Parchhavein Da Khali Thaan Gherna : Lu Xun

ਪਰਛਾਵੇਂ ਦਾ ਖਾਲੀ ਥਾਂ ਘੇਰਨਾ : ਲੂ ਸ਼ੁਨ

ਜਦੋਂ ਤੁਸੀਂ ਇੰਨੇ ਜ਼ਿਆਦਾ ਚਿਰ ਲਈ ਸੁੱਤੇ ਰਹੋਗੇ ਕਿ ਤੁਹਾਨੂੰ ਸਮੇਂ ਦਾ ਥੁਹ-ਪਤਾ ਹੀ ਨਾ ਲੱਗੇ ਤਾਂ ਤੁਹਾਡਾ ਪਰਛਾਵਾਂ ਇਹਨਾਂ ਸ਼ਬਦਾਂ ਵਿੱਚ ਤੁਹਾਡੀ ਖਾਲੀ ਥਾਂ ਘੇਰਨ ਆਵੇਗਾ:
“ਕੋਈ ਚੀਜ਼ ਹੈ ਜਿਸ ਕਾਰਨ ਮੈਂ ਸਵਰਗ ਨੂੰ ਨਫ਼ਰਤ ਕਰਦਾ ਹਾਂ, ਮੈਂ ਉੱਥੇ ਨਹੀਂ ਜਾਣਾ ਚਾਹੁੰਦਾ। ਕੋਈ ਚੀਜ਼ ਹੈ ਜਿਸ ਕਾਰਨ ਮੈਂ ਨਰਕ ਨੂੰ ਨਫ਼ਰਤ ਕਰਦਾ ਹਾਂ, ਮੈਂ ਉੱਥੇ ਨਹੀਂ ਜਾਣਾ ਚਾਹੁੰਦਾ। ਤੇਰੇ ਭਵਿੱਖ ਦੀ ਸੁਨਹਿਰੀ ਦੁਨੀਆਂ ਵਿੱਚ ਕੋਈ ਚੀਜ਼ ਹੈ ਜਿਸ ਨੂੰ ਮੈਂ ਨਫ਼ਰਤ ਕਰਦਾ ਹਾਂ, ਮੈਂ ਉੱਥੇ ਨਹੀਂ ਜਾਣਾ ਚਾਹੁੰਦਾ।
“ਭਾਵੇਂ, ਇਹ ਤੂੰ ਹੀ ਹੈਂ ਜਿਸ ਨਾਲ ਮੈਂ ਨਫ਼ਰਤ ਕਰਦਾ ਹਾਂ।
“ਦੋਸਤ, ਹੁਣ ਮੈਂ ਤੇਰੀ ਹੋਰ ਨਕਲ ਨਹੀਂ ਕਰਾਂਗਾ, ਮੈਂ ਰੁਕਣਾ ਨਹੀਂ ਚਾਹੁੰਦਾ।
“ਮੈਂ ਨਹੀਂ ਚਾਹੁੰਦਾ!
“ਉਹ, ਨਹੀਂ! ਮੈਂ ਨਹੀਂ ਚਾਹੁੰਦਾ। ਇਸ ਨਾਲੋਂ ਕਿਤੇ ਚੰਗਾ ਹੈ ਕਿ ਮੈਂ ਖਲਾਅ ਵਿੱਚ ਭਟਕਾਂ।
“ਮੈਂ ਤਾਂ ਸਿਰਫ ਇੱਕ ਪਰਛਾਵਾਂ ਹਾਂ। ਮੈਂ ਤੈਨੂੰ ਤਿਆਗ ਦੇਵਾਂਗਾ ਅਤੇ ਹਨੇਰੇ ਵਿੱਚ ਡੁੱਬ ਜਾਵਾਂਗਾ। ਫਿਰ ਉਹ ਹਨੇਰਾ ਸਾਨੂੰ ਨਿਗਲ਼ ਲਵੇਗਾ ਅਤੇ ਰੌਸ਼ਨੀ ਵੀ ਮੈਨੂੰ ਅਲੋਪ ਕਰ ਦੇਵੇਗੀ।
“ਪਰ ਮੈਂ ਰੌਸ਼ਨੀ ਅਤੇ ਛਾਂ ਵਿਚਕਾਰ ਨਹੀਂ ਭਟਕਣਾ ਚਾਹੁੰਦਾ, ਇਸ ਨਾਲ਼ੋਂ ਤਾਂ ਕਿਤੇ ਚੰਗਾ ਹੈ ਕਿ ਹਨੇਰੇ ਵਿੱਚ ਡੁੱਬ ਜਾਵਾਂ।
“ਫਿਰ ਵੀ ਹਾਲੇ ਤੱਕ ਮੈਂ ਰੌਸ਼ਨੀ ਅਤੇ ਛਾਂ ਵਿਚਕਾਰ ਮੰਡਰਾ ਰਿਹਾ ਹਾਂ, ਅਨਿਸ਼ਚਿਤਾ ਵਿੱਚ ਕਿ ਹੁਣੇ ਸ਼ਾਮ ਹੋਈ ਹੈ ਜਾਂ ਪਹੁ-ਫ਼ੁਟਾਲਾ। ਮੈਂ ਤਾਂ ਬੱਸ ਆਪਣੇ ਮਟਮੈਲੇ-ਭੂਰੇ ਹੱਥ ਚੁੱਕ ਸਕਦਾ ਹਾਂ, ਜਿਵੇਂ ਸ਼ਰਾਬ ਦੀ ਇੱਕ ਪਿਆਲੀ ਖਤਮ ਕਰਨੀ ਹੋਵੇ। ਜਿਸ ਵੇਲ਼ੇ ਮੈਨੂੰ ਸਮੇਂ ਦਾ ਅਤਾ-ਪਤਾ ਨਹੀਂ ਰਹੇਗਾ, ਉਦੋਂ ਤੱਕ ਮੈਂ ਦੂਰ ਤੱਕ ਇਕੱਲਾ ਹੀ ਚਲਾ ਜਾਵਾਂਗਾ।
“ਹਾਏ! ਜੇ ਹਾਲੇ ਸ਼ਾਮ ਹੋਈ ਹੈ ਤਾਂ ਕਾਲ਼ੀ ਰਾਤ ਮੈਨੂੰ ਪੱਕਾ ਘੇਰ ਲਵੇਗੀ ਜਾਂ ਫਿਰ ਜੇ ਪਹੁ-ਫ਼ੁਟਾਲਾ ਹੋਇਆ ਤਾਂ ਮੈਂ ਦਿਨ ਦੇ ਚਾਨਣ ਵਿੱਚ ਲੋਪ ਕਰ ਦਿੱਤਾ ਜਾਵਾਂਗਾ।
“ਦੋਸਤ, ਸਮਾਂ ਹਾਲੇ ਹੱਥ ਵਿੱਚ ਹੈ।
“ਮੈਂ ਖਲਾਅ ਵਿੱਚ ਭਟਕਣ ਲਈ ਹਨੇਰੇ ਵਿੱਚ ਦਾਖ਼ਲ ਹੋਣ ਜਾ ਰਿਹਾ ਹਾਂ।
“ਹਾਲੇ ਵੀ ਤੂੰ ਮੇਰੇ ਕੋਲ਼ੋਂ ਕਿਸੇ ਤੋਹਫੇ ਦੀ ਉਮੀਦ ਰੱਖਦਾ ਹੈਂ? ਮੇਰੇ ਕੋਲ ਦੇਣ ਲਈ ਹੈ ਹੀ ਕੀ? ਜੇ ਤੂੰ ਜ਼ਿੱਦ ਕਰੇਂਗਾ ਤਾਂ ਤੈਨੂੰ ਉਹੀ ਹਨੇਰਾ ਤੇ ਖਲਾਅ ਹਾਸਲ ਹੋਵੇਗਾ। ਪਰ ਮੈਂ ਚਾਹਾਂਗਾ ਕਿ ਸਿਰਫ਼ ਹਨੇਰਾ ਹੀ ਮਿਲ਼ੇ ਜੋ ਤੇਰੇ ਦਿਨ ਦੇ ਚਾਨਣ ਵਿੱਚ ਗਾਇਬ ਹੋ ਸਕੇ। ਮੈਂ ਚਾਹਾਂਗਾ ਕਿ ਇਹ ਸਿਰਫ ਖਲਾਅ ਹੋਵੇ ਜੋ ਤੇਰੇ ਆਪਣੇ ਦਿਲ ਨੂੰ ਕਦੇ ਵੀ ਕਾਬੂ ਵਿੱਚ ਨਹੀਂ ਰੱਖੇਗਾ।
“ਮੈਂ ਇਹੋ ਚਾਹੁੰਦਾ ਹਾਂ, ਦੋਸਤ!
“ਦੂਰ, ਬਹੁਤ ਦੂਰ, ਇੱਕ ਅਜਿਹੇ ਹਨੇਰੇ ਵਿੱਚ ਜਾਵੀਂ ਜਿਸ ਨਾਲ਼ ਨਾ ਸਿਰਫ਼ ਤੈਨੂੰ, ਸਗੋਂ ਦੂਜੇ ਪਰਛਾਵਿਆਂ ਨੂੰ ਵੀ ਬਾਹਰ ਕੱਢਿਆ ਜਾਵੇ। ਉੱਥੇ ਸਿਰਫ਼ ਮੈਂ ਰਹਾਂਗਾ ਹਨੇਰੇ ਵਿੱਚ ਡੁੱਬਿਆ ਹੋਇਆ। ਇਹ ਦੁਨੀਆਂ ਪੂਰੀ ਤਰ੍ਹਾਂ ਮੇਰੀ ਹੋਵੇਗੀ।”
(24 ਸਤੰਬਰ, 1924)

  • ਮੁੱਖ ਪੰਨਾ : ਲੂ ਸ਼ੁਨ ਚੀਨੀ ਕਹਾਣੀਆਂ ਅਤੇ ਲੇਖ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ