੇ ਖਿਤਾਬ ਗਲਾਂ 'ਚ ਲਟਕਾ
ਸੋਨ ਤਲਵਾਰਾਂ ਕੰਬਦੇ ਹੱਥੀਂ ਫ਼ੜ੍ਹ
ਕਦੇ ਨਹੀਂ ਕੰਧਾਰ ਤੱਕ ਰਾਜ ਹੋਏ

ਬਲਵੀਰ ਕਹਿੰਦਾ ਮੈਂ ਤਾਂ ਫ਼ੂਲਾ ਸਿੰਘ ਨੂੰ ਲੱਭ ਰਿਹਾ ਹਾਂ। ਜੋ ਥਮਲੇ ਨਾਲ ਨਕਲੀ ਬਣੇ ਰਣਜੀਤ ਸਿੰਘ ਨੂੰ ਨੂੜ੍ਹ ਕੇ ਸਜਾ ਦੇਵੇ ਕੋਰੜਿਆਂ ਦੀ। ਤੇ ਅੱਜਕਲ ਦੇ ਤੁਰੇ ਫਿਰਦੇ ਟੁੱਕੜਬੋਚ ਪੁਜਾਰੀਆਂ ਨੂੰ। ਇਹਨਾਂ ਨੇ ਕੀ ਬਚਾਉਣੇ ਨੇ ਰਾਜ। ਕੀ ਮੋਹ ਪਿਆਰ ਇਹਨਾਂ ਦਾ ਤਲਵਾਰਾਂ ਨਾਲ।
ਟੁੱਕੀਆਂ ਜੀਭਾਂ 'ਤੇ ਕਦੇ ਗੈਰਤ ਨਹੀਂ ਪੁੰਗਰਦੀ। ਡੰਡੌਤ ਕਰਦੇ ਹੱਥ ਕਦੇ ਯੋਧੇ ਨਹੀਂ ਬਣਦੇ ਹੁੰਦੇ। ਕੰਬਦੀਆਂ ਰੂਹਾਂ ਕਦੇ ਰਣਾਂ ਵੱਲ ਨਹੀਂ ਤੁਰਦੀਆਂ ਹੁੰਦੀਆਂ । ਜੋ ਹੱਥ ਫੁਰਮਾਣ ਹੀ ਪੁੱਛ ਕੇ ਕਰਨ ਇਹ ਕੀ ਜਾਨਣ ਗੋਬਿੰਦ ਦੀ ਦਸਤਾਰ ਦੀ ਸ਼ਾਨ। ਇਹਨਾਂ ਬੁੱਤਾਂ ਦਾ ਕੀ ਕੰਮ ਤਖ਼ਤ ਦੀਆਂ ਪੌੜੀਆਂ 'ਤੇ। ਅਸਲ 'ਚ ਇਹ ਨੇ ਪਾਤਸ਼ਾਹ ਗੋਬਿੰਦ ਦੀ ਫਿਲਾਸਫ਼ੀ ਦੇ ਕਾਤਲ। ਜੋ ਨਾ ਤਾਂ ਹਿੱਕਾਂ 'ਚ ਹੀ ਪਾ ਸਕੇ ਤੇ ਨਾ ਹੀ ਮੱਥਿਆਂ ਤੇ ਖੁਣਵਾ ਸਕੇ।
ਤੇ ਹਾਂ-ਪੰਜਾਬ! ਮੈਨੂੰ ਤੇਰੇ ਅਜਾਈਂ ਡੁੱਲ੍ਹੇ ਖ਼ੂਨ ਦਾ ਵੀ ਬਹੁਤ ਅਫਸੋਸ ਹੈ। ਪਰ ਅਨੇਕਾਂ ਯੋਧਿਆਂ ਦੀ ਰੱਤ ਭਿੱਜੀ ਮਿੱਟੀ ਮੈਂ ਰੋਜ਼ ਮੱਥੇ ਵੀ ਲਾਉਂਦਾ ਹਾਂ ਤੇ ਜ਼ਾਰ ਜ਼ਾਰ ਰੋਂਦਾ ਵੀ ਹਾਂ।
ਚੁੰਮਦਾ ਹਾਂ ਤੇਰੀ ਲਹੂ ਭਿੱਜੀ ਸ਼ਮਸ਼ੀਰ ਨੂੰ ਹਰ ਹਾਉਕੇ ਨਾਲ। ਕੀ ਕਰਾਂ-ਮੈਂ ਇਕੱਲਾ ਰਹਿ ਗਿਆ ਹਾਂ ਤੇ
ਦੂਸਰੇ ਪਾਸੇ ਹਕੂਮਤਾਂ ਨੂੰ ਸੌਣ ਤੋਂ ਵੀ ਵਿਹਲ ਨਹੀਂ ਹੈ। ਗੱਲਾਂ ਤਾਂ ਬਹੁਤ ਕਰਦੀਆਂ ਨੇ ਮਹਾਂ ਨਗਰ ਦੀਆਂ ਸੜਕਾਂ। ਪਰ ਕਦੇ ਸਜ ਧੱਜ ਕੇ ਨਹੀਂ ਪਹਿਨਦੀਆਂ ਤੇਰੇ ਗੁਆਚੇ ਹੁਸਨ ਨੂੰ।

ਤੂੰ ਫਿਕਰ ਨਾ ਕਰੀਂ ਪੰਜਾਬ! ਅਸੀਂ ਜਰਾ ਬਾਪੂ ਦੀਆਂ ਡਿੱਗੀਆਂ ਕੰਧਾਂ ਉਸਾਰ ਲਈਏ। ਕਰਜ਼ੇ ਦੀ ਤਹਿ ਕਰ ਲਈਏ ਜਰਾ ਬਰੀਕ। ਤੇਰੀਆਂ ਚੀਸਾਂ ਤੇ ਜਖ਼ਮਾਂ ਤੇ ਵੀ ਹੱਥ ਧਰਾਂਗੇ। ਜਿੰਨੇ ਵੀ ਸਾਹ ਬਚੇ ਤੇਰੀਆਂ ਪੈੜਾਂ 'ਚ ਲੈ ਕੇ ਮਰਾਂਗੇ। ਨਿੱਤ ਜਿੱਤਦੇ ਹੀ ਰਹੇ ਨੇ ਗੋਬਿੰਦ ਦੇ ਵਾਰਿਸ। ਅਸੀਂ ਹੁਣ ਵੀ ਜਿੱਤਾਂਗੇ ਕਦੇ ਨਹੀਂ ਹਰਾਂਗੇ। ਅਨੰਦਪੁਰ ਨੇ ਖਾਲਸਾ ਨਾਂ ਹੀ ਜਿੱਤ ਦਾ ਰੱਖਿਆ ਸੀ।

ਮੈਨੂੰ ਜਰਾ ਤੇਰੀ ਖੁੱਸੀ ਗੈਰਤ ਤੇ ਅਣਖ਼ ਪੜ੍ਹਾ ਲੈਣ ਦੇ ਦਲੀਪ ਸਿੰਘ ਵਰਗਿਆਂ ਐਸ਼ ਪਰਸਤਾਂ ਨੂੰ। ਸਜਾ ਲੈਣ ਦੇ ਓਹਦੇ ਸਿਰ ਤੇ ਦਸਤਾਰ ਮੁੜ ਕੇ ਮੋਤੀਆਂ ਦੀਆਂ ਲੜੀਆਂ ਲਟਕਾ। ਅਸੀਂ ਹੁਣ ਸੋਹਣੀਆਂ ਨਜ਼ਮਾਂ ਵਰਗੇ ਨਾਂ ਰੱਖਿਆ ਕਰਾਂਗੇ ਆਪਣੇ ਨਿੱਕਿਆਂ ਛਿੰਦਿਆਂ ਦੇ। ਤਾਂ ਕਿ ਉਹ ਯੋਧੇ ਬਣ ਜਾਣ ਜ਼ਾਲਮੀ ਅੱਖ ਦੀ ਰਮਜ਼ ਸਮਝਣ। ਅਜੀਤ ਸਿੰਘ ਤੇ ਜੁਝਾਰ ਸਿੰਘ ਵਰਗੇ। ਤੀਰਾਂ ਨਾਲ ਛਾਤੀਆਂ ਮਿਣਨ ਵਾਲੇ। ਤਲਵਾਰ ਨਾਲ ਸਿਰ ਗਿਣਨ ਵਾਲੇ। ਫ਼ਤਹਿ ਸਿੰਘ ਤੇ ਜੋਰਾਵਰ ਜੇਹੇ ਜੁਝਾਰੂ। ਤਖ਼ਤਾਂ ਨੂੰ ਲਲਕਾਰਦੇ ਨਿੱਕੇ ਨਿੱਕੇ ਸੂਰਜ। ਤਾਰੀਖ਼ ਨੂੰ ਦੁਬਾਰਾ ਲਿਖਦੇ ਸਿਤਾਰੇ।

ਅਸੀਂ ਗੰਧਲੇ ਨਹੀਂ ਹੋਣ ਦੇਣੇ ਆਪਣੀਆਂ ਹੀ ਫ਼ਸਲਾਂ ਦੀਆਂ ਅੱਖਾਂ 'ਚ ਪਾਏ ਸਦੀਆਂ ਵਰਗੇ ਲੰਮੇ ਸਰੋਂ੍ਹ ਰੰਗੇ ਸੁਪਨੇ। ਨਹੀਂ ਆਉਣ ਦੇਣੀ ਕਣਕ ਦੀ ਸੁਨਹਿਰੀ ਤੋਰ ਤੇ ਭੈੜੀਆਂ ਨਜ਼ਰਾਂ ਦੀ ਰੁੱਤ। ਨਹੀਂ ਤੁਸੀਂ ਨਹੀਂ ਹੋ ਸਕਦੇ ਸਾਡੇ ਸੀਨੇ ਦੇ ਲਾਡ ਦੇ ਮੇਚਦੇ।

ਤੁਸੀਂ ਕੀ ਜਾਣੋ ਕਿੰਜ਼ ਰੱਖੀਦਾ ਹੈ ਸੀਸ ਤਲੀ ਤੇ ਕਿਸੇ ਫ਼ਰਿਆਦ ਲਈ। ਚਰਨਾਂ ਤੇ ਡਿੱਗੀ ਦੁਨੀਆਂ ਲਈ। ਕਿੰਜ਼ ਭੇਟ ਕਰੀਦਾ ਹੈ ਮੋਹ। ਕਿੰਜ਼ ਕਟਾ ਦੇਈਦੇ ਨੇ ਬੰਦ ਬੰਦ ਕਰਵਾ ਕੇ ਸੁਪਨਿਆਂ 'ਚ ਸਜਾਏੇ ਸਿਤਾਰੇ।

ਨਹੀਂ ਤੁਸੀਂ ਨਹੀਂ ਪਾਇਆ ਮੁੱਲ ਸਾਡੀ ਦਸਤਾਰ ਦਾ।
ਨਾ ਸਹਿ ਹੀ ਸਕੋਗੇ ਵਾਰ ਹੁਣ ਲਿਸ਼ਕਦੀ ਤਲਵਾਰ ਦਾ।
ਬਹੁਤ ਕਰ ਲਿਆ ਹੈ ਯਕੀਨ।
ਬਥੇਰੀ ਰੰਗ ਲਈ ਬੇਗੁਨਾਹ ਲਹੂ ਸੰਗ ਜ਼ਮੀਨ।

ਤੁਸੀਂ ਸਾਡੇ ਸੀਸ ਲੈ ਕੇ ਆਪਣੀਆਂ ਕੰਬਦੀਆਂ ਜ਼ਿੰਦਗੀਆਂ ਤਾਂ ਬਚਾ ਲਈਆਂ ਪਰ ਦਿਲਾਂ 'ਚ ਕਿਤੇ ਪਿਆਰ ਦਾ ਦੀਵਾ ਨਾ ਬਾਲ ਸਕੇ। ਤੁਸੀਂ ਘਰਾਂ ਨੂੰ ਅੱਗਾਂ ਲਾਈਆਂ। ਕੁਰਬਾਨ ਹੋ ਜਾਣ ਵਾਲੀਆਂ ਪੱਗਾਂ ਲਾਹੀਆਂ ਪਰ ਸ਼ਰਮਿੰਦੇ ਨਾ ਹੋਏ।

ਮਜ਼ਹੱਬ ਬਚਾ ਸੂਰਜਾਂ ਨੂੰ ਬੇਪਛਾਣ ਕੀਤਾ। ਹਰ ਲੰਗਾਰਿਆ ਵਕਤ ਧਰੋਹ ਨਾਲ ਸੀਤਾ। ਹੁਣ ਨਹੀਂ ਧੋਤੇ ਜਾਂਦੇ ਸਾਡੇ ਕੋਲੋਂ ਤੁਹਾਡੇ ਮੈਲੇ ਜੇਹੇ ਸਿਸਕਦੇ ਅਕਸ। ਮਾਨਵਤਾ ਦੇ ਦਰਪਣ 'ਚੋਂ ਤੱਕਦਿਆਂ ਹੁਣ ਨਹੀਂ ਹੁੰਦਾ ਯਕੀਨ ਤੁਹਾਡੀਆਂ ਕੰਬਦੀਆਂ ਅਰਜੋਈਆਂ 'ਤੇ।

ਮੈਨੂੰ ਸੱਭ ਯਾਦ ਹੈ-ਮਰਮਰੀ ਹਿੱਕ ਤੇ ਡੁੱਲ੍ਹਾ ਬੇਗੁਨਾਹ ਅਥਾਹ ਰੱਤ। ਜੋ ਕਦੇ ਸੀ ਅਰਜ਼ਾਂ ਕਰਦਾ ਤੇ ਹੁਣ ਸਾਡੇ ਸੀਨਿਆਂ ਤੇ ਨਿਸ਼ਾਨੇ ਕੱਸਦਾ ਹੱਥ।
ਜ਼ਾਲਮਾਂ ਸੁੰਨ੍ਹਿਆਂ ਘਰਾਂ ਦੇ ਕਦੇ ਕੋਲ ਦੀ ਲੰਘੀਂ ਜਿਹਨਾਂ ਦੇ ਬੂਹਿਆਂ ਦੇ ਲੱਕਾਂ ਤੇ ਜਿੰਦਰੇ ਜੰਗਾਲੇ ਲਟਕ ਰਹੇ ਹਨ। ਚੁੱਲ੍ਹਿਆਂ 'ਚ ਘਾਹ ਉੱਗੇ ਪਏ ਹਨ। ਆਪਣੇ ਹੱਥੀਂ ਫ਼ਸਲਾਂ ਬੀਜਣਾਂ ਤੇ ਫਿਰ ਉਹਨਾਂ 'ਚ ਹੀ ਛੁਪ ਛੁਪ ਲੜ੍ਹਨਾ ਤੂੰ ਹੀਂ ਸਿਖਾਇਆ ਤੇਰਿਆਂ ਨੇ ਹੀ ਪੜ੍ਹਾਇਆ ਸੀ।
ਕਦੇ ਮੈਂ ਆਪਣੇ ਵਿਹੜਿਆਂ 'ਚ ਨਹੀਂ ਸੀ ਦੇਖੇ ਟੁੱਟ ਟੁੱਟ ਡਿੱਗਦੇ ਮਰਦੇ ਸਿਤਾਰੇ। ਕਰਮਾਂ ਦੇ ਮਾਰੇ, ਬੇਸਹਾਰੇ।
ਹੁਣ ਸਾਡੇ ਦਰ ਤੇ ਕਦੇ ਫ਼ਰਿਆਦ ਲੈ ਕੇ ਨਾ ਆਂਵੀਂ।

ਤੇਰੀਆਂ ਸਿਸਕੀਆਂ 'ਚ ਅੰਧਵਿਸ਼ਵਾਸ਼ ਤਰਦਾ ਹੈ ਤੇਰੇ ਬੁੱਲ੍ਹਾਂ ਤੇ ਕੁਫ਼ਰ ਪਲਦਾ ਹੈ। ਹੁਣ ਸਿਰਾਂ ਨੇ ਅੰਮ੍ਰਿਤ ਪੀ ਲਏ ਹਨ। ਤਕਦੀਰਾਂ ਨੇ ਲੰਗਾਰੇ ਜ਼ਖਮ ਸੀਅ ਲਏ ਹਨ। ਐਂਵੇ ਜਾਣ ਬੁੱਝ ਕਿਤੇ ਟੰਗੀ ਸ਼ਮਸ਼ੀਰ ਨੂੰ ਨਾ ਛੇੜ ਦੇਵੀਂ। ਸੱਥਰਾਂ 'ਤੇ ਪਈ ਥੱਕੀ ਨੀਂਦ ਨੂੰ ਨਾ ਜਗਾ ਦੇਵੀਂ।

ਮਾਂ ਦਾ ਚੇਤਾ ਆਉਂਦਿਆਂ ਹੀ ਬਲਵੀਰ ਬੈਠਾ ਬੈਠਾ ਹੀ ਬੂਹਿਆਂ ਤੇ ਟੰਗੇ ਪਏ ਚਾਵਾਂ। ਤੇ ਘਰਾਂ ਦੇ ਬਾਰੇ ਸੋਚਦਾ। ਜਨਮਦਾਤੀ ਦੀਆਂ ਲੋਰ ਸੁਗੰਧੀਆਂ ਯਾਦ ਕਰਦਾ।

ਹਰ ਮਾਂ ਜਦੋਂ ਵੀ ਬੱਚੇ ਨੂੰ ਜਨਮਦੀ ਹੈ ਰਾਜਕੁਮਾਰ ਜਾਂ ਰਾਜਕੁਮਾਰੀ ਹੀ ਹੁੰਦੇ ਹਨ। ਦੁਨੀਆਂ ਦਾ ਜੇ ਕੋਈ ਕੋਣਾ ਮਹਿਕਿਆ ਤਾਂ ਓਥੋਂ ਮਾਂਵਾਂ ਦੇ ਫੁੱਲਾਂ ਦੀ ਹੀ ਸੁਗੰਧ ਆਈ ਹੈ। ਜਦੋਂ ਇਹਨਾਂ ਫੁੱਲਾਂ ਦੀ ਖੁਸ਼ਬੂ ਗੰਧਲੀ ਗਈ ਰੁੱਤਾਂ ਨੇ ਸਾਥ ਨਾ ਦਿਤਾ। ਮੌਸਮ ਅਵੱਲੇ ਤੁਰ ਪਏ ਸਨ। ਮਾਵਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਸੀ। ਭੁੱਖਾਂ ਦੁੱਖਾਂ ਦੇ ਸਰਾ੍ਹਣੇ ਬੈਠਣ ਲਈ ਰਾਜਕੁਮਾਰ ਹੱਥੀਂ ਤੋਰਨੇ ਪਏ ਸਨ। ਤਾਰਿਆਂ ਦੇ ਟੁੱਕ ਲੜ੍ਹੀਂ ਬੰਨ੍ਹ ਕੇ।

ਜੋ ਹੁਣ ਰਾਤ ਦਿਨੇ ਅੱਖਾਂ 'ਚੋਂ ਉਡੀਕਦੀਆਂ ਹਨ। ਘਰਾਂ ਤੋਂ ਬਾਹਰ ਪੈਰ ਪਾਏ ਤਾਂ ਸਾਰੇ ਹੀ ਸੁੰਨੇ ਸਨ। ਹਿੱਕ ਨਾਲ ਲਾਏ ਸੁਪਨੇ ਵੀ ਘਰੀਂ ਰਹਿ ਗਏ ਸਨ। ਕੋਈ ਵੀ ਜਿੰਦਗੀ ਦੀ ਸਲੀਬ ਤੱਕ ਨਾਲ ਨਾ ਤੁਰਿਆ। ਤੇ ਇਹ ਸਾਡੇ ਸਮਿਆਂ ਨਾਲ ਹੋਇਆ-

ਅੱਖਾਂ ਵਿਚ ਜਦੋਂ ਅਜੇ ਚੰਨ ਝਾਕਦੇ ਸਨ-
ਤਾਂ ਸਾਨੂੰ ਬਦੇਸ਼ਾਂ ਦੇ ਔਝੜ ਰਾਹਾਂ 'ਚ
ਮੰਜ਼ਿਲਾਂ ਲੱਭਣ ਲਈ ਤੋਰ ਦਿਤਾ ਗਿਆ
ਕਿ ਆਪਣੇ ਹਿੱਸੇ ਦੇ ਤਾਰੇ ਆਪ ਚੁਗੋ
ਹਨ੍ਹੇਰੀਆਂ ਰਾਤਾਂ 'ਚ ਚੰਨ ਆਪ ਲੱਭੋ

ਅਸੀਂ ਤੇਰੇ ਡੁੱਬ ਜਾਣੇ ਸਿੱਸਟਮ 'ਚੋਂ
ਰਿਸ਼ਮਾਂ ਭਾਲਦੇ ਭਾਲਦੇ ਦਲਾਲਾਂ ਦੇ ਢਾਹੇ ਚੜ੍ਹ
ਸਮੁੰਦਰਾਂ 'ਚ ਡੁੱਬਣ ਨੂੰ ਚੱਲ ਪਏ
ਸਾਡੇ ਤੋਂ ਕਾਲੀ ਰਾਤ 'ਚ
ਬਾਪੂ ਦੇ ਬੁੱਕ ਬੁੱਕ ਵਗਦੇ
ਹੰਝੂ ਵੀ ਨਾ ਦੇਖੇ ਗਏ
ਭੈਣਾਂ ਦੀਆਂ ਅਸੀਸਾਂ ਦਾ
ਚੰਗੀ ਤਰਾਂ ਸਿਰ ਵੀ ਨਾ ਪਲੋਸਿਆ ਗਿਆ
ਮਾਂ ਦਾ ਭਿੱਜਾ ਪੱਲਾ ਵੀ ਨਾ ਨਚੋੜ ਹੋਇਆ

ਘਰ ਦੇ ਬੂਹਿਆਂ ਤੇ ਵੀ ਨਾ ਕਰ ਸਕੇ
ਚੰਨਾਂ ਕੋਲੋਂ ਪਰਤਣ ਦੇ ਦਸਤਖ਼ਤ
ਨਾ ਹੀ ਲਿਖ ਸਕੇ ਕਿਸੇ ਦੀਵਾਰ ਤੇ
ਪਹਿਲੀ ਮੁਹੱਬਤ ਦਾ
ਜੁਆਨ ਹੁੰਦਾ ਨਿੱਕਾ ਜੇਹਾ ਗੀਤ

ਜੇ ਤੇਰੇ ਵਾਅਦਿਆਂ 'ਚ ਜ਼ਰਾ ਜਿੰਨਾ ਵੀ ਸੱਚ ਹੁੰਦਾ
ਸਾਡੀਆਂ ਪੜ੍ਹੀਆਂ ਕਿਤਾਬਾਂ 'ਚ ਜੋ ਲਿਖਿਆ ਸੀ
ਓਹਦੇ ਵਰਗਾ ਹੀ ਸੰਸਾਰ ਮਿਲ ਜਾਂਦਾ
ਤਾਂ ਕਿਹਨੇ ਪਰਾਈਆਂ ਮਿੱਟੀਆਂ 'ਤੇ
ਸਹਿਣੇ ਸਨ ਭੁੱਖੇ ਰਹਿ ਰਹਿ ਦਿਨ
ਤੇ ਰਾਤਾਂ ਦੀ ਪਿਆਸ
ਸਰਾਪੇ ਹੰਝੂਆਂ ਨਾਲ ਬੁਝਾਉਣੀ ਸੀ

ਸਾਡੀ ਕੋਈ ਵੀ ਧਰਤ ਆਪਣੀ ਨਾ ਹੋਈ
ਅਸੀਂ ਤਾਂ
ਜ਼ਹਾਜਾਂ ਦੀਆਂ ਬਾਰੀਆਂ ਨਾਲ ਲਟਕ ਲਟਕ
ਬਿਤਾ ਲਏ ਸਾਰੇ ਦਿਨ ਬਹਾਰਾਂ ਦੇ

ਜਨਾਬ ਜੋ ਰੋਅਬ ਅਣਖ
ਆਪਣੇ ਦਰਾਂ ਤੇ ਹੁੰਦੀ ਹੈ
ਪਰਾਇਆਂ ਬੂਹਿਆਂ 'ਤੇ ਨਹੀਂ ਲੱਭਦੀ
ਜੋ ਚਾਅ ਭੰਗੜੇ ਦਾ
ਆਪਣੇ ਖੇਤ ਬੰਨੇ 'ਤੇ ਆਉਂਦਾ ਹੈ
ਰੈਸਤੋਰਾਂ ਤੇ ਹਾਲਾਂ 'ਚ ਕਿੱਥੇ?

ਪਰਾਗੇ ਦੇ ਦੇ ਭੁੰਨਾਏ ਸੁਪਨੇ
ਕਦੇ ਰੱਜ ਕੇ ਨਹੀਂ ਭੁੱਖਾਂ ਮਿਟਾਉਂਦੇ
ਧਰਵਾਸ ਜੇਬ 'ਚ ਪਾ ਕੇ ਸੁਆਏ ਖ਼ਾਬ
ਕਦੇ ਨਹੀਂ ਮਾਂਵਾਂ ਦੇ ਸੀਨੇ ਠਾਰਦੇ

ਖੇਡਣ ਦੀ ਉਮਰੇ ਅਸੀਂ ਤਾਂ ਖੇਡਦੇ ਰਹੇ
ਸਦਾ ਚੱਲਦੀਆਂ ਮਸ਼ੀਨਾਂ ਨਾਲ ਮਸ਼ੀਨ ਬਣ ਕੇ
ਅੱਖਾਂ 'ਚ ਉਂਨੀਂਦਰੇ ਲੈ ਕੇ

ਸਟੇਰਿੰਗ ਗੇੜਦੇ ਗਾਉਂਦੇ ਰਹੇ ਮਿਰਜ਼ਾ
ਕਲਾਈਆਂ 'ਚੋਂ ਵੰਗਾਂ ਲਾਹ ਲਾਹ ਕੇ
ਰੰਗ ਚੁਣਦੇ ਰਹੇ ਮਾਹੀ ਦੀਆਂ ਪੱਗਾਂ ਦੇ
ਚਾਅ ਵਿਰਾਉਂਦੇ ਰਹੇ ਹਿੱਕ ਦੀਆਂ ਅੱਗਾਂ ਦੇ

ਤਾਰੇ ਗਿਣਦੇ ਰਹੇ ਸਦੀਆਂ ਲੰਮੀਆਂ ਰਾਤਾਂ ਦੇ
ਸੂਰਜ ਉਡੀਕਦੇ ਰਹੇ ਸਰਘੀਆਂ ਪਰਭਾਤਾਂ ਦੇ
ਲਾਰੇ ਮਿਣਦੇ ਰਹੇ
ਪਹਿਲੀਆਂ ਪਹਿਲੀਆਂ ਮੁਲਾਕਾਤਾਂ ਦੇ

ਸੀਨੇ ਦੀ ਅੱਗ ਕਿੱਥੇ ਸੌਣ ਦਿੰਦੀ ਹੈ
ਲਾਵਾ ਕਦ ਟਿਕਦਾ ਹੈ
ਜਵਾਲਾਮੁਖੀ ਚਟਾਨਾਂ ਦੀ ਕੁੱਖ 'ਚ
ਫਿਰ ਅਸੀਂ ਗੋਬਿੰਦ ਦੇ ਹੱਥਾਂ ਦੀ ਛੁਹ ਲਈ
ਫਲਸਫ਼ੇ ਦੀ ਤੇਗ ਮੱਥਿਆਂ 'ਚ ਟੰਗੀ

ਬੁੱਢੇ ਵਕਤਾਂ ਦਾ ਨਾਂ ਜਪ ਕੇ
ਦੁਨੀਆਂ ਗਾਹੀ
ਅਰਸ਼ 'ਤੇ ਨਾਂ ਲਿਖਿਆ -"ਪੰਜਾਬ"

ਜੋ ਅੱਜ ਵੀ ਕਿਤੇ ਟਿੱਬੇ ਤੇ ਚੜ੍ਹ ਕੇ ਉੱਚਾ ਹੋ ਕੇ ਦੇਖੀਂ
ਪੰਜਾਬ ਚੰਨ ਮੱਥੇ ਖੁਣਿਆ ਦਿਸਦਾ ਹੈ
ਪਿੰਡ ਦੇ ਸਾਰੇ ਯਾਰਾਂ ਦਾ ਨਾਂ ਲੈਂਦਾ ਹੈ
ਤਾਂਹੀ ਓਹਦਾ ਇਤਿਹਾਸ ਨੇੜੇ ਹੋ ਹੋ ਬਹਿੰਦਾ ਹੈ

ਪੰਜਾਬ-ਅਸੀਂ ਜਿੱਥੇ ਵੀ ਹੋਈਏ
ਭੁੱਖੇ ਜਾਂ ਪਿਆਸੇ
ਉਦਾਸ ਜਾਂ ਬੇਆਸੇ

ਬਦਲ ਬਦਲ ਬੰਨਾਂਗੇ ਪੱਗਾਂ ਦੇ ਰੰਗ
ਜਿਹੜੇ ਚੁਣੇਗੀ ਛਣਕਦੀ ਹੋਈ ਵੰਗ
ਚੁੰਨੀ 'ਚ ਲੁਕਾ ਕੇ ਭੋਰਾ ਕੁ ਸੰਗ
ਦੇਵੇਗੀ ਨੈਣਾਂ ਦੇ ਸਹਿਣ ਨੂੰ ਡੰਗ

ਹੁਣ ਨਵੀਆਂ ਰੀਤਾਂ ਪਿੰਡਾਂ ਵਿਚ
ਗੀਤ ਗਏ ਬਦੇਸ਼ੀਂ ਖ਼ੁਰ ਗਏ
ਤਾਰੇ ਸੀ ਸਜਾਏ ਬਨ੍ਹੇਰੇ ਤੇ
ਹੰਝੂਆਂ ਦੇ ਘਰੀਂ ਤੁਰ ਗਏ

ਹੁਣ ਸਮੇਂ ਤੇ ਵੀ ਨਹੀਂ ਰਿਹਾ ਕੋਈ ਇੱਤਬਾਰ
ਜੋ ਕਫ਼ਨ 'ਚੋਂ ਵੀ ਕੱਢ ਲੈਂਦਾ ਹੈ
ਰੀਝਾਂ ਤੇ ਰੁਮਾਲ
ਉਹ ਰੁੱਸ ਜਾਂਦਾ ਸੀ ਸਮੇਂ ਨਾਲ

ਕਈ ਵਾਰ ਬਲਵੀਰ ਮਨ 'ਚ ਹੰਝੂ ਲੁਕਾਣ ਲੱਗ ਜਾਂਦਾ। ਵਕਤ ਦੀਆਂ ਪੈੜਾਂ ਵੱਲ ਦੇਖਦਾ ਦੇਖਦਾ ਤੁਰਦਾ-

ਹੱਸਦਾ ਹਾਂ ਉਦਾਸ ਅੱਖਾਂ ਛੁਪਾਣ ਲਈ
ਰਿੰਮਝਿੰਮ 'ਚ ਖੇਡਦਾਂ ਹੰਝੂ ਲੁਕਾਣ ਲਈ

ਸੂਰਜ ਦੇ ਸੇਕ 'ਚ ਕੀ ਕੀ ਟੰਗ ਲਵਾਂ
ਚੀਸਾਂ ਹੀ ਬਹੁਤ ਨੇ ਦੁੱਖ ਸੁਕਾਣ ਲਈ

ਹਿਜਰਾਂ ਦੇ ਪਰਿੰਦੇ ਕਈ ਸ਼ਹਿਰ ਦੇ
ਹੱਥਾਂ 'ਚ ਲੈ ਆਏ ਚੰਨ ਪੜ੍ਹਾਣ ਲਈ

ਇਕ ਇਕ ਸਰਾਪ ਬਣ ਕੇ ਮਰ ਗਿਆ
ਬਚਿਆ ਨਾ ਤਾਰਾ ਕੋਈ ਰੁਸ਼ਨਾਣ ਲਈ

ਵਕਤ ਦੀਆਂ ਪੈੜਾਂ ਹੇਠੋਂ ਛਾਣਿਆ
ਲੰਗਾਰਿਆ ਵਿਯੋਗ ਇਕ ਹਾਣ ਲਈ

ਪੰਜਾਬੀ ਪਰਵਾਸੀਆਂ ਵਿਚੋਂ ਕੁਝ ਆਪਣੇ ਬਜ਼ੁਰਗਾਂ ਨੂੰ ਆਪਣੇ ਕੋਲ ਲੈ ਜਾਂਦੇ ਹਨ। ਜਿਹੜੇ ਬਜ਼ੁਰਗਾਂ ਨੇ ਦਿਨ ਰਾਤ ਇਕ ਕਰ ਕੇ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਖਰਚ ਕਰ ਕੇ ਬਾਹਰਲੇ ਦੇਸ਼ਾਂ ਵਿਚ ਭੇਜਿਆ ਸੀ। ਓਹੀ ਇਨ੍ਹਾਂ ਨੂੰ ਰਿਟਾਇਰਮੈਂਟ ਦੀ ਉਮਰ ਵਿਚ ਕੰਮ ਕਰਨ ਨੂੰ ਮਜਬੂਰ ਕਰ ਦਿੰਦੇ ਹਨ। ਉਨ੍ਹਾਂ ਨੂੰ ਪੈਨਸ਼ਨ ਲਵਾ ਕੇ ਇਸ ਰਕਮ ਦਾ ਕੁਝ ਹਿੱਸਾ ਹੀ ਉਨ੍ਹਾਂ ਨੂੰ ਦਿੰਦੇ ਹਨ। ਉਨ੍ਹਾਂ ਤੋਂ ਆਪਣੇ ਛੋਟੇ ਬੱਚਿਆਂ ਦਾ ਪਾਲਣ ਪੋਸ਼ਣ ਵੀ ਕਰਵਾਉਂਦੇ ਹਨ।

ਕੌਮਾਂਤਰੀ ਪੰਜਾਬੀ ਪਰਵਾਸੀਆਂ ਵਿੱਚ ਨਰੜ-ਵਿਆਹ ਵੀ ਵੇਖਣ ਨੂੰ ਮਿਲਦੇ ਹਨ। ਪੰਜਾਬ ਦੇ ਕੁਝ ਲੋਕ ਸਿਰਫ ਬਾਹਰਲੇ ਦੇਸ਼ਾਂ ਵਿੱਚ ਜਾਣ ਲਈ ਆਪਣੀਆਂ ਲੜਕੀਆਂ ਦੇ ਵਿਆਹ ਅਜਿਹੇ ਲੋਕਾਂ ਨਾਲ ਕਰ ਦਿੰਦੇ ਹਨ। ਜੋ ਉਨ੍ਹਾਂ ਦੇ ਮੇਲ ਦੇ ਨਹੀਂ ਹੁੰਦੇ ਹਨ। ਇਹ ਲੜਕੀਆਂ ਉਨ੍ਹਾਂ ਦੇਸ਼ਾਂ ਦੀਆਂ ਨਾਗਰਿਕ ਬਣਨ ਅਤੇ ਪਰੀਵਾਰ ਦੇ ਬਾਕੀ ਮੈਂਬਰਾਂ ਨੂੰ ਉਥੇ ਬੁਲਾਉਣ ਤੋਂ ਬਾਅਦ ਮੁੰਡਿਆਂ ਨੂੰ ਛੱਡ ਦਿੰਦੀਆਂ ਹਨ। ਪੰਜਾਬੀ ਪਰਵਾਸੀਆਂ ਵਿਚੋਂ ਕੁੱਝ ਲੋਕ ਪੰਜਾਬ ਵਾਂਗ ਵੱਖ-ਵੱਖ ਸਮਾਜਕ ਕੁਰੀਤੀਆਂ ਦਾ ਸ਼ਿਕਾਰ ਹਨ ਜਿਵੇਂ ਧਾਗੇ-ਤਵੀਤਾਂ ਨਾਲ ਇਲਾਜ ਕਰਨ ਜਾਂ ਮਨ ਚਾਹੀਆਂ ਇੱਛਾਵਾਂ ਦਾ ਪੂਰਤੀ ਕਰਨ ਦੇ ਭੁਲੇਖੇ ਵਿਚ ਰਹਿਣਾ।

ਇਸ ਸੰਬੰਧ ਵਿਚ ਪਾਖੰਡੀ ਬਾਬਿਆਂ,ਤਾਂਤਰਿਕਾਂ ਦੁਆਰਾ ਅਖਬਾਰਾਂ, ਚੈਨਲਾਂ 'ਤੇ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ। ਉੱਨਤ ਦੇਸ਼ਾਂ ਵਿਚ ਪਰਵਾਸ ਕਰਨ ਦੇ ਬਾਵਜੂਦ ਵੀ ਬਹੁਤੇ ਪਰਵਾਸੀ ਜਾਤਾਂ, ਇਲਾਕਿਆਂ ਦੀ ਵੰਡ ਦਾ ਸ਼ਿਕਾਰ ਪੰਜਾਬ ਨਾਲੋਂ ਵੀ ਵੱਧ ਹੋ ਜਾਂਦੇ ਹਨ।

ਆਪਣੀਆਂ ਰਾਜਸੀ ਇੱਛਾਵਾਂ ਦੀ ਪੂਰਤੀ ਜਾਂ ਪੰਜਾਬ ਦੇ ਰਾਜਸੀ ਆਗੂਆਂ ਨਾਲ ਆਪਣਾ ਮੇਲ-ਜੋਲ ਵਧਾਉਣ ਲਈ ਪੰਜਾਬੀ ਪਰਵਾਸੀ ਆਪਣੀ ਕਮਾਈ ਦਾ ਕੁਝ ਹਿੱਸਾ ਲਾ ਕੇ ਪੰਜਾਬ ਵਿੱਚ ਰਾਜਸੀ ਦਖਲ ਅੰਦਾਜ਼ੀ ਵੀ ਕਰਦੇ ਵੇਖੇ ਜਾ ਸਕਦੇ ਹਨ।

ਕੌਮਾਂਤਰੀ ਪਰਵਾਸ ਨੂੰ ਨਾ ਤਾਂ ਰੋਕਿਆ ਜਾ ਸਕਦਾ ਹੈ ਅਤੇ ਨਾ ਹੀ ਰੋਕਿਆ ਜਾਣਾ ਚਾਹੀਦਾ ਹੈ। ਪਰ ਇਸ ਨੂੰ ਨਿਯਮਤ ਕਰਨ ਦੀ ਸਖਤ ਲੋੜ ਹੈ। ਪੰਜਾਬ ਵਿਚੋਂ ਕੌਮਾਂਤਰੀ ਪਰਵਾਸੀ ਦੇ ਸਬੰਧ ਵਿਚ ਕੁਝ ਗੱਲਾਂ ਧਿਆਨ ਮੰਗਦੀਆਂ ਹਨ। ਅੱਜਕੱਲ੍ਹ ਜਿਹੜੇ ਵਿਦਿਆਰਥੀ ਜਾਂ ਪੇਸ਼ੇਵਰ ਲੋਕ ਪੰਜਾਬ ਤੋਂ ਬਾਹਰਲੇ ਦੇਸ਼ਾਂ ਵਿੱਚ ਪਰਵਾਸ ਕਰ ਰਹੇ ਹਨ। ਉਨ੍ਹਾਂ ਦੇ ਦੇਸ਼ ਛੱਡਣ ਸਮੇਂ ਉਨ੍ਹਾਂ ਤੋਂ ਦੇਸ਼ ਵਿਚ ਵਾਪਸ ਨਾ ਆਉਣ ਦੀ ਸੂਰਤ ਵਿਚ ਅਜਿਹਾ ਬਾਂਡ ਭਰਵਾਇਆ ਜਾਣਾ ਚਾਹੀਦਾ ਹੈ। ਜਿਸ ਵਿਚ ਇਹ ਦਰਜ ਕੀਤਾ ਜਾਵੇ ਕਿ ਉਨ੍ਹਾਂ ਦੀ ਪੜ੍ਹਾਈ ਤੇ ਟਰੇਨਿੰਗ ਉਪਰ ਸਮਾਜ ਤੇ ਸਰਕਾਰ ਵੱਲੋਂ ਕੀਤਾ ਗਿਆ ਖਰਚ ਵਾਪਸ ਮੋੜਨ ਲਈ ਉਹ ਪਾਬੰਦ ਹੋਣਗੇ।

ਭਾਰਤ ਅਤੇ ਸੂਬਾ ਸਰਕਾਰਾਂ ਨੂੰ ਕਾਰਪੋਰੇਟ ਜਗਤ ਪੱਖੀ ਆਰਥਿਕ ਵਿਕਾਸ ਮਾਡਲ ਦਾ ਮੋਹ ਛੱਡਦੇ ਹੋਏ ਲੋਕ ਪੱਖੀ ਆਰਥਿਕ ਵਿਕਾਸ ਮਾਡਲ ਅਪਣਾਉਣਾ ਚਾਹੀਦਾ ਹੈ। ਤਾਂ ਕਿ ਦੇਸ਼ ਵਿਚ ਰੁਜ਼ਗਾਰ ਦੇ ਲੋੜੀਂਦੇ ਮੌਕੇ ਪੈਦਾ ਕੀਤੇ ਜਾ ਸਕਣ ਤੇ ਰੁਜ਼ਗਾਰ ਦੇ ਮਿਆਰ ਨੂੰ ਵੀ ਉਚਾ ਚੁੱਕਿਆ ਜਾ ਸਕੇ।
ਪਰਵਾਸ ਕਰ ਕੇ ਪੱਕੇ ਤੌਰ 'ਤੇ ਬਾਹਰਲੇ ਦੇਸ਼ਾਂ ਵਿਚ ਵਸ ਗਏ ਲੋਕਾਂ ਨੂੰ ਆਪਣੇ ਦੇਸ਼ ਨੂੰ ਭੁੱਲਣਾ ਅਤੇ ਦੁਰਕਾਰਨਾ ਨਹੀਂ ਚਾਹੀਦਾ।

ਗੀਤ ਦੀ ਮਹਿਕ ਮਿਲੀ ਉੱਡ ਕੇ
ਭੁੱਖ ਲੱਗੀ ਚੰਨ ਤੋਂ ਗਰਾਹੀ ਖਾਣ ਲਈ

ਫੁੱਲ ਪੱਤਿਆਂ ਨੇ ਸਲਾਹਾਂ ਕੀਤੀਆਂ
ਧਰਵਾਸ ਜੇਹੀਆਂ ਧੁੱਪਾਂ ਗਲ ਪਾਣ ਲਈ

31. ਵਿਦੇਸ਼ ਨੇ ਘਰਾਂ ਨੂੰ ਛੱਡਣ ਨੂੰ ਮਜਬੂਰ ਕੀਤਾ
ਮਾਪੇ ਇਕੱਲੇ ਰਹਿ ਰਹਿ ਪੁੱਤਾਂ ਨੂੰ ਉਡੀਕਦੇ ਟੁਰ ਗਏ

ਵਿਦੇਸ਼ ਵਿਚ ਨਿੱਜੀ ਆਜ਼ਾਦੀ ਮਿਲਦੀ ਹੈ। ਆਪਣੇ ਸਾਰੇ ਫ਼ੈਸਲੇ ਕਰਨ ਲਈ ਮੌਕਾ ਪ੍ਰਾਪਤ ਹੁੰਦਾ ਹੈ।
ਜੀਵਨ ਸਵੈ ਨਿਰਭਰ ਹੋ ਜਾਂਦਾ ਹੈ।
ਆਜ਼ਾਦ ਹੋ ਕੇ ਫੈਸਲਾ ਕਰਦਾ ਹੈ। ਸੁਤੰਤਰ ਹੈ। ਸਾਰੇ ਸੰਸਾਰ ਦੀ ਪੜਚੋਲ ਕਰ ਸਕਦਾ ਹੈ।
ਵਿਸ਼ਵ ਮੁਕਾਬਲੇ ਵਿਚ ਦੀ ਵਿਚਰਦਾ ਹੈ।

ਜੀਵਨ, ਭਾਸ਼ਾ, ਵਿਰਾਸਤ ਦੇ ਨਾਲ ਨਵੇਂ ਸਭਿਆਚਾਰ ਵਿਚ ਢਲ਼ਦਾ ਹੈ। ਜੀਵਨ ਵਿਚ ਬਿਹਤਰ ਕਰੀਅਰ ਦੇ ਮੌਕੇ ਤਲਾਸ਼ਦਾ ਹੈ। ਨਵੇਂ ਨਵੇਂ ਦੋਸਤ ਬਣਦੇ ਹਨ। ਵਿਅਕਤੀਗਤ ਵਿਕਾਸ ਵੀ ਅੰਤਰਰਾਸ਼ਟਰੀ ਪੱਧਰ ਤੇ ਹੁੰਦਾ ਹੈ।

ਇੱਕ ਅਨੁਭਵ ਹੀ ਹੈ ਜ਼ਿੰਦਗੀ। ਵਿਦੇਸ਼ ਵਿਚ ਨਵੇਂ ਤਜਰਬੇ ਹੁੰਦੇ ਹਨ। ਬੰਦਾ ਹੋਰ ਮਜ਼ਬੂਤ ​​ਬਣਦਾ ਹੈ।
ਵਿਦਿਅਕ ਤੇ ਸਿੱਖਿਆ ਦੇ ਨਵੇਂ ਸਿਸਟਮ ਸਿੱਖਣ ਦਾ ਅਵਸਰ ਮਿਲਦਾ ਹੈ ਭਾਵੇਂ ਕਿ ਬਹੁਤ ਸਾਰੇ ਲੀਹੋਂ ਵੀ ਲਹਿ ਜਾਂਦੇ ਹਨ।
ਵਿਦੇਸ਼ ਨੇ ਘਰਾਂ ਨੂੰ ਛੱਡਣ ਨੂੰ ਮਜਬੂਰ ਕੀਤਾ। ਮਾਪੇ ਇਕੱਲੇ ਰਹਿ ਕੇ ਟੁਰ ਗਏ। ਏਧਰ ਕਮਾਈਆਂ ਕਰਦੇ ਪੁੱਤ ਬੁੱਢੇ ਹੋ ਗਏ। ਬੱਚੇ ਕਹਿਣੇ ਤੋਂ ਬਾਹਰ ਹੋ ਘਰਾਂ ਨੂੰ ਅਲਵਿਦਾ ਕਹਿ ਗਏ। ਬਹੁਤਿਆਂ ਨੇ ਅੰਗਰੇਜਾਂ ਨਾਲ ਵਿਆਹ ਰਚਾ ਲਏ ਹਨ।
ਰਣਜੀਤ ਨੂੰ ਵੀ ਬਲਵੀਰ ਦਾ ਵਿਯੋਗ ਖੋਰ ਗਿਆ। ਸਾਰਾ ਨੀਲਾ ਸਮੁੰਦਰ ਸੁੱਕ ਗਿਆ ਜਾਪਦਾ ਸੀ।

ਇਕ ਦਿਨ ਅਚਾਨਕ ਰਣਜੀਤ ਨੂੰ ਲੱਗਾ ਕਿ ਕੋਈ ਆਉਣ ਵਾਲਾ ਹੈ। ਉਹਦੇ ਮਨ ਦੀ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ। ਬਲਵੀਰ ਦੇ ਸੁਫਨੇ 'ਚ ਵੀ ਇਕ ਗੀਤ ਵਰਗਾ ਦੋਸਤ ਜਿਵੇਂ ਆ ਗਿਆ ਹੋਵੇ। ਜਿਵੇਂ ਇਕ ਸੋਹਣੀ ਸ਼ਰਸ਼ਾਰ ਹੋ ਗਈ ਹੋਵੇ ਦੇਖ ਕੇ ਆਪਣੀ ਪਿਆਸ ਨੂੰ-

ਨੀ ਕੋਈ ਜੂਹੇ ਆਇਆ
ਸਾਡੇ ਬੂਹੇ ਆਇਆ

ਅੰਦਰ ਰੂਹੇ ਆਇਆ
ਮਨ ਛੂਹੇ ਆਇਆ

ਦਰੀਂ ਚਾਅ ਜੇਹੇ ਚੋਵੋ
ਵਿਹੜੇ ਰਾਗ ਅਲਾਪੋ

ਮੇਰੀਆਂ ਫੜ ਕਲਾਈਆਂ
ਮੇਰੇ ਸੁਪਨੇ ਮਾਪੋ
ਸਾਰਾ ਅੰਬਰ ਖੋਲੋ
ਨੀ ਕੋਈ ਤਨ ਜੇਹਾ ਡਾਹੋ
ਸਾਰਾ ਵਿਹੜਾ ਲਿੱਪੋ
ਨਾਹਤੀ ਹਿੱਕ ਵਿਛਾਓ

ਕਿੰਨਾ ਚਾਅ ਜੇਹਾ ਅੰਗੀਂ
ਮੇਰੀ ਰੂਹ ਦੇ ਸੰਗੀਂ
ਮੈਂ ਗਈ ਨੀ ਡੰਗੀ
ਓਹਦੀ ਨਜ਼ਰੋਂ ਲੰਘੀ

ਕੀ ਹੋ ਗਿਆ ਮੈਨੂੰ
ਦਿਲ ਡੁੱਲਦਾ ਜਾਵੇ
ਮੇਰੇ ਸਾਹਾਂ ਦੇ ਵਿਚ
ਉੁਹ ਘੁਲਦਾ ਜਾਵੇ

ਮੇਰੇ ਪੀੜ ਕਲੇਜੇ
ਮੇਰਾ ਅੰਗ ਅੰਗ ਤੱਤਾ
ਮੇਰੇ ਮਨ ਨੂੰ ਗਸ਼ੀਆਂ
ਮੇਰਾ ਚਿਹਰਾ ਰੱਤਾ

ਕੀ ਹੋ ਗਿਆ ਮੈਂਨੂੰ
ਕਿਹੜਾ ਨਾਗ ਲੜ ਗਿਆ
ਕਿਹੜੇ ਚੰਨ ਦਾ ਖਾਬ
ਮੇਰੇ ਢਾਕੀਂ ਚੜ ਗਿਆ

ਨਾਲ ਘੁੱਟ ਘੁੱਟ ਲਾਉੁਂਦਾ
ਮੈਂ ਖੁਰਦੀ ਜਾਵਾਂ
ਓਹਦੇ ਸਾਹ ਸਾਹ ਦੇ ਵਿਚ
ਮੈਂ ਭੁਰਦੀ ਜਾਵਾਂ

ਉਹਦੇ ਗਲ 'ਚ ਬਾਹਾਂ
ਸਾਹ ਤਾਂਹਾਂ ਦੇ ਤਾਂਹਾਂ
ਮੇਰੀ ਮਹਿੰਦੀ ਮਹਿਕੇ

ਮੇਰਾ ਚੂੜਾ ਛਣਕੇ
ਉਹ ਨੇੜੇ ਨੇੜੇ
ਮੈਂ ਦੂਰ ਭੱਜਦੀ
ਉੁਹ ਖਿੱਚ ਗਲ ਨਾਲ ਲਾਵੇ

ਮੈਂ ਕੌਲੀਂ ਵੱਜਦੀ
ਮੈਂ ਸਾਹੋ ਸਾਹੀਂ
ਉੁਹ ਹਿੱਕ ਨਾਲ ਲਾਵੇ
ਫੜ ਘੁੱਟ ਘੁੱਟ ਬਾਹੀਂ

ਮੈਂ ਦੌੜਦੀ ਹੰਭ ਗਈ
ਮੇਰੇ ਵਾਲ ਖੁੱਲੇ
ਮੇਰੀ ਅੱਗ ਦੇ ਵਿਚ
ਕਈ ਸੜ ਗਏ ਬੁੱਲੇ

ਮੈਂ ਹਫ ਕੇ ਡਿੱਗੀ
ਓਹਨੇ ਵੀਣੀ ਫੜ ਲਈ
ਇਸ਼ਕ ਜ਼ਹਿਰ ਮੁਹੱਬਤ
ਮੇਰੇ ਨਸ ਨਸ ਚੜ ਗਈ

ਮੇਰੇ ਵਟਣਾ ਮਹਿੰਦੀ
ਮੇਰੀ ਕੰਚਨ ਕਾਇਆ
ਮੇਰਾ ਚੂੜਾ ਛਣਕੇ
ਇਕ ਚੰਨ ਪਰਾਇਆ

ਹਰ ਪਾਸੇ ਪਿਆਸਾਂ
ਹਰ ਰੂਹੇ ਭੁੱਖਾਂ
ਉਹ ਪਲ ਕਦ ਸੁਣਦੇ
ਹਿੱਕੀਂ ਮਹਿਕਾਂ ਰੁੱਤਾਂ

ਓਹਨੇ ਤਨ ਮਨ ਫੋਲੇ
ਓਹਨੇ ਰੀਝ ਵਰਾਈ
ਓਹਨੇ ਵਿਛਾ ਕੇ ਸੀਨਾ
ਉਤੇ ਧਰਤ ਵਿਛਾਈ

ਅੱਗ ਚੜੀ ਅਸਮਾਨੀਂ
ਸੇਕ ਵਧਦਾ ਜਾਵੇ
ਆਵੇ ਪਲ ਪਲ ਭੁੱਖਾ
ਪਲੀਂ ਰੱਜਦਾ ਜਾਵੇ

ਹਰ ਪਾਸੇ ਮਹਿਕਾਂ
ਖਿੜੀਆਂ ਸੁਗੰਧੀਆਂ
ਓਹਦੇ ਮੋਹ ਵਿਚ ਭਿੱਜ ਕੇ
ਗਈਆਂ ਗੂੜੀਆਂ ਰੰਗੀਆਂ

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 

punjabi-kavita.com