Tiag (Punjabi Story) : Raghubir Dhand

ਤਿਆਗ (ਕਹਾਣੀ) : ਰਘੁਬੀਰ ਢੰਡ

ਉਨ੍ਹਾਂ ਨੇ ਪੰਜ ਕਿਸਮ ਦਾ ਮੀਟ ਵੀ ਆਪਣੀ ਪਲੇਟ ਵਿਚ ਪਵਾ ਲਿਆ, ਕਈ ਤਰ੍ਹਾਂ ਦੀਆਂ ਸਬਜ਼ੀਆਂ ਵੀ, ਮਾੜੀ-ਮੋਟੀ ਦਾਲ, ਚਟਣੀਆਂ ਅਤੇ ਸਲਾਦ ਵੀ। ਪਰ ਬਿਰਿਆਨੀ ਨੂੰ ਨਾਂਹ ਕਰਦਿਆਂ ਭਰੀ-ਭਰਾਈ ਕੜਛੀ ਵਾਪਸ ਰਖਾ ਦਿਤੀ। ਇਹ ਕੌਤਕ ਵੇਖ ਮੁੱਖ ਮੇਜ਼ਬਾਨ ਗੋਲੀ ਵਾਂਗ ਉਨ੍ਹਾਂ ਕੋਲ ਪੁਜਿਆ।
“ਕੀ ਗੱਲ ਹੱਥ ਕਿਉਂ ਰੋਕ ਦਿਤਾ, ਜਨਾਬ!… ਰੰਗ ਪਸੰਦ ਨਹੀਂ, ਖੁਸ਼ਬੂ ਪਸੰਦ ਨਹੀਂ, ਜਾਂ ਸਾਥੋਂ ਹੀ ਨਾਚੀਜ਼ਾਂ ਤੋਂ ਕੋਈ ਗੁਸਤਾਖੀ ਹੋ ਗਈ।”
“ਨਹੀਂ, ਨਹੀਂ! ਐਸੀ ਕੋਈ ਬਾਤ ਨਹੀਂ।” ਇੰਜ ਆਖ ਮੰਤਰੀ ਸਾਹਿਬ ਇਸ ਬਿਰਿਆਨੀ ਪਿੱਛੇ ਲੁਕੀ ਕਹਾਣੀ ਸੁਣਾਉਣ ਲੱਗੇ…
ਮੰਤਰੀ ਸਾਹਿਬ ਕੱਲ੍ਹ ਏਅਰ ਇੰਡੀਆ ਰਾਹੀਂ ਤਸ਼ਰੀਫ ਲਿਆਏ ਸਨ। ਉਨ੍ਹਾਂ ਦੀ ਪਾਰਟੀ ਦੇ ਮੁੱਖ ਪ੍ਰਤੀਨਿਧੀ ਅਤੇ ਉਨ੍ਹਾਂ ਦੇ ਇਲਾਕੇ ਦੀਆਂ ਵਿਦੇਸ਼ ਵਸਦੀਆਂ ਮਸ਼ਹੂਰ ਹਸਤੀਆਂ ਏਅਰ ਪੋਰਟ ‘ਤੇ ਸੁਆਗਤ ਲਈ ਹਾਜ਼ਰ ਸਨ।
ਮੰਤਰੀ ਸਾਹਿਬ ਚਿੱਟੀ ਦੁੱਧ ਪੱਗ, ਅਚਕਨ ਅਤੇ ਚਿੱਟੇ ਦੁੱਧ ਪਜਾਮੇ, ਤੇ ਲਿਸ਼ਕਦੇ ਕਾਲੇ ਬੂਟਾਂ ਨਾਲ ਲੈਸ ਸਨ। ਬਾਰ੍ਹਾਂ ਘੰਟਿਆਂ ਦੀ ਲੰਮੀ-ਅਕਾਊ ਫਲਾਈਟ ਪਿਛੋਂ ਵੀ ਉਨ੍ਹਾਂ ਦਾ ਚਿਹਰਾ ਉਤਰਿਆ ਅਤੇ ਥੱਕਿਆ ਹੋਇਆ ਨਹੀਂ ਸੀ ਜਾਪਦਾ: ਸਗੋਂ ਉਹ ਤਾਂ ਇੰਨੇ ਤਾਜ਼ਾ ਅਤੇ ਖਿੜੇ ਹੋਏ ਸਨ ਜਿਵੇਂ ਹੁਣੇ ਇਸ਼ਨਾਨ ਕਰ ਕੇ ਆਏ ਹੋਣ।
ਸੁਆਗਤ ਕਰਨ ਵਾਲਿਆਂ ਵਿਚੋਂ ਮੁੱਖ ਪ੍ਰਤੀਨਿਧੀ ਨੇ ਤਾਂ ਆਖ ਵੀ ਦਿੱਤਾ: “ਮੰਤਰੀ ਸਾਹਿਬ! ਏਨੇ ਲੰਮੇ ਸਫਰ ਤੋਂ ਪਿੱਛੋਂ ਤਾਂ ਬੰਦਾ ਇੰਜ ਜਾਪਣ ਲਗਦੈ ਜਿਵੇਂ ਰੂੜੀ ‘ਚੋਂ ਕੱਢਿਆ ਹੋਵੇ। ਪਰ ਤੁਸੀ ਤਾਂ ਇੰਨੇ ਤਾਜ਼ੇ ਤੇ ਸਵੱਛ ਜਾਪਦੇ ਓ ਜਿਵੇਂ ਸਾਖਸ਼ਾਤ ਦੇਵਤਾ ਆਕਾਸ਼ ਤੋਂ ਉਤਰ ਆਇਆ ਹੋਵੇ… ਵਾਹ!”
ਹਾਜ਼ਰ ਪਤਵੰਤਿਆਂ ਨੇ ਤਾੜੀਆਂ ਚੁੱਕ ਦਿਤੀਆਂ। ਮੰਤਰੀ ਸਾਹਿਬ ਆਮ ਆਦਮੀ ਵਾਂਗ ਜਜ਼ਬਾਤੀ ਨਹੀਂ ਹੋਏ। ਗੰਭੀਰ ਮੁਸਕਾਨ ਖਿੜਾਉਂਦਿਆਂ ਆਖਣ ਲੱਗੇ: “ਤੁਸੀਂ ਬਾਰ੍ਹਾਂ ਘੰਟੇ ਦੇ ਇਸ ਹਵਾਈ ਸਫਰ ਨੂੰ ਏਨਾ ਔਖਾ ਕਿਉਂ ਸਮਝਦੇ ਹੋ? ਅਸੀਂ ਤਾਂ ਆਜ਼ਾਦੀ ਸੰਗਰਾਮ ਦੌਰਾਨ ਅਜਿਹੇ ਸੈੱਲਾਂ ਵਿਚ ਵੀ ਅਡੋਲ ਰਹੇ ਹਾਂ, ਜਿਥੇ ਸੂਰਜ ਦੇਵਤਾ ਵੀ ਡਰਦਾ ਨਹੀਂ ਸੀ ਵੜਦਾ।”
ਸਾਰਿਆਂ ਨੇ ਪ੍ਰਸ਼ੰਸਾ ਵਿਚ ਸਿਰ ਹਿਲਾਏ ਅਤੇ ਉਨ੍ਹਾਂ ਦੇ ਹਿਲਦੇ ਸਿਰਾਂ ਤੇ ਚੁੱਪ ਜ਼ਬਾਨਾਂ ਦੀ ਬੋਲੀ ਨੂੰ ਮੁੱਖ ਪ੍ਰਤੀਨਿਧੀ ਨੇ ਇਨ੍ਹਾਂ ਸ਼ਬਦਾਂ ਰਾਹੀਂ ਬਿਆਨ ਕੀਤਾ, “ਸੱਚ ਏ ਜਨਾਬ! ਧੰਨ ਹੋ, ਧੰਨ ਹੋ!”
ਇਸ ਮਿੰਨੀ-ਸੁਆਗਤ ਪਿਛੋਂ ਵੱਡੇ ਆਦਮੀਆਂ ਦੇ ਸੁਆਗਤ ਲਈ ਜਿਹੜੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ, ਮੰਤਰੀ ਸਾਹਿਬ ਲਈ ਵੀ ਕੀਤੀਆਂ ਗਈਆਂ- ਤਸਵੀਰਾਂ ਲਈਆਂ ਗਈਆਂ ਅਤੇ ਵੀਡੀਓ ਬਣਾਈਆਂ ਗਈਆਂ। ਹਾਜ਼ਰ ਸੱਜਣਾਂ ਨੇ ਮੰਤਰੀ ਸਾਹਿਬ ਦੀ ਫੋਟੋਕਸ਼ੀ ‘ਚ ਆਪਣੀ ਹਾਜ਼ਰੀ ਲਵਾਉਣ ਲਈ ਤਰ੍ਹਾਂ ਤਰ੍ਹਾਂ ਦੇ ਚੋਜ ਕੀਤੇ, ਜਫਰ ਜਾਲੇ।
ਫਿਰ ਸਾਰਾ ਜਲੂਸ ਕਾਰਾਂ ਵਿਚ ਸਵਾਰ ਹੋਣ ਲਈ ਸੜਕ ‘ਤੇ ਆ ਗਿਆ।
ਮਹੀਨਾ ਤਾਂ ਮਈ ਦਾ ਸੀ, ਪਰ ਦਿਨ ਇੰਜ ਸੀ ਜਿਵੇਂ ਸੁਆਗਤ ਦੀ ਥਾਂ ਮਾਤਮ ਕਰ ਰਿਹਾ ਹੋਵੇ। ਚਿੜੀਆਂ ਵਰਗੇ ਕੁਝ ਜਾਨਵਰ ਵੀ ਆਪਣੀ ਬੋਲੀ ਬੋਲ ਰਹੇ ਸਨ। ਕਿਉਂਕਿ ਅਸੀਂ ਜਾਨਵਰ ਨਹੀਂ ਹਾਂ, ਇਸ ਲਈ ਇਹ ਤਾਂ ਪਤਾ ਨਹੀਂ ਕਿ ਕੀ ਬੋਲ ਰਹੇ ਸਨ… ਪਰ ਬੋਲਾਂ ਦੇ ਸੰਗੀਤ ਦਾ ਪ੍ਰਭਾਵ ਬੜਾ ਸੋਗਮਈ ਸੀ, ਜਿਵੇਂ ਕਿਸੇ ਦਾ ਮਰਸੀਆ ਪੜ੍ਹ ਰਹੇ ਹੋਣ।
“ਜਨਾਬ! ਇਸ ਮੁਲਕ ‘ਚ ਇਕੋ ਹੀ ਚੀਜ਼ ਨਹੀਂ ਮਿਲਦੀ- ਮੌਸਮ!… ਬੱਸ ਉਦਾਸ ਤੇ ਸੋਗੀ ਜਿਹਾ ਦਿਨ ਰਹਿੰਦਾ ਹੈ। ਮਨ ਦਾ ਕੌਲ ਨੀ ਖਿੜਦਾ!” ਉਪ ਮੁਖ ਪ੍ਰਤੀਨਿਧ ਨੇ ਆਖਿਆ।
ਮੰਤਰੀ ਸਾਹਿਬ ਦੇ ਬੁੱਲ੍ਹਾਂ ‘ਤੇ ਉਸੇ ਗੰਭੀਰ ਮੁਸਕਾਨ ਨੇ ਮੁੜ ਅੰਗੜਾਈ ਲਈ, ਫੁਰਮਾਇਆ: “ਕੋਈ ਬਾਤ ਨਹੀਂ। ਮਨੁੱਖ ਦੀ ਮਹਾਨਤਾ ਇਸੇ ਗੱਲ ਵਿਚ ਏ ਕਿ ਅੱਗ ਵਿਚੋਂ ਵੀ ਫੁੱਲ ਖਿੜਾਏ।”
ਸਾਰਿਆਂ ਨੇ, “ਮਰਹਬਾ! ਵਾਹ! ਕਮਾਲ!” ਆਖਿਆ।
ਮੰਤਰੀ ਸਾਹਿਬ ਦਾ ਇਹ ਤੂਫਾਨੀ ਦੌਰਾ ਸੀ। ਸ਼ੁਕਰਵਾਰ ਨੂੰ ਉਹ ਆਏ ਅਤੇ ਐਤਵਾਰ ਨੂੰ ਉਨ੍ਹਾਂ ਕੈਨੇਡਾ, ਅਮਰੀਕਾ ਚਲੇ ਜਾਣਾ ਸੀ। ਇਨ੍ਹਾਂ ਢਾਈ ਦਿਨਾਂ ‘ਚ ਉਨ੍ਹਾਂ ਨੇ ਢੇਰ ਸਾਰੇ ਕੰਮ ਕਰਨੇ ਸਨ, ਜਿਨ੍ਹਾਂ ਵਿਚ ਉਹ ਆਉਂਦਿਆਂ ਹੀ ਅਤਿ ਸਰਗਰਮੀ ਨਾਲ ਜੁਟ ਗਏ।
ਪਹਿਲਾ ਕੰਮ ਨਿਰੋਲ ਨਿਜੀ ਸੀ ਅਤੇ ਉਨ੍ਹਾਂ ਨੇ ਆਪਣਾ ਦੌਰਾ ਇਸੇ ਤੋਂ ਹੀ ਸ਼ੁਰੂ ਕੀਤਾ। ਕਿਉਂਕਿ ਇਹ ਕੰਮ ਉਨ੍ਹਾਂ ਦਾ ਨਿਰੋਲ ਨਿਜੀ ਸੀ, ਇਸ ਲਈ ਨਾ ਤਾਂ ਅਸੀਂ ਕਿਸੇ ਦੇ ਨਿਜੀ ਮਸਲੇ ਵਿਚ ਦਖਲ ਦੇਣਾ ਇਖਲਾਕੀ ਤੌਰ ‘ਤੇ ਠੀਕ ਸਮਝਦੇ ਹਾਂ ਅਤੇ ਨਾ ਹੀ ਸਾਨੂੰ ਇਨ੍ਹਾਂ ਕੰਮਾਂ ਵਿਚ ਤਕਨੀਕਾਂ ਦਾ ਪਤਾ ਹੈ। ਬੱਸ ਇੰਨਾ ਕੁ ਜਾਣਦੇ ਹਾਂ ਕਿ ਦੇਸ਼ ਵਿਦੇਸ਼ ਵਿਚ ਮੰਤਰੀ ਸਾਹਿਬ ਦਾ ਇਕ ਰੋਟੀ-ਬੋਟੀ ਦੀ ਸਾਂਝ ਵਾਲਾ ਦੇਸੀ ਯਾਰ-ਬਾਸ਼ ਰਹਿੰਦਾ ਸੀ। ਉਹ ਜਣਾ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਨਹੀਂ ਸੀ- ਦੋਸਤ ਸੀ। ਜਿਵੇਂ ਜਿਵੇਂ ਲੋਕ ਅਕਲ ਵਿਚ ਸਿਆਣੇ ਅਤੇ ਉਮਰ ਵਿਚ ਵੱਡੇ ਹੁੰਦੇ ਜਾਂਦੇ ਹਨ, ਤਿਵੇਂ ਤਿਵੇਂ ਉਹ ਰਿਸ਼ਤੇਦਾਰਾਂ ਤੋਂ ਕਿਨਾਰਾਕਸ਼ੀ ਕਰਦੇ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰਿਸ਼ਤੇਦਾਰ ਅਹਿਸਾਨਮੰਦ ਨਹੀਂ ਹੁੰਦਾ। ਇਸੇ ਲਈ ਵਫਾਦਾਰ ਨਹੀਂ ਹੁੰਦਾ। ਪਰ ਦੋਸਤ ਬਹੁਤ ਵੱਡੀ ਸ਼ੈਅ ਹੁੰਦਾ ਹੈ। ਮੰਤਰੀ ਸਾਹਿਬ ਅਤੇ ਉਨ੍ਹਾਂ ਦਾ ਇਹ ਦੋਸਤ ਇਕ ਦੂਜੇ ‘ਚ ‘ਦੋ ਜਿਸਮ ਇਕ ਜਾਨ’ ਵਾਂਗ ਅਭੇਦ ਹੋ ਚੁਕੇ ਸਨ। ਜੇ ਚਾਹੁਣ ਤਾਂ ਵੀ ਇਕ ਦੂਜੇ ਨੂੰ ਛੱਡਣ ਦਾ ਕਲੇਸ਼ ਨਾ ਸਹੇੜ ਸਕਣ।
ਮੰਤਰੀ ਸਾਹਿਬ ਨੇ ਆਪਣੇ ਦੋਸਤ ਦਾ ਉਧਰ ਦੇਸ਼ ਵਿਚ ਬੜਾ ਫਾਇਦਾ ਕੀਤਾ ਸੀ। ਇਸ ਲਈ ਹੁਣ ਇਹ ਦੋਸਤ ਉਨ੍ਹਾਂ ਦੇ ਅਹਿਸਾਨਾਂ ਦਾ ਕਿਸ਼ਤਾਂ ਰਾਹੀਂ ਬਦਲਾ ਚੁਕਾਉਣਾ ਚਾਹੁੰਦਾ ਸੀ। ਮੰਤਰੀ ਸਾਹਿਬ ਕੋਲ ਦੇਸ਼ ਵਿਚ ਪਤਾ ਨਹੀਂ ਕਿਵੇਂ ਇਕ ਕਰੋੜ ਰੁਪਿਆ ਇਕੱਠਾ ਹੋ ਗਿਆ ਸੀ, ਜਿਸ ਬਾਰੇ ਮੰਤਰੀ ਸਾਹਿਬ ਨਾ ਕੋਈ ਹੈਰਾਨ ਸਨ ਅਤੇ ਨਾ ਹੀ ਫਿਕਰਮੰਦ। ਬੱਸ ਜ਼ਰਾ ਦੂਰ ਦੀ ਸੋਚਦੇ ਸਨ। ਉਨ੍ਹਾਂ ਦੇ ਦੋਸਤ ਦੇ ਇਸ ਵਿਦੇਸ਼ ਵਿਚ ਅੱਧੀ ਦਰਜਨ ਦੇ ਕਰੀਬ ਰੈਸਟੋਰੈਂਟ ਅਤੇ ਹੋਟਲ ਸਨ। ਉਸ ਨੇ ਆਖਿਆ ਸੀ: “ਖਾਤਰ ਜਮ੍ਹਾਂ ਰਖੋ। ਸੇਵਕ ਸਾਰਾ ਇੰਤਜ਼ਾਮ ਕਰ ਦੇਵੇਗਾ।” ਉਹਨੇ ਇਕ ਕਰੋੜ ਦਾ ਛੇ ਲੱਖ ਪੌਂਡ ਕਿਸੇ ਨਾ ਕਿਸੇ ਵਿਧੀ ਨਾਲ ਇਸ ਮੁਲਕ ਵਿਚ ਲੈ ਲਿਆ ਸੀ ਅਤੇ ਮੰਤਰੀ ਸਾਹਿਬ ਨੂੰ ਸਵਿਟਰਜ਼ਰਲੈਂਡ ਵਿਚ ਘੁਮਾਉਣ ਫਿਰਾਉਣ ਦੀ ਇੱਛਾ ਪ੍ਰਗਟ ਕੀਤੀ ਸੀ। ਇਸ ਲਈ ਉਹ ਫੌਰਨ ਅਤੇ ਚੁੱਪਚਾਪ ਜਨੀਵਾ ਨੂੰ ਉਡ ਗਏ। ਪੈਸੇ ਜਮ੍ਹਾਂ ਕਰਵਾ ਮੰਤਰੀ ਸਾਹਿਬ ਜ਼ਰਾ ਠਠੰਬਰ ਗਏ। ਕੁਝ ਛਿਣ ਬੁੱਤ ਬਣੇ ਖਲੋਤੇ ਰਹੇ। ਉਨ੍ਹਾਂ ਦੇ ਧੁਰ-ਅੰਦਰ ਇਕ ਡਰ, ਇਕ ਬੇਪ੍ਰਤੀਤੀ ਦੀ ਲਹਿਰ ਗੁਜ਼ਰ ਗਈ। ਦੋਸਤ ਰੋਟੀ-ਬੋਟੀ ਦਾ ਸਾਂਝੀ ਸੀ, ਤਾੜ ਗਿਆ…
“ਖੁਸ਼ ਕਿਉਂ ਨਹੀਂ ਹੋ?” ਦੋਸਤ ਬੋਲਿਆ।
“ਸਰਮਾਇਆ ਖੁਰ ਤਾਂ ਨਹੀਂ ਜਾਵੇਗਾ? ਭੇਤ ਨਸ਼ਰ ਤਾਂ ਨਹੀਂ ਹੋ ਜਾਵੇਗਾ?” ਮੰਤਰੀ ਸਾਹਿਬ ਦੇ ਬੋਲਾਂ ‘ਚ ਘਬਰਾਹਟ ਸੀ।
“ਕੀ ਗੱਲਾਂ ਕਰਦੇ ਹੋ? ਸਵਿਟਰਜ਼ਰਲੈਂਡ ਤਾਂ ਗੁਪਤ ਮਾਇਆ ਦੀ ਲਕਸ਼ਮੀ ਹੈ। ਇਸ ਦੇਵੀ ਨੂੰ ਨਾਂਵਾਂ ਨਾਲ ਨਹੀਂ, ਨੰਬਰਾਂ ਨਾਲ ਦਿਲਚਸਪੀ ਹੈ। ਇਸ ਲਕਸ਼ਮੀ ਨੂੰ ਹਜ਼ਮ ਕਰ ਕੇ ਡਕਾਰ ਮਾਰਨ ਦੀ ਵੀ ਵਾਦੀ ਨਹੀਂ ਹੈ।”
ਮੰਤਰੀ ਸਾਹਿਬ ਇੰਨਾ ਖਿੜੇ ਕਿ ਆਪਣੇ ਯਾਰ-ਬਾਸ਼ ਨੂੰ ਗਲਵਕੜੀ ਵਿਚ ਪੀਚ ਲਿਆ। ਉਂਜ ਦਿਨ ਵੀ ਬਹੁਤ ਖਿੜਿਆ ਹੋਇਆ ਸੀ। ਝੀਲ- ਜਨੀਵਾ ਲੇਕ ‘ਚ ਬੋਟਿੰਗ ਕੀਤੀ। ਬੋਟਿੰਗ ਕਰਦਿਆਂ ਬੀਅਰ ਪੀਣ ਦਾ ਖੂਬ ਅਨੰਦ ਮਾਣਿਆ। ਸੂਰਜ ਝੀਲ ਦੇ ਪਾਣੀਆਂ ‘ਚ ਇੰਜ ਤਿਲਕ ਤਿਲਕ ਜਾਂਦਾ ਸੀ ਜਿਵੇਂ ਨਹਾਉਂਦਾ ਨਾ ਥੱਕਦਾ ਹੋਵੇ। ਕਿਸ਼ਤੀਆਂ ਇੰਜ ਮਟਰਗਸ਼ਤੀ ਕਰ ਰਹੀਆਂ ਸਨ ਜਿਵੇਂ ਸੂਰਜ ਆਪ ਚੱਪੂ ਮਾਰਨ ਲੱਗ ਪਿਆ ਹੋਵੇ।
ਮੰਤਰੀ ਸਾਹਿਬ ਲਈ ਇਹ ਸਭ ਕੁਝ ਬੜਾ ਸੁਹਾਵਣਾ ਸੀ। ਲਕਸ਼ਮੀ ਅਤੇ ਪ੍ਰਕਿਰਤੀ ਦੇ ਸੁਮੇਲ ਨੇ ਉਨ੍ਹਾਂ ‘ਤੇ ਇਕ ਵਜਦ ਦਾ ਆਲਮ ਤਾਰੀ ਕਰ ਦਿੱਤਾ ਸੀ। ਇਸੇ ਵਜਦ ਦੇ ਵੇਗ ਵਿਚ ਉਨ੍ਹਾਂ ਨੇ ਵਿਸਕੀ ਦਾ ਪੈੱਗ ਲਾਉਂਦਿਆਂ ਹਵਾਈ ਜਹਾਜ ਵਿਚ ਨਿਰਸੰਕੋਚ ਗੱਲਾਂ ਕੀਤੀਆਂ…
“ਸਕੂਲ ਪੜ੍ਹਦਿਆਂ ਹੀ ਮੈਂ ਦੇਸ਼ ਪਿਤਾ ਦੇ ਪ੍ਰਭਾਵ ਹੇਠ ਆ ਗਿਆ ਸਾਂ। ਉਸ ਤੋਂ ਬਾਅਦ ਲੋਕ ਸੇਵਾ ਤੇ ਜੇਲ੍ਹ ਯਾਤਰਾਵਾਂ ਦਾ ਹੀ ਦੌਰ ਚਲਦਾ ਰਿਹਾ। ਪੜ੍ਹਾਈ ਅਧੂਰੀ ਛੱਡੀ, ਘਰਦਿਆਂ ਵੱਲੋਂ ਨਖੱਟੂ ਅਤੇ ਨਿਕੰਮਾ ਬਣਿਆ, ਘਰਵਾਲੀ ਲਈ ਕਦੀ ਇਕ ਘੰਟਾ ਵੀ ਨਾ ਕੱਢਿਆ, ਇਕ ਪੈਸੇ ਦੀ ਬੇਈਮਾਨੀ ਨਹੀਂ ਕੀਤੀ। ਪਰ ਖੱਟਿਆ ਕੀ? ਆਹ ਵਜ਼ੀਰੀ! ਜਿਹੜੀ ਕਦੀ ਵੀ ਖੁੱਸ ਸਕਦੀ ਹੈ ਤੇ ਜਦੋਂ ਵੀ ਇਹ ਖੁਸਦੀ ਹੈ ਨਾ, ਦੋਸਤ! ਤਾਂ ਬੰਦਾ ਐਕਸ ਮਨਿਸਟਰ ਵੀ ਨਹੀਂ ਰਹਿੰਦਾ, ਉਹ ਹਮੇਸ਼ਾ ਹਮੇਸ਼ਾ ਲਈ ਪਤਾਲ ਵਿਚ ਉਤਰ ਜਾਂਦਾ ਹੈ… ਪਰ ਹੁਣ ਜੋਸ਼ ਨਹੀਂ, ਹੋਸ਼ ਤੋਂ ਕੰਮ ਲਿਆ ਏ- ਮੁਲਕ ‘ਚ ਅੰਤਾਂ ਦੀ ਬੇਪ੍ਰਤੀਤੀ- ਪਤਾ ਨੀ ਉਪਰਲਿਆਂ ਤੋਂ ਮੁਲਕ ਸੰਭਾਲਿਆ ਵੀ ਜਾਵੇ ਕਿ ਨਾ। ਇਸੇ ਲਈ ਯਾਰ, ਆਪਣਾ ਭਵਿੱਖ ਸੁਰੱਖਿਅਤ ਕਰਨ ਲਈ ਇਹ ਅੱਕ ਚੱਬਿਆ ਹੈ।”
ਉਨ੍ਹਾਂ ਦੇ ਦੋਸਤ ਨੇ ਟੋਕਿਆ, “ਤੁਹਾਡੇ ਮਨ ‘ਤੇ ਇਸ ਦਾ ਕੋਈ ਭਾਰ ਨਹੀਂ ਹੋਣਾ ਚਾਹੀਦਾ। ਹਰ ਦੂਰ-ਅੰਦੇਸ਼ ਸਵਿਟਰਜ਼ਰਲੈਂਡ ਦੀ ਲਕਸ਼ਮੀ ਦੇਵੀ ਦਾ ਪੁਜਾਰੀ ਹੈ। ਹਾਕਮਾਂ ਨੇ ਕਰੋੜਾਂ ਪੌਂਡ ਇਥੇ ਰੱਖੇ ਹੋਏ ਨੇ- ਇਥੋਪੀਆ ਦੇ ਸ਼ਾਹ ਦਾ ਅਠਾਈ ਟਨ ਸੋਨਾ ਇਥੇ ਪਿਆ ਹੈ। ਤੁਹਾਡੀ ਰਕਮ ਕੀ ਚੀਜ਼ ਏ? ਕੁਝ ਵੀ ਨਹੀਂ, ਚਿੜੀ ਚੋਂਚ ਭਰ ਲੈ ਗਈ, ਨਦੀ ਨਾ ਘਟਿਓ ਨੀਰ! … ਸਗੋਂ ਮੇਰੀ ਮੰਨੋ ਤਾਂ ਦੋ ਸਾਲ ਦੀ ਵਜ਼ੀਰੀ ‘ਚ ਇੰਨੀ ਕੁ ਛਾਲ ਹੋਰ ਮਾਰੋ, ਪੀੜ੍ਹੀਆਂ ਤਰ ਜਾਣਗੀਆਂ।”
“ਇਹ ਕੋਈ ਵੱਡੀ ਛਾਲ ਨਹੀਂ। ਉਸਾਰੀ ਦਾ ਕੰਮ ਵੱਡੇ ਪੈਮਾਨੇ ‘ਤੇ ਸ਼ੁਰੂ ਹੋਣ ਵਾਲਾ ਹੈ”, ਮੰਤਰੀ ਸਾਹਿਬ ਬੋਲਦੇ ਗਏ, “ਤੂੰ ਵੀ ਕੋਈ ਚਿੰਤਾ ਨਹੀਂ ਕਰਨੀ। ਦੇਸ਼ ਵਿਚ ਤੇਰੇ ਹਿਤ ਹਮੇਸ਼ਾ ਸੁਰੱਖਿਅਤ ਰਹਿਣਗੇ। ਜੇ ਵਜ਼ੀਰੀ ਨਾ ਰਹੀ ਤਾਂ ਨੌਕਰਸ਼ਾਹੀ ਤਾਂ ਰਹੇਗੀ ਨਾ!”
ਇਸ ਤੋਂ ਪਿੱਛੋਂ ਦੋਹਾਂ ਨੇ ਹੱਥ ਘੁਟੇ ਅਤੇ ਗਲਵਕੜੀਆਂ ਪਾਈਆਂ।
ਲੰਡਨ ਪੁੱਜ ਮੰਤਰੀ ਸਾਹਿਬ ਨੇ ਕਾਫੀ ਥਕੇਵਾਂ ਮਹਿਸੂਸ ਕੀਤਾ। ਮਨ ਤਾਂ ਸਰੂਰ ਵਿਚ ਸੀ ਪਰ ਸਰੀਰ ਨੂੰ ਆਰਾਮ ਦੀ ਲੋੜ ਸੀ। ਉਨ੍ਹਾਂ ਦੇ ਮਿੱਤਰ ਨੇ ਆਖਿਆ, “ਮੰਤਰੀ ਸਾਹਿਬ! ਤੁਸੀਂ ਹੁਣ ਘੱਟੋ-ਘੱਟ ਦੋ ਘੰਟੇ ਸੌਂ ਲਵੋ। ਸ਼ਾਮ ਨੂੰ ਪਾਰਟੀ ਏ, ਬਹੁਤ ਦੇਰ ਨਾਲ ਵਿਹਲੇ ਹੋਵਾਂਗੇ।”
ਸ਼ਾਮ ਦਾ ਜਸ਼ਨ ਯਾਦਗਾਰੀ ਸੀ। ਦੇਸੀ ਬੰਦਿਆਂ ਦੀ ਆਬਾਦੀ ਤੋਂ ਦੂਰ ਉਨ੍ਹਾਂ ਦੇ ਆਪਣੇ ਯਾਰ-ਬਾਸ਼ ਦਾ ਪੌਸ਼ ਹੋਟਲ ਸੀ। ਮੰਤਰੀ ਸਾਹਿਬ ਦੇ ਮੇਜ਼ ‘ਤੇ ਚੋਣਵੇਂ ਫੁੱਲਾਂ ਦੇ ਗੁਲਦਸਤੇ ਸਜੇ ਹੋਏ ਸਨ- ਖੂਬਸੂਰਤ ਸੀਟਾਂ, ਖੂਬਸੂਰਤ ਬਾਰ, ਖੂਬਸੂਰਤ ਡਾਂਸਿੰਗ ਹਾਲ!
ਬਹੁਤ ਖਾਸ ਮਹਿਮਾਨ ਬੁਲਾਏ ਗਏ ਸਨ। ਸ਼ੈਂਪੇਨਾਂ ਖੁਲ੍ਹ ਤੇ ਡੁਲ੍ਹ ਰਹੀਆਂ ਸਨ। ਸ਼ਿਵਾਜ਼ ਰੀਗਲਾਂ ਦੇ ਦੌਰ ਚਲੇ, ਤੇ ਕੁਝ ਪੈੱਗਾਂ ਤੋਂ ਬਾਅਦ ਮੰਤਰੀ ਸਾਹਿਬ ਨੇ ਲਤੀਫਿਆਂ ਦਾ ਤਾਂਤਾ ਬੰਨ੍ਹ ਦਿਤਾ। ਮੰਤਰੀ ਸਾਹਿਬ ਦੀ ਸੰਗਤ ਦਾ ਨਿੱਘ ਪ੍ਰਾਪਤ ਕਰਨ ਲਈ ਹਰ ਕੋਈ ਉਨ੍ਹਾਂ ਦੇ ਨੇੜੇ ਢੁੱਕਣ ਦੀ ਸਿਰਤੋੜ ਕੋਸ਼ਿਸ਼ ਕਰ ਰਿਹਾ ਸੀ। ਦਾਰੂ ਦੇ ਸਰੂਰ ਅਤੇ ਲਤੀਫਿਆਂ ਦੇ ਸੁਆਦ ਵਿਚ ਸੁਆਦ ਸੁਆਦ ਹੋਇਆ ਹਰ ਕੋਈ ਆਖ ਰਿਹਾ ਸੀ, ਅਸੀਂ ਲਤੀਫੇ ਤਾਂ ਖੈਰ ਬਥੇਰੇ ਸੁਣੇ ਨੇ ਪਰ ਮੰਤਰੀ ਸਾਹਿਬ ਵਰਗੇ ਨਵੀਨ ਅਤੇ ਚੋਂਦੇ ਚੋਂਦੇ ਕਦੇ ਨਹੀਂ। ਜਾਪਦਾ ਹੈ ਜਿਵੇਂ ਲਤੀਫਾ-ਸਮਰਾਟ ਬੀਰਬਲ ਸਾਖਸ਼ਾਤ ਉਤਰ ਆਏ ਹੋਣ।
ਮੰਤਰੀ ਸਾਹਿਬ ਬੜੇ ਖੁਸ਼ ਹੋਏ। ਉਨ੍ਹਾਂ ਦੀਆਂ ਅੱਖਾਂ ਲਾਲ ਸਨ। ਬੋਲੇ, “ਭਾਈ ਸਾਹਿਬ! ਸਫਲ ਮੰਤਰੀ ਉਹੀ ਹੈ ਜਿਹੜਾ ਭਾਸ਼ਣ ਦੇ ਕੇ ਸਰੋਤਿਆਂ ਦੇ ਪੈਰ ਧਰਤੀ ਤੋਂ ਚੁੱਕ ਦੇਵੇ। ਅਜਿਹੇ ਭਾਸ਼ਣ ਲਈ ਲਤੀਫਿਆਂ ਦੀ ਚਾਸ਼ਣੀ ਬਹੁਤ ਜ਼ਰੂਰੀ ਹੁੰਦੀ ਏ… ਸਮਝੇ?”
ਜਸ਼ਨ ਚਲਦਾ ਰਿਹਾ। ਦਾਰੂ ਨੇ ਰੰਗ ਵਿਖਾਇਆ ਤਾਂ ਪੰਜਾਬੀ ਦੇ ‘ਚੱਕ ਲੈ- ਚੱਕ ਲੈ’ ਤਵੇ ਲੱਗ ਗਏ, ‘ਨੈਣ ਪ੍ਰੀਤੋ ਦੇ ਬਹਿ ਜਾ ਬਹਿ ਜਾ ਕਰਦੇ’ … ਭੰਗੜੇ ਪੈਣ ਲੱਗੇ। ਕਿਸੇ ਚੀਜ਼ ਦੀ ਰੋਕ ਟੋਕ ਨਹੀਂ ਸੀ। ਸਿਰਫ ਇਕੋ ਚੀਜ਼ ਦੀ ਮਨਾਹੀ ਸੀ ਕਿ ਇਸ ਜਸ਼ਨ ਦੀ ਕੋਈ ਤਸਵੀਰ, ਕੋਈ ਵੀਡੀਓ ਨਹੀਂ ਖਿੱਚੀ ਜਾਵੇਗੀ। ਨਾ ਕੋਈ ਅਜਿਹਾ ਜਣਾ ਸੱਦਿਆ ਜਾਵੇਗਾ ਜਿਸ ਦੀ ਨਮਕ-ਹਲਾਲੀ ‘ਤੇ ਕੋਈ ਸ਼ੱਕ ਹੋਵੇ। ਇਸ ਪਾਬੰਦੀ ‘ਤੇ ਠੀਕਰੀ ਪਹਿਰਾ ਦਿੱਤਾ ਗਿਆ।
ਜਸ਼ਨ ਸਿਖਰ ਤੋਂ ਹੇਠਾਂ ਵਲ ਉਤਰਨ ਲੱਗਾ। ਮਹਾਂ-ਅਨੰਦ ਤੋਂ ਬਾਅਦ ਸਿਥਲਤਾ ਹੋਣ ਲੱਗੀ। ਕੁਝ ਉਬਾਸੀਆਂ ਰੀਂਗੀਆਂ, ਫਿਰ ਖੜਕੀਆਂ। ਇਕ ਵੱਜਣ ਲੱਗਿਆ ਸੀ। ਇੱਛਾ ਹੋਈ, ਖਾਣਾ ਖਾਧਾ ਜਾਵੇ।
ਲੰਮੇ ਮੇਜ਼ ‘ਤੇ ਖਾਣਾ ਲੱਗ ਪਿਆ। ਭਾਫਾਂ ਉੱਠਣ ਲੱਗੀਆਂ। ਸਾਰਿਆਂ ਨੇ ਆਪਣੀ ਸੇਵਾ ਆਪ ਕਰਨੀ ਸੀ ਪਰ ਮੰਤਰੀ ਸਾਹਿਬ ਦੀ ਸੇਵਾ ਲਈ ਚਮਚੇ-ਕੜਛੀਆਂ ਉੱਲਰ ਪਈਆਂ। ਸ਼੍ਰੀਗਣੇਸ਼ ਹੋਇਆ, ਭੁੰਨਿਆ ਮੁਰਗਾ, ਪਾਲਕ ਮੁਰਗ, ਮਸ਼ਰੂਮ ਮੁਰਗ, ਮੱਖਣ ਮੁਰਗ, ਕੋਰਮਾ ਮੁਰਗ … ਇੱਛਾ ਅਨੁਸਾਰ ਪਲੇਟ ‘ਚ ਪੈਂਦਾ ਗਿਆ ਪਰ ਚਿਕਨ ਬਿਰਿਆਨੀ ਦੀ ਭਰੀ ਭਰਾਈ ਕੜਛੀ ਉਨ੍ਹਾਂ ਨਾਂਹ ਕਰਦਿਆਂ ਵਾਪਸ ਮੋੜ ਦਿਤੀ।
“ਕੀ ਗੱਲ, ਹੱਥ ਕਿਉਂ ਰੋਕ ਦਿਤਾ, ਜਨਾਬ?… ਰੰਗ ਪਸੰਦ ਨਹੀਂ, ਖੁਸ਼ਬੂ ਪਸੰਦ ਨਹੀਂ… ਜਾਂ ਸਾਥੋਂ ਹੀ ਨਾਚੀਜ਼ਾਂ ਤੋਂ ਕੋਈ ਗੁਸਤਾਖੀ ਹੋ ਗਈ।”
“ਨਹੀਂ, ਨਹੀਂ, ਐਸੀ ਕੋਈ ਬਾਤ ਨਹੀਂ,” ਮੰਤਰੀ ਸਾਹਿਬਾਨ ਨੇ ਮੇਜ਼ਬਾਨ ਦਾ ਤੌਖਲਾ ਘਟਾਉਣ ਲਈ ਰਾਸ਼ਟਰੀ ਭਾਸ਼ਾ ਵਰਤੀ। “ਗੱਲ ਦਰਅਸਲ ਬੜੀ ਨਿਜੀ ਜਿਹੀ ਏ… ਖੈਰ, ਨਿਜੀ ਵੀ ਕਾਹਦੀ ਏ। ਲੋਕਾਂ ਦੇ ਪ੍ਰਤੀਨਿਧਾਂ ਦਾ ਨਿਜੀ ਤਾਂ ਕੁਝ ਹੁੰਦਾ ਹੀ ਨਹੀਂ। ਗੱਲ ਸਭ ਦੇ ਸੁਣਨ ਵਾਲੀ ਏ…।”
ਪਲੇਟਾਂ-ਚਮਚੇ ਇਕਦਮ ਸ਼ਾਂਤ ਹੋ ਗਏ।
“ਜਦੋਂ ਸ਼ਾਸਤਰੀ ਜੀ ਦੇਸ਼ ਦੇ ਨੇਤਾ ਬਣੇ ਤਾਂ ਅੰਨ ਸੰਕਟ ਕਾਫੀ ਡੂੰਘਾ ਹੋ ਗਿਆ। ਉਨ੍ਹਾਂ ਨੇ ਅਪੀਲ ਕੀਤੀ ਕਿ ਜੇ ਲੋਕ ਮਹੀਨੇ ‘ਚ ਇਕ ਵਾਰ ਚੌਲ ਨਾ ਖਾਣ ਦੀ ਪ੍ਰਤਿਗਿਆ ਕਰ ਲੈਣ ਤਾਂ ਅੰਨ ਸੰਕਟ ਆਪਣੇ ਆਪ ਖਤਮ ਹੋ ਜਾਵੇਗਾ। ਮੈਂ ਆਖਿਆ ਕਿ ਪੰਜਾਬੀਆਂ ਨੇ ਤਾਂ ਹਰ ਸੰਕਟ ਸਮੇਂ ਆਪਣਾ ਸੀਨਾ ਅੱਗੇ ਡਾਹਿਆ ਹੈ। ਤੁਸੀਂ ਮਹੀਨੇ ‘ਚ ਇਕ ਵਾਰ ਦੀ ਗੱਲ ਕਰਦੇ ਹੋ, ਮੈਂ ਸਾਰੀ ਜ਼ਿੰਦਗੀ ਚੌਲ ਨਾ ਖਾਣ ਦਾ ਪ੍ਰਣ ਲੈਂਦਾ ਹਾਂ… ਬਸ ਦਾਸ ਉਹ ਪ੍ਰਣ ਨਿਭਾ ਰਿਹਾ ਹੈ ਤੇ ਮਰਦੇ ਦਮ ਤੀਕ ਨਿਭਾਵੇਗਾ।” ਤਾੜੀਆਂ…ਤਾੜੀਆਂ…ਹੋਰ ਤਾੜੀਆਂ!
ਅਤੇ ਮੰਤਰੀ ਸਾਹਿਬ ਨੇ ਨਾਨ ਪਲੇਟ ‘ਚ ਰੱਖਿਆ ਤੇ ਸੰਗਤਾਂ ਦੀ ਪੰਗਤ ਵਿਚ ਜਾ ਕੇ ਬਹਿ ਗਏ।

  • ਮੁੱਖ ਪੰਨਾ : ਕਹਾਣੀਆਂ, ਰਘੁਬੀਰ ਢੰਡ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ