Qabar (Story in Punjabi) : Krishan Chander

ਕਬਰ (ਕਹਾਣੀ) : ਕ੍ਰਿਸ਼ਨ ਚੰਦਰ

ਉਹ ਕਾਲਜ ਵਿਚ ਨਵਾਂ ਹੀ ਦਾਖਲ ਹੋਇਆ ਸੀ। ਪਹਿਲਾਂ ਸ਼ਾਇਦ ਮੋਗੇ ਕਾਲਜ ਵਿਚ ਪੜ੍ਹਦਾ ਰਿਹਾ ਸੀ। ਫੇਰ ਜਦੋਂ ਉਸ ਦੇ ਵੱਡੇ ਭਰਾ ਨੂੰ ਲਾਹੌਰ ਦੇ ਇਕ ਬੈਂਕ ਵਿਚ ਨੌਕਰੀ ਮਿਲ ਗਈ, ਉਹ ਵੀ ਲਾਹੌਰ ਆ ਗਿਆ। ਬੜਾ ਸ਼ਰਮੀਲਾ ਮੁੰਡਾ ਸੀ ਉਹ। ਪਤਲੇ ਸਰੀਰ ਦਾ ਸੋਹਣਾ-ਸੁਨੱਖਾ ਨੌਜਵਾਨ—ਚੌੜਾ ਮੱਥਾ, ਨਿੱਖਰਵਾਂ ਰੰਗ ਤੇ ਮੁਸਕਰਾਉਂਦੇ ਹੋਏ ਬੁੱਲ੍ਹ। ਪਰ ਉਸ ਦੇ ਬੁੱਲ੍ਹ ਇਕ ਸ਼ਰਮੀਲੀ ਮੁਸਕਾਨ ਦੇ ਬਾਵਜੂਦ ਕਿਸੇ ਗੁੱਝੇ ਭਾਵ ਵੱਸ ਹਮੇਸ਼ਾ ਥਰਥਰਾਉਂਦੇ ਰਹਿੰਦੇ ਸਨ। ਕਲਾਸ ਵਿਚ ਹਮੇਸ਼ਾ ਉਹ ਪਿੱਛਲੇ ਬੈਂਚਾਂ ਉਪਰ ਇਕ ਕੋਨੇ ਵਿਚ ਬੈਠਾ ਹੁੰਦਾ ਸੀ। ਕਦੇ ਕਿਸੇ ਨੇ ਉਸ ਨੂੰ ਸ਼ਰਾਰਤ ਕਰਦਿਆਂ ਨਹੀਂ ਸੀ ਦੇਖਿਆ। ਉਹ ਨਾ ਤਾਂ ਕੁੜੀਆਂ ਉੱਤੇ ਚਾਕ ਦੇ ਟੁਕੜੇ ਸੁੱਟਦਾ ਤੇ ਨਾ ਹੀ ਕਾਗਜ਼ ਦੇ ਹਵਾਈ ਜਹਾਜ਼! ਹੋਰ ਤਾਂ ਹੋਰ ਉਸ ਨੇ ਕਦੀ ਪ੍ਰੋਫੈਸਰਾਂ ਦੇ ਲੈਕਚਰ ਦੌਰਾਨ, ਸ਼ਰਧਾਂਜਲੀ ਵਜੋਂ, ਉਹਨਾਂ ਦੀ ਮੇਜ਼ ਉੱਤੇ ਇਕ ਪੈਸਾ ਵੀ ਨਹੀਂ ਸੀ ਸੁੱਟਿਆ।
ਤੇ ਫੇਰ ਇਕ ਦਿਨ ਮੈਨੂੰ ਪਤਾ ਲੱਗਾ ਕਿ ਉਹ ਸ਼ਾਇਰ ਵੀ ਏ।
ਕਾਲਜ ਹੋਸਟਲ ਵਿਚ ਸਾਡੇ ਕਮਰੇ ਨਾਲ-ਨਾਲ ਹੀ ਸਨ, ਇਸ ਕਰਕੇ ਅਸੀਂ ਛੇਤੀ ਹੀ ਇਕ ਦੂਜੇ ਨਾਲ ਖੁੱਲ੍ਹ ਗਏ ਸਾਂ। ਉਸ ਨੇ ਮੈਨੂੰ ਦੱਸਿਆ ਕਿ ਉਹ ਲਾਇਲਪੁਰ ਦਾ ਰਹਿਣ ਵਾਲੀ ਏ। ਉਹ ਸੱਤ ਭਰਾ ਨੇ—ਇਕ ਮੁਨੀਮ, ਇਕ ਵਕੀਲ, ਇਕ ਸਕੂਲ ਮਾਸਟਰ, ਇਕ ਆੜਤੀ, ਇਕ ਬਜਾਜ, ਇਕ ਅਫ਼ੀਮ ਦਾ ਸਰਕਾਰੀ ਠੇਕੇਦਾਰ ਏ ਤੇ ਸੱਤਵਾਂ ਤੇ ਸਭ ਤੋਂ ਛੋਟਾ ਉਹ ਆਪ ਵਿਦਿਆਰਥੀ ਏ। ਵੱਡੇ ਛੀਏ ਭਰਾ ਵਿਆਹੇ ਹੋਏ ਸਨ। ਹੁਣ ਬੀ.ਏ. ਕਰ ਲੈਣ ਪਿੱਛੋਂ ਉਸ ਦੀ ਵਾਰੀ ਸੀ।
ਸ਼ਾਇਦ ਇਸੇ ਗੱਲ ਨੇ ਉਸ ਨੂੰ ਸ਼ਾਇਰ ਬਣਾ ਦਿੱਤਾ ਸੀ।
ਪਤਝੜ ਰੁੱਤ ਦੀਆਂ ਚਾਨਣੀਆਂ ਰਾਤਾਂ ਵਿਚ ਜਦੋਂ ਬੱਦਲਾਂ ਦੇ ਨਿੱਕੇ-ਨਿੱਕੇ ਟੁੱਕੜੇ ਪਰੀ-ਜ਼ਾਦਿਆਂ ਵਾਂਗ, ਅਸਮਾਨ ਉੱਤੇ ਤੈਰ ਰਹੇ ਹੁੰਦੇ ਸਨ ਅਤੇ ਚੰਨ-ਚਾਨਣੀ ਦੀਆਂ ਫਿੱਕੀਆਂ-ਪੀਲੀਆਂ ਤੇ ਮੁਲਾਇਮ ਰਿਸ਼ਮਾਂ ਹੋਸਟਲ ਦੇ ਬਨੇਰਿਆਂ ਨੂੰ ਕਿਸੇ ਪਰੀ-ਮਹਿਲ ਦੇ ਗੁੰਬਦਾਂ ਜਿੰਨਾਂ ਹੁਸੀਨ ਤੇ ਖਿੱਚ-ਭਰਪੂਰ ਬਣਾ ਦੇਂਦੀਆਂ ਸਨ, ਤਾਂ ਅਸੀਂ ਦੋਏ ਉਪਰ ਕਿਸੇ ਬੁਰਜੀ ਵਿਚ ਜਾ ਬੈਠਦੇ ਸਾਂ। ਇਕ ਵੇਰ ਮੈਂ ਉਸ ਨੂੰ ਪੁੱਛਿਆ...:
''ਕਦੀ ਤੂੰ, ਕਾਨਨ ਨਾਲੋਂ ਜ਼ਿਆਦਾ ਹੁਸੀਨ ਤੇ ਸ਼ਰਮੀਲੀ ਕੁੜੀ ਦੇਖੀ ਏ ਕਦੀ? ਸੱਚ ਦੱਸੀਂ, ਜਿਸ ਦਿਨ ਉਹ ਚਿੱਟੀ ਸਾੜ੍ਹੀ ਤੇ ਆਵੇਜੇ (ਝੁਮਕੇ) ਪਾ ਕੇ ਕਾਲਜ ਆਉਂਦੀ ਏ, ਕੀ ਉਸ ਦਿਨ ਵੀ ਤੇਰਾ ਦਿਲ ਇੰਜ ਨਹੀਂ ਕਰਦਾ ਬਈ ਚਾਕ ਦਾ ਇਕ ਟੁੱਕੜਾ ਉਸ ਨੂੰ ਇੰਜ ਮਾਰਿਆ ਜਾਏ ਕਿ ਸਾੜ੍ਹੀ ਦੇ ਧਾਰੀਏ ਨੂੰ ਚੁੰਮਦਾ ਹੋਇਆ, ਚਮੇਲੀ ਦੇ ਫੁੱਲ ਵਾਂਗ, ਉਸ ਦੇ ਪੈਰਾਂ ਵਿਚ ਜਾ ਡਿੱਗੇ...? ਧਰਮ ਨਾਲ ਕਲਾਸ ਰੂਮ ਵਿਚ ਬੈਠੀ ਨੂੰ ਸ਼ਰਧਾਂਰਲੀ ਭੇਟ ਕਰਨ ਦਾ ਇਸ ਤੋਂ ਚੰਗਾ ਤਰੀਕਾ ਹੋਰ ਕੋਈ ਨਹੀਂ ਹੋ ਸਕਦਾ।...ਤੇ ਘਨਈਆ ਲਾਲਾ! ਪ੍ਰਿੰਸੀਪਲ ਤੇ ਪ੍ਰੋਫੈਸਰਾਂ ਦੀ ਮੂਰਖਤਾ ਤਾਂ ਦੇਖ, ਸਾਨੂੰ ਅਜਿਹੀਆਂ ਗੱਲਾਂ 'ਤੇ ਵੀ ਜੁਰਮਾਨੇ ਕਰਨੋਂ ਨਹੀਂ ਟਲਦੇ। ਉਤੋਂ 'ਬਦਮਾਸ਼' ਤੇ 'ਲਫ਼ੰਗੇ' ਵਗ਼ੈਰਾ ਦੇ ਖ਼ਿਤਾਬ ਵੱਖਰੇ ਦੇ ਦਿੱਤੇ ਜਾਂਦੇ ਨੇ, ਜੀਅ ਕਰਦਾ ਏ...''
ਘਨਈਆ ਲਾਲ ਕੋਈ ਸ਼ਿਅਰ ਗੁਣਗੁਣਾਉਣ ਲੱਗ ਪਿਆ ਸੀ। ਫੇਰ ਉਸ ਨੇ ਮੱਧਮ ਆਵਾਜ਼ ਵਿਚ ਆਪਣੀ ਪ੍ਰੇਮ ਕਹਾਣੀ ਸੁਣਾਈ ਸੀ। ਉਹ ਸ਼ਰਮੀਲਾ, ਪਹਿਲਾ ਪਿਆਰ ਜਿਹੜਾ ਕਿਸੇ ਨਵ-ਜੰਮੀ ਕਲੀ ਵਾਂਗ ਹੀ ਪੱਤਿਆਂ ਦੀ ਓਟ ਵਿਚ ਲੁਕਿਆ ਰਿਹਾ ਸੀ। ਉਸ ਦੀ ਮੱਧਮ ਆਵਾਜ਼ ਵਿਚ ਉਸ ਪਹਾੜੀ ਗੀਤ ਵਰਗੀ ਮਿਠਾਸ ਘੁਲੀ ਹੋਈ ਸੀ ਜਿਸ ਨੂੰ ਕਿਸੇ ਬਾਲ ਚਰਵਾਹੇ ਦੀਆਂ ਕੋਮਲ ਬੁੱਲ੍ਹੀਆਂ 'ਚੋਂ ਜੰਗਲ ਦੀਆਂ ਹਵਾਵਾਂ ਨੇ ਪਹਿਲੀ ਵਾਰੀ ਸੁਣਿਆ ਹੋਏ। ਉਸ ਦੀਆਂ ਅੱਖਾਂ ਵਿਚ ਕੁਝ ਇਹੋ-ਜਿਹੀ ਸੰਗ ਤੇ ਸਥਿਰਤਾ ਸੀ, ਜਿਹੋ ਜਿਹੀ ਪ੍ਰੇਮੀ ਦੀ ਪਹਿਲੀ ਤੱਕਣੀ ਵਿਚ ਹੁੰਦੀ ਏ। ਆਪਣੀ ਪ੍ਰੇਮ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਉਸ ਨੇ ਇਕ ਵਾਰੀ ਪੂਰਬ ਵੱਲ ਤੱਕਿਆ, ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਤਾਰਿਆਂ ਵਾਂਗ ਲਿਸ਼ਕ ਰਹੀਆਂ ਸਨ।
'ਇਕ ਵਿਧਵਾ ਪੰਡਤਾਣੀ ਸਾਡੇ ਘਰ ਪਾਣੀ ਭਰਦੀ ਏ। ਉਸ ਦੀ ਇਕ ਧੀ ਏ ਰੁਕਮਨ,'' ਘਨਈਆ ਲਾਲ ਨੇ ਰੁਕ-ਰੁਕ ਕੇ ਕਹਿਣਾ ਸ਼ੁਰੂ ਕੀਤਾ, ''ਰੁਕਮਨ ਨੂੰ ਤੂੰ ਨਹੀਂ ਦੇਖਿਆ, ਤਦੇ ਤਾਂ ਦਿਨ-ਰਾਤ ਕਾਨਨ ਦੀ ਪ੍ਰਸੰਸ਼ਾ ਕਰਦਾ ਰਹਿੰਦਾ ਏਂ। ਰੁਕਮਨ ਦਾ ਇਕ ਚਾਚਾ ਵੀ ਏ, ਜਿਸ ਨੇ ਰੁਕਮਨ ਦੇ ਪਿਉ ਦੀ ਮੌਤ ਤੋਂ ਬਾਅਦ ਉਹਨਾਂ ਦੀ ਸਾਰੀ ਜਾਇਦਾਦ ਉੱਤੇ ਕਬਜਾ ਕਰ ਲਿਆ; ਕੁੜੀ ਤੇ ਵਿਧਵਾ ਪੰਡਤਾਣੀ ਨੂੰ ਬੇ-ਦਖ਼ਲ ਕਰਵਾ ਦਿੱਤਾ...ਉਸ ਨੇ ਆਪਣੇ ਸਵਰਗਵਾਸੀ ਭਰਾ ਦੇ ਮਕਾਨ ਉੱਤੇ ਵੀ ਕਬਜਾ ਕੀਤਾ ਹੋਇਆ ਏ। ਮਾਂ ਤੇ ਧੀ ਨੂੰ ਸਿਰਫ ਦੋ ਕੋਠੜੀਆਂ ਦੇ ਛੱਡੀਆਂ ਨੇ। ਦੋਏ ਦੋ ਤਿੰਨ ਘਰਾਂ ਦੇ ਭਾਂਡੇ ਮਾਂਜ ਕੇ ਤੇ ਪਾਣੀ ਭਰ ਕੇ, ਔਖੀਆਂ-ਸੁਖਾਲੀਆਂ, ਦਿਨ-ਕਟੀ ਕਰ ਰਹੀਆਂ ਨੇ। ਸਾਡੇ ਘਰ ਉਹਨਾਂ ਦਾ ਵਾਹਵਾ ਆਉਣ-ਜਾਣ ਏ। ਜਦੋਂ ਉਹ ਵਿਚਾਰੀਆਂ ਮੇਰੀਆਂ ਕਰੂਪ ਭਾਬੀਆਂ ਕੋਲ ਆਪਣੇ ਦੁਖੜੇ ਫਰੋਲ ਰਹੀਆਂ ਹੁੰਦੀਆਂ ਨੇ, ਤਾਂ ਉਹਨਾਂ ਨੂੰ ਡਾਢਾ ਤਰਸ ਆਉਂਦਾ ਏ। ਅਕਸਰ ਹੁੰਦਾ ਇੰਜ ਏ ਕਿ ਰੁਕਮਨ ਦੀ ਮਾਂ, ਸਵੇਰੇ ਜਾਂ ਆਥਣੇ ਰੁਕਮਨ ਦੇ ਚਾਚੇ ਦੀ ਕਿਸੇ ਨਵੀਂ ਕਰਤੂਤ ਦੀ ਕਹਾਣੀ ਸੁਣਾ ਰਹੀ ਹੁੰਦੀ ਏ ਤੇ ਮੇਰੇ ਛੀਏ ਭਰਾ ਵੀ ਉੱਥੇ ਹੀ ਆ ਬੈਠਦੇ ਨੇ ਤੇ ਰੁਕਮਨ ਦੀਆਂ ਹੰਝੂ-ਭਰੀਆਂ ਅੱਖਾਂ ਨੂੰ ਦੇਖ-ਦੇਖ ਕੇ ਹਮਦਰਦੀ ਜਤਾਅ ਰਹੇ ਹੁੰਦੇ ਨੇ। ਉਹ ਹਮੇਸ਼ਾ ਰੁਕਮਨ ਨਾਲ ਗੱਲ ਕਰਦੇ ਨੇ, ਰੁਕਮਨ ਦੀ ਮਾਂ ਨਾਲ ਨਹੀਂ। ਜਿਵੇਂ ਗੱਲ ਤਾਂ ਰੁਕਮਨ ਦੀ ਮਾਂ ਕਰ ਰਹੀ ਹੈ ਪਰ ਸਾਡੇ ਵੱਡੇ ਭਾਈ ਸਾਹਬ ਜਿਹੜੇ ਸੇਠ ਰਣਛੋਡ ਲਾਲ ਜੀ ਦੇ ਮੁਨੀਮ ਨੇ, ਕਹਿਣਗੇ...
'' 'ਰੁਕਮਨ ਤੂੰ ਸਾਡੇ ਘਰ ਆ ਕੇ ਹੀ ਰਹਿਣ ਲੱਗ ਪੈ, ਅਸੀਂ ਇੱਥੇ ਤੈਨੂੰ ਕੋਈ ਕਸ਼ਟ ਨਹੀਂ ਹੋਣ ਦਿਆਂਗੇ। ਹੈ ਨਾ ਬਈ...'
'ਤੇ ਬਾਕੀ ਦੇ ਪੰਜੇ ਭਾਈ ਸਾਹਬ ਹੁਰੀਂ ਸਿਰ ਹਿਲਾ-ਹਿਲਾ ਕੇ ਕਹਿਣਗੇ,'ਹਾਂ, ਹਾਂ, ਹਾਂ, ਭਲਾ ਰੁਕਮਨ ਦੀ ਬੀਬੀ ਤੇ ਰੁਕਮਨੇ, ਤੈਨੂੰ ਆਪਣੇ ਚਾਚੇ ਕੋਲ ਰਹਿਣ ਦੀ ਕੀ ਲੋੜ ਪਈ ਏ, ਇੱਥੇ ਆ ਕੇ ਈ ਰਹਿਣ ਲੱਗ ਪਓ...ਕਿਉਂ ਰੁਕਮਨੇ?'
''ਮਨੁੱਖੀ ਹਮਦਰਦੀ ਦੇ ਏਨਾਂ ਪ੍ਰਤੀਕਾਂ ਵੱਲ ਦੇਖ ਰਹੀਆਂ ਭਾਬੀਆਂ ਦੀਆਂ ਸ਼ਕਲਾਂ ਦੇਖਣ ਵਾਲੀਆਂ ਹੁੰਦੀਆਂ ਨੇ, ਉਦੋਂ।...ਜਾਂ ਕਦੀ-ਕਦੀ ਇੰਜ ਵੀ ਵਾਪਰਦਾ ਏ ਕਿ ਰੁਕਮਨ ਸਾਡੇ ਘਰ ਉਦਾਸ ਤੇ ਗ਼ਮਗ਼ੀਨ ਸੂਰਤ ਬਣਾ ਕੇ ਆਉਂਦੀ ਏ—
''ਪਹਿਲੇ ਭਾਈ ਸਾਹਬ, 'ਕੀ ਗੱਲ ਏ, ਰੁਕਮਨ?'
''ਦੂਜੇ ਭਾਈ ਸਾਹਬ, 'ਰੁਕਮਨੇ ਤੂੰ ਉਦਾਸ ਕਿਉਂ ਏਂ ਬਈ?'
''ਤੀਜੇ ਭਾਈ ਸਾਹਬ, 'ਰੁਕਮਨ! ਕਿਉਂ ਕੀ ਗੱਲ ਏ?'
''ਚੌਥੇ ਭਾਈ ਸਾਹਬ, 'ਕਿਉਂ? ਕਿਸੇ ਨੇ ਕੁਛ ਆਖਿਐ ਤੈਨੂੰ?'
''ਪੰਜਵੇਂ ਭਾਈ ਸਾਹਬ ਦੀ ਵਾਰੀ ਆਉਣ ਤੋਂ ਪਹਿਲਾਂ ਹੀ ਰੁਕਮਨ ਉੱਚੀ-ਉੱਚੀ ਰੋਣ ਲੱਗ ਪੈਂਦੀ ਏ ਤੇ ਸਿਸਕਦੀ ਹੋਈ ਆਖਦੀ ਏ, 'ਚਾਚੇ ਨੇ ਅੱਜ ਫੇਰ ਮਾਂ ਕੁੱਟੀ...ਚਾਚੇ ਨੇ...ਚਾਚੇ ਨੇ...ਉਂ...ਉਂ...ਹੂੰ...'
''ਪੰਜਵੇਂ ਭਾਈ ਸਾਹਬ ਕੜਕ ਕੇ ਕਹਿੰਦੇ ਨੇ, 'ਚਾਚੇ ਨੇ ਕੁੱਟੀ...? ਕਿਉਂ, ਉਸ ਸਾਲੇ ਦਾ ਕੀ ਹੱਕ ਬਣਦੈ ਤੇਰੀ ਮਾਂ ਨੂੰ ਕੁੱਟਣ ਦਾ? ਸਾਲਾ, ਹਰਾਮਜਾਦਾ, ਸ਼ੋਹਦਾ ਨਾ ਹੋਵੇ ਤਾਂ। ਕਿਉਂ ਜੀ, ਮੈਂ ਪੁੱਛਦੈਂ, ਉਸਦਾ, ਇਸਦੀ ਮਾਂ ਨੂੰ ਕੁੱਟਣ ਦਾ ਕੀ ਰਾਹ ਏ ਭਲਾ?'
''ਤੇ ਛੇਵੇਂ ਭਾਈ ਸਾਹਬ ਘੂਰੀ ਵੱਟ ਕੇ ਕਹਿੰਦੇ ਨੇ, 'ਕੰਬਖਤ ਅੱਜ ਰਾਹ 'ਚ ਮਿਲ ਪਿਆ ਤਾਂ ਪੁੱਛੂੰ ਉਸਨੂੰ ਬਈ ਇਕ ਗਰੀਬ ਵਿਧਵਾ ਨੂੰ ਕਿਵੇਂ ਸਤਾਈਦਾ ਹੁੰਦੈ।'
''ਛੇਵੇਂ ਭਾਈ ਸਾਹਬ ਦੀਆਂ ਲਾਲ-ਪੀਲੀਆਂ ਅੱਖਾਂ ਦੇਖ ਦੇ ਰੁਕਮਨ ਸਹਿਮ ਜਾਂਦੀ ਏ ਤੇ ਮਿੰਨਤ ਜਿਹੀ ਕਰਦੀ ਏ, 'ਨਾ, ਨਾ ਭਾਈ ਸਾਹਬ ਦੇਖਿਓ ਕਿਤੇ ਕੁੱਟ-ਮਾਰ ਨਾ ਕਰ ਬੈਠਿਓ...ਫੇਰ ਤਾਂ ਆਫ਼ਤ ਈ ਆ ਜਾਏਗੀ ਸਾਡੇ 'ਤੇ।'
'ਤੇ ਛੇਵੇਂ ਭਾਈ ਸਾਹਬ ਉਸੇ 'ਆਫ਼ਤ' ਬਾਰੇ ਸੋਚ ਕੇ ਚੁੱਪ ਕਰ ਜਾਂਦੇ। ਉਂਜ ਵੀ ਸਾਡੇ ਵਿਚੋਂ ਏਡਾ ਦਲੇਰ ਕਿਹੜਾ ਸੀ ਜਿਹੜਾ ਰੁਕਮਨ ਦੇ ਚਾਚੇ ਨਾਲ ਜਾ ਭਿੜਦਾ! ਉਹ ਤਾਂ ਛਟਿਆ ਹੋਇਆ ਬਦਮਾਸ਼ ਤੇ ਕਮੀਨਾ ਬੰਦਾ ਸੀ। ਕਿਹੜਾ ਸੀ, ਜਿਹੜਾ ਉਸ ਨਾਲ ਲੜਾਈ ਸਹੇੜਦਾ! ਮੇਰੇ ਭਰਾਵਾਂ ਦਾ ਮਨ ਸਿਰਫ ਇਸ ਕਰਕੇ, ਵਾਰੀ-ਵਾਰੀ, ਤੂਫ਼ਾਨੀ ਰੂਪ ਧਾਰ ਬਹਿੰਦਾ ਸੀ ਕਿ ਰੁਕਮਨ ਇਕ ਭੋਲੀ-ਭਾਲੀ, ਕੱਚੀ ਉਮਰ ਦੀ ਤੇ ਬੜੀ ਹੀ ਸੋਹਣੀ-ਮੁਟਿਆਰ ਕੁੜੀ ਸੀ ਤੇ ਉਹਨਾਂ ਦੀਆਂ ਪਤਨੀਆਂ ਬੜੀਆਂ ਚਲਾਕ ਤੇ ਕਰੂਪ ਸਨ। ਨਾਲੇ ਉਹਨਾਂ ਨੂੰ ਆਪਣੇ ਮਧ-ਵਰਗੀ ਸਮਾਜਕ ਜੀਵਨ ਵਿਚ ਅੱਜ ਤੱਕ ਕਿਸੇ ਸੁੰਦਰ ਕੁੜੀ ਨਾਲ ਗੱਲਾਂ ਕਰਨ ਤੇ ਹਮਦਰਦੀ ਪ੍ਰਗਟਾਉਣ ਦਾ ਮੌਕਾ ਵੀ ਤਾਂ ਨਹੀਂ ਸੀ ਮਿਲਿਆ। ਉਹ ਵਿਚਾਰੇ ਸਾਰਾ ਦਿਨ ਸਿਰ ਖਪਾਈ ਕਰਨ ਪਿੱਛੋਂ ਥੱਕੇ-ਹਾਰੇ ਜਦੋਂ ਘਰ ਵਾਪਸ ਆਉਂਦੇ ਤਾਂ ਆਪਣੀਆਂ ਮੂਰਖ-ਉਜੱਡ ਪਤਨੀਆਂ ਨੂੰ ਐਵੇਂ ਹੀ ਨਿੱਕੀਆਂ-ਨਿੱਕੀਆਂ ਗੱਲਾਂ ਉੱਤੇ ਲੜਦਿਆਂ-ਝਗੜਦਿਆਂ ਦੇਖਦੇ। ਇਸ ਗੱਲ ਦੀ ਮਨੋਵਿਗਿਆਨਕ ਪ੍ਰਤੀਕ੍ਰਿਆ ਤੈਨੂੰ ਪਤਾ ਈ ਏ, ਇਕੋ ਰੂਪ ਧਾਰ ਸਕਦੀ ਏ।''
''ਪ੍ਰੇਮ ਜਾਂ ਵਸਨਾ!'' ਮੈਂ ਹੌਲੀ ਜਿਹੀ ਕਿਹਾ।
'ਕੁਝ ਸਮਝ ਲੈ,'' ਘਨਈਆ ਲਾਲ ਨੇ ਉਤਰ ਦਿੱਤਾ, ''ਇਹ ਇਕ ਅਹਿਸਾਸ ਦੇ ਦੋ ਵੱਖ-ਵੱਖ ਰੂਪ ਨੇ। ਮੇਰੇ ਭਰਾਵਾਂ ਨੂੰ ਰੁਕਮਨ ਨਾਲ ਗੱਲਾਂ ਕਰਨ ਵਿਚ ਜਿਹੜਾ ਸਵਾਦ ਆਉਂਦਾ ਏ ਉਸ ਨੂੰ ਪ੍ਰਾਪਤ ਕਰਨ ਵਾਸਤੇ ਉਹ ਵੱਖਰੇ-ਵੱਖਰੇ ਤਰੀਕੇ ਇਸਤੇਮਾਲ ਕਰਦੇ ਨੇ ਤੇ ਮਜ਼ੇ ਪਏ ਲੈਂਦੇ ਨੇ। ਪਰ ਜੇ ਇਹਨਾਂ ਸਾਰੇ ਤਰੀਕਿਆਂ ਨੂੰ ਇਕੋ ਜਗਾਹ ਰੱਖ ਕੇ ਉਹਨਾਂ ਨੂੰ ਭਾਵੁਕ ਰੂਪ ਵਿਚ ਦੇਖਣ ਤੋਂ ਰਤਾ ਸੰਕੋਚ ਕਰੀਏ ਤੇ ਸਮੂਹਕ-ਰੂਪ ਵਿਚ ਇਹਨਾਂ ਉੱਤੇ ਗੌਰ ਕਰੀਏ ਤਾਂ ਉਹ ਤਰੀਕੇ ਇਕੋ 'ਕਰਮ' ਦਾ ਰੂਪ ਧਾਰ ਲੈਂਦੇ ਨੇ। ਉਦਾਹਰਣ ਵਜੋਂ ਸਾਰਿਆਂ ਦੀ ਇਹੋ ਕੋਸ਼ਿਸ਼ ਹੁੰਦੀ ਏ ਕਿ ਉਹ ਆਪਣੇ ਵਾਸਨਾ ਭਾਵ ਨੂੰ ਦੂਜੇ ਤੋਂ ਲਕੋਈ ਰੱਖਣ। ਜਿੱਥੋਂ ਤਕ ਹੋ ਸਕੇ ਰੁਕਮਨ ਨਾਲ ਵੱਧ ਤੋਂ ਵੱਧ ਹਮਦਰਦੀ ਦਿਖਾਈ ਜਾਏ...ਪਰ ਹੋਰਾਂ ਤੋਂ ਵੱਖ ਹੋ ਕੇ। ਨਾਲੇ ਇਹ ਸਿੱਧ ਕੀਤਾ ਜਾਏ ਕਿ ਉਸ ਨਾਲ ਸਭ ਤੋਂ ਵੱਧ ਹਮਦਰਦੀ ਸਿਰਫ ਉਸੇ ਨੂੰ ਹੈ, ਦੂਜੇ ਸਾਰੇ ਸਿਰਫ ਦਿਖਾਵਾ ਕਰਦੇ ਨੇ ਜਾਂ ਸਿਰਫ ਗੱਲਾਂ ਈ ਮਾਰਨ ਜੋਗੇ ਨੇ...ਵਗ਼ੈਰਾ, ਵਗ਼ੈਰਾ...।''
''ਤੇ ਤੂੰ,'' ਮੈਂ ਉਸ ਦੀ ਗੱਲ ਟੁੱਕ ਕੇ ਕਿਹਾ, ''ਤੂੰ ਸੱਤਵਾਂ ਭਾਈ ਸਾਹਬ ਸੈਂ...ਤੇ ਸ਼ਾਇਦ ਜਰਾ ਸ਼ਰੀਫ ਵੀ...''
ਘਨਈਆ ਲਾਲ ਸ਼ਰਮਾਅ ਗਿਆ। ਫੇਰ ਕਹਿਣ ਲੱਗਾ, ''ਮੈਂ...ਮੈਂ ਤਾਂ ਬੱਸ ਉਸ ਨੂੰ ਦੇਖਦਾ ਹੀ ਰਹਿੰਦਾ ਸਾਂ ਤੇ ਉਹ ਚੁੱਪਚਾਪ ਪੈਰ ਦੇ ਅੰਗੂਠੇ ਨਾਲ ਜ਼ਮੀਨ ਖੁਰਚਣ ਲੱਗ ਪੈਂਦੀ ਸੀ। ਤੈਨੂੰ ਕਿੰਜ ਦਸਾਂ ਮੈਂ ਉਸ ਨੂੰ ਕਿੰਨਾਂ ਪਿਆ ਕਰਦਾ ਸਾਂ, ਕਰਦਾ ਹਾਂ। ਰੁਕਮਨ ਆਉਂਦੀ ਤੇ ਮੈਂ ਪ੍ਰੇਸ਼ਾਨ ਜਿਹਾ ਹੋ ਜਾਂਦਾ; ਮੈਂ ਉਸ ਨਾਲ ਗੱਲਾਂ ਕਰਨੀਆਂ ਚਾਹੁੰਦਾ, ਪਰ ਕਰ ਨਹੀਂ ਸਾਂ ਸਕਦਾ। ਬੱਸ ਇਕ ਟੱਕ ਉਸ ਵੱਲ ਵਿੰਹਦਾ ਰਹਿੰਦਾ। ਤੈਨੂੰ ਕਿੰਜ ਸਮਝਾਵਾਂ ਕਿ ਉਹ ਕਿੰਨੀ ਸੋਹਣੀ ਏਂ...ਜਦੋਂ ਉਹ ਮੁਸਕਰਾਉਂਦੀ ਏ ਨਾ, ਉਸ ਦੇ ਬੁੱਲ੍ਹਾਂ ਦੇ ਪਾਸੀਂ, ਬੜੀ ਸੋਹਣੀ ਕਮਾਨ ਜਿਹੀ ਬਣ ਜਾਂਦੀ ਏ ਜਿਸ ਨੂੰ ਦੇਖ ਕੇ ਮੈਂ ਝੱਲਾ ਜਿਹਾ ਹੋ ਜਾਂਦਾ ਆਂ।''
ਘਨਈਆਂ ਲਾਲ ਚੁੱਪ ਕਰ ਗਿਆ। ਫੇਰ ਕੁਝ ਚਿਰ ਪਿੱਛੋਂ ਬੋਲਿਆ, ''ਪਿੱਛਲੀਆਂ ਗਰਮੀਆਂ ਦੀਆਂ ਛੁੱਟੀਆਂ ਵਿਚ ਮੈਂ ਕਈ ਵਾਰੀ ਸੋਚਿਆ ਸੀ ਕਿ ਜੇ ਉਸ ਨੂੰ—'ਰੁਕਮਨ! ਮੇਰੀ ਜਾਨ ਰੁਕਮਨ!' ਆਖ ਕੇ ਬੁਲਾਵਾਂ ਤਾਂ ਫੇਰ ਕੀ ਹੋਏਗਾ ਭਲਾਂ? ਕਿਤੇ ਉਹ ਮੈਨੂੰ ਗਾਲ੍ਹਾਂ ਤਾਂ ਨਹੀਂ ਕੱਢਣ ਲੱਗ ਪਏਗੀ? ਕੀ ਉਹ ਆਪਣੀ ਮਾਂ ਨੂੰ ਤਾਂ ਨਹੀਂ ਦੱਸ ਦਏਗੀ?...ਆਪਣੇ ਭਰਾਵਾਂ ਤੇ ਕਰੂਪ ਭਾਬੀਆਂ ਤੋਂ ਤਾਂ ਮੈਂ ਡਰਦਾ ਨਹੀਂ ਸਾਂ। ਤੇ ਫੇਰ ਮੈਂ ਫ਼ੈਸਲਾ ਕਰ ਲਿਆ ਕਿ ਰੁਕਮਨ ਨਾਲ ਗੱਲ ਜ਼ਰੂਰ ਕਰਾਂਗਾ। ਮੈਂ ਦਿਲ ਵਿਚ ਸੋਚ ਲਿਆ ਕਿ ਰੁਕਮਨ ਨੂੰ ਇੰਜ ਚੁੱਪ-ਗੜੁੱਪ ਪਿਆਰ ਕਰਨ ਨਾਲੋਂ ਤਾਂ ਮਰ ਜਾਣਾ ਈ ਚੰਗਾ ਏ। ਵੱਧ ਤੋਂ ਵੱਧ ਹੋਏਗਾ ਕੀ?...ਇਹੀ ਨਾ ਕਿ ਉਹ ਮੇਰੇ ਪਿਆਰ ਨੂੰ ਠੁਕਰਾਅ ਦਏਗੀ।...ਮੈਂ ਉਸ ਨੂੰ ਪੁੱਛਾਂਗਾ ਤੇ ਉਹ ਜਵਾਬ ਦੇ ਦਏਗੀ। ਉਸ ਦੇ ਜਵਾਬ ਵਿਚ ਮੈਂ ਉਸ ਨੂੰ ਸਭ ਕੁਝ ਦੱਸ ਦਿਆਂਗਾ ਤੇ ਉਹ ਆਖੇਗੀ, 'ਮੈਨੂੰ ਤਾਂ ਡਰ ਲੱਗਦਾ ਏ।' ਮੈਂ ਕਹਾਂਗਾ, 'ਡਰ ਕਾਹਦੈ? ਰੁਕਮਨੇ! ਜਦੋਂ ਦੋ ਦਿਲ ਪਿਆਰ ਕਰਨ 'ਤੇ ਤੁਲ ਜਾਂਦੇ ਨੇ, ਦੁਨੀਆਂ ਦੀ ਕੋਈ ਤਾਕਤ ਉਹਨਾਂ ਨੂੰ ਰੋਕ ਨਹੀਂ ਸਕਦੀ।' ਤੇ ਫੇਰ ਉਹ ਸੰਗਦੀ ਸ਼ਰਮਾਉਂਦੀ ਹੋਈ ਆਪਣੀਆਂ ਬਾਹਾਂ ਮੇਰੇ ਗਲ਼ ਵਿਚ ਪਾ ਦਏਗੀ ਤੇ ਮੈਂ ਪਿਆਰ ਭਰੀਆਂ ਨਜ਼ਰਾਂ ਨਾਲ... 'ਅਚਾਨਕ ਜ਼ਰਾ ਖੜਾਕ ਜਿਹਾ ਹੋਇਆ, ਮੈਂ ਤ੍ਰਭਕ ਪਿਆ। ਦੇਖਿਆ ਤਾਂ, ਸਾਹਮਣੇ ਰੁਕਮਨ ਖੜ੍ਹੀ ਸੀ। ਉਸ ਨੇ ਸਿਰ ਉੱਤੇ ਪਾਣੀ ਦੀ ਭਰੀ ਹੋਈ ਬਲਟੋਈ ਚੁੱਕੀ ਹੋਈ ਸੀ। ਪਾਣੀ ਨਾਲ ਭਿੱਜੀਆਂ ਲਿਟਾਂ ਮੱਥੇ 'ਤੇ ਚਿਪਕੀਆਂ ਹੋਈਆਂ ਸਨ ਤੇ ਲੰਮੀਆਂ ਪਲਕਾਂ ਪਾਣੀ ਦੀਆਂ ਬੁੰਦਾਂ ਦੇ ਭਾਰ ਨਾਲ ਝੁਕੀਆਂ ਹੋਈਆਂ ਸਨ। ਬੜੀ ਮੁਸ਼ਕਲ ਨਾਲ ਉਸ ਨੇ ਪਲਕਾਂ ਉਤਾਂਹ ਚੁੱਕੀਆਂ, ਮੇਰੇ ਵੱਲ ਦੇਖਿਆ ਤੇ ਬੋਲੀ, 'ਕਾਹਨਾਂ ਜ਼ਰਾ ਬਲਟੋਈ ਤਾਂ ਲੁਹਾਅ ਦੇ।'
''ਮੈਂ ਹੈਰਾਨੀ ਨਾਲ ਥਾਵੇਂ ਹੀ ਖੜ੍ਹਾ ਰਹਿ ਗਿਆ ਸਾਂ। ਅੱਜ ਕਿੰਨਾਂ ਚੰਗਾ ਮੌਕਾ ਸੀ! ਘਰੇ ਕੋਈ ਵੀ ਨਹੀਂ ਸੀ। ਨਾ ਭਰਾ, ਨਾ ਭਾਬੀਆਂ...ਕੁੱਤੇ ਬਿੱਲੀਆਂ ਵੀ ਗ਼ਾਇਬ ਸਨ; ਬੜੀ ਅਨੋਖੀ ਘੜੀ ਸੀ ਇਹ! ਮੈ ਕਿਸੇ ਸਹਿਮੇ ਹੋਏ ਬਤਖ਼ ਦੇ ਬੱਚੇ ਵਾਂਗ ਹੀ ਰੁਕਮਨ ਵੱਲ ਦੇਖ ਰਿਹਾ ਸਾਂ।
' 'ਮੈਂ ਕਿਹਾ ਕਾਹਨ ਜੀ,' ਉਹ ਮੈਨੂੰ ਕਾਹਨਾ ਹੀ ਕਹਿੰਦੀ ਹੁੰਦੀ ਸੀ, ਜ਼ਰਾ ਬਲਟੋਈ ਤੇ ਲੁਹਾਅ ਦਿਓ, ਖੜ੍ਹੇ-ਖੜ੍ਹੇ ਕੀ ਦੇਖ ਰਹੇ ਓ...!'
''ਮੈਂ ਬਲਟੋਈ ਲੁਹਾਅ ਦਿੱਤੀ।
''ਰੁਕਮਨ ਵਰਾਂਡੇ ਇਕ ਥੰਮ੍ਹ ਨਾਲ ਢੋਅ ਲਾ ਕੇ ਖੜ੍ਹੀ ਹੋ ਗਈ। ਉਹ ਥੱਕੀ ਹੋਈ ਸੀ। ਮੂੰਹ ਲਾਲ ਹੋਇਆ ਹੋਇਆ ਸੀ ਤੇ ਵਾਲ ਖਿੱਲਰੇ ਹੋਏ ਸਨ।
'' 'ਹਾਂ, ਕੀ ਕਹਿ ਰਹੇ ਸੀ?' ਉਸ ਨੇ ਉਂਜ ਹੀ ਪੁੱਛਿਆ।
'' 'ਕੁਛ ਨਹੀਂ...ਕੁਸ਼ ਵੀ ਤਾਂ ਨਹੀਂ।' ਮੈਂ ਕਿਸੇ ਅਪਰਾਧੀ ਵਾਂਗ ਹੀ ਉਤਰ ਦਿੱਤਾ।
''ਉਹ ਹੱਸ ਪਈ, ਬੱਸ ਐਵੇਂ ਈ ਇਕ ਮਿੱਠਾ ਹਾਸਾ। ਮੈਨੂੰ ਇੰਜ ਜਾਪਿਆ ਜਿਵੇਂ ਕਿਸੇ ਨਰਤਕੀ ਦੇ ਪੈਰਾਂ ਦੀ ਪਾਜੇਬ ਅਚਾਨਕ ਹੀ ਛਣਕ ਪਈ ਹੋਏ।
''ਫੇਰ ਉਹ ਚੁੱਪ ਕਰ ਗਈ...ਤੇ ਕੁਝ ਚਿਰ ਤੱਕ ਗੂੜ੍ਹੀ ਚੁੱਪ ਵਰਤੀ ਰਹੀ।
'' 'ਭਾਬੀਆਂ ਕਿੱਥੇ ਨੇ?' ਰੁਕਮਨ ਨੇ ਪੁੱਛਿਆ ਤੇ ਆਪਣੇ ਵਾਲ ਠੀਕ ਕਰਨ ਲੱਗ ਪਈ।
'' 'ਪੰਡਤ ਝਾੜੂ ਰਾਮ ਕੇ ਕਥਾ ਏ ਨਾ, ਉੱਥੇ ਗਈਆਂ ਹੋਈਆਂ ਨੇ।'
'' 'ਅੱਛਾ!'
''ਉਸ ਨੇ ਏਨੀ ਮਧੱਮ ਤੇ ਭੇਤ-ਭਰੀ ਆਵਾਜ਼ ਵਿਚ 'ਅੱਛਾ' ਆਖਿਆ ਸੀ ਕਿ ਮੈਨੂੰ ਇੰਜ ਮਹਿਸੂਸ ਹੋਇਆ ਸੀ ਜਿਵੇਂ ਹਵਾ ਦਾ ਕੋਈ ਬੁੱਲ੍ਹਾ ਨਿੰਮਾਂ ਦੇ ਝੁੰਡ ਵਿਚੋਂ ਜੀਵਨ-ਸੰਗੀਤ ਛੇੜਦਾ ਲੰਘ ਗਿਆ ਹੋਏ।
''ਫੇਰ ਥੋੜ੍ਹੀ ਕੁ ਦੇਰ ਪਿੱਛੋਂ ਉਸ ਨੇ ਆਪਣੇ ਲੱਕ ਨੂੰ ਹੁਲਾਰਾ ਦਿੱਤਾ, ਮੋਢੇ ਛੰਡੇ ਤੇ ਧੌਣ ਨੂੰ ਇਕ ਝੱਟਕਾ ਜਿਹਾ ਦਿੱਤਾ...ਇਹ ਸਭ ਕੁਝ ਆਪ ਮੁਹਾਰੇ ਹੀ ਹੋ ਗਿਆ ਜਾਪਦਾ ਸੀ। ਤੇ ਫੇਰ ਉਸ ਕਿਹਾ, 'ਅੱਛਾ ਕਾਹਨਾਂ, ਮੈਂ ਚੱਲਦੀ ਆਂ।'
''ਉਹ ਤੁਰ ਪਈ।
'' 'ਏ, ਏ ਰੁਕਮਨ!' ਮੇਰੇ ਮੂੰਹੋਂ ਅਚਾਨਕ ਹੀ ਨਿਕਲਿਆ।
''ਉਹ ਡਿਉਢੀ ਕੋਲੋਂ ਵਾਪਸ ਮੁੜ ਆਈ।
'' 'ਦੱਸ ਕੀ ਗੱਲ ਏ?' ਉਹ ਬੜੀ ਭੋਲੀ ਸੀ। ਹੁਣ ਵੀ ਉਸ ਦਾ ਚਿਹਰਾ ਭਾਵ-ਰਹਿਤ ਸੀ।
ਮੇਰੀਆਂ ਨਜ਼ਰਾਂ ਝੁਕ ਗਈਆਂ ਤੇ ਚਿਹਰਾ ਭਖਣ ਲੱਗ ਪਿਆ।
''ਕੁਸ਼ ਨਹੀਂ। ਬੱਸ ਐਵੇਂ ਈ।'
''ਉਹ ਕੁਝ ਚਿਰ ਖੜ੍ਹੀ ਰਹੀ, ਪਰ ਮੈਂ ਉਸ ਨਾਲ ਅੱਖਾਂ ਨਹੀਂ ਸਾਂ ਮਿਲਾ ਸਕਿਆ। ਫੇਰ ਮੈਂ ਦੇਖਿਆ, ਉਸ ਦੇ ਪੈਰ ਹੌਲੀ-ਹੌਲੀ ਡਿਉਢੀ ਵੱਲ ਵਧ ਰਹੇ ਸਨ।
''ਉਹ ਜਾ ਰਹੀ ਸੀ।
'' 'ਓਇ ਮੂਰਖਾ, ਗਧਿਆ, ਉਹ ਜਾ ਰਹੀ ਏ।'
''ਮੈਂ ਡਿਉਢੀ ਵੱਲ ਅਹੁਲਿਆ। ਉਹ ਭੀੜੀ ਤੇ ਫਿੱਕਾ-ਹਨੇਰੇ ਨਾਲ ਭਰੀ ਡਿਉਢੀ ਵਿਚ ਤੁਰੀ ਜਾ ਰਹੀ ਸੀ। ਮੈਂ ਰੁਕ ਜਾਣਾ ਚਾਹਿਆ, ਪਰ ਮੇਰੇ ਪੈਰ ਮੈਨੂੰ ਉਸ ਦੇ ਐਨ ਨੇੜੇ ਲੈ ਗਏ। ਮੈਂ ਉਸ ਨੂੰ ਆਪਣੀਆਂ ਬਾਹਾਂ ਵਿਚ ਘੁੱਟ ਲਿਆ ਤੇ ਕੰਬਦੀ ਹੋਈ ਆਵਾਜ਼ ਵਿਚ ਕਿਹਾ, 'ਰੁਕਮਨੇ, ਮੇਰੀ ਗੱਲ ਤਾਂ ਸੁਣ...' ਇਸ ਤੋਂ ਪਹਿਲਾਂ ਕਿ ਉਹ ਮੇਰੀ ਗੱਲ ਸੁਣਨ ਲਈ ਤਿਆਰ ਹੁੰਦੀ, ਮੈਂ ਆਪਣੇ ਬੁੱਲ੍ਹ ਉਸ ਦੇ ਬੁੱਲ੍ਹਾਂ ਨਾਲ ਜੋੜ ਦਿੱਤੇ।
''ਰੁਕਮਨ ਦੇ ਸਾਰੇ ਸਰੀਰੀ ਨੇ ਇਕ ਧੁੜਧੁੜੀ ਜਿਹੀ ਲਈ ਸੀ। ਉਸ ਨੇ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਮੈਥੋਂ ਵੱਖ ਕੀਤਾ ਸੀ ਤੇ ਫੇਰ ਮੇਰੇ ਮੂੰਹ ਉੱਤੇ ਇਕ ਚੰਡ ਮਾਰ ਦਿੱਤੀ ਸੀ ਤੇ ਨੱਸ ਕੇ ਡਿਉਢੀ ਵਿਚੋਂ ਬਾਹਰ ਨਿਕਲ ਗਈ ਸੀ।
''ਮੈਂ ਉਸ ਦੇ ਪਿੱਛੇ-ਪਿੱਛੇ ਨੱਸਿਆ, ਮੂਰਖਾਂ ਵਾਂਗ ਨੱਸਦਾ ਰਿਹਾ ਤੇ ਅੰਦਰੇ-ਅੰਦਰ ਡਰ ਵੀ ਰਿਹਾ ਸਾਂ ਕਿ ਜੇ ਕਿਤੇ ਉਸ ਨੇ ਕਿਸੇ ਨੂੰ ਦੱਸ ਦਿੱਤਾ ਤਾਂ...
'' 'ਰੁਕਮਨੇ, ਰੁਕ ਜਾ...ਤੈਨੂੰ ਰੱਬ ਦੀ ਸੌਂਹ ਈ ਰੁਕਮਨੇ।'
''ਪਰ ਰੁਕਮਨ ਰੋਂਦੀ ਰਹੀ, ਅੱਖਾਂ ਪੂੰਝਦੀ ਰਹੀ ਤੇ ਅੱਗੇ-ਅੱਗੇ ਨੱਸਦੀ ਰਹੀ। ਉਹ ਉੱਚੀ-ਉੱਚੀ ਆਖ ਰਹੀ ਸੀ, 'ਹੁਣੇ ਮਾਂ ਨੂੰ ਦੱਸਾਂਗੀ, ਚਾਚੇ ਨੂੰ ਦੱਸਾਂਗੀ...ਤੇ ਤੇਰੇ ਵੱਡੇ ਭਰਾ ਨੂੰ ਵੀ ਦੱਸਾਂਗੀ।'
'' 'ਰੁਕਮਨੇ, ਓ-ਤੂੰ ਮੇਰੀ ਗੱਲ ਤਾਂ ਸੁਣ! ਤੈਨੂੰ ਦੇਵੀ ਮਾਤਾ ਦੀ ਸੌਂਹ, ਜੇ ਤੂੰ ਕਿਸੇ ਨੂੰ ਦੱਸੇਂ...ਤੈਨੂੰ ਗਊ ਮਾਤਾ ਦੀ ਸੌਂਹ...'
''ਰੁਕਮਨ ਰੁਕ ਗਈ ਤੇ ਕੌੜੀਆਂ ਨਜ਼ਰਾਂ ਨਾਲ ਮੇਰੇ ਵੱਲ ਵਿੰਹਦੀ ਹੋਈ ਬੋਲੀ, 'ਸ਼ਰਮ ਤਾਂ ਨਹੀਂ ਆਉਂਦੀ, ਐਨੀਆਂ ਵੱਡੀਆਂ ਸੌਂਹਾਂ ਪਾਉਂਦੇ ਨੂੰ ਤੈਨੂੰ?'
'ਹੁਣ ਤਕ ਅਸੀਂ ਨੱਸਦੇ-ਭੱਜਦੇ ਹੋਏ ਘਰ ਤੋਂ ਖਾਸੀ ਦੂਰ ਨਿਕਲ ਆਏ ਸਾਂ। ਇੱਥੇ ਛੋਟੇ-ਛੋਟੇ ਟਿੱਬੇ ਸਨ ਤੇ ਇਕ ਰੇਤਲਾ ਮੈਦਾਨ ਸੀ। ਕਿਤੇ-ਕਿਤੇ ਅੱਕ ਉੱਗਿਆ ਹੋਇਆ ਸੀ। ਅਗਾਂਹ ਰੁੱਖਾਂ ਦਾ ਇਕ ਝੂੰਡ ਸੀ ਤੇ ਉਸ ਤੋਂ ਅਗਾਂਹ ਰੁਕਮਨ ਦੇ ਚਾਚੇ ਦਾ ਘਰ। ਉਸ ਝੂੰਡ ਦੀ ਓਟ ਵਿਚ ਸੂਰਜ ਛਿਪ ਰਿਹਾ ਸੀ। ਕਾਂ, 'ਕਾਂ-ਕਾਂ' ਕਰਦੇ ਹੋਏ ਪੂਰਬ ਵੱਲ ਉੱਡੇ ਜਾ ਰਹੇ ਸਨ। ਸੂਰਜ ਦੀਆਂ ਕਿਰਨਾਂ ਵਿਚ ਉਹਨਾਂ ਦੇ ਖੰਭ ਸੋਨੇ ਦੇ ਬਣੇ ਜਾਪਦੇ ਸਨ। ਮੇਰੇ ਸਾਹਮਣੇ ਢਾਕਾਂ ਉਤੇ ਹੱਥ ਰੱਖੀ ਰੁਕਮਨ, ਬੜੀ ਸ਼ਾਨ ਨਾਲ ਖੜ੍ਹੀ ਸੀ। ਉਸ ਦੀ ਚੁੰਨੀ ਦੀਆਂ ਤਾਰਾਂ ਵਿਚੋਂ ਸੂਰਜ ਦੀਆਂ ਕਿਰਨਾਂ ਛਣ-ਛਣ ਕੇ ਆ ਰਹੀਆਂ ਸਨ।
'' 'ਫੇਰ ਕਦੀ ਛੇੜੇਂਗਾ?' ਰੁਕਮਨ ਨੇ ਮਿੱਠੀ ਆਵਾਜ਼ 'ਚ ਪੁੱਛਿਆ।
'' 'ਨਹੀਂ...' ਮੈਂ ਸਿਰ ਮਾਰ ਦਿੱਤਾ।
''ਉਹ ਇਕ ਟਿੱਬੀ 'ਤੇ ਬੈਠ ਗਈ ਤੇ ਪੈਰ ਤੇ ਪੰਜੇ ਨਾਲ ਰੇਤ ਖੁਰਚ-ਖੁਰਚ ਕੇ, ਰੇਤ ਦੀ ਘੋੜੀ ਜਿਹੀ ਬਣਾਉਣ ਲੱਗ ਪਈ। ਜਦੋਂ ਰੇਤ ਦੀ ਘੋੜੀ ਬਣ ਗਈ ਤੇ ਹੌਲੀ-ਹੌਲੀ ਉਸ ਨੇ ਆਪਣਾ ਪੈਰ ਵੀ ਬਾਹਰ ਕੱਢ ਲਿਆ ਤਾਂ ਮੈਂ ਮੁਸਕਰਾ ਕੇ ਪੁੱਛਿਆ, 'ਬਈ ਇਹ ਕੀ ਏ?' ਉਸ ਨੇ ਜੇਤੂਆਂ ਵਾਂਗ ਮੇਰੇ ਵੱਲ ਤੱਕਿਆ ਤੇ , 'ਇਹ ਤੇਰੀ ਕਬਰ ਏ,' ਸ਼ਰਾਰਤ ਨਾਲ ਕਿਹਾ ਤੇ ਠਹਾਕਾ ਮਾਰ ਕੇ ਹੱਸ ਪਈ। ਸ਼ਰਾਰਤੀ ਕੁੜੀ ਉੱਚੀ-ਉੱਚੀ ਹੱਸਦੀ ਰਹੀ।
'' 'ਲੈ ਫੇਰ ਮੈਂ ਵੀ ਜ਼ਰਾ ਦੇਖਾਂ ਤਾਂ ਸਹੀ,' ਮੈਂ ਉਸ ਨੂੰ ਪਰ੍ਹਾਂ ਧਰੀਕਦਿਆਂ ਕਿਹਾ ਤੇ ਲੱਤ ਮਾਰ ਕੇ ਰੇਤੇ ਦੀ ਘੋੜੀ ਢਾਹ ਦਿੱਤੀ।
'' 'ਹਾਏ, ਓਏ...' ਉਸ ਦੇ ਹਾਸੇ ਨੂੰ ਜਿਵੇਂ ਬਰੇਕਾਂ ਲੱਗ ਗਈ, 'ਇਹ ਤੂੰ ਕੀ ਕੀਤੈ, ਮਾਰਾਂ ਇਕ ਚਪੇੜ...'
''ਮੈਂ ਨੀਵੀਂ ਪਾ ਕੇ ਬੋਲਿਆ, 'ਜ਼ਰੂਰ, ਇਕ ਨਹੀਂ ਪੂਰੀਆਂ ਸੌ...ਉਫ਼ ਵੀ ਕਰਾਂ ਤਾਂ ਕਹੀਂ।'
''ਉਹ ਘਰ ਜਾਣ ਲਈ ਹੌਲੀ-ਹੌਲੀ ਮੁੜੀ ਤਾਂ ਡੁੱਬਦੇ ਹੋਏ ਸੂਰਜ ਦੀ ਲਾਲੀ ਉਸ ਦੇ ਮੂੰਹ ਉੱਤੇ ਪਈ। ਉਸ ਦੀਆਂ ਅੱਖਾਂ ਵਿਚ ਇਕ ਖਾਸ ਕਿਸਮ ਦੀ ਚਮਕ ਸੀ। ਜਾਂਦੀ-ਜਾਂਦੀ ਨੇ ਹੌਲੀ ਜਿਹੇ ਕਿਹਾ, 'ਅਸਾਂ ਘਰ ਜਾ ਕੇ ਦੱਸ ਦੇਣਾ ਏਂ ਬਈ ਘਨਈਆ ਬੜਾ ਬਦਮਾਸ਼ ਹੋ ਗਿਆ ਏ।''
ਏਨਾ ਕਹਿ ਕੇ ਘਨਈਆ ਲਾਲ ਵੀ ਚੁੱਪ ਹੋ ਗਿਆ।
''ਫੇਰ—?'' ਮੈਂ ਬੇਸਬਰੀ ਜਿਹੀ ਨਾਲ ਪੁੱਛਿਆ।
''ਫੇਰ ਕੀ...'' ਘਨਈਆ ਲਾਲ ਨੇ ਬੜੀ ਹੀ ਮਧੱਮ ਆਵਾਜ਼ ਵਿਚ ਉਤਰ ਦਿੱਤਾ, ''ਫੇਰ ਗਰਮੀਆਂ ਦੀਆਂ ਛੁੱਟੀਆਂ ਮੁੱਕ ਗਈਆਂ...ਮੈਂ ਏਥੇ ਆ ਗਿਆ।''
ਅਸੀਂ ਦੋਏ ਖਾਸੀ ਦੇਰ ਤਕ ਚੁੱਪਚਾਪ ਬੈਠੇ ਰਹੇ। ਹਵਾ ਦੇ ਨਿੰਮ੍ਹੇ-ਨਿੰਮ੍ਹੇ ਬੁੱਲ੍ਹੇ ਆ ਰਹੇ ਸਨ ਤੇ ਪਿੱਪਲ ਦੇ ਰੁੱਖ ਦੀਆਂ ਟਾਹਣੀਆਂ ਵਿਚਕਾਰ ਚੰਦ ਇਕ ਟੁੱਟੇ ਹੋਏ ਕੰਗਨ ਵਾਂਗ ਅਟਕਿਆ ਹੋਇਆ ਸੀ। ਹੇਠਾਂ ਸੜਕ ਉੱਤੇ, ਇਕ ਗੱਡੇ ਉੱਤੇ ਬੈਠਾ ਹੋਇਆ ਪੂਰਬੀਆ 'ਪ੍ਰੀਤਮ ਕਿਉਂ ਭਇਓ ਉਦਾਸ, ਪ੍ਰੀਤਮ ਕਿਉਂ ਭਇਓ ਉਦਾਸ' ਗਾਉਂਦਾ ਹੋਇਆ ਬਲਦਾਂ ਨੂੰ ਹੱਕੀ ਲਈ ਜਾ ਰਿਹਾ ਸੀ।
ਬੜੀ ਦੇਰ ਬਾਅਦ ਮੈਂ ਘਨਈਆ ਲਾਲ ਨੂੰ ਪੁੱਛਿਆ, ''ਤੇ ਰੁਕਮਨ?''
ਘਨਈਆ ਲਾਲ ਮੁਸਕਰਾ ਪਿਆ, ਫੇਰ ਬੋਲਿਆ, ''ਮੇਰੇ ਭਰਾ ਮੈਨੂੰ ਆਪਣੀਆਂ ਗ਼ਲਤੀਆਂ ਦੀ ਸਜ਼ਾ ਭੋਗਣ ਵਾਸਤੇ ਮਜ਼ਬੂਰ ਨਹੀਂ ਕਰ ਸਕਦੇ। ਉਹਨਾਂ ਨੂੰ ਨੋਟ ਚਾਹੀਦੇ ਸਨ...ਉਹ ਉਹਨਾਂ ਨੂੰ ਮਿਲ ਗਏ। ਹੁਣ ਉਹ ਆਪਣੀਆਂ ਕਰੂਪ ਪਤਨੀਆਂ ਨੂੰ ਦੇਖ-ਦੇਖ ਕੇ ਕੁੜ੍ਹਦੇ ਰਹਿੰਦੇ ਨੇ ਤੇ ਚਾਹੁੰਦੇ ਨੇ ਕਿ ਮੇਰਾ ਵਿਆਹ ਵੀ ਕਿਸੇ ਤੁੱਥ-ਮੁੱਥ, ਕਾਲੀ-ਕੋਝੀ, ਗੰਵਾਰ-ਉੱਜਡ ਕੁੜੀ ਨਾਲ ਕਰ ਦਿੱਤਾ ਜਾਏ। ਪਰ ਮੈਂ ਰੁਪਏ ਨਹੀਂ, ਖੁਸ਼ੀ ਚਾਹੁੰਦਾ ਹਾਂ।...ਤੇ ਖੁਸ਼ੀ ਦਾ ਦੂਸਰਾ ਨਾਂ ਏਂ ਰੁਕਮਨ।...ਤੇ ਇਹ ਗੱਲ ਰੁਕਮਨ ਵੀ ਚੰਗੀ ਤਰ੍ਹਾਂ ਸਮਝਦੀ ਏ।''
''ਤਾਂ ਇਹ ਗੱਲ ਏ!'' ਮੈਂ ਸਿਰ ਹਿਲਾ ਕੇ ਕਿਹਾ।
''ਹਾਂ।''
ਗੱਲ ਮੁੱਕ ਚੁੱਕੀ ਸੀ। ਅਸੀਂ ਦੋਏ ਬੁਰਜੀ ਵਿਚੋਂ ਉੱਠ ਕੇ ਬਾਹਰ ਆ ਗਏ। ਪਰ ਹੇਠਾਂ ਸੜਕ ਉੱਤੇ ਜਾ ਰਹੇ ਗੱਡੇ ਵਾਲੇ ਦੀ ਗੱਲ ਸ਼ਾਇਦ ਅਜੇ ਨਹੀਂ ਸੀ ਮੁੱਕੀ। ਉਹ ਅਜੇ ਵੀ ਗਾ ਰਿਹਾ ਸੀ 'ਪ੍ਰੀਤਮ ਕਿਉਂ ਭਇਓ ਉਦਾਸ, ਪ੍ਰੀਤਮ ਕਿਉਂ ਭਇਓ ਉਦਾਸ...'
ਮੇਰਾ ਕਾਲਜ ਜੀਵਨ ਛੇਤੀ ਹੀ ਪੂਰਾ ਹੋ ਗਿਆ। ਕਈ ਸਾਲ ਪਿੱਛੋਂ ਅਚਾਨਕ ਹੀ ਇਕ ਦਿਨ ਘਨਈਆ ਲਾਲ ਨਾਲ ਮੁਲਾਕਾਤ ਹੋ ਗਈ। ਮੈਂ ਲਾਹੌਰ ਦੀ ਸੈਰ ਕਰਨ ਆਇਆ ਸਾਂ।
ਕ੍ਰਿਸਮਿਸ ਵਾਲੇ ਦਿਨ ਅਨਾਰਕਲੀ ਵਿਚ ਖਾਸੀ ਚਹਿਲ-ਪਹਿਲ ਸੀ। ਉਂਜ ਹੀ ਤੁਰੇ-ਫਿਰਦੇ ਨੂੰ ਘਨਈਆ ਲਾਲ ਦਿਸ ਪਿਆ।
''ਉ-ਇ! ਤੂੰ!''
ਮੈਂ ਬੜੀ ਮੁਸ਼ਕਲ ਨਾਲ ਉਸ ਨੂੰ ਪਛਾਣਿਆਂ ਸੀ। ਉਸ ਦਾ ਨਿੱਖਰਵਾਂ ਰੰਗ, ਧੂੰਏਂ ਵਾਂਗ ਮੈਲਾ ਹੋਇਆ ਹੋਇਆ ਸੀ। ਅੱਖਾਂ ਅੰਦਰ ਨੂੰ ਵੜੀਆਂ ਹੋਈਆਂ ਸਨ। ਸਰੀਰ ਸੁੱਕੇ ਬਾਂਸ ਵਰਗਾ ਲੱਗਦਾ ਸੀ। ਉਸ ਨੇ ਮੈਨੂੰ ਦੱਸਿਆ ਕਿ ਉਹ ਐਮ.ਏ. ਅੰਗਰੇਜ਼ੀ 'ਚੋਂ ਫਸਟ ਆਇਆ ਸੀ ਤੇ ਹੁਣ ਲਾਹੌਰ ਦੇ ਕਿਸੇ ਕਾਲਜ ਵਿਚ ਪ੍ਰੋਫੈਸਰ ਲੱਗਿਆ ਹੋਇਆ ਹੈ।
''ਪਰ ਤੈਨੂੰ ਇਹ ਹੋ ਕੀ ਗਿਆ ਏ, ਬਾਈ ਸਿਆਂ?'' ਮੈਂ ਹੈਰਾਨ ਹੋ ਕੇ ਪੁੱਛਿਆ।
ਮੇਰਾ ਸਵਾਲ ਸੁਣ ਕੇ ਉਹ ਧੀਮੀ ਪਰ ਬੜੀ ਕੁਸੈਲੀ ਜਿਹੀ ਆਵਾਜ਼ ਵਿਚ ਬੋਲਿਆ, ''ਮੈਂ ਸਮਝਦਾ ਹਾਂ, ਹਿੰਦੂਸਤਾਨ ਦੇ ਅਧੁਨਿਕ ਸਮਾਜਕ ਜੀਵਨ ਵਿਚ ਔਰਤ ਲਈ ਆਦਰ-ਮਾਣ ਪ੍ਰਾਪਤ ਕਰ ਲੈਣਾ ਤਾਂ ਸੰਭਵ ਏ, ਪਰ ਪ੍ਰੇਮ ਨਹੀਂ। ਸਾਡੇ ਮਾਪੇ ਸਾਨੂੰ ਸਭ ਕੁਝ ਮੁਆਫ਼ ਕਰ ਸਕਦੇ ਨੇ; ਸਾਡੇ ਸਾਰੇ ਦੋਸ਼ ਛਿਪਾ ਸਕਦੇ ਨੇ—ਕਤਲ, ਚੋਰੀ, ਡਾਕਾ।...ਪਰ ਉਹ ਇਹ ਕਦੀ ਬਰਦਾਸ਼ਤ ਨਹੀਂ ਕਰ ਸਕਦੇ ਕਿ ਉਹਨਾਂ ਦੀ ਇੱਛਾ ਦੇ ਖ਼ਿਲਾਫ਼ ਉਹਨਾਂ ਦਾ ਮੁੰਡਾ, ਕਿਸੇ ਕੁੜੀ ਨੂੰ ਪ੍ਰੇਮ ਕਰਨ ਦੀ ਜ਼ੁੱਰਤ ਕਰੇ। ਸਿੱਟੇ! ਸਿੱਟੇ ਸਪਸ਼ਟ ਨੇ। ਰੁਕਮਨ ਪੰਡਤਾਣੀ ਸੀ—ਉਸ ਨੂੰ ਪੰਜਾਹ ਵਰ੍ਹਿਆਂ ਦਾ ਬੁੱਢਾ, ਪਰ ਧਨੱਡ ਪੰਡਤ ਵਿਆਹ ਕੇ ਲੈ ਗਿਆ। ਮੈਂ ਬਾਣੀਆਂ ਸਾਂ—ਮੇਰੇ ਪੱਲੇ ਇਕ ਚਿੜਚਿੜੀ, ਘੱਗੀ ਬਣਿਆਣੀ ਪਾ ਦਿੱਤੀ ਗਈ। ਬੁੱਢੇ ਪੰਡਤ ਜੀ ਰਾਮ-ਰਾਮ ਕਰਦੇ ਹੋਏ, ਆਹ ਕੁਝ ਮਹੀਨੇ ਪਹਿਲਾਂ ਚੋਲਾ ਛੱਡ ਗਏ...ਤੇ ਹੁਣ ਸੋਹਣੀ ਰੁਕਮਨ, ਜਵਾਨ ਵਿਧਵਾ ਏ। ਮਾਂ ਵੀ ਵਿਧਵਾ ਤੇ ਧੀ ਵੀ ਵਿਧਵਾ। ਅੱਜ ਕੱਲ੍ਹ ਉਹ ਮੈਲੇ ਕੱਪੜੇ ਪਾਉਂਦੀ ਤੇ ਸਿਰ ਝੁਕਾਅ ਕੇ ਤੁਰੀ-ਫਿਰਦੀ ਏ...ਜਿਵੇਂ ਆਪਣੇ ਬੁੱਢੇ ਪਤੀ ਦੀ ਮੌਤ ਦਾ ਕਾਰਨ ਉਹ ਆਪ ਈ ਹੋਏ।''
ਮੈਂ ਗੱਲ ਦਾ ਵਿਸ਼ਾ ਬਦਲਣਾ ਚਾਹਿਆ ਤੇ ਹੌਲੀ-ਜਿਹੀ ਕਿਹਾ, ''ਸੁਣਾ ਫੇਰ ਤੇਰੇ ਬਾਲ ਬੱਚੇ...ਸਭ ਰਾਜੀ ਖੁਸ਼ੀ ਨੇ ਨਾ?''
ਉਸ ਨੇ ਮੇਰੀ ਗੱਲ ਦੇ ਉਲਟੇ ਅਰਥ ਕੱਢ ਲਏ ਸਨ, ਸ਼ਾਇਦ! ਰੋਸ ਭਰੀਆਂ ਅੱਖਾਂ ਨਾਲ ਮੇਰੇ ਵੱਲ ਦੇਖਦਿਆਂ ਬੋਲਿਆ, ''ਬੱਚੇ ਪੈਦਾ ਕਰਨ ਦਾ ਇਹ ਅਰਥ ਕਿੰਜ ਹੋ ਸਕਦਾ ਏ ਕਿ ਤੁਸੀਂ ਆਪਣੀ ਪਤਨੀ ਨੂੰ ਪਿਆਰ ਕਰਦੇ ਹੋ? ਵਿਆਹ ਇਕ ਸੌਦਾ ਏ। ਹੋਰ ਵਸਤਾਂ ਵਾਂਗ ਹੀ ਮੁੰਡੇ-ਕੁੜੀਆਂ ਰੁਪਈਆਂ ਦੀਆਂ ਢੇਰੀਆਂ ਬਦਲੇ ਵੇਚੇ ਜਾਂਦੇ ਨੇ, ਤੇ ਇਹ ਢੰਗ ਅਧੁਨਿਕ ਸਮਾਜੀ ਜੀਵਨ ਅਨੁਸਾਰ ਏ, ਤੇ ਬੱਚੇ...'' ਉਸ ਨੇ ਇਕ ਕੌੜਾ ਜਿਹਾ ਹਾਸਾ ਹੱਸ ਕੇ ਕਿਹਾ, ''ਬੱਚੇ ਤਾਂ ਇਕ ਸਫਲ ਵਿਆਹ ਦਾ ਜ਼ਰੂਰੀ ਅੰਗ ਨੇ ਤੇ ਰੱਬ ਦਾ ਸ਼ੁਕਰ ਏ ਕਿ ਭਾਰਤ ਵਿਚ ਨੜ੍ਹਿਨਵੇਂ ਪ੍ਰਤੀਸ਼ਤ ਵਿਆਹ ਇੰਜ ਹੀ ਸਫਲ ਹੁੰਦੇ ਨੇ। ਤੈਨੂੰ ਮੇਰੇ ਬੱਚਿਆਂ ਦਾ ਹਾਲ-ਚਾਲ ਸੁਣ ਕੇ ਵੀ ਹੈਰਾਨੀ ਹੋਏਗੀ, ਮੈਂ ਛੇ ਬੱਚਿਆਂ ਦਾ ਬਾਪ ਹਾਂ। ਰਿੜ੍ਹਦੇ ਹੋਏ ਬੱਚੇ, ਡੁਸਕਦੇ ਹੋਏ ਬੱਚੇ, ਚੀਕਦੇ-ਕੂਕਦੇ ਹੋਏ ਬੱਚੇ...'' ਗੁਸੈਲੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਦਿਆਂ ਹੋਇਆ ਉਹ ਫੇਰ ਬੋਲਿਆ, ''ਏਸ 'ਚ ਮੇਰਾ ਕੀ ਕਸੂਰ ਏ? ਪੱਚੀ ਛੱਬੀ ਸਾਲ ਵਾਸਨਾਵਾਂ ਦਬਾਈ ਰੱਖਣ ਤੋਂ ਬਾਅਦ ਜੇ ਭਾਰਤੀ ਨੌਜਵਾਨ ਦੇ ਜੀਵਨ ਵਿਚ ਇਕ ਔਰਤ ਆ ਜਾਏ ਤਾਂ ਉਹ ਕਿਉਂ ਨਾ ਚੁੰਮ-ਚੱਟ ਕੇ ਉਸ ਦਾ ਹੁਲੀਆ ਵਿਗਾੜ ਦਏ। ਪਰ ਸ਼ਰਤ ਇਹ ਹੈ ਕਿ ਉਹ ਔਰਤ ਹੋਏ। ਭਾਵੇਂ ਕਿਹੋ ਜਿਹੀ ਹੀ ਹੋਏ ...ਕਾਣੀ, ਗੰਜੀ! ਇਕ ਔਰਤ, ਭਾਵੇਂ ਉਸ ਦੀ ਸ਼ਕਲ ਤੁਹਾਡੇ ਕੋਠੇ ਦੇ ਪਰਨਾਲੇ ਤੋਂ ਵੱਧ ਸੁੰਦਰ ਨਾ ਹੋਏ, ਪਰ ਉਹ ਔਰਤ ਜ਼ਰੂਰ ਹੋਏ।''
ਉਸ ਨੂੰ ਖੰਘ ਛਿੜ ਪਈ ਤੇ ਸਾਹ ਤੇਜ਼-ਤੇਜ਼ ਚੱਲਣ ਲੱਗ ਪਿਆ, ''ਖੈਰ! ਕੋਈ ਗੱਲ ਨਹੀਂ, ਹੁਣ ਥੋੜ੍ਹੇ ਦਿਨ ਈ ਬਾਕੀ ਰਹਿ ਗਏ ਨੇ। ਰਾਤੀਂ ਬੁਖਾਰ ਵੀ ਚੜ੍ਹਨ ਲੱਗ ਪਿਆ ਏ। ਕਦੀ-ਕਦੀ ਖੰਘ ਦੇ ਨਾਲ ਖ਼ੂਨ ਦੇ ਕਤਰੇ ਵੀ ਆ ਜਾਂਦੇ ਨੇ। ਹੁਣ ਛੇਤੀ ਹੀ ਏਸ ਕੈਦ ਵਿਚੋਂ ਛੁੱਟ ਜਾਵਾਂਗਾ। ਪਰ ਮੈਨੂੰ ਆਪਣੀ ਫਿਕਰ ਨਹੀਂ। ਹਾਂ, ਫਿਕਰ ਹੈ ਤਾਂ ਸਿਰਫ ਇਹ ਕਿ ਮੈਂ ਦਿਨੋਂ-ਦਿਨ ਜਿੰਨਾਂ ਸੁੰਗੜਦਾ ਜਾ ਰਿਹਾਂ, ਮੇਰੀ ਪਤਨੀ ਓਨੀਂ ਹੀ ਫ਼ੈਲਦੀ ਜਾ ਰਹੀ ਏ।''
ਮੈਂ ਮਜ਼ਾਕ ਕੀਤਾ, ''ਬਈ ਘਨਈਆ ਲਾਲਾ, ਜਾਪਦੈ ਤੇਰਾ ਮਾਨਸਿਕ ਸੰਤੁਲਨ ਵਿਗੜ ਗਿਐ...ਕੁਝ ਦਿਨਾਂ ਵਾਸਤੇ ਕਿਸੇ ਪਹਾੜ 'ਤੇ ਜਾਂਦਾ ਰਹੁ। ਜੋ ਹੋਣਾ ਸੀ ਹੋ ਗਿਆ। ਖੁਸ਼ ਰਿਹਾ ਕਰ। ਦੇਖ ਨਾ ਏਥੇ ਕਿੰਨੀ ਚਹਿਲ-ਪਹਿਲ ਏ। ਅਹਿ ਸੁੰਦਰ ਸਾੜ੍ਹੀਆਂ, ਲੋਕਾਂ ਦੇ ਠਹਾਕੇ, ਰੋਮਾਂਸ ਤੇ ਖੁਸ਼ੀਆਂ।''
'ਰੋਮਾਂਸ ਤੇ ਖੁਸ਼ੀਆਂ,'' ਘਨਈਆ ਲਾਲ ਨੇ ਖਿਝ ਕੇ ਕਿਹਾ। ਉਸ ਦੀਆਂ ਅੱਖਾਂ ਦੀ ਚਮਕ ਮੱਧਮ ਪੈ ਗਈ ਤੇ ਉਹ ਪਹਿਲਾਂ ਨਾਲੋਂ ਜ਼ਿਆਦਾ ਕਰੂਪ ਦਿਸਣ ਲੱਗ ਪਿਆ। ''ਤੂੰ ਇਹਨਾਂ ਲੋਕਾਂ ਦੀਆਂ ਖੁਸ਼ੀਆਂ ਦਾ ਗ਼ਲਤ ਅੰਦਾਜ਼ਾ ਲਾ ਰਿਹੈਂ। ਇਹ ਲੋਕ ਪੈਦਾ ਹੋਣ ਤੋਂ ਪਹਿਲਾਂ ਹੀ ਮਰ ਚੁੱਕੇ ਨੇ। ਇਹਨਾਂ ਦੇ ਗਲ਼ ਇਹਨਾਂ ਦੇ ਮਾਂ-ਪਿਓ ਨੇ ਆਪ ਘੁੱਟ ਦਿੱਤੇ ਸਨ। ਏਥੇ ਨਾ ਰੋਮਾਂਸ ਏ, ਨਾ ਹੀ ਖੁਸ਼ੀ। ਇਹ ਤਾਂ ਤੁਰਦੀਆਂ-ਫਿਰਦੀਆਂ ਲਾਸ਼ਾਂ ਨੇ, ਲਾਸ਼ਾਂ।''
ਬਿੰਦ ਦਾ ਬਿੰਦ ਉਹ ਚੁੱਪ ਕਰ ਗਿਆ, ਫੇਰ ਮੇਰੇ ਵੱਲ ਅਜੀਬ ਜਿਹੀਆਂ ਨਜ਼ਰਾਂ ਨਾਲ ਤੱਕਦਾ ਹੋਇਆ ਬੋਲਿਆ, ''ਤੈਨੂੰ ਪਤੈ, ਜਿੱਥੇ ਰੁਮਾਂਸ ਤੇ ਖੁਸ਼ੀ ਨਹੀਂ ਹੁੰਦੇ ਉੱਥੇ ਕੀ ਹੁੰਦਾ ਏ?...ਉੱਥੇ ਹੁੰਦਾ ਹੈ ਧਰਮ! ਧਰਮ, ਸਿਰਫ ਧਰਮ! ਹੁਣ ਰੁਕਮਨ ਮੇਰੇ ਨਾਲ ਗੱਲ ਵੀ ਨਹੀਂ ਕਰਦੀ। ਉਹ ਦਿਨ ਰਾਤ ਮਾਲਾ ਜਪਦੀ ਰਹਿੰਦੀ ਏ ਬੈਠੀ, ਤੇ ਮੈਨੂੰ ਤੇ ਆਪਣੇ ਆਪ ਨੂੰ ਦੋਹਾਂ ਨੂੰ ਪਾਪੀ ਸਮਝਦੀ ਏ...ਹਾ-ਹਾ-ਹਾ!'' ਘਨਈਆ ਲਾਲ ਉੱਚੀ-ਉੱਚੀ ਹੱਸਣ ਲੱਗ ਪਿਆ।
ਉਸ ਦੇ ਹਾਸੇ ਨੇ ਅਚਾਨਕ ਮੇਰੇ ਲੂੰ-ਕੰਡੇ ਖੜ੍ਹੇ ਕਰ ਦਿੱਤੇ। ਸਾਰੇ ਸਰੀਰ ਨੂੰ ਧੁੜ-ਧੁੜੀਆਂ ਆਉਣ ਲੱਗ ਪਈਆਂ। ਰੋਮ-ਰੋਮ ਵਿਚ ਕੰਬਨੀ ਛਿੜ ਪਈ। ਪਤਾ ਨਹੀਂ ਕਿਉਂ ਪਰ ਇਹ ਸੱਚ ਏ ਕਿ ਘਨਈਆ ਲਾਲ ਦੀਆਂ ਅੰਦਰ ਵੜੀਆਂ ਅੱਖਾਂ ਤੇ ਗੱਲ੍ਹਾਂ ਦੇਖ ਕੇ ਮੈਨੂੰ ਰੇਤ ਦੀ ਉਹ ਕਬਰ ਚੇਤੇ ਆ ਗਈ ਸੀ, ਜਿਹੜੀ ਸੂਰਜ ਦੇ ਛਿਪਾਅ ਦੇ ਨਾਲ ਮਾਮੂਕਾਂਜਨ ਦੇ ਇਕ ਰੇਤਲੇ ਮੈਦਾਨ ਵਿਚ ਇਕ ਪੰਜਾਬਣ ਕੁੜੀ ਨੇ ਉਸ ਖਾਤਰ ਬਣਾਈ ਸੀ।

(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ