Nalka Geria Kanwan (Punjabi Story) : Manmohan Singh Daun

ਨਲਕਾ ਗੇੜਿਆ ਕਾਵਾਂ (ਕਹਾਣੀ) : ਮਨਮੋਹਨ ਸਿੰਘ ਦਾਊਂ

ਗਰਮੀ ਦੀ ਰੁੱਤ ਸੀ। ਕਹਿਰਾਂ ਦੀ ਗਰਮੀ ਪੈ ਰਹੀ ਸੀ। ਮੀਂਹ ਪੈਣ ‘ਚ ਨਹੀਂ ਸੀ ਆ ਰਿਹਾ। ਬੱਦਲ ਹੁੰਦੇ ਪਰ ਮੀਂਹ ਦੀ ਬੂੰਦ ਨਾ ਵਰ੍ਹਦੀ। ਕਿੰਨੇ ਮਹੀਨੇ ਇੰਜ ਹੀ ਲੰਘ ਗਏ। ਔੜ ਲੱਗ ਗਈ। ਰੁੱਖ, ਬੂਟੇ ਤੇ ਫ਼ਸਲਾਂ ਸੁੱਕਣ ਲੱਗੀਆਂ। ਟੋਭੇ, ਛੱਪੜ ਤੇ ਨਾਲੇ ਸੁੱਕ ਗਏ। ਸੋਕਾ ਪੈ ਗਿਆ। ਘਾਹ ਵੀ ਸੁੱਕ ਗਿਆ। ਡੱਡੂ, ਮੱਛੀਆਂ ਤੇ ਕੱਛੂ ਤਾਂ ਦੂਰ ਦਰਿਆ ਵੱਲ ਨੂੰ ਭੱਜ ਗਏ। ਹਿਰਨਾਂ ਦੀਆਂ ਡਾਰਾਂ ਜੰਗਲਾਂ ਨੂੰ ਹੋ ਤੁਰੀਆਂ। ਚਿੜੀਆਂ ਲੋਕਾਂ ਦੇ ਘਰਾਂ ਦੇ ਬਾਹਰ ਰੱਖੇ ਠੂਠਿਆਂ ਅਤੇ ਮਿੱਟੀ ਦੇ ਕਟੋਰਿਆਂ ਦੀ ਭਾਲ ‘ਚ ਉੱਡ-ਉੱਡ ਥੱਕ ਗਈਆਂ। ਇੱਲਾਂ ਦੂਰ ਸਰੋਵਰਾਂ ਦੀ ਭਾਲ ਕਰਨ ਲੱਗੀਆਂ। ਘੁੱਗੀਆਂ, ਗੁਟਾਰਾਂ ਤੇ ਬਗਲੇ ਦਿਸਣ ਤੋਂ ਹਟ ਗਏ। ਧਰਤੀ ‘ਤੇ ਕਾਲ ਪੈ ਗਿਆ ਸੀ। ਪਾਣੀ ਦੀ ਤਿੱਪ ਲਈ ਹਰ ਕੋਈ ਤਰਸਣ ਲੱਗਿਆ।
ਕਾਵਾਂ ਦਾ ਇੱਕ ਝੁੰਡ ਵੀ ਇੱਧਰ-ਉਧਰ ਪਾਣੀ ਦੀ ਭਾਲ ਕਰ ਕਰ ਥੱਕ ਗਿਆ। ਗਰਮੀ ‘ਚ ਪਿਆਸ ਨਾਲ ਉਨ੍ਹਾਂ ਦੀ ਜਾਨ ਨਿਕਲ ਰਹੀ ਸੀ। ਕਾਂ-ਕਾਂ ਦੀ ਆਵਾਜ਼ ਵੀ ਨਿਕਲਣੋਂ ਹਟ ਗਈ। ਕਰਨ ਤੇ ਕੀ ਕਰਨ। ਉਨ੍ਹਾਂ ‘ਚ ਇੱਕ ਬੁੱਢਾ ਕਾਂ ਬੜਾ ਸਿਆਣਾ ਸੀ।
"ਹੌਸਲਾ ਰੱਖੋ, ਦਿਲ ਨਾ ਛੱਡੋ। ਦਮ ਰੱਖੋ, ਕਿਤੇ ਨਾ ਕਿਤੇ ਪਾਣੀ ਮਿਲ ਜਾਊਗਾ", ਬੁੱਢੇ ਕਾਂ ਨੇ ਕਿਹਾ।
ਆਖਰ ਉਨ੍ਹਾਂ ਕਾਵਾਂ ਦਾ ਝੁੰਡ ਇੱਕ ਰੁੱਖ ‘ਤੇ ਆ ਬੈਠਾ। ਰੁੱਖ ਰਸਤੇ ਦੇ ਇੱਕ ਪਾਸੇ ਸੀ। ਨੇੜੇ ਹੀ ਪਾਣੀ ਦਾ ਇੱਕ ਨਲਕਾ ਲੱਗਿਆ ਹੋਇਆ ਸੀ। ਰਾਹੀ ਇਸ ਰੁੱਖ ਥੱਲੇ ਆਰਾਮ ਕਰਦੇ ਅਤੇ ਨਲਕਾ ਗੇੜ ਕੇ ਪਾਣੀ ਪੀ ਕੇ ਪਿਆਸ ਬੁਝਾ ਲੈਂਦੇ। ਇਹ ਚੁਰਸਤੇ ਵਾਲੀ ਥਾਂ ਸੀ।
ਅਸਲ ਵਿੱਚ ਇਹ ਨਲਕਾ ਇੱਕ ਦਾਨੀ ਬਜ਼ੁਰਗ ਨੇ ਕਈ ਸਾਲ ਪਹਿਲਾਂ ਲੋੜਵੰਦ ਰਾਹੀਆਂ ਲਈਆਂ ਲਗਵਾਇਆ ਸੀ। ਬੱਚਿਆਂ ਨੂੰ ਸਕੂਲੋਂ ਛੁੱਟੀ ਹੋਣ ਦਾ ਵੇਲਾ ਹੋ ਗਿਆ ਸੀ। ਬੁੱਢੇ ਕਾਂ ਨੇ ਕੁਝ ਬੱਚੇ ਨਲਕੇ ਤੋਂ ਪਾਣੀ ਪੀਂਦੇ ਤੱਕੇ। ਇੱਕ ਬੱਚਾ ਨਲਕੇ ਦੀ ਹੱਥੀ ਗੇੜਦਾ ਤੇ ਦੂਜੇ ਸਾਥੀ ਵਾਰੀ-ਵਾਰੀ ਪਾਣੀ ਪੀਈ ਜਾਂਦੇ। ਇਹ ਬੱਚੇ ਪ੍ਰਾਇਮਰੀ ਸਕੂਲ ਤੋਂ ਪੜ੍ਹ ਕੇ ਆਏ ਸਨ। ਕਲੋਲਾਂ ਕਰ ਰਹੇ ਸਨ। ਖ਼ੂਬ ਮੌਜ-ਮਸਤੀ ਮਨਾ ਰਹੇ ਸਨ।
ਬੁੱਢੇ ਕਾਂ ਨੂੰ ਵੀ ਆਪਣਾ ਬਚਪਨ ਚੇਤੇ ਆਇਆ। ਇੱਕ ਬੱਚਾ ਕਹਿਣ ਲੱਗਿਆ, "ਸ਼ਿਕਾਰੀ ਤੇ ਜਾਲ ਵਾਲੀ ਕਹਾਣੀ ਮੈਨੂੰ ਬੜੀ ਚੰਗੀ ਲੱਗਦੀ ਐ। ਕਬੂਤਰਾਂ ਨੇ ਆਪਣੀ ਜਾਨ ਬਚਾਉਣ ਲਈ ਇਕੱਠਿਆਂ ਜ਼ੋਰ ਮਾਰ ਕੇ, ਸ਼ਿਕਾਰੀ ਦਾ ਜਾਲ ਉਖਾੜ ਦਿੱਤਾ ਤੇ ਜਾਲ ਹੀ ਲੈ ਉੱਡੇ। ਸ਼ਿਕਾਰੀ ਦੇਖਦਾ ਹੀ ਰਹਿ ਗਿਆ। ਸਹੀ ਗੱਲ ਹੈ ‘ਏਕੇ ਵਿੱਚ ਬਰਕਤ’ ਹੁੰਦੀ ਹੈ।" ਬੁੱਢਾ ਕਾਂ ਇਹ ਸਭ ਕੁਝ ਸੁਣਦਾ ਰਿਹਾ।
ਬੱਚੇ ਪਾਣੀ ਪੀ ਉੱਥੋਂ ਤੁਰਦੇ ਹੋਏ। ਰੁੱਖ ਦੇ ਪੱਤੇ ਰੁਮਕੇ। ਰੁੱਖ ‘ਤੇ ਬੈਠਾ ਬੁੱਢਾ ਕਾਂ ਬੱਚਿਆਂ ਨੂੰ ਪਾਣੀ ਪੀਂਦੇ ਤੱਕਦਾ ਰਿਹਾ ਸੀ। ਉਸ ਦਾ ਰੁੱਖ ਤੋਂ ਥੱਲੇ ਬੱਚਿਆਂ ਕੋਲ ਆਉਣ ਨੂੰ ਜੀਅ ਵੀ ਕੀਤਾ।
ਬੁੱਢੇ ਕਾਂ ਨੂੰ ਇੱਕ ਵਿਉਂਤ ਸੁੱਝੀ। ਉਸ ਨੇ ਦੂਜੇ ਕਾਵਾਂ ਨੂੰ ਕਿਹਾ, "ਅਸੀਂ ਵੀ ਨਲਕੇ ਤੋਂ ਪਾਣੀ ਪੀ ਸਕਦੇ ਹਾਂ। ਮੇਰੀ ਮੰਨੋ। ਪੰਜ ਜਣੇ ਨਲਕੇ ਦੀ ਹੱਥੀ ‘ਤੇ ਬੈਠ ਕੇ ਜ਼ੋਰ ਨਾਲ ਨਲਕਾ ਗੇੜੋ। ਸਾਂਝੀ ਤਾਕਤ ਨਾਲ। ਔਹ, ਜੋ ਪਲਾਸਟਿਕ ਦਾ ਗਲਾਸ ਪਿਆ ਕੋਈ ਰਾਹੀ ਸੁੱਟ ਗਿਆ, ਮੈਂ ਉਸ ਨੂੰ ਨਲਕੇ ਥੱਲੇ ਰੱਖਦਾਂ। ਪਾਣੀ ਦੀ ਕੋਈ ਬੂੰਦ ਬਾਹਰ ਨਾ ਡੁੱਲ੍ਹੇ। ਇੱਕ ਜਣਾ ਗਲਾਸ ‘ਚੋਂ ਆਪਣੀ ਚੁੰਝ ਡੁਬੋ-ਡੁਬੋ ਪਾਣੀ ਪੀ ਲਵੇ। ਫਿਰ ਦੂਜਾ, ਤੀਜਾ, ਚੌਥਾ, ਪੰਜਵਾਂ ਤੇ ਛੇਵਾਂ ਵਾਰੀ-ਵਾਰੀ। ਹੁਣ ਕਰੋ ਹਿੰਮਤ, ਮਾਰੋ ਹੰਭਲਾ। ਮੈਂ ਸਭ ਤੋਂ ਬਾਅਦ ਪਾਣੀ ਪੀਵਾਂਗਾ।" ਬੁੱਢੇ ਕਾਂ ਨੇ ਹੁਕਮ ਸੁਣਾ ਦਿੱਤਾ।
ਬੁੱਢੇ ਕਾਂ ਦੀ ਸਿਆਣਪ ਤੋਂ ਕਾਂ ਬਹੁਤ ਖ਼ੁਸ਼ ਹੋਏ। ਝੱਟ ਰੁੱਖ ਤੋਂ ਉੱਡ ਕੇ ਨਲਕੇ ਦੀ ਹੱਥੀ ਗੇੜਨ ਲੱਗੇ ਤੇ ਵਾਰੀ-ਵਾਰੀ ਪਾਣੀ ਪੀਣ ਲੱਗੇ। ਪਾਣੀ ਪੀ ਕੇ ਉਨ੍ਹਾਂ ਦੀ ਜਾਨ ‘ਚ ਜਾਨ ਆ ਗਈ। ਬੁੱਢੇ ਕਾਂ ਨੇ ਸਭ ਤੋਂ ਬਾਅਦ ਪਾਣੀ ਪੀਤਾ। ਪਾਣੀ ਪੀ ਕੇ, ਕਾਂ ਉੱਥੋਂ ਉੱਡ ਗਏ।

  • ਮੁੱਖ ਪੰਨਾ : ਪੰਜਾਬੀ ਕਹਾਣੀਆਂ ਤੇ ਲੇਖ : ਮਨਮੋਹਨ ਸਿੰਘ ਦਾਊਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਨਾਵਲ, ਨਾਟਕ ਤੇ ਲੇਖ