Papa Panov Di Khas Christmas (Russian Story in Punjabi) : Leo Tolstoy

ਪਾਪਾ ਪਾਨੋਵ ਦੀ ਖ਼ਾਸ ਕ੍ਰਿਸਮਿਸ (ਰੂਸੀ ਕਹਾਣੀ) : ਲਿਉ ਤਾਲਸਤਾਏ

ਕ੍ਰਿਸਮਿਸ ਦੀ ਸ਼ਾਮ ਤੋਂ ਪਹਿਲੇ ਦਿਨ ਰੂਸ ਦੇ ਇੱਕ ਛੋਟੇ ਜਿਹੇ ਪਿੰਡ ਦੀਆਂ ਦੁਕਾਨਾਂ ਤੇ ਘਰਾਂ ’ਚ ਬਾਅਦ ਦੁਪਹਿਰ ਹੀ ਰੋਸ਼ਨੀਆਂ ਜਗਣ ਲੱਗ ਪਈਆਂ। ਸਰਦੀਆਂ ਦਾ ਦਿਨ ਸੀ ਤੇ ਝੱਟ ਹੀ ਸ਼ਾਮ ਹੋ ਗਈ ਸੀ। ਜੋਸ਼ ਨਾਲ ਭਰੇ ਬੱਚੇ ਘਰਾਂ ਦੇ ਅੰਦਰ ਹੀ ਦੁੜੰਗੇ ਲਾ ਰਹੇ ਸਨ। ਉਨ੍ਹਾਂ ਦੇ ਘਰਾਂ ਦੇ ਬੰਦ ਦਰਵਾਜ਼ਿਆਂ ’ਚੋਂ ਉਨ੍ਹਾਂ ਦੀਆਂ ਗੱਲਾਂ ਤੇ ਹਾਸੇ ਦੀਆਂ ਮੱਠੀਆਂ ਮੱਠੀਆਂ ਆਵਾਜ਼ਾਂ ਬਾਹਰ ਆ ਰਹੀਆਂ ਸਨ।
ਇੱਕ ਬਜ਼ੁਰਗ ਪਾਪਾ ਪਾਨੋਵ ਪਿੰਡ ’ਚ ਮੋਚੀ ਦਾ ਕੰਮ ਕਰਦਾ ਸੀ। ਉਹ ਆਪਣੀ ਦੁਕਾਨ ਤੋਂ ਬਾਹਰ ਆ ਕੇ ਆਲੇ-ਦੁਆਲੇ ਦੇਖਣ ਲੱਗਿਆ। ਚਮਕੀਲੀਆਂ ਰੋਸ਼ਨੀਆਂ ਦੀ ਚਮਕ ਤੇ ਕ੍ਰਿਸਮਿਸ ’ਤੇ ਬਣਨ ਵਾਲੇ ਵੱਖ-ਵੱਖ ਪਦਾਰਥਾਂ ਦੀ ਹਲਕੀ ਜਿਹੀ ਪਰ ਵਧੀਆ ਮਹਿਕ ਨੇ ਉਸ ਨੂੰ ਪੁਰਾਣੇ ਵੇਲਿਆਂ ਦੀ ਕ੍ਰਿਸਮਿਸ ਯਾਦ ਕਰਵਾ ਦਿੱਤੀ ਜਦੋਂ ਉਸ ਬਜ਼ੁਰਗ ਦੀ ਬੀਵੀ ਜਿਉਂਦੀ ਸੀ ਤੇ ਬੱਚੇ ਛੋਟੇ ਸਨ ਪਰ ਹੁਣ ਉੱਥੇ ਕੋਈ ਵੀ ਨਹੀਂ ਸੀ। ਆਮ ਤੌਰ ’ਤੇ ਉਸ ਦੀਆਂ ਐਨਕਾਂ ਪਿੱਛੇ ਉਸ ਦਾ ਚਿਹਰਾ ਹੱਸਣ ਲੱਗਿਆਂ ਪਈਆਂ ਝੁਰੜੀਆਂ ਕਰਕੇ ਖ਼ੁਸ਼ਨੁਮਾ ਹੀ ਹੁੰਦਾ ਸੀ ਪਰ ਅੱਜ ਉਹ ਉਦਾਸ ਸੀ। ਉਹ ਕਿਸੇ ਪੱਕੇ ਇਰਾਦੇ ਨਾਲ ਅੰਦਰ ਨੂੰ ਗਿਆ, ਦਰਵਾਜ਼ਾ ਬੰਦ ਕੀਤਾ ਤੇ ਕੋਲਿਆਂ ਵਾਲੀ ਅੰਗੀਠੀ ਉਪਰ ਕੌਫ਼ੀ ਵਾਲੀ ਪਤੀਲੀ ਰੱਖ ਦਿੱਤੀ ਤਾਂ ਕਿ ਕੌਫ਼ੀ ਗਰਮ ਹੋ ਜਾਏ। ਫਿਰ ਉਹ ਇੱਕ ਹਉਕਾ ਜਿਹਾ ਲੈ ਕੇ ਵੱਡੀ ਸਾਰੀ ਬਾਹਾਂ ਵਾਲੀ ਕੁਰਸੀ ’ਤੇ ਬੈਠ ਗਿਆ।
ਪਾਪਾ ਪਾਨੋਵ ਕਦੀ ਘੱਟ ਹੀ ਕੁਝ ਪੜ੍ਹਦਾ ਸੀ ਪਰ ਅੱਜ ਰਾਤ ਉਸ ਨੇ ਆਪਣੀ ਪੁਰਾਣੀ ਬਾਈਬਲ ਖੋਲ੍ਹੀ ਤੇ ਹੌਲੀ-ਹੌਲੀ ਦੁਬਾਰਾ ਆਪਣੇ ਅੰਗੂਠੇ ਦੇ ਨਾਲ ਵਾਲੀ ਉਂਗਲ ਦੀ ਮਦਦ ਨਾਲ ਕ੍ਰਿਸਮਿਸ ਦੀ ਕਹਾਣੀ ਪੜ੍ਹਨ ਲੱਗ ਪਿਆ। ਉਸ ਨੇ ਪੜ੍ਹਿਆ ਕਿ ਕਿਵੇਂ ‘ਮੇਰੀ’ ਤੇ ‘ਜੋਸੇਫ਼’ ਬੈਥਲੇਹੇਮ (ਸ਼ਹਿਰ) ਵੱਲ ਆਉਂਦੇ ਆਉਂਦੇ ਥੱਕ ਗਏ ਸਨ। ਉਨ੍ਹਾਂ ਨੂੰ ਸਰਾਂ ਵਿੱਚ ਕਿਧਰੇ ਵੀ ਥਾਂ ਨਾ ਮਿਲੀ। ਇਸ ਕਰਕੇ ਮੇਰੀ ਦੇ ਬੱਚੇ ਦਾ ਜਨਮ ਗਊਆਂ ਦੀ ਖੁਰਲੀ ਵਿੱਚ ਹੀ ਹੋ ਗਿਆ।
ਪਾਪਾ ਪਾਨੋਵ ਬੋਲੇ, ‘‘ਓਹ! ਮੇਰੇ ਪਿਆਰਿਓ, ਜੇ ਕਿਤੇ ਤੁਸੀਂ ਇੱਥੇ ਮੇਰੇ ਕੋਲ ਆ ਜਾਂਦੇ, ਮੈਂ ਤੁਹਾਨੂੰ ਆਪਣਾ ਬਿਸਤਰ ਦੇ ਦੇਣਾ ਸੀ। ਕੱਪੜੇ ਦੇ ਟੁਕੜੇ ਜੋੜ ਜੋੜ ਕੇ ਬਣਾਈ ਰਜਾਈ ਨਾਲ ਬੱਚੇ ਨੂੰ ਢੱਕ ਦੇਣਾ ਸੀ, ਤਾਂ ਕਿ ਉਹ ਨਿੱਘਾ ਹੋ ਜਾਂਦਾ।’’
ਉਸ ਨੇ ਅੱਗੇ ਪੜ੍ਹਿਆ ਕਿ ਬੱਚੇ ਨੂੰ ਦੇਖਣ ਆਏ ਸਿਆਣੇ ਆਦਮੀ (ਰੱਬ ਦੇ ਪੈਗੰਬਰ) ਤਾਂ ਬੱਚੇ ਲਈ ਸ਼ਾਨਦਾਰ ਤੋਹਫ਼ੇ ਵੀ ਨਾਲ ਲਿਆਏ ਸਨ। ਪਾਪਾ ਪਾਨੋਵ ਦਾ ਚਿਹਰਾ ਕੁਝ ਢਿੱਲਾ ਪੈ ਗਿਆ। ਉਹ ਉਦਾਸ ਹੋ ਕੇ ਸੋਚਣ ਲੱਗਾ, ‘‘ਮੇਰੇ ਕੋਲ ਤਾਂ ਉਸ ਨੂੰ ਦੇਣ ਲਈ ਕੋਈ ਤੋਹਫ਼ਾ ਹੀ ਨਹੀਂ ਸੀ।’’
ਫਿਰ ਉਸ ਦਾ ਚਿਹਰਾ ਇਕਦਮ ਚਮਕ ਉੱਠਿਆ। ਉਸ ਨੇ ਬਾਈਬਲ ਰੱਖ ਦਿੱਤੀ ਤੇ ਛੋਟੇ ਜਿਹੇ ਕਮਰੇ ਵਿੱਚ ਬਣੀ ਉੱਚੀ ਸਾਰੀ ਸ਼ੈਲਫ਼ ਵੱਲ ਆਪਣੀਆਂ ਬਾਹਾਂ ਵਧਾ ਕੇ ਇੱਕ ਛੋਟਾ ਜਿਹਾ ਬਕਸਾ ਥੱਲੇ ਉਤਾਰਿਆ, ਜਿਸ ਉਪਰ ਧੂੜ ਪਈ ਸੀ। ਉਸ ਨੇ ਬਕਸਾ ਖੋਲ੍ਹਿਆ। ਉਸ ਵਿੱਚ ਛੋਟੇ-ਛੋਟੇ ਬੂਟਾਂ ਦਾ ਵਧੀਆ ਜੋੜਾ ਸੀ। ਪਾਪਾ ਪਾਨੋਵ ਦੇ ਚਿਹਰੇ ’ਤੇ ਤਸੱਲੀ ਭਰੀ ਮੁਸਕਰਾਹਟ ਆ ਗਈ। ਹਾਂ, ਉਸ ਨੂੰ ਪੂਰੀ ਤਰ੍ਹਾਂ ਯਾਦ ਹੈ ਕਿ ਉਸ ਦੇ ਬਣਾਏ ਬੂਟਾਂ ’ਚੋਂ ਇਹੋ ਜੋੜਾ ਸਭ ਤੋਂ ਵਧੀਆ ਸੀ। ਉਸ ਨੇ ਇਹ ਬੂਟਾਂ ਦਾ ਜੋੜਾ ਹੌਲੀ ਜਿਹੇ, ਇੱਕ ਪਾਸੇ ਰੱਖ ਦਿੱਤਾ ਤੇ ਫ਼ੈਸਲਾ ਕੀਤਾ, ‘‘ਮੈਂ ਉਸ ਬੱਚੇ ਨੂੰ ਇਹੋ ਹੀ ਦਿੰਦਾ।’’ ਉਹ ਦੁਬਾਰਾ ਪੜ੍ਹਨ ਲਈ ਬੈਠ ਗਿਆ।
ਹੁਣ ਉਹ ਥਕਾਵਟ ਮਹਿਸੂਸ ਕਰ ਰਿਹਾ ਸੀ। ਉਹ ਪੜ੍ਹ ਰਿਹਾ ਸੀ ਪਰ ਨੀਂਦ ਉਸ ’ਤੇ ਹਾਵੀ ਹੋ ਰਹੀ ਸੀ। ਕਿਤਾਬ ਦੇ ਅੱਖਰ ਉਸ ਦੀਆਂ ਅੱਖਾਂ ਅੱਗੇ ਟਿਕ ਨਹੀਂ ਸੀ ਰਹੇ। ਇਸ ਲਈ ਇੱਕ ਮਿੰਟ ਵਾਸਤੇ ਉਸ ਨੇ ਅੱਖਾਂ ਬੰਦ ਕਰ ਲਈਆਂ। ਝੱਟ ਹੀ, ਪਾਪਾ ਪਾਨੋਵ ਨੂੰ ਗੂੜ੍ਹੀ ਨੀਂਦ ਆ ਗਈ।
ਸੁੱਤਿਆਂ ਹੋਇਆਂ ਉਸ ਨੇ ਸੁਪਨਾ ਦੇਖਿਆ। ਉਸ ਨੂੰ ਸੁਪਨਾ ਆਇਆ ਕਿ ਉਸ ਦੇ ਕਮਰੇ ’ਚ ਕੋਈ ਆਦਮੀ ਹੈ ਤੇ ਜਿਵੇਂ ਸੁਪਨੇ ’ਚ ਏਦਾਂ ਹੀ ਹੁੰਦਾ ਹੈ, ਉਸ ਨੇ ਉਸ ਆਦਮੀ ਨੂੰ ਝੱਟ ਪਛਾਣ ਲਿਆ। ਇਹ ‘ਜੀਸਸ’ ਸੀ।
ਜੀਸਸ ਨੇ ਨਿਮਰਤਾ ਨਾਲ ਕਿਹਾ, ‘‘ਪਾਪ ਪਾਨੋਵ, ਤੇਰਾ ਜੀਅ ਮੈਨੂੰ ਦੇਖਣ ਲਈ ਕਰ ਰਿਹਾ ਸੀ। ਤੂੰ ਮੈਨੂੰ ਕੱਲ੍ਹ ਉਡੀਕੀਂ। ਕੱਲ੍ਹ ਕ੍ਰਿਸਮਿਸ ਹੈ ਤੇ ਮੈਂ ਤੇਰੇ ਕੋਲ ਜ਼ਰੂਰ ਆਵਾਂਗਾ। ਪਰ ਤੂੰ ਮੈਨੂੰ ਧਿਆਨ ਨਾਲ ਦੇਖੀਂ ਕਿਉਂਕਿ ਮੈਂ ਤੈਨੂੰ ਆਪਣੀ ਪਛਾਣ ਬਾਰੇ ਨਹੀਂ ਦੱਸਾਂਗਾ।’’
ਅਖ਼ੀਰ ਜਦੋਂ ਪਾਪਾ ਪਾਨੋਵ ਸਵੇਰੇ ਜਾਗਿਆ, ਬਾਹਰ ਘੰਟੀਆਂ ਵੱਜਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਤੇ ਸ਼ਟਰ ਵਿੱਚੋਂ ਦਿਨ ਦੀ ਪਤਲੀ ਜਿਹੀ ਰੋਸ਼ਨੀ ਆ ਰਹੀ ਸੀ। ਪਾਪਾ ਪਾਨੋਵ ਨੇ ਕਿਹਾ, ‘‘ਸ਼ੁਕਰ ਹੈ! ਅੱਜ ਕ੍ਰਿਸਮਿਸ ਦਾ ਦਿਨ ਹੈ।’’
ਉਸ ਨੇ ਖੜ੍ਹਾ ਹੋ ਕੇ ਅੰਗੜਾਈ ਲਈ ਕਿਉਂਕਿ ਉਸ ਦਾ ਸਰੀਰ ਬੜਾ ਸਖ਼ਤ ਜਿਹਾ ਹੋਇਆ ਪਿਆ ਸੀ। ਫਿਰ ਜਿਉਂ ਹੀ ਉਸ ਨੂੰ ਆਪਣਾ ਸੁਪਨਾ ਯਾਦ ਆਇਆ, ਉਹਦਾ ਚਿਹਰਾ ਖਿੜ ਉਠਿਆ ਕਿਉਂਕਿ ਜੀਸਸ ਉਸ ਕੋਲ ਆ ਰਿਹਾ ਹੈ। ਇਸ ਲਈ ਇਹ ਕ੍ਰਿਸਮਿਸ ਉਸ ਲਈ ਬਹੁਤ ਹੀ ਖ਼ਾਸ ਹੋਵੇਗੀ। ਉਹ ਕਿਵੇਂ ਦਾ ਦਿਖਾਈ ਦੇਵੇਗਾ? ਕੀ ਉਹ ਇੱਕ ਬੱਚੇ ਵਰਗਾ ਦਿਸੇਗਾ, ਕੀ ਲੱਕੜ ਦਾ ਕੰਮ ਕਰਦੇ ਤਰਖਾਣ ਵਰਗਾ ਜਾਂ ਕਿਸੇ ਮਹਾਨ ਰਾਜੇ ਦੇ ਪੁੱਤਰ ਵਰਗਾ ਦਿੱਸੇਗਾ ਜਿਵੇਂ ਉਹ ਹੈ ਹੀ, ਪਰਮਾਤਮਾ ਦਾ ਪੁੱਤਰ? ਉਹ ਸਾਰਾ ਦਿਨ ਧਿਆਨ ਨਾਲ ਦੇਖੇਗਾ ਤਾਂ ਕਿ ਜਿਉਂ ਹੀ ਜੀਸਸ ਆਵੇ, ਉਹ ਉਸ ਨੂੰ ਪਛਾਣ ਲਵੇ।
ਪਾਪਾ ਪਾਨੋਵ ਨੇ ਕ੍ਰਿਸਮਿਸ ਦੀ ਸਵੇਰ ਦੇ ਨਾਸ਼ਤੇ ਵਾਸਤੇ ਕੌਫ਼ੀ ਲਈ ਖ਼ਾਸ ਪਤੀਲੀ ਕੱਢੀ। ਸ਼ਟਰ ਬੰਦ ਕਰਕੇ ਉਹ ਖਿੜਕੀ ਵਿੱਚੋਂ ਦੀ ਬਾਹਰ ਦੇਖਣ ਲੱਗਿਆ। ਗਲੀ ਸੁੰਨਸਾਨ ਸੀ। ਕੋਈ ਵੀ ਆ-ਜਾ ਨਹੀਂ ਸੀ ਰਿਹਾ। ਉੱਥੇ ਸਿਰਫ਼ ਸੜਕ ਸਾਫ਼ ਕਰਨ ਵਾਲਾ ਇੱਕ ਸਫ਼ਾਈ ਸੇਵਕ ਹੀ ਸੀ। ਉਹ ਹਮੇਸ਼ਾਂ ਵਾਂਗ ਹੀ ਗੰਦਾ ਤੇ ਦੁਖੀ ਜਾਪ ਰਿਹਾ ਸੀ। ਸ਼ਾਇਦ ਉਹ ਹੋਵੇ ਹੀ ਏਦਾਂ ਦਾ। ਏਨੀ ਸਖ਼ਤ ਠੰਢ ਤੇ ਬਰਫ਼ੀਲੀ ਧੁੰਦਲੀ ਸਵੇਰ ਨੂੰ ਕਿਸ ਦਾ ਜੀਅ ਕਰਦਾ ਹੈ ਕੰਮ ਕਰਨ ਨੂੰ?
ਪਾਪਾ ਪਾਨੋਵ ਨੇ ਦੁਕਾਨ ਦਾ ਦਰਵਾਜ਼ਾ ਖੋਲ੍ਹਿਆ, ਅੰਦਰ ਸੀਤ ਲਹਿਰ ਦਾਖਲ ਹੋ ਗਈ। ਉਹ ਗਲੀ ਦੇ ਇਸ ਪਾਰੋਂ ਉੱਚੀ ਸਾਰੀ ਚਿੱਲਾਇਆ, ‘‘ਅੰਦਰ ਆ ਜਾ ਤੇ ਠੰਢ ਦੂਰ ਕਰਨ ਲਈ ਕੁਝ ਗਰਮ ਕੌਫ਼ੀ ਪੀ ਲੈ।’’
ਸਫ਼ਾਈ ਸੇਵਕ ਨੇ ਉਪਰ ਦੇਖਿਆ। ਉਸ ਨੂੰ ਆਪਣੇ ਕੰਨਾਂ ’ਤੇ ਯਕੀਨ ਨਹੀਂ ਸੀ ਹੋ ਰਿਹਾ। ਉਹ ਏਨਾ ਖ਼ੁਸ਼ ਹੋਇਆ ਕਿ ਆਪਣਾ ਝਾੜੂ ਵੀ ਥੱਲੇ ਰੱਖਣਾ ਭੁੱਲ ਗਿਆ ਅਤੇ ਗਰਮ ਕਮਰੇ ਦੇ ਅੰਦਰ ਆ ਗਿਆ। ਉਹਦੇ ਪੁਰਾਣੇ ਕੱਪੜੇ ਅੰਗੀਠੀ ਦੇ ਸੇਕ ਨਾਲ ਕੁਝ ਨਿੱਘੇ ਹੋਏ ਤੇ ਕੌਫ਼ੀ ਪੀਣ ਲੱਗਿਆਂ ਉਸ ਨੇ ਨਿੱਘੇ ਮੱਗ ਨੂੰ ਆਪਣੇ ਦੋਵਾਂ ਲਾਲ ਹੱਥਾਂ ਨਾਲ ਫੜ ਲਿਆ।
ਪਾਪਾ ਪਾਨੋਵ ਨੇ ਉਸ ਨੂੰ ਤਸੱਲੀ ਨਾਲ ਦੇਖਿਆ ਪਰ ਨਾਲ ਹੀ ਉਹ ਘੜੀ-ਮੁੜੀ ਖਿੜਕੀ ਵੱਲ ਦੇਖ ਰਿਹਾ ਸੀ ਤਾਂ ਕਿ ਕਿਤੇ ਉਹ ਉਸ ਕੋਲ ਆਉਣ ਵਾਲੇ ਖ਼ਾਸ ਮਹਿਮਾਨ ਨੂੰ ਮਿਲਣੋਂ ਰਹਿ ਨਾ ਜਾਏ।
ਅਖੀਰ ਸਫ਼ਾਈ ਸੇਵਕ ਨੇ ਪੁੱਛ ਹੀ ਲਿਆ, ‘‘ਕੀ ਤੁਹਾਨੂੰ ਕਿਸੇ ਦੀ ਉਡੀਕ ਹੈ?’’ ਸੋ ਪਾਪਾ ਪਾਨੋਵ ਨੇ ਉਸ ਨੂੰ ਆਪਣੇ ਸੁਪਨੇ ਬਾਰੇ ਦੱਸਿਆ।
ਸਫ਼ਾਈ ਸੇਵਕ ਨੇ ਕਿਹਾ, ‘‘ਠੀਕ ਹੈ, ਮੈਨੂੰ ਪੂਰੀ ਉਮੀਦ ਹੈ ਕਿ ਉਹ ਆਏਗਾ। ਤੂੰ ਮੈਨੂੰ ਕ੍ਰਿਸਮਿਸ ’ਤੇ ਅਜਿਹੀ ਖ਼ੁਸ਼ੀ ਦਿੱਤੀ ਹੈ, ਜਿਸ ਦੀ ਮੈਨੂੰ ਕਦੀ ਵੀ ਆਸ ਨਹੀਂ ਸੀ। ਤੇਰਾ ਪੂਰਾ ਹੱਕ ਬਣਦਾ ਹੈ ਕਿ ਤੇਰਾ ਸੁਪਨਾ ਪੂਰਾ ਹੋਵੇ।’’ ਅਤੇ ਉਹ ਸੱਚਮੁੱਚ ਮੁਸਕਰਾ ਪਿਆ।
ਜਦੋਂ ਉਹ ਚਲਾ ਗਿਆ ਤਾਂ ਪਾਪਾ ਪਾਨੋਵ ਨੇ ਬੰਦਗੋਭੀ ਦਾ ਸੂਪ ਬਣਾਉਣ ਲਈ ਅੰਗੀਠੀ ’ਤੇ ਰੱਖ ਦਿੱਤਾ। ਆਪ ਫੇਰ ਦਰਵਾਜ਼ੇ ’ਤੇ ਆ ਕੇ ਗਲੀ ’ਚ ਨੀਝ ਨਾਲ ਦੇਖਣ ਲੱਗਾ। ਉਸ ਨੂੰ ਕੁਝ ਵੀ ਦਿਖਾਈ ਨਾ ਦਿੱਤਾ, ਪਰ ਨਹੀਂ, ਉਸ ਨੂੰ ਗਲਤੀ ਲੱਗੀ ਸੀ। ਕੋਈ ਆ ਰਿਹਾ ਸੀ।
ਇਹ ਇੱਕ ਕੁੜੀ ਸੀ, ਜੋ ਬੜੀ ਹੌਲੀ-ਹੌਲੀ ਤੇ ਚੁੱਪਚਾਪ ਦੁਕਾਨਾਂ ਤੇ ਘਰਾਂ ਦੀਆਂ ਕੰਧਾਂ ਦੇ ਆਸਰੇ ਨਾਲ ਤੁਰ ਰਹੀ ਸੀ। ਉਹ ਬਹੁਤ ਹੀ ਥੱਕੀ ਹੋਈ ਜਾਪ ਰਹੀ ਸੀ ਤੇ ਉਸ ਨੇ ਕੁਝ ਚੁੱਕਿਆ ਹੋਇਆ ਸੀ। ਜਿਉਂ ਹੀ ਉਹ ਹੋਰ ਨੇੜੇ ਆਈ ਤਾਂ ਪਾਪਾ ਪਾਨੋਵ ਨੇ ਦੇਖਿਆ ਕਿ ਉਸ ਨੇ ਇੱਕ ਬੱਚਾ ਚੁੱਕਿਆ ਹੋਇਆ ਸੀ, ਜਿਸ ਨੂੰ ਸ਼ਾਲ ’ਚ ਲਪੇਟਿਆ ਹੋਇਆ ਸੀ। ਉਸ ਦੇ ਆਪਣੇ ਚਿਹਰੇ ਅਤੇ ਬੱਚੇ ਦੇ ਕਮਜ਼ੋਰ ਚਿਹਰੇ ’ਤੇ ਬਹੁਤ ਸਾਰੀ ਉਦਾਸੀ ਦੇਖ ਕੇ ਪਾਪਾ ਪਾਨੋਵ ਦਾ ਦਿਲ ਬਾਹਰ ਆਉਣ ਨੂੰ ਹੋਇਆ।
ਉਹ ਘਰ ਤੋਂ ਬਾਹਰ ਆ ਕੇ ਉਨ੍ਹਾਂ ਨੂੰ ਕਹਿਣ ਲੱਗਿਆ, ‘‘ਅੰਦਰ ਆ ਜਾਉ, ਤੁਹਾਨੂੰ ਦੋਵਾਂ ਨੂੰ ਗਰਮਾਇਸ਼ ਤੇ ਆਰਾਮ ਦੀ ਜ਼ਰੂਰਤ ਹੈ।’’
ਉਹ ਕੁੜੀ ਜਿਹੜੀ ਬੱਚੇ ਦੀ ਮਾਂ ਸੀ, ਘਰ ਦੇ ਅੰਦਰ ਆ ਕੇ ਬਾਹਾਂ ਵਾਲੀ ਕੁਰਸੀ ’ਤੇ ਆਰਾਮ ਨਾਲ ਬੈਠ ਗਈ। ਉਸ ਨੇ ਸੁਖ ਦਾ ਸਾਹ ਲਿਆ।
ਪਾਪ ਪਾਨੋਵ ਕਹਿਣ ਲੱਗੇ, ‘‘ਮੈਂ ਬੱਚੇ ਲਈ ਕੁਝ ਦੁੱਧ ਗਰਮ ਕਰਦਾ ਹਾਂ। ਮੇਰੇ ਆਪਣੇ ਵੀ ਬੱਚੇ ਹੁੰਦੇ ਸਨ- ਮੈਂ ਤੇਰੇ ਇਸ ਬੱਚੇ ਨੂੰ ਵੀ ਦੁੱਧ ਪਿਲਾ ਸਕਦਾ ਹਾਂ।’’ ਉਸ ਨੇ ਅੰਗੀਠੀ ਤੋਂ ਦੁੱਧ ਲਿਆ ਤੇ ਚਮਚ ਨਾਲ ਧਿਆਨਪੂਰਵਕ ਬੱਚੇ ਨੂੰ ਦੁੱਧ ਪਿਆਉਣ ਲੱਗਿਆ ਤੇ ਨਾਲ-ਨਾਲ ਹੀ ਉਹਦੇ ਨਿੱਕੇ-ਨਿੱਕੇ ਪੈਰ ਅੰਗੀਠੀ ਦੇ ਨਿੱਘ ਨਾਲ ਨਿੱਘੇ ਕਰਨ ਲੱਗਿਆ।
ਮੋਚੀ ਨੇ ਕਿਹਾ, ‘‘ਬੱਚੇ ਨੂੰ ਬੂਟਾਂ ਦੀ ਜ਼ਰੂਰਤ ਹੈ।’’
ਪਰ ਕੁੜੀ ਨੇ ਜਵਾਬ ’ਚ ਕਿਹਾ, ‘‘ਮੈਂ ਇਸ ਨੂੰ ਬੂਟ ਲੈ ਕੇ ਨਹੀਂ ਦੇ ਸਕਦੀ। ਮੇਰਾ ਪਤੀ ਨਹੀਂ ਜੋ ਮੈਨੂੰ ਘਰ ਪੈਸੇ ਲਿਆ ਕੇ ਦੇਵੇ। ਮੈਂ ਤਾਂ ਅਗਲੇ ਪਿੰਡ ਕੋਈ ਕੰਮ ਲੱਭਣ ਜਾ ਰਹੀ ਹਾਂ।’’
ਅਚਾਨਕ ਹੀ ਪਾਪਾ ਪਾਨੋਵ ਦੇ ਮਨ ’ਚ ਇੱਕ ਵਿਚਾਰ ਆਇਆ। ਉਸ ਨੂੰ ਪਿਛਲੀ ਰਾਤ ਵਾਲੇ ਬੂਟਾਂ ਦਾ ਚੇਤਾ ਆਇਆ ਪਰ ਉਹ ਤਾਂ ਉਸ ਨੇ ਜੀਸਸ ਲਈ ਰੱਖੇ ਹੋਏ ਸਨ। ਉਹਨੇ ਫੇਰ ਬੱਚੇ ਦੇ ਨਿੱਕੇ ਠੰਢੇ ਪੈਰਾਂ ਵੱਲ ਦੇਖਿਆ ਤੇ ਆਪਣਾ ਮਨ ਬਣਾ ਲਿਆ।
ਬੂਟ ਲਿਆ ਕੇ ਉਸ ਨੇ ਮਾਂ ਨੂੰ ਦਿੱਤੇ ਤੇ ਬੱਚੇ ਨੂੰ ਆਪ ਫੜ ਕੇ ਕਹਿਣ ਲੱਗਾ, ‘‘ਇਹ ਬੂਟ ਇਸ ਨੂੰ ਪਾ ਕੇ ਦੇਖ।’’ ਉਹ ਸੋਹਣਾ ਬੂਟਾਂ ਦਾ ਜੋੜਾ ਬੱਚੇ ਨੂੰ ਬਿਲਕੁਲ ਫਿੱਟ ਆਇਆ ਸੀ। ਕੁੜੀ ਖ਼ੁਸ਼ੀ ਨਾਲ ਮੁਸਕਰਾਈ ਤੇ ਬੱਚੇ ਨੇ ਵੀ ਖ਼ੁਸ਼ੀ ਨਾਲ ਮੂੰਹ ’ਚੋਂ ਆਵਾਜ਼ਾਂ ਕੱਢੀਆਂ।
ਜਦੋਂ ਕੁੜੀ ਉੱਠ ਕੇ ਆਪਣੇ ਬੱਚੇ ਨਾਲ ਉੱਥੋਂ ਜਾਣ ਲੱਗੀ ਤਾਂ ਉਸ ਨੇ ਪਾਪਾ ਪਾਨੋਵ ਨੂੰ ਕਿਹਾ, ‘‘ਤੁਸੀਂ ਸਾਡੇ ’ਤੇ ਬਹੁਤ ਮਿਹਰਬਾਨੀ ਕੀਤੀ ਹੈ। ਕ੍ਰਿਸਮਿਸ ਮੌਕੇ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ।’’
ਪਰ ਪਾਪਾ ਪਾਨੋਵ ਹੈਰਾਨ ਹੋ ਕੇ ਸੋਚਣ ਲੱਗਿਆ ਕਿ ਉਸ ਦੀ ਕ੍ਰਿਸਮਿਸ ਵਾਲੀ ਖ਼ਾਸ ਖਾਹਿਸ਼ ਪੂਰੀ ਹੋਵੇਗੀ ਜਾਂ ਨਹੀਂ। ਸ਼ਾਇਦ ਉਹ ਆਪਣੇ ਖ਼ਾਸ ਮਹਿਮਾਨ ਨੂੰ ਦੇਖਣੋਂ ਖੁੰਝ ਗਿਆ ਸੀ? ਉਹ ਬੜੇ ਫ਼ਿਕਰ ਨਾਲ ਗਲੀ ਵਿੱਚ ਉਪਰ-ਥੱਲੇ ਦੇਖਣ ਲੱਗਿਆ। ਉੱਥੇ ਬਹੁਤ ਸਾਰੇ ਲੋਕ ਸਨ ਪਰ ਸਭ ਚਿਹਰੇ ਉਸ ਦੇ ਜਾਣੇ-ਪਛਾਣੇ ਹੋਏ ਸਨ। ਗੁਆਂਢੀ ਆਪਣੇ ਪਰਿਵਾਰਾਂ ਨੂੰ ਮਿਲ ਗਿਲ ਰਹੇ ਸਨ। ਉਹ ਪਾਪਾ ਪਾਨੋਵ ਨੂੰ ਸਿਰ ਹਿਲਾ ਕੇ ਤੇ ਮੁਸਕਰਾ ਕੇ ਕ੍ਰਿਸਮਿਸ ਦੀਆਂ ਸ਼ੁਭ ਇੱਛਾਵਾਂ ਦੇ ਰਹੇ ਸਨ। ਪਾਪਾ ਪਾਨੋਵ ਉੱਥੇ ਖੜ੍ਹੇ ਭਿਖਾਰੀਆਂ ਨੂੰ ਅੰਦਰ ਲਿਆ ਕੇ ਗਰਮ ਸੂਪ ਤੇ ਕਾਫ਼ੀ ਸਾਰੇ ਬਰੈੱਡ ਪੀਸ ਵਰਤਾ ਰਿਹਾ ਸੀ। ਇਹ ਸਭ ਉਹ ਜਲਦੀ-ਜਲਦੀ ਕਰ ਰਿਹਾ ਸੀ ਤਾਂ ਜੋ ਮਹੱਤਵਪੂਰਨ ਅਜਨਬੀ ਲੰਘ ਨਾ ਜਾਵੇ।
ਜਲਦੀ ਹੀ ਸਿਆਲ ਦੀ ਸ਼ਾਮ ਪੈ ਗਈ। ਜਦੋਂ ਪਾਪਾ ਪਾਨੋਵ ਦਰਵਾਜ਼ੇ ’ਤੇ ਗਿਆ ਤੇ ਆਪਣੀਆਂ ਅੱਖਾਂ ’ਤੇ ਪੂਰਾ ਜ਼ੋਰ ਪਾ ਕੇ ਦੇਖਿਆ ਤਾਂ ਹੁਣ ਉਸ ਨੂੰ ਕੋਈ ਵੀ ਬੰਦਾ ਲੰਘਦਾ ਨਜ਼ਰ ਨਾ ਆਇਆ। ਬਹੁਤੇ ਜਣੇ ਹੁਣ ਆਪਣੇ ਘਰਾਂ ਦੇ ਅੰਦਰ ਆ ਗਏ ਸਨ। ਅਖੀਰ ਉਹ ਆਪਣੇ ਕਮਰੇ ਵਿੱਚ ਆ ਗਿਆ, ਸ਼ਟਰ ਬੰਦ ਕਰ ਦਿੱਤਾ ਤੇ ਥੱਕਿਆ ਹੋਇਆ ਆਪਣੀ ਬਾਹਾਂ ਵਾਲੀ ਕੁਰਸੀ ’ਤੇ ਬੈਠ ਗਿਆ।
‘‘ਤਾਂ ਫਿਰ ਇਹ ਇੱਕ ਸੁਪਨਾ ਹੀ ਸੀ। ਜੀਸਸ ਤਾਂ ਆਏ ਹੀ ਨਹੀਂ,’’ ਪਾਪਾ ਪਾਨੋਵ ਨੇ ਸੋਚਿਆ।
ਫੇਰ ਅਚਾਨਕ ਉਸ ਨੇ ਦੇਖਿਆ ਕਿ ਕਮਰੇ ਵਿੱਚ ਉਹ ਇਕੱਲਾ ਨਹੀਂ ਹੈ।
ਹੁਣ ਇਹ ਸੁਪਨਾ ਨਹੀਂ ਸੀ ਕਿਉਂਕਿ ਉਹ ਪੂਰੀ ਤਰ੍ਹਾਂ ਜਾਗ ਰਿਹਾ ਸੀ। ਸਭ ਤੋਂ ਪਹਿਲਾਂ ਉਸ ਨੂੰ ਆਪਣੀਆਂ ਅੱਖਾਂ ਅੱਗੇ ਉਨ੍ਹਾਂ ਲੋਕਾਂ ਦੀ ਲੰਮੀ ਭੀੜ ਖੜ੍ਹੀ ਜਾਪੀ, ਜਿਹੜੇ ਅੱਜ ਉਸ ਕੋਲ ਆਏ ਸਨ। ਉਸ ਨੂੰ ਇੱਕ ਵਾਰੀ ਫੇਰ ਬਜ਼ੁਰਗ ਸਫ਼ਾਈ ਸੇਵਕ, ਨੌਜੁਆਨ ਮਾਂ, ਉਸ ਦਾ ਬੱਚਾ ਤੇ ਭਿਖਾਰੀ ਦਿਖਾਈ ਦਿੱਤੇ। ਜਦੋਂ ਉਹ ਉਸ ਦੀਆਂ ਅੱਖਾਂ ਅੱਗਿਉਂ ਲੰਘ ਰਹੇ ਸਨ, ਹਰ ਕੋਈ ਉਸ ਨੂੰ ਪੁੱਛ ਰਿਹਾ ਸੀ, ‘‘ਪਾਪਾ ਪਾਨੋਵ, ਕੀ ਤੁਸੀਂ ਮੈਨੂੰ ਦੇਖਿਆ ਨਹੀਂ?’’
ਉਹ ਹੈਰਾਨ ਹੋਇਆ ਕਹਿਣ ਲੱਗਾ, ‘‘ਤੁਸੀਂ ਕੌਣ ਹੋ?’’
ਫੇਰ ਕਿਸੇ ਹੋਰ ਆਵਾਜ਼ ਨੇ ਜੁਆਬ ਦਿੱਤਾ। ਇਹ ਉਹੋ ਆਵਾਜ਼ ਸੀ, ਜੋ ਉਸ ਨੇ ਆਪਣੇ ਸੁਪਨੇ ਵਿੱਚ ਸੁਣੀ ਸੀ- ਜੀਸਸ ਦੀ ਆਵਾਜ਼।
ਉਸ ਆਵਾਜ਼ ਨੇ ਕਿਹਾ, ‘‘ਮੈਂ ਭੁੱਖਾ ਸੀ ਤੇ ਤੂੰ ਮੈਨੂੰ ਖੁਆਇਆ-ਪਿਆਇਆ, ਮੇਰੇ ਕੋਲ ਕੱਪੜੇ ਨਹੀਂ ਸਨ, ਤੂੰ ਮੈਨੂੰ ਪਹਿਨਣ ਲਈ ਕੱਪੜੇ ਦਿੱਤੇ। ਮੈਨੂੰ ਠੰਢ ਲੱਗ ਰਹੀ ਸੀ ਤੇ ਤੂੰ ਮੈਨੂੰ ਨਿੱਘਿਆਂ ਕੀਤਾ। ਮੈਂ ਅੱਜ ਉਨ੍ਹਾਂ ਸਾਰੇ ਲੋਕਾਂ ਵਿੱਚ ਹਾਜ਼ਰ ਸਾਂ, ਜੋ ਤੇਰੇ ਕੋਲ ਆਏ ਸਨ ਤੇ ਜਿਨ੍ਹਾਂ ਦੀ ਤੂੰ ਮਦਦ ਕੀਤੀ ਤੇ ਜਿਨ੍ਹਾਂ ਨੂੰ ਤੂੰ ‘ਜੀ ਆਇਆਂ’ ਕਿਹਾ।’’
ਫੇਰ ਸਭ ਕੁਝ ਸ਼ਾਂਤ ਹੋ ਗਿਆ। ਸਿਰਫ਼ ਵੱਡੀ ਸਾਰੀ ਕੰਧ ਨਾਲ ਲੱਗੀ ਘੜੀ ਦੀ ‘ਟਿਕ-ਟਿਕ’ ਦੀ ਆਵਾਜ਼ ਆ ਰਹੀ ਸੀ। ਕਮਰਾ ਬੜੀ ਸ਼ਾਂਤੀ ਤੇ ਖ਼ੁਸ਼ੀ ਨਾਲ ਭਰਿਆ ਜਾਪ ਰਿਹਾ ਸੀ ਤੇ ਇਹ ਦੋਵੇਂ ਚੀਜ਼ਾਂ ਪਾਪਾ ਪਾਨੋਵ ਦੇ ਦਿਲ ਵਿੱਚ ਸਮਾ ਨਹੀਂ ਸੀ ਰਹੀਆਂ ਤੇ ਇਨ੍ਹਾਂ ਨਾਲ ਲਬਰੇਜ਼ ਪਾਪਾ ਪਾਨੋਵ ਹੁਣ ਉੱਚੀ ਉੱਚੀ ਗਾ ਰਿਹਾ ਸੀ, ਹੱਸ ਰਿਹਾ ਸੀ ਤੇ ਖ਼ੁਸ਼ੀ ਵਿੱਚ ਨੱਚ ਰਿਹਾ ਸੀ।
ਉਸ ਨੇ ਸਿਰਫ਼ ਏਨਾ ਹੀ ਕਿਹਾ, ‘‘ਅਖ਼ੀਰ, ਉਹ ਆ ਹੀ ਗਿਆ!’’

ਅਨੁਵਾਦ: ਬਲਰਾਜ ਧਾਰੀਵਾਲ

  • ਮੁੱਖ ਪੰਨਾ : ਲਿਓ ਤਾਲਸਤਾਏ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ