Angoor Mitthe Han (Punjabi Story) : Bahadur Singh Gosal

ਅੰਗੂਰ ਮਿੱਠੇ ਹਨ (ਕਹਾਣੀ) : ਬਹਾਦਰ ਸਿੰਘ ਗੋਸਲ

ਇਕ ਵਾਰ ਇਕ ਲੂੰਬੜੀ ਬਾਗ ਦੇ ਕੋਲੋਂ ਲੰਘ ਰਹੀ ਸੀ । ਬਾਗ ਵਿਚ ਅੰਗੂਰਾਂ ਦੀਆਂ ਉੱਚੀਆਂ-ਉੱਚੀਆਂ ਵੇਲਾਂ ਸਨ, ਜੋ ਪੱਕੇ ਅਤੇ ਵੱਡੇ-ਵੱਡੇ ਅੰਗੂਰਾਂ ਨਾਲ ਲੱਦੀਆਂ ਪਈਆਂ ਸਨ । ਬਹੁਤ ਮਿੱਠੀ ਮਹਿਕ ਆ ਰਹੀ ਸੀ । ਲੂੰਬੜੀ ਦੇ ਮੂੰਹ ਵਿਚ ਵੀ ਪਾਣੀ ਭਰ ਆਇਆ । ਉਸ ਨੇ ਅੰਗੂਰ ਖਾਣ ਦੀ ਸੋਚੀ ਅਤੇ ਵੇਲਾਂ ਪਾਸ ਚਲੀ ਗਈ, ਪਰ ਅੰਗੂਰ ਉੱਚੇ ਸਨ ।
ਹੁਣ ਅੰਗੂਰ ਖਾਣ ਲਈ ਉਹ ਉੱਚੀ-ਉੱਚੀ ਛਾਲਾਂ ਲਗਾ ਕੇ ਅੰਗੂਰ ਤੋੜਨ ਦਾ ਯਤਨ ਕਰਦੀ, ਪਰ ਅੰਗੂਰਾਂ ਤੱਕ ਪਹੁੰਚ ਨਾ ਸਕੀ । ਥੱਕ-ਹਾਰ ਕੇ ਸੋਚਣ ਲੱਗੀ ਕਿ ਕੀ ਕੀਤਾ ਜਾਵੇ? ਉਸ ਨੇ ਮਨ ਵਿਚ ਸੋਚਿਆ, 'ਜੇ ਮੈਂ ਆਪਣੇ ਬਜ਼ੁਰਗਾਂ ਦੀ ਤਰ੍ਹਾਂ ਅੰਗੂਰ ਖੱਟੇ ਹਨ, ਕਹਿ ਕੇ ਚਲੀ ਗਈ, ਤਾਂ ਮੈਂ ਅੰਗੂਰ ਕਦੇ ਨਹੀਂ ਖਾ ਸਕਾਂਗੀ, ਨਾਲੇ ਬਜ਼ੁਰਗ ਤਾਂ ਪੁਰਾਣੇ ਜ਼ਮਾਨੇ ਦੇ ਸਨ, ਮੈਂ ਮਾਡਰਨ ਜ਼ਮਾਨੇ ਦੀ ਲੂੰਬੜੀ ਹਾਂ ।' ਇਹ ਸੋਚ ਨੇ ਲੂੰਬੜੀ ਇਕ ਵੱਡੇ ਪੱਥਰ ਉੱਤੇ ਬੈਠ ਗਈ ।
ਹੁਣ ਉਸ ਨੇ ਸੋਚਿਆ, '21ਵੀਂ ਸਦੀ ਚੱਲ ਰਹੀ ਹੈ, ਮੈਨੂੰ ਕੋਈ ਨਾ ਕੋਈ ਤਰਕੀਬ ਸੋਚਣੀ ਚਾਹੀਦੀ ਹੈ, ਨਹੀਂ ਤਾਂ ਮੇਰਾ 21ਵੀਂ ਸਦੀ ਵਿਚ ਜੰਮਣ ਦਾ ਕੀ ਫਾਇਦਾ?' ਲੂੰਬੜੀ ਬੈਠੀ ਸੋਚ ਹੀ ਰਹੀ ਸੀ ਕਿ ਦੂਰੋਂ ਆਉਂਦੇ ਇਕ ਗਧੇ ਨੇ ਉਸ ਨੂੰ ਅੰਗੂਰਾਂ ਲਈ ਛਲਾਂਗਾਂ ਲਗਾਉਂਦੀ ਨੂੰ ਦੇਖ ਲਿਆ ਸੀ । ਨੇੜੇ ਆ ਕੇ ਉਸ ਨੇ ਆਪਣੀ ਟਿਊਨ ਵਿਚ ਗਾਉਣਾ ਸ਼ੁਰੂ ਕੀਤਾ-
ਉੱਦਮ ਅੱਗੇ ਲਕਸ਼ਮੀ, ਪੱਖੇ ਅੱਗੇ ਪੌਣ ।
ਜੇ ਦਲਿੱਦਰੀ ਬੈਠ ਜਾਣੇ, ਤਾਂ ਅੰਗੂਰ ਖਾਏਗਾ ਕੌਣ?
ਲੂੰਬੜੀ ਚੁੱਪ ਕਰ ਰਹੀ, ਤਾਂ ਗਧਾ ਬੋਲਿਆ, 'ਭੈਣ! ਅੰਗੂਰ ਖਾਣ ਦਾ ਇਰਾਦਾ ਹੈ ਤਾਂ ਮੇਰੇ ਲਈ ਕੋਈ ਸੇਵਾ ਦੱਸ?' ਲੂੰਬੜੀ ਖਿਝ ਕੇ ਬੋਲੀ, 'ਤੂੰ ਤਾਂ ਪਹਿਲਾਂ ਹੀ ਗਧਾ ਏਂ, ਤੂੰ ਮੇਰੀ ਕੀ ਸੇਵਾ ਕਰੇਂਗਾ?' ਹੁਣ ਗਧੇ ਤੋਂ ਵੀ ਚੁੱਪ ਨਾ ਰਿਹਾ ਗਿਆ, ਉਹ ਗੁੱਸੇ ਵਿਚ ਬੋਲਿਆ, 'ਕੀ ਤੂੰ ਵੀ ਮਨੁੱਖਾਂ ਨਾਲ ਜਾ ਰਲੀ ਅਤੇ ਮੇਰੇ ਬਾਰੇ ਮਨੁੱਖਾਂ ਵਾਂਗ ਹੀ ਸੋਚਣ ਲੱਗ ਪਈ? ਮੈਂ ਮਨੁੱਖ ਦੀ ਅੰਤਾਂ ਦੀ ਸੇਵਾ ਕਰਦਾ ਹਾਂ, ਬਿਨਾਂ ਝਗੜੇ ਅਤੇ ਬਿਨਾਂ ਬੋਲੇ, ਜਿੰਨਾ ਭਾਰ ਮਨੁੱਖ ਲੱਦ ਦਿੰਦਾ ਹੈ, ਢੋਂਦਾ ਰਹਿੰਦਾ ਹਾਂ । ਉਸ ਨੂੰ ਮੇਰੀ ਸੇਵਾ ਦੀ ਕੋਈ ਕਦਰ ਨਹੀਂ, ਉਲਟਾ ਮੇਰੀ ਸ਼ਰਾਫ਼ਤ ਅਤੇ ਚੁੱਪ ਨੂੰ ਦੇਖ ਕੇ ਹੀ ਉਹ ਮੈਨੂੰ ਗਧਾ ਕਰਕੇ ਬੁਲਾਉਂਦਾ ਹੈ । ਮੈਂ ਫਿਰ ਵੀ ਇਹੀ ਨਾਂਅ ਸਵੀਕਾਰ ਕਰ ਰੱਖਿਆ ਹੈ ਅਤੇ ਸੋਚਦਾ ਰਹਿੰਦਾ ਹਾਂ ਜਦੋਂ ਮਨੁੱਖ ਸੌ ਫੀਸਦੀ‚ ਪੜ੍ਹ ਜਾਵੇਗਾ ਤਾਂ ਮੇਰਾ ਨਾਂਅ ਆਪ ਹੀ ਬਦਲ ਦੇਵੇਗਾ, ਪਰ ਅਜੇ ਉਹ ਟੀਚੇ ਤੋਂ ਬਹੁਤ ਦੂਰ ਹੈ ।'
ਕੁਝ ਦੇਰ ਰੁਕ ਕੇ ਗਧਾ ਫਿਰ ਬੋਲਿਆ, 'ਹਾਂ, ਮੈਂ ਗਧਾ ਜ਼ਰੂਰ ਹਾਂ, ਪਰ ਮੌਕੇ 'ਤੇ ਕੰਮ ਆਉਣਾ ਅਤੇ ਕੋਈ ਨਵੀਂ ਸਕੀਮ ਦੱਸਣਾ ਮੇਰੀਆਂ ਖੂਬੀਆਂ ਵਿਚੋਂ ਇਕ ਹੈ, ਹੁਣ ਮੈਂ ਤੈਨੂੰ ਵੀ ਅੰਗੂਰ ਖਾਣ ਲਈ ਨਵੀਂ ਵਿਉਂਤ ਦੱਸਦਾ ਹਾਂ ।' ਹੁਣ ਲੰੂਬੜੀ ਦੇ ਮੂੰਹ ਵਿਚੋਂ ਪਾਣੀ ਡਿਗਣ ਲੱਗਾ ਅਤੇ ਬੋਲੀ, 'ਹਾਂ-ਹਾਂ, ਛੇਤੀ ਦੱਸ, ਤਾਂ ਕਿ ਮੈਂ ਰੱਜ ਕੇ ਅੰਗੂਰ ਖਾ ਲਵਾਂ' । ਗਧੇ ਨੇ ਕਿਹਾ, 'ਮੈਂ ਵੇਲਾਂ ਹੇਠਾਂ ਖੜ੍ਹ ਜਾਵਾਂਗਾ, ਤੂੰ ਮੇਰੇ ਉੱਪਰ ਖੜ੍ਹ ਕੇ ਅੰਗੂਰਾਂ ਤੱਕ ਪਹੁੰਚ ਜਾਵੇਂਗੀ ਤੇ ਫਿਰ ਅੰਗੂਰ ਤੋੜ ਕੇ ਖਾ ਲੈਣਾ' । ਲੂੰਬੜੀ ਮੰਨ ਗਈ ਅਤੇ ਉਨ੍ਹਾਂ ਏਦਾਂ ਹੀ ਕੀਤਾ ।
ਗਧੇ 'ਤੇ ਖੜ੍ਹ ਕੇ ਲੂੰਬੜੀ ਨੇ ਆਰਾਮ ਨਾਲ ਅੰਗੂਰ ਤੋੜ ਕੇ ਖਾਧੇ ਅਤੇ ਨਾਲ ਹੀ ਗਧੇ ਨੂੰ ਵੀ ਖਾਣ ਲਈ ਦਿੱਤੇ । ਹੁਣ ਗਧੇ ਨੇ ਲੂੰਬੜੀ ਨੂੰ ਪੁੱਛਿਆ, 'ਅੰਗੂਰ ਕਿਹੋ ਜਿਹੇ ਹਨ?' ਲੂੰਬੜੀ ਬੋਲੀ, 'ਅੰਗੂਰ ਤਾਂ ਬਹੁਤ ਮਿੱਠੇ ਹਨ, ਪਰ ਪਤਾ ਨਹੀਂ ਸਾਡੇ ਬਜ਼ੁਰਗ ਏਨੇ ਮਿੱਠੇ ਅੰਗੂਰਾਂ ਨੂੰ ਸਦੀਆਂ ਤੋਂ ਖੱਟੇ ਕਿਉਂ ਦੱਸੀ ਗਏ?' ਹੁਣ ਗਧਾ ਕਹਿਣ ਲੱਗਾ, 'ਤੂੰ ਵੀ ਗਧੇ ਦੀ ਇਕ ਸਿਆਣੀ ਗੱਲ ਲੜ ਬੰਨ੍ਹ ਲੈਣਾ ਕਿ ਹਿੰਮਤ ਅਤੇ ਚੰਗੀ ਸੋਚ ਸਦਕਾ ਹਰ ਖੱਟੀ ਚੀਜ਼ ਮਿੱਠੀ ਬਣ ਜਾਂਦੀ ਹੈ ।'

  • ਮੁੱਖ ਪੰਨਾ : ਕਹਾਣੀਆਂ, ਬਹਾਦਰ ਸਿੰਘ ਗੋਸਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ