Kisaan Di Sianap : Lok Kahani

ਕਿਸਾਨ ਦੀ ਸਿਆਣਪ : ਲੋਕ ਕਹਾਣੀ

ਇੱਕ ਕਿਸਾਨ ਆਪਣੇ ਖੇਤ ਵਿੱਚ ਹਲ਼ ਵਾਹ ਰਿਹਾ ਸੀ। ਉਸ ਕੋਲ ਸ਼ਿਕਾਰ ਖੇਡਦਾ ਰਾਜਾ ਆਇਆ। ਰਾਜੇ ਨੇ ਘੋੜਾ ਰੋਕ ਕੇ ਕਿਸਾਨ ਨੂੰ ਕਿਹਾ, ‘‘ਭਾਈ ਸਾਹਿਬ! ਤੁਹਾਡੇ ਕੋਲ ਕੁਝ ਖਾਣ-ਪੀਣ ਲਈ ਹੈ?’’ ਕਿਸਾਨ ਨੇ ਨਿਮਰਤਾ ਨਾਲ ਉੱਤਰ ਦਿੱਤਾ,‘‘ਜੋ ਰੁੱਖਾ-ਮਿੱਸਾ ਮੇਰੇ ਕੋਲ ਹੈ, ਉਹ ਹਾਜ਼ਰ ਹੈ।’’ ਕਿਸਾਨ ਨੇ ਪਹਿਲਾਂ ਰਾਜੇ ਨੂੰ ਕੋਰੇ ਤੌੜੇ ਦਾ ਠੰਢਾ ਪਾਣੀ ਪਿਆਇਆ ਤੇ ਹੱਥ ਧੁਆਏ ਅਤੇ ਫਿਰ ਲੂਣ ਵਾਲੀਆਂ ਵੇਸਣ ਦੀਆਂ ਰੋਟੀਆਂ, ਗੰਢਾ ਅਤੇ ਖੱਟੀ ਲੱਸੀ ਜਿਹੇ ਪਦਾਰਥ ਖਾਣ ਲਈ ਦਿੱਤੇ। ਅਜਿਹਾ ਭੋਜਨ ਰਾਜੇ ਨੇ ਪਹਿਲਾਂ ਕਦੇ ਨਹੀਂ ਸੀ ਛਕਿਆ। ਰਾਜਾ ਭੋਜਨ ਛਕ ਕੇ ਬਹੁਤ ਖ਼ੁਸ਼ ਹੋਇਆ।
ਉਸ ਨੇ ਤੁਰਨ ਲੱਗਿਆਂ ਕਿਸਾਨ ਨੂੰ ਕਿਹਾ,‘‘ਭਾਈ ਸਾਹਿਬ, ਕੱਲ੍ਹ ਨੂੰ ਦਿਨੇ ਦਸ ਵਜੇ ਮੇਰੇ ਕੋਲ ਰਾਜਧਾਨੀ ਪਹੁੰਚਣਾ। ਮੈਂ ਤੁਹਾਡੀ ਸੇਵਾ ਤੋਂ ਬਹੁਤ ਖ਼ੁਸ਼ ਹਾਂ। ਜੋ ਤੁਸੀਂ ਮੂੰਹੋਂ ਮੰਗੋਂਗੇ, ਮੈਂ ਤੁਹਾਨੂੰ ਉਹੀ ਇਨਾਮ ਦੇਵਾਂਗਾ।’’
ਕਿਸਾਨ ਦੂਜੇ ਦਿਨ ਰਾਜੇ ਦੇ ਕਿਲ੍ਹੇ ਅੱਗੇ ਪਹੁੰਚਿਆ। ਉਸ ਨੇ ਸੰਤਰੀ ਨੂੰ ਆਪਣੇ ਆਉਣ ਦਾ ਕਾਰਨ ਦੱਸਿਆ। ਸੰਤਰੀ ਨੇ ਉਸ ਨੂੰ ਠਹਿਰਨ ਲਈ ਕਿਹਾ ਤੇ ਆਪ ਮੁਲਾਕਾਤੀ ਅਫ਼ਸਰ ਕੋਲ ਜਾ ਕੇ ਕਿਸਾਨ ਦੇ ਆਉਣ ਦਾ ਕਾਰਨ ਦੱਸਣ ਲੱਗਿਆ। ਵਾਪਸ ਆ ਕੇ ਉਸ ਨੇ ਕਿਸਾਨ ਨੂੰ ਕਿਹਾ ਕਿ ਇਨਾਮ ਵਿੱਚੋਂ ਮੈਨੂੰ ਕੀ ਦੇਵੇਂਗਾ?
ਕਿਸਾਨ ਨੇ ਕਿਹਾ,‘‘ਅੱਧ ਤੇਰਾ ਤੇ ਅੱਧ ਮੇਰਾ।’’ ਸੰਤਰੀ ਨੇ ਖ਼ੁਸ਼ੀ-ਖ਼ੁਸ਼ੀ ਉਸ ਨੂੰ ਅੱਗੇ ਭੇਜ ਦਿੱਤਾ। ਅੱਗੇ ਕਿਸਾਨ ਮੁਲਾਕਾਤੀ ਅਫ਼ਸਰ ਕੋਲ ਗਿਆ। ਅਫ਼ਸਰ ਨੇ ਕਿਹਾ,‘‘ਮੁਲਾਕਾਤ ਤਾਂ ਰਾਜੇ ਨਾਲ ਮੈਂ ਕਰਾਉਣੀ ਹੈ ਤੇ ਮੈਨੂੰ ਕੀ ਦੇਵੇਂਗਾ?’’
ਕਿਸਾਨ ਨੇ ਜੁਆਬ ਦਿੱਤਾ,‘‘ਤੁਹਾਨੂੰ ਜੀ ਚੌਥਾ ਹਿੱਸਾ ਦੇਵਾਂਗਾ।’’ ਕਿਸਾਨ ਦੇ ਦਰਬਾਰ ਪਹੁੰਚਣ ਤੋਂ ਪਹਿਲਾਂ ਹੀ ਮੁਲਾਕਾਤੀ ਅਫ਼ਸਰ ਨੇ ਖ਼ਜ਼ਾਨਚੀ ਦੇ ਕੰਨ ਵਿੱਚ ਸਾਰੀ ਗੱਲ ਪਾ ਦਿੱਤੀ। ਖ਼ਜ਼ਾਨਚੀ ਭੱਜ ਕੇ ਕਿਸਾਨ ਨੂੰ ਕਹਿਣ ਲੱਗਾ, ‘‘ਰੁਕ ਜਾਹ ਭਾਈ! ਚੈੱਕ ਤਾਂ ਮੈਂ ਕੱਟਣਾ ਏ, ਰਾਜੇ ਨੇ ਤਾਂ ਸਿਰਫ਼ ਦਸਤਖ਼ਤ ਕਰਨੇ ਹਨ। ਤੂੰ ਦੱਸ ਮੈਨੂੰ ਕੀ ਦੇਵੇਂਗਾ?’’
ਕਿਸਾਨ ਨੇ ਕਿਹਾ,‘‘ਚੌਥਾ ਹਿੱਸਾ।’’
ਕਿਸਾਨ ਜਦ ਰਾਜੇ ਦੇ ਦਰਬਾਰ ਪਹੁੰਚਿਆ ਤਾਂ ਰਾਜੇ ਨੇ ਖੜੇ ਹੋ ਕੇ ਉਸ ਦਾ ਸੁਆਗਤ ਕੀਤਾ ਅਤੇ ਬੈਠਣ ਲਈ ਕਿਹਾ। ਫਿਰ ਰਾਜੇ ਨੇ ਕਿਸਾਨ ਨੂੰ ਕਿਹਾ,‘‘ਮੰਗ, ਜੋ ਮੰਗਣਾ ਹੈ। ਮੈਂ ਤੇਰੇ ਨਾਲ ਕੀਤਾ ਵਾਅਦਾ ਪੂਰਾ ਕਰਾਂਗਾ।’’ ਕਿਸਾਨ ਨੇ ਸੋਚਿਆ ਕਿ ਮੰਗੀ ਮੰਗ ਵਿੱਚੋਂ ਬਚਣਾ ਤਾਂ ਕੁਝ ਨਹੀਂ। ਇਹ ਸੋਚ ਕੇ ਉਸ ਨੇ ਝੱਟ ਕਿਹਾ,‘‘ਮਹਾਰਾਜ, ਮੇਰੀ ਮੰਗ ਹੈ ਕਿ ਮੇਰੇ ਸਿਰ ਵਿੱਚ ਸੌ ਛਿੱਤਰ ਮਾਰੇ ਜਾਣ।’’
ਰਾਜੇ ਨੇ ਕਿਹਾ,‘‘ਇਹ ਕੋਈ ਮੰਗ ਏ! ਤੂੰ ਕਿਹੜਾ ਕੋਈ ਗ਼ਲਤੀ ਕੀਤੀ ਹੈ ਜੋ ਤੈਨੂੰ ਸਜ਼ਾ ਦਿੱਤੀ ਜਾਵੇ, ਕੁਝ ਹੋਰ ਮੰਗ। ’’ ਕਿਸਾਨ ਨੇ ਕਿਹਾ,‘‘ਬਾਦਸ਼ਾਹ ਸਲਾਮਤ! ਮੇਰੀ ਮੰਗ ਜਾਇਜ਼ ਹੈ। ਤੁਸੀਂ ਮੇਰੀ ਮੰਗ ਪੂਰੀ ਕਰ ਦਿਓ।’’ ਰਾਜੇ ਨੇ ਖ਼ਜ਼ਾਨਚੀ ਨੂੰ ਸੱਦਿਆ ਅਤੇ ਕਿਸਾਨ ਦੀ ਮੰਗ ਲਿਖ ਕੇ ਦਸਤਖ਼ਤ ਕਰਵਾਉਣ ਲਈ ਕਿਹਾ। ਜਦ ਹੀ ਖ਼ਜ਼ਾਨਚੀ ਨੇ ਲਿਖਤ ਕਿਸਾਨ ਦੇ ਹੱਥ ਫੜਾਈ,ਰਾਜੇ ਨੇ ਤੁਰੰਤ ਮੰਗ ਪੂਰੀ ਕਰਨ ਦਾ ਹੁਕਮ ਦੇ ਦਿੱਤਾ।
ਫਿਰ ਕਿਸਾਨ ਨੇ ਰਾਜੇ ਨੂੰ ਕਿਹਾ ਕਿ ਪਹਿਲਾਂ ਸੰਤਰੀ ਨੂੰ ਸੱਦੋ। ਮੈਂ ਆਪਣੀ ਮੰਗ ਦਾ ਅੱਧਾ ਭਾਗ ਉਸ ਨੂੰ ਦੇਣ ਦਾ ਵਾਅਦਾ ਕੀਤਾ ਹੈ। ਸੰਤਰੀ ਸੱਦਿਆ ਗਿਆ ਅਤੇ ਕਿਸਾਨ ਨੇ ਪੰਜਾਹ ਛਿੱਤਰ ਉਸ ਦੇ ਮਰਵਾ ਦਿੱਤੇ। ਬਾਕੀ ਛਿੱਤਰਾਂ ਬਾਰੇ ਕਿਸਾਨ ਨੇ ਕਿਹਾ ਕਿ ਹੁਣ ਤੁਹਾਡੇ ਮੁਲਾਕਾਤੀ ਅਫ਼ਸਰ ਨੂੰ ਸੱਦੋ। ਉਸ ਦੇ ਵੀ ਚੌਥੇ ਹਿੱਸੇ ਦੇ ਪੱਚੀ ਛਿੱਤਰ ਮਰਵਾਏ ਗਏ। ਫਿਰ ਖ਼ਜ਼ਾਨਚੀ ਨੂੰ ਬੁਲਾਇਆ ਗਿਆ ਅਤੇ ਪੱਚੀ ਛਿੱਤਰ ਉਸ ਨੂੰ ਮਰਵਾਏ ਗਏ। ਭਰੀ ਕਚਹਿਰੀ ਵਿੱਚ ਸੌ ਛਿੱਤਰਾਂ ਦਾ ਇਨਾਮ ਵੰਡੇ ਜਾਣ ਤੋਂ ਬਾਅਦ ਜਦੋਂ ਕਿਸਾਨ ਤੁਰਨ ਲੱਗਿਆ ਤਾਂ ਰਾਜੇ ਨੇ ਉਸ ਨੂੰ ਰੋਕ ਲਿਆ ਤੇ ਕਿਹਾ ਕਿ ਤੁਹਾਡੀ ਮੰਗ ਬਿਲਕੁਲ ਜਾਇਜ਼ ਸੀ ਕਿਉਂਕਿ ਕਿਲ੍ਹੇ ਦੇ ਦਰਵਾਜ਼ੇ ਤਕ ਤਾਂ ਤੁਹਾਡੇ ਕੋਲ ਕੁਝ ਵੀ ਨਹੀਂ ਬਚਣਾ ਸੀ। ਇਸ ਤਰ੍ਹਾਂ ਰਾਜੇ ਨੂੰ ਆਪਣੇ ਰਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਪਤਾ ਲੱਗ ਗਿਆ। ਉਸ ਨੇ ਤੁਰੰਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਅਤੇ ਫਿਰ ਕਿਸਾਨ ਨੂੰ ਉਸ ਦੀ ਸਿਆਣਪ ਕਾਰਨ ਬਹੁਤ ਸਾਰਾ ਇਨਾਮ ਦੇ ਕੇ ਘਰ ਤੋਰਿਆ।

(ਬੋਘੜ ਸਿੰਘ ਖੋਖਰ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ