Sarape Hoe Lok (Punjabi Story) : Kartar Singh Duggal

ਸਰਾਪੇ ਹੋਏ ਲੋਕ (ਕਹਾਣੀ) : ਕਰਤਾਰ ਸਿੰਘ ਦੁੱਗਲ

ਜੀਪ ਵਿਚ ਅਸੀਂ ਤਿੰਨ ਪੰਜਾਬੀ ਸੀ ਕਰਨਲ ਸ਼ਰਮਾ, ਮੇਜਰ ਮਨਜ਼ੂਰ ਤੇ ਮੈਂ। ਸਾਥੋਂ ਛੁੱਟ ਕਰਨਲ ਸ਼ਰਮਾ ਦਾ ਡਰਾਈਵਰ ਸੀ ਭੌਮਿਕਾ। ਭੌਮਿਕਾ ਬੰਗਾਲੀ ਸੀ। ਹਸਮੁਖ। ਗੱਲਾਂ ਦਾ ਸ਼ੌਕੀਨ। ਜੀਪ ਕਰਨਲ ਸ਼ਰਮ ਖੁਦ ਚਲਾ ਰਿਹਾ ਸੀ। ਉਹਦੇ ਨਾਲ ਉਹਦੀ ਸੀਟ ਤੇ ਮੇਜਰ ਮਨਜ਼ੂਰ ਤੇ ਮੈਂ ਬੈਠੇ ਸਾਂ। ਜੀਪ ਦਾ ਡਰਾਈਵਰ ਭੌਮਿਕ ਪਿਛਲੀ ਸੀਟ 'ਤੇ ਬੈਠਾ ਸੀ। ਬਾਕੀ ਥਾਂ ਸਾਮਾਨ ਨਾਲ ਭਰੀ ਹੋਈ ਸੀ।
ਕਰਨਲ ਸ਼ਰਮਾ ਤਾਂ ਦੌਰੇ 'ਤੇ ਸੀ, ਮੇਜਰ ਮਨਜ਼ੂਰ ਤੇ ਮੈਂ ਉਂਜ ਹੀ ਉਹਦੇ ਨਾਲ ਟੁੰਗੇ ਗਏ ਸਾਂ। ਗਰਮੀ ਦੇ ਦਿਨ, ਅਸੀਂ ਸੋਚਿਆ, ਸੈਰ ਹੀ ਹੋ ਜਾਇਗੀ। ਖ਼ਾਸ ਤੌਰ 'ਤੇ ਇਸ ਲਈ ਕਿ ਕਰਨਲ ਸ਼ਰਮਾ ਪਿਥੌਰਾਗੜ੍ਹ ਜਾ ਰਿਹਾ ਸੀ ਜਿਥੇ ਸਾਡੇ ਵਿਚੋਂ ਕੋਈ ਵੀ ਪਹਿਲੇ ਨਹੀਂ ਗਿਆ ਸੀ।
ਹਮਸਾਏ, ਮਾਂ ਪਿਉ ਜਾਏ, ਅਸੀਂ ਦਿੱਲੀਉਂ ਖ਼ੁਸ਼ਖ਼ੁਸ਼ੀਆਂ ਨਿਕਲੇ। ਹਫ਼ਤਾ ਦਸ ਦਿਨ ਦੀ ਸੈਰ, ਨਾਲੇ ਰਾਤ ਦਿਨ ਦਾ ਸਾਥ। ਭੈੜੀ ਦਿੱਲੀ ਵਿਚ ਤਾਂ ਆਪੋ ਆਪਣੇ ਖਲਜਗਣਾਂ ਤੋਂ ਹੀ ਕਿਸੇ ਨੂੰ ਵਿਹਲੇ ਨਹੀਂ ਮਿਲਦੀ ਸੀ। ਇਕ ਦੂਜੇ ਨਾਲ ਸਲਾਮ ਦੁਆ ਵੀ ਕਈ ਕਈ ਦਿਨ ਨਹੀਂ ਸੀ ਹੋ ਸਕਦਾ। ਕਰਨਲ ਸ਼ਰਮਾ ਕਿਉਂਕਿ ਮੁਆਇਨੇ ਦੇ ਦੌਰੇ 'ਤੇ ਸੀ। ਥਾਂ-ਥਾਂ ਸਾਡੀਆਂ ਖ਼ਾਤਰਾਂ ਹੋ ਰਹੀਆਂ ਸਨ। ਅਸੀਂ ਪੜਾਉ-ਪੜਾਅ ਰੁਕ ਰਹੇ ਸਾਂ। ਕਿਤੇ ਨਾਸ਼ਤਾ, ਕਿਤੇ ਦੁਪਹਿਰ ਦਾ ਖਾਣਾ, ਕਿਤੇ ਸ਼ਾਮ ਦੀ ਚਾਹ। ਕਿਤੇ ਰਾਤ ਦੀ ਦਾਅਵਤ, ਰਹਿਣ ਲਈ ਮੈੱਸ ਤੇ ਡਾਕ ਬੰਗਲੇ। ਬੜਾ ਮਜ਼ਾ ਆ ਰਿਹਾ ਸੀ। ਖ਼ਾਸ ਤੌਰ 'ਤੇ ਮੇਜਰ ਮਨਜ਼ੂਰ ਤੇ ਮੈਨੂੰ, ਕਿਉਂਕਿ ਅਸੀਂ ਤਾਂ ਨਿਰੀ ਛੁੱਟੀ 'ਤੇ ਸਾਂ।
ਪਰ ਉਸ ਦਿਨ ਅਲਮੋੜਾ ਤੋਂ ਤੁਰਨ ਤੋਂ ਪਹਿਲੇ ਸਾਡੇ ਵਿਚੋਂ ਹਰ ਕਿਸੇ ਦਾ ਮਨ ਦਿਲਗੀਰ ਹੋ ਗਿਆ ਸੀ। ਪੰਜਾਬ ਦੀ ਹਾਲਤ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਸੀ। ਹੁਣ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਸਨ। ਆਤਿਸ਼ਜ਼ਨੀ ਦੀਆਂ ਵਾਰਦਾਤਾਂ ਹੋਣ ਲੱਗ ਗਈਆਂ ਸਨ। ਥਾਂ ਥਾਂ ਪੁਲਿਸ ਤੈਨਾਤ ਕਰ ਦਿੱਤੀ ਗਈ ਸੀ। ਸ਼ਹਿਰ ਸ਼ਹਿਰ ਕਰਫ਼ਿਊ ਥੱਪ ਦਿੱਤਾ ਗਿਆ ਸੀ।
"ਅਸੀਂ ਸਰਾਪੇ ਹੋਏ ਲੋਕ ਹਾਂ।" ਕਰਨਲ ਸ਼ਰਮਾ ਕਹਿ ਰਿਹਾ ਸੀ। ਸਾਡੇ ਤਿੰਨਾਂ ਵਿਚੋਂ ਇਕ ਹਿੰਦੂ ਸੀ, ਇਕ ਮੁਸਲਮਾਨ ਤੇ ਇਕ ਸਿੱਖ ਪਰ ਸਾਂ ਅਸੀਂ ਤਿੰਨੋਂ ਪੰਜਾਬੀ।
"ਪੰਜਾਬ ਦਾ ਮੁਢਲਾ ਮਸਲਾ ਮਾਂ ਬੋਲੀ ਦਾ ਹੈ।" ਮੇਜਰ ਮਨਜ਼ੂਰ ਕਹਿਣ ਲੱਗਾ।
"ਬੇਸ਼ਕ।" ਮੈਂ ਉਸ ਨਾਲ ਸਹਿਮਤ ਸਾਂ।
"ਕਾਸ਼, ਜੇ ਸਾਡੇ ਪੰਜਾਬ ਦੇ ਹਿੰਦੂ ਭਰਾ ਸ਼ੁਰੂ ਵਿਚ ਹੀ ਪੰਜਾਬੀ ਨੂੰ ਅਪਣਾ ਲੈਂਦੇ ਤਾਂ ਪੰਜਾਬ ਦੀ ਇਹ ਦੂਜੀ ਵੰਡ ਹਰਗ਼ਿਜ਼ ਨਾ ਹੁੰਦੀ। ਕਰਨਲ ਸ਼ਰਮਾ ਅਫ਼ਸੋਸ ਕਰ ਰਿਹਾ ਸੀ।
"ਮੈਂ ਤੇ ਇਹ ਕਹਾਂਗਾ ਕਿ ਪੰਜਾਬ ਦੇ ਮੁਸਲਮਾਨ ਭਰਾ ਕਿਤੇ ਜੇ ਮਾਂ ਬੋਲੀ ਪੰਜਾਬੀ ਦਾ ਲੜ ਫੜੀ ਰਖਦੇ ਤਾਂ ਖ਼ਬਰੇ ਪੰਜਾਬ ਦੀ ਪਹਿਲੀ ਵੰਡ ਵੀ ਨਾ ਹੁੰਦੀ।" ਮੇਜਰ ਮਨਜ਼ੂਰ ਦੀ ਰਾਏ ਸੀ।
"ਸਰ, ਇਸ ਕੋ ਕਹਿਤੇ ਹੈਂ ਭਾਰਤੀ ਸੈਨਾ ਕੀ ਭਾਵਨਾਤਮਕ ਏਕਤਾ।" ਪਿੱਛੇ ਬੈਠਾ ਬੰਗਾਲੀ ਡਰਾਈਵਰ ਭੌਮਿਕ ਬੋਲਿਆ। ਗੱਲਾਂ ਕਰਨ ਦਾ ਸ਼ੌਕੀਨ, ਅਫ਼ਸਰਾਂ ਦੇ ਮੂੰਹ ਲੱਗਾ ਹੋਇਆ ਭੌਮਿਕ ਜਦੋਂ ਬੋਲਦਾ, ਪਤੇ ਦੀ ਗੱਲ ਕਰਦਾ। ਕੁਝ ਚਿਰ ਜੀਪ ਵਿਚ ਚੁੱਪ ਛਾਈ ਰਹੀ। ਤਿੰਨੋਂ ਦੇ ਤਿੰਨੇ ਪੰਜਾਬੀ ਅਫ਼ਸਰ ਆਪਣੇ ਆਪਣੇ ਖ਼ਿਆਲਾਂ ਵਿਚ ਖੋਹ ਗਏ ਸਨ।
"ਬੰਗਲਾਦੇਸ਼ੀਓਂ ਨੇ ਪਾਕਿਸਤਾਨ ਕਾ ਸਾਥ ਛੋੜ ਦੀਆ ਕਿਉਂਕਿ ਪਾਕਿਸਤਾਨੀ ਉਨ ਪਰ ਬੰਗਾਲੀ ਕੀ ਜਗ੍ਹਾ ਉਰਦੂ ਲਾਦਨਾ ਚਾਹਤੇ ਥੇ।" ਡਰਾਈਵਰ ਭੌਮਿਕ ਵਿਚਲਾ ਬੰਗਾਲੀ ਬੜੇ ਮਾਣ ਨਾਲ ਕਹਿ ਰਿਹਾ ਸੀ।
"ਇਸ ਤੋਂ ਮੈਨੂੰ ਇਕ ਗੱਲ ਚੇਤੇ ਆਈ ਹੈ", ਮੇਜਰ ਮਨਜ਼ੂਰ ਯਾਦਾਂ ਵਿਚ ਡੁੱਬਿਆ ਵਾਕਿਆ ਸੁਣਾਉਣ ਲੱਗਾ:
ਉਨ੍ਹਾਂ ਦਿਨਾਂ ਵਿਚ ਮੈਂ ਦਿੱਲੀ ਤੈਨਾਤ ਸਾਂ। ਫੌਜ ਤੋਂ ਰੀਟਾਇਰ ਹੋ ਕੇ ਮੈਂ ਰੇਡੀਓ ਦੀ ਨੌਕਰੀ ਕਰ ਲਈ ਸੀ। ਇਕ ਦਿਨ ਇਕ ਪੰਜਾਬੀ ਬਜ਼ੁਰਗ ਮੇਰੇ ਕੋਲ ਆਏ। ਪੰਜਾਬ ਦੇ ਉੱਘੇ ਹਿੰਦੂ ਨੇਤਾ ਸਨ। ਹਮੇਸ਼ਾ ਉਰਦੂ ਦਾ ਅਖ਼ਬਾਰ ਪੜ੍ਹਦੇ ਪਰ ਜ਼ਬਾਨ ਹਿੰਦੀ ਦੱਸਦੇ ਸਨ। ਜਿਤਨੀ ਵਾਰ ਮਰਦਮਸ਼ੁਮਾਰੀ ਹੋਈ, ਆਪਣੀ ਬੋਲੀ ਹਿੰਦੀ ਲਿਖਵਾਉਂਦੇ ਰਹੇ। ਕੀ ਪਾਕਿਸਤਾਨ ਬਣਨ ਤੋਂ ਪਹਿਲੇ, ਕੀ ਪਾਕਿਸਤਾਨ ਬਣਨ ਤੋਂ ਬਾਅਦ! ਬੜੇ ਫਿਕਰਮੰਦ ਲੱਗ ਰਹੇ ਸਨ। ਮੇਰੇ ਪੁੱਛਣ 'ਤੇ ਕਹਿਣ ਲੱਗੇ-"ਬਈ ਮੇਰੀ ਵੱਡੀ ਧੀ ਕੁਝ ਚਿਰ ਹੋਇਆ ਵਿਧਵਾ ਹੋ ਗਈ ਹੈ। ਵਿਚਾਰੀ ਦੇ ਦੋ ਬੱਚੇ ਹਨ। ਬੀ.ਏ. ਪਾਸ ਹੈ। ਹੋਰ ਸਭ ਪਾਸੇ ਟੱਕਰਾਂ ਮਾਰ ਲੱਥੇ ਹਾਂ, ਪਰ ਉਹਨੂੰ ਕਿਤੇ ਨੌਕਰੀ ਨਹੀਂ ਮਿਲੀ। ਸੁਣਿਆ ਹੈ ਰੇਡੀਓ ਵਿਚ ਤੁਸੀਂ ਐਨਾਊਂਸਰ ਭਰਤੀ ਕਰ ਰਹੇ ਹੋ। ਇਸ ਵਿਚਾਰੀ ਦਾ ਵੀ ਬਾਨ੍ਹਣੂ ਬੰਨ੍ਹ ਦਿਓ। ਮੇਰੇ ਸਿਰ ਤੋਂ ਜ਼ਿੰਮੇਵਾਰੀ ਹਟ ਜਾਵੇਗੀ। ਅੱਜਕੱਲ੍ਹ ਮੈਂ ਦਿਨ ਰਾਤ ਇਸੇ ਚਿੰਤਾ ਵਿਚ ਡੁੱਬਿਆ ਰਹਿੰਦਾ ਹਾਂ।" ਉਹ ਤਾਂ ਲਾਲਾ ਜੀ ਦੇ ਮੂੰਹ ਤੋਂ ਸਾਫ਼ ਹੀ ਲੱਗ ਰਿਹਾ ਸੀ। ਨਹੀਂ ਤਾਂ ਉਨ੍ਹਾਂ ਦਾ ਚਿਹਰਾ ਹਮੇਸ਼ਾ ਦਗ਼ ਦਗ਼ ਕਰਦਾ ਰਹਿੰਦਾ ਸੀ; 'ਪਰ ਦਿੱਲੀ ਵਿਚ ਤਾਂ ਹਿੰਦੀ ਐਨਾਊਂਸਰ ਚਾਹੀਦੇ ਨੇ।' ਮੈਂ ਲਾਲਾ ਜੀ ਨੂੰ ਯਾਦ ਕਰਾਇਆ। "ਆਹੋ, ਮੈਨੂੰ ਇਹ ਪਤਾ ਹੈ, ਸਾਡੀ ਕੁੜੀ ਨੇ ਬੀ.ਏ. ਤੱਕ ਹਿੰਦੀ ਪੜ੍ਹੀ ਹੈ। ਹਿੰਦੀ ਵਿਚ ਉਹ ਹਮੇਸ਼ਾ ਚੰਗੇ ਨੰਬਰ ਲੈਂਦੀ ਰਹੀ ਹੈ।" "ਫ਼ੇਰ ਤੁਸੀਂ ਕੁੜੀ ਨੂੰ ਕਹਿਣਾ, ਮੈਨੂੰ ਕਦੀ ਮਿਲ ਲਵੇ। ਨਾਲੇ ਅਰਜ਼ੀ ਵੀ ਭਿਜਵਾ ਦੇਣਾ।" ਮੈਂ ਉਨ੍ਹਾਂ ਨੂੰ ਮਸ਼ਵਰਾ ਦਿੱਤਾ।
ਅਗਲੇ ਦਿਨ ਹੀ ਲਾਲ ਜੀ ਦੀ ਬੇਟੀ ਟੈਲੀਫ਼ੋਨ ਕਰ ਕੇ ਮੁਲਾਕਾਤ ਲਈ ਆ ਗਈ। ਨਾਲ ਅਰਜ਼ੀ ਵੀ ਲੈ ਆਈ। ਮੈਂ ਦੋ ਚਾਰ ਮਿੰਟ ਉਸ ਨਾਲ ਗੱਲਾਂ ਕਰਨ ਤੋਂ ਬਾਅਦ ਅੰਦਾਜ਼ਾ ਲਾ ਲਿਆ ਕਿ ਜੇ ਮੈਂ ਲਾਲਾ ਜੀ ਦਾ ਕੰਮ ਕਰਨਾ ਸੀ ਤਾਂ ਕੁੜੀ ਨੂੰ ਬੜੀ ਮਿਹਨਤ ਕਰਾਉਣੀ ਹੋਵੇਗੀ। ਅਰਜ਼ੀ ਤੇ ਮੈਂ ਰੱਖ ਲਈ ਪਰ ਲਾਲਾ ਜੀ ਦੀ ਬੇਟੀ ਨੂੰ ਮੈਂ ਆਪਣੇ ਇਕ ਪੁਰਾਣੇ ਐਨਾਊਂਸਰ ਦੇ ਇਹ ਕਹਿੰਦੇ ਹੋਏ ਹਵਾਲੇ ਕੀਤਾ ਕਿ ਉਸ ਨੂੰ ਹਿੰਦੀ ਐਨਾਊਂਸਰ ਦੇ ਟੈਸਟ ਲਈ ਤਿਅਰੀ ਕਰਵਾਈ ਜਾਏ। ਅਗਲੇ ਰੋਜ਼ ਸਾਡਾ ਐਨਾਊਂਸਰ ਆਇਆ ਤੇ ਕਹਿਣ ਲੱਗਾ- "ਇਸ ਕੁੜੀ ਨੂੰ ਤਾਂ ਘੱਟ ਤੋਂ ਘੱਟ ਇਕ ਮਹੀਨਾ ਤਿਆਰੀ ਕਰਾਣੀ ਹੋਵੇਗੀ ਤਾਂ ਕਿਤੇ ਇਹ ਆਡੀਸ਼ਨ ਦੇ ਕਾਬਲ ਹੋਵੇਗੀ।"
ਮੈਂ ਉਸ ਨੂੰ ਸਾਰੀ ਗੱਲ ਸਮਝਾਈ ਤੇ ਕਿਹਾ, "ਲਾਲਾ ਜੀ ਦੀ ਪਹਿਲੀ ਫ਼ਰਮਾਇਸ਼ ਹੈ। ਇਹ ਕੰਮ ਤਾਂ ਕਰਨਾ ਹੋਵੇਗਾ।" ਸਾਡਾ ਉਹ ਐਨਾਊਂਸਰ ਪੂਰਾ ਇਕ ਮਹੀਨਾ ਕਈ-ਕਈ ਘੰਟੇ ਹਰ ਰੋਜ਼ ਉਸ ਕੁੜੀ ਨਾਲ ਜੂਝਦਾ ਰਿਹਾ। ਆਖ਼ਰ ਉਹਦੀ ਆਡੀਸ਼ਨ ਹੋਈ। ਇਸ ਵਿਚ ਮੇਰਾ ਕੋਈ ਦਖ਼ਲ ਨਹੀਂ ਸੀ। ਆਡੀਸ਼ਨ ਕਮੇਟੀ ਦਾ ਫ਼ੈਸਲਾ ਆਖ਼ਰੀ ਹੁੰਦਾ ਹੈ। ਜਦੋਂ ਨਤੀਜਾ ਮੇਰੇ ਕੋਲ ਆਇਆ, ਜਿਊਰੀ ਨੇ ਉਹਨੂੰ ਫ਼ੇਲ੍ਹ ਕਰ ਦਿੱਤਾ ਸੀ। ਉਹਦੇ ਨਾਂ ਦੇ ਸਾਹਮਣੇ ਕੇਵਲ ਇਹੀ ਲਿਖਿਆ ਸੀ-
"ਲਹਿਜਾ ਪੰਜਾਬੀ ਹੈ।" ਲਾਲ ਜੀ ਦੀ ਹਿੰਦੀ ਪ੍ਰਤੀ ਸਾਰੀ ਸ਼ਰਧਾ ਕੰਮ ਨਹੀਂ ਆਈ ਸੀ।
"ਇਨ ਬਿਨ ਇੰਜ ਹੀ ਮੇਰੇ ਨਾਲ ਹੋਇਆ", ਮੇਜਰ ਮਨਜ਼ੂਰ ਦੀ ਘਟਨਾ ਸੁਣ ਕੇ ਮੈਂ ਆਪਣੀ ਆਪ ਬੀਤੀ ਸੁਣਾਉਣ ਲੱਗ ਪਿਆ। ਉਨ੍ਹਾਂ ਦਿਨਾਂ ਵਿਚ ਮੈਂ ਲਾਹੌਰ ਵਿਚ ਅਖ਼ਬਾਰ ਵਿਚ ਕੰਮ ਕਰਦਾ ਸਾਂ। ਇਕ ਦਿਨ ਕਿਸੇ ਪਾਰਟੀ ਵਿਚ ਮੈਂ ਤੇ ਇਕ ਉਰਦੂ ਅਖ਼ਬਾਰ ਦਾ ਮੇਰਾ ਐਡੀਟਰ ਦੋਸਤ ਇਕੱਠੇ ਹੋ ਗਏ। ਦਾਰੂ ਦੇ ਦੋ ਜਾਮ ਲੈ ਕੇ ਉਹ ਮੈਨੂੰ ਕਹਿਣ ਲੱਗਾ-"ਯਾਰ ਇਹ ਦੱਸ, ਤੂੰ ਪੰਜਾਬੀ ਵਿਚ ਕਿਵੇਂ ਲਿਖ ਲੈਂਦਾ ਏ? ਮੈਂ ਤੇ ਜਦੋਂ ਪੰਜਾਬੀ ਵਿਚ ਲਿਖਣ ਦੀ ਸੋਚਦਾ ਹਾਂ ਤੇ ਮੇਰੇ ਪਰਸਿਉ ਛੁੱਟਣ ਲੱਗ ਪੈਂਦੇ ਨੇ। ਪੰਜਾਬੀ ਵਿਚ ਜਾਂ ਇਸ਼ਕ ਦੀ ਗੱਲ ਹੋ ਸਕਦੀ ਹੈ, ਜਿਵੇਂ ਵਾਰਿਸ ਸ਼ਾਹ ਨੇ ਹੀਰ ਵਿਚ ਕੀਤੀ ਸੀ, ਜਾਂ ਫਿਰ ਗਾਲਾਂ ਬਕੀਆਂ ਜਾ ਸਕਦੀਆਂ ਨੇ।" ਮੇਰੇ ਦੋਸਤ ਨੇ ਪੀ ਰੱਖੀ ਸੀ, ਇਸ ਲਈ ਮੈਂ ਉਸ ਨਾਲ ਬਹਿਸ ਕਰਨੀ ਮੁਨਾਸਿਬ ਨਹੀਂ ਸਮਝੀ। ਗੱਲ ਆਈ ਗਈ ਹੋ ਗਈ। ਕੁਝ ਵਰ੍ਹੇ ਹੋਏ, ਉਹੀ ਮੇਰਾ ਦੋਸਤ ਦਿੱਲੀ ਮੈਨੂੰ ਮਿਲਣ ਆਇਆ। ਆ ਕੇ ਬੈਠਿਆ ਹੀ ਸੀ, ਤੇ ਕਹਿਣ ਲੱਗਾ- "ਤੇਰੇ ਲਈ ਖ਼ੁਸ਼ਖ਼ਬਰੀ ਲੈ ਕੇ ਆਇਆ ਹਾਂ। ਮੈਂ ਪੰਜਾਬੀ ਵਿਚ ਲਿਖਣਾ ਸ਼ੁਰੂ ਕਰ ਦਿੱਤਾ ਹੈ। ਅਸੀਂ ਲਾਹੌਰ ਤੋਂ ਪੰਜਾਬੀ ਦਾ ਮਾਹਵਾਰੀ ਰਿਸਾਲਾ ਵੀ ਚਾਲੂ ਕਰ ਦਿੱਤਾ ਹੈ ਤੇ ਹੁਣ ਅਸੀਂ ਪੰਜਾਬ ਵਿਚ ਰੋਜ਼ਾਨਾ ਅਖ਼ਬਾਰ ਲਈ ਪੈਸੇ ਇਕੱਠੇ ਕਰ ਰਹੇ ਹਾਂ। ਉਰਦੂ ਅਖ਼ਬਾਰ ਦੀ ਨੌਕਰੀ ਛੱਡ ਕੇ ਅੱਜਕੱਲ੍ਹ ਮੈਂ ਇਸ ਰਿਸਾਲੇ ਦਾ ਕੰਮ ਵੇਖ ਰਿਹਾ ਹਾਂ।" ਪਰ ਇਹ ਮੁਅਜਜ਼ਾ ਹੋਇਆ ਕਿਵੇਂ?" ਤੇ ਲਾਹੌਰ ਆਇਆ ਮੇਰਾ ਮੁਸਲਮਾਨ ਪੰਜਾਬੀ ਦੋਸਤ ਮੈਨੂੰ ਦੱਸਣ ਲੱਗਾ- "ਇਕ ਸ਼ਾਮ ਦਫ਼ਤਰੋਂ ਛੁੱਟੀ ਕਰ ਮੈਂ ਮੁਸਲਿਮ ਟਾਊਨ ਦੀ ਬੱਸ ਵਿਚ ਬੈਠਾ ਸਾਂ। ਕੁਝ ਚਿਰ ਬਾਅਦ ਕੰਡਕਟਰ ਆਇਆ। ਹਰ ਕਿਸੇ ਨੂੰ ਟਿਕਟ ਦੇ ਗਿਆ ਪਰ ਮੈਨੂੰ ਨਹੀਂ ਉਸ ਟਿਕਟ ਦਿੱਤਾ ਸੀ। ਇਧਰੋਂ ਗਿਆ ਯੂ.ਪੀ. ਦਾ ਮਹਾਜਰ ਸੀ। ਮੈਂ ਉਸ ਨੂੰ ਆਵਾਜ਼ ਦੇ ਕੇ ਕਿਹਾ-'ਭਈਆ ਤੁਮ ਮੁਝੇ ਟਿਕਟ ਦੇਨੀ ਭੁੱਲ ਗਏ ਹੋ।' ਉਸ ਅਨਪੜ੍ਹ ਕੰਡਕਟਰ ਨੇ ਮੇਰੇ ਵੱਲ ਅਜੀਬ ਹਿਕਾਰਤ ਨਾਲ ਵੇਖਿਆ ਤੇ ਕਹਿਣ ਲੱਗਾ-'ਮੌਲਾਨਾ! ਟਿਕਟ ਦੇਨੀ ਨਹੀਂ ਹੋਤਾ, ਟਿਕਟ ਦੇਨਾ ਹੋਤਾ ਹੈ।' ਮੈਂ ਸੁਣਿਆ ਤੇ ਇੰਜ ਮੈਨੂੰ ਲੱਗਾ ਜਿਵੇਂ ਮੇਰੇ ਮੂੰਹ 'ਤੇ ਕਿਸੇ ਚੁਪੇੜ ਕੱਢ ਮਾਰੀ ਹੋਵੇ। ਤੈਨੂੰ ਪਤਾ ਹੀ ਹੈ ਮੁਸਲਿਮ ਟਾਊਨ ਦੀ ਬੱਸ ਵਿਚ ਹਰ ਕੋਈ ਮੈਨੂੰ ਜਾਣਦਾ ਹੈ, ਪਛਾਣਦਾ ਹੈ। ਮੈਂ ਕਿਸੇ ਨੂੰ ਮੂੰਹ ਵਿਖਾਣ ਦੇ ਲਾਇਕ ਨਹੀਂ ਰਿਹਾ ਸਾਂ। ਉਸੇ ਘੜੀ ਮੈਂ ਫ਼ੈਸਲਾ ਕੀਤਾ ਕਿ ਮੈਂ ਪੰਜਾਬੀ ਵਿਚ ਲਿਖਾਂਗਾ। ਹਮੇਸ਼ਾ ਆਪਣੀ ਮਾਂ ਬੋਲੀ ਵਿਚ ਗੱਲਬਾਤ ਕਰਾਂਗਾ। ਮੈਂ ਸੋਚਿਆ, ਜੇ ਮੈਂ ਉਸ ਬੋਲੀ ਵਿਚ ਗੱਲ ਕੀਤੀ ਹੁੰਦੀ ਜਿਹੜੀ ਮੈਂ ਆਪਣੀ ਮਾਂ ਦੇ ਦੁੱਧ ਨਾਲ ਸਿੱਖੀ ਸੀ ਤਾਂ ਕਿਸੇ ਦੀ ਕੀ ਮਜਾਲ ਸੀ ਕਿ ਮੇਰੀ ਗ਼ਲਤੀ ਕੱਢ ਜਾਏ...?" ਕਿਤਨਾ ਚਿਰ ਉਹ ਇਸ ਤਰ੍ਹਾਂ ਬੋਲਦਾ ਰਿਹਾ। ਮੈਂ ਬਿਟ-ਬਿਟ ਉਹਦੇ ਮੂੰਹ ਵਲ ਵੇਖ ਰਿਹਾ ਸਾਂ।
"ਮੈਨੂੰ ਵੀ ਇਨ ਬਿਨ ਇਸ ਤਰ੍ਹਾਂ ਦੀ ਘਟਨਾ ਯਾਦ ਆ ਰਹੀ ਹੈ।" ਹੁਣ ਕਰਨਲ ਸ਼ਰਮਾ ਬੋਲ ਰਿਹਾ ਸੀ। ਮੇਰੇ ਪਿਤਾ ਜੀ ਹਿੰਦੀ ਦੇ ਕੱਟੜ ਅਨੁਆਈ ਨੇ, ਭਾਵੇਂ ਨਾ ਹਿੰਦੀ ਉਨ੍ਹਾਂ ਨੂੰ ਪੜ੍ਹਨੀ ਆਂਦੀ ਏ ਤੇ ਨਾ ਹੀ ਕੋਈ ਖ਼ਾਸ ਬੋਲਣੀ। ਉਨ੍ਹਾਂ ਦਿਨਾਂ ਵਿਚ ਮੇਰੀ ਪੋਸਟਿੰਗ ਅਲਾਹਾਬਾਦ ਦੀ ਸੀ। ਮੈਂ ਪਿਤਾ ਜੀ ਨੂੰ ਆਪਣੇ ਕੋਲ ਬੁਲਾ ਲਿਆ। ਪੰਜਾਬ ਵਿਚ ਪੰਜਾਬੀ ਸੂਬੇ ਲਈ ਮੋਰਚਾ ਲਗਾ ਹੋਇਆ ਸੀ। ਮੈਂ ਕਿਹਾ- 'ਰੌਲੇ ਰੱਪੇ ਦੇ ਦਿਨ ਤੁਸੀਂ, ਸਾਡੇ ਆ ਜਾਓ।' ਪਰਤਾਪ ਸਿੰਘ ਕੈਰੋਂ ਪੰਜਾਬ ਦਾ ਚੀਫ਼ ਮਨਿਸਟਰ ਸੀ। ਮੈਨੂੰ ਡਰ ਸੀ, ਉਹ ਆਈ 'ਤੇ ਆ ਗਿਆ ਤਾਂ ਦੋਹਾਂ ਧੜਿਆਂ ਦੇ ਦੋ-ਦੋ, ਚਾਰਚਾਰ ਸੌ ਬੰਦੇ ਫੜ ਕੇ ਜੇਲ੍ਹ ਵਿਚ ਸੁੱਟ ਪਾਏਗਾ। ਪਿਤਾ ਜੀ ਸਾਡੇ ਆ ਗਏ ਪਰ ਚਾਰ ਦਿਨ ਤੋਂ ਬਾਅਦ ਕਹਿਣ ਲੱਗੇ- 'ਪੁੱਤਰ ਮੈਂ ਤੇ ਵਾਪਸ ਆਪਣੇ ਘਰ ਜਾਂਦਾ ਹਾਂ। ਇਥੋਂ ਦੇ ਲੋਕਾਂ ਦੀ ਬੋਲੀ ਹੀ ਮੈਨੂੰ ਨਹੀਂ ਸਮਝ ਆਂਦੀ। ਪਤਾ ਨਹੀਂ ਕੀ ਸੰਸਕ੍ਰਿਤ ਮਾਰਦੇ ਨੇ। ਮੇਰੇ ਤੇ ਕੰਨ ਵੀ ਪੱਕਣ ਲੱਗੇ ਨੇ।' ਮੈਂ ਕਿਹਾ, "ਪਿਤਾ ਜੀ, ਇਹ ਤੁਹਾਡੀ ਹਿੰਦੀ ਏ।" "ਤੋਬਾ, ਤੋਬਾ। ਇਹ ਵੀ ਕੋਈ ਜ਼ਬਾਨ ਹੈ।" ਪਿਤਾ ਜੀ ਕੰਨਾਂ ਨੂੰ ਹੱਥ ਲਾ ਰਹੇ ਸਨ, "ਇਹ ਹਿੰਦੀ ਭਾਸ਼ਾ ਹੈ, ਜ਼ਬਾਨ ਨਹੀਂ।" ਮੈਂ ਹੱਸ ਕੇ ਉਨ੍ਹਾਂ ਕਿਹਾ, "...ਤੇ ਨਾ ਹੀ 'ਤੋਬਾ, ਤੋਬਾ' ਇਥੇ ਚਲਦੀ ਏ।" ਲੱਖ ਅਸੀਂ ਜਤਨ ਕੀਤੇ, ਪਿਤਾ ਜੀ ਸਾਡੇ ਇਕ ਹਫ਼ਤੇ ਤੋਂ ਵਧੇਰੇ ਨਹੀਂ ਰੁਕੇ। ਵਾਪਸ ਪੰਜਾਬ ਤੁਰ ਗਏ, ਜਿਥੇ ਉਨ੍ਹਾਂ ਦੀ ਆਪਣੀ ਮਾਂ ਬੋਲੀ ਦਾ ਸੰਗੀਤ ਅੱਠੇ ਪਹਿਰ ਉਨ੍ਹਾਂ ਦੇ ਕੰਨਾਂ ਵਿਚ ਪੈਂਦਾ ਸੀ।
ਭੌਮਿਕ ਡਰਾਈਵਰ ਜਿਹੜਾ ਜੀਪ ਦੀ ਪਿਛਲੀ ਸੀਟ 'ਤੇ ਬੈਠਾ ਇਹ ਸਭ ਕੁਝ ਸੁਣ ਰਿਹਾ ਸੀ, ਆਖ਼ਰ ਬੋਲ ਪਿਆ, "ਅਬ ਮੇਰੀ ਬਾਰੀ ਹੈ।" ਉਹ ਕਹਿਣ ਲੱਗਾ ਤੇ ਜਿਹੜੀ ਕਹਾਣੀ ਉਹਨੇ ਸੁਣਾਈ, ਤਿੰਨੋਂ ਦੇ ਤਿੰਨੋਂ ਅਸੀਂ ਪੰਜਾਬੀ ਸੁਣ ਕੇ ਸ਼ਸ਼ਦਰ ਰਹਿ ਗਏ। ਧਰਤੀ ਵਿਹਲ ਨਹੀਂ ਦਿੰਦੀ ਸੀ ਕਿ ਉਸ ਵਿਚ ਸਮਾ ਜਾਈਏ।
ਉਨ੍ਹਾਂ ਦਿਨਾਂ ਵਿਚ ਭੌਮਿਕ ਸਿਪਾਹੀ ਹੁੰਦਾ ਸੀ। ਅਜੇ ਡਰਾਈਵਰੀ ਨਹੀਂ ਸੀ ਉਸ ਸਿੱਖੀ। ਇਹ ਪਾਕਿਸਤਾਨ ਨਾਲ ਹੋਈ 1971 ਦੀ ਜੰਗ ਦੇ ਦੌਰਾਨ ਦੀ ਘਟਨਾ ਹੈ। ਪੱਛਮੀ ਮੋਰਚੇ ਤੇ ਭਾਰਤੀ ਫੌਜਾਂ ਪਾਕਿਸਤਾਨ ਦੇ ਇਲਾਕੇ ਵਿਚ ਅੱਗੇ ਹੀ ਅੱਗੇ ਵਧਦੀਆਂ ਜਾ ਰਹੀਆਂ ਸਨ। ਸਿਆਲਕੋਟ ਦੇ ਨੇੜੇ ਰਾਤ ਨੂੰ ਇਹ ਫ਼ੈਸਲਾ ਹੋਇਆ ਕਿ ਅਗਲੀ ਸਵੇਰ ਸਰਘੀ ਵੇਲੇ ਸਾਡੀ ਇਕ ਟੁਕੜੀ ਸਾਹਮਣੀ ਚੱਟਾਨ ਦੀ ਸੱਜੀ ਬਾਹੀ ਵੱਲੋਂ ਅੱਗੇ ਵਧ ਕੇ ਦੁਸ਼ਮਣ ਨੂੰ ਘੇਰੇ ਵਿਚ ਲੈ ਲਵੇਗੀ ਤੇ ਦੂਜੀ ਟੁਕੜੀ ਖੱਬੀ ਬਾਹੀ ਵੱਲੋਂ ਉਸ 'ਤੇ ਹਮਲਾ ਕਰ ਦੇਵੇਗੀ। ਹਮਲੇ ਦਾ ਸਮਾਂ ਸਵੇਰੇ ਚਾਰ ਵਜੇ ਨੀਅਤ ਹੋਇਆ ਸੀ। ਇੰਜ ਜਾਪਦਾ ਹੈ, ਪਾਕਿਸਤਾਨੀਆਂ ਨੂੰ ਸਾਡੀ ਕਾਰਵਾਈ ਦੀ ਸੂਹ ਮਿਲ ਗਈ ਤੇ ਉਹ ਲੋਕ ਰਾਤੋ ਰਾਤ ਪਿੱਛੇ ਹਟ ਗਏ। ਅਗਲੀ ਸਵੇਰ ਠੀਕ ਚਾਰ ਵਜੇ ਖੱਬੀ ਬਾਹੀ ਵਾਲੀ ਟੁਕੜੀ ਨੇ ਸੁਣਿਆ, ਚੱਟਾਨ ਦੇ ਪਿੱਛੇ ਪੰਜਾਬੀ ਭੰਗੜਾ ਪਾ ਰਹੇ ਸਨ; ਤੇ ਉਨ੍ਹਾਂ ਨਾ ਅੱਗੇ ਵੇਖਿਆ ਨਾ ਪਿੱਛੇ, ਤੇ ਹਮਲਾ ਕਰ ਦਿੱਤਾ। ਅਸਲ ਵਿਚ ਪਾਕਿਸਤਾਨੀ ਫ਼ੌਜ ਨੂੰ ਮੈਦਾਨ ਖ਼ਾਲੀ ਕਰ ਗਿਆ ਵੇਖ ਕੇ ਸਾਡੀ ਆਪਣੀ ਹੀ ਸੱਜੇ ਪਾਸੇ ਦੀ ਟੁਕੜੀ ਉਥੇ ਪੁੱਜ ਕੇ ਮੌਜ ਮੇਲਾ ਕਰ ਰਹੀ ਸੀ। ਇਸ ਤੋਂ ਪੇਸ਼ਤਰ ਕਿ ਉਨ੍ਹਾਂ ਨੂੰ ਆਪਣੀ ਗ਼ਲਤੀ ਦਾ ਪਤਾ ਲੱਗਾ, ਕਈ ਭਾਰਤੀ, ਭਾਰਤੀਆਂ ਦੇ ਹੱਥੋਂ ਭੂਠੀ ਹੋ ਗਏ ਸਨ। ਪੰਜਾਬੀ ਬੋਲਣ ਵਾਲੇ ਪੰਜਾਬੀ ਬੋਲਣ ਵਾਲਿਆਂ ਦੇ ਤਵਾਹੇ ਲਾਹੁੰਦੇ ਰਹੇ। ਸੱਜੀ ਬਾਹੀ ਵਾਲੀ ਟੁਕੜੀ ਦਾ ਕਸੂਰ ਕੇਵਲ ਇਤਨਾ ਸੀ ਕਿ ਉਹ ਪੰਜਾਬੀ ਬੋਲ ਰਹੇ ਸਨ। ਪੰਜਾਬੀ ਭੰਗੜਾ ਪਾ ਰਹੇ ਸਨ।
"ਸਰਾਪੇ ਹੋਏ ਲੋਕ!" ਹੁਣ ਮੇਰੇ ਮੂੰਹ ਵਿਚੋਂ ਲਿਕਲਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਕਰਤਾਰ ਸਿੰਘ ਦੁੱਗਲ
  • ਮੁੱਖ ਪੰਨਾ : ਕਾਵਿ ਰਚਨਾਵਾਂ, ਕਰਤਾਰ ਸਿੰਘ ਦੁੱਗਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ