Aa Aapan Ghar Banaie (Punjabi Story) : Simran Dhaliwal

ਆ ਆਪਾਂ ਘਰ ਬਣਾਈਏ (ਕਹਾਣੀ) : ਸਿਮਰਨ ਧਾਲੀਵਾਲ

ਪੰਜ ਕੁ ਸਾਲ ਪਹਿਲਾਂ ਜਦੋਂ ਖਰੈਤੀ ਲਾਲ ਨੇ ਆਪਣਾ ਥਾਂ ਨਰੈਣੇ ਨੂੰ ਵੇਚਿਆ ਸੀ। ਮੈਂ ਉਦੋਂ ਈ ਸੋਚਿਆ ਸੀ, ‘ਕਰਾੜ ਸਿਰ ’ਤੇ ਬਿਠਾ ਗਿਆ ਸਾਡੇ। ਆਪ ਤੁਰ ਗਿਆ ਸ਼ਹਿਰ ਨੂੰ। ਸਾਡੇ ਭਾਅ ਪਾ ਗਿਆ ਸਿਆਪਾ…।’
ਫਿਰ ਖ਼ੁਦ ਮੈਂ ਹੀ ਸੋਚਿਆ, ‘ਕੁੱਤਿਆਂ ਈ ਹੱਗਣਾ ਇੱਥੇ। ਥਾਂ ਤਾਂ ਉਹ ਕੌਡੀਆਂ ਦੇ ਭਾਅ ਸੁੱਟ ਗਿਆ। ਕੁੱਲਾ ਛੱਤਣਾ ਸੌਖਾ ਪਿਐ।’ ਮੈਂ ਸਮਝਦਾ ਸਾਂ, ਨਾ ਨੌਂ ਮਣ ਤੇਲ ’ਕੱਠਾ ਹੋਣਾ ਨਾ ਰਾਧਾ ਨੱਚਣਾ। ਥਾਂ ਖ਼ਰੀਦੀ ਤੋਂ ਸਾਲ ਕੁ ਬਾਅਦ ਨਰੈਣੇ ਦਾ ਵੱਡਾ ਮੁੰਡਾ ਅਰਜੂ ਫ਼ੌਜ ਵਿਚ ਭਰਤੀ ਹੋ ਗਿਆ। ਦੋ ਸਾਲ ਥਾਂ ਫੇਰ ਵਿਹਲੀ ਪਈ ਰਹੀ। ਮੈਂ ਅੰਦਰੋ-ਅੰਦਰੀ ਨਫ਼ਰਤ ਨਾਲ ਭਰਦਾ ਰਿਹਾ, ਪਰ ਨਰੈਣਾ ਤਾਂ…!!
ਨਰੈਣਾ ਕਦੀ-ਕਦੀ ‘ਆਪਣੀ’ ਥਾਂ ਦੇਖਣ ਆ ਜਾਂਦਾ।
‘‘ਸੁਣਾ ਬਈ ਮੇਜਾ ਸਿਆਂ! ਖੁਸ਼ਨੰਦ ਐਂ?’’ ਆਪਣੇ ਖੋਲਿਆਂ ਵਿਚ ਖੜ੍ਹਾ ਨਰੈਣਾ ਦੂਰੋਂ ਹੀ ਹਾਕਾਂ ਮਾਰਨ ਲੱਗਦਾ। ਸਾਡਾ ਘਰ ਤੇ ਖਰੈਤੀ ਦਾ ਘਰ ਆਹਮੋ-ਸਾਹਮਣੇ ਸੀ। ਜਦੋਂ ਮਾਹੌਲ ਖ਼ਰਾਬ ਹੋਏ ਖਰੈਤੀ ਭਾਂਡਾ-ਟੀਂਡਾ ਚੁੱਕ ਕੇ ਸ਼ਹਿਰ ਜਾ ਬੈਠਾ। ਉਹਦਾ ਮਕਾਨ ਕਈ ਸਾਲ ਬੰਦ ਪਿਆ ਰਿਹਾ। ਚੁੱਲ੍ਹਿਆਂ ਉੱਤੇ ਘਾਹ ਉੱਗਣ ਲੱਗਿਆ। ਘਰ ਵਿਕਿਆ ਨਾ। ਖਰੈਤੀ ਨੇ ਮਜ਼ਦੂਰ ਲਗਾ ਕੇ ਮਕਾਨ ਢਾਹ ਲਿਆ ਤੇ ਇੱਟਾਂ ਬਾਲੇ ਸ਼ਹਿਰ ਨੂੰ ਲੈ ਗਿਆ।
‘‘ਕੋਈ ਨਾ ਥਾਂ ਦਾ ਕਿਹੜਾ ਕੁਝ ਘਸ ਚੱਲਿਆ। ਆਪੇ ਵਿਕਦੀ ਰਹੂ।’’ ਖਰੈਤੀ ਖੀਂ-ਖੀਂ ਕਰਕੇ ਹੱਸਦਾ। ਪਿੰਡਾਂ ਵਿਚ ਥਾਵਾਂ ਨੂੰ ਕੌਣ ਪੁੱਛਦਾ। ਅਖ਼ੀਰ ਗਰਜ਼ ਦੇ ਮਾਰਿਆਂ ਖਰੈਤੀ ਨੇ ਥਾਂ ਸਸਤੇ ਮੁੱਲ ਨਰੈਣੇ ਨੂੰ ਫੜਾ ਦਿੱਤੀ।
‘‘ਵਧੀਆ ਨਰੈਣ ਸਿਆਂ, ਤੂੰ ਦੱਸ ਕਦ ਛੱਤਣੇ ਫਿਰ ਮਹਿਲ?’’ ਆਪਣੇ ਘਰ ਦੇ ਗੇਟ ਅੱਗੇ ਖੜ੍ਹਾ ਮੈਂ ਨਰੈਣੇ ਨੂੰ ਜਵਾਬ ਦੇ ਦਿੰਦਾ।
‘‘ਬੱਸ ਫ਼ੌਜੀ ਵੱਲ ਈ ਝਾਕਦੇ ਆਂ। ਤੂੰ ਸਿਆਣਾ ਮਕਾਨ ਕਿਹੜਾ ਐਵੇਂ ਬਣਦੇ। ਥਾਂ ਜੁੜ ਗਈ। ਮਕਾਨ ਵੀ ਬਣੂ ਈ। ਸੱਚੇ ਪਾਤਸ਼ਾਹ ਕਰਨ ਵਾਲਾ। ਤੈਨੂੰ ਕਿਹੜਾ ਭੁੱਲਾ ਏ…।’’
ਨਰੈਣਾ ਪੁਰਾਣੀ ਕਥਾ ਛੇੜ ਬੈਠਦਾ।

ਨਰੈਣਾ ਮੇਰੇ ਨਾਲੋਂ ਦਸ ਕੁ ਸਾਲ ਵੱਡਾ ਹੋਣਾ। ਅਸੀਂ ਛੋਟੇ ਹੀ ਸਾਂ ਜਦੋਂ ਉਹ ਸਾਡੇ ਨਾਲ ਸੀਰੀ ਆ ਰਲਿਆ ਸੀ। ਐਸੀ ਗੱਲ-ਕੱਥ ਮਹੀਨੇ ਵੀਹੀਂ ਦਿਨੀਂ ਹੋ ਜਾਂਦੀ। ਜਦੋਂ ਕਦੇ ਨਰੈਣਾ ਸਾਡੇ ਸਾਹਮਣੇ ਖ਼ਰੀਦੀ ‘ਆਪਣੀ’ ਥਾਂ ਵੇਖਣ ਆਉਂਦਾ। ਉਹ ‘ਆਪਣੇ’ ਥਾਂ ’ਚ ਖੜ੍ਹਾ ਹੁੰਦਾ। ਮੈਂ ਆਪਣੇ ਗੇਟ ਅੱਗੇ। ਕਦੇ-ਕਦੇ ਉਹ ਗੇਟ ਟੱਪ ਆਉਂਦਾ। ਪੁਰਾਣੀਆਂ ਗੱਲਾਂ ਕਰਨ ਲੱਗਦਾ।
‘‘ਦੇਖ ਲਾ ਮੇਜਾ ਸਿਆਂ! ਵੇਲੇ-ਵੇਲੇ ਦੀਆਂ ਗੱਲਾਂ। ਤੈਨੂੰ ਮੈਂ ਦੱਸਦਾਂ ਬਈ ਉਦੋਂ ਆਹ ਪਸ਼ੂਆਂ ਲਈ ਪੱਕਾ ਬਰਾਂਡਾ ਨਹੀਂ ਸੀ ਹੁੰਦਾ। ਤੋੜ ਤੀਕ ਕੱਚਾ ਕੋਠਾ ਸੀ। ਇਕ ਪਾਸੇ ਤੂੜੀ ਪਾਉਂਦੇ। ਇਕ ਪਾਸੇ ਪਸ਼ੂ ਬੱਝਦੇ…।’’
ਨਰੈਣਾ ਨਵੇਂ ਮਕਾਨ ਵਿਚੋਂ ਪੁਰਾਣੇ ਘਰ ਦਾ ਨਕਸ਼ਾ ਦਿਖਾਉਣ ਲੱਗਦਾ।
ਦੋ ਕਮਰੇ ਤਾਂ ਨਰੈਣੇ ਨੇ ਵੀ ਛੱਤ ਲਏ ਸਨ। ਜਿਸ ਦਿਨ ਨੀਂਹ ਧਰੀ ਸੀ ਉਸ ਦਿਨ ਲੱਡੂ ਲੈ ਕੇ ਫੱਕਰ ਸਾਡੇ ਵੱਲ ਆਇਆ।
‘‘ਲਓ ਜੀ ਕਰੋ ਮੂੰਹ ਮਿੱਠਾ। ਸੁੱਖ ਨਾਲ ਦੋਵੇਂ ਭਾਈ ਕੋਲ ਕੋਲ ਆ ਗਏ ਆਂ ਮੇਜਾ ਸਿਆਂ।’’ ਨਰੈਣੇ ਦੀ ਇਸ ਗੱਲ ਨਾਲ ਮੇਰਾ ਮੂੰਹ ਕੌੜਾ ਹੋ ਗਿਆ। ਉਹ ਬੂਹਿਓਂ ਬਾਹਰ ਹੋਇਆ। ਮੈਂ ਅੱਧਾ ਬਚਿਆ ਲੱਡੂ ਕੁੱਤੇ ਅੱਗੇ ਪਾ ਦਿੱਤਾ। ਨਰੈਣਾ ਸਾਡੇ ਸਾਹਮਣੇ ਘਰ ਬਣਨ ਕਰਕੇ ਬਹੁਤ ਖ਼ੁਸ਼ ਸੀ। ਜਿੰਨਾ ਉਹ ਮੋਹ ਦਿਖਾਉਂਦਾ, ਓਨਾ ਹੀ ਉਹ ਮੈਨੂੰ ਭੈੜਾ ਲੱਗਦਾ।
‘ਬਾਖੜ ਜਿਹਾ ਭਰਾ ਤੂੰ ਮੇਰਾ ਸੱਜੇ ਪੱਟੋਂ ਕੱਢਿਆ। ਊਈਂ ਸਿਰ ’ਤੇ ਚੜ੍ਹਦਾ ਜਾਊ।’ ਮੈਂ ਮਨ ਵਿਚ ਕੁੜ੍ਹਦਾ ਰਹਿੰਦਾ। ਚੌਦਾਂ ਸਾਲ ਸਾਡੇ ਨਾਲ ਸੀਰ ਕਮਾ ਕੇ ਉਹ ਖ਼ੁਦ ਨੂੰ ਸਾਡੇ ਘਰ ਦਾ ਹਿੱਸਾ ਸਮਝਣ ਲੱਗਿਆ ਸੀ। ਬਾਪੂ ਨਰੈਣੇ ਨਾਲ ਤਿਹੁ ਦਿਖਾਉਂਦਾ ਹੁੰਦਾ ਸੀ। ਰੋਟੀ ਖਾਣ ਲੱਗਿਆਂ ਉਹਨੂੰ ਕੋਲ ਬਿਠਾ ਲੈਣਾ। ਹਰ ਚੀਜ਼ ਬਰਾਬਰ ਦੀ ਦੇਣੀ। ਉਹਨੂੰ ਘਰ-ਬਾਹਰ ਪੂਰੀ ਖੁੱਲ੍ਹ ਸੀ, ਪਰ ਹੁਣ ਤਾਂ ਵੇਲੇ ਬਦਲ ਗਏ ਸਨ। ਸਾਡੇ ਨਾਲ ਸੀਰ ਛੱਡਿਆਂ ਨਰੈਣੇ ਨੂੰ ਮੁੱਦਤ ਹੋ ਗਈ ਸੀ। ਸੀਰ ਛੱਡਣ ਮਗਰੋਂ ਪਹਿਲਾਂ ਪਿੰਡ ਤੇ ਫਿਰ ਸ਼ਹਿਰ। ਉਹ ਬਹੁਤ ਸਾਲ ਦਿਹਾੜੀਆਂ ਕਰਦਾ ਰਿਹਾ। ਉਹਦਾ ਵਿਆਹ ਹੋਇਆ। ਜਵਾਕ ਹੋਏ। ਘਰੇ ਭੰਗ ਭੁਜਦੀ। ਨਰੈਣੇ ਦੇ ਚਾਰ ਜਵਾਕ ਸਨ। ਦੋ ਕੁੜੀਆਂ, ਦੋ ਮੁੰਡੇ। ਕੁੜੀਆਂ ਇਕੋ ਜਿੱਡੀਆਂ। ਲਗਰ ਵਰਗੀਆਂ। ਫੱਕਰ ਨੇ ਦੋਵੇਂ ਕੁੜੀਆਂ ਔਖੇ ਸੌਖੇ ਵਿਆਹ ਦਿੱਤੀਆਂ। ਤਿੰਨੀਂ ਕੱਪੜੀਂ। ਨਾ ਕੋਈ ਬਰਾਤ ਨਾ ਮੇਲ। ਗੁਰਦੁਆਰੇ ਲਾਵਾਂ ਕੀਤੀਆਂ। ਚਾਹ ਪਾਣੀ ਦਾ ਖਰਚ ਬਾਪੂ ਨੇ ਕਰ ਦਿੱਤਾ।
‘‘ਧੀਆਂ ਭੈਣਾਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਰੱਬ ਖ਼ਬਰੇ ਕੀਹਦੇ ਪੈਰਾਂ ਪਿੱਛੇ ਦਿੰਦਾ।’’ ਬਾਪੂ ਦਾਨ-ਪੁੰਨ ਦਾ ਬਹਾਨਾ ਬਣਾ ਲੈਂਦਾ। ਮੇਰਾ ਮੁੰਡਾ ਤੇ ਨਰੈਣੇ ਦਾ ਛੋਟਾ ਮੁੰਡਾ ਭੀਲਾ ਦੋਵੇਂ ਇਕੱਠੇ ਪੜ੍ਹੇ। ਨੌਂਵੀਂ ਵਿਚੋਂ ਹਟ ਕੇ ਭੀਲਾ ਬੋਰਾਂ ਵਾਲੇ ਜਗਤਾਰ ਨਾਲ ਜਾਣ ਲੱਗਿਆ। ਤਰਸੇਮ ਦਸਵੀਂ ਕਰ ਗਿਆ ਤੇ ਫਿਰ ਵੱਡੇ ਸਕੂਲ ਗਿਆਰਵੀਂ ਵਿਚ ਜਾ ਦਾਖ਼ਲ ਹੋਇਆ। ਅਰਜੂ ਵੱਡਾ ਸੀ। ਉਹ ਦਸਵੀਂ ਕਰ ਕੇ ਬੋਰਾਂ ਵਾਲੇ ਨਾਲ ਜਾਂਦਾ ਹੁੰਦਾ ਸੀ। ਉਹ ਭਰਤੀ ਹੋਇਆ ਤਾਂ ਭੀਲਾ ਜਾਣ ਲੱਗਿਆ। ਸਾਡੇ ਵਾਲੇ ਤੋਂ ਰੁੱਗ ਪੱਠੇ ਨਾ ਪੈਂਦੇ।
‘ਕਾਹਦੇ ਬਣੇ ਇਹ ਚਾਪੜ ਜਿਹੇ। ਨਾ ਅੱਕਣ ਨਾ ਥੱਕਣ। ਸੁੱਕੀਆਂ ਰੋਟੀਆਂ ਆਸਰੇ…।’ ਮੈਂ ਹੈਰਾਨ ਹੁੰਦਾ। ਨਰੈਣਾ ਲੰਘਦਾ ਆਉਂਦਾ ਆਖ ਜਾਂਦਾ, ‘‘ਮੇਜਾ ਸਿਆਂ! ਸੇਮੇ ਨੂੰ ਭੇਜਿਆ ਕਰ ਗਰਾਊਂਡ ’ਚ। ਅਰਜੂ ਨਾਲ ਲੱਗਾ ਰਿਹਾ ਕਰੂ। ਫ਼ੌਜ ਕਿਹੜਾ ਮਾੜੀ ਜੇ ਗੱਲ ਬਣਜੇ ਤਾਂ। ਸਾਰੀ ਉਮਰ ਦੀ ਰੋਟੀ ਐ।’’
ਮੈਂ ਹੂੰ-ਹਾਂ ਕਰ ਛੱਡਦਾ। ਮਨ ਵਿਚ ਸੋਚਦਾ, ‘ਫ਼ੌਜੀ ਤਾਂ ਨਰੈਣੇ ਆਲੇ ਨੂੰ ਈ ਉਡੀਕਦੇ ਨੇ ਜਿਵੇਂ। ਗੱਲਾਂ ਤਾਂ ਇਉਂ ਕਰਦੈ…’ ਪਰ ਜਦੋਂ ਅਰਜੂ ਫ਼ੌਜ ’ਚ ਭਰਤੀ ਹੋ ਗਿਆ, ਮੈਨੂੰ ਮੇਰੀ ਗੱਲ ਹੀ ਝੂਠੀ ਲੱਗੀ। ਤਿੰਨਾਂ ਕੁ ਸਾਲਾਂ ਵਿਚ ਬਹੁਤ ਕੁਝ ਬਦਲ ਗਿਆ। ਨਰੈਣਾ ਦਿਹਾੜੀ ਨਾ ਜਾਂਦਾ। ਉਹਨੇ ਦੋ ਕੁ ਫੰਡਰ ਜਿਹੀਆਂ ਗਾਵਾਂ ਰੱਖ ਲਈਆਂ। ਉਨ੍ਹਾਂ ਦੀ ਸਾਂਭ-ਸੰਭਾਲ ਨੂੰ ਲੱਗਿਆ ਰਹਿੰਦਾ। ਜੱਟਾਂ ਦੇ ਖੇਤਾਂ ’ਚੋਂ ਘਾਹ ਖੋਦਦਾ ਫਿਰਦਾ। ਪਿੰਡ ਵਿਚ ਜੱਟਾਂ ਦੇ ਸਪਰੇਅ ਕਰਨ ਲਈ ਚਲਿਆ ਜਾਂਦਾ। …ਤੇ ਜਦੋਂ ਵਿਹਲਾ ਹੁੰਦਾ, ਛੱਪੜ ਵਾਲੀ ਪੁਲੀ ’ਤੇ ਬੈਠਾ ਦੰਦਾਂ ਵਿਚੋਂ ਕਰੇੜਾ ਕੱਢਦਾ ਰਹਿੰਦਾ। ਛੋਟੇ ਮੁੰਡੇ ਦਾ ਬੋਰਾਂ ਦਾ ਕੰਮ ਚੰਗਾ ਸੀ। ਉਦੋਂ ਬਾਪੂ ਅਜੇ ਜਿਊਂਦਾ ਸੀ। ਉਹ ਨਰੈਣੇ ਦੀਆਂ ਗੱਲਾਂ ਛੇੜ ਲੈਂਦਾ, ‘‘ਮੁੰਡਿਆਂ ਸੋਹਣਾ ਤੋਰਾ ਤੋਰ ਲਿਆ। ਅਰਜੂ ਨੂੰ ਨੌਕਰ ਹੋਇਆਂ ਦੋ ਕੁ ਮਹੀਨੇ ਤਾਂ ਹੋ ਗਏ ਹੋਣੇ? ਆਹੋ ਹੋ ਈ ਗਏ। ਨਿੱਕਾ ਵੀ ਚੱਲ ਵਾਹਵਾ ਕਰੀ ਜਾਂਦੈ ਆਵਦਾ…।’’ ਫਿਰ ਉਹ ਹੋਰ ਪਿਛਾਂਹ ਚਲਿਆ ਜਾਂਦਾ।
‘‘ਹੌਲਾ ਈ ਸੀ ਜਦੋਂ ਰਲਿਆ ਸੀ ਆਪਣੇ ਨਾਲ ਨਰੈਣਾ। ਘਰ ਦੇ ਜੀਆਂ ਵਾਂਗੂੰ ਰਿਹਾ। ਵਿਹੜੇ ਦੇ ਕੁੱਲ ਘਰਾਂ ਨਾਲੋਂ ਇਹਦੇ ਮੁੰਡੇ ਸਾਊ ਨਿਕਲੇ…।’’ ਮੈਨੂੰ ਬਾਪੂ ਦੀਆਂ ਗੱਲਾਂ ’ਤੇ ਖਿਝ ਚੜ੍ਹਣ ਲੱਗਦੀ।
‘ਬੁੜ੍ਹੇ ਦੀ ਮੱਤ ਮਾਰੀ ਗਈ। ਘਰ ਦਾ ਕਦੇ ਫ਼ਿਕਰ ਨਹੀਂ ਕੀਤਾ। ਉਹਦਾ… ਬਹੁਤਾ ਹੇਜ ਆਉਂਦਾ ਇਹਨੂੰ।’’ …ਤੇ ਫਿਰ ਜਦੋਂ ਬਾਪੂ ਬਿਮਾਰ ਹੋਇਆ, ਨਰੈਣਾ ਨਿੱਤ ਬਾਪੂ ਦੀ ਖ਼ਬਰ ਲੈਣ ਲਈ ਆ ਜਾਂਦਾ। ਦੋ-ਦੋ ਘੰਟੇ ਬੈਠਾ ਰਹਿੰਦਾ।
‘‘ਨਰੈਣਿਆਂ ਮੁੰਡਿਆਂ ਵਿਹਲਿਆਂ ਕਰਤਾ ਲੱਗਦਾ।’’ ਆਪਣੇ ਵੱਲੋਂ ਮੈਂ ਉਹਦੇ ਵਿਹਲੇ ਬੈਠਣ ’ਤੇ ਤਨਜ਼ ਕਰਦਾ।
‘‘ਬਥੇਰੇ ਹੱਡ ਭੰਨੇ ਭਾਊ! ਚਲੋ ਧੀਆਂ ਪੁੱਤਾਂ ਦੇ ਸਿਰ ’ਤੇ ਈ ਸੁੱਖ ਸਹੀ। ਆਵਦੇ ਜੋਗਾ ਕਰ ਲਈਦਾ। ਕਿਸੇ ਦੇ ਹੱਥਾਂ ਵੱਲ ਝਾਕਣਾ ਵੀ ਔਖਾ ਤੂੰ ਸਿਆਣਾ।’’ ਮੈਂ ਕਦੇ ਨਰੈਣੇ ਵੱਲ ਵੇਖਦਾ ਕਦੇ ਆਪਣੇ ਵੱਲ। ਤਰਸੇਮ ਬਾਰ੍ਹਵੀਂ ਤੋਂ ਅੱਗੇ ਨਾ ਗਿਆ। ਪੱਠਿਆਂ ਵਾਲਾ ਟੋਕਰਾ ਚੁੱਕੀ ਪਸ਼ੂਆਂ ਵੱਲ ਜਾਂਦਾ ਮੈਂ ਖਿਝਣ ਲੱਗਦਾ, ‘‘ਲੋਕਾਂ ਦੇ ਵੀ ਜਵਾਕ ਐ। ਲੱਤ ਦਿੱਤਿਆਂ ਪਾਣੀ ਆਉਂਦਾ…।’’ ਪਰ ਮੈਨੂੰ ਤਰਸੇਮ ਦੇ ਵਿਹਲੇ ਫਿਰਨ ਨਾਲੋਂ ਨਰੈਣੇ ਦੇ ਮੁੰਡਿਆਂ ਦਾ ਕੰਮ ਕਰਦੇ ਹੋਣਾ ਵਧੇਰੇ ਤੰਗ ਕਰਦਾ। …ਤੇ ਨਰੈਣੇ ਦਾ ਮੇਰੇ ਘਰ ਦੇ ਐਨ ਸਾਹਮਣੇ ਥਾਂ ਲੈ ਲੈਣਾ ਉਸ ਤੋਂ ਵੀ ਕਿਤੇ ਵੱਧ ਪ੍ਰੇਸ਼ਾਨ ਕਰਦਾ।
‘ਖਰੈਤੀ ਨੂੰ ਹੋਰ ਕੋਈ ਗਾਹਕ ਨਾ ਲੱਭਾ ਇੰਨੇ ਵੱਡੇ ਪਿੰਡ ’ਚ। ਪਤਾ ਹੁੰਦਾ ਤਾਂ ਮੈਂ ਹੀ ਅੱਗ ਫੱਕ ਲੈਂਦਾ।’ ਪਰ ਜਦੋਂ ਤਿੰਨ ਕੁ ਸਾਲ ਥਾਂ ਵਿਹਲੀ ਪਈ ਰਹੀ, ਮੈਨੂੰ ਅੰਦਰੋ-ਅੰਦਰ ਅਸੀਮ ਖ਼ੁਸ਼ੀ ਮਿਲਦੀ ਰਹੀ।
‘ਘਰ ਬਣਾਉਣੇ ਕਿਤੇ ਸੌਖੇ ਪਏ ਨੇ।’ ਮੈਂ ਮਨ ਵਿਚ ਸੋਚਦਾ। ਕਦੇ ਆਪਣੇ ਘਰ ਵੱਲ ਦੇਖਦਾ। ਬਾਪੂ ਵਾਰੇ ਦਾ ਬਣਿਆ ਪੂਰਾ ਘਰ। ਨਰੈਣੇ ਦੇ ਦੋ ਕਮਰਿਆਂ ਅੱਗੇ ਵੀ ਛੋਟਾ-ਛੋਟਾ ਲੱਗਦਾ। ਉਹਦਾ ਘਰ ਬਣਾ ਰਹੇ ਮਿਸਤਰੀ ਮੈਨੂੰ ਇਉਂ ਲੱਗਦਾ ਜਿਵੇਂ ਮੇਰਾ ਘਰ ਢਾਹ ਰਹੇ ਹੋਣ। ਮੈਂ ਬਾਹਰਲਾ ਗੇਟ ਬੰਦ ਰੱਖਦਾ। ਸਾਹਮਣੇ ਤੁਰੇ ਫਿਰਦੇ ਮਿਸਤਰੀ ਮਜ਼ਦੂਰ ਮੈਨੂੰ ਜ਼ਹਿਰ ਵਰਗੇ ਲੱਗਦੇ।
‘‘ਦਿਨਾਂ ’ਚ ਲੈ ਗਏ ਲੈਂਟਰ ਤੀਕ। ਲੱਗਦੈ ਮਿਸਤਰੀ ਤਾਂ ਬਾਹਲੇ ਛੋਹਲੇ ਐ। ਮੈਂ ਕੋਠੇ ’ਤੇ ਕੱਪੜੇ ਪਾਉਣ ਗਈ ਨੇ ਵੇਖਿਆ। ਰਸੋਈ ਵੀ ਖੁੱਲ੍ਹੀ ਛੱਤੀ ਲੱਗਦੀ ਵਾਹਵਾ।’’ ਮੇਰੀ ਪਤਨੀ ਦੀ ਗੱਲ ਮੈਨੂੰ ਉਸ ਤੋਂ ਵੀ ਜ਼ਹਿਰੀ ਲੱਗੀ ਸੀ।
‘‘ਬਿਠਾ ਲਉ ਕਮੀਣ ਨੂੰ ਸਿਰ ’ਤੇ…।’’ ਮੈਂ ਬੁੜਬੁੜਾਇਆ, ਪਰ ਉਹਨੂੰ ਮੇਰੀ ਗੱਲ ਨਹੀਂ ਸੀ ਸੁਣੀ। ਉਹ ਰਸੋਈ ’ਚ ਜਾ ਕੇ ਆਪਣਾ ਕੰਮ ਕਰਨ ਲੱਗੀ, ਪਰ ਮੇਰਾ ਚਿੱਤ ਕਿਸੇ ਕੰਮ ਵਿਚ ਨਾ ਲੱਗਦਾ। ਆਨੇ ਬਹਾਨੇ ਨਰੈਣਾ ਸਾਡੇ ਵੱਲ ਆ ਵੜਦਾ। ਮੈਨੂੰ ਮਿਸਤਰੀਆਂ ਕੋਲ ਗੇੜਾ ਮਾਰਨ ਨੂੰ ਆਖਦਾ।
‘‘ਬੜਾ ਫ਼ਰਕ ਪੈਂਦਾ ਮੇਜਾ ਸਿਆਂ! ਅਗਲੇ ਨੂੰ ਵੀ ਪਤਾ ਹੁੰਦਾ ਬਈ ਘਰ ਦਾ ਕੋਈ ਜੀਅ ਸਿਰ ’ਤੇ ਹੈਗਾ। ਮੈਨੂੰ ਤਾਂ ਤੈਨੂੰ ਪਤਾ ਸੌ ਭੱਜ-ਨੱਸ ਪਈ ਹੁੰਦੀ ਐ।’’ ਫਿਰ ਉਹ ਖ਼ੁਦ ਹੀ ਬੋਲੀ ਜਾਂਦਾ।

‘‘ਚੱਲ ਚਹੁੰ ਦਿਨਾਂ ਦਾ ਖਪਾ ਏ ਫੇਰ ਤਾਂ ਅਰਾਮ ਨਾਲ ਬੈਠਾਂਗੇ…।’’ ਨਰੈਣੇ ਦਾ ਆਰਾਮ ਮੈਨੂੰ ਬੇਆਰਾਮ ਕਰੀ ਰੱਖਦਾ। ਉਹਦਾ ਮੈਨੂੰ ‘ਘਰ ਦਾ ਜੀਅ’ ਦੱਸਣਾ, ਮੈਨੂੰ ਹੋਰ ਕੁਸੈਲਾ ਕਰ ਦਿੰਦਾ। ਕਦੇ-ਕਦੇ ਮੈਂ ਇੱਕਲਾ ਬੈਠਾ ਸੋਚਦਾ। ਮੈਨੂੰ ਸਮਝ ਨਾ ਆਉਂਦੀ ਨਰੈਣਾ ਮੈਨੂੰ ਅੰਦਰੋ-ਅੰਦਰ ਬੇਆਰਾਮ ਕਿਉਂ ਕਰੀ ਜਾਂਦਾ ਹੈ। ਲੈਂਟਰ ਵਾਲੇ ਦਿਨ ਨਰੈਣੇ ਵੱਲੋਂ ਆਏ ਮਿੱਠੇ ਚੌਲ ਮੈਂ ਪਸ਼ੂਆਂ ਅੱਗੇ ਸੁੱਟਵਾ ਦਿੱਤੇ। ਇੰਜ ਕਰਕੇ ਜਿਵੇਂ ਮੇਰੇ ਮਨ ਨੂੰ ਸਕੂਨ ਮਿਲਿਆ ਹੋਵੇ। ਕਦੇ ਇਸੇ ਤਰ੍ਹਾਂ ਦੀ ਬੇਆਰਾਮੀ ਤਾਰੀ ਨੇ ਪੈਦਾ ਕੀਤੀ ਸੀ। ਬਾਪੂ ਜਿਊਂਦਾ ਸੀ ਉਦੋਂ। ਤਾਰੀ ਪਿੰਡੋਂ ਉੱਠ ਕੇ ਖੇਤ ਜਾ ਬੈਠਾ। ਨਵਾਂ ਘਰ ਪਾ ਲਿਆ। ਕਦੇ-ਕਦੇ ਸਾਡੇ ਵੱਲ ਗੇੜਾ ਮਾਰਦਾ। ਘਰ ਦੀਆਂ ਗੱਲਾਂ ਕਰਨ ਲੱਗਦਾ। ਆਖਦਾ, ‘‘ਮੇਜਾ ਸਿਆਂ! ਊਂਈ ਜ਼ਮਾਨਾ ਈ ਐਸਾ ਆ ਗਿਆ। ਪੱਲੇ ਕਿਸੇ ਦੇ ਕੁਝ ਹੈਗਾ ਜਾਂ ਨਈਂ ਇਹ ਨਹੀਂਉ ਵੇਖਦਾ ਕੋਈ। ਹਿਸਾਬ ਲਾ ਲੈ ਭਾਵੇਂ। ਜਵਾਕਾਂ ਨੂੰ ਬੋਲਣ ਦੀ ਮੱਤ ਨਹੀਂ। ਬਹਿਣਾ-ਉੱਠਣਾ ਆਉਂਦਾ ਨਹੀਂ, ਪਰ ਵੇਖ ਲਾ ਸਾਰੇ ਪਿੰਡ ਦੇ ਜਵਾਕ ਹੁਣ ਸ਼ਹਿਰ ਨੂੰ ਜਾਂਦੇ ਪੜ੍ਹਨ। ਚਾਰ-ਪੰਜ ਸਕੂਲਾਂ ਦੀਆਂ ਗੱਡੀਆਂ ਆਉਂਦੀਆਂ ਆਪਣੇ ਪਿੰਡ। ਜਵਾਕ ਐਨ ਟੱਲੀ ਵਾਂਗੂ ਟਣਕੇ ਹੁੰਦੇ ਸਵੇਰ ਨੂੰ। ਹੋਰ ਵੇਖ ਲਾ… ਕੁੜੀਆਂ ਅੱਜਕੱਲ੍ਹ ਦੀਆਂ… ਚਹੁੰ ਜੀਆਂ ਦੀ ਰੋਟੀ ਪਕਾਉਣ ਜੋਗੀਆਂ ਨਹੀਂ, ਪਰ ਅਗਲਾ ਗੋਰਾ ਚੰਮ ਜ਼ਰੂਰ ਵੇਖਦਾ। ਉਹ ਸੁਣੀ ਨਹੀਂ ਤੂੰ ਢਿੱਡਲਾਂ ਦੀ ਨੂੰਹ। ਕਹਿੰਦੇ ਸਾਰਾ ਟੱਬਰ ਗੋਡਿਆਂ ਥੱਲੇ ਕੀਤਾ ਪਿਆ ਉਹਨੇ। ਲੋਕ ਪਤਾ ਕੀ ਕਹਿੰਦੇ ਸੀ ਜਦੋਂ ਢਿੱਡਲਾਂ ਨੇ ਮੁੰਡਾ ਵਿਆਹਿਆ ਸੀ। ਅਖੇ, ਉਹ ਤਾਂ ਨਿਰੀ ਫਿਲਮਾਂ ਵਾਲੀਆਂ ਵਰਗੀ ਆ। ਮਤਲਬ ਇਹ ਨਿਕਲਦਾ ਸਾਰੀਆਂ ਗੱਲਾਂ ਦਾ ਵੀ ਜਈ-ਤਈ ਮਰਾਵੇ ਸਾਰਾ ਕੁਝ। ਬੰਦੇ ਦੀ ਠੁੱਕ ਚਾਹੀਦੀ ਚਾਰੇ ਪਾਸੇ।’’ ਮੈਨੂੰ ਉਹਦਾ ਇਹ ਉਪਦੇਸ਼ ਉਦੋਂ ਸਮਝ ਆਉਂਦਾ ਜਦੋਂ ਉਹ ਆਪਣਾ ਚੱਲਦਾ ਪ੍ਰਵਚਨ ਘਰ ਨਾਲ ਜੋੜ ਲੈਂਦਾ।

‘‘ਅੱਜਕੱਲ੍ਹ ਘਰ ਬੂਹਾ ਹੀ ਦੇਖਦਾ ਅਗਲਾ। ਭੜੋਲੇ ਦੇ ਦਾਣੇ ਮੋਏ ਪੁੱਛਦੇ ਐ! ਅਸੀਂ ਤਾਂ ਹੀ ਬਾਰਾਂ ਲੱਖ ਖਰਚਤਾ ਭਾਈ। ਕੱਲ੍ਹ ਨੂੰ ਮੁੰਡੇ ਵੀ ਮੰਗਣੇ ਵਿਆਹੁਣੇ। ਜੱਟਾਂ-ਬੂਟਾਂ ਆਲਾ ਕੰਮ ਹੈਨੀ ਹੁਣ।’’
ਤਾਰੀ ਮੇਰੇ ਤਾਏ ਦਾ ਪੁੱਤ ਭਾਈ ਹੈ। ਉਹਦੀਆਂ ਐਸੀਆਂ ਗੱਲਾਂ ਸੁਣ ਕੇ ਮੈਨੂੰ ਘੁੰਮੇਰ ਜਿਹੀ ਚੜ੍ਹਨ ਲੱਗਦੀ। ਲੱਗਦਾ ਤਾਰੀ ਆਪਣੀ ਨਵੀਂ ਕੋਠੀ ਦੀ ਗੱਲ ਨਹੀਂ ਕਰਦਾ ਸਗੋਂ ਮੇਰੇ ਪੁਰਾਣੇ ਘਰ ਵੱਲ ਦੇਖ ਕੇ ਮੈਨੂੰ ਜੱਟ-ਬੂਟ ਦੱਸਦਾ ਹੈ। ਤਾਰੀ ਦੇ ਮੁੰਡੇ ਦੇ ਵਿਆਹ ’ਤੇ ਮੈਨੂੰ ਓਪਰਾ-ਓਪਰਾ ਜਿਹਾ ਲੱਗਦਾ ਰਿਹਾ। ਸਾਰੇ ਵਿਆਹ ਵਿਚ ਮੈਂ ਪਿੱਛੇ ਪਿੱਛੇ ਰਿਹਾ। ਤਾਰੀ ਮੁੰਡਿਆਂ ਨਾਲ ਨੱਚਦਾ। ਨੋਟ ਵਾਰ-ਵਾਰ ਸੁੱਟਦਾ। ਮੈਨੂੰ ਵੀ ਧੂਹ ਕੇ ਸਟੇਜ ’ਤੇ ਲੈ ਗਿਆ।
‘‘ਚਾਚਾ ਲੁਕਦਾ ਫਿਰਦਾ ਐ। ਆ ਜਾ ਮਾਰ ਬੜ੍ਹਕ ਪਤਾ ਲੱਗੇ।’’ ਮੈਨੂੰ ਵੀ ਇਕ ਪਲ ਲਈ ਜੋਸ਼ ਆ ਗਿਆ। ਜੇਬ੍ਹ ਵਿਚ ਪਾਏ ਦਸਾਂ-ਦਸਾਂ ਦੇ ਨਵੇਂ ਨੋਟ ਕੱਢ ਕੇ ਮੈਂ ਹਵਾ ਵਿਚ ਉਛਾਲ ਦਿੱਤੇ। ਤਾਰੀ ਨੇ ਜ਼ਮੀਨ ਗਹਿਣੇ ਧਰ ਕੇ ਵਿਆਹ ਕੀਤਾ ਸੀ। ਨਵੀਂ ਪਾਈ ਕੋਠੀ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਈ ਪਈ ਸੀ। ਕਈ ਦਿਨ ਤਾਰੀ ਦੇ ਮੁੰਡੇ ਦਾ ਵਿਆਹ ਮੇਰੇ ਅੰਦਰ ਖੌਰੂ ਪਾਉਂਦਾ ਰਿਹਾ। ਮੈਨੂੰ ਇਉਂ ਲੱਗਦਾ ਮੇਰੇ ਸਾਹਮਣੇ ਮੈਂ ਹੀ ਬੈਠਾ, ਮੇਰੀ ਬੈਚੇਨੀ ਦੀਆਂ ਗੱਲਾਂ ਕਰ ਰਿਹਾ ਹੋਵਾਂ।
‘ਇਹੋ ਜਿਹੀਆਂ ਚਾਰ ਕੋਠੀਆਂ ਤੂੰ ਵੀ ਛੱਤ ਲੈ ਭਾਵੇਂ। ਕਰਜ਼ੇ ਦਾ ਪਹਾੜ ਚੁੱਕੀ ਫਿਰਦਾ ਅਗਲਾ ਸਿਰ ’ਤੇ। ਮੁੰਡੇ ਦੇ ਵਿਆਹ ’ਤੇ ਜ਼ਮੀਨ ਗਹਿਣੇ ਧਰੀ। ਤੂੰ ਕਾਣੀ ਕੌਡੀ ਨਹੀਂ ਦੇਣੀ ਕਿਸੇ ਦੀ।’ ਜਦੋਂ ਮੈਂ ਇਸ ਗੱਲ ਨਾਲ ਸਹਿਮਤ ਹੁੰਦਾ, ਉਸੇ ਵੇਲੇ ਜਿਵੇਂ ਕੋਈ ਹੋਰ ਮੇਰੇ ਅੰਦਰ ਬੋਲਦਾ।
‘ਕਰਜ਼ੇ ਤਾਂ ਚੜ੍ਹਦੇ ਉਤਰਦੇ ਰਹਿੰਦੇ ਨੇ। ਤੂੰ ਨੀ ਮੁੰਡਾ ਵਿਆਹੁਣਾ ਕੱਲ੍ਹ ਨੂੰ? ਘਰ ਬੂਹਾ ਤਾਂ ਸਵਾਰ ਲੈ। ਕਿਹੜਾ ਹਿੱਕ ’ਤੇ ਰੱਖ ਲਿਜਾਣਾ ਕੁਝ।’ ਮੈਨੂੰ ਸੰਵਾਰ ਕੇ ਨੀਂਦ ਨਾ ਆਉਂਦੀ। ਬਿਮਾਰਾਂ ਵਾਂਗ ਮੰਜੇ ਨਾਲ ਲੱੱਗਿਆ ਰਹਿੰਦਾ। ਤਾਰੀ ਦੇ ਮੁੰਡੇ ਦਾ ਵਿਆਹ ਦਿਮਾਗ਼ ’ਚੋਂ ਨਾ ਨਿਕਲਦਾ। ਮੈਂ ਡਾਕਟਰ ਕੋਲੋਂ ਗੋਲੀਆਂ ਲੈ ਕੇ ਖਾਂਦਾ। ਡਾਕਟਰ ਆਖਦਾ ਤੈਨੂੰ ਟੈਨਸ਼ਨ ਹੋ ਗਈ ਹੈ। ਦਵਾਈ ਖਾ ਕੇ ਨੀਂਦ ਆ ਜਾਂਦੀ।
ਨਰੈਣਾ ਨਵੇਂ ਘਰ ’ਚ ਆ ਵਸਿਆ ਸੀ। ਮਹੂਰਤ ਵਾਲੇ ਦਿਨ ਸੰਗਤ ਵਿਚ ਬੈਠਾ ਮੈਂ ਅੰਦਰ ਹੀ ਅੰਦਰ ਕੁੜ੍ਹਦਾ ਰਿਹਾ। ਰਾਗੀ ਸ਼ਬਦ ਪੜ੍ਹਨ ਲੱਗਾ: ‘‘ਲੱਖ ਖੁਸ਼ੀਆਂ ਪਾਤਸ਼ਾਹੀਆਂ…।’’ ਮੈਂ ਅਰਦਾਸ ਹੋਣ ਤੋਂ ਪਹਿਲਾਂ ਹੀ ਘਰ ਆ ਗਿਆ।
ਵਿਸਾਖ ਚੜ੍ਹ ਗਿਆ ਸੀ। ਧੁੱਪ ਪਿੰਡੇ ਨੂੰ ਖਾਂਦੀ, ਪਰ ਮੈਂ ਧੁੱਪੇ ਮੰਜਾ ਡਾਹ ਕੇ ਪੈ ਗਿਆ। ਉੱਤੇ ਚਾਦਰ ਤਾਣ ਲਈ। ਜਦੋਂ ਨੀਂਦ ਖੁੱਲ੍ਹੀ ਮੇਰੀ ਪਤਨੀ ਚਾਹ ਦਾ ਗਲਾਸ ਲਈ ਸਿਰਹਾਣੇ ਖੜ੍ਹੀ ਸੀ। ਦਿਨ ਢਲਣ ਲੱਗਾ ਸੀ, ਪਰ ਮੇਰੀ ਬੈਚੇਨੀ ਪੈਰੋ-ਪੈਰ ਵਧਦੀ ਤੁਰੀ ਗਈ। ਮੈਨੂੰ ਅਰਜੂ ਦੇ ਵਿਆਹ ਦਾ ਫ਼ਿਕਰ ਪੈ ਗਿਆ। ਤਾਰੀ ਦੇ ਮੁੰਡੇ ਦੀ ਬੈਚੇਨੀ ਅਜੇ ਉਤਰੀ ਨਹੀਂ ਸੀ ਕਿ ਮੈਨੂੰ ਅਰਜੂ ਦੇ ਵਿਆਹ ਦਾ ਡਰ ਆਉਣ ਲੱਗਾ। ਮੈਂ ਨਹੀਂ ਸੀ ਚਾਹੁੰਦਾ ਕਿ ਅਰਜੂ ਦਾ ਰਿਸ਼ਤਾ ਹੋਵੇ। ਵਿਹੜੇ ਦਾ ਕੋਈ ਬੰਦਾ ਜਦੋਂ ਕਦੇ ਸਾਡੇ ਖੇਤ ਦਿਹਾੜੀਆ ਜਾਂਦਾ, ਮੈਂ ਜਾਣ-ਬੁੱਝ ਕੇ ਨਰੈਣੇ ਦੇ ਮੁੰਡਿਆਂ ਦੀ ਗੱਲ ਛੇੜ ਬੈਠਦਾ, ‘‘ਫ਼ੌਜ ਦੇ ਮੂੰਹ ਨੂੰ ਸਾਕ ਤਾਂ ਭਾਵੇਂ ਸੌ ਵਾਰ ਹੋ ਜਾਏ। ਟੱਬਰ ਹੈਨੀ ਊਂ ਇਹ ਕਾਸੇ ਜੋਗਾ। ਦਲੀਲ ਦੇ ਹੌਲੇ ਈ ਨੇ। ਬੀਰੋ ਦੀ ਜ਼ੁਬਾਨ ਤਾਂ ਟੋਕੇ ਵਾਂਗ ਚਲਦੀ ਐ। ਭਰਾ ਮੇਰਿਆ, ਥੋਡੇ ਨਾਲ ਵੀ ਸੂਤ ਏ। ਐਵੇਂ ਨਾ ਸਕੀਰੀ ’ਚੋਂ ਸਾਕ ਕਰਾਉਂਦਾ ਫਿਰੀਂ…।’’ ਇਹੀ ਗੱਲ ਮੈਂ ਵਿਹੜੇ ਦੇ ਕਈ ਬੰਦਿਆਂ ਕੋਲ ਕੀਤੀ। ਇਉਂ ਕਰਕੇ ਜਿਵੇਂ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੋਵੇ।
ਪਰ ਉਹ ਤਾਂ ਵਿਹੜੇ ਦੇ ਕੁੱਲ ਮੁੰਡਿਆਂ ਨਾਲੋਂ ਚੰਗਾ ਸੀ। ਫ਼ੌਜ ਦੀ ਨੌਕਰੀ ਸੀ। ਨੌਕਰੀ ਤਾਂ ਏਸ ਯੁੱਗ ਵਿਚ ਬੰਦਾ ਮਾਰਿਆਂ ਨਹੀਂ ਲੱਭਦੀ। ਉਹ ਛੁੱਟੀ ਆਇਆ, ਬਣ-ਤਣ ਕੇ ਪਿੰਡ ਵਿਚ ਫਿਰਦਾ। ਕੋਲੋਂ ਲੰਘਦਾ ਤਾਂ ਚੁਫ਼ੇਰੇ ਮਹਿਕ ਫੈਲ ਜਾਂਦੀ।
‘ਜਿੰਨਾ ਕਦੇ ਮੂੰਹ ਨਹੀਂ ਸੀ ਧੋਤਾ…’ ਮੈਂ ਗਾਲ੍ਹ ਕੱਢ ਇਉਂ ਸੋਚਦਾ ਜਿਵੇਂ ਅਰਜੂ ਦੀ ਫੈਲਾਈ ਖੁਸ਼ਬੂ ਕਿੱਧਰੇ ਉੱਡ-ਪੁੱਡ ਗਈ ਹੋਵੇ। ਜਾਣਦਾ ਸਾਂ ਅਰਜੂ ਦਾ ਰਿਸ਼ਤਾ ਨਹੀਂ ਸੀ ਅੜਦਾ। ਮੈਂ ਚੱਤੋ-ਪਹਿਰ ਸੁਰਤ ਰੱਖਦਾ, ਪਰ ਕਿਧਰੇ ਵੀ ਅਰਜੂ ਦੇ ਰਿਸ਼ਤੇ ਬਾਰੇ ਕੋਈ ਕਨਸੋਅ ਨਾ ਮਿਲਦੀ। ਕਦੇ ਮੈਨੂੰ ਲੱਗਦਾ ਕਿ ਮੈਂ ਪਾਗਲ ਹੋਈ ਜਾ ਰਿਹਾ ਹਾਂ। ਬਿਨਾਂ ਸਿਰ ਪੈਰ ਦੀਆਂ ਗੱਲਾਂ ਬਾਰੇ ਸੋਚਦਾ। …ਤੇ ਜਿਸ ਦਿਨ ਅਰਜੂ ਨੂੰ ਦੇਖਣ ਵਾਲੇ ਆਏ ਮੈਂ ਵਾਰ-ਵਾਰ ਬੂਹੇ ਅੱਗੇ ਖੜ੍ਹ ਕੇ ਨਰੈਣੇ ਦੇ ਘਰ ਵੱਲ ਦੇਖਦਾ ਰਿਹਾ। ਆਥਣੇ ਜਦੋਂ ਨਰੈਣੇ ਦੀ ਘਰਵਾਲੀ ਲੱਡੂ ਦੇ ਕੇ ਗਈ, ਸਵੇਰ ਦੀ ਮਨ ਨੂੰ ਲੱਗੀ ਅੱਚਵੀ ਹੋਰ ਗੂੜ੍ਹੀ ਹੋ ਗਈ।

ਮੈਂ ਖ਼ੁਦ ਨੂੰ ਤਸੱਲੀ ਦੇਣ ਖ਼ਾਤਰ ਹੀ ਜਿੱਦਾਂ ਪੁੱਛ ਲਿਆ ਸੀ, ‘‘ਕਾਹਦੇ ਲੱਡੂ ਵੰਡੀ ਜਾਂਦੀ ਐਂ ਬੀਰੋ।’’ ਬੀਰੋ ਦੀਆਂ ਵਰਾਛਾਂ ਖਿੜੀਆਂ ਹੋਈਆਂ ਸਨ। ਉਹਨੇ ਹੋਰ ਹੁੱਬ ਕੇ ਦੱਸਿਆ, ‘‘ਆਪਣੇ ਅਰਜੂ ਨੂੰ ਰੋਕ ਗਏ। ਸੂਟ ਸਵਾ ਛੱਡ ਨਵਾਂ। ਅੱਸੂ ਦਾ ਸਿੱਧਾ ਵਿਆਹ ਈ ਲੈ ਲੈਣਾ ਆਪਾਂ।’’ ਮੈਂ ਉਹਨੂੰ ਵਧਾਈ ਵੀ ਨਾ ਦਿੱਤੀ। ਇਉਂ ਲੱਗਿਆ ਜਿਵੇਂ ਕੋਈ ਬਹੁਤੀ ਤੱਤੀ ਚੀਜ਼ ਖਾ ਕੇ ਹਿੱਕ ਮੱਚਣ ਲੱਗੀ ਹੋਵੇ। ਹੋਰ ਦੋ ਸਾਲਾਂ ਨੂੰ ਤਰਸੇਮ ਦਾ ਵੀ ਕੋਈ ਬੰਨ੍ਹ-ਸੁੱਬ ਕਰਨਾ। ਮੇਰਾ ਜੀਅ ਕਰਦਾ ਸੀ। ਅੱਜ ਈ ਤਰਸੇਮ ਨੂੰ ਵਿਆਹ ਲਵਾਂ।
…ਤੇ ਜਦੋਂ ਅਰਜੂ ਦੇ ਵਿਆਹ ਦਾ ਡੀ.ਜੇ. ਵੱਜਿਆ, ਮੇਰੇ ਕੰਨਾਂ ਵਿਚ ਜਿਵੇਂ ਪਾਰਾ ਘੁਲਣ ਲੱਗਿਆ। ਮੈਂ ਦੋ ਕੁ ਪੈੱਗ ਪਹਿਲਾਂ ਹੀ ਲਗਾਈ ਬੈਠਾ ਸੀ। ਨਰੈਣਾ ਮੱਲੋ-ਜ਼ੋਰੀ ਖਿੱਚ ਕੇ ਆਪਣੇ ਵੱਲ ਲੈ ਗਿਆ। ਵਿਹੜੇ ’ਚੋਂ ਨਰੈਣੇ ਦੇ ਸ਼ਰੀਕੇ ਦੇ ਬੰਦੇ ਬੈਠੇ ਦਾਰੂ ਪੀ ਰਹੇ ਸਨ। ਮੈਂ ਵੀ ਨਾਲ ਬੈਠ ਕੇ ਦਾਰੂ ਪੀਣ ਲੱਗਿਆ। ਜਦੋਂ ਵਾਹਵਾ ਤਰਾਰਾ ਜਿਹਾ ਬੱਝ ਗਿਆ, ਡੀ.ਜੇ. ’ਤੇ ਨੱਚਦੇ ਲੋਕ ਮੈਨੂੰ ਭੈੜੇ ਜਿਹੇ ਲੱਗਣ ਲੱਗੇ। ਮੈਂ ਘਾਊਂ ਜਿਹਾ ਬਣਿਆ ਉਨ੍ਹਾਂ ਵੱਲ ਝਾਕਣ ਲੱਗਿਆ। ਅਚਾਨਕ ਪਤਾ ਨਹੀਂ ਕੀ ਹੋਇਆ ਕਿ ਮੈਂ ਉੱਠ ਕੇ ਗਾਲ੍ਹਾਂ ਕੱਢਣ ਲੱਗਿਆ। ਰੂੜੇ ਪੈਂਚ ਨੂੰ ਮੈਂ ਗਲਮੇ ਤੋਂ ਫੜ ਲਿਆ, ‘‘…ਝਾਕਦਾ ਕਿੱਦਾਂ ਤੂੰ…!’’
‘‘ਮੈਂ ਤੈਨੂੰ ਕੀ ਕਹਿਤਾ ਯਾਰ! ਊਈਂ ਖੇੜਣ ਆ ਗਿਆ ਮੇਰੇ ’ਤੇ…।’’ ਰੂੜਾ ਪਹਿਲਾਂ ਤਾਂ ਚੁੱਪ ਕੀਤਾ ਰਿਹਾ, ਫਿਰ ਸਾਡੀ ਤੂੰ-ਤੂੰ ਮੈਂ-ਮੈਂ ਛਿੜ ਪਈ। ਮੇਜ਼ ’ਤੇ ਪਿਆ ਮੀਟ ਵਾਲਾ ਕੌਲਾ ਮੂਧਾ ਹੋ ਗਿਆ। ਕੱਚ ਦੀਆਂ ਗਲਾਸੀਆਂ ਭੁੰਜੇ ਡਿੱਗ ਕੇ ਟੁੱਟ ਗਈਆਂ।
‘‘ਯਾਰ ਆਪਾਂ ਤਾਂ ਭਾਈ ਆਂ। ਰੌਲਾ ਪਾਉਂਦੇ ਚੰਗੇ ਲੱਗੀਦਾ?’’ ਨਰੈਣਾ ਮੈਨੂੰ ਧੂਹ ਕੇ ਪਰ੍ਹਾਂ ਨੂੰ ਲੈ ਗਿਆ। ਉਹਨੂੰ ਵਿਆਹ ਵਿਚ ਪੈਂਦੀ ਬੇਰਸੀ ਦਿਸ ਗਈ ਸੀ। ਬੇਰਸੀ ਹੀ ਤਾਂ ਮੈਂ ਪਾਉਣੀ ਸੀ। ਪਰ ਰੂੜੇ ਨੂੰ ਵੀ ਉਹਦਾ ਮੁੰਡਾ ਘਰ ਨੂੰ ਲੈ ਗਿਆ। ਬੰਦ ਹੋਇਆ ਡੀ.ਜੇ. ਫੇਰ ਵੱਜਣ ਲੱਗਾ। ਰਾਤ ਕੌਣ, ਕਦੋਂ ਮੈਨੂੰ ਘਰ ਛੱਡ ਕੇ ਗਿਆ ਮੈਨੂੰ ਕੋਈ ਸੁਰਤ ਨਹੀਂ ਸੀ। ਸਵੇਰੇ ਜਦੋਂ ਮੈਂ ਉੱਠਿਆ, ਅਰਜੂ ਦੀ ਬਰਾਤ ਚੜ੍ਹ ਗਈ ਸੀ। ਸਾਰਾ ਦਿਨ ਸਿਰ ਗੱਡੇ ਵਰਗਾ ਬਣਿਆ ਰਿਹਾ। ਮੈਂ ਕਿਸੇ ਨਾਲ ਵੀ ਨਾ ਬੋਲਿਆ। ਤਰਸੇਮ ਬਰਾਤੇ ਚਲਾ ਗਿਆ।

+++
ਘਰੇ ਫਿਰਦੀ ਅਰਜੂ ਦੀ ਬਹੂ ਮੈਂ ਜਦ ਦੇਖਦਾ, ਮੈਨੂੰ ਇਉਂ ਲੱਗਦਾ ਜਿਵੇਂ ਸਾਰਾ ਕੁਝ ਹੀ ਬਦਲ ਗਿਆ ਹੋਵੇ। ਬੀਰੋ ਲੰਘਦੀ ਵੜਦੀ ਘਰੋੜ-ਘਰੋੜ ਗੱਲਾਂ ਕਰਦੀ। ਨਰੈਣਾ ਮੌਜ ਵਿਚ ਰਹਿੰਦਾ। ਧੋਤੇ ਕੱਪੜੇ ਪਾਉਂਦਾ। ਪੱਕੀ ਰੋਟੀ ਖਾਂਦਾ। ਮੈਨੂੰ ਭਾਈ-ਭਾਈ ਕਰਦਾ। ਜੱਟ ਤੇ ਸੀਰੀ ਭਾਈ ਨਹੀਂ ਹੁੰਦੇ। ਮੈਂ ਮਨ ਵਿਚ ਨਰੈਣੇ ਨੂੰ ਮੋਟੀ ਸਾਰੀ ਗਾਲ੍ਹ ਕੱਢ ਕੇ ਖ਼ੁਦ ਨੂੰ ਸ਼ਾਂਤ ਕਰ ਲੈਂਦਾ। ਕਦੇ ਲੱਗਦਾ ਜੇ ਉਹ ਮੇਰਾ ਲੱਗਦਾ ਕੁਝ ਨਹੀਂ ਤਾਂ ਫੇਰ ਉਹਦੇ ਨਾਲ ਮੇਰਾ ਸ਼ਰੀਕਾ ਕਾਹਦਾ। ਜਦੋਂ ਦਾ ਨਰੈਣਾ ਮੈਨੂੰ ਭੈੜਾ ਲੱਗਣ ਲੱਗਿਆ ਸੀ, ਉਦੋਂ ਦਾ ਹੀ ਮੈਨੂੰ ਤਾਰੀ ਚੰਗਾ ਲੱਗਣ ਲੱਗਿਆ ਸੀ। ਝੋਨਾ ਵੇਚ ਕੇ ਮੈਂ ਨਵਾਂ ਘਰ ਬਣਾਉਣ ਦੀ ਸਲਾਹ ਬਣਾ ਲਈ। ਮੈਨੂੰ ਤਾਰੀ ਦੀ ਗੱਲ ਯਾਦ ਆਉਂਦੀ। ਮੈਂ ਸੋਚਦਾ ਹੋਰ ਸਾਲ ਨੂੰ ਤਰਸੇਮ ਨੂੰ ਮੰਗਣਾ-ਵਿਆਹੁਣਾ ਐ। ਜ਼ਮਾਨੇ ਮੂਜਬ ਚੱਲਣਾ ਚਾਹੀਦਾ ਹੈ। ਤੇਗਾ ਮਿਸਤਰੀ ਨੀਂਹ ਧਰਨ ਲਈ ਆ ਗਿਆ। ਦਿਹਾੜੀਆ ਚਾਰ ਕਹੀ ਦੇ ਟੱਕ ਮਾਰਦਾ ਤੇ ਹਫਣ ਲੱਗਦਾ। ਡੂੰਘੇ-ਡੂੰਘੇ ਸਾਹ ਲੈਂਦਾ। ਤਰਸੇਮ ਇੱਟਾਂ ਦੀ ਤਰਾਈ ਕਰਦਾ। ਮੈਂ ਮਿਸਤਰੀ ਦੇ ਸਿਰਹਾਣੇ ਖੜ੍ਹਾ ਸਾਂ।
‘‘ਇਉਂ ਕੱਛਾਂ ’ਚ ਹੱਥ ਦਿੱਤਿਆਂ ਘਰ ਨਹੀਂ ਬਣਦੇ ਮੇਜਾ ਸਿਆਂ। ਘਰ ਵਾਲਿਆਂ ਨੂੰ ਨਾਲ ਵੱਗਣਾ ਈ ਪੈਂਦਾ ਐ। ਫੜਾ ਉਰ੍ਹੇ ਕਹੀ।’’ ਮਜ਼ਦੂਰ ਹੱਥੋਂ ਕਹੀ ਫੜ ਕੇ ਨਰੈਣਾ ਨੀਂਹ ਪੁੱਟਣ ਲੱਗਾ। ਮੈਂ ਉਹਦੇ ਵੱਲ ਦੇਖ ਕੇ ਖਚਰਾ ਜਿਹਾ ਹੱਸਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਿਮਰਨ ਧਾਲੀਵਾਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ