Saka Chamkaur Sahib Te Saka Sirhind : Harpreet Singh

ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹੰਦ : ਹਰਪ੍ਰੀਤ ਸਿੰਘ

ਸਾਕਾ ਚਮਕੌਰ ਸਾਹਿਬ

ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖ ਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆਂ ਦੇ ਇਤਿਹਾਸ ਦੀ ਗਾਥਾ ਵਿੱਚ ਗੁਰੂ ਸਾਹਿਬਾਨ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਮਹਾਨ ਸੂਰਮਿਆਂ ਦੀਆਂ ਸ਼ਹਾਦਤਾਂ ਦੇ ਸੁਨਹਿਰੀ ਪੰਨੇ ਉਕਰੇ ਹੋਏ ਹਨ। ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਸਥਾਪਨਾ ਕਰਦਿਆਂ ਹੱਕ, ਸੱਚ, ਨਿਆਂ ਤੇ ਨੇਕੀ ਦਾ ਰਸਤਾ ਬਣਾਇਆ। ਸਾਹਿਬਜ਼ਾਦਾ ਅਜੀਤ ਸਿੰਘ ਜ਼ੁਲਮ, ਜਬਰ, ਅਨਿਆਂ, ਝੂਠ ਤੇ ਬਦੀ ਦੀਆਂ ਤਾਕਤਾਂ ਵਿਰੁੱਧ ਅਵਾਜ਼ ਉਠਾਈ। ਸਿੱਖ ਇਤਿਹਾਸ ਵਿੱਚ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਹੋਇਆਂ ਅਨੇਕਾਂ ਬਲੀਦਾਨ ਦੀਤੇ। ਅਜਿਹਾ ਹੀ ਬਲਿਦਾਨ ਚਮਕੌਰ ਦੀ ਧਰਤੀ ਤੇ ਹੋਇਆ ਜਿੱਥੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੇ ੨ ਵੱਡੇ ਫਰਜ਼ੰਦ ਅਤੇ ੪੦ ਸਿੰਘਾਂ ਨੇ ਕਈਂ ਲੱਖਾਂ ਮੁਗਲ ਫੋਜ ਦਾ ਟਾਕਰਾ ਕੀਤਾ।

ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਗੁਜਰੀ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਤੇ ਦਿਲ ਨੂੰ ਕੰਬਾ ਦੇਣ ਵਾਲਾ ਸਾਕਾ ਹੈ। ੨੨ ਦਸੰਬਰ ੧੭੦੫ ਨੂੰ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ 'ਚਮਕੌਰ ਦੀ ਜੰਗ' ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਅਤੇ ੨੭ ਦਸੰਬਰ ੧੭੦੫ ਨੂੰ ਦੋ ਛੋਟੇ ਸਾਹਿਬਜ਼ਾਦੇ 'ਬਾਬਾ ਜੋਰਾਵਰ ਸਿੰਘ' ਅਤੇ 'ਬਾਬਾ ਫ਼ਤਹਿ ਸਿੰਘ' ਸੂਬਾ ਸਰਹਿੰਦ ਦੀ ਕੈਦ ਵਿੱਚ ਸ਼ਹੀਦ ਕਰ ਦਿੱਤੇ ਗਏ। ਇਸ ਸ਼ਹਾਦਤ ਦੀ ਮਹਾਨਤਾ ਬਾਰੇ ਅੱਲਾ ਯਾਰ ਖਾਂ ਅਪਣੀ ਪੁਸਤਕ 'ਗੰਜਿ ਸ਼ਹੀਦਾਂ' ਵਿੱਚ ਲਿਖਦਾ ਹੈ :-

ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ
ਕਟਾਏ ਬਾਪ ਨੇ ਬੱਚੇ ਜਹਾਂ, ਖੁਦਾ ਕੇ ਲੀਏ।

ਅਤੇ ਕਿਸੇ ਕਵੀ ਨੇ ਲਿਖਿਆ ਹੈ:-

ਜਿਸ ਕੁਲ ਜਾਤੀ ਦੇਸ ਕੇ ਬੱਚੇ ਦੇ ਸਕਤੇ ਹੈਂ ਯੋਂ ਬਲੀਦਾਨ॥
ਉਸ ਕਾ ਵਰਤਮਾਨ ਕੁਛ ਭੀ ਹੋ ਭਵਿਸ਼ਯ ਹੈ ਮਹਾਂ ਮਹਾਨ॥

ਜਿਸ ਸੰਘਰਸ਼ਮਈ ਸਮਾਜ ਦੀ ਸਿਰਜਣਾ ਦਾ ਬੂਟਾ ਗੁਰੂ ਨਾਨਕ ਸਾਹਿਬ ਜੀ ਨੇ ਲਾਇਆ ਸੀ, ਉਸੇ ਬੂਟੇ ਨੂੰ ਬਾਕੀ ਨੋਂ ਗੁਰੂ ਸਾਹਿਬਾਂ ਨੇ ਸਮੇਂ-ਸਮੇਂ ਤੇ ਅਪਣੇ ਖੂਨ ਨਾਲ ਸਿਰਜਿਆ ਅਤੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੇ ਸਪੁਤਰਾਂ ਨੇ ਵੀ ਇਸ ਬੂਟੇ ਨੂੰ ਸੂਰਜੀਤ ਰਖਣ ਲਈ ਅਪਣੇ ਜੀਵਨ ਦਾ ਬਲਿਦਾਨ ਦੇ ਦਿਤਾ। ਸਮੇਂ ਦਾ ਮੁਗਲ ਸ਼ਾਸਕ ਅਤੇ ਪਹਾੜੀ ਰਾਜੇ ਖਾਲਸੇ ਦੇ ਸਿਧਾਂਤ ਅਤੇ ਸਰੂਪ ਤੋਂ ਖੁਸ਼ ਨਹੀ ਸੀ। ਇਸ ਲਈ ਪਹਾੜੀ ਰਾਜਿਆਂ ਵੱਲੋਂ ਖ਼ਾਲਸੇ ਦੀ ਸਾਜਨਾ ਦਾ ਵਿਰੋਧ ਕੀਤਾ ਗਿਆ ਸੀ। ਪਹਾੜੀ ਰਾਜੇ ਤੇ ਸੂਬਾ ਸਰਹਿੰਦ ਗੁਰੂ ਜੀ ਦੇ ਵਿਰੁੱਧ ਇਕਜੁਟ ਹੋ ਗਏ ਸਨ। ਸੰਨ ੧੭੦੦ ਤੋਂ ਲੈ ਕੇ ੧੭੦੫ ਤੱਕ ਪਹਾੜੀ ਰਾਜਿਆਂ ਤੇ ਮੁਗਲਈ ਫੋਜਾਂ ਵਲੋਂ ਲਗਾਤਾਰ ਕਈ ਹਮਲੇ ਕੀਤੇ ਜਾਂਦੇ ਰਹੇ ਸਨ ਪਰ ਸੰਨ ੧੭੦੫ ਵਿੱਚ ਦੋਵੇਂ ਫ਼ੌਜਾਂ ਨੇ ਰਲ ਕੇ ਅਨੰਦਪੁਰ ਨੂੰ ਘੇਰਾ ਪਾ ਲਿਆ। ੭ ਮਹੀਨੇ ਤੋਂ ਅਨੰਦਪੁਰ ਸਾਹਿਬ ਤੇ ਦੁਸ਼ਮਣ ਵੱਲੋਂ ਕੀਤੀ ਗਈ ਨਾਕਾਬੰਦੀ ਅਤੇ ਘੇਰੇ ਦੇ ਦੋਰਾਨ ਵੀ ਮੁਗਲ ਤੇ ਪਹਾੜੀ ਰਾਜੇ ਗੁਰੂ ਜੀ ਅਤੇ ਸਿੰਘਾਂ ਦਾ ਕੋਈ ਬਹੁਤਾ ਨੁਕਸਾਨ ਨਾ ਕਰ ਸਕੇ। ਬਾਦਸ਼ਾਹ ਔਰੰਗਜ਼ੇਬ ਨੇ ਇੱਕ ਪੱਤਰ ਰਾਹੀ ਗੁਰੂ ਜੀ ਨੂੰ ਸੁਨੇਹਾ ਭੇਜਿਆ ਕਿ ਅਸੀ ਅਪਣੇ ਧਰਮ ਅਕੀਦੇ ਮੁਤਾਬਿਕ ਕਸਮਾਂ ਖਾਉਂਦੇ ਹਾਂ ਕਿ ਜੇਕਰ ਤੁਸੀ ਅਨੰਦਪੁਰ ਛੱਡ ਦਿਉ ਤਾਂ ਅਸੀ ਵਿਸ਼ਵਾਸ ਦਿਵਾਉਂਦੇ ਹਾਂ ਕਿ ਤੁਹਾਨੂੰ ਕੁੱਝ ਨਹੀਂ ਕਿਹਾ ਜਾਵੇਗਾ। ੬ ਪੋਹ ਸੰਮਤ ੧੭੬੨ ਦੀ ਅੱਧੀ ਰਾਤ ਨੂੰ ਗੁਰੂ ਜੀ ਸਿੰਘਾਂ ਨਾਲ ਸਲਾਹ-ਮਸ਼ਵਰਾ ਕਰ ਕਿਲੇ ਵਿੱਚੋ ਨਿਕਲੇ। ਗੁਰੂ ਜੀ ਅੱਜੇ ਕੀਰਤਪੁਰ ਸਾਹਿਬ ਪਹੁੰਚੇ ਹੀ ਸਨ ਕਿ ਪਿੱਛੌਂ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਗੁਰੂ ਜੀ ਤੇ ਸਿੰਘਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

ਗੁਰੂ ਗੋਬਿੰਦ ਸਿੰਘ ਜੀ ਨੇ ਦੁਸ਼ਮਨਾਂ ਵਲੋਂ ਅਚਾਨਕ ਕੀਤੇ ਹਮਲੇ ਤੋਂ ਸਿੰਘਾਂ ਦਾ ਬਚਾਅ ਕਰਨ ਦੀ ਵਿਉਂਤਬੰਦੀ ਕਰਦੇ ਹੋਏ ਦੁਸ਼ਮਨਾਂ ਦੇ ਘੇਰੇ ਵਿੱਚੋਂ ਨਿਕਲਣ ਲਈ ੪ ਜੱਥੇ ਬਣਾਏ। ਭਾਈ ਸਵਰੂਪ ਸਿੰਘ ਕਿਸਕ ਵਲੋਂ ਰਚਿਤ 'ਗੁਰੂ ਕੀਆਂ ਸਾਖੀਆਂ' ਪੁਸਤਕ ਵਿੱਚ ਸਾਖੀ ਨੰਬਰ ੭੮ 'ਸਾਖੀ ਅਨੰਦਪੁਰ ਛੋੜ ਦੇਨੇ ਕੀ ਚਾਲੀ' ਵਿੱਚ ਲਿਖਦੇ ਹਨ ਕਿ 'ਦੋ ਘਰੀਆਂ ਰਾਤ ਗਈ ਪ੍ਰਿਥਮੇਂ ਗੁਰੂ ਜੀ ਭਾਈ ਉਦੈ ਸਿੰਘ ਆਦਿ ਮੁਖੀਏ ਸਿਖਾਂ ਕੇ ਗੈਲ ਲੈ ਗੁਰਦੁਆਰਾ ਸੀਸਗੰਜ ਆਏ। ਯਹਾਂ ਪਹੁੰਚ ਕਰ ਅਰਦਾਸ ਕੀ …… ਪ੍ਰਿਥਮੇਂ ਮਾਤਾ ਗੁਜਰੀ, ਦੋਇ ਲਘੂ ਸਾਹਿਬਜਾਦੇ ਤੇ ਇਨ ਕੇ ਸਾਥ ਦਾਸ ਤੇ ਦਾਸੀ ਦੇ ਕੇ ਇਨ੍ਹੈ ਕੀਰਤਪੁਰ ਕੀ ਤਰਫ ਤੋਰਾ।… ਬਾਦ ਮੇਂ ਸਤਿਗੁਰਾਂ ਡੇਢ ਪਹਿਰ ਰੈਣ ਗਈ ਭਾਈ ਉਦੈ ਸਿੰਘ ਆਦਿ ਸਿਖਾਂ ਕੈ ਗੈਲ ਲੈ ਕਿਲਾ ਅਨੰਦਗਢ ਸੇ ਜਾ ਰਹੇ ਵਹੀਰ ਕੇ ਪੀਛੇ ਪਿਆਨਾ ਕੀਤਾ। ਗੁਰੂ ਕੀਰਤਪੁਰ ਲੰਘ ਨਿਰਮੋਹਗੜ੍ਹ ਸੇ ਆਗੇ ਸ਼ਾਹੀ ਟਿੱਬੀ ਤੇ ਜਾਇ ਖਲੇ ਹੂਏ। ਪਰਬਤੀ ਰਾਜਾਯੋਂ ਨੇ ਸਮਾਂ ਗਨੀਮਤ ਜਾਨ ਪੀਛੇ ਸੇ ਤੀਰ ਗੋਲੀ ਸੇ ਹਮਲਾ ਕਰ ਦੀਆ।…ਸਤਿਗੁਰਾਂ ਭਾਈ ਉਦੈ ਸਿੰਘ ਕੀ ਤਰਫ ਦੇਖਾ-ਇਸੇ ਜੋੜਾ ਜਾਮਾ ਬਖਸ਼ ਲੜਨੇ ਕੇ ਲੀਏ ਪਚਾਸ ਸਿੱਖ ਦੇ ਕੇ ਸ਼ਾਹੀ ਟਿੱਬੀ ਪਰ ਤਾਈਨਾਤ ਕੀਯਾ।……

ਉਦੈ ਸਿੰਘ ਨੇ ਪਚਾਸ ਸਿੱਖਾਂ ਕੋ ਗੈਲ ਲੈ ਏਕ ਪਹਿਰ ਪੀਛੇ ਆ ਰਹੀ ਪਰਬਤੀ ਫੌਜ ਕੇ ਸਾਥ ਘਮਸਾਨ ਕੀ ਜੰਗ ਲੜੀ… ਦਿਵਸ ਚੜ੍ਹੇ ਤੀਕ ਸਿੰਘ ਸ਼ਹੀਦੀਆਂ ਪਾਇ ਗਏ। ਰਾਜਾ ਅਜਮੇਰਚੰਦ ਕਹਿਲੂਰੀ ਨੇ ਆਗੇ ਬਡਕਰ ਭਾਈ ਉਦੈ ਸਿੰਘ ਕਾ ਸੀਸ ਕਟਵਾਇ ਰੋਪੜ ਭੇਜਾ, ਕਹਾ- 'ਅਸਾਂ ਗੁਰੂ ਮਾਰ ਲੀਆ ਹੈ'। ਇਸ ਗਲ ਦੀ ਗਵਾਹੀ ਭੱਟ ਵਹੀ ਕਰਸਿੰਧ, ਪਰਗਨਾਂ ਸਫੀਦੋਂ ਵਿੱਚ ਇਉਂ ਦਰਜ ਹੈ-'ਉਦੈ ਸਿੰਘ ਬੇਟਾ ਮਨੀ ਸਿੰਘ, ਪੋਤਾ ਮਾਈਦਾਸ ਕਾ, ਪੜਪੋਤਾ ਬੱਲੀਰਾਇ ਕਾ ਚੰਦਰਬੰਸੀ ਭਾਰਦੁਆਜੀ ਗੋਤਰਾ ਪੁਆਰਬੰਸ, ਬੀਝੇ ਕਾ ਬੰਝਰਉਤ ਜਲਹਾਨਾਂ- ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਦਿਹੁੰ ਸਾਤ ਗਏ ਵੀਰਵਾਰ ਕੇ ਦਿਵਸ ਪਚਾਸ ਸਿਖਾਂ ਕੋ ਗੈਲ ਲੈ ਸ਼ਾਹੀ ਟਿੱਬੀ ਕੋ ਮਲਹਾਨ ਪਰਗਨਾਂ ਭਰਥਗਢ ਰਾਜ ਕਹਿਲੂਰ ਆਧ ਘਰੀ ਦਿਹੁੰ ਨਿਕਲੇ, ਰਾਜਾ ਅਜਮੇਰ ਚੰਦ ਬੇਟਾ ਭੀਮਚੰਦ ਕਾ, ਪੋਤਾ ਦੀਪਚੰਦ ਕਾ, ਪੜਪੋਤਾ ਤਾਰਾ ਚੰਦ ਕਾ ਬੰਸ ਕਲਿਆਨਚੰਦ ਕੀ, ਚੰਦੇਲ ਗੋਤਰਾ ਰਾਣੇ ਕੀ ਫੋਜ ਗੈਲ ਬਾਰਾਂ ਘਰੀ ਜੂਝ ਕੇ ਮਰਾ।

ਅੱਗੇ 'ਗੁਰੂ ਕੀਆਂ ਸਾਖੀਆਂ' ਪੁਸਤਕ ਵਿੱਚ ਲਿਖਾਰੀ ਲਿਖਦਾ ਹੈ ਕਿ ਉਧਰ ਗੁਰੂ ਜੀ ਨੇ ਪ੍ਰਿਥਮੇਂ ਮਾਤਾ ਗੁਜਰੀ ਤੇ ਦੋਇ ਨਿਕੇ ਸਾਹਿਬਜਾਦੇ, ਏਕ ਦਾਸ ਤੇ ਦਾਸੀ ਸਮੇਤ ਸਰਸਾ ਨਦੀ ਪਾਰ ਕੀਆ ਔਰ ਭਾਈ ਜੀਵਨ ਸਿੰਘ ਰੰਘਰੇਟੇ ਸਿੱਖ ਕੋ ਏਕ ਸੋ ਸਿੰਘ ਦੇ ਕੇ ਸਰਸਾ ਨਦੀ ਕੇ ਤੀਰ ਛੋਡਾ। ਇਸ ਕੇ ਬਾਦ ਭਾਈ ਬਚਿੱਤਰ ਸਿੰਘ ਕੋ ਬਚਨ ਹੋਆ, ਤੁਸੀ ਰੋਪੜ ਕੀ ਤਰਫ ਪਿਆਨਾ ਕਰੀਏ। ਈਸੇ ਸੋ ਸਿੰਘ ਦੇਕੇ ਥਾਪਨਾ ਦਈ…… ਅੋਰ ਗੁਰੂ ਜੀ ਆਪ ਚੋਧਰੀ ਨਿਹੰਗ ਖਾਂ ਕੀ ਹਵੇਲੀ ਕੋਟਲਾ ਗ੍ਰਾਮ ਮੇਂ ਪਹੁੰਚੇ।

ਇਧਰ ਗੁਰੂ ਜੀ ਦੇ ਜਾਣ ਤੋਂ ਬਾਅਦ ਸਰਸਾ ਨਦੀ ਤੇ ਘਮਸਾਨ ਜੰਗ ਹੋਇਆ ਅਤੇ ਇਸ ਜੰਗ ਵਿੱਚ ਭਾਈ ਜੀਵਨ ਸਿੰਘ ਦੇ ਮਸਤਕ ਤੇ ਗੋਲੀ ਲਗੀ ਤੇ ਜੰਗ ਵਿੱਚ ਲੜਦੇ ਸ਼ਹੀਦ ਹੋ ਗਏ। ਇਸ ਗਲ ਦੀ ਗਵਾਹੀ ਭੱਟ ਵਹੀ ਮੁਲਤਾਨੀ ਸਿੰਧੀ ਵਿੱਚ ਇਉਂ ਦਰਜ ਹੈ:- ਜੀਵਨ ਸਿੰਘ ਬੇਟਾ ਆਗਿਆ ਕਾ ਪੋਤਾ ਦੁਲੇ ਕਾ… ਬਾਸੀ ਦਿੱਲੀ, ਮਹੱਲਾ ਦਿਲਵਾਲੀ ਸਿਖਾਂ, ਜੋ ਸਿਖਾਂ ਕੋ ਗੈਲ ਲੈ ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਸੁਦੀ ਦੂਜ ਵੀਰਵਾਰ ਕੇ ਦਿਹੁੰ ਸਰਸਾ ਨਦੀ ਕੇ ਤੀਰ ਅਜਮੇਰ ਚੰਦ ਬੇਟਾ ਭੀਮ ਚੰਦ ਕਾ- ਰਾਣੇ ਕੀ ਫੌਜ ਗੈਲ ਦਸ ਘਰੀ ਜੂਝ ਕੇ ਮਰਾ…।

ਇਸ ਤੋਂ ਬਾਅਦ ਸਰਸਾ ਪਾਰ ਕਰ ਭਾਈ ਬਚਿਤਰ ਸਿੰਘ ਦੀ ਮੁਠਭੇੜ ਮਲਕਪੁਰ ਰੰਘੜਾਂ ਕੇ ਮੈਦਾਨ ਮੇਂ ਸਰਹੰਦੀ ਫੌਜ ਗੈਲ ਹੋਈ, ਇਸ ਕੇ ਸਾਥੀ ਸ਼ਹਾਦਤਾਂ ਪਾਇ ਗਏ, ਇਹ ਸਖਤ ਘਾਇਲ ਹੋਇ ਜ਼ਮੀਨ ਪਰ ਗਿਰ ਪੜਾ……ਪੀਛੇ ਸੇ ਸਾਹਿਬਜਾਦਾ ਅਜੀਤ ਸਿੰਘ, ਮਦਨ ਸਿੰਘ ਆਦਿ ਸਿਖਾਂ ਕੇ ਗੈਲ ਆਇ ਪਹੁੰਚਾ। ਇਸ ਬਚਿਤਰ ਸਿੰਘ ਕੋ ਉਠਾਇ ਕੋਟਲਾ ਨਿਹੰਗ ਮੇਂ ਲੈ ਆਂਦਾ, ਇਸੇ ਗੁਰੂ ਜੀ ਕੋ ਆਇ ਮਸਤਕ ਟੇਕਾ।……………… ਕੋਟਲਾ ਨਿਹੰਗ ਵਿੱਖੇ ਬਾਅਦ ਵਿੱਚ ਭਾਈ ਬਚਿਤਰ ਸਿੰਘ ਅਕਾਲ ਪਿਆਣਾ ਕਰ ਗਏ ਸੀ।(ਲੇਖ ਲੰਮਾਂ ਨਾ ਹੋਵੇ ਇਸ ਕਾਰਨ ਟੁਕ ਮਾਤਰ ਹਵਾਲਾ ਦਿਤਾ ਗਿਆ ਹੈ, ਪੁਰੀ ਜਾਣਕਾਰੀ ਲਈ ਗੁਰੂ ਕੀਆਂ ਸਾਖੀਆਂ ਪੁਸਤਕ ਦੀ ਸਾਖੀ ਨੰਬਰ ੮੧ ਅਤੇ ਪੁਸਤਕ ਗਿਆਨੀ ਗਰਜਾ ਸਿੰਘ ਦੀ ਇਤਿਹਾਸਿਕ ਖੋਜ ਪੜ੍ਹੌ ਜੀ) ਸਰਸਾ ਨਦੀ ਪਾਰ ਕਰਦੇ ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ, ਅਮੋਲਕ ਹਸਤ-ਲਿਖਤ ਗ੍ਰੰਥ ਸਰਸਾ ਦੇ ਤੇਜ਼ ਪਾਣੀ ਦੇ ਵਹਾਅ ਦੀ ਭੇਟ ਚੜ੍ਹ ਗਏ ਤੇ ਗੁਰੂ ਜੀ ਦਾ ਪਰਿਵਾਰ ੩ ਹਿੱਸਿਆਂ ਵਿੱਚ ਵੰਡਿਆ ਗਿਆ।(ਇਸ ਸਥਾਨ ਤੇ ਹੁਣ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਮੋਜੂਦ ਹੈ) ਇਕ ਪਾਸੇ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵੱਖ ਹੋ ਗਏ,ਜੋਕਿ ਕੁਮੈ ਮਾਸ਼ਕੀ ਪਾਸ ਰਾਤ ਠਹਿਰੇ ਅਤੇ ਉੱਥੋਂ ਗੰਗੂ ਬ੍ਰਾਹਮਣ ਅਪਣੇ ਨਾਲ ਪਿੰਡ ਖੇੜੀ (ਸਹੇੜੀ) ਲੈ ਗਿਆ, ਦੂਜੇ ਪਾਸੇ ਗੁਰੂ ਕੇ ਮਹਿਲ ਅਤੇ ਭਾਈ ਮਨੀ ਸਿੰਘ ਜੀ, ਭਾਈ ਜਵਾਹਰ ਸਿੰਘ, ਗੁਰੂ ਹੁਕਮਾਂ ਅਨੁਸਾਰ ਦਿੱਲੀ ਵੱਲ ਚਲੇ ਗਏ ਜੋਕਿ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਾਸ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ ਸਨ ਅਤੇ ਤੀਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਖੁਦ, ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, ੫ ਪਿਆਰੇ ਅਤੇ ੩੬ ਕੁ ਸਿੰਘ ਰੋਪੜ ਵੱਲ ਚਲੇ ਜੋਕਿ ਗੁਰੂ ਜੀ ਦੇ ਨਾਲ ਬੁੱਧੀ ਚੰਦ ਦੀ ਹਵੇਲੀ (ਜਿਸ ਨੂੰ ਇਤਿਹਾਸਕਾਰਾਂ ਨੇ ਕੱਚੀ ਗੜੀ ਕਰਕੇ ਲਿਖਿਆ ਹੈ) ਚਮਕੌਰ ਸਾਹਿਬ ਪਹੁੰਚੇ।(ਗੁਰੂ ਕੀਆਂ ਸਾਖੀਆਂ ਪੁਸਤਕ ਦੇ ਕਰਤਾ ਅਨੁਸਾਰ ਨਿਹੰਗ ਖਾਂ ਦਾ ਪੁਤਰ ਆਲਮ ਖਾਂ ਗੁਰੂ ਜੀ ਨੂੰ ਰਾਹ ਦਿਖਾਉਣ ਲਈ ਨਾਲ ਆਇਆ ਸੀ) ਸਰਸਾ ਨਦੀ ਦੇ ਕੰਡੇ ਹੋਈ ਖੂਨੀ ਜੰਗ ਵਿੱਚ ਭਾਈ ਉਦੈ ਸਿੰਘ ਸਮੇਤ ਕਈ ਸਿੰਘ ਜਾਨਾਂ ਹੂਲਕੇ ਲੜਦੇ ਹੋਏ ਸ਼ਹਾਦਤ ਪਾ ਗਏ। ਇਕ ਪਾਸੇ ਮੁਗ਼ਲ ਸੈਨਾ ਲੱਖਾਂ ਦੀ ਗਿਣਤੀ ਵਿੱਚ ਸੀ ਅਤੇ ਦੂਜੇ ਪਾਸੇ ਗੁਰੂ ਜੀ ਦੇ ਨਾਲ ੪੦ ਕੁ ਭੁੱਖੇ-ਭਾਣੇ ਸਿੰਘ। ਜ਼ਫਰਨਾਮਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪ ਖੁੱਦ ਗਿਣਤੀ ਵੱਲ ਇਸ਼ਾਰਾ ਕਰਦੇ ਲਿਖਦੇ ਹਨ:-

'ਗੁਰਿਸ਼ਨਹ ਚਿ ਕਾਰੇ ਕੁਨੱਦ ਚਿਹਲ ਨਰ।
ਕਿ ਦਹ ਲਕ ਬਰ ਆਇਦ ਬਰੋ ਬੇ ਖ਼ਬਰ॥੧੯॥

ਮੁਗਲ ਸੈਨਾ ਨੇ ਬੁੱਧੀ ਚੰਦ ਦੀ ਹਵੇਲੀ ਦੇ ਚੁਫੇਰੇ ਘੇਰਾ ਪਾ ਲਿਆ। ਇਸ ਜੰਗ ਵਿੱਚ ਲੱਖਾਂ ਦੀ ਗਿਣਤੀ ਦੀ ਮੁਗ਼ਲ ਸੈਨਾ ਨਾਹਰ ਖਾਂ, ਹੈਬਤ ਖਾਂ, ਇਸਮਾਈਲ ਖਾਂ, ਉਸਮਾਨ ਖਾਂ, ਸੁਲਤਾਨ ਖਾਂ, ਖਵਾਜ਼ਾ ਖਿਜ਼ਰ ਖਾਂ, ਦਿਲਾਵਰ ਖਾਂ, ਸੈਦ ਖਾਂ, ਜ਼ਬਰਦਸਤ ਖਾਂ, ਵਜੀਦ ਖਾਂ, ਗੁਲਬੇਗ ਖਾਂ ਇਤਿਆਦਿਕ ਦੀ ਨਿਗਰਾਨੀ ਵਿੱਚ ਇਹ ਫੋਜਾਂ ਚਮਕੌਰ ਚੜ੍ਹ ਕੇ ਆਈਆਂ ਸਨ। ਨਾਹਰ ਖਾਂ ਜੋ ਕਿ ਮਲੇਰਕੋਟਲੇ ਦਾ ਰਹਿਣ ਵਾਲਾ ਸੀ, ਹਮਲਾਵਰ ਹੋ ਕੇ ਸਾਥੀਆਂ ਨਾਲ ਅੱਗੇ ਵਧਿਆ ਤਾਂ ਸਤਿਗੁਰੂ ਜੀ ਨੇ ਉਸ ਨੂੰ ਪਾਰ ਬੁਲਾ ਦਿੱਤਾ। ਨਾਹਰ ਖਾਂ ਨੂੰ ਜ਼ਖਮੀ ਦੇਖ ਗੁਲਸ਼ੇਰ ਖਾਂ, ਖਿਜ਼ਰ ਖਾਂ ਅੱਗੇ ਨੂੰ ਵੱਧੇ ਪਰ ਗੁਰੂ ਜੀ ਦੇ ਤੀਰਾਂ ਦੀ ਮਾਰ ਨਾ ਝਲ ਸਕੇ, ਇਧਰ ਸਿੰਘ ਗੁਰੂ ਸਾਹਿਬਾਂ ਦੇ ਹੁਕਮਾਂ ਅਨੁਸਾਰ ੫-੫ ਸਿੰਘਾਂ ਦੇ ਜੱਥੇ ਬਣਾਕੇ ਜੰਗ ਦੇ ਮੈਦਾਨ ਵਿੱਚ ਜੂਝਦੇ ਹੋਏ ਅਖੀਰਲੇ ਸਾਹਾਂ ਤੱਕ ਮੁਗਲਾਂ ਨਾਲ ਲੋਹਾ ਲੈਂਦੇ ਰਹੇ। ਯੁੱਧ ਦਾ ਮੈਦਾਨ ਮੁਗ਼ਲ ਸਿਪਾਹੀਆਂ ਦੀਆਂ ਲੋਥਾਂ ਨਾਲ ਭਰ ਗਿਆ ਅਤੇ ਧਰਤੀ ਖੂਨ ਨਾਲ ਰੱਤੀ ਗਈ। ਗੜੀ ਵਿੱਚ ਗੁਰੂ ਜੀ ਨਾਲ ਖੜੇ ਸਿੰਘਾਂ ਨੇ ਸਲਾਹ ਕੀਤੀ ਕਿ ਗੁਰੂ ਜੀ ਅਪਣੇ ਸਾਹਿਬਜਾਦਿਆਂ ਨੂੰ ਨਾਲ ਲੈਕੇ ਇਸ ਥਾਂ ਤੋਂ ਨਿਕਲ ਜਾਣ ਤਾਂਕਿ ਹੋਰ ਸਿੰਘਾਂ ਨੂੰ ਹਥਿਆਰਬੰਦ ਕਰਕੇ ਮੁਗਲ ਫੋਜਾਂ ਨਾਲ ਟਾਕਰਾ ਲੈਣ, ਉਨ੍ਹਾਂ ਨੇ ਇਸ ਦਾ ਪ੍ਰਗਟਾਵਾ ਪਾਤਸ਼ਾਹ ਕੋਲ ਕੀਤਾ ਪਰ ਸਾਹਿਬਾਂ ਨੇ ਕਿਹਾ ਤੁਸੀਂ ਸਾਰੇ ਮੇਰੇ ਲਖਤੇ ਜਿਗਰ ਹੋ। ਸਾਰੇ ਮੇਰੇ ਪੁੱਤਰ ਹੋ। ਪਾਤਸ਼ਾਹ ਨੇ ਖ਼ਾਲਸੇ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ। ਗੁਰੂ ਨਾਨਕ ਦੇ ਘਰ ਦੀ ਰੱਖਿਆ ਲਈ ਸਾਰਾ ਪਰਿਵਾਰ ਵਾਰਿਆ ਜਾ ਰਿਹਾ ਹੈ। ਜਿਥੇ ਤੁਸੀਂ ਸ਼ਹੀਦੀਆਂ ਪਾ ਰਹੇ ਹੋ ਉਥੇ ਹੀ ਇਹ ਬੱਚੇ ਵੀ ਸ਼ਹੀਦ ਹੋਣਗੇ। ਗੜ੍ਹੀ ਵਿੱਚੋਂ ਨਿਕਲਣ ਵਾਲੇ ਤੀਰ, ਗੋਲੀਆਂ ਦੁਸ਼ਮਣਾਂ ਨੂੰ ਵਿੰਨ੍ਹੀ ਜਾ ਰਹੀਆਂ ਸਨ। ਗੁਰੂ ਗੋਬਿੰਦ ਸਿੰਘ ਜੀ ਗੜੀ ਵਿੱਚੋਂ ਸਿੰਘਾਂ ਨੂੰ ਸੂਰਮਿਆਂ ਵਾਂਗ ਲੜਦੇ ਹੋਏ ਵੇਖ ਰਹੇ ਸਨ ਅਤੇ ਨਾਲ ਹੀ ਸਾਹਿਬਜਾਦਾ ਅਜੀਤ ਸਿੰਘ ਤੇ ਸਾਹਿਬਜਾਦਾ ਜੁਝਾਰ ਸਿੰਘ ਖੜੇ ਸਨ। ਅਪਣੇ ਵੀਰਾਂ ਨੂੰ ਧਰਮ ਤੇ ਅਣਖ ਦੀ ਖਾਤਰ ਜਾਨਾਂ ਹੂਲ ਕੇ ਜੰਗ ਲੜਦੇ ਹੋਏ ਸ਼ਹੀਦੀਆਂ ਪਾਉਂਦੇ ਵੇਖ ਸਾਹਿਬਜਾਦਾ ਅਜੀਤ ਸਿੰਘ ਨੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗੀ। ਮੈਦਾਨੇ ਜੰਗ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਫਰਜ਼ੰਦ ਸਾਹਿਬਜਾਦਾ ਅਜੀਤ ਸਿੰਘ ਜੀ ਪਹੁੰਚੇ ਤਾਂ ਉਸ ਸਮੇਂ ਦਾ ਖਿਆਲ ਅੱਲਾ ਯਾਰ ਖਾਂ ਅਪਣੀ ਰਚਨਾ 'ਗੰਜਿ ਸ਼ਹੀਦਾ' ਵਿੱਚ ਇਉਂ ਜ਼ਿਕਰ ਕਰਦਾ ਹੈ :-

ਉਸ ਹਾਥ ਮੇਂ ਬੇ ਬਾਜ਼ੂ ਇ ਗੋਬਿੰਦ ਕੇ ਕਸਬਲ।
ਫਰਜ਼ੰਦ ਕੀ ਤਲਵਾਰ ਸੇ ਥੱਰਰਾ ਗਏ ਜਲ ਥਲ।
ਜ਼ਿੰਦੋਂ ਕਾ ਤੋ ਕਿਆ ਜ਼ਿਕਰ, ਹੈ ਮੁਰਦੇ ਹੂਏ ਬੇਕਲ॥
ਸ਼ਮਸ਼ਾਨ ਮੇਂ ਥਾ ਸ਼ੋਰ; ਮਜ਼ਾਰੋ ਮੇਂ ਥੀ ਹਲਚਲ।
……………………………………
……………………………………
ਤਲਵਾਰ ਵੁਹ ਖੂੰ-ਖਾਰ ਥੀ, ਤੋਬਾ ਹੀ ਭਲੀ ਥੀ।
ਲਾਖੋਂ ਕੀ ਹੀ ਜਾਂ ਲੇਕੇ, ਬਲਾ ਸਰ ਸੇ ਟਲੀ ਥੀ।……

ਸਾਹਿਬਜਾਦਾ ਅਜੀਤ ਸਿੰਘ ਦੀ ਤਲਵਾਰਬਾਜ਼ੀ ਅਤੇ ਜੰਗ ਦੇ ਮੈਦਾਨ ਵਿੱਚ ਵਖਾਏ ਗਏ ਜੌਹਰ ਬਾਰੇ ਅੱਲਾ ਯਾਰ ਖਾਂ ਅੱਗੇ ਲਿਖਦੇ ਹਨ:-

ਯਿਹ ਆਈ, ਵੁਹ ਪਹੁੰਚੀ, ਵੁਹ ਗਈ ਸਨ ਸੇ ਨਿਕਲ ਕਰ।
ਜਬ ਬੈਠ ਗਈ ਸਰ ਪਿ, ਉਠੀ ਤਨ ਸੇ ਨਿਕਲ ਕਰ।………
…………………………………………………
ਦੁਸ਼ਮਨ ਕੋ ਲੀਆ ਮਰਕਬਿ ਦੁਸ਼ਮਨ ਭੀ ਨ ਛੋਡਾ।
ਅਸਵਾਰ ਕੋ ਦੋ ਕਰ ਗਈ, ਤੋ ਸਨ ਭੀ ਨ ਛੋਡਾ।੮੭॥

ਜੈਕਾਰਿਆਂ ਦੀ ਗੂੰਜ ਵਿੱਚ ਲਲਕਾਰਦੇ ਸਿੱਖ ਸੂਰਬੀਰਾਂ ਨੇ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਅਖੀਰ ਜਦੋਂ ਜੰਗ ਦੇ ਮੈਦਾਨ ਵਿੱਚ ਆਖ਼ਰੀ ਦਮ ਤੱਕ ਜੂਝਦੇ ਹੋਏ ਬਾਕੀ ਸਿੰਘਾਂ ਸਮੇਤ ਸਾਹਿਬਜ਼ਾਦਾ ਅਜੀਤ ਸਿੰਘ ਵੀ ਸ਼ਹਾਦਤ ਦਾ ਜਾਮ ਪੀ ਗਏ ਤਾਂ ਅੱਲਾ ਯਾਰ ਖਾਂ ਅਪਣੀ ਲਿਖਤ ਵਿੱਚ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਉਂ ਲਿਖਦਾ ਹੈ:-

ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ!
ਹਾਂ ਕਿਉਂ ਨਾ ਹੋ, ਗੋਬਿੰਦ ਕੇ ਫਰਜ਼ੰਦ ਬੜੇ ਹੋ!!'

ਅਪਣੇ ਵੱਡੇ ਭਰਾਤਾ ਅਜੀਤ ਸਿੰਘ ਨੂੰ ਮੈਦਾਨੇ ਜੰਗ ਵਿੱਚ ਲੜਦੇ ਹੋਏ ਦੇਖ ਸਾਹਿਬਜਾਦਾ ਜੁਝਾਰ ਸਿੰਘ ਇੱਕਦਮ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਆ ਗਏ ਅਤੇ ਬੇਨਤੀ ਕੀਤੀ ਕਿ ਉਸ ਨੂੰ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਆਹੂ ਲਾਹੁਣ ਲਈ ਭੇਜਿਆ ਜਾਵੇ। ਅੱਲਾ ਯਾਰ ਖਾਂ ਇਸ ਸਮੇਂ ਨੂੰ ਇਉਂ ਕਲਮਬੱਧ ਕਰਦਾ ਹੈ:-

ਪਾਲਾ ਹੈ ਤੁਮੇਂ ਨਾਜ਼ ਸੇ!' ਬੋਲੇ ਗੁਰੂ ਗੋਬਿੰਦ।
ਰੋਕਾ ਨਹੀਂ ਆਗਾਜ਼ ਸੇ!' ਬੋਲੇ ਗੁਰੂ ਗੋਬਿੰਦ।
ਉਸ ਨੰਨ੍ਹੇ ਸੇ ਜਾਂ-ਬਾਜ਼ ਸੇ' ਬੋਲੇ ਗੁਰੂ ਗੋਬਿੰਦ।
'ਲੋ ਆਉ ਤਨਿ-ਪਾਕ ਪਿ ਹਥਿਆਰ ਸਜਾ ਦੇਂ!
ਛੋਟੀ ਸੀ ਕਮਾਂ ਨੰਨ੍ਹੀ ਸੀ ਤਲਵਾਰ ਸਜਾ ਦੇਂ!
…………………………………………
…………………………………………
'ਲੋ ਜਾਓ, ਸਿਧਾਰੋ!ਤੁਮੇਂ ਕਰਤਾਰ ਕੋ ਸੋਂਪਾ!
ਮਰ ਜਾਓ ਯਾ ਮਾਰੋ, ਤੁਮੇਂ ਕਰਤਾਰ ਕੋ ਸੋਂਪਾ!
………………………………………
………………………………………
ਖਾਹਸ਼ ਹੈ, ਤੁਮੇਂ ਤੇਗ਼ ਚਲਾਤੇ ਹੂਏ ਦੇਖੇਂ!
ਹਮ ਆਂਖ ਸੇ ਬ੍ਰਛੀ ਤੁਮੇਂ ਖਾਤੇ ਹੂਏ ਦੇਖੇਂ!!

ਇਤਿਹਾਸਕਾਰਾਂ ਮੁਤਾਬਿਕ ਗੁਰੂ ਜੀ ਨੇ ਅਪਣੇ ਲਖ਼ਤੇ ਜ਼ਿਗਰ ਸਾਹਿਬਜਾਦਾ ਜੁਝਾਰ ਸਿੰਘ ਨੂੰ ਵੀ ਅਜੀਤ ਸਿੰਘ ਵਾਂਗ ਤਿਆਰ ਬਰ ਤਿਆਰ ਕਰ ਮੈਦਾਨੇ ਜੰਗ ਵਿੱਚ ਜਾਉਣ ਦੀ ਆਗਿਆ ਦਿੱਤੀ। ਗੜੀ ਦਾ ਦਰਵਾਜਾ ਖੁਲਿਆ ਸਾਹਿਬਜਾਦਾ ਜੁਝਾਰ ਸਿੰਘ ਲਾਕੇ ਘੋੜੇ ਨੂੰ ਅੱਡੀ, ਹਵਾ ਵਿੱਚ ਗਲਾਂ ਕਰਦਾ ਰਣ-ਤੱਤੇ ਮੈਦਾਨ ਵਿੱਚ ਦੁਸ਼ਮਣਾਂ ਦੇ ਆਹੂ ਲਾਹੁੰਦਾ ਹੋਇਆ ਅੱਗੇ ਵੱਧ ਰਿਹਾ ਸੀ। ਇਤਨੇ ਨੂੰ ਮੁਗਲ ਸਿਪਾਹਸਲਾਰ ਨੇ ਆਵਾਜ ਲਗਾਈ ਕਿ 'ਇਹ ਗੋਬਿੰਦ ਦਾ ਦੂਜਾ ਪੁਤਰ ਹੈ ਇਸ ਨੂੰ ਅਜਾਈਂ ਨਾ ਜਾਣ ਦੇਣਾ ਮਿਲਕੇ ਹਮਲਾ ਕਰੋ ਤੇ ਚਾਰੇ ਪਾਸਿਆਂ ਤੋਂ ਘੇਰ ਲਵੋ, ਇਹ ਵਾਪਿਸ ਜਿੰਦਾ ਹਵੇਲੀ ਵਿੱਚ ਨਹੀਂ ਜਾਣਾ ਚਾਹੀਦਾ'। ਸਾਹਿਬਜ਼ਾਦਾ ਜੁਝਾਰ ਸਿੰਘ ਜੁਝਾਰੀ ਬੀਰਤਾ ਨਾਲ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਸ਼ਹਾਦਤ ਨੂੰ ਪ੍ਰਵਾਨ ਚੜ੍ਹ ਗਏ।

ਸ਼ਾਮ ਦਾ ਹਨੇਰਾ ਪੈ ਗਿਆ, ਲੜਾਈ ਬੰਦ ਹੋ ਗਈ। ਗੁਰੂ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇਤਿਹਾਸਿਕ ਪੁਸਤਕਾਂ ਵਿੱਚ ਲਿਖਾਰੀ ਉਸ ਸਮੇਂ ਦੇ ਮਨੋਭਾਵਾਂ ਨੂੰ ਬਿਆਨ ਕਰਦੇ ਲਿਖਦਾ ਹੈ ਕਿ ਗੁਰੂ ਜੀ ਨੇ ਕਿਹਾ ਕਿ ਪਹਿਲਾਂ ਮੈਨੂੰ ਸ਼ਹੀਦ ਪਿਤਾ ਦਾ ਪੁਤਰ ਕਰਕੇ ਜਾਣਿਆ ਜਾਂਦਾ ਸੀ, ਪਰ ਹੁਣ ਅਕਾਲ ਪੁਰਖ ਦੀ ਕਿਰਪਾ ਨਾਲ ਮੈਨੂੰ ਸ਼ਹੀਦ ਪੁਤਰਾਂ ਦਾ ਪਿਤਾ ਬਨਣ ਦਾ ਮਾਣ ਹਾਸਿਲ ਹੋਇਆ ਹੈ। ਗੁਰੂ ਜੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਸਵੇਰੇ ਜੰਗ ਦੇ ਮੈਦਾਨ ਵਿੱਚ ਆਪ ਲੜਣ ਲਈ ਤਿਆਰੀ ਕਰਦੇ ਹਨ ਪਰ ਨਾਲ ਖੜੇ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਤੇ ਬਾਕੀ ਸਿੰਘ ਗੁਰੂ ਸਾਹਿਬ ਜੀ ਨਾਲ ਇਸ ਚਮਕੌਰ ਦੀ ਹਵੇਲੀ ਵਿਚੋਂ ਨਿਕਲਣ ਦੀ ਸਲਾਹ ਕਰਦੇ ਹਨ ਕਿ ਬੇਵਕਤ ਸਮੇਂ ਦੀ ਕੁਰਬਾਣੀ ਪੰਥ ਨੂੰ ਨੁਕਸਾਨ ਪਹੁੰਚਾਏਗੀ, ਗੁਰੂ ਸਾਹਿਬ ਜੀ ਜੇਕਰ ਰਣਨੀਤੀ ਦੇ ਤਹਿਤ ਇੱਥੋਂ ਨਿਕਲ ਜਾਂਦੇ ਹਾਂ ਤਾਂ ਬਿਖੜੇ ਸਮੇਂ ਵਿੱਚ ਪੰਥ ਨੂੰ ਮੁੜ ਅਪਣੇ ਪੈਰਾਂ ਤੇ ਖੜ੍ਹਾ ਕੀਤਾ ਜਾ ਸਕਦਾ ਹੈ ਅਤੇ ਫਿਰ ਦੁਸ਼ਮਣਾਂ ਨਾਲ ਸੂਰਮਗਤੀ ਨਾਲ ਲੜਦੇ ਸ਼ਹਾਦਤਾਂ ਪਾਵਾਂਗੇ। ਗੁਰੂ ਸਾਹਿਬ ਇਸ ਚਮਕੌਰ ਦੀ ਗੜੀ ਵਿੱਚੋਂ ਨਿਕਲਣ ਦੀ ਵਿਉਂਤਬੰਦੀ ਕਰਦੇ ਹਨ। ਗੁਰੂ ਜੀ ਨੇ ਭਾਈ ਸੰਗਤ ਸਿੰਘ ਨੂੰ ਕਲਗੀ ਸਜਾ ਰਾਤ ਦੇ ਹਨੇਰੇ ਵਿੱਚ ਗੜ੍ਹੀ ਵਿੱਚੋਂ ਬਾਹਰ ਨਿਕਲ ਸ਼ਾਹੀ ਲਸਕਰ ਵਿੱਚ ਜਾ ਵੜੇ ਤੇ ਗੁਰੂ ਘਰ ਦੇ ਸੇਵਕ 'ਨਬੀ ਖਾਂ ਤੇ ਗਨੀ ਖਾਂ' ਦੀ ਰਾਹੀਂ ਮਾਛੀਵਾੜੇ ਜਾ ਪਹੁੰਚੇ, ਜਿੱਥੇ ਗੁਰੂ ਜੀ ਨੂੰ ਛੋਟੇ ਸਾਹਿਬਜਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਖਬਰ ਮਿਲੀ।

ਇਧਰ ਗੜੀ ਵਿੱਚ ਬੱਚੇ ਬਾਕੀ ਸਿੰਘਾਂ ਨੇ ਮੁਗਲ ਫੋਜਾਂ ਨਾਲ ਜ਼ਬਰਦਸਤ ਟੱਕਰ ਲਈ, ਇੱਕ-ਇੱਕ ਸਿੰਘ ਗੜੀ ਵਿੱਚੋਂ ਨਿਕਲਦੇ ਅਤੇ ਅਪਣੇ ਅੰਤਲੇ ਸਮੇਂ ਤੱਕ ਕਈਂ ਦੁਸ਼ਮਣਾਂ ਦਾ ਘਾਣ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰਦੇ। ਜਦੋਂ ਗੜੀ ਵਿੱਚ ਕੋਈ ਸਿੰਘ ਨਾ ਰਿਹਾ ਤਾਂ ਮੁਗਲ ਫੋਜੀਆਂ ਨੂੰ ਖੁਸ਼ੀ ਹੋਈ ਕਿ ਗੋਬਿੰਦ ਸਿੰਘ ਉਹਨਾਂ ਦੇ ਹੱਥੋਂ ਮਾਰਿਆ ਜਾ ਚੁਕਾ ਹੈ, ਅਜਿਹਾ ਭਰਮ ਉਹਨਾਂ ਨੂੰ ਪਹਿਲਾਂ ਵੀ ਸਰਸਾ ਦੇ ਕੰਡੇ ਹੋਇਆ ਸੀ ਜਦੋਂ ਭਾਈ ਉਦੈ ਸਿੰਘ ਦੀ ਸ਼ਹਾਦਤ ਨੂੰ ਮੁਗਲ ਸੈਨਿਕਾਂ ਨੇ ਗੁਰੂ ਗੋਬਿੰਦ ਸਿੰਘ ਸਮਝ ਲਿਆ ਸੀ ਤੇ ਹੁਣ ਵੀ ਭਾਈ ਸੰਗਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਮਝਣ ਦਾ ਟਪਲਾ ਖਾ ਚੁਕੇ ਸਨ। ਵਜੀਰ ਖਾਂ ਤੇ ਬਾਕੀ ਮੁਗਲ ਜਰਨੈਲ ਮੁੰਹ ਦੀ ਖਾਹ ਕੇ, ਨਿਮੁੰਝੁਨੇ ਹੁੰਦੇ ਹਏ ਖਾਲੀ ਹੱਥ ਵਾਪਿਸ ਪਰਤ ਗਏ। ਚਮਕੌਰ ਦੀ ਜੰਗ ਵਿੱਚ ਲੜਣ ਵਾਲੇ ਸ਼ੁਰਬੀਰ ਯੋਧੇ ੫ ਪਿਆਰਿਆਂ ਵਿਚੋ ੩ ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਤੋਂ ਇਲਾਵਾ ਅਜ਼ਬ ਸਿੰਘ, ਅਜਾਇਬ ਸਿੰਘ ਤੇ ਅਨਿਕ ਸਿੰਘ ਸਪੁਤਰ ਭਾਈ ਮਨੀ ਸਿੰਘ ਜੀ, ਭਾਈ ਆਲਮ ਸਿੰਘ ਨੱਚਣਾ, ਭਾਈ ਸੰਗਤ ਸਿੰਘ, ਭਾਈ ਸੰਤ ਸਿੰਘ ਬੰਗੇਸ਼ਰੀ, ਭਾਈ ਕਿਰਪਾ ਰਾਮ, ਭਾਈ ਨਾਨੂ ਰਾਏ ਤੇ ਬਾਕੀ ਸਿੰਘ ਮੁਗਲਾਂ ਦੇ ਆਹੂ ਲਾਹੁੰਦੇ ਹੋਏ ਸ਼ਹਾਦਤ ਦਾ ਜ਼ਾਮ ਪੀ ਗਏ।

ਸਾਕਾ ਚਮਕੌਰ, ਜਿੱਥੇ ਸਾਡੇ ਕੁਰਬਾਨੀਆਂ ਭਰੇ ਇਤਿਹਾਸ ਦਾ ਪ੍ਰਤੀਕ ਹੈ ਉਥੇ ਸਿੱਖ ਨੌਜਵਾਨ ਜੋ ਆਪਣੇ ਮਾਣ ਮੱਤੇ ਇਤਿਹਾਸ ਨੂੰ ਭੁੱਲ ਰਹੇ ਹਨ ਉਨ੍ਹਾਂ ਲਈ ਪ੍ਰੇਰਨਾ ਸ੍ਰੋਤ ਵੀ ਹੈ ਕਿ ਕਿਵੇਂ ਸਿੱਖ ਧਰਮ ਦੀ ਆਨ ਅਤੇ ਸ਼ਾਨ ਲਈ ਉਹ ਆਪਾ ਵਾਰ ਗਏ। ਇਹ ਸਾਕਾ ਨੌਜਵਾਨਾਂ ਨੂੰ ਆਪਣੇ ਮਨਾਂ ਅੰਦਰ ਝਾਤੀ ਮਾਰਨ ਦੀ ਯਾਦ ਦਿਵਾਉਂਦਾ ਹੈ ਕਿ ਆਪਣੇ ਹਮ ਉਮਰ ਵੱਡੇ ਵੀਰਾਂ (ਸਾਹਿਬਜ਼ਾਦਿਆਂ) ਦੀ ਕੁਰਬਾਨੀ ਨੂੰ ਤੱਕੋ। ਆਪਣੇ ਵਿਰਸੇ ਦੀ ਪਛਾਣ ਕਰਨਾ ਹੀ ਸਾਡਾ ਚਮਕੌਰ ਦੇ ਸ਼ਹੀਦਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ।ਅੱਲਾ ਯਾਰ ਖਾਂ ਅਖੀਰ ਵਿੱਚ ਲਿਖਦੇ ਹਨ :-

ਬਸ ਏਕ ਹਿੰਦ ਮੇਂ ਤੀਰਥ ਹੈ ਯਾਤ੍ਰਾ ਕੇ ਲਿਯੇ।
ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਿਯੇ।
………………………………………
ਭਟਕਤੇ ਫਿਰਤੇ ਹੈਂ ਕਿਉਂ? ਹੱਜ ਕਰੇਂ ਯਹਾਂ ਆ ਕਰ।
ਯਿ ਕਾਬਾ ਪਾਸ ਹੈ ਹਰ ਏਕ ਖਾਲਸਾ ਕੇ ਲਿਯੇ।
…………………………………………
ਮਿਜ਼ਾਰ 'ਗੰਜਿ ਸ਼ਹੀਦਾਂ' ਹੈ ਉਨ ਸ਼ਹੀਦੋਂ ਕਾ।
ਫਰਿਸ਼ਤੇ ਜਿਨ ਕੀ ਤਰਸਤੇ ਥੇ ਖ਼ਾਕਿ ਪਾ ਕੇ ਲਿਯੇ।
ਦਿਲਾਈ ਪੰਥ ਕੋ ਸਰ-ਬਾਜ਼ੀਓ ਸੇ ਸਰਦਾਰੀ,
ਬਰਾਇ ਕੌਮ ਯਿ ਰੁਤਬੇ ਲਹੂ ਬਹਾ ਕੇ ਲੀਏ।

ਸਾਕਾ ਸਰਹੰਦ

ਸਰਸਾ ਨਦੀ ਤੋਂ ਵਿਛੜ ਕੇ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਜੰਗਲ ਬੀਆਬਾਨ ਵਿੱਚ ਚਲਦੇ ਹੋਏ ਰਾਤ ਦੇ ਹਨੇਰੇ ਵਿੱਚ ਸਤਲੁਜ ਦਰਿਆ ਦੇ ਕੰਡੇ ਕੁੱਮੇ ਮਾਸ਼ਕੀ (ਜਿਸ ਨੂੰ ਕਈਂ ਇਤਿਹਾਸਕਾਰਾਂ ਨੇ ਕਰੀਮ ਬਖਸ਼ ਵੀ ਲਿਖਿਆ ਹੈ) ਦੀ ਛੰਨ ਤੇ ਪਹੁੰਚੇ। ਜੋਕਿ ਪਿੰਡ ਚੱਕ ਢੇਰਾ ਕਹਾਉਂਦਾ ਹੈ।{ਕਥਾ ਗੁਰੂ ਘਰ ਕੇ ਸੂਤਨ ਕੀ ਕਿਰਤ ਕਵਿ ਦੁਨਾ ਸਿੰਘ ਹੰਡੂਰੀ ਇਸ ਗਲ ਦੀ ਗਵਾਹੀ ਭਰਦਾ ਹੈ} ਇੱਥੇ ਕੁੱਮੇ ਮਾਸ਼ਕੀ ਨੇ ਮਾਤਾ ਜੀ ਨੂੰ ਅਪਣੇ ਪਾਸ ਆਰਾਮ ਕਰਨ ਲਈ ਕਹਿ, ਪਿੰਡ ਤੋਂ ਪ੍ਰਸ਼ਾਦਾ ਲੈਣ ਲਈ ਚਲਾ ਗਿਆ। ਲੱਛਮੀ ਨਾਂ ਦੀ ਇਹ ਮਾਈ ਪਰਮਾਤਮਾ ਦੀ ਨੇਕ ਭਗਤ ਸੀ ਅਤੇ ਲੋੜਵੰਦ-ਰਾਹਗੀਰ ਨੂੰ ਲੰਗਰ ਪ੍ਰਸ਼ਾਦਾ ਛਕਾਉਂਦੀ ਸੀ। ਕੁੱਮੇ ਨੇ ਸਾਰੀ ਗੱਲ ਮਾਤਾ ਲਛਮੀ ਨੂੰ ਦਸੀ ਜਿਸ ਨੇ ਜਲਦੀ ਨਾਲ ਪ੍ਰਸ਼ਾਦਾ ਤਿਆਰ ਕਰ ਕੇ ਦਿੱਤਾ ਅਤੇ ਉਸਨੂੰ ਕਿਹਾ ਕਿ ਸਵੇਰੇ ਮੈਂ ਦਰਸ਼ਨ ਵੀ ਕਰ ਲਵਾਂਗੀ ਅਤੇ ਪ੍ਰਸ਼ਾਦਾ ਵੀ ਨਾਲ ਹੀ ਲੈ ਆਵਾਂਗੀ। ਇੱਧਰ ਦਾਦੀ ਮਾਂ ਅਤੇ ਛੋਟੇ ਸਾਹਿਬਜਾਦੇ ਦੀ ਆਪਸੀ ਵਾਰਤਾ ਦਾ ਖਿਆਲ ਅੱਲਾ ਯਾਰ ਖਾਂ ਨੇ ਇਉਂ ਕਲਮਬੱਧ ਕੀਤਾ ਹੈ:-

ਦਾਦੀ ਸੇ ਬੋਲੇ ਅਪਣੇ ਸਿਪਾਹੀ ਕਿਧਰ ਗਏ।
ਦਰਿਯਾ ਪੇ ਹਮ ਕੋ ਛੋਡਕੇ ਰਾਹੀ ਕਿਧਰ ਗਏ।
………………………………………
ਅਤੇ ਵੱਡੇ ਸਾਹਿਬਜਾਦਿਆਂ ਨਾਲ ਨਾਰਾਜ਼ਗੀ ਦੀ ਗੱਲ ਕਰਦੇ ਅੱਲਾ ਯਾਰ ਖਾਂ ਲਿਖਦੇ ਹਨ:-

ਜਬ ਰਨ ਅਜੀਤ ਜੀਤ ਕੇ ਤਸ਼ਰੀਫ ਲਾਏਂਗੇ।
ਅੱਬਾ ਕੇ ਸਾਥ ਜਿਸ ਘੜੀ ਜੁਝਾਰ ਆਏਂਗੇ।
ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ।
ਮਾਤ ਕਭੀ, ਪਿਤਾ ਕਭੀ ਭਾਈ ਮਨਾਏਂਗੇ।
ਹਮ ਕੋ ਗਲੇ ਲਗਾ ਕਰ ਕਹੇਂਗੇ ਵਹੁ ਬਾਰ ਬਾਰ।
ਮਾਨ ਜਾਓ ਲੇਕਿਨ ਹਮ ਨਹੀ ਮਾਨੇਂਗੇ ਜ਼ੀਨਹਾਰ।੪੯।
ਇਕਰਾਰ ਲੇਂਗੇ ਸਭ ਸੇ ਭੁਲਾਨਾ ਨ : ਫਿਰ ਕਭੀ।
…………………………………………
ਹਮ ਕੋ ਅਕੇਲੇ ਛੋਡ ਕੇ ਜਾਨਾ ਨ : ਫਿਰ ਕਭੀ।
ਕਰ ਦੇਤੇ ਹੈ ਯੌਂ ਹਮ ਕੋ ਰੁਲਾਨਾ ਨ : ਫਿਰ ਕਭੀ।

ਪਰ ਦਾਦੀ ਮਾਂ ਤਾਂ ਆਉਣ ਵਾਲੇ ਭਿਆਨਕ ਸਮੇਂ ਬਾਰੇ ਸੋਚ ਰਹੀ ਸੀ ਕਿ ਇਹਨਾਂ ਕੋਮਲ ਬੱਚਿਆ ਨਾਲ ਕੀ ਬੀਤੇਗੀ ਅਤੇ ਇਹਨਾਂ ਨੂੰ ਹੁਣ ਮੈ ਕਿਸ ਪਾਸੇ ਲੈਕੇ ਜਾਵਾਂ ਕਿ ਇਹ ਅਪਣੀ ਮਾਤਾ ਤੇ ਭਰਾਵਾਂ ਨੂੰ ਮਿਲ ਪੈਣ, ਇਸ ਖਿਆਲ ਨੂੰ ਅੱਲਾ ਯਾਰ ਖਾਂ ਲਿਖਦੇ ਹਨ:-

ਕਹਤੀ ਥੀ ਜੀ ਮੇਂ ਲੇ ਕੇ ਇਨ੍ਹੇਂ ਕਿਸ ਤਰਫ਼ ਕੋ ਜਾਊਂ।
ਬੇਟੇ ਕੋ ਬਹੁਓਂ ਕੋ ਯਾ-ਰੱਬ ਮੈਂ ਕੈਸੇ ਪਾਊਂ।
ਲਖ਼ਤਿ-ਜਿਗਰ ਕੇ ਲਾਲ ਯਿਹ ਦੋਨੋ ਕਹਾਂ ਛਪਾਊਂ।
ਤੁਰਕੋਂ ਸੇ, ਰਾਜਪੂਤੋਂ ਸੇ ਕਿਉਂ ਕਰ ਇਨਹੇ ਬਚਾਊਂ।

ਇੱਧਰ ਕੁੰਮਾਂ ਮਾਸ਼ਕੀ ਮਾਤਾ ਜੀ ਅਤੇ ਸਾਹਿਬਜਾਦਿਆ ਲਈ ਪ੍ਰਸ਼ਾਦਾ ਲੈਕੇ ਆਇਆ, ਮਾਤਾ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਲਾਲਾਂ ਨੂੰ ਪ੍ਰਸ਼ਾਦਾ ਛਕਾਇਆ। ਦਾਦੀ ਮਾਂ ਤੋਂ ਅਪਣੇ ਪਿਤਾ, ਭਰਾਵਾ ਬਾਰੇ ਪੁਛਦੇ ਤੇ ਦਿਨ-ਰਾਤ ਦੀ ਥਕਾਨ ਦੇ ਟੁੱਟੇ ਮਾਤਾ ਜੀ ਨਾਲ ਗਲਵੱਕੜੀ ਪਾ ਸੋ ਗਏ। ਅਗਲੇ ਦਿਨ ਸਵੇਰੇ ਮਾਈ ਲੱਛਮੀਂ ਗੁਰੂ ਮਾਤਾ ਜੀ ਦੇ ਦਰਸ਼ਨਾਂ ਨੁੰ ਆਈ ਤੇ ਪ੍ਰਸ਼ਾਦਾ ਲਿਆ ਹਾਜਰ ਕੀਤਾ।ਇੱਥੋਂ ਗੰਗੂ ਮਾਤਾ ਜੀ ਤੇ ਦੋਵੇਂ ਸਾਹਿਜਾਦਿਆ ਨੂੰ ਅਪਣੇ ਨਾਲ ਪਿੰਡ ਸਹੇੜੀ ਲੈ ਗਿਆ। ਪੁਸਤਕ 'ਕਥਾ ਗੁਰੂ ਜੀ ਕੇ ਸੂਤਨ ਦੀ' ਵਿੱਚ ਭਾਈ ਦੂਨਾ ਸਿੰਘ ਹੰਡੂਰੀਆਂ ਲਿਖਦਾ ਹੈ ਕਿ ਉਹ ਕੁੰਮੇ ਮਾਸ਼ਕੀ ਨੂੰ ਦਸਦਾ ਹੈ ਕਿ ਉਹਨਾਂ ਨੂੰ ਸਰਸਾ ਨਦੀ ਦੇ ਪਰਿਵਾਰ ਵਿਛੋੜੇ ਦੀ ਘਟਨਾ ਦਾ ਪਤਾ ਚਲਿਆ ਹੈ ਤੇ ਉਹ ਗੁਰੂ ਸਾਹਿਬ ਅਤੇ ਗੁਰੂ ਪੁਤਰਾਂ ਨੂੰ ਭਾਲ ਰਿਹਾ ਹੈ ਮੈਨੂੰ ਪਤਾ ਚਲਿਆ ਕਿ ਦਾਦੀ ਮਾਂ ਤੇ ਛੋਟੇ ਸਾਹਿਬਜਾਦੇ ਤੇਰੇ ਕੋਲ ਹਨ ਮੈ ਉਹਨਾਂ ਨੂੰ ਲੈਣ ਆਇਆ ਹਾਂ (ਜੱਦਕਿ ਇਹ ਬਹੁਤ ਮਕਾਰੀ ਤੇ ਚਾਲਬਾਜ ਬੰਦਾ ਸੀ ਅਤੇ ਲਾਲਚ ਵੱਸ ਆ ਹੁਣ ਵੀ ਇਸਦੇ ਮਨ ਵਿੱਚ ਮਾਤਾ ਗੁਜਰੀ ਜੀ ਪਾਸੋਂ ਮੋਹਰਾਂ ਤੇ ਗਠਰੀ ਹਥਿਆਉਣ ਦੀ ਮਨਸ਼ਾ ਸੀ।) ਉਹ ਮਾਤਾ ਗੁਜਰੀ ਜੀ ਅਤੇ ਦੋਹਾਂ ਸਾਹਿਬਜਾਦਿਆਂ ਨੂੰ ਮੋਰਿੰਡੇ ਕੋਲ ਪਿੰਡ ਸਹੇੜੀ ਆਪਣੇ ਘਰ ਲੈ ਗਿਆ। ਬੇਈਮਾਨ ਗੰਗੂ ਨੇ ਜਾਣਬੁਝ ਕੇ ਮਾਤਾ ਜੀ ਤੇ ਸਾਹਿਬਜਾਦਿਆਂ ਨੂੰ ਬਹੁਤ ਹੀ ਮਾੜਾ ਭੋਜਨ ਦਿਤਾ, ਮਾਤਾ ਜੀ ਨੇ ਉਸਨੂੰ ਚੰਗੇ ਭੋਜਨ ਲਈ ਰਸਦ ਲਿਆਉਣ ਵਾਸਤੇ ਮੋਹਰਾਂ ਦਿਤੀਆਂ, ਮੋਹਰਾਂ ਦੀ ਥੈਲੀ ਵੇਖ ਇਸ ਦਾ ਦਿੱਲ ਹੋਰ ਬੇਈਮਾਨ ਹੋ ਗਿਆ, ਅਤੇ ਰਾਤ ਨੂੰ ਇਹ ਥੈਲੀ ਚੋਰੀ ਕਰਨ ਦੀ ਵਿਉਂਤਾ ਬਣਾਉਣ ਲਗਾ ਅਤੇ ਉਸਨੇ ਰਾਤ ਨੂੰ ਥੈਲੀ ਚੁੱਕ ਲਈ ਤੇ ਲੁਕਾ ਦਿੱਤੀ।

ਕਹਤੇ ਹੈ ਜਬ ਕਿ ਵਕਤ ਹੁਆ ਆਧੀ ਰਾਤ ਕਾ।
ਜੀ ਮੇਂ ਕਿਯਾ ਨ: ਖੌਫ ਕੁਛ ਆਕਾ ਕੀ ਮਾਤ ਕਾ।
ਮੁਹਰੋਂ ਕਾ ਬਦਰਾ ਔਰ ਵੁਹ ਡੱਬਾ ਉਡਾ ਗਯਾ।
ਧੋਕੇ ਸੇ ਬ੍ਰਾਹਮਨ ਵੁਹ ਖ਼ਜਾਨਾ ਚੁਰਾ ਗਯਾ।੫੯॥
……………………………………
ਦੁਨਿਯਾ ਮੇਂ ਅਪਨੇ ਨਾਮ ਕੋ ਬਦਨਾਮ ਕਰ ਗਯਾ।
ਦੁਸ਼ਮਨ ਭੀ ਜੋ ਨਾ ਕਰਤਾ ਵੁਹ ਯਿਹ ਕਾਮ ਕਰ ਗਯਾ।੬੦॥ (ਅੱਲਾ ਯਾਰ ਖਾਂ)

ਜਦੋਂ ਸਵੇਰੇ ਮਾਤਾ ਗੁਜਰੀ ਜੀ ਨੂੰ ਮੋਹਰਾਂ ਦੀ ਥੈਲੀ ਨਾ ਮਿਲੀ ਤਾਂ ਉਹਨਾਂ ਨੇ ਸਹਿਜ ਸੁਬ੍ਹਾ ਗੰਗੂ ਤੋਂ ਉਸ ਥੈਲੀ ਬਾਰੇ ਪੁਛਿਆ। ਅੱਗੋਂ ਗੰਗੂ ਨੇ ਜਾਣਬੁਝ ਕੇ ਰੋਲਾ ਪਾ ਦਿਤਾ ਕਿ ਉਸਨੂੰ ਚੋਰ ਬਣਾਇਆ ਜਾ ਰਿਹਾ ਹੈ ਅਤੇ ਇਸ ਤਰਾਂ ਬੜਬੜਾਉਂਦਾ ਹੋਇਆ ਉਸਨੇ ਮਾੜੀ ਨੀਯਤ ਕਰਕੇ ਮੋਰਿੰਡੇ ਦੇ ਥਾਣੇਦਾਰ ਨੂੰ ਖ਼ਬਰ ਦੇ ਕੇ ਬੱਚਿਆਂ ਨੂੰ ਫੜਵਾ ਦਿੱਤਾ।

ਚੁਪਚਾਪ ਘਰ ਸੇ ਚਲ ਦਿਯਾ ਫਿਰ ਵੁਹ ਨਮਕ ਹਰਾਮ।
ਪਹੁੰਚਾ ਵੁਹ ਇਸ ਜਗਹ ਪ: ਮੋਰਿੰਡਾ ਥਾ ਜਿਸ ਕਾ ਨਾਮ।
……………………………………………।
ਖੁਫੀਯ: ਕੁਛ ਉਨ ਸੇ ਕਰਨੇ ਲਗਾ ਬਦਸਯਰ ਕਲਾਮ।
ਮਤਲਬ ਥਾ ਜਿਸ ਕਾ, ਘਰ ਮਿਰੇ ਸਤਗੁਰ ਕੇ ਲਾਲ ਹੈਂ।
………………………………………………।
ਰਾਜੋਂ ਸੇ ਔਰ ਨਵਾਬ ਸੇ ਦਿਲਵਾਓ ਗਰ ਇਨਆਮ
………………………………………………।
ਅਲਕਿੱਸਾ ਲੇ ਕੇ ਸਾਥ ਵੁਹ ਜਾਸੂਸ ਆ ਗਯਾ।
ਪਕੜਾਨੇ ਸ਼ਾਹਜ਼ਾਦੋਂ ਕੋ ਮਨਹੂਸ ਆ ਗਯਾ।

ਮੋਰਿੰਡੇ ਦੇ ਹਾਕਮ ਜਾਨੀ ਖਾਂ-ਮਾਨੀ ਖਾਂ ਕੋਲ ਮੁਖਬਰੀ ਕਰਕੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰ ੨੩ ਦਸੰਬਰ ੧੭੦੫ ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਉਸ ਰਾਤ ਉਹਨਾਂ ਨੂੰ ਕਿਲੇ ਦੇ ਠੰਢੇ ਬੁਰਜ ਵਿੱਚ ਰੱਖਿਆ ਗਿਆ। ਇੱਥੇ ਲੰਗਰ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਪਰ ਸੂਬਾ ਸਰਹੰਦ ਪਾਸ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਮੋਤੀ ਰਾਮ ਮਹਿਰਾ, ਰਸੋਈਖਾਨੇ ਵਿੱਚ ਨੋਕਰੀ ਕਰਦਾ ਸੀ, ਉਸਨੇ ਘਰ ਆਕੇ ਅਪਣੀ ਘਰਵਾਲੀ ਨੂੰ ਮਾਤਾ ਗੁਜਰੀ ਜੀ ਤੇ ਸਾਹਿਬਜਾਦਿਆਂ ਦੇ ਫੜੇ ਜਾਣ ਦੀ ਸਾਰੀ ਵਾਰਤਾ ਦਸੀ ਅਤੇ ਸਾਹਿਬਜਾਦਿਆਂ ਤੇ ਮਾਤਾ ਜੀ ਲਈ ਦੁੱਧ ਤੇ ਪ੍ਰਸ਼ਾਦਾ ਲਿਜਾਉਣ ਦਾ ਪ੍ਰਬੰਧ ਕੀਤਾ ਸੀ, ਤਿੰਨੇ ਦਿਨ ਇਹ ਪਰਿਵਾਰ ਚੋਰੀ ਛਿਪੇ ਦੁੱਧ ਦੀ ਸੇਵਾ ਕਰਦੇ ਰਹੇ। ਹਕੂਮਤ ਨੂੰ ਇਸ ਗੱਲ ਦੀ ਖ਼ਬਰ ਦਾ ਪਤਾ ਚਲਿਆ ਤਾਂ ਵਜ਼ੀਰ ਖਾ ਨੇ ਤੁਰੰਤ ਹੀ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜਵਾ ਦਿੱਤਾ।

ਚਮਕੌਰ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਿਕਲ ਜਾਣ ਦੀ ਨਮੋਸ਼ੀ ਕਰਕੇ ਜਦੋਂ ਵਜੀਰ ਖਾਂ ਵਾਪਿਸ ਸਰਹੰਦ ਅਪੜਿਆ ਤਾਂ ਉਸ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜਾਦਿਆਂ ਦੇ ਫੜੇ ਜਾਣ ਦੀ ਖਬਰ ਮਿਲੀ ਤਾਂ ਉਹ ਬਹੁਤ ਖੁਸ਼ ਹੋਇਆ। ਉਹ ਮਨ ਅੰਦਰ ਬਹੁਤ ਖੁਸ਼ ਹੋ ਰਿਹਾ ਸੀ ਕਿ ਬੱਚਿਆ ਨੂੰ ਡਰਾ ਧਮਕਾ ਕੇ ਜਾਂ ਲਾਲਚ ਦੇਕੇ ਇਸਲਾਮ ਧਰਮ ਵਿੱਚ ਮਿਲਾ ਲਵਾਂਗਾਂ ਤੇ ਇਹ ਖਬਰ ਸੁਣਕੇ ਅੋਰੰਗਜ਼ੇਬ ਬਹੁਤ ਖੁਸ਼ ਹੋਵੇਗਾ ਤੇ ਮੈਨੂੰ ਮੁੰਹ ਮੰਗਿਆ ਇਨਾਮ ਮਿਲੇਗਾ ਨਾਲ ਹੀ ਬਾਕੀ ਸਿਖਾਂ ਨੂੰ ਵੀ ਬੱਚਿਆ ਦੇ ਰਾਹੀ ਮੁਸਲਮਾਨ ਬਣਾ ਲਵਾਂਗਾ। ਦੂਜੇ ਦਿਨ ਸਾਹਿਬਜਾਦਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਸਾਹਿਬਜਾਦਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ, ਧਮਕਾਉਣ ਦੇ ਯਤਨ ਕੀਤੇ ਗਏ।ਸਾਹਿਬਜਾਦਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਇਸ ਵਾਰਤਾ ਦਾ ਜ਼ਿਕਰ ਅੱਲਾ ਯਾਰ ਖਾ ਇੰਝ ਕਰਦਾ ਹੈ:-

ਸਤਗੁਰ ਕੇ ਲਾਡਲੋਂ ਨੇ ਦਿਯਾ ਰੁਅਬ ਸੇ ਜ਼ਵਾਬ।
ਆਤੀ ਨਹੀਂ ਸ਼ਰਮ ਹੈ ਜ਼ਰਾ ਤੁਝ ਕੋ ਐ ਨਵਾਬ।
ਦੁਨਿਯਾ ਕੇ ਪੀਛੇ ਕਰਤਾ ਹੈ ਕਯੋਂ ਦੀਨ ਕੋ ਖਰਾਬ।
ਕਿਸ ਜਾ ਲਿਖਾ ਹੈ ਜੁਲਮ ਦਿਖਾ ਤੋਂ ਹਮੇਂ ਕਿਤਾਬ।
ਤਅਲੀਮ ਜੋਰ ਕੀ ਕਹੀਂ ਕੁਰਾਨ ਮੇਂ ਨਹੀਂ।
ਖ਼ੂਬੀ ਤੁਮ੍ਹਾਰੇ ਸ਼ਾਹ ਕੇ ਈਮਾਨ ਮੇਂ ਨਹੀਂ।੮੦॥

ਵਜ਼ੀਰ ਖਾਂ ਨੇ ਕਾਜ਼ੀ ਦੀ ਰਾਇ ਲਈ ਕਿ ਸਾਹਿਬਜਾਦਿਆਂ ਤੇ ਮਾਤਾ ਜੀ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤੱਕ ਬੱਚਿਆਂ ਦਾ ਕਤਲ ਆਪਣੇ ਮੱਥੇ 'ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ।

ਇਤਿਹਾਸਕ ਹਵਾਲਿਆਂ ਅਨੁਸਾਰ ਸੁੱਚਾ ਨੰਦ ਨੇ ਬੱਚਿਆ ਨੂੰ ਪੁਛਿੱਆ ਕਿ
'ਜੇਕਰ ਤੁਹਾਨੂੰ ਛੱਡ ਦਿਤਾ ਜਾਵੇ ਤਾਂ ਤੁਸੀ ਕੀ ਕਰੋਗੇ?
ਤਾਂ ਸਾਹਿਬਜ਼ਾਦਿਆਂ ਨੇ ਜਵਾਬ ਦਿਤਾ ਕਿ

'ਪਹਿਲੀ ਗੱਲ ਤਾਂ ਤੁਸੀ ਸਾਨੂੰ ਛੱਡਣਾ ਹੀ ਨਹੀਂ, ਪਰ ਫਿਰ ਵੀ ਜੇਕਰ ਤੁਸੀ ਸਾਨੂੰ ਛੱਡ ਦਿੰਦੇ ਹੋ ਤਾਂ ਅਸੀ ਫਿਰ ਸਿੰਘਾਂ ਨੂੰ ਇੱਕਠੇ ਕਰਾਂਗੇ ਅਤੇ ਅਖੀਰਲੇ ਦਮ ਤੱਕ ਜ਼ੁਲਮ ਤੇ ਜ਼ਾਲਮ ਦੇ ਖਿਲਾਫ ਲੜਦੇ ਰਹਾਂਗੇ।

ਉਸ ਨੇ ਵਜ਼ੀਰ ਖਾਨ ਨੂੰ ਵੀ ਉਕਸਾਇਆ ਕਿ ਇਹਨਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ। ਹੁਣ ਉਸ ਨੇ ਨਵਾਬ ਮਾਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ 'ਨਾਹਰ ਖਾਂ' ਤੇ ਭਾਣਜੇ 'ਖ਼ਿਜ਼ਰ ਖਾਂ' ਦਾ ਬਦਲਾ ਲੈ ਸਕਦਾ ਹੈ ਜਿਹੜੇ ਕਿ ਚਮਕੌਰ ਦੀ ਜੰਗ ਸਮੇਂ ਗੁਰੂ ਗੋਬਿੰਦ ਸਿੰਘ ਜੀ ਹੱਥੋਂ ਮਾਰੇ ਗਏ ਸਨ। ਸ਼ੇਰ ਖਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਚਮਕੌਰ ਜੰਗ ਵਿੱਚ ਮਾਰਿਆ ਗਿਆ ਸੀ ਮੈਂ ਇਹਨਾਂ ਸ਼ੀਰ-ਖੋਰਾਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। ਅੱਲ੍ਹਾ ਯਾਰ ਖ਼ਾਂ ਲਿਖਦਾ ਹੈ:-

ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਬਾਪ ਸੇ।
ਮਹਿਫ਼ੂਜ਼ ਰਖੇ ਹਮ ਕੋ ਖ਼ੁਦਾ ਐਸੇ ਪਾਪ ਸੇ।

ਸਾਹਿਬਜਾਦਿਆਂ ਨੂੰ ਝੁਕਦਾ ਨਾ ਵੇਖ ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਤੇ ਦੋਵੇਂ ਭਰਾ ਮਾਰੇ ਗਏ ਹਨ ਪਰ ਉਹ ਸਾਹਿਬਜਾਦਿਆਂ ਨੂੰ ਅਪਣੇ ਧਰਮ ਤੋਂ ਡੇਗ ਨਾ ਸਕੇ। ਅਖੀਰ ਕੋਈ ਚਾਰਾ ਨਾ ਵੇਖ ਕਾਜ਼ੀ ਪਾਸੋਂ ਬੱਚਿਆਂ ਨੂੰ ਕੰਧਾਂ ਵਿੱਚ ਚਿਣੇ ਜਾਣ ਦਾ ਫ਼ਤਵਾ ਦੇ ਦਿੱਤਾ। ਬੱਚਿਆਂ ਨੂੰ ਕੰਧਾਂ ਵਿੱਚ ਚਿਣਿਆ ਗਿਆ। ਕੰਧ ਜਦੋਂ ਮੋਢਿਆਂ ਤੱਕ ਆਈ ਤਾਂ ਡਿਗ ਪਈ ਸੀ। ਬੱਚਿਆਂ ਦੇ ਫ਼ੁੱਲਾਂ ਵਰਗੇ ਸਰੀਰ ਇਸ ਚੋਟ ਨੂੰ ਨਾ ਸਹਾਰਦੇ ਹੋਏ ਬੇਹੋਸ਼ ਹੋ ਗਏ ਸਨ। ਇਤਿਹਾਸ ਵਿੱਚ ਜ਼ਿਕਰ ਹੈ ਕਿ ਜਦੋਂ ਸਾਹਿਬਜ਼ਾਦੇ ਬੇਹੋਸ਼ ਹੋਕੇ ਡਿੱਗ ਪਏ ਸਨ ਤਾਂ ਉਹਨਾਂ ਨੂੰ ਚੁੱਕਕੇ ਦੁਬਾਰਾ ਸਿਪਾਹੀ ਮਾਤਾ ਗੁਜਰੀ ਜੀ ਪਾਸ ਠੰਡੇ ਬੁਰਜ ਛੱਡ ਗਏ, ਤਾਂਕਿ ਮਾਤਾ ਜੀ ਸਾਹਿਬਜਾਦਿਆਂ ਦੀ ਇਹ ਹਾਲਤ ਵੇਖ ਪਤੀਜ ਜਾਏ ਤੇ ਸ਼ਾਇਦ ਬੱਚੇ ਇਸਲਾਮ ਕਬੂਲ ਕਰ ਲੈਣ। ਹੋਸ਼ ਆਉਣ ਤੇ ਸਾਹਿਬਜਾਦਿਆਂ ਨੇ ਸਾਰੀ ਵਾਰਤਾ ਦਾਦੀ ਮਾਤਾ ਨੂੰ ਦਸੀ। ਮਾਤਾ ਗੁਜਰੀ ਜੀ ਨੇ ਬੱਚਿਆਂ ਨੂੰ ਗਲਵਕੜੀ ਵਿੱਚ ਲੈ ਲਿਆ ਅਤੇ ਅਪਣੇ ਵੱਡੇ-ਵੱਡੇਰਿਆਂ ਦੇ ਮਾਰਗ ਤੇ ਚਲਣ ਲਈ ਪ੍ਰੇਰਣਾ ਦਿੱਤੀ।

ਅਗਲੇ ਦਿਨ ਦੁਬਾਰਾ ਸਾਹਿਬਜ਼ਾਦਿਆਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਅਨੇਕਾਂ ਪੇਸ਼ਕਸ਼ਾਂ ਕੀਤੀਆਂ ਪਰ ਸਾਹਿਬਜਾਦਿਆਂ ਨੇ ਈਨ ਨਹੀ ਮੰਨੀ, ਬੱਚਿਆਂ ਦੁਆਰਾ ਇਨਕਾਰ ਕਰਨ ਤੇ ਹੁਣ ਬੱਚਿਆਂ ਨੂੰ ਜ਼ਿਬਹ ਕਰਨ ਦਾ ਹੁਕਮ ਸੁਣਾਇਆ ਗਿਆ ਪਰ ਕੋਈ ਵੀ ਜ਼ਲਾਦ ਸਾਹਿਬਜਾਦਿਆਂ ਨੂੰ ਕਤਲ ਕਰਨ ਲਈ ਤਿਆਰ ਨਹੀਂ ਸੀ ਪਰ ਦੋ ਜਲਾਦ 'ਸ਼ਾਸ਼ਲ ਬੇਗ ਤੇ ਬਾਸ਼ਲ ਬੇਗ' ਜੋਕਿ ਕਿਸੇ ਮੁਕਦਮੇ ਵਿੱਚ ਫਸੇ ਹੋਏ ਸਨ, ਨੇ ਇਸ ਸ਼ਰਤ ਤੇ ਸਾਹਿਬਜਾਦਿਆਂ ਨੂੰ ਕਤਲ ਕਰਨਾ ਪ੍ਰਵਾਣ ਕੀਤਾ ਕਿ ਜੇਕਰ ਉਹਨਾਂ ਨੂੰ ਕੇਸ ਵਿੱਚੋ ਬਰੀ ਕਰ ਦਿਤਾ ਜਾਵੇਗਾ। ਜ਼ਲਾਦਾਂ ਦੀ ਇਹ ਸ਼ਰਤ ਮੰਨ ਲਈ ਤੇ ਉਹਨਾਂ ਨੇ ਦੋਵੇਂ ਬੱਚਿਆਂ ਨੂੰ ਗੋਡੇ ਹੇਠ ਦੇ ਕੇ ਪਹਿਲਾਂ ਉਹਨਾਂ ਦੇ ਗਲਾਂ ਤੇ ਛੁਰੀਆਂ ਫੇਰੀਆਂ, ਫਿਰ ਤੜਫਾ ਤੜਫਾ ਕੇ ਸ਼ਹੀਦ ਕੀਤਾ। ਇਹ ਸਾਰਾ ਤਸ਼ੱਦਦ ਉਹਨਾਂ ਨੇ ਕਿਵੇਂ ਬਰਦਾਸ਼ਤ ਕੀਤਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਜਦੋਂ ਇਹ ਖ਼ਬਰ ਮਾਤਾ ਗੁਜਰੀ ਜੀ ਨੂੰ ਮਿਲੀ ਤਾ ਮਾਤਾ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਅਰਦਾਸ ਕੀਤੀ। ਵਜੀਰ ਖਾਂ ਨੇ ਮਾਤਾ ਜੀ ਨੂੰ ਬੁਰਜ ਤੋ ਹੇਠਾ ਸੁਟਕੇ ਸ਼ਹੀਦ ਕਰ ਦਿਤਾ। ਇਸ ਸਾਰੇ ਸਮੇਂ ਨੂੰ ਅੱਲਾ ਯਾਰ ਖਾਂ ਨੇ ਇਉਂ ਕਲਮਬੱਧ ਕੀਤਾ ਹੈ :-

ਹਾਥੌਂ ਮੇਂ ਹਾਥ ਡਾਲ ਕੇ ਦੋਨੋਂ ਵਹ ਨੌਨਿਹਾਲ।
ਜਪਤੇ ਹੁਏ ਜਬਾਂ ਸੇ ਬੜ੍ਹੇ ਸਤਿ ਸ਼੍ਰੀ ਅਕਾਲ।
ਚਿਹਰੋਂ ਪੈ ਗਮ ਕਾ ਨਾਮ ਨ ਥਾ ਔਰ ਨ ਥਾ ਮਲਾਲ।
ਜਾ ਠਹਰੇ ਸਰ ਪੈ ਮੌਤ ਕੇ ਫਿਰ ਭੀ ਨ ਥਾ ਖ਼ਯਾਲ।

………………………………………………
………………………………………………
ਦੀਵਾਰ ਕੇ ਦਬਾਓ ਸੇ ਜਬ ਹਬਸਿ-ਦਮ ਹੁਆ।
………………………………………………।
ਸਦ ਸਾਲ ਔਰ ਜੀ ਕੇ ਭੀ ਮਰਨਾ ਜਰੂਰ ਥਾ।
ਸਰ ਕੋਮ ਸੇ ਬਚਾਨਾ ਯਿਹ ਗ਼ੈਰਤ ਸੇ ਦੂਰ ਥਾ।੧੦੮॥
ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ।
ਸਿੱਖੀ ਕੀ ਨੀਵ ਹਮ ਹੈ ਸਰੋਂ ਪਰ ਉਠਾ ਚਲੇ।
ਗੁਰਿਆਈ ਕਾ ਹੈ ਕਿੱਸਾ ਜਹਾਂ ਮੇਂ ਬਨਾ ਚਲੇ।
ਸਿੰਘੋਂ ਕੀ ਸਲਤਨਤ ਕਾ ਹੈ ਪੌਦ ਲਗਾ ਚਲੇ।
ਗੱਦੀ ਸੇ ਤਾਜੋ-ਤਖ਼ਤ ਬਸ ਅਬ ਕੋਮ ਪਾਏਗੀ।
ਦੁਨੀਆ ਸੇ ਜ਼ਾਲਿਮੋਂ ਕਾ ਨਿਸ਼ਾਂ ਤਕ ਮਿਟਾਏਗੀ।
…………………………………………
…………………………………………।
ਜੋਗੀ ਜੀ ਇਸ ਕੇ ਬਾਅਦ ਹੁਈ ਥੌੜੀ ਦੇਰ ਥੀ।
ਬਸਤੀ ਸਰਹਿੰਦ ਸ਼ਹਿਰ ਕੀ ਈਂਟੋਂ ਕਾ ਢੇਰ ਥੀ।੧੧੦॥

ਮਾਤਾ ਗੁਜਰੀ ਜੀ ਤੇ ਸਾਹਿਬਜਾਦਿਆਂ ਦੀ ਖਬਰ ਜਦੋਂ ਦੀਵਾਨ ਟੋਡਰ ਮਲ ਦੇ ਪਰਿਵਾਰ ਨੂੰ ਮਿਲੀ ਤਾਂ ਉਹਨਾਂ ਨੇ ਵਜੀਰ ਖਾਂ ਪਾਸੋਂ ਮੁੰਹ ਮੰਗੀ ਕੀਮਤ ਅਦਾ ਕਰਕੇ ਮਾਤਾ ਗੁਜਰੀ ਜੀ ਅਤੇ ਸਾਹਿਬਜਾਦਾ ਜੋਰਾਵਰ ਸਿੰਘ ਤੇ ਸਾਹਿਬਜਾਦਾ ਫਤਹਿ ਸਿੰਘ ਦੇ ਸ਼ਰੀਰਾਂ ਦੀ ਸੰਭਾਲ ਕਰ ਦਾਹ ਸਸਕਾਰ ਕੀਤਾ, {ਜਿੱਥੇ ਹੁਣ ਗੁਰਦੁਆਰਾ ਜੋਤੀ ਸਰੂਪ ਸੁਭਾਇਮਾਨ ਹੈ। (ਜਿਸ ਥਾਂ ਤੇ ਛੋਟੇ ਸਾਹਿਬਜਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਸੀ ਉੱਥੇ ਹੁਣ ਗੁਰਦੁਆਰਾ ਫਤਹਿਗੜ ਸਾਹਿਬ ਸੁਸ਼ੋਭਿਤ ਹੈ।)}

ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਤੋਂ ਨਿਕਲ ਕੇ ਲੰਮੇ ਜੱਟਪੁਰੇ ਪਹੁੰਚੇ ਤਾਂ ਉੱਥੇ ਉਹਨਾਂ ਨੂੰ ਸਾਹਿਬਜਾਦਿਆਂ ਦੀ ਸ਼ਹਾਦਤ ਦੀ ਖ਼ਬਰ ਮਿਲੀ ਤਾਂ ਦੀਨੇ ਕਾਂਗੜ ਵਿੱਖੇ ਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਇਕ ਚਿੱਠੀ ਲਿਖੀ, ਜਿਸ ਨੂੰ ਜ਼ਫਰਨਾਮਾ ਕਰਕੇ ਯਾਦ ਕੀਤਾ ਜਾਂਦਾ ਹੈ। ਉਸ ਵਿੱਚ ਗੁਰੂ ਜੀ ਨੇ ਚਾਰ ਸਾਹਿਬਜਾਦਿਆਂ ਦਾ ਜ਼ਿਕਰ ਕੀਤਾ ਹੈ:-

ਚਿਹਾ ਸ਼ੁਦ ਕਿ ਚੂੰ ਬੱਚਗ਼ਾਂ ਕੁਸ਼ਤਹ ਚਾਰ ਕਿ ਬਾਕੀ ਬਿਮਾਂਦਸਤ ਪੇਚੀਦਾ ਮਾਰ।੭੮॥
ਕੀ ਹੋਇਆ ਜੇ ਮੇਰੇ ਚਾਰ ਬੱਚੇ ਮਾਰੇ ਗਏ, ਅਜੇ ਤਾਂ ਕੁੰਡਲੀਆ ਨਾਗ (ਭੁਜੰਗੀ ਖਾਲਸਾ) ਬਾਕੀ ਹੈ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਜੀ ਦੇ ਪੁਛਣ ਤੇ ਸੰਗਤ ਵੱਲ ਇਸ਼ਾਰਾ ਕਰਦੇ ਕਿਹਾ ਸੀ

'ਇਨ ਪੁਤਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ,
ਚਾਰ ਮੁਏ ਤੋ ਕਿਆ ਹੁਆ, ਜੀਵਤ ਕਈ ਹਜਾਰ'

  • ਮੁੱਖ ਪੰਨਾ : ਹਰਪ੍ਰੀਤ ਸਿੰਘ ਪੰਜਾਬੀ ਕਹਾਣੀਆਂ ਤੇ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ