Uhne Kiha Si (Punjabi Story) Chandardhar Sharma Guleri

ਉਹਨੇ ਕਿਹਾ ਸੀ (ਕਹਾਣੀ) : ਚੰਦਰਧਰ ਸ਼ਰਮਾ ਗੁਲੇਰੀ

ਵੱਡੇ-ਵੱਡੇ ਸ਼ਹਿਰਾਂ ਵਾਲਿਆਂ ਦੀਆਂ ਯੱਕਾ ਗੱਡੀਆਂ ਵਾਲਿਆਂ ਦੀ ਜ਼ੁਬਾਨ ਦੇ ਛਾਂਟਿਆਂ ਨਾਲ ਜਿਨ੍ਹਾਂ ਦੀ ਪਿੱਠ ਛਿੱਲੀ ਗਈ ਹੈ ਅਤੇ ਕੰਨ ਪੱਕ ਗਏ ਹਨ ਉਨ੍ਹਾਂ ਨੂੰ ਬੇਨਤੀ ਹੈ ਕਿ ਅੰਮ੍ਰਿਤਸਰ ਦੇ ਬੰਬੂਕਾਟ ਵਾਲਿਆਂ ਦੀ ਬੋਲੀ ਦਾ ਮੱਲ੍ਹਮ ਲਗਾਉਣ। ਜਦ ਵੱਡੇ-ਵੱਡੇ ਸ਼ਹਿਰਾਂ ਦੀਆਂ ਚੌੜੀਆਂ ਸੜਕਾਂ ’ਤੇ ਘੋੜੇ ਦੀ ਪਿੱਠ ਨੂੰ ਛਾਂਟੇ ਨਾਲ ਪਿੰਜਦਿਆਂ ਤਾਂਗੇ ਵਾਲੇ ਕਦੇ ਘੋੜਿਆਂ ਦੀ ਨਾਨੀ ਨਾਲ ਆਪਣਾ ਨੇੜਲਾ ਸਬੰਧ ਸਥਾਪਤ ਕਰਦੇ ਹਨ, ਕਦੇ ਰਾਹ ਚੱਲਦੇ ਪੈਦਲ ਚੱਲਣ ਵਾਲਿਆਂ ਦੀਆਂ ਅੱਖਾਂ ਦੇ ਨਾ ਹੋਣ ’ਤੇ ਤਰਸ ਖਾਂਦੇ ਹਨ, ਕਦੇ ਉਨ੍ਹਾਂ ਦੇ ਪੈਰਾਂ ਦੀਆਂ ਉਂਗਲੀਆਂ ਨਾ ਹੋਣ ’ਤੇ ਤਰਸ ਖਾਂਦੇ ਹਨ, ਕਦੇ ਉਨ੍ਹਾਂ ਦੇ ਪੈਰਾਂ ਦੀਆਂ ਉਂਗਲੀਆਂ ਦੇ ਪੋਟਿਆਂ ਨੂੰ ਮਿੱਧ ਕੇ ਖ਼ੁਦ ਨੂੰ ਹੀ ਸਤਾਇਆ ਹੋਇਆ ਦੱਸਦੇ ਹਨ ਅਤੇ ਦੁਨੀਆਂ ਭਰ ਦੀ ਸੁਸਤੀ, ਨਿਰਾਸ਼ਾ ਅਤੇ ਪ੍ਰੇਸ਼ਾਨੀ ਦੇ ਅਵਤਾਰ ਬਣੇ ਨੱਕ ਦੀ ਸੇਧ ’ਚ ਤੁਰੀ ਜਾਂਦੇ ਹਨ, ਤਦ ਅੰਮ੍ਰਿਤਸਰ ’ਚ ਉਨ੍ਹਾਂ ਦੀ ਬਰਾਦਰੀ ਵਾਲੇ ਤੰਗ, ਚੱਕਰਦਾਰ ਗਲੀਆਂ ’ਚ ‘ਬੱਚਿਓ ਖਾਲਸਾ ਜੀ’, ‘ਹਟਿਓ ਭਾਈ ਜੀ’, ‘ਠਹਿਰੀਂ ਮਾਈ’, ‘ਆਉਣ ਦਿਓ ਲਾਲਾ ਜੀ’, ‘ਹਟਿਓ ਬਾਦਸ਼ਾਹੋ’, ਕਹਿੰਦਿਆਂ ਚਿੱਟੀਆਂ ਫੈਂਟਾਂ, ਖੱਚਰਾਂ ਤੇ ਬੱਤਖ਼ਾਂ, ਗੰਨੇ ਅਤੇ ਛਾਬੜੀ ਵਾਲਿਆਂ ਦੇ ਜੰਗਲ ’ਚੋਂ ਰਾਹ ਬਣਾਉਂਦੇ ਹਨ। ਕੀ ਮਜਾਲ ਹੈ ਕਿ ‘ਜੀ’ ਅਤੇ ‘ਸਾਹਿਬ’ ਬਿਨਾਂ ਸੁਣੇ ਕਿਸੇ ਨੂੰ ਹਟਣਾ ਪਵੇ। ਇਹ ਗੱਲ ਨਹੀਂ ਕਿ ਉਨ੍ਹਾਂ ਦੀ ਜੀਭ ਨਹੀਂ ਚਲਦੀ, ਚਲਦੀ ਹੈ ਪਰ ਮਿੱਠੀ ਛੁਰੀ ਵਾਂਗ ਬਾਰੀਕ ਮਾਰ ਕਰਦੀ ਹੋਈ। ਜੇ ਕੋਈ ਬੁੱਢੀ ਵਾਰ-ਵਾਰ ਚਿਤਾਵਨੀ ਦੇਣ ’ਤੇ ਵੀ ਲੀਹੋਂ ਨਹੀਂ ਹਟਦੀ ਤਾਂ ਉਨ੍ਹਾਂ ਦੀ ਵਚਨਾਵਲੀ ਦੇ ਇਹ ਨਮੂਨੇ ਹਨ, ‘ਹੱਟ ਜਾ, ਜੀਊਣ ਜੋਗੀਏ, ਹਟ ਜਾ ਕਰਮਾਂਵਾਲੀਏ, ਹਟ ਜਾ, ਪੁੱਤਾਂ ਪਿਆਰੀਏ, ਬਚ ਜਾ ਲੰਮੀ ਵਾਲੀਏ’, ਕੁੱਲ ਮਿਲਾ ਕੇ ਇਸ ਦਾ ਅਰਥ ਹੈ ਕਿ ਤੰੂ ਜੀਣ ਯੋਗ ਹੈ, ਤੂੰ ਭਾਗਾਂ ਵਾਲੀ ਹੈਂ, ਪੁੱਤਰਾਂ ਨੂੰ ਪਿਆਰੀ ਹੈਂ, ਲੰਮੀ ਉਮਰ ਤੇਰੇ ਸਾਹਮਣੇ ਹੈ, ਤੂੰ ਕਿਉਂ ਮੇਰੇ ਪਹੀਏ ਹੇਠਾਂ ਆਉਣਾ ਚਾਹੁੰਦੀ ਹੈਂ? ਬਚ ਜਾ।
ਅਜਿਹੇ ਟਾਂਗੇ ਵਾਲਿਆਂ ਵਿੱਚੋਂ ਦੀ ਇੱਕ ਮੁੰਡਾ ਅਤੇ ਇੱਕ ਕੁੜੀ ਚੌਕ ਦੀ ਇੱਕ ਦੁਕਾਨ ’ਤੇ ਆ ਮਿਲੇ। ਉਸ ਦੇ ਵਾਲਾਂ ਅਤੇ ਇਸ ਦੀ ਢਿੱਲੀ ਸਲਵਾਰ ਤੋਂ ਪਤਾ ਲੱਗਦਾ ਸੀ ਕਿ ਦੋਵੇਂ ਸਿੱਖ ਹਨ। ਉਹ ਆਪਣੇ ਮਾਮੇ ਦੇ ਕੇਸ ਧੋਣ ਵਾਸਤੇ ਦਹੀਂ ਲੈਣ ਆਇਆ ਸੀ ਤੇ ਇਹ ਰਸੋਈ ਲਈ ਵੜੀਆਂ। ਦੁਕਾਨਦਾਰ ਇੱਕ ਪ੍ਰੇਸ਼ਾਨੀ ਨਾਲ ਸਿੱਝ ਰਿਹਾ ਸੀ ਜਿਹੜਾ ਸੇਰ ਕੁ ਗਿੱਲੇ ਪਾਪੜਾਂ ਦੀ ਥਹੀ ਨੂੰ ਗਿਣਿਆਂ ਬਿਨਾਂ ਹਟ ਨਹੀਂ ਸੀ ਰਿਹਾ।
‘‘ਤੇਰਾ ਘਰ ਕਿੱਥੇ ਹੈ?’’

‘‘ਪਿਛਲੇ ਪਾਸੇ ਹੈ। ਤੇ ਤੇਰਾ?’’ ‘‘ਮਾਝੇ ’ਚ।’’ ਇੱਥੇ ਕਿੱਥੇ ਰਹਿੰਦੀ ਹੈਂ?’’
‘‘ਅਤਰ ਸਿੰਘ ਦੀ ਬੈਠਕ ’ਚ, ਉਹ ਮੇਰੇ ਮਾਮਾ ਲੱਗਦੇ ਹਨ।’’
‘‘ਮੈਂ ਵੀ ਮਾਮੇ ਕੋਲ ਆਇਆ ਹੋਇਆ ਹਾਂ, ਉਨ੍ਹਾਂ ਦਾ ਘਰ ਗੁਰੂ ਬਾਜ਼ਾਰ ’ਚ ਹੈ।’’
ਏਨੇ ’ਚ ਦੁਕਾਨਦਾਰ ਵਿਹਲਾ ਹੋਇਆ ਅਤੇ ਇਨ੍ਹਾਂ ਦਾ ਸੌਦਾ ਦੇਣ ਲੱਗਿਆ। ਸੌਦਾ ਲੈ ਕੇ ਦੋਵੇਂ ਨਾਲੋ-ਨਾਲ ਚਲ ਪਏ। ਕੁਝ ਦੂਰ ਜਾ ਕੇ ਮੁੰਡੇ ਨੇ ਮੁਸਕਰਾ ਕੇ ਪੁੱਛਿਆ, ‘‘ਤੇਰੀ ਕੁੜਮਾਈ ਹੋ ਗਈ?’’ ਇਹ ਸੁਣ ਕੁੜੀ ਕੁਝ ਅੱਖਾਂ ਚਾੜ੍ਹ ਕੇ ‘ਹਟ’ ਕਹਿ ਕੇ ਦੌੜ ਗਈ ਅਤੇ ਮੁੰਡਾ ਮੂੰਹ ਵੇਖਦਾ ਰਹਿ ਗਿਆ।
ਦੂਜੇ-ਤੀਜੇ ਦਿਨ ਸਬਜ਼ੀ ਵਾਲੇ ਕੋਲ, ਦੁੱਧ ਵਾਲੇ ਕੋਲ ਅਚਨਚੇਤ ਦੋਵੇਂ ਮਿਲ ਜਾਂਦੇ ਹਨ। ਮਹੀਨਾ ਭਰ ਇਹੀ ਹਾਲ ਰਿਹਾ। ਦੋ-ਤਿੰਨ ਵਾਰ ਮੁੰਡੇ ਨੇ ਫਿਰ ਪੁੱਛਿਆ, ‘‘ਤੇਰੀ ਕੁੜਮਾਈ ਹੋ ਗਈ?’’ ਤਾਂ ਜਵਾਬ ’ਚ ਉਹੀ ‘‘ਹਟ’’ ਮਿਲਿਆ। ਇੱਕ ਦਿਨ ਜਦ ਫੇਰ ਮੁੰਡੇ ਨੇ ਉਸੇ ਤਰ੍ਹਾਂ ਹਾਸੇ ਨਾਲ ਚਿੜਾਉਣ ਲਈ ਪੁੱਛਿਆ ਤਾਂ ਕੁੜੀ, ਮੁੰਡੇ ਦੀ ਸੰਭਾਵਨਾ ਦੇ ਉਲਟ ਬੋਲੀ, ‘‘ਹਾਂ, ਹੋ ਗਈ।’’
‘‘ਕਦ?’’
‘‘ਕੱਲ੍ਹ, ਵੇਖਦਾ ਨਹੀਂ ਇਹ ਰੇਸ਼ਮ ਨਾਲ ਕੱਢਿਆ ਹੋਇਆ ਸਾਲੂ।’’
ਕੁੜੀ ਦੌੜ ਗਈ, ਮੁੰਡਾ ਘਰ ਵੱਲ ਚੱਲ ਪਿਆ। ਰਸਤੇ ’ਚ ਇੱਕ ਮੁੰਡੇ ਨੂੰ ਮੋਰੀ ’ਚ ਧੱਕ ਦਿੱਤਾ, ਇੱਕ ਛਾਬੜੀ ਵਾਲੇ ਦੀ ਦਿਨ ਭਰ ਦੀ ਕਮਾਈ ਗੁਆਚ ਗਈ। ਇੱਕ ਕੁੱਤੇ ਦੇ ਪੱਥਰ ਮਾਰਿਆ ਅਤੇ ਇੱਕ ਗੋਭੀ ਵਾਲੇ ਦੇ ਠੇਲੇ ’ਚ ਦੁੱਧ ਡੋਲ੍ਹ ਦਿੱਤਾ। ਸਾਹਮਣਿਓਂ ਨਹਾ ਕੇ ਆਉਂਦੀ ਕਿਸੇ ਵੈਸ਼ਨਵੀ ਨਾਲ ਵੱਜ ਕੇ ਅੰਨ੍ਹੇ ਦੀ ਉਪਾਧੀ ਹਾਸਲ ਕੀਤੀ। ਤਦ ਕਿਤੇ ਘਰ ਪੁੱਜਿਆ।
2
‘‘ਰਾਮ-ਰਾਮ ਇਹ ਵੀ ਕੀ ਲੜਾਈ ਹੈ। ਦਿਨੇ-ਰਾਤੀਂ ਖੰਦਕਾਂ ’ਚ ਬੈਠਿਆਂ ਹੱਡੀਆਂ ਆਕੜ ਗਈਆਂ ਹਨ। ਲੁਧਿਆਣੇ ਤੋਂ ਦਸ ਗੁਣਾ ਠੰਢ ਤੇ ਮੀਂਹ ਤੇ ਉਪਰੋਂ ਬਰਫ਼। ਪਿੰਨੀਆਂ ਤੱਕ ਚਿੱਕੜ ’ਚ ਖੁੱਭੇ ਹੋਏ ਹਾਂ। ਦੁਸ਼ਮਣ ਕਿਤੇ ਦਿਖਦਾ ਨਹੀਂ। ਘੰਟੇ-ਦੋ ਘੰਟਿਆਂ ’ਚ ਕੰਨ ਦੇ ਪਰਦੇ ਫਾੜਨ ਵਾਲੇ ਧਮਾਕੇ ਨਾਲ ਸਾਰੀ ਖੰਦਕ ਹਿੱਲ ਜਾਂਦੀ ਹੈ ਅਤੇ ਸੌ-ਸੌ ਗਜ਼ ਧਰਤੀ ਉੱਛਲ ਪੈਂਦੀ ਹੈ। ਇਸ ਗ਼ੈਬੀ ਗੋਲੀ ਤੋਂ ਬਚੇ ਤਾਂ ਕੋਈ ਲੜੇ। ਨਗਰਕੋਟ (ਕਾਂਗੜਾ) ਦਾ ਭੂਚਾਲ ਸੁਣਿਆ ਸੀ, ਇੱਥੇ ਦਿਨ ’ਚ ਪੰਝੀ ਭੂਚਾਲ ਆਉਂਦੇ ਹਨ। ਜੇ ਕਿਤੇ ਖੰਦਕ ’ਚੋਂ ਬਾਹਰ ਸਾਫਾ ਜਾਂ ਅਰਕ ਨਿਕਲ ਗਈ ਤਾਂ ਚਟਾਕ ਨਾਲ ਗੋਲੀ ਵੱਜਦੀ ਹੈ। ਪਤਾ ਨਹੀਂ ਬੇਈਮਾਨ ਮਿੱਟੀ ’ਚ ਲੰਮੇ ਪਏ ਜਾਂ ਘਾਹ ਦਿਆਂ ਪੱਤਿਆਂ ’ਚ ਲੁਕੇ ਰਹਿੰਦੇ ਹਨ।’’
‘‘ਲਹਿਣਾ ਸਿੰਘ, ਹੋਰ ਤਿੰਨ ਦਿਨ ਹਨ। ਚਾਰ ਤਾਂ ਖੰਦਕ ’ਚ ਲੰਘਾ ਦਿੱਤੇ ਹਨ। ਪਰਸੋਂ ‘ਰਿਲੀਫ’ ਆ ਜਾਵੇਗੀ ਤੇ ਫਿਰ ਸੱਤ ਦਿਨਾਂ ਦੀ ਛੁੱਟੀ, ਆਪਣੇ ਹੱਥੀਂ ਝਟਕਾ ਬਣਾਵਾਂਗੇ ਤੇ ਢਿੱਡ ਭਰ ਕੇ ਖਾ ਕੇ ਸੁੱਤੇ ਰਹਾਂਗੇ। ਉਸੇ ਫਰੰਗੀ ਮੇਮ ਦੇ ਬਾਗ਼ ’ਚ ਮਖਮਲ ਜਿਹਾ ਹਰਾ ਘਾਹ ਹੈ। ਫਲਾਂ ਤੇ ਦੁੱਧ ਦੀ ਬਾਰਿਸ਼ ਕਰ ਦਿੰਦੀ ਹੈ, ਲੱਖ ਕਹਿੰਦਾ ਹਾਂ ਪੈਸੇ ਨਹੀਂ ਲੈਂਦੀ ਕਹਿੰਦੀ ਹੈ ਤੁਸੀਂ ਰਾਜਾ ਹੋ, ਮੇਰੇ ਮੁਲਕ ਨੂੰ ਬਚਾਉਣ ਆਏ ਹੋ।’’
‘‘ਚਾਰ ਦਿਨਾਂ ਤੱਕ ਪਲਕਾਂ ਨਹੀਂ ਝਪਕੀਆਂ। ਬਿਨਾਂ ਘੁਮਾਇਆਂ ਘੋੜਾ ਵਿਗੜਦਾ ਹੈ ਤੇ ਬਿਨਾਂ ਲੜਿਆਂ ਸਿਪਾਹੀ। ਮੈਨੂੰ ਤਾਂ ਸੰਗੀਨ ਚੜ੍ਹਾ ਕੇ ਮਾਰਚ ਕਰਨ ਦਾ ਹੁਕਮ ਮਿਲ ਜਾਵੇ ਫਿਰ ਸੱਤ ਜਰਮਨਾਂ ਨੂੰ ਇਕੱਲਾ ਮਾਰ ਕੇ ਨਾ ਪਰਤਾਂ ਤਾਂ ਮੈਨੂੰ ਦਰਬਾਰ ਸਾਹਿਬ ਦੀ ਦਹਿਲੀਜ਼ ’ਤੇ ਮੱਥਾ ਟੇਕਣਾ ਨਸੀਬ ਨਾ ਹੋਵੇ, ਨੀਚ ਕਿਤੋਂ ਦੇ। ਸੰਗੀਨ ਵੇਖਦਿਆਂ ਹੀ ਮੂੰਹ ਫਾੜ ਦਿੰਦੇ ਹਨ ਤੇ ਪੈਰੀਂ ਪੈਣ ਲੱਗਦੇ ਹਨ। ਉਂਜ ਹਨੇਰੇ ’ਚ ਤੀਹ-ਤੀਹ ਮਣ ਦਾ ਗੋਲਾ ਸੁੱਟਦੇ ਹਨ। ਉਸ ਦਿਨ ਹੱਲਾ ਬੋਲਿਆ ਸੀ, ਚਾਰ ਮੀਲਾਂ ਤੱਕ ਇੱਕ ਜਰਮਨ ਨਹੀਂ ਛੱਡਿਆ ਸੀ। ਪਿੱਛੇ ਜਨਰਲ ਸਾਹਿਬ ਨੇ ਪਿਛਾਂਹ ਹਟ ਆਉਣ ਦੀ ਕਮਾਨ ਦਿੱਤੀ, ਨਹੀਂ ਤਾਂ…।’’
‘‘ਨਹੀਂ ਤਾਂ ਸਿੱਧੇ ਬਰਲਿਨ ਪੁੱਜ ਜਾਂਦੇ, ਕਿਉਂ?’’ ਸੂਬੇਦਾਰ ਹਜ਼ਾਰਾ ਸਿੰਘ ਨੇ ਮੁਸਕਰਾ ਕੇ ਕਿਹਾ। ‘‘ਲੜਾਈ ਦੇ ਮਾਮਲੇ ਜਮਾਂਦਾਰ ਜਾਂ ਨਾਇਕ ਦੇ ਚਲਾਇਆਂ ਨਹੀਂ ਚਲਦੇ, ਵੱਡੇ ਅਫ਼ਸਰ ਦੂਰ ਦੀ ਸੋਚਦੇ ਹਨ। ਤਿੰਨ ਸੌ ਮੀਲਾਂ ਦਾ ਸਾਹਮਣਾ ਹੈ। ਇੱਕ ਪਾਸੇ ਵਧ ਗਏ ਤਾਂ ਕੀ ਹੋਵੇਗਾ?’’
‘‘ਸੂਬੇਦਾਰ ਜੀ, ਸੱਚ ਹੈ।’’ ਲਹਿਣਾ ਸਿੰਘ ਨੇ ਕਿਹਾ। ‘‘ਪਰ ਕੀ ਕਰੀਏ? ਹੱਡੀਆਂ ’ਚ ਤਾਂ ਠੰਢ ਵੜ ਗਈ ਹੈ। ਸੂਰਜ ਨਿਕਲਦਾ ਨਹੀਂ ਤੇ ਖਾਈ ਦੇ ਦੋਵੇਂ ਪਾਸੇ ਚੰਬੇ ਦੀਆਂ ਬਾਉਲੀਆਂ ਵਰਗੇ ਝਰਨੇ ਫੁੱਟ ਪੈਂਦੇ ਹਨ। ਇੱਕ ਹੱਲਾ ਹੋ ਜਾਏ ਤਾਂ ਗਰਮੀ ਆ ਜਾਵੇ।’’
‘‘ਉੱਦਮੀਆ ਉੱਠ, ਸਿਗੜੀ ’ਚ ਕੋਇਲੇ ਪਾ। ਵਜ਼ੀਰਿਆ, ਤੁਸੀਂ ਚਾਰ ਜਣੇ ਬਾਲਟੀਆਂ ਲੈ ਕੇ ਖਾਈ ਦਾ ਪਾਣੀ ਬਾਹਰ ਸੁੱਟੋ। ਮਹਾਂ ਸਿੰਘ, ਸ਼ਾਮ ਹੋ ਗਈ ਹੈ। ਖਾਈ ਦੇ ਬੂਹੇ ਦਾ ਪਹਿਰਾ ਬਦਲ ਦੇ।’’ ਇਹ ਕਹਿੰਦਿਆਂ ਸੂਬੇਦਾਰ ਸਾਰੀਆਂ ਖੰਦਕਾਂ ਦਾ ਚੱਕਰ ਲਾਉਣ ਲੱਗਿਆ।
ਵਜ਼ੀਰਾ ਸਿੰਘ ਪਲਟਣ ਦਾ ਭੰਡ ਹੈ। ਬਾਲਟੀ ’ਚ ਗੰਦਾ ਪਾਣੀ ਭਰ ਕੇ ਖਾਈ ’ਚੋਂ ਬਾਹਰ ਸੁੱਟਦਾ ਹੋਇਆ ਆਖਣ ਲੱਗਾ, ‘‘ਮੈਂ ਪਾਂਧਾ ਬਣ ਗਿਆ ਹਾਂ। ਕਰੋ ਜਰਮਨੀ ਦੇ ਬਾਦਸ਼ਾਹ ਦਾ ਤਰਪਣ।’’ ਇਸ ’ਤੇ ਸਾਰੇ ਖਿੜਖਿੜਾ ਕੇ ਹੱਸ ਪਏ ਤੇ ਉਦਾਸੀ ਦੇ ਬੱਦਲ ਖਿੰਡ ਗਏ।
ਲਹਿਣਾ ਸਿੰਘ ਨੇ ਦੂਜੀ ਬਾਲਟੀ ਭਰ ਕੇ ਉਸ ਦੇ ਹੱਥ ’ਚ ਦੇ ਕੇ ਕਿਹਾ, ‘‘ਆਪਣੀ ਬਗੀਚੀ ਦਿਆਂ ਖਰਬੂਜਿਆਂ ਨੂੰ ਪਾਣੀ ਦੇ। ਇਹੋ ਜਿਹਾ ਖਾਦ ਦਾ ਪਾਣੀ ਪੰਜਾਬ ਭਰ ’ਚ ਨਹੀਂ ਮਿਲੇਗਾ।’’
‘‘ਹਾਂ ਦੇਸ਼ ਕੀ ਹੈ ਸਵਰਗ ਹੈ। ਮੈਂ ਤਾਂ ਲੜਾਈ ਮਗਰੋਂ ਸਰਕਾਰ ਕੋਲੋਂ ਦਸ ਘੁਮਾਂ ਜ਼ਮੀਨ ਮੰਗ ਲਵਾਂਗਾ ਤੇ ਫਲਾਂ ਦੇ ਬੂਟੇ ਉਗਾਵਾਂਗਾ।’’
‘‘ਵਹੁਟੀ ਨੂੰ ਵੀ ਇੱਥੇ ਸੱਦ ਲਵੇਂਗਾ ਜਾਂ ਉਹੀ ਦੁੱਧ ਪਿਆਉਣ ਵਾਲੀ ਫਰੰਗੀ ਮੇਮ?’’
‘‘ਚੁੱਪ ਕਰ, ਇੱਥੋਂ ਵਾਲਿਆਂ ਦੀ ਸ਼ਰਮ ਨਹੀਂ।’’
‘‘ਦੇਸ਼-ਦੇਸ਼ ਦੀ ਚਾਲ ਹੈ। ਅੱਜ ਤੀਕ ਮੈਂ ਉਹਨੂੰ ਸਮਝਾ ਨਹੀਂ ਸਕਿਆ ਕਿ ਸਿੱਖ ਤੰਬਾਕੂ ਨਹੀਂ ਪੀਂਦੇ। ਉਹ ਸਿਗਰਟ ਪੀਣ ਲਈ ਜ਼ਿੱਦ ਕਰਦੀ ਹੈ। ਬੁੱਲ੍ਹਾਂ ਨਾਲ ਲਾਉਣਾ ਚਾਹੁੰਦੀ ਹੈ ਤੇ ਮੈਂ ਪਿੱਛੇ ਹਟਦਾ ਹਾਂ ਤਾਂ ਸਮਝਦੀ ਹੈ ਕਿ ਰਾਜਾ ਬੁਰਾ ਮੰਨ ਗਿਆ ਹੈ। ਹੁਣ ਮੇਰੇ ਮੁਲਕ ਲਈ ਲੜੇਗਾ ਨਹੀਂ।’’
‘‘ਅੱਛਾ, ਹੁਣ ਬੋਧੇ ਦਾ ਕੀ ਹਾਲ ਹੈ?’’
‘‘ਚੰਗਾ ਹੈ।’’
‘‘ਜਿਵੇਂ ਮੈਂ ਜਾਣਦਾ ਨਾ ਹੋਵਾਂ। ਰਾਤ ਭਰ ਤੁਸੀਂ ਆਪਣੇ ਦੋਵੇਂ ਕੰਬਲ ਉਸ ’ਤੇ ਪਾਉਂਦੇ ਹੋ ਤੇ ਆਪੰੂ ਸਿਗੜੀ ਆਸਰੇ ਗੁਜ਼ਾਰਾ ਕਰਦੇ ਹੋ। ਉਸ ਦੇ ਪਹਿਰੇ ’ਤੇ ਆਪੂੰ ਪਹਿਰਾ ਦੇ ਆਉਂਦੇ ਹੋ। ਆਪਣੇ ਸੁੱਕੀਆਂ ਲੱਕੜੀਆਂ ਦੇ ਤਖ਼ਤ ’ਤੇ ਉਸ ਨੂੰ ਸੁਆਉਂਦੇ ਹੋ। ਆਪੂੰ ਚਿੱਕੜ ’ਚ ਪਏ ਰਹਿੰਦੇ ਹੋ। ਕਿਤੇ ਤੂੰ ਢਿੱਲਾ ਨਾ ਪੈ ਜਾਵੀਂ। ਠੰਢ ਕੀ ਹੈ, ਮੌਤ ਹੈ ਤੇ ਨਮੂਨੀਏ ਨਾਲ ਮਰਨ ਵਾਲਿਆਂ ਨੂੰ ਮੁਰੱਬੇ ਨਹੀਂ ਮਿਲਦੇ ਹੁੰਦੇ।’’
‘‘ਮੇਰੀ ਫ਼ਿਕਰ ਮਤ ਕਰੋ। ਮੈਂ ਤਾਂ ਬੁਲੇਲ ਦੀ ਖੱਡ ਕੰਢੇ ਮਰਾਂਗਾ। ਭਾਈ ਕੀਰਤ ਸਿੰਘ ਦੀ ਗੋਦ ’ਚ ਮੇਰਾ ਸਿਰ ਹੋਵੇਗਾ ਤੇ ਵਿਹੜੇ ’ਚ ਮੇਰੇ ਹੱਥ ਦੇ ਲਾਏ ਹੋਏ ਅੰਬ ਦੇ ਦਰੱਖਤ ਦੀ ਛਾਂ ਹੋਵੇਗੀ।’’
ਵਜ਼ੀਰਾ ਸਿੰਘ ਨੇ ਤਿਊੜੀ ਚੜ੍ਹਾ ਕੇ ਕਿਹਾ, ‘‘ਕੀ ਮਰਨ-ਮਰਾਉਣ ਦੀ ਗੱਲ ਲਾਈ ਹੋਈ ਹੈ? ਮਰਨ ਜਰਮਨ ਤੇ ਤੁਰਕ।’’
ਏਨੇ ’ਚ ਇੱਕ ਕੋਨੇ ’ਚ ਪੰਜਾਬੀ ਗੀਤ ਦੀ ਆਵਾਜ਼ ਸੁਣਾਈ ਦਿੱਤੀ। ਸਾਰੀ ਖੰਦਕ ਗੀਤ ਨਾਲ ਗੂੰਜ ਪਈ ਤੇ ਸਿਪਾਹੀ ਫਿਰ ਤਾਜ਼ੇ ਹੋ ਗਏ, ਜਿਵੇਂ ਚਾਰ ਦਿਨਾਂ ਤੋਂ ਸੁੱਤੇ ਤੇ ਮੌਜ ਹੀ ਕਰ ਰਹੇ ਹੋਣ।
3
ਦੋ ਪਹਿਰ ਰਾਤ ਲੰਘੀ ਹੈ, ਹਨੇਰਾ ਹੈ, ਚੁੱਪ-ਚਾਂ ਫੈਲੀ ਹੋਈ ਹੈ। ਬੋਧਾ ਸਿੰਘ ਖਾਲੀ ਬਿਸਕੁਟ ਦੇ ਤਿੰਨ ਟੀਨਾਂ ’ਤੇ ਆਪਣੇ ਦੋਵੇਂ ਕੰਬਲ ਵਿਛਾ ਕੇ ਤੇ ਲਹਿਣਾ ਸਿੰਘ ਦੇ ਦੋ ਕੰਬਲ ਅਤੇ ਇੱਕ ਬਰਾਨਕੋਟ ਪਾ ਕੇ ਸੌਂ ਰਿਹਾ ਹੈ। ਲਹਿਣਾ ਸਿੰਘ ਪਹਿਰੇ ’ਤੇ ਖੜ੍ਹਾ ਹੈ। ਇੱਕ ਅੱਖ ਖਾਈ ਦੇ ਮੂੰੰਹ ’ਤੇ ਹੈ ਅਤੇ ਇੱਕ ਬੋਧਾ ਸਿੰਘ ਦੇ ਕਮਜ਼ੋਰ ਸਰੀਰ ’ਤੇ। ਬੋਧਾ ਸਿੰਘ ਕਰਾਹਿਆ।
‘‘ਕਿਉਂ ਬੋਧਾ ਸਿੰਘ, ਭਾਈ ਕੀ ਹੈ?’’
‘‘ਪਾਣੀ ਪਿਆ ਦੇ।’’
ਲਹਿਣਾ ਸਿੰਘ ਨੇ ਕਟੋਰਾ ਉਸ ਦੇ ਮੂੰਹ ਨਾਲ ਲਾ ਕੇ ਪੁੱਛਿਆ, ‘‘ਦੱਸ ਕੀ ਗੱਲ ਹੈ?’’ ਪਾਣੀ ਪੀ ਕੇ ਬੋਧਾ ਬੋਲਿਆ, ‘‘ਕੰਬਣੀ ਛੁੱਟ ਰਹੀ ਹੈ। ਲੂੰ-ਲੂੰ ’ਚ ਤਾਰ ਦੌੜ ਰਹੇ ਹਨ, ਦੰਦ ਵੱਜ ਰਹੇ ਹਨ।’’
‘‘ਅੱਛਾ, ਮੇਰੀ ਜਰਸੀ ਪਾ ਲੈ।’’
‘‘ਤੇ ਤੂੰ?’’
‘‘ਮੇਰੇ ਕੋਲ ਸਿਗੜੀ ਹੈ ਤੇ ਮੈਨੂੰ ਗਰਮੀ ਲਗਦੀ ਹੈ, ਪਸੀਨਾ ਆ ਰਿਹਾ ਹੈ।’’
‘‘ਨਹੀਂ, ਮੈਂ ਨਹੀਂ ਪਾਉਣੀ, ਚਾਰ ਦਿਨਾਂ ਤੋਂ ਤੂੰ ਮੇਰੇ ਲਈ…।’’
‘‘ਹਾਂ, ਯਾਦ ਆਈ। ਮੇਰੇ ਕੋਲ ਦੂਜੀ ਗਰਮ ਜਰਸੀ ਹੈ। ਅੱਜ ਸਵੇਰੇ ਹੀ ਆਈ ਹੈ। ਵਿਲਾਇਤੋਂ ਮੇਮਾਂ ਬੁਣ-ਬੁਣ ਕੇ ਭੇਜ ਰਹੀਆਂ ਹਨ। ਗੁਰੂ ਉਨ੍ਹਾਂ ਦਾ ਭਲਾ ਕਰੇ।’’ ਇੰਜ ਆਖ ਕੇ ਲਹਿਣਾ ਆਪਣਾ ਕੋਟ ਲਾ ਕੇ ਜਰਸੀ ਲਾਹੁਣ ਲੱਗਿਆ।
‘‘ਸੱਚ ਕਹਿੰਦੇ ਹੋ?’’
‘‘ਹੋਰ ਨਹੀਂ ਤਾਂ ਝੂਠ?’’ ਇੰਜ ਆਖ ਕੇ ਨਾਂਹ ਕਰਦੇ ਬੋਧੇ ਨੂੰ ਉਹਨੇ ਜ਼ਬਰਦਸਤੀ ਜਰਸੀ ਪੁਆ ਦਿੱਤੀ ਤੇ ਆਪ ਖਾਕੀ ਕੋਟ ਤੇ ਜ਼ੀਨ ਦਾ ਕੁਰਤਾ ਜਿਹਾ ਪਾ ਕੇ ਪਹਿਰੇ ’ਤੇ ਆਣ ਖੜ੍ਹਾ ਹੋਇਆ। ਮੇਮ ਦੀ ਜਰਸੀ ਦੀ ਕਥਾ ਸਿਰਫ਼ ਕਥਾ ਸੀ।
ਅੱਧਾ ਘੰਟਾ ਬੀਤਿਆ। ਏਨੇ ’ਚ ਖਾਈ ਦੇ ਮੂੰਹ ’ਚੋਂ ਆਵਾਜ਼ ਆਈ, ‘‘ਸੂਬੇਦਾਰ ਹਜ਼ਾਰਾ ਸਿੰਘ।’’
‘‘ਕੌਣ? ਲਪਟਨ ਸਾਹਿਬ, ਹੁਕਮ ਹਜ਼ੂਰ।’’ ਕਹਿ ਕੇ ਸੂਬੇਦਾਰ ਤਣ ਕੇ ਫ਼ੌਜੀ ਸਲਾਮ ਕਰਕੇ ਸਾਹਮਣੇ ਹੋਇਆ।
‘‘ਵੇਖੋ, ਇਸੇ ਵੇਲੇ ਹੱਲਾ ਬੋਲਣਾ ਹੋਵੇਗਾ। ਮੀਲ ਕੁ ਦੀ ਵਿੱਥ ’ਤੇ ਪੂਰਬੀ ਕੋਨੇ’ਚ ਇੱਕ ਜਰਮਨ ਖਾਈ ਹੈ। ਉਸ ’ਚ ਪੰਜਾਹ ਤੋਂ ਜ਼ਿਆਦਾ ਜਰਮਨ ਨਹੀਂ ਹਨ। ਇਨ੍ਹਾਂ ਦਰੱਖਤਾਂ ਦੇ ਹੇਠਾਂ-ਹੇਠਾਂ ਦੋ ਖੇਤਾਂ ਤੋਂ ਪਰੇ ਰਸਤਾ ਹੈ। ਤਿੰਨ-ਚਾਰ ਮੋੜ ਹਨ, ਜਿੱਥੇ ਮੋੜ ਹੈ, ਉਥੇ ਪੰਦਰਾਂ ਜਵਾਨ ਖੜ੍ਹੇ ਕਰ ਆਇਆ ਹਾਂ। ਤੂੰ ਇੱਥੇ ਦਸ ਆਦਮੀ ਛੱਡ ਕੇ ਸਾਰਿਆਂ ਨੂੰ ਨਾਲ ਲੈ ਕੇ ਉਨ੍ਹਾਂ ਨਾਲ ਜਾ ਮਿਲੋ। ਖੰਦਕ ਖੋਹ ਕੇ ਉਥੇ ਜਦ ਤੀਕ ਦੂਜਾ ਹੁਕਮ ਨਾ ਮਿਲੇ ਡਟੇ ਰਹਿਣਾ। ਮੈਂ ਇੱਥੇ ਰਹਾਂਗਾ।’’
‘‘ਜੋ ਹੁਕਮ।’’
ਚੁੱਪਚਾਪ ਸਾਰੇ ਤਿਆਰ ਹੋ ਗਏ। ਬੋਧਾ ਵੀ ਕੰਬਲ ਲਾਹ ਕੇ ਚੱਲਣ ਲੱਗਿਆ। ਤਦ ਲਹਿਣਾ ਸਿੰਘ ਨੇ ਉਹਨੂੰ ਰੋਕਿਆ। ਲਹਿਣਾ ਸਿੰਘ ਅੱਗੇ ਹੋਇਆ ਤਾਂ ਬੋਧੇ ਦੇ ਬਾਪ ਸੂਬੇਦਾਰ ਨੇ ਉਂਗਲੀ ਨਾਲ ਬੋਧੇ ਵੱਲ ਇਸ਼ਾਰਾ ਕੀਤਾ। ਲਹਿਣਾ ਸਿੰਘ ਸਮਝ ਕੇ ਚੁੱਪ ਹੋ ਗਿਆ। ਪਿੱਛੇ ਦਸ ਆਦਮੀ ਕਿਹੜੇ ਰਹਿਣ। ਇਸ ’ਤੇ ਬੜੀ ਹੁੱਜਤ ਹੋਈ। ਕੋਈ ਰਹਿਣਾ ਨਹੀਂ ਚਾਹੁੰਦਾ ਸੀ। ਸਮਝਾ-ਬੁਝਾ ਕੇ ਸੂਬੇਦਾਰ ਨੇ ਮਾਰਚ ਕੀਤਾ। ਲਪਟਨ ਸਾਹਿਬ ਲਹਿਣੇ ਦੀ ਸਿਗੜੀ ਕੋਲ ਮੂੰਹ ਫੇਰ ਕੇ ਖੜ੍ਹੇ ਹੋ ਗਏ ਤੇ ਜੇਬ ’ਚੋਂ ਸਿਗਰਟ ਕੱਢ ਕੇ ਸੁਲਗਾਉਣ ਲੱਗ ਪਏ। ਦਸ ਮਿੰਟਾਂ ਬਾਅਦ ਉਨ੍ਹਾਂ ਨੇ ਲਹਿਣੇ ਵੱਲ ਹੱਥ ਵਧਾ ਕੇ ਕਿਹਾ, ‘‘ਲੈ ਤੂੰ ਵੀ ਪੀ।’’
ਅੱਖ ਮਾਰਦਿਆਂ-ਮਾਰਦਿਆਂ ਲਹਿਣਾ ਸਭ ਸਮਝ ਗਿਆ। ਮੂੰਹ ਦਾ ਭਾਵ ਲੁਕਾ ਕੇ ਬੋਲਿਆ, ‘‘ਲਿਆਉ, ਸਾਹਿਬ।’’ ਹੱਥ ਅੱਗੇ ਕਰਦਿਆਂ ਹੀ ਉਹਨੇ ਸਿਗੜੀ ਦੀ ਰੌਸ਼ਨੀ ’ਚ ਸਾਹਿਬ ਦਾ ਮੂੰਹ ਦੇਖਿਆ, ਵਾਲ ਦੇਖੇ, ਤਦ ਉਸ ਦਾ ਮੱਥਾ ਠਣਕਿਆ। ਲਪਟਨ ਸਾਹਿਬ ਦੇ ਪਟਿਆਂ ਵਾਲੇ ਵਾਲ ਇੱਕ ਦਿਨ ’ਚ ਕਿੱਥੇ ਉਡ ਗਏ ਤੇ ਉਸ ਦੀ ਥਾਂ ਕੈਦੀਆਂ ਜਿਹੇ ਕੱਟੇ ਹੋਏ ਵਾਲ ਕਿੱਥੋਂ ਆ ਗਏ?
ਸ਼ਾਇਦ ਸਾਹਿਬ ਨੇ ਸ਼ਰਾਬ ਪੀਤੀ ਹੋਈ ਹੈ ਤੇ ਉਨ੍ਹਾਂ ਨੂੰ ਵਾਲ ਕਟਵਾਉਣ ਦਾ ਮੌਕਾ ਮਿਲ ਗਿਆ ਹੈ?ਲਹਿਣਾ ਸਿੰਘ ਨੇ ਪੜਤਾਲਣਾ ਚਾਹਿਆ। ਲਪਟਨ ਸਾਹਿਬ ਪੰਜ ਸਾਲਾਂ ਤੋਂ ਉਸ ਦੀ ਰੈਜੀਮੈਂਟ ’ਚ ਸਨ।
‘‘ਕਿਉਂ ਸਾਹਿਬ, ਅਸੀਂ ਲੋਕ ਹਿੰਦੁਸਤਾਨ ਕਦ ਜਾਵਾਂਗੇ?’’
‘‘ਲੜਾਈ ਖ਼ਤਮ ਹੋਣ ’ਤੇ, ਕਿਉਂ ਕੀ ਇਹ ਦੇਸ਼ ਪਸੰਦ ਨਹੀਂ?’’
‘‘ਨਹੀਂ ਸਾਹਿਬ, ਸ਼ਿਕਾਰ ਦੇ ਓਹ ਮਜ਼ੇ ਇੱਥੇ ਕਿੱਥੇ? ਯਾਦ ਹੈ, ਪਿਛਲੇ ਸਾਲ ਨਕਲੀ ਲੜਾਈ ਲਈ ਅਸੀਂ ਤੁਸੀਂ ਜਗਾਧਰੀ ਦੇ ਜ਼ਿਲ੍ਹੇ ’ਚ ਸ਼ਿਕਾਰ ਕਰਨ ਗਏ ਸਾਂ?’’
‘‘ਹਾਂ-ਹਾਂ’’
‘‘ਓਥੇ ਜਦ ਤੁਸੀਂ ਖੋਤੇ ’ਤੇ ਸਵਾਰ ਸਾਓ ਤੇ ਤੁਹਾਡਾ ਖਾਨਸਾਮਾ ਅਬਦੁੱਲਾ ਰਾਹ ’ਚ ਇੱਕ ਮੰਦਰ ’ਚ ਜਲ ਚੜ੍ਹਾਉਣ ਲਈ ਰਹਿ ਗਿਆ ਸੀ?’’
‘‘ਬੇਸ਼ੱਕ, ਪਾਜੀ ਕਿਤੋਂ ਦਾ?’’
‘‘ਸਾਹਮਣਿਓਂ ਉਹ ਨੀਲ ਗਾਂ ਆਈ ਕਿ ਏਨੀ ਵੱਡੀ ਮੈਂ ਕਦੇ ਨਾ ਵੇਖੀ ਸੀ ਤੇ ਤੁਹਾਡੀ ਇੱਕ ਗੋਲੀ ਮੋਢੇ ’ਤੇ ਵੱਜੀ ਤੇ ਪੱਠੇ ’ਚੋਂ ਨਿਕਲ ਗਈ। ਇਹੋ ਜਿਹੇ ਅਫ਼ਸਰ ਨਾਲ ਸ਼ਿਕਾਰ ਖੇਡਣ ’ਚ ਮਜ਼ਾ ਹੈ। ਕਿਉਂ ਸਾਹਿਬ? ਸ਼ਿਮਲਿਓਂ ਤਿਆਰ ਹੋ ਕੇ ਉਸ ਨੀਲ ਗਾਂ ਦਾ ਸਿਰ ਆ ਗਿਆ ਸੀ ਨਾ? ਤੁਸੀਂ ਕਿਹਾ ਸੀ ਕਿ ਰੈਜੀਮੈਂਟ ਦੇ ਮੈੱਸ ’ਚ ਲਗਾਵਾਂਗੇ।’’
‘‘ਹਾਂ, ਪਰ ਮੈਂ ਉਹ ਵਿਲਾਇਤ ਭੇਜ ਦਿੱਤਾ।’’
‘‘ਏਨੇ ਵੱਡੇ-ਵੱਡੇ ਸਿੰਙ, ਦੋ-ਦੋ ਫੁੱਟ ਦੇ ਤਾਂ ਹੋਣਗੇ?’’
‘‘ਹਾਂ, ਲਹਿਣਾ ਸਿੰਘ, ਦੋ ਫੁੱਟ ਚਾਰ ਇੰਚ ਦੇ ਸਨ। ਤੂੰ ਸਿਗਰਟ ਨਹੀਂ ਪੀਤੀ?’’
‘‘ਪੀਂਦਾ ਹਾਂ ਸਾਹਿਬ, ਮਾਚਸ ਲੈ ਕੇ ਆਉਂਦਾ ਹਾਂ।’’ ਆਖ ਕੇ ਲਹਿਣਾ ਸਿੰਘ ਖੰਦਕ ’ਚ ਵੜਿਆ। ਹੁਣ ਉਸ ਨੂੰ ਸ਼ੱਕ ਨਹੀਂ ਰਿਹਾ ਸੀ। ਉਸ ਨੇ ਝਟਪਟ ਨਿਸ਼ਚਾ ਕਰ ਲਿਆ ਕਿ ਕੀ ਕਰਨਾ ਚਾਹੀਦਾ ਹੈ।
ਹਨੇਰੇ ’ਚ ਉਹ ਕਿਸੇ ਸੌਣ ਵਾਲੇ ਨਾਲ ਵੱਜਿਆ।
‘‘ਕੌਣ? ਵਜ਼ੀਰਾ ਸਿੰਘ।’’
‘‘ਹਾਂ, ਕਿਉਂ ਲਹਿਣਿਆ? ਕੀ ਕਿਆਮਤ ਆ ਗਈ? ਜ਼ਰਾ ਤਾਂ ਸੌਣ ਦਿੱਤਾ ਹੁੰਦਾ।’’
4
‘‘ਹੋਸ਼ ’ਚ ਆਓ। ਕਿਆਮਤ ਆਈ ਤੇ ਲਪਟਨ ਸਾਹਿਬ ਦੀ ਵਰਦੀ ਪਾ ਕੇ ਆਈ ਹੈ।’’
‘‘ਕਿਉਂ?’’
‘‘ਲਪਟਨ ਸਾਹਿਬ ਜਾਂ ਤਾਂ ਮਾਰੇ ਗਏ ਜਾਂ ਕੈਦ ਹੋ ਗਏ ਹਨ। ਉਨ੍ਹਾਂ ਦੀ ਵਰਦੀ ਪਾ ਕੇ ਇਹ ਕੋਈ ਜਰਮਨ ਆਇਆ ਹੈ। ਸੂਬੇਦਾਰ ਨੇ ਇਹਦਾ ਮੂੰਹ ਨਹੀਂ ਵੇਖਿਆ। ਮੈਂ ਵੇਖਿਆ ਤੇ ਗੱਲਾਂ ਕੀਤੀਆਂ ਹਨ। ਸਹੁਰਾ ਸਾਫ਼ ਉਰਦੂ ਬੋਲਦਾ ਹੈ ਪਰ ਕਿਤਾਬੀ ਉਰਦੂ ਤੇ ਮੈਨੂੰ ਪੀਣ ਲਈ ਸਿਗਰਟ ਦਿੱਤੀ ਹੈ।’’
‘‘ਤਾਂ ਹੁਣ?’’
‘‘ਹੁਣ ਮਾਰੇ ਗਏ। ਧੋਖਾ ਹੈ। ਸੂਬੇਦਾਰ ਹੋਰੀਂ ਚਿੱਕੜ ’ਚ ਚੱਕਰ ਮਾਰਦੇ ਫਿਰਨਗੇ ਤੇ ਇੱਥੇ ਖਾਈ ’ਤੇ ਹੱਲਾ ਹੋਵੇਗਾ। ਓਧਰ ਉਨ੍ਹਾਂ ’ਤੇ ਖੁੱਲ੍ਹੀ ਥਾਂ ’ਤੇ ਹੱਲਾ ਹੋਵੇਗਾ। ਉੱਠ, ਇੱਕ ਕੰਮ ਕਰ। ਪਲਟਨ ਦਿਆਂ ਪੈਰਾਂ ਦੇ ਨਿਸ਼ਾਨ ਵੇਖਦੇ-ਵੇਖਦੇ ਦੌੜ ਜਾਓ। ਅਜੇ ਦੂਰ ਨਾ ਗਏ ਹੋਣਗੇ। ਸੂਬੇਦਾਰ ਨੂੰ ਕਹਿ ਕੇ ਇਕਦਮ ਵਾਪਸ ਆ ਜਾਣ। ਖੰਦਕ ਵਾਲੀ ਗੱਲ ਝੂਠੀ ਹੈ। ਚਲੇ ਜਾਓ, ਖੰਦਕ ਪਿੱਛਿਓਂ ਨਿਕਲ ਜਾਓ। ਪੱਤਾ ਤੱਕ ਨਾ ਖੜਕੇ। ਦੇਰ ਨਾ ਕਰੋ।’’
‘‘ਹੁਕਮ ਤਾਂ ਇਹ ਹੈ ਕਿ ਇੱਥੇ…।’’
‘‘ਐਸੀ ਤੈਸੀ ਹੁਕਮ ਦੀ, ਮੇਰਾ ਹੁਕਮ ਜਮਾਂਦਾਰ ਲਹਿਣਾ ਸਿੰਘ ਜਿਹੜਾ ਇਸ ਵਕਤ ਇੱਥੇ ਸਭ ਤੋਂ ਵੱਡਾ ਅਫ਼ਸਰ ਹੈ, ਉਸ ਦਾ ਹੁਕਮ ਹੈ। ਮੈਂ ਲਪਟਨ ਸਾਹਿਬ ਦਾ ਪਤਾ ਕਰਦਾ ਹਾਂ।’’
‘‘ਪਰ ਇੱਥੇ ਤਾਂ ਤੁਸੀਂ ਅੱਠ ਹੀ ਹੋ।’’
‘‘ਅੱਠ ਨਹੀਂ, ਦਸ ਲੱਖ। ਇੱਕ-ਇੱਕ ਅਕਾਲੀ ਸਿੱਖ ਸਵਾ ਲੱਖ ਦੇ ਬਰਾਬਰ ਹੁੰਦਾ ਹੈ। ਚਲੇ ਜਾਓ।’’
ਪਰਤ ਕੇ ਖਾਈ ਦੇ ਮੂੰਹ ਕੋਲ ਲਹਿਣਾ ਸਿੰਘ ਕੰਧ ਨਾਲ ਚਿਪਕ ਗਿਆ। ਉਹਨੇ ਵੇਖਿਆ ਕਿ ਲਪਟਨ ਸਾਹਿਬ ਨੇ ਜੇਬ ’ਚੋਂ ਤਿੰਨ ਗੋਲੇ ਕੱਢੇ। ਤਿੰਨਾਂ ਨੂੰ ਥਾਂ-ਥਾਂ ਖੰਦਕ ਦੀਆਂ ਦੀਵਾਰਾਂ ’ਚ ਘੁਸੇੜ ਦਿੱਤਾ ਅਤੇ ਤਿੰਨਾਂ ’ਚ ਇੱਕ ਤਾਰ ਜਿਹਾ ਬੰਨ੍ਹ ਦਿੱਤਾ। ਤਾਰ ਅੱਗੇ ਸੂਤ ਦੀ ਗੁੱਥੀ ਸੀ, ਜਿਹਨੂੰ ਸਿਗੜੀ ਨੇੜੇ ਰੱਖਿਆ। ਬਾਹਰ ਵੱਲ ਜਾ ਕੇ ਇੱਕ ਤੀਲੀ ਮਾਚਸ ਦੀ ਜਲਾ ਕੇ ਗੁੱਥੀ ’ਤੇ ਰੱਖਣ…।
ਬਿਜਲੀ ਵਾਂਗ ਦੋਵਾਂ ਹੱਥਾਂ ਨਾਲ ਪੁੱਠੀ ਬੰਦੂਕ ਚੁੱਕ ਕੇ ਲਹਿਣਾ ਸਿੰਘ ਨੇ ਸਾਹਿਬ ਦੀ ਅਰਕ ’ਤੇ ਕੱਸ ਕੇ ਮਾਰੀ। ਧਮਾਕੇ ਨਾਲ ਸਾਹਿਬ ਹੱਥੋਂ ਮਾਚਸ ਡਿੱਗ ਪਈ। ਲਹਿਣਾ ਸਿੰਘ ਨੇ ਇੱਕ ਦਸਤਾ ਸਾਹਿਬ ਦੀ ਧੌਣ ’ਤੇ ਮਾਰਿਆ ਤੇ ਸਾਹਿਬ ‘ਅੱਖ! ਮੀਨ ਗੌਟ’ ਕਹਿੰਦਿਆਂ ਚਿੱਤ ਹੋ ਗਿਆ। ਲਹਿਣਾ ਸਿੰਘ ਨੇ ਤਿੰਨੋ ਗੋਲੇ ਚੁੱਕ ਕੇ ਖੰਦਕੋਂ ਬਾਹਰ ਸੁੱਟੇ ਤੇ ਸਾਹਿਬ ਨੂੰ ਘਸੀਟ ਕੇ ਸਿਗੜੀ ਕੋਲ ਲੰਮਾ ਪਾ ਦਿੱਤਾ। ਜੇਬਾਂ ਦੀ ਤਲਾਸ਼ੀ ਲਈ। ਤਿੰਨ-ਚਾਰ ਲਿਫਾਫੇ ਅਤੇ ਇੱਕ ਡਾਇਰੀ ਕੱਢ ਕੇ ਉਨ੍ਹਾਂ ਨੂੰ ਆਪਣੀ ਜੇਬ ਹਵਾਲੇ ਕੀਤਾ।
ਸਾਹਿਬ ਦੀ ਮੂਰਛਾ ਹਟੀ। ਲਹਿਣਾ ਸਿੰਘ ਹੱਸ ਕੇ ਬੋਲਿਆ, ‘‘ਕਿਉਂ ਲਪਟਨ ਸਾਹਿਬ! ਹਾਲ ਕਿਹੋ ਜਿਹਾ ਹੈ? ਅੱਜ ਮੈਂ ਬੜੀਆਂ ਗੱਲਾਂ ਸਿੱਖੀਆਂ। ਇਹ ਸਿੱਖਿਆ ਕਿ ਸਿੱਖ ਸਿਗਰਟ ਪੀਂਦੇ ਹਨ। ਇਹ ਸਿੱਖਿਆ ਕਿ ਜਗਾਧਰੀ ਦੇ ਜ਼ਿਲ੍ਹੇ ’ਚ ਨੀਲ ਗਾਵਾਂ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਦੋ ਫੁੱਟ ਚਾਰ ਇੰਚ ਦੇ ਸਿੰਙ ਹੁੰਦੇ ਹਨ। ਇਹ ਸਿੱਖਿਆ ਕਿ ਮੁਸਲਮਾਨ ਖਾਨਸਾਮੇ ਮੂਰਤੀਆਂ ’ਤੇ ਜਲ ਚੜ੍ਹਾਉਂਦੇ ਹਨ ਅਤੇ ਲਪਟਨ ਸਾਹਿਬ ਖੋਤੇ ’ਤੇ ਚੜ੍ਹਦੇ ਹਨ ਪਰ ਇਹ ਤਾਂ ਦੱਸੋ, ਇਹੋ ਜਿਹੀ ਸਾਫ਼ ਉਰਦੂ ਕਿੱਥੋਂ ਸਿੱਖ ਕੇ ਆਏ ਹੋ? ਸਾਡੇ ਲਪਟਨ ਸਾਹਿਬ ਤਾਂ ਬਿਨਾਂ ‘ਡੇਮ’ ਦੇ ਪੰਜ ਲਫ਼ਜ਼ ਵੀ ਨਹੀਂ ਬੋਲਿਆ ਕਰਦੇ ਸਨ।’’
ਲਹਿਣੇ ਨੇ ਪੈਂਟ ਦੀਆਂ ਜੇਬਾਂ ਦੀ ਤਲਾਸ਼ੀ ਨਹੀਂ ਲਈ ਸੀ। ਸਾਹਿਬ ਨੇ ਜਿਵੇਂ ਠੰਢ ਤੋਂ ਬਚਣ ਲਈ ਦੋਵੇਂ ਹੱਥ ਜੇਬਾਂ ’ਚ ਪਾਏ।
ਲਹਿਣਾ ਕਹਿੰਦਾ ਗਿਆ, ‘‘ਚਲਾਕ ਤਾਂ ਬੜੇ ਹੋ, ਪਰ ਮਾਝੇ ਦਾ ਲਹਿਣਾ ਇੰਨੇ ਵਰ੍ਹੇ ਲਪਟਨ ਸਾਹਿਬ ਨਾਲ ਰਿਹਾ ਹੈ। ਉਹਨੂੰ ਚਕਮਾ ਦੇਣ ਲਈ ਚਾਰ ਅੱਖਾਂ ਚਾਹੀਦੀਆਂ ਹਨ। ਤਿੰਨ ਮਹੀਨੇ ਪਹਿਲਾਂ ਇੱਕ ਤੁਰਕੀ ਮੌਲਵੀ ਸਾਡੇ ਪਿੰਡ ਆਇਆ ਸੀ। ਔਰਤਾਂ ਨੂੰ ਬੱਚੇ ਹੋਣ ਦੇ ਤਵੀਤ ਵੰਡਦਾ ਸੀ। ਚੌਧਰੀ ਦੇ ਬੋਹੜ ਹੇਠਾਂ ਮੰਜਾ ਡਾਹ ਕੇ ਹੁੱਕਾ ਪੀਂਦਾ ਰਹਿੰਦਾ ਸੀ ਤੇ ਆਖਦਾ ਸੀ ਜਰਮਨ ਵਾਲੇ ਬੜੇ ਪੰਡਤ ਹਨ। ਵੇਦ ਪੜ੍ਹ ਕੇ ਉਸ ’ਤੋਂ ਜਹਾਜ਼ ਚਲਾਉਣ ਦੀ ਵਿੱਦਿਆ ਜਾਣ ਗਏ ਹਨ। ਗਊ ਨਹੀਂ ਮਾਰਦੇ। ਹਿੰਦੁਸਤਾਨ ’ਚ ਆ ਜਾਣਗੇ ਤਾਂ ਗਊ ਹੱਤਿਆ ਬੰਦ ਕਰ ਦੇਣਗੇ। ਮੰਡੀ ਦੇ ਬਾਣੀਆਂ ਨੂੰ ਬਹਿਕਾਉਂਦਾ ਸੀ ਕਿ ਡਾਕਖਾਨਿਓਂ ਰੁਪਏ ਕੱਢ ਲਵੋ, ਸਰਕਾਰ ਦਾ ਰਾਜ ਜਾਣ ਵਾਲਾ ਹੈ। ਡਾਕ ਬਾਬੂ ਪੋਹਲੂ ਰਾਮ ਵੀ ਡਰ ਗਿਆ ਸੀ। ਮੈਂ ਮੁੱਲਾਂ ਜੀ ਦੀ ਦਾੜ੍ਹੀ ਮੁੰਨ ਦਿੱਤੀ ਸੀ ਤੇ ਪਿੰਡੋਂ ਬਾਹਰ ਕੱਢ ਕੇ ਕਿਹਾ ਸੀ ਕਿ ਜੇ ਸਾਡੇ ਪਿੰਡ ’ਚ ਹੁਣ ਪੈਰ ਰੱਖਿਆ ਤਾਂ…।’’
ਸਾਹਿਬ ਦੀ ਜੇਬ ’ਚੋਂ ਪਿਸਤੌਲ ਚੱਲਿਆ ਅਤੇ ਲਹਿਣੇ ਦੇ ਪੱਟ ’ਚ ਗੋਲੀ ਵੱਜੀ। ਇਧਰ ਲਹਿਣੇ ਦੀ ਹੈਨਰੀ ਮਾਰਟਿਨੀ ਦੇ ਦੋ ਫਾਇਰਾਂ ਨੇ ਸਾਹਿਬ ਦੀ ਕਪਾਲ ਕਿਰਿਆ ਕਰ ਦਿੱਤੀ। ਧੜਾਕਾ ਸੁਣ ਕੇ ਸਾਰੇ ਦੌੜ ਆਏ।
ਬੋਧਾ ਚੀਕਿਆ, ‘‘ਕੀ ਹੈ?’’
ਲਹਿਣਾ ਸਿੰਘ ਨੇ ਉਸ ਨੂੰ ਇਹ ਕਹਿ ਕੇ ਸੁਆ ਦਿੱਤਾ ਕਿ ਇੱਕ ਹਲਕਿਆ ਕੁੱਤਾ ਆਇਆ ਸੀ, ਮਾਰ ਦਿੱਤਾ ਅਤੇ ਹੋਰਨਾਂ ਨੂੰ ਸਭ ਹਾਲ ਕਹਿ ਦਿੱਤਾ। ਸਾਰੇ ਬੰਦੂਕਾਂ ਲੈ ਕੇ ਤਿਆਰ ਹੋ ਗਏ। ਲਹਿਣੇ ਨੇ ਸਾਫਾ ਪਾੜ ਕੇ ਜ਼ਖ਼ਮ ਦੇ ਦੋਹੀਂ ਪਾਸੀਂ ਪੱਟੀਆਂ ਕੱਸ ਕੇ ਬੰਨ੍ਹੀਆਂ। ਜ਼ਖ਼ਮ ਮਾਸ ਵਿੱਚ ਹੀ ਸੀ। ਪੱਟੀਆਂ ਦੇ ਕੱਸਣ ਨਾਲ ਲਹੂ ਨਿਕਲਣਾ ਬੰਦ ਹੋ ਗਿਆ।
ਇੰਨੇ ’ਚ ਸੱਤਰ ਜਰਮਨ ਚੀਖਦੇ ਹੋਏ ਖਾਈ ’ਚ ਦਾਖਲ ਹੋ ਗਏ। ਸਿੱਖਾਂ ਦੀਆਂ ਬੰਦੂਕਾਂ ਦੀ ਬਾੜ ਨੇ ਪਹਿਲੇ ਹੱਲੇ ਨੂੰ ਰੋਕਿਆ। ਦੂਜੇ ਨੂੰ ਰੋਕਿਆ, ਪਰ ਇੱਥੇ ਸਨ ਅੱਠ (ਲਹਿਣਾ ਲੱਭ-ਲੱਭ ਕੇ ਮਾਰ ਰਿਹਾ ਸੀ। ਉਹ ਖੜ੍ਹਾ ਸੀ, ਹੋਰ ਲੰਮੇ ਪਏ ਸਨ) ਤੇ ਉਹ ਸੱਤਰ। ਆਪਣੇ ਮੁਰਦਾ ਭਰਾਵਾਂ ਦੇ ਸਰੀਰ ’ਤੇ ਚੜ੍ਹ ਕੇ ਜਰਮਨ ਅੱਗੇ ਘੁਸ ਆਉਂਦੇ ਸਨ। ਥੋੜ੍ਹੇ ਮਿੰਟਾਂ ’ਚ ਉਹ …।
ਅਚਨਚੇਤ ਆਵਾਜ਼ ਆਈ, ‘‘ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।।’ ਅਤੇ ਧੜਾਧੜ ਬੰਦੂਕਾਂ ਦੇ ਫਾਇਰ ਜਰਮਨਾਂ ਦੀਆਂ ਪਿੱਠਾਂ ’ਤੇ ਵਰ੍ਹਨ ਲੱਗੇ। ਐਨ ਮੌਕੇ ਜਰਮਨ ਦੋ ਚੱਕੀ ਦਿਆਂ ਪੁੜਾਂ ’ਚ ਆ ਗਏ। ਪਿੱਛਿਓਂ ਹਜ਼ਾਰਾ ਸਿੰਘ ਦੇ ਜਵਾਨ ਅੱਗ ਵਰ੍ਹਾਉਂਦੇ ਸਨ ਤੇ ਸਾਹਮਣਿਓਂ ਲਹਿਣਾ ਸਿੰਘ ਦੇ ਸਾਥੀਆਂ ਦੀਆਂ ਸੰਗੀਨਾਂ ਚੱਲ ਰਹੀਆਂ ਸਨ। ਕੋਲ ਆਉਣ ’ਤੇ ਪਿੱਛੇ ਵਾਲਿਆਂ ਨੇ ਵੀ ਸੰਗੀਨ ਪਰੋਣੇ ਸ਼ੁਰੂ ਕਰ ਦਿੱਤੇ।
ਇੱਕ ਬੁਲਬਲੀ ਹੋਰ- ‘ਅਕਾਲ ਸਿੱਖਾਂ ਦੀ ਫ਼ੌਜ ਆਈ! ਵਾਹਿਗੁਰੂ ਜੀ ਦਾ ਖਾਲਸਾ। ਵਾਹਿਗੁਰੂ ਜੀ ਦੀ ਫਤਹਿ।। ਸਤਿ ਸ੍ਰੀ ਅਕਾਲ ਪੁਰਖ!!!’ ਤੇ ਲੜਾਈ ਖ਼ਤਮ ਹੋ ਗਈ। ਤ੍ਰੇਹਠ ਜਰਮਨ ਜਾਂ ਤਾਂ ਮਰ ਰਹੇ ਸਨ ਜਾਂ ਕਰਾਹ ਰਹੇ ਸਨ। ਸਿੱਖਾਂ ’ਚੋਂ ਪੰਦਰਾਂ ਦੀਆਂ ਜਾਨਾਂ ਗਈਆਂ। ਸੂਬੇਦਾਰ ਦੇ ਸੱਜੇ ਮੋਢੇ ’ਚੋਂ ਦੀ ਗੋਲੀ ਆਰ-ਪਾਰ ਨਿਕਲ ਗਈ। ਲਹਿਣਾ ਸਿੰਘ ਦੀ ਪਸਲੀ ’ਚ ਇੱਕ ਗੋਲੀ ਵੱਜੀ। ਉਹਨੇ ਜ਼ਖ਼ਮ ਨੂੰ ਖੰਦਕ ਦੀ ਗਿੱਲੀ ਮਿੱਟੀ ਨਾਲ ਪੂਰ ਲਿਆ ਅਤੇ ਬਾਕੀ ਦਾ ਸਾਫਾ ਬੰਨ੍ਹ ਕੇ ਕੱਸ ਕੇ ਕਮਰਬੰਦ ਵਾਂਗ ਲਪੇਟ ਲਿਆ। ਕਿਸੇ ਨੂੰ ਪਤਾ ਨਾ ਲੱਗਿਆ ਕਿ ਲਹਿਣੇ ਨੂੰ ਦੂਜਾ ਜ਼ਖ਼ਮ, ਗਹਿਰਾ ਜ਼ਖ਼ਮ ਲੱਗਿਆ ਹੈ।
ਲੜਾਈ ਮੌਕੇ ਚੰਦਰਮਾ ਨਿਕਲ ਆਇਆ ਸੀ। ਅਜਿਹਾ ਚੰਦਰਮਾ ਜਿਸ ਦੀ ਰੌਸ਼ਨੀ ਨੂੰ ਸੰਸਕ੍ਰਿਤ ਦੇ ਕਵੀਆਂ ਦੁਆਰਾ ਦਿੱਤਾ ਹੋਇਆ ‘ਕਸ਼ਿਪਾ’ ਨਾਂ ਸਾਰਥਕ ਹੁੰਦਾ ਹੈ। ਹਵਾ ਅਜਿਹੀ ਚੱਲ ਰਹੀ ਸੀ ਜਿਹੋ ਜਿਹੀ ਕਿ ਬਾਣਭੱਟ ਦੀ ਭਾਸ਼ਾ ’ਚ ‘ਦੰਤਵੀਣੋਪਦੇਸ਼ਾਚਾਰਿਆ’ ਅਖਵਾਉਂਦੀ ਹੈ। ਵਜ਼ੀਰਾ ਸਿੰਘ ਆਖ ਰਿਹਾ ਸੀ ਕਿ ਕਿਵੇਂ ਮਣ-ਮਣ ਭਰ ਫਰਾਂਸ ਦੀ ਮਿੱਟੀ ਉਸ ਦੇ ਬੂਟਾਂ ਨਾਲ ਚੰਬੜ ਰਹੀ ਸੀ ਜਦ ਉਹ ਦੌੜਦਾ-ਦੌੜਦਾ ਸੂਬੇਦਾਰ ਮਗਰ ਗਿਆ ਸੀ। ਸੂਬੇਦਾਰ, ਲਹਿਣਾ ਸਿੰਘ ਕੋਲੋਂ ਸਾਰਾ ਹਾਲ ਸੁਣ ਕੇ ਅਤੇ ਕਾਗਜ਼ਾਤ ਲੈ ਕੇ ਉਸ ਦੀ ਤੇਜ਼ ਬੁੱਧੀ ਨੂੰ ਸਰਾਹ ਰਹੇ ਸਨ ਅਤੇ ਆਖ ਰਹੇ ਸਨ ਕਿ ਤੂੰ ਨਾ ਹੁੰਦਾ ਤਾਂ ਅੱਜ ਸਾਰੇ ਮਾਰੇ ਜਾਂਦੇ।
ਇਸ ਲੜਾਈ ਦੀ ਆਵਾਜ਼ ਤਿੰਨ ਮੀਲ ਸੱਜੇ ਪਾਸੇ ਵਾਲੀ ਖਾਈ ਵਾਲਿਆਂ ਨੇ ਸੁਣ ਲਈ ਸੀ। ਉਨ੍ਹਾਂ ਪਿੱਛੇ ਟੈਲੀਫੋਨ ਕਰ ਦਿੱਤਾ ਸੀ। ਉਥੋਂ ਤੁਰੰਤ ਦੋ ਡਾਕਟਰ ਅਤੇ ਦੋ ਬਿਮਾਰਾਂ ਨੂੰ ਢੋਣ ਵਾਲੀਆਂ ਗੱਡੀਆਂ ਚੱਲੀਆਂ ਜਿਹੜੀਆਂ ਕੋਈ ਡੇਢ ਘੰਟੇ ਦੇ ਅੰਦਰ-ਅੰਦਰ ਆ ਪੁੱਜੀਆਂ। ਫੀਲਡ ਹਸਪਤਾਲ ਨੇੜੇ ਸੀ। ਸਵੇਰ ਹੁੰਦਿਆਂ-ਹੁੰਦਿਆਂ ਓਥੇ ਪੁੱਜ ਜਾਣਗੇ। ਇਸ ਲਈ ਮਾਮੂਲੀ ਪੱਟੀਆਂ ਬੰਨ੍ਹ ਕੇ ਇੱਕ ਗੱਡੀ ’ਚ ਜ਼ਖ਼ਮੀਆਂ ਨੂੰ ਲਿਟਾਇਆ ਗਿਆ ਅਤੇ ਦੂਜੀ ’ਚ ਲਾਸ਼ਾਂ ਰੱਖੀਆਂ ਗਈਆਂ। ਸੂਬੇਦਾਰ ਨੇ ਲਹਿਣਾ ਸਿੰਘ ਦੇ ਪੱਟ ’ਤੇ ਪੱਟੀ ਬੰਨ੍ਹਵਾਉਣੀ ਚਾਹੀ ਪਰ ਉਹਨੇ ਇਹ ਕਹਿ ਕੇ ਟਾਲ ਦਿੱਤਾ ਕਿ ਜ਼ਖ਼ਮ ਥੋੜ੍ਹਾ ਹੈ, ਸਵੇਰੇ ਵੇਖੀ ਜਾਵੇਗੀ। ਬੋਧਾ ਸਿੰਘ ਬੁਖਾਰ ਨਾਲ ਬੁੜਬੁੜਾ ਰਿਹਾ ਸੀ। ਉਹਨੂੰ ਗੱਡੀ ’ਚ ਲਿਟਾਇਆ ਗਿਆ। ਲਹਿਣੇ ਨੂੰ ਛੱਡ ਕੇ ਸੂਬੇਦਾਰ ਜਾ ਨਹੀਂ ਸੀ ਰਿਹਾ। ਇਹ ਵੇਖ ਲਹਿਣੇ ਨੇ ਕਿਹਾ, ‘‘ਤੁਹਾਨੂੰ ਬੋਧੇ ਦੀ ਕਸਮ ਹੈ ਤੇ ਸੂਬੇਦਾਰਨੀ ਦੀ ਸਹੁੰ ਹੈ ਜੇ ਇਸ ਗੱਡੀ ’ਚ ਨਾ ਜਾਓ।’’
‘‘ਤੇ, ਤੂੰ?’’
‘ਮੇਰੇ ਲਈ ਓਥੇ ਪੁੱਜ ਕੇ ਗੱਡੀ ਭੇਜ ਦੇਣਾ ਤੇ ਜਰਮਨ ਮੁਰਦਿਆਂ ਲਈ ਵੀ ਤਾਂ ਗੱਡੀਆਂ ਆ ਰਹੀਆਂ ਹੋਣਗੀਆਂ। ਮੇਰਾ ਹਾਲ ਬੁਰਾ ਨਹੀਂ ਹੈ। ਵੇਖਦੇ ਨਹੀਂ ਮੈਂ ਖੜ੍ਹਾ ਹਾਂ? ਵਜ਼ੀਰਾ ਸਿੰਘ ਮੇਰੇ ਕੋਲ ਹੀ ਹੈ।’’
‘‘ਚੰਗਾ ਪਰ-’’
‘‘ਬੋਧਾ ਗੱਡੀ ’ਚ ਲੇਟ ਗਿਆ ਭਲਾ? ਤੁਸੀਂ ਵੀ ਚੜ੍ਹ ਜਾਓ, ਸੁਣਿਓ, ਸੂਬੇਦਾਰਨੀ ਹੁਰਾਂ ਨੂੰ ਚਿੱਠੀ ਲਿਖੋ ਤਾਂ ਮੇਰਾ ਮੱਥਾ ਟੇਕਣਾ ਲਿਖ ਦੇਣਾ ਤੇ ਜਦ ਘਰ ਜਾਓ ਤਾਂ ਕਹਿ ਦੇਣਾ ਕਿ ਮੈਨੂੰ ਜੋ ਉਹਨੇ ਕਿਹਾ ਸੀ ਉਹ ਮੈਂ ਕਰ ਦਿੱਤਾ ਹੈ।’’
ਗੱਡੀਆਂ ਚੱਲ ਪਈਆਂ ਸਨ। ਸੂਬੇਦਾਰ ਨੇ ਚੜ੍ਹਦਿਆਂ ਚੜ੍ਹਦਿਆਂ ਲਹਿਣੇ ਦਾ ਹੱਥ ਫੜ ਕੇ ਕਿਹਾ, ‘‘ਤੂੰ ਮੇਰੇ ਤੇ ਬੋਧੇ ਦੇ ਪ੍ਰਾਣ ਬਚਾਏ ਹਨ, ਲਿਖਣਾ ਕੀ? ਇਕੱਠਿਆਂ ਘਰ ਜਾਵਾਂਗੇ। ਆਪਣੀ ਸੂਬੇਦਾਰਨੀ ਨੂੰ ਤੂੰ ਹੀ ਆਖ ਦੇਈਂ, ਉਹਨੇ ਕੀ ਕਿਹਾ ਸੀ?’’
‘‘ਹੁਣ ਤੁਸੀਂ ਗੱਡੀ ਚੜ੍ਹ ਜਾਓ। ਮੈਂ ਜੋ ਕਿਹਾ ਉਹ ਲਿਖ ਦੇਣਾ ਤੇ ਕਹਿ ਵੀ ਦੇਣਾ।’’
ਗੱਡੀ ਦੇ ਜਾਂਦਿਆਂ ਹੀ ਲਹਿਣਾ ਲੰਮਾ ਪੈ ਗਿਆ। ‘‘ਵਜ਼ੀਰਿਆ, ਪਾਣੀ ਪਿਆ ਦੇ ਤੇ ਮੇਰਾ ਕਮਰਬੰਦ ਖੋਲ੍ਹ ਦੇ, ਭਿੱਜ ਰਿਹਾ ਹੈ।’’
5
ਮੌਤ ਤੋਂ ਕੁਝ ਸਮਾਂ ਪਹਿਲਾਂ ਯਾਦਦਾਸ਼ਤ ਬਹੁਤ ਸਾਫ਼ ਹੋ ਜਾਂਦੀ ਹੈ। ਜੀਵਨ ਭਰ ਦੀਆਂ ਘਟਨਾਵਾਂ ਇੱਕ-ਇੱਕ ਕਰਕੇ ਸਾਹਮਣੇ ਆਉਂਦੀਆਂ ਹਨ। ਸਾਰੇ ਦ੍ਰਿਸ਼ਾਂ ਦੇ ਰੰਗ ਸਾਫ਼ ਹੁੰਦੇ ਹਨ। ਸਮੇਂ ਦੀ ਧੁੰਦ ਉਨ੍ਹਾਂ ਤੋਂ ਬਿਲਕੁਲ ਹਟ ਜਾਂਦੀ ਹੈ।
+++
ਲਹਿਣਾ ਸਿੰਘ ਬਾਰ੍ਹਾਂ ਸਾਲਾਂ ਦਾ ਹੈ। ਅੰਮ੍ਰਿਤਸਰ ਵਿਖੇ ਮਾਮੇ ਕੋਲ ਆਇਆ ਹੋਇਆ ਹੈ। ਦਹੀਂ ਵਾਲੇ ਕੋਲ, ਸਬਜ਼ੀ ਵਾਲੇ ਕੋਲ, ਹਰ ਕਿਤੇ ਉਹਨੂੰ ਇੱਕ ਅੱਠ ਸਾਲਾਂ ਦੀ ਕੁੜੀ ਮਿਲ ਜਾਂਦੀ ਹੈ। ਉਹ ਜਦ ਪੁੱਛਦਾ ਹੈ, ‘‘ਤੇਰੀ ਕੁੜਮਾਈ ਹੋ ਗਈ?’’ ਤਦ ‘ਹਟ’ ਕਹਿ ਕੇ ਉਹ ਦੌੜ ਜਾਂਦੀ ਹੈ। ਇੱਕ ਦਿਨ ਉਹਨੇ ਉਂਜ ਹੀ ਪੁੱਛਿਆ ਤਾਂ ਉਹਨੇ ਕਿਹਾ, ‘‘ਹਾਂ, ਕੱਲ੍ਹ ਹੋ ਗਈ। ਵੇਖਦਾ ਨਹੀਂ ਇਹ ਰੇਸ਼ਮ ਦੇ ਫੁੱਲਾਂ ਵਾਲਾ ਸਾਲੂ?’’ ਸੁਣਦਿਆਂ ਹੀ ਬਹੁਤ ਦੁੱਖ ਹੋਇਆ। ਗੁੱਸਾ ਚੱੜ੍ਹਿਆ, ਕਿਉਂ ਚੜ੍ਹਿਆ?
‘‘ਵਜ਼ੀਰਾ ਸਿੰਘ, ਪਾਣੀ ਪਿਆ ਦੇ।’’
+++
ਪੰਝੀ ਸਾਲ ਲੰਘ ਗਏ, ਹੁਣ ਲਹਿਣਾ ਸਿੰਘ ਨੰ. 77 ਰਾਈਫਲਜ਼ ’ਚ ਜਮਾਂਦਾਰ ਬਣ ਗਿਆ ਹੈ। ਉਸ ਅੱਠ ਸਾਲਾਂ ਦੀ ਕੁੜੀ ਦਾ ਧਿਆਨ ਹੀ ਨਹੀਂ ਰਿਹਾ। ਨਹੀਂ ਪਤਾ ਉਹ ਕਦੀ ਮਿਲੀ ਸੀ ਜਾਂ ਨਹੀਂ। ਸੱਤ ਦਿਨ ਦੀ ਛੁੱਟੀ ਲੈ ਕੇ ਜ਼ਮੀਨ ਦੇ ਮੁਕੱਦਮੇ ਦੀ ਪੈਰਵੀ ਕਰਨ ਉਹ ਆਪਣੇ ਘਰ ਗਿਆ। ਉਥੇ ਰੈਜੀਮੈਂਟ ਦੇ ਅਫ਼ਸਰ ਦੀ ਚਿੱਠੀ ਮਿਲੀ ਕਿ ਫ਼ੌਜ ਲਾਮ ’ਤੇ ਜਾਣੀ ਹੈ, ਫੌਰਨ ਚਲੇ ਆਓ। ਨਾਲ ਹੀ ਸੂਬੇਦਾਰ ਹਜ਼ਾਰਾ ਸਿੰਘ ਦੀ ਚਿੱਠੀ ਮਿਲੀ ਕਿ ਮੈਂ ਤੇ ਬੋਧਾ ਸਿੰਘ ਵੀ ਲਾਮ ’ਤੇ ਜਾ ਰਹੇ ਹਾਂ। ਪਰਤਦੇ ਹੋਏ ਸਾਡੇ ਘਰ ਹੁੰਦੇ ਜਾਣਾ। ਇਕੱਠੇ ਚੱਲਾਂਗੇ। ਸੂਬੇਦਾਰ ਦਾ ਘਰ ਰਸਤੇ ’ਚ ਪੈਂਦਾ ਸੀ ਤੇ ਸੂਬੇਦਾਰ ਉਹਨੂੰ ਬਹੁਤ ਚਾਹੁੰਦਾ ਸੀ। ਲਹਿਣਾ ਸਿੰਘ ਸੂਬੇਦਾਰ ਦੇ ਘਰ ਪੁੱਜਿਆ।
ਜਦ ਚੱਲਣ ਲੱਗਿਆ ਤਾਂ ਸੂਬੇਦਾਰ ਵਿਹੜੇ ’ਚੋਂ ਨਿਕਲ ਕੇ ਆਇਆ ਆਖਣ ਲੱਗਿਆ, ‘‘ਲਹਿਣੇ, ਸੂਬੇਦਾਰਨੀ ਤੈਨੂੰ ਜਾਣਦੀ ਹੈ। ਸੱਦ ਰਹੀ ਹੈ। ਜਾਹ ਮਿਲ ਆ।’’ ਲਹਿਣਾ ਅੰਦਰ ਪੁੱਜਾ। ਸੂਬੇਦਾਰਨੀ ਮੈਨੂੰ ਜਾਣਦੀ ਹੈ? ਕਦ ਤੋਂ? ਰੈਜੀਮੈਂਟ ਦੇ ਕੁਆਰਟਰਾਂ ’ਚ ਤਾਂ ਕਦੀ ਸੂਬੇਦਾਰ ਦੇ ਘਰ ਦੇ ਲੋਕ ਰਹੇ ਨਹੀਂ। ਦਰਵਾਜ਼ੇ ’ਤੇ ਜਾ ਕੇ ‘ਮੱਥਾ ਟੇਕਣਾ’ ਕਿਹਾ, ਅਸੀਸ ਸੁਣੀ, ਲਹਿਣਾ ਸਿੰਘ ਚੁੱਪ।
‘‘ਮੈਨੂੰ ਪਛਾਣਿਆ?’’
‘‘ਨਹੀਂ।’’
‘‘ਤੇਰੀ ਕੁੜਮਾਈ ਹੋ ਗਈ? ਹਟ, ਕੱਲ੍ਹ ਹੋ ਗਈ, ਵੇਖਦਾ ਨਹੀਂ ਰੇਸ਼ਮੀ ਬੂਟੀਆਂ ਵਾਲਾ ਸਾਲੂ, ਅੰਮ੍ਰਿਤਸਰ ’ਚ।’’
ਭਾਵਾਂ ਦੀ ਟਕਰਾਹਟ ਨਾਲ ਮੂਰਛਾ ਖੁੱਲ੍ਹੀ, ਪਾਸਾ ਪਲਟਿਆ।
ਪਸਲੀ ਦਾ ਜ਼ਖ਼ਮ ਵਹਿ ਤੁਰਿਆ।
‘‘ਵਜ਼ੀਰਿਆ, ਪਾਣੀ ਪਿਆ ਦੇ।’’ ਉਹਨੇ ਕਿਹਾ।
+++
ਸੁਪਨਾ ਚਲ ਰਿਹਾ ਹੈ। ਸੂਬੇਦਾਰਨੀ ਕਹਿ ਰਹੀ ਹੈ, ‘‘ਮੈਂ ਤੈਨੂੰ ਆਉਂਦਿਆਂ ਹੀ ਪਛਾਣ ਲਿਆ। ਇੱਕ ਕੰਮ ਕਹਿੰਦੀ ਹਾਂ। ਮੇਰੇ ਤਾਂ ਭਾਗ ਫੁੱਟ ਗਏ। ਸਰਕਾਰ ਨੇ ਬਹਾਦਰੀ ਦਾ ਖਿਤਾਬ ਦਿੱਤਾ ਹੈ। ਲਾਇਲਪੁਰ ’ਚ ਜ਼ਮੀਨ ਦਿੱਤੀ ਹੈ। ਹੁਣ ਨਮਕ-ਹਲਾਲੀ ਦਾ ਵੇਲਾ ਆਇਆ ਹੈ ਪਰ ਸਰਕਾਰ ਨੇ ਸਾਡੀ ਤੀਵੀਆਂ ਦੀ ਇੱਕ ਘੱਗਰਾ ਪਲਟਨ ਕਿਉਂ ਨਾ ਬਣਾ ਦਿੱਤੀ ਜੋ ਮੈਂ ਵੀ ਸੂਬੇਦਾਰ ਜੀ ਨਾਲ ਚਲੀ ਜਾਂਦੀ? ਇੱਕ ਪੁੱਤਰ ਹੈ। ਫ਼ੌਜ ’ਚ ਭਰਤੀ ਹੋਏ ਉਹਨੂੰ ਇੱਕ ਸਾਲ ਹੋਇਆ। ਉਸ ਪਿੱਛੋਂ ਚਾਰ ਹੋਰ ਹੋਏ ਪਰ ਇੱਕ ਵੀ ਨਾ ਬਚਿਆ।’’ ਸੂਬੇਦਾਰਨੀ ਰੋਣ ਲੱਗੀ। ‘‘ਹੁਣ ਦੋਵੇਂ ਜਾ ਰਹੇ ਹਨ। ਮੇਰੇ ਭਾਗ! ਤੈਨੂੰ ਯਾਦ ਹੈ ਇੱਕ ਦਿਨ ਟਾਂਗੇ ਵਾਲੇ ਦਾ ਘੋੜਾ ਦਹੀਂ ਵਾਲੇ ਦੀ ਦੁਕਾਨ ਨੇੜੇ ਵਿਗੜ ਗਿਆ ਸੀ। ਤੂੰ ਉਸ ਦਿਨ ਮੇਰੀ ਜਾਨ ਬਚਾਈ ਸੀ। ਆਪ ਘੋੜੇ ਦੀਆਂ ਲੱਤਾਂ ’ਚ ਚਲਾ ਗਿਆ ਸੀ ਤੇ ਮੈਨੂੰ ਚੁੱਕ ਕੇ ਦੁਕਾਨ ਦੇ ਤਖ਼ਤੇ ’ਤੇ ਖੜ੍ਹਾ ਕਰ ਦਿੱਤਾ ਸੀ। ਇੰਜ ਹੀ ਇਨ੍ਹਾਂ ਦੋਵਾਂ ਨੂੰ ਬਚਾਈਂ। ਇਹ ਮੇਰੀ ਬੇਨਤੀ ਹੈ। ਤੇਰੇ ਅੱਗੇ ਮੈਂ ਝੋਲੀ ਅੱਡਦੀ ਹਾਂ।’’
ਰੋਂਦੀ-ਰੋਂਦੀ ਸੂਬੇਦਾਰਨੀ ਓਬਰੀ (ਛੋਟਾ ਕਮਰਾ) ’ਚ ਚਲੀ ਗਈ। ਲਹਿਣਾ ਵੀ ਹੰਝੂ ਪੂੰਝਦਾ ਹੋਇਆ ਬਾਹਰ ਆਇਆ।
‘‘ਵਜ਼ੀਰਾ ਸਿੰਘ, ਪਾਣੀ ਪਿਆ,’’ ਉਹਨੇ ਕਿਹਾ।
+++
ਲਹਿਣੇ ਦਾ ਸਿਰ ਆਪਣੀ ਗੋਦੀ ’ਚ ਰੱਖ ਕੇ ਵਜ਼ੀਰਾ ਸਿੰਘ ਬੈਠਾ ਹੈ। ਜਦ ਮੰਗਦਾ ਹੈ ਤਦ ਪਾਣੀ ਪਿਲਾ ਦਿੰਦਾ ਹੈ। ਅੱਧੇ ਘੰਟੇ ਤੱਕ ਲਹਿਣਾ ਚੁੱਪ ਰਿਹਾ। ਫਿਰ ਬੋਲਿਆ, ‘‘ਕੌਣ? ਕੀਰਤ ਸਿੰਘ।’’
ਵਜ਼ੀਰੇ ਨੇ ਕੁਝ ਸਮਝ ਕੇ ਕਿਹਾ, ‘‘ਹਾਂ।’’
‘‘ਭਰਾਵਾ ਮੈਨੂੰ ਹੋਰ ਉਤਾਂਹ ਕਰ ਲੈ। ਆਪਣੇ ਪੱਟ ’ਤੇ ਮੇਰਾ ਸਿਰ ਰੱਖ ਲੈ।’’ ਵਜ਼ੀਰੇ ਨੇ ਇੰਜ ਹੀ ਕੀਤਾ।
‘‘ਹਾਂ, ਹੁਣ ਠੀਕ ਹੈ। ਪਾਣੀ ਪਿਆ ਦੇ। ਬੱਸ ਐਤਕੀਂ ਹਾੜ ਨੂੰ ਇਹ ਅੰਬ ਖੂਬ ਫਲੇਗਾ। ਚਾਚਾ-ਭਤੀਜਾ ਦੋਵੇਂ ਇੱਥੇ ਬੈਠ ਕੇ ਅੰਬ ਖਾਇਓ। ਜਿੰਨਾ ਵੱਡਾ ਤੇਰਾ ਭਤੀਜਾ ਹੈ, ਓਨਾ ਹੀ ਇਹ ਅੰਬ ਹੈ। ਜਿਸ ਮਹੀਨੇ ਉਹਦਾ ਜਨਮ ਹੋਇਆ ਸੀ, ਉਸੇ ਮਹੀਨੇ ਮੈਂ ਇਹਨੂੰ ਲਗਾਇਆ ਸੀ।’’
ਵਜ਼ੀਰਾ ਸਿੰਘ ਦੇ ਹੰਝੂ ਟਪ-ਟਪ ਕਿਰ ਰਹੇ ਸਨ।
ਕੁਝ ਦਿਨਾਂ ਬਾਅਦ ਲੋਕਾਂ ਨੇ ਅਖ਼ਬਾਰਾਂ ’ਚ ਪੜ੍ਹਿਆ, ‘ਫਰਾਂਸ ਅਤੇ ਬੈਲਜੀਅਮ 68ਵੀਂ ਸੂਚੀ, ਮੈਦਾਨ ’ਚ ਜ਼ਖ਼ਮਾਂ ਨਾਲ ਮਰਿਆ, ਨੰ.77 ਸਿੱਖ ਰਾਈਫਲਜ਼, ਜਮਾਦਾਰ ਲਹਿਣਾ ਸਿੰਘ।’
(ਅਨੁਵਾਦ: ਨਰੇਸ਼ ਸ਼ਰਮਾ ਦੀਨਾਨਗਰੀ)

  • ਮੁੱਖ ਪੰਨਾ : ਚੰਦਰਧਰ ਸ਼ਰਮਾ ਗੁਲੇਰੀ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ