Raja Rasalu : Lok Kahani

ਰਾਜਾ ਰਸਾਲੂ : ਲੋਕ ਕਹਾਣੀ

ਭਾਵੇਂ ਪੰਜਾਬ ਦੇ ਇਤਿਹਾਸ ਵਿਚ ਰਾਜਾ ਰਸਾਲੂ ਦਾ ਨਾਂ ਸਥਾਈ ਤੌਰ ’ਤੇ ਕਿਧਰੇ ਨਜ਼ਰ ਨਹੀਂ ਆਉਂਦਾ ਪ੍ਰੰਤੂ ਉਹ ਪੰਜਾਬ ਦੇ ਲੋਕ ਮਾਨਸ ਦਾ ਇਕ ਅਜਿਹਾ ਹਰਮਨ-ਪਿਆਰਾ ਲੋਕ ਨਾਇਕ ਹੈ ਜਿਸ ਦੇ ਨਾਂ ਨਾਲ ਅਨੇਕਾਂ ਦਿਲਚਸਪ ਤੇ ਰਸ-ਭਰਪੂਰ ਕਹਾਣੀਆਂ ਜੁੜੀਆਂ ਹੋਈਆਂ ਹਨ। ਉਸ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਅਤੇ ਸੂਰਬੀਰਤਾ ਭਰੇ ਕਾਰਨਾਮਿਆਂ ਨੂੰ ਬਹੁਤ ਸਾਰੇ ਲੋਕ ਕਵੀਆਂ ਨੇ ਆਪਣੀਆਂ ਵਾਰਾਂ ਅਤੇ ਕਿੱਸਿਆਂ ਵਿਚ ਗਾਇਆ ਹੈ।
ਕਹਿੰਦੇ ਹਨ ਰਾਜਾ ਰਸਾਲੂ ਸਿਆਲਕੋਟ (ਪਾਕਿਸਤਾਨ) ਦੇ ਰਾਜਾ ਸਲਵਾਨ ਦਾ ਪੁੱਤਰ ਸੀ, ਪੂਰਨ ਭਗਤ ਦਾ ਛੋਟਾ ਭਰਾ, ਜੋ ਸਲਵਾਨ ਦੀ ਢਲਦੀ ਉਮਰ ਵਿਚ ਰਾਣੀ ਲੂਣਾਂ ਦੀ ਕੁੱਖੋਂ ਪੂਰਨ ਦੇ ਵਰ ਨਾਲ ਪੈਦਾ ਹੋਇਆ।
ਰਸਾਲੂ ਦਾ ਜਨਮ ਸਾਰੇ ਸਿਆਲਕੋਟ ਲਈ ਖੁਸ਼ੀਆਂ ਅਤੇ ਖੇੜਿਆਂ ਦਾ ਢੋਆ ਲੈ ਕੇ ਆਇਆ… ਸਾਰੇ ਸ਼ਹਿਰ ਵਿਚ ਘਿਓ ਦੇ ਦੀਵੇ ਬਾਲੇ ਗਏ, ਖ਼ੈਰਾਤਾਂ ਵੰਡੀਆਂ ਗਈਆਂ ਪ੍ਰੰਤੂ ਵਹਿਮਾਂ-ਭਰਮਾਂ ’ਚ ਗਰੱਸੇ ਸਲਵਾਨ ਨੂੰ ਕਿਸੇ ਜੋਤਸ਼ੀ ਨੇ ਆਖਿਆ, ‘‘ਰਾਜਨ ਪੂਰੇ ਬਾਰਾਂ ਵਰ੍ਹੇ ਇਹਦੇ ਮੱਥੇ ਨਾ ਲੱਗੀਂ, ਨਹੀਂ ਤੇਰੀ ਮੌਤ ਹੋ ਜਾਵੇਗੀ।’’
ਰਾਜਾ ਸਲਵਾਨ ਸੋਚੀਂ ਪੈ ਗਿਆ…ਆਪਣੇ ਵਜ਼ੀਰਾਂ ਨਾਲ ਸਲਾਹ-ਮਸ਼ਵਰਾ ਕਰਕੇ ਹੁਕਮ ਸੁਣਾ ਦਿੱਤਾ, ‘‘ਰਸਾਲੂ ਨੂੰ ਬਾਰਾਂ ਵਰ੍ਹੇ ਲਈ ਭੋਰੇ ’ਚ ਪਾ ਦੇਵੋ।’’
ਕੇਹਾ ਬਾਪ ਸੀ ਉਹ ਜਿਹੜਾ ਸੁੱਖਾਂ-ਸੁੱਖ ਕੇ ਪ੍ਰਾਪਤ ਕੀਤੇ ਪੁੱਤ ਦੇ ਮੱਥੇ ਲੱਗਣੋਂ ਵੀ ਡਰ ਰਿਹਾ ਸੀ…ਲੂਣਾਂ ਕੁਰਲਾਉਂਦੀ ਰਹੀ..ਲੋਰੀਆਂ ਦੇਣ ਦੀ ਉਹਦੀ ਰੀਝ ਤੜਪਦੀ ਰਹੀ…ਅਲੂਏਂ ਜੁਆਕ ਨੂੰ ਇਕ ਵੱਖਰੇ ਮਹਿਲ ਵਿਚ ਭੇਜ ਦਿੱਤਾ ਗਿਆ..। ਉਸ ਮਹਿਲ ਵਿਚ ਰਸਾਲੂ ਲਈ ਸਾਰੀਆ ਸੁੱਖ ਸੁਵਿਧਾਵਾਂ ਹਾਸਲ ਸਨ ਪ੍ਰੰਤੂ ਉਸ ਨੂੰ ਇਸ ਮਹਿਲ ਵਿੱਚੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ। ਇਕ ਤਰਖਾਣਾਂ ਦਾ ਮੁੰਡਾ ਤੇ ਇਕ ਸੁਨਿਆਰਾਂ ਦਾ ਮੁੰਡਾ ਉਹਦੇ ਨਾਲ ਖੇਡਣ ਲਈ ਛੱਡੇ ਗਏ ਤੇ ਦਾਈ ਸਕੀ ਮਾਂ ਦੀ ਨਿਆਈਂ ਉਹਦੀ ਪਾਲਣਾ ਪੋਸ਼ਣਾ ਕਰਨ ਲੱਗੀ!
ਮਾਂ-ਬਾਪ ਦੀ ਮਮਤਾ ਤੋਂ ਵਿਹੂਣਾ ਰਸਾਲੂ ਦਿਨ, ਮਹੀਨੇ, ਸਾਲ ਬਿਤਾਉਂਦਾ ਹੋਇਆ ਵੱਡਾ ਹੋਣ ਲੱਗਾ। ਉਹਦੀ ਰਾਜ ਦਰਬਾਰ ਲਈ ਲੋੜੀਂਦੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਘੋੜ ਸਵਾਰੀ, ਸ਼ਸਤਰ ਸਿੱਖਿਆ, ਤੀਰ-ਅੰਦਾਜ਼ੀ ਅਤੇ ਤਲਵਾਰ ਚਲਾਉਣ ਦੇ ਹੁਨਰ ਵਿਚ ਉਹਨੇ ਮੁਹਾਰਤ ਹਾਸਲ ਕਰ ਲਈ। ਯੋਗ ਸਾਧਨਾ ਅਤੇ ਕਸਰਤ ਕਰਨ ਦੇ ਸ਼ੌਕ ਨੇ ਉਹਦੇ ਸਰੀਰ ਨੂੰ ਸਢੌਲ ਤੇ ਗੇਲੀ ਵਰਗਾ ਮਜ਼ਬੂਤ ਬਣਾ ਦਿੱਤਾ…। ਅੱਥਰੀ ਜਵਾਨੀ ਭਲਾ ਕਿੰਨੀ ਕੁ ਦੇਰ ਕਿਲੇ ਦੀ ਕੈਦ ਵਿਚ ਰਹਿ ਸਕਦੀ ਹੈ। ਰਾਜੇ ਦੇ ਸਖ਼ਤ ਹੁਕਮ ਵੀ ਉਸ ਨੂੰ ਤੋੜ ਨਾ ਸਕੇ। ਰਸਾਲੂ ਨੇ ਕਿਲੇ ਤੋਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ।
ਹੁਸਨ ਦਾ ਰਸੀਆ ਅਤੇ ਸ਼ਿਕਾਰ ਖੇਡਣ ਦਾ ਸ਼ੌਕੀਨ। ਰਸਾਲੂ ਆਪਣੇ ਬਾਂਕੇ ਘੋੜੇ ’ਤੇ ਅਸਵਾਰ ਹੋ ਕੇ ਸ਼ਹਿਰ ਵਿਚ ਗੇੜਾ ਮਾਰਨ ਲੱਗਾ! ਕਈ ਅਵੱਲੜੇ ਸ਼ੌਕ ਉਸ ਨੇ ਪਾਲੇ ਹੋਏ ਸਨ..ਉਹਨੂੰ ਪਾਣੀ ਭਰਦੀਆਂ ਸੋਹਣੀਆਂ ਮੁਟਿਆਰਾਂ ਦੇ ਗੁਲੇਲਾਂ ਨਾਲ ਘੜੇ ਭੰਨ ਕੇ ਅਨੂਠਾ ਸੁਆਦ ਆਉਂਦਾ ਸੀ…। ਨਿੱਤ ਨਵੀਆਂ ਗਾਗਰਾਂ ਤੇ ਘੜੇ ਭੰਨੇ ਜਾਂਦੇ। ਲੂਣਾਂ ਕੋਲ ਮੁਟਿਆਰਾ ਨੇ ਜਾ ਸ਼ਿਕਾਇਤਾਂ ਕੀਤੀਆਂ। ਰਾਣੀ ਨੇ ਉਨ੍ਹਾਂ ਨੂੰ ਪਿੱਤਲ ਤੇ ਲੋਹੇ ਦੀਆਂ ਗਾਗਰਾਂ ਲੈ ਕੇ ਦਿੱਤੀਆਂ ਪਰ ਰਸਾਲੂ ਨੇ ਤੀਰ ਕਮਾਣਾਂ ਨਾਲ ਉਨ੍ਹਾਂ ਵਿਚ ਛੇਕ ਕਰਨੇ ਸ਼ੁਰੂ ਕਰ ਦਿੱਤੇ। ਮੁਟਿਆਰਾਂ ਉਸ ਦੀਆਂ ਆਪਹੁਦਰੀਆਂ ਤੋਂ ਸਤੀਆਂ ਪਈਆਂ ਸਨ। ਰਾਜਾ ਸਲਵਾਨ ਦੇ ਦਰਬਾਰ ਵਿਚ ਰਸਾਲੂ ਦੀਆਂ ਆਪਹੁਦਰੀਆਂ ਹਰਕਤਾਂ ਦੀਆਂ ਸ਼ਿਕਾਇਤਾਂ ਪੁੱਜੀਆਂ। ਉਹ ਇਹ ਨਹੀਂ ਚਾਹੁੰਦਾ ਕਿ ਉਹਦੀ ਪਰਜਾ ਉਹਦੇ ਪੁੱਤ ਹੱਥੋਂ ਦੁਖੀ ਹੋਵੇ। ਉਸ ਤੋਂ ਛੁਟਕਾਰਾ ਪਾਉਣ ਲਈ ਸਲਵਾਨ ਨੇ ਰਸਾਲੂ ਦਾ ਪੁਤਲਾ ਬਣਾ ਕੇ ਸ਼ਹਿਰ ਦੇ ਮੁੱਖ-ਦੁਆਰ ’ਤੇ ਖੜਾ ਕਰ ਦਿੱਤਾ।
ਰਸਾਲੂ ਜਦੋਂ ਸ਼ਿਕਾਰ ਖੇਡ ਕੇ ਆਪਣੇ ਸ਼ਹਿਰ ਸਿਆਲਕੋਟ ਵਾਪਸ ਪਰਤਿਆਂ ਤਾਂ ਸ਼ਹਿਰ ਦੇ ਮੁੱਖ ਦੁਆਰ ’ਤੇ ਆਪਣਾ ਪੁਤਲਾ ਵੇਖ ਕੇ ਸਮਝ ਗਿਆ ਕਿ ਇਹ ਤਾਂ ਉਹਦੇ ਲਈ ਦੇਸ ਨਿਕਾਲੇ ਦਾ ਹੁਕਮ ਹੈ। ਆਪਣੇ ਰਾਜੇ ਬਾਪ ਦਾ ਹੁਕਮ ਸਿਰ ਮੱਥੇ ਮੰਨ ਕੇ ਰਸਾਲੂ ਉਨ੍ਹੀਂ ਪੈਰੀਂ ਵਾਪਸ ਮੁੜ ਗਿਆ। ਉਹਨੇ ਆਪਣੇ ਨਾਲ ਪੰਜ ਸੱਤ ਗੱਭਰੂ ਲਏ, ਹਥਿਆਰਾਂ ਨਾਲ ਲੈਸ ਹੋ ਕੇ ਘੋੜੇ ’ਤੇ ਅਸਵਾਰ ਹੋ ਉਹ ਨਵੀਆਂ ਰਾਹਾਂ ਦੀ ਭਾਲ ਲਈ ਤੁਰ ਪਿਆ। ਹੁਣ ਉਹਦੇ ਲਈ ਚਾਰੇ ਜਾਗੀਰਾਂ ਖੁੱਲ੍ਹੀਆਂ ਸਨ।
ਹੁਸਨਾਂ ਦੇ ਰਸੀਏ ਰਾਜਾ ਰਸਾਲੂ ਦੀ ਸੁੰਦਰਤਾ ਅਤੇ ਅਮੋੜ ਸੁਭਾਅ ਦੇ ਕਿੱਸੇ ਆਂਢੀ-ਗੁਆਂਢੀ ਰਾਜ ਦਰਬਾਰ ਦੇ ਮਹਿਲਾਂ ਤਕ ਫੈਲ ਗਏ ਸਨ। ਕਈ ਸ਼ਹਿਜ਼ਾਦੀਆਂ ਉਹਦਾ ਮੁੱਖੜਾ ਦੇਖਣ ਲਈ ਤਰਸ ਰਹੀਆਂ ਸਨ।
ਆਥਣ ਪਸਰ ਰਹੀ ਸੀ ਜਦੋਂ ਰਸਾਲੂ ਨੀਲੇ ਸ਼ਹਿਰ ਪੁੱਜਾ। ਸ਼ਹਿਰ ਦੇ ਦੁਆਰ ’ਤੇ ਉਹ ਇਕ ਬੁੱਢੀ ਮਿਲੀ ਜੋ ਵਿਰਲਾਪ ਕਰ ਰਹੀ ਸੀ। ਤੈਨੂੰ ਕਿਹੜਾ ਦੁੱਖ ਐ ਜੀਹਦੇ ਕਰਕੇ ਐਨਾ ਵਿਰਲਾਪ ਕਰ ਰਹੀ ਐਂ?’’
‘‘ਵੇ ਪੁੱਤ ਪਰਦੇਸੀਆ ਕੀ ਦੱਸਾਂ’’, ਬੁੱਢੀ ਮਾਈ ਘੋੜ ਸਵਾਰ ਵੱਲ ਤਰਸੇਵੇਂ ਭਰੀਆਂ ਅੱਖਾਂ ਨਾਲ ਦੇਖਦੀ ਹੋਈ ਬੋਲੀ, ‘‘ਮੈਂ ਸੱਤ ਪੁੱਤਾਂ ਦੀ ਮਾਂ ਆਂ, ਏਸ ਸ਼ਹਿਰ ਦੇ ਨਾਲ ਦੀ ਨਗਰੀ ਆਦਮਖੋਰ ਦਿਉਆਂ ਦੀ ਐ। ਸਾਡੇ ਸ਼ਹਿਰ ਦੇ ਹਾਕਮ ਹਰ ਰੋਜ਼ ਵਾਰੀ ਨਾਲ ਇਕ ਗੱਭਰੂ ਨੂੰ ਆਦਮਖੋਰਾਂ ਦਾ ਖਾਜਾ ਬਣਨ ਲਈ ਭੇਜਦੇ ਨੇ…। ਵਾਰੋ-ਵਾਰੀ ਮੇਰੇ ਛੇ ਪੁੱਤ ਆਦਮ-ਖੋਰਾਂ ਦਾ ਖਾਜਾ ਬਣ ਚੁੱਕੇ ਨੇ…ਅੱਜ ਫੇਰ ਸੱਤਵੇਂ ਦੀ ਵਾਰੀ ਐ…।
ਮਾਈ ਦਾ ਵਿਰਲਾਪ ਸੁਣ ਕੇ ਰਸਾਲੂ ਦਾ ਦਿਲ ਪਸੀਜ ਗਿਆ। ਉਹਨੇ ਮਾਈ ਨੂੰ ਧਰਵਾਸਾ ਦਿੰਦਿਆਂ ਆਖਿਆ, ‘‘ਮਾਤਾ ਤੂੰ ਘਬਰਾ ਨਾ ਤੇਰੇ ਪੁੱਤ ਦੀ ਵਾਰੀ ਮੈਂ ਭੁਗਤਾਂਗਾ।’’
ਮਾਈ ਨੇ ਸੁਖ ਦਾ ਸਾਹ ਲਿਆ ਤੇ ਰਸਾਲੂ ਨੂੰ ਸੈਆਂ ਅਸੀਸਾਂ ਦਿੱਤੀਆਂ। ਸ਼ਹਿਰ ਦੇ ਹਾਕਮ ਰਸਾਲੂ ਨੂੰ ਆਦਮਖੋਰਾਂ ਦਾ ਖਾਜਾ ਬਣਨ ਲਈ ਲੈ ਤੁਰੇ..। ਘੋੜੇ ’ਤੇ ਅਸਵਾਰ ਰਸਾਲੂ ਦਾ ਜਾਹੋ-ਜਲਾਲ ਝੱਲਿਆ ਨਹੀਂ ਸੀ ਜਾਂਦਾ। ਆਦਮਖੋਰਾਂ ਦੀ ਨਗਰੀ ’ਚ ਵੜਦਿਆਂ ਹੀ ਰਸਾਲੂ ਨੇ ਤਲਵਾਰ ਮਿਆਨ ਵਿੱਚੋਂ ਧੂਹ ਲਈ ਤੇ ਲੱਗਾ ਵਾਰ ਤੇ ਵਾਰ ਕਰਨ..। ਆਦਮਖੋਰਾਂ ’ਚ ਥਰਥੱਲੀ ਮੱਚ ਗਈ। ਕਿਸੇ ਦਾ ਸਿਰ ਵੱਢਿਆ ਗਿਆ ਕਿਸੇ ਦੀ ਬਾਂਹ…। ਉਨ੍ਹਾਂ ਦਾ ਸਰਦਾਰ ਪਹਿਲੀ ਸੱਟੇ ਮਾਰਿਆ ਗਿਆ। ਉਹ ਹਾਲ ਦੁਹਾਈ ਪਾਉਂਦੇ ਹੋਏ ਉਥੋਂ ਭੱਜ ਗਏ…। ਲੋਕਾਂ ਨੂੰ ਹੁਣ ਕਿਸੇ ਆਦਮਖੋਰ ਦਾ ਭੈਅ ਨਹੀਂ ਸੀ ਰਿਹਾ। ਸਾਰੇ ਨੀਲੇ ਸ਼ਹਿਰ ਦੇ ਨਿਵਾਸੀ ਰਸਾਲੂ ਦੇ ਸ਼ੁਕਰਗੁਜ਼ਾਰ ਸਨ ਤੇ ਉਸ ਦੀ ਬਹਾਦਰੀ ਦੇ ਵਾਰੇ-ਵਾਰੇ ਜਾ ਰਹੇ ਸਨ।
ਸ਼ੂਕਦੇ ਦਰਿਆ ਭਲਾ ਕਦੋਂ ਰੁਕਦੇ ਨੇ, ਕੁਝ ਦਿਨ ਨੀਲੇ ਸ਼ਹਿਰ ਵਿਚ ਠਹਿਰਨ ਮਗਰੋਂ ਰਸਾਲੂ ਨੇ ਰਾਜਾ ਹਰੀ ਚੰਦ ਦੇ ਹੋਡੀਨਗਰ ਵਿਚ ਜਾ ਪ੍ਰਵੇਸ਼ ਕੀਤਾ। ਉਸ ਦੀ ਬਹਾਦਰੀ ਦੇ ਕਿੱਸੇ ਸਾਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣ ਚੁੱਕੇ ਸਨ। ਰਾਜੇ ਇਹ ਵੀ ਜਾਣਦੇ ਸਨ ਕਿ ਉਹ ਰਾਜਾ ਸਲਵਾਨ ਦਾ ਅਮੋੜ ਪੁੱਤਰ ਹੈ। ਰਸਾਲੂ ਹਰੀ ਚੰਦ ਦੇ ਬਾਗ ਵਿਚ ਸੁੱਤਾ ਪਿਆ ਸੀ। ਐਨੇ ਨੂੰ ਹਰੀ ਚੰਦ ਦੀ ਪੁੱਤਰੀ ਰਾਜ ਕੁਮਾਰੀ ਸੌਂਕਣੀ ਸੈਰ ਕਰਦੀ ਉਥੇ ਆ ਗਈ… ਛੈਲ-ਛਬੀਲਾ ਗੱਭਰੂ ਵੇਖ ਉਹ ਆਪਣੀ ਸੁੱਧ-ਬੁੱਧ ਗਵਾ ਬੈਠੀ…ਰਸਾਲੂ ਵੀ ਸੁੰਦਰਤਾ ਦੀ ਮੂਰਤ ਸੌਂਕਣੀ ਦੇ ਮੋਹ ਵਿਚ ਕੀਲਿਆ ਗਿਆ… ਪਿਆਰ ਭਰੇ ਬੋਲਾਂ ਨਾਲ ਦੋਹਾਂ ਨੇ ਸਾਂਝ ਪਾ ਲਈ…ਸੌਂਕਣੀ ਨੇ ਆਪਣੇ ਬਾਪ ਕੋਲ ਗੱਲ ਕੀਤੀ…ਹਰੀ ਚੰਦ ਰਸਾਲੂ ਨੂੰ ਆਪਣੇ ਮਹਿਲੀਂ ਲੈ ਆਇਆ…। ਸ਼ੌਂਕਣੀ ਦੇ ਵਰ ਦੀ ਭਾਲ ਵਿਚ ਉਹਨੇ ਕਈ ਵਰ੍ਹੇ ਲੰਘਾ ਦਿੱਤੇ ਸਨ ਪ੍ਰੰਤੂ ਉਸ ਦੇ ਮੇਚ ਦਾ ਵਰ ਉਹਨੂੰ ਕਿਧਰੇ ਨਹੀਂ ਸੀ ਟੱਕਰਿਆ…। ਰਸਾਲੂ ਨੂੰ ਵੇਖ ਹਰੀ ਚੰਦ ਨੇ ਸੌਂਕਣੀ ਦਾ ਵਿਆਹ ਰਸਾਲੂ ਨਾਲ ਕਰਨ ਦਾ ਫੈਸਲਾ ਕਰ ਲਿਆ।
ਰਸਾਲੂ ਕਾਫੀ ਸਮਾਂ ਹਰੀ ਚੰਦ ਦੇ ਮਹਿਲਾਂ ਵਿਚ ਟਿਕਿਆ ਰਿਹਾ, ਕਦੀ ਸ਼ਿਕਾਰ ਖੇਡਣ ਚਲਿਆ ਜਾਂਦਾ, ਕਦੀ ਦੋਹਮਨ ਨਾਂ ਦੇ ਗੱਭਰੂ ਨਾਲ ਚੌਪਟ ਖੇਡਦਾ ਰਹਿੰਦਾ। ਰਸਾਲੂ ਇਹ ਨਹੀਂ ਸੀ ਜਾਣਦਾ ਕਿ ਸੌਂਕਣੀ ਦੋਹਮਨ ਸੁਨਿਆਰ ’ਤੇ ਫਿਦਾ ਹੈ। ਦੋਹਮਨ ਤੇ ਸੌਂਕਣੀ ਅਕਸਰ ਲੁਕ ਕੇ ਮਿਲਦੇ ਰਹਿੰਦੇ ਸਨ। ਇਕ ਦਿਨ ਰਸਾਲੂ ਮਹਿਲਾਂ ਦੇ ਬਾਹਰ ਦੋਹਮਨ ਨਾਲ ਚੌਪਟ ਖੇਡ ਰਿਹਾ ਸੀ… ਉਹ ਨੇ ਵੇਖਿਆ ਦੋਹਮਨ ਚੋਰੀ-ਚੋਰੀ ਅੱਖ ਬਚਾ ਕੇ ਉੱਪਰ ਮਹਿਲਾਂ ਵੱਲ ਵੇਖੀ ਜਾਂਦਾ ਹੈ। ਉਹ ਨੂੰ ਸ਼ੱਕ ਪਿਆ… ਉਹ ਨੇ ਮਲਕ ਦੇਣੇ ਜਾ ਕੇ ਪਾਣੀ ਦਾ ਕਟੋਰਾ ਭਰ ਕੇ ਆਪਣੇ ਕੋਲ ਰੱਖ ਲਿਆ… ਕੁਝ ਸਮੇਂ ਮਗਰੋਂ ਮਹਿਲ ਦੀ ਖਿੜਕੀ ਵਿਚ ਖੜ੍ਹੋਤੀ ਸੌਂਕਣੀ ਦਾ ਅਕਸ ਕਟੋਰੇ ਦੇ ਪਾਣੀ ਵਿਚ ਪਿਆ… ਸ਼ੱਕ ਦੀ ਹੁਣ ਕੋਈ ਗੁੰਜਾਇਸ਼ ਹੀ ਨਹੀਂ ਸੀ ਰਹੀ… ਰਸਾਲੂ ਨੇ ਆਪਣੇ ਮਨ ਨਾਲ ਪੱਕਾ ਫੈਸਲਾ ਕਰਕੇ ਸੌਂਕਣੀ ਦਾ ਵਿਆਹ ਦੋਹਮਨ ਨਾਲ ਕਰਵਾ ਦਿੱਤਾ। ਦੋ ਦਿਲਾਂ ਨੂੰ ਜੋੜ ਆਪ ਅਗਾਂਹ ਤੁਰ ਪਿਆ।
ਸਮਾਂ ਬੀਤਦਾ ਗਿਆ… ਕਈ ਵਰ੍ਹੇ ਇੰਜ ਹੀ ਬੀਤ ਗਏ। ਰਸਾਲੂ ਨੇ ਸ਼ਿਕਾਰ ਖੇਡਣ ਅਤੇ ਲੜਾਈ ਦੇ ਸ਼ੌਕ ਨੂੰ ਮਘਾਈ ਰੱਖਿਆ… ਕਈ ਛੋਟੇ-ਮੋਟੇ ਰਾਜਿਆਂ ਨਾਲ ਮੁਠਭੇੜਾਂ ਹੋਈਆਂ… ਕਈ ਰਾਜ ਖੋਹੇ ਤੇ ਛੱਡੇ।
ਅਟਕ ਦੇ ਪਾਰ ਦਰਿਆ ਦੇ ਕੰਢੇ ’ਤੇ ਵਸੇ ਸ਼ਹਿਰ ਸਿਰੀਕੋਟ ਦੇ ਰਾਜਾ ਸਿਰਕੱਪ ਦੀ ਕਨਸੋਅ ਰਾਜਾ ਰਸਾਲੂ ਦੇ ਕੰਨੀਂ ਪਈ। ਸਿਰਕੱਪ ਬੜਾ ਨਿਰਦਈ ਅਤੇ ਧੋਖੇਬਾਜ਼ ਰਾਜਾ ਸੀ ਜੋ ਜੂਆ ਖੇਡਣ ਦਾ ਬਹੁਤ ਸ਼ੌਕੀਨ ਸੀ। ਉਹ ਸ਼ਰਤਾਂ ਲਾ ਕੇ ਜੂਆ ਖੇਡਦਾ ਸੀ ਤੇ ਹਾਰਨ ਵਾਲੇ ਦਾ ਸਿਰ ਵੱਢ ਲੈਂਦਾ ਸੀ। ਇਸੇ ਕਰਕੇ ਉਹਦਾ ਨਾਂ ਸਿਰਕੱਪ ਪਿਆ ਹੋਇਆ ਸੀ। ਰਾਜਾ ਰਸਾਲੂ ਨੇ ਸਿਰਕੱਪ ਨਾਲ ਚੌਪਟ ਖੇਡਣ ਦਾ ਫੈਸਲਾ ਕਰ ਲਿਆ ਅਤੇ ਸਿਰਕੋਟ ਪੁੱਜ ਕੇ ਰਾਜਾ ਸਿਰਕੱਪ ਦੇ ਬਾਗ ਵਿਚ ਜਾ ਉਤਾਰਾ ਕੀਤਾ। ਜਦੋਂ ਰਸਾਲੂ ਬਾਗ ਵਿਚ ਪੁੱਜਾ ਤਾਂ ਸਿਰਕੱਪ ਦੀ ਹੁਸ਼ਨਾਕ ਬੇਟੀ ਆਪਣੀਆਂ ਸੱਠ ਸਹੇਲੀਆਂ ਨਾਲ ਪੀਂਘ ਝੂਟ ਰਹੀ ਸੀ। ਮੁਟਿਆਰ ਨੂੰ ਵੇਖ ਹੁਸਨ ਦੇ ਰਸੀਏ ਰਸਾਲੂ ਦੀਆਂ ਅੱਖੀਆਂ ਚੁੰਧਿਆ ਗਈਆਂ। ਹੁਸਨ ਮਚਲਿਆ… ਇਸ਼ਕ ਤੜਪਿਆ… ਰਾਜਕੁਮਾਰੀ ਨੇ ਰਸਾਲੂ ਵੱਲ ਵੇਖਿਆ ਤੇ ਬੁਲ੍ਹੀਆਂ ’ਚ ਮੁਸਕਰਾ ਕੇ ਬੋਲੀ, ‘‘ਅੜਿਆ। ਇਕ ਪੀਂਘ ਦਾ ਝੂਟਾ ਈ ਦੇ ਛੱਡ, ਦੇਖਾਂ ਕਿੰਨਾ ਕੁ ਜ਼ੋਰ ਐ ਤੇਰੇ ਡੌਲਿਆਂ ’ਚ!’’
‘‘ਹੁਸਨ ਦੀਏ ਪਰੀਏ ਤੂੰ ’ਕੱਲ੍ਹੀ ਕੀ ਸਾਰੀਆਂ ਸਹੇਲੀਆਂ ਨੂੰ ਨਾਲ ਲੈ ਕੇ ਪੀਂਘ ’ਤੇ ਚੜ੍ਹ ਜਾ, ’ਕੱਠੀਆਂ ਨੂੰ ਈ ਝੂਟਾ ਦੇ ਦੇਂਦਾ ਹਾਂ।’’ ਰਸਾਲੂ ਨੇ ਆਪਣੇ ਡੌਲਿਆਂ ’ਤੇ ਮਾਣ ਕਰਦਿਆਂ ਆਖਿਆ।
ਰਾਜਕੁਮਾਰੀ ਆਪਣੀਆਂ ਸੱਠਾਂ ਸਹੇਲੀਆਂ ਸਮੇਤ ਪੀਂਘ ’ਤੇ ਚੜ੍ਹ ਗਈ। ਰਾਜਾ ਰਸਾਲੂ ਨੇ ਪੀਂਘ ਨੂੰ ਅਜਿਹਾ ਜ਼ੋਰਦਾਰ ਝੂਟਾ ਦਿੱਤਾ ਕਿ ਪੀਂਘ ਅਧ ਅਸਮਾਨੇ ਪੁੱਜ ਗਈ। ਮੁੜਦੀ ਹੋਈ ਪੀਂਘ ’ਤੇ ਰਸਾਲੂ ਨੇ ਤਲਵਾਰ ਨਾਲ ਵਾਰ ਕਰਕੇ ਦੋ ਟੋਟੇ ਕਰ ਦਿੱਤੇ ਤੇ ਸਾਰੀਆਂ ਲੋਟ-ਪੋਟ ਹੋਈਆਂ ਧਰਤੀ ’ਤੇ ਡਿੱਗ ਪਈਆਂ… ਕਈਆਂ ਦੇ ਸੱਟਾਂ ਵੱਜੀਆਂ। ਰਾਜੇ ਨੂੰ ਇਸ ਘਟਨਾ ਦਾ ਪਤਾ ਲੱਗਾ… ਉਹ ਘਬਰਾ ਗਿਆ… ਰਾਜਾ ਰਸਾਲੂ ਦੇ ਪੁੱਜਣ ਦੀ ਖ਼ਬਰ ਉਹ ਨੂੰ ਮਿਲ ਗਈ ਸੀ। ਰਸਾਲੂ ਨੇ ਸ਼ਹਿਰ ਦੇ ਦੁਆਰ ’ਤੇ ਪਏ ਸਿਰਕੱਪ ਦੇ ਦਸਾਂ ਦੇ ਦਸ ਧੌਂਸੇ ਪਹਿਲਾਂ ਹੀ ਭੰਨ ਸੁੱਟੇ ਸਨ। ਰਸਾਲੂ ਸਿਰਕੱਪ ਦੇ ਦਰਬਾਰ ਵਿਚ ਪੁੱਜ ਗਿਆ ਤੇ ਉਹਦੇ ਨਾਲ ਚੌਪਟ ਖੇਡਣ ਦੀ ਇੱਛਾ ਪ੍ਰਗਟਾਈ। ਸਿਰਕੱਪ ਨੇ ਸ਼ਰਤ ਰੱਖੀ ਕਿ ਜਿਹੜਾ ਹਾਰੇ ਉਹ ਆਪਣੀ ਸਾਰੀ ਦੌਲਤ, ਰਾਜ ਅਤੇ ਆਪਣਾ ਸਿਰ ਦੇਵੇਗਾ।
ਸਿਰਕੱਪ ਦੀਆਂ ਸ਼ਰਤਾਂ ਅਨੁਸਾਰ ਚੌਪਟ ਦੀ ਬਾਜ਼ੀ ਸ਼ੁਰੂ ਹੋਈ। ਸਿਰਕੱਪ ਚੌਪਟ ਖੇਡਣ ਸਮੇਂ ਆਪਣੇ ਵਿਰੋਧੀ ਦੀ ਬਿਰਤਾ ਉਖੇੜਨ ਲਈ ਕਈ ਛੱਲ ਤੇ ਹਥਕੰਡੇ ਵਰਤਦਾ ਸੀ… ਉਹਨੇ ਆਪਣੇ ਸੱਜੇ-ਖੱਬੇ ਆਪਣੀਆਂ ਖੂਬਸੂਰਤ ਰਾਣੀਆਂ ਅਤੇ ਧੀਆਂ ਬੈਠਾ ਲੈਣੀਆਂ। ਜਦੋਂ ਵਿਰੋਧੀ ਖਿਡਾਰੀ ਰਾਣੀ ਵੱਲ ਧਿਆਨ ਕਰਦਾ ਤਾਂ ਧੀ ਹੋਲੇ ਦੇਣੇ ਗੋਟ ਹਲਾ ਦੇਂਦੀ ਤੇ ਜਦੋਂ ਧੀ ਵੱਲ ਧਿਆਨ ਜਾਂਦਾ ਤਾਂ ਰਾਣੀ ਵੀ ਇੰਜ ਹੀ ਕਰਦੀ… ਇਸ ਤਰ੍ਹਾਂ ਖਿਡਾਰੀ ਦਾ ਧਿਆਨ ਉੱਖੜ ਜਾਂਦਾ ਤੇ ਉਹ ਬਾਜ਼ੀ ਹਾਰ ਜਾਂਦਾ। ਰਸਾਲੂ ਦਾ ਧਿਆਨ ਉਖੇੜਨ ਲਈ ਵੀ ਅਜਿਹਾ ਹੀ ਕੀਤਾ ਗਿਆ ਪ੍ਰੰਤੂ ਰਸਾਲੂ ਪੂਰੇ ਧਿਆਨ ਨਾਲ ਚੌਪਟ ਖੇਡਦਾ ਰਿਹਾ… ਰਾਣੀਆਂ ਦੇ ਹੁਸਨ ਦਾ ਜਾਦੂ ਉਸ ’ਤੇ ਨਾ ਚੱਲਿਆ… ਉਹ ਪਹਿਲੀ ਬਾਜ਼ੀ ਜਿੱਤ ਗਿਆ।
ਦੂਜੀ ਬਾਜ਼ੀ ਸ਼ੁਰੂ ਹੋਈ ‘‘ਸਿਰਕੱਪ ਨੇ ਰਾਣੀਆਂ ਦੀ ਥਾਂ ਆਪਣੇ ਆਲੇ-ਦੁਆਲੇ ਕਈ ਨਫਰ ਬਠਾ ਲਏ ਜੋ ਰਾਜਾ ਰਸਾਲੂ ਦਾ ਧਿਆਨ ਉਖੇੜਨ ਲਈ ਉਹਦੇ ਪਾਸੋਂ ਬੁਝਾਰਤਾਂ ਪੁੱਛਣ ਲੱਗੇ… ਰਸਾਲੂ ਬੁਝਾਰਤਾਂ ਵੀ ਬੁਝਦਾ ਰਿਹਾ ਤੇ ਨਾਲੋ-ਨਾਲ ਆਪਣੀ ਚਾਲ ਵੀ ਚਲਦਾ ਰਿਹਾ… ਉਹ ਦੂਜੀ ਬਾਜ਼ੀ ਵੀ ਜਿੱਤ ਗਿਆ।
ਤੀਜੀ ਬਾਜ਼ੀ ਸਿਰ ਦੀ ਬਾਜ਼ੀ ਸੀ… ਸਿਰਕੱਪ ਦਾ ਤੀਜਾ ਛੱਲ ਇਹ ਸੀ ਕਿ ਉਹ ਖੇਡਣ ਸਮੇਂ ਸਿਧਾਈਆਂ ਹੋਈਆਂ ਦੋ ਚੂਹੀਆਂ ਕੱਢ ਲੈਂਦਾ ਜੋ ਹੌਲੀ ਦੇਣੇ ਚੌਪਟ ਉਤੋਂ ਲੰਘ ਕੇ ਗੋਟਾਂ ਨੂੰ ਹਲਾ ਦੇਂਦੀਆਂ ਪ੍ਰੰਤੂ ਰਸਾਲੂ ਨੇ ਉਹਦਾ ਇਹ ਛੱਲ ਵੀ ਚੱਲਣ ਨਾ ਦਿੱਤਾ। ਉਹਨੇ ਆਪਣੀ ਜੇਬ੍ਹ ਵਿਚੋਂ ਬਲੂੰਗੜਾ ਕੱਢ ਕੇ ਆਪਣੇ ਕੋਲ ਬਹਾ ਲਿਆ ਜਿਸ ਤੋਂ ਡਰ ਕੇ ਚੂਹੀਆਂ ਚੌਪਟ ਵੱਲ ਆਈਆਂ ਹੀ ਨਾ ਜਿਸ ਕਰਕੇ ਰਸਾਲੂ ਇਹ ਬਾਜ਼ੀ ਵੀ ਜਿੱਤ ਗਿਆ। ਸਿਰਕੱਪ ਸਿਰ ਦੀ ਬਾਜ਼ੀ ਹਾਰ ਗਿਆ। ਐਨ ਉਸ ਸਮੇਂ ਇਕ ਨੌਕਰ ਨੇ ਆ ਕੇ ਰਾਜਾ ਸਿਰਕੱਪ ਨੂੰ ਸੂਚਨਾ ਦਿੱਤੀ ਕਿ ਉਸ ਦੇ ਘਰ ਬੇਟੀ ਨੇ ਜਨਮ ਲਿਆ ਹੈ। ਰਾਜੇ ਨੇ ਤੁਰੰਤ ਹੁਕਮ ਸੁਣਾ ਦਿੱਤਾ, ‘‘ਉਸ ਮਨਹੂਸ ਕੁੜੀ ਨੂੰ ਇਸੇ ਵਕਤ ਮਾਰ ਦਿੱਤਾ ਜਾਵੇ ਜਿਸ ਦੇ ਕਾਰਨ ਮੈਂ ਸਿਰ ਦੀ ਬਾਜ਼ੀ ਹਾਰ ਗਿਆ ਹਾਂ।’’
‘‘ਰਾਜਨ ਤੈਨੂੰ ਇਹ ਹੁਕਮ ਦੇਣ ਦਾ ਹੁਣ ਕੋਈ ਅਧਿਕਾਰ ਨਹੀਂ’’, ਰਾਜਾ ਰਸਾਲੂ ਸਿਰਕੱਪ ਨੂੰ ਮੁਖਾਤਿਬ ਹੋਇਆ, ‘‘ਤੂੰ ਅਪਣਾ ਸਿਰ ਤੇ ਰਾਜ ਹਾਰ ਚੁੱਕੈਂ… ਤੂੰ ਆਪਣੀ ਧੀ ਨੂੰ ਨਹੀਂ ਮਰਵਾ ਸਕਦਾ, ਉਹ ਹੁਣ ਮੇਰੀ ਹੈ।’’ ਰਾਜਾ ਸਿਰਕੱਪ ਨਿਮੋਝੂਣਾ ਹੋਇਆ ਰਸਾਲੂ ਦੇ ਸਾਹਮਣੇ ਸਿਰ ਸੁੱਟੀ ਖੜ੍ਹਾ ਸੀ.. ਉਹ ਨੂੰ ਆਪਣੀ ਮੌਤ ਨਜ਼ਰ ਆਉਂਦੀ ਪਈ ਸੀ… ਸੈਂਕੜੇ ਮੌਤਾਂ ਦਾ ਵਣਜਾਰਾ ਆਪਣੀ ਮੌਤ ਨੂੰ ਚਿਤਵ ਕੇ ਥਰ-ਥਰ ਕੰਬ ਰਿਹਾ ਸੀ। ਉਹ ਦੀਆਂ ਅੱਖੀਆਂ ਵਿਚ ਤਰਲਾ ਸੀ! ਜਾਨ ਬਖਸ਼ੀ ਲਈ ਉਹਦੇ ਬੁੱਲ੍ਹ ਕੰਬੇ।
ਦਿਆਵਾਨ ਰਸਾਲੂ ਦੇ ਮਨ ਵਿਚ ਦਿਆ ਗਈ, ‘‘ਤੈਨੂੰ ਇਕ ਸ਼ਰਤ ’ਤੇ ਮੁਆਫ ਕਰ ਸਕਦਾ ਹਾਂ। ਤੂੰ ਤੱਤੇ ਤਵੇ ’ਤੇ ਮੱਥੇ ਨਾਲ ਲਕੀਰਾਂ ਕੱਢ ਕੇ ਬਚਨ ਦੇ, ਕਿ ਤੂੰ ਅੱਗੇ ਤੋਂ ਜੂਆ ਨਹੀਂ ਖੇਡੇਂਗਾ ਅਤੇ ਨਾ ਹੀ ਕਿਸੇ ’ਤੇ ਜ਼ੁਲਮ ਕਰੇਂਗਾ।’’
ਆਪਣੀ ਜਾਨ ਬਖਸ਼ੀ ਲਈ ਸਿਰਕੱਪ ਸਭ ਕੁਝ ਕਰਨ ਲਈ ਤਿਆਰ ਹੋ ਗਿਆ… ਰਸਾਲੂ ਨੇ ਉਸ ਨੂੰ ਮੁਆਫ ਕਰ ਦਿੱਤਾ! ਰਾਜਾ ਸਿਰਕੱਪ ਨੇ ਬੜੇ ਆਦਰ ਨਾਲ ਆਪਣੀ ਨਵਜਨਮੀ ਧੀ ਦਾ ਡੋਲਾ ਤਿਆਰ ਕਰਵਾਇਆ ਤੇ ਇਕ ਥਾਲ ਵਿਚ ਸ਼ਗਨ ਵਜੋਂ ਅੰਬ ਦੀ ਟਾਹਣੀ ਰੱਖ ਕੇ ਰਾਜਾ ਰਸਾਲੂ ਨੂੰ ਭੇਟ ਕਰ ਦਿੱਤੀ। ਰਸਾਲੂ ਨੇ ਉਸ ਮਲੂਕੜੀ ਦਾ ਨਾਂ ਕੋਕਲਾਂ ਰੱਖਿਆ। ਕੁਝ ਦਿਨ ਰਾਜਾ ਸਿਰਕੱਪ ਦੀ ਪ੍ਰਾਹੁਣਚਾਰੀ ਮਾਣਨ ਪਿੱਛੋਂ ਰਾਜਾ ਰਸਾਲੂ ਅਗਾਂਹ ਜਾਣ ਦੀ ਤਿਆਰੀ ਕਰਨ ਲੱਗਾ।
ਸਿਰੀਕੋਟ ਤੋਂ ਵਿਦਾ ਹੋ ਕੇ ਰਸਾਲੂ ਨੇ ਖੇੜੀ ਮੂਰਤੀ ਦੀਆਂ ਪਹਾੜੀਆਂ ਵਿਚ ਆਣ ਡੇਰੇ ਲਾਏ। ਉਥੇ ਉਹਨੇ ਇਕ ਮਹਿਲ ਬਣਵਾਇਆ ਤੇ ਮਹਿਲ ਦੇ ਬਾਹਰ ਇਕ ਅੰਬ ਦਾ ਬੂਟਾ ਲਾ ਕੇ ਆਖਿਆ, ‘‘ਜਦੋਂ ਇਸ ਬੂਟੇ ਨੂੰ ਬੂਰ ਪਵੇਗਾ ਉਦੋਂ ਕੋਕਲਾਂ ਭਰ ਜੋਵਨ ਮੁਟਿਆਰ ਬਣ ਜਾਵੇਗੀ। ਫੇਰ ਮੈਂ ਉਸ ਨਾਲ ਸ਼ਾਦੀ ਰਚਾ ਕੇ ਉਸ ਨੂੰ ਆਪਣੀ ਰਾਣੀ ਬਣਾ ਲਵਾਂਗਾ।’’
ਕੋਕਲਾਂ ਨੂੰ ਇਸ ਪਹਾੜੀ ਮਹਿਲ ਵਿਚ ਰੱਖਿਆ ਗਿਆ। ਉਹ ਮਹਿਲ ਮਗਰੋਂ ‘‘ਰਾਣੀ ਕੋਕਲਾਂ ਦੇ ਧੌਲਰ’’ ਦੇ ਨਾਂ ਨਾਲ ਪ੍ਰਸਿੱਧ ਹੋਇਆ। ਕੱਲਮ ਕੱਲੀ ਉਹ ਜਵਾਨ ਹੋਣ ਲੱਗੀ ਉਹਦੇ ਦਿਲ ਪ੍ਰਚਾਵੇ ਲਈ ਤੋਤਾ ਤੇ ਮੈਨਾ ਸਨ ਜਿਨ੍ਹਾਂ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਕਰਦੀ ਰਹਿੰਦੀ। ਕੇਹੀ ਜ਼ਿੰਦਗੀ ਸੀ ਉਹਦੀ ਕੱਲਮ-ਕੱਲੀ। ਉਹ ਮਹਿਲ ਦੇ ਕਿੰਗਰਿਆਂ ’ਤੇ ਖੜ੍ਹ ਕੇ ਪਹਾੜੀ ਨਜ਼ਾਰਿਆਂ ਦਾ ਆਨੰਦ ਮਾਣਦੀ ਹੋਈ ਰਸਾਲੂ ਨੂੰ ਉਡੀਕਦੀ ਰਹਿੰਦੀ..। ਰਸਾਲੂ ਨਿੱਤ ਨਵੀਆਂ ਮੁਹਿੰਮਾਂ ’ਤੇ ਚੜ੍ਹਿਆ ਰਹਿੰਦਾ.. ਉਹ ਨੂੰ ਸ਼ਿਕਾਰ ਖੇਡਣ ਦਾ ਅਵੱਲੜਾ ਰੋਗ ਸੀ… ਜੰਗਲ ’ਚ ਘੁੰਮਦਿਆਂ ਉਹ ਕੋਕਲਾਂ ਨੂੰ ਬਿਲਕੁਲ ਹੀ ਭੁੱਲ ਜਾਂਦਾ।
ਸਮਾਂ ਬੀਤਦਾ ਗਿਆ… ਅੰਬ ਦੇ ਬੂਟੇ ਨੂੰ ਪਹਿਲਾ ਬੂਰ ਪਿਆ… ਇਹ ਕੋਕਲਾਂ ਦੇ ਭਰ ਜੋਵਨ ਮੁਟਿਆਰ ਹੋ ਜਾਣ ਦਾ ਸੰਕੇਤ ਸੀ… ਮਹਿਲੋਂ ਬਾਹਰ ਅੰਬੀਆਂ ਦੀ ਸੁਗੰਧ ਫੈਲੀ ਹੋਈ ਸੀ ਤੇ ਮਹਿਲਾਂ ਦੇ ਅੰਦਰ ਕੋਕਲਾਂ ਦਾ ਭਖ-ਭਖ ਕਰਦਾ ਜੋਬਨ ਲੱਪਟਾਂ ਛੱਡ ਰਿਹਾ ਸੀ। ਕੋਕਲਾਂ ਦੇ ਧੌਲਰ ਐਨੇ ਸੁਰੱਖਿਅਤ ਸਨ ਕਿ :ਉਥੇ ਚਿੜੀ ਤਕ ਨਹੀਂ ਸੀ ਫੜਕ ਸਕਦੀ। ਕੋਕਲਾਂ ਦਾ ਜੋਬਨ ਅੰਗੜਾਈਆਂ ਭੰਨ ਰਿਹਾ ਸੀ ਉਹ ਦੇ ਅੰਗ ਮਚਲ ਮਚਲ ਜਾਂਦੇ ਸਨ… ਇਕ ਰਸਾਲੂ ਸੀ ਜਿਸ ਨੂੰ ਆਪਣੇ ਹੋਰਨਾਂ ਸ਼ੌਕਾਂ ਤੋਂ ਹੀ ਵਹਿਲ ਨਹੀਂ ਸੀ ਮਿਲਦੀ… ਕੋਕਲਾਂ ਕਿਸੇ ਨਾਲ ਦੋ ਮਿੱਠੇ ਬੋਲ ਵੀ ਸਾਂਝੇ ਕਰਨ ਲਈ ਤਰਸ ਰਹੀ ਸੀ। ਉਹ ਆਏ ਦਿਨ ਸ਼ਿੰਗਾਰ ਕਰਦੀ ਤੇ ਧੌਲਰ ਦੀ ਬਾਰੀ ਵਿਚ ਬੈਠ ਕੇ ਰਸਾਲੂ ਨੂੰ ਉਡੀਕਦੀ।
ਇਕ ਦਿਨ ਕੀ ਹੋਇਆ ਰਾਜਾ ਰਸਾਲੂ ਆਪਣੀ ਮੁਹਿੰਮੇਂ ਚੜ੍ਹਿਆ ਹੋਇਆ ਸੀ ਕਿ ਅਚਨਚੇਤ ਸਿੰਧ ਦੇ ਰਾਜੇ ਅਟਕੀ ਮੱਲ ਦਾ ਜਵਾਨ ਬੇਟਾ ਰਾਜਾ ਹੋਡੀ ਸ਼ਿਕਾਰ ਖੇਡਦਾ-ਖੇਡਦਾ ਰਾਣੀ ਕੋਕਲਾਂ ਦੇ ਧੌਲਰ ਕੋਲ ਆ ਗਿਆ… ਰਾਣੀ ਕੋਕਲਾਂ ਨੇ ਵੇਖਿਆ ਇਕ ਨੌਜਵਾਨ ਹੇਠਾਂ ਖੜੋਤਾ ਆਲੇ-ਦੁਆਲੇ ਵੇਖ ਰਿਹਾ ਹੈ… ਉਹ ਨੇ ਉਪਰੋਂ ਖੰਘੂਰਾ ਮਾਰ ਕੇ ਗੱਭਰੂ ਦਾ ਧਿਆਨ ਆਪਣੇ ਵੱਲ ਖਿੱਚਿਆ… ਗੱਭਰੂ ਨੇ ਨਿਗਾਹ ਉਤਾਂਹ ਘੁਮਾਈ… ਬਾਰੀ ਵਿਚ ਖੋੜਤਾ ਚੰਦ ਦਾ ਟੁਕੜਾ ਉਹਨੂੰ ਵਖਾਈ ਦਿੱਤਾ… ਦੋਹਾਂ ਦੇ ਨੈਣ ਮਿਲੇ… ਕੋਕਲਾਂ ਤਾਂ ਪਹਿਲਾਂ ਹੀ ਤੜਪਦੀ ਪਈ ਸੀ… ਹੈਡੀ ਉਹ ਦੇ ਹੁਸਨ ਦੀ ਤਾਬ ਨਾ ਝੱਲ ਸਕਿਆ… ਉਪਰ ਆਉਣ ਦਾ ਇਸ਼ਾਰਾ ਹੋਇਆ… ਮਹਿਲ ਦੇ ਦੁਆਰ ’ਤੇ ਬੜਾ ਭਾਰੀ ਪੱਥਰ ਪਿਆ ਸੀ ਜਿਸ ਨੂੰ ਸਰਕਾ ਕੇ ਮਹਿਲ ਅੰਦਰ ਜਾਇਆ ਜਾ ਸਕਦਾ ਸੀ… ਹੋਡੀ ਤੋਂ ਪੱਥਰ ਪਰੇ ਨਾ ਹਟਾ ਹੋਇਆ… ਧੌਲਰ ਉਪਰ ਜਾਣ ਦਾ ਹੋਰ ਕੋਈ ਰਸਤਾ ਨਹੀਂ ਸੀ। ਆਖਰ ਕੋਕਲਾਂ ਨੇ ਉਪਰੋਂ ਕੁਮੰਦ ਸੁੱਟ ਕੇ ਉਸ ਨੂੰ ਆਪਣੇ ਕੋਲ ਸੱਦ ਲਿਆ… ਹੁਸਨ ਤੇ ਇਸ਼ਕ ਦੇ ਮਿਲਾਪ ਨੇ ਦੋ ਰੂਹਾਂ ਨੂੰ ਸਰਸ਼ਾਰ ਕਰ ਦਿੱਤਾ… ਦੋਨੋਂ ਮਦਹੋਸ਼ੀ ਦੇ ਆਲਮ ਵਿਚ ਪੁੱਜ ਗਏ… ਕੋਕਲਾਂ ਦੀ ਤੜਪਨਾ ਸ਼ਾਂਤ ਹੋ ਗਈ ਸੀ ਤੇ ਉਹ ਰਾਜਾ ਹੋਡੀ ਦੇ ਅੰਗ-ਅੰਗ ਨੂੰ ਨਿਹਾਰ ਰਹੀ ਸੀ। ਤੁਰਨ ਲੱਗਿਆਂ ਹੋਡੀ ਨੇ ਮੁੜ ਆਉਣ ਦਾ ਇਕਰਾਰ ਕੀਤਾ ਤੇ ਕੁਮੰਦ ਰਾਹੀਂ ਮਹਿਲ ਤੋਂ ਥੱਲੇ ਉਤਰ ਗਿਆ…ਤ੍ਰਿਪਤੀ ਦੇ ਅਹਿਸਾਸ ਵਿਚ ਖੀਵੀ ਹੋਈ ਕੋਕਲਾਂ ਬਾਰੀ ਵਿਚ ਖੜੋ ਕੇ ਜਾਂਦੇ ਹੋਡੀ ਨੂੰ ਉਦੋਂ ਤਕ ਵੇਖਦੀ ਰਹੀ ਜਦੋਂ ਤਕ ਉਹ ਉਹ ਦੀਆਂ ਨਜ਼ਰਾਂ ਤੋਂ ਉਹਲੇ ਨਾ ਹੋ ਗਿਆ।
ਰਾਜਾ ਹੋਡੀ ਨੇ ਕੋਕਲਾਂ ਦੀ ਯਾਦ ਵਿਚ ਤੜਪਦਿਆਂ ਮਸੀਂ ਰਾਤ ਲੰਘਾਈ ਤੇ ਅਗਲੀ ਭਲਕ ਉਸ ਦੇ ਧੌਲਰ ਨੂੰ ਆ ਸਜਦਾ ਕੀਤਾ। ਇਸ ਤਰ੍ਹਾਂ ਇਹ ਹੁਸਨ-ਇਸ਼ਕ ਦਾ ਸਿਲਸਿਲਾ ਕਈ ਦਿਨ ਚੱਲਦਾ ਰਿਹਾ। ਕੋਕਲਾਂ ਉਪਰੋਂ ਕੁਮੰਦ ਸੁੱਟਦੀ ਤੇ ਹੋਡੀ ਉਪਰ ਚਲਿਆ ਜਾਂਦਾ। ਇਕ ਦਿਨ ਕਿਧਰੇ ਰਸਾਲੂ ਅਚਨਚੇਤ ਸਾਝਰੇ ਵਾਪਸ ਆ ਗਿਆ… ਉਹ ਨੇ ਵੇਖਿਆ ਕੋਈ ਗੱਭਰੂੁ ਉਹਦੇ ਮਹਿਲਾਂ ਤੋਂ ਕੁਮੰਦ ਰਾਹੀਂ ਹੇਠਾਂ ਉਤਰ ਰਿਹਾ ਹੈ… ਇਹ ਕੌਣ ਸੀ ਜੀਹਨੇ ਉਹ ਦੇ ਮਹਿਲਾਂ ਨੂੰ ਸੰਨ੍ਹ ਲਾ ਲਈ ਸੀ… ਹੋਡੀ ਹੇਠਾਂ ਉਤਰਿਆ… ਦੋਹਾਂ ਨੇ ਇਕ-ਦੂਜੇ ਨੂੰ ਲਲਕਾਰਿਆ ਤੇ ਤਲਵਾਰਾਂ ਮਿਆਨਾਂ ਵਿਚੋਂ ਬਾਹਰ ਧਰੂਹ ਲਈਆਂ…ਦੋਹਾਂ ਨੇ ਬੜੀ ਫੁਰਤੀ ਨਾਲ ਇਕ-ਦੂਜੇ ’ਤੇ ਵਾਰ ਕੀਤੇ… ਰਾਜਾ ਰਸਾਲੂ ਦਾ ਵਾਰ ਹੀ ਅਜਿਹਾ ਸੀ ਕਿ ਹੋਡੀ ਉਹ ਦਾ ਵਾਰ ਨਾ ਝਲ ਸਕਿਆ.. ਹੋਡੀ ਦਾ ਸਿਰ ਉਹਦੇ ਧੜ ਨਾਲੋਂ ਵੱਖਰਾ ਹੋ ਗਿਆ… ਕੋਕਲਾਂ ਮਹਿਲਾਂ ਉਪਰ ਖੜੋਤੀ ਕੋਕਲਾਂ ਹੇਠਾਂ ਦਾ ਦ੍ਰਿਸ਼ ਵੇਖਦੀ ਪਈ ਸੀ… ਰਾਜਾ ਹੋਡੀ ਦੀ ਤੜਪਦੀ ਦੇਹ ਨੂੰ ਵੇਖਦਿਆਂ ਸਾਰ ਹੀ ਉਹ ਨੇ ਮਹਿਲ ਦੀ ਖਿੜਕੀ ਤੋਂ ਹੇਠਾਂ ਛਾਲ ਮਾਰ ਦਿੱਤੀ ਤੇ ਡਿੱਗਦਿਆਂ ਹੀ ਉਸ ਦਾ ਸਿਰ ਖਖੜੀ ਖਖੜੀ ਹੋ ਗਿਆ ਤੇ ਉਹ ਦੇ ਪ੍ਰਾਣ ਪੰਖੇਰੂ ਉਡਾਰੀ ਮਾਰ ਗਏ।
ਰਾਣੀ ਕੋਕਲਾਂ ਦੇ ਧੌਲਰਾਂ ਵਿਚ ਸਨਾਟਾ ਛਾ ਗਿਆ। ਉਹ ਦੀ ਮੈਨਾ ਤੇ ਪਿਆਰੇ ਤੋਤੇ ਨੇ ਖੰਭ ਫੜਫਾਏ ਤੇ ਅਸਮਾਨ ਵਿਚ ਉਡਾਰੀ ਮਾਰ ਗਏ।
ਰਾਜਾ ਰਸਾਲੂ ਆਪਣੀ ਰਾਣੀ ਕੋਕਲਾਂ ਦੀ ਬੇ-ਵਫਾਈ ’ਤੇ ਹੰਝੂ ਕੇਰਦਾ ਹੋਇਆ ਆਪਣੇ ਘੋੜੇ ਕੋਲ ਆਇਆ.. ਦੋਹਾਂ ਲਾਸ਼ਾਂ ਨੂੰ ਰੱਸੇ ਨਾਲ ਬੰਨ੍ਹ ਕੇ ਘੋੜੇ ਦੀ ਪਿੱਠ ’ਤੇ ਦੋਹੀਂ ਪਾਸੀ ਲਟਕਾ ਕੇ ਉਸ ਨੂੰ ਜੰਗਲ ਵੱਲ ਰਵਾਨਾ ਕਰ ਦਿੱਤਾ ਤੇ ਆਪ ਆਪਣੇ ਸ਼ਹਿਰ ਸਿਆਲ ਕੋਟ ਵੱਲ ਨੂੰ ਚਾਲੇ ਪਾ ਦਿੱਤੇ। ਕਹਿੰਦੇ ਹਨ ਮਗਰੋਂ ਹੋਡੀ ਦੇ ਭਰਾਵਾਂ ਨੇ ਰਸਾਲੂ ਨੂੰ ਸਿਆਲਕੋਟ ਆ ਘੇਰਿਆ ਤੇ ਉਹ ਉਨ੍ਹਾਂ ਨਾਲ ਲੜਦਾ ਹੋਇਆ ਆਪਣੀ ਜਾਨ ’ਤੇ ਖੇਡ ਗਿਆ… ਸਦੀਆਂ ਬੀਤਣ ਮਗਰੋਂ ਵੀ ਪੰਜਾਬ ਦੇ ਲੋਕ ਕਵੀ ਆਪਣੇ ਸੂਰਮੇ ਪੰਜਾਬੀ ਰਾਜੇ ਰਸਾਲੂ ਦੀਆਂ ਵਾਰਾਂ ਗਾ ਕੇ ਉਸ ਨੂੰ ਯਾਦ ਕਰਦੇ ਹਨ।
(ਸੁਖਦੇਵ ਮਾਦਪੁਰੀ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ