Pittran Nu Paani-Haridwar : Saakhi Guru Nanak Dev Ji

ਪਿੱਤਰਾਂ ਨੂੰ ਪਾਣੀ-ਹਰਿਦੁਆਰ : ਗੁਰੂ ਨਾਨਕ ਦੇਵ ਜੀ ਸੰਬੰਧੀ ਸਾਖੀ

ਇਕ ਵਾਰ ਗੁਰੂ ਨਾਨਕ ਦੇਵ ਜੀ ਹਰਿਦੁਆਰ ਪਹੁੰਚੇ । ਹਰਿਦੁਆਰ ਨੂੰ ਹਿੰਦੂ ਆਪਣਾ ਵੱਡਾ ਤੀਰਥ ਮੰਨਦੇ ਹਨ। ਇਹ ਗੰਗਾ ਦੇ ਕੰਢੇ ਤੇ ਹੈ। ਹਿੰਦੂ ਲੋਕ ਮਰੇ ਹੋਏ ਪ੍ਰਾਣੀਆਂ ਦੀਆਂ ਹੱਡੀਆਂ ਗੰਗਾ ਵਿਚ ਪਾਉਂਦੇ ਹਨ। ਉਹ ਸਮਝਦੇ ਹਨ ਕਿ ਇਸ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ, ਪਰ ਇਹ ਉਹਨਾਂ ਦਾ ਭੁਲੇਖਾ ਤੇ ਵਹਿਮ ਹੀ ਹੈ।
ਜਦੋਂ ਗੁਰੂ ਜੀ ਇਥੇ ਪੁੱਜੇ ਤਾਂ ਵਿਸਾਖੀ ਦਾ ਮੇਲਾ ਲੱਗਾ ਹੋਇਆ ਸੀ। ਲੋਕੀਂ ਗੰਗਾ ਵਿਚ ਇਸਨਾਨ ਕਰ ਰਹੇ ਸਨ। ਬਹੁਤ ਸਾਰੇ ਲੋਕ ਦਰਿਆ ਵਿਚ ਖੜ੍ਹੇ ਹੋ ਕੇ ਚੜ੍ਹਦੇ ਪਾਸੇ (ਪੂਰਬ ਵੱਲ) ਸੂਰਜ ਵੱਲ ਪਾਣੀ ਦੇ ਬੁੱਕ ਸੁੱਟ ਰਹੇ ਸਨ। ਲੋਕ ਸਮਝਦੇ ਸਨ ਕਿ ਇਸ ਤਰ੍ਹਾਂ ਸੁਟਿਆ ਹੋਇਆ ਪਾਣੀ ਉਹਨਾਂ ਦੇ ਮਰ ਚੁੱਕੇ ਵੱਡੇ ਵਡੇਰਿਆਂ ਨੂੰ ਪਿੱਤਰ ਲੋਕ ਵਿੱਚ ਪਹੁੰਚ ਰਿਹਾ ਹੈ। ਇਹ ਉਹਨਾਂ ਦਾ ਗਲਤ ਵਿਸਵਾਸ ਸੀ, ਜਿਸ ਨੂੰ ਦੂਰ ਕਰਨ ਲਈ ਹੀ ਤਾਂ ਗੁਰੂ ਸਾਹਿਬ ਉਥੇ ਪੁੱਜੇ ਸਨ।
ਗੁਰੂ ਜੀ ਦਾ ਲੋਕਾਂ ਨੂੰ ਗੱਲ ਸਮਝਾਉਣ ਦਾ ਢੰਗ ਬੜਾ ਨਿਰਾਲਾ ਹੁੰਦਾ ਸੀ । ਗੁਰੂ ਜੀ ਵੀ ਗੰਗਾ ਵਿਚ ਖੜ੍ਹੇ ਹੋ ਕੇ ਲਹਿੰਦੇ ਪਾਸੇ (ਪੱਛਮ ਵੱਲ) ਪਾਣੀ ਦੇ ਬੁੱਕ ਸੁੱਟਣ ਲੱਗੇ। ਲੋਕਾਂ ਵਾਸਤੇ ਇਹ ਇਕ ਨਵੀਂ ਤੇ ਅਨੋਖੀ ਗੱਲ ਸੀ। ਪਹਿਲਾਂ ਕਿਸੇ ਨੇ ਕਦੀ ਕਿਸੇ ਨੂੰ ਇਸ ਤਰ੍ਹਾਂ ਕਰਦਾ ਨਹੀਂ ਸੀ ਵੇਖਿਆ। ਲੋਕ ਗੁਰੂ ਜੀ ਦੇ ਦੁਆਲੇ ਆ ਇਕੱਠੇ ਹੋਏ। ਉਹਨਾਂ ਨੇ ਗੁਰੂ ਜੀ ਨੂੰ ਪੱਛਿਆ, "ਤੁਸੀਂ ਇਹ ਕੀ ਕਰਦੇ ਹੋ ? ਤੁਸੀਂ ਲਹਿੰਦੇ ਵੱਲ ਪਾਣੀ ਕਿਉਂ ਸੁੱਟਦੇ ਹੋ ?" ਗੁਰੂ ਜੀ ਨੇ ਉਹਨਾਂ ਦੀ ਗੱਲ ਅਣਸੁਣੀ ਕਰ ਦਿੱਤੀ ਤੇ ਦਬਾ ਦਬ ਲਹਿੰਦੇ ਪਾਸੇ ਪਾਣੀ ਸੁੱਟੀ ਗਏ। ਇਸ ਤਰ੍ਹਾਂ ਲੋਕਾਂ ਦਾ ਇਕੱਠ ਵਧਦਾ ਗਿਆ ਤੇ ਵੱਡੀ ਭੀੜ ਬਣ ਗਈ।
ਇਕ ਆਦਮੀ ਨੇ ਅਗਾਂਹ ਹੋ ਕੇ ਗੁਰੂ ਜੀ ਦੀ ਬਾਂਹ ਫੜ ਲਈ ਤੇ ਕਿਹਾ, "ਤੁਸੀਂ ਪਣੀ ਕਿਧਰ ਸੁੱਟ ਰਹੇ ਹੋ ?"
ਗੁਰੂ ਜੀ ਨੇ ਸਾਰਿਆਂ ਵੱਲ ਵੇਖਿਆ ਤੇ ਪੁੱਛਿਆ, "ਤੁਸੀਂ ਸਾਰੇ ਕਿਧਰ ਸੁੱਟ ਰਹੇ ਹੋ ?"
ਲੋਕ ਕਹਿਣ ਲੱਗੇ, "ਅਸੀਂ ਤਾਂ ਚੜ੍ਹਦੇ ਵੱਲ (ਸੂਰਜ ਵੱਲ) ਮੂੰਹ ਕਰਕੇ ਆਪਣੇ ਮਰ ਚੁੱਕੇ ਵੱਡੇ ਵਡੇਰਿਆਂ ਨੂੰ ਪਾਣੀ ਦੇ ਰਹੇ ਹਾਂ।"
ਗੁਰੂ ਕੀ ਨੇ ਪੁੱਛਿਆ, " ਉਹ ਵੱਡੇ ਵਡੇਰੇ ਕਿਥੇ ਹਨ ਤੇ ਇਥੋਂ ਕਿੰਨੀ ਦੂਰ ਹਨ ?"
ਲੋਕਾਂ ਨੇ ਜੁਆਬ ਦਿੱਤਾ, "ਬੜੀ ਦੂਰ! ਲੱਖਾਂ ਕਰੋੜਾਂ ਮੀਲ ਦੂਰ।"
ਫਿਰ ਗੁਰੂ ਜੀ ਨੇ ਲੋਕਾਂ ਨੂੰ ਦੱਸਿਆ ਕਿ "ਮੇਰੀ ਖੇਤੀ ਤਲਵੰਡੀ ਵਿਚ ਸੁੱਕ ਰਹੀ ਹੈ। ਉਹ ਥਾਂ ਇਥੋਂ ਕੇਵਲ ਸਾਢੇ ਤਿੰਨ ਸੌ ਮੀਲ ਦੀ ਵਿੱਥ ਤੇ ਹੈ। ਮੀਂਹ ਜੁ ਨਹੀਂ ਪਿਆ, ਮੈਂ ਉਸ ਨੂੰ ਪਾਣੀ ਦੇ ਰਿਹਾ ਹਾਂ।" ਇਹ ਕਹਿ ਕੇ ਉਹ ਫੇਰ ਲਹਿੰਦੇ ਵੱਲ ਪਾਣੀ ਸੁੱਟਣ ਲੱਗ ਪਏ।
ਲੋਕੀਂ ਖਿੜ-ਖਿੜ ਕੇ ਹੱਸੇ ਤੇ ਕਹਿਣ ਲੱਗੇ, "ਤੁਹਾਡੀ ਖੇਤੀ ਤਲਵੰਡੀ ਵਿਚ ਹੈ। ਇਥੋਂ ਸੁੱਟਿਆ ਪਾਣੀ ਐਡੀ ਦੂਰ ਕਿਸ ਤਰ੍ਹਾਂ ਅੱਪੜੇਗਾ? ਪਾਣੀ ਤਾਂ ਇਥੇ ਹੀ ਡਿੱਗ ਰਿਹਾ ਹੈ ?"
ਗੁਰੂ ਜੀ ਨੇ ਉੱਤਰ ਦਿੱਤਾ, "ਜਿਵੇਂ ਤੁਹਾਡਾ ਸੁੱਟਿਆ ਪਾਣੀ, ਤੁਹਾਡੇ ਵੱਡੇ ਵਡੇਰਿਆਂ ਨੂੰ ਅਪੜੇਗਾ, ਉਵੇਂ ਹੀ ਮੇਰਾ ਪਾਣੀ ਤਲਵੰਡੀ ਪੁੱਜ ਜਾਵੇਗਾ। ਜੇ ਮੇਰਾ ਸੁੱਟਿਆ ਪਾਣੀ ਧਰਤੀ ਦੇ ਸਾਢੇ ਤਿੰਨ ਸੌ ਮੀਲ ਦੀ ਵਿੱਥ ਤੇ ਨਹੀਂ ਪਹੁੰਚ ਸਕਦਾ ਤਾਂ ਤੁਹਾਡਾ ਸੁੱਟਿਆ ਪਾਣੀ ਕਰੋੜਾਂ ਮੀਲਾਂ ਤੇ ਸੂਰਜ ਤੋਂ ਅੱਗੇ ਕਹੇ ਜਾਂਦੇ ਪਿੱਤਰ ਲੋਕ ਤਕ ਕਿਵੇਂ ਪਹੁੰਚ ਸਕੇਗਾ ?"
ਹੁਣ ਲੋਕੀਂ ਚੁੱਪ ਸਨ। ਉਹਨਾਂ ਨੂੰ ਆਪਣੀ ਗਲਤੀ ਦੀ ਸਮਝ ਆ ਗਈ ਸੀ। ਉਹ ਸਮਝ ਚੁੱਕੇ ਸਨ ਕਿ ਸਾਡਾ ਵਿਸਵਾਸ ਝੂਠਾ ਹੈ। ਮਰੇ ਹੋਏ ਵੱਡੇ ਵਡੇਰਿਆਂ ਨੂੰ ਪਾਣੀ ਦੇਣ ਵਾਲੀ ਗੱਲ ਝੂਠੀ ਹੈ। ਸੂਰਜ ਕੋਈ ਦੇਵਤਾ ਨਹੀਂ, ਗੁਰੂ ਜੀ ਨੇ ਠੀਕ ਹੀ ਦੱਸਿਆ ਹੈ। ਸਾਰੇ ਗੁਰੂ ਜੀ ਦੇ ਚਰਨੀਂ ਡਿੱਗੇ। ਗੁਰੂ ਜੀ ਨੇ ਸਭ ਨੂੰ ਸੱਚੇ ਧਰਮ ਦਾ ਰਾਹ ਦੱਸਿਆ ਕਿ ਇਕ ਪਰਮਾਤਮਾ ਦਾ ਸਿਮਰਨ ਕਰੋ, ਨੇਕ ਕੰਮ ਕਰੋ। ਗੁਰੂ ਜੀ ਨੇ ਇਹ ਵੀ ਸਮਝਾਇਆ ਕਿ ਪਿੱਤਰ ਲੋਕ ਨਾਮ ਦੀ ਕੋਈ ਚੀਜ ਨਹੀਂ ਹੈ ਅਤੇ ਹੋਰਨਾਂ ਦਾ ਕੀਤਾ ਪਾਠ, ਦਾਨ-ਪੁੰਨ ਮਰ ਚੁੱਕੇ ਪ੍ਰਾਣੀ ਦਾ ਕੁਝ ਨਹੀਂ ਸੰਵਾਰ ਸਕਦਾ। ਇਸ ਜੀਵਨ ਵਿਚ ਕੀਤੇ ਭਲੇ ਕੰਮ ਹੀ ਮਨੁੱਖ ਦੇ ਕੰਮ ਆਉਂਦੇ ਹਨ।

  • ਮੁੱਖ ਪੰਨਾ : ਗੁਰੂ ਨਾਨਕ ਦੇਵ ਜੀ ਸੰਬੰਧੀ ਸਾਖੀਆਂ/ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ