Pathan Di Dhee (Punjabi Story) : Principal Sujan Singh

ਪਠਾਣ ਦੀ ਧੀ (ਕਹਾਣੀ) : ਪ੍ਰਿੰਸੀਪਲ ਸੁਜਾਨ ਸਿੰਘ

ਗ਼ਫ਼ੂਰ ਪਠਾਣ ਜਦ ਵੀ ਸ਼ਾਮ ਨੂੰ ਆਪਣੀ ਲਾਂਢੀ ਵਿੱਚ ਆਉਂਦਾ, ਉਨ੍ਹਾਂ ਲਾਂਢੀਆਂ ਵਿੱਚ ਰਹਿਣ ਵਾਲੇ ਬੱਚੇ "ਕਾਬਲੀ ਵਾਲਾ", "ਕਾਬਲੀ ਵਾਲਾ" ਕਰਦੇ ਆਪੋ ਆਪਣੀ ਲਾਂਢੀ ਵਿੱਚ ਜਾ ਲੁਕਦੇ। ਇੱਕ ਨਿੱਕਾ ਜਿਹਾ ਸਿੱਖ ਮੁੰਡਾ ਬੇਖ਼ੌਫ਼ ਉਥੇ ਖੜੋਤਾ ਰਹਿੰਦਾ ਤੇ ਉਸ ਦੇ ਥੈਲੇ, ਖੁੱਲ੍ਹੇ-ਡੁੱਲ੍ਹੇ ਕੱਪੜੇ, ਉਸ ਦੇ ਸਿਰ ਦੇ ਪਟੇ ਤੇ ਉਘੜ-ਦੁਘੜੀ ਪੱਗ ਵੱਲ ਦੇਖਦਾ ਰਹਿੰਦਾ। ਗ਼ਫ਼ੂਰ ਨੂੰ ਉਹ ਬੱਚਾ ਬੜਾ ਪਿਆਰਾ ਲੱਗਦਾ ਸੀ। ਇੱਕ ਦਿਨ ਉਸ ਨੇ ਉਸ ਮੁੰਡੇ ਕੋਲੋਂ ਪਠਾਣੀ ਲਹਿਜੇ ਦੀ ਹਿੰਦੁਸਤਾਨੀ ਵਿੱਚ ਪੁੱਛਿਆ, "ਕੀ ਤੈਨੂੰ ਮੇਰੇ ਕੋਲੋਂ ਡਰ ਨਹੀਂ ਆਉਂਦਾ, ਬੱਚਾ?" ਬੱਚੇ ਨੇ ਮੁਸਕਰਾ ਕੇ ਸਿਰ ਹਿਲਾ ਦਿੱਤਾ। ਗ਼ਫ਼ੂਰ ਦੇ ਚਿਹਰੇ ਤੇ ਹੋਰ ਲਾਲੀ ਦੌੜ ਗਈ। ਉਸ ਬੱਚੇ ਵੱਲ ਦੋਵੇਂ ਬਾਹਾਂ ਬੜੀ ਕੋਮਲਤਾ ਤੇ ਪਿਆਰ ਭਰੇ ਜਜ਼ਬੇ ਨਾਲ ਵਧਾਈਆਂ। ਬੱਚਾ ਪਠਾਣ ਦੀ ਲੱਤ ਨਾਲ ਚੰਬੜ ਗਿਆ, ਪਰ ਗ਼ਫ਼ੂਰ ਨੇ ਉਸਨੂੰ ਕੱਛਾਂ ਵਿੱਚ ਹੱਥ ਦੇ ਕੇ ਆਪਣੇ ਸਿਰ ਤੋਂ ਉੱਪਰ ਚੁੱਕ ਲਿਆ ਤੇ ਪਾਸਿਓਂ ਪਾਸੇ ਹਿਲਾ ਜੁਲਾ ਕੇ ਲਾਡ ਕਰਨ ਲੱਗ ਪਿਆ। ਸਾਹਮਣੇ ਲਾਂਢੀ ਵਿੱਚੋਂ ਬੱਚੇ ਦੀ ਭੈਣ ਨਿਕਲੀ, ਜੋ ਮਸੀਂ ਅਠਾਂ ਕੁ ਵਰ੍ਹਿਆਂ ਦੀ ਸੀ। ਵੀਰ ਨਾਲ ਪਠਾਣ ਨੂੰ ਪਿਆਰ ਕਰਦਾ ਦੇਖ ਕੇ ਉਹ ਵੀ ਕੋਲ ਆਣ ਖੜੋਤੀ। ਪਠਾਣ ਬੜੀ ਜ਼ੋਰ ਦੀ ਖਿੜ ਖਿੜਾ ਕੇ ਹੱਸ ਰਿਹਾ ਸੀ ਤੇ ਵੀਰੋ ਦਾ ਵੀਰ, ਅਜਮੇਰ, ਪੈਰ ਦੇ ਠੁੱਡਾਂ ਨਾਲ ਪਠਾਣ ਦੀ ਪੱਗ ਉਡਾਉਣੀ ਚਾਹੁੰਦਾ ਸੀ। ਆਖ਼ਰ ਇੱਕ ਠੁੱਡੇ ਨਾਲ ਉਸ ਦੀ ਪੱਗ ਥੱਲੇ ਜਾ ਪਈ। ਗ਼ਫ਼ੂਰ ਜ਼ੋਰ ਦੀ ਹੱਸਿਆ ਤੇ ਅਜਮੇਰ ਨੂੰ ਥੱਲੇ ਉਤਾਰ ਕੇ ਕਹਿਣ ਲੱਗਾ, 'ਬਾਬਾ ਤੁਮ ਜੀਤਾ।'
ਜਦ ਪਠਾਣ ਨੇ ਵੀਰੋ ਨੂੰ ਆਪਣੇ ਲਾਗੇ ਖੜਿਆਂ ਦੇਖਿਆ ਤਾਂ ਉਸ ਅਜਮੇਰ ਕੋਲੋਂ ਪੁੱਛਿਆ, "ਕੀ ਇਹ ਤੇਰੀ ਭੈਣ ਹੈ?"
ਅਜਮੇਰ ਨੇ ਬੁੱਲ੍ਹ ਮੀਟ ਕੇ ਮੁਸਕਰਾਉਂਦਿਆਂ ਕਿਹਾ, "ਹੂੰ………ਊਂ।"
ਗ਼ਫ਼ੂਰ ਨੇ ਇੱਕ ਹੱਥ ਨਾਲ ਵੀਰੋ ਤੇ ਦੂਜੇ ਹੱਥ ਨਾਲ ਅਜਮੇਰ ਨੂੰ ਲੱਕ ਦਵਾਲਿਓਂ ਫੜ ਲਿਆ ਤੇ ਲੱਗਾ ਜ਼ੋਰ ਦੀ ਚੱਕਰ ਲਾਉਣ। ਬੱਚੇ ਖਿੜ ਖਿੜ ਹੱਸਦੇ ਸਨ ਗ਼ਫ਼ੂਰ ਉੱਚੀ ਉੱਚੀ "ਹੂੰ……ਉਂ……ਹੂੰ………ਉਂ" ਕਰੀ ਜਾਂਦਾ ਸੀ।
ਇਸ “ਹੂੰ………ਉਂ” ਨੂੰ ਸੁਣ ਕੇ ਨਿੱਕੀ ਕੁੜੀ ਨੂੰ ਕੁੱਛੜ ਚੁੱਕੀ ਤੇਜੋ ਬਾਹਰ ਨਿਕਲੀ ਤੇ ਆਪਣੇ ਬੱਚਿਆਂ ਨੂੰ ਗ਼ਫੂਰ ਕੋਲੋਂ ਭਾਂ ਭਾਂ ਬਿੱਲੀਆਂ ਦੇ ਹੂਟੇ ਲੈਂਦੇ ਦੇਖ ਕੇ ਡਰ ਜਿਹੀ ਗਈ, ਪਰ ਪੰਜਾਬਣਾਂ ਵਾਲਾ ਹੌਸਲਾ ਕਰਕੇ ਬੋਲੀ, "ਵੇ ਅਜਮੇਰ! ਨੀ ਵੀਰੋ!"
ਗ਼ਫ਼ੂਰ ਓਥੇ ਦਾ ਓਥੇ ਖੜੋ ਗਿਆ ਤੇ ਬੱਚਿਆਂ ਦੀ ਮਾਂ ਦੀ ਚੜ੍ਹੀ ਹੋਈ ਤਿਊੜੀ ਤੇ ਖਿੱਚੀਆਂ ਹੋਈਆਂ ਅੱਖਾਂ ਦੇਖ ਕੇ ਉਸ ਦੋਹਾਂ ਨੂੰ ਉਤਾਰ ਦਿੱਤਾ ਤੇ ਆਪ ਮਸੀਂ ਮਸੀਂ ਡਿੱਗਣੋਂ ਬਚਿਆ।
ਤੇਜੋ ਨੇ ਬੱਚਿਆਂ ਨੂੰ ਡਾਂਟਦਿਆਂ ਕਿਹਾ, "ਆ ਲੈਣ ਦਿਓ ਅੱਜ ਆਪਣੇ ਬਾਪੂ ਨੂੰ।"
ਵੀਰੋ ਤੇ ਝੱਟ ਅੰਦਰ ਜਾ ਵੜੀ, ਪਰ ਅਜਮੇਰ ਡਟ ਕੇ ਖਲੋ ਗਿਆ ਤੇ ਸਿਪਾਹੀਆਂ ਵਾਂਗ ਕਮਰ ਉਤੇ ਦੋਵੇਂ ਹੱਥ ਰੱਖ ਕੇ ਕਹਿਣ ਲੱਗਾ, "ਆ ਲੈਣ ਦੇ ਫੇਰ।"
ਤੇਜੋ ਨੇ ਅਗਾਂਹ ਵਧ ਕੇ ਅਜਮੇਰ ਨੂੰ ਬਾਹੋਂ ਫੜ ਲਿਆ ਤੇ ਉਸਨੂੰ ਧ੍ਰੀਕਦੀ ਧ੍ਰੀਕਦੀ ਆਪਣੀ ਲਾਂਢੀ ਵਿੱਚ ਲੈ ਗਈ। ਗ਼ਫ਼ੂਰ ਕਿੰਨਾ ਚਿਰ ਅਜਮੇਰ ਦਾ ਰੋਣਾ ਧੋਣਾ ਸੁਣਦਾ ਰਿਹਾ। ਆਖ਼ਰ ਉਹ ਆਪਣੇ ਅੰਦਰ ਵੜਿਆ ਤੇ ਆਪਣੇ ਝੋਲੇ ਵਿਚੋਂ ਇੱਕ ਨਿੱਕਾ ਜਿਹਾ ਟੁੱਟਾ ਸ਼ੀਸ਼ਾ ਕੱਢ ਕੇ ਮੂੰਹ ਦੇਖਣ ਲੱਗ ਪਿਆ। ਉਸ ਦਿਨ ਉਸ ਰੋਟੀ ਨਾ ਪਕਾਈ ਤੇ ਐਵੇਂ ਹੀ ਸੌਂ ਗਿਆ।
ਕਿਸੇ ਨੂੰ ਪਤਾ ਨਹੀਂ ਕਿ ਗ਼ਫ਼ੂਰ ਕੀ ਕੰਮ ਕਰਦਾ ਹੈ। ਕੋਈ ਕਹਿੰਦਾ ਸੀ ਕਿ ਹਿੰਗ, ਜ਼ੀਰਾ, ਤੇ ਸ਼ਲਾਜੀਤ ਵੇਚਦਾ ਹੈ। ਕੋਈ ਕਹਿੰਦਾ ਸੀ ਸੂਦੀ ਰੁਪੈ ਦਿੰਦਾ ਹੈ ਤੇ ਬੜਾ ਬੜਾ ਵਿਆਜ ਲੈਂਦਾ ਹੈ ਅਤੇ ਕੋਈ ਕਹਿੰਦਾ ਸੀ ਕਿ ਇਸ ਕੋਲੋਂ ਬਚ ਕੇ ਰਹਿਣਾ, ਇਹ ਨਿਆਣਿਆਂ ਨੂੰ ਚੁੱਕ ਕੇ ਲੈ ਜਾਂਦੇ ਹੁੰਦੇ ਜੇ। ਲਾਂਢੀ ਦੀਆਂ ਕਤਾਰਾਂ ਵਿੱਚ ਸਾਰੇ ਉੜੀਏ, ਬੰਗਾਲੀ ਤੇ ਬਿਹਾਰੀ ਮਜ਼ਦੂਰ ਰਹਿੰਦੇ ਸਨ। ਕਿਸੇ ਕਿਸੇ ਦਾ ਹੀ ਬਾਲ ਬੱਚਾ ਨਾਲ ਸੀ। ਉਨ੍ਹਾਂ ਦੇ ਬੱਚੇ ਤਾਂ ਕਿਤੇ ਰਹੇ, ਉਹ ਆਪ ਹੀ ਪਠਾਣਾਂ ਕੋਲੋਂ ਬੜਾ ਡਰਦੇ ਸਨ। ਲਾਂਢੀਆਂ ਦੀਆਂ ਆਹਮੋ-ਸਾਹਮਣੀਆਂ ਕਤਾਰਾਂ ਦੇ ਸਿਰੇ ਉੱਤੇ ਅਜਮੇਰ ਤੇ ਗ਼ਫ਼ੂਰ ਪਠਾਣ ਦਾ ਘਰ ਸੀ। ਅਜਮੇਰ ਦਾ ਪਿਓ ਰਿਜ਼ਰਵ ਵਿੱਚ ਆਇਆ ਹੋਇਆ ਫ਼ੌਜੀ ਸੀ। ਲਾਗਲੀ ਮਿੱਲ ਵਿੱਚ ਚੌਕੀਦਾਰੀ ਦਾ ਕੰਮ ਕਰਦਾ ਸੀ। ਤੇਜੋ ਨੇ ਆਉਂਦਿਆਂ ਹੀ ਮਾਲਕ ਦੇ ਖ਼ੂਬ ਕੰਨ ਭਰੇ।
ਦਿਨ ਚੜ੍ਹਦਿਆਂ ਹੀ ਅਜਮੇਰ ਦੇ ਬਾਪੂ ਨੇ ਗ਼ਫ਼ੂਰ ਦੀ ਲਾਂਢੀ ਦੀ ਚਾਦਰ ਦਾ ਬੂਹਾ ਜਾ ਖੜਕਾਇਆ। ਕੁੱਝ ਚਿਰ ਮਗਰੋਂ ਗ਼ਫ਼ੂਰ ਸਿਰੋਂ ਨੰਗਾ ਅੱਖਾਂ ਮਲਦਾ ਬਾਹਰ ਨਿਕਲਿਆ ਤੇ ਉਸ ਨੂੰ ਸਾਹਮਣੇ ਦੇਖ ਕੇ ਕਹਿਣ ਲੱਗਾ, "ਕਿਆ ਗੱਲ ਐ ਜਮਾਦਾਰਾ, ਸਰਦਾਰਾ?"
ਵੀਰੋ ਦੇ ਪਿਓ ਨੇ ਟੁੱਟੀ ਭੱਜੀ ਹਿੰਦੁਸਤਾਨੀ ਵਿੱਚ ਕਿਹਾ, "ਦੇਖ ਬਈ ਤੂੰ ਮੁਸਲਮਾਨ ਹੈਂ ਖ਼ਾਨ, ਤੇ ਅਸੀਂ ਸਿੱਖ ਲੋਗ। ਤੂੰ ਸਾਡੇ ਬੱਚਿਆਂ ਨਾਲ ਨਾ……।"
"ਸਿੱਖ ਹੈ ਕਿ ਮੁਸਲਮਾਨ, ਬੱਚਾ ਤੋ ਸਭ ਕਾ ਏਕ ਹੈ, ਸਰਦਾਰ! ਖ਼ੁਦਾ ਤੋ ਸਭ ਕਾ ਏਕ ਹੈ।"
ਜਮਾਦਾਰ ਨੇ ਗਰਮ ਹੁੰਦਿਆਂ ਕਿਹਾ, "ਏਕ ਵੇਕ ਕੋਈ ਨਹੀਂ! ਤੂੰ ਸਾਡਿਆਂ ਬੱਚਿਆਂ ਨਾਲ ਨਾ ਖੇਲ। ਨਹੀਂ ਤੇ ਜੇ ਤੂੰ ਪਠਾਣ ਹੈਂ ਤਾਂ ਮੈਂ ਵੀ ਸਿੱਖ ਹਾਂ।"
ਪਠਾਣ ਨੇ ਆਪਣੇ ਕੌਮੀ ਸੁਭਾਅ ਤੋਂ ਉਲਟ ਹੋਰ ਨਰਮਾਈ ਨਾਲ ਕਿਹਾ, "ਸਭ ਬੱਚੇ ਮੇਰੇ ਕੋਲੋਂ ਡਰਦੇ ਹਨ, ਤੇਰੇ ਬੱਚੇ ਮੇਰੇ ਕੋਲੋਂ ਨਹੀਂ ਡਰਦੇ। ਮੈਨੂੰ ਉਹ ਚੰਗੇ ਲੱਗੇ ਸਨ। ਤੂੰ ਆਪਣੇ ਬੱਚਿਆਂ ਨੂੰ ਹਟਾ ਲੈ ਕਿ ਮੇਰੇ ਕੋਲ ਨਾ ਆਉਣ। ਮੈਂ ਕਿਸੇ ਨੂੰ ਸੱਦਦਾ ਨਹੀਂ। ਮੈਂ ਤੇ ਕੱਲਾ ਰਹਿਣ ਦਾ ਆਦੀ ਹੋ ਰਿਹਾ ਹਾਂ।"
"ਬਸ, ਬਸ" ਜਮਾਦਾਰ ਨੇ ਕਿਹਾ, "ਫੈਸਲਾ ਹੋ ਗਿਆ ਹੈ।"
ਬੱਚੇ ਅਕਸਰ ਦਾਅ ਬਚਾ ਕੇ ਗ਼ਫ਼ੂਰ ਦੇ ਸਾਹਮਣੇ ਆਉਂਦੇ ਸਨ, ਗ਼ਫ਼ੂਰ ਉਹਨਾਂ ਨੂੰ ਘੂਰੀ ਵੱਟ ਕੇ ਤੇ ਇਹ ਕਹਿ ਕੇ ਨਸਾ ਦਿੰਦਾ ਸੀ ਕਿ ਤੁਹਾਡਾ ਬਾਪ ਮਾਰੇਗਾ। ਫੇਰ ਵੀ ਕਈ ਵਾਰੀ ਗਫ਼ੂਰ ਦਾ ਜੀਅ ਪਸੀਜ ਜਾਂਦਾ ਸੀ ਤੇ ਉਹ ਚੋਰੀ ਚੋਰੀ ਉਨ੍ਹਾਂ ਨੂੰ ਕਾਬਲ ਦਾ ਸਰਧਾ ਜਾਂ ਕਾਬਲ ਦਾ ਅਨਾਰ ਦੇ ਦਿੰਦਾ ਸੀ ਤੇ ਕਹਿੰਦਾ ਸੀ ਕਿ ਚੋਰੀ ਚੋਰੀ ਖਾ ਕੇ ਘਰ ਜਾਣਾ। ਬੱਚੇ ਇਵੇਂ ਹੀ ਕਰਦੇ ਸਨ।
ਵੀਰੋ ਤੇ ਅਜਮੇਰ ਕੋਲੋਂ ਛੋਟੀ ਅਤੇ ਕੁਛੜਲੀ ਕੁੜੀ ਕੋਲੋਂ ਵੱਡੀ ਤੇਜੋ ਦੀ ਇੱਕ ਹੋਰ ਧੀ ਸੀ। ਉਹ ਬਹੁਤ ਘੱਟ ਘਰੋਂ ਬਾਹਰ ਨਿਕਲਦੀ ਸੀ। ਨਿੱਕੀ ਕੁੜੀ ਦੇ ਜੰਮਣ ਤੋਂ ਪਹਿਲਾਂ ਉਹ ਬੜੀ ਛਿੰਦੀ ਸੀ। ਹੁਣ ਮਾਂ ਦਾ ਪਿਆਰ ਨਵੇਂ ਬਾਲ ਵੱਲ ਹੋਣ ਕਰਕੇ ਉਹ ਪਿਆਰ ਦੀ ਥੁੜ੍ਹ ਅੰਦਰੋਂ ਅੰਦਰ ਮਹਿਸੂਸ ਕਰਦੀ ਸੀ ਤੇ ਪੂਰਾ ਖ਼ਿਆਲ ਆਪਣੇ ਵੱਲ ਨਾ ਦੇਖ ਕੇ ਅਕਸਰ ਮਾਮੂਲੀ ਗੱਲ 'ਤੇ ਰੋ ਪੈਂਦੀ ਸੀ ਤੇ ਜ਼ਿਦਾਂ ਕਰਦੀ ਸੀ। ਤੇਜੋ ਉਸ ਨੂੰ ਗੁੱਸੇ ਹੁੰਦੀ ਸੀ। ਉਹ ਰੋਂਦੀ ਸੀ ਤੇ ਉਸਨੂੰ ਹੋਰ ਮਾਰ ਪੈਂਦੀ ਸੀ। ਤੇਜੋ ਵੱਲੋਂ ਹੁੰਦੀ ਕੁੜੀ ਦੀ ਇਹ ਹਾਲਤ ਵੇਖ ਕੇ ਵੀਰੋ ਤੇ ਅਜਮੇਰ ਵੀ ਉਸਨੂੰ ਦਾਅ ਲਗਦੇ ਕੁੱਟ ਲੈਂਦੇ ਸਨ ਤੇ ਜਦ ਉਹ ਰੋਂਦੀ ਸੀ ਤਾਂ, "ਐਵੇਂ ਰੋਂਦੀ" ਕਹਿ ਕੇ ਤੇਜੋ ਕੋਲੋਂ ਹੋਰ ਮਾਰ ਪੁਆ ਦਿੰਦੇ ਸਨ। ਕੁੜੀ ਰੁਲ ਜਿਹੀ ਗਈ ਤੇ ਆਪਣੇ ਬਚਾਅ ਵਾਸਤੇ ਲਾਂਢੀਓਂ ਬਾਹਰ ਫਿਰਨਾ ਤੁਰਨਾ ਸ਼ੁਰੂ ਕੀਤਾ। ਵੱਡੇ ਬਾਲ ਫਿਰ ਵੀ ਉਸ ਦਾ ਪਿੱਛਾ ਨਹੀਂ ਸਨ ਛੱਡਦੇ। ਗ਼ਫ਼ੂਰ ਰੋਜ਼ ਸਭ ਦੇਖਦਾ ਸੀ। ਪਰ ਕੁੱਝ ਕਹਿ ਨਹੀਂ ਸੀ ਸਕਦਾ। ਵੱਡਿਆਂ ਬੱਚਿਆਂ ਦੀ ਚਾਹ ਉਸਦੇ ਦਿਲ ਵਿਚੋਂ ਘਟਦੀ ਗਈ ਤੇ ਜ਼ਾਲਮਾਂ ਨੂੰ ਛੱਡ ਕੇ ਮਜ਼ਲੂਮ ਨਾਲ ਉਸਦੀ ਹਮਦਰਦੀ ਵਧੀ। ਬਹੁਤਾ ਚਿਰ ਪੰਜਾਬੀਆਂ ਦੇ ਸਾਹਮਣੇ ਰਹਿਣ ਕਰਕੇ ਉਹ ਪੰਜਾਬੀਆਂ ਦੀ ਬੋਲੀ ਕਾਫ਼ੀ ਸਮਝ ਲੈਂਦਾ ਸੀ ਤੇ ਤੇਜੋ ਦੀ ਨਿੱਕੀ ਕੁੜੀ ਨੂੰ ਦਿੱਤੀਆਂ ਗਾਲ੍ਹਾਂ ਸੁਣ ਕੇ ਬੜਾ ਦੁਖੀ ਹੁੰਦਾ ਸੀ।
ਇਨ੍ਹਾਂ ਦਿਨਾਂ ਵਿੱਚ ਖ਼ੁਨਾਮੀ ਕਰਕੇ ਦੋ ਮਹੀਨਿਆਂ ਲਈ ਜਮਾਦਾਰ ਦੀ ਨੌਕਰੀ ਟੁੱਟ ਗਈ। ਫੇਰ ਤੇ ਕੁੜੀ ਦੀ ਸ਼ਾਮਤ ਆ ਗਈ, ਜਿਹੜਾ ਆਵੇ ਉਸ ਨੂੰ ਕੁੱਟੇ। ਤੇਜੋ ਕਹੇ, "ਇਹ ਰੋਂਦੀ ਰਹਿੰਦੀ ਸੀ ਤਾਂ ਸਾਡੀ ਨੌਕਰੀ ਗਈ।" ਮਹੀਨੇ ਦੇ ਮਹੀਨੇ ਤਨਖ਼ਾਹ ਮਿਲਣ ਨਾਲ ਰੋਟੀ ਦਾ ਗੁਜ਼ਾਰਾ ਤੁਰਦਾ ਸੀ। ਬੜੀ ਔਕੜ ਬਣੀ।
ਮਜ਼ਲੂਮ ਦੇ ਰਹਿਮ ਨੇ ਗ਼ਫ਼ੂਰ ਦੇ ਦਿਲ ਵਿੱਚ ਜ਼ਾਲਮ 'ਤੇ ਰਹਿਮ ਕਰਨ ਦਾ ਜਜ਼ਬਾ ਭਰਿਆ। ਉਸ ਇੱਕ ਦਿਨ ਜਮਾਦਾਰ ਨੂੰ ਸੱਦਿਆ ਤੇ ਕਿਹਾ, "ਸਰਦਾਰ, ਤੂੰ ਮੇਰਾ ਭਾਈ ਹੈਂ। ਮੈਨੂੰ ਪਤਾ ਹੈ ਤੈਨੂੰ ਤੰਗੀ ਹੈ। ਮੈਂ ਤੇਰੀ ਮਦਦ ਕਰਨੀ ਚਾਹੁੰਦਾ ਹਾਂ ਤੇ ਨਾਂਹ ਨਾ ਕਰੀਂ।"
ਸਰਦਾਰ ਚੁੱਪ ਸੀ ਤੇ ਗ਼ਫ਼ੂਰ ਨੇ ਪੰਦਰਾਂ ਦੇ ਨੋਟ ਉਸਦੇ ਹੱਥ ਵਿੱਚ ਦਿੱਤੇ। ਘਰ ਵਿੱਚ ਲੋੜ ਸੀ; ਦਿਲ ਪਠਾਣ ਕੋਲੋਂ ਮਦਦ ਲੈਣ ਨੂੰ ਨਹੀਂ ਸੀ ਕਰਦਾ, ਪਰ ਫੇਰ ਵੀ ਉਸ ਪੰਦਰਾਂ ਰੁਪਏ ਰੱਖ ਲਏ। ਸੋਚਿਆ ਮੇਰੀ ਨੌਕਰੀ ਲੱਗ ਜਾਵੇਗੀ ਤਾਂ ਸਣੇ ਸੂਦ ਮੋੜ ਦੇਵਾਂਗਾ।
ਜਾਣ ਲੱਗਿਆਂ ਜਮਾਦਾਰ ਨੂੰ ਫੇਰ ਬੁਲਾ ਕੇ ਤੇ ਆਪਣਿਆਂ ਵਾਂਗ ਮੋਢੇ ਤੇ ਹੱਥ ਰੱਖਕੇ ਗ਼ਫ਼ੂਰ ਨੇ ਕਿਹਾ, "ਸਰਦਾਰ, ਤੇਰੀ ਔਰਤ ਤੇ ਦੋਵੇਂ ਵੱਡੇ ਬੱਚੇ ਛੋਟੀ ਲੜਕੀ ਨੂੰ ਮਾਰਦੇ ਰਹਿੰਦੇ ਹਨ। ਨਾਦਾਨ; ਬੇਕਸੂਰ ਹੈ। ਉਸ ਨੂੰ ਮਤ ਮਾਰੋ। ਮੈਨੂੰ ਤਕਲੀਫ਼ ਹੁੰਦੀ ਹੈ। ਮਤ ਮਾਰੋ। ਦੇਖੋ, ਉਹ ਬਹੁਤ ਕਮਜ਼ੋਰ ਹੈ, ਮਰ ਜਾਏਗੀ।"
ਕਿੰਨਾ ਚਿਰ ਪਠਾਣ ਦੀਆਂ ਤਰਲਿਆਂ ਭਰੀਆਂ ਅੱਖਾਂ ਜਮਾਦਾਰ ਨੂੰ ਯਾਦ ਰਹੀਆਂ। ਉਸ ਤੇਜੋ ਨੂੰ ਆਖਿਆ ਕਿ ਉਹ ਕੁੜੀ ਨੂੰ ਨਾ ਮਾਰਿਆ ਕਰੇ, ਪਰ ਤੇਜੋ ਤੇ ਬੱਚਿਆਂ ਦੀ ਆਦਤ ਪਕ ਚੁੱਕੀ ਸੀ।
ਜਦ ਸਰਦਾਰ ਨੂੰ ਨਵੀਂ ਥਾਂ ਤੋਂ ਪਹਿਲੀ ਤਨਖ਼ਾਹ ਮਿਲੀ ਤਾਂ ਉਹ ਪਹਿਲਾਂ ਗ਼ਫ਼ੂਰ ਦੀ ਲਾਂਢੀ ਵਿੱਚ ਵੜਿਆ। ਪੰਦਰਾਂ ਰੁਪਏ ਦੇ ਨਾਲ, ਪਠਾਣ ਦਾ ਕਰੜੇ ਤੋਂ ਕਰੜਾ ਸੂਦਾ ਗਿਣ ਕੇ, ਉਸ ਪੰਜਾਂ ਰੁਪਇਆਂ ਦਾ ਨੋਟ ਹੋਰ ਜੜ ਦਿੱਤਾ। ਗ਼ਫੂਰ ਨੋਟ ਦੇਖ ਕੇ ਹੈਰਾਨ ਹੋਇਆ ਤੇ ਆਖਣ ਲੱਗਾ, "ਸਰਦਾਰਾ ਇਹ ਕਿਐ?" ਸਰਦਾਰ ਨੇ ਕਿਹਾ, "ਤੁਹਾਡਾ ਰੁਪਈਆ ਤੇ ਸੂਦ।"
"ਹਮ ਮੁਸਲਮਾਨ ਪਠਾਣ ਹੈ, ਸਰਦਾਰ" ਪਠਾਣ ਨੇ ਰੋਹ ਵਿੱਚ ਆਣ ਕੇ ਕਿਹਾ, "ਹਮ ਸੂਦ ਨੂੰ ਹਰਾਮ ਸਮਝਦਾ ਹੈ।"
ਗ਼ਫ਼ੂਰ ਦੀ ਤਮਤਮਾਈ ਹੋਈ ਸ਼ਕਲ ਦੇਖ ਕੇ ਜਮਾਦਾਰ ਨੇ ਕਿਹਾ, "ਮੈਨੂੰ ਪਤਾ ਨਹੀਂ ਸੀ ਕਿ ਕੋਈ ਪਠਾਣ ਸੂਦ ਨਹੀਂ ਵੀ ਲੈਂਦਾ, ਹੱਛਾ ਲੱਗ ਗਿਆ ਪਤਾ, ਪਰ ਇਹ ਲਓ ਆਪਣੇ ਰੁਪਏ।"
"ਇਹ ਤਾਂ ਮਦਦ ਸੀ" ਗ਼ਫ਼ੂਰ ਨੇ ਝਟ ਹੀ ਸਾਹਵੀਂ ਸ਼ਕਲ ਬਣਾਉਂਦਿਆਂ ਕਿਹਾ, "ਬੱਚਾ ਸਭ ਕਾ ਏਕ ਹੈ, ਸਰਦਾਰ।"
ਜਮਾਦਾਰ ਨੇ ਉਸਦੀ ਇੱਕ ਨਾ ਸੁਣੀ, ਤੇ ਰੁਪਏ ਬਦੋ ਬਦੀ ਉਸ ਨੂੰ ਦੇ ਕੇ ਘਰ ਵੜਿਆ। ਬੂਹੇ ਵਿੱਚ ਨਿੱਕੀ ਕੁੜੀ ਰੋ ਰਹੀ ਸੀ, ਵੀਰੋ ਤੇ ਅਜਮੇਰ ਉਸਨੂੰ ਤੰਗ ਕਰ ਰਹੇ ਸਨ ਤੇ ਤੇਜੋ ਚੌਂਕੇ ਵਿਚੋਂ ਬਿਨਾਂ ਦੇਖਿਆਂ ਉਸਨੂੰ ਗਾਲ੍ਹਾਂ ਕੱਢ ਰਹੀ ਸੀ। ਜਮਾਦਾਰ ਨੇ ਅਜਮੇਰ ਨੂੰ ਝਿੜਕਿਆ, ਵੀਰੋ ਨੂੰ ਇੱਕ ਲਾਈ ਤੇ ਕੁੜੀ ਨੂੰ ਕੁੱਛੜ ਚੁੱਕ ਕੇ ਮੂੰਹ ਪੂੰਝਦਾ ਚੌਂਕੇ ਕੋਲ ਪੁੱਜਾ। ਕੁੱਝ ਕਹਿਣਾ ਹੀ ਚਾਹੁੰਦਾ ਸੀ ਕਿ ਤੇਜੋ ਨੇ ਉਸ ਨੂੰ ਦੇਖ ਲਿਆ ਤੇ ਕਹਿਣ ਲੱਗੀ, "ਵੱਡੀ ਲਾਡਲੀ! ਖ਼ਸਮ ਖਾਣੀ ਨੂੰ ਚੁੱਕ ਲਿਆ। ਸਾਰੀ ਸਾਰੀ ਦਿਹਾੜੀ ਰੋਂਦੀ ਹੀ ਰਹਿੰਦੀ ਐ, ਨਹਿਸ਼!"
ਜਮਾਦਾਰ ਨੇ ਉਸ ਨੂੰ ਖ਼ੂਬ ਝਾੜ ਪਾਈ ਤੇ ਉਹ ਮੂੰਹ ਸੁਜਾ ਕੇ ਇੱਕ ਨੁੱਕਰੇ ਬਹਿ ਗਈ।
ਤੇਜੋ ਚੇੜ੍ਹ ਨਾਲ ਕੁੜੀ ਨੂੰ ਹੋਰ ਮਾਰਨ ਲੱਗ ਪਈ। ਕੁੜੀ ਜ਼ਿੱਦਲ ਅਤੇ ਢੀਠ ਬਣ ਗਈ। ਗ਼ਫ਼ੂਰ ਕੁੜੀ ਦੀ ਸ਼ਾਮਤ ਆਉਂਦੀ ਰੋਜ਼ ਦੇਖਦਾ ਸੀ। ਉਸਨੂੰ ਇਕੱਲੀ ਧੁੱਪ ਵਿੱਚ ਡਿੱਗਦੀ ਢਹਿੰਦੀ ਦੇਖ ਕੇ ਉਸ ਦਾ ਦਿਲ ਪੰਘਰ ਜਾਂਦਾ ਸੀ।
ਇਕ ਦਿਨ ਇਹੋ ਜਿਹੀ ਮਾਨਸਿਕ ਹਾਲਤ ਵਿੱਚ ਛੋਟੀ ਕੁੜੀ ਨੂੰ ਗ਼ਫ਼ੂਰ ਨੇ ਸੈਨਤ ਨਾਲ ਸੱਦਿਆ। ਉਹ ਕੋਲ ਚਲੀ ਗਈ। ਉਹ ਉਸਨੂੰ ਚੁੱਕ ਕੇ ਅੰਦਰ ਲੈ ਗਿਆ। ਝੋਲੇ ਵਿੱਚ ਹੱਥ ਮਾਰਿਆ, ਉਸ ਵਿੱਚ ਕੁੱਝ ਨਹੀਂ ਸੀ।
ਪਠਾਣ ਦੀਆਂ ਅੱਖਾਂ ਵਿੱਚ ਦੋ ਅਥਰੂ ਆ ਗਏ। ਉਹ ਦੱਬੇ ਪੈਰੀਂ ਬਾਹਰ ਨਿਕਲ ਕੇ ਫਲਾਂ ਦੀ ਹੱਟੀ ਵੱਲ ਵਧਿਆ। ਉਸ ਓਥੋਂ ਦੋ ਤਿੰਨ ਕਿਸਮ ਦੇ ਫ਼ਲ ਲੈ ਕੇ ਕੁੜੀ ਨੂੰ ਫੜਾਏ। ਕੁੜੀ ਹਾਬੜੀ ਹੋਈ ਕਦੇ ਇੱਕ ਤੇ ਕਦੇ ਦੂਸਰੇ ਨੂੰ ਪਵੇ। ਗ਼ਫ਼ੂਰ ਦਾ ਹਉਕਾ ਨਿਕਲ ਗਿਆ। ਉਸ ਸੋਚਿਆ, 'ਇਸ ਦੀ ਮਾਂ, ਵੱਡੇ ਬੱਚੇ ਤੇ ਸਰਦਾਰ, ਇਸ ਨੂੰ ਮਾਰ ਕੇ ਛੱਡਣਗੇ। ਇਸ ਨੂੰ ਬਚਾਉਣਾ ਚਾਹੀਦਾ ਹੈ।" ਉਸ ਬੋਝੇ ਵਾਲੀ ਗੁਥਲੀ ਵਿੱਚ ਹੱਥ ਮਾਰਿਆ, ਦੋ ਰੁਪਿਆਂ ਦਾ ਕਰਿਆਨਾ ਖੜਕਿਆ। ਸੋਚਿਆ, ਨੱਸ ਕੇ ਲਾਂਢੀ ਵਿੱਚੋਂ ਕੁੱਝ ਲੈ ਆਵਾਂ। ਓਥੇ ਤਾਂ ਮੇਰੇ ਕੋਲ ਹਜ਼ਾਰ ਤੋਂ ਉਪਰ ਰੁਪਿਆ ਹੈ, ਪਰ ਫਿਰ ਖ਼ਿਆਲ ਆਇਆ ਕਿ ਕੁੜੀ ਨੂੰ ਛੁਡਾਉਣ ਦਾ ਮੌਕਾ ਖੁੰਝ ਜਾਵੇਗਾ, ਇਸ ਦੀ ਮਾਂ ਰੌਲਾ ਪਾ ਦੇਵੇਗੀ, ਹੋ ਸਕਦਾ ਹੈ ਸਰਦਾਰ ਨਾਲ ਬਖੇੜਾ ਹੋ ਜਾਵੇ।
ਉਹ ਘਰ ਨਾ ਮੁੜਿਆ। ਉਸ ਇੱਕ ਮੁਸਲਮਾਨ ਦੀ ਘੋੜਾ-ਗੱਡੀ ਪਕੜੀ ਤੇ ਸਟੇਸ਼ਨ ਉਤੇ ਪਹੁੰਚ ਕੇ ਕਿਤੋਂ ਦੀ ਟਿਕਟ ਕਟਾਈ।
ਪਿਛੋਂ ਰੌਲਾ ਪੈ ਗਿਆ, "ਕਾਬਲੀ ਵਾਲਾ ਲੜਕੀ ਉਠਾ ਕੇ ਲੈ ਗਿਆ।"
ਕੋਈ ਕਹੇ, "ਦੇਖਾ, ਸਿਖ ਡਰਤਾ ਨਹੀਂ ਥਾ।" ਕੋਈ ਕਹੇ, "ਪਠਾਣ ਦਾਅ ਤੇ ਸੀ, ਲੈ ਉਡਿਆ।"
ਭਾਂਤੋ ਭਾਂਤ ਗੱਲਾਂ ਨੇ ਸਰਦਾਰ ਦਾ ਦਿਲ ਗ਼ਫ਼ੂਰ ਵੱਲੋਂ ਖੱਟਾ ਕਰ ਦਿੱਤਾ। ਠਾਣੇ ਰਿਪੋਟ ਲਿਖਾਈ ਗਈ। ਤੇਜੋ ਰੋ ਰੋ ਕੇ ਫਾਵੀ ਹੁੰਦੀ ਜਾਂਦੀ ਸੀ ਤੇ ਪਠਾਣ ਦੇ ਬੱਚੇ ਕੱਚੇ ਪਿੱਟਦੀ ਸੀ। ਪੁਲਸ ਹੈਰਾਨ ਸੀ ਕਿ ਪਠਾਣ ਏਨਾਂ ਰੁਪਿਆ ਤੇ ਬੂਹਾ ਖੁੱਲ੍ਹਾ ਛੱਡ ਕੇ ਕਿਉਂ ਚਲਾ ਗਿਆ।
ਪੂਰੇ ਮਹੀਨੇ ਮਗਰੋਂ ਜਮਾਦਾਰ ਨੂੰ ਸ਼ਨਾਖਤ ਵਾਸਤੇ ਥਾਣੇ ਸੱਦਿਆ ਗਿਆ। ਕੁੜੀ ਹੱਥਕੜੀਆਂ ਵਿੱਚ ਜਕੜੇ ਹੋਏ ਗ਼ਫ਼ੂਰ ਦੇ ਕੁੱਛੜ ਸੀ। ਪਿਓ ਦੀ ਵਾਜ ਸੁਣ ਕੇ ਕੁੜੀ ਨੇ ਇੱਕ ਵਾਰੀ ਪਿਓ ਵਲ ਮੂੰਹ ਕਰਕੇ ਮੋੜ ਲਿਆ। ਤੇਜੋ ਦਾ ਵੀ ਓਥੇ ਕੋਈ ਚਾਰਾ ਨਾ ਚੱਲਿਆ। ਕੁੜੀ ਬੜੀ ਤਕੜੀ ਹੋਈ ਹੋਈ ਸੀ ਤੇ ਪਠਾਣ ਕਮਜ਼ੋਰ।
ਜਮਾਦਾਰ, ਤੇਜੋ ਤੇ ਹੋਰ ਹਮਸਾਇਆਂ ਨੇ ਸ਼ਨਾਖ਼ਤ ਕੀਤੀ। ਪਠਾਣ ਬਿਟ ਬਿਟ ਉਨ੍ਹਾਂ ਵਲ ਤੱਕੀ ਜਾਂਦਾ ਸੀ। ਆਖ਼ਰ ਜਦ ਪੁਲਸ ਕੁੜੀ ਉਸ ਤੋਂ ਲੈ ਕੇ ਜਮਾਦਾਰ ਨੂੰ ਦੇਣ ਲੱਗੀ ਤਾਂ ਕੁੜੀ ਦੀਆਂ ਚੀਕਾਂ ਤੇ ਪਠਾਣ ਦੇ ਬਕੜਵਾਹ ਨੇ ਕਮਰੇ ਨੂੰ ਗੁੰਜਾ ਦਿੱਤਾ।
ਪਠਾਣ ਕਹਿੰਦਾ ਸੀ, "ਨਾ ਦਿਓ, ਕੁੜੀ ਜ਼ਾਲਮਾਂ ਨੂੰ! ਬਚਾਓ! ਬਚਾਓ! ਇਹ ਮਾਰ ਦੇਣਗੇ। ਮੇਰੀ ਧੀ ਨੂੰ ਇਹ ਜ਼ਾਲਮ………ਕਸਾਈ।"
ਠਾਣੇਦਾਰ ਕੜਕ ਕੇ ਬੋਲਿਆ, "ਤੋ ਤੁਮ ਇਸ ਕੋ ਬਚਾਨੇ ਕੇ ਲੀਏ ਉਠਾ ਕੇ ਲੇ ਗਿਆ ਥਾ!"
ਚਾਰੇ ਪਾਸੇ ਹਾਸੇ ਦਾ ਹੜ੍ਹ ਆ ਗਿਆ। ਕੋਈ ਕਹਿੰਦਾ ਸੀ, "ਮਚਲਾ ਹੈ।"
ਪਰ ਗ਼ਫ਼ੂਰ ਰੋਈ ਜਾ ਰਿਹਾ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਪ੍ਰਿੰਸੀਪਲ ਸੁਜਾਨ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ