Phattu Marasi (Punjabi Story) : Gurbachan Singh Bhullar

ਫੱਤੂ ਮਰਾਸੀ (ਕਹਾਣੀ) : ਗੁਰਬਚਨ ਸਿੰਘ ਭੁੱਲਰ

ਫੱਤੂ ਮਰਾਸੀ, ਉਹਦੀ ਘਰ ਵਾਲੀ ਕਰੀਮਾ, ਉਹਦੇ ਦੋਵੇਂ ਪੁੱਤਰ, ਯੂਸਫ਼ ਅਤੇ ਹਮੀਦਾ ਇਕ ਦਿਨ ਅਚਨਚੇਤ ਪਾਕਿਸਤਾਨੋਂ ਮੁੜ ਪਿੰਡ ਆ ਗਏ। ਸਾਰੇ ਪਿੰਡ ਵਿਚ ਕਰਨ ਲਈ ਇਹੋ ਗੱਲ ਸੀ। ਲੋਕ ਫੱਤੂ ਅਤੇ ਉਹੇ ਟੱਬਰ ਨੂੰ ਵੇਖਣ ਗਏ। ਫੱਤੂ ਪਿੰਡ ਦੇ ਇਕੱਲੇ ਇਕੱਲੇ ਘਰ ਫਿਰਿਆ। ਉਹਨੂੰ ਜਿਵੇਂ ਚਿਰਾਂ ਦੀ ਅਣਬੁੱਝੀ ਤੇਹ ਲੱਗੀ ਹੋਈ ਸੀ ਅਤੇ ਉਹ ਘਰੋ ਘਰ ਫਿਰ ਕੇ ਮਿਲਣੀਆਂ ਦੀਆਂ ਘੁੱਟਾਂ ਭਰ ਭਰ ਉਹਨੂੰ ਤ੍ਰਿਪਤ ਕਰਦਾ ਫਿਰਦਾ ਸੀ। ਉਹ ਇਕ ਘਰੋਂ ਨਿਕਲਦਾ ਤੇ ਦੂਜੇ ਘਰ ਜਾ ਕੇ ਕਹਿੰਦਾ, ''ਚਾਚੀ ਮੱਥਾ ਟੇਕਦਾ ਆਂ.... ਸੋਹਣ ਸਿਆਂ ਭਰਾਵਾ! ਸਾਹ ਸ਼੍ਰੀ ਕਾਲ.... ਦਿਆਲ ਕੁਰੇ ਪ੍ਰਭਾਣੀਏ, ਆਹ ਗੁੱਡੀ ਐ? ਮਰ ਜਾਣੀ ਮੇਰੇ ਪਿਛੋਂ ਪਿਛੋਂ ਹੀ ਸੁੱਖ ਨਾਲ ਮੁਟਿਆਰ ਹੋ ਗਈ।''
ਪਿੰਡ ਦੇ ਪੁਰਾਣੇ ਬੰਦਿਆਂ-ਬੁੜ੍ਹੀਆਂ ਕੋਲ ਉਹ ਕਿੰਨਾ-ਕਿੰਨਾ ਚਿਰ ਬੈਠਾ ਰਹਿੰਦਾ, ਦੁੱਖ-ਸੁੱਖ ਦੀਆਂ, ਘਰ-ਬਾਹਰ ਦੀਆਂ, ਸਾਕ-ਸਬੰਧੀਆਂ ਦੀਆਂ ਗੱਲਾਂ ਪੁੱਛਦਾ ਦੱਸਦਾ-ਰਹਿੰਦਾ। ਲੋਕਾਂ ਨੂੰ ਮਿਲਦਿਆਂ, ਉਹਦੇ ਅੰਦਰੋਂ ਅਕਸਰ ਮੋਹ ਦੀ ਇਕ ਛੱਲ ਜਿਹੀ ਉਠਦੀ ਤੇ ਉਹਦਾ ਗਲਾ ਭਰ ਆਉਂਦਾ। ਕਈ ਦਿਨ ਫੱਤੂ ਪਿੰਡ ਦੀਆਂ ਗਲੀਆਂ ਵਿਚ ਭੌਂਦਾ ਫਿਰਿਆ। ਕਰੀਮਾ ਪਿੰਡ ਦੀਆਂ ਬੁੜ੍ਹੀਆਂ ਨੂੰ ਮਿਲਦੀ ਤੇ ਦੁੱਖ ਸੁੱਖ ਕਰਦੀ ਰਹੀ।
ਫੱਤੂ, ਸੁਖਵੰਤ ਦੇ ਪਿੰਡ ਦਾ ਜੱਦੀ ਮਿਰਾਸੀ ਸੀ। ਪਾਕਿਸਤਾਨ ਬਣਨ ਤੋਂ ਪਹਿਲਾਂ ਜਦੋਂ ਸੁਖਵੰਤ ਅਜੇ ਪਿੰਡ ਦੇ ਮਿਡਲ ਸਕੂਲ ਵਿਚ ਪੜ੍ਹਦਾ ਸੀ, ਫੱਤੂ ਦਾ ਮੁੰਡਾ ਯੂਸਫ਼ ਉਹਦਾ ਜਮਾਤੀ ਸੀ। ਭਾਵੇਂ ਯੂਸਫ ਲਾਗੀਆਂ ਦਾ ਮੁੰਡਾ ਸੀ, ਪਰ ਉਹਨਾਂ ਦੋਵਾਂ ਦੀ ਵਾਹਵਾ ਯਾਰੀ ਸੀ। ਕਈ ਵਾਰ ਸੁਖਵੰਤ ਉਹਦੇ ਨਾਲ ਉਹਦੇ ਘਰ ਚਲਿਆ ਜਾਂਦਾ। ਜਿਸ ਦਿਨ ਯੂਸਫ ਦੀ ਸੁਨੰਤ ਹੋਈ ਸੀ, ਉਹਨਾਂ ਦੇ ਘਰ ਉਹਨੇ ਰੱਜ ਰੱਜ ਸ਼ੱਕਰ ਖਾਧੀ ਸੀ। ਯੂਸਫ ਆਪਣੇ ਤਾਏ ਦੇ ਪੁੱਤਰਾਂ-ਧੀਆਂ ਦੀ ਰੀਸ ਨਾਲ ਫੱਤੂ ਨੂੰ ਚਾਚਾ ਕਹਿੰਦਾ ਸੀ। ਫੱਤੂ ਸੁਖਵੰਤ ਦੇ ਬਾਪੂ ਨਾਲੋਂ ਸੀ ਵੀ ਛੋਟਾ; ਉਹ ਵੀ ਉਹਨੂੰ ਚਾਚਾ ਆਖ ਕੇ ਬੁਲਾਉਂਦਾ।
1947 ਦਾ ਸਾਲ ਚੜ੍ਹਿਆ। ਦੂਰੋਂ ਨੇੜਿਓਂ ਮੰਦੀਆਂ-ਮੰਦੀਆਂ ਕਨਸੋਆਂ ਆਉਣ ਲੱਗੀਆਂ। ਪਰ ਲੋਕਾਂ ਨੂੰ ਸੱਚ ਨਹੀਂ ਸੀ ਆਉਂਦਾ। ਇਹ ਕਿਵੇਂ ਹੋ ਸਕਦਾ ਸੀ? ਛੇਕੜ, ਕੱਟਾ-ਵੱਢੀ ਇਸ ਇਲਾਕੇ ਵਿਚ ਵੀ ਸ਼ੁਰੂ ਹੋ ਗਈ। ਫੱਤੂ ਦਾ ਵਿਚਕਾਰਲਾ ਪੁੱਤਰ ਬਸ਼ੀਰਾ ਨਾਨਕੀਂ ਗਿਆ ਹੋਇਆ ਸੀ ਅਤੇ ਖ਼ਬਰ ਆਈ, ਕਿ ਉਥੇ ਸਭ ਮੁਸਲਮਾਨ ਵੱਢ ਦਿੱਤੇ ਗਏ ਸਨ। ਫੱਤੂ ਦੀ ਪਿੱਛੇ ਜਿਹੇ ਵਿਆਹੀ ਧੀ ਨਿਆਮਤ ਦੇ ਸਹੁਰੇ ਪਿੰਡ ਵੀ ਏਹੋ ਭਾਣਾ ਵਰਤ ਗਿਆ ਸੀ। ਪਰ ਕਿਸੇ ਦੀ ਖਬਰ ਲੈਣ ਦੀ ਸੁਰਤ ਕੀਹਨੂੰ ਸੀ?
ਗੱਲਾਂ ਹੋਣ ਲੱਗੀਆਂ ਕਿ ਦੋ-ਚਾਰ ਦਿਨਾਂ ਵਿਚ ਹੀ ਇਲਾਕੇ ਦੀਆਂ ਧਾੜਾਂ ਨੇ ਪਿੰਡ ਉਤੇ ਧਾਵਾ ਬੋਲਣਾ ਸੀ। ਖੁਦ ਏਸ ਪਿੰਡ ਦੇ ਬਦਮਾਸ਼ ਗੰਡਾਸੇ ਰੇਤਣ ਲੱਗ ਪਏ ਸਨ। ਕੁਝ ਜ਼ੋਰ ਵਾਲੇ ਸਿਆਣੇ ਲੋਕਾਂ ਨੇ ਸਲਾਹ ਕੀਤੀ, ਅਤੇ ਪਿੰਡਾਂ ਦੇ ਸਾਰੇ ਮੁਸਲਮਾਨਾਂ ਨੂੰ ਪਹਿਰੇ ਹੇਠ ਫ਼ੀਰੋਜ਼ਪੁਰ ਕੋਲੋਂ ਹੱਦ ਪਾਰ ਕਰਵਾ ਦਿੱਤੀ।
ਪਿਛੋਂ ਪਤਾ ਲੱਗਿਆ, ਬਸ਼ੀਰੇ ਦੇ ਸਿਰ ਵਿਚ ਵੱਜਿਆ ਗੰਡਾਸਾ, ਉਹਦੇ ਨੱਕ ਤੱਕ ਧਸ ਗਿਆ ਸੀ ਅਤੇ ਨਿਆਮਤ ਦੇ ਘਰ ਵਾਲਿਆਂ ਨੂੰ ਵੱਢ ਕੇ, ਬਦਮਾਸ਼ ਉਹਨੂੰ ਚੁੱਕ ਕੇ ਲੈ ਗਏ ਸਨ।
ਉਧਰੋਂ ਫੱਤੂ ਦੀਆਂ ਅਤੇ ਪਿੰਡ ਦੇ ਹੋਰ ਕਈ ਮੁਸਲਮਾਨਾਂ ਦੀਆਂ ਚਿੱਠੀਆਂ ਆਉਣ ਲੱਗੀਆਂ। ਉਹ ਜੋ ਕੁਝ ਤਰਦਾ-ਤਰਦਾ ਘਰਾਂ ਤੋਂ ਚੁੱਕ ਕੇ ਲੈ ਗਏ ਸਨ, ਉਹ ਹੱਦ ਪਾਰ ਕਰਦਿਆਂ ਖੁਹਾ ਗਏ ਸਨ ਅਤੇ 'ਮੋਮਨਾਂ ਦੀ ਧਰਤੀ' ਉਤੇ ਉਹਨਾਂ ਨੇ ਖਾਲੀ ਹੱਥੀਂ ਪੈਰ ਪਾਇਆ ਸੀ। ਫੱਤੂ ਦੀਆਂ ਚਿੱਠੀਆਂ ਸੁਖਵੰਤ ਦੇ ਬਾਪੂ, ਸੇਵਾ ਸਿੰਘ ਨੂੰ ਆਈਆਂ। ਉਹਨਾਂ ਵਿਚ ਆਮ ਸੁੱਖ-ਸਾਂਦ ਤੋਂ ਇਲਾਵਾ ਇਕੋ ਗੱਲ ਪੁੱਛੀ ਗਈ ਹੁੰਦੀ- ਬਸ਼ੀਰੇ ਅਤੇ ਨਿਆਮਤ ਦੇ ਥਹੁ-ਪਤੇ ਬਾਰੇ।
ਪਿੱਛੇ ਰਹਿ ਗਈ ਮੁਟਿਆਰ ਧੀ ਅਤੇ ਜਵਾਨ ਮੁੰਡਾ, ਜਦੋਂ ਫੱਤੂ ਨੂੰ ਯਾਦ ਆਉਂਦੇ, ਉਹਦੀ ਧਾਹ ਨਿਕਲ ਜਾਂਦੀ। ਇਹ ਰੁਦਣ ਉਹਦੀਆਂ ਚਿੱਠੀਆਂ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦਾ। ਉਹਨੇ ਹਿੰਦੁਸਤਾਨ ਵਿਚ ਰਹਿ ਗਏ ਬੰਦੇ ਲਿਆਉਣ ਵਾਲੀ ਪਾਕਿਸਤਾਨੀ ਪੁਲਸ ਕੋਲ ਮੁੜ-ਮੁੜ ਨੱਕ ਰਗੜਿਆ, ਕਿ ਉਹਨੂੰ ਵੀ ਨਾਲ ਲੈ ਜਾਣ, ਤਾਂ ਜੋ ਆਪਣੀਆਂ ਆਂਦਰਾਂ ਦੇ ਟੋਟੇ ਭਾਲ ਲਿਆਵੇ। ਪਰ ਉਹਨੂੰ ਹਰ ਵਾਰ ਇਹੋ ਉਤਰ ਮਿਲਦਾ ਕਿ ਉਹ ਉਧਰੋਂ ਪਤਾ ਮੰਗਵਾਏ, ਉਹਦੇ ਧੀ-ਪੁੱਤਰ ਕਿੱਥੇ ਸਨ? ਅਤੇ ਉਹ, ਉਹਨੂੰ ਨਾਲ ਲੈ ਕੇ ਕੱਢਵਾ ਲਿਆਉਣਗੇ। ਉਹ ਸੇਵਾ ਸਿੰਘ ਨੂੰ ਬੇਨਤੀਆਂ ਕਰਦਾ ਕਿ ਉਹ ਬਸ ਇਕ ਵਾਰ ਉਹਦੇ ਬੱਚਿਆਂ ਦੇ ਥਾਂ ਟਿਕਾਣੇ ਦੀ ਸੂਹ ਲੈ ਦੇਵੇ....
ਪਰ ਸੇਵਾ ਸਿੰਘ ਦਾ ਹੌਸਲਾ ਨਾ ਪਿਆ ਕਿ ਉਹ ਸੱਚ ਲਿਖ ਭੇਜੇ। ਉਹਨੇ ਜਵਾਬ ਵਿਚ ਲਿਖ ਦਿੱਤਾ ਕਿ ਉਹਨੀਂ ਦੋਹੀਂ ਪਿੰਡੀਂ ਕੁਝ ਮੁਸਲਮਾਨ ਮਾਰੇ ਗਏ ਸਨ ਤੇ ਬਾਕੀ ਬਚ ਕੇ ਭੱਜ ਗਏ ਸਨ। ਬਸ਼ੀਰੇ ਅਤੇ ਕੁੜੀ ਦਾ ਕੋਈ ਪਤਾ ਨਹੀਂ ਸੀ, ਕੀ ਬਣਿਆ। ਫੇਰ ਇਹ ਚਿੱਠੀਆਂ ਵੀ ਬੰਦ ਹੋ ਗਈਆਂ।
ਅਸਮਾਨ ਉਤੇ ਚੜ੍ਹੀ ਹਨ੍ਹੇਰੀ ਉਤਰ ਗਈ। ਲੋਕੀਂ ਕੀਤੇ ਉਤੇ ਪਛਤਾਉਣ ਲੱਗੇ। ਫੱਤੂ ਮਰਾਸੀ ਵਰਗੇ ਬੰਦੇ ਅਕਸਰ ਯਾਦ ਕੀਤੇ ਜਾਂਦੇ। ਸੁਖਵੰਤ ਤੋਂ ਆਪਣਾ ਬੇਲੀ ਯੂਸਫ਼ ਭੁਲਾਇਆ ਨਾ ਭੁੱਲਦਾ। ਵਰ੍ਹੇ ਬੀਤਦੇ ਗਏ ਅਤੇ ਸੰਤਾਲੀ ਤੋਂ ਪਹਿਲਾਂ ਦੀਆਂ ਗੱਲਾਂ, ਸੰਤਾਲੀ ਤੋਂ ਪਹਿਲਾਂ ਦੇ ਬੰਦੇ, ਲੋਕਾਂ ਦੇ ਚੇਤਿਆਂ ਵਿਚ ਕੁਝ ਮੱਧਮ ਪੈਣ ਲੱਗ ਪਏ।
ਸੁਖਵੰਤ ਕਈ ਵਾਰ ਫੱਤੂ ਦੇ ਘਰ ਅੱਗੋਂ ਲੰਘਦਾ ਤਾਂ ਉਹਦਾ ਪੈਰ ਜਿਵੇਂ ਰੁਕ ਜਾਂਦੇ। ਉਹਨਾਂ ਦਾ ਘਰ ਕਿਸੇ ਨੂੰ ਅਲਾਟ ਨਹੀਂ ਸੀ ਹੋਇਆ। ਇਸ ਪਿੰਡ ਦੇ ਸਾਰੇ ਮੁਸਲਮਾਨ ਬੇਜ਼ਮੀਨੇ ਲਾਗੀ ਸਨ। ਜ਼ਮੀਨਾਂ ਵਾਲੇ ਮੁਸਲਮਾਨਾਂ ਦੇ ਪਿੰਡਾਂ ਦੀਆਂ ਘਰ-ਜ਼ਮੀਨਾਂ ਪਾਕਿਸਤਾਨੋਂ ਆਏ ਲੋਕਾਂ ਨੂੰ ਅਲਾਟ ਹੋ ਗਈਆਂ ਸਨ? ਪਰ ਇਹੋ ਜਿਹੇ ਪਿੰਡਾਂ ਵਿਚ ਨਾ ਕੋਈ 'ਪਾਕਿਸਤਾਨੀ' ਆਇਆ ਅਤੇ ਨਾਂ ਮੁਸਲਮਾਨਾਂ ਦੇ ਘਰਾਂ ਦਾ ਕੁਝ ਬਣਿਆ। ਜਾਂ ਉਹ ਨਾਲ ਲੱਗਦੇ ਘਰਾਂ ਵਾਲਿਆਂ ਨੇ ਰੋਕ ਲਏ ਅਤੇ ਜਾਂ ਸੁੰਨੇ ਪਏ ਢਹਿ ਗਏ ਤੇ ਲੋਕਾਂ ਨੇ ਉਥੇ ਰੂੜੀਆਂ ਲਾ ਲਈਆਂ। ਫੱਤੂ ਦੇ ਘਰ ਦੇ ਇੱਟਾਂ-ਰੋੜੇ ਹੌਲੀ-ਹੌਲੀ ਇੱਧਰ ਉਧਰ ਹੋ ਗਏ ਤੇ ਹੁਣ ਉਥੇ ਰੜਾ ਮੈਦਾਨ ਸੀ, ਜਿੱਥੇ ਆਮ ਕਰਕੇ ਰਿਆਹ ਡੰਗਰ ਬੈਠੇ ਉਗਾਲੀ ਕਰਦੇ ਰਹਿੰਦੇ।
ਜਦੋਂ ਫੱਤੂ ਮਰਾਸੀ, ਉਹਦੀ ਘਰ ਵਾਲੀ ਕਰੀਮਾਂ, ਉਹਦੇ ਪੁੱਤਰ ਯੂਸਫ਼ ਅਤੇ ਹਮੀਦਾ ਮੁੜ ਕੇ ਪਿੰਡ ਆਏ, ਘਰ ਦੀ ਥਾਂ ਰੜਾ ਮੈਦਾਨ ਵੇਖ ਕੇ ਇਕ ਵਾਰ ਤਾਂ ਉਹ ਦਿਲਗੀਰ ਹੋ ਗਏ। ਪਰ ਲੋਕਾਂ ਨੇ ਉਹਨੂੰ ਨੂੰ ਦਿਲਾਸਾ ਦਿੱਤਾ। ਜੇ ਹੁਣ ਉਹ ਰਹਿਣ ਲਈ ਆਏ ਸਨ, ਤਾਂ ਕੋਈ ਫ਼ਿਕਰ ਵਾਲੀ ਗੱਲ ਨਹੀਂ ਸੀ। ਸਭ ਉਹਨਾਂ ਦੇ ਨਾਲ ਸਨ।
ਕਿਤੋਂ ਕੱਚੀਆਂ ਇੱਟਾਂ, ਕਿਤੋਂ ਪੱਕੇ ਰੋੜੇ, ਕਿਤੋਂ ਸ਼ਤੀਰ, ਕਿਤੋਂ ਕੜੀ, ਅਤੇ ਫੱਤੂ ਮਰਾਸੀ ਨੇ ਦੋ ਕੋਠੜੀਆਂ ਛੱਤ ਕੇ ਬਾਹਰਲੀ ਕੰਧ ਕਢਵਾ ਲਈ। ਕਈ ਦਿਨ ਉਹ ਘਰ-ਘਰ ਅੱਲਾ-ਖ਼ੈਰ ਗਜਾਉਂਦਾ ਅਤੇ ਲੋੜੀਂਦੀਆਂ ਚੀਜ਼ਾਂ ਲਿਆਉਂਦਾ ਫਿਰਿਆ।
ਕੋਠੀਆਂ ਦੀ ਛਤਾਈ ਤੋਂ ਵਿਹਲਾ ਹੋ ਕੇ ਉਹਨੇ ਨਵੇਂ ਬਦਲ ਕੇ ਆਏ ਕਿਸੇ ਕਰਮਚਾਰੀ ਵਾਂਗ ਆਪਣੀ ਥਾਂ ਸੰਭਾਲ ਲਈ। ਪਿੰਡ ਵਿਚ ਕਿਸੇ ਦੇ ਵਿਆਹ ਹੁੰਦਾ ਜਾਂ ਮਰਨਾ, ਉਹ ਅੱਲਾ-ਖੈਰ ਆਖ ਕੇ ਵਿਹੜੇ ਵਿਚ ਜਾ ਬੈਠਦਾ। ਜੋ-ਜੋ ਕੰਮ ਕਹੇ ਜਾਂਦੇ, ਉਹ ਭੱਜ-ਭੱਜ ਕੇ ਕਰਦਾ ਰਹਿੰਦਾ। ਜਿਸ-ਜਿਸ ਬੰਦੇ ਨੂੰ ਬੁਲਾਉਣ ਲਈ ਕਿਹਾ ਜਾਂਦਾ, ਉਹ ਭੱਜ-ਭੱਜ ਬੁਲਾ ਲਿਆਉਂਦਾ। ਉਹਦਾ ਛੋਟਾ ਪੁੱਤਰ ਹਮੀਦਾ, ਜੀਹਨੇ ਪਾਕਿਸਤਾਨ ਵਿਚ ਨਾਈ ਦਾ ਕੰਮ ਸਿੱਖ ਲਿਆ ਸੀ, ਸ਼ਹਿਰ ਦੇ ਇਕ ਹੱਜਾਮ ਕੋਲ ਨੌਕਰ ਰਹਿ ਪਿਆ। ਉਹਦਾ ਵੱਡਾ ਪੁੱਤਰ ਯੂਸਫ਼ ਵਿਆਹ ਸਾਹਿਆਂ ਦੀਆਂ ਗੰਢਾਂ ਜਾਂ ਸੋਗ ਦੀਆਂ ਸੁਣਾਉਣੀਆਂ ਦੇਣ ਲੋਕਾਂ ਦੀਆਂ ਸਾਕ-ਸਕੀਰੀਆਂ ਵਾਲੇ ਪਿੰਡਾਂ ਵਿਚ ਜਾਂਦਾ।
ਹਾੜੀ ਦੀ ਫਸਲ ਪੱਕਣ ਉਤੇ ਆ ਗਈ। ਹੁਣ ਤੱਕ ਫੱਤੂ ਨੇ ਕੁੱਝ ਪੈਸੇ ਤਾਂ ਆਪ ਜੋੜ ਲਏ ਸਨ ਅਤੇ ਕੁਝ ਰਕਮ ਉਹਨੇ ਘਰ-ਘਰ ਤੋਂ ਉਗਰਾਹ ਲਈ ਅਤੇ ਇਕ ਟੱਟੂ ਤੇ ਇਕ ਟੈਰ ਖਰੀਦ ਲਏ। ਹਾੜ੍ਹੀਆਂ ਵੱਢਦੇ ਜੱਟਾਂ ਤੋਂ ਉਹਨੇ ਲਾਂਗਾ ਲੈ-ਲੈ ਕੇ ਵਾਹਵਾ ਹੱਥ ਸੁਖਾਲਾ ਕਰ ਲਿਆ ਅਤੇ ਉਹ ਪਹਿਲਾਂ ਵਾਂਗ ਹੀ ਸੌਖੇ ਦਿਨ ਲੰਘਾਉਣ ਲੱਗੇ।
ਭਾਵੇਂ ਫੱਤੂ ਹੁਣ ਉਸੇ ਤਰ੍ਹਾਂ ਸੰਤੁਸ਼ਟ ਸੀ, ਜਿਵੇਂ ਕੋਈ ਦੇਸ ਨਿਕਾਲਾ ਕੱਟ ਕੇ ਵਾਪਸ ਆਇਆ ਮਨੁੱਖ ਹੋ ਸਕਦਾ ਹੈ, ਪਰ ਬਸ਼ੀਰੇ ਅਤੇ ਨਿਆਮਤ ਦੀ ਯਾਦ ਉਹਦੀ ਹਿੱਕ ਵਿਚ ਫੋੜਾ ਬਣ ਗਈ ਸੀ। ਕਈ ਵਾਰ ਉਹ ਘਰ ਦੇ ਵਿਹੜੇ ਦੀ ਕੰਧ ਨਾਲ ਪਿੱਠ ਲਾਕੇ ਬੈਠ ਜਾਂਦਾ ਤੇ ਹੁੱਕੇ ਦੀ ਨੜੀ ਮੂੰਹ ਵਿਚ ਲੈ ਕੇ ਅੱਖਾਂ ਮੀਟ ਲੈਂਦਾ। ਉਹਨੂੰ ਲੱਗਦਾ ਜਿਵੇਂ ਬਸ਼ੀਰਾ ਅਤੇ ਨਿਆਮਤ ਵਿਹੜੇ ਵਿਚ ਖੇਡ ਰਹੇ ਹੋਣ, ਗਲੀ ਵਿਚ ਭੱਜ ਰਹੇ ਹੋਣ। ਜਿਵੇਂ ਬਸ਼ੀਰਾ ਬਸਤਾ ਬੰਨ੍ਹ ਕੇ ਸਕੂਲ ਜਾ ਰਿਹਾ ਹੋਵੇ ਤੇ ਨਿਆਮਤ, ਕਰੀਮਾਂ ਨਾਲ ਕੰਮ ਵਿਚ ਹੱਥ ਵਟਾ ਰਹੀ ਹੋਵੇ। ਤੇ ਫੇਰ ਉਹਨੂੰ ਉਹ ਕਹਿਰ ਭਰੇ ਦਿਨ ਯਾਦ ਆਉਂਦੇ...
ਅੱਗੇ ਉਹਤੋਂ ਕੁਝ ਸੋਚਿਆ ਨਾ ਜਾਂਦਾ। ਹੁੱਕੇ ਦੀ ਨੜੀ ਉਹਦੀ ਖਾਖ ਵਿਚੋਂ ਬਾਹਰ ਲਟਕ ਜਾਂਦੀ ਅਤੇ ਦੋ ਪਤਲੀਆਂ ਧਾਰਾਂ ਬਣ ਕੇ ਉਹਦੇ ਹੰਝੂ ਗੱਲਾਂ ਉਤੇ ਦੀ ਵਗ ਕੇ ਦਾੜ੍ਹੀ ਉਤੇ ਡਿੱਗ ਪੈਂਦੇ। ਉਹ ਮਨ ਨੂੰ ਢਾਰਸ ਬੰਨ੍ਹਾਉਂਦਾ ਅਤੇ ਕੁੜਤੇ ਦੇ ਲੜ ਨਾਲ ਅੱਖਾਂ ਪੂੰਝ ਕੇ ਸੰਭਲ ਜਾਂਦਾ ਤੇ ਕੰਮਾਂ-ਧੰਦਿਆਂ ਵਿਚ ਆਪਣੇ ਆਪ ਨੂੰ ਗੁਆ ਕੇ ਜਿਵੇਂ ਸਭ ਕੁਝ ਭੁੱਲ ਜਾਣ ਦਾ ਯਤਨ ਕਰਦਾ ਰਹਿੰਦਾ।
ਇਕ ਦਿਨ ਮੰਡੀ ਨੂੰ ਜਾਂਦੇ ਸੁਖਵੰਤ ਨੂੰ ਰਾਹ ਵਿਚ ਫੱਤੂ ਮਿਲ ਪਿਆ ਅਤੇ ਉਹਨੇ ਉਹਦੇ ਤਾਏ ਦੇ ਪੁੱਤਰ ਦੇ ਵਿਆਹ ਦੀ ਤਰੀਕ ਪੁੱਛੀ। ਸੱਤ ਦਿਨ ਦੱਸੇ ਜਾਣ ਉਤੇ ਉਹ ਬੋਲਿਆ, ''ਚੰਗੀ ਗੱਲ, ਪ੍ਰਭਾ, ਉਦੋਂ ਤੱਕ ਮੈਂ ਬੋਹੜਾਂ ਵਾਲੀ ਢਾਬ ਪਟਵਾ ਲਊਂ। ਇਉਂ ਲੱਗਦਾ ਐ, ਜਿਵੇਂ ਮੇਰੇ ਮਗਰੋਂ ਨੱਗਰ-ਖੇੜਾ ਢਾਬ ਪੁੱਟਣੀ ਹੀ ਭੁੱਲ ਗਿਆ ਹੋਵੇ। ਮੀਂਹ ਪੈਣਗੇ, ਪੱਟੇ ਹੋਏ ਟੋਭੇ ਵਿਚ ਮੱਝਾਂ 'ਰਾਮ ਨਾਲ' ਤਾਂ ਬੈਠਣਗੀਆਂ ਨਾਲੇ ਢਾਬ ਕਿਨਾਰੇ ਦੇ ਸਾਰੇ ਪਿੱਪਲਾਂ ਬੋਹੜਾਂ ਦੁਆਲਿਓਂ ਮਿੱਟੀ ਖੁਰ-ਖੁਰ ਕੇ ਉਹਨਾਂ ਦੀਆਂ ਜੜ੍ਹਾਂ ਨੰਗੀਆਂ ਹੋਈਆਂ ਪਈਆਂ ਨੇ।''
ਪਾਕਿਸਤਾਨ ਬਣਨ ਤੋਂ ਪਹਿਲਾਂ, ਹਰ ਸਾਲ ਫੱਤੂ ਆਹਰ ਕਰਦਾ ਅਤੇ ਬੋਹੜਾਂ ਵਾਲੀ ਢਾਬ ਪੁੱਟੀ ਜਾਂਦੀ। ਉਹਦਾ ਢੋਲ ਗੂੰਜਦਾ, ਹੋਰ ਗੂੰਜਦਾ ਰਹਿੰਦਾ ਅਤੇ ਕਹੀਆਂ ਡੂੰਘੀਆਂ, ਹੋਰ ਡੂੰਘੀਆਂ ਧਸਦੀਆਂ ਰਹਿੰਦੀਆਂ। ਚੁਫੇਰੇ ਖੜ੍ਹੇ ਦਰੱਖਤਾਂ ਹੇਠ ਚੌਂਤਰੇ ਬੱਝ ਜਾਂਦੇ। ਇਹਨਾਂ ਸਾਲਾਂ ਵਿਚ ਇਕ-ਦੋ ਵਾਰ ਢਾਬ ਦੀ ਮਿੱਟੀ ਕੱਢੀ ਤਾਂ ਗਈ, ਪਰ ਨਾ ਬਰਾਬਰ।
ਸੁਖਵੰਤ ਨੇ ਕਿਹਾ, ''ਚਾਚਾ, ਤੇਰੇ ਬਿਨਾਂ ਜੇ ਢਾਬ ਪੱਟੀ ਵੀ, ਤਾਂ ਵੀ ਨਾ ਹੋਇਆਂ ਵਰਗੀ, ਤੂੰ ਹੀ ਹਿੰਮਤ ਕਰੇਂ ਤਾਂ ਗੱਲ ਬਣੇ।''
ਤੇ ਫੱਤੂ ਨੇ ਢਾਬ ਪੁੱਟਣ ਦਾ ਹੋਕਾ ਦੇ ਦਿੱਤਾ। ਅਗਲੇ ਦਿਨ ਲੋਕ ਕਹੀਆਂ ਲੈ ਕੇ ਜਾ ਜੁਟੇ। ਫੱਤੂ ਢੋਲ ਵਜਾਉਂਦਾ ਹੋਇਆ, ਕਦੀ ਢਾਬ ਪੁੱਟਦਿਆਂ ਨੂੰ ਹੱਲਾਸ਼ੇਰੀ ਦਿੰਦਾ ਤੇ ਕਦੀ ਪਿੰਡ ਵਿਚ ਗੇੜਾ ਦੇ ਕੇ ਹੋਰ ਹੋਰ ਲੋਕਾਂ ਨੂੰ ਘਰਾਂ ਵਿਚੋਂ ਕਢਦਾ ਤੇ ਬੁੜ੍ਹੀਆਂ ਨੂੰ ਗੁੜ-ਚਾਹ ਤੇ ਦੁੱਧ ਭੇਜਣ ਲਈ ਆਖਦਾ।
ਤਿੰਨ ਦਿਨਾਂ ਵਿਚ ਲੋਕਾਂ ਨੇ ਭੂਤਾਂ ਵਾਂਗ ਲੱਗ ਕੇ ਸਾਰੀ ਢਾਬ ਪੁੱਟ ਸੁੱਟੀ ਅਤੇ ਫੱਤੂ ਨੇ ਢੋਲ ਗਲੋਂ ਲਾਹਿਆ।
ਕੱਲ੍ਹ ਤੋਂ ਉਹ ਸੁਖਵੰਤ ਦੇ ਤਾਏ ਦੇ ਘਰ ਵਿਆਹ ਵਿਚ ਊਰੀ ਵਾਂਗ ਘੁੰਮਦਾ ਫਿਰਦਾ ਸੀ। ਇਸ ਵਿਆਹ ਵਿਚ ਲਿਖਾ-ਪੜ੍ਹੀ ਵਾਲਾ, ਗਿਣਤੀ-ਮਿਣਤੀ ਵਾਲਾ ਸਾਰਾ ਕੰਮ ਸੁਖਵੰਤ ਜ਼ਿੰਮੇ ਲੱਗਿਆ ਹੋਇਆ ਸੀ। ਕੱਲ੍ਹ ਮੰਜੇ ਬਿਸਤਰੇ ਇਕੱਠੇ ਕੀਤੇ ਸਨ। ਫੱਤੂ ਦੋ ਲਾਗੀਆਂ ਨੂੰ ਨਾਲ ਲੈ ਕੇ ਸੱਤ-ਅੱਠ ਘਰ ਪੁੱਛ ਜਾਂਦਾ ਅਤੇ ਵਾਪਸ ਆ ਕੇ ਇਕੱਲੇ-ਇਕੱਲੇ ਮੰਜੇ ਬਿਸਤਰੇ ਉਤੇ ਸੁਖਵੰਤ ਤੋਂ ਮਾਲਕ ਦੇ ਨਾਂਅ ਵਾਲੀਆਂ ਪਰਚੀਆਂ ਲੁਆ ਦਿੰਦਾ। ਅੱਜ ਪਿਛਲੇ ਪਹਿਰ ਨਿਉਂਦਾ ਪੈਣਾ ਸੀ ਅਤੇ ਸੁਖਵੰਤ ਨੇ ਤਾਏ ਦੀ ਵਹੀ ਫਰੋਲ ਕੇ ਜਿਨ੍ਹਾਂ ਘਰਾਂ ਨਾਲ ਉਹਨਾਂ ਦਾ ਨਿਉਂਦੇ-ਸਲਾਮੀ ਦਾ ਲੈਣ-ਦੇਣ ਸੀ, ਉਹਨਾਂ ਘਰਾਂ ਦੀ ਸੂਚੀ ਕਾਪੀ ਉਤੇ ਬਣਾ ਲਈ ਸੀ।
ਫੱਤੂ ਨੇ ਸੁਖਵੰਤ ਨੂੰ ਕਿਹਾ ਕਿ ਉਹ ਉਹਨੂੰ ਇਕ ਪਾਸੇ ਦੇ ਪੰਦਰਾਂ-ਵੀਹ ਘਰ ਗਿਣਾ ਦੇਵੇ। ਫੇਰ ਉਹ ਦੂਜੇ ਪਾਸੇ ਘਰਾਂ ਦੇ ਨਾਂਅ ਪੁੱਛ ਕੇ ਉਧਰ ਚਲਿਆ ਜਾਵੇਗਾ।
ਸੁਖਵੰਤ ਨੇ ਫੱਤੂ ਨੂੰ ਇਕੋ ਪਾਸੇ ਦੇ ਅਠਾਰਾਂ ਘਰ ਗਿਣਾ ਦਿੱਤੇ। ਉਹਨੇ ਇਕ ਵਾਰ ਉਹਨਾਂ ਸਾਰੇ ਘਰਾਂ ਦਾ ਨਕਸ਼ਾ ਦਿਮਾਗ ਵਿਚ ਬਣਾਇਆ। ਫੇਰ ਆਪਣੀ ਤਰਤੀਬ ਅਨੁਸਾਰ ਉਹਨਾਂ ਅਠਾਰਾਂ ਦੇ ਅਠਾਰਾਂ ਘਰ ਸੁਖਵੰਤ ਸਾਹਮਣੇ ਗਿਣੇ-ਚਾਰੇ ਘਰ ਦਫੇਦਾਰਾਂ ਦੇ, ਤਿੰਨੇ ਘਰ ਸਰਪੰਚ ਕੇ, ਤਿੰਨੇ ਘਰ ਨੰਗ ਪੈਰਿਆਂ ਦੇ, ਦੋਵੇਂ ਘਰ ਚਿੜੀਮਾਰਾਂ ਦੇ, ਸੂਰਜਨ ਕਾ, ਗੋਧੇ ਕਾ, ਮੱਖਣ ਸਿਉਂ ਕਾ, ਦਰਬਾਰਾ ਸਿਉਂ ਕਾ, ਦਿਆਲੇ ਕਾ, ਸੁਰਤੇ ਕਾ, ਤੇ, ਉਹ ਖੱਬੇ ਮੋਢੇ ਉਤੇ ਪਰਨਾ ਠੀਕ ਕਰਦਿਆਂ, ਨਿੰਮ ਨਾਲ ਖੜ੍ਹੀ ਕੀਤੀ ਹੋਈ ਸੋਟੀ ਚੁੱਕ ਕੇ ਤਿੱਖੀ ਤੋਰ ਤੁਰ ਗਿਆ।
ਸੁਖਵੰਤ ਫੱਤੂ ਦੇ ਤੇ ਮਰਾਸੀ ਜਾਤ ਦੇ ਚੇਤੇ ਬਾਰੇ ਸੋਚਦਾ ਨਿੰਮ ਹੇਠ ਖੁੰਢ ਉਤੇ ਬੈਠ ਗਿਆ।
ਪਾਕਿਸਤਾਨ ਬਣਨ ਤੋਂ ਪਹਿਲਾਂ ਖੁਸ਼ੀ ਗਮੀ ਦੇ, ਵਿਆਹ ਸੋਗ ਦੇ ਹਰ ਮੌਕੇ ਉਤੇ ਪਿੰਡਾਂ ਵਿਚ ਮਰਾਸੀ ਹਾਜ਼ਰ ਹੁੰਦੇ। ਇਕ ਵਾਰ ਗੱਲ ਸਮਝਾ ਦਿਉ, ਘਰ ਗਿਣਾ ਦਿਉ, ਬੰਦੇ ਦੱਸ ਦਿਉ, ਕੀ ਮਜ਼ਾਲ ਇਕ ਵੀ ਉਕਾਈ ਹੋ ਜਾਵੇ। ਨਾ ਕੰਮ ਤੋਂ ਟਲਣਾ, ਨਾ ਅੱਕਣਾ, ਨਾ ਥੱਕਣਾ।
ਕਈ ਦਿਨ ਹੋਏ ਸੁਖਵੰਤ ਗੁਰਦੁਆਰੇ ਅਖ਼ਬਾਰ ਪੜ੍ਹਨ ਗਿਆ। ਸੀ ਤਾਂ ਭਾਈ ਜੀ ਵੀ ਫੱਤੂ ਨੂੰ ਕਹਿ ਰਿਹਾ ਸੀ, ''ਮਰਦਾਨੇ-ਕਿਆ, ਤੇਰੇ ਬਿਨਾਂ ਬੜੀ ਔਖ ਕੱਟੀ, ਆਪਣੇ ਪਿੰਡ ਦੇ ਤਾਂ ਕੀਰਤਨੀਏ ਸਿੰਘ ਹੀ ਕੱਠੇ ਕਰਨੇ, ਕਿਸੇ ਯੋਧੇ ਦਾ ਕੰਮ ਐ। ਤੇਰੇ ਮਗਰੋਂ ਚੌਕੀਦਾਰ ਨੂੰ ਕਹੀਂਦਾ ਸੀ, ਤਾਂ ਜਿਵੇਂ ਸੱਪ ਲੜ ਜਾਂਦਾ ਸੀ, ਉਹਦੇ। ਹਰ ਵਾਰ ਇਹੋ ਕਹਿੰਦਾ.... ਭਾਈ ਜੀ ਇਕ ਕੀਰਤਨੀਆ ਸਿੱਖ ਪਿੰਡ ਦੇ ਇਕ ਸਿਰੇ, ਦੂਜਾ ਦੂਜੇ ਸਿਰੇ, ਤੀਜਾ ਤੀਜੇ ਸਿਰ, ਮੇਰੇ ਤਾਂ ਗੋਡੇ ਰਹਿ ਜਾਂਦੇ ਐ।''
ਤੇ ਫੱਤੂ ਸੰਤਾਲੀ ਤੋਂ ਪਹਿਲਾਂ ਵਾਂਗ ਹੀ ਜਿਸ ਦਿਨ ਕਿਸੇ ਦੇ ਆਸਾ ਦੀ ਵਾਰ ਦਾ ਕੀਰਤਨ ਹੋਣਾ ਹੁੰਦਾ, ਸਵੇਰੇ ਕੁੱਕੜ ਦੀ ਪਹਿਲੀ ਬਾਂਗ .ਨਾਲ ਉਠਦਾ, ਉਹ ਸਾਰੇ ਕੀਰਤਨੀਆਂ ਨੂੰ ਘਰ ਘਰ ਜਾ ਕੇ ਕੱਢਦਾ ਤੇ ਫੇਰ ਵਾਜਾ ਵਜਾਉਣ ਵਾਲੇ ਨੇਤਰਹੀਣ ਨੰਦ ਸਿੰਘ ਨੂੰ ਡੋਲਿਉਂ ਫੜ ਕੇ ਆਪ ਕੀਰਤਨ ਵਾਲੇ ਘਰ ਜਾ ਪੁੱਜਦਾ।
ਫੱਤੂ ਉਹਨੀਂ ਅਠਾਰੀਂ ਘਰੀਂ ਆਖ ਕੇ ਮੁੜਿਆ, ਤਾਂ ਰਾਹ ਵਿਚ ਸੰਤੇ ਨਾਈ ਦੇ ਦਰਵਾਜ਼ੇ ਵਿਚ ਪੇਕੀਂ ਮਿਲਣ ਆਈ ਉਹਦੀ ਭੈਣ ਹਰ ਕੌਰ ਬੈਠੀ ਸੀ। ਹੋਰ ਟੱਬਰ ਅੰਦਰ ਸੀ। ਸੁੱਖ ਸਾਂਦ ਪੁੱਛ ਕੇ ਫੱਤੂ ਹਰ ਕੌਰ ਦੇ ਮੰਜੇ ਕੋਲ ਭੁੰਜੇ ਬੈਠ ਗਿਆ। ਉਹ ਬੀਤ ਸਮੇਂ ਦੀ ਉਸ ਸੁਆਹ ਨੂੰ ਫਰੋਲਦੇ ਰਹੇ ਜਿਹੜੀ ਕਦੀ ਲਟ-ਲਟ ਬਲਦੀ ਅੱਗ ਸੀ ਅਤੇ ਹੁਣ ਸਮੇਂ ਦੀਆਂ ਸੱਟਾਂ ਨਾਲ, ਉਮਰ ਦੇ ਬੀਤਣ ਨਾਲ ਬੁੱਝਿਆਂ ਵਰਗੀ ਹੋਈ ਪਈ ਸੀ। ਉਠਣ ਲੱਗਿਆਂ ਫੱਤੂ ਆਪਣੇ ਕਮੀਜ਼ ਦੀ ਬਾਂਹ ਚਾੜ੍ਹਦਿਆਂ ਬੋਲਿਆ, ''ਹੁਣ ਤਾਂ ਹਰ ਕੁਰੇ ਧੌਲੇ ਵੀ ਆ ਗਏ। ਇਕ ਵਾਰੀ ਏਧਰ ਸਭ ਕੁਝ ਛੱਡਿਆ, ਪਰ ਗੁਰੂਸਰ ਦੇ ਮੇਲੇ ਤੋਂ ਲਿਆਂਦਾ ਤੇਰਾ ਚਾਂਦੀ ਦਾ ਤਵੀਤ ਅਜੇ ਵੀ ਮੇਰੇ ਡੌਲੇ ਨਾਲ ਬੰਨ੍ਹਿਆ ਹੋਇਐ।''
ਇਹਤੋਂ ਅੱਗੇ ਉਹਨਾਂ ਦੇ ਕਰਨ ਵਾਲੀ ਕੋਈ ਗੱਲ ਨਹੀਂ ਸੀ ਰਹੀ ਅਤੇ ਉਥੋਂ ਉਠ ਕੇ ਬੜੇ ਕਾਹਲੇ-ਕਾਹਲੇ ਪੈਰੀਂ ਸੁਖਵੰਤ ਦੇ ਘਰ ਵੱਲ ਤੁਰ ਪਿਆ।
ਅੱਲ੍ਹਾ ਖੈਰ ਆਖ ਕੇ ਫੱਤੂ ਸੁਖਵੰਤ ਦੇ ਸਾਹਮਣੇ ਖਲੋ ਗਿਆ, ''ਲੈ ਪ੍ਰਭਾ, ਉਹਨੀਂ ਅਠਾਰੀਂ ਘਰੀ ਹੋ ਆਇਆਂ। ਕਾਪੀ ਖੋਲ੍ਹ ਕੇ ਮਿਲਾ ਲੈ, ਕਿਸੇ ਹੋਰ ਦੇ ਹੀ ਨਾਂ ਕਹਿ ਆਇਆ ਹੋਵਾਂ।'' ਤੇ ੳਹਨੇ ਫੇਰ ਫ਼ਟਾ-ਫ਼ਟ ਘਰ ਗਿਣਾਉਣੇ ਸ਼ੁਰੂ ਕਰ ਦਿੱਤੇ, ''ਚਾਰੇ ਘਰ ਦਫ਼ੇਦਾਰਾਂ ਦੇ, ਤਿੰਨੇ ਘਰ ਸਰਪੰਚ ਕੇ, ਤਿੰਨੇ ਘਰ ਨੰਗ-ਪੈਰਿਆਂ ਦੇ, ਦੋਵੇਂ ਘਰ ਚਿੜੀਮਾਰਾਂ ਦੇ, ਸੁਰਜਨ ਕਾ....''
'ਬਸ ਬਸ, ਠੀਕ ਐ ਚਾਚਾ ਭਲਾ ਤੂੰ ਭੁੱਲ ਕੇ ਹੋਰ ਕਿਸੇ ਘਰ ਆਖ ਦੇਵੇਂ!'' ਸੁਖਵੰਤ ਬੋਲਿਆ, ''ਚਾਹ ਹੁੰਦੀ ਐ, ਦੂਜੇ ਪਾਸੇ ਪੀ ਕੇ ਹੀ ਜਾਈਂ।''
ਫੱਤੂ ਉਹਦੇ ਸਾਹਮਣੇ ਧਰਤੀ ਉਤੇ ਹੀ ਪੈਰਾਂ ਭਾਰ ਬੈਠ ਗਿਆ। ਸੁਖਵੰਤ ਫੱਤੂ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ। ਜਦੋਂ ਤੋਂ ਫੱਤੂ ਪਾਕਿਸਤਾਨ ਮੁੜਿਆ ਸੀ ਤੇ ਯੂਸਫ ਨਾਲ ਇਕ ਦੋ ਵਾਰ ਸੁਖਵੰਤ ਦੀਆਂ ਗੱਲਾਂ ਹੋਈਆਂ ਸਨ, ਇਕ ਸਵਾਲ ਉਹਦੇ ਮਨ ਵਿਚ ਅਟਕਿਆ ਹੋਇਆ ਸੀ। ਯੂਸਫ਼ ਕੋਲੋਂ ਉਹਦੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ ਮਿਲਿਆ। ਉਹ ਤਾਂ ਸਾਰਾ ਟੱਬਰ ਫੱਤੂ ਪਿੱਛੇ ਲੱਗਦੇ ਸਨ। ਜਿਵੇਂ ਉਹਨੇ ਕਿਹਾ, ਉਹਨਾਂ ਨੇ ਕੀਤਾ।
ਯੂਸਫ਼ ਦੇ ਦੱਸਣ ਅਨੁਸਾਰ ਉਹਨਾਂ ਨੂੰ ਕੁਝ ਚਿਰ ਭਟਕ ਕੇ ਪਾਕਿਸਤਾਨ ਵਿਚ ਇਕ ਵਾਹਵਾ ਸਿਰ ਢੱਕਣ ਜੋਗਾ ਘਰ ਮਿਲ ਗਿਆ ਸੀ, ਜਿਸ ਵਿਚ ਅਜੇ ਨਿੱਕਾ ਮੋਟਾ ਸਮਾਨ ਵੀ ਪਿਆ ਸੀ। ਤੇ ਉਹਨਾਂ ਨੇ ਆਪਣੀ ਹਿੰਮਤ ਨਾਲ ਕਮਾਈ ਕਰ ਕੇ ਰੋਟੀ ਖਾਣੀ ਸ਼ੁਰੂ ਕਰ ਦਿੱਤੀ ਸੀ। ਫੇਰ ਇਹ ਕਿਵੇਂ ਹੋਇਆ ਕਿ ਫੱਤੂ ਏਨੇਂ ਸਾਲਾਂ ਪਿਛੋਂ ਪਰਤ ਕੇ ਇੱਧਰ ਆ ਗਿਆ?
ਗੱਲਾਂ ਵਿਚ ਲੱਗੇ ਫੱਤੂ ਨੂੰ ਉਹਨੇ ਇਹ ਸਵਾਲ ਵੀ ਕਰ ਦਿੱਤਾ, ''ਚਾਚਾ, ਤੂੰ ਉਥੇ ਵਾਹਵਾ ਗੁਜ਼ਾਰੇ ਜੋਗਾ ਕੰਮ ਤੋਰ ਲਿਆ ਸੀ, ਫੇਰ ਤੈਨੂੰ ਏਥੇ ਆਉਣ ਦੀ ਕੀ ਸੁੱਝੀ?''
'ਪ੍ਰਭਾ, ਆਬਦੇ ਪ੍ਰਭ ਆਬਦੇ ਈ ਹੁੰਦੇ ਐ।'' ਉਹ, ਉਹਦੀਆਂ ਅੱਖਾਂ ਵਿਚ ਡੂੰਘਾ ਝਾਕਿਆ।
''ਚਾਚਾ, ਪੁਰਾਣੀਆਂ ਗੱਲਾਂ ਯਾਦ ਕਰਕੇ ਦੁਖੀ ਨਾ ਹੋਈਂ, ਪਰ ਜਿਨ੍ਹਾਂ ਨੇ ਤੇਰਾ ਬਸ਼ੀਰਾ ਵੱਢ ਸੁੱਟਿਆ, ਤੇਰੀ ਨਿਆਮਤ ਨੂੰ ਪਤਾ ਨਹੀਂ ਕਿੱਥੇ ਖਪਾ ਦਿੱਤਾ, ਉਹ ਤੇਰੇ ਆਬਦੇ ਪ੍ਰਭ ਕਿਵੇਂ ਹੋਏ?'', ਸੁਖਵੰਤ ਉਹਦੇ ਨਾਲ ਵਾਪਰੀ ਚੇਤੇ ਕਰਕੇ ਭਾਵੁਕ ਹੋ ਗਿਆ।
ਫੱਤੂ ਇਕਦਮ ਉਦਾਸ ਹੋ ਗਿਆ। ਉਹਦੀਆਂ ਅੱਖਾਂ ਵਹਿ ਤੁਰੀਆਂ ਉਹ ਜਿਵੇਂ ਪੈਰਾਂ ਭਾਰ ਬੈਠਾ ਨਾ ਰਹਿ ਸਕਿਆ ਅਤੇ ਉਹਨੇ ਭੂੰਜੇ ਚੌਂਕੀ ਮਾਰ ਲਈ। ਦੋ ਮਿੰਟ ਉਹ ਚੁੱਪ ਬੈਠਾ ਮਿੱਟੀ ਫਰੋਲਦਾ ਰਿਹਾ, ਜਿਵੇਂ ਸੰਘ ਵਿਚੋਂ ਕੁਝ ਹੇਠਾਂ ਉਤਾਰ ਰਿਹਾ ਹੋਵੇ ਜਾਂ ਏਸ ਮਿੱਟੀ ਵਿਚ ਗਵਾਚੇ ਬਸ਼ੀਰੇ ਤੇ ਨਿਆਮਤ ਦੇ ਨਕਸ਼ ਲੱਭ ਰਿਹਾ ਹੋਵੇ। ਫੇਰ ਮੋਢੇ ਉਤੇ ਰੱਖੇ ਪਰਨੇ ਦੇ ਲੜ ਨਾਲ ਅੱਖਾਂ ਪੂੰਝ ਕੇ ਸੰਭਾਲਦਿਆਂ ਉਹ ਬੋਲਿਆ, ''ਉਹ ਤਾਂ ਪ੍ਰਭਾ ਇਕ ਹਨ੍ਹੇਰੀ ਸੀ, ਕਾਲੀ-ਬੋਲੀ ਹਨ੍ਹੇਰੀ। ਸਭ ਦੀ ਮੱਤ ਮਾਰੀ ਗਈ ਸੀ, ਕਿਸੇ ਦਾ ਕੀ ਦੋਸ਼। ਉਹ ਤਾਂ ਅੱਲਾ ਦਾ ਹੀ ਕੋਈ ਕਹਿਰ ਸੀ। ਹਨ੍ਹੇਰੀ ਆਈ ਤੇ ਨੰਘ ਗਈ; ਹੁਣ ਯਾਦ ਕੀਤਿਆਂ ਕੀ ਫ਼ਾਇਦਾ?''
ਉਹਦੇ ਜਵਾਬ ਨਾਲ ਸੁਖਵੰਤ ਦੀ ਤਸੱਲੀ ਨਾ ਹੋਈ, ''ਨਹੀਂ ਚਾਚਾ, ਮੰਨ ਚਾਹੇ ਨਾ, ਪਾਕਿਸਤਾਨ ਵਿਚ ਜ਼ਰੂਰ ਔਖਾ ਰਿਹਾ ਹੋਵੇਂਗਾ। ਸੁਣਿਐ, ਉਥੋਂ ਦੇ ਲੋਕਾਂ ਦੀ ਹਾਲਤ ਏਧਰ ਨਾਲੋਂ ਵੀ ਮੰਦੀ ਐ?''
''ਹਾਲ-ਹੂਲ ਤਾਂ, ਪ੍ਰਭਾ ਸਾਰੇ ਹੀ ਇਹੋ ਜਿਐ। ਦਿਨ ਲੰਘੀ ਈ ਜਾਂਦੇ ਸੀ'', ਉਹਨੇ ਡੱਕੇ ਨਾਲ ਪੁੱਟੀ ਮਿੱਟੀ ਵਿਚ ਉਂਗਲਾਂ ਫੇਰਦਿਆਂ ਆਖਿਆ।
''ਪਰ ਫੇਰ ਤੈਨੂੰ ਕੀ ਆਫ਼ਤ ਪਈ ਸੀ। ਇਕ ਵਾਰ ਤਾਂ ਏਥੇ ਵਸਦਾ ਰਸਦਾ ਘਰ 'ਡਾਢਿਆਂ' ਦੇ ਪਾਕਿਸਤਾਨ ਬਣਾਉਣ ਉਤੇ ਛੱਡ ਗਿਆ ਸੀ। ਹੁਣ ਦੂਜੀ ਵਾਰ ਆਬਦਾ ਪਾਕਿਸਤਾਨ ਆਪੇ ਬਣਾ ਕੇ ਘਰ ਘਾਟ ਛੱਡ ਆਇਆ?''
ਫੱਤੂ ਨੀਵੀਂ ਪਾ ਕੇ ਚੁੱਪ ਕਰ ਗਿਆ। ਸੁਖਵੰਤ ਉਸ ਵੱਲ ਵੇਖਦਾ ਰਿਹਾ, ਪਰ ਬੋਲਿਆ ਕੁੱਝ ਨਾ। ਛੇਕੜ ਫੱਤੂ ਨੇ ਆਪਣੀਆਂ ਤਿੱਖੀਆਂ, ਭੱਖਦੀਆਂ, ਅੱਖਾਂ ਉਹਦੀਆਂ ਅੱਖਾਂ ਵਿਚ ਪਾਈਆਂ ਅਤੇ ਬੋਲਿਆ, 'ਪ੍ਰਭਾ, ਉਹ ਘਰ ਘਾਟ ਮੇਰਾ ਕਾਹਦਾ ਸੀ? ਹਿੰਦੂਸਤਾਨੀ, ਸਾਨੂੰ ਰਹਿਣ ਨਹੀਂ ਸੀ ਦਿੱਤਾ ਗਿਆ, ਪਾਕਿਸਤਾਨੀ, ਸਾਨੂੰ ਸਮਝਦਾ ਕੋਈ ਨਹੀਂ ਸੀ। ਅਸੀਂ ਤਾਂ 'ਮੁਹਾਜ਼ਿਰ' ਸੀ, 'ਰਫਿਊਜੀ' ਵਿਚਾਰੇ!''
ਤੇ ਫੇਰ ਉਹਨੇ ਇਕ ਦਮ ਆਪਣੇ ਸਾਹਮਣਿਉਂ ਮਿੱਟੀ ਦੀ ਮੁੱਠ ਚੁੱਕ ਕੇ ਅੱਖਾਂ ਮੀਟਦਿਆਂ ਮੱਥੇ ਨੂੰ ਲਾਈ, 'ਪ੍ਰਭਾ, ਮੈਨੂੰ ਇਹਦੀ ਖਿੱਚ ਨੇ ਮਾਰਿਆ। ਉਥੇ ਇਹ ਨ੍ਹੀਂ ਸੀ।''

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਬਚਨ ਸਿੰਘ ਭੁੱਲਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ