Suneha (Punjabi Story) : Navtej Singh

ਸੁਨੇਹਾ (ਕਹਾਣੀ) : ਨਵਤੇਜ ਸਿੰਘ

“ਤੁਸੀਂ ਤਾਂ ਜਾਣਦੇ ਈ ਓ ਸਰਦਾਰ ਜੀ, ਆਜ਼ਾਦੀ ਤੋਂ ਪਹਿਲਾਂ ਦਾ ਮੈਂ ਏਸੇ ਰੂਟ ਉਤੇ ਬੱਸ ਚਲਾ ਰਿਹਾ ਆਂ। ਉਦੋਂ ਅੱਧੇ ਤੋਂ ਵੱਧ ਰਾਹ ਕੱਚਾ ਸੀ। ਹੁਣ ਤਾਂ ਤੋੜ ਪੱਕੇ ਗੋਲੇ ਦੀ ਬਾਦਸ਼ਾਹੀ ਏ। ਉਦੋਂ ਸ਼ਹਿਰੋਂ ਬਾਹਰ ਹੋਏ ਨਹੀਂ, ਤੇ ਬੱਸ ਬਿਜਲੀ ਦਾ ਲਾਟੂ ਲੋਪ, ਤੇ ਹੁਣ ਸੁੱਖ ਨਾਲ ਸਾਰੀ ਵਾਟ ਹੀ ਕਈ ਥਾਈਂ ਲਾਟੂਆਂ ਦੀ ਝਿਲਮਿਲ, ਤੇ ਕਈ ਥਾਈਂ ਬੰਬੀਆਂ ਦੀ ਘੂਕਰ।
“ਨਾਲੇ ਬੜਾ ਵਧੀਆ ਕਾਨੂੰਨ ਬਣ ਗਿਆ ਏ। ਸਾਨੂੰ ਹੁਕਮ ਹੋ ਗਿਆ ਏ ਕਿ ਬਾਰਾਂ ਵਰ੍ਹਿਆਂ ਤੋਂ ਘੱਟ ਉਮਰ ਦੇ ਮੁੰਡੇ-ਕੁੜੀਆਂ ਨੂੰ ਸਕੂਲੇ ਜਾਂਦਿਆਂ ਜਾਂ ਛੁੱਟੀ ਵੇਲੇ ਘਰ ਆਉਂਦਿਆਂ ਬੱਸ ਵਿਚ ਮੁਫ਼ਤ ਚੜ੍ਹਾਇਆ ਜਾਏ।
“ਹਾਂ, ਕਈ ਤਾਂ ਸ਼ੱਕ ਕਰਦੇ ਨੇ ਕਿ ਇਹ ਕਾਨੂੰਨ ਵੋਟਾਂ ਪੈਣ ਤੱਕ ਹੀ ਲਾਗੂ ਏ, ਪਿੱਛੋਂ ਕਿਸੇ ਨਹੀਂ ਪੁੱਛਣਾ।
“ਹਾਂ ਸਰਦਾਰ ਜੀ, ਮੈਂ ਤਾਂ ਇਕ ਜ਼ਮਾਨੇ ਤੋਂ ਬਾਲਾਂ ਨੂੰ ਚਾੜ੍ਹ ਲੈਂਦਾ ਹੁੰਦਾ ਸਾਂ, ਉਦੋਂ ਵੀ ਜਦੋਂ ਮੇਰੀ ਸਾਰੀ ਰੂਟ ਉਤੇ ਸਹੁੰ ਖਾਣ ਨੂੰ ਇਕ ਸਕੂਲ ਨਹੀਂ ਸੀ ਹੁੰਦਾ, ਹੁਣ ਤੇ ਆਜ਼ਾਦੀ ਪਿੱਛੋਂ ਸੁੱਖ ਨਾਲ ਬੜੇ ਸਕੂਲ ਖੁੱਲ੍ਹੇ ਨੇ, ਭਾਵੇਂ ਪੜ੍ਹਨ ਵਾਲਿਆਂ ਦੀ ਗਿਣਤੀ ਨਾਲ ਹਾਲੇ ਵੀ ਸਕੂਲਾਂ ਦੀ ਗਿਣਤੀ ਮੇਚੇ ਨਹੀਂ ਆਈ, ਪਰ ਕਈ ਡਰੈਵਰ ਬੜੇ ਅੜਬ ਹੁੰਦੇ ਨੇ ਜੀ, ਉਨ੍ਹਾਂ ਨੂੰ ਹੁਣ ਏਸ ਕਾਨੂੰਨ ਕਰ ਕੇ ਬੱਚੇ ਚੜ੍ਹਾਉਣੇ ਪੈਣਗੇ।
“ਮੈਨੂੰ ਇਕ ਵਾਰ ਦੀ ਗੱਲ ਚੇਤੇ ਆ ਗਈ। ਉਦੋਂ ਹਾਲੀਂ ਇਹ ਦੋ ਮੀਲ ਦਾ ਟੋਟਾ ਕੱਚਾ ਹੁੰਦਾ ਸੀ। ਮੈਨੂੰ ਮੁਹਰਕਾ ਤਾਪ ਹੋ ਗਿਆ। ਮੇਰੇ ਇਵਜ਼ੀ ਸੁਰੈਣ ਸਿੰਘ ਡਰੈਵਰ ਆਇਆ। ਸਿਖਰ ਦੁਪਹਿਰੇ ਕਿਤਾਬਾਂ ਫੜੀ ਬੱਚੇ ਨੰਗੀ ਪੈਰੀਂ ਪਏ ਭੁੱਜਣ, ਪਰ ਉਹ ਪਿਉ ਦਾ ਪੁੱਤ ਬੱਸ ਹੀ ਨਾ ਰੋਕੇ! ਬਾਲ ਵੀ ਬੜੇ ਢੰਗੀ ਹੁੰਦੇ ਨੇ। ਉਨ੍ਹਾਂ ਕੱਚੇ ਟੋਟੇ ਦੀ ਪੁਲੀ ਵਿਚੋਂ ਇੱਟਾਂ ਕੱਢ ਛੱਡੀਆਂ। ਬੜੀ ਖੱਜਲ-ਖੁਆਰੀ ਹੋਈ, ਪਰ ਸੁਰੈਣ ਸਿੰਘ ਨੇ ਅੱਗਿਉਂ ਲਈ ਕੰਨਾਂ ਨੂੰ ਹੱਥ ਲਾ ਲਏ ਤੇ ਬੱਚਿਆਂ ਲਈ ਰੋਜ਼ ਬੱਸ ਰੋਕਣ ਲੱਗ ਪਿਆ। ਜਿਸ ਸੁਰੈਣੇ ਤੋਂ ਫੰਨੇ ਖਾਂ ਅੱਡੇ ਕੰਟਰੋਲਰ ਤ੍ਰਹਿੰਦੇ ਹੁੰਦੇ ਸਨ, ਉਹਨੂੰ ਨਿੱਕੇ-ਨਿੱਕੇ ਬੱਚਿਆਂ ਨੇ ਬੰਦਾ ਬਣਾ ਲਿਆ।
“ਬਸਤੇ ਕੱਛੇ ਮਾਰੀ, ਪੈਰੋਂ ਨੰਗੇ ਬਾਲਾਂ ਨੂੰ ਜਦੋਂ ਬੱਸ ਵਿਚ ਬਿਠਾ ਲਈਏ ਤਾਂ ਉਹ ਜਿਵੇਂ ਮਿੱਠਾ ਮਿੱਠਾ ਤੁਹਾਡੇ ਵੱਲ ਤੱਕਦੇ ਨੇ, ਉਨ੍ਹਾਂ ਦੇ ਮੂੰਹਾਂ ਉਤਲੀ ਖੁਸ਼ੀ ਤੱਕ ਕੇ ਪਲ ਦੀ ਪਲ ਤਾਂ ਸੱਜਰੇ ਹੋਏ ਚਲਾਨ ਦਾ ਦੁੱਖ ਵੀ ਵਿਸਰ ਜਾਂਦਾ ਏ। ਤੇ ਇਹ ਵੀ ਵਿਸਰ ਜਾਂਦਾ ਕਿ ਪਹਿਲੀ ਤਰੀਕ ਕਦੋਂ ਦੀ ਚੜ੍ਹੀ ਹੋਈ ਏ, ਤੇ ਦਫਤਰ ਵੱਲੋਂ ਤਲਬ ਮਿਲਣ ਦੀ ਹਾਲੀ ਕੋਈ ਉਘ-ਸੁੱਘ ਨਹੀਂ। ਸਹੁੰ ਰੱਬ ਦੀ, ਕਿਸੇ ਵਧੀਆ ਤੋਂ ਵਧੀਆ ਵਲੈਤੀ ਸ਼ਰਾਬ ਨੇ ਵੀ ਕੀ ਗਮ ਗਲਤ ਕਰਨਾ ਏਂ!
“ਜਦੋਂ ਦਾ ਇਹ ਨਵਾਂ ਕਾਨੂੰਨ ਬਣਿਆ ਏ, ਬੜੇ ਸਾਰੇ ਮੁੰਡੇ ਛੁੱਟੀ ਹੋਣ ‘ਤੇ ਨਹਿਰ ਦੇ ਪੁਲ ਲਾਗੇ ਅੰਬਾਂ ਥੱਲੇ ਬਹਿ ਕੇ ਬੱਸ ਉਡੀਕਦੇ ਰਹਿੰਦੇ ਨੇ। ਕੋਈ ਉਥੇ ਹੀ ਘਰ ਦੇ ਕੰਮ ਲਈ ਮਿਲੇ ਸਵਾਲ ਕੱਢਣ ਲੱਗ ਪੈਂਦਾ ਏ, ਕੋਈ ਘਾਹ ਉਤੇ ਬਿੰਦ ਕੁ ਟੇਢਾ ਹੋ ਲੈਂਦਾ ਏ। ਤੇ ਜਦੋਂ ਪੁਲ ਕੋਲ ਪੁੱਜ ਕੇ ਉਨ੍ਹਾਂ ਲਈ ਮੈਂ ਬੱਸ ਰੋਕਦਾ ਆਂ, ਤਾਂ ਉਹ ਨੱਚਦੇ-ਨੱਚਦੇ ਆ ਮੇਰੇ ਦੁਆਲੇ ਹੁੰਦੇ ਨੇ। ਤੇ ਮੈਂ ਉਨ੍ਹਾਂ ਨੂੰ ਕਹਿਨਾਂ ਵਾਂ, “ਹੁਣ ਤੁਸੀਂ ਲਿਹਾਜ਼ੀ ਨਹੀਂ ਚੜ੍ਹ ਰਹੇ, ਸਾਡਾ ਦੇਸ਼ ਆਜ਼ਾਦ ਹੋ ਗਿਆ ਏ, ਤੇ ਉਹਨੇ ਪੜ੍ਹਨ ਵਾਲੇ ਪੁੱਤਰਾਂ-ਧੀਆਂ ਨੂੰ ਬੱਸ ਦੀ ਸਵਾਰੀ ਦਾ ਹੱਕ ਦੇ ਦਿੱਤਾ ਏ।”
“ਮੇਰੀ ਜ਼ਿੰਦਗੀ ਬਾਰੇ ਪੁੱਛਿਆ ਜੇ ਸਰਦਾਰ ਜੀ? ਜ਼ਿੰਦਗੀ ਖੂਬ ਲੰਘੀ ਏ, ਤੇ ਖੂਬ ਲੰਘ ਰਹੀ ਏ। ਸਾਡੇ ਕਿੱਤੇ ਵਿਚ ਜ਼ਿੰਦਗੀ ਨਿੱਤ ਨਵੀਂ ਹੁੰਦੀ ਰਹਿੰਦੀ ਏ, ਨਿੱਤ ਨਵੇਂ ਲੋਕਾਂ ਨਾਲ ਵਾਹ ਜੂ ਪਿਆ ਰਹਿੰਦਾ ਹੈ। ਪਿੰਡੋਂ ਸ਼ਹਿਰ ਸੁਨੇਹੇ ਪੁਚਾਈਦੇ ਨੇ, ਸ਼ਹਿਰੋਂ ਚੀਜ਼ਾਂ ਪਿੰਡ ਕਈਆਂ ਲਈ ਲਿਆਈਦੀਆਂ ਨੇ।
“ਏਨਾ ਪੁਰਾਣਾ ਏਸ ਰੂਟ ਉਤੇ ਚੱਲਣ ਕਰ ਕੇ ਸੁਨੇਹਿਆਂ ਤੇ ਚੀਜ਼ਾਂ ਲਿਆਉਣ ਦੀ ਕਾਫੀ ਭਰਮਾਰ ਰਹਿੰਦੀ ਏ, ਪਰ ਮੈਂ ਵੀ ਕਦੇ ਵਗਾਰ ਨਹੀਂ ਜਾਣੀ। ਰਤਾ ਕੁ ਖੇਚਲ ਨਾਲ ਅਗਲੇ ਦਾ ਏਨਾ ਕੰਮ ਸੌਰ ਜਾਂਦਾ ਏ। ਤੇ ਲੋਕਾਂ ਦੇ ਖੁਸ਼ ਮੂੰਹਾਂ ਦਾ ਸੁਖਾਵਾਂ ਚੇਤਾ ਰਾਤ ਨੂੰ ਇੰਜ ਨੀਂਦਰ ਲਿਆਉਂਦਾ ਏ, ਜਿਵੇਂ ਕਿਤੇ ਆਪਣੇ ਟੱਬਰ ਤੋਂ ਦੂਰ ਬੱਸ ਦੀ ਕਰੜੀ ਛੱਤ ਉਤੇ ਨਹੀਂ, ਸਗੋਂ ਫੁੱਲਾਂ ਦੀ ਸੇਜ ਉਤੇ ਪਏ ਆਂ!
“ਸੁਨੇਹੇ ਤੇ ਚੀਜ਼ਾਂ ਪੁਛਦੇ ਓ ਸਰਦਾਰ ਜੀ? ਸੁਨੇਹਿਆਂ ਤੇ ਚੀਜ਼ਾਂ ਦੀਆਂ ਵੀ ਅਨੇਕਾਂ ਕਿਸਮਾਂ ਨੇ। ਕੋਈ ਨਤੀਜੇ ਵਾਲੇ ਦਿਨ ਦੀ ਅਖਬਾਰ ਲੁਕੋ ਕੇ ਮੰਗਵਾਂਦਾ ਏ, ਕੋਈ ਬਿਮਾਰ ਵਹੁਟੀ ਲਈ ਟੀਕੇ ਮੰਗਵਾਂਦਾ ਏ, ਕਿਸੇ ਦੇ ਘਰ ਕੋਈ ਬਹੁਤ ਟੈਂ ਵਾਲਾ ਪ੍ਰਾਹੁਣਾ ਆਇਆ ਹੁੰਦਾ ਏ ਜਿਦ੍ਹੀ ਸੇਵਾ ਸ਼ਹਿਰੋਂ ਫਲ, ਸਬਜ਼ੀ ਮੰਗਵਾਏ ਬਿਨਾਂ ਊਣੀ ਰਹਿੰਦੀ ਏ। ਕਦੇ ਸ਼ਹਿਰ ਦੇ ਵੱਡੇ ਹਸਪਤਾਲ ਵਿਚ ਕਿਸੇ ਦਾ ਸਬੰਧੀ ਦਾਖਲ ਹੁੰਦਾ ਏ, ਉਹਦੇ ਲਈ ਘਰ ਦਾ ਦੁੱਧ ਪੁਚਾਣਾ ਪੈਂਦਾ ਏ। ਤੇ ਫੇਰ ਪਿੰਡ ਦੀਆਂ ਰੁੱਤ-ਰੁੱਤ ਦੀਆਂ ਨਿਆਮਤਾਂ ਗੰਨੇ, ਸਰ੍ਹੋਂ ਦਾ ਸਾਗ, ਡੇਲੇ ਤੇ ਹੋਰ ਕਈ ਕੁਝ- ਕਿਸੇ ਦਾ ਕਿਸੇ ਲਈ ਸ਼ਹਿਰ ਪੁਚਾਣਾ ਹੁੰਦਾ ਏ। ਸ਼ਹਿਰ ਵਾਲੇ ਅੱਡੇ ਉਤੇ ਏਸ ਪਿੰਡ ਦੇ ਇਕ ਚੰਗੇ ਹਲਵਾਈ ਦੀ ਦੁਕਾਨ ਏ, ਉਹਦੇ ਹਵਾਲੇ ਸਭ ਜਾ ਕਰੀਦਾ ਏ। ਅੱਗਿਉਂ ਜਿਦ੍ਹਾ ਸੁਨੇਹਾ ਜਾਂ ਚੀਜ਼ ਹੁੰਦੀ ਏ, ਉਹ ਆਪ ਲੈ ਜਾਂਦਾ ਏ।
“ਤੁਹਾਡੇ ਵਰਗੇ ਪੜ੍ਹੇ-ਲਿਖੇ ਗੱਭਰੂਆਂ ਲਈ ਤਾਂ ਕਦੇ-ਕਦਾਈਂ ਜੂੜੇ ਫਬਾਈ, ਐਨਕਾਂ ਵਾਲੀਆਂ ਮੁਟਿਆਰ ਕੁੜੀਆਂ ਦੇ ਸੁਨੇਹੇ ਵੀ ਲਿਆਈਏ ਨੇ! ਹੁਣ ਕਾਗਾਂ ਹੱਥ ਨਹੀਂ, ਡਰੈਵਰਾਂ ਹੱਥ ਸੁਨੇਹੇ ਆਉਂਦੇ ਨੇ।
“ਤੁਹਾਨੂੰ ਮੈਂ ਨਾਂ ਨਹੀਂ ਦੱਸਦਾ। ਕਾਗਾਂ ਨੇ ਭੇਤ ਲੁਕੋ ਰੱਖਣ ਦੀ ਬੜੀ ਚੰਗੀ ਪਿਰਤ ਪਾਈ ਏ। ਅਸੀਂ ਡਰੈਵਰ ਏਸ ਪਿਰਤ ਦੀ ਉਲੰਘਣਾ ਨਹੀਂ ਕਰਦੇ। ਇਕ ਦਿਨ ਇਕ ਬੜੀ ਚੰਗੀ-ਚੰਗੀ ਲਗਦੀ ਕੁੜੀ ਸ਼ਹਿਰ ਦੇ ਅੱਡੇ ‘ਤੇ ਮੈਨੂੰ ਤੁਹਾਡੇ ਪਿੰਡ ਦੇ ਇਕ ਚੰਗੇ ਪੜ੍ਹੇ-ਲਿਖੇ ਮੁੰਡੇ ਲਈ ਚਿੱਠੀ ਫੜਾ ਗਈ। ਜਦੋਂ ਮੇਰੀ ਬੱਸ ਤੁਹਾਡੇ ਪਿੰਡ ਪੁੱਜੀ, ਅੱਗੇ ਹੀ ਉਹ ਮੁੰਡਾ ਖੜੋਤਾ ਸੀ। ਉਹਨੇ ਚਿੱਠੀ ਲੈ ਕੇ ਮੇਰੇ ਵੱਲ ਇੰਜ ਤੱਕਿਆ ਜਿਵੇਂ ਮੈਂ ਉਹਦੇ ਲਈ ਸੱਤ ਸਵਰਗ ਲੈ ਆਇਆ ਹੋਵਾਂ। ਅਗਲੀ ਸਵੇਰੇ ਇਹ ਮੁੰਡਾ ਦਸ ਮਿੰਟ ਬੱਸ ਚੱਲਣ ਤੋਂ ਪਹਿਲਾਂ ਈ ਮੇਰੀ ਬੱਸ ਵਿਚ ਆਣ ਬੈਠਾ। ਉਹਦੇ ਹੱਥ ਵਿਚ ਚਿੱਟੇ ਤੇ ਗੁਲਾਬੀ ਕੰਵਲਾਂ ਦੇ ਕੁਝ ਫੁੱਲ ਸਨ। ਇਨ੍ਹਾਂ ਫੁੱਲਾਂ ਵਰਗਾ ਹੀ ਖੇੜਾ ਉਸ ਮੁੰਡੇ ਦੇ ਮੂੰਹ ਉਤੇ ਸੀ। ਅੱਗੇ ਜਦੋਂ ਵੀ ਉਹ ਸ਼ਹਿਰ ਜਾਂਦਾ ਹੁੰਦਾ ਸੀ, ਨੱਸਦਾ-ਭੱਜਦਾ ਬੱਸ ਫੜਦਾ ਸੀ, ਤੇ ਖਿਝਿਆ-ਖਪਿਆ ਹੁੰਦਾ ਸੀ। ਤੇ ਅੱਜ ਵਾਲਾ ਉਹਦਾ ਖਿੜਿਆ ਟਹਿਕਿਆ ਮੂੰਹ ਮੈਨੂੰ ਉਹਦਾ ਮੂੰਹ ਨਹੀਂ ਸੀ ਜਾਪ ਰਿਹਾ। ਮੇਰੀ ਬੱਸ ਵਿਚ ਏਨੇ ਵਰ੍ਹੇ ਹਜ਼ਾਰਾਂ ਮੁਸਾਫਰ ਚੜ੍ਹੇ ਉਤਰੇ ਨੇ, ਸੈਆਂ ਸ਼ੈਆਂ ਆਈਆਂ ਗਈਆਂ ਨੇ ਪਰ ਅਜਿਹੇ ਮੂੰਹ ਵਾਲਾ ਕਦੇ ਕੋਈ ਨਹੀਂ ਸੀ ਚੜ੍ਹਿਆ, ਕੰਵਲ ਦੇ ਫੁੱਲ ਕਦੇ ਕਿਸੇ ਨਹੀਂ ਸਨ ਖੜੇ।
“ਅਗਲੇ ਮੋੜ ਦੇ ਖੱਬੇ ਬੰਨੇ ਜਿਹੜਾ ਗਿੱਲਾਂ ਦਾ ਛੱਪੜ ਏ, ਉਹ ਸਾਰੇ ਦਾ ਸਾਰਾ ਕੰਵਲਾਂ ਨਾਲ ਹੀ ਤੇ ਭਰਿਆ ਏ। ਚਾਰ-ਪੰਜ ਕਨਾਲਾਂ ਥਾਂ ਹੋਏਗਾ, ਪਰ ਇਥੋਂ ਦੇ ਲੋਕੀਂ ਇਹ ਕਦੇ ਨਹੀਂ ਕਹਿੰਦੇ, ‘ਕੰਵਲ ਲਾਏ ਹੋਏ ਨੇ’, ਸਗੋਂ ਕਹਿੰਦੇ ਨੇ, ‘ਭੇ ਲਾਏ ਹੋਏ ਨੇ।’ ਤੇ ਸਾਉਣ ਵਿਚ ਬੋਰੀਆਂ ਦੀਆਂ ਬੋਰੀਆਂ ਭੇ ਏਥੋਂ ਕੱਢ ਕੇ ਮੇਰੀ ਬੱਸ ਉਤੇ ਲੱਦੇ ਜਾਂਦੇ ਨੇ, ਕੌਲ ਚੱਪਣੀਆਂ ਸ਼ਹਿਰ ਭੇਜੀਆਂ ਜਾਂਦੀਆਂ ਹਨ, ਪਰ ਅੱਜ ਤੱਕ ਕੰਵਲ ਫੁੱਲ ਕਿਸੇ ਮੇਰੀ ਬੱਸ ਵਿਚ ਨਹੀਂ ਸਨ ਖੜੇ!
ਸ਼ਹਿਰ ਜਦੋਂ ਬੱਸ ਪੁੱਜੀ, ਉਹ ਚਿੱਠੀ ਵਾਲੀ ਕੁੜੀ ਏਸ ਕੰਵਲ ਫੁੱਲਾਂ ਵਾਲੇ ਮੁੰਡੇ ਨੂੰ ਉਡੀਕ ਰਹੀ ਸੀ। ਸ਼ਾਮ ਨੂੰ ਅਖੀਰਲੀ ਬੱਸ ਉਤੇ ਉਹੀ ਕੁੜੀ ਉਸ ਮੁੰਡੇ ਨੂੰ ਛੱਡਣ ਆਈ। ਹੁਣ ਕੰਵਲ ਫੁੱਲ ਉਸ ਕੁੜੀ ਦੇ ਹੱਥ ਵਿਚ ਸਨ।
ਸਾਰੀਆਂ ਸਵਾਰੀਆਂ ਬਹਿ ਗਈਆਂ, ਸਾਮਾਨ ਤੇ ਹੋਰ ਨਿੱਕ-ਸੁੱਕ ਲੱਦ ਲਿਆ ਗਿਆ, ਪਰ ਉਹ ਦੋਵੇਂ ਅਖੀਰ ਤੱਕ ਬਾਹਰ ਚੁੱਪ-ਚਾਪ ਖੜੋਤੇ ਰਹੇ। ਇਕ-ਦੂਜੇ ਨੂੰ ਤੱਕਦੇ ਰਹੇ। ਦੋਵਾਂ ਦੀ ਨੀਝ ਸੀ ਕਿ ਇਕ ਡੀਕ ਸੀ, ਜਿਹੜੀ ਟੁੱਟ ਕੇ ਵੀ ਅਖੀਰਲੇ ਕਤਰੇ ਤੱਕ ਪੀ ਲੈਣਾ ਚਾਹੁੰਦੀ ਸੀ। ਤੁਰਦੀ ਬੱਸ ਵਿਚ ਮੁੰਡਾ ਚੜ੍ਹਿਆ, ਪਰ ਫੇਰ ਵੀ ਪਿਛਾਂਹ ਤਕਦਾ ਰਿਹਾ।
“ਕਵਿਤਾ- ਸਾਨੂੰ ਕਿਥੇ? ਹਾਂ, ਕਵਿਤਾ ਪੜ੍ਹਨ ਦਾ ਸ਼ੌਕ ਜ਼ਰੂਰ ਏ।
“ਕਹਾਣੀਆਂ ਵੀ ਪੜ੍ਹੀਦੀਆਂ ਨੇ, ਪਰ ਪਤਾ ਨਹੀਂ ਜਿਹੋ ਜਿਹੀਆਂ ਜ਼ਿੰਦਗੀ ਵਿਚ ਨਿੱਤ ਬੀਤਦੀਆਂ ਤੱਕੀਦੀਆਂ ਨੇ, ਉਹੋ ਜਿਹੀਆਂ ਲਿਖਣ ਵਾਲੇ ਕਿਉਂ ਨਹੀਂ ਲਿਖਦੇ?
“ਹਾਂ ਇਹ ਠੀਕ ਏ, ਸਾਡੀ ਨਿੱਤ ਦੀ ਮੁਸਾਫਰੀ ਵਾਲੀ ਜ਼ਿੰਦਗੀ ਵਿਚ ਬੜਾ ਕੁਝ ਵਾਪਰਦਾ ਰਹਿੰਦਾ ਏ। ਜੇ ਕਿਤੇ ਮੈਨੂੰ ਕਹਾਣੀ ਲਿਖਣੀ ਆਉਂਦੀ ਹੁੰਦੀ, ਤਾਂ ਮੈਂ ਕਈ ਕੁਝ ਕਲਮਬੰਦ ਕਰਦਾ। ਇਨ੍ਹਾਂ ਮੇਰੀਆਂ ਕਹਾਣੀਆਂ ਵਿਚ ਹੁਨਰ ਦਾ ਤਾਂ ਪਤਾ ਨਹੀਂ, ਪਰ ਤੁਹਾਡੀ ਸਹੁੰ, ਜਿਉਂਦੀਆਂ-ਜਿਉਂਦੀਆਂ ਜ਼ਰੂਰ ਜਾਪਦੀਆਂ।
“ਨਹੀਂ- ਜੇ ਮੈਨੂੰ ਕਹਾਣੀ ਲਿਖਣੀ ਆਉਂਦੀ ਤਾਂ ਮੈਂ ਸਭ ਤੋਂ ਪਹਿਲਾਂ ਕੰਵਲ ਦੇ ਫੁੱਲਾਂ ਵਾਲੇ ਮੁੰਡੇ ਤੇ ਕੁੜੀ ਦੀ ਕਹਾਣੀ ਨਾ ਲਿਖਦਾ। ਇਕ ਹੋਰ ਕਹਾਣੀ ਲਿਖਦਾ। ਇਕ ਨਿੱਕੇ ਜਿਹੇ ਮੁੰਡੇ, ਬੱਸ ਅੱਠ-ਨੌਂ ਵਰ੍ਹਿਆਂ ਦੇ ਬਾਲਕੇ ਨੇ ਆਪਣੇ ਪਿਉ ਕੋਲ ਪੁਚਾਣ ਲਈ ਮੈਨੂੰ ਇਕ ਵਾਰ ਸੁਨੇਹਾ ਦਿੱਤਾ ਸੀ। ਏਸ ਮੁੰਡੇ ਤੇ ਏਸ ਸੁਨੇਹੇ ਦੀ ਕਹਾਣੀ ਮੈਂ ਸਭ ਤੋਂ ਪਹਿਲੋਂ ਲਿਖਦਾ। ਇਹ ਉਨ੍ਹਾਂ ਦਿਨਾਂ ਦੀ ਗੱਲ ਏ ਜਦੋਂ ਏਸ ਇਲਾਕੇ ਦੇ ਪਿੰਡਾਂ ਵਿਚ ਨਵੀਂ ਬਿਜਲੀ ਆਈ ਸੀ। ਮੇਰਾ ਨੱਚਣ ਨੂੰ ਚਿੱਤ ਕਰਦਾ ਸੀ। ਬਿਜਲੀ, ਮੇਰੇ ਲੋਕਾਂ ਲਈ ਚਾਨਣ! ਪਰ ਲੋਕੀਂ ਮੇਰੇ ਵਾਂਗ ਨੱਚ-ਨੱਚ ਨਹੀਂ ਸਨ ਪੈਂਦੇ, ਤੇ ਮੈਨੂੰ ਸਮਝ ਨਹੀਂ ਸੀ ਆਉਂਦੀ। ਇਨ੍ਹੀਂ ਦਿਨੀਂ ਇਕ ਦਿਨ ਨਹਿਰ ਦੇ ਪੁਲ ਕੋਲ ਜਦੋਂ ਮੈਂ ਬੱਸ ਰੋਕੀ, ਤਾਂ ਇਹ ਅੱਠ-ਨੌਂ ਵਰ੍ਹਿਆਂ ਦਾ ਬਾਲਕਾ ਮੈਨੂੰ ਆਪਣੇ ਪਿਉ ਲਈ ਸੁਨੇਹਾ ਦੇ ਗਿਆ। ਆਪਣੀ ਜ਼ਿੰਦਗੀ ਵਿਚ ਇਹੀ ਇਕ ਸੁਨੇਹਾ ਸ਼ੈਦ ਮੈਂ ਪੂਰਾ ਨਹੀਂ ਸੀ ਦਿੱਤਾ।
“ਇਹ ਗੱਲ ਨਹੀਂ ਕਿ ਇਹ ਮੈਨੂੰ ਚੇਤੇ ਨਹੀਂ ਸੀ ਰਿਹਾ। ਚੇਤੇ ਤਾਂ ਇਹ ਉਦੋਂ ਵੀ ਮੈਨੂੰ ਹੋਵੇਗਾ ਜਦੋਂ ਏਸ ਦੁਨੀਆਂ ਤੋਂ ਮੈਂ ਵਿਦਿਆ ਹੋ ਰਿਹਾ ਹੋਵਾਂਗਾ। ਹੋਰ ਸਭ ਕੁਝ ਭਾਵੇਂ ਭੁੱਲ ਜਾਏ, ਉਹ ਕੰਵਲ ਫੁੱਲ ਵੀ ਭਾਵੇਂ ਭੁੱਲ ਜਾਣ, ਪਰ ਇਸ ਸੁਨੇਹੇ ਦੀ ਕਸਕ ਸਦਾ ਜਿਉਂਦੀ ਰਹੇਗੀ।
ਅਸਲ ਵਿਚ ਇਹ ਸੁਨੇਹਾ ਪੂਰਾ ਪੁਚਾਣ ਦਾ ਹੀਆ ਹੀ ਮੈਨੂੰ ਨਹੀਂ ਸੀ ਪਿਆ।
ਹਾਂ, ਤੇ ਮੈਂ ਕਹਿ ਰਿਹਾ ਸਾਂ, ਇਹ ਉਨ੍ਹਾਂ ਦਿਨਾਂ ਦੀ ਗੱਲ ਏ ਜਦੋਂ ਨਵੀਂ-ਨਵੀਂ ਸਾਡੇ ਇਲਾਕੇ ਦੇ ਪਿੰਡਾਂ ਵਿਚ ਬਿਜਲੀ ਆਈ ਸੀ। ਤੁਹਾਨੂੰ ਯਾਦ ਹੋਏਗਾ, ਤੁਹਾਡੇ ਪਿੰਡ ਦੇ ਅੱਡੇ ਉਤੇ ਬਿਜਲੀ ਦੇ ਇਕ ਠੇਕੇਦਾਰ ਨੇ ਦੁਕਾਨ ਖੋਲ੍ਹੀ ਸੀ। ਠੇਕੇਦਾਰ ਦੇ ਮਿਸਤਰੀ ਕੋਲ ਨਰੈਣਾ ਕੰਮ ਸਿੱਖਦਾ ਹੁੰਦਾ ਸੀ। ਉਸੇ ਨਰੈਣੇ ਦੇ ਪੁੱਤ ਨੇ ਇਹ ਸੁਨੇਹਾ ਮੈਨੂੰ ਦਿੱਤਾ ਸੀ। ਨਰੈਣੇ ਦਾ ਪਿੰਡ ਨਹਿਰ ਦੇ ਪੁਲ ਲਾਗੇ ਵੇ। ਤੁਹਾਡੇ ਪਿੰਡ ਤਾਂ ਉਹ ਰਿਜ਼ਕ ਦਾ ਮਾਰਿਆ ਆਇਆ ਸੀ।
“ਹਾਂ, ਨਰੈਣੇ ਦੇ ਪੁੱਤ ਨੇ ਜਿਹੜਾ ਸੁਨੇਹਾ ਮੈਨੂੰ ਦਿੱਤਾ ਸੀ, ਉਹ ਤੁਹਾਨੂੰ ਮੈਂ ਦੱਸ ਰਿਹਾ ਸਾਂ। ਨਹਿਰ ਦੇ ਪੁਲ ਕੋਲ ਜਦੋਂ ਮੈਂ ਗੱਡੀ ਰੋਕੀ ਤਾਂ ਇਹ ਬਾਲਕਾ ਮੇਰੇ ਕੋਲ ਆਇਆ, “ਭਾ ਜੀ, ਮੇਰੇ ਬਾਪੂ ਨੂੰ ਤੁਸੀਂ ਜਾਣਦੇ ਓ ਨਾ?” ਉਹਨੇ ਇੰਜ ਸਹਿਜ ਸੁਭਾਅ ਮੇਰੇ ਕੋਲੋਂ ਪੁੱਛਿਆ ਜਿਵੇਂ ਆਪਣੇ ਬਾਪੂ ਦੀ ਪਿੱਛੇ ਰਹਿ ਗਈ ਕੋਈ ਚੀਜ਼ ਓਸ ਤੱਕ ਅਪੜਾਣ ਲਈ ਮੈਨੂੰ ਦੇਣ ਆਇਆ ਹੋਏ, ਤੇ ਫੇਰ ਉਹਨੇ ਕਿਹਾ, “ਜਿਥੇ ਅਖੀਰ ਤੁਹਾਡੀ ਬੱਸ ਜਾ ਕੇ ਖੜੋਂਦੀ ਏ, ਉਥੇ ਬਿਜਲੀ ਦੀ ਦੁਕਾਨ ਉਤੇ ਮੇਰਾ ਬਾਪੂ ਕੰਮ ਸਿੱਖਦਾ ਏ। ਦੁਕਾਨ ਤਾਂ ਏਸ ਵੇਲੇ ਬੰਦ ਹੋਏਗੀ, ਪਰ ਰਾਤੀਂ ਉਹ ਸੌਂਦਾ ਵੀ ਦੁਕਾਨ ਵਿਚ ਈ ਏ। ਤੁਸੀਂ ਭਾ ਜੀ ਉਹਨੂੰ ਕਹਿ ਦੇਣਾ ਕਿ ਮੇਰੀ ਮਾਂ ਆਂਹਦੀ ਸੀ, ‘ਅੱਜ ਵੀ ਅਸੀਂ ਆਟਾ ਉਧਾਰ ਲਿਆਂਦਾ ਏ’।”
ਉਹ ਬਾਲਕਾ ਤਾਂ ਜਿਵੇਂ ਆਇਆ ਸੀ, ਉਵੇਂ ਹੀ ਸਹਿਜ ਸੁਭਾਅ ਪਰਤ ਗਿਆ, ਪਰ ਮੈਂ ਸਾਰੀ ਵਾਟ ਸੋਚਦਾ ਰਿਹਾ: ਜੇ ਬਿਜਲੀ ਦਾ ਕੰਮ ਸਿੱਖਣ ਵਾਲੇ ਏਸ ਨਰੈਣੇ ਦੇ ਘਰ ਕੋਈ ਦਾਨੀ ਪੱਲਿਓਂ ਬਿਜਲੀ ਦਾ ਲਾਟੂ ਲੁਆ ਵੀ ਦਏ, ਤਾਂ ਨਰੈਣੇ ਲਈ ਇਹ ਚਾਨਣ ਕਿਸ ਕੰਮ? ਉਧਾਰ ਲਿਆ ਆਟਾ ਗੁੰਨ੍ਹਦੀ ਆਪਣੀ ਵਹੁਟੀ ਤੇ ਕੁਝ ਦਿਨਾਂ ਮਗਰੋਂ ਸੱਖਣੀ ਪਰਾਤ ਤੇ ਆਪਣੇ ਪੁੱਤਰ ਦਾ ਭੁੱਖਣ ਭਾਣਾ ਮੂੰਹ ਤੱਕਣ ਲਈ ਨਰੈਣੇ ਨੂੰ ਬਿਜਲੀ ਦੇ ਲਾਟੂ ਦੀ ਕੀ ਲੋੜ ਸੀ।
“ਬਿਜਲੀ ਆ ਗਈ ਏ, ਬੜਾ ਚੰਗਾ ਹੋਇਆ ਏ, ਸਰਦਾਰ ਜੀ! ਪਰ ਚਾਨਣ ਹੋਣ ਵਿਚ ਹਾਲੀ ਦੇਰ ਵੇ!

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ