Lele Di Sianap : Lok Kahani

ਲੇਲੇ ਦੀ ਸਿਆਣਪ : ਲੋਕ ਕਹਾਣੀ

ਭੇਡ ਦੇ ਬੱਚੇ ਕਲਿਆਣ ਲੇਲੇ ਨੂੰ ਸਕੂਲੋਂ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਸਨ। ਹੁਣ ਉਹ ਹਰ ਰੋਜ਼ ਆਪਣੀ ਮਾਂ ਭੇਡ ਨੂੰ ਉਸ ਨੂੰ ਨਾਨੀ ਦੇ ਘਰ ਭੇਜਣ ਲਈ ਆਖ ਤੰਗ ਕਰਦਾ। ਕਲਿਆਣ ਦੀ ਨਾਨੀ ਦਾ ਘਰ ਜੰਗਲ ਤੋਂ ਪਾਰ ਸੀ। ਇਸ ਲਈ ਉਸ ਦੀ ਮਾਂ ਉਸ ਨੂੰ ਭੇਜਣ ਲਈ ਹਾਮੀ ਨਾ ਭਰਦੀ। ਇੱਕ ਦਿਨ ਜਦੋਂ ਕਲਿਆਣ ਅੜ ਕੇ ਬੈਠ ਗਿਆ ਤਾਂ ਮਾਂ ਨੇ ਕਿਹਾ, ''ਬੇਟਾ, ਤੈਨੂੰ ਪਤਾ ਏ ਨਾ, ਤੇਰੀ ਨਾਨੀ ਦੇ ਘਰ ਜਾਣ ਲਈ ਸੰਘਣਾ ਜੰਗਲ ਪਾਰ ਕਰਨਾ ਪਵੇਗਾ ਜੋ ਖਤਰੇ ਤੋਂ ਖਾਲੀ ਨਹੀਂ। ਹੁਣ ਤਾਂ ਜੰਗਲ ਦੀ ਹਾਲਤ ਇਹ ਹੈ ਕਿ ਹਰ ਕਮਜ਼ੋਰ ਜੀਵ ਲੁਕ-ਲੁਕ ਕੇ ਆਪਣੀ ਜਾਨ ਬਚਾਉਂਦਾ ਫਿਰਦਾ ਏ, ਜੇ ਤੈਨੂੰ ਕੁਝ ਹੋ ਗਿਆ ਤਾਂ…।''
ਕਲਿਆਣ ਨਾ ਮੰਨਿਆ ਅਤੇ ਆਪਣੀ ਜ਼ਿੱਦ 'ਤੇ ਅੜਿਆ ਰਿਹਾ, ''ਮਾਂ, ਮੈਂ ਹੁਣ ਸਕੂਲੇ ਪੜ੍ਹਦਾ ਹਾਂ। ਮੈਨੂੰ ਸਮਝ ਆ ਗਈ ਹੈ ਕਿ ਤਾਕਤਵਰਾਂ ਜਾਨਵਰਾਂ ਤੋਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ? ਮੈਂ ਆਪਣੀ ਅਕਲ ਤੋਂ ਕੰਮ ਲਵਾਂਗਾ ਅਤੇ ਆਰਾਮ ਨਾਲ ਜੰਗਲ ਪਾਰ ਕਰ ਜਾਵਾਂਗਾ।'' ਅੰਤ ਲੇਲੇ ਦੀਆਂ ਗੱਲਾਂ ਸੁਣ ਭੇਡ ਨੇ ਹੌਸਲਾ ਕਰਕੇ ਹਾਂ ਕਰ ਦਿੱਤੀ। ਦੂਜੇ ਦਿਨ ਲੇਲਾ ਖ਼ੁਸ਼ ਹੋ ਕੇ ਨਾਨੀ ਦੇ ਘਰ ਜਾਣ ਲਈ ਤਿਆਰ ਹੋ ਗਿਆ। ਉਸ ਨੇ ਮਾਂ ਤੋਂ ਅਸ਼ੀਰਵਾਦ ਲਿਆ ਅਤੇ ਜੰਗਲ ਦੇ ਰਾਹ ਪੈ ਗਿਆ।
ਜੰਗਲ ਵਿੱਚ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਟਾਹਣੀਆਂ ਅਤੇ ਹਰੇ ਪੱਤਿਆਂ ਨਾਲ ਢੱਕ ਲਿਆ ਅਤੇ ਅੱਖਾਂ ਉੱਤੇ ਅੰਬ ਦੇ ਪੱਤਿਆਂ ਦੇ ਖੋਪੇ ਬਣਾ ਕੇ ਬੰਨ੍ਹ ਲਏ। ਜਦੋਂ ਉਹ ਥੋੜ੍ਹੀ ਦੂਰ ਗਿਆ ਤਾਂ ਇੱਕ ਬਘਿਆੜ ਆ ਗਿਆ। ਬਘਿਆੜ ਕਹਿਣ ਲੱਗਿਆ, ''ਤੂੰ ਕੌਣ… ਕਿੱਥੇ ਚੱਲਿਆ?'' ਬਘਿਆੜ ਮਨ ਹੀ ਮਨ ਲੇਲੇ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਸੋਚਣ ਲੱਗਾ। ਲੇਲਾ ਮੁਸੀਬਤ ਨੂੰ ਸਮਝ ਗਿਆ ਅਤੇ ਸੋਚ-ਸਮਝ ਕੇ ਬੋਲਿਆ, ''ਮੈਂ 'ਕਲਿਆਣ ਜੀਵ ਹਾਂ। ਮੈਂ ਦੱਸਦਾ ਫਿਰਦਾ ਹਾਂ ਕਿ ਜੰਗਲ ਨੂੰ ਅੱਗ ਲੱਗਣ ਵਾਲੀ ਹੈ। ਸ਼ੇਰ, ਚੀਤੇ ਅਤੇ ਬਘਿਆੜ ਸਭ ਸੜ ਕੇ ਸੁਆਹ ਹੋ ਜਾਣਗੇ। ਛੇਤੀ ਜਾ ਤੇ ਆਪਣੇ ਬੱਚਿਆਂ ਨੂੰ ਦੇਖ।'' ਬੱਚਿਆਂ ਦਾ ਨਾਂ ਸੁਣਦੇ ਹੀ ਬਘਿਆੜ ਨੇ ਸ਼ੂਟ ਵੱਟ ਲਈ।
ਹੁਣ ਲੇਲਾ ਹੋਰ ਸੰਘਣੇ ਜੰਗਲ ਵਿੱਚ ਪਹੁੰਚ ਗਿਆ। ਉਹ ਬੜੀ ਮੜਕ ਨਾਲ ਤੁਰ ਰਿਹਾ ਸੀ। ਛੋਟੇ ਜਾਨਵਰ ਉਸ ਤੋਂ ਡਰਦੇ ਸਨ ਪਰ ਵੱਡੇ ਜਾਨਵਰ ਉਸ ਨੂੰ ਘੇਰ ਲੈਂਦੇ ਸਨ। ਫਿਰ ਇਕਦਮ ਸਾਹਮਣੇ ਤੋਂ ਚੀਤਾ ਆ ਗਿਆ ਅਤੇ ਲੇਲੇ ਨੂੰ ਉਸ ਨੇ ਦੇਖ ਸੋਚਿਆ ਕਿ ਇਹ ਤਾਂ ਕੋਈ ਨਵਾਂ ਹੀ ਜਾਨਵਰ ਹੈ। ਉਸ ਨੇ ਪੁੱਛਿਆ, ''ਤੂੰ ਕੌਣ ਤੇ ਕਿੱਥੇ ਜਾ ਰਿਹਾ ਏਂ?।'' ਚੀਤਾ ਵੀ ਲੇਲੇ ਨੂੰ ਸ਼ਿਕਾਰ ਬਣਾਉਣ ਦੀ ਸੋਚ ਰਿਹਾ ਸੀ ਪਰ ਲੇਲੇ ਨੇ ਪਹਿਲਾਂ ਹੀ ਬਾਜ਼ੀ ਪਲਟ ਦਿੱਤੀ ਅਤੇ ਬਘਿਆੜ ਵਾਂਗ ਉਸ ਨੂੰ ਵੀ ਕਹਿਣ ਲੱਗਿਆ, ''ਮੈਂ ਕਲਿਆਣ ਜੀਵ ਹਾਂ। ਸਭ ਜਾਨਵਰਾਂ ਨੂੰ ਦੱਸਦਾ ਫਿਰਦਾ ਹਾਂ ਕਿ ਜੰਗਲ ਨੂੰ ਅੱਗ ਲੱਗਣ ਵਾਲੀ ਹੈ। ਛੇਤੀ ਆਪਣੇ ਬੱਚੇ ਬਚਾਓ।'' ਬੱਚਿਆਂ ਦਾ ਧਿਆਨ ਆਉਂਦੇ ਹੀ ਚੀਤਾ ਵੀ ਤੇਜ਼ ਦੌੜ ਗਿਆ ਅਤੇ ਕਲਿਆਣ ਅੱਗੇ ਚੱਲ ਪਿਆ।
ਥੋੜ੍ਹੀ ਦੇਰ ਬਾਅਦ ਕਲਿਆਣ ਦਾ ਸਾਹਮਣਾ ਸ਼ੇਰ ਨਾਲ ਹੋ ਗਿਆ। ਨਵੀਂ ਕਿਸਮ ਦੇ ਜਾਨਵਰ ਨੂੰ ਦੇਖ ਸ਼ੇਰ ਦੀਆਂ ਲਾਲਾਂ ਟਪਕ ਪਈਆਂ। ਉਹ ਗਰਜਿਆ, ''ਤੂੰ ਕਿਹੜਾ ਜੀਵ ਏਂ। ਅੱਜ ਤੂੰ ਮੇਰਾ ਸ਼ਿਕਾਰ ਬਣੇਂਗਾ।'' ਪਹਿਲਾਂ ਤਾਂ ਲੇਲਾ ਡਰ ਗਿਆ ਪਰ ਫਿਰ ਉਸ ਨੂੰ ਸੰਕਟ ਸਮੇਂ ਹੌਸਲਾ ਨਾ ਹਾਰਨ ਤੇ ਅਕਲ ਦਾ ਪੱਲਾ ਫੜਨ ਦੀ ਆਪਣੇ ਅਧਿਆਪਕ ਦੀ ਕਹੀ ਗੱਲ ਯਾਦ ਆਈ। ਉਹ ਬੋਲਿਆ, ''ਜੰਗਲ ਦੇ ਰਾਜਾ ਸਲਾਮ! ਛੇਤੀ ਨਾਲ ਮੇਰੀ ਗੱਲ ਸੁਣ ਲਵੋ ਅਤੇ ਜੰਗਲ ਦੇ ਬਾਕੀ ਜਾਨਵਰਾਂ ਨੂੰ ਵੀ ਬਚਾਓ ਲਈ ਹੁਕਮ ਦੇ ਦਿਓ।'' ਸ਼ੇਰ ਫਿਰ ਗਰਜਿਆ, ''ਕਿਹੜੀ ਗੱਲ? ਛੇਤੀ ਦੱਸ।'' ਲੇਲੇ ਨੇ ਕਿਹਾ, ''ਮੇਰਾ ਨਾਂ ਕਲਿਆਣ ਜੀਵ ਹੈ। ਮੈਂ ਸਭ ਨੂੰ ਦੱਸ ਕੇ ਆਇਆ ਹਾਂ ਕਿ ਜੰਗਲ ਨੂੰ ਅੱਗ ਲੱਗਣ ਵਾਲੀ ਏ, ਛੇਤੀ ਆਪਣੇ ਬੱਚੇ ਬਚਾਓ।'' ਅੱਗ ਦੀ ਗੱਲ ਸੁਣ ਕੇ ਸ਼ੇਰ ਨੂੰ ਭਾਜੜਾਂ ਪੈ ਗਈਆਂ ਅਤੇ ਉਹ ਲੇਲੇ ਨੂੰ ਛੱਡ ਆਪਣੇ ਬੱਚਿਆਂ ਨੂੰ ਬਚਾਉਣ ਲਈ ਦੌੜ ਗਿਆ। ਫਿਰ ਲੇਲੇ ਨੇ ਆਰਾਮ ਨਾਲ ਜੰਗਲ ਪਾਰ ਕੀਤਾ ਅਤੇ ਜਾ ਨਾਨੀ ਦੇ ਘਰ ਦਾ ਦਰਵਾਜ਼ਾ ਖੜਕਾਇਆ। ਨਾਨੀ ਉਸ 'ਤੇ ਲੱਗੇ ਨਰਮ-ਨਰਮ ਪੱਤੇ ਖਾਣ ਲੱਗੀ ਤਾਂ ਲੇਲਾ ਬੋਲਿਆ, ''ਨਾਨੀ, ਮੈਂ ਕਲਿਆਣ ਹਾਂ। ਮੈਨੂੰ ਸਕੂਲ ਤੋਂ ਛੁੱਟੀਆਂ ਹੋ ਗਈਆਂ ਹਨ। ਹੁਣ ਮੈਂ ਦਸ ਦਿਨ ਤੁਹਾਡੇ ਕੋਲ ਰਹਾਂਗਾ।'' ਨਾਨੀ ਪਹਿਲਾਂ ਤਾਂ ਉਸ ਦੇ 'ਕੱਲੇ ਜੰਗਲ ਨੂੰ ਪਾਰ ਕਰਕੇ ਆਉਣ 'ਤੇ ਹੈਰਾਨ ਹੋਈ ਅਤੇ ਫਿਰ ਉਸ ਨੂੰ ਪਿਆਰ ਨਾਲ ਅੰਦਰ ਬੁਲਾ ਲਿਆ।
ਦਸ ਦਿਨ ਲੇਲੇ ਨੇ ਨਾਨੀ ਕੋਲ ਖ਼ੂਬ ਮਸਤੀ ਕੀਤੀ ਅਤੇ ਨਵੇਂ-ਨਵੇਂ ਪਕਵਾਨ ਖਾਧੇ। ਫਿਰ ਉਸ ਨੇ ਘਰ ਵਾਪਸ ਜਾਣ ਸਬੰਧੀ ਆਪਣੀ ਚਿੰਤਾ ਨਾਨੀ ਨੂੰ ਦੱਸੀ। ਨਾਨੀ ਨੇ ਕਿਹਾ, ''ਤੂੰ ਫ਼ਿਕਰ ਨਾ ਕਰ। ਮੈਂ ਤੈਨੂੰ ਢੋਲਕ ਵਿੱਚ ਬੰਦ ਕਰ ਦੇਵਾਂਗੀ। ਜਦੋਂ ਤੂੰ ਬੋਲੇਂਗਾ, ਚੱਲ ਮੇਰੀ ਢੋਲਕ ਠੁੰਮਕ-ਠੂੰ ਤਾਂ ਉਹ ਚੱਲ ਪਵੇਗੀ ਤੇ ਜਦੋਂ ਕਹੇਂਗਾ ਰੁਕ ਮੇਰੀ ਢੋਲਕ ਠੁੰਮਕ-ਠੂੰ ਤਾਂ ਉਹ ਰੁਕ ਜਾਵੇਗੀ। ਇਸ ਤਰ੍ਹਾਂ ਤੂੰ ਜੰਗਲੀ ਜਾਨਵਰਾਂ ਤੋਂ ਬਚ ਜਾਵੇਂਗਾ।'' ਫਿਰ ਨਾਨੀ ਨੇ ਇੰਜ ਹੀ ਕੀਤਾ ਅਤੇ ਲੇਲੇ ਨੂੰ ਢੋਲਕ ਵਿੱਚ ਬੰਦ ਕਰਕੇ ਰੋੜ ਦਿੱਤਾ।
ਕਲਿਆਣ ਬੜਾ ਸਿਆਣਾ ਸੀ, ਉਸ ਨੇ ਸੋਚਿਆ ਕਿ ਜੰਗਲੀ ਜਾਨਵਰ ਬਹੁਤ ਖ਼ਤਰਨਾਕ ਹਨ। ਉਹ ਤਾਂ ਢੋਲਕ ਨੂੰ ਪਾੜ ਸੁੱਟਣਗੇ। ਫਿਰ ਉਸ ਨੇ ਇੱਕ ਤਰਕੀਬ ਹੋਰ ਸੋਚੀ। ਜਦੋਂ ਢੋਲਕ ਜੰਗਲ ਵਿੱਚ ਪਹੁੰਚੀ ਤਾਂ ਉਹ ਸਾਹ ਲੈਣ ਵਾਲੀ ਮੋਰੀ ਵਿੱਚੋਂ ਸਭ ਕੁਝ ਦੇਖ ਰਿਹਾ ਸੀ। ਪਹਿਲਾਂ ਉਸ ਨੇ ਓਹੀ ਸ਼ੇਰ ਦੇਖਿਆ ਅਤੇ ਸ਼ੋਰ ਮਚਾ ਦਿੱਤਾ, ''ਅੱਗ ਲੱਗ ਗਈ, ਅੱਗ ਲੱਗ ਗਈ।'' ਸ਼ੇਰ ਨੇ ਢੋਲਕ 'ਤੇ ਪੰਜੇ ਮਾਰੇ ਪਰ ਅੱਗ ਤੋਂ ਪਹਿਲਾਂ ਹੀ ਡਰਿਆ ਹੋਣ ਕਰਕੇ ਉਹ ਸੁਰੱਖਿਅਤ ਥਾਂ ਦੀ ਭਾਲ ਵਿੱਚ ਭੱਜ ਗਿਆ। ਅੱਗੇ ਚੱਲ ਕੇ ਲੇਲੇ ਨੂੰ ਚੀਤਾ ਤੇ ਬਘਿਆੜ ਵੀ ਮਿਲੇ ਪਰ ਢੋਲਕ ਰੁੜਦੀ ਗਈ ਅਤੇ ਅੱਗ ਲੱਗ ਗਈ ਦਾ ਸ਼ੋਰ ਮਚਾਉਂਦੀ ਗਈ। ਅੱਗ ਦਾ ਨਾਂ ਸੁਣ ਕੇ ਸਭ ਜੰਗਲੀ ਜਾਨਵਰ ਆਪਣੇ-ਆਪਣੇ ਟਿਕਾਣਿਆਂ ਲਈ ਭੱਜ ਗਏ ਸਨ। ਕਈ ਛੋਟੇ ਜਾਨਵਰਾਂ ਨੇ ਢੋਲਕ ਨੂੰ ਕੰਨ ਲਾ ਕੇ ਸੁਣਨ ਦਾ ਯਤਨ ਵੀ ਕੀਤਾ ਪਰ ਅੱਗ ਦੀ ਦਹਿਸ਼ਤ ਕਰਕੇ ਰੁਕਣ ਦਾ ਨਾਂ ਕਿਸੇ ਨੇ ਨਾ ਲਿਆ। ਬਸ, ਫਿਰ ਕੀ ਸੀ, ਕਲਿਆਣ ਦਾ ਰਸਤਾ ਸਾਫ਼ ਸੀ।
ਇਸ ਤਰ੍ਹਾਂ ਕਲਿਆਣ ਸਹੀ-ਸਲਾਮਤ ਘਰ ਪਹੁੰਚ ਗਿਆ। ਮਾਂ ਜੋ ਘਬਰਾਈ ਬੈਠੀ ਸੀ, ਨੂੰ ਜਦੋਂ ਕਲਿਆਣ ਨੇ ਆਪਣੇ ਸੁਰੱਖਿਅਤ ਆਉਣ ਦੀ ਸਾਰੀ ਕਹਾਣੀ ਦੱਸੀ ਤਾਂ ਮਾਂ ਆਪਣੇ ਪੁੱਤ ਦੀ ਸਿਆਣਪ ਤੋਂ ਬਲਿਹਾਰੇ ਜਾਣ ਲੱਗੀ।

-(ਬਹਾਦਰ ਸਿੰਘ ਗੋਸਲ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ