Thorha Ku Zehar (Story in Punjabi) : Ram Lal

ਥੋੜ੍ਹਾ ਕੁ ਜ਼ਹਿਰ (ਕਹਾਣੀ) : ਰਾਮ ਲਾਲ

ਏਡੀ ਰਾਤ ਗਏ ਆਪਣੇ ਦਰਵਾਜ਼ੇ ਸਾਹਵੇਂ ਖੜ੍ਹੀ ਇਕੱਲੀ ਜਵਾਨ ਕੁੜੀ ਨੂੰ ਦੇਖ ਕੇ ਮੈਂ ਹੈਰਾਨ ਹੋਏ ਬਿਨਾਂ ਨਹੀਂ ਸੀ ਰਹਿ ਸਕਿਆ। ਨੀਂਦ ਨਾਲ ਭਰੀਆਂ ਹੋਈਆਂ ਅੱਖਾਂ ਮਲਦਿਆਂ ਤੇ ਕੈਰੋਸਿਨ ਲੈਂਪ ਬਾਲਨ ਲਈ ਡੱਬੀ ਲੱਭਦਿਆਂ ਹੋਇਆਂ ਮੈਂ ਉਸਨੂੰ ਕਿਹਾ, “ਜ਼ਰਾ ਇੱਥੇ ਈ ਠਹਿਰ, ਮੈਂ ਚਾਨਣ ਕਰ ਲਵਾਂ।”
ਲੈਂਪ ਜਗਾਇਆ ਤਾਂ ਮੇਰੀ ਨਜ਼ਰ ਟਿਕ-ਟਿਕ ਕਰਦੇ ਹੋਏ ਕਲਾਕ ਉੱਤੇ ਜਾ ਪਈ—ਤਿੰਨ ਵੱਜ ਚੁੱਕੇ ਸਨ। ਮੈਂ ਉਬਾਸੀ ਲੈਂਦਿਆਂ ਸਿਰ ਦੇ ਵਾਲਾਂ ਦਾ ਜੂੜਾ ਕਰਨ ਲੱਗ ਪਿਆ।
“ਸਰਦਾਰ ਜੀ ਮੈਂ ਜ਼ਰਾ ਜਲਦੀ 'ਚ ਆਂ—ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦੀ ਆਂ।”
ਉਹ ਅੰਦਰ ਆ ਗਈ। ਉਸਦੀ ਆਵਾਜ਼ ਬੜੀ ਤਿੱਖੀ, ਸਪਾਟ ਤੇ ਬੇਖ਼ੌਫ਼ ਸੀ। ਉੱਨੀ-ਵੀਹ ਸਾਲ ਦੀ ਇਕ ਸ਼ਾਦੀਸ਼ੁਦਾ ਕੁੜੀ ਸੀ ਉਹ, ਜਿਸਨੇ ਗੂੜ੍ਹੇ ਭੂਰੇ ਰੰਗ ਦਾ ਸ਼ਾਲ ਲਿਆ ਹੋਇਆ ਸੀ। ਪਹਿਲਾਂ ਉਸਨੇ ਏਧਰ-ਉਧਰ ਦੇਖਿਆ ਪਰ ਬੈਠਣ ਲਈ ਕੋਈ ਜਗ੍ਹਾ ਨਾ ਦਿਸੀ ਤਾਂ ਕਾਊਂਟਰ ਨਾਲ ਲੱਗ ਕੇ ਖੜ੍ਹੀ ਹੋ ਗਈ।
ਇਕ ਸੁੰਨਸਾਨ ਤੇ ਉਜਾੜ ਜਗ੍ਹਾ ਉੱਤੇ, ਰਾਤ ਦੇ ਪਿਛਲੇ ਪਹਿਰ, ਅਚਾਨਕ ਆਪਣੇ ਦਫ਼ਤਰ ਵਿਚ ਇਕ ਨੌਜਵਾਨ ਕੁੜੀ ਦੀ ਆਮਦ ਕਾਰਨ ਮੇਰਾ ਦਿਲ ਧੱਕ-ਧੱਕ ਕਰ ਰਿਹਾ ਸੀ—ਭਾਵੇਂ ਉਹ ਮੇਰੀਆਂ ਧੀਆਂ ਦੇ ਹਾਣ ਦੀ ਸੀ, ਫੇਰ ਵੀ ਮੈਂ ਸੋਚਿਆ ਉਹ ਇਕ ਔਰਤ ਹੈ ਤੇ ਪਤਾ ਨਹੀਂ ਮੇਰੇ ਕੋਲ ਕਿਉਂ ਆਈ ਹੈ?
ਖੁੱਲ੍ਹੇ ਦਰਵਾਜ਼ੇ ਵਿਚੋਂ ਠੰਡੀ ਹਵਾ ਦਾ ਇਕ ਬੁੱਲ੍ਹਾ ਆਇਆ ਤੇ ਮੇਰੀਆਂ ਨੰਗੀਆਂ ਲੱਤਾਂ ਨਾਲ ਟਕਰਾਉਂਦਾ ਹੋਇਆ ਸਾਰੇ ਕਮਰੇ ਵਿਚ ਫੈਲ ਗਿਆ। ਏਧਰ ਉਧਰ ਮੇਜ਼ਾਂ ਉੱਤੇ ਤੇ ਰੈਕਾਂ ਵਿਚ ਪਏ ਸਰਕਾਰੀ ਕਾਗਜ਼ ਫੜਫੜਾਉਣ ਲੱਗੇ, ਜਿਵੇਂ ਉਹ ਵੀ ਜਾਗ ਪਏ ਹੋਣ! ਮੇਰੇ ਜਿਸਮ ਉੱਤੇ ਸਿਰਫ ਕੱਛਾ ਹੀ ਸੀ। ਮੈਂ ਕਾਹਲ ਨਾਲ ਕਮੀਜ਼ ਗਲ਼ ਵਿਚ ਪਾਈ ਤੇ ਸਿਰਹਾਣੇ ਹੋਠੋਂ ਗਰਮ ਪੈਂਟ ਕੱਢ ਕੇ ਲੱਤਾਂ ਉਪਰ ਚੜ੍ਹਾ ਲਈ, ਫੇਰ ਅੱਗੇ ਵਧ ਕੇ ਦਰਵਾਜ਼ਾ ਭੀੜ ਦਿੱਤਾ। ਬਿਸਤਰਾ ਲਪੇਟ ਕੇ ਮੰਜੀ ਨੂੰ ਕੰਧ ਨਾਲ ਖੜ੍ਹਾ ਕੀਤਾ ਤੇ ਉਸ ਉੱਤੇ ਬਿਸਤਰਾ ਰੱਖ ਦਿੱਤਾ।
ਮੈ ਜਲੰਧਰ ਡਵੀਜ਼ਨ ਦੇ ਇਕ ਛੋਟੇ ਜਿਹੇ ਰੇਲਵੇ ਸਟੇਸ਼ਨ ਉਪਰ ਫਲਾਇੰਗ ਸਟੇਸ਼ਨ ਮਾਸਟਰ ਸਾਂ, ਜਿਸਦੀ ਪੂਰੀ ਇਮਾਰਤ ਦਫ਼ਤਰ ਵਾਲਾ ਇਹੋ ਇਕੋ-ਇਕ ਕਮਰਾ ਸੀ ਤੇ ਇਸ ਤੋਂ ਕੁਝ ਦੂਰ ਸਟਾਫ਼ ਲਈ ਤਿੰਨ ਕੁਆਟਰ ਬਣੇ ਹੋਏ ਸਨ—ਇਕ ਵਿਚ ਖਲਾਸੀ ਰਹਿੰਦਾ ਸੀ, ਦੂਜੇ ਵਿਚ ਪਾਣੀ ਪਿਆਉਣ ਤੇ ਲੈਂਪ ਬਾਲਣ ਵਾਲਾ ਪੋਰਟਰ ਤੇ ਤੀਜਾ ਜਿਹੜਾ ਮੇਰੇ ਲਈ ਸੀ, ਖਾਲੀ ਪਿਆ ਸੀ। ਮੈਂ ਇਕੱਲਾ ਹੋਣ ਕਰਕੇ ਰਾਤ ਨੂੰ ਦਫ਼ਤਰ ਵਿਚ ਹੀ, ਮੇਜ਼ ਕੁਰਸੀਆਂ ਪਰ੍ਹਾਂ ਕਰਕੇ, ਮੰਜੀ ਡਾਹ ਲੈਂਦਾ ਸਾਂ। ਇੰਜ ਸਵੇਰੇ ਚਾਰ ਵਜੇ ਮੁਕੇਰੀਆਂ ਵਲੋਂ ਆ ਕੇ ਜਲੰਧਰ ਨੂੰ ਜਾਣ ਵਾਲੀ ਗੱਡੀ ਨੂੰ ਪਾਸ ਕਰਨਾਂ ਸੌਖਾ ਹੋ ਜਾਂਦਾ ਸੀ—ਮੁਸਾਫ਼ਰਾਂ ਦਾ ਟਿਕਟ ਲਈ ਰੌਲਾ ਸੁਣਦਿਆਂ ਹੀ ਮੈਂ ਕਾਊਂਟਰ ਸਾਹਮਣੇ ਜਾ ਖੜ੍ਹਾ ਹੁੰਦਾ ਤੇ ਕੁਝ ਟਿਕਟਾਂ ਕੱਟ ਕੇ ਫੇਰ ਬਿਸਤਰੇ ਵਿਚ ਜਾ ਲੇਟਦਾ। ਪੋਰਟਰ ਹੀ ਬਾਹਰ ਜਾ ਕੇ ਗੱਡੀ ਚੱਲਣ ਦੀ ਹਰੀ ਝੰਡੀ ਦਿਖਾਅ ਆਉਂਦਾ। ਮੈਨੂੰ ਰਾਤ ਨੂੰ ਬਾਹਰ ਨਿਕਲਣ ਦੀ ਕਦੇ-ਕਦਾਈਂ ਹੀ ਲੋੜ ਪੈਂਦੀ ਸੀ।
ਮੈਂ ਸਿਰ ਉੱਤੇ ਪੱਗ ਬੰਨ੍ਹਦਿਆਂ ਹੋਇਆਂ ਉਸ ਵਲ ਦੇਖਿਆ ਤੇ ਸੋਚਣ ਲੱਗਿਆ ਕਿ ਇਹ ਕੌਣ ਹੋ ਸਕਦੀ ਹੈ? ਇੱਥੇ ਕੀ ਕਰਨ ਆਈ ਹੈ?
ਉਹ ਬੜੀਆਂ ਘੋਖਵੀਆਂ ਜਿਹੀਆਂ ਨਜ਼ਰਾਂ ਨਾਲ ਮੇਰੇ ਵਲ ਦੇਖ ਰਹੀ ਸੀ। ਸ਼ਾਇਦ ਕਿਸੇ ਆਸੇ-ਪਾਸੇ ਦੇ ਪਿੰਡ ਦੀ ਨੂੰਹ-ਧੀ ਹੋਏਗੀ! ਘਰੋਂ ਨੱਸ ਕੇ ਚੱਲੀ ਹੋਏਗੀ ਕਿਤੇ! ਜਲੰਧਰ ਜਾਣ ਵਾਲੀ ਗੱਡੀ ਫੜਨੀਂ ਹੋਏਗੀ!
“ਤੂੰ ਕੌਣ ਏਂ ਪੁੱਤਰ?” ਮੈਂ ਕੁਰਸੀ ਉੱਤੇ ਪਏ ਸਰਕਾਰੀ ਰਜਿਸਟਰ ਕਾਊਂਟਰ ਉੱਤੇ ਰੱਖ ਦਿੱਤੇ।
“ਸਰਦਾਰ ਜੀ!” ਉਸਨੇ ਕੰਬਦੀ ਹੋਈ ਆਵਾਜ਼ ਵਿਚ ਜਵਾਬ ਦਿੱਤਾ, “ਤਹਾਨੂੰ ਇਹੀ ਦੱਸਣ ਵਾਸਤੇ ਤਾਂ ਮੈਂ ਆਈ ਆਂ। ਮੈਂ ਤੁਹਾਨੂੰ ਜਾਣਦੀ ਆਂ—ਤੁਸੀਂ ਭਗਵੰਤ ਤੇ ਕੁਲਵੰਤ ਦੇ ਦਾਰ-ਜੀ ਓ ਨਾ?”
ਆਪਣੀਆਂ ਧੀਆਂ ਦੇ ਨਾਂ ਸੁਣ ਕੇ ਮੈਂ ਹੈਰਾਨੀ ਨਾਲ ਤ੍ਰਬਕਿਆ। ਇਹ ਉਹਨਾਂ ਨੂੰ ਕਿਵੇਂ ਜਾਣਦੀ ਏ! ਉਹਨਾਂ ਦੀ ਸਹੇਲੀ ਵੀ ਨਹੀਂ ਜਾਪਦੀ ਇਹ! ਉਸਦਾ ਚਿਹਰਾ ਮੇਰੇ ਲਈ ਬਿਲਕੁਲ ਅਜਨਬੀ ਸੀ।
“ਬੈਠ!” ਮੈਂ ਕੁਰਸੀ ਉਸ ਵਲ ਖਿਸਕਾ ਦਿੱਤੀ ਤੇ ਆਪ ਕੰਬਲ ਦੀ ਬੁੱਕਲ ਮਾਰ ਕੇ ਮੇਜ਼ ਉੱਤੇ ਬੈਠ ਗਿਆ।
ਉਹ ਛਮ ਛਮ ਕਰਦੀ ਹੋਈ ਕੁਰਸੀ ਉੱਤੇ ਬੈਠ ਗਈ। ਉਸਦੇ ਪੈਰਾਂ ਵਿਚ ਪਾਈਆਂ ਝਾਂਜਰਾਂ ਦੀ ਛਣਕਾਰ ਮੈਂ ਪਹਿਲੀ ਵਾਰੀ ਸੁਣੀ ਸੀ, ਜਿਹੜੀ ਉਸ ਸੰਨਾਟੇ ਵਿਚ ਖਾਸੀ ਉੱਚੀ ਲੱਗੀ ਸੀ।
ਮੈਂ ਖਿੜਕੀ ਖੋਲ੍ਹ ਕੇ ਬਾਹਰ ਦੇਖਿਆ। ਉੱਥੇ ਕੋਈ ਨਹੀਂ ਸੀ। ਹਨੇਰਾ ਕਾਫੀ ਸੰਘਣਾ ਸੀ। ਠੰਡੀ ਹਵਾ ਦੇ ਝੋਕਿਆਂ ਤੋਂ ਬਚਣ ਲਈ ਮੈਂ ਛੇਤੀ ਦੇਣੇ ਖਿੜਕੀ ਬੰਦ ਕਰ ਦਿੱਤੀ।
ਫੇਰ ਉਸ ਵਲ ਬੇਚੈਨੀ ਨਾਲ ਦੇਖਿਆ ਕਿ—ਜੋ ਉਹ ਕਹਿਣਾ ਚਾਹੁੰਦੀ ਏ, ਝੱਟ ਕਹਿ ਦਏ! ਉਹ ਵੀ ਜਿਵੇਂ ਮੇਰਾ ਭਾਵ ਸਮਝ ਗਈ ਹੋਏ—ਉਸਨੇ ਪਾਸਾ ਪਰਤ ਕੇ ਮੇਰੇ ਵਲ ਦੇਖਿਆ ਤੇ ਸਰਦੀ ਕਾਰਨ ਸੁੜ-ਸੁੜ ਕਰ ਰਹੀ ਨੱਕ ਨੂੰ ਪੂੰਝਦੀ ਹੋਈ ਬੋਲੀ...:
“ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦੀ ਆਂ। ਤੁਹਾਡਾ ਨਾਂ ਸਰਦਾਰ ਹੁਕਮ ਸਿੰਘ ਏ ਨਾ...ਤੇ ਤੁਸੀਂ ਪਾਕਿਸਤਾਨ 'ਚੋਂ ਆਏ ਹੋਏ ਸ਼ਰਨਾਰਥੀ ਓ?”
ਮੈਂ ਚੁੱਪਚਾਪ ਉਸ ਵਲ ਦੇਖਦਾ ਰਿਹਾ। ਮੇਰਾ ਦਿਲ ਪਹਿਲਾਂ ਵਾਂਗ ਹੀ ਧੜਕ ਰਿਹਾ ਸੀ। ਪਤਾ ਨਹੀਂ, ਉਹ ਕੀ ਕਹਿਣਾ ਚਾਹੁੰਦੀ ਏ! ਮੈਨੂੰ ਹੁਣ ਕਾਫੀ ਰਹੱਸਮਈ ਕੁੜੀ ਲੱਗ ਰਹੀ ਸੀ ਉਹ।
“ਤੁਹਾਡੀਆਂ ਦੋਵਾਂ ਕੁੜੀਆਂ ਨੂੰ ਉੱਥੋਂ ਦੇ ਗੁੰਡੇ ਚੁੱਕ ਕੇ ਲੈ ਗਏ ਸਨ। ਠੀਕ ਏ ਨਾ?”
ਮੈਂ ਹਾਂ ਵਿਚ ਸਿਰ ਹਿਲਾ ਦਿੱਤਾ ਅਚਾਨਕ ਮੇਰੇ ਦਿਲ ਵਿਚ ਇਹ ਖ਼ਿਆਲ ਆਇਆ ਕਿ ਕਿਤੇ ਇਹ ਕੁੜੀ ਪਾਕਿਸਤਾਨੋਂ ਹੀ ਤਾਂ ਨਹੀਂ ਆਈ?
“ਫਸਾਦਾਂ ਦੌਰਾਨ ਤੁਹਾਡੀ ਪਤਨੀ, ਦੋ ਛੋਟੇ ਪੁੱਤਰਾਂ ਤੇ ਬੁੱਢੇ ਪਿਤਾ ਜੀ ਨੂੰ ਵੀ ਕਤਲ ਕਰ ਦਿੱਤਾ ਗਿਆ ਸੀ?”
ਮੈਂ ਫੇਰ ਹਾਂ ਵਿਚ ਸਿਰ ਹਿਲਾ ਦਿੱਤਾ ਤੇ ਮਹਿਸੂਸ ਕੀਤਾ ਕਿ ਬੀਤਿਆ ਹੋਇਆ ਦੁਸ਼ਟ-ਸਮਾਂ ਫੇਰ ਸਾਹਮਣੇ ਆ ਖੋਲਤਾ ਹੈ। ਪਤਨੀ, ਬੱਚਿਆਂ ਤੇ ਬੁੱਢੇ ਪਿਤਾ ਦੇ ਜ਼ਿਕਰ ਉੱਤੇ ਮੇਰੀਆਂ ਅੱਖਾਂ ਵਿਚੋਂ ਅੱਥਰੂ ਵਹਿ ਤੁਰੇ। ਮੈਂ ਬੇਚੈਨੀ ਜਿਹੀ ਨਾਲ ਇੱਧਰ ਉਧਰ ਦੇਖਿਆ ਤੇ ਅਖ਼ੀਰ ਉਸ ਉੱਤੇ ਨਜ਼ਰਾਂ ਗੱਡ ਲਈਆਂ। ਇਹ ਕੁੜੀ ਛੇਤੀ ਕਿਉਂ ਨਹੀਂ ਦਸ ਰਹੀ ਕਿ ਉਹ ਕੌਣ ਹੈ? ਕਿੱਥੋਂ ਆਈ ਹੈ?...ਮੈਨੂੰ ਇਹ ਸਭ ਕੁਝ ਕਿਉਂ ਯਾਦ ਕਰਵਾ ਰਹੀ ਹੈ!
ਮੈਂ ਦੇਖਿਆ ਉਹ ਮੁਸਕੁਰਾ ਰਹੀ ਸੀ—ਲੱਗਿਆ, ਉਹ ਮੇਰੀ ਬੇਬਸੀ ਉੱਤੇ ਮੁਸਕੁਰਾ ਰਹੀ ਹੈ। ਫੇਰ ਉਹ ਬੋਲੀ...:
“ਮੈਂ ਤੁਹਾਨੂੰ ਸਭ ਕੁਝ ਦੱਸਾਂਗੀ—ਕਿਉਂਕਿ ਤੁਸੀਂ ਭਗਵੰਤ ਕੌਰ ਤੇ ਕੁਲਵੰਤ ਕੌਰ ਦੇ ਦਾਰ-ਜੀ ਓ। ਉਹਨਾਂ ਨੂੰ ਪਾਕਿਸਤਾਨੀ ਗੁੰਡੇ ਤੁਹਾਥੋਂ ਜਬਰਦਸਤੀ ਖੋਹ ਕੇ ਲੈ ਗਏ ਸਨ...ਉਹਨਾਂ ਤਾਂ ਤੁਹਾਨੂੰ ਵੀ ਮਾਰ ਕੇ ਅੱਧ-ਮੋਇਆ ਕਰ ਦਿੱਤਾ ਸੀ; ਸ਼ਾਇਦ ਆਪਣੇ ਵੱਲੋਂ ਮਾਰ ਕੇ ਹੀ ਸੁੱਟ ਗਏ ਸਨ। ਪਰ ਤੁਸੀਂ ਇਹ ਦੁੱਖ ਭੋਗਣ ਲਈ ਜਿਊਂਦੇ ਬਚ ਗਏ ਕਿ ਪਤਾ ਨਹੀਂ ਤੁਹਾਡੀਆਂ ਧੀਆਂ ਦਾ ਕੀ ਹਾਲ ਹੋਇਆ ਹੋਏਗਾ! ਤੁਸੀਂ ਅੰਮ੍ਰਿਤਸਰ, ਜਲੰਧਰ ਤੇ ਦਿੱਲੀ ਦੇ ਰਿਫ਼ੂਜੀ ਕੈਂਪਾਂ ਦੀ ਧੂੜ ਛਾਣਦੇ ਰਹੇ...ਰਿਫ਼ੂਜੀ ਅਫ਼ਸਰਾਂ ਦੀ ਚਾਕਰੀ ਕਰਦੇ ਰਹੇ...ਮਿਰਦੁਲਾ ਸਾਰਾ ਭਾਈ ਦੇ ਨਾਲ ਵੱਡੀਆਂ-ਵੱਡੀਆਂ ਆਸਾਂ ਜੋੜੀ ਰੱਖੀਆਂ—ਪਰ ਇਹ ਸਭ ਕੁਝ ਬੇਕਾਰ ਸਿੱਧ ਹੋਇਆ। ਫੇਰ ਤੁਸੀਂ ਉਹਨਾਂ ਅਬਲਾਵਾਂ ਦੇ ਨਾਵਾਂ ਦੀਆਂ ਸੂਚੀਆਂ ਵੀ ਦੇਖਣੀਆਂ ਛੱਡ ਦਿੱਤੀਆਂ ਜਿਹਨਾਂ ਨੂੰ ਪਾਕਿਸਤਾਨ ਵਿਚੋਂ ਮੁਕਤ ਕਰਵਾ ਕੇ ਲਿਆਂਦਾ ਜਾਂਦਾ ਸੀ ਤੇ ਉਹਨਾਂ ਬਾਰੇ ਆਏ ਦਿਨ ਅਖ਼ਬਾਰਾਂ ਵਿਚ ਛਪਦਾ ਰਹਿੰਦਾ ਸੀ।”
ਮੈਂ ਚੁੱਪਚਾਪ ਉਸ ਵਲ ਦੇਖਦਾ ਰਿਹਾ। ਉਹ ਵਾਰੀ ਵਾਰੀ ਆਪਣੀ ਵਗਦੀ ਹੋਈ ਨੱਕ ਨੂੰ ਪੂੰਝ ਰਹੀ ਸੀ। ਉਸਦੇ ਵਾਲਾਂ ਦੀਆਂ ਲਿਟਾਂ, ਕਦੀ ਖੱਬਿਓਂ ਤੇ ਕਦੀ ਸੱਜਿਓਂ, ਉਸਦੇ ਚਿਹਰੇ ਉੱਤੇ ਉਤਰ ਆਉਂਦੀਆਂ ਸਨ ਤੇ ਉਹ ਉਹਨਾਂ ਨੂੰ ਉਤਾਂਹ ਚੁੱਕ ਕੇ ਕੰਨਾਂ ਪਿੱਛੇ ਟੁੰਗ ਲੈਂਦੀ ਸੀ। ਉਸਦੇ ਹੱਥ ਵਿਚ ਇਕ ਛੋਟੀ ਜਿਹੀ ਕਾਗਜ਼ ਦੀ ਪੁੜੀ ਵੀ ਸੀ, ਜਿਸਨੂੰ ਉਸਨੇ ਆਪਣੀ ਮੁੱਠੀ ਵਿਚ ਘੁੱਟਿਆ ਹੋਇਆ ਸੀ।
“ਲਓ ਮੈਂ ਤੁਹਾਡੀ ਇਹ ਹੈਰਾਨੀ ਵੀ ਦੂਰ ਕਰ ਦਿੰਦੀ ਆਂ ਕਿ ਮੈਂ ਕੌਣ ਆਂ! ਤੁਹਾਡੇ ਬਾਰੇ ਏਨਾ ਕੁਝ ਕਿਵੇਂ ਜਾਣਦੀ ਆਂ!
“ਦਸ ਦਿਨ ਪਹਿਲਾਂ, ਇਸ ਸਟੇਸ਼ਟ ਉੱਤੇ ਰਾਤ ਦੀ ਆਖ਼ਰੀ ਗੱਡੀ ਤੋਂ ਸਾਨਦਾਂ ਵਾਲਾ ਖਿੰਡ ਦਾ ਜ਼ਿਮੀਂਦਾਰ ਹਜ਼ਾਰਾ ਸਿੰਘ ਉਤਰਿਆ ਸੀ। ਉਸਦੇ ਨਾਲ ਉਸਦੀ ਨਵੀਂ ਵਿਆਹੀ ਵਹੁਟੀ ਰੇਸ਼ਮ ਕੌਰ ਸੀ। ਕਿਉਂਕਿ ਉਹਨਾਂ ਨੂੰ ਏਨੀ ਰਾਤ ਗਏ ਕੋਈ ਯੱਕਾ-ਟਾਂਗਾ ਨਹੀਂ ਸੀ ਮਿਲ ਸਕਿਆ, ਇਸ ਲਈ ਉਹਨਾਂ ਨੇ ਉਹ ਰਾਤ ਤੁਹਾਡੇ ਕੁਆਟਰ ਵਿਚ ਬਿਤਾਈ ਸੀ। ਹਜ਼ਾਰਾ ਸਿੰਘ ਸਾਰੀ ਰਾਤ ਸ਼ਰਾਬ ਪੀਂਦਾ ਰਿਹਾ ਸੀ। ਉਸਨੇ ਤੁਹਾਨੂੰ ਵੀ ਪੀਣ ਦੀ ਦਾਅਵਤ ਦਿੱਤੀ ਸੀ, ਪਰ ਤੁਸੀਂ ਮੰਨੇ ਨਹੀਂ ਸੀ। ਉਸਨੇ ਤੁਹਾਨੂੰ ਇਹ ਵੀ ਕਿਹਾ ਸੀ ਕਿ ਇੱਥੋਂ ਦਾ ਪਹਿਲਾ ਸਟੇਸ਼ਨ ਮਾਸਟਰ ਤਾਂ ਉਸ ਨਾਲ ਖਾਂਦਾ-ਪੀਂਦਾ ਸੀ। ਉਹ ਬੜਾ ਰੰਗੀਲਾ ਤੇ ਮੌਜੀ ਆਦਮੀ ਸੀ। ਹਜ਼ਾਰਾ ਸਿੰਘ ਤੁਹਾਡੀ ਸ਼ਰਾਫ਼ਤ ਉੱਤੇ ਖ਼ੂਬ ਹੱਸਿਆ ਸੀ। ਤੁਸੀਂ ਉਸ ਨਾਲ ਬੈਠ ਕੇ ਬੜੀਆਂ ਗੱਲਾਂ ਕੀਤੀਆਂ ਸਨ ਤੇ ਉਸਨੂੰ ਆਪਣੇ ਸਾਰੇ ਹਾਲਾਤ ਦੱਸ ਦਿੱਤੇ ਸਨ। ਮੈਂ ਕੋਲ ਬੈਠੀ ਸਭ ਕੁਝ ਸੁਣ ਰਹੀ ਸਾਂ। ਤੁਹਾਡਾ ਪੋਰਟਰ ਆਪਣੀ ਇਕ ਮੁਰਗੀ ਝਟਕ ਕੇ ਭੁੰਨ ਲਿਆਇਆ ਸੀ, ਜਿਸਦੇ ਬਦਲੇ ਹਜ਼ਾਰਾ ਸਿੰਘ ਨੇ ਉਸਨੂੰ ਦਸ ਰੁਪਏ ਇਨਾਮ ਤੇ ਪੀਣ ਖਾਤਰ ਥੋੜ੍ਹੀ ਜਿਹੀ ਸ਼ਰਾਬ ਵੀ ਦਿੱਤੀ ਸੀ।...ਤੇ ਉਹ ਗੁਣਗੁਣਾਉਂਦਾ ਹੋਇਆ ਆਪਣੇ ਕੁਆਟਰ ਵਿਚ ਚਲਾ ਗਿਆ ਸੀ।”
ਮੈਨੂੰ ਉਹ ਤਕੜੇ ਜੁੱਸੇ ਵਾਲਾ ਲੰਮਾਂ ਉੱਚਾ ਸਰਦਾਰ ਯਾਦ ਆ ਗਿਆ, ਜਿਸਨੇ ਦਸ ਦਿਨ ਪਹਿਲਾਂ ਮੇਰੇ ਕੁਆਟਰ ਵਿਚ ਰਾਤ ਬਿਤਾਈ ਸੀ ਤੇ ਆਪਣੇ ਆਪ ਨੂੰ ਸਾਨਦਾਂ ਵਾਲਾ ਜ਼ਿਮੀਂਦਾਰ ਦੱਸਿਆ ਸੀ। ਉਸਨੇ ਦੱਸਿਆ ਸੀ ਕਿ ਕਲੱਕਤੇ ਵਿਚ ਉਸਦੀਆਂ ਕੁਝ ਬਸਾਂ ਵੀ ਚਲਦੀਆਂ ਨੇ। ਉਸਦੇ ਨਾਲ ਘੁੰਡ ਵਿਚ ਲਿਪਟੀ ਹੋਈ ਇਕ ਔਰਤ ਵੀ ਸੀ—ਸ਼ਾਇਦ ਉਸਦਾ ਨਾਂ ਰੇਸ਼ਮ ਕੌਰ ਹੀ ਹੋਏ! ਪਰ ਉਸਦਾ ਤੇ ਇਸ ਕੁੜੀ ਦਾ ਆਪਸ ਵਿਚ ਕੀ ਰਿਸ਼ਤਾ ਏ ਜਿਹੜੀ ਮੇਰੇ ਸਾਹਮਣੇ ਬੈਠੀ ਉਸ ਰਾਤ ਦੀ ਘਟਨਾਂ ਨੂੰ ਪੂਰੇ ਵਿਸ਼ਵਾਸ ਨਾਲ ਦਹੁਰਾ ਰਹੀ ਸੀ?
“ਮੈਂ ਰੇਸ਼ਮ ਕੌਰ ਆਂ। ਮੇਰਾ ਘੁੰਡ ਕੱਢਿਆ ਹੋਣ ਕਰਕੇ ਤੁਸੀਂ ਉਸ ਦਿਨ ਮੈਨੂੰ ਦੇਖ ਨਹੀਂ ਸਕੇ ਸੀ। ਪਰ ਹੁਣ ਮੈਂ ਸਾਰੇ ਘੁੰਡ ਚੁੱਕ ਦਿੱਤੇ ਨੇ। ਮੈਂ ਹਜ਼ਾਰਾ ਸਿੰਘ ਦੀ ਵਿਆਹੀ ਹੋਈ ਵਹੁਟੀ ਨਹੀਂ ਸਾਂ, ਉਸਨੇ ਜਬਰਦਸਤੀ ਮੈਨੂੰ ਆਪਣੇ ਘਰ ਬਿਠਾਅ ਲਿਆ ਸੀ। ਮੈਨੂੰ ਰੇਸ਼ਮ ਕੌਰ ਨਾਂ ਵੀ ਉਸੇ ਦਾ ਦਿੱਤਾ ਹੋਇਆ ਏ। ਉਹਨੇ ਕੋਸ਼ਿਸ਼ ਵੀ ਬੜੀ ਕੀਤੀ ਕਿ ਆਪਣੇ ਬੀਤੇ ਹੋਏ ਸਮੇਂ ਨੂੰ ਭੁੱਲ ਜਾਵਾਂ ਮੈਂ—ਪਰ ਮੈਂ ਕਦੀ ਰੇਸ਼ਮ ਕੌਰ ਨਹੀਂ ਬਣ ਸਕੀ, ਹਮੀਦਾ ਹੀ ਰਹੀ, ਉਮਰ ਦੀਨ ਸਕੂਲ ਮਾਸਟਰ ਦੀ ਧੀ!
“ਸਰਦਾਰ ਜੀ ਤੁਹਾਡੀਆਂ ਅੱਖਾਂ ਵਿਚ ਹੈਰਾਨੀ ਭਰੀ ਹੋਈ ਏ—ਸ਼ਾਇਦ ਤੁਹਾਨੂੰ ਯਕੀਨ ਨਹੀਂ ਆ ਰਿਹਾ ਕਿ ਇਹ ਸਭ ਸੱਚ ਏ—ਪਰ ਤੁਸੀਂ ਯਕੀਨ ਕਰਨਾਂ ਮੈਂ ਹੀ ਉਹ ਰੇਸ਼ਮ ਕੌਰ ਸਾਂ ਤੇ ਮੈਂ ਹੀ ਹੁਣ ਹਮੀਦਾ ਆਂ—ਜਿਹੜੀ ਪੰਜ ਸਾਲ ਬਾਅਦ ਰੇਸ਼ਮ ਕੌਰ ਦੇ ਘੁੰਡ ਦੀ ਕੈਦ ਵਿਚੋਂ ਮੁਕਤ ਹੋਈ ਆਂ!
“ਇੱਥੇ ਮੈਂ ਆਪਣੇ ਅੱਬਾ ਨੂੰ ਮਿਲਣ ਵਾਸਤੇ ਆਈ ਸਾਂ। ਕਲੱਕਤੇ ਵਰਗੇ ਦੂਰ ਦਰਾਜ਼ ਦੇ ਸ਼ਹਿਰ ਵਿਚੋਂ ਸਿਰਫ ਆਪਣੇ ਅੱਬਾ ਨੂੰ ਮਿਲਣ ਲਈ, ਜਿਹੜੇ ਇਸ ਦੁਨੀਆਂ ਵਿਚ ਨਹੀਂ ਸੀ। ਪਰ ਮੈਂ ਸਮਝਦੀ ਸਾਂ ਕਿ ਉਹ ਪਿਛਲੇ ਪੰਜ ਸਾਲ ਤੋਂ ਮੇਰੀ ਉਡੀਕ ਕਰ ਰਹੇ ਨੇ, ਇਸ ਪਿੰਡ ਸਾਨਦਾਂ ਵਾਲਾ ਵਿਚ।
“ਹਜ਼ਾਰਾ ਸਿੰਘ ਨੂੰ ਮੈਂ ਹੀ ਮਜ਼ਬੂਰ ਕਰਕੇ ਲਿਆਈ ਸਾਂ ਇੱਥੇ। ਉਹ ਆਉਣਾ ਨਹੀਂ ਸੀ ਚਾਹੁੰਦਾ ਕਿਉਂਕਿ ਉਹ ਇਸ ਇਲਾਕੇ ਦੇ ਥਾਨੇਦਾਰ ਤੋਂ ਡਰਦਾ ਸੀ। ਮੈਨੂੰ ਕਲੱਕਤੇ ਵਰਗੇ ਸ਼ਹਿਰ ਵਿਚ ਲੁਕਾਈ ਰੱਖਣ ਲਈ, ਉਹ ਉਸਨੂੰ ਕਈ ਹਜ਼ਾਰ ਰੁਪਏ ਖੁਆ ਚੁੱਕਿਆ ਸੀ—ਪਰ ਉਹ ਥਾਨੇਦਾਰ ਬੜਾ ਲਾਲਚੀ ਸੀ, ਵਾਰੀ ਵਾਰੀ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ ਤੇ ਇਹ ਧਮਕੀ ਵੀ ਦਿੰਦਾ ਸੀ ਕਿ ਉਹ ਉਸਦੀ ਰੇਸ਼ਮ ਕੌਰ ਨੂੰ ਪਾਕਿਸਤਾਨ ਭਿਜਵਾ ਦਏਗਾ। ਇਸੇ ਕਰਕੇ ਉਸਨੇ ਆਪਣਾ ਪਿੰਡ ਛੱਡ ਕੇ ਕਲੱਕਤੇ ਵਿਚ ਬੱਸਾਂ ਪਾ ਲਈਆਂ ਸਨ। ਮੈਂ ਹੀ ਉਸਨੂੰ ਕਿਹਾ ਸੀ ਕਿ ਮੈਨੂੰ ਇਕ ਵਾਰੀ ਪਿੰਡ ਜ਼ਰੂਰ ਲੈ ਚੱਲੋ—ਉੱਥੇ ਮੈਂ ਅੱਬਾ ਨੂੰ ਮਿਲਣਾ ਏਂ।
“ਆਖ਼ਰੀ ਵਾਰੀ ਮੈਂ ਉਹਨਾ ਨੂੰ ਸਕੂਲ ਦੇ ਗਰਾਊਂਡ ਵਿਚ ਮੁੰਡਿਆਂ ਨੂੰ ਡਰਿੱਲ ਕਰਵਾਉਂਦਿਆਂ ਹੋਇਆਂ ਦੇਖਿਆ ਸੀ। ਉਹਨਾਂ ਨੂੰ ਉਸੇ ਮੈਦਾਨ ਵਿਚ ਕਤਲ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੀ ਵਿਸਲ ਉਹਨਾਂ ਦੇ ਮੂੰਹ ਵਿਚ ਹੀ ਰਹਿ ਗਈ ਸੀ। ਮੈਂ ਜਦੋਂ ਉਹਨਾਂ ਦੀ ਰੋਟੀ ਲੈ ਕੇ ਉੱਥੇ ਪਹੁੰਚੀ ਸਾਂ, ਉਹਨਾਂ ਨੇ ਮੁੰਡਿਆਂ ਨੂੰ ਜ਼ੋਰ ਨਾਲ ਕਿਹਾ ਸੀ...'ਮਾਰਚ!' ਤੇ ਨਿੱਕੇ ਨਿੱਕੇ ਸਕੂਲੀ-ਬੱਚੇ ਲੈਫ਼ਟ ਰਾਈਟ, ਲੈਫ਼ਟ ਰਾਈਟ ਕਰਦੇ ਹੋਏ ਮਾਰਚ ਕਰਨ ਲੱਗ ਪਏ ਸਨ। ਮੈਂ ਹੁਣ ਵੀ ਉਸ ਖੇਡ ਦੇ ਮੈਦਾਨ ਵਿਚੋਂ ਹੋ ਕੇ ਆਈ ਆਂ...ਉੱਥੇ ਜਾਣ ਦਾ ਮੌਕਾ ਹੀ ਅੱਜ ਰਾਤੀਂ ਮਿਲਿਆ ਸੀ ਮੈਨੂੰ। ਉਸ ਸੁੰਨਸਾਨ ਮਾਹੌਲ ਵਿਚ ਅੱਜ ਵੀ ਮੈਂ ਆਪਣੇ ਅੱਬਾ ਤੇ ਉਸਦੀ ਵਿਸਲ ਦੀ ਆਵਾਜ਼ ਸੁਣਦੀ ਰਹੀ ਆਂ। ਉਹ ਅੱਜ ਵੀ, ਇਸ ਘੁੱਪ ਹਨੇਰੇ ਵਿਚ, ਲੈਫ਼ਟ ਰਾਈਟ, ਲੈਫ਼ਟ ਰਾਈਟ ਕਰਾਉਂਦੇ ਫਿਰਦੇ ਸੀ। ਉੱਥੇ ਜਾ ਕੇ ਮੈਨੂੰ ਉਹ ਦ੍ਰਿਸ਼ ਯਾਦ ਆ ਗਿਆ, ਉਸ ਜਗ੍ਹਾ ਮੇਰੇ ਪੈਰ ਗੱਡੇ ਗਏ—ਜਿੱਥੇ ਮੇਰੇ ਹੱਥਾਂ ਵਿਚੋਂ ਰੋਟੀ ਵਾਲਾ ਡੱਬਾ ਛੁੱਟ ਕੇ ਡਿੱਗਿਆ ਸੀ; ਜਿੱਥੇ ਇਕ ਭਿਆਨਕ ਦ੍ਰਿਸ਼ ਦੇਖਦਿਆਂ ਹੀ ਮੇਰੀ ਚੀਕ ਨਿਕਲ ਗਈ ਸੀ; ਜਿੱਥੇ ਮੈਂ ਆਪਣੇ ਪਿਆਰੇ ਅੱਬਾ ਦੀ ਛਾਤੀ ਵਿਚ ਇਕ ਤੇਜ਼ ਧਾਰ ਨੇਜੇ ਤੇ ਲਿਸ਼ਕਦੀ ਹੋਈ ਕਿਰਪਾਨ ਨੂੰ ਧਸਦਿਆਂ ਦੇਖਿਆ ਸੀ; ਮੈਂ ਅਣਗਿਣਤ ਹਿੰਦੂ, ਸਿੱਖ ਤੇ ਮੁਸਲਮਾਨ ਬੱਚਿਆਂ ਨੂੰ ਡਰੀਆਂ ਹੋਈਆਂ ਭੇਡਾਂ ਵਾਂਗ ਇੱਧਰ-ਉਧਰ ਭੱਜਦਿਆਂ ਦੇਖਿਆ ਸੀ ਤੇ ਜਿੱਥੋਂ ਮੈਨੂੰ ਚੁੱਕ ਕੇ ਦੋ ਗੁੰਡੇ ਸਰਦਾਰ ਕੋਲ ਲੈ ਗਏ ਸਨ ਤੇ ਇਕ ਕਮਰੇ ਵਿਚ ਬੰਦ ਕਰ ਦਿੱਤਾ ਸੀ।...ਤੇ ਫੇਰ ਉੱਥੋਂ ਮੈਨੂੰ ਕਲੱਕਤੇ ਲਿਜਾਇਆ ਗਿਆ ਸੀ ਤੇ ਹਮੀਦਾ ਤੋਂ ਰੇਸ਼ਮ ਕੌਰ ਬਣਾ ਲਿਆ ਗਿਆ ਸੀ।...ਮੈਂ ਉਸ ਹਮੀਦਾ ਨੂੰ ਕਿਵੇਂ ਭੁੱਲ ਸਕਦੀ ਸੀ, ਜਿਸਦਾ ਅਜੇ ਤਕ ਇਕ ਵੀ ਸੁਪਨਾ ਪੂਰਾ ਨਹੀਂ ਸੀ ਹੋਇਆ...”
ਤੇ ਹਮੀਦਾ ਹੁਭਕੀਂ ਰੋਣ ਲੱਗ ਪਈ। ਫੇਰ ਰੋਂਦੀ ਹੋਈ ਹੀ ਬੋਲੀ, “ਅੱਜ ਮੈਂ ਆਪਣੇ ਅੱਬਾ ਨੂੰ ਬੜੀਆਂ ਆਵਾਜ਼ਾਂ ਮਾਰੀਆਂ...ਉਹਨਾਂ ਨੂੰ ਦੱਸਿਆ ਮੈਂ ਵਾਪਸ ਆ ਗਈ ਆਂ, ਸਿਰਫ ਤੁਹਾਨੂੰ ਮਿਲਣ ਵਾਸਤੇ। ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਮੁੰਡਿਆਂ ਨੂੰ ਪੀ.ਟੀ. ਕਰਵਾਉਣ ਵਿਚ ਰੁੱਝੇ ਰਹੇ। ਸਰਦਾਰ ਜੀ! ਜੇ ਮੈਂ ਤੁਹਾਨੂੰ ਵੀ ਅੱਬਾ ਕਹਿ ਕੇ ਬੁਲਾਵਾਂ ਤਾਂ ਤੁਸੀਂ ਬੁਰਾ ਤਾਂ ਨਹੀਂ ਮੰਨੋਗੇ? ਤੁਸੀਂ ਭਗਵੰਤ ਤੇ ਕੁਲਵੰਤ ਦੇ ਦਾਰ-ਜੀ ਓ! ਭਗਵੰਤ, ਕੁਲਵੰਤ ਤੇ ਹਮੀਦਾ ਇਕੋ ਕਿਸਮ ਦੀ ਸਿਆਸਤ ਦਾ ਸ਼ਿਕਾਰ ਹੋਈਆਂ ਨੇ। ਇਸਲਾਮੀ ਰਾਜ ਤੇ ਲੋਕ ਰਾਜ ਦੋਵਾਂ ਮੁਲਕਾਂ ਵਿਚ ਅਗਵਾਹ ਹੋਈਆਂ ਔਰਤਾਂ ਨੂੰ, ਲੁੱਟ ਦਾ ਮਾਲ ਸਮਝਿਆ ਗਿਆ। ਪੁਲਿਸ ਵਾਲੇ ਰਿਸ਼ਵਤਾਂ ਖਾ ਕੇ ਚੁੱਪ ਰਹੇ—ਅਸੀਂ ਮਜਲੂਮ ਔਰਤਾਂ ਵੀ ਉਹਨਾਂ ਦੀ ਨਾਜਾਇਜ ਕਮਾਈ ਦਾ ਸਾਧਨ ਜੋ ਸਾਂ...ਉਹ ਸਾਨੂੰ ਦੋਜਖ਼ ਵਿਚੋਂ ਕਿਉਂ ਕੱਢਦੇ? ਪਰ ਅੱਜ ਮੈਂ ਆਪਣਾ ਇੰਤਕਾਮ ਲੈ ਲਿਆ ਏ। ਇੰਨੇ ਚਿਰ ਦੀ ਇਸੇ ਇੰਤਜ਼ਾਰ ਵਿਚ ਸਾਂ ਕਿ ਇਕ ਵਾਰੀ ਉੱਥੇ ਪਹੁੰਚ ਜਾਵਾਂ, ਜਿੱਥੋਂ ਅਗਵਾਹ ਕਰ ਲਈ ਗਈ ਸਾਂ। ਜਿੱਥੇ ਹਜ਼ਾਰਾ ਸਿੰਘ ਦੇ ਉਹ ਸਾਰੇ ਸਾਥੀ ਰਹਿੰਦੇ ਨੇ ਜਿਹਨਾਂ ਨੇ ਵਾਰੀ ਵਾਰੀ ਮੇਰੀ ਪਤ ਲੁੱਟੀ ਸੀ। ਅੱਜ—”
“ਅੱਜ ਕੀ ਹੋਇਆ?” ਮੈਂ ਘਬਰਾ ਕੇ ਪੁੱਛਿਆ।
ਉਹ ਅਜੀਬ ਜਿਹਾ ਵਹਿਸ਼ੀ ਹਾਸਾ ਹੱਸੀ, “ਅੱਜ ਉਹਨਾਂ ਸ਼ੂਰਵੀਰਾਂ ਨੂੰ ਹਮੇਸ਼ਾ ਹਮੇਸ਼ਾ ਲਈ ਸੰਵਾਅ ਦਿੱਤਾ ਏ, ਜਿਹਨਾਂ ਨੇ ਬੜੀ ਬਹਾਦਰੀ ਨਾਲ ਮੈਨੂੰ ਫਤਹਿ ਕੀਤਾ ਸੀ।...ਦੇਖੋ ਇਹ ਮੇਰੇ ਹੱਥ ਵਿਚ ਕੀ ਏ?—ਇਹ ਉਹੀ ਜ਼ਹਿਰ ਏ, ਜਿਹੜਾ ਮੈਂ ਥੋੜ੍ਹਾ ਕੁ ਬਚਾਅ ਲਿਆ ਏ।”
“ਤੂੰ ਬਦਲਾ ਲੈ ਲਿਆ—ਚੰਗਾ ਕੀਤਾ।” ਮੈਂ ਉਸਦੇ ਸਿਰ ਉੱਤੇ ਹੱਥ ਰੱਖਦਿਆਂ ਹੋਇਆਂ ਕਿਹਾ। ਮੇਰਾ ਹੱਥ ਕੰਬ ਰਿਹਾ ਸੀ।
“ਹਾਂ, ਅੱਬਾ ਜੀ! ਮੈਨੂੰ ਤੁਹਾਡੇ ਕੋਲੋਂ ਇਹੋ ਉਮੀਦ ਸੀ ਕਿ ਤੁਸੀਂ ਨਾਰਾਜ਼ ਨਹੀਂ ਹੋਵੋਗੇ। ਮੈਨੂੰ ਝਿੜਕੋਗੇ ਨਹੀਂ। ਹਿਰਖ ਕੇ ਮੇਰਾ ਗਲ਼ਾ ਨਹੀਂ ਘੁੱਟ ਦਿਓਗੇ।”
“ਨਹੀਂ ਮੈਂ ਇੰਜ ਹਰਗਿਜ਼ ਨਹੀਂ ਕਰ ਸਕਦਾ! ਪਰ ਪੁੱਤਰ ਹੁਣ ਤੂੰ ਜਾਏਂਗੀ ਕਿੱਥੇ?”
“ਕਿਤੇ ਵੀ ਨਹੀਂ...ਇੱਥੇ ਤੁਹਾਡੇ ਕੋਲ ਬੈਠ ਕੇ ਸਵੇਰ ਹੋਣ ਦਾ ਇੰਤਜ਼ਾਰ ਕਰਾਂਗੀ। ਜਦੋਂ ਸਾਰੇ ਪਿੰਡ ਨੂੰ ਪਤਾ ਲੱਗ ਜਾਏਗਾ ਤੇ ਉਹ ਮੈਨੂੰ ਲੱਭਦੇ ਹੋਏ ਇੱਥੇ ਆਉਣਗੇ, ਮੈਂ ਉਹਨਾਂ ਦੇ ਸਾਹਮਣੇ ਹੱਸਦਿਆਂ-ਹੱਸਦਿਆਂ ਇਹ ਪੁੜੀ ਮੂੰਹ ਵਿਚ ਪਾ ਲਵਾਂਗੀ।...ਉਹਨਾਂ ਦੀਆਂ ਨਜ਼ਰਾ ਸਾਹਮਣੇ ਫੁਰ-ਰ ਕਰਕੇ ਉੱਡ ਜਾਵਾਂਗੀ।”
ਕਹਿ ਕੇ ਉਹ ਖਿੜ-ਖਿੜ ਕਰਕੇ ਹੱਸਣ ਲੱਗ ਪਈ। ਉਸਦੇ ਚਿਹਰੇ ਉੱਤੇ ਅੰਤਾਂ ਦਾ ਭੋਲਾਪਨ ਸੀ, ਪਰ ਉਸ ਪਿੱਛੇ ਇਕ ਦਿਲ ਹਿਲਾ ਦੇਣ ਵਾਲੀ ਵਹਿਸ਼ਤ ਵੀ ਛਿਪੀ ਹੋਈ ਸੀ।
ਮੈਂ ਕੰਧ ਘੜੀ ਵਲ ਦੇਖਿਆ। ਚਾਰ ਵੱਜਣ ਵਾਲੇ ਹੋ ਗਏ ਸਨ। ਗੱਡੀ ਦੇ ਆਉਣ ਦਾ ਸਮਾਂ ਹੋ ਚੱਲਿਆ ਸੀ। ਮੈਂ ਖਿੜਕੀ ਖੋਲ੍ਹ ਕੇ ਬਾਹਰ ਦੇਖਿਆ—ਦੂਰੋਂ ਕੋਈ ਮੁਸਾਫ਼ਿਰ ਖੰਘਦਾ ਹੋਇਆ ਆ ਰਿਹਾ ਸੀ। ਮੈਂ ਕਾਹਲ ਨਾਲ ਟਿਕਟਾਂ ਵਾਲੀ ਅਲਮਾਰੀ ਖੋਲ੍ਹੀ, ਉਸ ਵਿਚੋਂ ਇਕ ਟਿਕਟ ਕੱਢ ਕੇ ਉਸਨੂੰ ਮਸ਼ੀਨ ਵਿਚ ਨੱਪਿਆ, ਖਟਾਕ ਦੀ ਆਵਾਜ਼ ਨਾਲ ਉਸ ਉੱਤੇ ਅੱਜ ਦੀ ਤਾਰੀਖ਼ ਪੈ ਗਈ ਤੇ ਉਸਨੂੰ ਫੜਾਉਂਦਾ ਹੋਇਆ ਬੋਲਿਆ, “ਕੁਝ ਚਿਰ ਬਾਅਦ ਗੱਡੀ ਆ ਰਹੀ ਏ, ਜਿਹੜੀ ਤੈਨੂੰ ਜਲੰਧਰ ਲੈ ਜਾਏਗੀ। ਤੂੰ ਉੱਥੇ ਜਾ ਕੇ ਪਾਕਿਸਤਾਨ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਚ ਚਲੀ ਜਾਈਂ...ਉਹ ਤੈਨੂੰ ਪਾਕਿਸਤਾਨ ਭੇਜ ਦਏਗਾ।”
“ਮੈਂ ਪਾਕਿਸਤਾਨ ਜਾ ਕੇ ਕੀ ਕਰਾਂਗੀ? ਉੱਥੇ ਮੇਰਾ ਕੋਈ ਨਹੀਂ। ਮੇਰੇ ਸਾਰੇ ਰਿਸ਼ਤੇਦਾਰ ਕਤਲ ਕਰ ਦਿੱਤੇ ਗਏ ਸੀ।”
“ਪਰ ਤੂੰ ਅਜੇ ਇਕ ਜ਼ਰੂਰੀ ਕੰਮ ਹੋਰ ਕਰਨਾ ਏਂ ਪੁੱਤਰ! ਅਹਿ ਤੇਰੇ ਕੋਲ ਜਿਹੜਾ ਜ਼ਹਿਰ ਬਚਿਆ ਏ ਨਾ...ਇਸਨੂੰ ਆਪਣੇ ਕੋਲ ਸੰਭਾਲ ਕੇ ਰੱਖੀਂ। ਜਦੋਂ ਉੱਥੇ ਜਾਏਂ ਤਾਂ ਸ਼ਹਿਰ ਮੀਆਂ ਵਾਲੀ ਜਾਈਂ—ਉੱਥੋਂ ਪੁੱਛ ਕੇ ਮੀਆਂ ਵਾਲੀ ਦੇ ਪਿੰਡ ਰੋਖੜੀ ਜਾਈਂ। ਉੱਥੇ ਵੀ ਇਕ ਹਜ਼ਾਰਾ ਸਿੰਘ ਵਰਗਾ ਜ਼ਿਮੀਂਦਾਰ ਨੂਰ ਮੁਹੰਮਦ ਰਹਿੰਦਾ ਏ। ਉਸਦੀ ਇਕ ਵੱਡੀ ਸਾਰੀ ਹਵੇਲੀ ਏ, ਉਸ ਵਿਚ ਮੇਰੀਆਂ ਦੋਵੇਂ ਮਾਸੂਮ ਬੱਚੀਆਂ ਕੈਦ ਨੇ—ਇਹ ਜ਼ਹਿਰ ਉਹਨਾਂ ਨੂੰ ਦੇ ਦੇਈਂ ਤੇ ਉਹਨਾਂ ਨੂੰ ਦੱਸ ਦੇਈਂ ਕਿ ਤੁਹਾਡਾ ਬਦਨਸੀਬ ਪਿਓ ਇਸ ਉਜਾੜ ਬੀਆਬਾਨ ਸਟੇਸ਼ਨ ਉੱਤੇ ਤੁਹਾਡਾ ਇੰਤਜ਼ਾਰ ਕਰ ਰਿਹਾ ਏ। ਤੇਰੇ ਜਾਣ ਪਿੱਛੋਂ ਮੈਂ ਹਰੇਕ ਗੱਡੀ ਉੱਤੇ, ਉਹਨਾਂ ਦੀ ਵਾਪਸੀ ਦੀ ਉਡੀਕ ਕਰਾਂਗਾ।"
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ