Ohlian Ate Hanerian De Chiragh (Punjabi Story) : Jasbir Bhullar

ਓਹਲਿਆਂ ਅਤੇ ਹਨੇਰਿਆਂ ਦੇ ਚਿਰਾਗ਼ (ਕਹਾਣੀ) : ਜਸਬੀਰ ਭੁੱਲਰ

(ਪਰਦੇ ਦੇ ਪਿੱਛੇ)
ਉੱਥੇ ਬਹੁਤ ਸਾਰੇ ਚਿਰਾਗ਼ ਇਸ ਤਰ੍ਹਾਂ ਦੇ ਵੀ ਬਲਦੇ ਸਨ ਜਿਹੜੇ ਹਨੇਰਾ ਦਿੰਦੇ ਸਨ। ਉਹ ਹਨੇਰਾ ਚਾਨਣ ਵਾਂਗੂੰ ਦਿਸਦਾ ਸੀ। ਸੋਚਿਆ, ਉਹ ਚਾਨਣ ਸ਼ਾਇਦ ਮੇਰੀਆਂ ਨਜ਼ਰਾਂ ਦਾ ਵਹਿਮ ਹੋਵੇ। ਅਚਨਚੇਤੀ ਮੇਰਾ ਉਸ ਚਾਨਣ ਦੇ ਓਹਲੇ ਝਾਤੀ ਮਾਰਨ ਦਾ ਸਬੱਬ ਬਣ ਗਿਆ। ਉਨ੍ਹੀਂ ਦਿਨੀਂ ਮੈਂ ਅਹਿਮਦਾਬਾਦ ਸ਼ਹਿਰ ਦੀ ਛਾਉਣੀ ਵਿਚ ਤਾਇਨਾਤ ਸਾਂ। ਮੈਂ ਨਵਾਂ ਨਵਾਂ ਕੈਪਟਨ ਬਣਿਆ ਸਾਂ, ਪਰ ਕਪਤਾਨੀ ਤੋਂ ਇਲਾਵਾ ਬੜਾ ਕੁਝ ਹੋਰ ਕਰਨ ਦੇ ਜੋਸ਼ ਨਾਲ ਵੀ ਭਰਿਆ ਹੋਇਆ ਸਾਂ।
ਫੁਰਸਤ ਵੇਲੇ ਮੈਂ ਅਹਿਮਦਾਬਾਦ ਦੀਆਂ ਸਾਹਿਤ ਅਤੇ ਕਲਾ ਨਾਲ ਜੁੜੀਆਂ ਸਰਗਰਮੀਆਂ ਵਿਚ ਵੀ ਸ਼ਾਮਲ ਹੋ ਜਾਂਦਾ ਸਾਂ।
ਦੇਵਿੰਦਰ ਪਟੇਲ ਅਤੇ ਸੁਧੀਰ ਤ੍ਰਿਪਾਠੀ ਉਦੋਂ ਹੀ ਮੇਰੇ ਕਰੀਬੀ ਹੋਏ ਸਨ। ਦੇਵਿੰਦਰ ਨਾਵਲਕਾਰ ਸੀ ਅਤੇ ‘ਗੁਜਰਾਤ ਸਮਾਚਾਰ’ ਅਖ਼ਬਾਰ ਲਈ ਪੱਤਰਕਾਰੀ ਵੀ ਕਰਦਾ ਸੀ। ਉਹਨੇ ਮੇਰੀਆਂ ਕੁਝ ਕਹਾਣੀਆਂ ਅਨੁਵਾਦ ਕਰਕੇ ‘ਗੁਜਰਾਤ ਸਮਾਚਾਰ’ ਵਿਚ ਛਾਪੀਆਂ ਸਨ। ਉਹਦੀ ਇੱਛਾ ਸੀ ਕਿ ਉਹਦੇ ਨਾਵਲ ‘ਬੇਬੀ’ ਉੱਤੇ ਫ਼ਿਲਮ ਬਣੇ।
ਸੁਧੀਰ ਤ੍ਰਿਪਾਠੀ ਕਦੇ ਕਦਾਈਂ ਗੁਜਰਾਤੀ ਫ਼ਿਲਮਾਂ ਫਾਈਨਾਂਸ ਕਰਦਾ ਸੀ, ਪਰ ਉਹਦਾ ਮੁੱਖ ਕਿੱਤਾ ਇਮਾਰਤਸਾਜ਼ੀ ਸੀ। ਉਹ ਦੇਵਿੰਦਰ ਪਟੇਲ ਦਾ ਦੋਸਤ ਸੀ। ਉਹ ਚਾਹੁੰਦਾ ਸੀ ‘ਬੇਬੀ’ ਨਾਵਲ ਉੱਤੇ ਫ਼ਿਲਮ ਬਣਾਵੇ, ਪਰ ਇਸ ਕੰਮ ਲਈ ਉਹਨੂੰ ਆਪਣੇ ਦੋਸਤ ਬੰਬਈਆ ਫ਼ਿਲਮਾਂ ਦੇ ਨਿਰਮਾਤਾ ਇਬਰਾਹੀਮ ਦੀ ਸਹਾਇਤਾ ਦੀ ਲੋੜ ਸੀ।
ਇਕ ਦਿਨ ਸੁਧੀਰ ਨੇ ਹੁੱਬ ਕੇ ਦੱਸਿਆ, ‘‘ਇਬਰਾਹੀਮ ‘ਅਦਾਲਤ’ ਫ਼ਿਲਮ ਦੀ ਸ਼ੂਟਿੰਗ ਲਈ ਅਹਿਮਦਾਬਾਦ ਆ ਰਿਹਾ ਏ।’’
ਫ਼ਿਲਮਾਂ ਦਾ ਤਲਿਸਮ ਮੈਨੂੰ ਆਪਣੇ ਵੱਲ ਖਿੱਚਦਾ ਸੀ। ਮੈਂ ਫ਼ਿਲਮ ਨਿਰਮਾਣ ਦੀਆਂ ਬਾਰੀਕੀਆਂ ਅਤੇ ਫ਼ਿਲਮਾਂ ਵਾਲਿਆਂ ਦੇ ਰਹਿਣ-ਸਹਿਣ ਬਾਰੇ ਜਾਣਨ ਲਈ ਉਤਾਵਲਾ ਸਾਂ। ਮੇਰੀ ਜਗਿਆਸਾ ਇਕ ਲੇਖਕ ਦੀ ਜਗਿਆਸਾ ਵੀ ਸੀ।
ਮੈਂ ਇਬਰਾਹੀਮ ਨੂੰ ਨਹੀਂ ਸਾਂ ਜਾਣਦਾ। ਉਹ ਅਹਿਮਦਾਬਾਦ ਆਇਆ ਤਾਂ ਸੁਧੀਰ ਦਾ ਦੋਸਤ ਹੋਣ ਕਰਕੇ ਮੈਂ ਵੀ ਉਹਦੇ ਨੇੜਲਿਆਂ ਵਿਚ ਸ਼ਾਮਲ ਹੋ ਗਿਆ।
ਪਰ ‘ਅਦਾਲਤ’ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਅੜਿੱਕਾ ਖੜ੍ਹਾ ਹੋ ਗਿਆ।

+++
ਫ਼ਿਲਮ ਦੀ ਪੂਰੀ ਯੂਨਿਟ ਵੇਲੇ ਨਾਲ ਅਹਿਮਦਾਬਾਦ ਪਹੁੰਚ ਗਈ। ਫ਼ਿਲਮ ਦੀ ਸ਼ੂਟਿੰਗ ਨਾਲ ਸਬੰਧਿਤ ਸਾਜ਼ੋ-ਸਾਮਾਨ ਵੀ ਆ ਗਿਆ, ਪਰ ਐਨ ਮੌਕੇ ’ਤੇ ਫ਼ਿਲਮ ਦੇ ਹੀਰੋ ਅਮਿਤਾਭ ਬੱਚਨ ਦਾ ਸੁਨੇਹਾ ਮਿਲ ਗਿਆ। ਉਹ ਨਹੀਂ ਆ ਸਕੇਗਾ। ਉਸ ਦੀ ਬੀਵੀ ਜਯਾ ਭਾਦੁੜੀ ਦੀ ਕੁੱਖੋਂ ਨਵੇਂ ਜੀਅ ਨੇ ਜਨਮ ਲੈਣਾ ਸੀ। ਐਕਟਰਸ ਜ਼ੀਨਤ ਅਮਾਨ ਉਸ ਫ਼ਿਲਮ ਦੀ ਹੀਰੋਇਨ ਸੀ। ਉਸ ਨੂੰ ਵੀ ਆਉਣ ਤੋਂ ਰੋਕ ਦਿੱਤਾ ਗਿਆ। ਸਾਰੇ ਹੱਥਲ ਹੋ ਕੇ ਬੈਠ ਗਏ।
ਨਿੱਤ ਦਾ ਖਰਚਾ ਸਿਰ ’ਤੇ ਚੜ੍ਹਨ ਲੱਗ ਪਿਆ। ਇਬਰਾਹੀਮ ਨੂੰ ਉਸ ਮੁਸੀਬਤ ਵਿਚੋਂ ਕੱਢਣ ਲਈ ਗੁਜਰਾਤੀ ਫ਼ਿਲਮਾਂ ਦਾ ਇਕ ਹੀਰੋ ਉਪੇਂਦਰ ਤ੍ਰਿਵੇਦੀ ਬਹੁੜ ਪਿਆ। ਉਸ ਆਖਿਆ, ‘‘ਮੇਰੇ ਕੋਲ ਇਕ ਫ਼ਿਲਮ ਲਈ ਕਹਾਣੀ ਹੈਗੀ ਐ। ਸਕ੍ਰਿਪਟ ਤੇ ਡਾਇਲਾਗ ਵੀ ਤਿਆਰ ਪਏ ਹੋਏ ਨੇ। ਕਹਾਣੀ ਬਹੁਤ ਹੀ ਸੁਹਣੀ ਏ।’’
ਇਬਰਾਹੀਮ ਨੂੰ ਕਹਾਣੀ ਪਸੰਦ ਆ ਗਈ। ਉਪੇਂਦਰ ਤ੍ਰਿਵੇਦੀ ਨੇ ਸ਼ਰਤ ਰੱਖ ਦਿੱਤੀ। ਉਸ ਆਖਿਆ- ‘ਸੰਤੂ ਰੰਗੀਲੀ’ ਫ਼ਿਲਮ ਵਿਚ ਹੀਰੋ ਉਸ ਨੂੰ ਲਿਆ ਜਾਵੇ। ਉਸ ਵੇਲੇ ਤ੍ਰਿਵੇਦੀ ਡੁੱਬ ਰਹੇ ਜਹਾਜ਼ ਵਾਂਗੂੰ ਸੀ। ਉਸ ਦੀ ਉਮਰ ਵਡੇਰੀ ਹੋ ਗਈ ਸੀ। ਸਰੀਰ ਵੀ ਕੁਝ ਢਿਲਕਿਆ ਜਿਹਾ ਸੀ। ਉਸ ਨੂੰ ਹੀਰੋ ਦੇ ਰੋਲ ਮਿਲਣੇ ਲਗਪਗ ਬੰਦ ਹੋ ਗਏ ਸਨ।
ਇਬਰਾਹੀਮ ਕੋਲ ਨਜਾਤ ਦਾ ਬੱਸ ਉਹੀ ਇਕ ਰਾਹ ਸੀ ਕਿ ਤ੍ਰਿਵੇਦੀ ਨੂੰ ਫ਼ਿਲਮ ਵਿਚ ਹੀਰੋ ਦਾ ਕੰਮ ਦੇ ਦਿੱਤਾ ਜਾਵੇ। ਇਬਰਾਹੀਮ ਨੇ ਹੁੰਗਾਰਾ ਭਰ ਦਿੱਤਾ। ਬੰਬਈ ਤੋਂ ਆਏ ਹੋਏ ਐਕਟਰਾਂ ਵਿਚੋਂ ਅਰੁਣਾ ਈਰਾਨੀ ਨੂੰ ਹੀਰੋਇਨ ਦਾ ਰੋਲ ਮਿਲ ਗਿਆ। ‘ਸੰਤੂੂ ਰੰਗੀਲੀ’ ਦੀ ਸ਼ੂਟਿੰਗ ਸ਼ੁਰੂ ਹੋ ਗਈ।
ਇਸ ਗੱਲ ਦਾ ਭੇਤ ਕੁਝ ਦੇਰ ਬਾਅਦ ਖੁੱਲ੍ਹਿਆ ਕਿ ਤ੍ਰਿਵੇਦੀ ਨੇ ਸੰਤੂ ਰੰਗੀਲੀ ਦੀ ਕਹਾਣੀ ਇਕ ਅੰਗਰੇਜ਼ੀ ਫ਼ਿਲਮ ‘ਮਾਈ ਫੇਅਰ ਲੇਡੀ’ ਦੀ ਚੁਰਾਈ ਹੋਈ ਸੀ। ਜੇ ਇਸ ਗੱਲ ਦਾ ਪਹਿਲੋਂ ਵੀ ਪਤਾ ਲੱਗ ਜਾਂਦਾ ਤਾਂ ਕੋਈ ਫ਼ਰਕ ਨਹੀਂ ਸੀ ਪੈਣਾ। ਅੱਜ ਵਾਂਗੂੰ ਉਦੋਂ ਵੀ ਫ਼ਿਲਮਾਂ ਵਾਲੇ ਇਹ ਕੰਮ ਬਹੁਤ ਕਰਦੇ ਸਨ।
‘ਸੰਤੂ ਰੰਗੀਲੀ’ ਦੀ ਸ਼ੂਟਿੰਗ ਦੇ ਮੁਢਲੇ ਦਿਨਾਂ ਵਿਚ ਹੀ ਮੈਂ ਫ਼ੌਜ ਤੋਂ ਕੁਝ ਦਿਨਾਂ ਦੀ ਛੁੱਟੀ ਲੈ ਲਈ।

+++

ਦਿਨ ਭਰ ਦੀ ਸ਼ੂਟਿੰਗ ਦੇ ਕੁਝ ਖ਼ਾਸ ਜਣੇ ਸ਼ਾਮ ਵੇਲੇ ਇਬਰਾਹੀਮ ਦੇ ਹੋਟਲ ਦੇ ਸੁਇਟ ਵਿਚ ਇਕੱਠੇ ਹੋ ਜਾਂਦੇ ਸਨ। ਉਹ ਦਿਨ ਭਰ ਦੇ ਕੰਮ ਦਾ ਲੇਖਾ-ਜੋਖਾ ਕਰਦੇ ਤੇ ਭਲਕ ਦੀ ਸ਼ੂਟਿੰਗ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ। ਤਸੱਲੀ ਹੋਣ ਪਿੱਛੋਂ ਉਨ੍ਹਾਂ ਦਾ ਰੌਂਅ ਜਸ਼ਨਮਈ ਹੋ ਜਾਂਦਾ।
ਕੋਈ ਇਕ ਜਣਾ ਉੱਠ ਕੇ ਅਲਮਾਰੀ ਵਿਚੋਂ ਨਿੱਕਾ ਜਿਹਾ ਪ੍ਰੋਜੈਕਟਰ ਅਤੇ ਬਲੂ ਫ਼ਿਲਮਾਂ ਦੇ ਕਿੰਨੇ ਸਾਰੇ ਸਪੂਲ ਕੱਢ ਲਿਆਉਂਦਾ। ਫ਼ਿਲਮ ਦੀ ਸਕ੍ਰੀਨਿੰਗ ਤੋਂ ਪਹਿਲਾਂ ਵਿਸਕੀ ਦੇ ਗਲਾਸ ਸਾਰਿਆਂ ਦੇ ਹੱਥਾਂ ਵਿਚ ਆ ਜਾਂਦੇ। ਪਹਿਲੇ ਹਾੜੇ ਪਿੱਛੋਂ ਖਾਲੀ ਕੰਧ ਉੱਤੇ ਬਲੂ ਫ਼ਿਲਮ ਚੱਲਣ ਲੱਗ ਪੈਂਦੀ।
ਇਕ ਤੋਂ ਪਿੱਛੋਂ ਇਕ ਫ਼ਿਲਮ।
ਕੋਈ ਮਖੌਲ ਕਰਦਾ, ‘‘ਇਬਰਾਹੀਮ ਭਾਈ। ਯੇਹ ਸੀਨ ਤੋ ‘ਸੰਤੂ ਰੰਗੀਲੀ’ ਮੇਂ ਭੀ ਹੋਨਾ ਚਾਹੀਏ।’’ ਹਾਸਾ ਮਖੌਲ ਕੁਝ ਇਸ ਤਰ੍ਹਾਂ ਅਗਾਂਹ ਤੁਰਦਾ ਜਿਵੇਂ ਭਲਕ ਨੂੰ ਸਾਰੀਆਂ ਬਲੂ ਫ਼ਿਲਮਾਂ ਹੀ ‘ਸੰਤੂ ਰੰਗੀਲੀ’ ਹੋ ਜਾਣਗੀਆਂ।
ਇਕ ਰਾਤ! ਦਿਨ ਭਰ ਦੀ ਸ਼ੂਟਿੰਗ ਬਾਰੇ ਗੰਭੀਰ ਚਰਚਾ ਹੋ ਰਹੀ ਸੀ। ਮੈਂ ਵਾਸ਼ਰੂਮ ਜਾਣ ਲਈ ਉੱਠਿਆ ਤੇ ਫਿਰ ਭੰਮੱਤਰ ਕੇ ਪਰਤ ਆਇਆ। ਸੁਇਟ ਦੇ ਉਸ ਕਮਰੇ ਵਿਚ ਇਕ ਔਰਤ ਅਲਫ਼ ਨੰਗੀ ਬਿਸਤਰੇ ਵਿਚ ਲੰਮੀ ਪਈ ਹੋਈ ਸੀ।
ਬੇਸ਼ੱਕ ਉਹ ਔਰਤ ਮਹਿਫ਼ਿਲ ਵਿਚ ਨਹੀਂ ਸੀ, ਫਿਰ ਵੀ ਮਹਿਫ਼ਿਲ ਦਾ ਹਿੱਸਾ ਸੀ। ਇਸ ਗੱਲ ਦਾ ਮੈਨੂੰ ਛੇਤੀ ਹੀ ਪਤਾ ਲੱਗ ਗਿਆ ਸੀ।

+++

‘ਸੰਤੂ ਰੰਗੀਲੀ’ ਦੀ ਹੀਰੋਇਨ ਵੀ ਉਸੇ ਹੋਟਲ ਵਿਚ ਹੀ ਰਹਿੰਦੀ ਸੀ, ਜਿੱਥੇ ਰਾਤ ਜਸ਼ਨ ਦੀ ਕਾਲਖ ਨਾਲ ਲਿੱਬੜ ਜਾਂਦੀ ਸੀ। ਇਬਰਾਹੀਮ ਨੂੰ ਲੱਗਾ, ਉਸ ਹੋਟਲ ਵਿਚ ਰਹਿਣਾ ਠੀਕ ਨਹੀਂ ਸੀ। ਉਹਨੇ ਹੋਟਲ ਬਦਲ ਲਿਆ।
ਸੁਧੀਰ ਤ੍ਰਿਪਾਠੀ ਦਾ ਫ਼ੋਨ ਆਇਆ, ‘‘ਜਸਬੀਰ! ਤੂੰ ਫਲਾਣੇ ਹੋਟਲ ਸਿੱਧਾ ਹੀ ਪਹੁੰਚ ਜਾਵੀਂ।’’
ਮੈਂ ਉਸ ਸ਼ਹਿਰ ਨੂੰ ਨਹੀਂ ਸਾਂ ਜਾਣਦਾ। ਸੁਧੀਰ ਨੂੰ ਦੱਸਿਆ ਤਾਂ ਉਹਨੇ ਇਕ ਸੌਖੇ ਟਿਕਾਣੇ ਪਹੁੰਚਣ ਲਈ ਕਹਿ ਦਿੱਤਾ। ਉਸ ਤੋਂ ਅੱਗੇ ਅਸੀਂ ਇਕੱਠਿਆਂ ਚਲੇ ਜਾਣਾ ਸੀ। ਜਦੋਂ ਮੈਂ ਉਹਦੇ ਦੱਸੇ ਹੋਏ ਟਿਕਾਣੇ ’ਤੇ ਪਹੁੰਚਿਆ ਤਾਂ ਸੁਧੀਰ ਕਿਸੇ ਫ਼ਿਲਮ ਦੇ ਬਿੱਲ ਬੋਰਡ ਹੇਠਾਂ ਪ੍ਰੇਸ਼ਾਨ ਜਿਹਾ ਖਲੋਤਾ ਹੋਇਆ ਸੀ। ਉਸ ਦੱਸਿਆ, ‘‘ਅੱਜ ਔਰਤ ਦਾ ਪ੍ਰਬੰਧ ਮੈਂ ਕਰਨਾ ਸੀ। ਫ਼ਿਲਮਾਂ ਦੀ ਐਕਟਰਸ ਬਣਨ ਲਈ ਤਰਲੋਮੱਛੀ ਹੋ ਰਹੀ ਕਿਸੇ ਕੁੜੀ ਨੂੰ ਮੈਂ ਕਿੱਥੋਂ ਲੱਭਦਾ! ਫੇਰ ਤਾਂ ਰੈੱਡਲਾਈਟ ਏਰੀਏ ’ਤੇ ਹੀ ਮੇਰੀ ਟੇਕ ਸੀ। ਉਸ ਕੋਠੇ ਵਾਲੀ ਨੂੰ ਮੈਂ ਕੁਝ ਐਡਵਾਂਸ ਵੀ ਦਿੱਤਾ ਸੀ, … ਪਹੁੰਚੀ ਹੀ ਨਹੀਂ।’’
ਉਸ ਕਮਰੇ ਦੇ ਬਿਸਤਰੇ ਦੀ ਔਰਤ ਇਕ ਨਹੀਂ ਸੀ, ਹਰ ਰੋਜ਼ ਕੋਈ ਹੋਰ ਸੀ। ਉਨ੍ਹਾਂ ਵਿਚੋਂ ਕਈ ਔਰਤਾਂ ਚੰਗਿਆਂ ਘਰਾਂ ਤੋਂ ਵੀ ਸਨ। ਦਰਅਸਲ, ਉਹ ਔਰਤਾਂ ਨਹੀਂ ਸਨ, ਲਾਲਸਾਵਾਂ ਸਨ। ਉਹ ਜਾਣਦੀਆਂ ਸਨ, ਉਸ ਸੇਜ ਤੋਂ ਉਠਾ ਕੇ ਕਿਸੇ ਨੇ ਫ਼ਿਲਮ ਦੀ ਹੀਰੋਇਨ ਨਹੀਂ ਸੀ ਬਣਾਉਣਾ। ਇਕ ਯਕੀਨ ਪੱਕਾ ਸੀ ਕਿ ਨਿੱਕਾ ਰੋਲ ਤਾਂ ਮਿਲ ਹੀ ਜਾਵੇਗਾ। ਇਕ ਹੋਰ ਸੁਪਨਾ ਵੀ ਉਨ੍ਹਾਂ ਔਰਤਾਂ ਨੇ ਸੰਭਾਲ ਕੇ ਰੱਖਿਆ ਹੋਇਆ ਸੀ। ਕੌਣ ਜਾਣੇ ਕਿਸੇ ਚੰਗੇ ਵੇਲੇ ਕੋਈ ਨਿਰਮਾਤਾ, ਨਿਰਦੇਸ਼ਕ ਭੀੜ ’ਚੋਂ ਬਾਹਰ ਬੁਲਾ ਲਵੇ ਤੇ ਕਹੇ, ‘‘ਉਹ ਤੂੰ ਹੀ ਏਂ ਜੀਹਨੂੰ ਮੈਂ ਚਿਰਾਂ ਤੋਂ ਲੱਭ ਰਿਹਾ ਸਾਂ। ਤੂੰ ਹੀ ਮੇਰੀ ਨਵੀਂ ਫ਼ਿਲਮ ਦੀ ਹੀਰੋਇਨ ਬਣੇਗੀ।’’ ਕਈ ਵੱਡੀਆਂ ਵੱਡੀਆਂ ਹੀਰੋਇਨਾਂ ਨੂੰ ਡਾਇਰੈਕਟਰਾਂ ਨੇ ਜੂਨੀਅਰ ਆਰਟਿਸਟਾਂ ਦੀ ਭੀੜ ਵਿਚੋਂ ਹੀ ਲੱਭਿਆ ਸੀ।
ਆਪਣੇ ਸਮੇਂ ਦੀ ਪ੍ਰਸਿੱਧ ਹੀਰੋਇਨ ਪਰਵੀਨ ਬਾਬੀ ਦੀ ਇਕ ਅਖ਼ਬਾਰ ਨੂੰ ਦਿੱਤੀ ਹੋਈ ਇੰਟਰਵਿਊ ਬਾਰੇ ਉਹ ਜਾਣਦੀਆਂ ਸਨ। ਇਕ ਸੁਆਲ ਦਾ ਜੁਆਬ ਦਿੰਦਿਆਂ ਉਸ ਆਖਿਆ ਸੀ ਕਿ ਫ਼ਿਲਮਾਂ ਦੀ ਕਿਸੇ ਵੀ ਹੀਰੋਇਨ ਦੀ ਸਫ਼ਲਤਾ ਦਾ ਰਾਹ ਕਈ ਬੈੱਡਰੂਮਾਂ ਦੇ ਵਿਚੋਂ ਦੀ ਹੋ ਕੇ ਲੰਘਦਾ ਹੈ। ਉਸ ਅੱਗੇ ਦੱਸਿਆ ਸੀ ਕਿ ਫ਼ਿਲਮਾਂ ਦੀ ਕੋਈ ਸਫ਼ਲ ਨਾਇਕਾ ਜੇ ਇਹ ਆਖੇ ਕਿ ਉਹ ਕੁਆਰੀ ਹੈ ਅਤੇ ਵਿਗਿਆਨਕ ਟੈਸਟ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਤਾਂ ਉਹ ਉਸ ਸਾਇੰਸ ਨੂੰ ਚੁਣੌਤੀ ਦੇਣ ਲਈ ਤਿਆਰ ਹੈ।
ਜੇ ਪਰਵੀਨ ਬਾਬੀ ਦੀ ਗੱਲ ਨੂੰ ਅਤਿਕਥਨੀ ਮੰਨ ਲਿਆ ਜਾਵੇ ਤਾਂ ਵੀ ਆਪਾਂ ਉਨ੍ਹਾਂ ਕੁਝ ਨਾਇਕਾਵਾਂ ਨੂੰ ਤਾਂ ਜਾਣਦੇ ਹੀ ਹਾਂ ਜੋ ਨਾਮਵਰ ਫ਼ਿਲਮ ਨਿਰਮਾਤਾਵਾਂ ਦੀਆਂ ਰਖੇਲਾਂ ਬਣ ਕੇ ਹੀ ਸਫ਼ਲ ਹੋ ਸਕੀਆਂ ਸਨ।
ਸਿਨੇਮਾ ਵਿਚ ਅੰਡਰ ਵਰਲਡ ਦੇ ਲੋਕਾਂ ਦਾ ਦਖ਼ਲ ਵਧ ਜਾਣ ਨਾਲ ਔਰਤਾਂ ਦਾ ਸ਼ੋਸ਼ਣ ਹੋਰ ਵੀ ਵਧ ਗਿਆ ਹੈ। ਐਕਟਰਸ ਮੋਨਿਕਾ ਬੇਦੀ, ਮੰਦਾਕਿਨੀ ਅਤੇ ਇਹੋ ਜਿਹੀਆਂ ਕਈਆਂ ਹੋਰਾਂ ਦੀ ਮਿਸਾਲ ਤਾਂ ਸਾਡੇ ਸਾਹਮਣੇ ਹੀ ਹੈ।
ਭਾਰਤੀ ਸਿਨੇਮਾ ਦਾ ਇਤਿਹਾਸ ਸਵਾ ਸੌ ਵਰ੍ਹੇ ਪੁਰਾਣਾ ਹੈ। ਇਸ ਗਣਿਤ ਵਿਚ ਸ਼ਾਇਦ ਦੋ-ਚਾਰ ਵਰ੍ਹਿਆਂ ਦਾ ਟਪਲਾ ਵੀ ਹੋਵੇ।
ਗੂੰਗੀਆਂ ਫ਼ਿਲਮਾਂ ਦੇ ਦੌਰ ਵੇਲੇ ਤਾਂ ਆਦਮੀਆਂ ਨੂੰ ਹੀ ਔਰਤਾਂ ਦਾ ਕਿਰਦਾਰ ਨਿਭਾਉਣਾ ਪੈਂਦਾ ਸੀ। ਫਿਰ ਹੌਲੀ ਹੌਲੀ ਫ਼ਿਲਮਾਂ ਵਿਚ ਔਰਤ ਦਾ ਕਿਰਦਾਰ ਔਰਤਾਂ ਹੀ ਨਿਭਾਉਣ ਲੱਗ ਪਈਆ, ਪਰ ਉਹ ਅਭਿਨੇਤਰੀਆਂ ਘਰਾਂ ਤੋਂ ਨਹੀਂ ਸਨ ਆਉਂਦੀਆਂ, ਕੋਠਿਆਂ ਤੋਂ ਆਉਂਦੀਆਂ ਸਨ। ਸ਼ਰੀਫ਼ ਘਰਾਂ ਦੀਆਂ ਔਰਤਾਂ ਲਈ ਇਹ ਚਰਿੱਤਰ ਤੋਂ ਗਿਰਿਆ ਹੋਇਆ ਕੰਮ ਸੀ।
ਮਰਹੂਮ ਐਕਟਰ, ਨਿਰਮਾਤਾ-ਨਿਰਦੇਸ਼ਕ ਭਗਵਾਨ ਆਪਣੀ ਸਵੈ-ਜੀਵਨੀ ਵਿਚ ਦੱਸਦਾ ਹੈ ਕਿ ਉਹਦੇ ਵੇਲੇ ਦੀ ਇਕ ਮਸ਼ਹੂਰ ਨਾਇਕਾ ਗੌਹਰ ਜਾਨ ਦਾ ਫ਼ਿਲਮਾਂ ਵਿਚ ਨਾਂ ਥਾਂ ਭਾਵੇਂ ਵੱਡਾ ਹੋ ਗਿਆ ਸੀ। ਪਰ ਉਹ ਆਪਣਾ ਜਿਸਮਫਰੋਸ਼ੀ ਦਾ ਧੰਦਾ ਫਿਰ ਵੀ ਕਰਦੀ ਰਹੀ ਸੀ। ਜੇ ਚਾਲੂ ਸ਼ੂਟਿੰਗ ਵੇਲੇ ਵੀ ਉਹਦਾ ਕੋਈ ਪੁਰਾਣਾ ਗਾਹਕ ਪਹੁੰਚ ਜਾਂਦਾ ਸੀ ਤਾਂ ਉਹ ਸ਼ੂਟਿੰਗ ਰੁਕਵਾ ਦਿੰਦੀ ਸੀ। ਜਦੋਂ ਗਾਹਕ ਭੁਗਤ ਜਾਂਦਾ ਸੀ ਤਾਂ ਸ਼ੂਟਿੰਗ ਨਵੇਂ ਸਿਰਿਓਂ ਸ਼ੁਰੂ ਹੁੰਦੀ ਸੀ। ਉਸ ਵੇਲੇ ਦੀਆਂ ਕਈ ਨਾਮਵਰ ਨਾਇਕਾਵਾਂ ਕੋਠਿਆਂ ਤੋਂ ਹੀ ਆਈਆਂ ਸਨ। ਉਨ੍ਹਾਂ ਔਰਤਾਂ ਦੇ ਪੇਸ਼ੇ ਨੇ ਵੀ ਫ਼ਿਲਮਾਂ ਵਾਲਿਆਂ ਦੇ ਮਾਹੌਲ ਨੂੰ ਖੁੱਲ੍ਹ-ਡੁੱਲ੍ਹ ਦਿੱਤੀ ਸੀ।
ਐਸ਼ੋ-ਆਰਾਮ, ਪੈਸੇ ਦੀ ਬਹੁਤਾਤ, ਗਲੈਮਰ ਸਾਧਾਰਨਤਾ ਦਾ ਰਾਤੋ-ਰਾਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਦਾ ਹੋ ਜਾਣਾ ਵੀ ਹਰ ਆਮੋ-ਖ਼ਾਸ ਨੂੰ ਫ਼ਿਲਮਾਂ ਵੱਲ ਖਿੱਚਦਾ ਸੀ। ਏਨਾ ਕੁਝ ਹਾਸਲ ਕਰਨ ਲਈ ਸੰਗ-ਸੰਕੋਚ ਦਾ ਪਰਦਾ ਅਕਸਰ ਸਰਕ ਜਾਂਦਾ ਸੀ। ਮੁੰਬਈ ਵੱਲ ਮੂੰਹ ਕਰਨ ਵਾਲੀ ਹਰ ਕੁੜੀ ਨੂੰ ‘ਸਮਝੌਤਾ’ ਅਤੇ ‘ਕਾਸਟਿੰਗ ਕਾਊਚ’ ਵਰਗੇ ਸ਼ਬਦਾਂ ਦੀ ਪ੍ਰੀਭਾਸ਼ਾ ਦਾ ਪਤਾ ਸੀ।
ਸਿਨੇਮਾ ਦੇ ਇਹੋ ਜਿਹੇ ਹਵਾਲੇ ਅਤੇ ਤੱਥ ਹੋਟਲ-ਕਮਰੇ ਦੇ ਉਸ ਬਿਸਤਰੇ ਵਿਚ ਲੰਮੇ ਪੈਣ ਵਾਲੀਆਂ ਔਰਤਾਂ ਦੀ ਪ੍ਰੇਰਣਾ ਵੀ ਸਨ।
ਉਨ੍ਹੀਂ ਦਿਨੀਂ ਮੈਨੂੰ ਬੜੀ ਹੋਰ ਹੋਰ ਤਰ੍ਹਾਂ ਦੇ ਬੰਦੇ ਮਿਲੇ ਸਨ। ਉਨ੍ਹਾਂ ਵਿਚੋਂ ਇਕ ਹੀਰਿਆਂ ਦਾ ਵਿਓਪਾਰੀ ਸੀ। ਦੇਵਿੰਦਰ ਪਟੇਲ ਅਤੇ ਸੁਧੀਰ ਤ੍ਰਿਪਾਠੀ ਉਹਦੇ ਨੇੜਲੇ ਮਿੱਤਰਾਂ ਵਿਚੋਂ ਸਨ। ਸੁਧੀਰ ਚਾਹੁੰਦਾ ਸੀ ਕਿ ਉਹ ਅਤੇ ਹੀਰਿਆਂ ਵਾਲਾ ਰਲ ਕੇ ਦੇਵਿੰਦਰ ਦੇ ‘ਬੇਬੀ’ ਨਾਵਲ ’ਤੇ ਫ਼ਿਲਮ ਬਣਾਉਣ। ਹੀਰਿਆਂ ਵਾਲਾ ਕੁਝ ਅਲੋਕਾਰ ਭਾਂਤ ਦਾ ਫ਼ਿਲਮ ਨਿਰਮਾਤਾ ਸੀ। ਫ਼ਿਲਮਾਂ ਦੀਆਂ ਨਵੀਆਂ ਨਾਇਕਾਵਾਂ ਵਿਚੋਂ ਜੇ ਕੋਈ ਉਹਦੇ ਦਿਲ ਨੂੰ ਭਾਅ ਜਾਵੇ ਤਾਂ ਉਹਦੇ ਲਈ ਫ਼ਿਲਮ ਬਣਾਉਣ ਲਈ ਤਿਆਰ ਹੋ ਜਾਂਦਾ ਸੀ। ਐਲਾਨੀ ਫ਼ਿਲਮ ਦਾ ਮਹੂਰਤ ਵੀ ਉਹ ਪੂਰੀ ਸ਼ਾਨੋ-ਸ਼ੌਕਤ ਨਾਲ ਕਰਦਾ ਸੀ। ਮਹੂਰਤ ਸ਼ਾਟ ਵੀ ਹੀਰੋਇਨ ’ਤੇ ਫ਼ਿਲਮਾਇਆ ਜਾਂਦਾ ਸੀ।
ਇਸ ਕੰਮ ’ਤੇ ਲੱਖਾਂ ਦਾ ਖਰਚਾ ਹੋ ਜਾਂਦਾ ਸੀ।
ਹੀਰੋਇਨ ਨੂੰ ਚੰਗੀ ਚੋਖੀ ਰਾਸ਼ੀ ਸਾਈਨਿੰਗ ਰਾਸ਼ੀ ਵਜੋਂ ਦਿੱਤੀ ਜਾਂਦੀ ਸੀ। ਪਰ ਇਸ ਸਭ ਕਾਸੇ ਤੋਂ ਪਹਿਲਾਂ ਹੀਰੋਇਨ ਨੂੰ ਹਮਬਿਸਤਰ ਹੋਣਾ ਪੈਂਦਾ ਸੀ।
ਉਸ ਹੀਰਿਆਂ ਵਾਲੇ ਦੀ ਫ਼ਿਲਮ ਬੱਸ ਏਨੀ ਕੁ ਹੀ ਬਣਦੀ ਸੀ।
ਸੁਧੀਰ ਤੇ ਦੇਵਿੰਦਰ ਨੇ ਆਸ ਦੀ ਕੰਨੀਂ ਫੇਰ ਵੀ ਫੜੀ ਹੋਈ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਵੱਡੇ ਭਾਈ! ਇਸ ਵਾਰ ਮਹੂਰਤ ਸ਼ਾਟ ਤੋਂ ਅੱਗੇ ਵੀ ਫ਼ਿਲਮ ਬਣਾਵੀਂ ਤੇ ‘ਬੇਬੀ’ ਨਾਵਲ ’ਤੇ ਬਣਾਵੀਂ।’’
…ਪਰ ਉਸ ਹੀਰਿਆਂ ਵਾਲੇ ਨੂੰ ਤਾਂ ਹੋਰ ਤਰ੍ਹਾਂ ਦਾ ਭੁੱਸ ਪਿਆ ਹੋਇਆ ਸੀ। ਉਹ ਖੁੱਲ੍ਹ ਕੇ ਹੱਸਿਆ ਸੀ ਜਿਵੇਂ ਕਿਸੇ ਦੀ ਅਹਿਮਕਾਨਾ ਗੱਲ ’ਤੇ ਹੱਸੀ ਦਾ ਹੈ।

+++

ਇਬਰਾਹੀਮ ਦੇ ਮਨ ਵਿਚ ਪਤਾ ਨਹੀਂ ਕੀ ਆਈ, ਉਸ ਅਚਾਨਕ ਪੁੱਛ ਲਿਆ, ‘‘ਤੂੰ ‘ਸੰਤੂ ਰੰਗੀਲੀ’ ਵਿਚ ਕੰਮ ਕਰਕੇ ਵੇਖਣਾ ਏ?’’
‘‘ਮੈਨੂੰ ਐਕਟਿੰਗ ਨਹੀਂ ਆਉਂਦੀ।’’
‘‘ਆਪੇ ਆ ਜਾਊ।’’
‘‘ਮੈਨੂੰ ਗੁਜਰਾਤੀ ਬੋਲਣੀ ਵੀ ਨਹੀਂ ਆਉਂਦੀ।’’
‘‘ਗੁਜਰਾਤੀ ਦੀ ਤੂੰ ਚਿੰਤਾ ਨਾ ਕਰ।’’
ਅਗਲੀ ਸਵੇਰ ਮੈਂ ਐਕਟਰ ਹੋ ਗਿਆ। ਫ਼ਿਲਮ ਦੀ ਨਾਇਕਾ ਅਰੁਣਾ ਇਰਾਨੀ ਫੁੱਲ ਵੇਚਣ ਵਾਲੀ ਦਾ ਕਿਰਦਾਰ ਨਿਭਾ ਰਹੀ ਸੀ। ਫ਼ਿਲਮਾਏ ਜਾ ਰਹੇ ਦ੍ਰਿਸ਼ ਵਿਚ ਮੈਂ ਉਹਦੇ ਕੋਲੋਂ ਕੁਝ ਫੁੱਲ ਖਰੀਦੇ ਤੇ ਉਨ੍ਹਾਂ ਫੁੱਲਾਂ ਦੀ ਕੀਮਤ ਤਾਰ ਦਿੱਤੀ।
ਸ਼ਾਟ ਓ.ਕੇ. ਹੋ ਗਿਆ।
ਫੁੱਲਾਂ ਲਈ ਦਿੱਤੇ ਹੋਏ ਉਹ ਰੁਪਏ ਅਰੁਣਾ ਮੈਨੂੰ ਵਾਪਸ ਕਰ ਗਈ। ਮੈਂ ਮਹਾਤਮਾ ਬੁੱਧ ਨਹੀਂ ਸਾਂ, ਪਰ ਇਕ ਲਿਸ਼ਕੋਰ ਜਿਹੀ ਮੇਰੇ ਮੱਥੇ ’ਤੇ ਚਾਨਣ ਦੀ ਲੀਕ ਵਾਹ ਗਈ। ਚੇਤਨਾ ਦੇ ਉਸ ਚਾਨਣ ਨੇ ਮੈਨੂੰ ਸਮਝਾਇਆ, ਮੈਂ ਖਿਲਰ ਰਿਹਾ ਸਾਂ, ਚਹੁੰ ਪਾਸੀਂ ਫੈਲ ਜਾਣ ਦੇ ਯਤਨ ਵਿਚ ਸਾਂ। ਮੈਨੂੰ ਆਪਣੇ ਆਪ ਨੂੰ ਸਮੇਟ ਲੈਣਾ ਚਾਹੀਦਾ ਸੀ।
ਜ਼ਿੰਦਗੀ ਛੋਟੀ ਜਿਹੀ ਸੀ ਤੇ ਮੈਂ ਬੜਾ ਕੁਝ ਹੋਰ ਕਰਨਾ ਚਾਹੁੰਦਾ ਸਾਂ। ਮੈਂ ਚਿੱਤਰਕਾਰ ਬਣਨਾ ਚਾਹੁੰਦਾ ਸਾਂ, …ਮੈਂ ਲੇਖਕ ਹੋਣਾ ਚਾਹੁੰਦਾ ਸਾਂ। ਮੈਂ ਚਾਹੁੰਦਾ ਸਾਂ ਫ਼ਿਲਮਕਾਰ ਹੋਵਾਂ! ਰੋਜ਼ੀ-ਰੋਟੀ ਲਈ ਫ਼ੌਜ ਦੀ ਨੌਕਰੀ ਤਾਂ ਮੈਂ ਕਰ ਹੀ ਰਿਹਾ ਸਾਂ ਤੇ ਉਹ ਨੌਕਰੀ ਚੌਵੀਆਂ ਘੰਟਿਆਂ ਦੀ ਸੀ।
ਮੇਰੇ ਉਹ ਕੁਝ ਰੁਪਏ, ਜੋ ਮੇਰੇ ਕੋਲ ਮੁੜ ਪਰਤ ਆਏ ਸਨ, ਮੇਰਾ ਵੀ ਉਨ੍ਹਾਂ ਵਾਂਗੂੰ ਆਪਣੇ ਆਪ ਕੋਲ ਪਰਤਣਾ ਬਣਦਾ ਸੀ।
ਉਸੇ ਸ਼ਾਮ ਇਬਰਾਹੀਮ ਨੇ ਆਖਿਆ ਸੀ, ‘‘ਤੂੰ ਐਵੇਂ ਝੱਖ ਮਾਰ ਰਿਹਾ ਏਂ ਫ਼ੌਜ ਵਿਚ। ਫ਼ੌਜ ਵਾਲੇ ਆਖ਼ਰ ਕਿੰਨੀ ਕੁ ਤਨਖਾਹ ਦੇ ਦਿੰਦੇ ਹੋਣਗੇ। ਉਸ ਤੋਂ ਡਬਲ ਤੂੰ ਮੈਥੋਂ ਲੈ ਲਵੀਂ। ਛੱਡ ਪਰ੍ਹਾਂ ਫ਼ੌਜ ਨੂੰ। ਮੇਰੀਆਂ ਫ਼ਿਲਮਾਂ ਦਾ ਹਿੱਸਾ ਬਣ। ਸਾਨੂੰ ਆਪਣੀ ਟੀਮ ਚਾਹੀਦੀ ਹੁੰਦੀ ਐ। …।’’
ਜ਼ਿੰਦਗੀ ਵਿਚ ਬਹੁਤ ਸਾਰੀਆਂ ਗੱਲਾਂ ਮੈਂ ਹੱਸ ਕੇ ਟਾਲਦਾ ਰਿਹਾ ਹਾਂ। ਉਹਦੀ ਪੇਸ਼ਕਸ਼ ਦੇ ਜੁਆਬ ਵਿਚ ਵੀ ਮੈਂ ਹੱਸ ਪਿਆ ਸਾਂ। ਇਬਰਾਹੀਮ ਨੂੰ ਮੈਂ ਇਹ ਨਹੀਂ ਸੀ ਦੱਸਿਆ ਕਿ ਮੈਂ ਆਪਣੇ ਸ਼ੌਕ ਦੇ ਖਿਲਾਰੇ ਨੂੰ ਹੌਲੀ ਹੌਲੀ ਸਾਂਭਣ ਲੱਗ ਪਿਆ ਸਾਂ।

+++
ਸੰਤੂ ਰੰਗੀਲੀ ਦੀ ਸ਼ੂਟਿੰਗ ਮੁੱਕ ਗਈ। ਜਿਸ ਫ਼ਿਲਮ ਦੀ ਪੂਰੀ ਦੀ ਪੂਰੀ ਸ਼ੂਟਿੰਗ ਗੁਜਰਾਤ ਵਿਚ ਹੋਵੇ, ਸਰਕਾਰ ਉਸ ਦੇ ਫ਼ਿਲਮਕਾਰ ਨੂੰ ਵੱਡੀ ਰਾਸ਼ੀ ਦੇ ਕੇ ਉਤਸ਼ਾਹਿਤ ਕਰਦੀ ਸੀ। ਇਬਰਾਹੀਮ ਉਸ ਰਕਮ ਦਾ ਚੈੱਕ ਲੈ ਕੇ ਗਾਂਧੀ ਨਗਰ ਤੋਂ ਪਰਤਿਆ ਸੀ। ਉਹ ਬਹੁਤ ਖ਼ੁਸ਼ ਸੀ। ਜਸ਼ਨ ਦੇ ਰੌਂਅ ਵਿਚ ਕੁਝ ਖ਼ਾਸ ਜਣੇ ਉਹਦੇ ਹੋਟਲ ਦੇ ਸੁਇਟ ਵਿਚ ਇਕੱਠੇ ਹੋ ਗਏ।
ਗਾਂਧੀ ਨਗਰ ਤੋਂ ਆਉਂਦਿਆਂ ਰਾਹ ਵਿਚ ਹੀ ਇਬਰਾਹੀਮ ਨੂੰ ਫੁਰਨਾ ਫੁਰਿਆ ਸੀ। ਉਸ ਆਖਿਆ, ‘‘ਭਰਾਵੋ! ਅਦਾਲਤ ਤਾਂ ਆਪੇ ਬਣਦੀ ਰਹੂ। ਮੈਂ ਸੋਚਿਆ ਏ, ਕਾਲਜ ਦੀ ਲਾਈਫ ’ਤੇ ਇਕ ਫ਼ਿਲਮ ਬਣਾਵਾਂ। ਮੁੰਡੇ ਕੁੜੀਆਂ ਦਾ ਕਾਲਜ ਦੇ ਪਹਿਲੇ ਵਰ੍ਹੇ ਤੋਂ ਚੌਥੇ ਵਰ੍ਹੇ ਤਕ ਦਾ ਜਿਊਣਾ ਉਸ ਫ਼ਿਲਮ ਵਿਚ ਹੋਵੇ।’’
ਉਹ ਬਾਕੀਆਂ ਵੱਲੋਂ ਧਿਆਨ ਮੋੜ ਕੇ ਮੈਨੂੰ ਮੁਖ਼ਾਤਿਬ ਹੋਇਆ, ‘‘ਭੁੱਲਰ! ਇਸ ਫ਼ਿਲਮ ਦੀ ਕਹਾਣੀ ਤੂੰ ਲਿਖ!’’
‘‘ਮੈਂ! … ਮੈਨੂੰ ਤਾਂ ਕਾਲਜ ਛੱਡੇ ਨੂੰ ਵੀ ਕਈ ਵਰ੍ਹੇ ਹੋ ਗਏ ਨੇ। … ਮੇਰੇ ਵੇਲੇ ਤਾਂ ਕਾਲਜ ਦਾ ਮਾਹੌਲ ਕੁਝ ਹੋਰ ਹੁੰਦਾ ਸੀ।’’ ਇਹੋ ਜਿਹਾ ਮੌਕਾ ਹਰ ਕਿਸੇ ਨੂੰ ਨਹੀਂ ਸੀ ਮਿਲਦਾ। ਉੱਥੇ ਬੈਠੇ ਹੋਏ ਸੱਜਣ ਮੇਰੇ ਜੁਆਬ ’ਤੇ ਹੈਰਾਨ ਸਨ।
‘‘ਤੈਨੂੰ ਮੈਂ ਦੱਸਦਾ ਹਾਂ, ਉਸ ਕਹਾਣੀ ਵਿਚ ਕੀ ਹੋਵੇ।’’ ਉਹਨੇ ਫ਼ਿਲਮ ਦੀ ਸਬਜ਼ੀ ਵਿਚ ਪੈਣ ਵਾਲੇ ਮਸਾਲਿਆਂ ਦੀ ਦੱਸ ਪਈ, ‘‘ਇਸ਼ਕ, ਰੇਪ, ਡਰੱਗ, ਤਸਕਰੀ, ਕੁੜੀਆਂ ਦਾ ਹਾਮਲਾ ਹੋਣਾ ਅਤੇ …।’’
ਪੜ੍ਹਾਈ-ਲਿਖਾਈ ਨੂੰ ਛੱਡ ਕੇ ਇਬਰਾਹੀਮ ਨੇ ਫ਼ਿਲਮ ਦੀ ਕਹਾਣੀ ਲਈ ਕਈ ਨੁਕਤੇ ਦੱਸੇ।
ਮੈਂ ਆਖਿਆ, ‘‘ਮੈਨੂੰ ਫ਼ੌਜ ਨੇ ਇਸ ਕੰਮ ਦੀ ਆਗਿਆ ਨਹੀਂ ਦੇਣੀ।’’
‘‘ਤੂੰ ਫ਼ਿਕਰ ਨਾ ਕਰ ਤੇਰਾ ਕਿਧਰੇ ਵੀ ਨਾਂ ਨਹੀਂ ਆਊ।’’
‘‘ਫੇਰ ਕਿਸ ਦਾ ਨਾਂ ਆਊ?’’
‘‘ਵੇਖ! ਤੇਰੇ ਤੋਂ ਇਲਾਵਾ ਤਿੰਨ ਜਣੇ ਹੋਰ ਵੀ ਇਸੇ ਕਹਾਣੀ ਨੂੰ ਲਿਖਣਗੇ।’’
ਇਬਰਾਹੀਮ ਦੀ ਗੱਲ ਦੀ ਮੈਨੂੰ ਸਮਝ ਨਹੀਂ ਸੀ ਪਈ। ਉਹਨੇ ਮੇਰਾ ਸ਼ੰਕਾ ਨਵਿਰਤ ਕਰਨ ਦਾ ਯਤਨ ਕੀਤਾ, ‘‘ਅਸੀਂ ਕੁਝ ਜਣੇ ਉਨ੍ਹਾਂ ਸਾਰੀਆਂ ਕਹਾਣੀਆਂ ’ਤੇ ਬੈਠਾਂਗੇ। ਫਿਰ ਅਸੀਂ ਉਨ੍ਹਾਂ ਸਾਰੀਆਂ ਕਹਾਣੀਆਂ ਨੂੰ ਰਲਾ ਕੇ ਇਕ ਬਣਾ ਦਿਆਂਗੇ।’’
‘‘ਫੇਰ ਸਕਰੀਨ ’ਤੇ ਲੇਖਕ ਵਜੋਂ ਕੀਹਦਾ ਨਾਂ ਦਿਸੂ?’’
‘‘ਤੁਹਾਡੇ ਸਾਰਿਆਂ ਵਿਚੋਂ ਕਿਸੇ ਦਾ ਵੀ ਨਹੀਂ।’’
ਮੈਂ ਭੰਮੱਤਰ ਗਿਆ ਸਾਂ।
ਉਦੋਂ ਕੁਝ ਜਣਿਆਂ ਦੇ ਗਲਾਸ ਖਾਲੀ ਹੋ ਗਏ ਸਨ। ਗਲਾਸ ਮੁੜ ਭਰੇ ਜਾਣ ਤਕ ਉਹ ਚੁੱਪ ਰਿਹਾ। ਸ਼ਰਾਬ ਦਾ ਵਰਤਾਵਾ ਬੈਠ ਗਿਆ ਤਾਂ ਇਬਰਾਹੀਮ ਬੋਲਿਆ, ‘‘ਲੇਖਕ ਵਜੋਂ ਮੈਂ ਕਿਸੇ ਮਸ਼ਹੂਰ ਫ਼ਿਲਮੀ ਲੇਖਕ ਦਾ ਨਾਂ ਚੁਣੂ। ਉਹਦਾ ਨਾਂ ਵਰਤਣ ਦੇ ਉਹਨੂੰ ਚੰਗੇ ਚੋਖੇ ਪੈਸੇ ਮਿਲ ਜਾਣਗੇ। ਉਸ ਮਸ਼ਹੂਰ ਲੇਖਕ ਦੇ ਨਾਂ ਕਰਕੇ ਮੰਡੀ ਵਿਚ ਫ਼ਿਲਮ ਦੀ ਕੀਮਤ ਵਧ ਜਾਊ।’’ ਉਹ ਹੱਸਿਆ ਸੀ, ‘‘ਮੈਂ ਤਾਂ ਵਿਓਪਾਰੀ ਹਾਂ ਮੇਰੇ ਯਾਰ!’’
ਉਸ ਰਾਤ ਗੱਲਾਂ ਕਈ ਰਾਹਵਾਂ ਵੱਲ ਤੁਰ ਪਈਆਂ। ਮਹਿਫ਼ਿਲ ਬਹੁਤ ਅਗਾਂਹ ਸਰਕ ਗਈ। ਮੈਂ ਇਬਰਾਹੀਮ ਨੂੰ ਪੁੱਛਿਆ, ‘‘ਦੁਨੀਆਂ ਭਰ ਵਿਚ ਕਮਾਲ ਦੇ ਨਾਵਲ ਨੇ। ਉਨ੍ਹਾਂ ਵਿਚੋਂ ਹੀ ਕੋਈ ਚੰਗਾ ਨਾਵਲ ਚੁਣ ਕੇ ਤੁਸੀਂ ਫ਼ਿਲਮ ਕਿਉਂ ਨਹੀਂ ਬਣਾਉਂਦੇ?’’
‘‘ਕੌਣ ਵੇਖਦਾ ਏ ਉਹੋ ਜਿਹੀਆਂ ਫ਼ਿਲਮਾਂ? ਆਮ ਲੋਕ ਤਾਂ ਨਹੀਂ ਵੇਖਦੇ ਤੇ ਤੇਰੇ ਵਰਗੇ ਲੋਕ ਹੁੰਦੇ ਹੀ ਕਿੰਨੇ ਨੇ। ਉਨ੍ਹਾਂ ਦਾ ਵੀ ਕੀ ਪਤਾ ਫ਼ਿਲਮ ਵੇਖਣ ਨਾ ਵੇਖਣ! ਮੈਨੂੰ ਤਾਂ ਆਪਣਾ ਨਫ਼ਾ ਨੁਕਸਾਨ ਸੋਚਣਾ ਪੈਂਦਾ ਏ।’’ ਇਬਰਾਹੀਮ ਨੇ ਕੁਝ ਛਿਣ ਲਈ ਚੁੱਪ ਵੱਟ ਲਈ। ਫੇਰ ਉੱਠ ਕੇ ਉਹਨੇ ਅਲਮਾਰੀ ਵਿਚੋਂ ਬਟੂਆ ਚੁੱਕਿਆ ਤੇ ਉਹਦੇ ਵਿਚੋਂ ਇਕ ਵਿਜ਼ਟਿੰਗ ਕਾਰਡ ਕੱਡ ਕੇ ਮੈਨੂੰ ਫੜਾ ਦਿੱਤਾ।
ਫ਼ਿਲਮਾਂ ਵਾਲੇ ਮੇਰੇ ਲਈ ਸੁਪਨਿਆਂ ਵਾਲੇ ਲੋਕ ਸਨ। ਉਨ੍ਹਾਂ ਕੋਲੋਂ ਮੈਨੂੰ ਮਲੰਗੀ ਅਤੇ ਦੀਵਾਨਗੀ ਦੀ ਤਵੱਕੋ ਸੀ। ਇਬਰਾਹੀਮ ਦੇ ਅੰਦਰ ਮੈਨੂੰ ਸਿਰਜਣਸ਼ੀਲਤਾ ਅਤੇ ਫ਼ਕੀਰੀ ਦਾ ਝਉਲਾ ਮਾਤਰ ਵੀ ਕਦੀ ਨਹੀਂ ਸੀ ਦਿੱਸਿਆ।
ਮੈਂ ਉਹਦਾ ਵਿਜ਼ਟਿੰਗ ਕਾਰਡ ਪੜ੍ਹਿਆ। ਕਾਰਡ ’ਤੇ ਉਹਦੇ ਨਾਂ ਹੇਠ ‘ਫ਼ਿਲਮ ਪ੍ਰੋਡਿਊਸਰ ਐਂਡ ਬਿਲਡਿੰਗ ਕੰਟਰੈਕਟਰ’ ਲਿਖਿਆ ਹੋਇਆ ਸੀ।
ਮੇਰੇ ਕੋਲ ਇਬਰਾਹੀਮ ਦੀ ਠੇਕੇਦਾਰੀ ਬਾਰੇ ਪੁੱਛਣ ਲਈ ਕੋਈ ਵੀ ਸੁਆਲ ਨਹੀਂ ਸੀ। ਫ਼ਿਲਮਾਂ ਬਾਰੇ ਉਹਦੇ ਨਾਲ ਕੋਈ ਗੱਲ ਕਰਨ ਦੀ ਮੇਰੀ ਲੋੜ ਮੁੱਕ ਗਈ ਸੀ।

+++

ਉਹ ਮੇਰੀ ਆਖ਼ਰੀ ਮੁਲਾਕਾਤ ਸੀ ਇਬਰਾਹੀਮ ਨਾਲ। ਉਸ ਤੋਂ ਪਿੱਛੋਂ ਅਸੀਂ ਕਦੀ ਨਹੀਂ ਮਿਲੇ। ਜਾਣ ਵੇਲੇ ਇਬਰਾਹੀਮ ਨੇ ਨਿੱਘ ਨਾਲ ਮੇਰਾ ਹੱਥ ਘੁੱਟਿਆ ਸੀ। ਉਸ ਕਿਹਾ, ‘‘ਜਸਬੀਰ! ਤੂੰ ਬੰਬਈ ਆਉਣ ਬਾਰੇ ਸੋਚੀਂ। ਤੈਨੂੰ ਬੜੀਆਂ ਗੱਲਾਂ ਦੀ ਸਮਝ ਪਊ।’’
ਮੈਂ ਇਬਰਾਹੀਮ ਦਾ ਸ਼ੁਕਰਗੁਜ਼ਾਰ ਸਾਂ। ‘ਸੰਤੂ ਰੰਗੀਲੀ’ ਦੇ ਨਿਰਮਾਣ ਦੇ ਦੌਰਾਨ ਮੈਨੂੰ ਉਹਦੇ ਕੋਲੋਂ ਤੇ ਉਹਦੇ ਦੁਆਲੇ ਵਿਚੋਂ ਪੂਰਾ ਨਾਵਲ ਲੱਭ ਪਿਆ ਸੀ ਜਿਹੜਾ ਮੇਰੇ ਰਾਹੀਂ ਲਿਖਿਆ ਜਾਣਾ ਸੀ। ਆਉਣ ਵਾਲੇ ਸਮੇਂ ਵਿਚ ਉਸ ਨਾਵਲ ਨੇ ‘ਮਹੂਰਤ’ ਨਾਂ ਨਾਲ ਛਪਣਾ ਸੀ।
ਇਬਰਾਹੀਮ ਦਾ ਮੁੰਬਈ ਦਾ ਨਿਓਤਾ ਬੜਾ ਲੁਭਾਵਣਾ ਸੀ, ਪਰ ਮੈਂ ਉੱਥੇ ਗਿਆ ਨਹੀਂ ਸਾਂ। ਓਹਲਿਆਂ ਅਤੇ ਹਨੇਰਿਆਂ ਦੇ ਚਿਰਾਗ਼ ਉੱਥੇ ਬਹੁਤ ਸਨ, ਬਲ ਰਹੇ ਸਨ। ਸੱਚ ਜਾਣਿਓਂ ਬੜਾ ਹਨੇਰਾ ਦੇ ਰਹੇ ਸਨ ਉਹ।
ਹਲਫ਼ੀਆ ਬਿਆਨ ਵਰਗਾ ਮੈਂ ਬੜਾ ਕੁਝ ਕਹਿ ਦਿੱਤਾ ਹੈ ਬੇਸ਼ੱਕ, ਪਰ ਇਸ ਗੱਲ ਤੋਂ ਮੁਨਕਰ ਨਹੀਂ ਕਿ ਸਿਨੇਮਾ ਲੋਕ ਵਿਚ ਰਿਸ਼ੀਆਂ ਵਰਗੇ ਲੋਕ ਵੀ ਨੇ, ਸਿਨੇਮਾ ਜਿਨ੍ਹਾਂ ਦੀ ਇਬਾਦਤ ਹੈ ਤੇ ਸੁਹਣੀ ਦੁਨੀਆਂ ਨੂੰ ਤਾਮੀਰ ਕਰਨ ਦਾ ਮਾਧਿਅਮ ਵੀ।
ਉਨ੍ਹਾਂ ਰਿਸ਼ੀਆਂ ਦੀ ਅਕੀਦਤ ਲਈ ਕੀ ਪਤਾ ਕਦੋਂ ਮੁੰਬਈ ਵੱਲ ਤੁਰ ਪਵਾਂ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਜਸਬੀਰ ਭੁੱਲਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ