The Lenins From Clone Valley (Punjabi Story) : Ajmer Sidhu

ਦ ਲੈਨਿਨਜ਼ ਫ਼ਰੌਮ ਕਲੋਨ ਵੈਲੀ (ਕਹਾਣੀ) : ਅਜਮੇਰ ਸਿੱਧੂ

'ਵਿਗਿਆਨੀਆਂ ਨੂੰ ਮਿਲੀ ਮਨੁੱਖੀ ਕਲੋਨ ਬਣਾਉਣ ਦੀ ਇਜ਼ਾਜਤ'। 'ਇਸਰੋਨੈੱਟ ਚੈਨਲ' ਇਸ ਖ਼ਬਰ ਨੂੰ ਮੁੱਖ ਖ਼ਬਰ ਵਜੋਂ ਪ੍ਰਸਾਰਤ ਕਰ ਰਿਹਾ ਹੈ। ਇਤਿਹਾਸਕ ਦਿਨ ਵਜੋਂ ਪੇਸ਼ ਕਰਦਿਆਂ ਇਸ ਖ਼ਬਰ ਦੇ ਹੇਠਾਂ ਹੀ ਅੱਜ ਦੀ ਤਾਰੀਖ਼ ਦੀ ਪੱਟੀ ੨੫ ਜਨਵਰੀ ੨੦੨੧ ਵੀ ਫਲੈਸ਼ ਹੋ ਰਹੀ ਹੈ। ਜਿਉਂ ਹੀ ਡਾ. ਸਮਰੱਥ ਨੇ ਆਪਣੀ ਪ੍ਰਯੋਗਸ਼ਾਲਾ ਵਿਚ ਬੈਠਿਆਂ ਨੇ ਇਹ ਖ਼ਬਰ ਸੁਣੀ, ਉਹ ਵੀ ਖੁਸ਼ੀ ਵਿੱਚ ਕੱਛਾਂ ਵਜਾਉਣ ਲੱਗਾ। ਉਹ ਟੀ.ਵੀ. ਦੇ ਵੱਖ-ਵੱਖ ਚੈਨਲ ਬਦਲ ਕੇ ਖ਼ਬਰ ਸੁਣਨ ਲੱਗਾ। ਉਨ੍ਹਾਂ ਨੂੰ ਵੀ ਪਾਰਟੀ ਨੇ ਦੋ ਦਿਨ ਪਹਿਲਾਂ ਹੀ ਕਲੋਨ ਬਣਾ ਲੈਣ 'ਤੇ ਸਹਿਮਤੀ ਦਿੱਤੀ ਸੀ।
ਉਸ ਨੇ ਟੈਲੀਵਿਜ਼ਨ ਬੰਦ ਕੀਤਾ ਹੈ ਤੇ ਕੰਪਿਊਟਰ ਆਨ ਕਰ ਕੇ ਜੈਨੇਟਿਕ ਇੰਜੀਨੀਅਰਿੰਗ ਦੀ ਸਾਈਟ ਖੋਲ੍ਹੀ ਹੈ। ਜਾਣਕਾਰੀ ਤੇ ਗਿਆਨ ਦਾ ਸਮੁੰਦਰ ਸਕਰੀਨ ਉੱਤੇ ਉਛਾਲੇ ਮਾਰਨ ਲਗਦਾ ਹੈ।
ਅਮਰੀਕਾ ਦੀ 'ਕਲੋਨਾਇਡ ਕੰਪਨੀ' ਦੇ ਵਿਗਿਆਨੀਆਂ ਦੀ ਇਕ ਟੀਮ ਨੇ ਡਾ. ਬ੍ਰਿਗਟ ਬੋਇਸੇਲਿਅਰ ਦੀ ਅਗਵਾਈ ਹੇਠ ੨੭ ਦਸੰਬਰ ੨੦੦੨ ਨੂੰ 'ਈਵ' ਨਾਂ ਦੇ ਪਹਿਲੇ ਮਾਦਾ ਮਨੁੱਖੀ ਕਲੋਨ ਦਾ ਜਨਮ ਕਰਵਾਇਆ ਸੀ। (ਡਾ. ਸਮਰੱਥ ਨੇ ਮਾਊਸ ਨੂੰ 'ਕਲੋਨਾਇਡ' ਦਾ ਪੇਜ ਖੋਲ੍ਹਣ ਦਾ ਹੁਕਮ ਸੁਣਾਇਆ ਹੈ। ਕਲੋਨ ਦਾ ਅਰਥ ਟਵਿਨ ਜਾਂ ਕਾਰਬਨ ਕਾਪੀ ਅਰਥਾਤ ਆਪਣੇ ਮਾਪੇ ਦਾ ਮੜੰਗਾ ਲਿਖਿਆ ਹੋਇਆ। ਉਹ ਬਾਲੜੀ 'ਈਵ' ਦੀ ਤਸਵੀਰ ਦੇਖ ਕੇ ਗੱਦ-ਗੱਦ ਹੋ ਉੱਠਿਆ ਹੈ।)
ਮਾਊਸ ਦਾ ਇਸ਼ਾਰਾ 'ਨੇਚਰ' ਮੈਗਜ਼ੀਨ ਵੱਲ ਵਧਿਆ ਹੈ। ਅੰਕ ੧੯੯੭ 'ਤੇ ਕਲਿੱਕ ਵੱਜੀ ਹੈ।
ਕਲੋਨ ਦੇ ਪਹਿਲੇ ਖੋਜੀ ਡਾ. ਈਅਨ ਵਿਲਮਟ ਦੀ ਸੰਸਥਾ 'ਰੋਸਲਿਨ ਇੰਸਟੀਚਿਊਟ' ਦੀ ਟੀਮ ਨੇ ੫ ਜੁਲਾਈ, ੧੯੯੬ ਨੂੰ 'ਡੌਲੀ' ਨਾਂ ਦੀ ਭੇਡ ਦਾ ਕਲੋਨ ਬਣਾਇਆ ਸੀ। ਡੌਲੀ ਵਲੋਂ ਆਮ ਕੁਦਰਤੀ ਸੰਭੋਗ ਤੋਂ ਬਾਅਦ ਪੈਦਾ ਕੀਤੀ 'ਬੌਨੀ' ਨਾਂ ਦੀ ਲੇਲੀ ਅਤੇ 'ਡੌਲੀ' ਬਾਰੇ ਲਿਖਤਾਂ ਪੜ੍ਹ ਕੇ ਉਹ ਹੋਰ ਆਨੰਦਤ ਹੋ ਗਿਆ ਹੈ। ਇਸ ਟੀਮ ਨੇ 'ਰੌਜ਼ੀ' ਨਾਂ ਦੀ ਗਾਂ ਦੀ ਵੀ ਕਲੋਨਿੰਗ ਪੈਦਾਇਸ਼ ਕਰਵਾਈ ਸੀ।
ਹੁਣ ਡਾ. ਸਮਰੱਥ 'ਉਰੇਗਾਨ ਰਿਜਨਲ ਪ੍ਰਾਈਵੇਟ ਰਿਸਰਚ ਸੈਂਟਰ' ਅਮਰੀਕਾ ਦੇ ਵਿਗਿਆਨੀਆਂ ਡਾ. ਵੁੱਲਫ ਤੇ ਸਾਥੀਆਂ ਦੀ ਰਿਪੋਰਟ 'ਚ ਖੁਭਿਆ ਪਿਆ। ੨੫ ਜਨਵਰੀ, ੨੦੦੧ ਦਾ 'ਐਡਵਾਂਸਡ ਸੈੱਲ ਟੈਕਨਾਲੋਜੀ' ਅਮਰੀਕਾ ਵਲੋਂ ਮਨੁੱਖੀ ਭਰੂਣ ਨੂੰ ਮੁੱਢਲੇ ਪੜਾਅ (ਛੇ ਕੋਸ਼ਿਕਾ) ਤੱਕ ਵਿਕਸਤ ਕਰ ਲੈਣ ਦਾ ਦਾਅਵਾ ਵੀ ਉਸ ਸਾਹਮਣੇ ਪਿਆ ਹੈ।
ਡਾ. ਸਮਰੱਥ ਨੇ ਟੀ.ਵੀ. 'ਤੇ 'ਬੀਟਾ ਚੈਨਲ' ਲਾਇਆ ਹੈ। ਇਹ ਚੈਨਲ ਭਾਰਤੀ ਨੂਰੀ ਬੱਕਰੀ, ਸਨੈਪੀ ਕੁੱਤਾ, ਸੀਸੀ ਬਿੱਲੀ, ਇਟਲੀ ਘੋੜੇ, ਤਾਲਿਬਾਨੀ ਸੂਰ, ਚੀਨੀ ਬੱਕਰੀ, ਗਰਿਮਾ ਅਤੇ ਸਮਰੂਪਰਾ ਮੱਝਾਂ ਅਤੇ ਇਕ ਨਰ ਮਨੁੱਖੀ ਕਲੋਨ ਬਾਰੇ ਸਟੋਰੀ ਪ੍ਰਸਾਰਤ ਕਰ ਰਿਹਾ ਹੈ। (ਇਸ ਨਰ ਮਨੁੱਖੀ ਕਲੋਨ ਨੂੰ ਤਿਆਰ ਕਰਨ ਵਾਲੇ ਵਿਗਿਆਨੀਆਂ ਵਿਚ ਉਹ ਤੇ ਉਹਦੀ ਸਾਥਣ ਡਾ. ਦਾਅਰੀਨ ਰਿਆਜ਼ ਦਾ ਵੀ ਜ਼ਿਕਰ ਆਇਆ ਹੈ। ਉਸ ਨੇ ਦਾਅਰੀਨ ਦੀ ਫੋਟੋ ਨੂੰ ਧਿਆਨ ਨਾਲ ਦੇਖਿਆ ਹੈ। ਉਸ ਦੇ ਟੋਪ ਉੱਤੇ ਬੇਬੀ ਨਰ ਮਨੁੱਖੀ ਕਲੋਨ ਦੀ ਤਸਵੀਰ ਬਣੀ ਹੋਈ ਹੈ।) ਇਸ ਪਿੱਛੋਂ ਸਰਕਾਰਾਂ ਨੇ ਮਨੁੱਖੀ ਕਲੋਨ ਬਣਾਉਣ ਉੱਤੇ ਪਾਬੰਦੀ ਲਾ ਦਿੱਤੀ ਸੀ। ਡਾ. ਸਮਰੱਥ ਪਸ਼ੂਆਂ ਦੇ ਕਲੋਨ ਦੇਖਦਾ ਕਿਸੇ ਹੋਰ ਦੁਨੀਆ ਵਿਚ ਜਾ ਪੁੱਜਾ ਹੈ। ਉਸ ਨੂੰ 'ਬਾ- ਬਾ ਬਲੈਕ ਸ਼ੀਪ' ਵਾਲੀ ਪੋਇਮ ਯਾਦ ਆ ਗਈ। ਉਸ ਦੀ ਸੁਰਤੀ ਬਚਪਨ ਨਾਲ ਜੁੜ ਗਈ।
ਡਾ. ਸਮਰੱਥ ਦਾ ਜਨਮ ਬੰਬੇ ਵਿਚ ਜਲ ਸੈਨਾ ਦੇ ਉੱਚ- ਅਧਿਕਾਰੀ ਐਮ.ਪੀ. ਸਿੰਘ ਦੇ ਘਰ ਹੋਇਆ ਸੀ। ਉਸ ਦੇ ਪਿਤਾ ਦਾ ਪਿਛੋਕੜ ਪੰਜਾਬ ਦੇ ਇਕ ਪਛੜੇ ਪਿੰਡ ਦਾ ਸੀ ਪਰ ਨੌਕਰੀ ਕਾਰਨ ਉਹ ਸਮੁੰਦਰ ਨੇੜਲੇ ਸ਼ਹਿਰਾਂ ਵਿਚ ਹੀ ਰਹੇ। ਸਮਰੱਥ ਬਚਪਨ ਤੋਂ ਹੀ ਤੇਜ਼ ਬੁੱਧੀ ਦਾ ਮਾਲਕ ਹੋਣ ਕਾਰਨ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ। ਉਸ ਨੇ ਜਦੋਂ ਮੈਟ੍ਰਿਕ ਤੋਂ ਬਾਅਦ ਦੋ ਸਾਲ ਮੈਡੀਕਲ ਦੇ ਵਿਸ਼ੇ ਪੜ੍ਹੇ ਤਾਂ ਉਸ ਦੇ ਡੈਡ ਨੇ ਕਿਹਾ-
''ਬੇਟਾ, ਤੇਰੀ ਰੁਚੀ ਬੇਸ਼ੱਕ ਜੈਨੇਟਿਕ ਵਿਗਿਆਨ ਵਿਚ ਏ ਪਰ ਮੈਡੀਸਨ ਦੇ ਖੇਤਰ ਵਿਚ ਉੱਚ ਪੜ੍ਹਾਈ ਕਰ ਕੇ ਤੂੰ ਡਾਲਰਾਂ ਵਿਚ ਖੇਡੇਂਗਾ।''
ਉਸ ਦੇ ਮੰਮ ਡੈਡ ਦੀ ਸਕੀਮ ਸੀ ਕਿ ਸਮਰੱਥ ਨੂੰ ਡਾਕਟਰ ਬਣਾ ਕੇ ਕਿਸੇ ਵੱਡੇ ਕਾਰਪੋਰੇਟ ਹਸਪਤਾਲ ਦੀ ਫਰੈਂਚਾਇਜ਼ ਲੈ ਦਿੱਤੀ ਜਾਵੇ। ਸਮਰੱਥ ਦਾ ਪਾਲਣ ਪੋਸ਼ਣ ਹੀ ਇਸ ਢੰਗ ਨਾਲ ਹੋਇਆ ਸੀ, ਉਹ ਵੀ ਇਵੇਂ ਹੀ ਸੋਚਦਾ ਸੀ। ਉਨ੍ਹਾਂ ਉਸ ਨੂੰ ਐਮ.ਬੀ.ਬੀ.ਐਸ. ਤੋਂ ਬਾਅਦ ਐਮ.ਡੀ. ਕਰਵਾਈ। ਇਸ ਪਿੱਛੋਂ ਉਨ੍ਹਾਂ ਰੂਸ ਦੀ ਸਭ ਤੋਂ ਵੱਡੇ ਰੈਂਕ ਵਾਲੀ ਪੀਟਰਸਬਰਗ ਸਟੇਟ ਪੈਵਲੋਵ ਮੈਡੀਕਲ ਯੂਨੀਵਰਸਿਟ ਵਿਚ ਡੀ.ਐਮ. ਦੀ ਪੜ੍ਹਾਈ ਲਈ ਉਸ ਨੂੰ ਮਾਸਕੋ ਭੇਜ ਦਿੱਤਾ।
ਉਹ ਕਲਾਸਾਂ ਲਗਣ ਤੋਂ ਦੋ ਹਫ਼ਤੇ ਪਹਿਲਾਂ ਹੋਸਟਲ ਆ ਗਿਆ ਸੀ। ਉਹ ਹੋਰ ਸਟੂਡੈਂਟਸ ਨਾਲ ਮਿਕਸ ਅੱਪ ਨਹੀਂ ਸੀ ਹੋ ਸਕਿਆ। ਉਹ ਆਪਣੇ ਨਵੇਂ ਰੂਮ ਨਾਲ ਵੀ ਜੁੜ ਨਹੀਂ ਸੀ ਰਿਹਾ। ਕਮਰੇ ਦੀਆਂ ਦੀਵਾਰਾਂ ਉੱਤੇ ਫ਼ਰਾਂਸੀਸੀ ਲੇਖਕ ਜਾਂ ਪਾਲ ਸਾਰਤਰ ਦੇ ਬੜੇ-ਬੜੇ ਪੋਸਟਰ ਲੱਗੇ ਹੋਏ ਸਨ। ਸ਼ਾਇਦ ਉਸ ਤੋਂ ਪਹਿਲੇ ਵਿਦਿਆਰਥੀ ਨੇ ਇਹ ਚਿਪਕਾਏ ਹੋਣ। ਉਨ੍ਹਾਂ ਉੱਤੇ ਸਾਰਤਰ ਨੂੰ ਮਨੁੱਖੀ ਆਜ਼ਾਦੀ ਦਾ ਅਲੰਬਰਦਾਰ ਲਿਖਿਆ ਹੋਇਆ ਸੀ। ਉਸ ਨੇ ਇਹ ਪੜ੍ਹ ਕੇ ਨੱਕ ਚੜ੍ਹਾਇਆ ਸੀ। ਉਹ ਅਗਾਊਂ ਆਉਣ 'ਤੇ ਪਛਤਾਉਣ ਲੱਗਾ। ਉਸ ਲਈ ਇਸ ਜਗ੍ਹਾ 'ਤੇ ਲੋਕ ਨਵੇਂ ਸਨ। ਭਾਸ਼ਾ ਦੀ ਵੀ ਸਮੱਸਿਆ ਆ ਰਹੀ ਸੀ। ਉਹ ਸ਼ਹਿਰ ਘੁੰਮਣ ਫਿਰਨ ਜਾਂਦਾ। ਉਥੇ ਵੀ ਉਸ ਦਾ ਮਨ ਨਾ ਲਗਦਾ।
ਉਸ ਨੂੰ ਸਿਲੇਬਸ ਤੇ ਬੁਕਸ ਯੂਨੀਵਰਸਿਟੀ ਖੁੱਲ੍ਹਣ 'ਤੇ ਪਤਾ ਲਗਣੇ ਸਨ। ਕਮਰਾ ਵੱਢ-ਵੱਢ ਖਾਣ ਨੂੰ ਪੈਂਦਾ ਸੀ। ਕਮਰੇ ਵਿਚ ਸੀ ਵੀ ਕੀ? ਉਸ ਨੇ ਅਲਮਾਰੀ ਖੋਲ੍ਹੀ। ਉਸ ਵਿਚ ਲੈਨਿਨ ਦੀ ਜੀਵਨੀ ਪਈ ਸੀ। ਉਸ ਨੇ ਕਿਤਾਬ ਪੁੱਠੀ ਸਿੱਧੀ ਕਰ ਕੇ ਦੇਖੀ, ਮੁੜ ਉਥੇ ਹੀ ਰੱਖ ਦਿੱਤੀ। ਪੋਸਟਰਾਂ ਉੱਤੇ ਸਾਰਤਰ ਦੇ ਲਿਖੇ ਕਥਨ ਉਸ ਦੀਆਂ ਅੱਖਾਂ ਸਾਹਮਣੇ ਘੁੰਮਣ ਲਗਦੇ-
+ਜ਼ਿੰਦਗੀ ਹੀ ਜ਼ਿੰਦਗੀ ਨੂੰ ਅਰਥ ਪ੍ਰਦਾਨ ਕਰਦੀ ਹੈ ਅਤੇ ਬਾਹਰੋਂ ਕੋਈ ਵੀ ਹੋਰ ਚੀਜ਼ ਜ਼ਿੰਦਗੀ ਨੂੰ ਅਰਥ ਪ੍ਰਦਾਨ ਕਰਨ ਦੇ ਸਮਰੱਥ ਨਹੀਂ ਹੈ। ਆਦਮੀ ਖ਼ੁਦ ਹੀ ਆਪਣਾ ਸਿਰਜਣਹਾਰ ਹੈ। ਜਿੰਨੀ ਦੇਰ ਤੱਕ ਮਨੁੱਖ ਆਪਣੀ ਪ੍ਰਤਿਭਾ ਦੀ ਪਛਾਣ ਕਰ ਕੇ ਉਸ ਨੂੰ ਸਿਰਜਣਾਤਮਕ ਰੂਪ ਵਿਚ ਨਹੀਂ ਢਾਲਦਾ, ਉਦੋਂ ਤੱਕ ਉਹ ਆਪਣੇ ਜੀਵਨ ਨੂੰ ਕੋਈ ਅਰਥ ਪ੍ਰਦਾਨ ਨਹੀਂ ਕਰ ਸਕਦਾ। +ਮਨੁੱਖ ਖਲਾਅ ਵਿਚੋਂ ਜਨਮ ਨਹੀਂ ਲੈਂਦਾ, ਸਗੋਂ ਹਾਲਾਤ ਦੀ ਪੈਦਾਵਾਰ ਹੈ। +ਮਨੁੱਖ ਸ਼੍ਰੇਣੀ ਦਾ ਇਤਿਹਾਸ ਜਮਾਤੀ ਘੋਲ ਦਾ ਇਤਿਹਾਸ ਹੈ।
ਉਹ ਆਪਣੇ ਮੰਮ ਡੈਡ ਵਾਂਗ ਅਜਿਹੇ ਕਥਨਾਂ ਨੂੰ ਪਸੰਦ ਨਹੀਂ ਸੀ ਕਰਦਾ। ਉਹ ਉਨ੍ਹਾਂ ਤੋਂ ਮੂੰਹ ਮੋੜ ਲੈਂਦਾ। ਉਸ ਨੇ ਔਖੇ-ਸੌਖੇ ਨੇ ਦਸ ਦਿਨ ਲੰਘਾ ਦਿੱਤੇ। ਗਿਆਰ੍ਹਵੇਂ ਦਿਨ ਉਸ ਦਾ ਸਿਰ ਫਟਣ ਨੂੰ ਕਰੇ। ਉਸ ਨੇ ਇਕ ਦੋ ਵਾਰ ਲੈਨਿਨ ਦੀ ਜੀਵਨੀ ਪੜ੍ਹਨ ਦੀ ਕੋਸ਼ਿਸ਼ ਕੀਤੀ ਪਰ ਦੋ-ਚਾਰ ਪੰਨਿਆਂ ਤੋਂ ਅੱਗੇ ਪੜ੍ਹ ਨਹੀਂ ਸੀ ਹੋਇਆ। ਬਾਰ੍ਹਵੇਂ ਦਿਨ ਉਸ ਦੀ ਮਾਨਸਿਕ ਹਾਲਤ ਵਿਗੜ ਗਈ। ਉਹਨੂੰ ਲੱਗਾ, ਉਹ ਪਾਗਲ ਹੋ ਜਾਵੇਗਾ। ... ਆਖ਼ਰ ਉਸ ਨੇ ਜੀਵਨੀ ਪੜ੍ਹਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਆਖ਼ਰੀ ਸਤਰ ਮੁਕਾਈ। ਉਸ ਦੇ ਮੂੰਹੋਂ ਨਿਕਲ ਗਿਆ...
''ਇਵੇਂ ਵੀ ਜ਼ਿੰਦਗੀ ਜੀਵੀ ਜਾ ਸਕਦੀ ਏ।''
ਚੌਵੀ ਸਾਲਾਂ ਤੋਂ ਮੰਮ ਡੈਡ ਵਲੋਂ ਉਸ ਨੂੰ ਸਿਖਾਇਆ ਜਾ ਰਿਹਾ ਸੀ ਕਿ ਉਸ ਉੱਚ ਸਿੱਖਿਆ ਪ੍ਰਾਪਤ ਕਰਨੀ ਹੈ, ਧਨ ਕਮਾਉਣਾ ਹੈ ਅਤੇ ਆਪਣੇ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜਾਇਦਾਦ ਬਣਾਉਣੀ ਹੈ। ਉਹ ਕਈ ਦਿਨ ਇਸੇ ਘੁੰਮਣ ਘੇਰੀ ਵਿਚ ਫਸਿਆ ਰਿਹਾ। ਅਕਸਰ ਉਸ ਦੇ ਮੰਮ ਡੈਡ ਉਸ 'ਤੇ ਭਾਰੂ ਪੈ ਜਾਂਦੇ ਰਹੇ। ਉਸ ਨੂੰ ਕਦੇ ਪਾਲ ਸਾਰਤਰ ਦੇ ਪੋਸਟਰ ਤੇ ਕਥਨ ਚੰਗੇ ਲਗਣ ਲਗਦੇ ਤੇ ਕਦੇ ਮਾੜੇ। ਉਸ ਦੀ ਸੁਰਤੀ ਤੇਜ਼ੀ ਨਾਲ ਘੁਂੰਮਦੀ ਹੈ ਤੇ ਆਖ਼ਰ ਕੰਧਾਂ 'ਤੇ ਲੱਗੇ ਪੋਸਟਰਾਂ ਉੱਤੇ ਜੰਮ ਜਾਂਦੀ ਹੈ।
ਕਾਫ਼ੀ ਚਿਰ ਬਾਅਦ ਸਮਰੱਥ ਨੇ ਪੋਸਟਰਾਂ ਤੋਂ ਧਿਆਨ ਹਟਾ ਕੇ ਕੰਪਿਊਟਰ 'ਤੇ ਜੀਨਜ਼ ਦੀ ਪ੍ਰੋਫ਼ਾਈਲ ਖੋਲ੍ਹ ਲਈ ਹੈ। ਉਸ ਨੂੰ ਪਤਾ ਹੈ ਕਿ ਇਕ ਔਰਤ ਜਾਂ ਮਰਦ ਦੇ ਸਰੀਰ ਵਿਚ ਤੇਈ-ਤੇਈ ਕਰੋਮੋਸੋਮ ਹੁੰਦੇ ਹਨ। ਜਿਹੜੇ ਜੀਨਜ਼ ਤੋਂ ਮਿਲ ਕੇ ਬਣਦੇ ਹਨ। ਜੀਨਜ਼ ਕੈਮੀਕਲ ਹੈ। ਡੀ.ਐਨ.ਏ. ਜੀਨਜ਼ ਤੋਂ ਬਣਿਆ ਹੈ। ਉਸ ਨੇ ਰੱਸੀਆਂ ਵਰਗੇ ਜੀਨਜ਼ ਸਕ੍ਰੀਨ 'ਤੇ ਡਿਸਪਲੇਅ ਕੀਤੇ ਹਨ। ਉਹ ਜਾਂ ਪਾਲ ਸਾਰਤਰ ਦੇ ਜੀਨਜ਼ ਦਾ ਜੀਨੋਮ ਵੇਖਣ ਲਈ ਕਈ ਸਾਈਟਾਂ ਫਰੋਲਦਾ ਹੈ ਪਰ ਉਹ ਕਿਤੇ ਵੀ ਉਪਲਬਧ ਨਹੀਂ ਹੈ। ਸਾਈਟਾਂ ਨੇ ਉਸ ਨੂੰ ਨਿਰਾਸ਼ ਕੀਤਾ ਹੈ ਪਰ ਡੈਸਕਟੌਪ 'ਤੇ ਦਾਅਰੀਨ ਦਾ ਹੰਸੂ- ਹੰਸੂ ਕਰਦਾ ਚਿਹਰਾ ਚਮਕਣ ਲੱਗ ਪਿਆ ਹੈ। ਡਾ. ਸਮਰੱਥ 'ਤੇ ਜਾਦੂ ਵਾਂਗ ਅਸਰ ਕਰਦੀ ਦਾਅਰੀਨ ਦੀ ਖ਼ੂਬਸੂਰਤ ਤਸਵੀਰ ਉਸ ਨੂੰ ਮਾਸਕੋ ਯੂਨੀਵਰਸਿਟੀ ਦੇ ਮਾਹੌਲ ਵਿਚ ਮੁੜ ਲੈ ਗਈ ਹੈ।
ਉਦੋਂ ਯੂਨੀਵਰਸਟੀ ਵਿਚ ਕਲਾਸਾਂ ਸ਼ੁਰੂ ਹੋ ਚੁੱਕੀਆਂ ਸਨ। ਲਾਇਬ੍ਰੇਰੀ ਦੇ ਸੱਜੇ ਪਾਸੇ ਪਾਰਕ ਸੀ। ਦਰਖ਼ਤਾਂ ਹੇਠਾਂ ਬਣੇ ਸੀਮੈਂਟ ਦੇ ਬੈਂਚ ਉੱਤੇ ਬੈਠਾ ਉਹ ਕੌਫ਼ੀ ਪੀ ਰਿਹਾ ਸੀ। ਉਸ ਦੀ ਨਿਗ੍ਹਾ ਸਾਹਮਣੇ ਘਾਹ 'ਤੇ ਬੈਠੀ ਸਾਂਵਲੇ ਰੰਗ ਵਾਲੀ ਲੜਕੀ 'ਤੇ ਪਈ ਤਾਂ ਉਸ ਨੂੰ ਦੇਖਦਾ ਹੀ ਰਹਿ ਗਿਆ। ਉਹ ਸਾਦੇ ਲਿਬਾਸ ਵਿਚ ਵੀ ਫੱਬ ਰਹੀ ਸੀ। ਉਹ ਪਹਿਰਾਵੇ ਅਤੇ ਸੂਰਤ ਤੋਂ ਇੰਡੀਅਨ ਲਗਦੀ ਸੀ। ਉਹ ਖ਼ੂਬਸੂਰਤ ਤੇ ਤਰਾਸ਼ੇ ਬਦਨ ਵਾਲੀ ਹੈ ਜਿਸ ਦੀ ਲਿਸ਼ਕੋਰ ਉਸ ਨੂੰ ਅੱਜ ਵੀ ਖਿੱਚ ਰਹੀ ਹੈ ਤੇ ਉਸ ਦਿਨ ਵੀ ਪਾਗਲ ਕਰ ਗਈ ਸੀ। ਉਸ ਨੂੰ ਪਤਾ ਹੀ ਨਹੀਂ ਲੱਗਿਆ, ਉਹ ਕਦੋਂ ਉੱਠਿਆ ਤੇ ਉਹਦੇ ਸਾਹਮਣੇ ਜਾ ਬੈਠਾ। ਉਹ ਹੇਠਾਂ ਵੱਲ ਨੂੰ ਝੁਕ ਕੇ ਘਾਹ ਉੱਤੇ ਰੇਂਗ ਰਹੇ ਕੀੜੇ ਮਕੌੜਿਆਂ ਨੂੰ ਚੁੱਕ-ਚੁੱਕ ਕੇ ਨਵੇਂ ਰਾਹਾਂ 'ਤੇ ਪਾ ਰਹੀ ਸੀ। ਕੋਈ ਉਸ ਨੂੰ ਵੇਖ ਰਿਹਾ ਹੈ, ਇਸ ਦਾ ਉਸ ਨੂੰ ਜ਼ਰਾ ਵੀ ਖ਼ਿਆਲ ਨਹੀਂ ਸੀ। ਉਹ ਜੀਵਾਂ ਦੀ ਦੁਨੀਆ ਵਿਚੋਂ ਉਦੋਂ ਹੀ ਪਰਤੀ, ਜਦੋਂ ਸਮਰੱਥ ਨੇ ਉਸ ਨੂੰ ਹੈਲੋ ਕਿਹਾ। ਉਸ ਨੇ ਆਪਣੇ ਤਨ ਨੂੰ ਢਕਿਆ। ਲੜਕੀ ਦੇ ਕੋਲ ਚਾਰ-ਪੰਜ ਪੁਸਤਕਾਂ ਪਈਆਂ ਸਨ। ਉਸ ਨੇ ਉਨ੍ਹਾਂ ਵਿਚੋਂ ਜਾਂ ਪਾਲ ਸਾਰਤਰ ਦੀ ਪੁਸਤਕ 'ਬੀਅਇੰਗ ਐਂਡ ਨਥਿੰਗਨੈੱਸਂ' ਪੜ੍ਹਨ ਲਈ ਉਸ ਤੋਂ ਮੰਗੀ।... ਉਹ ਉਸ ਨੂੰ ਕਿਤਾਬ ਦੇ ਕੇ ਬੈਂਚ 'ਤੇ ਜਾ ਬੈਠੀ। ਇਥੋਂ ਹੀ ਉਨ੍ਹਾਂ ਦੀ ਇਕ-ਦੂਜੇ ਨਾਲ ਜਾਣ-ਪਛਾਣ ਹੋਈ।
ਇਹ ਲੜਕੀ ਕੋਈ ਹੋਰ ਨਹੀਂ, ਦਾਅਰੀਨ ਰਿਆਜ਼ ਸੀ। ਇਹ ਉਨ੍ਹਾਂ ਦੀ ਪਹਿਲੀ ਮੁਲਾਕਾਤ ਸੀ। ਇਹ ਐਮ.ਐਸ. ਕਰ ਰਹੀ ਲੜਕੀ ਹੈਦਰਾਬਾਦ ਤੋਂ ਸੀ। ਉਸ ਨੇ ਉਥੋਂ ਹੀ ਐਮ.ਬੀ.ਬੀ.ਐਸ. ਕੀਤੀ ਸੀ। ਦਾਅਰੀਨ ਰਿਆਜ਼ ਨੇ ਦੱਸਿਆ ਸੀ ਕਿ ਉਸ ਦੇ ਪਿਤਾ ਸਾਬਿਰ ਰਿਆਜ਼ ਇੰਡੀਅਨ ਰੈਵੋਲੂਸ਼ਨਰੀ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਹਨ। ਉਸ ਦੀ ਆਪਣੀ ਰਾਜਨੀਤਕ ਵਿਚਾਰਧਾਰਾ ਵੀ ਤਰੱਕੀ ਪਸੰਦ ਹੈ। ਉਹ ਸਕੂਲੀ ਪੜ੍ਹਾਈ ਸਮੇਂ ਹੀ ਆਂਧਰਾ ਪ੍ਰਦੇਸ਼ ਵਿਚ ਆਦਿ ਵਾਸੀ ਔਰਤਾਂ ਉੱਤੇ ਹੁੰਦੇ ਜ਼ੁਲਮਾਂ ਖ਼ਿਲਾਫ਼ ਚੱਲੇ ਅੰਦੋਲਨ ਵਿਚ ਸਰਗਰਮ ਹੋ ਗਈ ਸੀ। ਉਸ ਦੀ ਮਾਤਾ ਵਿਸ਼ਵ ਸਾਹਿਤ ਦੀਆਂ ਸ਼ਾਹਕਾਰ ਰਚਨਾਵਾਂ ਪੜ੍ਹਨ ਦੀ ਸ਼ੌਕੀਨ ਹੈ। ਜਿਸ ਨੇ ਉਸ ਨੂੰ ਕਿਤਾਬਾਂ ਪੜ੍ਹਨ ਦੀ ਚੇਟਕ ਲਾਈ ਸੀ। ਸਮਰੱਥ ਤੇ ਉਸ ਦੀ ਮੁਲਾਕਾਤ ਜਲਦ ਹੀ ਗੂੜ੍ਹੀ ਦੋਸਤੀ ਵਿਚ ਬਦਲ ਗਈ।
ਉਹ ਹਰ ਰੋਜ਼ ਮਿਲਣ ਲੱਗੇ। ਮਾਸਕੋ ਦੇ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਅਤੇ ਪ੍ਰੋਫ਼ੈਸਰਾਂ ਨੇ ਰਲ ਕੇ 'ਪ੍ਰੋਲੇਤਾਰੀ ਟ੍ਰਿਬਿਊਨਲ' ਦੀ ਸਥਾਪਨਾ ਕੀਤੀ ਹੋਈ ਸੀ। ਟ੍ਰਿਬਿਊਨਲ ਕਮਜ਼ੋਰ ਬੰਦਿਆਂ, ਭਾਈਚਾਰਿਆਂ ਅਤੇ ਗ਼ਰੀਬ ਦੇਸ਼ਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਾ ਹੈ। ਰੂਸੀ ਕੱਦਾਵਾਰ ਵਿਦਿਆਰਥੀ ਆਗੂ ਨਿਕੋਲਈਚ ਅਤੇ ਮਾਸ਼ਾ ਟ੍ਰਿਬਿਊਨਲ ਦੀ ਅਗਵਾਈ ਕਰ ਰਹੇ ਸਨ।
ਸੰਨ 2014 ਵਿਚ ਇਕ ਲੱਖ ਵਿਦਿਆਰਥੀਆਂ ਅਤੇ ਕਾਮਿਆਂ ਨੇ ਮਾਸਕੋ ਵਿਚ ਰਾਜਨੀਤਕ ਬਦਲਾਅ ਲਈ ਮਾਰਚ ਕੀਤਾ ਸੀ। ਸਮਰੱਥ ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਅਤੇ ਜੋਸ਼ ਤੋਂ ਬਹੁਤ ਪ੍ਰਭਾਵਤ ਹੋਇਆ ਸੀ। ਜਦੋਂ ਮਾਰਚ ਆਪਣੇ ਪੂਰੇ ਜਲੌਅ 'ਤੇ ਸੀ ਤਾਂ ਪੁਲੀਸ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਸੀ। ਵਿਦਿਆਰਥੀ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਡੱਟ ਗਏ ਸਨ। ਉਨ੍ਹਾਂ ਨੇ ਜ਼ਖ਼ਮੀਆਂ ਦੀ ਜਿਸ ਸ਼ਿੱਦਤ ਨਾਲ ਸੰਭਾਲ ਕੀਤੀ ਤੇ ਇਲਾਜ ਕਰਵਾਇਆ, ਸਮਰੱਥ ਲਈ ਸਮਾਜ ਸੇਵਾ ਤੇ ਜਥੇਬੰਦੀ ਦੇ ਅਸਲੀ ਅਰਥ ਸਮਝ ਆ ਗਏ ਸਨ। ਉਹਦਾ ਮਨ ਕੀਤਾ, ਉਹ ਵੀ ਉਨ੍ਹਾਂ ਵਰਗਾ ਹੋ ਜਾਵੇ। ਦਾਅਰੀਨ ਦੇ ਨਾਲ ਤੁਰ ਪਵੇ।
ਦਾਅਰੀਨ ਰਿਆਜ਼ ਯੂਨੀਵਰਸਿਟੀ ਵਿਚ ਦਾਖ਼ਲ ਹੋਣ ਤੋਂ ਜਲਦੀ ਬਾਅਦ ਟ੍ਰਿਬਿਊਨਲ ਦੀ ਸਰਗਰਮ ਮੈਂਬਰ ਬਣ ਗਈ ਸੀ। ਉਹ ਜਦੋਂ ਵੀ ਮਿਲਦੇ, ਪਿਆਰ, ਸਾਹਿਤ ਅਤੇ ਰਾਜਨੀਤੀ ਦੇ ਵਿਸ਼ਿਆਂ 'ਤੇ ਚਰਚਾ ਛੇੜ ਲੈਂਦੇ। ਉਸ ਨੇ ਸਮਰੱਥ ਨੂੰ ਸਾਰਤਰ ਦੀਆਂ ਬਾਕੀ ਪੁਸਤਕਾਂ ਵੀ ਪੜ੍ਹਾ ਦਿੱਤੀਆਂ ਸਨ।
'ਸਮਾਜਵਾਦ ਦੀ ਸਥਾਪਨਾ ਲਈ ਮੈਂ ਆਪਣੀ ਪੂਰੀ ਤਾਕਤ ਲਾ ਦੇਵਾਂਗਾ, ਕਿਉਂਕਿ ਨਿਆਂ ਪੂਰਨ ਅਰਥ ਵਿਵਸਥਾ ਹੀ ਸਮਾਜ ਵਿਚ ਨਾਬਰਾਬਰੀ ਨੂੰ ਖ਼ਤਮ ਕਰ ਸਕਦੀ ਹੈ ਅਤੇ ਅਜਿਹੀ ਵਿਵਸਥਾ ਸਿਰਫ਼ ਸਮਾਜਵਾਦੀ ਨਿਜ਼ਾਮ ਹੀ ਪ੍ਰਦਾਨ ਕਰਨ ਦੇ ਸਮਰੱਥ ਹੋ ਸਕਦਾ ਹੈ।' ਜਾਂ ਪਾਲ ਸਾਰਤਰ ਦੀਆਂ ਇਹ ਸਤਰਾਂ ਸਮਰੱਥ ਨੇ ਵੀ ਪੱਲੇ ਬੰਨ੍ਹ ਲਈਆਂ ਸਨ।
ਉਸ ਨੂੰ ਇਹ ਵਿਚਾਰਧਾਰਾ ਮਨੁੱਖਤਾ ਨੂੰ ਹਰ ਤਰ੍ਹਾਂ ਬੁਲੰਦੀਆਂ 'ਤੇ ਪਹੁੰਚਾਉਣ ਵਾਲੀ ਲੱਗੀ। ਉਹ ਬੇਹਤਰ ਦੁਨੀਆ ਦੇ ਨਿਰਮਾਣ ਦਾ ਸੁਪਨਾ ਦੇਖਣ ਲੱਗ ਪਿਆ ਸੀ।
'ਪ੍ਰੋਲੇਤਾਰੀ ਟ੍ਰਿਬਿਊਨਲ' ਵਿਚ ਜ਼ਿਆਦਾ ਗਿਣਤੀ ਰੂਸੀ ਵਿਦਿਆਰਥੀਆਂ ਦੀ ਸੀ। ਉਨ੍ਹਾਂ ਦੇ ਪੁਰਖਿਆਂ ਨੇ ਹੱਥੀਂ ਬਣਾਏ 'ਇਨਕਲਾਬ ਦੇ ਕਿਲ੍ਹੇ' ਨੂੰ ਉਦੋਂ ਢਹਿ-ਢੇਰੀ ਕਰ ਦਿੱਤਾ ਸੀ, ਜਦੋਂ ਰੂਸੀ ਕਮਿਊਨਿਸਟ ਲੀਡਰ ਭ੍ਰਿਸ਼ਟ ਹੋ ਗਏ ਸਨ। ਉਹ ਆਪ ਸ਼ਹਿਨਸ਼ਾਹਾਂ ਵਾਲਾ ਜੀਵਨ ਜਿਊਣ ਲੱਗ ਪਏ ਸਨ ਪਰ ਲੋਕਾਂ ਦਾ ਜੀਵਨ ਨਰਕ ਬਣਾ ਦਿੱਤਾ ਸੀ। ਕਿਰਤੀ ਲੋਕਾਂ ਨੂੰ ਕਤਾਰਾਂ ਵਿਚ ਲੱਗ ਕੇ ਬਰੈੱਡ ਮਿਲਣ ਲੱਗ ਪਈ ਸੀ। ਲੋਕਾਂ ਦੀਆਂ ਜਿਊਣ ਹਾਲਤਾਂ ਨਿੱਘਰ ਗਈਆਂ ਸਨ। ਅਜਿਹੇ ਮਾੜੇ ਪ੍ਰਬੰਧ ਤੋਂ ਅੱਕੇ ਲੋਕਾਂ ਨੇ ਕਮਿਊਨਿਸਟ ਰਾਜ ਦਾ ਤਖ਼ਤਾ ਪਲਟ ਦਿੱਤਾ ਸੀ। ਇਸ ਪਿੱਛੋਂ 'ਸੋਵੀਅਤ ਸੰਘ' ਦਾ ਪਤਨ ਹੋ ਗਿਆ ਸੀ ਅਤੇ ਉਨ੍ਹਾਂ ਦੇਸ਼ਾਂ ਵਿਚ ਪੂੰਜੀਵਾਦੀ ਨਿਜ਼ਾਮ ਕਾਇਮ ਹੋ ਗਿਆ ਸੀ। ਲੋਕਾਂ ਨੇ ਬਗ਼ਾਵਤ ਕਰ ਕੇ ਜਿਹੜਾ ਨਵਾਂ ਰਾਜ ਲਿਆਂਦਾ ਸੀ, ਉਨ੍ਹਾਂ ਨੂੰ ਉਸ ਤੋਂ ਬਹੁਤ ਆਸਾਂ ਸਨ। ਪਰ ਇਸ ਪ੍ਰਬੰਧ ਨੇ ਲੋਕਾਂ ਨੂੰ ਅਮੀਰਾਂ ਤੇ ਗ਼ਰੀਬਾਂ ਵਿਚ ਵੰਡ ਦਿੱਤਾ ਸੀ। ਆਮ ਆਦਮੀ ਦਾ ਰੁਜ਼ਗਾਰ ਖੁੱਸ ਗਿਆ ਸੀ। ਉਨ੍ਹਾਂ ਨੂੰ ਰਹਿਣ ਅਤੇ ਖਾਣ-ਪੀਣ ਦੇ ਲਾਲ਼ੇ ਪੈ ਗਏ ਸਨ। ਉਨ੍ਹਾਂ ਦੀਆਂ ਧੀਆਂ-ਭੈਣਾਂ ਵੇਸਵਾਗਿਰੀ ਦੇ ਧੰਦੇ ਵੱਲ ਧੱਕੀਆਂ ਗਈਆਂ ਸਨ। ਲੋਕ ਅਸਲੀ ਕਮਿਊਨਿਜ਼ਮ ਵੱਲ ਪਰਤਣਾ ਚਾਹੁੰਦੇ ਸਨ।
ਟ੍ਰਿਬਿਊਨਲ ਨੇ ਵਿਦਿਆਰਥੀਆਂ ਵਿਚ ਇਹ ਧਾਰਨਾ ਬਣਾਈ ਕਿ ਦੱਬੇ ਕੁਚਲੇ ਵਰਗ ਦੇ ਹਿੱਤ ਕਮਿਊਨਿਜ਼ਮ ਤੋਂ ਇਲਾਵਾ ਹੋਰ ਕਿਸੇ ਵੀ ਰਾਜਨੀਤਕ ਵਿਵਸਥਾ ਵਿਚ ਸੁਰੱਖਿਅਤ ਨਹੀਂ ਹੋ ਸਕਦੇ। ਦਾਅਰੀਨ ਨੇ ਸਮਰੱਥ ਨੂੰ ਸਾਰਤਰ ਤੋਂ ਬਾਅਦ ਕਾਮੂ, ਕਾਫਕਾ, ਮਾਰਕਸ-ਐਂਗਲਜ਼, ਲੈਨਿਨ ਤੇ ਮਾਓ ਦੀਆਂ ਲਿਖਤਾਂ ਪੜ੍ਹਾਈਆਂ। ਉਹ ਹਮੇਸ਼ਾ ਉਨ੍ਹਾਂ ਮਹਾਨ ਵਿਚਾਰਕਾਂ ਦੀਆਂ ਪੁਸਤਕਾਂ ਨਾਲ ਜੁੜਿਆ ਨਜ਼ਰ ਆਉਂਦਾ, ਜਿਨ੍ਹਾਂ ਨੇ ਮਨੁੱਖਤਾ ਨੂੰ ਨਵੀਂ ਸੋਚ ਤੇ ਨਿੱਗਰ ਦ੍ਰਿਸ਼ਟੀ ਪ੍ਰਦਾਨ ਕੀਤੀ। ਉਨ੍ਹਾਂ ਦੇ ਫਲਸਫੇ ਦਾ ਪ੍ਰਮੁੱਖ ਵਿਸ਼ਾ ਮਨੁੱਖ ਦੀ ਮੁੱਢਲੀ ਆਜ਼ਾਦੀ, ਪਿਆਰ ਅਤੇ ਬਰਾਬਰਤਾ ਹੈ।
ਉਹ ਬਹੁਤ ਕੁੱਝ ਪੜ੍ਹ, ਸੁਣ ਤੇ ਜਾਣ ਚੁੱਕਾ ਸੀ ਪਰ ਫਿਰ ਵੀ ਉਸ ਅੰਦਰ ਗਿਆਨ ਪ੍ਰਾਪਤੀ ਦੀ ਭੁੱਖ ਅਜੇ ਬਾਕੀ ਸੀ। ਉਸ ਦੀ ਜ਼ਿੰਦਗੀ ਵਿਚ ਦਾਅਰੀਨ ਦੀ ਆਮਦ ਇਕ ਖੁਸ਼ਨੁਮਾ ਹਵਾ ਦੇ ਬੁੱਲ੍ਹੇ ਵਾਂਗ ਸੀ। ਉਹ ਇਕ-ਦੂਜੇ ਦੇ ਪਰ੍ਹਾਂ 'ਤੇ ਉੱਡੀ ਫਿਰਦੇ। ਉਹ ਦਾਅਰੀਨ ਦੇ ਸਾਹੀਂ ਜਿਊਂਦਾ। ਉਨ੍ਹਾਂ ਜ਼ਿੰਦਗੀ ਭਰ ਇਕੱਠੇ ਰਹਿਣ ਦਾ ਫ਼ੈਸਲਾ ਕਰ ਲਿਆ ਸੀ। ਉਹ ਦੋਨੋਂ ਮਨੁੱਖ ਜਾਤੀ ਦੇ ਮੁਕਤੀਦਾਤੇ ਬਣਨ ਦੇ ਸੁਪਨੇ ਲੈਣ ਲੱਗੇ।
ਉਨ੍ਹਾਂ ਯੂਨੀਵਰਸਿਟੀ ਤੋਂ ਆਪੋ-ਆਪਣੀ ਡਾਕਟਰੀ ਦੀ ਡਿਗਰੀ ਲਈ ਅਤੇ ਜੈਨੇਟਿਕ ਇੰਜਨੀਅਰਿੰਗ ਦੀ ਪੜ੍ਹਾਈ ਲਈ ਸਕਾਟਲੈਂਡ ਦੀ 'ਡੌਲੀ ਬੌਨੀ ਕਲੋਨ ਕੰਪਨੀ' ਵਿਚ ਦਾਖ਼ਲਾ ਲੈ ਲਿਆ। ਇਹ ਕੰਪਨੀ ਮਨੁੱਖੀ ਕਲੋਨ ਦਾ ਜਨਮ ਕਰ ਚੁੱਕੀ ਸੀ। ਦੋ ਸਾਲ ਦੀ ਪੜ੍ਹਾਈ ਦੌਰਾਨ ਕੰਪਨੀ ਨੇ ਖੋਜੀਆਂ ਕੋਲੋਂ ਇਕ ਕਲੋਨ ਤਿਆਰ ਕਰਵਾਇਆ। ਡਾ. ਸਮਰੱਥ ਤੇ ਡਾ. ਦਾਅਰੀਨ ਰਿਆਜ਼ ਇਸ ਖੋਜ ਵਿੱਚ ਹਿੱਸਾ ਲੈ ਕੇ ਮਾਣ ਮਹਿਸੂਸ ਕਰ ਰਹੇ ਸਨ। ਉਨ੍ਹਾਂ ਦਾ ਇਰਾਦਾ ਇੰਡੀਆ ਆ ਕੇ ਆਪਣੀ ਪ੍ਰਯੋਗਸ਼ਾਲਾ ਸਥਾਪਤ ਕਰਨਾ ਸੀ।
ਸੰਨ 2018 ਵਿਚ ਉਹ ਭਾਰਤ ਆ ਗਏ। ਉਨ੍ਹਾਂ ਇੰਡੀਅਨ ਰੈਵੋਲਿਊਸ਼ਨਰੀ ਪਾਰਟੀ ਜੁਆਇਨ ਕਰ ਲਈ। ਪਾਰਟੀ ਨੇ ਉਨ੍ਹਾਂ ਦਾ ਵਿਆਹ ਕੀਤਾ। ਫ਼ਿਰ ਬਿਹਾਰ ਦੇ ਇਕ ਛੋਟੇ ਜਿਹੇ ਕਸਬੇ ਦੀ ਗ਼ਰੀਬ ਬਸਤੀ ਵਿਚ ਉਨ੍ਹਾਂ ਦੀ ਡਿਊਟੀ ਲਾ ਦਿੱਤੀ। ਉਥੇ ਉਨ੍ਹਾਂ ਕਲੀਨਿਕ ਖੋਲ੍ਹ ਲਈ। ਜਿਥੇ ਉਹ ਗ਼ਰੀਬਾਂ ਦਾ ਮੁਫ਼ਤ ਇਲਾਜ ਕਰਦੇ। ਇਸ ਦੇ ਨਾਲ- ਨਾਲ ਉਨ੍ਹਾਂ ਕਸਬੇ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਕਿਰਤੀਆਂ ਵਿਚ ਸਮਾਜਵਾਦੀ ਗਰੁੱਪ ਦਾ ਗਠਨ ਕੀਤਾ। ਇਹ ਇਨਕਲਾਬੀ ਵਿਚਾਰਕਾਂ ਦਾ ਅੰਡਰ-ਗਰਾਊਂਡ ਦਸਤਾ ਸੀ। ਤਿੰਨ ਸਾਲਾਂ ਵਿਚ ਇਸ ਗਰੁੱਪ ਨੂੰ ਹਾਂ-ਪੱਖੀ ਹੁੰਗਾਰਾ ਮਿਲਿਆ ਤਾਂ ਇਹ ਮੰਜ਼ਿਲਾਂ ਸਰ ਕਰਦੇ ਅੱਗੇ ਵਧਦੇ ਗਏ।
ਉਹ ਦੇਖਦੇ ਕਿ ਦੇਸ਼ ਦੀ ਵੱਡੀ ਆਬਾਦੀ 'ਚ ਗ਼ੈਰ-ਬਰਾਬਰੀ ਅਤੇ ਸਮਾਜਕ ਬੇਚੈਨੀ ਹੈ। ਇੱਥੇ ਉਨ੍ਹਾਂ ਗ਼ਰੀਬੀ ਤੇ ਅਨਿਆਂ ਨਾਲ ਭੈਅਭੀਤ ਨੌਜਵਾਨ ਪੀੜ੍ਹੀ ਨੂੰ ਬੜੀ ਸ਼ਿੱਦਤ ਨਾਲ ਟੁੰਬਿਆ। ਇਨ੍ਹਾਂ ਕੋਲ ਕੁੱਝ ਗੁਪਤ ਟਿਕਾਣੇ ਸਨ, ਜਿੱਥੇ ਹਰ ਰੋਜ਼ ਸ਼ਾਮ ਵੇਲੇ ਲੋਕਾਂ ਨੂੰ ਜ਼ਰੂਰ ਮਿਲਦੇ। ਵੱਖ-ਵੱਖ ਟਿਕਾਣਿਆਂ 'ਤੇ ਨੌਜਵਾਨ ਮੁੰਡੇ-ਕੁੜੀਆਂ ਦੀ ਸਕੂਲਿੰਗ ਕਰਦੇ। ਉਹ ਮੁੰਡੇ-ਕੁੜੀਆਂ ਵੱਖ-ਵੱਖ ਖੇਤਰਾਂ ਵਿਚ ਸਰਗਰਮ ਹੁੰਦੇ। ਇਨ੍ਹਾਂ ਨੇ ਵਿਦਿਆਰਥੀਆਂ, ਮਜ਼ਦੂਰਾਂ ਤੇ ਕਿਸਾਨਾਂ ਦੇ ਅਨੇਕਾਂ ਅੰਦੋਲਨ ਖੜ੍ਹੇ ਕੀਤੇ। ਉਹ ਸਫ਼ਲਤਾਪੂਰਵਕ ਜਿੱਤੇ ਵੀ। ਪਰ ਉਹ ਮੁਕੰਮਲ ਇਨਕਲਾਬ ਵੱਲ ਨਾ ਵਧੇ।
ਮਾਰਚ 2020 ਵਿਚ ਨਿਕੋਲਈਚ ਅਤੇ ਮਾਸ਼ਾ ਨੇ 1917 ਦੀ ਰੂਸੀ ਬੋਲਸੇਵਿਕ ਕ੍ਰਾਂਤੀ ਦੇ ਨੇਤਾ ਵਲਾਦੀਮੀਰ ਇਲੀਚ ਲੈਨਿਨ ਬਾਰੇ ਤਿੰਨ ਰਚਨਾਵਾਂ ਡਾ. ਰਾਜਨ ਰਾਹੀਂ ਉਨ੍ਹਾਂ ਤੱਕ ਪੁੱਜਦੀਆਂ ਕੀਤੀਆਂ। ਜਦੋਂ ਡਾ. ਦਾਅਰੀਨ ਤੇ ਡਾ. ਸਮਰੱਥ ਦਾ ਯੂਨੀਵਰਸਿਟੀ ਵਿਚ ਆਖ਼ਰੀ ਸਾਲ ਸੀ, ਉਸੇ ਸਾਲ ਮਹਾਰਾਸ਼ਟਰ ਤੋਂ ਰਾਜਨ ਉਥੇ ਦਾਖ਼ਲਾ ਲੈਂਦਾ ਹੈ ਅਤੇ ਦਾਅਰੀਨ ਰਿਆਜ਼ ਰਾਹੀਂ 'ਪ੍ਰੋਲੇਤਾਰੀ ਟ੍ਰਿਬਿਊਨਲ' ਵਿਚ ਸਰਗਰਮ ਹੁੰਦਾ ਹੈ। ਉਹ ਹੁਣ ਉਥੇ ਸਰਗਰਮ ਕਾਮਾ ਹੈ। ਦਾਅਰੀਨ ਨਾਲ ਲਗਾਤਾਰ ਸੰਪਰਕ ਵਿਚ ਹੈ। ਕਾਮਰੇਡ ਲੈਨਿਨ ਦੀ ਮੌਤ 21 ਜਨਵਰੀ 1924 ਨੂੰ ਹੋਈ ਸੀ। ਸੋਵੀਅਤ ਸੰਘ ਦੇ ਪਾਰਟੀ ਨੇਤਾਵਾਂ ਨੇ ਪਹਿਲਾਂ ਲਾਸ਼ ਫ਼ਰੀਜ਼ ਕਰਨੀ ਚਾਹੀ ਪਰ ਉਹ ਕਾਮਯਾਬ ਨਾ ਹੋਏ। ਫ਼ਿਰ ਉਨ੍ਹਾਂ ਰਸਾਇਣਕ ਪਦਾਰਥਾਂ ਨਾਲ ਡੈੱਡ ਬਾਡੀ ਨੂੰ ਪਰਿਜ਼ਰਵ ਕਰ ਲਿਆ ਸੀ।
ਮਾਸਕੋ ਦੇ ਰੈੱਡ ਸੁਕੇਅਰ ਵਿਚ ਪਈ ਲਾਸ਼ ਬਾਰੇ ਬਹੁਤ ਕੁੱਝ ਗੁਪਤ ਰੱਖਿਆ ਗਿਆ ਸੀ। ਡਾ. ਸਮਰੱਥ, ਡਾ. ਦਾਅਰੀਨ ਰਿਆਜ਼ ਤੇ ਉਨ੍ਹਾਂ ਦੇ ਸਾਥੀ ਵਿਦਿਆਰਥੀ ਅਨੇਕਾਂ ਵਾਰ ਲੈਨਿਨ ਦੇ ਦਰਸ਼ਨਾਂ ਨੂੰ ਗਏ ਅਤੇ ਰੈੱਡ ਸਲਿਊਟ ਦੇ ਕੇ ਮੁੜਦੇ ਰਹੇ। 1995 ਵਿਚ ਰੂਸੀ ਸਰਕਾਰ ਨੇ ਲਾਸ਼ ਸੰਭਾਲਣ ਵਾਲੀ ਸੰਸਥਾ ਨੂੰ ਫ਼ੰਡ ਬੰਦ ਕਰ ਦਿੱਤੇ ਸਨ। ਇਸ ਪਿੱਛੋਂ ਅਮੀਰ ਲੋਕਾਂ ਅਤੇ ਦਰਸ਼ਕਾਂ ਵਲੋਂ ਦਾਨ ਕੀਤੇ ਜਾਂਦੇ ਫ਼ੰਡ ਨਾਲ ਇਸ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਪਿੱਛੇ ਜਿਹੇ ਜੈਵਿਕ ਰਚਨਾ ਵਿਗਿਆਨ ਖੋਜ ਲੈਬਾਰਟਰੀ ਦੇ ਇਕ ਸੀਨੀਅਰ ਦਵਾਈ ਉਪਚਾਰਕ ਯੂਰੀ ਰੋਮਾਕੋਵ ਨੇ ਖ਼ੁਲਾਸਾ ਕੀਤਾ ਸੀ ਕਿ ਲੈਨਿਨ ਦਾ ਮ੍ਰਿਤਕ ਸਰੀਰ ਇਸ ਲੈਬਾਰਟਰੀ ਵਿਚ ਲਿਆਂਦੀਆਂ ਜਾਣ ਵਾਲੀਆਂ ਲਾਸ਼ਾਂ 'ਤੇ ਲਗਾਤਾਰ ਤਜ਼ਰਬਿਆਂ ਦੇ ਨਤੀਜੇ ਵਜੋਂ ਸੁਰੱਖਿਅਤ ਰੱਖਿਆ ਹੋਇਆ ਹੈ।
ਨਿਕੋਲਈਚ ਅਤੇ ਮਾਸ਼ਾ ਦੀਆਂ ਗੁਪਤ ਤਿੰਨ ਸੂਚਨਾਵਾਂ ਇਹ ਸਨ-
+ਸੰਸਥਾ ਦੇ ਵਿਗਿਆਨੀ ਲੈਨਿਨ ਦੀ ਲਾਸ਼ ਦੀ ਹਫ਼ਤੇ ਵਿਚ ਦੋ ਵਾਰੀ ਜਾਂਚ ਕਰਦੇ ਹਨ। ਹਰ ਦੋ ਸਾਲ ਬਾਅਦ ਗਲੈਸਟਰੋਨ ਅਤੇ ਪੋਟਾਸ਼ੀਅਮ ਏਸੀਟੇਟ ਦੇ ਵਿਸ਼ੇਸ਼ ਰਸਾਇਣਕ ਘੋਲ ਵਿਚ ਤੀਹ ਦਿਨਾਂ ਲਈ ਡੋਬ ਦਿੰਦੇ ਹਨ। ਲੈਨਿਨ ਦੀ ਲਾਸ਼ ਨੂੰ ਤਰੋਤਾਜ਼ਾ ਰੱਖਣ ਵਾਲੇ ਵਿਗਿਆਨੀਆਂ ਵਿਚੋਂ ਇਕ ਵਿਗਿਆਨੀ ਯੇਵਜੈਨੀਆ ਉਨ੍ਹਾਂ ਦੇ ਗਰੁੱਪ ਦੇ ਬਹੁਤ ਨੇੜੇ ਹੋ ਗਈ ਹੈ। +ਰੂਸੀ ਨੇਤਾਵਾਂ ਨੇ ਜਰਮਨ ਦੇ ਇਕ ਵਿਗਿਆਨੀ ਕੋਲੋਂ ਲੈਨਿਨ ਦੇ ਦਿਮਾਗ਼ (Brain) ਦੀ ਖੋਜ ਕਰਵਾਈ ਸੀ। ਉਸ ਵਿਗਿਆਨੀ ਦਾ ਨਾਂ ਅਤੇ ਖੋਜ ਅਜੇ ਤੱਕ ਗੁਪਤ ਰੱਖੇ ਹੋਏ ਹਨ ਪਰ ਦਿਮਾਗ ਨੂੰ ਚੀਰਫ਼ਾੜ ਅਤੇ ਸਰਚ ਕਰਨ ਤੋਂ ਬਾਅਦ ਜਿਸ ਲੈਬਾਰਟਰੀ ਵਿਚ ਗੁਪਤ ਰੂਪ ਵਿਚ ਸਾਂਭਿਆ ਪਿਆ ਹੈ। ਉਨ੍ਹਾਂ ਉਥੇ ਤੱਕ ਵੀ ਪਹੁੰਚ ਕਰ ਲਈ ਹੈ। +ਉਸ ਦੇ ਸਰੀਰ ਵਿਚੋਂ ਬਲੱਡ ਕੱਢ ਕੇ ਫਾਰਮੋਲਡੀਰਾਈਡ, ਅਲਕੋਹਲ ਅਤੇ ਪਾਣੀ ਦੀ ਕੁੱਝ ਮਾਤਰਾ ਰਕਤ ਵਹਿਣੀਆਂ ਵਿਚ ਭਰ ਕੇ ਐਬੋਲੇਗਿੰਗ ਕੀਤੀ ਗਈ ਹੈ। ਜੋ ਖ਼ੂਨ ਕਢਿਆ ਗਿਆ ਸੀ, ਉਹ ਵੀ ਪਰਿਜ਼ਰਵ ਕੀਤਾ ਹੋਇਆ ਹੈ।
ਡਾ. ਸਮਰੱਥ ਤੇ ਡਾ. ਦਾਅਰੀਨ ਦੀ ਝਾਰਖੰਡ ਦੇ ਇਕ ਸ਼ਹਿਰ ਵਿਚ ਡਿਊਟੀ ਲਾ ਦਿੱਤੀ ਗਈ। ਜਿੱਥੇ ਖੁੱਲ੍ਹੀ ਥਾਂ ਮਿਲਣ ਨਾਲ ਉਨ੍ਹਾਂ ਹਸਪਤਾਲ ਦੇ ਨਾਲ ਪ੍ਰਯੋਗਸ਼ਾਲਾ ਦੀ ਵੀ ਉਸਾਰੀ ਕਰਵਾ ਦਿੱਤੀ। ਪਾਰਟੀ ਫ਼ੰਡ ਨਾਲ ਬਣੀ, ਇਹ ਅੰਦਰੋਂ ਆਧੁਨਿਕ ਕਿਸਮ ਦੀ ਪ੍ਰਯੋਗਸ਼ਾਲਾ ਸੀ ਜਿਸ ਵਿਚ ਆਧੁਨਿਕ ਸਾਮਾਨ ਅਤੇ ਟਰੇਂਡ ਸਟਾਫ਼ ਸੀ। ਬਾਹਰੋਂ ਇਸ ਨੂੰ ਹਸਪਤਾਲ ਦੀ ਦਿੱਖ ਦਿੱਤੀ ਗਈ। ਉਪਰਲੀ ਮੰਜ਼ਿਲ ਵਿਚ ਪ੍ਰਯੋਗਸ਼ਾਲਾ ਦਾ ਕੰਮ ਸ਼ੁਰੂ ਕੀਤਾ ਗਿਆ। ਹਸਪਤਾਲ ਤੋਂ ਜਿੰਨਾ ਪੈਸਾ ਕਮਾਇਆ ਜਾਂਦਾ, ਪ੍ਰਯੋਗਸ਼ਾਲਾ ਦਾ ਸਾਜ਼ੋ-ਸਾਮਾਨ ਅਤੇ ਸਟਾਫ਼ ਉੱਤੇ ਖਰਚ ਦਿੱਤਾ ਜਾਂਦਾ। ਇਹ ਆਮ ਪ੍ਰਯੋਗਸ਼ਾਲਾ ਨਹੀਂ ਸੀ। ਇਸ ਵਿਚ ਮਨੁੱਖੀ ਕਲੋਨ ਤਿਆਰ ਕਰਨ ਦੀ ਪੂਰੀ ਸਹੂਲਤ ਹੈ। ਘਰਾਂ ਨੂੰ ਉਹ ਕਦੋਂ ਦੇ ਅਲਵਿਦਾ ਕਹਿ ਚੁੱਕੇ ਹਨ। ਹੁਣ ਉਨ੍ਹਾਂ ਦਾ ਨਾ ਆਪਣਾ ਘਰ ਸੀ, ਨਾ ਬੈਂਕ ਬੈਲੰਸ ਤੇ ਨਾ ਹੀ ਪਰਿਵਾਰ। ਉਨ੍ਹਾਂ ਦਾ ਪਰਿਵਾਰ ਪਾਰਟੀ ਸੀ ਜਾਂ ਉਹ ਗਰੀਬ ਲੋਕ ਜਿਨ੍ਹਾਂ ਲਈ ਉਨ੍ਹਾਂ ਆਪਣੇ ਸੁੱਖ ਆਰਾਮ ਤਿਆਗ ਦਿੱਤੇ ਸਨ। ਸਿਰਫ਼ ਕਿਤਾਬਾਂ, ਹਸਪਤਾਲ, ਪ੍ਰਯੋਗਸ਼ਾਲਾ ਤੇ ਕਿਰਤੀ ਲੋਕ ਹੀ ਉਨ੍ਹਾਂ ਦਾ ਸਰਮਾਇਆ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਇਸ ਦੇਸ਼ ਵਿਚ ਗ਼ਰੀਬਾਂ ਦੀ ਕੋਈ ਆਵਾਜ਼ ਚੁੱਕਣ ਵਾਲਾ ਨਹੀਂ ਹੈ। ਦੇਸ਼ ਵਿਚ ਕਾਰਪੋਰੇਟ ਸੈਕਟਰ ਵਲੋਂ ਫ਼ੈਲਾਏ ਜਾਲ ਤੋਂ ਉਹ ਚਿੰਤਤ ਸਨ। ਦਾਅਰੀਨ ਨੌਜਵਾਨਾਂ ਨੂੰ ਅਕਸਰ ਕਹਿੰਦੀ-
''ਦੁਨੀਆ ਭਰ ਵਿਚ ਸਰਮਾਏਦਾਰ ਦੀ ਲਾਲਸਾ ਬਹੁਤ ਵੱਧ ਗਈ ਹੈ। ਭੁੱਖ ਤਾਂ ਸ਼ਾਂਤ ਹੋ ਸਕਦੀ ਹੈ ਪਰ ਲਾਲਸਾ ਕਦੇ ਨਹੀਂ ਮੁੱਕਦੀ।''
ਉਨ੍ਹਾਂ ਦਾ ਸੰਗਠਨ ਹਰ ਤਰ੍ਹਾਂ ਦੀ ਗ਼ੁਲਾਮੀ ਜਾਂ ਗ਼ੁਲਾਮ ਬਣਾਉਣ ਵਾਲੀ ਮਾਨਸਿਕਤਾ ਦੇ ਖ਼ਾਤਮੇ ਲਈ ਲੜ ਰਿਹਾ ਹੈ। ਡਾ. ਸਮਰੱਥ ਕਹਿੰਦਾ-
''ਆਪਾਂ ਨਸਲ-ਜਾਤੀ ... ਔਰਤ-ਮਰਦ ਵਰਗੇ ਭੇਦਭਾਵ ਪਹਿਲ ਦੇ ਆਧਾਰ 'ਤੇ ਮਿਟਾਉਣੇ ਹਨ। ਹਰ ਤਰ੍ਹਾਂ ਦੇ ਦਾਬੇ ਅਤੇ ਜਬਰ ਤੋਂ ਮੁਕਤ ਅਜਿਹਾ ਨਰੋਆ ਸਮਾਜ ਸਿਰਜਣਾ ਹੈ ਜਿਸ ਵਿਚ ਸਭ ਮਨੁੱਖਾਂ ਨੂੰ ਮਾਣਮੱਤੀ ਜ਼ਿੰਦਗੀ ਜਿਊਣ ਦੇ ਹੱਕ ਦੀ ਗਰੰਟੀ ਦੇਣ ਵਾਲੀ ਵਿਵਸਥਾ ਹੋਵੇ।''
ਪਾਰਟੀ ਔਰਤਾਂ, ਆਦਿ ਵਾਸੀਆਂ, ਦਲਿਤਾਂ, ਪਛੜੇ ਵਰਗਾਂ ਅਤੇ ਗ਼ਰੀਬ ਤਬਕੇ ਵਿਚ ਅੰਦੋਲਨ ਚਲਾਉਂਦੀ ਪਰ ਉਨ੍ਹਾਂ ਦਾ ਇਨਕਲਾਬ ਕਰਨ ਦਾ ਮਿਸ਼ਨ ਪੂਰਾ ਹੁੰਦਾ ਦਿਖ ਨਹੀਂ ਸੀ ਰਿਹਾ। ਪਾਰਟੀ ਦੇਸ਼ ਭਰ ਵਿਚ ਬਹੁਤ ਵੱਡੀ ਮੂਵਮੈਂਟ ਬਣਾ ਨਾ ਸਕੀ ਸਗੋਂ ਸਟੇਟ ਜਬਰ ਨੇ ਉਨ੍ਹਾਂ ਦੇ ਅੰਦੋਲਨ ਤਹਿਸ ਨਹਿਸ ਕਰ ਦਿੱਤੇ ਸਨ। ਉਨ੍ਹਾਂ ਨੂੰ ਲੱਗਾ ਪਾਰਟੀ ਗ਼ਲਤ ਪ੍ਰੈਕਟਿਸ ਕਰ ਰਹੀ ਹੈ।
ਜਨਵਰੀ 2021
ਇੰਡੀਅਨ ਰੈਵੋਲੂਸ਼ਨਰੀ ਪਾਰਟੀ ਦੀ ਕੇਂਦਰੀ ਕਮੇਟੀ ਨੇ 'ਦੇਸ਼ ਵਿਚ ਇਨਕਲਾਬ ਨੇਪਰੇ ਕਿਉਂ ਨਹੀਂ ਚੜ੍ਹਿਆ?'ਦੇ ਮੁੱਦੇ 'ਤੇ ਮੀਟਿੰਗ ਬੁਲਾ ਲਈ ਸੀ। ਇਹ ਮੀਟਿੰਗ ਛੱਤੀਸਗੜ੍ਹ ਵਿਚ ਗੁਪਤ ਜਗ੍ਹਾ 'ਤੇ ਰਖੀ ਗਈ ਸੀ। ਪੰਜ ਦਿਨ ਚਲਣ ਵਾਲੀ ਇਸ ਮੀਟਿੰਗ ਵਿਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਬੁੱਧੀਜੀਵੀਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਡਾ. ਦਾਅਰੀਨ ਅਤੇ ਡਾ. ਸਮਰੱਥ ਵਿਗਿਆਨ ਖੇਤਰ ਵਲੋਂ ਬੁਲਾਏ ਗਏ ਸਨ। ਹਜ਼ਾਰਾਂ ਪਾਰਟੀ ਕਾਰਕੁਨ ਪੁਲੀਸ ਅਤੇ ਨਿੱਜੀ ਸੈਨਾਵਾਂ ਹੱਥੋਂ ਮਾਰੇ ਜਾ ਚੁੱਕੇ ਸਨ। ਇਕ ਲੱਖ ਜੰਗਜੂ ਅਤੇ ਜਨ ਪ੍ਰਤੀਰੋਧ ਦੀ ਲਹਿਰ ਖੜ੍ਹੀ ਕਰਨ ਵਾਲੇ ਭਾਰਤੀ ਜੇਲ੍ਹਾਂ ਵਿਚ ਸੜ ਰਹੇ ਸਨ। ਲੱਖਾਂ ਔਰਤ-ਮਰਦ ਆਪਣੇ ਘਰ-ਬਾਰ ਤਿਆਗ ਕੇ ਲੋਕ ਮੁਕਤੀ ਲਈ ਜੂਝ ਰਹੇ ਸਨ। ਐਨੀਆਂ ਕੁਰਬਾਨੀਆਂ ਦੇ ਬਾਵਜੂਦ ਲਹਿਰ ਜਿੱਤ ਵੱਲ ਵੱਧ ਨਹੀਂ ਸੀ ਰਹੀ। ਸਭ ਲਈ ਏਹੀ ਚਿੰਤਾ ਦਾ ਵਿਸ਼ਾ ਸੀ।
''ਸਮਾਜਵਾਦੀ ਵਿਚਾਰਧਾਰਾ ਅਪਣਾਏ ਬਿਨਾਂ ਦੇਸ਼ ਦਾ ਆਰਥਕ ਤੇ ਸਮਾਜਕ ਵਿਕਾਸ ਹੋਣਾ ਸੰਭਵ ਨਹੀਂ, ਇਹ ਗੱਲ ਪਾਰਟੀ ਭਾਰਤ ਦੇ ਲੋਕਾਂ ਨੂੰ ਸਮਝਾ ਨਹੀਂ ਸਕੀ। ਮੈਨੂੰ ਲਗਦਾ ਲੀਡਰਸ਼ਿਪ ਸਮਕਾਲੀ ਬੰਦੇ ਦੀ ਮਾਨਸਿਕਤਾ ਨਹੀਂ ਸਮਝ ਸਕੀ।'' ਲਲਿਤ ਨੇ ਸਭ ਤੋਂ ਪਹਿਲਾਂ ਆਪਣੀ ਗੱਲ ਰੱਖੀ ਸੀ।
''ਲੀਡਰਸ਼ਿਂਪ ਨੂੰ ਜਿਸ ਸਪੀਡ ਤੇ ਮਿਹਨਤ ਨਾਲ ਕੰਮ ਕਰਨ ਦੀ ਜ਼ਰੂਰਤ ਹੈ, ਉਹ ਕਰ ਨਹੀਂ ਰਹੀ। ਕਿਉਂਕਿ ਹਨੇਰਾ ਤਾਂ ਰਾਕਟ ਦੀ ਚਾਲ ਚਲਦਾ ਹੈ। ... ਸਭ ਤੋਂ ਵੱਡਾ ਨੁਕਸਾਨ ਪਾਰਟੀ ਫੁੱਟਾਂ ਨੇ ਕੀਤਾ ਏ।'' ਜਤਿਨ ਦਾਸ ਏਕਤਾ ਕਰਨ 'ਤੇ ਜ਼ੋਰ ਦੇ ਰਿਹਾ ਸੀ।
''ਭਾਰਤੀ ਜਨਤਾ ਦਾ ਵਾਹ ਬੁਰਜੂਆ ਪਾਰਟੀਆਂ ਦੇ ਭ੍ਰਿਸ਼ਟ ਲੀਡਰਾਂ ਨਾਲ ਪਿਆ ਹੋਇਆ ਹੈ, ਪਰ ਅਸੀਂ ਕਮਿਊਨਿਸਟ ਰੂਸ, ਚੀਨ, ਕਿਊਬਾ ਦਾ ਪਹਾੜਾ ਪੜ੍ਹੀ ਜਾ ਰਹੇ ਹਾਂ। ਦੇਸ਼ ਵਿਚ ਨਾ ਮਾਰਕਸਵਾਦ-ਲੈਨਿਨਵਾਦ ਲਾਗੂ ਕੀਤਾ ਤੇ ਨਾ ਇਸ ਦਾ ਸਥਾਨੀਕਰਨ ਕੀਤਾ। ਹਰੇਕ ਨੇ ਆਪਣੇ ਦੇਸ਼ ਦੀਆਂ ਹਾਲਤਾਂ ਅਨੁਸਾਰ ਸਿਧਾਂਤ ਨੂੰ ਲਾਗੂ ਕਰਨਾ ਹੁੰਦਾ ਹੈ। ਉਹ ਅਸੀਂ ਲਾਗੂ ਨਹੀਂ ਕਰ ਸਕੇ।'' ਨੌਨਿਹਾਲ ਸਿੰਘ ਇਹ ਵੀ ਕਹਿ ਰਿਹਾ ਸੀ ਕਿ ਨਾ ਧਰਮ ਨੂੰ ਸਮਝ ਸਕੇ ਤੇ ਨਾ ਕੌਮੀਅਤ ਨੂੰ ਸੁਲਝਾ ਸਕੇ।
''ਇਕ ਸ਼ਕਤੀਸ਼ਾਲੀ ਪਾਰਟੀ ਹੀ ਦੇਸ਼ ਵਿਚ ਪੂੰਜੀਪਤੀਆਂ ਅਤੇ ਜਾਗੀਰਦਾਰਾਂ ਦਾ ਮੁਕਾਬਲਾ ਕਰ ਸਕਦੀ ਏ।'' ਸੁਸ਼ੀਲਾ ਨੇ ਪਾਰਟੀ ਦੀ ਕਮਜ਼ੋਰ ਸਥਿਤੀ 'ਤੇ ਉਂਗਲ ਧਰੀ ਹੈ।
''ਪਾਰਟੀ ਜ਼ਾਤ ਦਾ ਸਵਾਲ ਨਹੀਂ ਹੱਲ ਕਰ ਸਕੀ। ਸਭ ਤੋਂ ਵੱਧ ਮਾਰ ਸਾਨੂੰ ਇਧਰੋਂ ਪੈ ਰਹੀ ਹੈ। ਭਾਰਤੀ ਸਮਾਜੀ ਪ੍ਰਬੰਧ ਵਿਚ ਛੂਆ- ਛਾਤ, ਜ਼ਾਤ-ਪਾਤ ਦੇ ਵਖਰੇਵਿਆਂ ਅਤੇ ਉੱਚ-ਜ਼ਾਤਾਂ ਦੇ ਜਬਰ ਦਾ ਵਿਰੋਧ ਵੱਡੀ ਪੱਧਰ 'ਤੇ ਕਰ ਨ੍ਹੀਂ ਸਕੇ। ਜ਼ਮੀਨ ਦੇ ਸਵਾਲ ਨੂੰ ਠੀਕ ਢੰਗ ਨਾਲ ਉਠਾਇਆ ਨ੍ਹੀਂ ਗਿਆ। ਸਰਕਾਰੀ ਤੇ ਜਾਗੀਰਦਾਰਾਂ ਵਲੋਂ ਦੱਬੀਆਂ ਜ਼ਮੀਨਾਂ ਲੋਕਾਂ ਵਿਚ ਵੰਡਣ ਲਈ ਤਿੱਖੇ ਸੰਘਰਸ਼ ਨ੍ਹੀਂ ਹੋਏ। ਸਰਕਾਰੀ ਜ਼ਮੀਨ ਵਿਚ ਦਲਿਤਾਂ ਦੇ ਤੀਜੇ ਹਿੱਸੇ ਲਈ ਤਾਂ ਲੜਾਈ ਬਿਲਕੁਲ ਨ੍ਹੀਂ ਲੜੀ ਗਈ।'' ਬਿਹਾਰੀਆ ਗੁਲਾਬ ਜ਼ਮੀਨ ਦੀ ਲੜਾਈ ਤਿੱਖੀ ਕਰਨੀ ਚਾਹੁੰਦਾ ਹੈ।
''ਪਾਰਟੀ ਨੇ ਸੰਘਰਸ਼ ਕਮੇਟੀਆਂ ਬਣਾ ਕੇ ਬਹੁਤ ਬੜੇ-ਬੜੇ ਘੋਲ ਲੜੇ। ਪਰ ਉਨ੍ਹਾਂ ਨੂੰ ਰਾਜਨੀਤਕ ਘੋਲਾਂ ਵਿਚ ਤਬਦੀਲ ਨ੍ਹੀਂ ਕਰ ਸਕੇ। ਇੱਥੋਂ ਤੱਕ ਅਸੀਂ ਭਾਰਤੀ ਅਵਾਮ ਨੂੰ ਪ੍ਰਾਈਵੇਟ ਤੇ ਨਿੱਜੀਕਰਨ ਦੀਆਂ ਲੋਕਮਾਰੂ ਨੀਤੀਆਂ ਬਾਰੇ ਸਮਝਾ ਨਹੀਂ ਸਕੇ ਹਾਂ।'' ਨਵੀਦ ਇਕਬਾਲ ਮੱਛਰਦਾਨੀ ਵਿਚੋਂ ਨਿਕਲ ਕੇ ਰਾਜਨੀਤਕ ਲੜਾਈ ਲੜਨ 'ਤੇ ਜ਼ੋਰ ਦੇ ਰਿਹਾ ਸੀ।
''ਰੂਸੀ ਤੇ ਚੀਨੀ ਇਨਕਲਾਬ ਨੂੰ ਸਿਰੇ ਚੜ੍ਹਾਉਣ ਵਾਲੇ ਲੈਨਿਨ ਤੇ ਮਾਓ ਵੱਡੇ ਸਿਧਾਂਤਕਾਰ ਸਨ। ਉਨ੍ਹਾਂ ਸਿਧਾਂਤਾਂ ਨੂੰ ਪ੍ਰੈਕਟੀਕਲ ਰੂਪ ਵਿਚ ਲਾਗੂ ਕੀਤਾ। ਇਤਿਹਾਸ ਨੂੰ ਬਦਲਣ ਵਾਲੇ ਅਜਿਹੇ ਮਹਾਂਨਾਇਕਾ ਦੀ ਜ਼ਰੂਰਤ ਹੈ। ਭਾਰਤੀ ਲੀਡਰਸ਼ਿਪ ਵਿੱਚ ਕਾਮਰੇਡ ਲੈਨਿਨ ਜਾਂ ਮਾਓ ਜਿਹੇ ਕੱਦਾਵਾਰ ਲੀਡਰ ਦੀ ਘਾਟ ਹੈ।'' ਸੈਲਸ਼ ਨੇ ਸੱਚੀ ਗੱਲ ਕਹਿ ਦਿੱਤੀ ਹੈ।
... ਲੀਡਰਸ਼ਿਪ ਦੀ ਯੋਗਤਾ ਦੀ ਘਾਟ ਵਾਲੀ ਗੱਲ ਬਹੁਤੇ ਬੁਲਾਰਿਆਂ ਨੇ ਕੀਤੀ। ਚਾਲੀ-ਪੰਜਾਹ ਕਾਰਨਾਂ 'ਤੇ ਚਰਚਾ ਹੋ ਰਹੀ ਹੈ। ਸਾਰੇ ਡੈਲੀਗੇਟ ਇਨ੍ਹਾਂ ਦਾ ਹੱਲ ਵੀ ਲੱਭਣਾ ਚਾਹੁੰਦੇ ਹਨ।
ਤਿੰਨ ਦਿਨ ਕਾਰਨਾਂ 'ਤੇ ਚਰਚਾ ਹੁੰਦੀ ਰਹੀ। 'ਇਨਕਲਾਬ ਸਿਰੇ ਕਿਵੇਂ ਲੱਗੇ?' ਦੋ ਦਿਨ ਏਜੰਡਾ ਚਲਦਾ ਰਿਹਾ। ਬਹੁਤੇ ਮੈਂਬਰ ਕਾਮਰੇਡ ਮਾਓ ਦੀਆਂ ਤਿੰਨ ਗੱਲਾਂ ਪਾਰਟੀ, ਸਾਂਝਾ ਮੋਰਚਾ, ਫ਼ੌਜ ਅਤੇ ਸਾਜ਼ਗਾਰ ਹਾਲਾਤ 'ਤੇ ਹੀ ਜ਼ੋਰ ਦੇਈ ਜਾ ਰਹੇ ਸਨ। ਮੈਂਬਰ ਚਾਹੁੰਦੇ ਹਨ ਕਿ ਇਨਕਲਾਬ ਨੂੰ ਏਜੰਡੇ 'ਤੇ ਰੱਖ ਕੇ ਜਲਦੀ ਜਿੱਤ ਵੱਲ ਵਧਿਆ ਜਾਵੇ ਅਤੇ ਕੋਈ ਸਮਾਂ ਸੀਮਾ ਨਿਸ਼ਚਿਤ ਕਰ ਲਿਆ ਜਾਵੇ। ਪਾਰਟੀ ਦੇ ਜਨਰਲ ਸਕੱਤਰ ਦਾ ਮੰਨਣਾ ਹੈ ਕਿ ਇਨਕਲਾਬ ਕਰਨ ਦਾ ਨਾ ਕੋਈ ਫਿਕਸਡ ਢੰਗ ਤਰੀਕਾ ਹੈ ਤੇ ਨਾ ਹੀ ਕੋਈ ਸਮਾਂ ਮਿੱਥਿਆ ਜਾ ਸਕਦਾ ਹੈ। ਜਿੰਨਾ ਚਿਰ ਅੰਦਰੂਨੀ ਤੇ ਬਾਹਰਮੁਖੀ ਹਾਲਾਤ ਪ੍ਰਪੱਕ ਨਹੀਂ ਹੁੰਦੇ, ਤਦ ਤੱਕ ਜਿੱਤ ਵੱਲ ਨਹੀਂ ਵਧਿਆ ਜਾ ਸਕਦਾ। ਡਾ. ਦਾਅਰੀਨ ਰਿਆਜ਼ ਲਗਾਤਾਰ ਬਹਿਸ ਵਿਚ ਹਿੱਸਾ ਲੈ ਰਹੀ ਸੀ। ਡਾ. ਸਮਰੱਥ ਨੋਟ ਹੀ ਕਰਦਾ ਰਿਹਾ ਸੀ। ਉਸ ਆਖ਼ਰੀ ਦਿਨ ਆਪਣੀ ਯੋਜਨਾ ਰੱਖੀ ਸੀ-
''ਬਹੁਤ ਸਾਰੇ ਸਾਥੀਆਂ ਨੇ ਇਨਕਲਾਬ ਨੇਪਰੇ ਨਾ ਚੜ੍ਹਨ ਦਾ ਕਾਰਨ ਕੱਦਵਾਰ ਲੀਡਰਸ਼ਿਪ ਦੀ ਘਾਟ ਦਸਿਆ ਹੈ। ਉਨ੍ਹਾਂ ਨੂੰ ਲੱਗ ਰਿਹਾ- ਸਾਡੇ ਵਿਚੋਂ ਕਾਮਰੇਡ ਲੈਨਿਨ ਜਾਂ ਮਾਓ ਵਰਗੀ ਪ੍ਰਤਿਭਾ ਨ੍ਹੀਂ ਉੱਭਰੀ। ਮੈਨੂੰ ਵੀ ਏਹੀ ਲੱਗ ਰਿਹਾ। ਜਿਵੇਂ ਤੁਸੀਂ ਜਾਣਦੇ ਹੋ ਅਸੀਂ ਵਿਗਿਆਨੀ ਹਾਂ ਤੇ ਪ੍ਰਯੋਗਸ਼ਾਲਾ ਚਲਾਉਂਦੇ ਹਾਂ। ਮੈਂ ਤੇ ਡਾ. ਦਾਅਰੀਨ ਕਲੋਨ ਬਣਾਉਣਾ ਜਾਣਦੇ ਹਾਂ। ਰੈੱਡ ਸੁਕੇਅਰ ਵਿੱਚ ਕਾਮਰੇਡ ਲੈਨਿਨ ਦੀ ਲਾਸ਼ ਪਈ ਹੈ। ਜੇ ਪਾਰਟੀ ਆਗਿਆ ਦੇਵੇ, ਅਸੀਂ ਉਨ੍ਹਾਂ ਦਾ ਕਲੋਨ ਤਿਆਰ ਕਰ ਸਕਦੇ ਹਾਂ। ਸਾਡੇ ਕੋਲ ਪੂਰਾ ਸੂਰਾ ਲੈਨਿਨ ਹੋਵੇਗਾ। ਫ਼ਿਰ ਜਿੱਤ ਨੂੰ ਕੌਣ ਰੋਕ ਸਕੇਗਾ?''
ਡਾ. ਸਮਰੱਥ ਦਾ ਸੁਝਾਅ ਸੁਣ ਦੇ ਮੀਟਿੰਗ ਹਾਲ ਵਿਚ ਰੌਲਾ ਪੈ ਗਿਆ ਹੈ। ਕੁੱਝ ਮੈਂਬਰ ਮੁਸਕਰਾਏ ਹਨ। ਕੁੱਝ ਹੈਰਾਨੀਜਨਕ ਸੱਚ ਨਾਲ ਜੁੜ ਗਏ। ਕੁੱਝ ਨੇ ਨਾਂਹ ਵਿਚ ਸਿਰ ਮਾਰਿਆ। ਉਸ ਉੱਤੇ ਸਵਾਲਾਂ ਦੀ ਵਾਛੜ ਹੋ ਗਈ ਹੈ।
+ਜਦੋਂ ਦੀ ਬ੍ਰਹਿਮੰਡ ਦੀ ਰਚਨਾ ਹੋਈ ਹੈ। ਉਦੋਂ ਦਾ ਅਜੇ ਤੱਕ ਇਕ ਵਿਅਕਤੀ ਵਰਗਾ ਦੂਜਾ ਵਿਅਕਤੀ ਪੈਦਾ ਹੀ ਨਹੀਂ ਹੋਇਆ। ਕੀ ਤੁਸੀਂ ਅਜਿਹਾ ਸੰਭਵ ਕਰ ਸਕੋਗੇ?
ਉਹ ਕੀ ਖਾਂਦਾ ਸੀ? ਉਦੋਂ ਵਾਤਾਵਰਣ ਦੀ ਰੈਫ਼ਲੈਕਸ਼ਨ ਕੀ ਸੀ?
+ਉਦੋਂ ਕਿਹੜੀਆਂ ਹਾਲਤਾਂ ਸਨ? ਕੀ ਉਹ ਵਾਲੀਆਂ ਹੁਣ ਹਨ? +ਜਿਥੇ ਵੀਡੀਉਗ੍ਰਾਫ਼ੀ, ਫ਼ੋਟੋਗ੍ਰਾਫ਼ੀ ਤੇ ਸ਼ੀਸ਼ਿਆਂ ਨੂੰ ਛੂਹਣ ਤੱਕ ਦੀ ਮਨਾਹੀ ਹੈ। ਇਥੋਂ ਤਕ ਬੋਲਣ ਦੀ ਵੀ। ਜਿੱਥੇ ਮੱਖੀ ਵੀ ਨਹੀਂ ਭਿਣਕ ਸਕਦੀ। ਕੀ ਤੁਸੀਂ ਉੱਥੋਂ ਲਾਸ਼ ਦਾ ਬਲੱਡ ਸੈਂਪਲ, ਵਾਲਾਂ ਜਾਂ ਸਰੀਰ ਦੇ ਕਿਸੇ ਹਿੱਸੇ ਤੋਂ ਸੈੱਲ ਲਵੋਗੇ?
+ਲੈਨਿਨ ਦੇ ਸਮੇਂ ਵਾਲਾ ਰਾਜਨੀਤਕ ਅਤੇ ਸਮਾਜਕ ਮਾਹੌਲ ਪੈਦਾ ਕਰ ਲਵੋਗੇ?
ਡਾ. ਸਮਰੱਥ ਸਵਾਲਾਂ ਵਿਚ ਘਿਰ ਗਿਆ ਸੀ। ਡਾ. ਦਾਅਰੀਨ ਉਸ ਦੇ ਪੱਖ ਵਿਚ ਨਿਤਰੀ ਸੀ। ਇਸ ਤੋਂ ਬਾਅਦ ਹੋਰ ਵੀ ਬਹੁਤ ਮੈਂਬਰਾਂ ਨੇ ਹਮਾਇਤ ਕੀਤੀ ਸੀ। ਇਕ ਖੱਦਰ ਦੇ ਕੱਪੜਿਆਂ ਵਾਲਾ ਬਜ਼ੁਰਗ ਉਸ ਜੋੜੀ ਦੀ ਸ਼ਰਧਾ ਤੇ ਉਤਸੁਕਤਾ ਨੂੰ ਦੇਖ ਕੇ ਖੁਸ਼ ਵੀ ਸੀ ਤੇ ਉਸ ਨੂੰ ਚਿੰਤਾ ਵੀ ਹੋਈ ਸੀ। ਇਹ ਬਜ਼ੁਰਗ ਪੰਜਾਬ ਤੋਂ ਭਾਈ ਰਤਨ ਸਿੰਘ ਸੀ। ਉਮਰ ਦੀ ਇਕ ਸਦੀ ਪਾਰ ਕਰ ਚੁੱਕਾ ਸੀ ਪਰ ਬੁਢਾਪੇ ਵਿਚ ਵੀ ਉਸ ਦਾ ਇਨਕਲਾਬ ਕਰਨ ਦਾ ਸੁਪਨਾ ਖ਼ਤਮ ਨਹੀਂ ਸੀ ਹੋਇਆ। ਉਸ ਨੇ ਗ਼ਦਰੀ-ਕਿਰਤੀ ਲਹਿਰ ਵਿੱਚ ਹਿੱਸਾ ਲਿਆ ਹੋਇਆ ਸੀ। ਉਸ ਨੇ ਪਹਿਲਾਂ ਲਾਹੌਰ ਦੇ ਸ਼ਾਹੀ ਕਿਲ੍ਹੇ ਵਿਚ ਗੋਰੀ ਸਰਕਾਰ ਦੇ ਤਸੀਹੇ ਸਹੇ ਸਨ ਤੇ ਆਜ਼ਾਦੀ ਪਿੱਛੋਂ ਆਪਣੀ ਸਰਕਾਰ ਦੇ। ਉਹ ਮੀਟਿੰਗ ਦੀ ਪ੍ਰਧਾਨਗੀ ਕਰਦਾ ਹੋਇਆ ਨੌਜਵਾਨਾਂ ਨੂੰ ਉਤਸ਼ਾਹ ਵਿਚ ਦੇਖ ਰਿਹਾ ਸੀ ਜਿਵੇਂ ਉਸ ਦੀਆਂ ਅੱਖਾਂ ਦੀ ਰੌਸ਼ਨੀ ਵੱਧ ਗਈ ਹੋਵੇ ਪਰ ਉਸ ਨੂੰ ਉਨ੍ਹਾਂ ਦੀ ਖੋਜ 'ਤੇ ਸ਼ੰਕਾ ਸੀ-
''ਨੌਜਵਾਨ ਸਾਥੀਓ, ਪਦਾਰਥ ਦੀ ਉਪਜ ਹੈ ਚੇਤਨਾ। ਦਿਮਾਗ ਪਦਾਰਥ ਹੈ ਤੇ ਚੇਤਨਾ ਉਹਦੀ ਉਪਜ ਹੈ। ਜਿਹੜੀਆਂ ਉਹਦੇ ਪਿੱਛੇ ਕੰਮ ਕਰਦੀਆਂ ਪਦਾਰਥਕ ਹਾਲਤਾਂ ਹਨ, ਉਨ੍ਹਾਂ ਦਾ ਭੇੜ ਹੁੰਦਾ ਹੈ। ਉਹਦੇ ਵਿਚੋਂ ਬੰਦਾ ਸਿੱਖਦਾ ਹੈ ਤੇ ਉਹਦੇ ਵਿਚੋਂ ਹੀ ਉਹ ਵਿਕਸਤ ਹੁੰਦਾ ਹੈ।''
ਉਹ ਮੱਥੇ 'ਤੇ ਹੱਥ ਰੱਖ ਕੇ ਉਨ੍ਹਾਂ ਵੱਲ ਦੇਖ ਰਿਹਾ ਸੀ। ਉਨ੍ਹਾਂ ਨੂੰ ਕੋਲ ਬੁਲਾਇਆ ਹੈ। ਦਾਅਰੀਨ ਦੇ ਸਿਰ 'ਤੇ ਪਿਆਰ ਦਿੱਤਾ ਹੈ ਤੇ ਸਮਰੱਥ ਨੂੰ ਸਾਬਾਸ਼ ਦੇ ਕੇ ਬੋਲਿਆ ਹੈ-
''ਦੋਸਤੋ, ਲੈਨਿਨ ਕਦੇ ਵੀ ਖਾਲੀ ਪਲਾਟ ਵਿਚ ਪੈਦਾ ਨ੍ਹੀਂ ਹੁੰਦੇ। ਬਲਕਿ ਠੋਸ, ਸਮਾਜੀ ਅਤੇ ਸਿਆਸੀ ਹਾਲਤਾਂ ਵਿਚੋਂ ਜਨਮ ਲੈਂਦੇ ਹਨ। ਕਿਸੇ ਵੀ ਸਮਾਜ ਵਿਚ ਇਨਕਲਾਬੀ ਤਾਕਤਾਂ ਦੇ ਵਿਕਾਸ ਨਾਲ ਨਵੀਂ ਰੂਹ ਪੈਦਾ ਹੁੰਦੀ ਹੈ।''
ਡਾ. ਸਮਰੱਥ ਤੇ ਡਾ. ਦਾਅਰੀਨ ਰਿਆਜ਼ ਦੀ ਕੰਮ ਕਰਨ ਦੀ ਲਗਨ, ਅੱਖਾਂ ਵਿਚ ਸੁਪਨੇ ਦੀ ਚਮਕ, ਬੁੱਲ੍ਹਾ 'ਤੇ ਮੁਸਕੁਰਾਹਟ ਤੇ ਹਮੇਸ਼ਾ ਕੁੱਝ ਕਰਦੇ ਰਹਿਣ ਦੀ ਕਾਹਲ ਨੇ ਪਾਰਟੀ ਦੇ ਬਹੁਤੇ ਮੈਂਬਰਾਂ ਨੂੰ ਕੀਲਿਆ ਹੋਇਆ ਹੈ। ਪਾਰਟੀ ਦੇ ਆਗੂ ਤੇ ਕਾਰਕੁਨ ਲੰਮੇ ਸਮੇਂ ਤੋਂ ਨਿਰਾਸ਼ਾ ਵਿਚ ਹਨ। ਉਨ੍ਹਾਂ ਲਈ ਇਨਕਲਾਬ ਊਠ ਦਾ ਬੁੱਲ੍ਹ ਬਣ ਗਿਆ ਹੈ ਜੋ ਹੇਠਾਂ ਡਿੱਗ ਹੀ ਨਹੀਂ ਰਿਹਾ। ਉਨ੍ਹਾਂ ਲਈ ਇਹ ਜੋੜੀ ਆਸ ਦੀ ਕਿਰਨ ਬਣ ਕੇ ਚਮਕੀ ਹੈ। ਭਾਰਤ ਵਿਚ ਕਮਿਊਨਿਸਟਾਂ ਦੇ ਅੰਤਰ-ਪਾਰਟੀ ਘੋਲ ਦਾ ਨਤੀਜਾ ਹਮੇਸਾਂ ਫ਼ੁੱਟ 'ਚ ਨਿਕਲਦਾ ਰਿਹਾ ਹੈ। ਅੱਜ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਇਸ ਜਥੇਬੰਦਕ ਸੰਕਟ 'ਚੋਂ ਬਚ ਜਾਣਗੇ। ਇਸ ਲੋੜ 'ਚ ਵੀ ਉਹ ਕਲੋਨ ਬਣਾਉਣ 'ਤੇ ਸਹਿਮਤ ਹੋ ਗਏ ਹਨ।
ਜਨਰਲ ਸਕੱਤਰ ਨੇ ਵੀ ਉਨ੍ਹਾਂ ਦੇ ਹੱਕ ਵਿੱਚ ਭਾਸ਼ਣ ਦਿੱਤਾ ਹੈ। ਇਸ ਪਿੱਛੋਂ ਬਹੁਸੰਮਤੀ ਨੇ ਲੈਨਿਨ ਦਾ ਕਲੋਨ ਤਿਆਰ ਕਰਨ ਅਤੇ ਪਾਰਟੀ ਵਲੋਂ ਫੰਡ ਮੁਹੱਈਆ ਕਰਨ ਦੇ ਹੱਕ ਵਿਚ ਮਤਾ ਪਾਸ ਕਰ ਦਿੱਤਾ ਹੈ। ਡਾਕਟਰ ਜੋੜੀ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਜੁਲਾਈ 2025-ਜੂਨ 2026
+'ਡੋਲੀ' ਭੇਡ ਦੇ ਕਲੋਨ ਤੋਂ ਲੈ ਕੇ ਮਨੁੱਖੀ ਕਲੋਨ ਤੱਕ ਇਹ ਸਪਸ਼ਟ ਸੀ ਕਿ ਸਿਰਫ਼ ਜਿਊਂਦੇ ਸੈੱਲਾਂ ਤੋਂ ਹੀ ਕਲੋਨ ਤਿਆਰ ਕੀਤਾ ਜਾ ਸਕਦਾ ਹੈ। ਭਾਵੇਂ ਪਿਛਲੇ ਸਮੇਂ ਵਿਚ ਬਹੁਤ ਸਾਰੇ ਵਿਗਿਆਨੀਆਂ ਨੇ ਦਾਅਵੇ ਕੀਤੇ ਕਿ ਉਨ੍ਹਾਂ ਲੁਪਤ ਹੋ ਗਈਆਂ ਪ੍ਰਜਾਤੀਆਂ ਦੇ ਕਲੋਨ ਬਣਾ ਲਏ ਹਨ ਪਰ ਇਹ ਸਿਰਫ਼ ਖ਼ਬਰਾਂ ਸਨ। ਜੁਲਾਈ, 2024 ਵਿਚ ਸਕਾਟਲੈਂਡ ਦੀ 'ਡੌਲੀ ਬੌਨੀ ਕਲੋਨ ਕੰਪਨੀ' ਨੇ ਮਰੇ ਹੋਏ ਬੰਦੇ ਦਾ ਕਲੋਨ ਤਿਆਰ ਕਰ ਲਿਆ ਸੀ। ਉਨ੍ਹਾਂ ਆਪਣੀ ਪੁਰਾਣੀ ਵਿਦਿਆਰਥਣ ਡਾ. ਦਾਅਰੀਨ ਰਿਆਜ਼ ਨੂੰ ਵੀ ਇਸ ਅਚੰਭਾਜਨਕ ਖੋਜ ਵਿਚ ਸ਼ਾਮਲ ਕੀਤਾ ਸੀ
+ਰੂਸੀ ਵਿਗਿਆਨਣ ਯੇਵਜੈਨੀਆ ਲੈਨਿਨ ਦੀ ਲਾਸ਼ ਦੇ ਸਿਰ ਅਤੇ ਦਾੜ੍ਹੀ ਦੇ ਵਾਲਾਂ ਵਿਚੋਂ ਪੰਜ ਵਾਲ, ਬਲੱਡ ਸੈਂਪਲ ਅਤੇ ਦੰਦਾਂ ਵਿਚੋਂ ਸੈਂਪਲ ਲੈਣ ਵਿਚ ਕਾਮਯਾਬ ਹੋ ਗਈ। ਉਸ ਨੇ ਇਹ ਸੈਂਪਲ ਗੁਪਤ ਢੰਗ ਨਾਲ ਤੁਰੰਤ ਨਿਕੋਲਈਚ ਅਤੇ ਮਾਸ਼ਾ ਨੂੰ ਪੁੱਜਦੇ ਕੀਤੇ। ਉਨ੍ਹਾਂ ਨੇਤਾਵਾਂ ਨੇ ਇਨ੍ਹਾਂ ਨੂੰ ਪ੍ਰੀਜ਼ਰਵ ਕਰ ਲਿਆ। ਇਨ੍ਹਾਂ ਵਿਚੋਂ ਦੋ ਵਾਲ, ਬਲੱਡ ਤੇ ਦੰਦਾਂ ਵਿਚਲੇ ਤਰਲ ਪਦਾਰਥ ਦੇ ਸੈਂਪਲ ਕੰਟੇਨਰ ਵਿਚ ਡਾ. ਰਾਜਨ ਰਾਹੀਂ ਜੂਨ 2026 ਵਿਚ ਭਾਰਤ ਪੁੱਜੇ। ਡਾ. ਦਾਅਰੀਨ ਤੇ ਡਾ. ਸਮਰੱਥ ਵਾਲ ਤੇ ਸੈਂਪਲ ਪ੍ਰਾਪਤ ਕਰ ਕੇ ਫੁੱਲੇ ਨਹੀਂ ਸਮਾਅ ਰਹੇ ਸਨ। ਉਨ੍ਹਾਂ ਇਸ ਨੂੰ ਆਪਣੀ ਪ੍ਰਯੋਗਸ਼ਾਲਾ ਵਿਚ ਪ੍ਰੀਜ਼ਰਵ ਕਰ ਕੇ ਲੁਕਾ ਲਿਆ ਸੀ। ਇਸ ਪਿੱਛੋਂ ਉਹ ਲੈਨਿਨ ਦਾ ਕਲੋਨ ਬਣਾਉਣ ਵਿਚ ਰੁਝ ਗਏ ਸਨ।
+ਇਸ ਵਿਗਿਆਨਕ ਜੋੜੀ ਲਈ ਸਭ ਤੋਂ ਵੱਡੀ ਸਮੱਸਿਆ ਧੰਨ ਦੀ ਸੀ ਪਰ ਪਾਰਟੀ ਨੇ ਦੇਸ਼ ਭਰ ਵਿਚੋਂ ਚੰਦਾ ਇਕੱਠਾ ਕਰ ਕੇ ਫ਼ੰਡ ਮੁਹੱਈਆ ਕਰ ਦਿੱਤੇ ਸਨ। ਉਨ੍ਹਾਂ ਨੂੰ ਜੈਵਿਕ ਮਾਵਾਂ (Biological Mother) ਦੀ ਲੋੜ ਸੀ ਜਿਨ੍ਹਾਂ ਦੀ ਕੁੱਖ ਅੰਦਰ ਭਰੂਣ ਟਿਕਾਇਆ ਜਾਣਾ ਸੀ। ਪਾਰਟੀ ਨੇ 500 ਜੈਵਿਕ ਮਾਵਾਂ ਤਿਆਰ ਕਰ ਲਈਆਂ ਸਨ।
ਅਕਤੂਬਰ, 2030
ਡਾ. ਸਮਰੱਥ ਤੇ ਡਾ. ਦਾਅਰੀਨ ਰਿਆਜ਼ 2026 ਤੋਂ ਲੈਨਿਨ ਦਾ ਕਲੋਨ ਬਣਾਉਣ ਵਿਚ ਰੁੱਝੇ ਹੋਏ ਸਨ। ਉਨ੍ਹਾਂ ਪਾਰਟੀ ਦੇ ਹੋਰ ਸਾਰੇ ਕੰਮ ਘਟਾ ਕੇ ਸਾਰੇ ਦਾ ਸਾਰਾ ਧਿਆਨ ਇਸ ਖੋਜ ਉੱਤੇ ਹੀ ਕੇਂਦਰਤ ਕੀਤਾ ਹੋਇਆ ਹੈ। ਜੇ ਉਨ੍ਹਾਂ ਆਮ ਕਲੋਨ ਤਿਆਰ ਕਰਨਾ ਹੁੰਦਾ, ਹੁਣ ਤੱਕ ਕਾਮਯਾਬ ਹੋ ਜਾਣਾ ਸੀ। ਲੈਨਿਨ ਦਾ ਕਲੋਨ ਹੋਣ ਕਾਰਨ ਹਰ ਪੱਖ ਨੂੰ ਧਿਆਨ ਵਿਚ ਰੱਖ ਰਹੇ ਹਨ। ਉਨ੍ਹਾਂ ਇਸ ਬਾਰੇ ਕਾਫ਼ੀ ਸਾਹਿਤ ਵੀ ਪੜ੍ਹਿਆ ਹੈ। ਡਾ. ਸਮਰੱਥ ਨੇ ਪੜ੍ਹਿਆ ਸੀ- ਸੰਸਾਰ ਪ੍ਰਸਿੱਧ ਵਿਦਵਾਨ ਆਇਨਸਟਾਈਨ ਅਤੇ ਲੈਨਿਨ ਦੇ ਦਿਮਾਗਾਂ ਵਿਚ ਕਈ ਸਮਾਨਤਾਵਾਂ ਸਨ। ਆਇਨਸਟਾਈਨ ਦੀ ਮੌਤ ਤੋਂ ਬਾਅਦ ਉਸ ਦੇ ਦਿਮਾਗ 'ਤੇ ਖੋਜ ਹੋਈ ਸੀ ਕਿ ਇਸ ਸਾਇੰਸਦਾਨ ਦੇ ਅੰਦਰ ਖੋਜਾਂ ਕਰਨ ਦੀ ਐਨੀ ਪ੍ਰਬਲ ਇੱਛਾ ਕਿਉਂ ਪੈਦਾ ਹੁੰਦੀ ਸੀ ਅਤੇ ਉਸ ਵਿਚ ਹੋਰ ਕਿਹੜੇ-ਕਿਹੜੇ ਅਣਦਿਸਦੇ ਰਾਹਾਂ ਦਾ ਰਾਹੀ ਬਣਨ ਦੀ ਤਾਕਤ ਸੀ। ਉਹ ਐਨਾ ਡੂੰਘਾ ਕਿਉਂ ਤੇ ਕਿਵੇਂ ਸੋਚਦਾ ਸੀ? ਉਸ 'ਤੇ ਹੋਈ ਖੋਜ ਅਧੂਰੀ ਹੈ।
ਉਂਝ ਵਿਗਿਆਨੀਆਂ ਨੇ ਸਿੱਟਾ ਕੱਢਿਆ ਸੀ - ਅਜਿਹੀਆਂ ਵੱਡੀਆਂ ਸ਼ਖ਼ਸੀਅਤਾਂ ਦੇ ਦਿਮਾਗ ਵਿਚ ਬਹੁਤ ਜ਼ਿਆਦਾ ਨਰਵ ਸੈੱਲ ਹੁੰਦੇ ਹਨ। ਮਿਲੀਅਨ ਬਿਲੀਅਨ ਦੀ ਸੰਖਿਆ ਵਿਚ। ਕਿਸੇ ਵਿਅਕਤੀ ਦੇ ਜਿੰਨੇ ਜ਼ਿਆਦਾ ਸੈੱਲ ਹੋਣਗੇ, ਉਨੀ ਜ਼ਿਆਦਾ ਉਸ ਦੀ ਸੋਚਣ ਸ਼ਕਤੀ ਹੋਵੇਗੀ। ਆਇਨਸਟਾਈਨ ਦੇ ਦਿਮਾਗ ਦਾ ਇਹ ਹਿੱਸਾ ਬਹੁਤ ਜ਼ਿਆਦਾ ਤਾਕਤਵਰ ਸੀ।
ਡਾ. ਸਮਰੱਥ ਨੇ ਲੈਨਿਨ ਦੇ ਸੈਂਪਲ ਦਾ ਅਧਿਐਨ ਕੀਤਾ ਸੀ। ਉਸ ਕੰਪਿਊਟਰ 'ਤੇ ਉਸ ਦੇ ਡੀ.ਐਨ.ਏ. ਦੀ ਪ੍ਰੋਫ਼ਾਈਲ ਬਣਾਈ ਸੀ। ਇਸ ਵਿਚ ਸੈੱਲਾਂ ਦੀ ਅਥਾਹ ਗਿਣਤੀ ਸੀ। ਉਹ ਡੋਪਾਮੀਨ ਦਾ ਵੱਧ ਰਿਸਾਓ ਦੇਖ ਕੇ ਤਾਂ ਹੈਰਾਨ ਹੀ ਰਹਿ ਗਿਆ ਸੀ। ਉਸੇ ਪੁਸਤਕ ਵਿਚ ਅਗਾਂਹ ਲਿਖਿਆ ਹੋਇਆ ਸੀ-
ਦਿਮਾਗ ਵਿਚ ਇਕ ਡੋਪਾਮੀਨ ਹੁੰਦਾ ਹੈ। ਉਸ ਦਾ ਰਿਸਾਓ ਬਹੁਤ ਜ਼ਿਆਦਾ ਹੁੰਦਾ ਹੈ। ਜਿਵੇਂ ਖਿਡਾਰੀਆਂ ਦੇ ਕਸਰਤ ਕਰਨ, ਖੇਡਣ ਅਤੇ ਸੈਕਸ ਕਰਨ ਨਾਲ ਇਸ ਦਾ ਰਿਸਾਓ ਬਹੁਤ ਹੁੰਦਾ ਹੈ। ਉਵੇਂ ਆਮ ਬੰਦਿਆਂ ਨਾਲੋਂ ਰਾਜਨੀਤਕਾਂ ਵਿਚ ਜ਼ਿਆਦਾ ਸੋਚਣ ਕਾਰਨ ਡੋਪਾਮੀਨ ਦਾ ਰਿਸਾਓ ਵੀ ਜ਼ਿਆਦਾ ਹੁੰਦਾ। ਖੋਜ ਇਹ ਕਹਿੰਦੀ ਹੈ - ਜਿਨ੍ਹਾਂ ਵਿਅਕਤੀਆਂ ਵਿਚ ਡੋਪਾਮੀਨ ਦਾ ਰਿਸਾਓ ਜ਼ਿਆਦਾ ਹੋਏਗਾ, ਉਹ ਬਹੁਤ ਜ਼ਿਆਦਾ ਚੁਸਤ, ਚਲਾਕ, ਗੁੱਸੇਖੋਰ ਤੇ ਕਿਰਿਆਸ਼ੀਲ ਹੋਣਗੇ। ਇਹ ਵੀ ਸੰਭਾਵਨਾ ਹੈ - ਦੁਨੀਆ ਦੇ ਜਿੰਨੇ ਡਿਕਟੇਟਰ ਹੋਏ ਹਨ ਜਾਂ ਜਿਨ੍ਹਾਂ ਜ਼ਿਆਦਾ ਕਤਲੇਆਮ ਕੀਤਾ, ਉਨ੍ਹਾਂ ਵਿਚ ਡੋਪਾਮੀਨ ਦਾ ਰਿਸਾਓ ਜ਼ਿਆਦਾ ਸੀ।
ਪੁਸਤਕ ਵਿੱਚ ਲੈਨਿਨ ਬਾਰੇ ਇਸ਼ਾਰਾ ਕੀਤਾ ਗਿਆ ਸੀ ਕਿ ਬੰਦੇ ਦੇ ਦਿਮਾਗਂ ਦਾ ਇਕ ਹਿੱਸਾ ਫਰੀਫਰੰਟਲਕੋਰਟਕਸ ਸੈਂਟਰ ਲੋਵ ਹੁੰਦਾ। ਲੈਨਿਨ ਦੇ ਇਸ ਸੈਂਟਰ ਲੋਵ ਵਿਚ ਬਹੁਤ ਜ਼ਿਆਦਾ ਨਿਊਨਰਾਨ ਸੈੱਲ ਸਨ। ਇਹ ਸੈੱਲ ਬੰਦੇ ਦੀ ਔਖੀ ਤੋਂ ਔਖੀ ਘੜੀ ਵਿਚ ਵੀ ਸਾਥ ਦਿੰਦੇ ਹਨ। ਜਿਸ ਵਿਅਕਤੀ ਦਾ ਇਹ ਹਿੱਸਾ ਜ਼ਿਆਦਾ ਤਕੜਾ ਹੋਵੇਗਾ, ਉਹ ਮੁਸ਼ਕਲਾਂ ਵਿਚੋਂ ਨਿਕਲ ਜਾਂਦਾ ਹੈ। ਇਸੇ ਕਰ ਕੇ ਲੈਨਿਨ ਔਖੀਆਂ ਤੋਂ ਔਖੀਆਂ ਘੜੀਆਂ ਵਿਚ ਵੀ ਹੱਲ ਕੱਢ ਲੈਂਦਾ ਸੀ ਅਤੇ ਜਿੱਤ ਵੱਲ ਵਧਦਾ ਸੀ।
ਡਾ. ਸਮਰੱਥ ਅਤੇ ਡਾ. ਦਾਅਰੀਨ ਦੀ ਟੀਮ ਵਲੋਂ ਇਹ ਮਨੁੱਖੀ ਕਲੋਨ ਬਣਾਉਣ ਦਾ ਪ੍ਰਯੋਗ ਬੜੇ ਗੁਪਤ ਰੂਪ 'ਚ ਕੀਤਾ ਜਾ ਰਿਹਾ ਸੀ। ਉਹ ਸੈੱਲਾਂ ਦੀ ਵੱਧ ਗਿਣਤੀ ਅਤੇ ਡੋਪਾਮੀਨ ਦੇ ਰਿਸਾਓ ਵੱਲ ਵੀ ਧਿਆਨ ਦੇ ਰਹੇ ਸਨ ਤੇ ਨਿਊਨਰਾਨ ਸੈੱਲਾਂ ਵੱਲ ਤਾਂ ਖ਼ਾਸ ਤਵੱਜੋ ਦਿੱਤੀ ਸੀ। ਉਨ੍ਹਾਂ ਕੋਲ ਕਲੋਨ ਨੂੰ ਗਰਭ ਧਾਰਨ ਕਰਨ ਵਾਲੀਆਂ ਪੰਜ ਸੌ ਜੈਵਿਕ ਮਾਵਾਂ ਸਨ। ਦੋ ਸੌ ਵੀਹ ਮਾਵਾਂ ਸਿਹਤਮੰਦ ਅੰਡਾ ਪੈਦਾ ਕਰਨ ਦੇ ਕਾਬਲ ਨਹੀਂ ਸਨ। ਮਤਲਬ ਅੰਡੇ ਦੇ ਕੰਟੈਂਟਸ ਪੂਰਨ ਨਹੀਂ ਸਨ। ਦੋ ਸੌ ਅੱਸੀ ਮਾਵਾਂ ਹਰ ਪੱਖੋਂ ਸਿਹਤਮੰਦ ਅੰਡੇ ਪੈਦਾ ਕਰਨ ਵਾਲੀਆਂ ਸਨ। ਮੈਡੀਕਲ ਚੈੱਕਅੱਪ ਕਰਨ, ਰਜਿਸਟ੍ਰੇਸ਼ਨ ਕਰਨ ਮਗਰੋਂ ਇਨ੍ਹਾਂ ਮਾਵਾਂ ਦੀ ਤੰਦਰੁਸਤੀ ਨੂੰ ਕਾਇਮ ਰੱਖਣ ਲਈ ਵੱਖ-ਵੱਖ ਫਿਜੀਸ਼ੀਅਨਾਂ ਅਤੇ ਡਾਈਟੀਸ਼ੀਅਨਾਂ ਦੀ ਡਿਊਟੀ ਲਗਾਈ ਗਈ ਸੀ।
ਡਾ. ਦਾਅਰੀਨ ਸੂਖ਼ਮ ਤਕਨੀਕ ਨਾਲ ਇਨ੍ਹਾਂ ਔਰਤਾਂ ਦੇ ਅੰਡਕੋਸ਼ ਵਿਚੋਂ ਪੂਰਾ ਵਿਕਸਤ ਹੋ ਚੁੱਕਾ ਅੰਡਾ ਜੋ ਕਿ ਗਰਭਾਏ ਜਾਣ ਦੇ ਕਾਬਲ ਸੀ, ਨੂੰ ਬਾਹਰ ਕੱਢ ਲੈਂਦੀ। ਉਹ ਅੰਡੇ ਵਿਚਲੇ ਨਿਊਕਲੀਅਸ (ਨਾਭੀ) ਨੂੰ ਮਹੀਨ ਸਰਿੰਜ ਰਾਹੀਂ ਬਾਹਰ ਕੱਢ ਲੈਂਦੀ। ਫ਼ਿਰ ਨਾਭੀ ਰਹਿਤ ਕੀਤੇ ਅੰਡੇ ਨੂੰ ਸਾਂਭ ਲਿਆ ਜਾਂਦਾ। ਡਾ. ਸਮਰੱਥ ਲੈਨਿਨ ਦੇ ਸਰੀਰ ਦਾ ਇਕ ਸੈੱਲ ਅਲੱਗ ਕਰ ਲੈਂਦਾ। ਉਨ੍ਹਾਂ ਦਾ ਅਗਲਾ ਪੜਾਅ ਇਸ ਇਕ ਸੈੱਲ ਨੂੰ ਔਰਤ ਦੇ ਨਾਭੀ ਰਹਿਤ ਕੀਤੇ ਅੰਡੇ ਨਾਲ ਸੰਯੋਜਨ ਕਰਵਾਉਣ ਦਾ ਹੁੰਦਾ। ਇਸ ਮੰਤਵ ਲਈ ਬਿਜਲੀ ਦੇ ਝਟਕੇ ਦੀ ਵਰਤੋਂ ਕੀਤੀ ਜਾਂਦੀ। ਇਸ ਨਾਲ ਮਨੁੱਖੀ ਯਾਈਗੋਟ ਤਿਆਰ ਹੋ ਜਾਂਦਾ। ਇਸ ਅੰਡੇ ਨੂੰ ਪ੍ਰਯੋਗਸ਼ਾਲਾ ਵਿਚ ਹੀ ਹੌਲੀ-ਹੌਲੀ ਮਨੁੱਖੀ ਭਰੂਣ ਦੇ ਮੁੱਢਲੇ ਪੜਾਅ (ਭਾਵ ਛੇ ਸੈੱਲ ਪੜਾਅ) ਤੱਕ ਵਿਕਸਤ ਕਰ ਲਿਆ ਜਾਂਦਾ। ਇਸ ਮਨੁੱਖੀ ਭਰੂਣ ਨੂੰ ਉਹ ਜੈਵਿਕ ਮਾਂ (ਜਿਸ ਤੋਂ ਅੰਡਾ ਲਿਆ ਸੀ) ਦੀ ਕੁੱਖ ਅੰਦਰ ਟਿਕਾ ਦਿੰਦੇ।
ਚਾਰ ਸਾਲ ਉਹ ਇਨ੍ਹਾਂ ਜੈਵਿਕ ਮਾਵਾਂ 'ਤੇ ਪ੍ਰਯੋਗ ਕਰਦੇ ਰਹੇ। ਇਸ ਸਮੇਂ ਦੌਰਾਨ ਅਨੇਕਾਂ ਭਰੂਣਾਂ ਅਤੇ ਨਵ-ਜੰਮਿਆਂ ਦੀ ਮੌਤ ਹੋਈ। ਬਹੁਤੀ ਵਾਰ ਮਾਵਾਂ ਦਾ ਗਰਭ ਡਿੱਗ ਪੈਂਦਾ ਰਿਹਾ। ਦੁਬਾਰਾ ਫਿਰ ਭਰੂਣ ਟਿਕਾਇਆ ਜਾਂਦਾ। ਇਹ ਭਰੂਣ ਆਮ ਭਰੂਣ ਨਾਲੋਂ ਦੁੱਗਣੇ ਆਕਾਰ ਦਾ ਹੁੰਦਾ ਹੈ। ਇਸ ਨਾਲ ਜੈਵਿਕ ਮਾਵਾਂ ਨੂੰ ਕਸਟ ਝੱਲਣਾ ਪਿਆ। ਇਸ ਦੌਰਾਨ ਇਕ ਜੈਵਿਕ ਮਾਂ ਦੀ ਤਾਂ ਮੌਤ ਹੀ ਹੋ ਗਈ। ਇਸ ਪ੍ਰਯੋਗ ਦੀ ਸ਼ੁਰੂਆਤ ਦੋ ਸੌ ਅੱਸੀ ਫ਼ਿਊਜ਼ਡ ਅੰਡਿਆਂ ਤੋਂ ਕੀਤੀ ਗਈ ਸੀ। ਜਿਸ ਵਿਚੋਂ ਸਿਰਫ਼ ਪੈਂਤੀ ਹੀ ਭਰੂਣ ਬਣੇ। ਸਾਰੇ ਭਰੂਣ ਪੰਦਰਾਂ ਬੱਚਿਆਂ 'ਚ ਬਦਲੀ ਕੀਤੇ ਗਏ। ਉਂਝ ਇਹ ਕਲੋਨ ਸਾਧਾਰਨ ਬੱਚਿਆਂ ਵਾਂਗ ਦਿਸਦੇ ਸਨ ਪਰ ਜ਼ਿਆਦਾਤਰ ਕਲੋਨਾਂ 'ਚ ਪੈਦਾਇਸ਼ੀ ਨੁਕਸ ਸਨ। ਇਨ੍ਹਾਂ ਵਿਚੋਂ ਬਹੁਤੇ ਗਰਭ ਸਮੇਂ ਦੌਰਾਨ ਜਾਂ ਜਨਮ ਉਪਰੰਤ ਮਰ ਗਏ। ਜਦੋਂ ਉਹ ਲੈਨਿਨ ਦੇ ਸੈੱਲ ਦਾ ਨਾਭੀ ਰਹਿਤ ਅੰਡੇ ਨਾਲ ਸੰਯੋਜਨ ਕਰਵਾਉਂਦੇ ਤਾਂ ਕਈ ਵਾਰ ਡੀ.ਐਨ.ਏ. ਡਿਸਇੰਟੀਗਰੇਟ (ਟੁੱਟ ਜਾਣਾ) ਹੋ ਜਾਂਦਾ। ਪਰ ਡਾ. ਦਾਅਰੀਨ ਰਿਪੇਅਰ ਕਰ ਦਿੰਦੀ। ਡੀ.ਐਨ.ਏ. ਦੀ ਮੁਰੰਮਤ ਕਰਨ ਵਿਚ ਉਸ ਨੂੰ ਮੁਹਾਰਤ ਸੀ। ਫਿਰ ਵੀ ਪੰਦਰਾਂ ਬੱਚਿਆਂ ਵਿਚੋਂ ਬਾਰਾਂ ਦੀ ਮੌਤ ਹੋ ਗਈ। ਉਹ ਸਿਰਫ਼ ਤਿੰਨ ਮਨੁੱਖੀ ਕਲੋਨਾਂ ਦਾ ਜਨਮ ਕਰਨ ਵਿਚ ਸਫ਼ਲ ਰਹੇ। ਕ੍ਰਾਂਤੀ, ਫ਼ਤਿਹ ਤੇ ਆਜ਼ਾਦ ਉਨ੍ਹਾਂ ਦੇ ਨਾਂ ਰੱਖੇ ਗਏ। ਡਾਕਟਰਾਂ ਨੇ ਉਨ੍ਹਾਂ ਨੂੰ ਦੋ ਹਫ਼ਤੇ ਸਪੈਸ਼ਲ ਇਨਕਿਊਬੇਟਰੀ ਟਰੀਟਮੈਂਟ ਦਿੱਤਾ।
ਡਾ. ਦਾਅਰੀਨ ਤੇ ਡਾ. ਸਮਰੱਥ ਦੀ ਇਸ ਸਫ਼ਲਤਾ ਉੱਤੇ ਪਾਰਟੀ ਵੱਲੋਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ। ਹੁਣ ਸਭ ਤੋਂ ਵੱਡੀ ਜੁੰਮੇਵਾਰੀ ਬੱਚਿਆਂ ਨੂੰ ਸਾਂਭਣ ਅਤੇ ਪਾਲਣ ਪੋਸ਼ਣ ਦੀ ਸੀ। ਕ੍ਰਾਂਤੀ, ਫ਼ਤਿਹ ਤੇ ਆਜ਼ਾਦ ਨੂੰ ਨਿਧੀ ਗਾਂਧੀ, ਸੁਜਾਤਾ ਅਤੇ ਅੰਜੂ ਜੈਵਿਕ ਮਾਵਾਂ ਨੇ ਜਨਮ ਦਿੱਤਾ ਸੀ। ਇਨ੍ਹਾਂ ਮਾਵਾਂ ਦੀ ਉਮਰ ਸਤਾਈ ਸਾਲ ਤੋਂ ਬੱਤੀ ਸਾਲ ਦੇ ਵਿਚਕਾਰ ਸੀ। ਨਿਧੀ ਗਾਂਧੀ ਸ਼ਹਿਰੀ ਮੱਧ ਵਰਗੀ ਪਰਿਵਾਰ ਵਿਚੋਂ ਸੀ। ਸੁਜਾਤਾ ਪੇਂਡੂ ਲੈਕਚਰਾਰ ਸੀ। ਅੰਜੂ ਦਾ ਪਤੀ ਮਜ਼ਦੂਰੀ ਕਰਦਾ ਸੀ। ਇਹ ਔਰਤਾਂ ਅਤੇ ਇਨ੍ਹਾਂ ਦੇ ਪਤੀ ਪਾਰਟੀ ਮੈਂਬਰ ਸਨ ਅਤੇ ਪਰਿਵਾਰ ਹਮਦਰਦ ਸਨ। ਇਨ੍ਹਾਂ ਮਾਵਾਂ ਨੂੰ ਹੀ ਬੱਚਿਆਂ ਦੇ ਪਾਲਣ ਪੋਸ਼ਣ ਅਤੇ ਪੜ੍ਹਾਉਣ ਦੀ ਡਿਊਟੀ ਦਿੱਤੀ ਗਈ ਸੀ।
ਜੁਲਾਈ 2057
ਅੰਜੂ ਦੇ ਪਤੀ ਨੇ ਆਜ਼ਾਦ ਨੂੰ ਮੈਟ੍ਰਿਕ ਕਰਵਾ ਦਿੱਤੀ ਸੀ। ਉਸ ਨੇ ਉਸ ਦੀ ਉਚੇਰੀ ਪੜ੍ਹਾਈ ਲਈ ਪਾਰਟੀ ਤੋਂ ਖ਼ਰਚ ਮੰਗਿਆ ਸੀ। ਪਾਰਟੀ ਨੇ ਖ਼ਰਚ ਲਈ ਹਾਮੀ ਭਰੀ ਸੀ। ਸੰਨ 2045 ਵਿਚ ਭਾਰਤ ਦੇ ਸਾਰੇ ਕਾਰਖ਼ਾਨਿਆਂ ਵਿਚ ਮਜ਼ਦੂਰ ਯੂਨੀਅਨ ਵਲੋਂ ਹੜਤਾਲ ਕਰਵਾ ਦਿਤੀ ਗਈ। ਅੰਜੂ ਦੇ ਪਤੀ ਰਾਮਾ ਨੰਦ ਆਪਣੇ ਕਾਰਖ਼ਾਨੇ ਵਿਚ ਹੜਤਾਲ ਦੀ ਅਗਵਾਈ ਕਰ ਰਹੇ ਸਨ। ਆਜ਼ਾਦ ਵੀ ਉਸ ਦੀ ਮਦਦ ਕਰਦਾ ਸੀ। ਕਾਰਖ਼ਾਨੇ ਦੇ ਮਾਲਕਾਂ ਨੇ ਉਨ੍ਹਾਂ 'ਤੇ ਹਮਲਾ ਕਰਵਾ ਦਿੱਤਾ ਸੀ। ਇਸ ਹਮਲੇ ਵਿਚ ਰਾਮਾ ਨੰਦ ਤਾਂ ਬਚ ਗਿਆ ਸੀ। ਪਰ ਸੋਲ੍ਹਾਂ ਸਾਲ ਦਾ ਆਜ਼ਾਦ ਮਾਰਿਆ ਗਿਆ ਸੀ। ਡਾ. ਸਮਰੱਥ ਤੇ ਡਾ. ਦਾਅਰੀਨ ਰਿਆਜ਼ ਨੂੰ ਗਹਿਰਾ ਸਦਮਾ ਪੁੱਜਾ ਸੀ। ਪਾਰਟੀ ਆਗੂ ਤੇ ਕਾਰਕੁਨ ਸੋਗ ਵਿਚ ਡੁੱਬ ਗਏ ਸਨ।
ਇਸ ਹਾਦਸੇ ਤੋਂ ਬਾਅਦ ਕ੍ਰਾਂਤੀ ਤੇ ਫਤਿਹ ਦੇ ਪਰਿਵਾਰਾਂ ਨੂੰ ਚੁਕੰਨਾ ਕੀਤਾ ਗਿਆ ਸੀ। ਇਹ ਦੋਨੋਂ ਹੇਠਲੇ ਮੱਧ ਵਰਗੀ ਪਰਿਵਾਰ ਸਨ। ਪਾਰਟੀ ਨੇ ਇਨ੍ਹਾਂ ਨੂੰ ਬੱਚਿਆਂ 'ਤੇ ਖ਼ਾਸ ਤਵੱਜੋ ਦੇਣ ਲਈ ਕਿਹਾ ਸੀ। ਨਿਧੀ ਗਾਂਧੀ ਦਾ ਪਤੀ ਕ੍ਰਿਕਟ ਦਾ ਕੋਚ ਸੀ। ਉਸ ਪੜ੍ਹਾਈ ਦੇ ਨਾਲ-ਨਾਲ ਕ੍ਰਾਂਤੀ ਨੂੰ ਖੇਡ ਵਿਚ ਵੀ ਪਾ ਦਿੱਤਾ ਸੀ। ਕ੍ਰਾਂਤੀ ਖੇਡ ਵਿਚ ਇਸ ਕਦਰ ਮਿਹਨਤ ਕਰਨ ਲੱਗਾ ਕਿ ਉਹ ਇੰਡੀਅਨ ਕ੍ਰਿਕਟ ਟੀਮ ਵਿਚ ਸਿਲੈਕਟ ਹੋ ਗਿਆ। ਇਸ ਖੇਡ ਜ਼ਰੀਏ ਉਹ ਭਾਰਤ ਦਾ ਨਾਂ ਚਮਕਾਉਣ ਲੱਗਾ। ਕ੍ਰਿਕਟ ਦੀ ਦੁਨੀਆ ਵਿਚ ਉਸ ਦੇ ਨਾਂ ਦਾ ਡੰਕਾ ਵੱਜਣ ਲੱਗਾ।
ਉਧਰ ਸੁਜਾਤਾ ਨੇ ਆਪਣੇ ਬੇਟੇ ਦੇ ਨਾਲ ਹੀ ਫ਼ਤਿਹ ਨੂੰ ਮਕੈਨੀਕਲ ਇੰਜਨੀਅਰਿੰਗ ਦੀ ਮਾਸਟਰ ਕਰਵਾ ਦਿੱਤੀ ਸੀ। ਉਹ ਮਲਟੀ ਨੈਸ਼ਨਲ ਕੰਪਨੀ ਦਾ ਸਭ ਤੋਂ ਵੱਧ ਪੈਕੇਜ ਲੈਣ ਵਾਲਾ ਇੰਜਨੀਅਰ ਸੀ। ਕੰਪਨੀ ਉਸ ਤੋਂ ਬਿਨਾਂ ਸਾਹ ਵੀ ਨਹੀਂ ਲੈਂਦੀ ਸੀ। ਉਹ ਕੰਪਨੀ ਵਿਚ ਸਭ ਤੋਂ ਛੋਟੀ ਉਮਰ ਦਾ ਸੀ ਪਰ ਸਭ ਦੀ ਅਗਵਾਈ ਕਰਦਾ ਸੀ। ਉਹ ਨਵੀਆਂ ਤੋਂ ਨਵੀਆਂ ਮਸ਼ੀਨਾਂ ਬਣਾਉਣ ਦੀ ਮੁਹਾਰਤ ਰੱਖਦਾ ਸੀ। ਇੱਥੋਂ ਤੱਕ ਜੇਕਰ ਹੋਰ ਕੰਪਨੀਆਂ ਵਿਚ ਕੋਈ ਸੰਕਟ ਆ ਜਾਂਦਾ ਤਾਂ ਮਸਲੇ ਦਾ ਹੱਲ ਕਰਨ ਲਈ ਉਸ ਨੂੰ ਹੀ ਬੁਲਾਇਆ ਜਾਂਦਾ ਸੀ।
ਕਿਥੇ ਤਾਂ ਕ੍ਰਾਂਤੀ ਅਤੇ ਫ਼ਤਿਹ ਨੇ ਲੈਨਿਨ ਵਾਂਗ ਜੰਗ ਦੇ ਮੈਦਾਨ ਵਿਚ ਗੱਜਣਾ ਸੀ ਪਰ ਉਹ ਤਾਂ ਕ੍ਰਿਕਟ ਦੇ ਮੈਦਾਨ ਅਤੇ ਮਲਟੀ ਨੈਸ਼ਨਲ ਕੰਪਨੀ ਦੇ ਵੇਅਰ ਹਾਊਸਾਂ ਵਿਚ ਭੱਜ-ਦੌੜ ਰਹੇ ਹਨ। ਸਿਰਫ਼ ਆਜ਼ਾਦ ਹੀ ਜੰਗ ਦੇ ਮੈਦਾਨ ਵਿਚ ਦੌੜਿਆ ਪਰ ਉਹ...। ਜੁਲਾਈ 2057 ਦੀ ਮੀਟਿੰਗ ਵਿਚ ਡਾ. ਸਮਰੱਥ ਅਤੇ ਡਾ. ਦਾਅਰੀਨ ਪਾਰਟੀ ਆਗੂਆਂ ਸਾਹਮਣੇ ਸ਼ਰਮਿੰਦਾ ਹੋਏ ਬੈਠੇ ਸਨ।
ਉਨ੍ਹਾਂ ਦੇ ਸਾਹਮਣੇ ਪਾਰਟੀ ਅਖ਼ਬਾਰ ਪਿਆ ਹੈ, ਜਿਸ ਦੇ ਮੁੱਖ ਪੰਨੇ ਉੱਤੇ ਮਾਰਕਸ ਦੀਆਂ ਸਤਰਾਂ ਉੱਕਰੀਆਂ ਹੋਈਆਂ ਹਨ - ''ਫਿਲਾਸਫਰ ਖੁੰਭਾਂ ਵਾਂਗ ਜ਼ਮੀਨ ਵਿਚੋਂ ਨਹੀਂ ਉੱਗ ਪੈਂਦੇ। ਉਹ ਆਪਣੇ ਸਮੇਂ ਦੀ, ਆਪਣੀ ਕੌਮ ਦੀ ਉਪਜ ਹੁੰਦੇ ਹਨ।''
ਡਾ. ਸਮਰੱਥ ਤੇ ਡਾ. ਦਾਅਰੀਨ ਇਨ੍ਹਾਂ ਸਤਰਾਂ ਵਿਚ ਖੁਭ ਗਏ ਹਨ। ... ਪਾਰਟੀ ਕਾਰਕੁਨ ਉਨ੍ਹਾਂ ਨੂੰ ਸਵਾਲ ਪੁੱਛ ਰਹੇ ਹਨ, ਪਰ ਉਹ ਦੋਨੋਂ ਲਾਜਵਾਬ ਹਨ। ਇਸ ਮੌਕੇ ਉਨ੍ਹਾਂ ਨੂੰ ਆਜ਼ਾਦ ਤੇ ਭਾਈ ਰਤਨ ਸਿੰਘ ਮੁੜ-ਮੁੜ ਯਾਦ ਆ ਰਹੇ ਹਨ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਜਮੇਰ ਸਿੱਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ