Ik Raat Da Samundar (Punjabi Story) : Jasbir Bhullar

ਇਕ ਰਾਤ ਦਾ ਸਮੁੰਦਰ (ਕਹਾਣੀ) : ਜਸਬੀਰ ਭੁੱਲਰ

ਉਸ ਰਾਤ ਆਸਮਾਨ ਦੀ ਮੈਲੀ ਛੱਤ ਉਤੇ ਚੰਨ ਨਹੀਂ ਸੀ। ਤਾਰੇ ਵੀ ਮਧਮ ਪੈ ਗਏ ਸਨ।
ਰਾਤ ਸਮੁੰਦਰ ਉਤੇ ਝੁਕ ਗਈ।
ਸਮੁੰਦਰ ਪਥਰਾਇਆ ਜਿਹਾ ਫੈਲਿਆ ਰਿਹਾ। ਨਾ ਉਹਨੇ ਰੌਲਾ ਹੀ ਪਾਇਆ ਤੇ ਨਾ ਹੀ ਕੋਈ ਲਹਿਰ ਕਿਨਾਰੇ ਵੱਲ ਦੌੜੀ।
ਉਹ ਕੋਈ ਅਜਬ ਗ਼ਜ਼ਬ ਜਿਹੀ ਸਾਜ਼ਿਸ਼ ਸੀ।

+++

ਆਫ਼ੀਸਰਜ਼ ਮੈੱਸ ਵਿਚ ਜਸ਼ਨ ਦੀ ਰਾਤ ਚਿਪਚਿਪੀ ਹੋ ਗਈ।
ਸੰਗੀਤ ਕੁਝ ਵਧੇਰੇ ਹੀ ਉਚਾ ਸੀ।
ਡਾਂਸ ਫਲੋਰ ਉਤੇ ਜੋੜੇ ਥਿਰਕਦੇ ਰਹੇ। ਮਾਹੌਲ ਵਿਚ ਵਿਸਕੀ ਦੀ ਗੰਧ ਸੰਘਣੀ ਹੋ ਗਈ। ਜਿਹੜੇ ਨੱਚ ਨਹੀਂ ਸਨ ਰਹੇ, ਉਹ ਉਚੀ-ਉਚੀ ਗੱਲਾਂ ਕਰਨ ਲੱਗ ਪਏ। ਜਸ਼ਨ ਦਾ ਰੌਲਾ ਸੁਣ ਕੇ ਵੀ ਸਮੁੰਦਰ ਨੇ ਚੁੱਪ ਨਹੀਂ ਸੀ ਤੋੜੀ।
ਹਵਾ ਠਹਿਰੀ ਹੋਈ ਸੀ, ਠਹਿਰੀ ਹੀ ਰਹੀ।
ਮੌਸਮ ਦੀ ਚਿਪਚਿਪਾਹਟ ਅਕਲਕਾਂਦ ਪੈਦਾ ਕਰ ਰਹੀ ਸੀ। ਅਚਵੀ ਜਿਹੀ ਵਿਚ ਮੇਜਰ ਕੁਲਬੀਰ ਨੇ ਵਿਸਕੀ ਦਾ ਲੰਮਾ ਘੁੱਟ ਭਰਿਆ।
ਵਿਸਕੀ ਦੀਆਂ ਘੁੱਟਾਂ ਨੇ ਉਹ ਰਾਤ ਅੱਧੀ ਪੀ ਲਈ।

+++

ਵਰ੍ਹਾ ਪਹਿਲਾਂ ਮੇਜਰ ਕੁਲਬੀਰ ਨੇ ਅੰਡੇਮਾਨ ਨਿਕੋਬਾਰ ਦੇ ਟਾਪੂਆਂ ਵੱਲ ਉਡਾਣ ਭਰੀ ਸੀ। ਉਹ ਹਵਾਈ ਜਹਾਜ਼ ਦੇ ਝਰੋਖੇ ਵਿਚੋਂ ਲਗਾਤਾਰ ਬਾਹਰ ਝਾਕਦਾ ਰਿਹਾ ਸੀ। ਉਹਨੂੰ ਬੱਦਲ ਤੇ ਸਮੁੰਦਰ ਨਾਲੋ ਨਾਲ ਉਡ ਰਹੇ ਪ੍ਰਤੀਤ ਹੋਏ ਸਨ।
ਫੇਰ ਸਮੁੰਦਰ ਗੁਆਚ ਗਿਆ ਸੀ। ਹਵਾਈ ਜਹਾਜ਼ ਬੱਦਲਾਂ ਦੀ ਗੁਫ਼ਾ ਵਿਚ ਉਡਦਾ ਰਿਹਾ। ਛੇਤੀ ਹੀ ਹਵਾਈ ਜਹਾਜ਼ ਕੁਝ ਨੀਵਾਂ ਉਤਰ ਆਇਆ। ਸਮੁੰਦਰ ਕੁਝ ਇਸ ਤਰ੍ਹਾਂ ਦਿਸਣ ਲੱਗ ਪਿਆ ਜਿਵੇਂ ਨੀਲਮ ਪਿਘਲ ਕੇ ਕਾਇਨਾਤ ਵਿਚ ਫੈਲ ਗਿਆ ਹੋਵੇ।
ਮੇਜਰ ਕੁਲਬੀਰ ਨੇ ਨਸਵਾਰੀ ਰੰਗ ਦੇ ਟਿਮਕਣੇ ਪਾਣੀ ਉਤੇ ਤੈਰਦੇ ਵੇਖੇ। ਉਹ ਟਿਮਕਣੇ ਹੌਲੀ-ਹੌਲੀ ਫੈਲ ਕੇ ਅੰਡੇਮਾਨ ਨਿਕੋਬਾਰ ਦੇ ਟਾਪੂ ਹੋ ਗਏ।
ਜਹਾਜ਼ ਆਖ਼ਰਕਾਰ ਹਵਾਈ ਪੱਟੀ ਉਤੇ ਉਤਰ ਆਇਆ। ਮੇਜਰ ਕੁਲਬੀਰ ਨੇ ਉਸ ਜਜ਼ੀਰੇ ਦੀ ਜ਼ਮੀਨ ਉਤੇ ਪਹਿਲਾ ਪੈਰ ਧਰਿਆ ਤਾਂ ਉਸ ਨੂੰ ਜਾਪਿਆ, ਉਹ ਤਬਾਦਲੇ ਉਤੇ ਆਇਆ ਫੌਜੀ ਅਫ਼ਸਰ ਨਹੀਂ ਰਿਹਾ। ਉਹ ਸਿੰਧਬਾਦ ਹੋ ਗਿਆ ਸੀ। ਅਲਫ਼-ਲੈਲਾ ਦੀਆਂ ਕਹਾਣੀਆਂ ਦੇ ਉਸ ਨਾਇਕ ਸਾਹਵੇਂ ਬੇਸ਼-ਕੀਮਤੀ ਖ਼ਜ਼ਾਨਾ ਖਿਲਰਿਆ ਪਿਆ ਸੀ।
ਉਥੇ ਹਰਿਆਵਲ ਨਾਲ ਢਕੇ ਹੋਏ ਪਹਾੜ ਸਨ, ਫਲਾਂ ਵਾਲੇ ਜੰਗਲ ਸਨ, ਆਸਮਾਨ ਵੱਲ ਤਣੇ ਹੋਏ ਸੁਪਾਰੀ ਦੇ ਰੁੱਖ ਸਨ। ਉਸ ਵੇਲੇ ਸੁਪਾਰੀ ਦੇ ਰੁੱਖ ਹਵਾ ਨਾਲ ਝੂਲ ਰਹੇ ਸਨ, ਜਿਵੇਂ ਇਕ-ਦੂਜੇ ਨੂੰ ਗਲੇ ਮਿਲਣ ਲਈ ਅਹੁਲ ਰਹੇ ਹੋਣ।
ਨਾਰੀਅਲ ਦੇ ਲੰਮ-ਸਲੰਮੇ ਬਿਰਖ਼ ਸਮੁੰਦਰ ਵੱਲ ਝੁਕੇ ਹੋਏ ਲਹਿਰਾਂ ਨਾਲ ਗੱਲਾਂ ਕਰ ਰਹੇ ਸਨ।
ਉਨ੍ਹਾਂ ਜੰਗਲਾਂ ਵਿਚ ਆਲੇ ਭੋਲੇ ਜਾਨਵਰ ਖੁਲ੍ਹਾਂ ਖੇਡਦੇ ਸਨ। ਗੀਤ ਗਾਉਂਦੇ ਪੰਛੀਆਂ ਦਾ ਆਸਮਾਨ ਵੀ ਆਪਣਾ ਸੀ ਤੇ ਰੁੱਖ ਵੀ।
ਪੰਛੀਆਂ ਤੇ ਜਨੌਰਾਂ ਦੇ ਕੋਲ-ਕੋਲ ਹੀ ਜੰਗਲੀ ਕਬੀਲੇ ਸਨ।
ਅਗਲੇ ਦਿਨੀਂ ਮੇਜਰ ਕੁਲਬੀਰ ਨੇ ਬੜਾ ਕੁਝ ਹੋਰ ਵੀ ਵੇਖ ਲਿਆ, ਜਿਹੜਾ ਉਹਨੇ ਕਦੇ ਨਹੀਂ ਸੀ ਵੇਖਣਾ।

+++

ਮੇਜਰ ਕੁਲਬੀਰ ਸਮੁੰਦਰ ਵੱਲ ਤੁਰ ਪਿਆ। ਉਹਨੇ ਪੈਂਟ ਗੋਡਿਆਂ ਤੱਕ ਟੰਗ ਲਈ ਤੇ ਗੁਰਗਾਬੀ ਉਤਾਰ ਕੇ ਹੱਥ ਵਿਚ ਫੜ ਲਈ। ਉਹ ਸਮੁੰਦਰ ਵਿਚ ਕੁਝ ਇਸ ਤਰ੍ਹਾਂ ਵੜਿਆ ਜਿਵੇਂ ਲਹਿਰਾਂ ਦੇ ਘਰ ਤੱਕ ਜਾਣਾ ਹੋਵੇ। ਪਰ ਉਹ ਲਹਿਰਾਂ ਬੇਘਰੀਆਂ ਸਨ, ਲੰਮਾ ਸਫ਼ਰ ਤੈਅ ਕਰਕੇ ਉਥੇ ਪਹੁੰਚੀਆਂ ਸਨ।
ਲਹਿਰਾਂ ਸਦੀਆਂ ਤੋਂ ਇਕ ਦੂਜੇ ਦੇ ਪਿੱਛੇ ਦੌੜ ਰਹੀਆਂ ਸਨ, ਕਿਨਾਰੇ ਉੱਤੇ ਆ ਕੇ ਟੁੱਟ ਜਾਂਦੀਆਂ ਸਨ। ਇਕ ਲਹਿਰ ਤੋਂ ਪਿੱਛੋਂ ਇਕ ਹੋਰ ਲਹਿਰ, ਨਾ ਮੁੱਕਣ ਵਾਲਾ ਸਿਲਸਿਲਾ ਸੀ ਲਹਿਰਾਂ ਦਾ, ਅਸਲੋਂ ਜ਼ਿੰਦਗੀ ਵਰਗਾ।
ਸਮੁੰਦਰ ਦਾ ਪਾਣੀ ਸ਼ੀਸ਼ੇ ਵਾਂਗੂੰ ਸੀ, ਸਾਫ਼-ਸਫ਼ਾਫ। ਉਹ ਪਾਣੀ ਵਿਚ ਤੈਰਦੀਆਂ ਮੱਛੀਆਂ ਵੇਖ ਸਕਦਾ ਸੀ। ਉਹ ਮੱਛੀਆਂ ਜਿਵੇਂ ਮੇਜਰ ਕੁਲਬੀਰ ਨਾਲ ਗੱਲਾਂ ਕਰਨ ਲਈ ਹੀ ਉਥੇ ਇਕੱਠੀਆਂ ਹੋਈਆਂ ਸਨ।
ਉਹ ਕੁਝ ਅਗਾਂਹ ਨੂੰ ਹੋਇਆ ਤਾਂ ਮੱਛੀਆਂ ਤ੍ਰਹਿ ਕੇ ਪਰ੍ਹਾਂ ਚਲੀਆਂ ਗਈਆਂ।
ਸਮੁੰਦਰ ਦੀਆਂ ਲਹਿਰਾਂ ਮੇਜਰ ਕੁਲਬੀਰ ਦੇ ਪੈਰਾਂ ਨਾਲ ਖੇਡਣ ਲੱਗ ਪਈਆਂ। ਸ਼ਰਾਰਤੀ ਲਹਿਰਾਂ ਵੇਗ ਨਾਲ ਆਉਂਦੀਆਂ ਤੇ ਉਹਦੇ ਪੈਰਾਂ ਹੇਠੋਂ ਰੇਤ ਖੋਰ ਕੇ ਲੈ ਜਾਂਦੀਆਂ। ਇਕ ਦੋ ਵਾਰ ਤਾਂ ਉਹ ਡਿੱਗਦਾ-ਡਿੱਗਦਾ ਵੀ ਬਚਿਆ।
ਮੇਜਰ ਕੁਲਬੀਰ ਦੇ ਮਨ ਵਿਚ ਆਇਆ, ਉਹ ਉਥੇ ਹੀ ਸਮੁੰਦਰ ਵੱਲ ਝੁਕੇ ਰੁੱਖਾਂ ਨੇੜੇ ਝੁਗੀ ਪਾ ਕੇ ਰਹਿ ਪਵੇ। ਸੁਪਨੇ ਵਰਗਾ ਖ਼ਿਆਲ ਅਗਲੇ ਪਲ ਝਿਲਮਿਲ ਹੋ ਗਿਆ।
‘ਸੱਪਾਂ ਦਾ ਟਾਪੂ’ ਉਸ ਜਜ਼ੀਰੇ ਦਾ ਇਕ ਹੋਰ ਨਾਂ ਸੀ। ਉਥੇ ਬੇਸ਼ੁਮਾਰ ਸੱਪ ਰਹਿੰਦੇ ਸਨ। ਮੇਜਰ ਕੁਲਬੀਰ ਨੇ ਖ਼ੁਦ ਨੂੰ ਕੋਸਿਆ। ਉਹਨੇ ਬੇਸਮਝੀ ਵਿਚ ਸੱਪਾਂ ਦੇ ਘਰ ਉਤੇ ਕਬਜ਼ਾ ਕਰਨ ਬਾਰੇ ਸੋਚ ਲਿਆ ਸੀ।
ਦੂਰ ਜੰਗਲ ਵਿਚ ਓਂਗੀ ਕਬੀਲੇ ਦੇ ਘਰ ਦਿਸ ਰਹੇ ਸਨ। ਉਹ ਘਰ ਜ਼ਮੀਨ ਤੋਂ ਕਈ ਫੁੱਟ ਉਚੇ ਸਨ ਅਤੇ ਲੱਕੜ ਦੀਆਂ ਖੜ੍ਹੀਆਂ ਬੱਲੀਆਂ ਉਤੇ ਬਣੇ ਹੋਏ ਸਨ। ਓਂਗੀਆਂ ਨੇ ਵੀ ਕਿਸੇ ਦਾ ਹੱਕ ਨਹੀਂ ਸੀ ਮਾਰਿਆ। ਉਹ ਕੁਦਰਤ ਦੇ ਦੇਣਦਾਰ ਸਨ। ਜੰਗਲ ਵੀ ਉਨ੍ਹਾਂ ਨੂੰ ਭੋਜਨ ਦਿੰਦਾ ਸੀ ਤੇ ਸਮੁੰਦਰ ਵੀ।
ਟਾਪੂਆਂ ਦੇ ਤਲਿਸਮ ਵਿਚ ਘਿਰੇ ਹੋਏ ਨੇ ਦੂਰ ਬੈਠੀ ਬੀਵੀ ਨੂੰ ਖ਼ਤ ਲਿਖਿਆ, ”ਸਿੰਮੀ ਡਾਰਲਿੰਗ! ਇਹ ਜੰਗਲ ਤੇ ਇਹ ਸਮੁੰਦਰ ਆਪਾਂ ਨੂੰ ਵੀ ਬੜਾ ਕੁਝ ਦਊਗਾ, ਤੂੰ ਵੇਖ ਲਵੀਂ ਭਾਵੇਂ।”

+++
ਮੇਜਰ ਕੁਲਬੀਰ ਨੂੰ ਸਰਕਾਰੀ ਕੁਆਟਰ ਮਿਲਿਆ ਤਾਂ ਸਿੰਮੀ ਦੋਹਾਂ ਬਾਲਾਂ ਨੂੰ ਲੈ ਕੇ ਪਹੁੰਚ ਗਈ।
ਚੌਗਿਰਦੇ ਦੇ ਸਰੂਰ ਨੇ ਉਹਨਾਂ ਨੂੰ ਵੀ ਘੇਰ ਲਿਆ।
ਉਨ੍ਹਾਂ ਤੱਟ ਦੀ ਰੇਤ ਉਤੇ ਖਿਲਰੇ ਹੋਏ ਰੰਗ-ਬਰੰਗੇ ਪੱਥਰ-ਗੀਟੇ ਵੇਖੇ। ਉਨ੍ਹਾਂ ਸਿੱਪੀਆਂ ਵਿਚ ਸੁੱਚੇ ਮੋਤੀਆਂ ਦੀ ਕਲਪਨਾ ਕੀਤੀ।
ਦੋਵੇਂ ਬਾਲ ਤੱਟ ਉਤੇ ਹਰਫ਼ਲਿਆਂ ਵਾਂਗ ਦੌੜੇ, ਮਾਨੋ ਹੀਰਿਆਂ ਤੇ ਮਾਣਕ ਮੋਤੀਆਂ ਦੇ ਜ਼ਖੀਰੇ ਵਿਚ ਆ ਉਤਰੇ ਸਨ।
ਅੰਮ੍ਰਿਤ ਤੇ ਰੂਪ ਕਈ ਰੰਗਾਂ ਦੇ ਪੱਥਰ ਇਕੱਠੇ ਕਰਦੇ-ਕਰਦੇ ਹਫ਼ ਗਏ। ਉਹ ਨੱਸ-ਨੱਸ ਕੇ ਕੋਈ ਨਵਾਂ ਲੱਭਿਆ ਪੱਥਰ, ਗੀਟਾ ਕਦੀ ਸਿੰਮੀ ਨੂੰ ਵਿਖਾਉਂਦੇ ਤੇ ਕਦੀ ਮੇਜਰ ਕੁਲਬੀਰ ਨੂੰ।
ਪੱਥਰ-ਗੀਟਿਆਂ ਦੀ ਢੇਰੀ ਲਾਉਣ ਪਿੱਛੋਂ ਦੋਵੇਂ ਭੈਣ-ਭਰਾ ਘੋਗੇ ਸਿੱਪੀਆਂ ਇਕੱਠੇ ਕਰਨ ਲੱਗ ਪਏ।
ਸਿੰਮੀ ਥੱਕ ਕੇ ਬਾਲਾਂ ਦੇ ਖ਼ਜ਼ਾਨੇ ਦੀ ਰਾਖੀ ਬੈਠ ਗਈ।
ਤੱਟ ਉਤੇ ਖੇਡਦੇ ਹੋਰ ਬਾਲਾਂ ਦੀ ਵੇਖਾ ਵੇਖੀ ਅੰਮ੍ਰਿਤ ਤੇ ਰੂਪ ਵੀ ਸਮੁੰਦਰ ਵਿਚ ਵੜ ਗਏ। ਉਹ ਦੂਰ ਪਾਣੀ ਵਿਚ ਨਹੀਂ ਸਨ ਗਏ। ਉਨ੍ਹਾਂ ਦੇ ਪੈਰ ਮਸਾਂ ਗਿੱਟਿਆਂ ਤੱਕ ਹੀ ਪਾਣੀ ਵਿਚ ਡੁੱਬੇ ਸਨ ਕਿ ਸਿੰਮੀ ਨੇ ਵੇਖ ਲਿਆ। ਉਸ ਦਾ ਤ੍ਰੌਹ ਨਿਕਲ ਗਿਆ। ਉਹ ਆਪਣੀ ਥਕਾਵਟ ਭੁੱਲ ਕੇ ਸਮੁੰਦਰ ਵੱਲ ਦੌੜੀ ਤੇ ਦੋਹਾਂ ਬਾਲਾਂ ਨੂੰ ਬਾਹੋਂ ਫੜ ਕੇ ਪਾਣੀ ਵਿਚੋਂ ਬਾਹਰ ਲੈ ਆਈ।
ਲਹਿਰਾਂ ਉਸ ਛਿਣ ਵੀ ਆਪਣਾ ਖ਼ਜ਼ਾਨਾ ਕਿਨਾਰਿਆਂ ਨੂੰ ਸੌਂਪ ਰਹੀਆਂ ਸਨ।
ਉਥੋਂ ਤੁਰਨ ਵੇਲੇ ਤੱਕ ਵੀ ਸਿੰਮੀ ਦਾ ਦਿਲ ਧਕ-ਧਕ ਕਰ ਰਿਹਾ ਸੀ।
ਉਸ ਦਿਨ ਸਮੁੰਦਰ ਆਮ ਵਾਂਗੂੰ ਸੀ।

+++

ਜਸ਼ਨ ਦੀ ਉਸ ਰਾਤ ਸਮੁੰਦਰ ਆਮ ਵਾਂਗੂੰ ਨਹੀਂ ਸੀ। ਉਹ ਪੱਥਰ-ਚਿੱਤ ਜਿਹਾ ਸੀ। ਉਹ ਕੁਝ-ਕੁਝ ਗੰਭੀਰ ਵੀ ਸੀ ਤੇ ਠਹਿਰਿਆ ਹੋਇਆ ਵੀ। ਲਗਦਾ ਸੀ, ਉਸ ਰਾਤ ਉਹ ਲਹਿਰਾਂ ਨਾਲ ਰੁੱਸਿਆ ਹੋਇਆ ਸੀ।
ਫੌਜੀ ਅਫ਼ਸਰਾਂ ਦੀ ਕਾਲੋਨੀ ਦੇ ਕੁੱਤੇ ਰਾਤ ਭਰ ਰੋਂਦੇ ਰਹੇ।
ਉਸ ਤੜਕੇ ਸਵੇਰਾ ਵੀ ਸਮੁੰਦਰ ਉਤੇ ਰਾਤ ਵਾਂਗੂੰ ਉਤਰਿਆ।
ਸਵੇਰ ਦੀ ਕਾਲੋਂ ਵੇਖ ਕੇ ਸਮੁੰਦਰ ਅਚਨਚੇਤੀ ਪ੍ਰੇਸ਼ਾਨ ਹੋ ਗਿਆ।
ਜੰਗਲ ਵਿਚ ਜਨੌਰਾਂ ਦੀਆਂ ਆਵਾਜ਼ਾਂ ਜਾਗ ਪਈਆਂ। ਉਹ ਕਿਸੇ ਖ਼ਤਰੇ ਤੋਂ ਡਰ ਕੇ ਬਚਾਅ ਲਈ ਦੌੜ ਪਏ ਸਨ। ਲੋਕ ਜਨੌਰਾਂ ਦੀ ਬੇਚੈਨੀ ਸਮਝਣ ਦੇ ਯਤਨ ਵਿਚ ਸਨ ਕਿ ਇਕ ਭਿਆਨਕ ਆਵਾਜ਼ ਚੌਗਿਰਦੇ ਨੂੰ ਹੰਘਾਲ ਗਈ।
ਕੰਨ ਪਾੜਵੇਂ ਰੌਲੇ ਵਿਚ ਸਮੁੰਦਰ ਸ਼ਾਮਲ ਸੀ।
ਧਰਤੀ ਕੰਬਣ ਲੱਗ ਪਈ।
ਖੁਲ੍ਹੀਆਂ ਖਿੜਕੀਆਂ ਠਕ-ਠਕ ਵੱਜੀਆਂ।
ਪਿਛਲੀ ਰਾਤ ਉਹ ਦੇਰ ਨਾਲ ਸੁੱਤੇ ਸਨ। ਉਨ੍ਹਾਂ ਉਤੇ ਨੀਂਦ ਦਾ ਗਲਬਾ ਸੀ।
ਪਤਾ ਨਹੀਂ ਸਿੰਮੀ ਦੇ ਸੁਪਨਿਆਂ ਵਿਚ ਕਿਹੋ ਜਿਹਾ ਸੰਸਾ ਜਾਗਿਆ ਸੀ ਕਿ ਉਹ ਅਬੜਵਾਹੇ ਉਠ ਕੇ ਬੈਠ ਗਈ। ਉਹਨੇ ਘਬਰਾਈ ਹੋਈ ਨੇ ਮੇਜਰ ਕੁਲਬੀਰ ਨੂੰ ਹਲੂਣਿਆ।
ਪਿਛਲੀ ਰਾਤ ਦਾ ਖੁਮਾਰ ਮੇਜਰ ਕੁਲਬੀਰ ਦੀ ਨੀਂਦ ਵਿਚੋਂ ਉਡ-ਪੁਡ ਗਿਆ। ਡੈਂਬਰੇ ਜਿਹੇ ਨੇ ਚੱਪਲਾਂ ਪਾਉਣ ਲਈ ਪੈਰ ਮੰਜੇ ਤੋਂ ਹੇਠਾਂ ਲਮਕਾਏ। ਉਹਦੇ ਪੈਰ ਪਾਣੀ ਵਿਚ ਡੁੱਬ ਗਏ।
ਜੇ ਕੋਈ ਟੂਟੀ ਖੁਲ੍ਹੀ ਵੀ ਰਹਿ ਗਈ ਸੀ ਤਾਂ ਪਾਣੀ ਬਾਹਰ ਵਹਿ ਜਾਣਾ ਚਾਹੀਦਾ ਸੀ। ਪਰ ਪਾਣੀ ਬੈੱਡਰੂਮ ਵਿਚ ਖਲੋਤਾ ਹੋਇਆ ਸੀ। ਭੁਚਾਲ ਸ਼ਾਂਤ ਹੋ ਚੁੱਕਿਆ ਸੀ, ਪਰ ਵੇਲੇ ਦੀ ਭਿਆਨਕਤਾ ਦੇ ਕਿਆਸ ਨਾਲ ਉਹ ਸਹਿਮ ਗਿਆ। ਉਹਨੇ ਸੁੱਤੀ ਹੋਈ ਰੂਪ ਨੂੰ ਚੁੱਕ ਕੇ ਮੋਢੇ ਨਾਲ ਲਾ ਲਿਆ ਤੇ ਬਾਹਰ ਵੱਲ ਨੱਸਿਆ।
ਸਿੰਮੀ ਨੇ ਅੰਮ੍ਰਿਤ ਨੂੰ ਝੰਜੋੜਿਆ ਤੇ ਅੱਧ-ਸੁੱਤੇ ਜਿਹੇ ਨੂੰ ਲਗਭਗ ਧੂੰਹਦੀ ਹੋਈ ਮੇਜਰ ਕੁਲਬੀਰ ਦੇ ਪਿੱਛੇ-ਪਿੱਛੇ ਅਹੁਲੀ।
ਬਾਹਰ ਸਮੁੰਦਰ ਫੈਲਿਆ ਹੋਇਆ ਸੀ। ਲਗਦਾ ਸੀ ਸਮੁੰਦਰ ਪੋਰਟ ਬਲੇਅਰ ਵੱਲ ਟੇਢਾ ਹੋ ਗਿਆ ਸੀ।
ਆਂਢ-ਗੁਆਂਢ ਵਿਚ ਅਫ਼ਰਾ-ਤਫ਼ਰੀ ਮੱਚੀ ਹੋਈ ਸੀ। ਲੋਕ ਡੈਂਬਰੇ ਹੋਏ ਸਨ। ਉਹ ਉਚੀ-ਉਚੀ ਬੋਲ ਰਹੇ ਸਨ। ਬਚਾਅ ਲਈ ਇਕ-ਦੂਜੇ ਨੂੰ ਹਦਾਇਤਾਂ ਦੇ ਰਹੇ ਸਨ, ਪਰ ਉਹ ਇਕ-ਦੂਜੇ ਦੀ ਗੱਲ ਸੁਣ ਨਹੀਂ ਸਨ ਰਹੇ। ਉਹ ਟੱਬਰ ਦੇ ਜੀਆਂ ਨੂੰ ਸੰਭਾਲਦੇ ਹੋਏ ਟੈਂਕੀ ਵੱਲ ਜਾ ਰਹੇ ਸਨ। ਪਾਣੀ ਵਾਲੀ ਟੈਂਕੀ ਉਤੇ ਚੜ੍ਹ ਕੇ ਉਹ ਸ਼ਾਇਦ ਡੁੱਬ ਜਾਣ ਤੋਂ ਬਚ ਜਾਣਗੇ।
ਸਮੁੰਦਰ ਵੱਲੋਂ ਪਾਣੀ ਦੀ ਇਕ ਕੰਧ ਮਾਰੋ ਮਾਰ ਕਰਦੀ ਆਈ ਤੇ ਫੌਜੀ ਅਫ਼ਸਰਾਂ ਦੇ ਕੁਆਟਰਾਂ ਨੂੰ ਡੋਬਾ ਦੇ ਕੇ ਅਗਾਂਹ ਲੰਘ ਗਈ।
ਉਦੋਂ ਤੱਕ ਮੇਜਰ ਕੁਲਬੀਰ ਆਪਣੇ ਪਰਿਵਾਰ ਨਾਲ ਟੈਂਕੀ ਉਤੇ ਜਾ ਚੜ੍ਹਿਆ ਸੀ। ਉਥੇ ਪਨਾਹ ਲੈਣ ਵਾਲੇ ਤੀਹ ਕੁ ਜਣੇ ਸਨ।
ਉਨ੍ਹਾਂ ਦੀਆਂ ਨਜ਼ਰਾਂ ਸਾਹਵੇਂ ਭਿਆਨਕ ਦ੍ਰਿਸ਼ ਵਿਛ ਗਿਆ ਸੀ।
ਕਈ ਕੁਆਟਰ ਢਹਿ ਢੇਰੀ ਹੋ ਕੇ ਪਾਣੀ ਵਿਚ ਅਲੋਪ ਹੋ ਗਏ ਸਨ। ਕਾਰਾਂ ਡੁਬੂੰ-ਡੁਬੂੰ ਕਰਦੀਆਂ ਰੁੜ੍ਹ ਰਹੀਆਂ ਸਨ। ਜਿਹੜੇ ਉਦੋਂ ਤੱਕ ਟੈਂਕੀ ਉਤੇ ਨਹੀਂ ਸਨ ਚੜ੍ਹ ਸਕੇ, ਉਨ੍ਹਾਂ ਦੀਆਂ ਚੀਕਾਂ ਕੁਝ ਦੇਰ ਤੱਕ ਹੀ ਸੁਣੀਆਂ ਤੇ ਫਿਰ ਪਾਣੀ ਵਿਚ ਡੁੱਬ ਗਈਆਂ।
ਉਹ, ਜੋ ਕੁਝ ਛਿਣਾਂ ਲਈ ਦਰਸ਼ਕ ਸਨ, ਅਗਲੇ ਛਿਣਾਂ ਵਿਚ ਦਰਸ਼ਕ ਨਹੀਂ ਸਨ ਰਹੇ।
ਤਲਖ਼ ਸਮੁੰਦਰ ਵਿਕਰਾਲ ਜਾਨਵਰ ਵਾਂਗੂੰ ਦਹਾੜਿਆ ਸੀ। ਸਮੁੰਦਰ ਵਿਚ ਸੈਂਕੜੇ ਮੀਲ ਲੰਮੀ ਇਕ ਹੋਰ ਲਹਿਰ ਉਠੀ ਸੀ ਤੇ ਪੂਰੇ ਵੇਗ ਨਾਲ ਧਰਤੀ ਵੱਲ ਦੌੜੀ ਸੀ।
ਉਹ ਲਹਿਰ ਪਹਿਲੀਆਂ ਲਹਿਰਾਂ ਤੋਂ ਕਿਤੇ ਵੱਧ ਉਚੀ ਸੀ। ਉਸ ਲਹਿਰ ਦਾ ਸ਼ੋਰ ਧਰਤੀ ਦੇ ਰੌਲੇ ਤੋਂ ਕਿਤੇ ਵੱਧ ਸੀ। ਚੀਕਾਂ ਆਸਮਾਨ ਪਾੜਨ ਲੱਗ ਪਈਆਂ। ਪਾਣੀ ਦੀ ਉਹ ਕੰਧ ਟੈਂਕੀ ਦੇ ਸਿਖਰ ਤੋਂ ਕੁਝ ਹੇਠਾਂ ਰਹਿ ਗਈ, ਪਰ ਟੈਕੀ ਦੇ ਪਨਾਹਗੀਰਾਂ ਕੋਲੋਂ ਸੁੱਖ ਦਾ ਸਾਹ ਨਾ ਲੈ ਹੋਇਆ। ਪਾਣੀ ਦੀ ਮਾਰ ਨੇ ਟੈਂਕੀ ਨੂੰ ਟੇਢਾ ਕਰ ਦਿੱਤਾ।
ਕੁਝ ਜਣੇ ਟੈਂਕੀ ਤੋਂ ਰਿੜ੍ਹ ਕੇ ਪਾਣੀ ਵਿਚ ਡਿੱਗ ਪਏ। ਅਗਲੇ ਪਲਾਂ ਵਿਚ ਟੈਂਕੀ ਪਾਣੀ ਵਿਚ ਲੰਮੀ ਪੈ ਗਈ ਤੇ ਡੁੱਬ ਗਈ। ਜਿਹੜੇ ਤੈਰਨਾ ਜਾਣਦੇ ਸਨ, ਉਹ ਆਪਣੇ ਬਚਾਅ ਲਈ ਹੱਥ-ਪੈਰ ਮਾਰਨ ਲੱਗ ਪਏ, ਪਰ ਪਾਣੀ ਦੇ ਰੋੜ੍ਹ ਸਾਹਵੇਂ ਬੇਵੱਸ ਹੋ ਗਏ।

+++

ਹਰ ਵੱਡੇ ਤੂਫ਼ਾਨ ਦੀ ਉਮਰ ਨਿੱਕੀ ਹੁੰਦੀ ਹੈ। ਸੁਨਾਮੀ ਦੀ ਉਮਰ ਵੀ ਲੰਮੀ ਨਹੀਂ ਸੀ। ਪਾਣੀ ਮੁੜ ਸਮੁੰਦਰ ਕੋਲ ਪਰਤ ਗਿਆ। ਡੁੱਬੇ ਹੋਏ ਜਜ਼ੀਰੇ ਮੁੜ ਤੈਰ ਪਏ, ਪਰ ਜਜ਼ੀਰਿਆਂ ਦੇ ਤੈਰਨ ਤੋਂ ਪਹਿਲਾਂ ਬੇਸ਼ੁਮਾਰਾਂ ਦੀ ਦੁਨੀਆ ਡੁੱਬ ਗਈ।
ਸਮੁੰਦਰ ਜਿਨ੍ਹਾਂ ਨੂੰ ਆਪਣੇ ਨਾਲ ਲੈ ਕੇ ਨਹੀਂ ਸੀ ਜਾ ਸਕਿਆ, ਉਹ ਰੁੱਖਾਂ ਦੀਆਂ ਟਾਹਣੀਆਂ ਵਿਚ ਫਸੇ ਹੋਏ ਸਨ, ਝਾੜੀਆਂ ਵਿਚ ਉਲਝੇ ਹੋਏ ਸਨ, ਕੁਝ ਰੇਤੇ ਅਤੇ ਗਾਰ ਦੇ ਢੇਰਾਂ ਵਿਚ ਤਬਦੀਲ ਹੋ ਗਏ ਸਨ। ਉਨ੍ਹਾਂ ਵਿਚੋਂ ਬਹੁਤਿਆਂ ਦੇ ਸਾਹ ਮੁੱਕ ਗਏ ਸਨ, ਥੋੜ੍ਹੇ ਜਿਹੇ ਸਾਹ ਵਰੋਲ ਰਹੇ ਸਨ।
ਮੋਇਆਂ, ਅੱਧਮੋਇਆਂ ਦੇ ਮੇਲੇ ਤੋਂ ਕਈ ਮੀਲ ਪਰ੍ਹਾਂ, ਘਣੇ ਜੰਗਲ ਦੇ ਇਕ ਰੁੱਖ ਦੀਆਂ ਟਾਹਣੀਆਂ ਵਿਚ ਨਿਰਜਿੰਦ ਜਿਹੀ ਦੇਹ ਫਸੀ ਹੋਈ ਸੀ। ਕਦੀ ਕਦਾਈਂ ਕੁਰਲਾਹਟ ਜਿਹੀ ਉਹਦੇ ਜਿਊਂਦੇ ਹੋਣ ਦੀ ਸ਼ਾਹਦੀ ਭਰਦੀ।
ਜ਼ਰਵਾ ਕਬੀਲੇ ਦੇ ਇਕ ਜਾਂਗਲੀ ਨੇ ਰੁੱਖ ਦੇ ਟਾਹਣਿਆਂ ਵਿਚ ਟੰਗੀ ਪਈ ਪੀੜ ਨੂੰ ਲੱਭ ਲਿਆ। ਉਹਨੂੰ ਰੁੱਖ ਤੋਂ ਉਤਾਰ ਕੇ ਉਹ ਆਪਣੇ ਬਸੇਰੇ ਲੈ ਗਿਆ।
ਕਬੀਲੇ ਦੇ ਲੋਕ ਓਹੜ-ਪੋਹੜ ਕਰਨ ਲੱਗ ਪਏ। ਜਦੋਂ ਮੇਜਰ ਕੁਲਬੀਰ ਨੇ ਅੱਖਾਂ ਉਘੇੜੀਆਂ, ਉਹਦੇ ਚੇਤੇ ਉਤੇ ਧੁੰਦ ਪੱਸਰੀ ਹੋਈ ਸੀ। ਉਹਦੇ ਦੁਆਲੇ ਨੰਗੇ ਲੋਕ ਘੁੰਮ ਰਹੇ ਸਨ। ... ਉਹ ਕੌਣ ਸਨ?... ਉਹਨਾਂ ਕੱਪੜੇ ਕਿਉਂ ਨਹੀਂ ਸਨ ਪਾਏ ਹੋਏ? ਤੀਵੀਆਂ ਦੇ ਸਰੀਰ ਉਤੇ ਕਿਧਰੇ-ਕਿਧਰੇ ਘਾਹ-ਫੂਸ ਲਟਕਿਆ ਹੋਇਆ ਸੀ। ਉਹ ਕੁਦਰਤ ਦੀ ਪਵਿੱਤਰਤਾ ਦਾ ਲਿਬਾਸ ਸੀ। ਉਹ ਦੁਨੀਆ ਦੇ ਮੁੱਢ ਵੱਲ ਪਰਤ ਗਿਆ ਸੀ ਸ਼ਾਇਦ। ਉਹਦੇ ਕੋਲੋਂ ਸਾਫ਼ ਨਹੀਂ ਸੀ ਸੋਚਿਆ ਜਾ ਰਿਹਾ। ਧੁੰਦ ਗਹਿਰੀ ਹੋ ਰਹੀ ਸੀ। ਉਹ ਗਹਿਰ ਮੁੜ ਉਹਦੇ ਸਰੀਰ ਵਿਚ ਲਹਿ ਰਹੀ ਸੀ। ਉਹ ਸੰਘਣੇ ਹਨੇਰੇ ਵੱਲ ਤੁਰ ਪਿਆ ਸੀ। ਉਹਨੇ ਡੁਬਦੀਆਂ ਨਜ਼ਰਾਂ ਨਾਲ ਵੇਖਿਆ, ਨੰਗੇ-ਧੜੰਗੇ ਜਾਂਗਲੀ ਉਹਦੇ ਵੱਲ ਅਹੁਲੇ ਸਨ ਤੇ ਫਿਰ ਦਿਨ ਅਸਤ ਗਿਆ ਸੀ।

+++

ਆਖ਼ਰਕਾਰ ਮੇਜਰ ਕੁਲਬੀਰ ਨੂੰ ਹੋਸ਼ ਆ ਗਈ। ਪਰ ਉਸ ਹੋਸ਼ ਉਤੇ ਕਾਲੋਂ ਫਿਰੀ ਹੋਈ ਸੀ। ਉਸ ਦੀ ਹੋਸ਼ ਵਿਚ ਤਾਰੇ ਨਹੀਂ ਸਨ।
ਉਹਦੇ ਬੁਲ੍ਹ ਜ਼ਖ਼ਮੀ ਪੰਛੀ ਦੇ ਪਰਾਂ ਵਾਂਗੂੰ ਫੜਫੜਾਏ ਸਨ। ਉਸ ਪੁੱਛਿਆ ਸੀ, ”ਮੇਰੇ ਬੱਚੇ ਠੀਕ ਨੇ? ... ਸਿੰਮੀ ਕਿੱਥੇ ਹੈ?”
ਹਸਪਤਾਲ ਦੀਆਂ ਕੰਧਾਂ ਬੋਲੀਆਂ ਨਹੀਂ ਸਨ, ਪਰ ਕੰਧਾਂ ਦੀ ਚੁੱਪ ਜੁਆਬ ਵਰਗੀ ਸੀ। ਉਹ ਦੀਆਂ ਅੱਖਾਂ ਦੇ ਕੋਇਆਂ ਵਿਚੋਂ ਪਾਣੀ ਬਾਹਰ ਵਹਿ ਗਿਆ।
ਸਮੁੰਦਰ ਦੇ ਉਸ ਵੇਲੇ ਨੇ ਤਾਂ ਮੇਜਰ ਕੁਲਬੀਰ ਦੀ ਦੁਨੀਆ ਉਤੇ ਲੀਕ ਹੀ ਫੇਰ ਦਿੱਤੀ ਸੀ। ਕੁਝ ਵੀ ਨਹੀਂ ਸੀ ਰਿਹਾ। ਕੁਝ ਵੀ ਬਾਕੀ ਨਹੀਂ ਸੀ ਬਚਿਆ। ਉਹ ਵੀ ਜਾਂਗਲੀਆਂ ਦੀ ਮਿਹਰ ਸਦਕਾ ਜਿਊਂਦਾ ਰਹਿ ਗਿਆ ਸੀ। ਉਹ ਮੇਜਰ ਕੁਲਬੀਰ ਨੂੰ ਚੁੱਕ ਕੇ ਛਾਉਣੀ ਦੇ ਹਸਪਤਾਲ ਵਿਚ ਛੱਡ ਗਏ ਸਨ।
ਮੇਜਰ ਕੁਲਬੀਰ ਨੇ ਅੱਖਾਂ ਉਘੇੜ ਕੇ ਚਿੱਟੀਆਂ ਕੰਧਾਂ ਵੱਲ ਵੇਖਿਆ। ਉਹ ਕੰਧਾਂ ਪੋਰਟ ਬਲੇਅਰ ਦੀਆਂ ਨਹੀਂ ਸਨ। ਕਾਈ ਦੀਆਂ ਢੱਕੀਆਂ ਹੋਈਆਂ ਬਦਰੰਗ ਕੰਧਾਂ ਨੂੰ ਉਹ ਪਛਾਣਦਾ ਸੀ।
ਮੇਜਰ ਕੁਲਬੀਰ ਦੇ ਫੇਫੜਿਆਂ ਵਿਚ ਪਾਣੀ ਭਰ ਗਿਆ ਸੀ। ਉਹਦਾ ਸਰੀਰ ਥਾਂ-ਥਾਂ ਤੋਂ ਪੱਛਿਆ ਗਿਆ ਸੀ। ਸਮੁੰਦਰ ਦਾ ਲੂਣਾ ਪਾਣੀ ਉਹਦੇ ਤਨ ਦੇ ਜ਼ਖ਼ਮਾਂ ਵਿਚ ਰਚ ਗਿਆ ਸੀ ਤੇ ਮਨ ਦੇ ਪੱਛਾਂ ਉਤੇ ਠਹਿਰਿਆ ਰਹਿ ਗਿਆ ਸੀ।
ਉਹ ਪੱਛ ਟਸ-ਟਸ ਕਰ ਰਹੇ ਸਨ।
ਉਹ ਟੁਟਵੇਂ ਸਾਹਵਾਂ ਦੀ ਬੇੜੀ ਉਤੇ ਸਵਾਰ ਸੀ। ਉਹਦੀ ਉਮਰ ਦੇ ਘੜੀਆਂ ਪਲਾਂ ਨੂੰ ਲੰਮਿਆਂ ਕਰਨ ਲਈ ਪੋਰਟ ਬਲੇਅਰ ਦੇ ਹਸਪਤਾਲ ਵਾਲਿਆਂ ਆਖ਼ਰੀ ਯਤਨ ਕੀਤਾ ਸੀ। ਉਨ੍ਹਾਂ ਮੇਜਰ ਕੁਲਬੀਰ ਨੂੰ ਤਾਬੜ-ਤੋੜ ਚੇਨਈ ਦੇ ਸੈਨਿਕ ਹਸਪਤਾਲ ਵਿਚ ਪਹੁੰਚਾ ਦਿੱਤਾ ਸੀ। ਉਥੇ ਡਾਕਟਰਾਂ ਨੇ ਖਿਲਰ ਰਹੇ ਸਾਹਾਂ ਦੀ ਪੂੰਜੀ ਨੂੰ ਸੰਭਾਲ ਲਿਆ ਸੀ। ਮੇਜਰ ਕੁਲਬੀਰ ਦੀ ਜਾਨ ਬਚ ਗਈ ਸੀ।
... ਪਰ ਉਸ ਵੇਲੇ ਤੱਕ ਇਕ ਰਾਤ ਦਾ ਸਮੁੰਦਰ ਮੇਜਰ ਕੁਲਬੀਰ ਦੀ ਸਮੁੱਚੀ ਜ਼ਿੰਦਗੀ ਉਤੇ ਫੈਲ ਚੁੱਕਿਆ ਸੀ।

+++

ਉਸ ਕੁਲੰਬਸ ਨੇ ਆਪਣੇ ਵਰਗੇ ਹੀ ਇਕ ਉਜਾੜ ਜਿਹੀ ਨੁੱਕਰ ਲੱਭ ਲਈ। ਉਸ ਨੁੱਕਰੇ ਜੰਗਲੀ ਘਾਹ ਵਿਚ ਗੁਆਚਾ ਜਿਹਾ ਇਕ ਬਦਰੰਗ ਬੈਂਚ ਸੀ।
ਬੈਂਚ ਦੇ ਦੋਹੀਂ ਪਾਸੀਂ ਲੰਮੀਆਂ-ਲੰਮੀਆਂ ਕਿਆਰੀਆਂ ਸਨ। ਪਹਿਲੋਂ ਉਨ੍ਹਾਂ ਕਿਆਰੀਆਂ ਵਿਚ ਫੁੱਲ ਹੁੰਦੇ ਸਨ। ਹੁਣ ਉਥੇ ਬੇਜਾਨ ਜਿਹੀਆਂ ਟਾਹਣੀਆਂ ਵਾਲੇ ਸੁੱਕੇ ਪੌਦੇ ਸਨ। ਉਹ ਟਾਹਣੀਆਂ ਮੀਂਹ ਮੰਗ ਰਹੀਆਂ ਸਨ। ਮੀਂਹ ਕਿਥੇ ਸੀ?
ਮੇਜਰ ਕੁਲਬੀਰ ਜਾ ਕੇ ਬੈਂਚ ਉਤੇ ਬੈਠ ਗਿਆ। ਉਹਦੇ ਉਥੇ ਬੈਠਿਆਂ ਹੀ ਮਾਲੀ ਆਇਆ ਤੇ ਕਿਆਰੀਆਂ ਵਿਚੋਂ ਸੁੱਕੇ ਪੌਦੇ ਪੁੱਟਣ ਲੱਗ ਪਿਆ। ਮਿੱਟੀ ਉਡ-ਉਡ ਮੇਜਰ ਕੁਲਬੀਰ ਦੀਆਂ ਅੱਖਾਂ ਵਿਚ ਪੈਣ ਲੱਗ ਪਈ।
ਮੇਜਰ ਕੁਲਬੀਰ ਦੀਆਂ ਅੱਖਾਂ ਚੁੰਭਲ ਗਈਆਂ। ਅੱਖਾਂ ਵਿਚੋਂ ਪਾਣੀ ਵਹਿ ਤੁਰਿਆ।
ਉਹ ਉਥੋਂ ਉਠ ਕੇ ਚਲਿਆ ਗਿਆ।
ਅਗਲੇ ਕੁਝ ਦਿਨ ਵੀ ਉਹਨੇ ਉਸ ਨੁੱਕਰ ਕੋਲੋਂ ਅੱਖਾਂ ਚੁਰਾਈ ਰੱਖੀਆਂ।
ਇਕ ਦਿਨ ਮੇਜਰ ਕੁਲਬੀਰ ਡਾਕਟਰ ਦੀ ਫੇਰੀ ਪਿੱਛੋਂ ਵਾਰਡ ਤੋਂ ਬਾਹਰ ਆਇਆ ਤੇ ਮੁੜ ਉਸੇ ਕੋਨੇ ਵਾਲੇ ਬੈਂਚ ਉਤੇ ਜਾ ਕੇ ਬੈਠ ਗਿਆ। ਉਹਨੇ ਅਚੰਭੇ ਭਰੀਆਂ ਨਜ਼ਰਾਂ ਨਾਲ ਵੇਖਿਆ, ਮਾਲੀ ਨੇ ਬੈਂਚ ਦੁਆਲਿਓਂ ਘਾਹ ਸਾਫ਼ ਕਰ ਦਿੱਤਾ ਸੀ। ਉਹਨੂੰ ਜ਼ਿੰਦਗੀ ਦੀ ਖੁਸ਼ਬੂ ਆਈ।
ਸੁੰਨੀਆਂ ਕਿਆਰੀਆਂ ਵਿਚ ਨਵੇਂ ਬੀਜ ਫੁੱਟੇ ਹੋਏ ਸਨ। ਛੇਤੀ ਹੀ ਉਹ ਕਰੂੰਬਲਾਂ ਮੌਲ ਕੇ ਹਰੇ-ਭਰੇ ਪੌਦੇ ਹੋ ਜਾਣਗੀਆਂ। ਉਨ੍ਹਾਂ ਪੌਦਿਆਂ ਨੂੰ ਡੋਡੀਆਂ ਪੈਣਗੀਆਂ ਤੇ ਫੁੱਲ ਖਿੜਨਗੇ।
ਮੇਜਰ ਕੁਲਬੀਰ ਨੇ ਬੇਯਕੀਨੀ ਵਿਚ ਅੱਖਾਂ ਮਲੀਆਂ। ਵਾਰਡ ਵੱਲੋਂ ਇਕ ਲੰਮ-ਸਲੰਮੀ ਔਰਤ ਉਧਰ ਤੁਰੀ ਆ ਰਹੀ ਸੀ, ਜਿਵੇਂ ਅਦਨ ਬਾਗ ਤੋਂ ਬਾਹਰ ਬੇਬੇ ਹਵਾ ਪਹਿਲੀ ਵਾਰੀ ਬਾਬਾ ਆਦਮ ਨੂੰ ਮਿਲਣ ਆ ਰਹੀ ਹੋਵੇ।
ਉਹ ਕੋਈ ਸੁਪਨਾ ਨਹੀਂ ਸੀ, ਦੁਨੀਆ ਦੀ ਸ਼ੁਰੂਆਤ ਦਾ ਅਲੋਕਾਰੀ ਪਲ ਸੀ। ਜੀਵਨ ਮੁੱਕਿਆ ਨਹੀਂ ਸੀ। ਇਕ ਅੰਤ ਤੋਂ ਪਿੱਛੋਂ ਮੁੜ ਇਕ ਸ਼ੁਰੂ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਜਸਬੀਰ ਭੁੱਲਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ