Aah Hoi Na Gall (Punjabi Story) : Ashok Vasishth

ਆਹ ਹੋਈ ਨਾ ਗੱਲ (ਕਹਾਣੀ) : ਅਸ਼ੋਕ ਵਾਸਿਸ਼ਠ

“ਮੇਰੇ ਵਰਗਾ ਗਧਾ ਹੋਰ ਨਹੀਂ ਹੋਣਾ ਦੁਨੀਆਂ ਵਿਚ!” ਇਕ ਜੋਸ਼ੀਲੇ ਨੌਜਵਾਨ ਨੇ ਛਿੱਥਾ ਪੈਂਦਿਆਂ ਅੰਦਰਲਾ ਗੁੱਸਾ ਬਾਹਰ ਕੱਢਿਆ। ਗੁੱਸੇ ਦੇ ਨਾਲ ਨਾਲ ਬੇਬਸੀ ਤੇ ਲਾਚਾਰੀ ਦੇ ਸੰਘਣੇ ਪਰਛਾਵੇਂ ਨੇ ਉਹਦੇ ਚਿਹਰੇ ਨੂੰ ਪੂਰੀ ਤਰ੍ਹਾਂ ਕੱਜ ਲਿਆ ਸੀ। ਉਹ ਵਾਰ ਵਾਰ ਘੜੀ ਵਾਲੀ ਬਾਂਹ ਉਪਰ ਚੁੱਕਦਾ, ਇਕ ਨਜ਼ਰ ਘੜੀ ‘ਤੇ ਸੁੱਟਦਾ, ਸੱਜੇ ਪਾਸਿਓਂ ਆਉਣ ਵਾਲੇ ਟ੍ਰੈਫਿਕ ਨੂੰ ਗੌਰ ਨਾਲ ਦੇਖਦਾ, ਮੂਹਰਿਓਂ ਨਿਕਲਣ ਵਾਲੀਆਂ ਬੱਸਾਂ ਦੇ ਨੰਬਰ ਪੜ੍ਹਦਾ, ਤੇ ਸਿਰ ਝਟਕ ਕੇ ਬਸ ਸਟਾਪ ਦੇ ਪਿਛਲੇ ਬੰਨੇ ਉਗੇ ਝਾੜ ਅਤੇ ਦੂਜੇ ਬੂਟਿਆਂ ‘ਤੇ ਕਹਿਰ ਭਰੀ ਨਜ਼ਰ ਸੁਟਦਾ। ਇਕ ਅੱਧ ਨੂੰ ਛੱਡ ਉਥੇ ਖਲੋਤੀਆਂ ਸਾਰੀਆਂ ਸਵਾਰੀਆਂ ਦੀ ਹਾਲਤ ਵੀ ਕੁਝ ਇਹੋ ਜਿਹੀ ਸੀ, ਗੁੱਸਾ ਘੱਟ ਵੱਧ ਹੋ ਸਕਦਾ ਹੈ। ਕੁਝ ਅਜਿਹੇ ਵੀ ਸਨ ਜੋ ਕਿਸੇ ਤਰ੍ਹਾਂ ਦਾ ਪ੍ਰਤੀਕਰਮ ਆਪਣੇ ਚਿਹਰੇ ‘ਤੇ ਜ਼ਾਹਰ ਨਹੀਂ ਸਨ ਕਰ ਰਹੇ, ਪਰ ਅੰਦਰੋ ਅੰਦਰੀ ਕੁੜ੍ਹ ਉਹ ਵੀ ਰਹੇ ਸਨ।
“ਭਾਈ ਸਾਹਿਬ, ਕਿਧਰ ਜਾਣੈਂ ਤੁਸੀਂ?”
“ਜਾਣਾ ਤਾਂ ਤਿਲਕ ਨਗਰ ਐ ਪਰ ਰਾਹ ਵਿਚ ਅਟਕ ਕੇ। ਕਨਾਟ ਪਲੇਸ ਵਿਚ ਇਕ ਕੰਮ ਸੀ, ਸੋਚਿਆ ਸੀ ਇਹ ਕੰਮ ਕਰਦਾ ਜਾਵਾਂ ਪਰ…।” ਕਹਿੰਦਾ ਕਹਿੰਦਾ ਉਹ ਰੁਕ ਗਿਆ।
“ਬਥੇਰਾ ਸਮਾਂ ਹੈ ਅਜੇ, ਬਸ ਆ ਜਾਂਦੀ ਹੈ ਤਾਂ ਠੀਕ ਨਹੀਂ ਤਾਂ ਆਟੋ ਕਰ ਲਈਂ।” ਕੋਲ ਖਲੋਤੇ ਇਕ ਸਿਆਣੇ ਨੇ ਬਿਨ ਮੰਗੀ ਸਲਾਹ ਦੇ ਦਿੱਤੀ।
“ਸਮਾਂ ਤਾਂ ਹੋਵੇ ਜੇ ਡੀ. ਟੀ. ਸੀ. ਦੀ ਬਸ ਆ ਜਾਵੇ ਤੇ ਉਹਦੇ ਆਸਾਰ ਘੱਟੋ ਘੱਟ ਐਸ ਵੇਲੇ ਤਾਂ ਦਿਖਾਈ ਨਹੀਂ ਦਿੰਦੇ!”
ਨੌਜਵਾਨ ਨੇ ਸਾਫਗੋਈ ਤੋਂ ਕੰਮ ਲੈਂਦਿਆਂ ਕਿਹਾ। ਕੁਝ ਹੋਰ ਵਿਅਕਤੀ ਉਥੇ ਆ ਗਏ। ਉਨ੍ਹਾਂ ਨੂੰ ਦੇਖ ਉਹ ਇਕ ਵਾਰ ਫਿਰ ਕੁੜ੍ਹਨ ਲੱਗਾ, ਉਹਦੇ ਮੂੰਹ ਵਿਚੋਂ ਹੌਲੀ ਜਿਹੀ ਨਿਕਲਿਆ, “ਲਓ, ਇਹ ਵੀ ਆ ਗਏ ਨੇ, ਬਸ ਇਨ੍ਹਾਂ ਦੀ ਕਮੀ ਸੀ।” ਉਸੇ ਵੇਲੇ ਸਾਹਮਣੇ ਵਾਲੀ ਸੜਕ ਵਲੋਂ ਦੋ ਮੁਟਿਆਰਾਂ ਕਾਹਲੇ ਕਦਮੀਂ ਸਟਾਪ ਵੱਲ ਆਉਂਦੀਆਂ ਦਿਸੀਆਂ ਤਾਂ ਉਹਦੇ ਚਿਹਰੇ ਦਾ ਤਣਾਓ ਪਤਾ ਨਹੀਂ ਕਿਧਰ ਲੋਪ ਹੋ ਗਿਆ, ਤੇ ਉਹ ਸੱਧਰਾਈਆਂ ਨਜ਼ਰਾਂ ਨਾਲ ਮੁਟਿਆਰਾਂ ਨੂੰ ਸੜਕ ਪਾਰ ਕਰਦਿਆਂ ਦੇਖਣ ਲੱਗਾ। ਮੁਟਿਆਰਾਂ ਨੇ ਸਟਾਪ ‘ਤੇ ਪੁਜ ਕੇ ਸੁੱਖ ਦਾ ਸਾਹ ਲਿਆ। ਉਨ੍ਹਾਂ ਵਿਚੋਂ ਇਕ ਨੇ ਪੁਜਦਿਆਂ ਸਾਰ ਨੌਜਵਾਨ ਨੂੰ ਹਾਏ ਕਹੀ।
“ਹਾਏ ਤੁਸ਼ਾਰ, ਹਾਊ ਆਰ ਯੂ?”
“ਫਾਈਨ! ਤਾਨੀਆ ਤੇਰੇ ਮਿੱਠੇ ਬੋਲ ਸੁਣ ਜੇ ਠੀਕ ਨਹੀਂ ਸੀ ਤਾਂ ਵੀ ਸਮਝ ਲੈ ਹੌਲਾ ਫੁੱਲ ਹੋ ਗਿਆਂ!”
“ਓ ਥੈਂਕਸ, ਕਿੰਨੀ ਦੇਰ ਹੋ ਗਈ ਏ ਇਥੇ ਆਇਆਂ?”
“ਅੱਧਾ ਘੰਟਾ ਹੋ ਗਿਐ, ਬਸ ਦਾ ਇੰਤਜ਼ਾਰ ਕਰਦਿਆਂ, ਪਹਿਲਾਂ ਬਹੁਤ ਔਖਾ ਸੀ ਪਰ ਹੁਣ ਸੋਚਦਾਂ ਚੰਗਾ ਈ ਹੋਇਆ, ਬਸ ਅਜੇ ਤਕ ਨਹੀਂ ਆਈ!” ਤੁਸ਼ਾਰ ਦੇ ਇਹ ਬੋਲ ਸੁਣ ਕੋਲ ਖਲੋਤੀਆਂ ਸਵਾਰੀਆਂ ਦੇ ਮੱਥਿਆਂ ‘ਤੇ ਤਿਉੜੀਆਂ ਉਭਰ ਆਈਆਂ।
“ਚੰਗਾ ਬੰਦਾ ਏ, ਪਹਿਲਾਂ ਡੀ. ਟੀ. ਸੀ. ਵਾਲਿਆਂ ਨੂੰ ਗਾਲ੍ਹਾਂ ਕੱਢੀ ਜਾ ਰਿਹਾ ਸੀ ਤੇ ਹੁਣ ਮੁਟਿਆਰਾਂ ਨੂੰ ਦੇਖਦਿਆਂ ਹੀ ਇਹਦੀ ਸੁਰ ਬਦਲ ਗਈ, ਕਹਿ ਰਿਹੈ ਚੰਗਾ ਈ ਹੋਇਆ ਬਸ ਅਜੇ ਤਕ ਨਹੀਂ ਆਈ।” ਉਹਦੀ ਗੱਲ ਸੁਣ ਹੁਣ ਤਕ ਉਥੇ ਚੁਪਚਾਪ ਖਲੋਤਾ ਇਕ ਜਣਾ ਕੁੜ੍ਹਨ ਲੱਗਾ। ਉਹਦਾ ਰੋਸਾ ਜਾਇਜ਼ ਸੀ। ਉਹ ਆਪਣੇ ਨਾਲ ਖਲੋਤੇ ਇਕ ਹੋਰ ਜਣੇ ਦੇ ਕੰਨ ਵਿਚ ਕਹਿ ਰਿਹਾ ਸੀ, “ਸੌ ਕੰਮ ਹੁੰਦੇ ਨੇ, ਘਰ ਛੇਤੀ ਪੁਜਣਾ ਹੁੰਦਾ, ਕਿਸੇ ਨੂੰ ਮਿਲਣਾ ਹੁੰਦਾ, ਬਾਜਾਰੋਂ ਕੁਝ ਖਰੀਦਣਾ ਹੁੰਦਾ, ਜਾਂ ਫੇਰ ਦਫਤਰ ਦਾ ਕੋਈ ਕੰਮ ਛੇਤੀ ਤੋਂ ਛੇਤੀ ਖਤਮ ਕਰਨਾ ਹੁੰਦੈ, ਜੇ ਇਹਦੇ ਵਾਂਗ ਆਸ਼ਕੀ ਕਰਨ ਬਹਿ ਜਾਈਏ ਤਾਂ ਹੋ ਚੁਕੇ ਕੰਮ…।”
ਉਬਲਣ ਵਾਲਾ ਅੰਦਰੋ ਅੰਦਰੀ ਉਬਲਦਾ ਜਾ ਰਿਹਾ ਸੀ ਪਰ ਤੁਸ਼ਾਰ ਇਸ ਤੋਂ ਬੇਖਬਰ ਆਪਣੀ ਦੁਨੀਆਂ ਵਿਚ ਮਸਤ ਸੀ। ਮੁਟਿਆਰ ਦੇ ਮਿੱਠੇ ਬੋਲਾਂ ਨੇ ਉਹਦੇ ਤਪਦੇ ਚਿਹਰੇ ਨੂੰ ਠਾਰ ਦਿੱਤਾ। ਇਕ ਘੜੀ ਪਹਿਲਾਂ ਜਿਸ ਸੱਜਣ ਦੇ ਮੂੰਹੋਂ ਸ਼ਬਦਾਂ ਦੀ ਥਾਂ ਭਖਦੇ ਅੰਗਿਆਰ ਨਿਕਲ ਰਹੇ ਸਨ, ਉਹ ਪਲਕ ਝਪਦਿਆਂ ਹੀ ਖੁਸ਼ਦਿਲ ਬਣ ਗਿਆ ਸੀ।
“ਦੇਖ ਦੁਨੀਆਂ ਕਿੱਦਾਂ ਬਦਲਦੀ ਐ, ਤੇ ਉਹ ਵੀ ਪਲਕ ਝਪਕਦਿਆਂ, ਸਮਝਿਆ ਕੁਝ?” ਇਕ ਪਾਸੇ ਹਟ ਕੇ ਖਲੋਤਾ ਮੁੱਛ ਫੁਟ ਨੌਜਵਾਨ ਆਪਣੇ ਬੇਲੀ ਨੂੰ ਕਹਿ ਰਿਹਾ ਸੀ।
“ਇਹ ਆਸ਼ਕੀ ਦਾ ਰੰਗ ਹੈ ਪਿਆਰੇ, ਜੇ ਤੂੰ ਕੀਤੀ ਹੁੰਦੀ ਤਾਂ ਸਮਝਦਾ।”
“ਕਰਨੀ ਸੁਆਹ ਐ, ਸਾਡੇ ਕੰਨੀ ਕੋਈ ਝਾਕਦਾ ਤਾਂ ਇਹ ਰੰਗ ਦੇਖਦਾ, ਸਾਡੀ ਉਮਰ ਤਾਂ ਬਈ ਹਉਕੇ ਭਰਨ ਵਿਚ ਈ ਲੰਘ ਗਈ, ਜੇ ਮੈਂ ਉਹਦੀ ਥਾਂ ਹੁੰਦਾ ਤਾਂ ਛੜੱਪੇ ਨਾ ਮਾਰਦਾ ਹੁੰਦਾ।” ਮੁੱਛ ਫੁਟ ਨੌਜਵਾਨ ਕਹਿ ਰਿਹਾ ਸੀ।
“ਚਲ ਕੋਈ ਨਾ, ਛੜੱਪੇ ਵੀ ਮਾਰ ਲਈਂ, ਅਜੇ ਤੇਰੀ ਉਮਰ ਈ ਕੀ ਐ, ਇਹੋ ਕੋਈ…।”
“ਛੱਡ ਪਰੇ, ਉਮਰ ਵਾਲੀ ਕੋਈ ਗੱਲ ਨਹੀਂ, ਬੰਦੇ ਬੰਦੇ ਦੀ ਗੱਲ ਹੁੰਦੀ ਐ, ਕਈ ਲੋਕ ਤਾਂ ਸਿਆਣੇ-ਬਿਆਣੇ ਹੋ ਕੇ ਇਸ਼ਕ ਪੇਚੇ ਤੋਂ ਬਾਜ ਨਹੀਂ ਆਉਂਦੇ, ਉਨ੍ਹਾਂ ਦਾ ਮੁੱਲ ਵੀ ਪੈਂਦਾ, ਨਹੀਂ ਯਕੀਨ ਆਉਂਦਾ ਤਾਂ ਔਹ ਸਾਹਮਣੇ ਦੇਖ ਲਾ।” ਥੋੜ੍ਹੀ ਵਿੱਥ ‘ਤੇ ਖਲੋਤੇ ਬਜ਼ੁਰਗ ਜੋੜੇ ਵੱਲ ਸੈਨਤ ਮਾਰਦਿਆਂ ਮੁੱਛ ਫੁਟ ਨੌਜਵਾਨ ਨੇ ਆਪਣੇ ਬੇਲੀ ਦੀ ਗੱਲ ਵਿਚੋਂ ਕੱਟੀ।
“ਲਓ ਬਈ ਬਸ ਆ ਗਈ।” ਸਟਾਪ ‘ਤੇ ਖਲੋਤੀਆਂ ਸਵਾਰੀਆਂ ਵਿਚੋਂ ਇਕ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ। ਸਾਰੇ ਜਣੇ ਬਸ ਵੱਲ ਦੌੜਨ ਲੱਗੇ। ਤੁਸ਼ਾਰ ਤੇ ਤਾਨੀਆ ਵਿਚਕਾਰਲੀ ਖਾਲੀ ਸੀਟ ਮੱਲ ਕੇ ਬੈਠ ਗਏ ਅਤੇ ਉਸ ਦੀ ਸਹੇਲੀ ਸਾਹਮਣੇ ਵਾਲੀ ਸੀਟ ‘ਤੇ ਬਿਰਾਜਮਾਨ ਹੋ ਗਈ।
“ਘਰ ਜਾਣ ਦੀ ਕਾਹਲੀ ਤਾਂ ਨਹੀਂ?”
“ਨਹੀਂ, ਕਾਹਲੀ ਤਾਂ ਕੋਈ ਨਹੀਂ ਤੇ ਉਹ ਵੀ ਤੁਹਾਡੇ ਹੁੰਦਿਆਂ, ਬਈ ਆਰਾਮ ਨਾਲ ਚਲਾਂਗੇ ਕਾਫੀ-ਸ਼ਾਫੀ ਪੀ ਕੇ।” ਤੁਸ਼ਾਰ ਚਹਿਕਦਾ ਕਹਿ ਰਿਹਾ ਸੀ।
“ਚਲ ਫੇਰ ਠੀਕ ਐ।” ਤਾਨੀਆ ਨੇ ਹੁੰਗਾਰਾ ਭਰਿਆ ਤੇ ਦੂਜੇ ਬੰਨੇ ਬੈਠੀ ਸਹੇਲੀ ਨੂੰ ਤੱਕਦਿਆਂ ਪੁੱਛਿਆ, “ਤੂੰ ਵੀ ਚਲੇਂਗੀ ਨਾ ਸਾਡੇ ਨਾਲ?”
“ਨਾ ਬਈ ਨਾ, ਸਾਨੂੰ ਕਬਾਬ ‘ਚ ਹੱਡੀ ਬਣਨ ਦਾ ਸ਼ੌਕ ਨਹੀਂ, ਤੁਸੀਂ ਜਾਓ, ਮਜੇ ਲਓ, ਸਾਡੀ ਕਿਸਮਤ ਵਿਚ ਕਿਥੇ ਇਹੋ ਜਿਹੇ ਮਜੇ! ਉਂਜ ਵੀ ਅੱਜ ਘਰ ਜਲਦੀ ਪੁੱਜਣਾ।” ਸਹੇਲੀ ਨੇ ਟਕੋਰ ਕੀਤੀ।

“ਕਲ੍ਹ ਤਾਂ ਬਈ ਹੱਦ ਈ ਹੋ ਗਈ, ਪੂਰੇ ਸਾਢੇ ਅੱਠ ਵਜੇ ਘਰ ਪੁੱਜਾ।” ਬਸ ਸਟਾਪ ‘ਤੇ ਖਲੋਤਾ ਇਕ ਜਣਾ ਆਪਣੇ ਨਾਲ ਖਲੋਤੇ ਦੂਜੇ ਬੰਦੇ ਨੂੰ ਕਹਿ ਰਿਹਾ ਸੀ।
“ਇਹ ਕਿਹੜੀ ਨਵੀਂ ਗੱਲ ਹੈ ਵੀਰ ਮੇਰੇ, ਸਵੇਰ ਤੋਂ ਧੱਕੇ ਖਾਣੇ ਸ਼ੁਰੂ ਕਰੀਦੇ ਆ, ਕਦੇ ਰਾਤ ਦੇ ਅੱਠ ਵਜੇ ਤੇ ਕਦੇ ਨੌਂ ਵਜੇ ਘਰ ਪੁੱਜੀਦਾ।” ਦੂਜਾ ਕਹਿ ਰਿਹਾ ਸੀ।
“ਸਾਡੀ ਤਾਂ ਬਈ ਏਦਾਂ ਈ ਨਿਕਲ ਜਾਣੀ ਆ, ਧੱਕੇ ਖਾਂਦਿਆਂ ਦੀ, ਕਦੇ ਬਸਾਂ ਵਿਚ ਤੇ ਕਦੇ ਉਂਜ।” ਕੋਲ ਖਲੋਤੇ ਇਕ ਹੋਰ ਸੱਜਣ ਨੇ ਉਦਾਸ ਹੁੰਦਿਆਂ ਕਿਹਾ।
“ਸਹੀ ਕਿਹੈ ਤੁਸੀਂ, ਅਜੇ ਕਲ੍ਹ ਪਰਸੋਂ ਦੀ ਗੱਲ ਐ, ਬਸ ਵਿਚ ਬੈਠਾ ਸਾਂ, ਮੇਰਾ ਸ਼ੂਗਰ ਲੈਵਲ ਘਟ ਗਿਆ। ਬੈਗ ਵਿਚ ਹੱਥ ਮਾਰਿਆ ਪਰ ਉਸ ਵੇਲੇ ਖਾਣ ਲਈ ਕੁਝ ਨਾ ਨਿਕਲਿਆ, ਮੈਂ ਕੁਝ ਨਾ ਕੁਝ ਜਰੂਰ ਰਖਦਾਂ ਇਹੋ ਜਿਹੇ ਸਮੇਂ ਲਈ।”
“ਕੋਈ ਪਤਾ ਨਹੀਂ ਹੁੰਦਾ ਵਕਤ ਦਾ। ਖਿਆਲ ਰੱਖਣਾ ਚਾਹੀਦਾ ਬਈ।” ਪਹਿਲੇ ਨੇ ਗੰਭੀਰ ਹੁੰਦਿਆਂ ਉਹਦੀ ਗੱਲ ਦਾ ਹੁੰਗਾਰਾ ਭਰਿਆ।
“ਸ਼ੂਗਰ ਲੈਵਲ ਘਟਣ ‘ਤੇ ਮਹਿਸੂਸ ਕੀ ਹੁੰਦਾ?” ਕੋਲ ਖਲੋਤੇ ਇਕ ਹੋਰ ਸੱਜਣ ਨੇ ਪੁਛਿਆ।
“ਇਸ ਬਾਰੇ ਅਸਲ ਗੱਲ ਤਾਂ ਭਾਈ ਸਾਹਿਬ ਹੀ ਦਸਣਗੇ ਪਰ ਮੈਂ ਆਪ ਬੀਤੀ ਜਰੂਰ ਦਸ ਸਕਦਾਂ, ਇਕ ਦਿਨ ਸਵੇਰੇ ਬ੍ਰਸ਼ ਕਰਨ ਲੱਗਾ ਤਾਂ ਮੈਥੋਂ ਵਾਸ਼ ਬੇਸਨ ਅੱਗੇ ਖਲੋ ਹੀ ਨਾ ਹੋਇਆ, ਹੱਥਾਂ ਵਿਚ ਏਨੀ ਜਾਨ ਨਾ ਰਹੀ ਕਿ ਚੰਗੀ ਤਰ੍ਹਾਂ ਬ੍ਰਸ਼ ਫੜ੍ਹ ਸਕਦਾ, ਮਨ ਤਕੜਾ ਕਰਕੇ ਬ੍ਰਸ਼ ਕਰਨ ਦਾ ਯਤਨ ਇਕ ਨਹੀਂ ਦੋ ਤਿੰਨ ਵਾਰ ਕੀਤਾ ਪਰ ਨਹੀਂ, ਹੁਣ ਵੀ ਧੜਾਮ ਦੇ ਕੇ ਡਿੱਗਿਆ ਕਿ ਡਿੱਗਿਆ, ਇਹੋ ਜਾਪਦਾ ਸੀ। ਹਾਰ ਕੇ ਬ੍ਰਸ਼ ਉਥੇ ਛੱਡ ਮੈਂ ਬੈਡ ‘ਤੇ ਲੇਟ ਗਿਆ, ਮੈਨੂੰ ਕੋਈ ਹੋਸ਼ ਨਹੀਂ, ਮੇਰੀ ਸ਼੍ਰੀਮਤੀ ਨੇ ਤਜਰਬੇਕਾਰ ਡਾਕਟਰ ਦੀ ਤਰ੍ਹਾਂ ਗੁਲੂਕੋਜ਼ ਦੇ ਦੋ ਤਿੰਨ ਚਮਚ ਪਾਣੀ ਵਿਚ ਘੋਲ ਕੇ ਮੇਰੇ ਮੂੰਹ ਵਿਚ ਪਾ ਦਿੱਤੇ, ਇਸ ਨਾਲ ਥੋੜ੍ਹੀ ਸੁਰਤ ਜਿਹੀ ਆਈ ਤਾਂ ਉਸ ਹੋਰ ਦੋ ਵਾਰ ਗੁਲੂਕੋਜ਼ ਦਾ ਪਾਣੀ ਪਿਲਾ ਦਿੱਤਾ, ਕੁਝ ਦੇਰ ਲੇਟਣ ਮਗਰੋਂ ਮੈਂ ਪੂਰੀ ਤਰ੍ਹਾਂ ਠੀਕ ਸਾਂ, ਕਈ ਵਾਰ ਸੋਚਦਾਂ ਜੇ ਉਸ ਦਿਨ ਘਰ ਨਾ ਹੁੰਦਾ ਤੇ ਮੇਰੀ ਸ਼੍ਰੀਮਤੀ ਕੋਲ ਨਾ ਹੁੰਦੀ ਤਾਂ ਖਬਰੇ ਕੀ ਹੋ ਜਾਂਦਾ, ਇਹੋ ਜਿਹੀ ਹਾਲਤ ਵਿਚ ਤਾਂ ਬੰਦਾ ਬੋਲਣ ਜੋਗਾ ਵੀ ਨਹੀਂ ਰਹਿੰਦਾ।”
“ਚੱਕਰ ਆਉਂਦੇ ਹਨ, ਸ਼ਰੀਰ ਵਿਚ ਸਾਹ ਸੱਤ ਨਹੀਂ ਰਹਿੰਦਾ, ਨੀਮ ਬੇਹੋਸ਼ੀ ਜਿਹੀ ਹਾਲਤ ਬਣ ਜਾਂਦੀ ਏ। ਹੁਣ ਤਾਂ ਗਿੱਝ ਗਏ ਆਂ, ਪਹਿਲਾਂ ਪਹਿਲ ਤਾਂ ਇਹੋ ਜਿਹੀ ਹਾਲਤ ਬਣਨ ‘ਤੇ ਹੱਥਾਂ ਪੈਰਾਂ ਦੀ ਪੈ ਜਾਂਦੀ ਸੀ!” ਨਾਲ ਖਲੋਤੇ ਇਕ ਹੋਰ ਮੁਸਾਫਰ ਨੇ ਆਪਣੀ ਗੱਲ ਕਹਿ ਸੁਣਾਈ।
“ਭਾਈ ਸਾਹਿਬ, ਤਿੰਨ ਸੌ ਸਤਾਰਾਂ ਤਾਂ ਨਹੀਂ ਆਈ ਅਜੇ?” ਹੁਣੇ ਹੁਣੇ ਬਸ ਸਟਾਪ ‘ਤੇ ਪੁੱਜੇ ਨੌਜਵਾਨ ਨੇ ਪੁੱਛਿਆ।
“ਜੇ ਆਈ ਹੁੰਦੀ ਤਾਂ ਅਸੀਂ ਇਥੇ ਖਲੋਤੇ ਰਹਿੰਦੇ, ਅੱਧਾ ਘੰਟਾ ਹੋ ਗਿਐ, ਹੁਣ ਤਕ ਤਾਂ ਕਨਾਟ ਪਲੇਸ ਦੇ ਦੋ ਚੱਕਰ ਲਾ ਆਉਂਦਾ, ਬਸ ਹੁਣ ਆਈ ਹੁਣ ਆਈ, ਇਸ ਚੱਕਰ ਵਿਚ ਏਨਾ ਸਮਾਂ ਹੋ ਗਿਆ।”
“ਕੋਈ ਗੱਲ ਨਹੀਂ, ਤੁਸੀਂ ਬਸ ਵਿਚ ਬਹਿ ਕੇ ਗੱਲਾਂ ਕਰੀਓ ਹੁਣ।” ਰੈਡ ਲਾਈਟ ‘ਤੇ ਖਲੋਤੀ ਬਸ ਨੂੰ ਦੇਖ ਪਹਿਲਾ ਬਜ਼ੁਰਗ ਚਹਿਕ ਉਠਿਆ। ਬਸ ਸਟਾਪ ‘ਤੇ ਰੁਕੀ ਵੀ ਨਹੀਂ ਸੀ ਕਿ ਇਕ ਦੂਜੇ ਤੋਂ ਕਾਹਲੇ ਮੁਸਾਫਰ ਦੌੜ ਕੇ ਅਗਲੇ ਪਿਛਲੇ ਦਰਵਾਜੇ ਵੱਲ ਉਲਰੇ, “ਮੇਰੀ ਸੀਟ ਰੱਖ ਲਈਂ, ਸਭ ਤੋਂ ਪਹਿਲਾਂ ਬਸ ਵਿਚ ਚੜ੍ਹੇ ਅਧੇੜ ਉਮਰ ਦੇ ਵਿਅਕਤੀ ਨੂੰ ਉਸ ਦਾ ਦੂਜਾ ਸਾਥੀ ਕਹਿ ਰਿਹਾ ਸੀ। ਇਕ ਨੌਜਵਾਨ ਜੋੜਾ ਬਸ ਨੂੰ ਦੇਖ ਦੂਰੋਂ ਨੱਸਾ ਆ ਰਿਹਾ ਸੀ। ਮੁਟਿਆਰ ਨੂੰ ਪਹਿਲਾਂ ਚੜ੍ਹਾ ਨੌਜਵਾਨ ਚਲਦੀ ਬਸ ਦਾ ਡੰਡਾ ਫੜ੍ਹ ਤੇਜੀ ਨਾਲ ਚੜ੍ਹ ਗਿਆ। ਦੋਵੇਂ ਪਿਛਲੀ ਸੀਟ ‘ਤੇ ਪੱਸਰ ਕੇ ਬਹਿ ਗਏ। ਉਹ ਖੁਸ਼ ਸਨ ਕਿ ਸਟਾਪ ‘ਤੇ ਪੁਜਣ ਤੋਂ ਪਹਿਲਾਂ ਹੀ ਬਸ ਮਿਲ ਗਈ।
“ਡੀ. ਟੀ. ਸੀ. ਵਾਲਿਆਂ ਦੀ ਪੰਕਚੁਐਲਟੀ ਦੇਖ ਮਜਾ ਆ ਗਿਆ!” ਏਧਰ ਨੌਜਵਾਨ ਨੇ ਮੁਟਿਆਰ ਨੂੰ ਕਿਹਾ ਤੇ ਹੱਸਣ ਲੱਗਾ। ਮੁਟਿਆਰ ਵੀ ਹੱਸ ਪਈ, ਤੇ ਦੋਵੇਂ ਇਕ ਦੂਜੇ ਨਾਲ ਗੱਲਾਂ ਵਿਚ ਰੁਝ ਗਏ, ਪਰ ਕੋਲ ਬੈਠੇ ਬਜ਼ੁਰਗ ਨੂੰ ਉਨ੍ਹਾਂ ਦੀ ਗੱਲ ਚੰਗੀ ਨਾ ਲੱਗੀ ਤੇ ਉਸ ਇਕ ਤਿਰਛੀ ਨਜ਼ਰ ਦੋਹਾਂ ‘ਤੇ ਸੁੱਟੀ ਅਤੇ ਮਨ ਹੀ ਮਨ ਕੁੜ੍ਹਨ ਲੱਗਾ, “ਇਹਨੂੰ ਕਹਿੰਦੇ ਨੇ ਕਿਸੇ ਨੂੰ ਮਾਂਹ ਬਾਦੀ ਤੇ ਕਿਸੇ ਨੂੰ ਸੁਆਦੀ। ਸਾਡੀਆਂ ਲੱਤਾਂ ਦੀ ਟੈਂ ਬੋਲ ਗਈ ਬਸ ਸਟਾਪ ‘ਤੇ ਖਲੋਤਿਆਂ ਤੇ ਏਧਰ…!”

‘ਮਸਤ ਬਹਾਰੋਂ ਕਾ ਮੈਂ ਆਸ਼ਿਕ।'
“ਬਸ ਬਸ ਜਨਾਬ ਆਸ਼ਿਕ ਜੀ, ਇਥੇ ਕੋਈ ਬਹਾਰ ਨਹੀਂ ਆਈ ਤੇ ਮਸਤੀ ਦੀ ਤਾਂ ਗੱਲ ਈ ਨਾ ਕਰੋ। ਹਾਂ ਫਾਕਾ ਮਸਤੀ ਦਾ ਅਨੰਦ ਜਰੂਰ ਲਈਦਾ ਏ।” ਤਾਨੀਆ ਨੇ ਖੁਸ਼ੀ ਵਿਚ ਝੱਲੇ ਹੋਏ ਤੁਸ਼ਾਰ ਨੂੰ ਠੱਲ੍ਹ ਪਾਉਂਦਿਆਂ ਪੁਛਿਆ, “ਕੀ ਮੈਂ ਤੁਹਾਡੀ ਖੁਸ਼ੀ ਦਾ ਸਬਬ ਜਾਣ ਸਕਦੀ ਹਾਂ, ਸ਼੍ਰੀਮਾਨ?”
“ਸ਼੍ਰੀਮਾਨ ਤੁਸ਼ਾਰ।” ਉਹਦੀ ਗੱਲ ਵਿਚੋਂ ਕੱਟਦਿਆਂ ਤੁਸ਼ਾਰ ਨੇ ਤੁਣਕਾ ਮਾਰਿਆ, “ਪਹਿਲੀ ਗੱਲ ਤਾਂ ਇਹ ਕਿ ਸਾਡੀ ਖੁਸ਼ੀ ਦਾ ਕੋਈ ਸਬਬ ਨਹੀਂ, ਇਹੋ ਜਿਹੇ ਸਬਬ ਉਂਜ ਵੀ ਘੱਟ ਵੱਧ ਹੁੰਦੇ ਨੇ ਹਮਾਤੜ ਸਾਥ ਦੇ ਜੀਵਨ ਵਿਚ। ਦੂਜੀ ਗੱਲ ਇਹ ਕਿ ਰੋਜ ਰੋਜ ਦੇ ਝੱਖੜ ਝੇੜਿਆਂ ਨਾਲ ਹੈਰਾਨ ਪ੍ਰੇਸ਼ਾਨ ਇਹ ਮਨ ਜੇ ਕਦੇ ਭੁੱਲ ਭੁਲੇਖੇ ਮਸਤੀ ਵਿਚ ਆ ਵੀ ਜਾਵੇ ਤਾਂ ਕੀ ਗੁਨਾਹ ਹੋ ਗਿਆ। ਇਥੇ ਕਿਹੜਾ ਕੋਈ ਤਖਤੋ ਤਾਜ ਸਾਡੀ ਝੋਲੀ ਵਿਚ ਪਾ ਰਿਹੈ? ਸੱਚ ਤਾਂ ਇਹ ਹੈ ਕਿ ਭੁੱਖ, ਗਰੀਬੀ, ਕੰਗਾਲੀ, ਬੇਬਸੀ ਤੇ ਮਜਬੂਰੀਆਂ ਨਾਲ ਗ੍ਰਸਿਆ ਸਾਰਾ ਜਹਾਨ ਸਾਡੇ ਲਈ ਹੀ ਤਾਂ ਹੈ, ਅਮੀਰਾਂ ਇਹਤੋਂ ਕੀ ਲੈਣਾ!” ਤੁਸ਼ਾਰ ਨੇ ਰੁਮਾਨੀ ਸੰਸਾਰ ਵਿਚੋਂ ਨਿਕਲਦਿਆਂ ਆਲਾ ਦੁਆਲਾ ਦੇਖਿਆ। ਤਾਨੀਆ ਨੇ ਉਹਦੀ ਗੱਲ ਦਾ ਜਵਾਬ ਦੇਣਾ ਚਾਹਿਆ, ਪਰ ਉਹਦਾ ਧਿਆਨ ਦੂਜੇ ਪਾਸੇ ਲੱਗਾ ਦੇਖ ਉਹ ਚੁੱਪ ਕਰ ਗਈ। ਇਕ ਆਟੋ ਰਿਕਸ਼ਾ ਉਨ੍ਹਾਂ ਅੱਗੇ ਰੁਕੀ, “ਕਨਾਟ ਪਲੇਸ?” ਆਟੋ ਰਿਕਸ਼ਾ ਵਾਲੇ ਨੇ ਪੁੱਛਿਆ। ਤੁਸ਼ਾਰ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ, “ਨੋ!” ਉਸ ਕੁਝ ਸੋਚ ਤਾਨੀਆ ਵੱਲ ਰੁਖ ਕੀਤਾ। “ਬਸ ਨੇ ਅੱਜ ਧੋਖਾ ਦੇਣਾ ਲਗਦਾ। ਇਥੇ ਬੈਠਣ ਨਾਲੋਂ ਤਾਂ ਚੰਗਾ ਹੈ ਮੰਡੀ ਹਾਊਸ ਚਲਦੇ ਆਂ। ਪਹਿਲਾਂ ਚਾਹ ਪੀਵਾਂਗੇ, ਫੇਰ ਅੱਗੇ ਦੀ ਸੋਚਾਂਗੇ। ਵੈਸੇ ਕੀ ਖਿਆਲ ਹੈ ਤੁਹਾਡਾ!”
“ਖਿਆਲ ਨੇਕ ਐ, ਇਧਰੋਂ ਈ ਨਿਕਲ ਤੁਰਦੇ ਆਂ।” ਰਹਿੰਦੀਆਂ ਸਵਾਰੀਆਂ ਵੀ ਤੰਗ ਆ ਕੇ ਉਥੋਂ ਤੁਰ ਪਈਆਂ।

“ਤੁਹਾਨੂੰ ਚੰਗਾ ਭਲਾ ਪਤੈ, ਇਸ ਬਸ ਸਟਾਪ ‘ਤੇ ਬਸ ਛੇਤੀ ਕਿਤੇ ਨਹੀਂ ਮਿਲਦੀ, ਤੁਸੀਂ ਫੇਰ ਵੀ ਮੈਨੂੰ ਇਥੇ ਸੱਦ ਲਿਐ, ਇਸ ਨਾਲੋਂ ਤਾਂ ਚੰਗਾ ਸੀ ਅਸੀਂ ਦਫਤਰ ਤੋਂ ਈ ਆਟੋ ਫੜ੍ਹ ਲੈਂਦੇ।” ਤੁਸ਼ਾਰ ਨੇ ਆਉਂਦਿਆਂ ਈ ਗਿਲਾ ਕੀਤਾ।
“ਸ਼ਾਂਤ, ਸ਼੍ਰੀਮਾਨ ਤੁਸ਼ਾਰ ਜੀ ਮਹਾਰਾਜ, ਸ਼ਾਂਤ! ਇਥੇ ਬਸ ਕਦੇ-ਕਦਾਈਂ ਆਉਂਦੀ ਏ ਤੇ ਜੇ ਆਉਂਦੀ ਵੀ ਏ ਤਾਂ ਉਹ ਮਿਲ ਹੀ ਜਾਵੇ, ਇਹ ਜਰੂਰੀ ਨਹੀਂ। ਇਹ ਗੱਲ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ, ਬਿਲਕੁਲ ਤੁਹਾਡੇ ਵਾਂਗ। ਇਸੇ ਲਈ ਤੁਹਾਨੂੰ ਇਥੇ ਸੱਦਿਆ ਤਾਂ ਜੋ ਇਸ ਮਹਾਪੁਰਸ਼ ਨਾਲ ਥੋੜ੍ਹੀ ਦੇਰ ਆਰਾਮ ਨਾਲ ਬਹਿ ਕੇ ਗੱਲਾਂ ਕਰ ਸਕਾਂ। ਭੀੜ ਵਾਲੇ ਬਸ ਸਟਾਪ ‘ਤੇ ਇਹੋ ਜਿਹੇ ਮੌਕੇ ਮਿਲਦੇ ਨੇ ਕਿਤੇ! ਤੁਹਾਨੂੰ ਤਾਂ ਸਗੋਂ ਖੁਸ਼ ਹੋਣਾ ਚਾਹੀਦੈ!” ਤਾਨੀਆ ਨੇ ਠਰ੍ਹਮੇ ਨਾਲ ਸਾਰੀ ਸਥਿਤੀ ਬਿਆਨ ਕਰ ਦਿੱਤੀ। ਉਸ ਦੀ ਗੱਲ ਸੁਣ ਤੁਸ਼ਾਰ ਦਾ ਹਿਰਦਾ ਗਦਗਦ ਹੋ ਗਿਆ। ਉਹਦੇ ਮੂੰਹ ‘ਚੋਂ ਬਸ ਏਨਾ ਈ ਨਿਕਲਿਆ, “ਇਰਾਦਾ ਕੀ ਏ ਜਨਾਬ ਦਾ, ਇਹ ਦੱਸਣ ਦੀ ਖੇਚਲ ਕਰੋਗੇ?”
“ਆਪਣੇ ਹਿੱਸੇ ਦੀ ਥੋੜ੍ਹੀ ਜਿੰਨੀ ਐਸ਼ ਕਰਨ ਦਾ, ਜੇ ਤੁਹਾਨੂੰ ਇਤਰਾਜ ਨਾ ਹੋਵੇ ਤਾਂ।”
“ਅਮੀਰ ਦਾ ਸਲਾਹੁਣਾ ਕੀ, ਗਰੀਬ ਦਾ ਨਿੰਦਣਾ ਕੀ! ਤੁਸੀਂ ਹੁਕਮ ਕਰੋ, ਜਿਧਰ ਕਹੋਗੇ ਧਾਵਾ ਬੋਲ ਦਿਆਂਗੇ।”
“ਇਹ ਹੋਈ ਨਾ ਗੱਲ!” ਤਾਨੀਆ ਨੇ ਖੁਸ਼ੀ ਵਿਚ ਤਾੜੀ ਵਜਾਈ।
“ਹੁਣ ਚੱਲਣ ਦੀ ਕਰੋ।” ਤੁਸ਼ਾਰ ਕਾਹਲਾ ਪੈ ਗਿਆ।
“ਥੋੜ੍ਹਾ ਸਬਰ ਕਰੋ, ਸਵਾਰੀ ਆ ਲੈਣ ਦਿਉ, ਫੇਰ ਚਲੇ ਵੀ ਜਾਵਾਂਗੇ!”
“ਪਰ ਐਸ ਵੇਲੇ ਕੋਈ ਸਕੂਟਰ ਵੀ ਤਾਂ ਨਹੀਂ ਮਿਲਣਾ।”
“ਕੋਈ ਗਲ ਨਹੀਂ ਜੀ, ਨਹੀਂ ਮਿਲਦਾ ਤਾਂ ਨਾ ਮਿਲੇ, ਅਸੀਂ ਕੋਈ ਸੁੱਖਿਆ ਤਾਂ ਨਹੀਂ ਜਰੂਰ ਸਕੂਟਰ ‘ਤੇ ਈ ਜਾਣਾ।”
“ਜਿੱਦਾਂ ਤੁਹਾਡੀ ਮਰਜੀ, ਬੰਦਾ ਹਾਜ਼ਰ ਐ।” ਇਹ ਕਹਿ ਉਹ ਬੈਠਣ ਲਈ ਬੈਂਚ ਵੱਲ ਵਧਿਆ।
“ਬਹਿਣਾ ਨਹੀਂ, ਇਥੇ ਈ ਖਲੋ ਜਾਉ, ਮੇਰੇ ਕੋਲ।” ਉਹਦੀ ਬਾਂਹ ਫੜ੍ਹ ਤਾਨੀਆ ਸੜਕ ਕੰਢੇ ਖਲੋ ਗਈ। ਇਕ-ਦੋ ਕਾਰਾਂ ਆਈਆਂ ਤੇ ਲੰਘ ਗਈਆਂ। ਕੁਝ ਪਲ ਏਦਾਂ ਈ ਬੀਤ ਗਏ। ਏਨੇ ਵਿਚ ਲਾਲ ਬੱਤੀ ਦੇ ਦੂਜੇ ਪਾਸੇ ਸਲੇਟੀ ਰੰਗ ਦੀ ਕਾਰ ਖਲੋਤੀ ਦੇਖ ਤਾਨੀਆ ਖੁਸ਼ੀ ਨਾਲ ਉਛਲ ਪਈ, “ਆਹ ਹੋਈ ਨਾ ਗੱਲ!” ਉਹਦੇ ਮੂੰਹੋਂ ਨਿਕਲਿਆ। ਲਾਲ ਬੱਤੀ ਖਤਮ ਹੋਣ ‘ਤੇ ਕਾਰ ਅੱਗੇ ਵਧੀ ਤੇ ਦੇਖਦਿਆਂ ਹੀ ਦੇਖਦਿਆਂ ਉਨ੍ਹਾਂ ਸਾਹਮਣੇ ਆ ਖੜ੍ਹੀ ਹੋਈ।
“ਹਾਏ ਰੀਮਾ, ਫੌਜੀਆਂ ਵਾਂਗ ਪੂਰੇ ਟਾਈਮ ਸਿਰ ਆਈ ਏਂ, ਥੈਂਕਸ।”
“ਥੈਂਕਸ ਮੇਰਾ ਨਹੀਂ, ਇਨ੍ਹਾਂ ਦਾ ਕਰ।” ਪਿਛਲੀ ਸੀਟ ‘ਤੇ ਨਾਲ ਜੁੜ ਕੇ ਬੈਠੇ ਨੌਜਵਾਨ ਵੱਲ ਇਸ਼ਾਰਾ ਕਰਦਿਆਂ ਰੀਮਾ ਨੇ ਕਿਹਾ।
“ਥੈਂਕਸ।”
“ਰਮਨ!” ਉਸ ਨੂੰ ਚੁਪ ਹੁੰਦਿਆਂ ਦੇਖ ਨੌਜਵਾਨ ਨੇ ਆਪਣੀ ਜਾਣ ਪਛਾਣ ਕਰਾ ਦਿੱਤੀ।
“ਜੇ ਤੈਂ ਆਪਣੇ ਫਰੈਂਡ ਨਾਲ ਜੁੜ ਕੇ ਬਹਿਣਾ ਤਾਂ ਰਮਨ ਅੱਗੇ ਚਲਾ ਜਾਂਦਾ ਨਹੀਂ ਤਾਂ ਦੂਜੇ ਪਾਸਿਓਂ ਮੇਰੇ ਵੱਲ ਆ ਜਾ ਤੇ ਤੁਸ਼ਾਰ ਤੂੰ ਮੋਹਰਲੀ ਸੀਟ ਮੱਲ ਲੈ।”
“ਠੀਕ ਐ, ਮੈਂ ਮੋਹਰੇ ਬਹਿ ਜਾਨਾਂ।” ਤੁਸ਼ਾਰ ਡਰਾਈਵਰ ਨਾਲ ਬਹਿ ਗਿਆ।
ਕਾਰ ਤਾਲ ਕਟੋਰਾ ਗਾਰਡਨ ਅੱਗੇ ਖਲੋ ਗਈ। “ਬਈ ਅਸੀਂ ਤਾਂ ਥੋੜ੍ਹੀ ਦੇਰ ਇਥੇ ਬਿਤਾਉਣੀ ਏ, ਤੁਸੀਂ ਆਪਣੀ ਮਰਜੀ ਦੱਸੋ।”
“ਤੂੰ ਇਥੇ ਰਮਨ ਨਾਲ ਐਸ਼ ਕਰਨੀ ਏ ਤੇ ਮੈਂ ਕਿਹੜਾ ਰੱਬ ਦੇ ਮਾਂਹ ਮਾਰੇ ਨੇ, ਅਸੀਂ ਵੀ ਚਲਦੇ ਆਂ, ਫਿਕਰ ਨਾ ਕਰ, ਅਸੀਂ ਦੂਰ ਦੂਰ ਰਹਾਂਗੇ, ਡਿਸਟਰਬ ਨਹੀਂ ਕਰਦੇ।” ਤਾਨੀਆ ਨੇ ਹੱਸਦਿਆਂ ਕਿਹਾ ਤੇ ਦੋਵੇਂ ਜੋੜੇ ਇਕ-ਦੂਜੇ ਦਾ ਹੱਥ ਫੜ੍ਹੀ ਗਾਰਡਨ ਵਿਚ ਚਲੇ ਗਏ ਪਰ ਥੋੜ੍ਹੀ ਜਿੰਨੀ ਵਿੱਥ ਨਾਲ।
ਮੌਸਮੀ ਫੁੱਲਾਂ ਦੀਆਂ ਕਿਆਰੀਆਂ ਦੇ ਨਾਲ-ਨਾਲ ਤੁਰਦਿਆਂ ਦੋਵੇਂ ਜੋੜੇ ਆਪੋ ਆਪਣੇ ਰੁਮਾਨੀ ਸੰਸਾਰ ਵਿਚ ਗੁਆਚ ਜਿਹੇ ਗਏ ਸਨ। ਇਕ ਜੋੜਾ ਪੌੜੀਆਂ ਨਾਲ ਬਣੇ ਸੀਮੇਂਟ ਦੇ ਥੜ੍ਹੇ ‘ਤੇ ਬੈਠ ਗਿਆ ਤੇ ਦੂਜਾ ਉਸ ਤੋਂ ਲਾਂਭੇ ਹੱਟ ਕੇ ਇਕ ਦਰਖਤ ਹੇਠ ਰੱਖੇ ਲੋਹੇ ਦੇ ਬੈਂਚ ਦੀ ਸ਼ੋਭਾ ਵਧਾ ਰਿਹਾ ਸੀ। ਦਿਨ ਦਾ ਚਾਨਣ ਬਹੁਤੀ ਦੇਰ ਉਨ੍ਹਾਂ ਦੇ ਰੰਗ ਵਿਚ ਭੰਗ ਨਾ ਪਾ ਸਕਿਆ। ਉਹ ਗਿਆ ਤੇ ਉਹਦੀ ਥਾਂ ਹੌਲੀ ਹੌਲੀ ਹਨੇਰਾ ਪਸਰ ਗਿਆ।
“ਬਈ, ਅੱਜ ਦੀ ਟਰਿੱਪ ਤਾਂ ਯਾਦਗਾਰੀ ਰਹੀ। ਮੈਨੂੰ ਨਹੀਂ ਸੀ ਪਤਾ ਤੈਂ ਏਨਾ ਹਸੀਨ ਪ੍ਰੋਗਰਾਮ ਬਣਾਇਆ ਹੋਇਆ। ਥੈਂਕਸ ਰੀਮਾ, ਇਸ ਸਭ ਲਈ ਇਕ ਵਾਰ ਫੇਰ ਥੈਂਕਸ।” ਬਾਹਰ ਨਿਕਲਦਿਆਂ ਤੁਸ਼ਾਰ ਕਹਿ ਰਿਹਾ ਸੀ।
“ਯਾਦਗਾਰੀ?” ਰੀਮਾ ਦੇ ਮੂੰਹੋਂ ਨਿਕਲਿਆ।
“ਤੁਸ਼ਾਰ ਠੀਕ ਕਹਿੰਦਾ ਏ ਰੀਮਾ, ਇਹੋ ਜਿਹੀ ਪਹਿਲੀ ਟਰਿਪ ਸਾਰਿਆਂ ਲਈ ਯਾਦਗਾਰੀ ਹੁੰਦੀ ਐ, ਭਾਵੇਂ ਤੇਰੇ-ਮੇਰੇ ਲਈ ਇਹ ਮਾਮੂਲੀ ਜਿਹੀ ਗੱਲ ਐ।” ਰਮਨ ਨੇ ਤੁਸ਼ਾਰ ਦੀ ਹਮਾਇਤ ਕੀਤੀ।
ਦੂਜੇ ਪਾਸੇ ਤੁਸ਼ਾਰ ਨਾਲ ਚੰਬੜੀ ਤਾਨੀਆ ਕਹਿ ਰਹੀ ਸੀ, “ਓ ਨੋ ਤੁਸ਼ਾਰ, ਥੈਂਕਸ ਤਾਂ ਤੇਰਾ ਕਰਨਾ ਬਣਦਾ ਏ। ਇਹਨੂੰ ਯਾਦਗਾਰੀ ਬਣਾਉਣ ਵਾਲਾ ਤੂੰ ਏਂ। ਤੇਰੇ ਨਿੱਘ ਤੇ ਤੇਰੇ ਪਿਆਰ ਨੇ ਇਹਨੂੰ ਯਾਦਗਾਰੀ ਟਰਿਪ ਬਣਾਇਐ, ਹਾਂ ਯਾਦਗਾਰੀ ਟਰਿਪ।”

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਸ਼ੋਕ ਵਾਸਿਸ਼ਠ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ