Yuddh (Punjabi Story) : Gulsher Khan Shaani

ਯੁੱਧ (ਕਹਾਣੀ) : ਗੁਲਸ਼ੇਰ ਖ਼ਾਂ ਸ਼ਾਨੀ

ਪਾਕਿਸਤਾਨ ਨਾਲ ਯੁੱਧ ਦੇ ਦਿਨ ਸਨ। ਹਵਾ ਭਾਰੀ ਸੀ। ਲੋਕ ਨੀਮ ਸੰਜੀਦਾ ਤੇ ਡਰੇ ਹੋਏ। ਆਕਾਸ਼ ਝੁਕ ਕੇ ਛੋਟਾ ਹੋ ਗਿਆ ਜਾਪਦਾ ਸੀ—ਰੰਗਹੀਣ, ਮਟਮੈਲਾ ਤੇ ਡਰਾਵਨਾ ਜਿਹਾ। ਪਲਾਂ ਦੀ ਲੰਮਬਾਈ ਕਈ ਗੁਣਾ ਵਧ ਗਈ ਸੀ। ਆਤੰਕ, ਅਸੁਰੱਖਿਆ ਤੇ ਬੇਚੈਨੀ ਹੇਠ ਦੱਬਿਆ ਦਿਨ ਸਮੇਂ ਨਾਲੋਂ ਪਹਿਲਾਂ ਨਿਕਲ ਆਉਂਦਾ ਤੇ ਸ਼ਾਮ ਹੋਣ ਤੋਂ ਕਾਫੀ ਚਿਰ ਪਹਿਲਾਂ ਹੀ ਯਕਦਮ, ਡੁੱਬ ਜਾਂਦਾ ਸੀ। ਸ਼ਾਮ ਹੁੰਦਿਆਂ ਹੀ ਰਾਤ ਗੂੜ੍ਹੀ ਹੋ ਜਾਂਦੀ ਤੇ ਲੋਕ ਆਪਣੇ ਘਰਾਂ ਵਿਚ, ਕੋਲ-ਕੋਲ ਬੈਠੇ ਹੋਏ ਵੀ, ਘੰਟਿਆਂ ਬੱਧੀ, ਚੁੱਪ ਰਹਿੰਦੇ ਸਨ।
''ਸੁਣਿਐਂ! ਵਸੀਮ ਰਿਜਵੀ ਤੋਂ ਚਾਰਜ ਲੈ ਲਿਆ ਗਿਐ।'' ਇਕ ਦਿਨ ਦਫ਼ਤਰ ਪਹੁੰਚਦਿਆਂ ਹੀ ਸ਼ੰਕਰ ਦੱਤ ਨੂੰ ਹੈਰਾਨੀ ਦਾ ਧੱਫਾ ਜਿਹਾ ਵੱਜਿਆ ਸੀ।
''ਯਾਨੀ...ਉਹ ਨੌਕਰੀ ਤੋਂ?''
''ਨਹੀਂ ਨੌਕਰੀ 'ਤੇ ਤਾਂ ਹੈ। ਰਿਜਵੀ ਤੋਂ ਉਹ ਕੰਮ ਖੋਹ ਲਿਆ ਗਿਐ, ਜਿਹੜਾ ਉਹ ਵਰ੍ਹਿਆਂ ਤੋਂ ਕਰਦਾ ਪਿਆ ਸੀ। ਡਾਇਰੈਕਟਰ ਨੇ ਕਿਹੈ, ਬਈ ਹਾਲਾਤ ਨੂੰ ਦੇਖਦਿਆਂ ਹੋਇਆਂ, ਏਨਾ ਵੱਡਾ ਕੰਮ ਰਿਜਵੀ 'ਤੇ ਛੱਡਣਾ ਠੀਕ ਨਹੀਂ...ਸਾਰੇ ਦੇਸ਼ ਦਾ ਮਾਮਲਾ ਏ।''
'ਕੀ ਪਿੱਦੀ, ਤੇ ਕੀ ਪਿੱਦੀ ਦਾ ਸ਼ੋਰਬਾ!'' ਸ਼ੰਕਰ ਦੱਤ ਨੂੰ ਹਾਸਾ ਆ ਗਿਆ ਸੀ। ਇਕ ਤਾਂ ਅਤਿ ਬੇਅਰਥ, ਬੇਕਾਰ ਤੇ ਸੜਿਆ ਹੋਇਆ ਮਹਿਕਮਾ ਤੇ ਇਸ ਵਿਚ ਉਹ ਦੂੱਕੀ ਮਾਰਕਾ ਸੀਟ...ਜਿਸ ਉਪਰ ਰਿਜਵੀ ਕੰਮ ਕਰਦਾ ਪਿਆ ਸੀ। ਜੇ ਵਿਭਾਗ ਦਾ ਮੁਖੀ ਹੋਣ ਦੇ ਨਾਤੇ ਡਾਇਰੈਕਟਰ ਵੀ ਚਾਹੁੰਦਾ ਤਾਂ ਕੁਝ ਨਹੀਂ ਸੀ ਕਰ ਸਕਦਾ—ਫੇਰ ਰਿਜਵੀ ਤਾਂ ਇਕ ਮਾਮੂਲੀ ਕਰਮਚਾਰੀ ਸੀ। ਦਫ਼ਤਰ ਵਿਚ ਮੁਸਲਮਾਨਾਂ ਦੀ ਕੁੱਲ ਸੰਖਿਆ ਚਾਰ ਸੀ, ਜਿਹਨਾਂ ਵਿਚੋਂ ਤਿੰਨਾਂ ਨੂੰ ਨੋਟਸ ਜਾਰੀ ਹੋ ਚੁੱਕੇ ਸਨ। ਯੁੱਧ ਛਿੜਦਿਆਂ ਹੀ ਸ਼ਹਿਰ ਦੇ ਮੁਸਲਮਾਨਾਂ ਵਿਚ ਜਿਹੜਾ ਆਤੰਕ ਤੇ ਭੈ ਸਮਾਅ ਗਿਆ ਸੀ, ਦਫ਼ਤਰਾਂ ਵਿਚ ਪਰਤੱਖ ਤੌਰ ਤੇ ਦਿਖਾਈ ਦੇਂਦਾ ਸੀ। ਇਕ ਦੋ ਦਿਨ ਤਾਂ ਹਰ ਪਲ ਇਹੀ ਲੱਗਦਾ ਰਿਹਾ ਸੀ ਕਿ ਹੁਣੇ ਕੋਈ ਦੰਗਾ, ਫਸਾਦ ਸ਼ੁਰੂ ਹੋਣ ਵਾਲਾ ਹੈ। ਆਮ ਮੁਸਲਮਾਨ, ਝਾੜੀਆਂ ਵਿਚ ਲੁਕੇ ਖਰਗੋਸ਼ ਵਾਂਗ, ਅਜੀਬ ਸਕਤੇ ਦੀ ਹਾਲਤ ਵਿਚ, ਡਰਿਆ ਤੇ ਸਹਿਮਿਆਂ ਹੋਇਆ ਸੀ। ਤੇ ਚੌਕਸ ਹੋ ਗਿਆ ਸੀ। ਲੋਕ ਬੂਹੇ ਤੇ ਬਾਰੀਆਂ ਬੰਦਾ ਕਰਕੇ ਧੀਮੀ ਆਵਾਜ਼ ਵਿਚ ਰੇਡੀਓ ਪਾਕਿਸਤਾਨ ਦੀਆਂ ਖ਼ਬਰਾਂ ਸੁਣਦੇ ਤੇ ਜਦੋਂ ਵੀ ਦੋ ਜਾਂ ਚਾਰ ਆਪਸ ਵਿਚ ਮਿਲਦੇ, ਖਰਗੋਸਾਂ ਵਾਂਗ ਹੀ ਗੱਲਾਂ ਕਰਦੇ।
ਇਸੇ ਦੌਰਾਨ ਇਕ ਘਟਨਾ ਵਾਪਰੀ : ਸਕਤੇ ਦੀ ਹਾਲਤ ਵਿਚ ਹੀ ਇਕ ਰਾਤ ਸ਼ਹਿਰ ਦੇ ਸਾਰੇ ਮੁਸਲਮਾਨਾਂ ਦੀ ਇਕ ਆਮ ਮੀਟਿੰਗ ਹੋਈ ਤੇ ਦੂਜੇ ਦਿਨ ਹੀ ਸ਼ਹਿਰ ਦੇ ਐਨ ਵਿਚਕਾਰ ਬਣੀ ਇਕ ਇਮਾਰਤ ਉੱਤੇ ਹਿੰਦੀ ਦਾ ਇਕ ਵੱਡਾ ਸਾਰਾ ਬੋਰਡ ਲਟਕਦਾ ਹੋਇਆ ਨਜ਼ਰ ਆਇਆ—'ਰਾਸ਼ਟਰੀ ਮੁਸਲਿਮ ਸੰਘ'।
ਸ਼ਹਿਰ ਦੇ ਨਾਮੀਂ ਆਦਮੀ ਹਾਮਿਦ ਅਲੀ, ਜਿਹੜੇ ਦੋ ਵਾਰੀ ਹੱਜ ਕਰ ਆਏ ਸਨ, ਇਸ ਦੇ ਪ੍ਰੇਜ਼ੀਡੈਂਟ ਚੁਣੇ ਗਏ ਸਨ। ਫੇਰ ਹਾਮਿਦ ਅਲੀ ਦੇ ਦਸਖ਼ਤਾਂ ਹੇਠ ਸ਼ਹਿਰ ਦੇ ਮੁਸਲਮਾਨਾਂ ਦੇ ਨਾਂਅ, ਰਾਸ਼ਟਰੀਅਤਾ ਦੀ ਸੌਂਹ ਚੁੱਕਣ ਦੀਆਂ ਵੱਡੀਆਂ-ਵੱਡੀਆਂ ਅਪੀਲਾਂ ਜਾਰੀ ਕੀਤੀਆਂ ਗਈਆਂ—ਜਿਹਨਾਂ ਨੂੰ ਪ੍ਰੈਸ ਤੇ ਅਖ਼ਬਾਰਾਂ ਤਕ ਪਹੁੰਚਾਉਣ ਦਾ ਕੰਮ ਕੁਰੈਸ਼ੀ ਨੇ ਕੀਤਾ ਸੀ।
''ਕਿਉਂ ਦੋਸਤੋ, ਲਾਹੌਰ ਹੁਣ ਕਿੰਨੀ ਕੁ ਦੂਰ ਰਹਿ ਗਿਐ?''
ਯੁੱਧ ਦੇ ਦਿਨਾਂ ਵਿਚ, ਦੋ ਦਿਨਾਂ ਤੋਂ, ਦਫ਼ਤਰ ਇਸੇ ਸਵਾਲ ਨਾਲ ਖੁੱਲ੍ਹਣ ਲੱਗ ਪਿਆ ਸੀ। ਟੈਂਕਾਂ ਦੀ ਤਬਾਹੀ ਹੋਵੇ ਜਾਂ ਆਦਮੀਆਂ ਦੀ—ਬੜੀਆਂ ਅਜੀਬ ਅਜੀਬ ਤੇ ਹੌਸਲਾ-ਮੰਦ ਅਫ਼ਵਾਹਾਂ ਫ਼ੈਲਦੀਆਂ ਪਈਆਂ ਸਨ। ਉਹਨਾਂ ਵਿਚ ਸਭ ਤੋਂ ਵੱਡੀ ਅਫ਼ਵਾਹ ਇਹ ਸੀ ਕਿ ਪਾਕਿਸਤਾਨੀ ਫੌਜ ਨੂੰ ਗਾਜਰ ਮੂਲੀ ਵਾਂਗ ਕੱਟਦੀ, ਆਪਣੀ ਫੌਜ ਲਗਾਤਾਰ ਅੱਗੇ ਵਧ ਰਹੀ ਹੈ ਤੇ ਲਾਹੌਰ ਉੱਤੇ ਕਬਜਾ ਬੱਸ ਹੋਣ ਹੀ ਵਾਲਾ ਹੈ।
''ਕਿਉਂ ਸਾਹਬ, ਬਹਾਦਰਾਂ ਦੀ ਕਿਸੇ ਫੌਜ ਨੂੰ ਦਸ-ਬਾਰਾਂ ਮੀਲ ਦਾ ਫ਼ਾਸਲਾ ਤੈਅ ਕਰਨ ਵਿਚ ਕਿੰਨਾਂ ਕੁ ਸਮਾਂ ਲੱਗਦੈ?''
ਉਸ ਦਿਨ ਇਹ ਸਵਾਲ ਸਭ ਤੋਂ ਪਹਿਲਾਂ ਕੁਰੈਸ਼ੀ ਨੇ ਹੀ ਕੀਤਾ ਸੀ। ਦਫ਼ਤਰ ਅਜੇ ਖੁੱਲ੍ਹਿਆ ਹੀ ਸੀ। ਰਿਜਵੀ ਵੀ ਆ ਚੁੱਕਿਆ ਸੀ ਤੇ ਰੋਜ਼ ਵਾਂਗ ਬੈਠਾ ਕੋਈ ਅਖ਼ਬਾਰ ਪੜ੍ਹ ਰਿਹਾ ਸੀ। ਕੁਰੈਸ਼ੀ ਨੇ ਉਹ ਸਵਾਲ ਹਾਲਾਂਕਿ ਪੂਰੇ ਦਫ਼ਤਰ ਨੂੰ ਕੀਤਾ ਸੀ, ਪਰ ਪਹਿਲਾਂ ਉਸਨੇ ਰਿਜਵੀ ਵੱਲ ਟੇਢੀ-ਅਰਥਪੂਰਨ ਨਿਗਾਹ ਨਾਲ ਦੇਖ ਲਿਆ ਸੀ।
''ਦਸ ਘੰਟੇ ਵੀ ਲੱਗ ਸਕਦੇ ਨੇ, ਦਸ ਦਿਨ ਵੀ ਤੇ ਦਸ ਸਾਲ ਵੀ...''
''ਓ-ਜੀ, ਦਸ ਮਿੰਟ ਕਹੋ, ਦਸ ਮਿੰਟ!'' ਦਫ਼ਤਰ ਵਿਚ ਆਪਣੀ ਕਾਇਰਤਾ ਕਾਰਨ ਪ੍ਰਸਿੱਧ ਇਕ ਸਾਹਬ ਨੇ ਇੰਜ ਜੋਸ਼ ਨਾਲ ਕਿਹਾ ਜਿਵੇਂ ਦਫ਼ਤਰੀ ਕਲਰਕ ਨਾ ਹੋ ਕੇ ਫੌਜ ਦਾ ਕਪਤਾਨ ਹੋਵੇ।
''ਯਾਰ ਲਾਹੌਰ ਆ ਜਾਏ,'' ਨਾਲ ਵਾਲੀ ਮੇਜ਼ ਤੋਂ ਆਵਾਜ਼ ਆਈ, ''ਆਪਾਂ ਤਾਂ ਉੱਥੇ ਹੀ ਚੱਲ ਕੇ ਜਾ ਵੱਸਣ ਬਾਰੇ ਸੋਚ ਰਹੇ ਆਂ। ਸੁਣਿਐਂ ਕਿ ਸ਼ਹਿਰ ਸਾਲਾ ਬੜਾ ਖੂਬਸੂਰਤ ਏ।''
''ਹਾਂ, ਹੈ ਤਾਂ, ਪਰ ਉੱਥੇ ਜਾ ਕੇ ਕਰੋਗੇ ਕੀ?''
'ਕਿਉਂ, ਕੁਝ ਵੀ ਕੀਤਾ ਜਾ ਸਕਦਾ ਹੈ—ਅਖ਼ਬਾਰ ਨੇ, ਪ੍ਰੈਸ ਹੈ। ਕਿਉਂ ਯਾਰ, ਉੱਥੇ ਚਲ ਕੇ ਹਿੰਦੀ ਦੀ ਪ੍ਰੈਸ ਲਾ ਲਈਏ ਤਾਂ ਕਿੰਜ ਰਹੇ?''
''ਮੈਂ ਤਾਂ ਬਈ ਹੋਟਲ ਖੋਹਲਾਂਗਾ।'' ਇਕ ਦੂਸਰੇ ਸਾਹਬ ਨੇ ਸੁਪਨੀਲੀ ਆਵਾਜ਼ ਵਿਚ ਕਿਹਾ,''ਪਾਣੀ ਵੇਚੋ ਤੇ ਪੈਸੇ ਸੂਤੋ! ਸਾਲੀ ਹੋਟਲ ਵਿਚ ਬੜੀ ਕਮਾਈ ਏ। ਹੋਰ ਕੁਝ ਨਹੀਂ ਤਾਂ ਇਸ ਗ਼ੁਲਾਮੀ ਤੋਂ ਤਾਂ ਪਿੰਡ ਛੁੱਟੂ...''
''ਕੱਲ੍ਹ ਮੈਂ ਤੇਰਾਂ ਰੁਪਏ ਪੰਦਰਾਂ ਆਨੇ ਦਾ ਇਕ ਮਨੀਆਡਰ ਕਰ ਹੀ ਆਉਣੈ।'' ਅਚਾਨਕ ਦਫ਼ਤਰ ਦੇ ਵਿਚਕਾਰ ਤੇ ਰਿਜਵੀ ਦੇ ਐਨ ਸਾਹਮਣੇ ਐਲਾਨ ਕੀਤਾ ਗਿਆ,'' ਕਿਸ ਨੂੰ ਭਲਾ, ਜਾਣਦੇ ਓ? ਪ੍ਰੈਜ਼ੀਡੈਂਟ ਅਯੂਬ ਨੂੰ! ਵਿਚਾਰਾ ਬੜਾ ਗਰੀਬ ਆਦਮੀ ਏਂ...ਵੰਡ ਵੇਲੇ ਸਾਡੇ ਤੇਰ੍ਹਾਂ ਰੁਪਏ ਪੰਦਰਾਂ ਆਨੇ ਨੱਪ ਕੇ ਨੱਠ ਗਿਆ ਸੀ। ਯਕੀਨ ਨਾ ਹੋਵੇ ਤਾਂ ਛਿਦਵਾੜਾ ਮਿਲਟਰੀ ਕੰਟੀਨ ਦਾ ਪੁਰਾਣਾ ਖਾਤਾ ਦੇਖ ਲਓ...''
ਉਸੇ ਸਮੇਂ ਰਿਜਵੀ, ਜਿਹੜਾ ਸਾਰੀਆਂ ਗੱਲਾਂ ਨੂੰ ਅਣ-ਸੁਣੀਆਂ ਕਰਦਿਆਂ ਨੀਵੀਂ ਪਾਈ ਆਪਣੀ ਸੀਟ 'ਤੇ ਬੈਠਾ ਸੀ, ਅਚਾਨਕ ਉਠ ਖੜ੍ਹਾ ਹੋਇਆ ਤੇ ਬਿਨਾਂ ਕਿਸੇ ਵੱਲ ਦੇਖਿਆਂ ਕਾਹਲ ਨਾਲ ਬਾਹਰ ਨਿਕਲ ਗਿਆ। ਇਕ ਪਲ ਲਈ ਚੁੱਪ ਵਰਤ ਗਈ, ਪਰ ਦੂਜੇ ਹੀ ਪਲ ਕੁਰੈਸ਼ੀ ਨੇ ਸਾਰਿਆਂ ਵੱਲ ਦੇਖ ਕੇ ਅੱਖ ਮਾਰੀ ਸੀ ਤੇ ਉਹਨਾਂ ਇਕ ਦੂਜੇ ਨੂੰ ਕੁਹਣੀਆਂ ਨਾਲ ਠੁੰਗੇ ਮਾਰਨੇ ਸ਼ੁਰੂ ਕਰ ਦਿੱਤੇ ਸਨ।
'ਦੇਖ ਲਿਆ ਦੱਤ ਜੀ,'' ਕਿਸੇ ਨੇ ਸ਼ਕੰਰਦੱਤ ਉਪਰ ਸਿੱਧਾ ਹੱਲਾ ਬੋਲਿਆ, ''ਇਹ ਅਚਾਨਕ ਕੀ ਹੋ ਗਿਆ! ਕਿਉਂ ਮਿਰਚਾਂ ਲੱਗ ਗਈਆਂ?''
ਸ਼ੰਕਰਦੱਤ ਹਮਲਾਵਰ ਦੇ ਮੂੰਹ ਵੱਲ ਦੇਖਦੇ ਰਹਿ ਗਏ ਤੇ ਕੁਰੈਸ਼ੀ ਨੇ ਝੱਟ ਕਿਹਾ, ''ਓ-ਜੀ, ਦੱਤ ਜੀ ਵਿਚਾਰੇ ਕੀ ਕਹਿਣ! ਅਜੇ ਪਰਸੋਂ ਜਦੋਂ ਮੈਂ ਰਾਸ਼ਟਰੀ ਮੁਸਲਿਮ ਸੰਘ ਦੀ ਅਪੀਲ ਲੈ ਕੇ ਗਿਆ ਸਾਂ, ਤਾਂ ਹਜਰਤ ਕਹਿਣ ਲੱਗੇ, ਕਿਸ ਗੱਲ ਦੀ ਅਪੀਲ ਤੇ ਕਿਉਂ? ਪੱਠੇ ਨੇ ਦਸਤਖ਼ਤ ਕਰਨ ਤੋਂ ਸਾਫ ਨਾਂਹ ਕਹਿ ਦਿੱਤੀ ਸੀ। ਕਹਿਣ ਲੱਗਿਆ ਮੈਂ ਕੋਈ ਬੇਈਮਾਨ ਆਂ, ਜਿਹੜਾ ਈਮਾਨਦਾਰੀ ਦੇ ਸਬੂਤ ਪੇਸ਼ ਕਰਦਾ ਫਿਰਾਂ...''
''ਬੱਤੀ ਬੰਦ ਕਰੋ...ਬਈ ਓਇ, ਬੱਤੀ ਬੰਦ!''
ਦੂਰੋਂ ਅਜੇ ਵੀ ਸਵੈ ਸੇਵਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਕਿਸੇ ਸੁੰਨੀ ਪਹਾੜੀ ਨਾਲ ਟਕਰਾਅ ਕੇ ਪਰਤਦੀਆਂ ਤੇ ਮੂੰਹ ਚਿੜਾਉਂਦੀਆਂ ਹੋਈਆਂ। ਬਾਹਰ ਹਨੇਰਾ ਤੇ ਭਿਆਨਕ ਚੁੱਪ ਪਸਰੀ ਹੋਈ ਸੀ। ਜਿਵੇਂ ਪੂਰੇ ਸ਼ਹਿਰ ਨੂੰ ਕਿਸੇ ਨੇ ਠੰਡੇ ਹਨੇਰੇ ਦੀ ਗਾਰ ਵਿਚ ਡੱਕ ਦਿੱਤਾ ਹੋਵੇ। ਰਹਿ ਰਹਿ ਕੇ ਲੜਾਕੂ ਹਵਾਈ ਜਹਾਜ਼ਾਂ ਦੀਆਂ ਆਵਾਜ਼ਾਂ, ਸੁੰਨੇ ਆਕਾਸ਼ ਦੇ ਕਿਸੇ ਕੋਨੇ ਵਿਚ ਜਨਮ ਲੈਂਦੀਆਂ, ਕਿਸੇ ਸ਼ੈਤਾਨ ਦੀ ਜੀਭ ਵਾਂਗ ਲਪਲਪਾਂਦੀਆਂ ਹੋਈਆਂ, ਹਰ ਘਰ ਦੀਆਂ ਛੱਤ-ਬਨੇਰਿਆਂ ਨੂੰ ਚੱਟਦੀਆਂ ਤੇ ਕਿਤੇ ਦੂਰ ਨਿਕਲ ਜਾਂਦੀਆਂ...ਤੇ ਫੇਰ ਉਹੀ ਭਿਆਨਕ ਚੁੱਪ ਤੇ ਅੰਤਹੀਣ ਹਨੇਰਾ ਪਸਰ ਜਾਂਦਾ, ਜਿਸ ਵਿਚ ਇੰਜ ਲੱਗਦਾ ਰਹਿੰਦਾ ਕਿ ਉਹ ਆਵਾਜ਼ਾਂ ਗਈਆਂ ਨਹੀਂ...ਆਪਣੀ ਛੱਤ ਉਪਰ ਰੁਕੀਆਂ ਹੋਈਆਂ ਨੇ।
''ਹੁਣ ਤਾਂ ਸ਼ਹਿਰਾਂ ਉਪਰ ਵੀ ਬੰਬ ਸੁੱਟੇ ਜਾ ਰਹੇ ਨੇ...ਸਿਵਲੀਅਨਜ਼ ਉਪਰ!'' ਸ਼ੰਕਰਦੱਤ ਹਊਕਾ ਜਿਹ ਲੈ ਕੇ ਬੋਲੇ ਜਿਵੇਂ ਆਪਣੇ ਆਪ ਨਾਲ ਗੱਲ ਕਰ ਰਹੇ ਹੋਣ। ਫੇਰ ਰਿਜਵੀ ਵੱਲ ਦੇਖਣ ਲੱਗੇ। ਉਹ ਦੋਏ ਗੋਡੇ ਇਕੱਠੇ ਕਰੀ, ਗਠੜੀ ਜਿਹਾ ਬਣਿਆਂ ਬੈਠਾ ਸੀ। ਕਮਰੇ ਵਿਚ ਇਕ ਮਰੀਅਲ ਜਿਹੀ ਮੋਮਬੱਤੀ ਦੀ ਹਲਕੀ ਜਿਹੀ ਰੋਸ਼ਨੀ ਸੀ, ਜਿਸਨੂੰ ਬੂਹੇ ਬਾਰੀਆਂ ਬੰਦ ਕਰਕੇ ਜਾਂ ਪਰਦੇ ਖਿੱਚ ਕੇ ਰੋਕਿਆ ਗਿਆ ਸੀ। ਰੋਸ਼ਨਦਾਨਾਂ ਦੇ ਸ਼ੀਸ਼ਿਆਂ ਉਪਰ ਕਾਲਾ ਕਾਗਜ਼ ਚਿਪਕਾ ਕੇ ਉਹਨਾਂ ਨੂੰ ਅੰਨ੍ਹਿਆਂ ਕਰ ਦਿੱਤਾ ਗਿਆ ਸੀ।
''ਤੂੰ ਅੱਜ ਦਾ ਅਖ਼ਬਾਰ ਦੇਖਿਆ ਏ?'' ਸ਼ੰਕਰਦੱਤ ਨੂੰ ਆਪਣੀ ਹੀ ਆਵਾਜ਼ ਕਿਤੋਂ ਦੂਰੋਂ ਆ ਰਹੀ ਮਹਿਸੂਸ ਹੋਈ ਸੀ। ''ਸਿਵਲ ਹਸਪਤਾਲ ਉੱਤੇ ਬੰਬ ਬਾਰੀ ਤੇ ਬੇਗੁਨਾਹ ਮਰੀਜ਼ਾਂ ਦੇ ਜਿਸਮਾਂ ਦੇ ਚੀਥੜੇ ਉਡ ਜਾਣ...ਹਰੇ ਰਾਮ। ਕੀ ਇਸ ਕਰੂਰਤਾ ਲਈ ਈਸ਼ਵਰ ਸਾਨੂੰ ਕਦੀ ਮੁਆਫ਼ ਕਰ ਸਕਦਾ ਹੈ? ਮੈਨੂੰ ਤਾਂ ਲੱਗਦੈ...''
ਉਦੋਂ ਹੀ ਮੋਮਬੱਤੀ ਦੀ ਲੌਅ ਕੰਬ ਕੇ ਟੇਢੀ ਹੋ ਗਈ ਸੀ। ਕਮਰੇ ਦੇ ਨੀਮ ਚਾਨਣੇ ਫਰਸ਼ ਉਪਰ ਪਲਟੀ ਲਾ ਕੇ ਹਨੇਰੇ ਦੀ ਕੋਈ ਲਹਿਰ ਅੰਦਰ ਆ ਵੜੀ ਸੀ। ਰਿਜਵੀ ਨੇ ਗੋਠਿਆਂ ਤੋਂ ਸਿਰ ਚੁੱਕਿਆ, ਉਸਦੇ ਬੁੱਲ੍ਹ ਵੀ ਖੁੱਲ੍ਹੇ ਪਰ ਕੁਝ ਬੋਲਿਆ ਨਹੀਂ। ਉਸਨੇ ਸਿਰਫ ਸਿਰ ਹਿਲਾਅ ਦਿੱਤਾ। ਸ਼ੰਕਰਦੱਤ ਉਠ ਕੇ ਕੋਲ ਗਏ ਤੇ ਮਨਾਉਣ ਵਾਲੀ ਆਵਾਜ਼ ਵਿਚ ਅਪਣੱਤ ਨਾਲ ਬੋਲੇ, ''ਬਈ, ਭੁੱਲ ਵੀ ਜਾਓ ਉਸਨੂੰ!''
''ਕੀ...?''
''ਉਹੀ ਸਭ...''
''ਕੀ ਭੁੱਲ ਜਾਵਾਂ, ਦੱਤ ਜੀ?''
'ਕੀ ਉਹ ਸਭ ਦੂਹਰਾ ਕੇ ਮੈਂ ਫੇਰ ਤੁਹਾਡਾ ਮਨ ਦੁਖੀ ਕਰਾਂ...?'' ਸ਼ੰਕਰਦੱਤ ਨੇ ਅੰਤਾਂ ਦੀ ਅਪਣੱਤ ਨਾਲ ਰਿਜਵੀ ਦੇ ਮੋਢੇ ਉੱਤੇ ਹੱਥ ਰੱਖ ਦਿੱਤਾ, ''ਵਸੀਮ, ਮੈਂ ਵਾਰੀ ਵਾਰੀ ਇਹੀ ਕਹਿੰਦਾ ਰਹਾਂਗਾ ਕਿ ਨਾਇਨਸਾਫੀਆਂ ਨੂੰ ਲੈ ਕੇ ਮਾਤਮ ਕਰਨਾ ਅੱਜ ਅਜਿਹਾ ਹੀ ਹੈ, ਜਿਵੇਂ ਆਦਮੀ ਦਾ ਮੌਤ ਨਾਲ ਸਿਰ ਭੰਨ ਲੈਣਾ...ਕੀ ਤੁਸੀਂ ਸਮਝਦੇ ਹੋ ਕਿ ਆਪਣੀ ਇਸ ਬੱਚਿਆਂ ਵਰਗੀ ਜਿੱਦ ਲਈ ਲੜ ਕੇ ਤੁਸੀਂ ਅਜਿਹੀ ਦੁਨੀਆਂ ਨੂੰ ਜਿੱਤ ਲਓਗੇ?...ਜਿਹੜੀ ਇਸ ਯੁੱਧ ਨਾਲੋਂ ਵੀ ਭਿਆਨਕ ਤੇ ਕਰੂਰ ਹੈ?''
''ਬੱਤੀ ਬੰਦ ਕਰੋ...'' ਦੂਜੇ ਬਲਾਕ ਵਲੋਂ ਆਵਾਜ਼ ਆਈ। ਆਵਾਜ਼ ਇਸ ਵਾਰੀ ਖਾਸੀ ਦੂਰੋਂ ਆਈ ਸੀ। ਪਰ ਲੱਗਿਆ, ਜਿਵੇਂ ਉਹ ਫੇਰ ਇਸੇ ਕਵਾਟਰ ਸਾਹਮਣੇ ਆ ਗਏ ਹੋਣ। ਸ਼ੰਕਰਦੱਤ ਨੇ ਉਠ ਕੇ, ਸਾਵਧਾਨੀ ਵਜੋਂ, ਪਰਦਿਆਂ ਨੂੰ ਹੋਰ ਠੀਕ ਕਰ ਦਿੱਤਾ।
ਜ਼ਰਾ ਜਿੰਨੀ ਗੱਲ ਉੱਤੇ ਝਗੜਾ ਹੋ ਗਿਆ ਸੀ।
ਪਿੱਛਲੇ ਕਈ ਦਿਨਾਂ ਤੋਂ ਸ਼ਹਿਰ ਵਿਚ ਬਲੈਕ ਆਊਟ ਚਲ ਰਹੀ ਸੀ ਸ਼ਹਿਰ ਕੈਂਟੋਂਮੈਂਟ ਏਰੀਏ ਵਿਚ ਨਹੀਂ ਸੀ ਆਉਂਦਾ ਤਾਂ ਵੀ ਖਤਰਾ ਤਾਂ ਸੀ ਹੀ। ਸ਼ਾਮ ਹੁੰਦਿਆਂ ਹੀ ਸ਼ਹਿਰ ਉਸੇ ਠੰਡੀ ਤੇ ਹਨੇਰੀ ਗਾਰ ਵਿਚ ਡੁੱਬ ਜਾਂਦਾ ਸੀ। ਭਾਵੇਂ ਨਾਗਰਿਕਤਾ ਦੇ ਫਰਜ਼ ਨੇ ਨਾਤੇ, ਜਾਂ ਪ੍ਰਾਣਾ ਦੇ ਭੈ ਕਰਕੇ, ਲੋਕ ਬੇਹੱਦ ਚੌਕਸ ਤੇ ਸਮਝਦਾਰ ਹੋ ਗਏ ਸਨ। ਮੁਕੰਮਲ ਬਲੈਕ ਆਊਟ ਰੱਖਣ ਲਈ ਹਰ ਮੁਹੱਲੇ ਵਿਚ ਸਵੈ ਸੇਵਕਾਂ ਦੇ ਜੱਥੇ ਤਿਆਰ ਸਨ।
ਰੋਜ਼ ਵਾਂਗ ਆਵਾਜ਼ਾਂ ਲਾਉਂਦੇ ਹੋਏ ਅੱਜ ਵੀ ਸਵੈ ਸੇਵਕਾਂ ਦੇ ਜੱਥੇ ਆਏ ਸਨ, ਪਰ ਇਕ ਜੱਥਾ ਇਸ ਬਲਾਕ ਵਿਚ ਪਹੁੰਚ ਕੇ ਅੱਗੇ ਨਹੀਂ ਸੀ ਵਧਿਆ—ਐਨ ਰਿਜਵੀ ਦੇ ਕਵਾਟਰ ਦੇ ਸਾਹਮਣੇ ਆ ਕੇ ਰੁਕ ਗਿਆ ਸੀ। ਸ਼ਾਇਦ ਕਿਸੇ ਖਿੜਕੀ ਦਾ ਪਰਦਾ ਜ਼ਰਾ ਸਰਕ ਗਿਆ ਸੀ ਤੇ ਰੋਸ਼ਨੀ ਦਾ ਸ਼ਤੀਰ ਕਵਾਟਰ ਵਿਚੋਂ ਉਛਲ ਕੇ ਸਾਹਮਣੀ ਸੜਕ ਉਪਰ ਜਾ ਪਿਆ ਸੀ।
''ਬੱਤੀ ਬੰਦ ਕਰ ਓਇ...'' ਕਿਸੇ ਨੇ ਲਲਕਰਾ ਮਾਰਿਆ ਸੀ। ਰਿਜਵੀ ਘਰ ਹੀ ਸੀ। ਉਸਨੇ ਝਕ ਕੇ ਬਾਹਰ ਵੱਲ ਦੇਖਿਆ, ਪਰ ਬਿਨਾਂ ਕਿਸੇ ਹਿਲਜੁਲ ਦੇ ਚੁੱਪਚਾਪ ਬੈਠਾ ਪੜ੍ਹਾ ਰਿਹਾ।
''ਕਿਉਂ ਸਾਹਬ ਬੋਲੇ ਹੋ ਗਏ ਓ?'' ਦੋ ਨੌਜਵਾਨਾਂ ਨੇ ਅੱਗੇ ਵਧ ਕੇ ਕੁੰਡਾ ਖੜਕਾਇਆ।
''ਕੀ ਗੱਲ ਐ?'' ਰਤਾ ਕਰੋਧ ਤੇ ਰੋਹ ਵਿਚ ਰਿਜਵੀ ਬਾਹਰ ਨਿਕਲ ਆਇਆ ਤੇ ਗੱਲ ਸ਼ਾਇਦ ਇਸੇ ਕਰਕੇ ਵਿਗੜ ਗਈ, ''ਆਪਣਾ ਫਰਜ਼ ਮੈਂ ਖ਼ੁਦਾ ਜਾਣਦਾਂ, ਬੱਤੀ ਬੁਝੀ ਹੋਈ ਏ।'' ਰਿਜਵੀ ਨੇ ਕਿਹਾ ਸੀ।
''ਜੇ ਬੁਝੀ ਹੋਈ ਐ ਤਾਂ ਇਹ ਰੋਸ਼ਨੀ ਕਿੱਥੋਂ ਆ ਰਹੀ ਏ?'' ਕਿਸੇ ਨੇ ਚਿੜ ਕੇ ਕਿਹਾ ਸੀ, ''ਮੇਰੇ ਸਹੁਰਿਆਂ ਦਿਓਂ?''
''ਉਹ ਮੋਮਬੱਤੀ ਏ , ਮੈਂ ਪੜ੍ਹਨ ਖਾਤਰ ਬਾਲੀ ਏ।''
''ਕੀ ਮੋਮਬੱਤੀ ਦੀ ਰੋਸ਼ਨੀ ਨਹੀਂ ਹੁੰਦੀ?''
''ਉਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਮੈਂ ਪਰਦਾ ਠੀਕ ਕਰ ਦੇਣਾ।''
''ਫ਼ਰਕ ਪੈਂਦਾ ਹੋਏ ਜਾਂ ਨਾ ਤੁਸੀਂ ਬੱਤੀ ਬੁਝਾ ਦਿਓ।''
ਕਹਿ ਕੇ ਉਹ ਨੌਜਵਾਨ ਤੀਰ ਵਾਂਗ ਦਰਵਾਜੇ ਵਲ ਵਧਿਆ, ਜਿਸਨੂੰ ਅੱਧ ਵਿਚਾਲੇ ਹੀ ਰਿਜਵੀ ਨੇ ਬਾਂਹ ਅੜਾ ਕੇ ਰੋਕ ਲਿਆ।
''ਉਹ ਬੱਤੀ ਨਹੀਂ ਬੁਝੇਗੀ!''
''ਬੁਝੇਗੀ!''
''ਨਹੀ ਬੁਝੇਗੀ!''
''ਬੁਝੇਗੀ!''
'ਜਿੱਦ ਬੇਕਾਰ ਐ,'' ਰਿਜਵੀ ਨੇ ਕਿਹਾ, ''ਪਹਿਲਾਂ ਸਾਹਮਣੇ ਵਾਲੇ ਕਵਾਟਰ ਦੀਆਂ ਮੋਮਬੱਤੀਆਂ ਬੁਝਵਾਓ!''
''ਉਹਨਾਂ ਦੀ ਉਹਨਾਂ 'ਤੇ ਛੱਡ, ਅਸੀਂ ਤੇਰੇ ਨਾਲ ਗੱਲ ਕਰ ਰਹੇ ਆਂ!''
''ਕਿਉਂ? ਕਿਉਂ ਛੱਡਾਂ? ਉਹਨਾਂ ਦੇ ਲੁਲ੍ਹਾਂ ਲਟਕਦੀਆਂ ਨੇ?''
ਬਿੰਦ ਦਾ ਬਿੰਦ ਤਾਂ ਉਹ ਨੌਜਵਾਨ ਗੂੰਗਿਆਂ ਵਾਂਗ ਉਸਦੇ ਵੱਲ ਝਾਕਦਾ ਰਿਹਾ, ਫੇਰ ਸ਼ੇਰ ਵਾਂਗ ਗੜ੍ਹਕਿਆ ਕਿ ਸਾਰੀ ਕਾਲੋਨੀ ਗੂੰਜ ਉਠੀ, ''ਇਹ ਬੱਤੀ ਜ਼ਰੂਰ ਬੁਝੇਗੀ।''
ਪਲ ਭਰ ਦੀ ਸੁਨ ਤੇ ਸਕਤੇ ਨੂੰ ਤੋੜਦੀ ਹੋਈ, ਹਨੇਰ ਵਿਚ ਇਕ ਹੋਰ ਆਵਾਜ਼ ਗੂੰਜੀ, ''ਮਾਰ ਸਾਲੇ ਜਸੂਸ ਦੇ...''
''ਜਸੂਸ! ਜਸੂਸ!!''
ਕਈ ਪਲ ਤੀਕ ਰਿਜਵੀ ਖੜ੍ਹਾ ਕੰਬੀ ਗਿਆ, ਫੇਰ ਯਕਦਮ ਹਨੇਰੇ ਵਿਚ ਉਸ ਪਾਸੇ ਝਪਟਿਆ, ਜਿਧਰੋਂ ਆਵਾਜ਼ ਆਈ ਸੀ।
ਦੇਰ ਹੋ ਚੁੱਕੀ ਸੀ, ਜਦੋਂ ਤਕ ਸ਼ੰਕਰਦੱਤ ਉੱਥੇ ਪਹੁੰਚੇ ਤੇ ਟਿਕ-ਟਿਕਾਅ ਕੀਤਾ, ਬੜੀ ਦੇਰ ਹੋ ਚੁੱਕੀ ਸੀ।
''ਭਾਈ ਜਾਨ!'' ਕੋਈ ਦਸ ਮਿੰਟ ਬਾਅਦ ਜਦੋਂ ਉਹ ਅੰਦਰ ਆ ਕੇ ਸ਼ਾਂਤ ਹੋਏ ਤਾਂ ਇਸ ਭਰੜਾਈ ਆਵਾਜ਼ ਨੇ ਸ਼ੰਕਰਦੱਤ ਨੂੰ ਚੌਂਕਾ ਦਿੱਤਾ...ਅੰਦਰਲੇ ਕਮਰੇ ਦੀ ਚੁਗਾਠ ਨਾਲ ਲੱਗੀ ਖੜ੍ਹੀ ਬੇਗਮ ਰਿਜਵੀ ਦੀ ਆਵਾਜ਼ ਸੀ ਇਹ ਗਲ਼ੇ ਵਿਚ ਫਸੀ ਫਸੀ ਤੇ ਭਰੜਾਈ ਜਿਹੀ।
''ਭਾਈ ਜਾਨ, ਸਾਡੇ ਉਪਰ ਇਕ ਅਹਿਸਾਨ ਕਰ ਦਿਓ...ਏਹਨਾਂ ਨੂੰ ਕਹੋ ਕਿ ਮੈਨੂੰ ਤੇ ਬੱਚਿਆਂ ਨੂੰ ਪਹਿਲਾਂ ਜ਼ਹਿਰ ਦੇ ਕੇ ਸੰਵਾਅ ਦੇਣ, ਫੇਰ ਚਾਹੇ ਸਾਰੀ ਦੁਨੀਆਂ ਨਾਲ ਭਿੜਦੇ ਫਿਰਨ...ਅਸੀਂ...ਸਾਡਾ ਖ਼ੁਦਾ ਹੈ...''
ਅੱਗੇ ਉਸਦੀ ਆਵਾਜ਼, ਅਚਾਨਕ ਟੁੱਟੇ ਹੰਝੂਆਂ ਦੇ ਹੜ੍ਹ ਵਿਚ ਫਸ ਕੇ, ਡੁੱਬ ਗਈ ਸੀ...ਤੇ ਸ਼ੰਕਰਦੱਤ ਨੂੰ ਲੱਗਿਆ ਸੀ ਕਿ ਅਚਾਨਕ ਉਸਦੇ ਸੰਘ ਵਿਚ ਕੰਡੇ ਉੱਗ ਆਏ ਨੇ। ਉਸਨੇ ਦਰਵਾਜੇ ਵੱਲ ਦੇਖਿਆ, ਬੇਗਮ ਰਿਜਵੀ ਦੇ ਦੁੱਪਟੇ ਦੀ ਝਲਕ ਦਿਖਾਈ ਦਿੱਤੀ—ਪਰ ਉਸਦੇ ਮੂੰਹੋਂ ਕੋਈ ਆਵਾਜ਼ ਨਾ ਨਿਕਲ ਸਕੀ। ਰਿਜਵੀ ਦੇ ਦੋਏ ਬੱਚੇ ਅੱਪੂ ਤੇ ਸਬਾ ਪਰਦੇ ਨਾਲ ਲੱਗੇ, ਡਰੇ-ਸਹਿਮੇ ਜਿਹੇ, ਖੜ੍ਹੇ ਸਨ। ਖਾਸ ਤੌਰ 'ਤੇ ਅੱਪੂ ਜਿਹੜਾ ਖਰਗੋਸ਼ ਵਰਗੀਆਂ ਤਿੱਖੀਆਂ ਪਰ ਡਰੀਆਂ ਹੋਈਆਂ ਅੱਖਾਂ ਨਾਲ ਆਪਣੇ ਪਿਤਾ ਵੱਲ ਦੇਖ ਰਿਹਾ ਸੀ, ਉਹਨਾਂ ਤੋਂ ਸ਼ੰਕਰਦੱਤ ਸਹਿਮ ਗਿਆ ਸੀ। ਯਕਦਮ ਖ਼ਿਆਲ ਆਇਆ ਸੀ ਕਿ ਉਹ ਵੀ ਹਿੰਦੂ ਹੈ...ਏਨੇ ਸਾਲਾਂ ਵਿਚ, ਇਸ ਘਰ ਵਿਚ, ਪਹਿਲੀ ਵਾਰ—ਫੇਰ ਜਿਵੇਂ ਇਹ ਵੀ ਪਹਿਲੀ ਵਾਰੀ ਧਿਆਨ ਆਇਆ ਸੀ ਕਿ ਰਿਜਵੀ ਹੁਣ ਵੀ ਉਸੇ ਹੁਲੀਏ ਵਿਚ ਬੈਠਾ ਹੋਇਆ ਹੈ—ਪਾਟੀ ਹੋਈ ਕਮੀਜ਼, ਖਿੱਲਰੇ ਹੋਏ ਵਾਲ ਤੇ ਹੇਠਲੇ ਬੁੱਲ ਉਪਰ ਸੱਟ ਵਿਚੋਂ ਨਿਕਲ ਕੇ ਜੰਮੇਂ ਹੋਏ ਲਹੂ ਦਾ ਦਾਗ਼।
''ਅੱਪੂ ਬੇਟਾ!'' ਸਹਿਮੀ ਹੋਈ ਆਵਾਜ਼ ਵਿਚ ਸ਼ੰਕਰਦੱਤ ਨੇ ਧੀਮੀ ਆਵਾਜ਼ ਵਿਚ ਕਿਹਾ, ''ਬੇਟੇ, ਆਪਣੇ ਅੰਕਲ ਕੋਲ ਆਓ!''
ਅੱਪੂ ਨਹੀਂ ਆਇਆ। ਇਕ ਵਾਰੀ ਉਹਨਾਂ ਅੱਖਾਂ ਨਾਲ ਦੇਖ ਕੇ ਪਰਦੇ ਦੀ ਓਟ ਵਿਚ ਸਰਕ ਗਿਆ।
''ਪਾਪਾ ਲਈ ਦੂਸਰੇ ਕੱਪੜੇ ਲੈ ਆਓ, ਬੇਟਾ!'' ਉਸਨੇ ਪਰੇਸ਼ਾਨ ਹੋਏ ਬਿਨਾਂ ਕਿਹਾ।
ਕੁਝ ਚਿਰ ਬਾਅਦ ਕੱਪੜੇ ਆ ਗਏ। ਅੱਪੂ ਹੀ ਲਿਆਇਆ ਸੀ, ਪਰ ਬਿਨਾਂ ਕੁਝ ਕਹੇ, ਕੱਪੜੇ ਰੱਖ ਕੇ ਵਾਪਸ ਚਲਾ ਗਿਆ। ਸ਼ੰਕਰਦੱਤ ਨੇ ਹੱਥ ਵਧਾਅ ਕੇ ਉਸਨੂੰ ਫੜਨਾ ਚਾਹਿਆ ਸੀ, ਪਰ ਉਹ ਮੱਛੀ ਵਾਂਗ ਤਿਲ੍ਹਕ ਕੇ ਹੱਥੋਂ ਨਿਕਲ ਗਿਆ ਸੀ। ਅੰਦਰ ਹੀ ਅੰਦਰ ਸ਼ੰਕਰਦੱਤ ਨੂੰ ਕਿਤੇ ਠੇਸ ਵੀ ਲੱਗੀ ਸੀ, ਪਰ ਉਸਨੇ ਫਿੱਕਾ ਜਿਹਾ ਹਾਸਾ ਹੱਸ ਕੇ ਕਿਹਾ, ''ਅੱਪੂ ਨਾਰਾਜ਼ ਏ ਮੇਰੇ ਨਾਲ।''
ਪਤਾ ਨਹੀਂ ਰਿਜਵੀ ਨੇ ਉਸਦੀ ਗੱਲ ਸੁਣੀ ਸੀ ਜਾਂ ਨਹੀਂ, ਖੁਦ ਸ਼ੰਕਰਦੱਤ ਵੀ ਉਸਨੂੰ ਦੇਖਦਿਆਂ ਹੋਇਆਂ ਨਹੀਂ ਸੀ ਦੇਖ ਰਿਹਾ।
ਕੀ ਅੱਪੂ ਸੱਚਮੁਚ ਨਾਰਾਜ਼ ਨਹੀਂ ਹੈ? ਕੀ ਲੋਕ ਠੀਕ ਕਹਿੰਦੇ ਨੇ ਕਿ ਬੱਚਿਆਂ ਦੀਆਂ ਅੱਖਾਂ ਵਿਚ ਚੰਗੇ ਜਾਂ ਮਾੜੇ ਨੂੰ ਤਾੜ ਜਾਣ ਦੀ ਅਦਭੁੱਤ ਸ਼ਕਤੀ ਹੁੰਦੀ ਹੈ? ਪਰ ਏਨੇ ਸਾਲਾਂ ਬਾਅਦ ਹੁਣ ਉਹ ਅਚਾਨਕ ਬੁਰੇ ਕਿੰਜ ਹੋ ਗਏ ਤੇ ਕਿਉਂ? ਕਿਤੇ ਇੰਜ ਤਾਂ ਨਹੀਂ ਕਿ ਉਹਨਾਂ ਬਾਰੇ, ਉਹਨਾਂ ਦੇ ਪਿੱਛੋਂ ਘਰ ਵਿਚ ਕੋਈ ਗੱਲ ਹੋਈ ਹੋਏ ਤੇ ਬੱਚਿਆਂ ਨੇ ਚੁੱਪਚਾਪ ਉਸਦਾ ਅਸਰ ਕਬੂਲ ਲਿਆ ਹੋਵੇ? ਇਕ ਵਾਰੀ ਇਹ ਵੀ ਮਨ ਵਿਚ ਆਇਆ ਸੀ...ਪਰ ਅਜੇ ਕੱਲ੍ਹ ਤਕ ਤਾਂ!
ਯੁੱਧ ਦਾ ਗਿਆਰਵਾਂ ਦਿਨ ਚੱਲ ਰਿਹਾ ਸੀ। ਉਹੀ ਬਲੈਕ ਆਊਟ ਤੇ ਹਨੇਰਾ। ਪਰ ਕੱਲ੍ਹ ਵੀ ਉਹ ਇੰਜ ਹੀ ਲੁੜਕ ਆਏ ਸਨ, ਜਿਵੇਂ ਢਲਾਨ ਵਲ ਰਾਹ ਭਾਲਦਾ ਪਾਣੀ...ਜੇ ਕਰ ਕੋਈ ਸ਼ੰਤਾਨਹੀਣ ਸ਼ੰਕਰਦੱਤ ਨੂੰ ਪੁੱਛਦਾ ਕਿ ਜਿਆਦਾ ਸਮਾਂ ਇਸ ਘਰ ਵਿਚ ਬਿਤਾਉਣ ਪਿੱਛੇ ਕੋਣ ਹੈ...ਰਿਜਵੀ ਜਾਂ ਅੱਪੂ, ਤਾਂ ਕੀ ਉਹ ਉਤਰ ਦੇ ਸਕਦੇ ਸਨ? ਹਕੀਕਤ ਵਿਚ ਕੀ ਹੈ? ਰਿਜਵੀ ਦੀ ਵਰ੍ਹਿਆਂ ਪੁਰਾਣੀ ਦੋਸਤੀ, ਜਾਂ ਅੱਪੂ ਦੀ ਦਹਿਲੀਜ਼ ਉਪਰ ਹੀ ਗਲ਼ ਲਿਪਟ ਕੇ ਮਾਰੀ ਜਾਣ ਵਾਲੀ ਕਿਲਕਾਰੀ---''ਆਪਣੇ ਅੰਕਲ ਆ ਗਏ...ਆਪਣੇ ਅੰਕਲ ਆ ਗਏ!''
ਕਮਰੇ ਵਿਚ ਅੱਗ ਦੇ ਅੰਗਿਆਰਾਂ ਵਿਚੋਂ ਫੁਟਣ ਵਾਲੀ ਰੋਸ਼ਨੀ ਵਾਂਗ ਜ਼ਰਾ ਜਿੰਨੀ ਰੋਸ਼ਨੀ ਤੇ ਬਹੁਤ ਸਾਰਾ ਹਨੇਰਾ ਸੀ। ਰਹਿ ਰਹਿ ਕੇ ਤੇਜ਼ ਹਵਾਈ ਜਹਾਜ਼ਾਂ ਦਾ ਉਸੇ ਤਰ੍ਹਾਂ ਛੱਤ ਉੱਤੇ ਠਹਿਰ ਜਾਣਾ...ਬਾਹਰ ਸ਼ਹਿਰ ਦਾ ਸ਼ਹਿਰ ਪੱਥਰ ਵਾਂਗ ਖਾਮੋਸ਼।
''ਆਪਣੇ ਅੰਕਲ!'' ਰੋਜ਼ ਵਾਂਗ ਅੱਪੂ ਕੱਲ੍ਹ ਵੀ ਆ ਗਿਆ ਸੀ, ਪਰ ਆਦਤ ਅਨੁਸਾਰ ਨਾ ਤਾਂ ਉਸਨੇ ਸ਼ੰਕਰਦੱਤ ਦੇ ਗਲ਼ੇ ਵਿਚ ਆਪਣੀਆਂ ਨਿੱਕੀਆਂ ਨਿੱਕੀਆਂ ਬਾਹਾਂ ਦਾ ਗਜਰਾ ਹੀ ਪਾਇਆ ਸੀ ਤੇ ਨਾ...
''ਆਪਣੇ ਅੰਕਲ, ਤੁਹਾਨੂੰ ਪਤਾ ਏ ਇਹ ਲੜਾਈ ਕਦੋਂ ਬੰਦ ਹੋਏਗੀ?''
ਸ਼ੰਕਰਦੱਤ ਹੈਰਾਨੀ ਨਾਲ ਤ੍ਰਬਕੇ, ''ਕਿਉਂ ਬੇਟੇ?''
''ਦਸੋ ਨਾ, ਕਦੋਂ ਬੰਦ ਹੋਏਗਾ?''
''ਪਰ ਕਿਉਂ?''
''ਅੰਮੀ ਪੁੱਛ ਰਹੀ ਏ, ਕਹਿੰਦੀ ਏ ਅੰਕਲ ਨੂੰ ਪੁੱਛ ਕੇ ਆ।''
ਸ਼ੰਕਰਦੱਤ ਨੇ ਅੰਦਰਲੇ ਪਰਦੇ ਵੱਲ ਦੇਖਿਆ, ਕਿਤੇ ਬੇਗਮ ਰਿਜਵੀ ਤਾਂ ਨਹੀਂ ਖੜ੍ਹੀ ਹੋਈ? ਨਹੀਂ ਸੀ। ਪਰ ਇਹ ਸਵਾਲ ਇੱਕਲੇ ਅੰਕਲ ਨੂੰ ਹੀ ਕਿਉਂ, ਪਾਪਾ ਨੂੰ ਕਿਉਂ ਨਹੀਂ? ਇਕ ਪਲ ਤਾਂ ਉਹਨਾਂ ਨੂੰ ਲੱਗਿਆ ਜਿਵੇਂ ਉਹ ਕਟਹਿਰੇ ਵੱਲ ਧਰੀਕੇ ਜਾ ਰਹੇ ਨੇ। ਉਸਦੇ ਛੋਟੇ ਜਿਹੇ ਤਨ ਨੂੰ ਸਮੇਟਦੇ ਹੋਏ ਉਹ ਹੌਲੀ ਜਿਹੀ ਬੋਲੇ, ''ਪਤਾ ਨਹੀਂ ਬੇਟੇ!''
ਅੱਪੂ ਕੁਝ ਹੋਰ ਕਹਿੰਦਾ ਇਸ ਤੋਂ ਪਹਿਲਾਂ ਹੀ ਦੂਰ ਕਿਤੇ ਉਸ ਆਵਾਜ਼ ਨੇ ਜਨਮ ਲਿਆ। ਫੇਰ ਕੁਝ ਪਲਾਂ ਵਿਚ ਹੀ ਉਹ ਆਵਾਜ਼ ਸਾਰੇ ਆਕਾਸ਼ ਦੇ ਸੰਨਾਟੇ ਨੂੰ ਕੁਚਲਦੀ ਹੋਈ ਏਨੀ ਬੇਰਹਿਮ ਤੇ ਭਿਆਨਕ ਬਣ ਕੇ ਨੇੜੇ ਆਉਣ ਲੱਗੀ ਕਿ ਅੱਪੂ ਜ਼ੋਰ ਨਾਲ ਉਹਨਾਂ ਨਾਲ ਚਿਪਕ ਗਿਆ। ਕੁਝ ਚਿਰ ਬਾਅਦ ਆਪਣੀਆ ਭੈਭੀਤ ਅੱਖਾਂ ਛੱਤ ਵੱਲ ਚੁੱਕ ਕੇ ਅੱਪੂ ਨੇ ਕਿਹਾ, ''ਅੰਕਲ ਤੁਹਾਨੂੰ ਡਰ ਨਹੀਂ ਲੱਗਦਾ?''
''ਲਗਦਾ ਏ ਬੇਟੇ!''
''ਤੁਹਾਨੂੰ ਵੀ?''
''ਹਾਂ, ਸਾਨੂੰ ਵੀ।''
''ਇਹ ਜਹਾਜ਼ ਲੜਾਕੂ ਸੀ ਨਾ, ਅੰਕਲ?''
ਸ਼ੰਕਰ ਦੱਤ ਨੇ ਸਿਰ ਹਿਲਾਅ ਦਿੱਤਾ।
''ਇਹ ਬੰਬ ਸੁੱਟਣ ਜਾ ਰਿਹਾ ਏ ਨਾ?''
''ਅੱਪੂ, ਹੁਣ ਅੰਦਰ ਜਾਓ!'' ਵਿਚਕਾਰ ਹੀ ਰਿਜਵੀ ਨੇ ਟੋਕ ਦਿੱਤਾ ਸੀ।
''ਲੜਾਈ ਵਿਚ ਲੜਦਾ ਕੌਣ ਏਂ, ਅੰਕਲ?''
''ਫੌਜੀ ਲੜਦੇ ਨੇ, ਬੇਟੇ!''
''ਫੌਜੀ ਕਿਹੋ ਜਿਹੇ ਹੁੰਦੇ ਨੇ?''
''ਜਿਹੜੇ ਫੌਜ ਵਿਚ ਹੋਣ, ਉਹ ਫੌਜੀ ਅਖਵਾਂਦੇ ਨੇ।''
''ਅੱਛਾ ਸਮਝ ਗਿਆ, ਜਿੱਦਾਂ ਸਾਡੇ ਪਾਕਿਸਤਾਨ ਵਾਲੇ ਮਾਮਾ ਜੀ ਫੌਜੀ ਨੇ...ਹੈ ਨਾ?''
''ਹਾਂ ਬੇਟੇ, ਉਹ ਵੀ ਲੜ ਰਹੇ ਹੋਣਗੇ।''
''ਬੰਦੂਕਾਂ ਨਾਲ?''
''ਹਾਂ, ਬੰਦੂਕਾਂ ਨਾਲ, ਹੱਥ ਗੋਲਿਆਂ ਨਾਲ, ਟੈਂਕਾਂ ਨਾਲ।''
''ਇਹਨਾਂ ਨੂੰ ਫੌਜ ਵਿਚ ਭੇਜਦਾ ਕੌਣ ਏਂ, ਅੰਕਲ?''
''ਦੇਸ਼ ਭੇਜਦਾ ਏ ਬੇਟੇ!''
''ਦੇਸ਼? ਦੇਸ਼ ਕੌਣ ਏਂ?''
''ਬੇਟੇ...ਦੇਸ਼...!'' ਸ਼ੰਕਰ ਦੱਤ ਨੂੰ ਇਕ ਪਲ ਸੋਚਣਾ ਪਿਆ ਸੀ। ''ਦੇਸ਼ ਉਹ ਹੁੰਦਾ ਏ ਜਿਸ ਵਿਚ ਲੋਕ ਰਹਿੰਦੇ ਨੇ; ਜਿਵੇਂ ਅਸੀਂ, ਤੁਸੀਂ—ਅਸੀਂ ਹੀ ਦੇਸ਼ ਹਾਂ ਬੇਟੇ!''
''ਪਰ ਅੰਕਲ ਤੁਸੀਂ ਤਾਂ ਕਹਿ ਰਹੇ ਸੀ, ਤੁਹਾਨੂੰ ਤਾਂ ਲੜਾਈ ਤੋਂ ਡਰ ਲਗਦਾ ਏ! ਫੇਰ ਇਹਨਾਂ ਨੂੰ ਕਿਉਂ ਭੇਜਿਆ?''
''ਅੱਪੂ!''
ਰਿਜਵੀ ਨੇ ਇਸ ਵਾਰੀ ਝਿੜਕਦੀ ਜਿਹੀ ਆਵਾਜ਼ ਵਿਚ ਕਿਹਾ ਸੀ। ਅੱਪੂ ਨੇ ਇਕ ਪਲ ਲਈ ਆਪਣੇ ਪਾਪਾ ਵੱਲ ਦੇਖਿਆ ਸੀ, ਫੇਰ ਉਹਨਾਂ ਵੱਲ ਤੇ ਫੇਰ ਭੌਂ ਕੇ ਪੁੱਛਿਆ ਸੀ, ''ਅੱਛਾ ਅੰਕਲ ਇਕ ਗੱਲ ਹੋਰ, ਫੌਜੀ ਡਰਦੇ ਨਹੀਂ?''
''ਕਿਸ ਤੋਂ?''
''ਲੜਾਈ ਵਿਚ ਗੋਲੀਆਂ-ਗੂਲੀਆਂ ਤੋਂ? ਉਹਨਾਂ ਦੇ ਵੱਜਦੀਆਂ ਨਹੀਂ?''
''ਵਜਦੀਆਂ ਨੇ।''
''ਸੱਚੀ ਮੁੱਚੀ ਦੀਆਂ?''
''ਹਾਂ।''
''ਫੇਰ ਉਹ ਮਰ ਜਾਂਦੇ ਨੇ?''
''ਹਾਂ, ਮਰ ਜਾਂਦੇ ਨੇ।''
''ਸੱਚੀ ਮੁੱਚੀ?''
''ਹਾਂ, ਬੇਟੇ! ਸੱਚੀ ਮੁੱਚੀ।''
''ਅੱਪੂ ਦੇ ਛੋਟੇ ਜਿਹੇ ਮੱਥੇ ਉਪਰ ਵੱਟ ਪੈ ਗਏ ਸਨ ਤੇ ਉਸਦੇ ਨਿੱਕੇ ਨਿੱਕੇ ਬੁੱਲ੍ਹ ਹੈਰਾਨੀ ਤੇ ਚਿੰਤਾ ਨਾਲ ਖੁੱਲ੍ਹੇ ਰਹਿ ਗਏ ਸਨ। ਇਕ ਵਾਰੀ ਉਹਨਾਂ ਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਘੂਰਦੇ ਰਹਿਣ ਪਿੱਛੋਂ ਅਚਾਨਕ ਉਸਨੇ ਪੁੱਛਿਆ ਸੀ, ''ਤਾਂ ਅੰਕਲ, ਉਹਨਾਂ ਨੂੰ ਪੁਲਿਸ ਕਿਉਂ ਨਹੀਂ ਫੜ੍ਹਦੀ?''
ਕੀ ਸ਼ੰਕਰ ਦੱਤ ਇਸ ਸਵਾਲ ਦਾ ਜਵਾਬ ਦੇ ਸਕਦੇ ਨੇ? ਜੇ ਰਿਜਵੀ ਨੇ ਇਸ ਵਾਰੀ ਸਖ਼ਤੀ ਨਾਲ ਝਿੜਕ ਕੇ ਅੱਪੂ ਨੂੰ ਚੁੱਪ ਨਾ ਕਰਾਇਆ ਹੁੰਦਾ, ਤਾਂ ਉਹ ਕੀ ਜਵਾਬ ਦਿੰਦੇ?
''ਬੜਾ ਤੰਗ ਕਰਦਾ ਏ!'' ਅੱਪੂ ਦੇ ਚਲੇ ਜਾਣ ਪਿੱਛੋਂ ਰਿਜਵੀ ਨੇ ਹੌਲੀ ਜਿਹੀ ਕਿਹਾ ਸੀ।
'ਹਾਂ, ਸੱਚਮੁੱਚ ਤੰਗ ਕਰਦਾ ਏ।'' ਲੰਮਾ ਸਾਹ ਖਿੱਚ ਕੇ ਸ਼ੰਕਰਦੱਤ ਬੋਲੇ ਸਨ। ''ਵਸੀਮ ਤੈਨੂੰ ਉਹ ਦਿਨ ਯਾਦ ਏ? ਉਹ ਦਿਨ ਜਿਸ ਦਿਨ ਅੱਪੂ ਨੇ ਤੈਥੋਂ ਇਕ ਸਵਾਲ ਪੁੱਛਿਆ ਸੀ, ਤੇ ਜਿਸਦਾ ਤੇਰੇ ਕੋਲ ਕੋਈ ਜਵਾਬ ਨਹੀਂ ਸੀ। ਉਹ ਗੱਲ ਅੱਜ ਵੀ ਮੈਨੂੰ ਤੰਗ ਕਰਦੀ ਹੈ...''
ਰਿਜਵੀ ਨੇ ਸਵਾਲੀਆਂ ਅੱਖਾਂ ਨਾਲ ਉਹਨਾਂ ਵੱਲ ਦੇਖਿਆ ਸੀ। ਫੇਰ ਯਾਦ ਕਰਕੇ ਪਲਕਾਂ ਆਪਣੇ ਆਪ ਝੁਕ ਗਈਆਂ ਸਨ।
ਕੋਈ ਛੁੱਟੀ ਵਾਲਾ ਦਿਨ ਸੀ। ਇਹੀ ਬੈਠਕ ਸੀ। ਇਹੀ ਦੋਵੇਂ ਸਨ। ਇਹੀ ਦੇਰ ਤਕ ਚਲਣ ਵਾਲੀ ਚੁੱਪ ਸੀ। ਬੇਗਮ ਰਿਜਵੀ ਅੰਦਰ ਸੀ, ਅੱਪੂ ਬਾਹਰ ਆਪਣੇ ਦੋਸਤਾਂ ਨਾਲ ਖੇਡ ਰਿਹਾ ਸੀ। ਅਚਾਨਕ ਪਤਾ ਨਹੀਂ ਕੀ ਹੋਇਆ ਕਿ ਉਹ ਖੇਡ ਛੱਡ ਕੇ ਆਪਣੇ ਪਾਪਾ ਕੋਲ ਆਣ ਖਲੋਤਾ ਤੇ ਫੇਰ ਗੋਲੀ ਵਾਂਗ ਹੀ ਉਸਨੇ ਇਹ ਸਵਾਲ ਕੀਤਾ ਸੀ...:
''ਪਾਪਾ, ਅਸੀਂ ਹਿੰਦੂ ਹਾਂ ਕਿ ਮੁਸਲਮਾਨ?''
''ਕਿਉਂ?'' ਰਿਜਵੀ ਬੁਰੀ ਤਰ੍ਹਾਂ ਤ੍ਰਬਕਿਆ ਸੀ, ਫੇਰ ਉਸਨੇ ਉਸਨੂੰ ਟਾਲਣਾ ਚਾਹਿਆ ਸੀ, ''ਬਾਹਰ ਖੇਡੋ, ਬੇਟੇ! ਸਾਨੂੰ ਗੱਲਾਂ ਕਰਨ ਦਿਓ।''
''ਨਹੀਂ ਪਹਿਲਾਂ ਦੱਸੋ।'' ਅੱਪੂ ਜਿੱਦ ਫੜ੍ਹ ਗਿਆ ਸੀ, ''ਅਸੀਂ ਹਿੰਦੂ ਹਾਂ ਕਿ ਮੁਸਲਮਾਨ?''
''ਪਰ ਕਿਉਂ?''
''ਦੱਸੋ ਨਾ...''
''ਅੱਛਾ, ਮੁਸਲਮਾਨ!''
''ਅੱਲਾ ਮੀਆਂ ਕਿੱਥੇ ਰਹਿੰਦੇ ਨੇ, ਪਾਪਾ? ਉਪਰ ਆਸਮਾਨ ਵਿਚ ਨਾ?''
''ਹਾਂ।''
''ਤੇ ਭਗਵਾਨ?''
''ਉਹ ਵੀ ਉੱਥੇ ਹੀ।''
''ਉੱਥੇ ਹੀ?'' ਕਹਿ ਰਹੇ ਅੱਪੂ ਦੀਆਂ ਅੱਖਾਂ ਵਿਚ ਇਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਤੈਰਨ ਲੱਗਾ। ਉਹ ਹੋਰ ਕੋਈ ਸਵਾਲ ਨਾ ਪੁੱਛ ਲਏ, ਇਸ ਲਈ ਡਰ ਵੱਸ ਰਿਜਵੀ ਨੇ ਕਿਹਾ, ''ਜਾਹ, ਬਾਹਰ ਜਾ ਕੇ ਖੇਡ ...'' ਪਰ ਅੱਪੂ ਕੋਈ ਅਗਲਾ ਸਵਾਲ ਪੁੱਛਣ ਲਈ ਉਤਾਵਲਾ ਸੀ ਤੇ ਉਹ ਦੋਵੇਂ ਆਪਦੀ ਜਾਨ ਬਚਾਉਣ ਲਈ...ਰਿਜਵੀ ਨੇ ਨਜ਼ਰਾਂ ਬਚਾਉਣ ਲਈ ਦਲਾਨ ਵੱਲ ਦੇਖਿਆ।
ਦਾਲਾਨ ਵਿਚ ਟੰਗੇ ਇਕ ਸ਼ੀਸ਼ੇ ਉਪਰ ਬੈਠੀ ਇਕ ਚਿੜੀ ਹਮੇਸ਼ਾ ਵਾਂਗ ਆਪਣੀ ਪ੍ਰਛਾਈ ਨੂੰ ਚੁੰਝਾਂ ਮਾਰ ਰਹੀ ਸੀ।
(ਅਨੁਵਾਦ: ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਗੁਲਸ਼ੇਰ ਖ਼ਾਂ ਸ਼ਾਨੀ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ