Sunehri Galehari : Lok Kahani

ਸੁਨਹਿਰੀ ਗਲਹਿਰੀ : ਲੋਕ ਕਹਾਣੀ

ਯੂਰੋਪ ਦੇ ਇੱਕ ਦੇਸ਼ ਦੇ ਦੂਰ ਦੁਰਾਡੇ ਪਿੰਡ ਵਿੱਚ ਇੱਕ ਘਰ ਵਿੱਚ ਗ਼ਰੀਬ ਪਰਿਵਾਰ ਰਹਿੰਦਾ ਸੀ। ਉਨ੍ਹਾਂ ਦੀਆਂ ਪੰਜ ਬੇਟੀਆਂ ਸਨ, ਲੂਸੀ, ਐਲਿਸ, ਰੋਜ਼ਲੀਨਾ, ਮੈਰੀ ਤੇ ਮਰਸੀ। ਉਨ੍ਹਾਂ ਦੇ ਮਾਂ- ਬਾਪ ਮਿਹਨਤ ਕਰਕੇ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਕਰਦੇ ਸਨ। ਵੱਡੀਆਂ ਚਾਰੇ ਕੁੜੀਆਂ ਵੀ ਮਾਂ-ਬਾਪ ਦਾ ਹੱਥ ਵਟਾਉਂਦੀਆਂ ਸਨ। ਉਹ ਕਰੋਸ਼ੀਏ ਨਾਲ ਟੋਪੀਆਂ ਤੇ ਮਫ਼ਲਰ ਵਗੈਰਾ ਬੁਣਨ ਦਾ ਕੰਮ ਕਰਦੀਆਂ ਸਨ, ਪਰ ਛੋਟੀ ਮਰਸੀ ਅਜੇ ਕਿਸੇ ਕੰਮ 'ਚ ਮਾਹਿਰ ਨਹੀਂ ਸੀ। ਉਹ ਆਪਣੀਆਂ ਦੂਜੀਆਂ ਭੈਣਾਂ ਨਾਲੋਂ ਕਮਜ਼ੋਰ ਵੀ ਸੀ ਤੇ ਜੋ ਵੀ ਕੰਮ ਕਰਦੀ ਬਹੁਤ ਹੌਲੀ ਹੌਲੀ ਕਰਦੀ ਸੀ।
ਵੱਡੀਆਂ ਚਾਰੇ ਭੈਣਾਂ ਉਸਦਾ ਮਜ਼ਾਕ ਉਡਾਉਂਦੀਆ ਤੇ ਕਹਿੰਦੀਆਂ 'ਇਸ ਨੂੰ ਕਦੀ ਕੋਈ ਕੰਮ ਨਹੀਂ ਆਉਣਾ। ਇਸਨੇ ਸਾਡੇ 'ਤੇ ਹਮੇਸ਼ਾਂ ਬੋਝ ਹੀ ਬਣੀ ਰਹਿਣਾ ਹੈ।' ਇਸ ਗੱਲ ਨਾਲ ਮਰਸੀ ਬਹੁਤ ਦੁਖੀ ਹੁੰਦੀ, ਪਰ ਜਲਦੀ ਨਾਲ ਕੰਮ ਕਰਨਾ ਉਸਦੇ ਵਸ 'ਚ ਨਹੀਂ ਸੀ। ਹਰ ਕ੍ਰਿਸਮਸ 'ਤੇ ਚਾਰੇ ਭੈਣਾਂ ਇੱਕ ਦੂਜੇ ਨੂੰ ਤੇ ਮਾਂ ਬਾਪ ਨੂੰ ਕੋਈ ਨਾ ਕੋਈ ਤੋਹਫ਼ਾ ਬਣਾ ਕੇ ਦਿੰਦੀਆਂ, ਪਰ ਮਰਸੀ ਦੀ ਕੋਈ ਪਰਵਾਹ ਨਾ ਕਰਦੀਆਂ। ਉਸਦੇ ਮਾਂ-ਬਾਪ ਜ਼ਰੂਰ ਉਸਨੂੰ ਪਿਆਰ ਕਰਦੇ ਤੇ ਉਸਨੂੰ ਖ਼ੁਸ਼ ਕਰਨ ਲਈ ਕੋਈ ਤੋਹਫ਼ਾ ਵੀ ਲਿਆ ਕੇ ਦਿੰਦੇ, ਪਰ ਮਰਸੀ ਹਮੇਸ਼ਾਂ ਮੁਰਝਾਈ ਰਹਿੰਦੀ।
ਇਸ ਵਾਰ ਜਦੋਂ ਕ੍ਰਿਸਮਸ ਦਾ ਤਿਉਹਾਰ ਆਉਣਾ ਸੀ ਤਾਂ ਇਨ੍ਹਾਂ ਸਾਰੀਆਂ ਭੈਣਾਂ ਨੂੰ ਕੁਝ ਸਮਾਂ ਪਹਿਲਾਂ ਗੁਆਂਢ 'ਚ ਇੱਕ ਖੇਤ 'ਚ ਚਮਕਦੇ ਹੋਏ ਸੁਨਹਿਰੀ ਵਾਲਾਂ ਵਾਲੀ ਗਲਹਿਰੀ ਦਿਸੀ। ਪੰਜੇ ਭੈਣਾਂ ਉਸਦੀ ਚਮਕਦੀ ਫਰ ਦੇਖ ਕੇ ਬਹੁਤ ਖ਼ੁਸ਼ ਹੋਈਆਂ। ਗਲਹਿਰੀ ਵੀ ਉਨ੍ਹਾਂ ਨੂੰ ਅਕਸਰ ਦੇਖਦੀ ਰਹਿੰਦੀ। ਉਸਦੇ ਧਿਆਨ 'ਚ ਜਲਦੀ ਹੀ ਆ ਗਿਆ ਕਿ ਵੱਡੀਆਂ ਭੈਣਾਂ ਮਰਸੀ ਵੱਲ ਕੋਈ ਧਿਆਨ ਨਹੀਂ ਦਿੰਦੀਆਂ। ਉਹ ਅਕਸਰ ਉਸਦਾ ਮਜ਼ਾਕ ਉਡਾਉਂਦੀਆਂ ਸਨ। ਗਲਹਿਰੀ ਆਪਣੇ ਅਗਲੇ ਪੰਜਿਆਂ ਨਾਲ ਜਦੋਂ ਆਪਣੀ ਪਿੱਠ 'ਤੇ ਹੱਥ ਫੇਰਦੀ ਤਾਂ ਉਸਦੇ ਕੁਝ ਵਾਲ ਖੇਤਾਂ 'ਚ ਡਿੱਗ ਪੈਂਦੇ। ਵੱਡੀਆਂ ਭੈਣਾਂ ਦੌੜ ਕੇ ਉਨ੍ਹਾਂ ਨੂੰ ਚੁੱਕ ਲੈਂਦੀਆਂ ਤਾਂ ਜੋ ਉਹ ਉਨ੍ਹਾਂ ਤੋਂ ਸਜਾਵਟੀ ਫੁੱਲ ਜਾਂ ਵਸਤਾਂ ਬਣਾ ਸਕਣ। ਜਦੋਂ ਮਰਸੀ ਖੇਤ 'ਚ ਪਹੁੰਚਦੀ ਤਾਂ ਉਸਨੂੰ ਕੋਈ ਵੀ ਵਾਲ ਨਾ ਮਿਲਦਾ ਤਾਂ ਉਹ ਉਦਾਸ ਹੋ ਕੇ ਘਰ ਨੂੰ ਪਰਤ ਆਉਂਦੀ।
ਇਹ ਸਭ ਦੇਖ ਕੇ ਇੱਕ ਦਿਨ ਗਲਹਿਰੀ ਉਨ੍ਹਾਂ ਦੇ ਘਰ ਆਈ ਤੇ ਪੰਜਾਂ ਭੈਣਾਂ ਨੂੰ ਇਕੱਠਿਆਂ ਕਰਕੇ ਕਹਿਣ ਲੱਗੀ, 'ਮੈਨੂੰ ਪਤਾ ਹੈ ਕਿ ਤੁਹਾਨੂੰ ਸਭ ਨੂੰ ਮੇਰੀ ਸੁਨਹਿਰੀ ਫਰ ਬਹੁਤ ਪਸੰਦ ਹੈ। ਮੈਂ ਆਪਣੇ ਵਾਲਾਂ ਦੇ ਕਿੰਨੇ ਸਾਰੇ ਗੁੱਛੇ ਉਸਨੂੰ ਦਿਆਂਗੀ ਜੋ ਇਸ ਕ੍ਰਿਸਮਸ 'ਤੇ ਸਭ ਤੋਂ ਸੋਹਣਾ ਤੋਹਫ਼ਾ ਬਣਾਏਗੀ।
ਲੂਸੀ ਨੇ ਉਸਦੀ ਚਾਪਲੂਸੀ ਕਰਦੇ ਹੋਏ ਕਿਹਾ, 'ਮੈਂ ਆਪਣੇ ਲਈ ਇੱਕ ਅਜਿਹੀ ਟੋਪੀ ਬੁਣਾਂਗੀ, ਜਿਸ 'ਤੇ ਤੇਰੇ ਸੁਨਹਿਰੀ ਵਾਲਾਂ ਨਾਲ ਸੋਹਣੇ ਬੁਣ ਕੇ ਉਸ ਉੱਪਰ ਸਜਾਵਾਂਗੀ, ਇਸ ਲਈ ਤੂੰ ਆਪਣੇ ਵਾਲਾਂ ਦੇ ਗੁੱਛੇ ਮੈਨੂੰ ਦੇਵੀਂ।' ਇਸੇ ਤਰ੍ਹਾਂ ਐਲਿਸ ਨੇ ਕਿਹਾ, 'ਮੈਂ ਆਪਣੇ ਲਈ ਇੱਕ ਮਫ਼ਲਰ ਬੁਣਾਂਗੀ ਤੇ ਉਸਦੇ ਚਾਰੇ ਪਾਸੇ ਤੇਰੇ ਸੁਨਹਿਰੀ ਵਾਲਾਂ ਦੀ ਲੇਸ ਬਣਾ ਕੇ ਲਾਵਾਂਗੀ।' ਰੋਜ਼ਲੀਨਾ ਕਹਿਣ ਲੱਗੀ, 'ਮੈਂ ਆਪਣੇ ਲਈ ਇੱਕ ਸਵੈਟਰ ਬੁਣਾਂਗੀ ਤੇ ਉਸ ਦੀਆਂ ਜੇਬਾਂ 'ਤੇ ਤੇਰੇ ਸੁਨਹਿਰੀ ਵਾਲਾਂ ਦੇ ਫੁੱਲ ਬਣਾ ਕੇ ਲਾਵਾਂਗੀ।' ਮੈਰੀ ਨੇ ਕਿਹਾ, 'ਮੈਂ ਆਪਣੇ ਲਈ ਸੋਹਣਾ ਜਿਹਾ ਸ਼ਾਲ ਬੁਣਾਂਗੀ ਤੇ ਤੇਰੇ ਸੁਨਹਿਰੀ ਵਾਲਾਂ ਨਾਲ ਉਸ 'ਤੇ ਵੇਲ ਬਣਾਵਾਂਗੀ, ਇਸ ਲਈ ਤੂੰ ਆਪਣੇ ਵਾਲਾਂ ਦੇ ਗੁੱਛੇ ਮੈਨੂੰ ਦੇਵੀਂ।' ਸਭ ਤੋਂ ਛੋਟੀ ਮਰਸੀ ਚੁੱਪ ਸੀ। ਉਸਦਾ ਕੁਝ ਵੀ ਕਹਿਣ ਦਾ ਹੌਸਲਾ ਨਹੀਂ ਸੀ ਪੈ ਰਿਹਾ ਕਿਉਂਕਿ ਉਹ ਆਪਣੇ ਆਪ ਨੂੰ ਆਪਣੀਆਂ ਭੈਣਾਂ ਤੋਂ ਬਹੁਤ ਹੀਣੀ ਸਮਝਦੀ ਸੀ, ਪਰ ਜਦੋਂ ਗਲਹਿਰੀ ਨੇ ਮਰਸੀ ਨੂੰ ਪਿਆਰ ਨਾਲ ਪੁੱਛਿਆ ਤਾਂ ਉਸਨੇ ਹੌਲੀ ਜਿਹੀ ਕਿਹਾ, 'ਮੈਂ ਤਾਂ ਤੇਰੇ ਸੁਨਹਿਰੀ ਵਾਲਾਂ ਨਾਲ ਸਜਾਵਟੀ ਡੋਰੀਆਂ ਬਣਾਵਾਂਗੀ।' ਇਸ 'ਤੇ ਵੱਡੀਆਂ ਭੈਣਾਂ ਉਸਦਾ ਮਜ਼ਾਕ ਉਡਾ ਕੇ ਹੱਸਣ ਲੱਗ ਪਈਆਂ, ਪਰ ਜਦੋਂ ਮਰਸੀ ਨੇ ਅੱਗੋਂ ਕਿਹਾ, 'ਇਹ ਡੋਰੀਆਂ ਮੈਂ ਤੋਹਫ਼ਿਆਂ ਨੂੰ ਟੰਗਣ ਵਾਸਤੇ ਬਣਾਵਾਂਗੀ।' ਤਾਂ ਵੀ ਉਨ੍ਹਾਂ ਨੇ ਉਸਦਾ ਮਜ਼ਾਕ ਉਡਾਇਆ। ਪਰ ਗਲਹਿਰੀ ਉਸਦੇ ਜੁਆਬ 'ਤੇ ਬਹੁਤ ਖ਼ੁਸ਼ ਹੋਈ। ਉਸਨੇ ਆਪਣੇ ਵਾਲਾਂ ਦੇ ਕਿੰਨੇ ਸਾਰੇ ਗੁੱਛੇ ਨਿੱਕੀ ਮਰਸੀ ਨੂੰ ਦੇ ਦਿੱਤੇ। ਹੁਣ ਕ੍ਰਿਸਮਸ 'ਚ ਕੁਝ ਦਿਨ ਬਾਕੀ ਸਨ। ਹੌਲੀ-ਹੌਲੀ ਮਰਸੀ ਕਰੋਸ਼ੀਏ ਤੇ ਸਵੈਟਰ ਬੁਣਨ ਵਾਲੀਆਂ ਸਿਲਾਈਆਂ ਨਾਲ ਸੁਨਹਿਰੀ ਵਾਲਾਂ ਦੀਆਂ ਡੋਰੀਆਂ ਬਣਾਉਂਦੀ ਰਹਿੰਦੀ। ਗਲਹਿਰੀ ਉਸ ਕੋਲ ਰੋਜ਼ ਆਉਂਦੀ ਤੇ ਉਸਦੇ ਕੰਮ ਨੂੰ ਦੇਖ ਕੇ ਉਸਦੀ ਪ੍ਰਸ਼ੰਸਾ ਕਰਦੀ, ਪਰ ਉਸ ਦੀਆਂ ਭੈਣਾਂ ਨੂੰ ਉਸ ਨਾਲ ਈਰਖਾ ਸੀ।
ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ ਉਸ ਨੇ ਜਿੰਨੀਆਂ ਵੀ ਡੋਰੀਆਂ ਬਣਾਈਆਂ ਸਨ, ਉਹ ਉਸਨੇ ਇੱਕ ਗੱਤੇ ਦੇ ਡੱਬੇ 'ਚ ਪਾ ਲਈਆਂ ਤੇ ਰਾਤ ਨੂੰ ਆਪਣੀਆਂ ਭੈਣਾਂ ਦੇ ਸੌਣ ਤੋਂ ਬਾਅਦ, ਉਨ੍ਹਾਂ ਵੱਲੋਂ ਇੱਕ ਦੂਜੇ ਲਈ ਬਣਾਈਆਂ ਹੋਈਆਂ ਟੋਪੀਆਂ, ਸਕਾਰਫ ਵਗੈਰਾ ਡੋਰੀਆਂ ਨਾਲ ਬੰਨ੍ਹ ਕੇ ਹੈਂਗਰਾਂ ਨਾਲ ਲਟਕਾ ਦਿੱਤੇ।
ਕ੍ਰਿਸਮਸ ਦੀ ਸਵੇਰ ਨੂੰ ਮਰਸੀ ਦੇ ਮਾਂ-ਬਾਪ ਅਤੇ ਵੱਡੀਆਂ ਭੈਣਾਂ ਨੇ ਆਪਣੇ ਤੋਹਫ਼ਿਆਂ ਨੂੰ ਸੁਨਹਿਰੀ ਡੋਰੀਆਂ ਨਾਲ ਹੈਂਗਰਾਂ 'ਤੇ ਲਟਕਦੇ ਹੋਏ ਦੇਖਿਆ ਤਾਂ ਉਨ੍ਹਾਂ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਉਨ੍ਹਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਇੰਨਾ ਸੋਹਣਾ ਕੰਮ ਮਰਸੀ ਨੇ ਹੀ ਕੀਤਾ ਹੈ। ਉਨ੍ਹਾਂ ਸਾਰਿਆਂ ਨੇ ਮਰਸੀ ਦੇ ਬਿਸਤਰੇ 'ਤੇ ਜਾ ਕੇ ਉਸਨੂੰ ਵਾਰੀ ਵਾਰੀ ਚੁੰਮਿਆ ਤੇ 'ਮੈਰੀ ਕ੍ਰਿਸਮਸ' ਕਿਹਾ। ਉਨ੍ਹਾਂ ਆਪਣੇ ਵੱਲੋਂ ਕੀਤੇ ਹੋਏ ਬਦਸਲੂਕ ਦੀ ਮੁਆਫ਼ੀ ਮੰਗੀ ਤੇ ਕਿਹਾ, 'ਮਰਸੀ,ਤੂੰ ਸਾਡੀ ਸਭ ਤੋਂ ਪਿਆਰੀ ਭੈਣ ਹੈ। ਤੇਰੀ ਸੋਚ ਸਾਡੇ ਸਭ ਤੋਂ ਅਲੱਗ ਤੇ ਵੱਡੀ ਹੈ। ਅਸੀਂ ਅੱਗੇ ਤੋਂ ਕਦੀ ਵੀ ਤੈਨੂੰ ਦੁਖ ਦੇਣ ਵਾਲੀ ਗੱਲ ਨਹੀਂ ਕਰਾਂਗੀਆਂ।' ਮਰਸੀ ਵੀ ਉਨ੍ਹਾਂ ਦਾ ਪਿਆਰ ਲੈ ਕੇ ਬੜੀ ਖ਼ੁਸ਼ ਸੀ। ਉਨ੍ਹਾਂ ਦੇ ਮਾਂ-ਬਾਪ ਨੇ ਮਰਸੀ ਨੂੰ ਆਪਣੀਆਂ ਬਾਹਾਂ 'ਚ ਲੈਂਦਿਆਂ ਕਿਹਾ, 'ਮਰਸੀ, ਸਾਨੂੰ ਨਹੀਂ ਸੀ ਪਤਾ, ਤੂੰ ਇੰਨੀਆਂ ਸੋਹਣੀਆਂ ਤੇ ਸਜਾਵਟੀ ਚੀਜ਼ਾਂ ਬਣਾ ਸਕਦੀ ਹੈ। ਇਨ੍ਹਾਂ ਡੋਰੀਆਂ ਨੂੰ ਅਸੀਂ ਅੱਜ ਬਾਜ਼ਾਰ ਲੈ ਕੇ ਜਾਵਾਂਗੇ ਤੇ ਤੋਹਫ਼ਿਆਂ ਵਾਲੀਆਂ ਦੁਕਾਨਾਂ 'ਤੇ ਦੇ ਕੇ ਆਵਾਂਗੇ। ਇਸ ਕ੍ਰਿਸਮਸ ਨੂੰ ਅਸੀਂ ਖ਼ਾਸ ਕ੍ਰਿਸਮਸ ਵੱਜੋਂ ਯਾਦ ਰੱਖਾਂਗੇ।'
ਥੋੜ੍ਹੀ ਦੇਰ ਬਾਅਦ ਗਲਹਿਰੀ ਮਰਸੀ ਕੋਲ ਆਈ। ਉਸਨੇ ਦੇਖਿਆ ਉਸ ਦੀਆਂ ਅੱਖਾਂ ਅੱਜ ਆਤਮ ਵਿਸ਼ਵਾਸ ਨਾਲ ਭਰੀਆਂ ਪਈਆਂ ਸਨ। ਮਰਸੀ ਨੇ ਗਲਹਿਰੀ ਨੂੰ ਕਿਹਾ, 'ਸੁਨਹਿਰੀ ਗਲਹਿਰੀ, ਮੇਰੇ ਜੀਵਨ 'ਚ ਖ਼ੁਸ਼ੀਆਂ ਲਿਆਉਣ ਲਈ ਬਹੁਤ ਬਹੁਤ ਧੰਨਵਾਦ।'

-(ਬਲਰਾਜ ਧਾਰੀਵਾਲ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ