Prahuna (Punjabi Story) : Principal Sujan Singh

ਪ੍ਰਾਹੁਣਾ (ਕਹਾਣੀ) : ਪ੍ਰਿੰਸੀਪਲ ਸੁਜਾਨ ਸਿੰਘ

ਸੂਰਜ ਡੁਬ ਚੁਕਾ ਸੀ, ਲਹਿੰਦੇ ਤੋਂ ਲਾਲੀ ਹੌਲੀ ਹੌਲੀ ਅਲੋਪ ਹੋ ਰਹੀ ਸੀ। ਰਾਤ ਰਾਣੀ ਦੇ ਰਾਜ-ਦੂਤ ਚਾਨਣ ਵਿੱਚ ਹਨੇਰਾ ਰਲਾਉਣ ਦੇ ਆਹਰ ਵਿੱਚ ਸਨ। ਮੀਰਾਂ ਕੋਟੀਆਂ ਦੀ ਨੁਕਰੋਂ ਮੁੜ ਕੇ ਇਕ ਚੀਕਦਾ ਗੱਡਾ ਪਿੰਡ ਦੇ ਚੌਂਕ ਵਲ ਨੂੰ ਰੁਖ ਕਰੀ ਜਾ ਰਿਹਾ ਸੀ। ਮਗਰੇ ਮਗਰ ਤਖ਼ਤ ਸਿੰਘ ਗਾਡੀ ਚੂੜ੍ਹੇ ਨੂੰ ਗਾਲ੍ਹਾਂ ਕਢਦਾ ਆ ਰਿਹਾ ਸੀ ਤੇ ਉਹ ਆਪਣਾ ਗੁੱਸਾ ਬਲਦਾਂ ਤੇ ਕਢੀ ਜਾ ਰਿਹਾ ਸੀ।
ਐਨ ਇਸੇ ਵੇਲੇ ਇਕ ਨੌਜੁਆਨ ਖੱਦਰ ਦੇ ਸਾਫ਼ ਕਪੜੇ ਪਾਈ ਉਸੇ ਪਾਸਿਓਂ ਵੀਹ ਵਿਚ ਦਾਖ਼ਲ ਹੋਇਆ ਤੇ ਕਾਹਲੀ ਕਾਹਲੀ ਤੁਰਦਾ ਗਾਲ੍ਹਾਂ ਕਢ ਰਹੇ ਜੱਟ ਨਾਲ ਜਾ ਰਲਿਆ।
ਮੁਸਕਰਾ ਕੇ ਉਸ ਜੱਟ ਵਲ ਤਕਦਿਆਂ ਕਿਹਾ,"ਸਰਦਾਰ ! ਕਿਉਂ ਐਵੇਂ ਜ਼ਬਾਨ ਗੰਦੀ ਕਰਨਾ ਵੇਂ ?"
"ਭਾਊ ! ਤੈਨੂੰ ਕੀ ਪਤਾ ਇਨ੍ਹਾਂ ਕਮੀਣਾਂ ਦਾ ? ਸਾਰਾ ਦਿਨ ਕੱਖ ਭੰਨ ਕੇ ਦੂਹਰਾ ਨਹੀਂ ਕਰਦੇ ਤੇ ਦਾਣੇ ਮੰਗਦੇ ਨੇ ਚਾਲੀ ਚਾਲੀ ਮਣ । ਸਾਰੇ ਦਿਨ ਵਿੱਚ ਇਕ ਬਾਲਣ ਦਾ ਗੱਡਾ ਨਹੀਂ ਬਣਿਆ ਇਹਦੇ ਕੋਲੋਂ ।"
ਨੌਜੁਆਨ ਹੁਣ ਗੱਡੇ ਦੇ ਬਰਾਬਰ ਪਹੁੰਚ ਚੁਕਾ ਸੀ । ਖੱਦਰ ਦੇ ਥੈਲੇ ਨੂੰ ਦੂਸਰੇ ਹੱਥ ਵਿਚ ਬਦਲਦਿਆਂ ਉਸ ਕਿਹਾ, "ਬਈ ਸਰਦਾਰ, ਇਨ੍ਹਾਂ ਬੇਜ਼ਬਾਨਾਂ ਨੂੰ ਐਵੇਂ ਕਿਉਂ ਕੁੱਟੀ ਜਾਨਾਂ ਐਂ ?"
ਕੰਮੀ ਚੂਹੜੇ ਨੇ ਕੋਈ ਉੱਤਰ ਨਾ ਦਿਤਾ, ਪਰ ਡੰਗਰਾਂ ਨੂੰ ਕੁੱਟਣੋਂ ਹਟ ਗਿਆ । ਤਖ਼ਤ ਸਿੰਘ ਹਾਲੀ ਵੀ ਚੂੜ੍ਹੇ ਨੂੰ ਗਾਲ੍ਹਾਂ ਕੱਢੀ ਜਾ ਰਿਹਾ ਸੀ । ਚੂੜ੍ਹੇ ਨੂੰ 'ਸਰਦਾਰ' ਆਖਿਆ ਜਾਂਦਾ ਸੁਣਕੇ ਉਸ ਮੂੰਹ ਵਟਿਆ। ਹਾਲੀ ਕੁਝ ਆਖਣਾ ਹੀ ਚਾਹੁੰਦਾ ਸੀ ਕਿ ਨੌਜੁਆਨ ਖੱਬੇ ਹੱਥ ਗੁਰਦਵਾਰੇ ਵਲ ਨੂੰ ਮੁੜ ਗਿਆ । ਕੁਝ ਦੂਰ ਜਾ ਕੇ ਨੌਜੁਆਨ ਨੇ ਚੌੜੇ ਪੰਜੇ ਦੀ ਟੁੱਟੀ ਹੋਈ ਜੁੱਤੀ ਨੂੰ ਪੱਬ ਵਿਚ ਅੜਾ ਕੇ ਝਾੜਿਆ। ਦੋ ਤਿੰਨ ਬਰੀਕ ਰੋੜੇ, ਜੋ ਘਸੇ ਹੋਏ ਤਲੇ ਵਿੱਚੋ' ਅੰਦਰ ਲੰਘ ਗਏ ਸਨ, ਉਥੋਂ ਦੀ ਹੀ ਕਿਰ ਗਏ।ਕਾਹਲੀ ਕਾਹਲੀ ਤੁਰਦਾ ਉਹ ਗੁਰਦਵਾਰੇ ਦੇ ਬਾਹਰਲੇ ਬੂਹੇ ਅਗੇ ਪਹੁੰਚਿਆ,ਜਿਥੇ ਜ਼ੈਲਦਾਰ ਸਾਹਿਬ ਤੇ ਭਾਈ ਸਾਹਿਬ ਕੁਝ ਗੱਲਾਂ ਕਰ ਰਹੇ ਸਨ।ਆਖ਼ਰੀ ਗੱਲ ਜੋ ਨੌਜੁਆਨ ਨੇ ਸੁਣੀ, ਉਹ ਸੀ:
"ਜ਼ੈਲਦਾਰ ਸਾਹਿਬ, ਦਿੱਤਾ ਤਰਖਾਣ ਸ਼ੱਕੀ ਆਦਮੀ ਹੈ।ਉਹਦੇ ਘਰ ਨਿਤ ਨਵੇਂ ਆਦਮੀ ਆਉਂਦੇ ਨੇ।"
ਨੌਜੁਆਨ ਦੀ ਫ਼ਤਿਹ ਸੁਣਕੇ ਦੋਵੇਂ ਤ੍ਰਭਕ ਕੇ ਚੁਪ ਕਰ ਰਹੇ । ਨੌਜੁਆਨ ਨੇ ਲਿਬਾਸ ਤੋਂ ਪਛਾਣਦਿਆਂ ਭਾਈ ਨੂੰ ਪੁਛਿਆ "ਭਾਈ ਜੀ, ਕੰਮੀਆਂ ਦੀ ਪੱਤੀ ਕਿਹੜੀ ਜੇ ?"
ਭਾਈ ਜੀ ਦੇ ਜੁਆਬ ਦੇਣ ਤੋਂ ਪਹਿਲਾਂ ਹੀ ਜ਼ੈਲਦਾਰ ਸਾਹਿਬ ਨੇ ਸਵਾਲ ਕੀਤਾ, "ਕੀਹਦੇ ਜਾਣਾ ਐ ਓਇ ਤੂੰ ?"
ਆਉਣ ਵਾਲੇ ਦੇ ਮੂੰਹੋਂ ਨਿਕਲ ਗਿਆ, "ਭਾਈ ਜੀ ! ਮੈਂ ਕੰਮੀਆਂ ਦੀ ਪੱਤੀ ਜਾਣਾ ਹੈ ਕਿਸੇ ਦੇ ।"
ਗੁੱਸੇ ਵਿੱਚ ਲਾਲ ਪੀਲਾ ਹੋਇਆ ਜ਼ੈਲਦਾਰ ਹਾਲੀ ਕੁਝ ਕੜਕਣਾ ਹੀ ਚਾਹੁੰਦਾ ਸੀ, ਕਿ ਭਾਈ ਹੋਰੀਂ ਗੱਜ ਉਠੇ, "ਭਾਈ ਜੀ ਕੀ ਹੁੰਦਾ ਓਇ ? ਸਰਦਾਰ ਸਾਹਿਬ ਕਹੁ ਜ਼ੈਲਦਾਰ ਸਾਹਿਬ ਨੂੰ ।"
"ਭਾਈ ਜੀ, ਮੁਆਫ਼ ਕਰਨਾ, ਪਰ 'ਭਾਈ ਜੀ' ਕੋਈ ਭੈੜਾ ਬਚਨ ਤੇ ਨਹੀਂ । ਸੁਣਿਆ ਗੁਰੂ ਗਰੰਥ ਸਾਹਿਬ ਵਿਚ ਆਉਂਦਾ, 'ਏਕ ਪਿਤਾ ਏਕਸ ਕੇ ਹਮ ਬਾਰਿਕ' । ਫੇਰ ਭਾਈ ਭਾਈ ਹੀ ਤਾਂ ਹੋਏ ਅਸੀਂ ਸਾਰੇ ।"
ਜ਼ੈਲਦਾਰ ਸਾਹਿਬ ਬੋਲੇ, "ਤੂੰ ਹੈਗਾ ਕੌਣ ਐਂ ਓਇ ?"
"ਸਰਦਾਰ ਸਾਹਿਬ ! ਮੈਂ ਵੀ ਤੁਹਾਡੇ ਜਿਹਾ ਇਕ ਰੱਬ ਦਾ ਬੰਦਾ ਹਾਂ ।" ਨੌਜੁਆਨ ਨੇ ਅਧੀਨਗੀ ਨਾਲ ਕਿਹਾ ।
ਜ਼ੈਲਦਾਰ ਸਾਹਿਬ ਕਹਿਣ ਲਗੇ,"ਓਇ ਬੇਵਕੂਫ਼ਾ, ਮੇਰਾ ਮਤਲਬ ਹੈ, ਤੇਰਾ ਨਾਂ, ਜ਼ਾਤ, ਕੰਮ, ਪਤਾ, ਟਿਕਾਣਾ ਕੀ ਹੈ ?"
"ਮੇਰਾ ਨਾ ਕੁਰਬਾਨ ਸਿੰਘ, ਜ਼ਾਤ ਸਿੱਖ, ਕੌਮ ਪਿੰਡ ਪਿੰਡ ਫਿਰਨਾ ਤੇ ਹੁਣ ਦਾ ਪਤਾ ਚੱਕ ੧੨੩ ਸਰਗੋਧਾ ਹੈ ।"
"ਬੜਾ ਨੁਕਰੋਂ ਕੂਨਾ ਓਇ ਤੂੰ ?" ਭਾਈ ਨੇ ਜ਼ੈਲਦਾਰ ਦਾ ਪੱਖ ਕਰਦਿਆਂ ਕਿਹਾ, "ਸਿੱਖ ਵੀ ਕੋਈ ਜ਼ਾਤ ਹੈ ? ਜ਼ਾਤ ਦਸ ਦੇ ਖਾਂ, ਅਸੀਂ ਹਾਂ ਖੱਤਰੀ ਬਾਵੇ ਤੇ ਇਹ ਹਨ ਜੱਟ ਸਰਦਾਰ ।"
"ਭਾਈ ਜੀ, ਮੈ ਤੇ ਸਿੱਧੀ ਗੱਲ ਸਿੱਧੀ ਤਰ੍ਹਾਂ ਕਰਦਾਂ । ਜਿਥੋਂ ਤਕ ਮੈਂ ਜਾਣਦਾਂ ਸਿੱਖ ਧਰਮ ਵੀ ਹੈ ਤੇ ਸਮਾਜ ਵੀ, ਤੇ ਇਸ ਭਾਈਚਾਰੇ ਵਿੱਚ ਕੋਈ ਜ਼ਾਤ-ਗੋਤ ਦਾ ਵਿਚਾਰ ਨਹੀਂ ।"
ਭਾਈ ਜੀ ਨੇ ਜ਼ੈਲਦਾਰ ਸਾਹਿਬ ਵਲ ਤਕਦਿਆਂ ਤੇ ਖੱਦਰ-ਪੋਸ਼ ਵਲ ਇਸ਼ਾਰਾ ਕਰਦਿਆਂ ਕਿਹਾ, "ਸਾਨੂੰ ਪੜ੍ਹਾਉਣ ਆਇਆ, ਗੁਰੂ ਦਸਮ ਪਾਤਸ਼ਾਹ ਨੇ ਨਹੀਂ ਆਖਿਆ ਬਚਿਤ੍ਰ ਨਾਟਕ ਵਿਚ 'ਛਤ੍ਰੀ ਕਾ ਪੂਤ ਹੋਂ', ਫੇਰ ਉਨ੍ਹਾਂ ਜ਼ਾਤ ਪਾਤ ਮੰਨੀ ਕਿ ਨਾ ?"
ਇੰਨੇ ਨੂੰ ਭਾਈਆਣੀ ਲਾਲਟੈਣ ਲੈ ਕੇ ਬਾਹਰ ਨਿਕਲੀ । ਜ਼ੈਲਦਾਰ ਸਾਹਿਬ ਨੇ ਭਾਈ ਸਾਹਿਬ ਨੂੰ ਅੱਖ ਮਾਰੀ ਤੇ ਕਹਿਣ ਲਗੇ, "ਜਾਣ ਦਿਓ ਭਾਈ ਜੀ, ਇਸ ਮੂਰਖ ਨੂੰ ਕੋਈ ਸਮਝ ਆਉਣੀ ਹੈ । ਹੋਇਗਾ ਕੋਈ ਚੂੜ੍ਹਾ ਚਪੜਾ ।"
ਭਾਈ ਸਾਹਿਬ ਵਾਜ ਤੇ ਲਗੇ ਬਟੇਰੇ ਵਾਂਗ ਬੋਲ ਉਠੇ, "ਗੁਰਦੁਆਰੇ ਵਿੱਚ ਤਾਂ ਤੁਹਾਡੇ ਲਈ ਕੋਈ ਥਾਂ ਨਹੀਂ । ਪਿੰਡ ਦੀ ਖੱਬੀ ਬਾਹੀ ਕੰਮੀਆਂ ਦੀ ਪੱਤੀ ਹੈ, ਤੇ ਉਦੋਂ ਪਰ੍ਹੇ ਬਾਹਰ-ਵਾਰ ਚੂੜ੍ਹਿਆਂ ਦੀ ਠੱਠੀ। ਉਥੇ ਤੈਨੂੰ ਤੇਰੇ ਜ਼ਾਤ-ਭਰਾ ਮਿਲ ਪੈਣਗੇ ।"
"ਸਤਿ ਸ੍ਰੀ ਅਕਾਲ" ਕਹਿ ਕੇ ਜਦ ਉਹ ਕੰਮੀਆਂ ਦੀ ਪੱਤੀ ਵਲ ਤੁਰਿਆ ਤਾਂ ਭਾਈ ਸਾਹਿਬ ਕਹਿ ਰਹੇ ਸਨ, "ਨਾਸਤਕ ਹਨ, ਨਾਸਤਕ, ਜ਼ਾਤ ਪਾਤ ਨਹੀਂ ਮੰਨਦੇ, ਧਰਮ ਭ੍ਰਿਸ਼ਟ ਕਰਦੇ ਫਿਰਦੇ ਹਨ ।"
ਜ਼ੈਲਦਾਰ ਸਾਹਿਬ ਕੁਝ ਹੋਰ ਸੋਚ ਰਿਹਾ ਸੀ । ਸਾਹਮਣੇ ਘਰੋਂ ਕਰਮੂ ਨੂੰ ਵਾਜ ਮਾਰੀ ਤੇ ਕੰਨ ਵਿੱਚ ਕਹਿਕੇ ਉਸ ਨੂੰ ਨੌਜੁਆਨ ਦੇ ਮਗਰ ਪਰਛਾਵੇਂ ਵਾਂਗ ਲਾ ਦਿੱਤਾ ।
ਕੰਮੀਆਂ ਦੀ ਪੱਤੀ ਦੇ ਮੋੜ ਤੇ ਮੁੰਡੇ ਖੇਡ ਰਹੇ ਸਨ । ਨੌਜੁਆਨ ਨੇ ਪੁਛਿਆ, "ਕੋਈ ਕੇਹਰ ਸਿੰਘ ਹੈ ਇਸ ਪੱਤੀ ਵਿੱਚ ?"
ਮੁੰਡੇ ਖੇਡ ਛੱਡ ਕੇ ਕੱਠੇ ਹੋ ਗਏ । ਸੋਚ ਸੋਚ ਕੇ ਤੇ ਇਕ ਦੂਸਰੇ ਨੂੰ ਪੁੱਛ ਪੁੱਛਾ ਕੇ ਕਹਿਣ ਲਗੇ, "ਕੇਹਰ ਸਿੰਘ ਤੇ ਇਥੇ ਕੋਈ ਨਹੀਂ, ਹਾਂ ਕੇਹਰ ਸਿੰਘ ਹੈ ਜੱਟ, ਦੂਸਰੀ ਪੱਤੀ ।"
"ਲਾਲ ਸਿੰਘ ?" ਉਸ ਫਿਰ ਪੁੱਛਿਆ ।
"ਉਹ ਤੇ ਸਾਰੇ ਪਿੰਡ ਵਿਚ ਕੋਈ ਨਹੀਂ ।" ਇਕ ਸਿਆਣੇ ਮੁੰਡੇ ਨੇ ਕਿਹਾ ।
"ਕੋਈ ਨਾਮ੍ਹਾ, ਸੰਤੂ, ਹਸੂ, ਚਾਘਾ, ਦੌਲਾ ਕੋਈ ਨਹੀਂ ?"
"ਸੰਤੂ ਤੇ ਹੈਗਾ ਇਕ" ਇਕ ਮੁੰਡੇ ਨੇ ਆਖਿਆ ।
ਕਰਮੂੰ, ਜਿਹੜਾ ਹੁਣ ਉਥੇ ਪਹੁੰਚ ਚੁਕਾ ਸੀ, ਬੋਲ ਉਠਿਆ, "ਸੰਤੂ ਕਿਹੜਾ ਓਏ ਰਹਿਮਿਆ ?"
"ਭਾਊ ਉਹ ਸੰਤਾ ਸਿਹੁੰ ਪੈਂਚ ।"
"ਹਾਹੋ, ਠੀਕ ਆ, ਸੰਤਾ ਮਹਿਰ ।"
"ਤੇ ਤੂੰ ਮਖ ਉਨ੍ਹਾਂ ਦੇ ਘਰ ਜਾਣਾ ਵਾਂ । ਆ ਮੈਂ ਛਡ ਆਵਾਂ ਤੈਨੂੰ ਭਾਊ", ਕਰਮੂੰ ਨੇ ਆਖਿਆ ਤੇ ਉਸ ਨੂੰ ਮਗਰ ਲੈ ਤੁਰਿਆ । ਇਕ ਨਿੱਕਾ ਜਿਹਾ ਲਿੰਬਿਆ ਪੋਚਿਆ ਘਰ ਸੀ, ਜਿਸ ਦੇ ਬੂਹੇ ਅਗੇ ਲਿਜਾ ਕੇ ਕਰਮੂੰ ਨੇ ਕਿਹਾ, "ਆਹ ਈ ਸੰਤੇ ਦਾ ਘਰ ਵਾਜ ਮਾਰ ਲੈ ਮਖ ।"
ਹਾਲੀ ਖੱਦਰ-ਪੋਸ਼ ਨੇ 'ਸਰਦਾਰ ਸੰਤਾ ਸਿੰਘ, ਸਰਦਾਰ ਸੰਤਾ ਸਿੰਘ' ਕਰ ਕੇ ਵਾਜਾਂ ਮਾਰਨੀਆਂ ਸ਼ੁਰੂ ਹੀ ਕੀਤੀਆਂ ਸਨ ਕਿ ਕਰਮੂੰ, ਨਾਲ ਦੇ ਘਰ ਜਾ ਵੜਿਆ।
ਝੀਤਾਂ ਵਿੱਚੋਂ ਡਿਉਢੀ ਵਿਚ ਕੰਬਦਾ ਚਾਨਣ ਆਉਂਦਾ ਦਿਸਿਆ ਤੇ ਨਾਲ ਹੀ ਕਿਸੇ ਬਰੀਕ ਜਨਾਨਾਂ ਅਵਾਜ਼ ਵਿਚ ਆਖਿਆ, "ਜੀ ਇਹ ਸਰਦਾਰ ਸੰਤਾ ਸਿੰਘ ਦਾ ਘਰ ਨਹੀਂ, ਉਨ੍ਹਾਂ ਦਾ ਘਰ "ਦੂਸਰੀ......"
ਪਿੰਡ ਪਿੰਡ ਫਿਰਨ ਵਾਲੇ ਨੌਜੁਆਨ ਨੇ ਹੈਰਾਨ ਹੋ ਕੇ ਪੁਛਿਆ, "ਤਾਂ ਕੀ ਇਹ ਸਰਦਾਰ ਸੰਤਾ ਸਿੰਘ ਪੈਂਚ ਦਾ ਘਰ ਨਹੀਂ ?"
"ਪੈਂਚ ਦਾ ਘਰ ਤਾਂ ਇਹੋ ਹੈ ਜੀ ਦੂਜਾ ਨੰਬਰਦਾਰ ਹੈ।"
"ਮੈਂ ਤਾਂ ਸੰਤਾ ਸਿੰਘ ਮਹਿਰੇ ਦੇ ਜਾਣਾ ਹੈ ।" ਬੇ-ਘਰ ਨੌਜੁਆਨ ਨੇ ਗਲ ਨੂੰ ਸਾਫ਼ ਕਰਨ ਦੇ ਖ਼ਿਆਲ ਨਾਲ ਕਿਹਾ । ਬੂਹਾ ਖੁਲ੍ਹ ਗਿਆ। ਦੀਵੇ ਦੀ ਲਾਟ ਨੂੰ ਹਵਾ ਦੀ ਮਾਰ ਤੋਂ ਬਚਾਉਣ ਲਈ, ਜੋ ਲੰਮਾ ਹਥ ਓਟ ਦਾ ਕੰਮ ਦੇ ਰਿਹਾ ਸੀ, ਉਹ ਚਾਨਣ ਨੂੰ ਪਰਤਾ ਕੇ ਉਸ ਮੁਟਿਆਰ ਦੇ ਸੋਹਣੇ ਚਿਹਰੇ ਤੇ ਵੀ ਪਾ ਰਿਹਾ ਸੀ, ਮਨਚਲੇ ਨੌਜੁਆਨ ਦੇ ਦਿਲ ਵਿਚ ਖ਼ਿਆਲ ਗੁਜ਼ਰਿਆ : ਇਸ ਨੂੰ ਕਹਿੰਦੇ ਹਨ, ਸੂਰਜ ਨੂੰ ਦੀਵਾ ਦਿਖਾਉਣਾ ।
ਕੁਝ ਅਰਧ-ਘਬਰਾਹਟ ਜਹੀ ਹਾਲਤ ਵਿਚ ਉਸ ਕਿਹਾ, "ਮੈਂ ਉਨ੍ਹਾਂ ਦਾ ਪ੍ਰਾਹੁਣਾ ਹਾਂ।" ਕੁੜੀ ਝਟ ਖੁਲੇ ਤਾਕ ਦੇ ਓਹਲੇ ਹੋ ਗਈ ਤੇ ਦੀਵਾ ਉਸਦੇ ਹਥੋਂ ਡਿਗ ਪਿਆ । ਕੁਝ ਚਿਰ ਮਗਰੋਂ ਹਨੇਰੇ ਵਿਚੋਂ ਕੰਬਦੀ ਦਬੀ ਹੋਈ ਅਵਾਜ਼ ਆਈ "ਬਾਪੂ ਜੀ ਘਰ ਨਹੀਂ ਹਨ ।"
"ਮੈਂ ਆ ਗਿਆ ਪੁੱਤਰ" ਖ਼ਾਨਾ-ਬਦੋਸ਼ ਨੌਜੁਆਨ ਨੇ ਕੋਲ ਪਹੁੰਚ ਰਹੇ ਕਦਮਾਂ ਦੀ ਆਵਾਜ਼ ਨਾਲ ਸੁਣਿਆ । ਪਲ ਕੁ ਮਗਰੋਂ ਉਸੇ ਕ੍ਰਿਪਾਨਧਾਰੀ ਨੇ ਕੋਲ ਪਹੁੰਚ ਕੇ ਪੁਛਿਆ, "ਕਿਸ ਨੂੰ ਮਿਲਣਾ ਜੇ, ਸਰਦਾਰ ਜੀ ?"
"ਤੁਹਾਨੂੰ ! ਮੈਂ ਅਜ ਦੀ ਰਾਤ ਤੁਹਾਡੇ ਕਟਣੀ ਚਾਹੁੰਦਾ ਹਾਂ ।"
"ਧੰਨ ਭਾਗ ! ਜੋ ਸੇਵਕ ਕਿਸੇ ਕੰਮ ਆ ਸਕੇ ।" ਤੇ ਫੇਰ ਅੰਦਰ ਹੋ ਕੇ ਉਸ ਕਿਹਾ, "ਏ ਮੁੰਨੋਂ, ਕੋਈ ਗੁਰਮੁਖ ਰਾਤੀਂ ਸਾਡੇ ਘਰ ਪ੍ਰਸ਼ਾਦ ਛਕੇਗਾ ਤੇ ਰਾਤ ਰਹੇਗਾ ਹੈਂ, ਅਜ ਦੀਵਾ ਹੀ ਨਹੀਂ ਬਾਲਿਆ ?"
"ਬਾਪੂ ਜੀ, ਹੁਣੇ ਹੀ ਬੁਝਿਆ ਹੈ, ਬਾਲਣ ਲਗੀ ਆਂ ।" ਝਟ ਮਗਰੋਂ ਚੁਲ੍ਹੇ ਦੀ ਲਾਟ ਨਾਲ ਪੱਛੀ ਨੇ ਜਗ ਕੇ ਰਸੋਈ ਵਿਚ ਚਾਨਣ ਕਰ ਦਿਤਾ ਤੇ ਦੀਵਾ ਜਗਾ ਕੇ ਕੁੜੀ ਨੇ ਕੰਧ ਵਿੱਚ ਗਡੇ ਦੀਵਟ ਤੇ ਰਖ ਦਿਤਾ।
ਜਦ ਦੋਵੇਂ ਜਣੇ ਡਿਉਢੀ ਪਾਰ ਕਰਕੇ ਛੱਤੀ ਹੋਈ ਰਸੋਈ ਪਾਸ ਪਹੁੰਚੇ ਤਾਂ ਸੰਤਾ ਸਿੰਘ ਨੇ ਨੌਜੁਆਨ ਦੇ ਮੂੰਹ ਵਲ ਚੰਗੀ ਤਰ੍ਹਾਂ ਦੇਖ ਕੇ ਕੁੜੀ ਨੂੰ ਕਿਹਾ,"ਜਗੀਰੋ ਬਾਰਾਂ ਵਿਚ 'ਪ੍ਰਾਹੁਣਾ' ਜਵਾਈ ਨੂੰ ਆਖਣ ਲਗ ਪਏ ਨੇ। ਦੇਸ ਵਲ ਪ੍ਰਾਹੁਣਾ ਕਿਸੇ ਸਾਕ ਸੰਬੰਧੀ ਜਾਂ ਰਾਤ ਕਟਣ ਵਾਲੇ ਨੂੰ ਆਖਦੇ ਨੇ ।ਹੋਰ ਕੋਈ ਗਲ ਨਹੀਂ । ਤੇ ਕੀ ਚਾੜ੍ਹਿਆ ਈ ਮੁੰਨੋ ?"
"ਦਾਲ" ਉਸ ਆਖਿਆ ਤੇ ਖ਼ਬਰੇ ਕੀ ਸੋਚ ਕੇ, ਪਹਿਲਾਂ ਨਾਂ ਨਾ ਲਿਆ । ਪਿਓ ਸਮਝ ਗਿਆ ਤੇ ਪਰਨਾ ਮੋਢੇ ਤੋਂ ਲਾਹ ਕੇ ਆਖਣ ਲਗਾ, "ਆਹ ਦੋ ਆਲੂ ਤੇ ਪਰਨਾ, ਅੰਦਰੋਂ ਇਕ ਅਧੀ ਵੜੀ ਕਢ ਕੇ ਪ੍ਰਾਹੁਣੇ ਲਈ ਭੁੰਨ ਲੈ। ਆਓ ਸਰਦਾਰ ਜੀ ! ਅਸੀਂ ਵੀ ਏਥੇ ਹੀ ਬੈਠ ਜਾਈਏ । ਅਗ ਸੇਕਣ ਦੀ ਇਹੋ ਈ ਰੁੱਤ ਹੁੰਦੀ ਆ ਕੇ, ਮੁੰਨੋ ਦੇਹ ਪੀੜ੍ਹੀ ਪ੍ਰਾਹੁਣੇ ਨੂੰ।"
ਕੁੜੀ ਨੇ ਚੁਪ ਚਾਪ ਸਿਰ ਨੀਵਾਂ ਕੀਤੀ ਪੀੜੀ ਥਲਿਓਂ ਕਢ ਕੇ ਅਗੇ ਰਖ ਦਿਤੀ । ਨੌਜੁਆਨ ਨੇ ਪੀੜ੍ਹੀ ਚੁਕ ਕੇ ਘਰ ਦੇ ਮਾਲਿਕ ਅਗੇ ਰਖ ਕੇ ਬੈਠਣ ਲਈ ਆਖਿਆ । ਪਰ ਉਹ ਲਾਗੇ ਪਏ ਮੂਹੜੇ ਤੇ ਬੈਠ ਚੁਕਾ ਸੀ।ਲਾਚਾਰ ਉਸਨੂੰ ਪੀੜੀ ਤੇ ਬੈਠਣਾ ਪਿਆ ਤੇ ਕੁੜੀ ਅੰਦਰੋਂ ਹੋਰ ਪਛੀਆਂ ਦਾ ਮੂਹੜਾ ਲੈ ਕੇ ਬੈਠ ਗਈ ।
ਨੌਜੁਆਨ ਨੇ ਬਾਪੂ ਨੂੰ ਕਹਿ ਕੇ ਧੀ ਨੂੰ ਸੁਣਾਇਆ, "ਤੁਸੀਂ ਆਲੂਆਂ ਦੀ ਖੇਚਲ ਨਾ ਕਰੋ ਮੇਰੇ ਲਈ ਤੁਹਾਡੀ ਛੋਲਿਆਂ ਦੀ ਦਾਲ ਹੀ ਸ਼ਾਹੀ ਖਾਣਿਆਂ ਦੇ ਬਰਾਬਰ ਹੈ । ਲਗਾਤਾਰ ਕੰਮੀਆਂ ਦਾ ਪ੍ਰਾਹੁਣਾ ਬਣ ਬਣ ਕੇ ਮੈਂ ਦਾਲਾਂ, ਅਚਾਰ, ਗੰਢਿਆਂ ਨਾਲ ਰੋਟੀ ਖਾਣ ਦਾ ਆਦੀ ਹੋ ਗਿਆ ਹਾਂ।"
ਕੁੜੀ ਨੇ ਆਪਣੀ ਇਸ ਚੁਪ ਨੂੰ ਤੋੜਦਿਆਂ ਕਿਹਾ, "ਲਓ ਖਾਂ, ਖੇਚਲ ਕਾਹਦੀ ਐ ?"
"ਮੇਰਾ ਮੂੰਹ ਵੀ ਅਜ ਸੁਆਦ ਮੰਗਦਾ ਸੀ । ਦੋ ਆਲੂ ਦਿਵਾਨ ਕਰਾੜ ਦਿਉਂ ਫੜੀ ਆਇਆਂ । ਵੜੀਆਂ ਘਰ ਦੀਆਂ ਨੇ, ਕੋਈ ਤੁਹਾਡੇ ਨਾਲ ਉਚੇਚ ਤੇ ਨਹੀਂ ਕੀਤੀ ।" ਪੈਂਚ ਨੇ ਆਖਿਆ ।
"ਤੁਹਾਡੀ ਮਰਜ਼ੀ," ਨੌਜੁਆਨ ਨੇ ਕਿਹਾ ਤੇ ਲਕੜ ਹਿਲਾ ਕੇ ਅਗਾਂਹ ਕਰ ਦਿਤੀ ।
ਕੁੜੀ ਬੋਲੀ, "ਬਾਪੂ ਜੀ,ਅਜ ਧਾਰ ਤੁਸੀਂ ਕਢ ਲਓ । ਦਾਲ ਤੇ ਹੋ ਗਈ ਐ, ਮੈਂ ਆਲੂ ਬਣਾ ਲਵਾਂ ।" ਮਹੀਂ ਖੁਰਲੀ ਤੇ ਕਾਹਲੀ ਪਈ ਹੋਈ ਸੀ ਤੇ ਕਟਾ ਉਸ ਤੋਂ ਵੀ ਵਧ ਕਾਹਲਾ । ਨਿੱਕੀ ਵਲਟੋਹੀ ਲੈ ਕੇ ਜਦੋਂ ਪੈਂਚ ਮਹੀ ਚੋਣ ਉਠਿਆ ਤਾਂ ਕੱਟਾ ਫੜਨ ਲਈ ਨੌਜੁਆਨ ਵੀ ਨਾਲ ਤੁਰਿਆ, ਪਰ "ਤੁਸੀਂ ਬੈਠੋ ਅਰਾਮ ਕਰੋ, ਕਾਕਾ ਥਕਿਆ ਹੋਵੇਂਗਾ ।" ਆਖ ਕੇ ਜਗੀਰੋ ਦੇ ਬਾਪੂ ਨੇ ਉਸ ਨੂੰ ਉਥੇ ਬੈਠਣ ਲਈ ਮਜ਼ਬੂਰ ਕੀਤਾ।ਕੁੜੀ ਉਠ ਕੇ ਅੰਦਰੋਂ ਵਲੈਤੀ ਨਮੂਨੇ ਦਾ ਚਾਕੂ ਤੇ ਚਾਰ ਵੜੀਆਂ ਫੜ ਲਿਆਈ । ਆਲੂ ਖੋਲ੍ਹ ਕੇ ਉਸ ਛਿਲਣੇ ਸ਼ੁਰੂ ਕੀਤੇ।
ਮੁੰਡੇ ਨੇ ਕਿਹਾ, "ਮੈਂ ਆਲੂ ਛਿਲ ਲੈਂਦਾ ਹਾਂ ਜੀ, ਤੁਸੀਂ ਹੋਰ ਕੰਮ ਕਰ ਲਵੋ ।"
ਕੁੜੀ ਨੇ ਨੀਵੀਂ ਨਜ਼ਰ ਨਾਲ ਬਿਨਾਂ ਕੁਝ ਕਿਹਾਂ ਆਲੂਆਂ ਵਾਲਾ ਭਾਂਡਾ ਤੇ ਚਾਕੂ ਨੌਜੁਆਨ ਨੂੰ ਫੜਾ ਦਿਤੇ । ਤੇ ਆਪ ਹਾਰਿਆਂ ਤੋਂ ਕੂੰਡੀ ਡੰਡਾ ਲਾਹ ਕੇ ਮਿਰਚਾਂ ਪੀਸਣ ਲਗ ਪਈ । ਮਿਰਚਾਂ ਇਕ ਜਾਨ ਕਰਕੇ, ਦਾਤੀ ਨਾਲ ਗੰਢੇ ਚੀਰ ਕੇ, ਉਹ ਕੂੰਡੇ ਵਿਚ ਸੁੱਟਣ ਲਗੀ ਸੀ, ਜਦ ਨੌਜੁਆਨ ਨੇ ਕਿਹਾ, "ਕੁੱਟ ਕੇ ਮਸਾਲਾ ਪਾਇਆਂ ਬਹੁਤੀ ਮਿਹਨਤ ਹੋਵੇਗੀ । ਗੰਢੇ ਲਾਲ ਕਰ ਕੇ ਮਸਾਲਾ ਕਿਉਂ ਨਹੀਂ ਬਣਾ ਲੈਂਦੇ ।" ਕੁੜੀ ਨੇ ਕੂੰਡੇ ਵਿਚ ਗੰਢੇ ਸੁਟਣੇ ਬੰਦ ਕਰ ਦਿਤੇ । ਕਾੜ੍ਹਨੀ ਵਿੱਚ ਕੜਛੀ ਮਾਰ ਕੇ ਉਸ ਦਾਲ ਲਾਹ ਲਈ । ਇਨੇ ਨੂੰ ਮਹੀਂ ਚੋ ਕੇ ਪੈਂਚ ਆ ਗਿਆ । ਕੁਝ ਦੁਧ ਉਸ ਕਾੜ੍ਹਨੇ ਵਿਚ ਪਾ ਦਿਤਾ ਤੇ ਬਾਕੀ ਉਸ ਵਲਟੋਹੀ ਵਿੱਚ ਹੀ ਢਕ ਕੇ ਹਾਰਿਆਂ ਤੇ ਰੱਖ ਦਿਤਾ। ਕੁੜੀ ਨੇ ਤਾਂਬੀਆ ਚੁਲ੍ਹੇ ਤੇ ਰੱਖ ਕੇ ਖੁਲ੍ਹਾ ਢੱਕਣ ਛਡ ਦਿਤਾ । ਛਾਹ ਸੜਨ ਤੋਂ ਪਿਛੋਂ ਉਸ ਵੜੀਆਂ ਉਸ ਵਿਚੋਂ ਲਾਲ ਕਰ ਕੇ ਕਢ ਲਈਆਂ । ਕੁਤਰੇ ਹੋਏ ਗੰਢੇ ਸੁੱਟ ਕੇ ਉਸ ਕੇਸਰੀ ਕਰ ਲਏ ਤੇ ਪਾਣੀ ਤੇ ਸੁੱਕਾ ਮਸਾਲਾ ਪਾਕੇ ਮਸਾਲਾ ਤਿਆਰ ਕਰਨ ਮਗਰੋਂ ਆਲੂ ਵਿਚ ਭੁੰਨ ਕੇ ਪਾਣੀ ਪਾ ਦਿਤਾ ।
ਪੈਂਚ ਨੇ ਜੋ ਮੂੜੇ ਤੇ ਚੁਪ ਕਰ ਕੇ ਬੈਠਾ ਸੀ,.. ਗਲ ਸ਼ੁਰੂ ਕੀਤੀ, "ਮੁੰਨੋ ਸਾਡੀ ਘਰ ਦੇ ਕੰਮਾਂ ਵਿਚ ਸੁਘੜ ਹੈ । ਰੋਟੀ ਤੇ ਬੜੀ ਸੋਹਣੀ ਪਕਾਉਂਦੀ ਹੈ । ਪਹਿਲਾ ਗੁਰਦੁਆਰੀਆ ਵਿਚਾਰਾ ਬੜਾ ਚੰਗਾ ਸੀ । ਉਸ ਕੋਲੋਂ ਇਸ ਗੁਰਮੁਖੀ ਦੀਆਂ ਪੰਜ ਚਾਰ ਕਿਤਾਬਾਂ ਪੜ੍ਹੀਆਂ ਸਨ ਤੇ ਪਾਠ ਵੀ ਕਰ ਲੈਂਦੀ ਹੈ । ਸੋਢੀਆਂ ਦੀ ਨੂੰਹ ਲਾਇਲਪੁਰ ਵਡੀ ਮਾਸਟਰਿਆਣੀ ਐ ਨਾ । ਉਹ ਦੋ ਕੁ ਵਰੇ ਹੋਏ ਤਾਂ ਛੇ ਕੁ ਮਹੀਨੇ ਚਕ ਰਹੀ ਸੀ । ਉਸ ਨੇ ਇਸ ਨੂੰ ਕਈ ਕਿਤਾਬਾਂ ਪੜ੍ਹਾ ਛਡੀਆਂ । ਅੰਗਰੇਜ਼ੀ ਦਾ ਕੈਦਾ ਵੀ ਲਾਇਆ ਸੀ, ਪਰ ਫੇਰ ਉਹ ਚਲੀ ਗਈ । ਮੇਰੇ ਕੋਲ ਵੀ ਐਸ ਵੇਲੇ ਇਸ ਦੇ ਬਿਨਾ ਕੋਈ ਨਹੀਂ, ਕੁੜੀ ਵਰ-ਪ੍ਰਵਾਣ ਐ… ।"
ਕੁੜੀ ਆਪਣੀ ਤਾਰੀਫ ਸੁਣ ਕੇ ਆਪਣੀ ਖੁਸ਼ੀ ਤੇ ਪੜਦਾ ਪਾਈ ਜਾ ਰਹੀ ਸੀ । ਇਥੇ ਪਹੁੰਚ ਕੇ ਉਸਦੀਆਂ ਗੋਰੀਆਂ ਅਨਛੋਹ ਗਲ੍ਹਾਂ ਤੇ ਇਕ ਐਸੀ ਗੂੜ੍ਹੀ ਲਾਲੀ ਫਿਰ ਗਈ, ਜਿਸਨੂੰ ਨੌਜੁਆਨ ਨੇ ਦੀਵੇ ਦੇ ਮਧਮ ਚਾਨਣ ਵਿਚ ਵੀ ਦੇਖ ਲਿਆ ।
ਸੰਤਾ ਸਿੰਘ ਨੇ ਗੱਲ ਜਾਰੀ ਰਖੀ : "ਆਪਣੀ ਬਰਾਦਰੀ ਵਿੱਚ ਸਾਨੂੰ ਕੋਈ ਇਸਦੇ ਲਾਇਕ ਵਰ ਲਭਦਾ ਨਹੀਂ । ਬੜੀ ਕੁੜਿੱਕੀ ਵਿਚ ਫਾਥੇ ਆਂ, ਹੋਰ ਉਡੀਕ ਵੀ ਨਹੀ' ਹੁੰਦਾ; ਜੁਆਨ ਜਹਾਨ ਹੀ ਹੋਈ । ਮਾਂ ਤੇ ਵਿਚਾਰੀ ਦੀ ਪੰਜਾਂ ਵਰ੍ਹਿਆਂ ਦੀ ਛਡ ਕੇ ਮਰ ਗਈ ਸੀ ।"
"ਤੇ ਤੁਸੀਂ ਕਿਸੇ ਹੋਰ ਬਰਾਦਰੀ ਵਿੱਚ ਵਿਆਹ ਕਰ ਦਿਓ" ਨੌਜੁਆਨ ਨੇ ਆਖਿਆ ।
"ਨਹੀਂ ਨਾ ਬਣਦਾ । ਮੁੰਨੋ ਦਾ ਵਡਾ ਭਰਾ ਕਾਲੀ ਮਿੱਟੀ ਫਿਟਰ ਹੈ, ਲਿਖਿਆ ਸੀ । ਹੁਣ ਮਿਸਤਰੀ ਬਨਣ ਵਾਲਾ ਹੈ । ਉਸ ਨੂੰ ਵੀ ਵਿਆਹੁਣਾ ਹੋਇਆ । ਜੇ ਕੁੜੀ ਹੋਰ ਬਰਾਦਰੀ ਵਿਚ ਵਿਆਹ ਦੇਈਏ ਤੇ ਆਪਣੀ ਬਰਾਦਰੀ ਅੰਨ-ਪਾਣੀ ਛੇਕ ਦਿੰਦੀ ਹੈ । ਤੇ ਦੂਸਰੀਆਂ ਬਰਾਦਰੀਆਂ ਵਾਲੇ ਧੀਆਂ ਲੈ ਲੈਂਦੇ ਹਨ, ਪਰ ਦਿੰਦੇ ਨਹੀਂ । ਮੈਂ ਕਹਿਨਾਂ ਗੁਰੂ ਨਾਨਕ ਨੇ ਤੇ ਚਾਰੇ ਵਰਣ ਇਕੋ ਕੀਤੇ ਤੇ ਦਸਵੇ' ਪਾਤਸ਼ਾਹ ਨੇ ਸਾਰਿਆਂ ਨੂੰ ਸਾਂਝਾ ਬਾਟਾ ਅੰਮ੍ਰਿਤ ਦਾ ਪਿਆਇਆ । "ਅਸੀਂ ਅਜ ਕਲ੍ਹ ਦੇ ਸਿਖ ਉਨ੍ਹਾਂ ਦੇ ਉਪਦੇਸ਼ ਬਾਣੀ ਤੋਂ ਮੁੱਨਕਰ ਕਿਉਂ ਹੁੰਦੇ ਜਾਨੇ ਆਂ ?"
ਨੌਜੁਆਨ ਕੁਝ ਪਰੇਰਿਤ ਜਿਹਾ ਹੋ ਕੇ ਬੋਲਿਆ, "ਸਿੱਖੀ ਵਿਚ ਪੂਰਾ ਕੌਣ ਹੈ ? ਅਸਲੀ ਸਿੱਖੀ ਕਿਰਤ ਕਰਨਾ ਦਸਦੀ ਹੈ । ਸਿੱਖ ਕਿਰਤੀ ਨੂੰ ਕਮੀਣ ਕਹਿੰਦੇ ਹਨ, ਉਨ੍ਹਾਂ ਦੀ ਨਿਰਾਦਰੀ ਕਰਦੇ ਹਨ । ਜ਼ਿਮੀਂਦਾਰਾਂ ਦੀਆਂ ਜੇ ਬੁਤੀਆਂ ਨਾ ਸਾਰਨ, ਤਾਂ ਉਨ੍ਹਾਂ ਲਈ ਜੰਗਲ ਪਾਣੀ ਜ਼ਾਣਾ ਮੁਸਕਲ ਕਰ ਦਿੰਦੇ ਹਨ । ਇਹ ਵਾਹਿਗੁਰੂ ਦੇ ਬੰਦੇ ਵਾਹਿਗੁਰੂ ਦੇ ਬੱਚਿਆਂ ਦਾ ਜੀਊਣਾ ਹਰਾਮ ਕਰ ਦਿੰਦੇ ਹਨ । ਉਨ੍ਹਾਂ ਦੀਆਂ ਬੇਪਤੀਆਂ ਕਰ ਕੇ ਧਰਮ ਦੇ ਆਗੂ ਬਣੇ ਰਹਿੰਦੇ ਹਨ । ਹਿੰਦ ਦੀ ਅਜ਼ਾਦੀ ਲਈ ਕਿਰਤੀਆਂ ਦਾ ਅੰਦੋਲਨ ਕਿਸਾਨਾ ਦੇ ਅੰਦੋਲਨ ਤੋਂ ਬਹੁਤਾ ਜ਼ਰੂਰੀ ਹੈ । ਜੱਟ ਜ਼ਿਮੀਂਦਾਰ, ਮਲਕੀਅਤ ਵਾਲਾ ਕਿਸਾਨ ਸਭ ਸਰਮਾਏਦਾਰ ਹਨ । ਜਦ ਇਹ ਆਪਣੀ ਅੱਡੀ ਥਲੇ ਅੱਧੇ ਹਿੰਦੋਸਤਾਨ ਨੂੰ ਦਬਾਈ ਰਖਣਾ ਚਾਹੁੰਦੇ ਹਨ, ਤਾਂ ਇਨ੍ਹਾਂ ਨੂੰ ਅਜ਼ਾਦੀ ਕਿਵੇਂ ਮਿਲ ਸਕਦੀ ਹੈ ?"
"ਕੀ ਤੂੰ ਸੋਸ਼ਲਿਸਟ ਹੈਂ ?" ਪੈਂਚ ਨੇ ਗੁਸੇ ਨਾਲ ਪੁਛਿਆ।
"ਨਹੀਂ, ਮੈਂ ਸਿੱਖ ਹਾਂ । ਗੁਰੂ ਨਾਨਕ ਦੇਵ ਜਗਤ ਗੁਰੂ ਨੇ ਭਾਈਚਾਰਕਵਾਦ ਨੂੰ ਜਨਮ ਦਿਤਾ ਸੀ । ਦੁਨੀਆਂ ਦੇ ਲੋਕ ਇਕ ਵੱਡੇ ਭਾਈਚਾਰੇ ਦੇ ਮੈਂਬਰ ਥਾਪੇ । ਭਾਈ ਬਾਲਾ, ਭਾਈ ਮਰਦਾਨਾ ਹੀ ਨਹੀਂ, ਭਾਈ ਸੰਤਾ ਸਿੰਘ ਵੀ ਹੈ ਤੇ ਕਿਰਤ ਕੋਈ ਨਫਰਤ ਕਰਨ ਵਾਲੀ ਸ਼ੈ ਨਹੀਂ ।"
ਇਨੇ ਨੂੰ ਢੋਇਆ ਹੋਇਆ ਬੂਹਾ ਖੋਹਲ ਕੇ ਨਾਮੋ ਨੈਣ ਅੰਦਰ ਆ ਗਈ ਤੇ ਆਖਣ ਲਗੀ, ਜਗੀਰੋ ਕੁੜੇ ਤੁਹਾਡੇ ਸਪਿਰਟ ਹੋਣੀ ਐਂ ਮੁੰਡਾ ਕੌਡੀ ਖੇਡਦਾ ਰੋੜੀ ਚੋਂ ਰਗੜਾਂ ਲਾ ਲਿਆਇਆ ।"
ਜਗੀਰੋ ਦੀਵਾ ਲੈ ਕੇ ਅੰਦਰ ਗਈ ਤੇ ਇਕ ਤੂੰਬਾ ਟਿੰਚਰ ਦਾ ਲਿਆ ਕੇ ਨਾਮੋ ਨੂੰ ਆਖਣ ਲਗੀ, "ਭਾਬੀ ਰਗੜਾਂ ਤੇ ਲਗੂ ਸਹੀ, ਪਰ ਰਾਮ ਕਰ ਦਊ ਜ਼ਰੂਰ ।"
ਪ੍ਰਾਹੁਣੇ ਵਲ ਤਾੜ ਤਾੜ ਕੇ ਵੇਖਦੀ ਉਹ ਵਾਪਸ ਚਲੀ ਗਈ ਤੇ ਜਗੀਰੋ ਬਾਹਰਲਾ ਬੂਹਾ ਬੰਦ ਕਰ ਆਈ ।
ਸੰਤਾ ਸਿੰਘ ਨੇ ਜ਼ੋਰ ਦੇ ਕੇ ਪੁਛਿਆ, "ਕਾਕਾ ਤੂੰ ਹੈਂ ਕੌਣ ?"
"ਮੈਂ ਆਦਮੀ ਹਾਂ, ਸਿਖ ।"
"ਇਹਤੇ ਮੈਨੂੰ ਵੀ ਦਿਸਦਾ ਹੈ ਪਰ ਜਾਤ ਕੀ ਹੈ ?"
"ਸਿਖ"
"ਸਿਖ ਕੌਣ ?"
"ਤੁਸਾਂ ਵੀ ਓਹੋ ਗਲ ਕੀਤੀ ।"
ਪੈਂਚ ਸ਼ਰਮਿੰਦਾ ਜਿਹਾ ਹੋ ਕੇ ਚੁਪ ਕਰ ਰਿਹਾ । ਕੁੜੀ ਨੇ ਪਤੀਲੇ ਵਿੱਚ ਵੜੀਆਂ ਪਾ ਦਿਤੀਆਂ ।
"ਮੇਰੇ ਮਾਂ ਪਿਉ ਖਤਰੀ ਹਨ ।" ਨੌਜੁਆਨ ਨੇ ਗਲ ਸਾਫ ਕਰਨ ਲਈ ਆਖਿਆ ।
"ਤੁਸੀਂ ਕੁਝ ਪੜ੍ਹੇ ਹੋਏ ਓ ?"
"ਬੀ. ਏ."
"ਲਗਦੇ ਤੇ ਨਹੀਂ, ਬੀ.ਆ. ਪਾਸ ਤੇ ਬੰਦੇ ਹੀ ਹੋਰ ਤਰ੍ਹਾਂ ਦੇ ਹੁੰਦੇ ਨੇ।"
"ਅਸਾਂ ਸਭ ਕੁਝ ਕਰਕੇ ਵੇਖ ਲਿਆ, ਸਰਦਾਰ ਜੀ । ਸਾਡਾ ਦੇਸ਼ ਨੰਗ-ਭੁਖ ਦੇ ਦੁਖੋਂ ਮਰੇ, ਇੱਜਤਾਂ ਵੇਚੇ ਤੇ ਅਸੀਂ ਬਦੇਸ਼ੀਆਂ ਦੀਆਂ ਬਾਂਦਰ ਨਕਲਾਂ ਕਰੀਏ । ਇਹ ਮੈਥੋਂ ਹੋ ਨਹੀਂ ਸਕਦਾ ?"
"ਤੁਸੀਂ ਕੰਮ ਕੀ ਕਰਦੇ ਹੋ ?"
"ਫਿਰਨਾ ਤੁਰਨਾ, ਪ੍ਰਾਹੁਣੇ ਬਣਨਾ ਤੇ ਗਲਾਂ ਕਰਨੀਆਂ ।"
"ਖਾਂਦੇ ਕਿਥੋਂ ਹੋ ?"
"ਤੁਮ੍ਹਾਤੜਾਂ ਦੇ ਲੰਗਰਾਂ ਚੋਂ ।"
ਜਗੀਰੋ ਨੇ ਗਲਾਂ ਦਾ ਸਿਲਸਲਾ ਤੋੜਦਿਆਂ ਕਿਹਾ, "ਬਾਪੂ ਜੀ ! ਤੁਸੀਂ ਕਿਹੜੀਆਂ ਗਲਾਂ ਵਿੱਚ ਪੈ ਗਏ ? ਛਡੋ ਵੀ ਪਰੇ, ਆਲੂ ਤਿਆਰ ਨੇ, ਮੈਂ ਫੁਲਕਾ ਲਾਹੁਣ ਲਗੀ ਆਂ ।"
ਪਤੀਲਾ ਪਛੋਲੇ ਤੇ ਰਖ ਉਸ ਤਵਾ ਸੁਟਿਆ ਤੇ ਤੌਣ ਮੁੜ ਸਵਾਰਕੇ ਫੁਲਕੇ ਲਾਹੁਣੇ ਸ਼ੁਰੂ ਕੀਤੇ । ਨਿੱਕੇ ਨਿੱਕੇ ਫੁਲਕੇ ਕੋਲਿਆਂ ਤੇ ਫੁਲਾ ਕੇ ਆਪਣਾ ਨਾ ਸਚ ਕਰੀ ਜਾ ਰਹੇ ਸਨ।
ਥਾਲੀਆਂ ਲਗ ਕੇ ਸਾਹਮਣੇ ਆ ਗਈਆਂ । ਬਿਨ ਤੜਕੀ ਦਾਲ ਵਿਚੋਂ ਵੀ ਅਜ ਉਸ ਨੂੰ ਸੁਆਦ ਆ ਰਿਹਾ ਸੀ । ਅਪਣੇ ਤਿੰਨਾਂ ਸਾਲਾਂ ਦੇ ਅਤਿਥੀ ਜੀਵਨ ਵਿਚ ਉਸ ਭਾਂਤ ਭਾਂਤ ਦੇ ਖਾਣੇ ਖਾਧੇ ਸਨ, ਪਰ ਜਗੀਰੋ ਦੀਆਂ ਵੜੀਆਂ ਤੇ ਮੱਖਣ ਨਾਲ ਚੋਪੜੇ ਫੁਲਕਿਆਂ ਨਾਲੋਂ ਸਭ ਮਾਤ ਸਨ । ਖਬਰੇ ਉਹ ਸੁਆਦ ਜਗੀਰੋ ਦੀ ਛੋਹ ਨੇ ਦਿਤਾ ਸੀ ਜਾਂ ਉਹ ਆਪਣੇ ਅੰਦਰੋਂ ਕਢ ਰਿਹਾ ਸੀ ।
ਰੋਟੀ ਖਾ ਚੁਕਣ ਤੋਂ ਮਗਰੋਂ ਵੀ ਕੁੜੀ ਰੋਟੀਆਂ ਪਕਾਉਂਦੀ ਰਹੀ । ਪੈਂਚ ਨੇ ਦਲਾਨ ਵਿਚ ਮੰਜੇ ਡਾਹ ਕੇ ਨਿੱਘੇ ਬਿਸਤਰੇ ਵਿਛਾ ਦਿਤੇ ਤੇ ਪ੍ਰਾਹੁਣੇ ਨੂੰ ਅੰਦਰ ਆ ਜਾਣ ਵਾਸਤੇ ਕਿਹਾ । ਬਿਸਤਰਿਆਂ ਵਿਚ ਦੋਵੇਂ ਬੈਠੇ ਹੀ ਸਨ ਕਿ ਬਾਹਰ ਦਾ ਬੂਹਾ ਖੜਕਿਆ । ਪੈਂਚ ਨੇ ਬੂਹਾ ਖੋਲ੍ਹਿਆ । ਬਾਹਰ ਨਿੱਕਾ ਚੌਕੀਦਾਰ ਸੀ । ਪੁੱਛਣ ਲੱਗਾ, "ਅਜ ਤੁਹਾਡੇ ਕੋਈ ਰਾਤ ਬੰਦਾ ਆਇਆ ?"
ਸੰਤਾ ਸਿੰਘ ਨੇ ਪੁੱਛਿਆ, "ਕਿਉਂ ?"
"ਸੁਖ" ਚੌਕੀਦਾਰ ਨੇ ਕਿਹਾ, "ਮੇਰਾ ਤੇ ਫ਼ਰਜ਼ ਹੈ ਨਾ, ਆਏ ਗਏ ਦਾ ਖ਼ਿਆਲ ਰੱਖਣਾ । ਕਲ੍ਹ ਨੂੰ ਕੋਈ ਚੋਰੀ ਹੋ ਜਾਏ ।"
"ਨਹੀ" ਓਇ ਭਾਈਆ । ਕੋਈ ਫ਼ਿਕਰ ਨਾ ਕਰ ਤੂੰ," ਪੈਂਚ ਨੇ ਕਿਹਾ ।
ਬੂਹਾ ਮਾਰ ਕੇ ਆਉਂਦਿਆਂ ਧੀ ਨੂੰ ਰੋਟੀ ਖਾਂਦਿਆਂ ਦੇਖ ਕੇ ਉਸ ਕਿਹਾ : "ਵਲਟੋਹੀ ਵਾਲਾ ਦੁੱਧ ਤੱਤਾ ਕਰ ਲਈਂ, ਮੁੰਨੋ !"
ਅੰਦਰ ਜਾ ਕੇ ਫੇਰ ਸੰਤਾ ਸਿੰਘ ਨਿੱਘਾ ਹੋ ਕੇ ਬਹਿ ਗਿਆ । ਪ੍ਰਾਹੁਣੇ ਨੇ ਪੁੱਛਿਆ, "ਕੌਣ, ਚੌਕੀਦਾਰ ਸੀ ?"
ਪੈਂਚ ਸੁਆਲ ਸੁਣ ਕੇ ਹੈਰਾਨ ਸੀ, ਜਦ ਉਸ ਫਿਰ ਕਿਹਾ, "ਹਰ ਇਕ ਨੇ ਆਪੋ ਆਪਣਾ ਕੰਮ ਕਰਨਾ ਹੈ । ਉਸ ਆਪਣਾ, ਤੁਸੀਂ ਆਪਣਾ ਤੇ ਮੈਂ ਆਪਣਾ, ਪਰ ਸਭ ਤੋਂ ਚੰਗਾ ਕੰਮ ਉਹ ਹੈ, ਜੋ ਦੇਸ਼ ਤੇ ਕੌਮ ਦੇ ਮਨੁੱਖਾਂ ਦੇ ਭਲੇ ਲਈ ਹੋਵੇ ।"
ਸੰਤਾ ਸਿੰਘ ਦਾ ਸ਼ੱਕ ਜਾਂਦਾ ਰਿਹਾ।
ਨੌਜੁਆਨ ਬੋਲਿਆ, "ਧੀ ਤੁਹਾਡੀ ਸਿਆਣੀ ਹੈ । ਇਸ ਨੂੰ ਹੋਰ ਪੜ੍ਹਾਓ । ਮੇਰਾ ਮਤਬਲ ਹੈ, ਹੋਰ ਕਿਤਾਬਾਂ ਪੜ੍ਹਨ ਨੂੰ ਦਿਓ । ਮੇਰੇ ਕੋਲ ਕੁਝ ਪੰਜਾਬੀ ਦੀਆਂ ਕਿਤਾਬਾਂ ਨੇ । ਇਹ ਆਪ ਪੜ੍ਹਨਗੇ ਤੇ ਤੁਹਾਨੂੰ ਸੁਣਾਉਣਗੇ । ਮੁੱਕ ਜਾਣਗੀਆਂ ਤੇ ਕੋਈ ਆ ਕੇ ਲੈ ਜਾਵੇਗਾ । ਹੋਰ ਦੇ ਜਾਵੇਗਾ।"
"ਇਨ੍ਹਾਂ ਕਿਤਾਬਾਂ ਵਿਚ ਕੀ ਹੈ ?"
ਕਹਾਣੀਆਂ, ਕਵਿਤਾਵਾਂ, ਲੇਖ, ਜਿਵੇਂ ਦਸਮ ਗੁਰੂ ਦੇ ਪੰਜ ਪਿਆਰੇ, ਸਿੱਖ ਭਾਈਚਾਰਾ ਤੇ ਸਮਾਜਵਾਦ, ਬਦੇਸ਼ੀ ਰਾਜ ਦੇ ਔਗੁਣ, ਰੱਬ ਦੀਆਂ ਦਾਤਾਂ ਤੇ ਬੰਦਿਆਂ ਦੀ ਕਾਣੀ ਵੰਡ ਆਦਿ ।"
"ਨਹੀਂ, ਸਾਨੂੰ ਇਨ੍ਹਾਂ ਦੀ ਲੋੜ ਨਹੀਂ ।"
"ਬਾਪੂ ਜੀ ! ਲੈ ਲਵੋ, ਮੈਂ ਪੜ੍ਹਿਆ ਕਰਾਂਗੀ । ਪੜ੍ਹਿਆਂ ਚੰਗੇ ਖ਼ਿਆਲਾਂ ਦਾ ਅਸਰ ਹੁੰਦਾ ਹੈ, ਬੁਰਿਆਂ ਦਾ ਨਹੀਂ ।" ਜਗੀਰੋ ਨੇ ਬਾਹਰੋਂ ਕਿਹਾ।
ਪੈਂਚ ਚੁਪ ਰਿਹਾ ਤੇ ਨੌਜੁਆਨ ਨੇ ਦੋ ਚਾਰ ਕਿਤਾਬਾਂ ਉਸਨੂੰ ਫੜਾ ਦਿਤੀਆਂ । ਬਾਹਰ ਦੁੱਧ ਗਰਮ ਹੋ ਗਿਆ ਸੀ ਤੇ ਕੁੜੀ ਨੇ ਭਾਂਡੇ ਮਾਂਜਣੇ ਸ਼ੁਰੂ ਕੀਤੇ ਹੋਏ ਸਨ।
ਬਾਪੂ ਨੇ ਆਵਾਜ਼ ਦਿਤੀ, "ਪੁੱਤਰ, ਪ੍ਰਾਹੁਣੇ ਦੇ ਦੁੱਧ ਵਿਚ ਖੰਡ ਪਾਈਂ, ਕਿਤੇ ਕੱਚਾ ਮਿੱਠਾ ਨਾ ਪਾ ਲਿਆਈਂ ।"
"ਨਹੀਂ, ਬਾਪੂ ਜੀ, ਮੈਂ ਤੇ ਤੁਹਾਡੇ ਦੁਧ ਵਿੱਚ ਵੀ ਖੰਡ ਹੀ ਪਾਈ ਹੈ।"
ਨੌਜੁਆਨ ਨੇ ਕਿਹਾ, "ਦੁੱਧ ਦੀ ਖੇਚਲ ਨਾ ਕਰੋ, ਮੈਂ ਦੁੱਧ ਬਹੁਤ ਘਟ ਪੀਂਦਾ ਹਾਂ।"
"ਕਿਉਂ, ਚਾਹ ਪੀਂਦੇ ਹੋ, ਬਣਵਾ ਦੇਈਏ ?"
"ਨਹੀਂ ਚਾਹ ਦੇ ਤੇ ਮੈਂ ਲਾਗੇ ਵੀ ਨਹੀਂ ਜਾਂਦਾ । ਉਂਜ ਮੈਂ ਸੋਚਦਾ ਹਾਂ, ਜੇ ਸਾਰੇ ਹਿੰਦੁਸਤਾਨੀ ਦੁੱਧ ਪੀਣ ਤਾਂ ਮਸੀਂ ਸਾਰਿਆਂ ਨੂੰ ਇਕ ਇਕ ਚਿਮਚਾ ਹਿੱਸੇ ਆਏ । ਜਿੱਦਣ ਅਸੀਂ ਛੰਨਾਂ ਭਰ ਕੇ ਪੀ ਜਾਂਦੇ ਹਾਂ, ਤਾਂ ਖ਼ਬਰੇ ਕਿੰਨੇ ਗ਼ਰੀਬਾਂ ਦਾ ਹਿੱਸਾ ਪੀ ਜਾਂਦੇ ਹਾਂ । ਸਾਡੇ ਭਰਾ ਭੁੱਖੇ ਮਰਦੇ ਹਨ । ਸਾਡੇ ਮਾਮਲਿਆਂ ਤੇ ਟੈਕਸਾਂ ਤੇ ਵਿਹਲੜ ਦਸਖ਼ਤ ਕਰਨ ਵਾਲੇ ਬਦੇਸ਼ੀ ਹੁਕਮਰਾਨ ਪਲਦੇ ਹਨ। ਸਾਡਾ ਮੱਖਣ ਉਨ੍ਹਾਂ ਦੇ ਬਦਚਲਣ ਕੈਦੀਆਂ ਨੂੰ ਮਿਲ ਸਕਦਾ ਹੈ, ਭਲੇਮਾਣਸ ਹਿੰਦੁਸਤਾਨੀ ਨੂੰ ਨਹੀਂ । ਜਿਥੇ ਆਪਣੀਆਂ ਹਕੂਮਤਾਂ ਨੇ, ਉਥੇ ਕੋਈ ਭੁੱਖਾ ਨਹੀਂ ਮਰਦਾ । ਵਿਦਿਆ ਤੇ ਕਿਤਾਬਾਂ ਮੁਫ਼ਤ ਮਿਲਦੀਆਂ ਹਨ । ਉਥੋਂ ਦੇ ਜੋੜੇ ਸੁਖੀ ਹਨ, ਬੱਚੇ ਖ਼ੁਸ਼ ਹਨ…।" ਕੁੜੀ ਦੁੱਧ ਦਾ ਗਲਾਸ ਲੈ ਕੇ ਪ੍ਰਾਹੁਣੇ ਦੇ ਲਾਗੇ ਆ ਖਲੋਤੀ । ਬਾਪੂ ਨੇ ਕਿਹਾ, "ਕਾਕਾ ! ਦੁੱਧ ਪੀ ਲੈ, ਫੇਰ ਗੱਲਾਂ ਕਰਾਂਗੇ ।"
ਨੌਜੁਆਨ ਖ਼ਬਰੇ ਨਾਂਹ ਕਰ ਦਿੰਦਾ, ਪਰ ਕੁੜੀ ਦੀ ਨੀਵੀਂ ਤਕਣੀ ਸ਼ਾਇਦ ਕਹਿ ਰਹੀ ਸੀ, "ਮੇਰੇ ਹਥੋਂ ਅਜ ਤੇ ਪੀ ਲਵੋ, ਫੇਰ ਖ਼ਬਰੇ ਕਿਤੇ ਕੁਦਰਤ ਨਾਲ ਮੇਲੇ ਹੋਣ ।"
ਨੌਜੁਆਨ ਨੇ ਆਖਿਆ, "ਪਹਿਲਾਂ ਬਾਪੂ ਜੀ ਨੂੰ ਦਿਓ ।"
"ਮੈਂ ਪੀ ਲੈਣਾ, ਤੁਸੀਂ ਲਵੋ ਪਹਿਲਾਂ ।"
ਦੂਸਰਾ ਗਲਾਸ ਬਾਪੂ ਵਾਸਤੇ ਆਗਿਆ । ਕੁੜੀ ਨੇ ਕੁਝ ਚਿਰ ਮਗਰੋਂ ਕੰਮ ਖ਼ਤਮ ਕੀਤਾ ਤੇ ਮਹੀਂ ਨੂੰ ਡਿਉਢੀ ਵਿਚ ਬੰਨ੍ਹ ਕੇ ਆਪ ਕੋਠੜੀ ਵਿਚ ਮੰਜੀ ਡਾਹ ਕੇ ਦੀਵਾ ਬੁਝਾ ਦਿਤਾ ਤੇ ਅਰਾਮ ਨਾਲ ਲੇਟ ਗਈ। ਗੱਲਾਂ ਸ਼ੁਰੂ ਰਹੀਆਂ। ਬਾਪ ਸੁਣਦਾ ਸੌਂ ਜਾਂਦਾ ਤਾਂ ਕਦੇ ਕਦੇ ਕੋਠੜੀ ਵਿਚੋਂ ਨੌਜੁਆਨ ਨੂੰ ਹੁੰਗਾਰਾ ਮਿਲ ਜਾਂਦਾ।
ਅੱਧੀ ਕੁ ਰਾਤ ਨੂੰ ਪੈਂਚ ਨੇ ਆਖਿਆ,"ਹੁਣ ਸੌਂ ਜਾਈਏ, ਤੁਹਾਡੀਆਂ ਗਲਾਂ ਸਚੀਆਂ ਨੇ, ਬਾਕੀ ਸਵੇਰੇ ਸਹੀ ।"
ਸਾਰੇ ਚੁਪ ਹੋ ਗਏ । ਬਾਪੂ ਦੇ ਘੁਰਾੜੇ ਛੇਤੀ ਹੀ ਛੁੱਟਣ ਲਗ ਪਏ । ਜਗੀਰੋ ਸ਼ਾਇਦ ਸਾਰਿਆਂ ਤੋਂ ਮਗਰੋਂ ਸੁੱਤੀ, ਉਸ ਦੇ ਸੁਪਨਿਆਂ ਦੀ ਕੌਣ ਜਾਣੇ ।
ਸਵੇਰੇ ਉਹ ਦੁਧ ਰਿੜਕਣ ਕੁਝ ਚਿਰਕੀ ਉਠੀ । ਜਦੋਂ ਉਹ ਮੱਖਣ ਕੱਠਾ ਕਰ ਰਹੀ ਸੀ, ਬਾਹਰੋਂ ਬਾਪ ਨੂੰ ਆਵਾਜ਼ਾਂ ਪੈਣੀਆਂ ਸ਼ੁਰੂ ਹੋਈਆਂ । ਵਾਹਿਗੁਰੂ ਵਾਹਿਗੁਰੂ ਕਰਦਾ ਪੈਂਚ ਬਾਹਰ ਗਿਆ । ਬਾਹਰ ਨੰਬਰਦਾਰ, ਜ਼ੈਲਦਾਰ, ਚੌਕੀਦਾਰ ਤੇ ਪੰਜਾਂ ਸੱਤਾਂ ਸਿਪਾਹੀਆਂ ਨਾਲ ਥਾਣੇਦਾਰ ਖੜਾ ਸੀ।
ਥਾਣੇਦਾਰ ਨੇ ਪੁਛਿਆ, "ਕਿਉਂ ਓਇ ਝੀਊਰਾ, ਤੇਰੇ ਘਰ ਕੋਈ ਪ੍ਰਾਹੁਣਾ ਆਇਆ ਰਾਤੀਂ ?"
'ਜੀ ਹਜ਼ੂਰ ਅੰਦਰ ਹੈ, ਭਲਾ ਲੋਕ ।"
ਥਾਣੇਦਾਰ ਇਕ ਬਿੱਲੇ ਵਾਲੇ ਸਿਪਾਹੀ ਨੂੰ ਦੇਖਕੇ ਕਹਿਣ ਲਗਾ, "ਆਲੇ ਦੁਆਲੇ ਠੀਕ ਹੈ ਸਭ ?"
"ਜੀ ਹਾਂ"
"ਚੰਗਾ ਅੰਦਰ ਚਲ ਕੇ ਗ੍ਰਿਫਤਾਰ ਕਰੋ, ਉਸਨੂੰ।"
ਪ੍ਰਾਹੁਣਾ ਬੂਹੇ ਵਿੱਚ ਆ ਗਿਆ । ਦਿਨ ਚੜ੍ਹ ਰਿਹਾ ਸੀ । ਅਸਮਾਨ ਲਾਲੋ ਲਾਲ ਹੋ ਰਿਹਾ ਸੀ । ਫੀਰੂ ਲੁਹਾਰ ਦੇ ਹਥੌੜੇ ਦੀ ਅਵਾਜ਼ ਸਭ ਨੂੰ ਸੁਣਾਈ ਦੇ ਰਹੀ ਸੀ, ਖ਼ਬਰੇ ਕਿਸੇ ਕੰਮੀ ਦੀ ਦਾਤੀ ਬਣ ਰਹੀ ਹੋਵੇ ।
"ਮੈਂ ਹਾਜ਼ਰ ਹੋ ਗਿਆ, ਥਾਣੇਦਾਰ ਸਾਹਿਬ !"
"ਪਰਮਜੀਤ ਸਿੰਘ ਤੁਸੀਂ !" ਹੈਰਾਨੀ ਨਾਲ ਥਾਣੇਦਾਰ ਬੋਲਿਆ ਤੇ ਜ਼ੈਲਦਾਰ ਵਲ ਤਕ ਕੇ, "ਸਰਦਾਰ ਬਹਾਦਰ ਮਿਹਰ ਸਿੰਘ, ਲਾਇਲਪੁਰ ਦੇ ਸਾਹਿਬਜ਼ਾਦੇ; ਪਰ ਸਾਨੂੰ ਆਪਣੀ ਕਾਰਵਾਈ ਕਰਨੀ ਪਵੇਗੀ । ਇਨ੍ਹਾਂ ਤੁਹਾਡੇ ਪਿੰਡ ਬਾਗ਼ੀਆਨਾ ਤਕਰੀਰ ਕੀਤੀ ਹੈ ਤੇ……।"
"ਜੀ ਹਾਂ, ਨੰਬਰਦਾਰ ਨੇ ਕਿਹਾ ।
"ਮੈਂ ਤਕਰੀਰ ਤੋਂ ਕਿਤੇ ਵਧ ਕੰਮ ਕਰਦਾ ਹਾਂ, ਚੌਧਰੀ ਸਾਹਿਬ ।" ਪਰਮਜੀਤ ਸਿੰਘ ਨੇ ਕਿਹਾ ।
"ਕੋਈ ਪੈਮਫ਼ਲਿਟ ਵੰਡੇ ਜੇ ?"
"ਇਹ ਤੇ ਮੇਰਾ ਪਹਿਲਾ ਕੰਮ ਹੈ ।"
"ਕਿਉਂ ਓਇ ਸੰਤੂ ! ਕੁਝ ਹੈ ਅੰਦਰ ?"
ਨੌਜੁਆਨ ਗ਼ੁਸੇ ਵਿਚ ਬੋਲਿਆ, "ਕੁਝ ਅਦਬ ਨਾਲ ਬੋਲੋ, ਚੌਧਰੀ ਸਾਹਿਬ ।ਤੁਸੀਂ ਤੇ ਪੜ੍ਹੇ ਲਿਖੇ ਥਾਣੇਦਾਰ ਹੋ ।"
"ਲਿਆ ਬਈ, ਸਰਦਾਰ ਸੰਤਾ ਸਿੰਘਾ, ਫੇਰ ਉਹ ਕਿਤਾਬਾਂ ਅੰਦਰੋਂ ।"
ਥਾਣੇਦਾਰ ਨੇ ਵਿਅੰਗ ਨਾਲ ਕਿਹਾ । ਸੰਤਾ ਸਿੰਘ ਅੰਦਰ ਗਿਆ, ਪਰ ਕਿਤਾਬਾਂ ਨਾ ਲਭੀਆਂ । ਪੁਲਸ ਵਾਲਿਆਂ ਵੀ ਉਸ ਦੀ ਲੱਭਣ ਵਿਚ ਮਦਦ ਕੀਤੀ, ਕਿਤੇ ਨਹੀਂ ਸਨ ।
ਥਾਣੇਦਾਰ ਸਾਹਿਬ ਆਪਣੇ ਪ੍ਰਾਹੁਣੇ ਨੂੰ ਲੈ ਤੁਰੇ ।

('ਦੁਖ ਸੁਖ ਤੋਂ ਪਿੱਛੋਂ' ਵਿੱਚੋਂ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਪ੍ਰਿੰਸੀਪਲ ਸੁਜਾਨ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ