Chalak Khargosh : Arabian Lok Kahani

ਚਲਾਕ ਖ਼ਰਗੋਸ਼ : ਅਰਬੀ ਲੋਕ ਕਹਾਣੀ

ਬਹੁਤ ਪਹਿਲਾਂ ਦੀ ਗੱਲ ਹੈ ਕਿ ਜੰਗਲ ਵਿੱਚ ਇੱਕ ਲੂੰਬੜੀ ਅਤੇ ਇੱਕ ਖ਼ਰਗੋਸ਼ ਰਹਿੰਦੇ ਸਨ। ਉਹ ਦੋਵੇਂ ਗੁਆਂਢੀ ਸਨ। ਲੂੰਬੜੀ ਬੜੀ ਹਿੰਮਤ ਵਾਲੀ ਸੀ। ਉਹਦੇ ਕੋਲ ਥੋੜ੍ਹੀ ਜਿਹੀ ਜ਼ਮੀਨ ਸੀ। ਉਹ ਉਹਦੇ ਵਿੱਚ ਹਲ ਚਲਾਉਂਦੀ। ਜ਼ਮੀਨ ਨੂੰ ਤਿਆਰ ਕਰ ਕੇ ਉਸ ਵਿੱਚ ਫ਼ਸਲ ਬੀਜ ਦਿੰਦੀ ਸੀ। ਇਸ ਵਾਰ ਉਸ ਨੇ ਜ਼ਮੀਨ ਵਿੱਚ ਗੋਭੀ ਦੀ ਫ਼ਸਲ ਲਾ ਦਿੱਤੀ। ਦੇਖਦੇ ਹੀ ਦੇਖਦੇ ਕੁਝ ਹੀ ਦਿਨਾਂ ਵਿੱਚ ਗੋਭੀ ਦੀ ਫ਼ਸਲ ਬਹੁਤ ਸੋਹਣੀ ਹੋ ਗਈ। ਲੂੰਬੜੀ ਦੀ ਸਖ਼ਤ ਮਿਹਨਤ ਰੰਗ ਲਿਆਈ ਸੀ।
ਇੱਕ ਦਿਨ ਦੀ ਗੱਲ ਹੈ ਕਿ ਉਸ ਦਾ ਗੁਆਂਢੀ ਖ਼ਰਗੋਸ਼ ਘੁੰਮਦਾ-ਘੁੰਮਦਾ ਲੂੰਬੜੀ ਦੇ ਖੇਤ ਵੱਲ ਨਿਕਲ ਗਿਆ। ਗੋਭੀ ਦੀ ਖ਼ੂਬ ਹਰੀ-ਭਰੀ ਫ਼ਸਲ ਵੇਖ ਕੇ ਉਸ ਦੇ ਮੂੰਹ ਵਿੱਚ ਪਾਣੀ ਭਰ ਆਇਆ। ਲੂੰਬੜੀ ਉਸ ਵੇਲੇ ਖੇਤ ਵਿੱਚ ਨਹੀਂ ਸੀ। ਖ਼ਰਗੋਸ਼ ਨੇ ਜੀਅ ਭਰ ਕੇ ਗੋਭੀ ਖਾਧੀ ਅਤੇ ਉਹ ਖ਼ੁਸ਼ੀ-ਖ਼ੁਸ਼ੀ ਆਪਣੇ ਘਰ ਪਹੁੰਚ ਗਿਆ। ਕੁਝ ਦੇਰ ਬਾਅਦ ਲੂੰਬੜੀ ਆਪਣੀ ਫ਼ਸਲ ਵੇਖਣ ਖੇਤ ਆਈ। ਫ਼ਸਲ ਦੀ ਖ਼ਰਾਬ ਹਾਲਤ ਵੇਖ ਕੇ ਲੂੰਬੜੀ ਨੂੰ ਬੜਾ ਦੁੱਖ ਲੱਗਾ। ਉਸ ਦੀ ਮਿਹਨਤ ਨਾਲ ਪੈਦਾ ਕੀਤੀ ਫ਼ਸਲ ਨੂੰ ਕੋਈ ਜਾਨਵਰ ਖ਼ਰਾਬ ਕਰ ਗਿਆ ਸੀ। ਪਹਿਲਾਂ ਤਾਂ ਉਸ ਨੂੰ ਪਤਾ ਹੀ ਨਾ ਲੱਗਿਆ ਕਿ ਇਹ ਨੁਕਸਾਨ ਕਿਸ ਜਾਨਵਰ ਨੇ ਕੀਤਾ ਹੈ। ਪਰ ਫਿਰ ਛੇਤੀ ਹੀ ਉਸ ਨੂੰ ਕਿਸੇ ਜਾਨਵਰ ਦੀਆਂ ਪੈੜਾਂ ਦੇ ਨਿਸ਼ਾਨ ਨਜ਼ਰ ਆਏ। ੳੁਹ ਪੈੜਾਂ ਦੇ ਨਾਲ-ਨਾਲ ਤੁਰਦੀ ਗੲੀ। ਲੂੰਬੜੀ ਸਿਆਣੀ ਸੀ। ਉਸ ਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਇਹ ਕੰਮ ਉਹਦੇ ਗੁਆਂਢੀ ਖ਼ਰਗੋਸ਼ ਨੇ ਹੀ ਕੀਤਾ ਹੈ। ਉਸ ਨੂੰ ਆਪਣੇ ਗੁਆਂਢੀ ਤੋਂ ਇਹ ਆਸ ਬਿਲਕੁਲ ਨਹੀਂ ਸੀ। ਇਸ ਲੲੀ ਉਹ ਖ਼ਰਗੋਸ਼ ਨੂੰ ਸਬਕ ਸਿਖਾਉਣ ਲਈ ਕੋਈ ਤਰਕੀਬ ਲੱਭਣ ਲੱਗੀ। ਛੇਤੀ ਹੀ ਉਹਦੇ ਦਿਮਾਗ਼ ਵਿੱਚ ਇੱਕ ਤਰਕੀਬ ਆਈ। ਉਹ ਕਾਹਲੀ ਨਾਲ ਘਰ ਆਈ ਅਤੇ ਘਰ ਆ ਕੇ ਉਹਨੇ ਲੁੱਕ ਤੋਂ ਇੱਕ ਛੋਟਾ ਜਿਹਾ ਖ਼ਰਗੋਸ਼ ਦਾ ਬੱਚਾ ਤਿਆਰ ਕਰ ਲਿਆ। ਫਿਰ ਉਸ ਨੇ ਬੱਚਾ ਚੁੱਕ ਕੇ ਆਪਣੇ ਖੇਤ ਵਿੱਚ ਟਿਕਾ ਦਿੱਤਾ। ਇਸ ਮਗਰੋਂ ਉਹ ਖ਼ੁਦ ਖੇਤ ਦੇ ਇੱਕ ਕੋਨੇ ਵਿੱਚ ਲੁਕ ਕੇ ਬੈਠ ਗਈ। ਕੁਝ ਹੀ ਦੇਰ ਮਗਰੋਂ ਖ਼ਰਗੋਸ਼ ਫਿਰ ਭੁੱਖ ਮਿਟਾਉਣ ਲਈ ਲੂੰਬੜੀ ਦੇ ਖੇਤ ਪਹੁੰਚ ਗਿਆ। ਉਸ ਨੇ ਅਜੇ ਗੋਭੀ ਦੇ ਇੱਕ-ਦੋ ਛੋਟੇ-ਛੋਟੇ ਫੁੱਲ ਖਾਧੇ ਸਨ ਕਿ ਉਹਦੀ ਨਜ਼ਰ ਇੱਕ ਛੋਟੇ ਜਿਹੇ ਬੱਚੇ 'ਤੇ ਪਈ। ਉਸ ਨੇ ਉਸ ਬੱਚੇ ਨੂੰ ਸਲਾਮ ਕੀਤੀ। ਬੱਚਾ ਬੇਜਾਨ ਸੀ। ਇਸ ਲਈ ਉਸ ਨੇ ਖ਼ਰਗੋਸ਼ ਦੀ ਗੱਲ ਦਾ ਕੋਈ ਉਤਰ ਨਾ ਦਿੱਤਾ।
ਖ਼ਰਗੋਸ਼ ਨੇ ਬੱਚੇ ਨੂੰ ਕਈ ਵਾਰ ਬੁਲਾਇਆ, ਪਰ ਬੱਚੇ ਵੱਲੋਂ ਕੋਈ ਹੁੰਗਾਰਾ ਨਾ ਮਿਲਿਆ। ਇਸ ਕਰਕੇ ਖ਼ਰਗੋਸ਼ ਨੂੰ ਬਹੁਤ ਗੁੱਸਾ ਆ ਗਿਆ। ਉਹਨੇ ਬੱਚੇ ਦੇ ਢਿੱਡ ਵਿੱਚ ਜ਼ੋਰ ਨਾਲ ਮੁੱਕਾ ਮਾਰਿਆ। ਪਰ ਇਹ ਕੀ? ਮੁੱਕਾ ਮਾਰਦੇ ਹੀ ਖ਼ਰਗੋਸ਼ ਦਾ ਹੱਥ ਬੱਚੇ ਨਾਲ ਚਿਪਕ ਗਿਆ। ਖ਼ਰਗੋਸ਼ ਨੇ ਆਪਣਾ ਹੱਥ ਛੁਡਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਾ ਹੋਇਆ। ਖ਼ਰਗੋਸ਼ ਫਿਰ ਗੁੱਸੇ ਵਿੱਚ ਆ ਗਿਆ ਤੇ ਉਸ ਨੇ ਦੂਜਾ ਮੁੱਕਾ ਉਹਦੇ ਮਾਰਿਆ। ਉਹ ਵੀ ਉਹਦੇ ਨਾਲ ਚਿਪਕ ਗਿਆ। ਇਸ ਤਰ੍ਹਾਂ ਕਰਦੇ ਕਰਾਉਂਦੇ ਖ਼ਰਗੋਸ਼ ਪੂਰਾ ਹੀ ਉਹਦੇ ਨਾਲ ਚਿਪਕ ਗਿਆ। ਖ਼ਰਗੋਸ਼ ਜਦੋਂ ਲੁੱਕ ਨਾਲ ਚਿੰਬੜ ਗਿਆ ਤਾਂ ਉਹ ਜ਼ੋਰ-ਜ਼ੋਰ ਦੀ ਰੋਣ ਲੱਗਿਆ। ਇਸ ਮਗਰੋਂ ਅਚਾਨਕ ਲੂੰਬੜੀ ਖ਼ਰਗੋਸ਼ ਦੇ ਸਾਹਮਣੇ ਆ ਗਈ ਤੇ ਬੋਲੀ, ''ਆਉ! ਮੇਰੇ ਪਿਆਰੇ ਮਹਿਮਾਨ।''
ਲੂੰਬੜੀ ਨੂੰ ਅਚਾਨਕ ਸਿਰ 'ਤੇ ਖੜ੍ਹੀ ਵੇਖ ਕੇ ਖ਼ਰਗੋਸ਼ ਘਬਰਾ ਗਿਆ। ਉਹ ਵਾਰ-ਵਾਰ ਲੂੰਬੜੀ ਤੋਂ ਮੁਆਫ਼ੀ ਮੰਗ ਰਿਹਾ ਸੀ। ਲੂੰਬੜੀ ਨੂੰ ਆਪਣੀ ਫ਼ਸਲ ਦੇ ਨੁਕਸਾਨ ਦਾ ਬੜਾ ਦੁੱਖ ਸੀ। ਇਸ ਲਈ ਉਹ ਉਸ ਨੂੰ ਮਾਰਨ 'ਤੇ ਤੁਲੀ ਹੋਈ ਸੀ। ਜਦੋਂ ਖ਼ਰਗੋਸ਼ ਨੇ ਵੇਖਿਆ ਕਿ ਲੂੰਬੜੀ ਮੰਨੇਗੀ ਨਹੀਂ ਤਾਂ ਉਹਨੇ ਇੱਕ ਤਰਕੀਬ ਸੋਚੀ ਤੇ ਕਹਿਣ ਲੱਗਾ, ''ਅੱਛਾ ਮੇਰੀ ਪਿਆਰੀ ਲੂੰਬੜੀ, ਜ਼ਰਾ ਇਹ ਤਾਂ ਦੱਸ ਹੁਣ ਮੇਰੇ ਨਾਲ ਕਿਹੋ ਜਿਹਾ ਵਰਤਾਓ ਕਰੇਂਗੀ?''
''ਮੈਂ ਤੈਨੂੰ ਅੱਗ ਵਿੱਚ ਭੁੰਨ ਕੇ ਖਾ ਜਾਵਾਂਗੀ।'' ਲੂੰਬੜੀ ਨੇ ਉੱਤਰ ਦਿੱਤਾ। ਲੂੰਬੜੀ ਦਾ ਉੱਤਰ ਸੁਣ ਕੇ ਖ਼ਰਗੋਸ਼ ਬਹੁਤ ਡਰ ਗਿਆ, ਪਰ ਉਸ ਨੇ ਹੌਸਲਾ ਨਾ ਛੱਡਿਆ।
ਉਹ ਜ਼ੋਰ-ਜ਼ੋਰ ਨਾਲ ਹੱਸਣ ਲੱਗਿਆ ਅਤੇ ਬੋਲਿਆ, ''ਮੈਂ ਅੱਗ ਤੋਂ ਬਿਲਕੁਲ ਨਹੀਂ ਡਰਦਾ। ਤੂੰ ਛੇਤੀ ਨਾਲ ਲੱਕੜਾਂ ਇਕੱਠੀਆਂ ਕਰ ਤੇ ਮੈਨੂੰ ਭੁੰਨ ਕੇ ਖਾ ਜਾ। ਪਰ ਮੇਰੀ ਇੱਕ ਬੇਨਤੀ ਹੈ ਕਿ ਮੈਨੂੰ ਕੰਡਿਆਂ ਤੋਂ ਬਹੁਤ ਡਰ ਲੱਗਦਾ ਹੈ, ਮੈਨੂੰ ਕੰਡਿਆਂ ਵਿੱਚ ਬਿਲਕੁਲ ਨਾ ਸੁੱਟੀਂ।''
ਇਹ ਸੁਣ ਕੇ ਲੂੰਬੜੀ ਬੜੀ ਖ਼ੁਸ਼ ਹੋਈ ਤੇ ਕਹਿਣ ਲੱਗੀ, ''ਅੱਛਾ। ਇਹ ਗੱਲ ਹੈ! ਮੈਂ ਤੈਨੂੰ ਅੱਗ ਵਿੱਚ ਬਿਲਕੁਲ ਨਹੀਂ ਜਲਾਵਾਂਗੀ। ਹੁਣ ਤਾਂ ਮੈਂ ਤੈਨੂੰ ਕੰਡਿਆਂ ਵਿੱਚ ਹੀ ਸੁੱਟਾਂਗੀ, ਜਿਸ ਤੋਂ ਤੂੰ ਡਰਦਾ ਹੈਂ। ਹਾ, ਹਾ।'' ਲੂੰਬੜੀ ਨੇ ਖ਼ਰਗੋਸ਼ ਨੂੰ ਲੁੱਕ ਤੋਂ ਅਲੱਗ ਕੀਤਾ ਤੇ ਉਸ ਨੂੰ ਕੰਡਿਆਲੀਆਂ ਝਾੜੀਆਂ ਵਿੱਚ ਲਿਜਾ ਸੁੱਟਿਆ।
ਖ਼ਰਗੋਸ਼ ਉੱਚੀ-ਉੱਚੀ ਬਨਾਉਟੀ ਰੋਣਾ ਰੋਣ ਲੱਗਿਆ। ਉਹ ਕਹਿਣ ਲੱਗਾ, ''ਨਹੀਂ! ਤੁਸੀਂ ਮੈਨੂੰ ਕੰਡਿਆਂ ਵਿੱਚੋਂ ਜਲਦੀ ਕੱਢ ਕੇ ਅੱਗ ਵਿੱਚ ਸੁੱਟ ਦਿਓ। ਕ੍ਰਿਪਾ ਕਰਕੇ ਮੇਰੀ ਬੇਨਤੀ ਮੰਨ ਲਵੋ।'' ਜਦੋਂ ਲੂੰਬੜੀ ਜ਼ਰਾ ਕੁ ਦੂਰ ਹੋਈ ਤਾਂ ਖ਼ਰਗੋਸ਼ ਇਕਦਮ ਛਾਲ ਮਾਰ ਕੇ ਭੱਜ ਖੜ੍ਹਾ ਹੋਇਆ। ਉਹ ਦੂਰ ਜਾ ਕੇ ਉੱਚੀ-ਉੱਚੀ ਚੀਕਿਆ ਤੇ ਕਹਿਣ ਲੱਗਾ, ''ਸ਼ੁਕਰੀਆ, ਬੜਾ ਹੀ ਸ਼ੁਕਰੀਆ ਲੂੰਬੜੀਏ ਤੇਰਾ, ਤੂੰ ਮੈਨੂੰ ਮਰਨ ਤੋਂ ਬਚਾ ਲਿਆ। ਮੈਂ ਕੰਡਿਆਂ ਤੋਂ ਬਿਲਕੁਲ ਨਹੀਂ ਡਰਦਾ। ਮੈਂ ਤਾਂ ਸਗੋਂ ਪੈਦਾ ਹੀ ਕੰਡਿਆਂ ਵਿੱਚ ਹੀ ਹੋਇਆ ਸੀ ਤੇ ਜ਼ਿੰਦਗੀ ਭਰ ਕੰਡਿਆਂ ਵਿੱਚ ਹੀ ਰਹਿੰਦਾ ਹਾਂ।''
ਇਹ ਕਹਿ ਕੇ ਖ਼ਰਗੋਸ਼ ਲੂੰਬੜੀ ਦੀਆਂ ਅੱਖਾਂ ਤੋਂ ਓਹਲੇ ਹੋ ਗਿਆ।

-(ਭੁਪਿੰਦਰ ਸਿੰਘ ਆਸ਼ਟ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ