Trishna (Punjabi Story) : Kartar Singh Duggal

ਤ੍ਰਿਸ਼ਨਾ (ਕਹਾਣੀ) : ਕਰਤਾਰ ਸਿੰਘ ਦੁੱਗਲ

"ਇਸ ਤੋਂ ਪੇਸ਼ਤਰ ਕਿ ਜੋ ਕੁੱਝ ਕਰਨਾ ਹੈ ਮੈਂ ਸ਼ੁਰੂ ਕਰਾਂ, ਤੁਸੀਂ ਜੇ ਕੁੱਝ ਪੁੱਛਣਾ ਹੋਏ, ਕੋਈ ਸੁਆਲ?" ਲੇਡੀ ਡਾਕਟਰ ਨੇ ਵਿਵਹਾਰਕ ਉਸ ਤੋਂ ਪੁੱਛਿਆ।
"ਕੋਈ ਨਹੀਂ।" ਰਜਨੀ ਨੇ ਗੱਚੋ-ਗੱਚ ਆਵਾਜ਼ ਵਿੱਚ ਕਿਹਾ, "ਪਰ ਜੋ ਕੁੱਝ ਮੈਂ ਕਰਨ ਜਾ ਰਹੀ ਹਾਂ ਇਸ ਲਈ ਮੈਨੂੰ ਆਪਣੇ ਆਪ ਤੋਂ ਨਫ਼ਰਤ ਹੈ।"
ਓਪ੍ਰੇਸ਼ਨ ਥੀਏਟਰ ਵਿੱਚ ਕੁੱਝ ਚਿਰ ਲਈ ਖ਼ਾਮੋਸ਼ੀ ਛਾ ਗਈ।
"ਤੁਹਾਨੂੰ ਲਗਦਾ ਹੈ ਇਹ ਜੋ ਕੁੱਝ ਕਰਨ ਦਾ ਫੈਸਲਾ ਹੋਇਆ ਹੈ, ਤੁਸੀਂ ਉਸ ਲਈ ਤਿਆਰ ਨਹੀਂ?" ਝੱਟ ਕੁ ਬਾਅਦ ਲੇਡੀ ਡਾਕਟਰ ਨੇ ਸਵਾਲ ਕੀਤਾ।
"ਨਹੀਂ, ਮੈਂ ਤਿਆਰ ਹਾਂ। ਮੰੈਂ ਬਸ ਇਤਨਾ ਕਹਿਣਾ ਚਾਹੁੰਦੀ ਹਾਂ- ਮੈਂ ਇਸ ਨੂੰ ਪਿਆਰ ਕਰਦੀ ਹਾਂ। ਬੇਟੀ ਹੈ ਤਾਂ ਕੀ?"
ਲੇਡੀ ਡਾਕਟਰ ਫੇਰ ਖ਼ਾਮੋਸ਼ ਹੋ ਗਈ। ਜਿਵੇਂ ਜੱਕੋ-ਤੱਕ ਵਿੱਚ ਹੋਵੇ।
"ਸ਼ੁਰੂ ਕਰੋ।" ਰਜਨੀ ਦੀਆਂ ਪਲਕਾਂ ਵਿੱਚ ਹੁਣ ਅੱਥਰੂ ਡਲ੍ਹਕ ਰਹੇ ਸਨ, "ਡਾਕਟਰ, ਸ਼ੁਰੂ ਕਰੋ। ਮੈਂ ਤਿਆਰ ਹਾਂ, ਮੈਂ।"
ਕੁਝ ਚਿਰ ਲਈ ਫ਼ਿਰ ਖ਼ਾਮੋਸ਼ੀ।
"ਇਸ ਨੂੰ ਸਪੈਕੂਲਮ ਕਹਿੰਦੇ ਨੇ, ਮੈਂ ਇਹ ਚੜ੍ਹਾਵਾਂਗੀ।" ਹੁਣ ਡਾਕਟਰ ਬੋਲੀ। "ਤੁਸੀਂ ਵੇਖਣਾ ਚਾਹੋਗੇ? "
"ਨਹੀਂ।" ਰਜਨੀ ਨੇ ਸਿਰ ਹਿਲਾਇਆ।
"ਕੋਈ ਸੁਆਲ? "
"ਪੀੜ ਬਹੁਤ ਹੋਵੇਗੀ? " ਰਜਨੀ ਨੇ ਪੁੱਛਿਆ।
"ਨਹੀਂ ਦਰਦ ਨਹੀਂ ਹੋਵੇਗਾ, ਬਸ ਕੁੱਝ ਕੁ ਤਨਾਅ ਜਿਹਾ ਮਹਿਸੂਸ ਹੋਵੇਗਾ", ਲੇਡੀ ਡਾਕਟਰ ਦੀਆਂ ਅੱਖਾਂ ਵਿੱਚ ਰਜਨੀ ਲਈ ਅੰਤਾਂ ਦੀ ਹਮਦਰਦੀ ਸੀ। ਜਦੋਂ ਉਸ ਇਹਦੀ ਬਾਂਹ ਫੜੀ ਤਾਂ ਰਜਨੀ ਨੂੰ ਲੱਗਾ ਜਿਵੇਂ ਉਹਦੇ ਹੱਥ ਯਖ਼ ਠੰਢੇ ਹੋਣ। ਉਹਦੇ ਡਾਕਟਰੀ ਛੜਾਂ ਵਰਗੇ ਠੰਢੇ।
"ਮੈਂ ਹੁਣ ਬੱਚੇਦਾਨੀ ਦੇ ਮੂੰਹ ਤੇ ਇੱਕ ਟੀਕਾ ਲਾਵਾਂਗੀ……" ਲੇਡੀ ਡਾਕਟਰ ਬੋਲ ਰਹੀ ਸੀ। ਰਜਨੀ ਬੇਹਿਸ ਲੇਟੀ, ਉਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਲੱਖ ਸੁਫ਼ਨੇ ਜਿਵੇਂ ਨੀਲੇ ਆਕਾਸ਼ ਵਿੱਚ ਝਿਲਮਿਲ ਤਾਰਿਆਂ ਵਾਂਗ ਟਿਮਕਦੇ ਇੱਕ ਇੱਕ ਕਰਕੇ ਛੁਪ ਰਹੇ ਹੋਣ।
ਪਰਤੂਲ ਨਾਲ ਉਹਦਾ ਪਰਨਾਇਆ ਜਾਣਾ! ਕਿਤਨੀ ਬਦਮਗਜ਼ੀ ਹੋਈ ਸੀ। ਪਰ ਆਖ਼ਰ ਉਸ ਆਪਣੀ ਗੱਲ ਮਨਾ ਲਈ ਸੀ। ਆਪਣੇ ਮਨਪਸੰਦ ਵਰ ਲਈ ਸਭ ਨੂੰ ਰਾਜ਼ੀ ਕਰ ਲਿਆ ਸੀ। ਫੇਰ ਉਹਨਾਂ ਦੇ ਫੇਰੇ ਹੋਏ! ਹਾਏ ਕਿਤਨੇ ਚਾਵਾਂ ਨਾਲ ਉਸ ਵਿਆਹ ਕੀਤਾ ਸੀ! ਉਹਨਾਂ ਦੀ ਸੁਹਾਗਰਾਤ! ਹਨੀਮੂਨ! ਪਰਤੂਲ ਦੀ ਪੋਸਟਿੰਗ। ਉਨ੍ਹਾਂ ਦਾ ਨਿਵੇਕਲਾ ਘਰ। ਉਹਦਾ ਮਾਂ ਬਣਨ ਦਾ ਫੈਸਲਾ। ਉਹਦੀ ਗੋਦ ਦਾ ਭਰਿਆ ਜਾਣਾ…
"…ਬਸ ਹੁਣ ਪੰਜ ਮਿੰਟ ਲੱਗਣਗੇ। ਪੀੜ ਬਿਲਕੁਲ ਨਹੀਂ ਹੋਵੇਗੀ……" ਲੇਡੀ ਡਾਕਟਰ ਬੋਲ ਰਹੀ ਸੀ।
ਕਿਤਨੀ ਖੁਸ਼ ਸੀ ਰਜਨੀ। ਜਿਵੇਂ ਧਰਤੀ ਉੱਤੇ ਉਹਦੇ ਪੈਰ ਨਾ ਲੱਗ ਰਹੇ ਹੋਣ। ਪਰ ਇਹ ਪਰਤੂਲ ਸਕਰੀਨਿੰਗ ਦੀ ਕਿਉਂ ਰੱਟ ਲਾਏ ਹੋਏ ਸੀ। ਉਸ ਨੂੰ ਤਾਂ ਬਸ ਮਾਂ ਬਣਨਾ ਸੀ। ਪਰਤੂਲ ਜਦੋਂ ਕੰਮ ਤੇ ਚਲਾ ਜਾਂਦਾ ਸੀ, ਇਤਨੀ ਵੱਡੀ ਕੋਠੀ ਜਿਵੇਂ ਉਸਨੂੰ ਖਾਣ ਨੂੰ ਪੈਂਦੀ ਹੋਵੇ। ਉਸ ਨੂੰ ਤਾਂ ਬਸ ਮਾਂ ਬਣਨਾ ਸੀ। ਉਸ ਨੂੰ ਤਾਂ ਬਸ ਇੱਕ ਬੱਚੇ ਨਾਲ ਖੇਡਣਾ ਸੀ। ਉਹਦਾ ਮਨ ਪਰਚਿਆ ਰਹੇਗਾ।
"……ਤੁਹਾਡੇ ਸਿਰਫ਼ ਅੱਠ ਹਫ਼ਤੇ ਹੋਏ ਨੇ। ਕੋਈ ਖ਼ਤਰੇ ਦੀ ਗੱਲ ਨਹੀਂ। ਜੇ ਇੱਕ ਦੋ ਹਫ਼ਤੇ ਹੋਰ ਹੋ ਜਾਂਦੇ ਤਾਂ ਮੁਸ਼ਕਲ ਬਣ ਸਕਦੀ ਸੀ……" ਲੇਡੀ ਡਾਕਟਰ ਮਰੀਜ਼ ਦਾ ਧਰਵਾਸ ਬੰਨ੍ਹਾ ਰਹੀ ਸੀ।
ਸਕਰੀਨਿੰਗ, ਸਕਰੀਨਿੰਗ, ਸਕਰੀਨਿੰਗ, ਉਠਦੇ ਬੈਠਦੇ ਸਕਰੀਨਿੰਗ। ਪਰਤੂਲ ਦੀ ਮੁਹੱਬਤ, ਉਹ ਹਾਰ ਕੇ ਰਾਜ਼ੀ ਹੋ ਗਈ ਸੀ। ਕੀ ਫ਼ਰਕ ਪੈਣਾ ਸੀ? ਉਹ ਖ਼ਬਰੇ, ਤਾਵਲਾ ਸੀ ਇਹ ਜਾਣਨ ਲਈ ਕਿ ਬੇਟਾ ਹੋਵੇਗਾ ਕਿ ਬੇਟੀ। ਦੀਵਾਨਾ!
"……ਅੰਡਾ ਬੱਚਾਦਾਨੀ ਦੀ ਦੀਵਾਰ ਨਾਲ ਲੱਗਾ ਹੁੰਦਾ ਹੈ।" ਲੇਡੀ ਡਾਕਟਰ ਕੋਲ ਬੈਠੀ ਆਪਣੀ ਗੱਲ ਜਾਰੀ ਰੱਖੇ ਹੋਏ ਸੀ,
ਅਸੀਂ ਉਸ ਨੂੰ ਵੈਕਯੂਮ ਕਰ ਲਵਾਂਗੇ। ਵੈਕਯੂਮ ਤੁਹਾਨੂੰ ਪਤਾ ਹੀ ਹੈ ਨਾ? ਬਸ ਜਿਵੇਂ ਕਾਲੀਨ ਤੋਂ ਤੁਸੀਂ ਗੁੱਦੜ ਨੂੰ ਵੈਕੂਯਮ ਕਰ ਲੈਂਦੇ ਹੋ। ਮੈਂ ਵਲਾਇਤ ਵਿੱਚ ਵੇਖਿਆ ਹੈ, ਉੱਥੇ ਸੜਕਾਂ ਦੀ ਧੂੜ, ਸੜਕਾਂ ਦੇ ਕੌਹਥਰ ਨੂੰ ਵੀ ਵੈਕਯੂਮ ਕਰਦੇ ਨੇ…
ਬੇਟੀ ਸੀ। ਬੇਟੀ ਸੀ ਤਾਂ ਕੀ? ਪਰ ਪਰਤੂਲ ਦਾ ਮੂੰਹ ਕਿਉਂ ਲਹਿ ਗਿਆ ਸੀ ਇਹ ਸੁਣ ਕੇ? ਪੀਲਾ-ਭੂਕ ਚਿਹਰਾ। ਉਹ ਤਾਂ ਬੇਟੀ ਲਈ ਉਡੀਕ ਰਹੀ ਸੀ। ਬੇਟੀ ਹੋਵੇਗੀ, ਆਪਣੇ ਵੀਰੇ ਨੂੰ ਖਿਡਾਇਆ ਕਰੇਗੀ। ਉਹਦੀਆਂ ਘੋੜੀਆਂ ਗਾਣ ਵਾਲੀ ਭੈਣ…
ਵੀਰਾ ਹੌਲੀ ਹੌਲੀ ਆ
ਤੇਰੇ ਘੋੜਿਆਂ ਨੂੰ ਘਾਹ।
"ਕੋਈ ਤਕਲੀਫ਼ ਤਾਂ ਨਹੀਂ?" ਲੇਡੀ ਡਾਕਟਰ ਨੇ ਰਜਨੀ ਤੋਂ ਸਹਾਨਭੂਤੀ ਵਜੋਂ ਪੁੱਛਿਆ। ਰਜਨੀ ਨੇ ਆਪਣੀ ਛਾਤੀ ਉੱਤੇ ਹੱਥ ਰੱਖਿਆ ਹੋਇਆ ਸੀ। ਜਿਵੇਂ ਉਹਦੇ ਸੀਨੇ ਵਿੱਚ ਕਟਾਰ ਲੱਗੀ ਹੋਵੇ। ਪਰਤੂਲ ਬੇਟੀ ਲਈ ਤਿਆਰ ਨਹੀਂ ਸੀ। ਉਸ ਨੂੰ ਤਾਂ ਬੇਟਾ ਚਾਹੀਦਾ ਸੀ। ਬੇਟਾ ਕੀ ਤੇ ਬੇਟੀ ਕੀ? ਉਨ੍ਹਾਂ ਦੇ ਬੱਚਾ ਆ ਰਿਹਾ ਸੀ, ਉਹ ਡੈਡੀ ਮੰਮੀ ਬਣਨ ਵਾਲੇ ਸਨ!
"ਜੇ ਕੋਈ ਤਕਲੀਫ਼ ਹੋਵੇ ਤਾਂ ਮੈਨੂੰ ਦੱਸਣਾ।" ਲੇਡੀ ਡਾਕਟਰ ਬੋਲ ਰਹੀ ਸੀ। "ਹਰ ਰੋਜ਼ ਇਸ ਤਰ੍ਹਾਂ ਦੇ ਕੇਸ ਕਰੀਦੇ ਨੇ, ਕਦੀ ਕੋਈ ਵਿਗਾੜ ਨਹੀਂ ਪਿਆ। ਬਸ ਜਿਵੇਂ ਕੋਈ ਦੁੱਧ ਵਿੱਚੋਂ ਮੱਖੀ ਕੱਢ ਦੇਵੇ।"
ਪਰ ਪਰਤੂਲ ਦੀ ਜ਼ਿੱਦ। ਘਰ ਅੱਠੇ ਪਹਿਰ ਗੋਦਗਮਾਹ ਪਿਆ ਰਹਿੰਦਾ, "ਮੀਆਂ, ਜੇ ਤੈਨੂੰ ਬੇਟੇ ਦਾ ਇਤਨਾ ਸ਼ੌਂਕ ਹੈ ਤਾਂ ਅਗਲਾ ਬੇਟਾ ਪੈਦਾ ਕਰ ਲਵਾਂਗੇ, ਤੂੰ ਇੱਕ ਵਰ੍ਹਾ ਉਡੀਕ ਕਰ ਲੈ।"
ਰਜਨੀ ਉਹਨੂੰ ਸਮਝਾਂਦੀ। "ਜੇ ਫੇਰ ਬੇਟੀ ਆ ਗਈ? " ਪਰਤੂਲ ਲਾਲ-ਪੀਲਾ ਹੋਇਆ ਅੱਗੋਂ ਕਹਿੰਦਾ। ਰਜਨੀ ਕੋਲ ਇਸਦਾ ਕੋਈ ਜਵਾਬ ਨਹੀਂ ਸੀ। ਸਿਵਾਏ ਅੱਥਰੂਆਂ ਦੇ। ਸਿਵਾਏ ਹੱਥ ਜੋੜਨ ਦੇ। "ਮੈਨੂੰ ਇਸ ਬੱਚੀ ਨਾਲ ਪਿਆਰ ਹੋ ਗਿਆ ਹੈ।" ਉਹ ਮੁੜ-ਮੁੜ ਪਰਤੂਲ ਨੂੰ ਕਹਿੰਦੀ। ਪਰ ਉਹ ਕੰਨ ਨਹੀਂ ਧਰ ਰਿਹਾ ਸੀ।
"ਡਾਕਟਰ ਮੈਂ ਇਸ ਦਾ ਨਾਂ ਤ੍ਰਿਸ਼ਨਾ ਰੱਖਿਆ ਏ। ਮੈਂ ਇਸਨੂੰ ਅੰਤਾਂ ਦਾ ਪਿਆਰ ਕਰਦੀ ਹਾਂ। ਮੇਰੀ ਲਾਡਲੀ ਬੱਚੀ। ਮੇਰੀ ਜਾਨ ਦਾ ਟੁਕੜਾ! "
"ਹੁਣ ਤਾਂ…"
ਲੇਡੀ ਡਾਕਟਰ ਕੁੱਝ ਕਹਿ ਰਹੀ ਸੀ ਕਿ ਰਜਨੀ ਫੇਰ ਆਪਣੇ ਵਹਿਣ ਵਿੱਚ ਵਹਿ ਗਈ। ਹਰ ਵੇਲੇ ਖ਼ਫ਼ਾ-ਖਫ਼ਾ। ਹਰ ਵੇਲੇ ਉਹਦਾ ਨੱਕ ਚੜ੍ਹਿਆ ਹੋਇਆ। ਆਖ਼ਰ ਉਹ ਬਿਨਾਂ ਰਜਨੀ ਦੀ ਰਜ਼ਾਮੰਦੀ ਦੇ ਵੈਲਫੇਅਰ ਸੈਂਟਰ ਤੋਂ ਤਰੀਕ ਲੈ ਆਇਆ। ਪਰਤੂਲ ਦੀ ਜ਼ਿੱਦ। ਰਜਨੀ ਨੂੰ ਹਾਰ ਕੇ ਹਥਿਆਰ ਸੁੱਟਣੇ ਪਏ।
"…ਜੇ ਤੁਹਾਨੂੰ ਇਹ ਸ਼ੱਕ ਹੈ ਕਿ ਇੰਝ ਕਰਨ ਤੋਂ ਬਾਅਦ ਫੇਰ ਤੁਹਾਡੇ ਕੋਈ ਬੱਚਾ ਨਹੀਂ ਹੋਵੇਗਾ, ਤਾਂ ਇਸਦਾ ਕੋਈ ਡਰ ਨਹੀਂ ਹੈ।" ਲੇਡੀ ਡਾਕਟਰ ਮਰੀਜ਼ ਨੂੰ ਨਿਸਚਿੰਤ ਕਰ ਰਹੀ ਸੀ।
"ਗਰਭ ਤੋਂ ਛੁਟਕਾਰਾ ਪਾਣ ਲਈ ਇਹ ਸਭ ਤੋਂ ਸੇਫ ਤਰੀਕਾ ਹੈ…"
ਰਜਨੀ ਸੁਣ ਥੋੜ੍ਹਾ ਰਹੀ ਸੀ। ਉਸ ਨੂੰ ਹੁਣ ਲੱਗ ਰਿਹਾ ਸੀ ਜਿਵੇਂ ਉਹਦੇ ਅੰਦਰੋਂ ਪਾਸੇ ਦਾ ਸੋਨਾ ਪਿਘਲ ਕੇ ਬੂੰਦ-ਬੂੰਦ ਵਹਿ ਨਿਕਲਿਆ ਹੋਵੇ। ਉਹਦੀਆਂ ਅੱਖਾਂ ਭਿੜ ਗਈਆਂ। ਚੱਕਰ-ਚੱਕਰ। ਹਨੇਰਾ-ਹਨੇਰਾ। ਰਜਨੀ ਨੂੰ ਪਰਤੂਲ ਯਾਦ ਆ ਰਿਹਾ ਸੀ। ਨਵਾਂ-ਨਵਾਂ ਮੈਜਿਸਟ੍ਰੇਟ ਕਚਹਿਰੀ ਵਿੱਚ ਕੋਈ ਮੁਕੱਦਮਾ ਸੁਣ ਰਿਹਾ ਹੋਵੇਗਾ; ਇੱਕ ਧਿਰ ਦੀ ਫਰਿਆਦ ਤੇ ਦੂਜੀ ਧਿਰ ਦਾ ਜਵਾਬ। ਫੇਰ ਵਕੀਲਾਂ ਦੀ ਬਹਿਸ। ਤੇ ਨੌਜਵਾਨ ਮੈਜਿਸਟ੍ਰੇਟ ਦਾ ਫ਼ੈਸਲਾ। ਇਨਸਾਫ਼ ਦਾ ਰਖਵਾਲਾ।
ਇਸ ਤੋਂ ਪੇਸ਼ਤਰ ਉਸ ਸ਼ਾਮ ਪਰਤੂਲ ਘਰ ਅਪੜਿਆ। ਰਜਨੀ ਵੈਲਫੇਅਰ ਸੈਂਟਰ ਤੋਂ ਵਿਹਲੀ ਹੋ ਕੇ ਆ ਚੁੱਕੀ ਸੀ। ਸ਼ਾਂਤ, ਅਡੋਲ। ਪਰਤੂਲ ਨੇ ਉਹਦੀ ਕੰਡ ਵਾਲੇ ਪਾਸਿਓਂ ਉਹਨੂੰ ਬਾਂਹ ਵਿੱਚ ਵਲ੍ਹੇਟ ਕੇ ਉਹਦੇ ਹੋਠਾਂ ਨੂੰ ਚੁੰਮ ਲਿਆ।
"ਮੈਨੂੰ ਲੇਡੀ ਡਾਕਟਰ ਨੇ ਟੈਲੀਫੋਨ ਤੇ ਦਸ ਦਿੱਤਾ ਸੀ।" ਕਹਿੰਦੇ ਹੋਏ ਖੁਸ਼-ਖੁਸ਼ ਉਹ ਆਪਣੇ ਕਮਰੇ ਵਿੱਚ ਕੱਪੜੇ ਬਦਲਣ ਲਈ ਚਲਾ ਗਿਆ।
ਰਜਨੀ ਉਹਦੇ ਲਈ ਚਾਹ ਤਿਆਰ ਕਰਨ ਲਈ ਨੌਕਰ ਨੂੰ ਕਹਿ ਰਹੀ ਸੀ।
ਚਾਹ ਪੀ ਕੇ ਪਰਤੂਲ ਕਲੱਬ ਜਾਣ ਲਈ ਤਿਆਰ ਹੋ ਗਿਆ।
"ਅੱਜ ਨਹੀਂ ਪਰਤੂਲ।" ਰਜਨੀ ਨੇ ਕਿਹਾ।
"ਤੂੰ ਥੱਕ ਗਈ ਜਾਪਦੀ ਏਂ। ਕੋਈ ਗੱਲ ਨਹੀਂ। ਲੇਡੀ ਡਾਕਟਰ ਤਾਂ ਕਹਿ ਰਹੀ ਸੀ ਕਿ ਸਫਾਈ ਤੋਂ ਬਾਅਦ ਮੈਡਮ ਚੰਗੀ ਭਲੀ ਹੈ।"
"ਮੈਂ ਠੀਕ ਹਾਂ, ਪਰਤੂਲ ਮੇਰੀ ਜਾਨ। ਤੂੰ ਕਲੱਬ ਅੱਜ ਇਕੱਲਾ ਹੀ ਹੋ ਆ।"
ਰਜਨੀ ਕਲੱਬ ਨਹੀਂ ਗਈ। ਸਾਰੀ ਸ਼ਾਮ ਰੁਆਂਸੀ-ਰੁਆਂਸੀ ਲਾਅਨ ਵਿੱਚ ਬੈਠੀ ਅਕਾਸ਼ ਵੱਲ ਵੇਖਣ ਲੱਗਦੀ। ਉਸ ਨੂੰ ਲੱਗਦਾ ਜਿਵੇਂ ਕੋਈ ਨਗ਼ਮਾ ਹਵਾ ਵਿੱਚ ਤਰ ਰਿਹਾ ਹੋਵੇ। ਭਿੰਨੀ-ਭਿੰਨੀ ਕੋਈ ਖੁਸ਼ਬੂ ਜਿਵੇਂ ਕਦੀ ਸੱਜਿਓਂ, ਕਦੀ ਖੱਬਿਓਂ ਆ ਕੇ ਉਹਨੂੰ ਟੁੰਬਦੀ ਜਾ ਰਹੀ ਹੋਵੇ। ਝਿਲਮਿਲ ਕਰਦੀ ਕੋਈ ਕਿਰਨ ਡੁੱਬ ਰਹੇ ਸੂਰਜ ਦੀ ਲਾਲੀ ਵਿੱਚ ਵਿਲੀਨ ਹੋ ਰਹੀ ਸੀ।
ਬੈਠੀ-ਬੈਠੀ ਰਜਨੀ ਖ਼ਬਰੇ ਥੱਕ ਗਈ ਸੀ। ਉਹ ਅੰਦਰ ਕਮਰੇ ਵਿੱਚ ਪਲੰਘ 'ਤੇ ਜਾ ਪਈ।
ਸਾਹਮਣੇ ਕੰਧ 'ਤੇ ਲੱਗੇ ਕਲੰਡਰ ਵਿੱਚ ਗੁਲਾਬੀ-ਗੁਲਾਬੀ ਗੱਲ੍ਹਾਂ, ਖਿੜ-ਖਿੜ ਹੱਸ ਰਹੇ ਬੱਚੇ ਨੂੰ ਵੇਖ ਕੇ ਇੱਕ ਝਨਾਂ ਅੱਥਰੂਆਂ ਦੀ ਉਹਦੀਆਂ ਅੱਖਾਂ ਵਿੱਚੋਂ ਵਗ ਨਿਕਲੀ। ਦੋਹਾਂ ਹੱਥਾਂ ਭਾਰ ਜਿਵੇਂ ਇੱਕ ਬੱਚਾ ਉਹਦੇ ਵੱਲ ਘਸੂੱਟੀ ਕਰਕੇ ਆ ਰਿਹਾ ਹੋਵੇ। ਰਜਨੀ ਫੁੱਟ-ਫੁੱਟ ਰੋਈ। ਕੁਰਲਾ-ਕੁਰਲਾ ਉੱਠੀ। ਮੇਰੀ ਬੱਚੀ! ਮੇਰੀ ਤ੍ਰਿਸ਼ਨਾਂ! ਮੁੜ-ਮੁੜ ਪੁਕਾਰਦੀ ਤੇ ਛੱਤ ਵੱਲ ਵੇਖਦੀ।
ਫਰਿਆਦਾਂ ਕਰਦੀ। ਮੁੜ-ਮੁੜ ਕਹਿੰਦੀ, ਮੇਰੀ ਬੇਟੀ ਤੂੰ ਮੈਨੂੰ ਮੁਆਫ਼ ਕਰ ਦੇ। ਮੇਰੀ ਲਾਡਲੀ, ਤੂੰ ਮੈਨੂੰ ਜੋ ਸਜ਼ਾ ਦੇਣੀ ਹੈ ਬੇਸ਼ੱਕ ਦੇ। ਮੈਨੂੰ ਮਨਜ਼ੂਰ ਹੈ। ਬਸ ਇੱਕ ਵਾਰ ਤੂੰ ਮੈਨੂੰ 'ਅੰਮੀ' ਕਹਿ ਕੇ ਪੁਕਾਰ। ਤੂੰ ਮੈਨੂੰ ਮਾਫ਼ ਕਰ ਦੇ। ਕਦੀ ਆਪਣੀ ਚੁੰਨੀ ਨੂੰ ਵਲਿੱਅਸ ਦਿੰਦੀ, ਕਦੀ ਪਲੰਘ ਦੀ ਚਾਦਰ ਨੂੰ ਮਚਕੋੜਦੀ, ਰਜਨੀ ਕਿਤਨਾ ਚਿਰ ਕੁਰਲਾਂਦੀ ਰਹੀ। ਕਿਤਨਾ ਚਿਰ ਹਾੜ੍ਹੇ ਕੱਢਦੀ ਰਹੀ।
ਰਜਨੀ ਇੰਝ ਬੇਹਾਲ ਹੋ ਰਹੀ ਸੀ ਕਿ ਉਹਨੂੰ ਬਾਹਰ ਪਰਤੂਲ ਦੀ ਕਾਰ ਦੀ ਆਵਾਜ਼ ਸੁਣਾਈ ਦਿੱਤੀ। ਕਲੱਬ ਤੋਂ ਪਰਤ ਆਇਆ ਸੀ। ਉਹ ਤਾਵਲੀ-ਤਾਵਲੀ ਗ਼ੁਸਲਖਾਨੇ ਵਿੱਚ ਚਲੀ ਗਈ। ਕਿਤਨਾ ਚਿਰ ਆਪਣੇ ਮੂੰਹ ਤੇ ਪਾਣੀ ਦੇ ਛਿੱਟੇ ਮਾਰਦੀ ਰਹੀ।
ਗੁਸਲਖਾਨੇ ਵਿੱਚੋਂ ਨਿਕਲੀ ਉਹ ਸ਼ਿੰਗਾਰ ਮੇਜ਼ ਦੇ ਸਾਹਮਣੇ ਜਾ ਖਲੋਤੀ।
ਗੋਲ ਕਮਰੇ ਵਿੱਚ ਜਦੋਂ ਆਈ, ਪਰਤੂਲ ਨੇ ਇੱਕ ਨਜ਼ਰ ਉਹਨੂੰ ਵੇਖ ਕੇ ਕਿਹਾ, "ਇਹ ਤੇਰੀਆਂ ਅੱਖਾਂ ਲਾਲ ਕਿਉਂ ਹੋ ਰਹੀਆਂ ਨੇ, ਡਾਰਲਿੰਗ? "
ਫਿਰ ਆਪ-ਹੀ-ਆਪ ਕਹਿਣ ਲੱਗਾ, "ਸ਼ਾਇਦ ਸਵੇਰ ਦੀ ਟੈਨਸ਼ਨ ਕਰਕੇ।" ਤੇ ਫਿਰ ਉਹ ਦੋਵੇਂ ਖਾਣ ਦੇ ਕਮਰੇ ਵੱਲ ਚਲੇ ਗਏ।
ਇੰਝ ਜਾਪਦਾ ਹੈ ਰਜਨੀ-ਪਰਤੂਲ ਦੰਪਤੀ ਨੂੰ ਕੁਦਰਤ ਨੇ ਮਾਫ਼ ਨਹੀਂ ਕੀਤਾ। ਇੱਕ ਵਰ੍ਹਾ, ਦੋ ਵਰ੍ਹੇ, ਤਿੰਨ ਵਰ੍ਹੇ, ਚਾਰ ਵਰ੍ਹੇ, ਪੰਜ ਵਰ੍ਹੇ ਉਹ ਉਡੀਕ-ਉਡੀਕ ਥੱਕ ਲੱਥੇ, ਰਜਨੀ ਫੇਰ ਮਾਂ ਨਹੀਂ ਬਣ ਸਕੀ।
ਨਾਂ ਰਜਨੀ ਮੁੜ ਮਾਂ ਬਣ ਸਕੀ ਨਾ ਰਜਨੀ ਆਪਣੀ ਬੱਚੀ ਨੂੰ ਭੁਲਾ ਸਕੀ। ਠੀਕ ਉਸ ਦਿਨ ਜਦੋਂ ਉਸ ਨੇ ਆਪਣੀ ਸਫ਼ਾਈ ਕਰਵਾਈ ਸੀ, ਰਜਨੀ ਹਰ ਵਰ੍ਹੇ ਪੂਜਾ ਪਾਠ ਕਰਾਉਂਦੀ। ਗ਼ਰੀਬ ਬੱਚਿਆਂ ਵਿੱਚ ਮਠਿਆਈ, ਫਲ, ਕੱਪੜੇ ਵੰਡਦੀ। ਸਾਰਾ ਦਿਨ ਰੁਆਂਸੀ-ਰੁਆਂਸੀ, ਉਹਦੀਆਂ ਪਲਕਾਂ ਭਿੱਜ-ਭਿੱਜ ਜਾਂਦੀਆਂ।
ਇੰਝ ਵਿਹਲੀ ਬੈਠੀ-ਬੈਠੀ, ਢੇਰ ਸਾਰੀ ਪੜ੍ਹੀ, ਜ਼ਿਲ੍ਹੇ ਦੇ ਇਤਨੇ ਵੱਡੇ ਅਫ਼ਸਰ ਦੀ ਤ੍ਰੀਮਤ, ਰਜਨੀ ਨੇ ਕਾਰਪੋਰੇਸ਼ਨ ਦੇ ਸਕੂਲ ਦੀ ਨੌਕਰੀ ਕਰ ਲਈ। ਬੱਚਿਆਂ ਨੂੰ ਪੜ੍ਹਾਉਣ ਵਿੱਚ ਉਹਦਾ ਮਨ ਪਰਚਿਆ ਰਹੇਗਾ। ਨਾਲੇ ਉਹ ਤਾਂ ਸਕੂਲ ਦੇ ਹਰ ਟੀਚਰ ਤੋਂ ਵੱਧ ਪੜ੍ਹੀ ਸੀ। ਇੱਕ ਅੱਧ ਵਰ੍ਹਾ ਤੇ ਰਜਨੀ ਨੂੰ ਸਕੂਲ ਦੀ ਮੁੱਖ-ਅਧਿਆਪਕਾ ਬਣਾ ਦਿੱਤਾ ਗਿਆ।
ਹੁਣ ਪੜ੍ਹਾਉਣ ਦੇ ਨਾਲ-ਨਾਲ ਰਜਨੀ ਨੇ ਸਕੂਲ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਵੀ ਸੰਭਾਲ ਲਈ। ਕਾਰਪੋਰੇਸ਼ਨ ਨਾਲ, ਸਰਕਾਰ ਨਾਲ ਚਿੱਠੀ ਪੱਤਰੀ, ਟੀਚਰਾਂ ਦਾ ਸਹਿਯੋਗ, ਬੱਚਿਆਂ ਦੀਆਂ ਲੋੜਾਂ। ਸਕੂਲ ਦੇ ਦਾਖ਼ਲੇ……
ਬੱਚੀਆਂ ਨੂੰ ਦਾਖ਼ਲ ਕਰਨ ਵੇਲੇ ਇੱਕ ਦਿਨ ਬੜੀ ਦਿਲਚਸਪ ਘਟਨਾ ਹੋਈ। ਕੋਈ ਮਾਤਾ ਪਿਤਾ ਆਪਣੀ ਬੱਚੀ ਨੂੰ ਦਾਖ਼ਲ ਕਰਾਉਣ ਆਏ। ਬੱਚੀ ਜਿਵੇਂ ਹੱਥ ਲਾਇਆਂ ਮੈਲੀ ਹੋਵੇ, ਤੇ ਉਹਦਾ ਨਾਂ ਐਵੇਂ ਹੀ ਕੁੱਝ ਸੀ।
"ਇਹ ਤੁਸੀਂ ਬੱਚੀ ਦਾ ਨਾਂ ਕੀ ਰੱਖਿਆ ਏ? ਜੇ ਬਦਲਣਾ ਚਾਹੋ ਤਾਂ ਹੁਣ ਵੇਲਾ ਹੈ, ਬਦਲ ਸਕਦੇ ਹੋ। ਸਕੂਲ ਦੇ ਰਜਿਸਟਰ ਵਿੱਚ ਦਰਜ ਨਾਂ ਸਾਰੀ ਉਮਰ ਚਲੇਗਾ।" ਹਸੂੰ-ਹਸੂੰ ਚਿਹਰਾ, ਰਜਨੀ ਨੇ ਬੱਚੀ ਵੱਲ ਵੇਖਦੇ ਹੋਏ ਉਸਦੇ ਮਾਪਿਆਂ ਨੂੰ ਕਿਹਾ।
ਮਾਪੇ ਮੁੱਖ-ਅਧਿਆਪਕਾ ਦੀ ਗੱਲ ਸੁਣ ਕੇ ਸੋਚਾਂ ਵਿੱਚ ਪੈ ਗਏ। ਇੱਕ ਦੂਜੇ ਵੱਲ ਵੇਖਣ ਲੱਗੇ। ਉਹਨਾਂ ਨੂੰ ਕੋਈ ਨਾਂ ਜਿਵੇਂ ਨਾਂ ਸੁੱਝ ਰਿਹਾ ਹੋਵੇ।
ਫੇਰ ਬੱਚੀ ਦੀ ਮਾਂ ਇੱਕਦਮ ਬੋਲੀ, "ਤੁਹਾਡੀ ਬੱਚੀ ਦਾ ਕੀ ਨਾਂ ਏ? "
"ਤ੍ਰਿਸ਼ਨਾਂ! ਮੇਰੀ ਬੱਚੀ ਦਾ ਨਾਂ ਤ੍ਰਿਸ਼ਨਾਂ ਏ।" ਅਤਿਅੰਤ ਪਿਆਰ ਵਿੱਚ ਰਜਨੀ ਅੱਭੜਵਾਹੇ ਬੋਲੀ।
"ਤਾਂ ਫ਼ਿਰ ਇਹਦਾ ਨਾਂ ਵੀ ਤ੍ਰਿਸ਼ਨਾਂ ਹੀ ਦਰਜ ਕਰ ਦਿਓ।" ਬੱਚੀ ਦੇ ਪਿਤਾ ਨੇ ਕਿਹਾ। ਤੇ ਇੰਜ ਖੁਸ਼-ਖੁਸ਼ ਹੱਸਦੇ-ਹਸਾਂਦੇ ਉਸ ਬੱਚੀ ਦਾ ਦਾਖ਼ਲਾ ਹੋ ਗਿਆ।
ਮੁੱਖ-ਅਧਿਆਪਕਾ ਰਜਨੀ ਦੀ ਆਦਤ, ਦਾਖ਼ਲ ਕਰਨ ਵੇਲੇ ਜਿਸ ਬੱਚੀ ਦਾ ਨਾਂ ਉਸ ਨੂੰ ਨਾਂ ਜਚਦਾ, ਉਹ ਬੱਚੀ ਦੇ ਮਾਪਿਆਂ ਨੂੰ ਯਾਦ ਕਰਾਉਂਦੀ, "ਜੇ ਤੁਸੀਂ ਨਾਂ ਬਦਲਣਾ ਚਾਹੋ ਤਾਂ ਹੁਣ ਵੇਲਾ ਹੈ, ਬਦਲ ਸਕਦੇ ਹੋ। ਸਕੂਲ ਦੇ ਰਜਿਸਟਰ ਵਿੱਚ ਦਰਜ ਨਾਂ ਸਾਰੀ ਉਮਰ ਚੱਲੇਗਾ।" ਤੇ ਅਕਸਰ ਮਾਪੇ ਸਤਿਕਾਰ ਵਜੋਂ ਮੁਖ-ਅਧਿਆਪਕਾ ਨੂੰ ਕਹਿੰਦੇ, "ਜੋ ਨਾਂ ਤੁਹਾਨੂੰ ਚੰਗਾ ਲਗਦਾ ਹੈ ਉਹੀ ਰੱਖ ਦਿਓ।"
ਰਜਨੀ ਨੂੰ ਤਾਂ 'ਤ੍ਰਿਸ਼ਨਾ' ਨਾਂ ਚੰਗਾ ਲਗਦਾ ਸੀ। ਤੇ ਨਵੀਂ ਦਾਖ਼ਲ ਹੋਈ ਬੱਚੀ ਦਾ ਨਾਂ ਤ੍ਰਿਸ਼ਨਾ' ਰੱਖ ਦਿੱਤਾ ਜਾਂਦਾ।
ਕਰਦੇ ਕਰਦੇ ਉਸ ਸਕੂਲ ਵਿੱਚ ਢੇਰ ਸਾਰੀਆਂ ਕੁੜੀਆਂ ਦਾ ਨਾਂ 'ਤ੍ਰਿਸ਼ਨਾ' ਦਰਜ ਹੋ ਗਿਆ।
ਰਜਨੀ ਦੀਆਂ ਬੇਟੀਆਂ! ਕਿਸੇ ਨੂੰ ਤ੍ਰਿਸ਼ਨਾ ਕਹਿ ਕੇ ਪੁਕਾਰਦੀ ਤੇ ਉਹਦਾ ਵਾਤਸਲਯ ਡੁੱਲ੍ਹ-ਡੁੱਲ੍ਹ ਪੈਂਦਾ। ਉਹਦੇ ਮੂੰਹ ਵਿੱਚ ਮਾਖਿਉਂ ਵਰਗਾ ਸੁਆਦ ਘੁਲ-ਘੁਲ ਜਾਂਦਾ।
ਹਰ ਕਲਾਸ ਵਿੱਚ ਇੱਕ ਤੋਂ ਵਧੀਕ ਕੁੜੀਆਂ ਦਾ ਨਾਂ ਉਸ ਸਕੂਲ ਵਿੱਚ ਤ੍ਰਿਸ਼ਨਾਂ ਸੀ। ਚੌਹਾਂ ਪਾਸੇ ਤ੍ਰਿਸ਼ਨਾ ਹੀ ਤ੍ਰਿਸ਼ਨਾ ਹੁੰਦੀ ਰਹਿੰਦੀ। ਰਜਨੀ ਮੈਡਮ ਦੀਆਂ ਬੇਟੀਆਂ!

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਕਰਤਾਰ ਸਿੰਘ ਦੁੱਗਲ
  • ਮੁੱਖ ਪੰਨਾ : ਕਾਵਿ ਰਚਨਾਵਾਂ, ਕਰਤਾਰ ਸਿੰਘ ਦੁੱਗਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ