Shera (Punjabi Story) : S. Saki

ਸ਼ੇਰਾ (ਕਹਾਣੀ) : ਐਸ ਸਾਕੀ

ਉਸ ਦੀ ਇਸ ਵਾਰੀ ਦੀ ਹਰਕਤ ’ਤੇ ਤਾਂ ਜਿਵੇਂ ਗੁੱਸੇ ਦੇ ਮਾਰਿਆਂ ਮੇਰਾ ਲਹੂ ਹੀ ਉੱਬਲ ਕੇ ਰਹਿ ਗਿਆ। ਉਸ ਨੇ ਕੀਤਾ ਹੀ ਇਉਂ ਕਿ ਮੇਰੇ ਕੋਲੋਂ ਸਹਿ ਨਹੀਂ ਹੋਇਆ। ਮੈਨੂੰ ਦੂਰੋਂ ਆਉਂਦਾ ਵੇਖ ਪਹਿਲਾਂ ਤਾਂ ਉਹ ਸੜਕ ਦੇ ਇੱਕ ਪਾਸੇ ਚੁੱਪ ਕਰਕੇ ਖੜ੍ਹਾ ਰਿਹਾ, ਪਰ ਜਦੋਂ ਸਕੂਟਰ ਲੈ ਕੇ ਮੈਂ ਐਨ ਉਹਦੇ ਨੇੜੇ ਪਹੁੰਚਿਆ ਤਾਂ ਉਹ ਛਾਲ ਮਾਰ ਕੁਝ ਪਲਾਂ ਲਈ ਮੇਰੇ ਸਕੂਟਰ ਦੀ ਪਿਛਲੀ ਸੀਟ ’ਤੇ ਬਹਿ ਗਿਆ। ਫਿਰ ਉੱਥੋਂ ਕੁੱਦ ਕੇ ਨੇੜੇ ਦੀ ਕੰਧ ਨਾਲ ਖੜ੍ਹੇ ਮੰਜੇ ਦੇ ਪਾਵੇ ’ਤੇ ਜਾ ਚੜ੍ਹਿਆ। ਉਸ ਨੇ ਆਪਣੇ ਦੋਵੇਂ ਖੰਭ ਬਾਹਰ ਨੂੰ ਕੱਢੇ, ਹੋਰ ਹੀ ਤਰ੍ਹਾਂ ਨਾਲ ਉੱਤੇ ਨੂੰ ਚੁੱਕ ਫੜਫੜਾਏ ਅਤੇ ਫਿਰ ਜ਼ੋਰ ਦੀ ਬਾਂਗ ਦਿੰਦਿਆਂ ਸਰੀਰ ਜਿਵੇਂ ਅਕੜਾ ਕੇ ਲੰਬਾ ਕਰ ਲਿਆ।
ਅਜਿਹਾ ਹੁੰਦਿਆਂ ਵੇਖ ਗਲੀ ਦੇ ਮੋੜ ’ਤੇ ਇੱਕ ਪਾਸੇ ਨੂੰ ਕਰਕੇ ਡਹੇ ਮੰਜੇ ’ਤੇ ਤਾਸ਼ ਖੇਡਦੇ ਤਿੰਨ ਚਾਰ ਮੁੰਡੇ ਜ਼ੋਰ ਦੀ ਹੱਸ ਪਏ। ਹੋ ਸਕਦਾ ਭਾਵੇਂ ਉਹ ਆਪਣੀ ਹੀ ਕਿਸੇ ਗੱਲ ’ਤੇ ਹੱਸੇ ਹੋਣ, ਪਰ ਮੈਨੂੰ ਲੱਗਾ ਜਿਵੇਂ ਉਨ੍ਹਾਂ ਨੇ ਉਸ ਦੀ ਬੇਹੂਦਾ ਹਰਕਤ ’ਤੇ ਹੀ ਦੰਦੀਆਂ ਕੱਢੀਆਂ ਸਨ। ਅਸਲ ਵਿੱਚ ਜੇ ਵੇਖਾਂ ਤਾਂ ਇਸ ਵਿੱਚ ਕਸੂਰਵਾਰ ਮੈਂ ਹੀ ਸਾਂ। ਬਈ ਕੀ ਲੋੜ ਪਈ ਸੀ ਸ਼ੌਰਟਕੱਟ ਜਾਣ ਦੀ। ਰੋਜ਼ ਦਾ ਸਿੱਧਾ ਰਾਹ ਸੀ ਜਿਸ ਰਾਹੀਂ ਸਕੂਟਰ ’ਤੇ ਚੜ੍ਹਿਆ ਮੈਂ ਸਕੂਲ ਪਹੁੰਚ ਜਾਇਆ ਕਰਦਾ ਸੀ।
ਹੋਇਆ ਇੰਜ ਕਿ ਇੱਕ ਦਿਨ ਸਕੂਲ ਵੱਲ ਜਾਂਦੀ ਗਲੀ ਦੀ ਥਾਂ ਮੈਂ ਸਕੂਟਰ ਸੱਜੇ ਹੱਥ ਨੂੰ ਮੋੜ ਲਿਆ। ਉਹ ਗਲੀ ਪਾਰ ਕਰਕੇ ਮੈਂ ਸਕੂਲ ਪਹੁੰਚਿਆ। ਪਹਿਲੇ ਦਿਨ ਹੀ ਇਸ ਤਰ੍ਹਾਂ ਹੋਇਆ ਕਿ ਉਹ ਮੁਰਗਾ ਤਿੰਨ ਚਿੱਟੀਆਂ ਮੁਰਗੀਆਂ ਨੂੰ ਨਾਲ ਲੈ ਲੁੱਕ ਵਾਲੀ ਪੱਕੀ ਗਲੀ ’ਚ ਧਰਤੀ ਤੋਂ ਕੁਝ ਨਿੱਕ-ਸੁੱਕ ਚੁਗ ਕੇ ਖਾ ਰਿਹਾ ਸੀ। ਉਨ੍ਹਾਂ ਨੂੰ ਸੜਕ ਵਿਚਕਾਰ ਖੜ੍ਹਿਆਂ ਵੇਖ ਮੈਂ ਦੂਰੋਂ ਸਕੂਟਰ ਦਾ ਹਾਰਨ ਵਜਾਇਆ, ਇਹ ਜਾਣਦਿਆਂ ਵੀ ਕਿ ਸਕੂਟਰ ’ਤੇ ਲੱਗਾ ਹਾਰਨ ਜਾਨਵਰਾਂ ਲਈ ਨਹੀਂ ਹੁੰਦਾ, ਪਰ ਉਹ ਚਾਰੇ ਜਣੇ ਹਾਰਨ ਸੁਣ ਕੇ ਵੀ ਆਪਣੀ ਥਾਂ ਤੋਂ ਨਹੀਂ ਹਿੱਲੇ। ਫਿਰ ਜਦੋਂ ਸਕੂਟਰ ਐਨ ਉਨ੍ਹਾਂ ਚਾਰਾਂ ਦੇ ਨੇੜੇ ਪਹੁੰਚਣ ਵਾਲਾ ਹੋਇਆ ਤਾਂ ਉਸ ਦੀ ਖੜ-ਖੜ ਦੀ ਆਵਾਜ਼ ਸੁਣ ਕੇ ਆਪੇ ਇੱਕ ਪਾਸੇ ਨੂੰ ਹਟ ਗਏ। ਮੈਂ ਸਕੂਟਰ ਅੱਗੇ ਲੰਘਾ ਗਲੀ ਦਾ ਮੋੜ ਮੁੜ ਗਿਆ।
ਪਹਿਲੇ ਦਿਨ ਉਸ ਗਲੀ ਅਤੇ ਮੁਹੱਲੇ ਥਾਣੀਂ ਪਾਰ ਹੋ ਕੇ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਹ ਰਾਹ ਸੱਚਮੁਚ ਹੀ ਸ਼ੌਰਟਕੱਟ ਸੀ। ਭਾਵੇਂ ਇਸ ਵਿੱਚ ਪੈਟਰੋਲ ਦੀ ਬੱਚਤ ਦੀ ਗੱਲ ਤਾਂ ਬਹੁਤੀ ਦਿਮਾਗ਼ ਵਿੱਚ ਨਾ ਆਈ, ਪਰ ਸਕੂਲ ਪਹੁੰਚਣ ਵਿੱਚ ਪੰਜ ਸੱਤ ਮਿੰਟ ਦਾ ਵਕਤ ਜ਼ਰੂਰ ਘੱਟ ਲੱਗਾ। ਜਦੋਂ ਦੂਜੇ ਦਿਨ ਮੈਂ ਫਿਰ ਉਸ ਗਲੀ ਰਾਹੀਂ ਪਾਰ ਹੋਣ ਲੱਗਾ ਤਾਂ ਮੈਨੂੰ ਉਹ ਮੁਰਗਾ ਅਤੇ ਉਸ ਨਾਲ ਕੱਲ੍ਹ ਵਾਲੀਆਂ ਤਿੰਨ ਮੁਰਗੀਆਂ ਸੜਕ ’ਤੇ ਦਾਣਾ ਚੁਗਦੀਆਂ ਦਿਸੀਆਂ। ਦੂਰੋਂ ਆ ਰਹੇ ਸਕੂਟਰ ਦੀ ਆਵਾਜ਼ ਸੁਣਦਿਆਂ ਉਹ ਚਾਰੇ ਜਣੇ ਫਿਰ ਇੱਕ ਪਾਸੇ ਨੂੰ ਹੋ ਗਏ ਅਤੇ ਮੈਂ ਕੱਲ੍ਹ ਵਾਂਗ ਸਕੂਟਰ ਲੈ ਗਲੀ ਦਾ ਮੋੜ ਮੁੜ ਸਕੂਲ ਪਹੁੰਚ ਗਿਆ।
ਜਦੋਂ ਤੀਜਾ ਦਿਨ ਆਇਆ ਤਾਂ ਪਤਾ ਨਹੀਂ ਕਿਉਂ ਮੇਰੇ ਕੋਲੋਂ ਇੱਕ ਭੁੱਲ ਹੋ ਗਈ। ਉਹ ਮੁਰਗਾ ਫਿਰ ਪਹਿਲਾਂ ਵਾਂਗ ਉਨ੍ਹਾਂ ਤਿੰਨ ਮੁਰਗੀਆਂ ਨਾਲ ਗਲੀ ’ਚੋਂ ਕੁਝ ਨਿੱਕ-ਸੁੱਕ ਚੁਗ ਕੇ ਖਾ ਰਿਹਾ ਸੀ। ਉਹ ਤਾਂ ਚਾਰੋਂ ਰੋਜ਼ ਵਾਂਗ ਮੇਰੇ ਸਕੂਟਰ ਦੀ ਆਵਾਜ਼ ਸੁਣ ਕੇ ਇੱਕ ਪਾਸੇ ਨੂੰ ਹੋ ਗਏ, ਪਰ ਜਦੋਂ ਮੈਂ ਉਨ੍ਹਾਂ ਦੇ ਐਨ ਨੇੜੇ ਪਹੁੰਚਿਆ ਤਾਂ ਸਕੂਟਰ ਚਲਾਉਂਦਿਆਂ ਪਤਾ ਨਹੀਂ ਮੇਰੇ ਮਨ ਕੀ ਆਈ, ਮੈਂ ਸਕੂਟਰ ਦਾ ਅਗਲਾ ਪਹੀਆ ਅਚਾਨਕ ਗਲੀ ਦੇ ਇੱਕ ਪਾਸੇ ਦਾਣਾ ਚੁਗਦੀਆਂ ਉਨ੍ਹਾਂ ਤਿੰਨ ਮੁਰਗੀਆਂ ਵੱਲ ਕਰ ਦਿੱਤਾ। ਅਜਿਹਾ ਹੁੰਦਿਆਂ ਹੀ ਉਹ ਤਿੰਨੋਂ ਡਰ ਕੇ ਛਾਲ ਮਾਰ ਕੁੜ-ਕੁੜ ਕਰਦੀਆਂ ਇੱਕ ਪਾਸੇ ਨੂੰ ਉੱਡ ਗਈਆਂ। ਅਜਿਹਾ ਕਰਕੇ ਮੈਂ ਐਵੇਂ ਜਿਵੇਂ ਆਪਣੇ ਅੰਦਰੋ-ਅੰਦਰ ਮੁਸਕਰਾ ਪਿਆ।
ਜਦੋਂ ਇਸ ਤੋਂ ਅਗਲੇ ਦਿਨ ਮੈਂ ਉਧਰ ਆਇਆ ਤਾਂ ਦੂਰੋਂ ਉਨ੍ਹਾਂ ਚਾਰਾਂ ਨੂੰ ਖੜ੍ਹਿਆਂ ਵੇਖ ਮੈਨੂੰ ਕੱਲ੍ਹ ਵਾਲੀ ਸਕੂਟਰ ਉਨ੍ਹਾਂ ਵੱਲ ਮੋੜਨ ਦੀ ਗੱਲ ਚੇਤੇ ਆ ਗਈ। ਸ਼ਾਇਦ ਮੇਰੀ ਇਹ ਫਿਤਰਤ ਰਹੀ ਕਿ ਮੈਨੂੰ ਹਰ ਇੱਕ ਬੱਚੇ ਜਾਂ ਜੀਵ ਨਾਲ ਇੰਜ ਛੇੜਖਾਨੀ ਕਰਕੇ ਹਮੇਸ਼ਾਂ ਮਾਨਸਿਕ ਆਨੰਦ ਮਿਲਿਆ। ਜਦੋਂ ਮੈਂ ਕਿਸੇ ਬੱਚੇ ਨੂੰ ਮਾਂ ਦੀ ਉਂਗਲ ਫੜੀ ਸੜਕ ’ਤੇ ਤੁਰਿਆ ਜਾਂਦਾ ਵੇਖ ਉਹਦੇ ਨੇੜਿਓਂ ਲੰਘਦਿਆਂ ਉਹਦੀ ਮਾਂ ਤੋਂ ਅੱਖ ਬਚਾ ਬੱਚੇ ਦੇ ਸਿਰ ਦੇ ਵਾਲ ਮਲਕੜੇ ਦੇ ਕੇ ਖਿੱਚੇ, ਜਾਂ ਜੀਭ ਦਿਖਾਈ ਤਾਂ ਮੈਨੂੰ ਹਮੇਸ਼ਾਂ ਮਜ਼ਾ ਜਿਹਾ ਆਇਆ।
ਹਾਂ, ਗੱਲ ਤਾਂ ਮੈਂ ਉਸ ਮੁਰਗੇ ਦੀ ਕਰ ਰਿਹਾ ਸੀ। ਉਨ੍ਹਾਂ ਚਾਰਾਂ ਨੂੰ ਇਕੱਠੇ ਦਾਣਾ ਚੁਗਦਿਆਂ ਵੇਖ ਭਾਵੇਂ ਮੇਰੇ ਮਨ ਵਿੱਚ ਅਜਿਹਾ ਤਾਂ ਕੁਝ ਨਹੀਂ ਸੀ, ਪਰ ਅੱਜ ਦੀ ਬਾਜ਼ੀ ਤਾਂ ਉਨ੍ਹਾਂ ਜਿਵੇਂ ਆਪੇ ਮਾਰ ਲਈ। ਹੋਇਆ ਇਉਂ ਕਿ ਸਕੂਟਰ ਦੀ ਆਵਾਜ਼ ਸੁਣ ਉਹ ਤਿੰਨ ਚਿੱਟੀਆਂ ਮੁਰਗੀਆਂ ਤਾਂ ਪਹਿਲਾਂ ਹੀ ਹਰ ਰੋਜ਼ ਵਾਂਗ ਇੱਕ ਪਾਸੇ ਨੂੰ ਹਟ ਗਈਆਂ, ਪਰ ਉਹ ਮੁਰਗਾ ਐਨ ਡਟ ਕੇ ਗਲੀ ਵਿਚਕਾਰ ਖੜੋਤਾ ਰਿਹਾ। ਉਸ ਨੂੰ ਦੂਰੋਂ ਵੇਖ ਇੱਕ ਵਾਰੀ ਤਾਂ ਕੁਝ ਪਲਾਂ ਲਈ ਮਨ ’ਚ ਆਇਆ ਕਿਤੇ ਸਕੂਟਰ ਦੇ ਪਹੀਏ ਹੇਠ ਨਾ ਆ ਜਾਵੇ ਅਤੇ ਮੇਰੇ ਲਈ ਹੋਰ ਮੁਸੀਬਤ ਨਾ ਖੜ੍ਹੀ ਕਰ ਦੇਵੇ। ਅਜਿਹਾ ਹੋਣ ’ਤੇ ਇਸ ਮੁਹੱਲੇ ਵਿੱਚੋਂ ਮੇਰੇ ਲਈ ਸੁੱਕਾ ਬਾਹਰ ਨਿਕਲਣਾ ਔਖਾ ਹੋ ਜਾਵੇ, ਪਰ ਇੰਜ ਨਹੀਂ ਹੋਇਆ। ਜਦੋਂ ਸਕੂਟਰ ਐਨ ਉਹਦੇ ਸਰੀਰ ਨੂੰ ਛੂਹਣ ਨੂੰ ਹੋਇਆ ਤਾਂ ਉਸ ਨੇ ਸੱਜੇ ਪਾਸੇ ਨੂੰ ਛਾਲ ਮਾਰ ਦਿੱਤੀ। ਮੈਂ ਸਕੂਟਰ ਨੂੰ ਬਰੇਕ ਮਾਰਿਆ। ਉਸ ਨੇ ਮੇਰੇ ਵੱਲ ਵੇਖਿਆ, ਆਪਣੇ ਦੋਵੇਂ ਖੰਭ ਸਰੀਰ ਤੋਂ ਬਾਹਰ ਕੱਢੇ ਅਤੇ ਫਿਰ ਜ਼ੋਰ ਦੀ ਇੱਕ ਬਾਂਗ ਦੇ ਉਹ ਤਿੰਨ ਮੁਰਗੀਆਂ ਨਾਲ ਦਾਣਾ ਚੁਗਣ ਲੱਗਾ।
ਅਜਿਹਾ ਹੋਣ ’ਤੇ ਇੱਕ ਵਾਰੀ ਮੈਨੂੰ ਬਹੁਤ ਗੁੱਸਾ ਆਇਆ, ਪਰ ਸਕੂਲ ਜਾਂਦਿਆਂ ਤੀਕ ਮੈਂ ਇਹ ਗੱਲ ਭੁੱਲ ਗਿਆ। ਜਦੋਂ ਅਗਲੇ ਦਿਨ ਮੈਂ ਫਿਰ ਮੁਹੱਲੇ ਨੇੜੇ ਪਹੁੰਚਣ ਨੂੰ ਹੋਇਆ ਤਾਂ ਉਹ ਵਾਲੀ ਗੱਲ ਫਿਰ ਚੇਤੇ ਆ ਗਈ। ਮੈਨੂੰ ਉਹ ਉਸ ਲੰਬੀ ਗਲੀ ਦੇ ਅਖੀਰ ’ਤੇ ਤਿੰਨ ਮੁਰਗੀਆਂ ਨਾਲ ਖੜੋਤਾ ਦਿਸਿਆ। ਮੈਂ ਪਲਾਂ ਵਿੱਚ ਫ਼ੈਸਲਾ ਕਰ ਲਿਆ ਕਿ ਅੱਜ ਉਸ ਨੂੰ ਕੱਲ੍ਹ ਵਾਲੀ ਹਰਕਤ ਦਾ ਮਜ਼ਾ ਚਖਾ ਕੇ ਹੀ ਰਹਾਂਗਾ। ਸਕੂਟਰ ਦੀ ਆਵਾਜ਼ ਸੁਣ ਉਹ ਤਿੰਨੇ ਮੁਰਗੀਆਂ ਤਾਂ ਇੱਕ ਪਾਸੇ ਨੂੰ ਹਟ ਗਈਆਂ, ਪਰ ਉਹ ਉਸੇ ਤਰ੍ਹਾਂ ਕੱਲ੍ਹ ਵਾਂਗ ਡਟ ਕੇ ਗਲੀ ਵਿਚਕਾਰ ਖੜੋਤਾ ਰਿਹਾ। ਮੈਂ ਉਸ ਵੇਲੇ ਪੱਕਾ ਕਰ ਲਿਆ ਸੀ ਕਿ ਉਸ ਨੂੰ ਸਕੂਟਰ ਦੇ ਪਹੀਏ ਹੇਠਾਂ ਦੇ ਹੀ ਲਵਾਂਗਾ।
‘‘ਠੀਕ ਹੈ ਬੱਚੂ, ਮਾਰ ਤੂੰ ਵੀ ਕੱਲ੍ਹ ਵਾਂਗ ਸੱਜੇ ਪਾਸੇ ਛਾਲ। ਵੇਖੀਂ ਮੈਂ ਵੀ ਜੇ ਸਕੂਟਰ ਉਧਰ ਨੂੰ ਮੋੜ ਤੈਨੂੰ ਹੇਠਾਂ ਨਾ ਲੈ ਲਿਆ ਤਾਂ ਮੇਰਾ ਨਾਂ ਵੀ…।’’
ਪਰ ਇਹ ਕੀ ਜਦੋਂ ਸਕੂਟਰ ਐਨ ਉਹਦੇ ਨੇੜੇ ਪਹੁੰਚਿਆ ਅਤੇ ਮੈਂ ਸੱਜੇ ਪਾਸੇ ਨੂੰ ਮੋੜ ਉਸ ਨੂੰ ਹੇਠਾਂ ਲੈਣ ਨੂੰ ਹੋਇਆ ਤਾਂ ਉਸ ਨੇ ਖੱਬੇ ਪਾਸੇ ਛਾਲ ਮਾਰ ਦਿੱਤੀ। ਮੇਰਾ ਸਕੂਟਰ ਅਜੇ ਇੱਕ ਪਲ ਲਈ ਰੁਕਿਆ ਹੀ ਸੀ ਕਿ ਉਸ ਨੇ ਦੋਵੋਂ ਖੰਭ ਸਰੀਰ ’ਚੋਂ ਬਾਹਰ ਕੱਢ ਜ਼ੋਰ ਦੀ ਫੜਫੜਾਏ ਅਤੇ ਫਿਰ ਸਰੀਰ ਨੂੰ ਅਕੜਾ ਬਾਂਗ ਦਿੱਤੀ।
ਉਸ ਦਾ ਇਸ ਤਰ੍ਹਾਂ ਕਰਨਾ ਜਿਵੇਂ ਮੇਰੀ ਬਰਦਾਸ਼ਤ ਕਰਨ ਦੀ ਹੱਦੋਂ ਬਾਹਰ ਹੋ ਗਿਆ। ਫਿਰ ਤਾਂ ਇਹ ਰੋਜ਼ ਦਾ ਹੀ ਕੰਮ ਬਣ ਗਿਆ। ਜਿਵੇਂ ਉਹਦੇ ਅਤੇ ਮੇਰੇ ਵਿਚਕਾਰ ਇੱਕ ਜੰਗ ਛਿੜ ਪਈ ਹੋਵੇ। ਜਦੋਂ ਵੀ ਮੈਂ ਗਲੀ ਪਾਰ ਕਰਾਂ ਮੇਰੇ ਮਨ ’ਚ ਆਏ ਸਕੂਟਰੋਂ ਹੇਠਾਂ ਉਤਰਾਂ, ਉਸ ਨੂੰ ਫੜਾਂ ਅਤੇ ਚੀਰ ਕੇ ਰੱਖ ਦੇਵਾਂ, ਪਰ ਮੈਂ ਜਾਣਦਾ ਸੀ ਮੇਰੇ ਕੋਲੋਂ ਇਹ ਸਭ ਨਹੀਂ ਹੋਣਾ ਕਿਉਂਕਿ ਉਹ ਤਾਂ ਮੇਰੇ ਹੱਥ ਆਵੇਗਾ ਹੀ ਨਹੀਂ।
ਇੱਕ ਦਿਨ ਤਾਂ ਉਸ ਨੇ ਮੇਰੇ ਨਾਲ ਬਹੁਤ ਬਦਤਮੀਜ਼ੀ ਕੀਤੀ। ਮੈਂ ਜਦੋਂ ਗਲੀ ’ਚ ਸਕੂਟਰ ਮੋੜਿਆ ਤਾਂ ਵੇਖਿਆ ਉਹ ਤਿੰਨੋਂ ਮੁਰਗੀਆਂ ਨਾਲ ਗਲੀ ਦੇ ਇੱਕ ਪਾਸੇ ਨੂੰ ਹੋਇਆ ਜ਼ਮੀਨ ਤੋਂ ਕੁਝ ਚੁਗ ਕੇ ਖਾ ਰਿਹਾ ਸੀ। ਉਸ ਨੂੰ ਇਉਂ ਖੜੋਤਾ ਦੇਖ ਮੈਂ ਅੰਦਰੋ-ਅੰਦਰ ਬਹੁਤ ਖ਼ੁਸ਼ ਹੋਇਆ ਕਿ ਚਲੋ ਇਸ ਨੇ ਆਪੇ ਹਾਰ ਮੰਨ ਲਈ, ਨਹੀਂ ਤਾਂ ਗੱਲ ਵਧਦੀ ਹੀ ਰਹਿਣੀ ਸੀ।
ਪਰ ਇਹ ਕੀ ਜਦੋਂ ਮੈਂ ਉਹਦੇ ਨੇੜੇ ਨੂੰ ਪਹੁੰਚ, ਚੋਰ ਅੱਖ ਨਾਲ ਉਸ ਵੱਲ ਵੇਖਦਾ ਅੱਗੇ ਲੰਘਣ ਲੱਗਾ ਪਹਿਲਾਂ ਤਾਂ ਉਹ ਥਾਵੇਂ ਖੜੋਤਾ ਰਿਹਾ, ਪਰ ਫਿਰ ਛਾਲ ਮਾਰ ਮੇਰੇ ਸਕੂਟਰ ਦੀ ਪਿਛਲੀ ਸੀਟ ’ਤੇ ਬਹਿ ਗਿਆ ਅਤੇ ਉੱਥੋਂ ਕੁੱਦ ਕੰਧ ਨਾਲ ਖੜ੍ਹੇ ਕੀਤੇ ਮੰਜੇ ਦੇ ਪਾਵੇ ’ਤੇ ਜਾ ਚੜ੍ਹਿਆ ਅਤੇ ਖੰਭਾਂ ਨੂੰ ਜ਼ੋਰ ਦੀ ਫੜਫੜਾ ਇੱਕ ਬਾਂਗ ਦਿੱਤੀ।
ਅਜਿਹਾ ਹੋਣ ’ਤੇ ਤਾਂ ਜਿਵੇਂ ਮੇਰੇ ਸੱਤੀ ਕੱਪੜੀ ਅੱਗ ਲੱਗ ਗਈ। ਕੋਈ ਵਾਹ ਨਾ ਗਈ, ਨਹੀਂ ਤਾਂ ਮੈਂ ਉਸ ਦੀ ਪਲਾਂ ਵਿੱਚ ਧੌਣ ਮਰੋੜ ਦਿੰਦਾ। ਮੈਂ ਉਸੇ ਤਰ੍ਹਾਂ ਗੁੱਸੇ ’ਚ ਭਰਿਆ ਸਕੂਲ ਆ ਗਿਆ। ਸਕੂਲ ’ਚ ਬੀਤਿਆ ਸਾਰਾ ਵਕਤ ਬੱਸ ਆਪੇ ’ਚ ਭਰਿਆ ਹੀ ਲੰਘ ਗਿਆ। ਘਰ ਆ ਕੇ ਵੀ ਕੁਝ ਚੰਗਾ ਨਾ ਲੱਗਾ। ਜੇ ਸੱਚ ਪੁੱਛੋ, ਰਾਤੀਂ ਵੀ ਮੰਜੇ ’ਤੇ ਲੰਮੇ ਪਿਆਂ ਕਈ ਵਾਰੀ ਉਸ ਦਾ ਤੇ ਉਸ ਦੀ ਕੀਤੀ ਹਰਕਤ ਦਾ ਧਿਆਨ ਆਉਂਦਾ ਰਿਹਾ।
ਫਿਰ ਅਗਲਾ ਦਿਨ ਆਇਆ। ਸਵੇਰੇ ਉੱਠਦਿਆਂ ਤੀਕ ਮੈਂ ਪੱਕਾ ਕਰ ਲਿਆ ਸੀ ਕਿ ਭਾਵੇਂ ਕੁਝ ਵੀ ਹੋ ਜਾਵੇ ਅੱਜ ਉਸ ਨੂੰ ਛੱਡਾਂਗਾ ਨਹੀਂ। ਅਜਿਹਾ ਮਜ਼ਾ ਚਖਾਵਾਂਗਾ ਕਿ ਉਹ ਹਮੇਸ਼ਾਂ ਚੇਤੇ ਰੱਖੇਗਾ। ਸਾਰੀ ਉਮਰ ਨਹੀਂ ਭੁੱਲੇਗਾ। ਘਰੋਂ ਤੁਰਨ ਤੋਂ ਪਹਿਲਾਂ ਮੈਂ ਬਾਂਸ ਦਾ ਕੋਈ ਦੋ ਫੁੱਟ ਦਾ ਇੱਕ ਭਾਰੀ ਜਿਹਾ ਡੰਡਾ ਲੈ ਸਕੂਟਰ ਦੀ ਅਗਲੀ ਟੋਕਰੀ ’ਚ ਰੱਖ ਲਿਆ। ਮੈਨੂੰ ਆਪਣੇ ਨਿਸ਼ਾਨੇ ’ਤੇ ਪੱਕਾ ਭਰੋਸਾ ਸੀ। ਛੋਟੇ ਹੁੰਦਿਆਂ ਕੰਚੇ ਜਾਂ ਗੁੱਲੀ-ਡੰਡਾ ਖੇਡਦਿਆਂ ਮੇਰਾ ਨਿਸ਼ਾਨਾ ਐਨ ਪੱਕਾ ਹੁੰਦਾ ਸੀ। ਠੀਕ ਹੈ ਬਈ ਹੁਣ ਥੋੜ੍ਹੀ ਉਮਰ ਵਧ ਗਈ ਅਤੇ ਮੈਨੂੰ ਇਸ ਦਾ ਅਭਿਆਸ ਵੀ ਨਹੀਂ ਰਿਹਾ, ਪਰ ਇਹਦਾ ਇਹ ਮਤਲਬ ਤਾਂ ਨਹੀਂ ਕਿ ਮੈਂ ਉੱਕਾ ਹੀ ਨਿਸ਼ਾਨਾ ਨਹੀਂ ਲਗਾ ਸਕਾਂਗਾ। ਮੈਂ ਘਰੋਂ ਤੁਰਨ ਤੋਂ ਪਹਿਲਾਂ ਉਸ ਡੰਡੇ ਨੂੰ ਇੱਕ ਦੋ ਵਾਰੀ ਹੱਥ ’ਚ ਫੜ ਘੁੰਮਾ ਕੇ ਵੀ ਵੇਖਿਆ ਅਤੇ ਪਹਿਲਾਂ ਤੋਂ ਮਨ ਪੱਕਾ ਕਰ ਲਿਆ ਕਿ ਸਕੂਟਰ ’ਤੇ ਚੜ੍ਹਿਆਂ ਹੀ ਉਸ ਵੱਲ ਅਜਿਹਾ ਵਗਾਹ ਕੇ ਮਾਰਾਂਗਾ ਕਿ ਗਰਦਨ ’ਤੇ ਪੈਂਦਿਆਂ ਹੀ ਕੜਾਕ ਕਰ ਕੇ ਜਾਂ ਤਾਂ ਉਸ ਦੀ ਗਰਦਨ ਟੁੱਟ ਜਾਵੇਗੀ ਜਾਂ ਦੋਵੇਂ ਸੁੱਕੀਆਂ ਟੰਗਾਂ, ਜਿਨ੍ਹਾਂ ਨਾਲ ਨੱਸ-ਭੱਜ ਕਰਕੇ ਉਹ ਮੈਨੂੰ ਪਿਛਲੇ ਕਈ ਦਿਨਾਂ ਦਾ ਚਿੜਾਉਂਦਾ ਆ ਰਿਹਾ ਹੈ। ਫਿਰ ਦੇਖਾਂਗਾ ਉਹ ਕਿਵੇਂ ਛਾਲ ਮਾਰ ਕੇ ਕੰਧ ਨਾਲ ਲੱਗੇ ਮੰਜੇ ’ਤੇ ਚੜ੍ਹੇਗਾ?
ਸਕੂਟਰ ਲੈ ਕੇ ਜਿਉਂ ਜਿਉਂ ਮੈਂ ਇਸ ਮੁਹੱਲੇ ਵੱਲ ਵਧਦਾ ਜਾ ਰਿਹਾ ਸੀ ਮੇਰਾ ਗੁੱਸਾ ਵੀ ਓਨਾ ਹੀ ਤੀਬਰ ਹੁੰਦਾ ਜਾ ਰਿਹਾ ਸੀ ਜਿਵੇਂ ਮੇਰਾ ਹੱਥ ਉਸ ਬਾਂਸ ਦੇ ਡੰਡੇ ’ਤੇ ਲੱਗਦਾ ਜਾ ਰਿਹਾ ਹੋਵੇ ਅਤੇ ਮੈਂ ਅੱਖ ਥੋੜ੍ਹੀ ਜਿਹੀ ਮੀਚ ਲਈ ਹੋਵੇ ਤਾਂ ਕਿ ਮੇਰਾ ਨਿਸ਼ਾਨਾ ਖੁੰਝ ਨਾ ਜਾਵੇ।
ਪਹਿਲਾਂ ਉਹ ਮੁਹੱਲਾ ਆਇਆ ਅਤੇ ਫਿਰ ਉਹ ਗਲੀ। ਅਜੇ ਮੈਂ ਉਸ ’ਚ ਵੜਿਆ ਹੀ ਸੀ ਕਿ ਮੈਨੂੰ ਦੂਰ ਤੀਕ ਉਹ ਦਿਖਾਈ ਨਹੀਂ ਦਿੱਤਾ। ਭਾਵੇਂ ਇੱਕ ਪਲ ਲਈ ਮਨ ਵਿੱਚ ਆਇਆ ਵੀ ਕਿ ਅੱਜ ਉਹ ਡਰ ਗਿਆ ਹੋਣਾ, ਪਰ ਮੈਂ ਇਸ ਸੋਚ ਨੂੰ ਦੂਜੇ ਪਲ ਹੀ ਝੁਠਲਾ ਦਿੱਤਾ ਕਿਉਂਕਿ ਮੈਂ ਜਾਣਦਾ ਸੀ ਕਿ ਉਹ ਇੰਨਾ ਸਿੱਧਾ ਤੇ ਡਰਾਕਲ ਨਹੀਂ ਹੋ ਸਕਦਾ। ਜਦੋਂ ਮੈਂ ਗਲੀ ਦਾ ਮੋੜ ਮੁੜਨ ਲੱਗਾ ਤਾਂ ਅਚਾਨਕ ਮੈਨੂੰ ਸਕੂਟਰ ਰੋਕਣਾ ਪਿਆ ਕਿਉਂਕਿ ਮੇਰੀ ਨਜ਼ਰ ਕੁਝ ਦੂਰੀ ’ਤੇ ਚਲੀ ਗਈ ਜਿੱਥੇ ਉਹ ਛਾਤੀ ਕੱਢੀ ਪਾਰਕ ਵਿੱਚ ਟਹਿਲ ਰਿਹਾ ਸੀ, ਪਰ ਇਸ ਵਾਰੀ ਉਸ ਨਾਲ ਤਿੰਨ ਦੀ ਥਾਂ ਚਾਰ ਮੁਰਗੀਆਂ ਸਨ। ਚੌਥੀ ਮੁਰਗੀ ਗਹਿਰੇ ਲਾਲ ਖੰਭਾਂ ਵਾਲੀ ਸੀ।
ਅਜੇ ਮੈਂ ਸਕੂਟਰ ਰੋਕ ਕੇ ਉਨ੍ਹਾਂ ਵੱਲ ਦੇਖਣ ਹੀ ਲੱਗਾ ਸੀ ਕਿ ਉਸੇ ਮੋੜ ’ਤੇ ਪਹਿਲਾਂ ਤੋਂ ਹੀ ਖੜੋਤਾ ਵੀਹ ਕੁ ਸਾਲਾਂ ਦਾ ਇੱਕ ਗੱਭਰੂ ਆਪੇ ਬੋਲ ਪਿਆ, ‘‘ਭਾਈ ਸਾਹਿਬ ਕੀ ਵੇਖਦੇ ਹੋ? ਇਹ ਸਭ ਮੇਰੇ ਹੀ ਨੇ। ਇਹ ਲਾਲ ਮੁਰਗੀ ਤਾਂ ਮੈਂ ਕੱਲ੍ਹ ਹੀ ਦੋ ਸੌ ਦੀ ਖਰੀਦੀ ਹੈ। ਇਕਦਮ ਵਲਾਇਤੀ ਹੈ। ਨਾਲੇ ਜਦੋਂ ਦੀ ਇਹ ਆਈ ਹੈ ਸ਼ੇਰੇ ਦੀ ਖ਼ੁਸ਼ੀ ਤਾਂ ਵੇਖੀ ਹੀ ਨਹੀਂ ਜਾਂਦੀ। ਅਸਲ ਵਿੱਚ ਇਹ ਜਚਦੀ ਵੀ ਸ਼ੇਰੇ ਨਾਲ ਹੈ। ਫਿਰ ਸਾਹਿਬ! ਸਾਡਾ ਸ਼ੇਰਾ ਵੀ ਕਿਹੜਾ ਘੱਟ ਹੈ। ਇਸ ਨੇ ਮੁਰਗਿਆਂ ਦੀਆਂ ਲੜਾਈਆਂ ਵਿੱਚ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਨੇ। ਨਾ ਇਸ ਨੇ ਅਜੇ ਤੀਕ ਕਦੇ ਆਪਣੀ ਕੰਢ ਹੀ ਲਗਵਾਈ ਅਤੇ ਨਾ ਹੀ ਮੇਰੀ ਬੇਇੱਜ਼ਤੀ ਹੋਣ ਦਿੱਤੀ। ਮੈਂ ਵੀ ਤਾਂ ਇਸ ਨੂੰ ਰੋਜ਼ ਰਾਤੀਂ ਦਸ ਬਦਾਮ ਭਿਉਂ ਕੇ ਸਵੇਰੇ ਆਪਣੇ ਹੱਥੀਂ ਖੁਆਉਂਦਾ ਹਾਂ। ਤੁਸੀਂ ਧਿਆਨ ਨਾਲ ਵੇਖੋ ਇਸ ਵੱਲ, ਕਿਵੇਂ ਛਾਤੀ ਬਾਹਰ ਨੂੰ ਕੱਢੀ ਖੜੋਤਾ ਮੇਰਾ ਸ਼ੇਰਾ!’’
ਉਸ ਗੱਭਰੂ ਦੀ ਗੱਲ ਸੁਣ ਮੈਂ ਸ਼ੇਰੇ ਵੱਲ ਵੇਖਣ ਲਈ ਮਜਬੂਰ ਹੋ ਗਿਆ, ਪਰ ਉਸ ਨੂੰ ਤਾਂ ਜਿਵੇਂ ਮੇਰੀ ਅੱਜ ਪਰਵਾਹ ਹੀ ਨਹੀਂ ਸੀ। ਉਹ ਤਾਂ ਉਸ ਲਾਲ ਮੁਰਗੀ ਨਾਲ ਇੰਨਾ ਮਸਤ ਸੀ ਜਿਵੇਂ ਕਿਸੇ ਫ਼ਿਲਮ ਦਾ ਹੀਰੋ ਹੋਵੇ।
ਇਸ ਤੋਂ ਬਾਅਦ ਤਾਂ ਮੇਰੀ ਅਤੇ ਸ਼ੇਰੇ ਦੀ ਲੜਾਈ ਜਿਵੇਂ ਹਮੇਸ਼ਾਂ ਲਈ ਮੁੱਕ ਹੀ ਗਈ ਸਗੋਂ ਮੈਨੂੰ ਤਾਂ ਉਹ ਬਹੁਤ ਚੰਗਾ ਵੀ ਲੱਗਣ ਲੱਗਾ। ਫਿਰ ਤਾਂ ਮੈਂ ਰੋਜ਼ ਹੀ ਜਾਣਬੁੱਝ ਕੇ ਸ਼ੇਰੇ ਨੂੰ ਵੇਖਣ ਲਈ ਉਸ ਗਲੀ ਥਾਣੀਂ ਨਿਕਲਣ ਲੱਗਾ। ਜਦੋਂ ਵੀ ਮੇਰੀ ਨਜ਼ਰ ਸ਼ੇਰੇ ’ਤੇ ਪਵੇ ਤਾਂ ਉਹ ਮੈਨੂੰ ਦੂਰੋਂ ਤਿੰਨ ਚਿੱਟੀਆਂ ਅਤੇ ਇੱਕ ਲਾਲ ਮੁਰਗੀ ਨਾਲ ਘੁੰਮਦਾ ਦਿਸੇ। ਉਸ ਲਾਲ ਮੁਰਗੀ ਨਾਲ ਤਾਂ ਉਹ ਇਉਂ ਰਹੇ ਜਿਵੇਂ ਉਹ ਬਹੁਤ ਉਹਦੀ ਆਪਣੀ ਹੁੰਦੀ ਹੈ।
ਇੱਕ ਦਿਨ ਸ਼ਨਿੱਚਰਵਾਰ ਤੋਂ ਬਾਅਦ ਐਤਵਾਰ ਦਾ ਦਿਨ ਵਿਚਕਾਰ ਆ ਗਿਆ। ਛੁੱਟੀ ਹੋਣ ਕਰਕੇ ਮੈਂ ਸਕੂਲ ਨਾ ਗਿਆ। ਉਸ ਦਿਨ ਦੋ ਵਾਰੀ ਸ਼ੇਰੇ ਦੀ ਯਾਦ ਆਈ। ਸੋਮਵਾਰ ਨੂੰ ਜਦੋਂ ਮੈਂ ਸਵੇਰੇ ਉਸ ਗਲੀ ਵਿੱਚੋਂ ਲੰਘਿਆ ਤਾਂ ਸਕੂਟਰ ਚੱਲਦਿਆਂ ਅਚਾਨਕ ਨਜ਼ਰ ਉਪਰ ਉਸ ਪਾਰਕ ਵੱਲ ਚਲੀ ਗਈ ਜਿੱਧਰ ਸ਼ੇਰਾ ਰੋਜ਼ ਉਨ੍ਹਾਂ ਚਾਰ ਮੁਰਗੀਆਂ ਨਾਲ ਧਰਤੀ ਤੋਂ ਦਾਣਾ ਚੁਗਦਾ ਦਿਸਦਾ ਸੀ, ਪਰ ਨਜ਼ਰ ਮਾਰਿਆਂ ਵੀ ਉਹ ਕਿਤੇ ਦਿਖਾਈ ਨਾ ਦਿੱਤਾ।
‘‘ਕਿਤੇ ਇੱਧਰ-ਉੱਧਰ ਹੋ ਗਿਆ ਹੋਣਾ।’’ ਮੈਂ ਆਪਣੇ ਆਪ ਨੂੰ ਇਹ ਕਹਿ ਸਕੂਲ ਨੂੰ ਨਿਕਲ ਗਿਆ, ਪਰ ਉਹ ਤਾਂ ਅਗਲੇ ਦਿਨ ਵੀ ਉਨ੍ਹਾਂ ਮੁਰਗੀਆਂ ਨਾਲ ਨਹੀਂ ਦਿਸਿਆ। ਮਨ ਅੰਦਰ ਉਹਦਾ ਖਿਆਲ ਜਿਹਾ ਆਇਆ, ਪਰ ਜਿਵੇਂ ਇਹ ਸੋਚ ਫਿਰ ਚੁੱਪ ਕਰ ਗਿਆ ਕਿ ਇੱਧਰੇ ਕਿਤੇ ਹੋਣਾ। ਪਰ ਤਿੰਨ-ਚਾਰ ਦਿਨ ਲੰਘ ਜਾਣ ’ਤੇ ਵੀ ਉਹ ਦਿਖਾਈ ਨਹੀਂ ਦਿੱਤਾ।
ਫਿਰ ਇੱਕ ਦਿਨ ਜਦੋਂ ਮੈਂ ਹਰ ਰੋਜ਼ ਵਾਂਗ ਸਵੇਰੇ ਉਸ ਗਲੀ ਵਿੱਚ ਵੜਿਆ ਤਾਂ ਦੇਖਿਆ ਉਹਦੇ ਅਖੀਰ ਦੇ ਮੋੜ ’ਤੇ ਉਹੀ ਗੱਭਰੂ ਖੜੋਤਾ ਸੀ ਜਿਸ ਨੇ ਮੈਨੂੰ ਸ਼ੇਰੇ ਬਾਰੇ ਦੱਸਿਆ ਸੀ। ਮੈਂ ਉਹਦੇ ਨੇੜੇ ਸਕੂਟਰ ਰੋਕ ਦਿੱਤਾ।
‘‘ਹੋਰ ਸੁਣਾਓ ਭਾਈ ਸਾਹਿਬ, ਕੀ ਹਾਲ ਹੈ? ਕਿਵੇਂ ਚੁੱਪ-ਚਾਪ ਖੜੋਤੇ ਹੋ?’’
ਮੇਰੀ ਗੱਲ ’ਤੇ ਉਹ ਗੱਭਰੂ ਕੁਝ ਨਹੀਂ ਬੋਲਿਆ। ਬੱਸ ਇੱਕ ਵਾਰੀ ਮੇਰੇ ਵੱਲ ਝਾਕ ਕੇ ਫਿਰ ਪਹਿਲਾਂ ਵਾਂਗ ਉੱਧਰ ਵੇਖਣ ਲੱਗਾ ਜਿੱਧਰ ਉਹ ਚਾਰ ਮੁਰਗੀਆਂ ਦਾਣਾ ਚੁਗ ਰਹੀਆਂ ਸਨ। ‘‘ਕੀ ਗੱਲ ਬਈ, ਕਈ ਦਿਨਾਂ ਦਾ ਸਾਡਾ ਉਹ ਸ਼ੇਰਾ ਨਹੀਂ ਦੀਂਹਦਾ? ਕੀ ਕਿਤੇ ਬਾਹਰ ਭੇਜ ਦਿੱਤਾ?’’ ਇਸ ਵਾਰ ਵੀ ਮੇਰੇ ਸਵਾਲਾਂ ਦੇ ਜਵਾਬ ਵਿੱਚ ਉਸ ਗੱਭਰੂ ਨੇ ਕੁਝ ਨਹੀਂ ਕਿਹਾ। ਜਦੋਂ ਉਸ ਨੇ ਇਸ ਵਾਰੀ ਮੇਰੇ ਵੱਲ ਵੇਖਿਆ ਤਾਂ ਜਿਵੇਂ ਉਹ ਸ਼ਕਲੋਂ ਰੋਣਹਾਕਾ ਲੱਗਿਆ।
‘‘ਕੀ ਗੱਲ ਬਈ ਸੁੱਖ-ਸਾਂਦ ਤਾਂ ਹੈ? ਸਾਡਾ ਸ਼ੇਰਾ…?’’ ਮੈਂ ਇੰਨਾ ਕਹਿ ਗੱਲ ਵਿਚਕਾਰ ਛੱਡ ਦਿੱਤੀ। ਇਸ ਵਾਰੀ ਮੇਰੀ ਛੱਡੀ ਅਧੂਰੀ ਗੱਲ ਦੇ ਜਵਾਬ ਵਿੱਚ ਗਲਾ ਸਾਫ਼ ਕਰਦਿਆਂ ਉਸ ਨੂੰ ਬੋਲਣਾ ਹੀ ਪਿਆ, ‘‘ਕੀ ਦੱਸੀਏ ਭਾਈ ਸਾਹਿਬ! ਮੇਰੀ ਇੱਕ ਵੱਡੀ ਭੈਣ ਫ਼ੌਜੀ ਨਾਲ ਵਿਆਹੀ ਹੋਈ ਹੈ। ਐਤਵਾਰ ਵਾਲੇ ਦਿਨ ਉਹ ਐਵੇਂ ਛੁੱਟੀ ਲੈ ਦਿੱਲੀ ਘੁੰਮਣ ਆ ਗਏ। ਜੀਜਾ ਵੀ ਨਾਲ ਸੀ। ਉਹ ਖਾਣ-ਪੀਣ ਦਾ ਬਹੁਤ ਸ਼ੌਕੀਨ ਹੈ। ਲੋਹੇ ਦੇ ਟਰੰਕ ’ਚ ਰੰਮ ਦੀਆਂ ਦੋ ਬੋਤਲਾਂ ਵੀ ਲੈਂਦਾ ਆਇਆ ਸੀ। ਬਈ ਜਵਾਈ ਦੇ ਘਰ ਆਇਆਂ ਮੇਰੇ ਪਿਉ ਨੇ ਉਹਦੀ ਇੱਜ਼ਤ ਤੇ ਸੇਵਾ ਤਾਂ ਕਰਨੀ ਹੀ ਸੀ। ਮੈਂ ਕਿਤੇ ਸਵੇਰੇ ਆਪਣੇ ਇੱਕ ਮਿੱਤਰ ਨੂੰ ਮਿਲਣ ਚਲਾ ਗਿਆ ਅਤੇ ਮੇਰੇ ਗੈਰਹਾਜ਼ਰੀ ’ਚ ਪਿਉ ਨੇ ਸ਼ੇਰੇ ਨੂੰ ਝਟਕ…।’’
ਉਸ ਗੱਭਰੂ ਦੀ ਗੱਲ ਇੱਥੇ ਹੀ ਰੁਕ ਗਈ ਅਤੇ ਉਹਨੇ ਚਿਹਰਾ ਫੱਟ ਦੂਜੇ ਪਾਸੇ ਭੁਆਂ ਲਿਆ ਜਿਵੇਂ ਉਹ ਅੱਖਾਂ ਵਿੱਚ ਭਰੇ ਹੰਝੂਆਂ ਨੂੰ ਬਾਹਰ ਨਿਕਲਦਿਆਂ ਮੈਨੂੰ ਨਹੀਂ ਸੀ ਦਿਖਾਉਣਾ ਚਾਹੁੰਦਾ। ਪਲਾਂ ਵਿੱਚ ਸਾਡੇ ਦੋਵਾਂ ਵਿੱਚ ਇੰਨੀ ਖ਼ਾਮੋਸ਼ੀ ਛਾ ਗਈ ਜਿਵੇਂ ਅਸੀਂ ਦੋਵੇਂ ਮਿਲ ਕੇ ਸ਼ੇਰੇ ਦੀ ਮੌਤ ਦਾ ਅਫ਼ਸੋਸ ਕਰ ਰਹੇ ਹੋਈਏ। ਸ਼ੇਰੇ ਦਾ ਅਜਿਹਾ ਅੰਤ ਸੁਣ ਮੇਰਾ ਵੀ ਮਨ ਖਰਾਬ ਹੋ ਗਿਆ ਸੀ। ਮੈਂ ਚੁੱਪ-ਚਾਪ ਸਕੂਟਰ ਲੈ ਸਕੂਲ ਵੱਲ ਤੁਰ ਪਿਆ। ਇਸ ਤੋਂ ਬਾਅਦ ਤਾਂ ਮੈਂ ਕਦੇ ਵੀ ਸ਼ੌਰਟਕੱਟ ਲਈ ਉਸ ਗਲੀ ਰਾਹੀਂ ਨਿਕਲ ਸਕੂਲ ਨਹੀਂ ਗਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਐਸ. ਸਾਕੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ