Prem Poongra (Punjabi Story) : Gurbakhsh Singh Preetlari

ਪ੍ਰੇਮ ਪੂੰਗਰਾ (ਕਹਾਣੀ) : ਗੁਰਬਖ਼ਸ਼ ਸਿੰਘ ਪ੍ਰੀਤਲੜੀ

ਇਕ ਮੋਟਰ ਕਿਸ਼ਤੀ ਇਕ ਪਿੰਡ ਦੇ ਲਾਗਿਓਂ ਦਰਿਆ ਉਤੇ ਤਰਦੀ ਜਾ ਰਹੀ ਸੀ ਤੇ ਕੰਢੇ ਉਤੇ ਕਈ ਆਦਮੀ ਜ਼ਨਾਨੀਆਂ ਮੁੰਡੇ ਕੁੜੀਆਂ ਉਸ ਨੂੰ ਵੇਖ ਰਹੇ ਸਨ ।
''ਇਹ ਬੇੜੀ ਰੋਜ਼ ਏਸੇ ਵੇਲੇ ਏਥੋਂ ਲੰਘਦੀ ਏ''' ਇਕ ਆਦਮੀ ਨੇ ਆਪਣੇ ਪ੍ਰਾਹੁਣੇ ਨੂੰ ਦਸਿਆ ।
"ਕਦੇ ਏਥੇ ਖਲੋਤੀ ਨਹੀਂ ?" ਪ੍ਰਾਹੁਣੇ ਨੇ ਪੁਛਿਆ ।
''ਕਈ ਵਾਰੀ-ਪਹਿਲਿਆਂ ਵਿਚ ਰੋਜ਼ ਖਲੋਂਦੀ ਹੁੰਦੀ ਸੀ, ਤੇ ਇਹਦਾ ਮਾਲਕ ਕਿੰਨਾਂ ਕਿੰਨਾਂ ਚਿਰ ਸਾਡੇ ਨਾਲ ਗੱਲਾਂ ਕਰਦਾ ਰਹਿੰਦਾ ਸੀ-ਤਿੰਨਾਂ ਵਰ੍ਹਿਆਂ ਤੋਂ ਇਹ ਬੇ-ਨਾਗਾ ਆਉਂਦਾ ਹੈ ਸਾਡੇ ਪਿੰਡ ਵਿਚ ਕਈ ਗ਼ਰੀਬ ਮੁੰਡਿਆਂ ਦੀਆਂ ਫ਼ੀਸਾਂ ਇਹ ਦੇਂਦਾ ਹੈ, ਕਈ ਬੁਢੀਆਂ ਇਸਤੀਆਂ ਦੀਆਂ ਪੈਨਸ਼ਨਾਂ ਏਸ ਲਾਈਆਂ ਹੋਈਆਂ ਨੇ ।
''ਤਾਂ ਤੇ ਇਹ ਕੋਈ ਬੜਾ ਪਰਉਪਕਾਰੀ ਜੀਉੜਾ ਹੋਵੇਗਾ ?''
''ਸਮਝਿਆ ਤੇ ਇਹੋ ਜਾਂਦਾ ਸੀ, ਪਰ ਕੁਝ ਚਿਰ ਤੋਂ ਇਹਦੀ ਬਾਬਤ ਬੜੇ ਭੈੜੇ ਅੜੇ ਉਡ ਰਹੇ ਨੇ । ਏਸ ਦੀ ਆਪਣੀ ਬਰਾਦਰੀ ਦੇ ਲੋਕ ਸਾਡੇ ਪਿੰਡ ਵਿਚ ਆ ਆ ਕੇ ਇਹਦੀ ਬਦਖੋਈ ਕਰ ਜਾਂਦੇ ਨੇ।''
ਏਨੇ ਨੂੰ ਬੇੜੀ ਫਫ ਫਫ ਕਰ ਦੀ ਚੋਖੀ ਦੂਰ ਲੰਘ ਗਈ । ਦੂਜੇ ਪਿੰਡ ਦੇ ਕੋਲ ਜਾ ਖਲੋਤੀ । ਕਈ ਆਦਮੀ ਉਸ ਦੇ ਨੇੜੇ ਆ ਜਮ੍ਹਾ ਹੋਏ । ਕਈਆਂ ਨੂੰ ਉਸ ਨੇ ਆਪਣੇ ਬੂਟਿਆਂ ਦੀਆਂ ਗਾਚੀਆਂ ਕਢ ਕੇ ਫੜਾਈਆਂ, ਉਹਨਾਂ ਬਾਬਤ ਕੁਝ ਸਿਖਿਆ ਦੇ ਕੇ ਉਹ ਫੇਰ ਅਗਾਂਹ ਤੁਰ ਪਿਆ ।
ਤਿੰਨਾਂ ਵਰ੍ਹਿਆਂ ਤੋਂ ਰੋਜ਼ਾਨਾ ਸ਼ਾਮ ਵੇਲੇ ਉਹ ਇਸ ਕਿਸ਼ਤੀ ਵਿਚ ਬਹਿਕੇ ਦਰਿਆ ਦੇ ਕੰਢੇ ਦੇ ਕਈ ਪਿੰਡਾਂ ਵਿਚ ਜਾਂਦਾ ਹੈ । ਪਹਿਲੇ ਵਰ੍ਹੇ ਤੇ ਇਹ ਕਈ ਤਰ੍ਹਾਂ ਦੀਆਂ ਸੁਗਾਤਾਂ ਤੇ ਖਿਡਾਉਣੇ ਵੰਡਿਆ ਕਰਦਾ ਸੀ । ਜੀ ਜੀ ਇਸ ਦਾ ਆਸ਼ਕ ਹੋ ਗਿਆ ਸੀ । ਉਸ ਨੇ ਵੇਖ ਲਿਆ ਸੀ, ਕਿ ਲੋਕ ਇਹਨਾਂ ਸੁਗਾਤਾਂ ਦਾ ਇਸਤਿਮਾਲ ਠੀਕ ਨਹੀਂ ਸਨ ਕਰਦੇ ਤੇ ਕੋਈ ਵੀ ਇਹਨਾਂ ਸੁਗਾਤਾਂ ਨਾਲ ਉਚਾ ਨਹੀਂ ਸੀ ਹੋਇਆ।
ਸੁਗਾਤਾਂ ਜਾਂ ਮਾਇਆ ਦੇਣਾ ਹੁਣ ਉਸ ਬੰਦ ਕਰ ਦਿਤਾ ਸੀ । ਉਸਦਾ ਵਰਤਮਾਨ ਤਰੀਕਾ ਇਹ ਸੀ ਕਿ ਆਪਣੇ ਬਾਗ ਵਿਚੋਂ ਚੰਗੇ ਚੰਗੇ ਬੂਟਿਆਂ ਦੀਆਂ ਗਾਚੀਆਂ ਤੇ ਕਲਮਾਂ ਉਹ ਬੇੜੀ ਵਿਚ ਧਰ ਲਿਜਾਂਦਾ ਸੀ ਤੇ ਪਿੰਡਾਂ ਵਿਚ ਨੌਜਵਾਨਾਂ ਨੂੰ ਆਪਣੇ ਘਰਾਂ ਅਗੇ ਜਾਂ ਖੇਤਾਂ ਵਿਚ ਲਾਣ ਲਈ ਪ੍ਰੇਰਦਾ ਸੀ । ਖਾਦ ਰੂੜੀ, ਹਥਿਆਰਾਂ ਲਈ ਮਾਇਆ ਵੀ ਦੇਂਦਾ ਸੀ ਤੇ ਕਦੇ ਕਦੇ ਆਪਣੇ ਮਾਲੀ ਨੂੰ ਨਾਲ ਲਿਆ ਕੇ ਉਹਨਾਂ ਦੀ ਦੇਖ ਭਾਲ ਵੀ ਕਰਾਂਦਾ ਸੀ । ਪਰ ਇਹ ਜ਼ਰੂਰੀ ਸੀ ਕਿ ਹੁਣ ਉਸ ਦਾ ਸੰਬੰਧ ਜਣੇ ਖਣੇ ਨਾਲੋਂ ਹਟ ਕੇ ਸਿਰਫ਼ ਮਿਹਨਤੀ ਨੌਜਵਾਨਾਂ ਨਾਲ ਰਹਿ ਗਿਆ ਸੀ।
ਮਿਹਨਤ ਕਰਨ ਵਾਲੇ ਲੋਕ ਬਹੁਤ ਨਹੀਂ ਹੁੰਦੇ, ਖਾਸ ਕਰ ਸਾਡੇ ਦੇਸ਼ ਵਿਚ, ਜਿਥੇ ਵਿਹਲੜਾਂ ਨੂੰ ਅਲਾਹ-ਲੋਕ (ਪ੍ਰਮੇਸ਼ਵਰ-ਪਹੁਤੇ) ਦਾ ਸਤਕਾਰ ਝਟ ਮਿਲ ਜਾਂਦਾ ਹੈ । ਬੇੜੀ ਵਾਲੇ ਦੇ ਤਰ੍ਹਾਂ ਦਾ ਦਾਇਰਾ ਦਿਨੋ ਦਿਨ ਘਟਦਾ ਜਾ ਰਿਹਾ ਸੀ । ਹੁਣ ਲੋਕ ਉਸ ਨੂੰ ਪਹਿਲਾਂ ਵਾਂਗ ਸਖੀ ਨਹੀਂ ਸਨ ਸਮਝਦੇ । ਸਗੋਂ ਕਈਆਂ ਦੇ ਦਿਲਾਂ ਵਿਚ ਅਨੋਖੇ ਜਿਹੇ ਸ਼ੰਕੇ ਪੈਦਾ ਹੋ ਰਹੇ ਸਨ ।
ਤੇ ਇਹਨਾਂ ਸ਼ੰਕਿਆਂ ਨੂੰ ਉਸ ਦੀ ਆਪਣੀ ਬਰਾਦਰੀ ਤੇ ਉਸ ਦੇ ਆਪਣੇ ਕਸਬੇ ਦੇ ਲੋਕ ਪੱਕਿਆਂ ਕਰਨ ਦੀ ਉਚੇਚੇ ਕੋਸ਼ਿਸ਼ ਕਰ ਰਹੇ ਸਨ ।
ਇਹ ਜਿਸ ਕਸਬੇ ਵਿਚ ਰਹਿੰਦੇ ਸੀ, ਉਸ ਨੂੰ ਉਚੇਰੇ ਤਬਕੇ ਦੇ ਕਈ ਇਕ ਅਮੀਰ ਤੇ ਸਭਯ ਲੋਕਾਂ ਨੇ ਇਸੇ ਦਰਿਆ ਦੇ ਕੰਢੇ ਵਸਾਇਆ ਸੀ । ਇਨ੍ਹਾਂ ਸਾਰੇ ਲੋਕਾਂ ਦੀ ਰਹਿਣੀ ਬਹਿਣੀ, ਬੜੀ ਸਾਫ਼ ਤੇ ਸੁਹਣੀ ਸੀ, ਪਰ ਬੇੜੀ ਵਾਲੇ ਦੇ ਘਰ ਦੀ ਸ਼ੋਭਾ ਕੁਝ ਵਿਸ਼ੇਸ਼ ਸੀ, ਵਿਸ਼ੇਸਤਾ ਅਮੀਰੀ ਕਰਕੇ ਨਹੀਂ ਸੀ ਕਿਉਂਕਿ ਅਮੀਰ ਤੇ ਇਹਨਾਂ ਨਾਲੋਂ ਉਸ ਕਸਬੇ ਵਿਚ ਬਹੁਤ ਸਨ। ਤਾਂ ਵੀ ਇਹਨਾਂ ਦੀ ਕੋਠੀ ਤੇ ਬਾਗ਼ ਸਾਰੇ ਕਸਬੇ ਵਿਚ ਸਲਾਹੇ ਜਾਂਦੇ ਸਨ ਤੇ ਇਹਨਾਂ ਦੀਆਂ ਸ਼ਖਸੀਅਤਾਂ ਨੂੰ ਵੀ ਅਜ਼ੀਜ਼ ਸਮਝਿਆ ਜਾਂਦਾ ਸੀ ।
ਇਸ ਪਰਵਾਰ ਦੇ ਮੋਢੀ ਨੂੰ ਪਹਿਲਾਂ ਤੇ ਕੋਈ ''ਪ੍ਰੇਮ ਪੂੰਗਰਾ'' ਆਖਿਆ ਕਰਦਾ ਸੀ, ਪਰ ਸਮਾਂ ਪਾ ਕੇ ਉਸਦਾ ਅਸਲੀ ਨਾਮ ਬਹੁਤਿਆਂ ਨੂੰ ਭੁਲ ਹੀ ਗਿਆ । ਤੇ ਉਹ ਪ੍ਰੇਮ-ਪੂੰਗਰਾ ਦੇ ਨਾਮ ਤੋਂ ਹੀ ਸੱਦਿਆ ਬੁਲਾਇਆ ਜਾਣ ਲਗ ਪਿਆ ! ਉਹ ਕਦੇ ਕਿਸੇ ਨਾਲ ਝਗੜਿਆ ਨਹੀਂ ਸੀ, ਉਸ ਕਦੇ ਕਿਸੇ ਨਾਲ ਗੁੱਸੇ ਦਾ ਸ਼ਬਦ ਨਹੀਂ ਸੀ ਵਰਤਿਆ । ਕਿਸੇ ਨੇ ਉਸਨੂੰ ਉਸ ਦੇ ਆਪਣੇ ਘਰ ਵਿਚ ਵੀ ਗੁਸੇ ਨਾਲ ਉਚੀ ਬੋਲਦਿਆਂ ਨਹੀਂ ਸੀ ਸੁਣਿਆ। ਉਸ ਦੇ ਨੌਕਰ ਸਵੇਰੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਦਾ ਮੂੰਹ ਵੇਖਣਾ ਚੰਗਾ ਸਮਝਿਆ ਕਰਦੇ ਸਨ, ਕਿਉਂਕਿ ਉਹ ਸਵੇਰ ਸਾਰ ਹਰੇਕ ਮਿਲਣ ਵਾਲੇ ਨੂੰ ਇਕ ਅਜਿਹੀ ਸ਼ੁਭ-ਇਛਿਆ ਭਰੀ ਮੁਸ਼ਕਾਹਟ ਦਿਆ ਕਰਦਾ ਸੀ, ਜਿਸ ਦੀ ਯਾਦ ਸਾਰਾ ਦਿਨ ਮਨ ਵਿਚ ਰਹਿੰਦੀ ਤੇ ਕਈ ਕੰਮਾਂ ਨੂੰ ਸੁਖਾਲਿਆਂ ਕਰਦੀ ਸੀ ।
ਪ੍ਰੇਮ-ਪੂੰਗਰੇ ਨੂੰ ਦਰਿਆ ਦੀ ਸੈਰ ਦਾ ਬੜਾ ਸ਼ੌਕ ਸੀ । ਇਸ ਲਈ ਇਸ ਨੇ ਇਕ ਛੋਟੀ ਜਿਹੀ ਮੋਟਰ-ਕਿਸ਼ਤੀ ਲਈ । ਪਹਿਲੋਂ ਤੇ ਇਹ ਬਹੁਤ ਦੂਰ ਨਹੀਂ ਸੀ ਜਾਇਆ ਕਰਦਾ,ਪਰ ਜਿਉਂ ਜਿਉਂ ਇਲਾਕੇ ਦੀ ਵਾਕਫ਼ੀਅਤ ਵਧਦੀ ਗਈ, ਇਹ ਦੂਰ ਦੂਰ ਚਲਾ ਜਾਇਆ ਕਰਦਾ ਸੀ ਤੇ ਕੰਢੇ ਕੰਢੇ ਦੇ ਪਿੰਡਾਂ ਵਿਚ ਖੁਲ੍ਹੇ ਦਿਲ ਸੁਗਾਤਾਂ ਵੰਡਣ ਕਰਕੇ ਇਸ ਨਾਲ ਲੋਕਾਂ ਦਾ ਪਿਆਰ ਵੀ ਹੋ ਗਿਆ ਸੀ ।
ਪਰ ਜਿਉਂ ਜਿਉ ਇਹਨਾਂ ਪੇਂਡੂ ਲੋਕਾਂ ਨਾਲ ਇਸ ਦਾ ਪਿਆਰ ਵਧਦਾ ਗਿਆ, ਤਿਉਂ ਤਿਉਂ ਇਸਦੀ ਆਪਣੇ ਤਬਕੇ ਨਾਲ ਦਿਲਚਸਪੀ ਘਟਦੀ ਗਈ । ਏਥੋਂ ਤਕ ਕਿ ਇਸੇ ਦਾ ਗਿਣਤੀ ਦੇ ਘਰਾਂ ਨਾਲ ਮੇਲ ਮਿਲਾਪ ਰਹਿ ਗਿਆ ਸੀ। ਵਿਆਹਾਂ ਸ਼ਾਦੀਆਂ ਤੇ ਰਸਮੀ ਮਾਤਮ ਪੁਰਸੀਆਂ ਉਤੇ ਜਾਣਾ ਵੀ ਇਸ ਨੇ ਛਡ ਦਿਤਾ, ਜਿਸ ਕਰਕੇ ਆਪਣੀ ਬਰਾਦਰੀ ਨਾਲੋਂ ਇਸ ਦਾ ਨਖੇੜਾ ਦਿਨੋ ਦਿਨ ਮੁਕੰਮਲ ਹੁੰਦਾ ਜਾ ਰਿਹਾ ਸੀ ।
ਪ੍ਰੇਮ-ਪੂੰਗਰੇ ਵਿਚ ਆਈ ਇਸ ਤਬਦੀਲੀ ਨੇ ਉਸ ਨੂੰ ਆਪਣੇ ਤਬਕੇ ਵਿਚ ਸ਼ਕੀਆ ਬਣਾ ਦਿਤਾ । ਕੋਈ ਕਹਿੰਦਾ ਸੀ ਕਿ ਇਸ ਦਾ ਦਿਮਾਗ ਫਿਰ ਗਿਆ ਹੈ ਕੋਈ ਕਹਿੰਦਾ ਸੀ ਕਿ ਇਹ ਬੋਲਸ਼ੇਵਿਕ ਹੋ ਗਿਆ ਹੈ, ਕੋਈ ਕਹਿੰਦਾ ਸੀ ਕਿ ਉਸ ਦਾ ਚਾਲ ਚਲਨ ਖ਼ਰਾਬ ਹੋ ਗਿਆ ਹੈ, ਜਿਸ ਕਰਕੇ ਉਹ ਪਿੰਡਾਂ ਦੀਆਂ ਇਸਤ੍ਰੀਆਂ ਜਾਂ ਉਨ੍ਹਾਂ ਦੇ ਬਚਿਆਂ ਨੂੰ ਸੁਗਾਤਾਂ ਦੇ ਦੇ ਭਰਮਾਂਦਾ ਹੈ ।
ਪਰ ਇਸ ਚਰਚਾ ਦੇ ਬਾਵਜੂਦ ਵੀ ਪ੍ਰੇਮ-ਪੂੰਗਰਾ ਆਪਣੀ ਮੋਟਰ-ਕਿਸ਼ਤੀ ਨਾਲ ਨਵੇਂ ਰਿਸ਼ਤੇ ਬਣਾਂਦਾ ਸੀ ।
ਉਸ ਦੀ ਆਪਣੀ ਬਰਾਦਰੀ ਇਸ ਵਿਚ ਆਪਣੀ ਹਤਕ ਸਮਝਦੀ ਸੀ ਕਿ ਉਹ ਉਨ੍ਹਾਂ ਦੀ ਮਰਿਆਦਾ ਤੋਂ ਬੇ-ਪਰਵਾਹ ਹੋਵੇ ਉਹਨਾਂ ਦੀਆਂ ਰਸਮਾਂ ਵਿਚ ਹਿਸਾ ਨ ਲਵੇ। ਉਸ ਦੇ ਸਾਥੀ ਰਸਮਾਂ ਰਵਾਜ਼ਾਂ ਉੱਤੇ ਬਹੁਤ ਸਾਰਾ ਧਨ ਖ਼ਰਚ ਕਰਦੇ ਸਨ। ਪ੍ਰੇਮ-ਪੂੰਗਰਾ ਇਹ ਧਨ ਬਚਾਣ ਕਰਕੇ ਥੋੜੀ ਆਮਦਨ ਦੇ ਬਾਵਜੂਦ ਵੀ ਦੂਜਿਆਂ ਨਾਲੋਂ ਸੁਖਾਲਾ ਜਾਪਦਾ ਸੀ, ਆਪਣੇ ਬਰਾਬਰ ਦਿਆਂ ਨਾਲੋਂ ਉਸ ਦੇ ਜੀਵਨ ਦਾ ਮਿਆਰ ਉੱਚਾ ਹੁੰਦਾ ਜਾ ਰਿਹਾ ਸੀ, ਇਸ ਕਰ ਕੇ ਉਸ ਨਾਲ ਈਰਖਾ ਬੇ-ਅੰਤ ਹੁੰਦੀ ਜਾ ਰਹੀ ਸੀ ।
ਇਨ੍ਹਾਂ ਵਿਚੋਂ ਕਈਆਂ ਨੇ ਉਸ ਦੇ ਵਿਰੁਧ, ਪ੍ਰਚਾਰ ਸ਼ੁਰੂ ਕਰ ਦਿਤਾ। ਜਿਨ੍ਹਾਂ ਪਿੰਡਾਂ ਵਿਚ ਉਸ ਨੇ ਆਪਣੇ ਬਾਗ ਵਿਚੋਂ ਬੂਟੇ ਲਿਜਾ ਲਿਜਾ ਕੇ ਬਾਗ਼ ਲੁਆਏ ਸਨ, ਉਹਨਾਂ ਵਿਚ ਇਸ ਤਰ੍ਹਾਂ ਦਸਿਆ ਗਿਆ ।
''ਇਹ ਗਰੀਬਾਂ ਨਾਲ ਹਮਦਰਦੀ ਨਿਰੋਲ ਇਕ ਬਹਾਨਾ ਹੈ-ਇਹ ਨਿਗੂਣੇ ਬੂਟੇ ਦੇਂਦਾ ਹੈ, ਪਰ ਜਦੋਂ ਦੂਜਿਆਂ ਦੀ ਮਿਹਨਤ ਨਾਲ ਬਾਗ ਪ੍ਰਫੁੱਲਤ ਹੋ ਜਾਣਗੇ, ਤਾਂ ਇਹ ਮਾਲਕ ਬਣ ਜਾਇਗਾ, ਇਹ ਬੜਾ ਚਾਲਾਕ ਹੈ, ਇਸ ਦੀਆਂ ਸੁਗਾਤਾਂ ਸਿਰਫ਼ ਇਸਤ੍ਰੀਆਂ ਦੇ ਮਨ ਭਰਮਾਣ ਲਈ ਹਨ ਕਿਉਂਕਿ ਇਸ ਦਾ ਚਾਲ-ਚਲਨ ਸ਼ਕੀਆ ਹੈ ।''
ਜਨਤਾ ਦਾ ਭਾਵ ਹੈ ਕਿ ਉਹ ਮਾੜੀ ਗਲ ਉਤੇ ਚੰਗੀ ਨਾਲੋਂ ਛੇਤੀ ਯਕੀਨ ਕਰ ਲੈਂਦੇ ਹਨ ! ਚੰਗੀ ਗਲ ਉਤੇ ਯਕੀਨ ਕੀਤਿਆਂ ਯਕੀਨ ਕਰਨ ਵਾਲੇ ਨੂੰ ਅਪਣਾ ਆਪ ਕੁਝ ਛੋਟਾ ੨ ਭਾਸ਼ਣ ਲਗ ਪੈਂਦਾ ਹੈ ਤੇ ਇਹ ਸਾਨੂੰ ਕਿਸੇ ਨੂੰ ਵੀ ਪਰਵਾਨ ਨਹੀਂ ਹੁੰਦਾ, ਪਰ ਮਾੜੀ ਗਲ ਦਾ ਯਕੀਨ ਕੀਤਿਆਂ ਅਸੀਂ ਪਲ ਭਰ ਲਈ ਮੁਕਾਬਲੇ ਵਿਚ ਆਕੇ ਕੁਝ ਉਚੇ ਉਚੇ ਜਾਪਣ ਲਗ ਪੈਂਦੇ ਹਾਂ।
ਇਸ ਮਨੁਖੀ ਫ਼ਿਤਰਤ ਦੇ ਅਧੀਨ ਉਹੀ ਅਖਾਂ, ਜਿਨ੍ਹਾਂ ਵਿਚ ਕਲ ਪ੍ਰੇਮ-ਪੂੰਗਰੇ ਲਈ ਸ਼ਰਧਾ ਜਿਹੀ ਸੀ, ਅਜ ਘ੍ਰਿਣਾ ਨਾਲ ਭਰਪੂਰ ਸਨ । ਕਈਆਂ ਨੂੰ ਇਹ ਕਹਿ ਕੇ ਵੀ ਭੜਕਾਇਆ ਗਿਆ:-
ਇਹ ਤੁਹਾਡੇ ਨਾਲ ਦਰਦ ਦੀ ਕਹਾਣੀ ਬਨਾਉਟੀ ਹੈ । ਏਥੇ ਇਹ ਭਾਵੇਂ, ਤੁਹਾਡੇ ਨਾਲ ਭੁੰਜੇ ਬਹਿ ਜਾਂਦਾ ਹੈ, ਤੁਹਾਡੀ ਰੁੱਖੀ ਸੁਖੀ ਖਾ ਜਾਂਦਾ ਹੈ, ਪਰ ਆਪਣੇ ਘਰ ਇਹ ਸੋਫ਼ਿਆਂ ਤੇ ਬਹਿੰਦਾ ਤੇ ਨੌਕਰਾਂ ਦੀਆਂ ਪਕੀਆਂ ਖਾਂਦਾ ਹੈ । ਇਸ ਦੀਆਂ ਬਾਰੀਆਂ ਨਾਲ ਪਰਦੇ ਲਟਕਦੇ ਹਨ ਤੇ ਇਹ ਮੋਟਰ ਦੀ ਸਵਾਰੀ ਕਰਦਾ ਹੈ ।
ਹਾਲਾਂ ਕਿ ਮੋਟਰ ਉਸ ਨੇ ਉਦੋਂ ਹੀ ਲਈ ਸੀ, ਜਦੋਂ ਉਸ ਦੀ ਜਨਤਾ ਨਾਲ ਹਮਦਰਦੀ ਨੇ ਉਸ ਦੇ ਰੁਝੇਵੇਂ ਏਨੇ ਵਧਾ ਦਿੱਤੇ ਸਨ ਕਿ ਬਿਨਾਂ ਮੋਟਰ ਉਹ ਆਪਣੇ ਖ਼ਾਬ ਦੀ ਪੂਰਨਤਾ ਨਹੀਂ ਸੀ ਵੇਖ ਸਕਦਾ, ਪਰ ਕਿਸੇ ਨੇ ਉਸ ਨੂੰ ਸਮਝਣ ਦਾ ਯਤਨ ਨਾ ਕੀਤਾ ਤੇ ਗ਼ਲਤ-ਫ਼ਹਿਮੀ ਦਿਨੋ ਦਿਨ ਵਧਦੀ ਗਈ, ਉਸ ਦੇ ਆਪਣੇ ਤਬਕੇ ਦੇ ਇਕ ਦੋ ਆਦਮੀ ਤਾਂ ਉਸ ਦੀ ਜਾਨ ਦੇ ਵੈਰੀ ਹੋ ਗਏ। ਪਰ ਇਹ ਗੱਲ ਬਿਲਕੁਲ ਠੀਕ ਹੈ ਕਿ ਇਸ ਵੈਰ ਨੇ ਉਸ ਦਾ ਖੇੜਾ ਨਹੀਂ ਘਟਾਇਆ । ਕਿਉਂਕਿ ਕਿਸੇ ਨੇ ਕਦੇ ਨਹੀਂ ਸੀ ਸੁਣਿਆ ਕਿ ਉਸ ਨੇ ਕਿਸੇ ਨੂੰ ਮੰਦਾ ਆਖਿਆ ਹੋਵੇ, ਜਾਂ ਆਪਣੇ ਨਾਲ ਵੈਰ ਰਖਣ ਵਾਲਿਆਂ ਨੂੰ ਨੁਕਸਾਨ ਪਹੁੰਚਾਣ ਦਾ ਖ਼ਿਆਲ ਕੀਤਾ ਹੋਵੇ।
ਆਪਣੇ ਤਬਕੇ ਦੀ ਨਾਰਾਜ਼ਗੀ ਦੀ ਉਸ ਨੂੰ ਕੋਈ ਪਰਵਾਹ ਨਹੀਂ ਸੀ, ਪਰ ਹੁਣ ਜਿਨ੍ਹਾਂ ਪਿੰਡਾਂ ਵਿਚ ਉਹ ਪਿਆਰ-ਰਿਸ਼ਤਾ ਜੋੜ ਰਿਹਾ ਸੀ, ਉਨ੍ਹਾਂ ਵਿਚ ਵੀ ਉਸ ਦੀ ਮੁਖ਼ਾਲਫ਼ਤ ਸ਼ੁਰੂ ਹੋ ਗਈ ਸੀ। ਪਹਿਲੋਂ ਜਦੋਂ ਉਸ ਦੀ ਬੇੜੀ ਕੋਲੋਂ ਲੰਘਿਆ ਕਰਦੀ ਸੀ, ਲੋਕ ਖ਼ੁਸ਼ੀ ਦੇ ਨਾਅਰੇ ਮਾਰਿਆ ਕਰਦੇ ਸਨ ਤੇ ਦਰਿਆ ਦੇ ਆਰ ਪਾਰ ਜਾਣ ਦੀ ਪ੍ਰੇਮ-ਪੂੰਗਰੇ ਦੀ ਸਹਾਇਤਾ ਮੰਗਿਆ ਕਰਦੇ ਸਨ, ਹੁਣ ਇਹ ਹੋ ਗਿਆ ਕਿ ਕਈ ਲੋਕ ਘ੍ਰਿਣਾ ਦੇ ਨਾਅਰੇ ਲਾਣ ਲਗ ਪਏ ! ਓੜਕ ਇਹ ਨੌਬਤ ਆ ਗਈ ਕਿ ਲੋਕ ਢੇਮਾਂ ਮਾਰਨ ਤੇ ਉਤਰ ਆਏ ।
ਅਗੇ ਉਹ ਆਪਣੀ ਇਸਤ੍ਰੀ ਤੇ ਬੱਚਿਆਂ ਨੂੰ ਨਾਲ ਲਿਆਇਆ ਕਰਦਾ ਸੀ, ਹੁਣ ਉਹ ਇਕੱਲਾ ਆਉਂਦਾ ਸੀ-ਆਉਂਦਾ ਬਿਲਾਨਾਗਾ ਸੀ ਭਾਵੇਂ ਮੀਹ ਹੋਵੇ ਭਾਵੇਂ ਹਨੇਰੀ।ਕਦੇ ਉਸਦੀ ਉਂਗਲ ਉਤੇ ਢੇਮ ਵਜ ਜਾਂਦੀ, ਕਦੇ ਮੱਥੇ ਵਿਚ ਤੇ ਕਦੇ ਕਿਸੇ ਹੋਰ ਥਾਂ । ਉਹ ਪੱਟੀਆਂ ਬੰਨ੍ਹ ਲੈਂਦਾ ਤੇ ਆਪਣਾ ਸਫ਼ਰ ਜਾਰੀ ਰਖਦਾ ਸੀ। ਜਿਸ ਪਿੰਡ ਵਿਚ ਕੋਈ ਉਸ ਦੇ ਬੂਟੇ ਕਬੂਲ ਲੈਂਦਾ, ਉਥੇ ਹੀ ਉਹ ਵੰਡ ਆਉਂਦਾ।
ਭਾਵੇਂ ਉਸ ਦਾ ਅੰਗ ਅੰਗ ਦੁਖਣ ਲਗ ਪਿਆ ਸੀ, ਪਰ ਉਸਦਾ ਦਿਲ ਤੇ ਦਿਮਾਗ਼ ਅਜੇ ਨਰੋਏ ਸਨ । ਪਿਛਲੇ ਦੋ ਦਿਨਾਂ ਤੋਂ ਉਸ ਦੇ ਆਪਣੇ ਤਬਕੇ ਦਾ ਇਕ ਆਦਮੀ ਆਲੇ ਦੁਆਲੇ ਦੇ ਪਿੰਡਾਂ ਵਿਚ ਬੜਾ ਸਖ਼ਤ ਪ੍ਰਾਪੇਗੰਡਾ ਕਰਦਾ ਰਿਹਾ ਸੀ। ਪ੍ਰੇਮ-ਪੂੰਗਰੇ ਦੇ ਖ਼ਿਲਾਫ਼ ਬੜੀ ਐਜੀਟੇਸ਼ਨ ਖਿੱਲਰੀ ਹੋਈ ਸੀ ਜਦੋਂ ਉਸ ਦੀ ਬੇੜੀ ਇਕ ਪਿੰਡ ਦੇ ਕੋਲੋਂ ਦੀ ਲੰਘੀ, ਪੱਥਰਾਂ ਦੀ ਵਾਛੜ ਸ਼ੁਰੂ ਹੋ ਗਈ । ਕਈ ਮੁੰਡੇ ਕਤਾਰ ਬੰਨ੍ਹ ਕੇ ਖੜੇ ਸਨ, ਬੜੀ ਫੁਰਤੀ ਨਾਲ ਪ੍ਰੇਮ-ਪੂੰਗਰੇ ਨੇ ਆਪਣਾ ਸਿਰ ਬਚਾਇਆ, ਪਰ ਵਾਛੜ ਇਹੋ ਜਿਹੀ ਸੀ ਕਿ ਅਨੇਕਾਂ ਪੱਥਰ ਬੇੜੀ ਵਿਚ ਆ ਪਏ ਤੇ ਕਈ ਉਸ ਦੀ ਕੰਡ ਉਤੇ ਵੀ ਵਜੇ ।
ਜਦੋਂ ਉਸ ਨੇ ਸਿਰ ਚਕ ਕੇ ਵੇਖਣਾ ਚਾਹਿਆ ਤਾਂ ਇਕ ਸ਼ੂਕਦਾ ਪੱਥਰ ਉਸ ਦੇ ਸਿਰ ਵਿਚ ਆ ਲਗਾ ਤੇ ਇਕ ਨਿਕਾ ਜਿਹਾ ਛਾਤੀ ਵਿਚ ਵੀ ਵੱਜਾ। ਦੂਜੀ ਘੜੀ ਉਸ ਦਾ ਸਿਰ ਚਕਰਾਇਆ । ਤੇ ਉਹ ਆਪਣੀ ਬੜੀ ਵਿਚ ਢਹਿ ਪਿਆ ।
ਜਦੋਂ ਉਹ ਇਸ ਤਰਾਂ ਡਿੱਗਾ ਤਾਂ ਕਈ ਸਿਆਣਿਆਂ ਦਾ ਡਰ ਸੀ ਕਿ ਉਹ ਮਰ ਗਿਆ ਹੈ।ਪਿੰਡ ਦੇ ਇਸਤ੍ਰੀਆਂ ਮਰਦ ਬਾਹਰ ਇਕੱਠੇ ਹੋ ਗਏ ਸਨ। ਕਈਆਂ ਦੇ ਅੰਦਰ ਤਰਸ ਵੀ ਆ ਜਾਗਿਆ।
''ਤੁਸਾਂ ਚੰਗਾ ਨਹੀਂ ਕੀਤਾ। ਉਹ ਕਿਸੇ ਦਾ ਕੀ ਲੈਦਾ ਸੀ,-ਉਹ ਕਿਸੇ ਨੂੰ ਕੁਝ ਆਂਹਦਾ ਨਹੀਂ ਸੀ, ਸਦਾ ਹਰ ਕਿਸੇ ਦੀ ਸੁਣ ਲੈਂਦਾ ਸੀ, ਉਹ ਤੁਹਾਨੂੰ ਕਈਆਂ ਨੂੰ ਦਰਿਆ ਦੇ ਆਰ ਪਾਰ ਕਰ ਆਉਂਦਾ ਸੀ । ਕਈਆਂ ਦੇ ਬਾਗ ਹੁਣ ਫੁੱਲਾਂ ਤੇ ਆਏ ਹੋਏ ਨੇ-ਤੁਸਾਂ ਚੰਗਾ ਨਹੀਂ ਕੀਤਾ – "
ਦੂਜੇ ਦਿਨ ਮੋਟਰ-ਬੇੜੀ ਉਧਰ ਨਾ ਆਈ, ਤੀਜੇ ਵੀ ਨਾ ਆਈ ।
ਲੋਕਾਂ ਨੂੰ ਇਹ ਪਤਾ ਨਹੀਂ ਸੀ ਕਿ ਤਿੰਨਾਂ ਵਰ੍ਹਿਆਂ ਤੋਂ ਬੇ-ਨਾਗਾ ਉਹਨਾਂ ਦੇ ਪਿੰਡ ਕੋਲੋਂ ਫਫ ਫਫ ਕਰਦੀ ਬੜੇ ਉਨ੍ਹਾਂ ਦੇ ਜੀਵਨ ਦਾ ਭਾਗ ਬਣ ਚੁਕੀ ਸੀ । ਭਾਵੇਂ ਉਪਰਲੀ ਗਲਤਫ਼ਹਿਮੀ ਨੇ ਉਹਨਾਂ ਨੂੰ ਪ੍ਰੇਮ-ਪੂੰਗਰੇ ਦਾ ਦੁਸ਼ਮਨ ਬਣਾ ਦਿੱਤਾ ਸੀ, ਪਰ ਵਿਚੋਂ ਉਹ ਉਸ ਦੇ ਸਨੇਹੀ ਬਣ ਚੁਕੇ ਸਨ । ਉਸ ਦੇ ਪ੍ਰੇਮ ਨੇ ਦਿਲਾਂ ਦੀਆਂ ਤਹਿਆਂ ਵਿਚ ਆਪਣੀਆਂ ਪਤਲੀਆਂ ਅਦਿੱਖ-ਤੰਦਾਂ ਤੁਣ ਲਈਆਂ ਹੋਈਆਂ ਸਨ ।
ਜਦੋਂ ਤੀਜੇ ਦਿਨ ਵੀ ਬੇੜੀ ਨਾ ਆਈ ਤਾਂ ਕਈ ਲੋਕ ਬੜੇ ਉਪਰਾਮ ਹੋ ਗਏ । ਹਰ ਪਲ ਜਿਹੜਾ ਗੁਜ਼ਰਦਾ ਸੀ, ਉਹ ਪ੍ਰੇਮ-ਪੂੰਗਰੇ ਦੀ ਯਾਦ ਨੂੰ ਤੀਬਰ ਤੇ ਦੁਖਦਾਈ ਬਣਾ ਰਿਹਾ ਸੀ। ਜਿਨ੍ਹਾਂ ਨੇ ਵੱਟੇ ਮਾਰੇ ਸਨ, ਉਹ ਸਭ ਤੋਂ ਬਹੁਤੇ ਉਦਾਸ ਸਨ ਉਹ ਹੁਣੇ ਪ੍ਰੇਮ ਪੁੰਗਰੇ ਨਾਲ ਇਨਸਾਫ਼ ਕਰਨ ਲਈ ਵਿਆਕੁਲ ਹੋ ਰਹੇ ਸਨ । ਸ਼ਾਇਦ ਏਸੇ ਵਿਆਕੁਲਤਾ ਵਿਚੋਂ ਕਿਸੇ ਸਿਆਣੇ ਨੇ ਇਹ ਸਲਾਹ ਦਿਤੀ ਸੀ ।
ਆਪਣੇ ਰੁਸੇਵੇ ਉਤੇ ਕਦੇ ਸੂਰਜ ਨਾ ਡੁਬਣ ਦਿਓ-ਕੀ ਪਤਾ ਮੌਤ ਇਨਸਾਫ਼ ਕਰ ਸਕਣ ਦਾ ਮੌਕਾ ਹਮੇਸ਼ਾਂ ਲਈ ਖੋਹ ਲਵੇ।
ਉਹਨਾਂ ਸਲਾਹ ਕੀਤੀ ਕਿ ਪ੍ਰੇਮ-ਪੂੰਗਰੇ ਦੀ ਕੋਠੀ ਜਾ ਕੇ ਉਸ ਦਾ ਪਤਾ ਕੀਤਾ ਜਾਏ । ਦੋ ਸਿਆਣੇ ਆਦਮੀ ਤੇ ਪੰਜ ਛੇ ਉਹ ਨੌਜਵਾਨ ਜਿਨ੍ਹਾਂ ਵੱਟੇ ਮਾਰੇ ਸਨ, ਪ੍ਰੇਮ-ਪੂੰਗਰੇ ਦੀ ਕੋਠੀ ਗਏ ।
ਪ੍ਰੇਮ-ਪੂੰਗਰਾ ਆਪਣੀ ਕੋਠੀ ਦੇ ਵਰਾਂਡ ਵਿਚ ਮੰਜੇ ਉਤੇ ਲੰਮਾ ਪਿਆ ਸੀ, ਉਸ ਦੇ ਸਿਰ ਉਤੇ ਪੱਟੀਆਂ ਬੱਧੀਆਂ ਹੋਈਆਂ ਸਨ । ਪਤਨੀ ਟਕੋਰ ਕਰ ਰਹੀ ਸੀ ਤੇ ਇਕ ਪੇਂਡੂ ਮੁਟਿਆਰ ਚੁੱਲ੍ਹੇ ਉਤੇ ਰੂੰ ਗਰਮ ਕਰ ਰਹੀ ਸੀ ।
''ਰਜਨੀ !'' ਪ੍ਰੇਮ-ਪੂੰਗਰੇ ਨੇ ਪਤਨੀ ਦਾ ਹਥ ਫੜ ਕੇ ਆਖਿਆ, ''ਹੁਣ ਮੈਂ ਰਾਜ਼ੀ ਹਾਂ, ਤੁਸੀਂ ਵੀਰੋ ਨੂੰ ਇਹਦੇ ਪਿੰਡ ਛਡ ਆਓ, ਬੜੇ ਦਿਨ ਹੋ ਗਏ ਨੇ ।''
''ਨਹੀਂ ਜੀ ।'' ਚੁੱਲ੍ਹੇ ਕੋਲ ਬੈਠੀ ਮੁਟਿਆਰ ਨੇ ਗਰਮ ਰੂੰ ਦਾ ਗੋਹੜਾ ਰਜਨੀ ਨੂੰ ਫੜਾ ਕੇ ਆਖਿਆ, ਮੈਂ ਕਿਹੜੀ ਬਿਗਾਨੇ ਥਾਂ ਵਾਂ, ਮੇਰਾ ਭਰਾ ਰੋਜ਼ ਮੈਨੂੰ ਆ ਕੇ ਮਿਲ ਜਾਂਦਾ ਏ ਤੇ ਹਮੇਸ਼ਾਂ ਇਹੋ ਤਗੀਦ ਕਰਦਾ ਏ ਕਿ ਜਦੋਂ ਇਹ ਰਾਜ਼ੀ ਹੋਣ ਓਦੋਂ ਹੀ ਉਹ ਮੈਨੂੰ ਘਰ ਲਿਜ਼ਾਇਗਾ ।
''ਤੁਸੀਂ ਫ਼ਿਕਰ ਨਾ ਕਰੋ'' ਪਤਨੀ ਨੇ ਆਖਿਆ, ਮੈਂ ਵੀਰੋ ਨੂੰ ਰਤਾ ਔਖਾ ਨਹੀਂ ਹੋਣ ਦਿਆਂਗੀ, ਇਹਦੇ ਬਿਨਾਂ ਪਿਛਲੀਆਂ ਦੋ ਰਾਤਾਂ ਮੈਂ ਤੁਹਾਡੀ ਸੇਵਾ ਨਹੀਂ ਸੀ ਕਰ ਸਕਦੀ-ਵੀਰੋ ਬੰਦੀ ਨੇ ਅੱਖ ਨਾਲ ਅੱਖ ਨਹੀਂ ਲਈ।''
''ਵੀਰੋ, ਜੇ ਤੂੰ ਮੇਰੀ ਬੇੜੀ ਨੂੰ ਮੇਰੇ ਸਮੇਤ ਹੀ ਡੁਬ ਜਾਣ ਦੇਂਦੀਓਂ ਤਾਂ ਅਜ ਏਡੀ ਔਖੀ ਨਾ ਹੁੰਦੀਓਂ।''
''ਕਦੇ ਵਸ ਕੀਤਿਆਂ ਕੋਈ ਆਪਣੇ ਪ੍ਰਾਣ ਸਰੀਰ ਵਿਚੋਂ ਨਿਕਲਣ ਦਿੰਦਾ ਏ-ਮੇਰੇ ਭਰਾ ਨੂੰ ਪੁਛਣਾ, ਕੀਕਰ ਮੈਂ ਤੁਹਾਡੀ ਬੇੜੀ ਨੂੰ ਉਡੀਕਦੀ ਸਾਂ, ਏਸੇ ਉਡੀਕ ਵਿਚ ਅੱਖਾਂ ਦਰਿਆਂ ਉਤੇ ਅੱਡੀਆਂ ਹੋਈਆਂ ਸਨ ਕਿ ਤੁਹਾਡੀ ਬੇੜੀ ਮੈਨੂੰ ਆਉਂਦੀ ਦਿਸੀ, ਕੰਢੇ ਨਾਲ ਟਕਰਾਈ ਐਉਂ ਜਾਪਿਆ ਜਿਵੇਂ ਉਸ ਮੇਰੇ ਨਾਲ ਟੱਕਰ ਖਾਧੀ-ਮੈਂ ਚੀਕਾਂ ਮਾਰੀਆਂ ਤੇ ਪਿੰਡ ਕੱਠਾ ਹੋ ਗਿਆ।''

ਫਾਟਕ ਉਤੇ ਚੌਕੀਦਾਰ ਦੇ ਕਿਸੇ ਨਾਲ ਝਗੜਨ ਦੀ ਆਵਾਜ਼ ਆਈ।
''ਅਸਾਂ ਮਿਲਣਾ ਜ਼ਰੂਰ ਏ''
''ਉਹ ਬੜੇ ਔਖੇ ਨੇ-ਉਹਨਾਂ ਨਾਲ ਮਿਲਣ ਦੀ ਕਿਸੇ ਨੂੰ ਆਗਿਆ ਨਹੀਂ ਹੈ।''
"ਜਾ-ਤੂੰ ਪੁਛ ਆ-ਅਸੀਂ ਉਹਨਾਂ ਪਿੰਡਾਂ ਤੋਂ ਆਏ ਹਾਂ, ਜਿਨ੍ਹਾਂ ਵਿਚ ਉਹ ਰੋਜ਼ ਬੂਟੇ ਵੰਡਣ ਜਾਂਦੇ ਸਨ।''
''ਤੇ ਜਿਨ੍ਹਾਂ ਨੇ ਉਹਨਾਂ ਦਾ ਸਿਰ ਪਾੜ ਦਿਤਾ ਏ ਛਾਤੀ ਵਿਚ ਵੱਟੇ ਮਾਰੇ ਨੇ ।" ਚੌਕੀਦਾਰ ਨੇ ਅੱਖਾਂ ਲਾਲ ਕਰਕੇ ਆਖਿਆ।
ਇਹ ਵਾਜਾਂ ਪ੍ਰੇਮ-ਪੂੰਗਰੇ ਦੇ ਕੰਨੀਂ ਪਈਆਂ ।ਉਸ ਨੇ ਪਤਨੀ ਨੂੰ ਫਾਟਕ ਤੇ ਭੇਜਿਆ।
"ਚੌਕੀਦਾਰ, ਆਉਣ ਦਿਓ-ਵੀਰੋ ਦਾ ਸਦਕਾ ਆਉਣ ਦਿਓ-ਇਹਨਾਂ, ਪਤਾ ਨਹੀਂ ਵੱਟੇ ਮਾਰੇ ਨੇ ਕਿ ਨਹੀਂ, ਪਰ ਵੀਰੋ ਨੇ ਉਹਨਾਂ ਦੀ ਜਿੰਦ ਜ਼ਰੂਰ ਬਚਾਈ ਹੈ ਤੇ ਸੇਵਾ ਵਿਚ ਦਿਨ ਰਾਤ ਇਕ ਕਰ ਦਿਤੇ ਨੇ । ਵੀਰੋ ਵੀ ਤੇ ਉਹਨਾਂ ਪਿੰਡਾਂ ਦੀ ਇਕ ਕੁੜੀ ਹੈ।"
ਜਦੋਂ ਰਜਨੀ ਚੌਕੀਚਾਰ ਨੂੰ ਸਮਝਾ ਰਹੀ ਸੀ ਪ੍ਰੇਮ-ਪੂੰਗਰਾ ਵੀਰੋ ਦੇ ਹਥੋਂ ਗਰਮ ਰੂੰ ਮਥੇ ਤੇ ਧਰਾ ਕੇ ਆਖ ਰਿਹਾ ਸੀ ।
"ਮੇਰੀ ਚੰਗੀ ਵੀਰਾਂ, ਘ੍ਰਿਣਾ ਦੇ ਵੱਟਿਆਂ ਵਿੱਚ ਏਨਾ ਦੁੱਖ ਨਹੀਂ। ਜਿੰਨਾ ਪਿਆਰ ਦੀ ਘੁਟਣੀ ਵਿਚ ਸੁਖ ਹੈ-ਮੈਂ ਤੇਰੇ ਪਿਆਰ ਦਾ ਸਦਕਾ ਦੁਸ਼ਮਣਾਂ ਨਾਲ ਭਰਪੂਰ ਸਾਰੀ ਦੁਨੀਆਂ ਨੂੰ ਮਾਫ਼ ਕਰ ਸਕਦਾ ਹਾਂ-ਜਿਸ ਦੁਨੀਆਂ ਵਿਚ ਇਕ ਜੋੜਾ ਅੱਖਾਂ ਦਾ ਵੀ ਤੇਰੇ ਵਾਂਗ ਮੇਰੇ ਵਲ ਤਕ ਸਕਦਾ ਹੈ, ਉਸ ਦੁਨੀਆਂ ਦੀ ਸਾਰੀ ਘ੍ਰਿਣਾ ਮੈਂ ਭੁਲ ਸਕਦਾ ਹਾਂ''
''ਤੁਸੀਂ ਜਦੋਂ ਦੇ ਸਾਡੇ ਪਿੰਡ ਆਉਣ ਲਗੇ ਓ, ਮੈਨੂੰ ਮਾਂ ਕਹਿੰਦੀ ਏ ਤੂੰ ਹੋਰ ਦੀ ਹੋਰ ਹੋ ਗਈ ਏਂ ਤੁਹਾਡੀ ਬੇੜੀ ਦੀ ਉਡੀਕ ਵਿਚ ਸਾਰਾ ਦਿਨੇ ਚਾਈਂ ਚਾਈਂ ਘਰ ਦਾ ਕੰਮ ਕਰਨੀ ਆਂ-''
''ਉਹ ਜਾਣੇ ਜੇ ਤਿੰਨ ਵਰਿਆਂ ਵਿਚ ਮੈਂ ਇਕ ਬੂਟਾ ਵੀ ਨੇ ਲਾਇਆ ਹੋਵੇ, ਇਕ ਫੁਲ ਵੀ ਨਾ ਉਗਾਇਆ ਹੋਵੇ-ਇਕ ਘਰ ਨੂੰ ਵੀ ਨਾ ਸੁਖਾਇਆ ਹੋਵੇ ਤੇ ਜੇ ਮੈਂ ਇਕ ਮਾਸੂਮ ਨਿਰਛੱਲ ਦਿਲ ਦੀ ਪ੍ਰਸੰਸਾ ਲੈ ਸਕਿਆ ਹਾਂ ਤਾਂ ਮੈਂ ਖੁਸ਼ ਹਾਂ, ਮੇਰਾ ਜੀਵਨ ਏਡਾ ਵਿਅਰਥ ਨਹੀਂ ਲੰਘਿਆ, ਜੇਡਾ ਲੋਕ ਆਖਦੇ ਹਨ।''

ਰਜਨੀ ਸਾਰੇ ਪੇਂਡੂਆਂ ਨੂੰ ਆਪਣੇ ਨਾਲ ਲੈ ਆਈ ਤੇ ਵਰਾਂਡੇ ਵਿਚ ਬੈਂਚਾਂ ਉਤੇ ਉਹਨਾਂ ਨੂੰ ਬਿਠਾ ਦਿਤਾ। ਉਹਨਾਂ ਦੇ ਮੂੰਹ ਸਹਿਮੇ ਹੋਏ ਸਨ ਜਿਉਂ ਜਿਉਂ ਉਹ ਪ੍ਰੇਮ-ਪੂੰਗਰੇ ਦੇ ਮੂੰਹ ਵਲ ਵਖਦੇ ਸਨ, ਥਾਂ ਥਾਂ ਉਤੇ ਬਧੀਆਂ ਪਟੀਆਂ ਦਾ ਧਿਆਨ ਕਰਦੇ ਸਨ, ਉਹਨਾਂ ਦੇ ਆਪਣੇ ਮੂੰਹ ਸ਼ਰਮ ਨਾਲ ਪ੍ਰੇਮ ਪੂੰਗਰੇ ਨਾਲੋਂ ਵੀ ਵਧੇਰੇ ਪੀਲੇ ਹੁੰਦੇ ਜਾਂਦੇ ਸਨ। ਉਸ ਮੁਖ ਉਤੇ ਅਜ ਕੋਈ ਮੁਸਕ੍ਰਾਹਟ ਨਹੀਂ ਸੀ, ਜਿਹਨੂੰ ਵੇਖਿਆਂ ਦਰਸ਼ਕਾਂ ਦੀਆਂ ਅੱਖਾਂ ਆਪਮੁਹਾਰੀਆਂ ਹਸ ਪੈਂਦੀਆਂ ਸਨ, ਕਈ ਨਾਵਾਕਫ਼ ਇਸਤ੍ਰੀਆਂ ਉਸ ਨੂੰ ਵੇਖ ਕੇ ਯਤਨ ਨਾਲ ਆਪਣੀ ਮੁਸਕ੍ਰਾਹਟ ਰੋਕਦੀਆਂ ਹੁੰਦੀਆਂ ਸਨ । ਉਸ ਜ਼ਬਾਨ ਵਿਚ ਅਜ ਕੋਈ ਬਲ ਨਹੀਂ ਸੀ ਜਿਹੜਾ ਦਿਲਾਂ ਨੂੰ ਧੂ ਪਾਣ ਵਾਲੇ ਸ਼ਬਦ ਪਤਾ ਨਹੀਂ ਕਿਥੋਂ ਕਢ ਲਿਆਇਆ ਕਰਦੀ ਸੀ ।
''ਅਸੀਂ ਆਪਣੇ ਕੀਤੇ ਦੀ ਭੁਲ ਬਖ਼ਸ਼ਾਣ ਆਏ ਹਾਂ, ਅਸੀਂ ਬੜੇ ਸ਼ਰਮਿੰਦੇ ਹਾਂ-ਤੁਸੀਂ ਸਾਨੂੰ ਮਾਫੀ ਦਿਓ ਤੇ ਛੇਤੀ ਰਾਜ਼ੀ ਹੋ ਕੇ ਆਪਣੀ ਬੇੜੀ ਵਿਚ ਬਹਿ ਕੇ ਸਾਡੇ ਕੋਲ ਆਓ-ਇਹ ਬੇੜੀ ਤਿੰਨਾਂ ਦਿਨਾਂ ਦੀ ਨਹੀਂ ਆਈ-ਸਾਨੂੰ ਇਉਂ ਲਗਦਾ ਏ, ਸਾਡਾ ਮਾਲੀ ਘਰੀ ਨਹੀਂ ਆਇਆ-ਅਸੀਂ ਉਦਾਸ ਹਾਂ, ਢਿਡ ਭਰ ਕੇ ਰੋਟੀ ਨਹੀਂ ਖਾਧੀ ਤੁਸੀਂ ਸਾਨੂੰ ਮਾਫ਼ੀ ਦਿਓ ਇਹ ਮੁੰਡੇ ਬੜੇ ਪ੍ਰੇਸ਼ਾਨ ਨੇ।''
ਪ੍ਰੇਮ-ਪੂੰਗਰੇ ਨੇ ਵਡੇ ਸਰਹਾਣੇ ਵਲ ਇਸ਼ਾਰਾ ਕੀਤਾ, ਵੀਰੋ ਨੇ ਸਰ੍ਹਾਣਾ ਚੁੱਕ ਲਿਆ ਤੇ ਰਜਨੀ ਨੇ ਪਤੀ ਦੇ ਲਕ ਪਿਛੇ ਬਾਹਾਂ ਦਿਤੀਆਂ, ਵੀਰੋ ਨੇ ਸਰ੍ਹਾਣਾ ਰਖ ਦਿਤਾ । ਪ੍ਰੇਮ-ਪੂੰਗਰਾ ਬਹਿ ਗਿਆ ਤੇ ਹੌਲੀ ਜਿਹੀ ਉਸ ਨੇ ਆਖਿਆ,
"ਮੈਂ ਬੜਾ ਰਾਜ਼ੀ ਹਾਂ ਕਿ ਤੁਸੀਂ ਆਏ ਹੋ ਇਹ ਕਦੇ ਨ ਸਮਝਨਾ ਮੈਂ ਗੁੱਸੇ ਹੋਣ ਕਰਕੇ ਤਿੰਨਾਂ ਦਿਨਾਂ ਤੋਂ ਤੁਹਾਡੇ ਕੋਲ ਨਹੀਂ ਆਇਆ-ਮੈਂ ਕਦੇ ਨਾਗਾ ਨਹੀਂ ਸੀ ਪਾਇਆ-ਕਦੇ ਪਾਣਾ ਵੀ ਨਹੀਂ, ਸੱਟਾਂ, ਮੈਨੂੰ ਰੋਜ਼ ਲਗਦੀਆਂ ਸਨ, ਮੇਰਾ ਪਰਿਵਾਰ ਮੈਨੂੰ ਰੋਜ਼ ਵਰਜਦਾ ਸੀ ਪਰ ਨਿਕੇ ਮੋਟੇ ਫੱਟਾਂ ਉਤੇ ਪਟੀਆਂ ਬੰਨ੍ਹ ਕੇ ਮੈਂ ਆਪਣੀ ਰੋਜ਼ਾਨਾ ਯਾਤਰਾ ਖੁਸ਼ੀ ਨਾਲ ਨਿਭਾਇਆ ਕਰਦਾ ਸਾਂ, ਉਦਨ ਵੱਟੇ ਮੇਰੀ ਹਿੱਕ ਅਤੇ ਪੁੜਪੁੜੀ 'ਚ ਆ ਲੱਗੇ, ਮੇਰੇ-ਵਸ ਦੀ ਗੱਲ ਨਾ ਰਹੀ -ਬੇੜੀ ਦਾ ਵੀਲ ਮੇਰੇ ਹੱਥੋਂ ਛੁਟ ਗਿਆ ।ਬੇ-ਕਾਬੂ ਬੇੜੀ ਪਤਾ ਨਹੀਂ ਕਦੋਂ ਕੰਢੇ ਨਾਲ ਜਾ ਟਕਰੀ, ਡੁੱਬਣ ਲਗੀ ਨੂੰ ਵੀਰੋ ਨੇ ਵੇਖ ਲਿਆ ਤੇ ਮੈਨੂੰ ਵਿਚੋਂ ਕਢ ਲਿਆ। ਜਦੋਂ ਮੈਨੂੰ ਹੋਸ਼ ਆਈ ਤਾਂ ਏਥੇ ਮੇਰੇ ਸਰ੍ਹਾਣੇ ਵੀਰੋ ਤੇ ਮੇਰੀ ਪਤਨੀ ਸੇਕ ਦੇ ਰਹੀਆਂ ਸਨ-'' ਕਈਆਂ ਦੀਆਂ ਅੱਖਾਂ ਵਿਚੋਂ ਅੱਥਰੂ ਤ੍ਰਿਪ ਤ੍ਰਿਪ ਕਰ ਰਹੇ ਸਨ।
''ਪਰ ਯਕੀਨ ਜਾਣੋ-ਮੈਂ ਇਕ ਪਲ ਲਈ ਵੀ ਤੁਹਾਡੇ ਨਾਲ ਗੁੱਸੇ ਨਹੀਂ ਹੋਇਆ । ਜੇ ਮੇਰੇ ਵਿਚ ਜ਼ਰਾ ਵੀ ਹਿੰਮਤ ਬਾਕੀ ਰਹੀ ਹੁੰਦੀ ਤੇ ਮੇਰੀ ਬੇੜੀ ਡੁੱਬੀ ਨਾ ਹੁੰਦੀ ਤਾਂ ਦੂਜੀ ਸ਼ਾਮ ਹੀ ਤੁਸੀਂ ਮੈਨੂੰ ਆਪਣੇ ਪਿੰਡ ਕੋਲੋਂ ਲੰਘਦਾ ਵੇਖਦੇ ਤੁਹਾਡੇ ਵੇਖੇ ਬਿਨਾਂ ਜੀਉ ਨਹੀਂ ਸਕਦਾ - ਤੁਸੀਂ ਹੁਣ ਮੇਰਾ ਜੀਵਨ ਬਣ ਗਏ ਹੋ, ਤੁਹਾਡੇ ਵਟਿਆਂ ਨਾਲ ਮੋਇਆਂ ਵੀ ਮੈਨੂੰ ਕਸ਼ਟ ਨਹੀਂ ਹੋਣ ਲਗਾ-ਪਰ ਮੇਰੇ ਜੀਵਨ ਦਾ ਕੰਮ ਤੁਸੀਂ ਹੀ ਹੋ। ਜਿੰਨਾ ਚਿਰ ਮੈਂ ਜੀਊ ਸਕਦਾ ਹਾਂ ਮੇਰੀ ਬੇੜੀ ਤੁਹਾਡੇ ਹੀ ਕੰਢਿਆਂ ਵਿਚਕਾਰ ਗੇੜੇ ਕਢਦੀ ਰਹੇਗੀ । ਤੁਹਾਡੇ ਵਟਿਆਂ ਨਾਲ ਡੁੱਬੇ ਜਾਂ ਤੁਹਾਡੀ ਸੇਵਾ ਵਿਚ ਖ਼ਸਤਾ ਹੋ ਕੇ ਮੁੱਕੇ, ਇਸ ਦਾ ਅੰਤ ਤੁਹਾਡੇ ਹੀ ਪਾਣੀਆਂ ਵਿਚ ਹੋਵੇਗਾ ।
ਕੋਲ ਬੈਠਿਆਂ ਦੇ ਨਿਰੇ ਅਥਰੂ ਹੀ ਨਹੀਂ ਸਨ ਵਗ ਰਹੇ, ਉਭੇ ਸਾਹਾਂ ਦੀ ਆਵਾਜ਼ ਵੀ ਆ ਰਹੀ ਸੀ, ਪਰ ਪ੍ਰੇਮ-ਪੂੰਗਰੇ ਦਾ ਚਿਹਰਾ ਥਕਾਵਟ ਦੇ ਬਾਵਜੂਦ ਵੀ ਸਾਫ਼ ਹੁੰਦਾ ਜਾ ਰਿਹਾ ਸੀ ।
''ਹੁਣ ਮੈਂ ਛੇਤੀ ਰਾਜ਼ੀ ਹੋ ਜਾਵਾਂਗਾ ਬੇੜੀ ਨੂੰ ਕਢਾਵਾਂਗਾ, ਤੇ ਫੇਰ ਤੁਹਾਡੇ ਦਰਸ਼ਨ ਕਰਾਂਗਾ-ਤੁਸੀਂ ਤਸੱਲੀ ਰਖੋ ਪਰ ਅੱਜ ਮੈਨੂੰ ਜ਼ਰੂਰ ਮਾਫ਼ ਕਰ ਦੇਣਾ ਕਿ ਤੁਸੀਂ ਆਏ ਹੋ ਤੇ ਮੇਰੇ ਕੋਲ ਤੁਹਾਡੇ ਲਈ ਕੋਈ ਮੁਸਕ੍ਰਾਹਟ, ਨਹੀਂ--ਬਿਨਾਂ ਮੁਸਕਰਾਹਟ ਦੇ ਕਿਸੇ ਨੂੰ ਮਿਲਣਾ ਮੈਂ ਪਾਪ ਸਮਝਦਾ ਹਾਂ-ਪਰ ਅਜ ਮੇਰੇ ਬੁਲ ਪੀੜਤ ਹਨ ਮੇਰਾ ਸਾਰਾ ਅੰਦਰ ਦੁਖ ਰਿਹਾ ਹੈ-ਕੋਸ਼ਸ਼ ਕੀਤਿਆਂ ਵੀ ਮੈਂ। ਹੱਸ ਨਹੀਂ ਸਕਿਆ-ਮੈਨੂੰ ਖਿਮਾ ਕਰਨ, ਮੈਂ ਛੇਤੀ ਤੁਹਾਡੇ ਕੋਲ ਆ ਕੇ ਹੱਸਾਂਗਾ-ਮੈਂ ਤੁਹਾਨੂੰ ਹਸਾਵਾਂਗਾ, ਮੇਰਾ ਦੁਨੀਆਂ ਵਿਚ ਕੋਈ ਹੋਰ ਮਨੋਰਥ ਨਹੀਂ -ਮੈਂ ਦੁਨੀਆਂ ਦੀ ਮੁਸਕ੍ਰਾਹਟ ਵਧਾਣ ਲਈ ਆਪਣਾ ਸਭ ਕੁਝ ਅਰਪਨ ਕਰਨਾ ਚਾਹੁੰਦਾ ਹਾਂ-ਬਾਹਰਲੀ ਕੁਦਰਤੀ ਮੁਸਕਾਹਟ ਨੂੰ ਮੈਂ ਅੰਦਰਲੀ ਚੰਗਿਆਈ ਵਿਚੋਂ ਉਠਦੀ, ਭਾਅ ਸਮਝਦੇ ਹਾਂ, ਤੁਹਾਡੇ ਪਿਆਰ ਦਾ ਪਾਤਰ ਹੋਣ ਦਾ ਜਤਨ......''
ਵੀਰਾਂ ਨੇ ਸਿਰ੍ਹਾਣਾ ਝਟ ਪਟ ਚੁਕ ਲਿਆ-ਰਜਨੀ ਨੇ ਲਕ ਦੁਆਲੇ ਬਾਹਾਂ ਪਾ ਲਈਆਂ । ਪ੍ਰੇਮ-ਪੂੰਗਰੇ ਦਾ ਰੰਗ ਇਕ ਦਮ ਪੀਲਾ ਹੋ ਗਿਆ ਸੀ, ਡਾਢੀ ਥਕਾਵਟ ਦੇ ਨਿਸ਼ਾਨ ਸਨ। ਜਾਪਦਾ ਸੀ ਬੇਹੋਸ਼ੀ ਦਾ ਫ਼ਿਟ ਆ ਰਿਹਾ ਸੀ। ਸਿਧਾ ਮੰਜੇ ਤੇ ਲਿਟਾ ਦਿਤਾ।
ਪਿੰਡ ਦੇ ਆਦਮੀ ਪਤਨੀ ਦੇ ਇਸ਼ਾਰੇ ਉਤੇ ਉਠ ਖਲੋਤੇ, ਤੇ ਕਿਸੇ ਨੇ ਹਥਾਂ ਨੂੰ, ਕਿਸੇ ਨੇ ਪੈਰਾਂ ਨੂੰ ਚੁੰਮਿਆ ਤੇ ਭਰੇ ਹੋਏ ਕਲੇਜਿਆਂ ਨੂੰ ਥੰਮਦੇ ਹੋਏ ਕਈ ਵਾਰੀ ਮੁੜ ਮੁੜ ਕੇ ਤਕਦੇ ਹੋਏ ਚਲੇ ਗਏ ।
''ਖ਼ਾਤਰ ਜਮਾਂ ਰਖੋ, ਜਦ ਇਹ ਤਕੜੇ ਹੁੰਦੇ ਨੇ ਅਸੀਂ ਸਾਰੇ ਹੀ ਤੁਹਾਡੇ ਪਿੰਡ ਆਵਾਂਗੇ ।'' ਰਜਨੀ ਨੇ ਉਹਨਾਂ ਨੂੰ ਆਸ ਦੁਆਈ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਬਖ਼ਸ਼ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ