Morozco : Russian Lok Kahani

ਮੋਰੋਜ਼ਕੋ : ਰੂਸੀ ਲੋਕ ਕਹਾਣੀ

ਇੱਕ ਵਾਰ ਦੀ ਗੱਲ ਹੈ ਕਿ ਇੱਕ ਆਦਮੀ ਤੇ ਉਸ ਦੀ ਧੀ ਬੜੇ ਪਿਆਰ ਨਾਲ ਰਹਿੰਦੇ ਸਨ। ਕੁਝ ਸਮੇਂ ਬਾਅਦ ਆਦਮੀ ਨੇ ਆਪਣੀ ਧੀ ਨੂੰ ਮਾਂ ਦਾ ਪਿਆਰ ਦੇਣ ਲਈ ਇੱਕ ਅਜਿਹੀ ਔਰਤ ਨਾਲ ਦੁਬਾਰਾ ਵਿਆਹ ਕਰਵਾ ਲਿਆ ਜਿਸ ਦੀ ਆਪਣੀ ਪਹਿਲੇ ਵਿਆਹ ਤੋਂ ਇੱਕ ਧੀ ਸੀ। ਉਹ ਔਰਤ ਆਪਣੀ ਧੀ ਨੂੰ ਬਹੁਤ ਪਿਆਰ ਕਰਦੀ ਤੇ ਉਸ ਦੀਆਂ ਤਾਰੀਫ਼ਾਂ ਕਰਦੀ ਨਾ ਥੱਕਦੀ ਪਰ ਮਤਰੇਈ ਧੀ ਨੂੰ ਉਹ ਨਫ਼ਰਤ ਕਰਦੀ। ਉਹ ਸਾਰਾ ਦਿਨ ਉਸ ਨੂੰ ਕੋਈ ਨਾ ਕੋਈ ਕੰਮ ਲਾਈ ਰੱਖਦੀ ਅਤੇ ਉਸ ਦੇ ਹਰ ਕੰਮ ਵਿੱਚ ਨੁਕਸ ਕੱਢਦੀ।
ਇੱਕ ਦਿਨ ਉਸ ਔਰਤ ਨੇ ਆਪਣੀ ਮਤਰੇਈ ਧੀ ਤੋਂ ਹਮੇਸ਼ਾਂ ਲਈ ਛੁਟਕਾਰਾ ਪਾਉਣ ਦਾ ਮਨ ਬਣਾ ਲਿਆ। ਉਸ ਨੇ ਆਪਣੇ ਪਤੀ ਨੂੰ ਹੁਕਮ ਸੁਣਾ ਦਿੱਤਾ, ‘‘ਇਸ ਨੂੰ ਕਿਤੇ ਲੈ ਜਾ… ਜਿੱਥੇ ਇਹ ਮੈਨੂੰ ਨਾ ਦਿਸੇ ਤੇ ਨਾ ਹੀ ਇਸ ਦੀ ਕੋਈ ਆਵਾਜ਼ ਸੁਣੇ। ਇਹਨੂੰ ਕਿਸੇ ਰਿਸ਼ਤੇਦਾਰ ਦੇ ਘਰ ਨ੍ਹੀਂ ਛੱਡ ਕੇ ਆਉਣਾ। ਇੰਜ ਕਰ ਇਸ ਨੂੰ ਜੰਗਲ ਵਿੱਚ ਛੱਡ ਆ।”
ਆਦਮੀ ਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਤੇ ਉਹ ਰੋਣ ਲੱਗ ਪਿਆ। ਉਹ ਜਾਣਦਾ ਸੀ ਕਿ ਜੰਗਲ ਵਿੱਚ ਹੱਡ ਚੀਰਵੀਂ ਠੰਢ ਆ ਤੇ ਬਰਫ਼ ਪੈ ਰਹੀ ਹੈ ਪਰ ਉਹ ਇਹ ਵੀ ਜਾਣਦਾ ਸੀ ਕਿ ਇੱਥੇ ਮੇਰੀ ਪਤਨੀ ਦੀ ਹੀ ਚੱਲਣੀ ਹੈ ਤੇ ਮੇਰੇ ਹੱਥ ਵੱਸ ਕੁਝ ਨਹੀਂ। ਉਸ ਨੇ ਆਪਣੀ ਧੀ ਨੂੰ ਜੰਗਲ ਵਿੱਚ ਲਿਜਾ ਕੇ ਛੱਡ ਦਿੱਤਾ ਅਤੇ ਆਪ ਤੇਜ਼ੀ ਨਾਲ ਮੁੜ ਪਿਆ ਤਾਂ ਜੋ ਉਹ ਉਸ ਨੂੰ ਜੰਮਦੀ ਨੂੰ ਨਾ ਦੇਖ ਸਕੇ।
ਬਰਫ਼ ਪੈਣ ਕਾਰਨ ਜੰਗਲ ’ਚ ਬੈਠੀ ਲੜਕੀ ਨੂੰ ਕਾਂਬਾ ਛਿੜਿਆ ਹੋਇਆ ਸੀ ਅਤੇ ਉਸ ਦੇ ਦੰਦ ਵੱਜ ਰਹੇ ਸਨ। ਕੱਕਰ ਪਿਤਾ ਮੋਰੋਜ਼ਕੋ ਦਰੱਖਤਾਂ ਉੱਪਰ ਦੀ ਛਾਲਾਂ ਮਾਰਦਾ ਹੋਇਆ ਉਸ ਕੋਲ ਆਇਆ ਤੇ ਉਸ ਨੂੰ ਪੁੱਛਣ ਲੱਗਿਆ, ‘‘ਪਿਆਰੀ ਬੱਚੀ, ਤੈਨੂੰ ਠੰਢ ਤਾਂ ਨ੍ਹੀਂ ਲੱਗਦੀ?”
‘‘ਸਤਿਕਾਰਯੋਗ ਮੋਰੋਜ਼ਕੋ, ਮੈਂ ਬਿਲਕੁਲ ਠੀਕ ਆਂ।” ਭਾਵੇਂ ਉਹ ਠੰਢ ਨਾਲ ਜਕੜੀ ਪਈ ਸੀ ਪਰ ਉਸ ਨੇ ਫਿਰ ਵੀ ਇਹ ਕਿਹਾ।
ਮੋਰੋਜ਼ਕੋ ਨੂੰ ਉਸ ਦੇ ਸਬਰ ਤੇ ਹਲੀਮੀ ਕਰ ਕੇ ਉਸ ’ਤੇ ਤਰਸ ਆ ਗਿਆ ਅਤੇ ਉਸ ਨੇ ਉਸ ਨੂੰ ਫਰ ਵਾਲਾ ਕੋਟ ਅਤੇ ਨਰਮ ਰਜ਼ਾਈਆਂ ਦਿੱਤੀਆਂ। ਫਿਰ ਉਹ ਅੱਗੇ ਚਲਾ ਗਿਆ ਪਰ ਥੋੜ੍ਹੀ ਦੇਰ ਮਗਰੋਂ ਉਹ ਫਿਰ ਉੱਥੇ ਆ ਗਿਆ ਅਤੇ ਉਸ ਨੂੰ ਕਹਿਣ ਲੱਗਿਆ, ‘‘ਪਿਆਰੀ ਬੱਚੀ, ਹੁਣ ਤੈਨੂੰ ਨਿੱਘ ਆ ਗਿਐ।”
‘‘ਸਤਿਕਾਰਯੋਗ ਮੋਰੋਜ਼ਕੋ, ਹੁਣ ਮੈਨੂੰ ਪੂਰਾ ਨਿੱਘ ਆ ਗਿਐ।” ਲੜਕੀ ਨੇ ਆਖਿਆ।
ਮੋਰੋਜ਼ਕੋ ਉਸ ਦੇ ਬੈਠਣ ਲਈ ਵੱਡਾ ਬਕਸਾ ਲੈ ਆਇਆ। ਕੁਝ ਦੇਰ ਬਾਅਦ ਉਸ ਨੇ ਫਿਰ ਉਸ ਨੂੰ ਆ ਕੇ ਪੁੱਛਿਆ ਕਿ ਕਿ ਉਹ ਕਿਵੇਂ ਮਹਿਸੂਸ ਕਰ ਰਹੀ ਹੈ? ਹੁਣ ਉਹ ਬਿਲਕੁਲ ਠੀਕ ਸੀ। ਮੋਰੋਜ਼ਕੋ ਨੇ ਉਸ ਨੂੰ ਪਹਿਨਣ ਲਈ ਸੋਨੇ, ਚਾਂਦੀ ਦੇ ਗਹਿਣੇ ਦਿੱਤੇ ਅਤੇ ਉਸ ਦਾ ਬਕਸਾ ਵੀ ਹੀਰਿਆਂ, ਜਵਾਹਰਾਤਾਂ ਨਾਲ ਭਰ ਦਿੱਤਾ।
ਇਸ ਦੌਰਾਨ ਲੜਕੀ ਦੀ ਮਤਰੇਈ ਮਾਂ ਨੇ ਆਪਣੇ ਪਤੀ ਨੂੰ ਆਖਿਆ ਕਿ ਉਹ ਜੰਗਲ ਵਿੱਚੋਂ ਆਪਣੀ ਧੀ ਦੀ ਲਾਸ਼ ਲੈ ਆਵੇ। ਜਦੋਂ ਆਦਮੀ ਉਸ ਥਾਂ ’ਤੇ ਪਹੁੰਚਿਆ ਜਿੱਥੇ ਉਸ ਨੂੰ ਛੱਡ ਕੇ ਗਿਆ ਸੀ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਸ ਦੀ ਧੀ ਫਰ ਵਾਲੇ ਕੋਟ ਵਿੱਚ ਲਿਪਟੀ ਸੋਨੇ ਤੇ ਚਾਂਦੀ ਦੇ ਗਹਿਣਿਆਂ ਨਾਲ ਸਜੀ ਬੈਠੀ ਸੀ। ਜਦੋਂ ਉਹ ਆਪਣੀ ਧੀ ਅਤੇ ਹੀਰਿਆਂ, ਜਵਾਹਰਾਤਾਂ ਨਾਲ ਭਰੇ ਬਕਸੇ ਨਾਲ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਹੈਰਾਨ ਹੋ ਗਈ ਤੇ ਉਸ ਦੇ ਮਨ ’ਚ ਲਾਲਚ ਆ ਗਿਆ। ਉਸ ਨੇ ਆਦਮੀ ਨੂੰ ਕਿਹਾ ਕਿ ਘੋੜਾ ਗੱਡੀ ਲੈ ਜਾ ਅਤੇ ਮੇਰੀ ਧੀ ਨੂੰ ਵੀ ਜੰਗਲ ਵਿੱਚ ਉਸੇ ਥਾਂ ’ਤੇ ਛੱਡ ਆ।
ਆਦਮੀ ਨੇ ਉਵੇਂ ਹੀ ਕੀਤਾ ਅਤੇ ਔਰਤ ਦੀ ਅਸਲੀ ਧੀ ਨੂੰ ਜੰਗਲ ਵਿੱਚ ਛੱਡ ਆਇਆ। ਔਰਤ ਦੀ ਧੀ ਠੰਢ ਨਾਲ ਕੰਬਣ ਲੱਗੀ ਤਾਂ ਕੁਝ ਦੇਰ ਬਾਅਦ ਉੱਥੇ ਮੋਰੋਜ਼ਕੋ ਆ ਗਿਆ ਅਤੇ ਉਸ ਨੂੰ ਪੁੱਛਣ ਲੱਗਿਆ, ‘‘ਪਿਆਰੀ ਬੱਚੀ, ਕੀ ਤੈਨੂੰ ਠੰਢ ਲੱਗ ਰਹੀ ਹੈ?”
‘‘ਤੂੰ ਅੰਨ੍ਹੈਂ? ਤੈਨੂੰ ਦਿਸਦਾ ਨ੍ਹੀਂ ਮੇਰੇ ਹੱਥ-ਪੈਰ ਸੁੰਨ ਹੋਏ ਪਏ ਨੇ? ਤੇਰਾ ਬੇੜਾ ਬਹਿ ਜੇ, ਬੁੱਢੇ ਆਦਮੀ।” ਉਸ ਨੇ ਜਵਾਬ ਦਿੱਤਾ।
ਅਗਲੇ ਦਿਨ ਔਰਤ ਨੇ ਆਪਣੇ ਪਤੀ ਨੂੰ ਪਹੁ-ਫੁਟਾਲੇ ਵੇਲੇ ਹੀ ਜਗਾ ਦਿੱਤਾ ਅਤੇ ਆਪਣੀ ਧੀ ਨੂੰ ਵਾਪਸ ਲਿਆਉਣ ਲਈ ਆਖਦਿਆਂ ਬੋਲੀ, ‘‘ਹੀਰਿਆਂ, ਜਵਾਹਰਾਤਾਂ ਵਾਲਾ ਬਕਸਾ ਧਿਆਨ ਨਾਲ ਲਿਆਈਂ।”
ਆਦਮੀ ਉਸ ਦਾ ਹੁਕਮ ਮੰਨ ਕੇ ਆਪਣੀ ਦੂਜੀ ਧੀ ਨੂੰ ਲੈਣ ਚਲਾ ਗਿਆ। ਕੁਝ ਦੇਰ ਬਾਅਦ ਦਰਵਾਜ਼ੇ ਦੀ ‘ਚੀਂ ਚੀਂ’ ਦੀ ਆਵਾਜ਼ ਹੋਈ ਤਾਂ ਔਰਤ ਭੱਜ ਕੇ ਬਾਹਰ ਆਈ। ਉਸ ਨੇ ਆਪਣੇ ਪਤੀ ਨੂੰ ਘੋੜਾ-ਗੱਡੀ ਕੋਲ ਖੜ੍ਹੇ ਵੇਖਿਆ। ਉਹ ਤੇਜ਼ੀ ਨਾਲ ਅੱਗੇ ਵਧੀ ਅਤੇ ਉਸ ਨੇ ਘੋੜਾ-ਗੱਡੀ ਉੱਪਰੋਂ ਕੱਪੜਾ ਲਾਹ ਦਿੱਤਾ। ਜਦੋਂ ਉਸ ਨੂੰ ਆਪਣੀ ਧੀ, ਜਿਸ ਨੂੰ ਕ੍ਰੋਧੀ ਮੋਰੋਜ਼ਕੋ ਨੇ ਜਮਾ ਦਿੱਤਾ ਸੀ, ਦੀ ਲਾਸ਼ ਦਿਸੀ ਤਾਂ ਉਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਉਹ ਉੱਚੀ ਉੱਚੀ ਚੀਕਾਂ ਮਾਰਨ ਅਤੇ ਆਪਣੇ ਪਤੀ ਨੂੰ ਗਾਲ੍ਹਾਂ ਕੱਢਣ ਲੱਗ ਪਈ ਪਰ ਸਭ ਵਿਅਰਥ ਸੀ। ਔਰਤ ਨੇ ਲਾਲਚ ਵਿੱਚ ਆ ਕੇ ਆਪਣੀ ਧੀ ਨੂੰ ਖੋਹ ਲਿਆ ਸੀ।
ਕੁਝ ਸਮੇਂ ਬਾਅਦ ਆਦਮੀ ਦੀ ਧੀ ਦਾ ਵਿਆਹ ਹੋ ਗਿਆ ਤੇ ਉਸ ਦੇ ਬੱਚੇ ਹੋ ਗਏ। ਉਹ ਸਾਰੇ ਖ਼ੁਸ਼ ਰਹਿੰਦੇ ਸਨ। ਆਦਮੀ ਹੁਣ ਕਾਫ਼ੀ ਬੁੱਢਾ ਹੋ ਚੁੱਕਾ ਸੀ ਪਰ ਕਦੇ ਕਦੇ ਆਪਣੇ ਦੋਹਤੇ-ਦੋਹਤੀਆਂ ਨੂੰ ਮਿਲਣ ਚਲਾ ਜਾਂਦਾ ਅਤੇ ਉਨ੍ਹਾਂ ਨੂੰ ਹਮੇਸ਼ਾਂ ਕੱਕਰ ਪਿਤਾ ਦਾ ਸਤਿਕਾਰ ਕਰਨ ਦੀ ਨਸੀਹਤ ਦਿੰਦਾ।

(ਡਾ. ਹਰਨੇਕ ਸਿੰਘ ਕੈਲੇ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ