Qismat Puri (Punjabi Story) : Shahida Dilawar Shah

ਕਿਸਮਤ ਪੁੜੀ (ਕਹਾਣੀ) : ਸ਼ਾਹਿਦਾ ਦਿਲਾਵਰ ਸ਼ਾਹ

ਉਹ ਬੜੀ ਸਫ਼ਾਈ ਨਾਲ ਆਪਣਾ ਕੰਮ ਵਿਖਾਈ ਜਾ ਰਿਹਾ ਸੀ……………ਜਿਹਦੇ ਕੋਲ ਜਾ ਖਲੋਂਦਾ ਉਹੋ ਉਸ ਨੂੰ ਆਪਣਾ ਬੇਲੀ ਤੇ ਚਾਹਵਾਨ ਜਾਣਦਾ। ਉਹ ਮਿਲਣਸਾਰ ਈ ਇੰਨਾ ਸੀ ਪਈ ਜਿਹੜਾ ਵੀ ਉਸ ਨੂੰ ਮਿਲਦਾ ਆਪਣਾ ਸਾਰਾ ਕੁਝ ਉਸਦੇ ਉਤੋਂ ਵਾਰ ਕੇ ਸੁਟਣ ਲਈ ਤਿਆਰ ਹੋ ਜਾਂਦਾ। ਸ਼ਕਲ ਮੁਹਾਂਦਰਾ ਭੋਲਾ ਭਾਲਾ, ਮੋਟੀਆਂ ਅੱਖਾਂ, ਨਿੱਕੀ ਨਿੱਕੀ ਵੱਧੀ ਹੋਈ ਸ਼ੇਵ ਤੇ ਗ਼ੁਲਾਬੀ ਜਿਹੇ ਬੁਲ੍ਹਾਂ ਉਤੇ ਹਲ਼ਕੀ ਜਿਹੀ ਮੁਸਕਰਾਹਟ ਰਹਿੰਦੀ…………………ਅੱਖਾਂ ਤੇ ਉਦੋਂ ਖੁਲ਼੍ਹਦੀਆਂ ਜਦੋਂ ਦਿਲ ਦੇ ਨਾਲ ਖੀਸੇ ਨੂੰ ਵੀ ਹੂੰਝਾ ਫੇਰ ਜਾਂਦਾ ਤੇ ਮਗਰੋਂ ਵਿਸ਼ਵਾਸ ਦੀ ਪੰਡ ਖੂਹ ਵਿਚ ਜਾ ਡਿੱਗਦੀ।
ਨਿੱਕਿਆਂ ਹੁੰਦਿਆਂ ਮੁਮਤਾਜ਼ ਹੁਸੈਨ ਦੇ ਪਿਓ ‘ਪੀਰਾਂ ਦਿੱਤੇ’ ਨੂੰ ਜੂਏ ਦੀ ਅਲ ਸੀ। ਇਹੋ ਭੈੜੀ ਇੱਲਤ ਉਹਦੇ ਮੁੰਡੇ ਦੀਆਂ ਜੜ੍ਹਾਂ ਵਿਚ ਬਹਿ ਗਈ। ‘ਪੀਰਾਂ ਦਿੱਤੇ’ ਨੇ ਇਸ ਚਸਕੇ ਲਈ ਭਾਂਡੇ ਠੀਕਰ ਤਕ ਦਾਅ ਉਤੇ ਲਾ ਦਿੱਤੇ ਹੋਏ ਸਨ। ਉਹਦੀ ਬੀਵੀ ਮੁਮਤਾਜ਼ ਹੁਸੈਨ ਨੂੰ ਲੈ ਕੇ ਨਾਲ ਦੀ ਗਲੀ ਵਿਚ ਰਹਾਇਸ਼ੀ (ਨਿਵਾਸ) ਆਪਣੀ ਵੱਡੀ ਭੈਣ ਦੇ ਘਰ ਆ ਗਈ ਜਿਥੋਂ ਮਾਂ ਪੁੱਤਾਂ ਨੂੰ ਲੀੜਾ ਟੁਕ ਤੇ ਮਿਲ ਜਾਂਦਾ ਪਰ ਜ਼ਿਹਨੀ ਸਕੂਨ ਨਹੀਂ ਸੀ ਕਿਉਂਕਿ ਪੀਰਾਂ ਦਿੱਤਾ ਰੋਜ਼ ਕੋਈ ਨਵਾਂ ਮਸਲਾ ਖੜ੍ਹਾ ਕਰ ਦਿੰਦਾ ਤੇ ਸਾਰੇ ਉਲਾਹਮੇ ਉਦੇ ਸਾਲੀ ਦੇ ਘਰ ਅਪੜ ਜਾਂਦੇ, ਸਾਲੀ ਦੇ ਘਰ ਸਿਰ ਲੁਕਾਉਣ ਲਈ ਛੱਤ ਤੇ ਹੈ ਸੀ ਪਰ ਸਾਲੀ ਦਾ ਆਪਣਾ ਮੁੰਡਾ ਮੁਮਤਾਜ਼ ਹੁਸੈਨ ਦਾ ਹਾਣੀ ਸੀ………………………. ਨਵੀਦ ਸ਼ਹਜ਼ਾਦ ਦਾ ਸਕੂਲ ਵੀ ਮਹਿੰਗਾ ਸੀ ਤੇ ਖਾਣ ਪਾਣ ਵੀ ਅਮੀਰਾਂ ਵਾਲਾ ਸੀ। ਮੁਮਤਾਜ਼ ਹੁਸੈਨ ਅੰਦਰ ਇਸ ਤੋਂ ਚੋਮਪਲੲਣ ਪੈਦਾ ਹੁੰਦਾ ਗਿਆ ਜਿਨ੍ਹੇ ਉਸ ਨੂੰ ਮੁਮਤਾਜ਼ ਹੁਸੈਨ ਤੋਂ “ਤਾਜੂ” ਬਣਾ ਦਿੱਤਾ। ਜਦੋਂ ਦੁਪਹਿਰ ਨੂੰ ਘਰ ਦੀਆਂ ਜ਼ਨਾਨੀਆਂ ਲੌਢੇ ਵੇਲੇ ਦੇ ਅੰਨ ਪਾਣੀ ਤੋਂ ਵਿਹਲੀਆਂ ਹੋ ਕੇ ਲੱਕ ਸਿੱਧਾ ਕਰਨ ਲਈ ਏ-ਸੀ ਵਾਲੇ ਕਮਰੇ ਵਿਚ ਇੱਕਠੀਆਂ ਹੋ ਕੇ ਚਲੀਆਂ ਜਾਂਦੀਆਂ, ਤਾਜੂ ਮੌਕਾ ਭਾਲ਼ ਕੇ ਘਰੋਂ ਬਾਹਰ ਜਾਣ ਲੱਗਾ…………………ਤਾਜੂ ਦੀ ਮਾਂ ਆਪਣੀ ਭੈਣ ਦੀ ਮਸ਼ਕੂਰ ਸੀ ਪਰ ਦਿਲ ਈ ਦਿਲ ਵਿਚ ਨਵੀਦ ਸ਼ਹਜ਼ਾਦ ਤੋਂ ਸੜਦਾ ਰਹਿੰਦਾ। ਘਰ ਦੇ ਮਾਹੌਲ ਤੋਂ ਬਾਹਰ ਦਾ ਮਾਹੌਲ ਤਾਜੂ ਨੂੰ ਭਾ ਗਿਆ। ਮਾਂ ਨਾਲ਼ ਲੜ-ਭਿੜ ਕੇ ਬਹੁਤਾ ਵੇਲਾ ਉਹ ਬਾਹਰ ਰਹਿਣ ਲਗਾ। ਘਰ ਜਾਂਦਾ ਤੇ ਉਹਨੂੰ ਖਾਣ ਪੀਣ ਦੀ ਪਰਵਾਹ ਨਾ ਹੁੰਦੀ। ਜੇਬ ਵਿਚ ਰੰਗ ਬਿਰੰਗੇ ਨੋਟ ਉਹਦਾ ਵਿਸ਼ਵਾਸ ਵੱਧਾ ਦੇਂਦੇ। ਵਿਗੜਦਿਆਂ ਵਿਗੜਦਿਆਂ ਉਹ ਇੱਕ ਐਕਸਪ੍ਰਟ ਖੀਸਾ ਕੁਤਰਾ ਬਣ ਗਿਆ। ਕੱਦ ਕੋਈ ਬਹੁਤਾ ਉਂਚਾ ਲੰਮਾ ਨਹੀਂ ਸੀ ਇਸ ਲਈ ਉਹ ਕਿਸੇ ਵੀ ਬਾਬੂ ਦਾ ਉਤਲਾ, ਸਾਹਮਣੇ ਵਾਲਾ, ਵੱਖੀ ਵਾਲਾ ਅਤੇ ਹੇਠਲਾ ਖੀਸਾ ਅਸਾਨੀ ਨਾਲ ਵੱਢ ਲੈਂਦਾ। ਦੂਜਾ ਰੌਲੇ ਵਿਚ ਲੋਕਾਂ ਨੂੰ ਉਹਦੇ ਉਤੇ ਸ਼ਕ ਵੀ ਨਾ ਜਾਂਦਾ ਸਗੋਂ ਕਿਸੇ ਘਬਰੂ ਉਂਤੇ ਸ਼ਕ ਕਰ ਕੇ ਉਹਦੇ ਮਗਰ ਚੋਰ ਲੱਭਣ ਲਈ ਨਸ ਪੈਂਦਾ ਤੇ ਨਸਦੇ ਨਸਦੇ ਉਹ ਲੋਕਾਈ ਦੀ ਅੱਖੀਂ ਘੱਟਾ ਪਾ ਕੇ ਬੱਚ ਨਿਕਲ਼ਦਾ। ਉਹਨੂੰ ਆਪਣੇ ਮੁਫ਼ਾਦ ਦੀਆਂ ਜਗ੍ਹਾਂ ਦਾ ਪਤਾ ਸੀ। ਬੱਸ ਸਟਾਪ, ਬਾਜ਼ਾਰ, ਰੇਲਵੇ ਸਟੇਸ਼ਨ, ਜਲਸੇ ਜਲੂਸ, ਮਜਲਿਸਾਂ, ਵਿਆਹ ਸ਼ਾਦੀ, ਮੇਲੇ ਠੇਲੇ ਤੇ ਦਰਬਾਰ ਮਜ਼ਾਰ।
ਫ਼ਨ ਦੀ ਪੁਖ਼ਤਗੀ ਨਾਲ ਉਹਨੂੰ ਪੱਕ ਹੋ ਗਿਆ ਕਿ ਹਰ ਖੀਸੇ ਕੁਤਰੇ ਦਾ ਮਾਂਗਤਾਂ ਤੇ ਜ਼ੋਰਆਵਰਾਂ ਬਦਮਾਸ਼ਾਂ ਹਾਰ ਆਪਣਾ ਇਲਾਕਾ ਤੇ ਅੱਡਾ ਹੁੰਦਾ ਏ । ਉਨ੍ਹਾਂ ਦਾ ਵੀ ਇੱਕ ਗਰੁੱਪ, ਇੱਜ਼ਤ ਤੇ ਮਕਾਮ ਹੁੰਦਾ ਏ। ਜਿਹਦਾ ਜਿੰਨਾ ਤਲੰਗਾ ਹੋਵੇ ਉਹਦਾ ਵਕਾਰ (ਪੱਧਰ) ਵੀ ਵੱਡਾ ਹੁੰਦਾ ਏ। ਤਾਜੂ ਦਾ ਪੋਸ਼ ਏਰੀਆ ਸੀ। ਇੱਕ ਦਿਨ ਲੈਣ ਦੇਣ ਉਤੇ ਤਾਜੂ ਦਾ ਆਪਣੇ ਗਰੁੱਪ ਨਾਲ ਰਫੜ ਪੈ ਗਿਆ ਤੇ ਤਾਜੂ ਨੂੰ ਇਲਾਕਾ ਛਡਣਾ ਪੈ ਗਿਆ। ਆਪਣਾ ਚੌਂਕ ਛੱਡ ਕੇ ਇਸ ਦਰਬਾਰੇ ਆ ਬੈਠਾ……ਦਾੜ੍ਹੀ ਰੱਖੀ ਤੇ ਮਜਾਵਰ ਦਾ ਰੰਗ ਵਟਾ ਲਿਆ……………ਆਪਣੇ ਕੰਮ ਦਾ ਜਾਣੂ ਸੀ…………….ਉਂਝ ਵੀ ਉਹਨੂੰ ਹਰ ਰੂਪ ਈ ਜੱਚ ਜਾਂਦਾ, ਹਰ ਮੁਹਾਂਦਰੇ ਵਿਚ ਨਿਖੜਿਆ ਨਿਖੜਿਆ ਲੱਗਦਾ। ਸ਼ਕ ਲੋਕਾਂ ਦੇ ਸਿਰ ਦੇ ਉਤੋਂ ਦੀ ਲੰਘ ਜਾਂਦਾ। ਇਧਰ ਉਧਰ ਦੇ ਮੁਸਾਫ਼ਰਾਂ ਨੂੰ ਛੁਰਾ ਫੇਰਨ ਮਗਰੋਂ ਆਪਣੇ ਅੱਡੇ (ਦਰਬਾਰੇ) ਉਦੋਂ ਜਾਂਦਾ ਜਦੋਂ ਕੋਈ ਹਲਕਾ (ਦ੍ਰਿਸ਼) ਜਾਂ ਜਥਾ ਦਰਬਾਰੇ ਲੀੜਾ ਚੜ੍ਹਾਣ ਗਰੁੱਪ ਦੀ ਸੂਰਤ ਵਿਚ ਆਉਂਦਾ। ਇਹ ਉਨ੍ਹਾਂ ਨਾਲ ਰਲਤੀ ਬਣ ਕੇ ਬਰਾਬਰ ਟੁਰਦੈ। ਅੱਜ ਉਹ ਬਹੁਤ ਖੁਸ਼ ਸੀ। ਬਜ਼ੁਰਗਾਂ ਦੇ ਵਰ੍ਹੇ ਵਾਰ ਇੱਕਠ ਉਤੇ ਵੱਡੇ ਮੇਲੇ ਦਾ ਪ੍ਰਬਂੰਧ ਹੁੰਦਾ, ਧਮਾਲਾਂ ਪੈਂਦੀਆਂ, ਆਰਫ਼ਾਨਾ ਕਲਾਮ ਦੀਆਂ ਮਹਿੱਫ਼ਲਾਂ ਜੰਮਦੀਆਂ, ਜ਼ਨਾਨੀਆਂ ਬੰਦਿਆਂ ਤੇ ਨਿਆਣਿਆਂ ਲਈ ਮੇਲੇ ਦੇ ਵੱਖਰੇ ਵੱਖਰੇ ਦਿਨ ਨਿਸ਼ਚਤ ਕੀਤੇ ਜਾਂਦੇ। ਪਹਿਲੇ ਦੋ ਦਿਨ ਬਾਲਾਂ ਜ਼ਨਾਨੀਆਂ ਤੇ ਅਖ਼ੀਰ ਤਿੰਨ ਦਿਨ ਘਬਰੂਆਂ ਤੇ ਬਾਬਿਆਂ ਲਈ ਖਾਸ ਮਿੱਥੇ ਜਾਂਦੇ………………ਬੀਬੀਆਂ ਦੇ ਮੇਲੇ ਵਿਚ ਮਰਦਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਇਸ ਲਈ ਮੇਲੇ ਪਹਿਲੇ ਦੋ ਦਿਨ ਤਾਜੂ ਦੀ ਕਮਾਈ ਨਾ ਹੋਣ ਪਾਰੋਂ ਘਰ ਜਾਂ ਦਰਬਾਰੇ ਸੌਂ ਕੇ ਈ ਲੰਘਾਂਦਾ ਪਰ ਮੇਲੇ ਦੇ ਅਗਲੇ ਤਿੰਨ ਦਿਨ ਉਹਦੀ ਚਾਂਦੀ ਤੇ ਸੋਨਾ ਹੁੰਦੇ । ਕਈ ਬੇਵੱਸੇ ਤੇ ਵਢੇਰੇ ਬੁੱਢਿਆਂ ਦੇ ਅਥਰੂ ਵੇਖ ਕੇ ਉਹ ਖੀਸਾ ਕੁਤਰੇ ਨੂੰ ਲੱਭਣ ਉਨ੍ਹਾਂ ਦੇ ਨਾਲ ਟੁਰ ਪੈਂਦਾ ਪਰ ਜ਼ਾਲਮ ਉਤੇ ਭੋਰਾ ਅਸਰ ਨਾ ਹੁੰਦਾ। ਉਹ ਸਗੋਂ ਖਿਚਾਧੂਈ ਦੇ ਨਵੇਂ ਨਵੇਂ ਵੱਲ ਸਿੱਖਦਾ।
ਵਰ੍ਹੇ ਵਾਰ ਇੱਕਠ ਵਿਚ ਮੇਲੇ ਦੇ ਪਹਿਲੇ ਈ ਲੋਕਾਈ ਟੋਲੀਆਂ ਦੀਆਂ ਟੋਲੀਆਂ ਮਜ਼ਾਰ ਉਤੇ ਹਾਜ਼ਰੀ ਦੇਣ ਆਉਂਦੇ। ਦੂਰੋਂ ਦੂਰੋਂ ਆਉਣ ਵਾਲੇ ਜਥੇ ‘ਤੇ ਟੋਲੇ ਆਉਂਦੇ ਸਾਰ ਈ ਦਰਬਾਰ ਦੇ ਵੇਹੜੇ ਵਿਚ ਆਪਣੀ ਆਪਣੀ ਥਾਂ ਤੇ ਆਪਣੇ ਖੰਨਵਾਦੇ ਬਿਠਾ ਲੈਂਦੇ। ਪਹਿਲੋਂ ਆਉਣ ਵਾਲੇ ਜਥੇ ਦਰਬਾਰ ਦੀਆਂ ਕੰਧਾਂ ਦੇ ਨਾਲ ਹੱਦਬੰਦੀਆਂ ਕਰ ਲੈਂਦੇ। ਸੈਂਕੜਿਆਂ ਦੀ ਗਿਣਤੀ ਵਿਚ ਆਉਣ ਵਾਲੇ ਯਾਤਰੀ ਤੇ ਹੁੱਬਦਾਰ ਰਸ਼ ਪਾਰੋਂ ਬਾਲ ਗੁਆਚਣ ਦਾ ਖੌਫ਼ ਵੀ ਰੱਖਦੇ। ਇਸ ਲਈ ਉਹ ਆਪਣੇ ਬਾਲਾਂ ਨੂੰ ਡਾਢੀ ਰਾਖੀ ਵਿਚ ਰੱਖਦੇ। ਮੇਲੇ ਦੇ ਪਹਿਲੇ ਦਿਨ ਤੋਂ ਈ ਨਾਤਾਂ, ਕਵਾਲੀਆਂ ਤੇ ਵ੍ਰਿਦਾਂ ਦੀਆਂ ਮਹਿੱਫ਼ਲਾਂ ਸ਼ੁਰੂ ਹੋ ਜਾਂਦੀਆਂ ਤੇ ਦਰਬਾਰ ਦੇ ਪਰਲੇ ਇਹਾਤੇ ਵਿਚ ਦੇਗਾਂ ਕੜਛੇ ਸਾਰੀ ਸਾਰੀ ਰਾਤ ਖੜਕਦੇ, ਹਲੀਮ ਪੱਕਦੇ, ਬਦਾਮਾਂ ਤੇ ਲਾਚੀਆਂ ਵਾਲੀ ਚਾਹ, ਨਾਨ ਛੋਲੇ, ਰਸ ਲੱਸੀ, ਮਿੱਠੇ ਸਲੂਣੇ ਚਾਉਲ ਵੰਨ-ਸੁਵੰਨੇ ਹਲਵੇ, ਜਲੇਬੀਆਂ ਤੇ ਪ੍ਰਸ਼ਾਦਾਂ ਦੀ ਥੁੜ ਨਾ ਹੁੰਦੀ। ਠੰਡੇ ਮਿੱਠੇ ਸ਼੍ਰਬਤਾਂ ਦੀਆਂ ਡਰੱਮੀਆਂ ਥਾਂ ਥਾਂ ਰਖਵਾਈਆਂ ਜਾਂਦੀਆਂ ਜਿਨ੍ਹਾਂ ਉਤੇ ਇਲਾਕੇ ਦੇ ਵਿਹਲੇ ਤੇ ਅਵਾਰਾ ਮੁੰਡਿਆਂ ਦੀ ਡਿਉਟੀਆਂ ਲੱਗੀਆਂ ਹੁੰਦੀਆਂ। ਪੂਰਾ ਹਫ਼ਤਾ ਭੁੱਖਿਆਂ ਨੰਗਿਆਂ ਦੀ ਈਦ ਹੋ ਜਾਂਦੀ। ਬਾਲਾਂ ਲਈ ਅਸਮਾਨੀ ਪੰਘੂੜੇ ਤੇ ਜਵਾਨਾਂ ਦੇ ਮਨ ਪ੍ਰਚਾਵਣ ਲਈ ਮੌਤ ਦੇ ਖੂਹ ਕਰਤਬ ਖੁਸਰੇ ਵੀ ਨਚਾਏ ਜਾਂਦੇ। ਰਿੱਛਾਂ ਬਾਂਦਰਾਂ ਵਾਲੇ ਵੀ ਪੂਰੇ ਸਾਲ ਦਾ ਇੰਤਜ਼ਾਰ ਕਰਦੇ ਰਹਿੰਦੇ।
ਤਾਜੂ ਸ਼ੁੱਦਾਈਆਂ ਹਾਰ ਮਜਾਵਰਾਂ ਦਾ ਮੁਹਾਂਦਰਾ ਬਣਾ ਲਿਆ ਪਰ ਉਹਦੀ ਅੱਖ ਅੰਦਰ ਸ਼ੇਤਾਨ ਵੀ ਵਸਦਾ ਜਿਹਦੇ ਤੋਂ ਦਰਬਾਰੇ ਆਉਣ ਵਾਲੀ ਕੋਈ ਅਲ੍ਹੜ ਮਂੁਟਿਆਰ ਅੱਖ ਤੋਂ ਖੁੰਜ ਨਹੀਂ ਸੀ ਸਕਦੀ। ਤਾਜੂ ਨੇ ਪਹਿਲੀ ਸ਼ਾਮ ਈ ਤਾੜ ਲਿਆ ਪਈ ਉਹਦਾ ਹੱਥ ਕਿਹੜੇ ਬੰਦੇ ਦੀ ਜੇਬ ਸਾਫ਼ ਕਰ ਸਕਦੀ ਏ ਤੇ ਕਿਹੜੀ ਕਿਹੜੀ ਅਲ੍ਹੜ ਮੁਟਿਆਰ ਉਹਦੀ ਅੱਖ ਦੀ ਚਮਕ ਵੱਧਾ ਸਕਦੀ ਏ।
ਇੱਤੋ ਦਾ ਅਸਲ ਨਾਂ ਖ਼ੌਰੇ ਇੱਤਰਤ ਨਸੀਮ ਸੀ ਪਰ ਉਹਨੂੰ ਸਾਰੇ ਇੱਤੋ ਇੱਤੋ ਈ ਆਖਦੇ। ਇੱਤੋ ਦੀ ਮਾਂ ਆਪਣੇ ਨਿੱਕੇ ਮੁੰਡੇ ਨੂੰ ਥਾਲੀ ਵਿਚ ਚਾਉਲ ਪਾ ਕੇ ਦੇਣ ਲੱਗੀ ਤੇ ਉਹਦੀ ਨਜ਼ਰ ਸਾਹਮਣੇ ਪਤਲੇ ਪਤੰਗ ਤੀਲੇ ਜਿਹੇ ਲੰਮੀ ਦਾੜ੍ਹੀ ਵਾਲੇ ਬੁੱਢੜੇ ਉਤੇ ਪਈ ਜਿਹਦੇ ਇਕ ਹੱਥ ਵਿਚ ਮੈਲੀ ਜਿਹੀ ਤਸਬੀ ਸੀ ਗਲ਼ ਉਤੇ ਕੱਖ ਨਹੀਂ ਸੀ ਪਾਇਆ ਪਰ ਲੱਕ ਉਤੇ ਪੁਰਾਣੀ ਜਿਹੀ ਧੋਤੀ ਬੰਨ੍ਹੀ ਹੋਈ ਸੀ। ਮੂੰਹੋਂ ਕੁਝ ਨਹੀਂ ਸੀ ਬੋਲ ਰਿਹਾ ਪਰ ਉਹਦੇ ਬੁਲ੍ਹ ਹੌਲੀ ਹੌਲੀ ਹਿਲ਼ ਰਹੇ ਸਨ ਹਲਕ ਦੀ ਹੱਡੀ ਵੀ ਛੇਤੀ ਛੇਤੀ ਉਤੇ ਥਲੇ ਹੋ ਰਹੀ ਸੀ। ਇਸ ਤੋਂ ਅੰਦਾਜ਼ਾ ਹੁੰਦਾ ਸੀ ਕਿ ਉਹ ਕੁਝ ਜ਼ਿਕਰ ਫ਼ਿਕਰ ਕਰ ਰਿਹਾ ਏ ਪਰ ਮੁਸਲ਼ਸਲ ਇੱਤੋ ਦੀ ਮਾਂ ਵੱਲ ਵੇਖ ਰਿਹਾ ਸੀ। ਇੱਤੋ ਦੀ ਮਾਂ ਖ਼ੌਰੇ ਬੁੱਢੜੇ ਦੀ ਰਮਜ਼ ਤਾੜ ਗਈ ਉਨ੍ਹੇ ਇੱਕ ਪਿਆਲੇ ਵਿਚ ਚਾਉਲ ਪਾਏ ਤੇ ਇੱਤੋ ਨੂੰ ਆਖਣ ਲੱਗੀ “ਜਾ ਨੀ ਉਸ ਬਾਬੇ ਨੂੰ ਫੜਾ ਆ।”
ਇੱਤੋ ਨੇ ਅਗੋਂ ਪੁੱਛਿਆ “ਅੱਮਾਂ ਉਹ ਤੇ ਸਾਡੇ ਜਥੇ ਦਾ ਬਾਬਾ ਨਹੀਂ।”
ਮਾਂ ਨੇ ਆਖਿਆ: “ਹਰ ਵੇਲੇ ਤਿੜ ਤਿੜ ਨਾ ਬੋਲੀ ਜਾਇਆ ਕਰ ਕਦੇ ਬੋਲਤੀ ਬੰਦ ਰੱਖ ਕੇ ਵੀ ਕੋਈ ਕੰਮ ਕਰ ਲਿਆ ਕਰ।”
ਇੱਤੋ ਭੈੜਾ ਜਿਹਾ ਮੂੰਹ ਬਣਾ ਕੇ ਉਂਠੀ ਤੇ ਚਾਉਲਾਂ ਵਾਲੀ ਥਾਲੀ ਜਿਹਦੇ ਵਿਚ ਉਬਲੇ ਹੋਏ ਚਾਉਲ ਤੇ ਉਤੇ ਛੋਲਿਆਂ ਦੀ ਦਾਲ ਪਾਈ ਸੀ ਬਾਬੇ ਦੇ ਅਗੇ ਰੱਖ ਆਈ। ਹੱਡੀਆਂ ਦੀ ਮੁੱਠ ਬਾਬੇ ਨੇ ਤਸਬੀ ਤੇ ਹਰੇ ਰੰਗ ਦਾ ਸਾਫ਼ਾ ਇੱਕ ਬੰਨੇਂ ਰੱਖਿਆ ਤੇ ਚਾਉਲ ਖਾਣ ਲੱਗ ਪਿਆ। ਇੱਤੋ ਦੀ ਮਾਂ ਵੇਖਦੀ ਰਹੀ। ਥੋੜ੍ਹੀ ਦੇਰ ਬਾਅਦ ਉਨ੍ਹੇ ਪਲਾਸਟਕ ਦੇ ਗਲਾਸ ਵਿਚ ਕੂਲਰ ਵਿਚੋਂ ਠੰਡਾ ਪਾਣੀ ਪਾ ਕੇ ਆਪਣੇ ਮੁੰਡੇ ਹੱਥ ਬਾਬੇ ਵੱਲ ਘਲਿਆ ਬਾਬੇ ਨੇ ਉਸੇ ਚੁੱਪ ਦੇ ਨਾਲ ਪਾਣੀ ਫੜਿਆ ਤੇ ਪੀ ਲਿਆ। ਇੱਤੋ ਦਾ ਭਰਾ ਬਾਬੇ ਵੱਲ ਵੇਖਦਾ ਰਿਹਾ…………………ਬਾਬੇ ਦੇ ਪਾਣੀ ਪੀਣ ਮਗਰੋਂ ਬਾਬੇ ਤੋਂ ਗਲਾਸ ਵਾਪਸ ਲਿਆ ਤੇ ਭੋਇੰਦੀਂ ਪੈਰੀਂ ਮਾਂ ਕੋਲ ਆ ਗਿਆ ਤੇ ਬਾਬਾ ਤਸਬੀ ਫੜ ਕੇ ਆਪਣੇ ਕੰਮ ਲੱਗ ਗਿਆ।
ਮੇਲੇ ਦਾ ਦੂਜਾ ਦਿਨ ਸੀ ਬੀਬੀਆਂ ਅੰਨ੍ਹੇ ਵਾਹ ਮੇਲੇ ਤੋਂ ਸ਼ੈਆਂ ਖਰੀਦਣ ਵਿਚ ਰੁਝੀਆਂ ਸੀ। ਦਰਬਾਰ ਉਤੇ ਆਮ ਦਿਨਾਂ ਤੋਂ ਕਈ ਹਿੱਸੇ ਵੱਧ ਰਸ਼ ਪਿਆ ਹੋਇਆ ਸੀ। ਤਾਜੂ ਦੋ ਤਿੰਨ ਲੋਕਾਂ ਨੂੰ ਆਪਣਾ ਹੱਥ ਵਿਖਾ ਚੁੱਕਿਆ ਸੀ ਪਰ ਉਸ ਨੂੰ ਖ਼ਾਤਰਖਾਹ ਕਾਮਯਾਬੀ ਨਹੀਂ ਹੋਈ। ਅਚਾਨਕ ਉਸ ਚੰਗਾ ਭਾਰੂ ਤਾੜਿਆ। ਚਿੱਟੇ ਆਂਡਾ ਸੂਟ ਵਾਲਾ ਖਾਂਦੇ ਪੀਂਦੇ ਘਰ ਦਾ ਜਾਪਦਾ ਸੀ। ਉਸ ਦਰਬਾਰੇ ਵੜਦਿਆਂ ਈ ਮਜ਼ਾਰ ਦੀ ਬੰਨ੍ਹੀ ਉਤੇ ਮੱਥਾ ਟੇਕਿਆ। ਉਹਦੀ ਵੱਖੀ ਦੇ ਖੀਸੇ ਦੇ ਉਭਾਰ ਤੋਂ ਪਤਾ ਲੱਗਦਾ ਸੀ ਕਿ ਅੰਦਰ ਚੌਖਾ ਮਾਲ ਏ। ਉਹ ਅਲਾ ਦੇ ਬੰਦੇ ਨੇ ਬੰਨ੍ਹੀ ਉਤੇ ਸਿਰ ਕੀ ਰੱਖਿਆ ਨਾਲ ਈ ਉਂਚੀ ਉਂਚੀ ਰੋਣ ਲੱਗ ਪਿਆ। ਰੋਂਦੇ ਰੋਂਦੇ ਉਹਨੂੰ ਆਪਣੇ ਸੱਜੇ ਖੱਬੇ ਦੀ ਹੋਸ਼ ਨਾ ਰਹੀ ਪਰ ਉਹਦੇ ਸੱਜੇ ਬੰਨੇਂ ਖਲੋਤੇ ਤਾਜੂ ਨੂੰ ਬੜੀ ਹੋਸ਼ ਸੀ ਬਸ ਉਹ ਤੇ ਮੌਕੇ ਦੀ ਤਲਾਸ਼ ਵਿਚ ਸੀ ਜਦੋਂ ਉਹਨੂੰ ਯਕੀਨ ਹੋਗਿਆ ਕਿ ਉਹ ਸਭ ਤੋਂ ਅੱਖ ਚੁਰਾ ਕੇ ਆਪਣੇ ਕੰਮ ਵਿਚ ਕਾਮਯਾਬ ਹੋਣ ਵਾਲਾ ਏ। ਉਸ ਬਲੇਡ ਦਾ ਅੱਧਾ ਪਾਸਾ ਆਪਣੀ ਜੇਬ ਵਿਚੋਂ ਕੱਢਿਆ ਜਿਹੜਾ ਉਹ ਹਰ ਵੇਲੇ ਲੋਕਾਂ ਦੀ ਜੇਬ ਟੁਕਣ ਲਈ ਆਪਣੇ ਕੋਲ ਰੱਖਦਾ ਸੀ। ਉਹ ਚਿੱਟੇ ਲੀੜਿਆਂ ਵਾਲੇ ਦੀ ਜੇਬ ਦੇ ਹੇਠਲੇ ਹਿੱਸੇ ਉਤੇ ਆਪਣਾ ਕੰਮ ਪਾਣ ਈ ਲੱਗਾ ਸੀ ਕਿ ਅਚਾਨਕ ਉਹਦੀ ਨਜ਼ਰ ਉਸੇ ਬਾਬੇ ਉਂਤੇ ਪਈ ਜਿਹਨੂੰ ਇੱਤੋ ਬੜੇ ਗੁੱਸੇ ਨਾਲ ਚਾਉਲ ਫੜਾਨ ਗਈ ਸੀ। ਬਾਬਾ ਡੂੰਘੀ ਸੋਚ ਪਿਆ ਤਾਜੂ ਵੱਲ ਤੱਕ ਰਿਹਾ ਸੀ। ਤਾਜੂ ਦਾ ਹੱਥ ਥਿੜਕ ਗਿਆ ਤੇ ਬਹਾਨੇ ਨਾਲ ਉਹ ਵੀ ਚਿੱਟੇ ਲੀੜਿਆਂ ਵਾਲੇ ਦੇ ਨਾਲ ਬੰਨੀਂ ਉਤੇ ਮੱਥਾ ਟੇਕ ਕੇ ਪਰਾਂਹ ਨੂੰ ਚੱਲਾ ਗਿਆ। ਉਸ ਨੂੰ ਬਾਬੇ ਉਤੇ ਥੋੜ੍ਹਾ ਗੁੱਸਾ ਆਇਆ ਕਿ ਕੰਮ ਹੁੰਦਿਆਂ ਹੁੰਦਿਆਂ ਰਹਿ ਗਿਆ। ਤਾਜੂ ਕੋਈ ਨਿੱਕਾ ਮੋਟਾ ਖੀਸਾ ਕੁਤਰਾ ਨਹੀਂ ਸੀ। ਉਹਦੇ ਹੱਥ ਦੀ ਸਫ਼ਾਈ ਦਾ ਜੁਆਬ ਨਹੀਂ ਸੀ ਭਾਵੇਂ ਉਹ ਬਹੁਤ ਮੁਹਤਾਤ ਹੋ ਕੇ ਖੇਡਦਾ ਸੀ ਫੇਰ ਵੀ ਮਾਹਿਰ ਡਾਕੂ ਸੀ ਕਿਸੇ ਨੂੰ ਸ਼ਾਇਬਾ ਤਕ ਨਾ ਗੁਜ਼ਰਦਾ……………………………ਉਹ ਸੋਚ ਰਿਹਾ ਸੀ ਜੇ ਇਹ ਬੁੱਢਾ ਕੰਮ ਨਾ ਵਿਗਾੜਦਾ ਤੇ ਅਸਾਮੀ ਤੇ ਮੋਟੀ ਸੀ।
ਤਾਜੂ ਨੂੰ ਬਹੁਤੀ ਮਾਯੂਸੀ ਨਹੀਂ ਸੀ। ਅਗਲਾ ਦਿਨ ਉਹਦਾ ਈਦ ਦਾ ਦਿਨ ਸੀ। ਜ਼ਨਾਨੀਆਂ ਤੇ ਬਾਲਾਂ ਦਾ ਮੇਲਾ ਮੁਕਣ ਵਾਲਾ ਸੀ ਤੇ ਬੰਦਿਆਂ ਦਾ ਸ਼ੁਰੂ ਹੋਣ ਵਾਲਾ ਸੀ।…………………….ਉਹਦੀ ਕਮਾਈ ਦਾ ਦਿਨ ਆਉਣ ਵਾਲਾ ਸੀ…………..ਬਾਹਰ ਮੇਲੇ ਦੀਆਂ ਰੌਣਕਾਂ ਲੱਗੀਆਂ ਸਨ…………………….. ਹਰ ਕੋਈ ਆਪਣੀ ਪਸੰਦ ਮੁਤਾਬਕ ਕੰਮ ਚਲਾ ਰਿਹਾ ਸੀ। ਬੁੱਢੇ ਬੁੱਢੇ ਬਾਬੇ ਭੰਗ ਸ੍ਰਦਾਈਆਂ ਘੋਟਣ ਵਿਚ ਮਗਨ ਸੀ। ਇੱਤੋ ਦੇ ਸਾਹਮਣੇ ਵਾਲਾ ਬਾਬਾ ਖ਼ੌਰੇ ਇਨ੍ਹਾਂ ਬਾਬਿਆਂ ਵਿਚ ਆ ਰਲਿਆ ਹੋਣਾ ਏ ਕਿਉਂ ਜੇ ਇੱਤੋ ਨੂੰ ਚਾਹ ਦੀ ਪਿਆਲੀ ਵਾਪਸ ਮੋੜਣ ਮਗਰੋਂ ਉਹ ਆਪਣੀ ਜਗ੍ਹਾ ਉਤੇ ਨਹੀਂ ਸੀ।
ਤਾਜੂ ਦੀ ਦਿਲਚਸਪੀ ਬਾਬਾ ਨਹੀਂ ਸੀ ਇੱਤੋ ਸੀ ਜਿਹੜੀ ਮਾਂ ਦੇ ਹੁਕਮ ਮੁਤਾਬਕ ਸੁਬਹ ਸ਼ਾਮ ਬਾਬੇ ਨੂੰ ਰੋਟੀ ਪਾਣੀ ਪਹੁੰਚਾਂਦੀ। ਨਾ ਬਾਬਾ ਮੂੰਹੋਂ ਕੁਝ ਬੋਲਦਾ ਨਾ ਕਿਸੇ ਸ਼ੈਅ ਦੀ ਮੰਗ ਕਰਦਾ ਤੇ ਨਾ ਈ ਇੱਤੋ ਹੁਣ ਬਹੁਤਾ ਨੱਕ ਮੂੰਹ ਵੱਟਦੀ। ਬੱਸ ਉਹ ਭਾਂਡੇ ਰੱਖ ਜਾਂਦੀ ਤੇ ਬਾਬੇ ਦੇ ਖਾਣ ਮਗਰੋਂ ਥੋੜ੍ਹੇ ਚਿਰ ਬਾਅਦ ਬਰਤਨ ਚੁੱਕ ਲਿਆਉਂਦੀ। ਤਾਜੂ ਨੂੰ ਬਾਬਾ ਪੂਰੇ ਮੇਲੇ ਵਿਚ ਨਜ਼ਰ ਨਹੀਂ ਆਇਆ। ਤਾਜੂ ਨੂੰ ਬਾਬੇ ਦਾ ਬਹੁਤਾ ਡਰ ਤੇ ਨਹੀਂ ਸੀ ਬਸ ਥੋੜ੍ਹਾ ਜਿਹਾ ਝਾਕਾ ਜਿਹਾ ਪੈ ਗਿਆ ਸੀ ਤਾਂ ਉਹਦੇ ਤੋਂ ਵਲ਼ਾ ਕੇ ਜਾਣਾ ਚਾਹੁੰਦਾ ਸੀ ਕਿਉਂਕਿ ਉਨ੍ਹੇ ਪਿਛਲੇ ਦਿਹਾੜੇ ਮਜ਼ਾਰ ਦੀ ਬੰਨ੍ਹੀ ਕੋਲ ਤਾਜੂ ਨੂੰ ਚਿੱਟੇ ਲੀੜਿਆਂ ਵਾਲੇ ਦੇ ਕੋਲ ਹੱਥ ਵਿਚ ਬਲੇਡ ਲੈ ਕੇ ਖਲੋਤਿਆਂ ਵੇਖ ਲਿਆ ਸੀ।
ਤਾਜੂ ਨੇ ਆਪਣੇ ਆਪ ਨੂੰ ਹੋਂਸਲਾ ਦਿੱਤਾ ਕਿ “ਜ਼ਰੂਰੀ ਨਹੀਂ ਕਿ ਬਾਬੇ ਨੇ ਉਹਦੀ ਚਾਲ ਤਾੜ ਲਈ ਹੋਵੇ…………………….ਹੋ ਸਕਦਾ ਏ ਬੇਖ਼ਿਆਲੀ ਵਿਚ ਉਹਦੀ ਅੱਖ ਇਧਰ ਤੇ ਦਿਲ ਕਿਧਰੇ ਹੋਰ ਲੱਗਾ ਹੋਵੇ…………………… ‘ਚੱਲ ਤਾਜੂ ਪੁੱਤਰਾ ਆਪਣੇ ਵਿਸ਼ਵਾਸ ਨਾਲ ਚੱਲ ਉਂਝ ਵੀ ਅੱਜ ਬਾਬਾ ਕਿਤੇ ਨਜ਼ਰ ਨਹੀਂ ਆਇਆ………………………।”
ਮੇਲੇ ਦਾ ਆਖ਼ਰੀ ਦਿਨ ਸੀ। ਦਰਬਾਰ ਉਤੇ ਅੰਤਾਂ ਦਾ ਝਮੱਘਟਾ ਸੀ ਪੈਰ ਧਰਨ ਨੂੰ ਥਾਂ ਨਹੀਂ ਸੀ ਲੱਭ ਰਹੀ। ਤਾਜੂ ਲੰਮੇ ਲੰਮੇ ਹੱਥ ਫੇਰ ਚੁੱਕਿਆ ਸੀ। ਹੁੱਬਦਾਰਾਂ ਤੇ ਮਜ਼ਾਵਰਾਂ ਨੇ ਲੋੜ ਮੂਜਬ ਮੇਲੇ ਤੋਂ ਖਰੀਦਾਰੀ ਵੀ ਕੀਤੀ ਸੀ ਤੇ ਆਖ਼ਰੀ ਦਿਨ ਰੱਜ ਰੱਜ ਇਬਾਦਤ ਵੀ ਕੀਤੀ, ਧਮਾਲਾਂ ਪਾਣ ਵਾਲਿਆਂ ਵਿਚ ਤਾਜੂ ਵੀ ਅਗੇ ਅਗੇ ਸੀ।
ਇੱਤੋ ਦੀ ਮਾਂ ਵੇਲੇ ਸਿਰ ਇੱਤੋ ਹੱਥ ਬਾਬੇ ਨੂੰ ਖਾਣ ਲਈ ਸ਼ੈਆਂ ਘਲ ਦਿੰਦੀ। ਮੇਲੇ ਦੀ ਆਖ਼ਰੀ ਰਾਤ ਹਲੇਗੁਲੇ ਵਿਚ ਲੰਘ ਗਈ। ਸੁਬਹ ਸਾਰੇ ਪੁਜਾਰੀਆਂ ਨੇ ਆਪਣੇ ਆਪਣੇ ਦੇਸਾਂ ਨੂੰ ਹਮੇਸ਼ਾਂ ਦੀ ਤਰ੍ਹਾਂ ਕੂਚ ਕਰਨਾ ਸੀ। ਦਰਬਾਰ ਦਾ ਵੇਹੜਾ ਤੜਕੇ ਤੜਕੇ ਖ਼ਾਲੀ ਹੋਣ ਲੱਗਾ। ਇੱਤੋ ਦੀ ਮਾਂ ਵੀ ਮੂੰਹ ਹੱਥ ਧੋਣ ਮਗਰੋਂ ਬਾਲਾਂ ਨੂੰ ਵਾਜਾਂ ਮਾਰ ਕੇ ਜਗਾਣ ਲੱਗੀ ਤੇ ਨਾਲ਼ੇ ਚਾਦਰਾਂ ਖੇਸ ਤਹਿ ਕਰੀ ਜਾ ਰਹੀ ਸੀ। ਮਾਂ ਨੇ ਇੱਤੋ ਨੂੰ ਜ਼ੋਰ ਜ਼ੋਰ ਦੀ ਹਿਲਾਇਆ ਤੇ ਹੁਕਮ ਦਿੱਤਾ ਕਿ ਮੁੰਡਿਆਂ ਦੇ ਮੂੰਹ ਹੱਥ ਧੋਆ ਕੇ ਲੀੜੇ ਬਦਲ ਦੇ। ਇੱਤੋ ਸਾਰਿਆਂ ਬਾਲਾਂ ਤੋਂ ਵੱਡੀ ਸੀ ਇਸ ਲਈ ਉਹਦੀ ਮਾਂ ਉਹਦੇ ਤੋਂ ਬਹੁਤਾ ਕੰਮ ਲੈਂਦੀ, ਇੱਤੋ ਨੇ ਪਾਸਾ ਪਲਟਿਆ ਤੇ ਨੀਂਦਰੋਂ ਨਾ ਪਲਟੀ। ਮਾਂ ਦੇ ਦਿਮਾਗ਼ ਵਿਚ ਖ਼ੌਰੇ ਕੀ ਆਇਆ ਛੇਤੀ ਨਾਲ ਬਾਲਾਂ ਨੂੰ ਵੇਖਿਆ ਉਨ੍ਹਾਂ ਵਿਚ ਮਾਝਾ ਨਹੀਂ ਸੀ………………ਮਾਝਾ ਇੱਤੋ ਦਾ ਵਿੱਚਕਾਰਲਾ ਭਰਾ ਸੀ। ਇੱਤੋ ਹੋਰਾਂ ਦੇ ਨਾਲ ਮੇਲੇ ਉਤੇ ਉਹਦੀ ਫੁਫੀ ਦਾ ਟੱਬਰ ਵੀ ਆਇਆ ਹੋਇਆ ਸੀ। ਮਾਂ ਨੇ ਆਪਣੀ ਨਨਾਣ ਦੇ ਬਾਲਾਂ ਨੂੰ ਤੱਕਿਆ ਤੇ ਸੁੰਝਾਣਨ ਦੀ ਕੋਸ਼ਿਸ਼ ਕੀਤੀ। ਉਹਨੂੰ ਮੂੰਹ ਹਨੇਰੇ ਮਾਝਾ ਕਿਤੇ ਨਾ ਲੱਭਾ। ਉਸ ਰੋਲਾ ਪਾ ਦਿੱਤਾ। ਇੱਤੋ ਨੇ ਮਾਂ ਦੀਆਂ ਚੀਕਾਂ ਸੁਣੀਆਂ ਤੇ ਫੁੜਕ ਕੇ ਉਠੀ। ਦਰਬਾਰੇ ਵਾਵੇਲਾ ਜਿਹਾ ਪੈ ਗਿਆ। ਸਾਰਿਆਂ ਨੂੰ ਬਾਲ ਦੀ ਪੈ ਗਈ। ਇੱਤੋ ਦੀ ਮਾਂ ਵੀ ਅੱਧੀਆਂ ਸ਼ੈਆਂ ਬੰਨ੍ਹੀਆਂ ਤੇ ਅੱਧੀਆਂ ਖੁਲ਼੍ਹੀਆਂ ਛੱਡ ਕੇ ਆਪਣੀ ਹੱਦਬੰਦੀ ਤੋਂ ਬਾਹਰ ਮੁੰਡਾ ਲੱਭਣ ਟੁਰ ਗਈ। ਇੱਤੋ ਤੇ ਉਹਦੇ ਨਿੱਕੇ ਵੀਰ ਵੀ ਵਾਜਾਂ ਸੁਣ ਕੇ ਉਠੇ ਤੇ ਮਾਂ ਦੇ ਮਗਰੇ ਈ ਭੱਜ ਪਏ।
ਤਾਜੂ ਵੀ ਸ਼ੋਰ ਸ਼ਰਾਬਾ ਸੁਣ ਕੇ ਜਾਗ ਗਿਆ ਜਿਹੜਾ ਦਰਬਾਰ ਦੇ ਵਿਹੜੇ ਵਿਚ ਈ ਸੁੱਤਾ ਸੀ, ਅੱਖਾਂ ਮਲਦਾ ਮਲਦਾ ਜਿਥੇ ਲੇਟਿਆ ਸੀ ਉਸੇ ਥਾਵੇਂ ਉਂਠ ਕੇ ਬਹਿ ਗਿਆ ਉਹਦੀ ਅੱਖ ਇੱਤੋ ਹੋਰਾਂ ਦੇ ਸਾਮਾਨ ਵੱਲ ਗਈ। ਸਾਮਾਨ ਤੋਂ ਹਟ ਕੇ ਉਹਦੀ ਨਜ਼ਰ ਇੱਤੋ ਦੇ ਪਿਓ ਦੇ ਕੁਰਤੇ ਉਤੇ ਜਾ ਰੁਕੀ ਜਿਹੜਾ ਆਪਣਾ ਬਾਲ ਲੱਭਣ ਨੰਗੇ ਪਿੰਡੇ ਈ ਨਸ ਟੁਰਿਆ ਸੀ।
ਦਿਨ ਚਿੱਟਾ ਨਿਕਲ਼ ਆਇਆ ਸੀ। ਤਾਜੂ ਨੇ ਮਜ਼ਾਰ ਦਾ ਵਿਹੜਾ ਸਾਫ਼ ਕਰਨ ਲਈ ਮਾਂਝਾ ਫੜਿਆ। ਬੋਕਰ ਭਾਰੀ ਦੇ ਬਹਾਨੇ ਇੱਤੋ ਦੇ ਪਿਓ ਦੇ ਖੀਸੇ ਨੂੰ ਹੂੰਝਣਾ ਚਾਹੁੰਦਾ ਸੀ। ਜਿਵੇਂ ਦੀ ਉਹ ਮਾਂਝਾ ਮਾਰਦਾ ਮਾਰਦਾ ਇੱਤੋ ਦੇ ਪਿਓ ਦੀ ਕਮੀਜ਼ ਨੂੰ ਹੱਥ ਪਾਉਣ ਲੱਗਾ ਉਹਦਾ ਧਿਆਨ ਸਾਹਮਣੇ ਬੈਠੇ ਹੋਏ ਉਸੇ ਬਾਬੇ ਉਂਤੇ ਪਿਆ। ਬਾਬੇ ਹੋਰੀਂ ਇਧਰ ਈ ਵੇਖ ਰਹੇ ਸੀ। ਤਾਜੂ ਨੇ ਛੇਤੀ ਨਾਲ ਕਮੀਜ਼ ਉਨ੍ਹਾਂ ਦੀ ਬੁਛਕੜੀ ਉਤੇ ਸੁਟੀ ਤੇ ਖੀਸੇ ਨੂੰ ਹੂੰਝਾ ਫੇਰਿਆਂ ਬਗ਼ੈਰ ਈ ਮਾਂਝਾ ਮਾਰਦਾ ਮਾਰਦਾ ਸਾਮਾਨ ਤੋਂ ਦੂਰ ਚੱਲਾ ਗਿਆ। ਉਹਦਾ ਦਿਲ ਬਾਬੇ ਤੋਂ ਤਰ੍ਰੈਹ ਜਿਹਾ ਗਿਆ ਹਾਲਾਂ ਜੇ ਬਾਬੇ ਵਿਚ ਨਾ ਤੇ ਜਾਨ ਸੀ ਜਿਹੜਾ ਤਾਜੂ ਦੇ ਪਿੱਛੇ ਦੌੜਦਾ ਤੇ ਮੂੰਹੋਂ ਵੀ ਖ਼ੌਰੇ ਗੁੰਗਾ ਸੀ ਉਹਨੂੰ ਬੋਲਦਿਆਂ ਤੇ ਕਿਸੇ ਨੇ ਵੇਖਿਆ ਈ ਨਹੀਂ ਸੀ। ਹੋ ਸਕਦਾ ਏ ਕੰਨੋਂ ਵੀ ਬੋਲਾ ਹੋਵੇ…………………
“ਕਿੰਨਾ ਚੰਗਾ ਹੁੰਦਾ ਜੇ ਉਹ ਅੱਜ ਅੱਖੋਂ ਵੀ ਅੰਨ੍ਹਾ ਹੁੰਦਾ ਤੇ ਮੇਰਾ ਕੰਮ ਹੁੰਦਿਆਂ ਹੁੰਦਿਆਂ ਨਾ ਵਿਗੜਦੈ।” ਇੱਤੋ ਦੀ ਮਾਂ ਰੋਂਦੀ ਰੋਦੀ ਪਰਤੀ। ਦਰਬਾਰੇ ਸਪੀਕਰ ਵਿਚ ਉਹਦੇ ਮੁੰਡੇ ਦਾ ਈ ਐਲਾਨ ਹੋ ਰਿਹਾ ਸੀ। ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਮੁੰਡਾ ਕਿਥੇ ਚਲਾ ਗਿਆ। ਸਾਰੀ ਰਾਤ ਤੇ ਰੌਲੇ ਗੌਲੇ ਵਿਚ ਲੰਘ ਗਈ ਸੀ ਸੁਬਹ ਚਾਰ ਕੁ ਵਜੇ ਕਿਤੇ ਅੱਖ ਲਗੀ। ਰੱਬ ਜਾਣੇ ਕੋਈ ਉਹਨੂੰ ਮੇਲੇ ਵਿਚੋਂ ਕੁਝ ਸੁੰਘਾ ਕੇ ਲੈ ਗਿਆ ਸੀ ਜਾਂ ਉਹ ਗ਼ਲਤੀ ਨਾਲ ਕਿਸੇ ਦੂਜੇ ਕਾਫ਼ਲੇ ਨਾਲ ਟੁਰ ਗਿਆ ਸੀ। ਸਪੀਕਰ ਦੇ ਰੌਲੇ ਨਾਲ ਬਾਕੀ ਸਾਰੇ ਸੁੱਤੇ ਲੋਕੀਂ ਵੀ ਜਾਗ ਗਏ ਸਨ।
ਇੱਤੋ ਦੀ ਮਾਂ ਜਿਹੜੀ ਸਿਰ ਫੜ ਕੇ ਬਹਿ ਗਈ ਸੀ ਉਠੀ ਤੇ ਬਾਬੇ ਕੋਲ ਆ ਗਈ ਜਿਹੜਾ ਦੋਵੇਂ ਹੁਜਾਂ ਪਹਿਲੇ ਨਾਲੋਂ ਵੱਧ ਝੰਨਵਾਂ ਕੇ ਦੂਹਰਾ ਜਿਹਾ ਹੋਇਆ ਹੋਇਆ ਸੀ। ਇੱਤੋ ਦੀ ਮਾਂ ਨੂੰ ਕੁਝ ਨਹੀਂ ਸੁਝ ਰਿਹਾ ਸੀ ਕਿ ਕੀ ਕਰੇ। ਉਸ ਨੇ ਆਪਣੇ ਗੁਆਚੇ ਮੁੰਡੇ ਦੀ ਬਨੈਣ ਫੜੀ ਤੇ ਬਾਬੇ ਦੇ ਝੁਕੇ ਹੋਏ ਸਿਰ ਅਗੇ ਜਾ ਰੱਖੀ……………………………
ਬਾਬੇ ਨੇ ਧੌਣ ਤੇ ਅੱਖ ਚੁੱਕਿਆਂ ਬਗ਼ੈਰ ਈ ਆਪਣਾ ਹੱਥ ਇੱਤੋ ਦੀ ਮਾਂ ਦੇ ਸਿਰ ਉਂਤੇ ਫੇਰਿਆ ਤੇ ਬਨੈਣ ਵਾਪਸ ਉਹਦੇ ਹੱਥ ਫੜਾ ਦਿੱਤੀ……………………….ਇੱਤੋ ਦੀ ਮਾਂ ਕੁਝ ਝੱਟ ਬਾਬੇ ਕੋਲ ਬੈਠੀ ਰਹੀ ਨਾ ਉਹ ਕੁਝ ਬੋਲੀ ਨਾ ਬਾਬਾ ਕੁਝ ਬੋਲਿਆ। ਪਿੱਛੋਂ ਇੱਤੋ ਦੇ ਪਿਓ ਦੀ ਵਾਜ ਇੱਤੋ ਦੀ ਮਾਂ ਦੇ ਕੰਨੀਂ ਪਈ।
“ਇੱਤੋ ਦੀ ਮਾਂ ਕਿਤੇ ਮੁੰਡੇ ਦਾ ਕੁਝ ਪਤਾ ਲੱਗਾ ਕਿ ਨਹੀਂ?”
ਇੱਤੋ ਨੇ ਪਿਓ ਨੂੰ ਦੱਸਿਆ “ਅੱਬਾ ਅਜੇ ਤੇ ਕੋਈ ਨਾ ਲੱਭਾ।”
ਉਨੀਂ ਦੇਰ ਨੂੰ ਮਾਂ ਵੀ ਇੱਤੋ ਦੇ ਪਿਓ ਕੋਲ ਆ ਖਲੋਤੀ। ਮੁੰਡਾ ਲੱਭਣ ਦੀ ਕੋਈ ਸਬੀਲ ਨਜ਼ਰ ਨਹੀਂ ਸੀ ਆ ਰਹੀ। ਸਾਰੇ ਜਥਿਆਂ ਤੇ ਕਾਫ਼ਲਿਆਂ, ਮੁਸਾਫ਼ਰਾਂ ਤੋਂ ਪੁੱਛ ਪ੍ਰਤੀਤ ਹੋ ਰਹੀ ਸੀ…………………!!!!!!
ਸਾਰਾ ਵਾਕਿਆ ਤਾਜੂ ਦੀਆਂ ਅੱਖਾਂ ਸਾਹਮਣੇ ਸੀ ਇਸ ਵੇਲੇ ਉਹਦੀ ਦਿਲਚਸਪੀ ਖ਼ੋੌਰੇ ਇੱਤੋ ਸੀ ਜਾਂ ਉਨ੍ਹਾਂ ਦਾ ਸਾਮਾਨ ਜਿਹਦੇ ਉਂਤੇ ਅਜੇ ਤੱਕ ਉਹਦਾ ਦਾਅ-ਪਾਅ ਨਹੀਂ ਸੀ ਲੱਗ ਰਿਹਾ। ਉਸ ਨੂੰ ਕਾਂ ਹਾਰ ਪੱਕ ਸੀ ਕਿ ਘਰ ਵਾਲਿਆਂ ਦਾ ਧਿਆਨ ਦੂਜੇ ਬੰਨੇਂ ਹੋਵੇਗਾ ਤੇ ਉਹ ਬਾਲ ਦੇ ਹੱਥੋਂ ਜ਼ਰੂਰ ਕੁਝ ਨਾ ਕੁਝ ਖਿੰਜ ਕੇ ਲੈ ਜਾਵੇਗਾ। ਇੱਤੋ ਦਾ ਪਿਓ ਵਾਰਵਾਰ ਇੱਤੋ ਦੀ ਮਾਂ ਨੂੰ ਝਿੜਕ ਰਿਹਾ ਸੀ ਪਈ ਉਹਦੇ ਕੋਲੋਂ ਬਾਲਾਂ ਦੀ ਸੰਭਾਲ ਵੀ ਨਹੀਂ ਹੋ ਸਕਦੀ ਏ। ਉਹ ਬੋਲਿਆ:
“ਪਤਾ ਨਹੀਂ ਤੂੰ ਕਿਹੋ ਜਿਹੀ ਜ਼ਾਲਮ ਮਾਂ ਐਂ ਜਿਹੜੀ ਬਾਲਾਂ ਤੋਂ ਪਹਿਲਾਂ ਸੌਂ ਜਾਂਦੀ ਐਂ ਬਾਲਾਂ ਤੋਂ ਪਹਿਲਾਂ ਖਾ ਲੈਣੀ ਐਂ……………………………………”
ਅੱਜੇ ਇਹ ਬਹਿਸ ਚੱਲ ਈ ਰਹੀ ਸੀ ਕਿ ਇੱਤੋ ਦੀ ਫੁਫੀ ਦਾ ਮੁੰਡਾ ਨਸਾ ਨਸਾ ਆਇਆ ਤੇ ਬੋਲਿਆ:
“ਮਾਮਾ……..ਮਾਮਾ…….ਮਾਝਾ…….ਉਹ ਮਾਝਾ ਲੱਭ ਗਿਆ …………”
“ਮਾਝਾ ਲੱਭ ਗਿਆ………….? ਹਾਏ ਕਿਥੇ ਵੇ ਮੇਰਾ ਪੁੱਤਰ……………?”
ਇੱਤੋ ਦੀ ਮਾਂ ਉਂਚੀ ਬੋਲੀ।
ਵੇਖਿਆ ਤੇ ਮੌਲਵੀ ਹੋਰੀ ਆਪਣੇ ਦੋ ਮੁੰਡਿਆਂ ਦੇ ਨਾਲ ਜਿਹੜੇ ਮਾਝੇ ਤੋਂ ਥੋੜਾ ਕੁ ਵੱਡੇ ਸੀ, ਉਨ੍ਹਾਂ ਦੇ ਨਾਲ ਮਾਝੇ ਨੂੰ ਮੋਢਿਆਂ ਉਂਤੇ ਚੁੱਕ ਕੇ ਲਿਆਈ ਜਾ ਰਹੇ ਸਨ………………
ਮਾਝੇ ਦੇ ਪਿਓ ਨੇ ਮਾਝੇ ਨੂੰ ਮੌਲਵੀ ਦੇ ਮੋਢਿਆਂ ਉਂਤੋਂ ਥੱਲੇ ਲਾਹਿਆ ਤੇ ਝਿੜਕ ਮਾਰ ਕੇ ਬੋਲਿਆ:
“ਕਿਥੇ ਟੁਰ ਗਿਐਂ ਸੀ ਬਾਂਦਰ ਦਿਆ ਬੱਚਿਆ।”
ਇੱਤੋ ਦਾ ਪਿਓ ਭਾਵੇਂ ਦੋ ਤਿੰਨ ਚਪੇੜਾਂ ਮਾਝੇ ਦੇ ਕੰਨਾਂ ਉਂਤੇ ਸੁੱਟ ਦਿੰਦਾ ਇੱਤੋ ਦੀ ਮਾਂ ਨੇ ਅਗੇ ਵੱਧ ਕੇ ਮਾਝੇ ਨੂੰ ਫੜਿਆ ਤੇ ਚੁੰਮਣ ਚਟਣ ਲੱਗ ਗਈ। ਇੱਤੋ ਤੇ ਉਹਦੇ ਨਿੱਕੇ ਵੀਰ ਵੀ ਮਾਂ ਵੱਲ ਵੇਖਦੇ ਉਂਚੀ ੳਂੁਚੀ ਰੋਣ ਲੱਗ ਪਏ। ਇੱਤੋ ਦੇ ਪਿਓ ਨੇ ਉਨ੍ਹਾਂ ਨੂੰ ਦਬਕਾ ਮਾਰਿਆ…………” ਕੌਣ ਮਰ ਗਿਆ ਏ…………… ਲੱਭ ਤੇ ਗਿਆ ਏ………… ਹੁਣ ਖੱਪ ਪਾ ਦਿੱਤੀ ਜੇ, ਬੰਦ ਕਰੋ ਰੋਣਾ ਧੋਣਾ ਤੇ ਸਮਾਨ ਬੰਨ੍ਹੋ” ਉਨ੍ਹੇ ਝਿੜਕ ਜਿਹੀ ਮਾਰੀ।
‘ਸਾਨੂੰ ਇਜਾਜ਼ਤ ਦਿਓ’ ਨੇੜੇ ਖਲੋਤੇ ਮੌਲਵੀ ਨੇ ਇੱਤੋ ਦੇ ਮਾਂ ਪਿਓ ਨੂੰ ਆਖਿਆ।
“ਉਹੋ ਯਾਰ ਤੇਰੀ ਬਹੁਤ ਬਹੁਤ ਮਹਿਰਬਾਨੀ, ਪਰ ਮਾਝਾ ਲੱਭਾ ਕਿਥੋਂ?”
ਇੱਤੋ ਦੇ ਪਿਓ ਦਾ ਖ਼ਿਆਲ ਸੀ ਕੋਈ ਕਾਫ਼ਲਾ ਗ਼ਲਤੀ ਨਾਲ ਲੈ ਗਿਆ ਹੋਣੈਂ ਏ ਤੇ ਦਿਨ ਖੁਲ਼੍ਹਣ ਉਤੇ ਪਛਾਣ ਕੇ ਮੋੜ ਗਿਆ ਏ ਪਰ ਮੌਲਵੀ ਹੋਰਾਂ ਦੱਸਿਆ ਕਿ:
ਰਾਤ ਨੂੰ ਧਮਾਲਾਂ ਵਿਚ ਇਹ ਕਿਧਰੇ ਮੇਰੇ ਬਾਲਾਂ ਨਾਲ ਨਮਾਜ਼ੀਆਂ ਦੇ ਚੌਂਤਰੇ ਵਿਚ ਈ ਸੌਂ ਗਿਆ ਸੀ। ਸਵੇਰੇ ਅੱਖ ਖੁਲ੍ਹਣ ’ਤੇ ਮੇਰੇ ਮੁੰਡਿਆਂ ਨਾਲ ਹਲਵਾਪੂਰੀ ਖਾ ਰਿਹਾ ਸੀ ਤੇ ਮੇਰੇ ਬਾਲ ਇਹਨੂੰ ਤੁਹਾਡੀ ਭਰਜਾਈ ਕੋਲ ਲੈ ਗਏ ਉਸ ਨੇ ਆਪਣੇ ਭਰਾ ਨਾਲ ਇਸ ਨੂੰ ਮੇਰੇ ਕੋਲ ਘਲ ਦਿੱਤਾ ਏ।”
ਮੌਲਵੀ ਗੱਲ਼ ਲੰਮੀ ਕਰੀ ਜਾ ਰਿਹਾ ਸੀ ਇੱਤੋ ਦੇ ਪਿਓ ਨੇ ਡੱਬ ਵਿੱਚੋ ਪੰਜਾਹ ਦਾ ਨੋਟ ਕੱਢਿਆ ਤੇ ਮੌਲਵੀ ਦਾ ਹੱਥ ਨਪ ਕੇ ਬੋਲਿਆ:-
“ਮੌਲਵੀ ਸਾਹਿਬ ਨਜ਼ਰ ਨਿਆਜ਼…………………………..”
ਮੌਲਵੀ ਨੇ ਸੁਬਹਾਨ ਅਲਾ ਸੁਬਹਾਨ ਅਲਾ ਕਹਿੰਦਿਆਂ ਨੋਟ ਫੜ ਕੇ ਜੇਬ ਵਿਚ ਪਾ ਲਿਆ। ਜਾਂਦਿਆਂ ਜਾਂਦਿਆਂ ਇੱਤੋ ਦੇ ਪਿਓ ਨੂੰ ਕਹਿ ਗਿਆ “ਕੋਈ ਸਿਰ ਸਦਕਾ ਬਾਲ ਦੀ ਝੋਲੀ ਪਾ ਕੇ ਵੰਡਦੇ ਜਾਓ।”
ਇੱਤੋ ਦੀ ਮਾਂ ਨੂੰ ਸੱਜੇ ਖੱਬੇ ਦੀ ਭੁੱਲ ਗਈ ਉਹ ਮੁੰਡੇ ਨੂੰ ਹਿੱਕ ਨਾਲ ਲਾ ਕੇ ਪਿਆਰ ਕਰੀ ਜਾ ਰਹੀ ਸੀ। ਉਹ ਭੁੱਲ ਈ ਗਈ ਸੀ ਕਿ ਵਾਪਸ ਜਾਣ ਦੀ ਤਿਆਰੀ ਕਰਨੀ ਏ ਉਹਦੇ ਕਾਫ਼ਲੇ ਦੇ ਬਾਕੀ ਲੋਕ ਤਿਆਰ ਖਲੋਤੇ ਸੀ। ਇੱਤੋ ਦੇ ਪਿਓ ਨੇ ਆਪਣੀ ਜ਼ਨਾਨੀ ਨੂੰ ਆਖਿਆ।
“ਹੁਣ ਕਕੋਲ ਛਡ ਤੇ ਤਿਆਰੀ ਕਰ, ਸਾਰੇ ਕਾਫ਼ਲੇ ਵਾਲੇ ਸਾਡੀ ਵਜ੍ਹਾ ਤੋਂ ਲੇਟ ਹੋ ਰਹੇ ਨੇ।”
“ਤੈਨੂੰ ਲੜਾਈ ਤੋਂ ਅੱਡ ਕੁਝ ਹਜ਼ਮ ਹੀ ਨਹੀਂ ਹੁੰਦਾ” ਇੱਤੋ ਦੀ ਮਾਂ ਨੇ ਮੁੰਡਾ ਕੁਛੜੋਂ ਲਾਹਿਆ ਤੇ ਬੁੜਬੁੜ ਕਰਦੀ ਰਾਤ ਦੇ ਬਚੇ ਹੋਏ ਚਾਉਲ ਗਰਮ ਕਰਨ ਲੱਗ ਗਈ। ਬਾਲਾਂ ਨੂੰ ਇਹ ਬੰਨੇਂ ਆਹਰੇ ਲਾ ਕੇ ਇੱਤੋ ਦੀ ਮਾਂ ਕੰਮ ਕਾਜ ਨੂੰ ਲੱਗ ਗਈ। ਅਚਾਨਕ ਉਹਦਾ ਧਿਆਨ ਸਾਹਮਣੀ ਕੰਧ ਨਾਲ ਬੈਠੇ ਉਸੇ ਨੰਗੇ ਪਿੰਡੇ ਵਾਲੇ ਬਾਬੇ ਵੱਲ ਗਿਆ। ਉਹਨੇ ਦੇਗਚੀ ’ਚੋਂ ਬਚੇ ਖਿਚੇ ਚਾਉਲ ਪਿਆਲੇ ਵਿਚ ਪਾ ਕੇ ਇੱਤੋ ਦੇ ਹੱਥ ਬਾਬੇ ਵੱਲ ਘਲੇ। ਬਾਬਾ ਚਾਉਲ ਖਾਣ ਲੱਗ ਪਿਆ ਤੇ ਇੱਤੋ ਆਪ ਈ ਦੂਜੇ ਪਿਆਲੇ ਵਿਚ ਪਾਣੀ ਲੈ ਕੇ ਬਾਬੇ ਅਗੇ ਰੱਖ ਆਈ। ਕੁਝ ਵੇਲੇ ਮਗਰੋਂ ਬਾਬਾ ਖਾਣ ਪੀਣ ਤੋਂ ਵਿਹਲਾ ਹੋਗਿਆ ਤੇ ਇੱਤੋ ਭਾਂਡੇ ਉਹਦੇ ਅਗੋਂ ਚੁੱਕ ਲਿਆਈ। ਅਜੇ ਸਮੇਟਾ ਸਮੇਟੀ ਹੋ ਈ ਰਹੀ ਸੀ ਕਿ ਲਾਰੀ ਦਾ ਡਰਾਈਵਰ ਸੂਟਾ ਪੀਣ ਲੱਗਾ ਤੇ ਛੇਤੀ ਛੇਤੀ ਦੀ ਰੱਟ ਲਾ ਦਿੱਤੀ। ਇੱਤੋ ਦੇ ਪਿਓ ਦਾ ਗੁੱਸਾ ਆਪਣੀ ਜ਼ਨਾਨੀ ਉਤੇ ਈ ਨਿਕਲ਼ਦਾ ਸੀ। ਉਹਨੇ ਘੂਰ ਕੇ ਉਹਦੇ ਵੱਲ ਵੇਖਿਆ ਜਿਹੜੀ ਕਈ ਵਾਰ ਉਹਨੂੰ ਮਿਹਣੇ ਮਾਰ ਚੁੱਕੀ ਸੀ ਕਿ “ਨਗਲਿਆ! ਬਾਹਰ ਤੈਨੂੰ ਕੋਈ ਗੱਲ਼ ਨਹੀਂ ਆਉਂਦੀ ਘਰ ਉਤੇ ਈ ਵਰ੍ਹਨਾ ਐਂ।”
ਇੱਤੋ ਤੇ ਉਹਦੇ ਘਰ ਵਾਲਿਆਂ ਨੂੰ ਗਿਆਂ ਹੋਏ ਸੁਬਹ ਤੋਂ ਲੌਢੇ ਵੇਲੇ ਤੋਂ ਡੀਗਰ ਹੋ ਗਈ। ਅੱਜ ਹਿਆਤੀ ਵਿਚ ਪਹਿਲੀ ਵਾਰ ਤਾਜੂ ਦਾ ਦਿਲ ਨਿੱਕਾ ਨਿੱਕਾ ਹੋਇਆ। ਇੱਤੋ ਹੋਰਾਂ ਦੇ ਵਾਪਸ ਜਾਣ ਤੋਂ ਉਹਨੂੰ ਲੱਗਾ ਜਿਵੇਂ ਉਹਦਾ ਜੀ ਉਦਾਸ ਏ। ਇੱਤੋ ਦਾ ਹਾਲ ਹੁਲੀਆ ਉਹਦੀਆਂ ਅੱਖਾਂ ਤੋਂ ਓਹਲੇ ਨਹੀਂ ਸੀ ਹੋ ਰਿਹਾ। ਇੱਤੋ ਉਹਨੂੰ ਬਹੁਤੀ ਉਸ ਬਾਬੇ ਵੱਲ ਵੇਖ ਵੇਖ ਯਾਦ ਆ ਰਹੀ ਸੀ ਜਿਹਦੇ ਅਗੇ ਚਾਉਲਾਂ ਦੀ ਥਾਲੀ ਰੱਖ ਕੇ ਜਾਂਦੀ ਸੀ। ਅਜੇ ਉਹ ਇੱਤੋ ਦੇ ਖ਼ਿਆਲਾਂ ਦੇ ਵੱਲ ਵਲ਼ੇਵਿਆਂ ਵਿਚ ਸੀ ਕਿ ਹੁੱਬਦਾਰ ਮਿੱਠੇ ਚਾਉਲਾਂ ਦੀ ਦੇਗ ਲਿਆ ਕੇ ਵੰਡਣ ਲੱਗਾ। ਮੁਹਿਬ ਦੇ ਉਤਲੇ ਖੀਸੇ ਵਿੱਚੋਂ ਲਾਲ ਲਾਲ ਰੰਗ ਦੇ ਨੋਟ ਬਾਹਰ ਆ ਰਹੇ ਸੀ। ਤਾਜੂ ਨੇ ਆਪਣਾ ਕੰਮ ਵਿਖਾ ਦਿੱਤਾ………………..ਮਗਰੋਂ ਚਾਉਲ ਸਾਫ਼ੇ ਵਿਚ ਪੁਆ ਕੇ ਉਹ ਉਂਥੇ ਇੱਕ ਪਲ਼ ਵੀ ਖਲੋਣਾ ਨਹੀਂ ਸੀ ਚਾਹੁੰਦਾ ਕਿ ਕਿਧਰੇ ਮੁਹਿਬ ਖ਼ਾਲੀ ਖੀਸਾ ਵੇਖ ਕੇ ਰੋਲਾ ਈ ਨਾ ਪਾ ਦੇਵੇ। ਬਾਹਰ ਜਾ ਕੇ ਉਸ ਸਾਹਮਣੇ ਪਾਨ ਸਿਗਰਟ ਵਾਲੇ ਖੋਖੇ ਤੋਂ ਪਲਾਸਟਕ ਦਾ ਸ਼ਾਪਰ ਲਿਆ। ਚਾਉਲ ਸ਼ਾਪਰ ਵਿਚ ਪਾਏ ਤੇ ਸਾਫ਼ਾ ਝਾੜ ਕੇ ਹਲਵਾਈ ਦੇ ਫੱਟੇ ਤੋਂ ਕੂੰਡੇ ਵਿੱਚੋਂ ਸਗਵੀਂ ਮਲਾਈ ਵਾਲਾ ਵੀਹਾਂ (20) ਰੁਪਏਆਂ ਦਾ ਦਹੀਂ ਪਿਆਲੇ ਵਿਚ ਪਵਾਇਆ ਤੇ ਬੈਂਚ ਉਤੇ ਬਹਿ ਗਿਆ। ਅਜੇ ਚਾਉਲਾਂ ਦਾ ਪਹਿਲਾ ਚਮਚਾ ਈ ਜੀਭ ਉਤੇ ਰੱਖਿਆ ਕਿ ਉਹਨੂੰ ਉਸ ਬਾਬੇ ਦੀ ਸੋਚਣਾ ਆਈ ਜਿਹਨੂੰ ਇੱਤੋ ਦੀ ਮਾਂ ਆਪਣੇ ਬਾਲਾਂ ਤੋਂ ਪਹਿਲਾਂ ਖਾਣ ਪੀਣ ਨੂੰ ਘਲਦੀ ਸੀ। ਦੂਜੀ ਬੁਰਕੀ ਪਾਉਣ ਤੋਂ ਪਹਿਲਾਂ ਉਹ ਇੱਤੋ ਦੀ ਰਸਮ ਅਦਾ ਕਰਨਾ ਚਾਹੁੰਦਾ ਸੀ।
ਤਾਜੂ ਨੇ ਚਾਉਲਾਂ ਵਾਲੇ ਸ਼ਾਪਰ ਵਿੱਚੋ ਅੱਧੇ ਕੁ ਚਾਉਲ ਦਹੀਂ ਵਾਲੇ ਪਿਆਲੇ ਵਿੱਚ ਲਦੇ ਤੇ ਬਾਕੀ ਸ਼ਾਪਰ ਦਹੀਂ ਵਾਲੇ ਫੱਟੇ ੳਂੁਤੇ ਰੱਖ ਕੇ ਬੋਲਿਆ: “ਲਾਲਾ ਜੀ ਦੋ ਮਿੰਟ ਸ਼ਾਪਰ ਦਾ ਧਿਆਨ ਰੱਖੀਂ, ਮੈਂ ਹੁਣੇ ਈ ਆਇਆ।”
ਉਹਦਾ ਦਿਲ ਸੀ ਕਿ ਇਹ ਪਿਆਲਾ ਇੱਤੋ ਵਾਂਗ ਬਾਬੇ ਅਗੇ ਰੱਖ ਆਵੇਗਾ ਤੇ ਆਪ ਵਾਪਸ ਪਰਤ ਕੇ ਦਸਾਂ ਵੀਹਾਂ ਰੁਪਇਆਂ ਦਾ ਦਹੀਂ ਪੁਆ ਕੇ ਬਾਕੀ ਦੇ ਚਾਉਲ ਆਰਾਮ ਨਾਲ ਖਾ ਜਾਵੇਗਾ। ਆਪਣੀਆਂ ਤੇ ਜੇਬਾਂ ਦਮਾਦਮ ਭਰੀਆਂ ਹੋਈਆਂ ਸਨ।
“ਇਹ ਕੀ?”
ਜਿਹੜੇ ਬਾਬੇ ਨੂੰ ਦਸ ਪੰਦਰਾਂ ਮਿੰਟ ਪਹਿਲਾਂ ਇਥੇ ਛੱਡ ਕੇ ਗਿਆ ਸੀ ਉਹ ਉਥੇ ਹੈ ਈ ਨਹੀਂ ਸੀ। ਬੱਸ ਇੱਕ ਹਰੇ ਜਿਹੇ ਰੰਗ ਦੀ ਲੀਰ ਜਿਹਾ ਸਾਫ਼ਾ ਮਿੱਟੀ ਨਾਲ ਲਿਬੜਿਆ ਉਥੇ ਪਿਆ ਸੀ।
“ਅਜੇ ਤੇ ਹੁਣ ਉਹ ਇੱਥੇ ਬੈਠਾ ਤਸਬੀਆਂ ਜੱਪ ਰਿਹਾ ਸੀ, ਅਜੇ ਉਹਦੇ ਪੈਰਾਂ ਦੇ ਨਿਸ਼ਾਨਾਂ ਆਪਣੀ ਥਾਂ ਨਹੀਂ ਸੀ ਬਦਲੀ” ਤਾਜੂ ਸੋਚਦਾ ਰਹਿ ਗਿਆ।
ਤਾਜੂ ਨੇ ਸਾਰੇ ਵੇਹੜੇ ਵੱਲ ਵੇਖਿਆ। ਬਾਬੇ ਦਾ ਨਿਸ਼ਾਨ ਨਹੀਂ ਸੀ। ਮਜ਼ਾਰ ਤੋਂ ਨਿਕਲ਼ ਕੇ ਸਾਰਾ ਦਰਬਾਰ ਘੁਮ ਛੱਡਿਆ। ਮਸੀਤ ਦਾ ਇੱਕ ਟੋਟਾ ਰਹਿੰਦਾ ਸੀ ਉਹ ਵੀ ਛਾਣ ਮਾਰਿਆ। ਇੱਕਾ ਦੁੱਕਾ ਜੱਥੇ ਰਹਿੰਦੇ ਸਨ। ਉਨ੍ਹਾਂ ਵਿੱਚ ਵੀ ਵੇਖ ਲਿਆ, ਬਾਬੇ ਨੂੰ ਲੱਭਣ ਦੇ ਸ਼ੌਕ ਵਿੱਚ ਤਾਜੂੰ ਨੂੰ ਆਪਣੇ ਹਲਵਾਈ ਦੇ ਫਟੇ ਉਂਤੇ ਰੱਖੇ ਚਾਉਲ ਵੀ ਭੁੱਲ ਗਏ।
ਤਾਜੂ ਨੂੰ ਬਾਬੇ ਦੀ ਫ਼ਿਕਰ ਨਹੀਂ ਸੀ ਉਹਦੇ ਅਚਾਨਕ ਗ਼ਾਇਬ ਹੋਣ ਦਾ ਹਿਰਖ ਸੀ। ਹੈਰਾਨੀ ਤੇ ਇਹ ਸੀ ਕਿ ਘੜੀਆਂ ਪਲਾਂ ਵਿੱਚ ਉਹ ਮਾਜ਼ੂਰ ਜਿਹੇ ਬਾਬੇ ਨੂੰ ਧਰਤੀ ਖਾ ਗਈ ਜਾਂ ਅਸਮਾਨ। ਤਾਜੂ ਨੇ ਮੌਲਵੀ ਤੋਂ ਲੈ ਕੇ ਦਰਬਾਰ ਦੇ ਬੇਲੀਆਂ ਮਜਾਵਰਾਂ ਤੋਂ ਬਾਬੇ ਬਾਰੇ ਪੁੱਛਿਆ ਪਰ ਕਿਤੋਂ ਸੁਰਾਗ਼ ਨਾ ਮਿਲਿਆ। ਜਿਹੜੇ ਇੱਕ ਦੋ ਕਾਫ਼ਲੇ ਅਜੇ ਦਰਬਾਰੇ ਬੈਠੇ ਸਨ ਉਹ ਅਜੇ ਇਥੇ ਈ ਸਨ ਤੇ ਉਨ੍ਹਾਂ ਦਾ ਇੱਕ ਅੱਧਾ ਦਿਨ ਹੋਰ ਰੁੱਕਣ ਦਾ ਇਰਾਦਾ ਸੀ।
ਅੱਜ ਬਾਬੇ ਨੂੰ ਗ਼ੈਬ ਹੋਏ ਨੂੰ ਅੱਠ ਦਿਨ ਹੋ ਗਏ ਸਨ। ਤਾਜੂ ਨੇ ਪਿਛਲੇ ਸੱਤਾਂ ਦਿਨਾਂ ਵਿਚ ਨਾ ਤੇ ਕੋਈ ਖੀਸਾ ਕੁਤਰਿਆ ਨਾ ਚਰਸ ਵਾਲਾ ਸੂਟਾ ਲਾਇਆ ਤੇ ਨਾ ਈ ਆਪਣੇ ਘਰ ਗਿਆ।
ਦਿਨੋਂ ਦਿਨ ਉਹਦਾ ਜੀ ਘਾਬਰੀ ਜਾ ਰਿਹਾ ਸੀ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਉਹਦੀ ਇੱਤੋ ਦੀ ਰੂਹ ਉਸ ਬਾਬੇ ਵਿਚ ਏ। ਤਾਂ ਬਾਬੇ ਦੀ ਤਲਾਸ਼ ਉਹਨੂੰ ਤੜਪਾਈ ਜਾ ਰਹੀ ਏ। ਤਾਜੂ, ਬਾਬਾ ਲੱਭ ਲੱਭ ਫਾਵਾ ਹੋਗਿਆ……………………………ਖਾਣ ਪੀਣ ਦੀ ਹੋਸ਼ ਭੁੱਲੀ ਤੇ ਇੱਕ ਦਿਨ ਮੂਧੜੇ ਮੂੰਹ ਡਿੱਗ ਪਿਆ। ਜਦੋਂ ਹੋਸ਼ ਆਇਆ ਤੇ ਬਾਬੇ ਦੀ ਥਾਂ ਉਤੇ ਮੂਧਾ ਪਿਆ ਹੋਇਆ ਸੀ, ਆਲ ਦੁਆਲੇ ਫੜਲੋ ਫੜਲੋ ਹੋ ਰਹੀ ਸੀ ਦੂਜੇ ਮਜਾਵਰ ਉਹਨੂੰ ਸਿੱਧਿਆਂ ਕਰ ਕੇ ਉਹਦੇ ਮੂੰਹ ਉਤੇ ਪਾਣੀ ਦਾ ਤਰੋਂਕਾ ਪਾ ਕੇ ਉਹਨੂੰ ਹੋਸ਼ ਦਿਵਾ ਰਹੇ ਸੀ…………..ਲੋਕ ਉਹਨੂੰ ਤਾਜੂ ਤਾਜੂ ਕਹਿ ਕੇ ਬੁਲਾ ਰਹੇ ਸਨ ਖ਼ੌਰੇ ਉਹ ਵੀ ਕੰਨੋਂ, ਮੂੰਹੋਂ ਤੇ ਅੱਖੋਂ…………………?
ਕਈ ਵਰ੍ਹਿਆਂ ਦੀ ਮੁਸਾਫ਼ਤ ਮਗਰੋਂ ਇੱਤੋ ਵੀ ਆਪਣੀ ਮਾਂ ਹਾਰ ਹਰ ਸਾਲ ਆਪਣਾ ਬਾਲ ਬੱਚਾ ਲੈ ਕੇ ਵਰ੍ਹੇ ਇੱਕਠ ਵਿਚ ਹਾਜ਼ਰੀ ਦਿੰਦੀ ਤੇ ਜਿਥੇ ਉਹਦੀ ਮਾਂ ਆਪਣਾ ਟੱਬਰ ਲੈ ਕੇ ਬਹਿੰਦੀ ਹੁੰਦੀ ਸੀ ਉਥੇ ਈ ਆਪਣਾ ਬੋਰੀਆ ਬਿਸਤਰਾ ਵਿਛਾ ਕੇ ਮੇਲੇ ਵਿਚ ਹੁੰਦੀ। ਬਾਬੇ ਦੀ ਥਾਂ ਤਾਜੂ ਬਾਬਾ ਬੈਠਾ……………………ਦੁਨੀਆ ਜਹਾਨ ਤੋਂ ਬੇਪਰਵਾਹ ਤਸਬੀ ਹੱਥ ਵਿਚ ਫੜਕੇ ਮਜ਼ਾਰ ਵੱਲ਼ ਮੂੰਹ ਕਰ ਕੇ ਅੱਖਾਂ ਬੰਦੇ ਕਰੇ ਬੈਠਾ ਰਹਿੰਦਾ। ਇੱਤੋ ਤੇ ਉਸ ਨੂੰ ਬਿਲਕੁਲ ਨਹੀਂ ਸੀ ਸਿਹਾਂਦੀ। ਇੱਤੋ ਦੀ ਮਾਂ ਦੇ ਬਾਬੇ ਤੇ ਇੱਤੋ ਦੇ ਬਾਬੇ ਵਿਚ ਇੱਕੋ ਗੱਲ਼ ਦੀ ਸਾਂਝ ਸੀ ਪਈ ਜਦੋਂ ਇੱਤੋ ਦਾ ਬਾਲ ਤਾਜੂ ਬਾਬੇ ਨੂੰ ਹਲੂਣਾ ਦੇ ਕੇ ਉਹਦੇ ਅਗੇ ਖਾਣਾ ਪਾਣੀ ਰੱਖਦੇ ਤੇ ਉਹ ਮੂੰਹੋਂ ਕੋਈ ਅੱਖਰ ਬੋਲੇ ਬਗ਼ੈਰ ਖਾਣ ਲੱਗ ਪੈਂਦਾ ਨਾ ਕੁਝ ਬੋਲਦਾ ਨਾ ਵੇਖਦਾ ਕੌਣ ਆਇਆ ਤੇ ਕੌਣ ਗਿਆ। ਖਾਣ ਮਗਰੋਂ ਤਸਬੀ ਫੜ ਕੇ ਅੱਖਾਂ ਬੰਦ ਕਰ ਲੈਂਦਾ ਤੇ ਬੱਸ ਉਹਦੇ ਹਲਕ ਦੀ ਹੱਡੀ ਹਿਲਦੀ ਵਿਖਾਲੀ ਦਿੰਦੀ।

  • ਮੁੱਖ ਪੰਨਾ : ਕਹਾਣੀਆਂ, ਸ਼ਾਹਿਦਾ ਦਿਲਾਵਰ ਸ਼ਾਹ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ