Aapna Desh (Punjabi Story) : Santokh Singh Dhir
ਆਪਣਾ ਦੇਸ਼ (ਕਹਾਣੀ) : ਸੰਤੋਖ ਸਿੰਘ ਧੀਰ
ਆਪਣੇ ਮਾਤਾ-ਪਿਤਾ ਨਾਲ ਦੋਹਾਂ ਹੀ ਭਰਾਵਾਂ ਨੂੰ ਭਾਰਤ ਤੋਂ ਕੈਨੇਡਾ ਗਿਆਂ ਸੋਲ੍ਹਾਂ ਵਰ੍ਹੇ ਹੋ ਚੁੱਕੇ ਸਨ ਤੇ ਇਹਨਾਂ ਸੋਲਾਂ ਵਰ੍ਹਿਆਂ ਵਿਚ ਉਹ ਇਕ ਵਾਰ ਵੀ ਆਪਣੇ ਦੇਸ਼ ਭਾਰਤ ਨਹੀਂ ਆਏ ਸਨ। ਇਕ ਦੀ ਉਮਰ ਇਕ ਸਾਲ ਸੀ, ਦੂਜੇ ਦੀ ਦੋ ਸਾਲ ਦੀ, ਜਦੋਂ ਉਹ ਏਥੋਂ ਗਏ ਸਨ। ਹੁਣ ਉਹ ਭਾਰਤ ਆਏ ਸਨ। ਇਸ ਲਈ ਉਹ ਭਾਰਤ ਨੂੰ ਕੁੱਝ ਇਉਂ ਹੀ ਦੇਖ ਰਹੇ ਸਨ ਜਿਵੇਂ ਕੋਈ ਬਦੇਸ਼ੀ ਜਾਂ ਅਨੋਭੜ ਦੇਖਦਾ ਹੁੰਦਾ ਹੈ। ਉਹਨਾਂ ਲਈ ਭਾਰਤ ਆਪਣਾ ਨਹੀਂ ਕਿਸੇ ਹੋਰ ਦਾ ਦੇਸ਼ ਹੀ ਸੀ। ਉਹਨਾਂ ਦਾ ਦੇਸ਼ ਕੈਨੇਡਾ ਸੀ। ਸਨ ਉਹ ਭਾਵੇਂ ਪੰਜਾਬੀ ਤੇ ਸਿੱਖ ਮਾਤਾ-ਪਿਤਾ ਦੇ ਜੰਮੇ ਜਾਏ।
ਨਿਰੰਜਨ ਸਿੰਘ, ਉਹਨਾਂ ਦਾ ਪਿਤਾ ਜਾਣ-ਬੁੱਝ ਕੇ ਉਹਨਾਂ ਨੂੰ ਹੁਣ ਭਾਰਤ ਲੈ ਕੇ ਆਇਆ ਸੀ। ਇਸ ਲਈ ਕਿ ਉਹ ਵੀ ਆਪਣੇ ਦੇਸ਼ ਭਾਰਤ ਨੂੰ ਦੇਖ ਸਕਣ ਕਿਉਂਕਿ ਉਹਨਾਂ ਨੇ ਭਾਰਤ ਉਕਾ ਹੀ ਨਹੀਂ ਸੀ ਦੇਖਿਆ ਹੋਇਆ। ਕੀ ਸੂਝ ਸੀ ਉਹਨਾਂ ਨੂੰ ਜਦ ਉਹ ਏਥੋਂ ਗੲ ਸਨ? ਬਸ, ਉਹਨਾਂ ਜਨਮ ਹੀ ਇਕ ਏਥੇ ਲਿਆ ਹੋਇਆ ਸੀ। ਇਸ ਤੋਂ ਬਿਨਾਂ ਹੋਰ ਸੰਬੰਧ ਕੋਈ ਉਹਨਾਂ ਦਾ ਏਥੇ ਨਹੀਂ ਸੀ। ਵਰ੍ਹਾ-ਵਰ੍ਹਾ, ਦੋ -ਦੋ ਵਰ੍ਹੇ ਦੇ ਬਾਲ ਤਾਂ ਉਹ ਸਨ ਹੀ ਕੁੱਲ। ਕੀ ਲਗਾਊ ਹੋ ਸਕਦਾ ਸੀ ਉਹਨਾਂ ਨੂੰ ਇਸ ਧਰਤੀ ਨਾਲ? ਉਹਨਾਂ ਦਾ ਲਗਾਉ ਤਾਂ ਕੈਨੇਡਾ ਦੀ ਧਰਤੀ ਨਾਲ ਸੀ, ਕੈਨੇਡਾ ਦੇ ਬਿਰਛ-ਬੂਟਿਆਂ ਨਾਲ। ਉਥੋਂ ਦੇ ਹੀ ਵਾਤਾਵਰਣ ਦੀ ਉਹਨਾਂ ਨੂੰ ਸਮਝ ਆ ਸਕਦੀ ਸੀ।
ਕੈਨੇਡਾ ਵਿਚ, ਘਰ ਵਿਚ, ਪੰਜਾਬੀ ਬੋਲੀ ਜਾਂਦੀ ਸੀ। ਇਹ ਪੰਜਾਬੀ ਬੋਲ ਇਹਨਾਂ ਦੇ ਕੰਨਾਂ ਵਿਚ ਵੀ ਪੈਂਦੇ ਸਨ ਪਰ ਬੋਲਣ ਵੇਲੇ ਇਹਨਾਂ ਦੇ ਉਚਾਰਨ ਉਹ ਨਹੀਂ ਹੁੰਦੇ ਸਨ ਜੋ ਉਹਨਾਂ ਦੇ ਮਾਤਾ-ਪਿਤਾ ਜਾਂ ਦਾਦੇ-ਦਾਦੀ ਦੇ ਹੁੰਦੇ ਸਨ। ਉਹਨਾਂ ਦੇ ਪੰਜਾਬੀ ਲਫ਼ਜ਼ ਮੰਲੋ-ਮੱਲੀ ਅੰਗੇਜ਼ੀ ਲਬੋ ਲਹਿਜ਼ੇ ਦੇ ਹੋ ਜਾਂਦੇ ਸਨ। ਉਹ ਮੇਜ਼ ਨਹੀਂ ਕਹਿ ਸਕਦੇ ਸਨ, ਟੇਬਲ ਆਖ ਸਕਦੇ ਸਨ। ਪੁਸਤਕ ਜਾਂ ਕਿਤਾਬ ਉਹਨਾਂ ਦੀ ਸਮਝ ਤੋਂ ਬਾਹਰ ਦੀ ਗੱਲ ਸੀ। ਕੇਵਲ ਬੁੱਕ ਆਖਣ ਨਾਲ ਹੀ ਉਹਨਾਂ ਨੂੰ ਸਮਝ ਪੈ ਸਕਦੀ ਸੀ। ਬੂਹਾ, ਬਾਰੀ ਤਾਂ ਉਕਾ ਹੀ ਉਹ ਸਮਝ ਨਹੀਂ ਸਕਦੇ ਸਨ। ਉਹਨਾਂ ਲਈ ਇਹ ਡੋਰ ਅਤੇ ਵਿੰਡੋ ਹੀ ਹੋ ਸਕਦੇ ਸਨ। ਵਿੰਡੋ ਵੀ ਫੇਰ ਵਿੰਡੋ ਨਹੀਂ, ਉਹਨਾਂ ਲਈ ਇਹ ''ਵਿੰਡਾ'' ਹੀ ਸੀ। ਜਿਵੇਂ ਯੈਸ? ਯੈਸ ਨਹੀਂ, ਉਹਨਾਂ ਲਈ ਇਹ ''ਯਾਅ'' ਹੀ ਸੀ। ਅੰਗਰੇਜ਼ੀ ਉਹ ਬੜੀ ਸੋਹਣੀ ਅਤੇ ਸਥਾਨਕ ਬੋਲ ਸਕਦੇ ਸਨ, ਪੰਜਾਬੀ ਨਹੀਂ। ਪੰਜਾਬੀ ਉਹ ਇਉਂ ਬੋਲਦੇ ਸਨ ਜਿਵੇਂ ਕੋਈ ਬਦੇਸ਼ੀ ਸਿੱਖ-ਸੁੱਖ ਕੇ ਬੋਲਦਾ ਹੁੰਦਾ ਹੈ।
ਨਿਰੰਜਣ ਸਿੰਘ ਪੜ੍ਹਿਆ ਲਿਖਿਆ ਸੂਝਵਾਨ ਵਿਅਕਤੀ ਸੀ। ਬੀ.ਏ.ਬੀ.ਐਡ ਪਾਸ ਸੀ ਤੇ ਏਧਰ ਉਹ ਪੰਜਾਬ ਵਿਚ ਟੀਚਰ ਲੱਗਾ ਹੁੰਦਾ ਸੀ। ਖੱਬੇ ਪੱਖੀ ਜਾਗ੍ਰਤ ਵਿਚਾਰਧਾਰਾ ਦਾ ਧਾਰਨੀ। ਹੇਠਲੀ ਮੱਧ ਸ਼੍ਰੇਣੀ ਦੇ ਕਿਸਾਨ ਪਰਿਵਾਰ ਦਾ ਜੰਮਪਲ। ਮੋਗੇ ਵੱਲ ਸੀ ਪਿੰਡ ਉਹਦਾ। ਗੁਜ਼ਾਰਾ ਮਾੜਾ ਨਹੀਂ ਸੀ, ਪਰ ਹੋਰ ਵੀ ਚੰਗੇ ਜੀਵਨ ਲਈ ਉਹ ਏਥੋਂ ਨੌਕਰੀ ਛੱਡ ਕੇ ਕੈਨੇਡਾ ਚਲਾ ਗਿਆ ਸੀ ਤੇ ਅੱਜਕੱਲ੍ਹ ਉਹ ਉਥੇ ਵੈਨਕੂਵਰ ਵਿਚ ਰਹਿ ਰਿਹਾ ਸੀ। ਆਪ ਤਾਂ ਉਹ ਪੂਰਾ-ਪੂਰਾ ਪੰਜਾਬੀ ਅਤੇ ਭਾਰਤੀ ਸੀ ਪਰ ਉਹਨੂੰ ਆਪਣੇ ਪੁੱਤਰਾਂ ਬਾਰੇ ਚਿੰਤਾ ਜਿਹੀ ਰਹਿੰਦੀ ਸੀ ਕਿ ਉਹ ਵੀ ਉਹਦੇ ਵਾਂਗ ਵੀ ਪੰਜਾਬੀ ਭਾਰਤੀ ਹੋਣ। ਇਹ ਸਮੱਸਿਆ ਭਾਵੇਂ ਉਸ ਇਕੱਲੇ ਦੀ ਹੀ ਨਹੀਂ ਸੀ। ਸਾਰੇ ਉਹਨਾਂ ਪੰਜਾਬੀਆਂ ਤੇ ਭਾਰਤੀਆਂ ਦੀ ਸਾਂਝੀ ਸੀ ਜੋ ਉਸ ਵਾਂਗ ਹੀ, ਏਥੋਂ ਜਾ ਕੇ, ਇੰਗਲੈਂਡ, ਅਮਰੀਕਾ ਜਾਂ ਕੈਨੇਡਾ ਵਸੇ ਹੋਏ ਸਨ; ਤਾਂ ਵੀ, ਜਿਵੇਂ ਉਹਨੂੰ ਇਹ ਕੁੱਝ ਬਹੁਤ ਹੀ ਮਹਿਸੂਸ ਹੁੰਦੀ ਕਿਉਂਕਿ ਉਹਨੂੰ ਪਤਾ ਸੀ ਕਿ ਆਪਣੀ ਬੋਲੀ ਤੇ ਸੱਭਿਆਚਾਰ ਦੀ ਕੀ ਮਹੱਤਤਾ ਹੁੰਦੀ ਹੈ। ਇਹਨਾਂ ਬਿਨਾਂ ਤਾਂ ਜਿਵੇਂ ਬੰਦਾ ਉਕਾ ਕੁਝ ਵੀ ਹੈ ਹੀ ਨਹੀਂ।
ਠੀਕ ਹੀ, ਕੈਨੇਡਾ ਵਿਚ, ਉਹ ਇਹਨਾਂ ਆਪਣੇ ਪੁੱਤਰਾਂ ਨੂੰ ਉਹ ਸਭ ਕੁੱਝ ਦੱਸਦਾ ਹੁੰਦਾ ਸੀ ਜੋ ਭਾਰਤ ਜਾਂ ਪੰਜਾਬ ਬਾਰੇ ਉਹਨਾਂ ਲਈ ਜ਼ਰੂਰੀ ਸੀ। ਰਾਮਾਇਣ, ਮਹਾਂਭਾਰਤ ਤੇ ਗੁਰੂ ਗਰੰਥ ਸਾਹਿਬ ਬਾਰੇ ਵੀ ਉਹ ਉਹਨਾਂ ਨੂੰ ਦੱਸਦਾ ਹੁੰਦਾ ਸੀ ਤੇ ਏਥੋਂ ਦੇ ਦਰਿਆਵਾਂ ਅਤੇ ਪਹਾੜਾਂ ਆਦਿ ਬਾਰੇ ਵੀ। ਪੰਜਾਬ ਵਿਚ ਕਦੇ ਪੰਜ ਦਰਿਆ ਵੱਗਦੇ ਹੁੰਦੇ ਸਨ ਪਰ ਹੁਣ ਇਹ ਦੋ ਰਹਿ ਗਏ ਹਨ। ਤਿੰਨ ਦੂਜੇ ਪਾਸੇ ਪਾਕਿਸਤਾਨ ਵਿਚ ਚਲੇ ਗਏ ਹਨ। ਪਾਕਿਸਤਾਨ, ਹਿੰਦੂਸਤਾਨ ਨੂੰ ਕੱਟ ਕੇ ਬਣਾਇਆ ਗਿਆ। ਪਹਿਲਾਂ ਪਾਕਿਸਤਾਨ ਸਾਰਾ ਇੰਡੀਆ ਵਿਚ ਹੀ ਹੁੰਦਾ ਸੀ। ਪਾਕਿਸਤਾਨ ਤਾਂ ਕੱਲ੍ਹ ਬਣਿਆ-੧੯੪੭ ਵਿਚ।
ਗੁਰੂ ਗ੍ਰੰਥ ਸਾਹਿਬ ਉਹਨਾਂ ਵੈਨਕੂਵਰ ਗੁਰਦਵਾਰੇ ਵਿਚ ਬਹੁਤ ਦੇਖਿਆ ਸੀ, ਰੇਸ਼ਮੀ ਰੁਮਾਲਿਆਂ ਤੇ ਬੜੀ ਹੀ ਸੁੰਦਰ ਪਾਲਕੀ ਵਿੱਚ। ਸੰਡੇ ਨੂੰ ਉਹ ਡੈਡ ਨਾਲ ਬਹੁਤ ਵਾਰ ਵੈਨਕੂਵਰ ਗੁਰਦਵਾਰੇ ਗਏ ਸਨ। ਇਹ ਵੀ ਦੱਸਿਆ ਹੋਇਆ ਸੀ ਕਿ ਆਪਾਂ ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲੇ ਹਾਂ ਤੇ ਆਪਣੇ ਦਸ ਗੁਰੂ ਹਨ ਤੇ ਸਭ ਤੋਂ ਪਹਿਲੇ ਗੁਰੂ ਨਾਨਕ ਹਨ। ਉਹਨਾਂ ਨੇ ਦਸਾਂ ਗੁਰੂਆਂ ਦੀਆਂ ਤਸਵੀਰਾਂ ਵੀ ਦੇਖੀਆਂ ਹੋਈਆਂ ਸਨ। ਗੁਰੂ ਹਰਿਕ੍ਰਿਸ਼ਨ ਦੀ ਤਸਵੀਰ ਦੇਖ ਕੇ ਇੱਕ ਨੇ ਕਿਹਾ :
''ਡੈਡ, ਇਹ ਚਾਈਲਡ ਵੀ ਗੁਰੂ ਸੀ?''
''ਹਾਂ, ਇਹ ਵੀ ਗੁਰੂ ਸਨ। ਚਾਈਲਡ ਨਾ ਕਹੋ, ਬਾਬਾ ਜੀ ਕਹੋ। ਗੁਰੂ ਮਹਾਰਾਜ ਕਹੋ। ਇਹ ਆਪਣੇ ਅੱਠਵੇਂ ਗੁਰੂ ਸਨ। ਨਮਸਕਾਰ ਕਰੋ ਬੇਟਾ, ਨਮਸਕਾਰ ਕਰੋ।'' ਉਹਨੇ ਆਪਣੇ ਹੱਥ ਜੋੜ ਕੇ ਨਮਸਕਾਰ ਕਰ ਕੇ ਕਿਹਾ, ''ਇਉਂ ਕਰੋ ਨਮਸਕਾਰ।'' ਉਹਨਾਂ ਦੋਹਾਂ ਨੇ ਹੱਥ ਜੋੜ ਕੇ ਉਵੇਂ ਹੀ ਨਮਸਕਾਰ ਕੀਤਾ ਪਰ ਓਪਰਿਆਂ ਜਿਹਾਂ ਵਾਂਗ ਹੀ। ਕਿਉਂਕਿ ਉਸ ਵਾਂਗ ਤਾਂ ਉਹਨਾਂ ਨੂੰ ਕਰਨਾ ਆਉਂਦਾ ਹੀ ਨਹੀਂ ਸੀ।
ਰਾਮਾਇਣ ਅਤੇ ਮਹਾਂਭਾਰਤ ਦੇ ਭਾਰਤ ਵਿਚ ਟੀ.ਵੀ. ਲਈ ਸੀਰੀਅਲ ਬਣ ਚੁੱਕੇ ਸਨ ਤੇ ਇਹਨਾਂ ਦੀਆਂ ਕੈਸਟਾਂ ਕੈਨੇਡਾ ਵੀ ਪੁੱਜ ਗਈਆਂ ਸਨ। ਉਹਨੇ ਵੀ.ਸੀ.ਆਰ. ਰਾਹੀਂ ਇਹ ਕੈਸਟਾਂ ਟੀ.ਵੀ. ਉਤੇ ਉਹਨਾਂ ਨੂੰ ਦਿਖਾਈਆਂ ਸਨ ਪਰ ਉਹਨਾਂ ਨੂੰ ਕੁਝ ਬਹੁਤੀ ਇਹਨਾਂ ਦੀ ਸਮਝ ਨਹੀਂ ਆ ਸਕੀ ਸੀ ਕਿਉਂਕਿ ਭਾਰਤ ਦੇ ਬੱਚਿਆਂ ਵਾਂਗ ਇਹ ਉਹਨਾਂ ਦੇ ਆਪਣੇ ਜੀਵਨ ਵਿਚ ਰਚੀਆਂ ਮਿਚੀਆਂ ਨਹੀਂ ਸਨ। ਭਾਰਤ ਦੇ ਬੱਚਿਆਂ ਦੇ ਤਾਂ ਇਹ ਖੂਨ ਵਿਚ ਰਚੀਆਂ ਹੁੰਦੀਆਂ ਹਨ।
ਰਾਮਾਇਣ ਵਿਚ ਹਨੂਮਾਨ ਤੇ ਉਹਨਾਂ ਦੀ ਬਾਨਰ ਸੈਨਾ ਉਹਨਾਂ ਨੂੰ ਬੜੀ ਹੀ ਅਦਭੁਤ ਲੱਗੀ ਸੀ। ਉਹਨਾਂ ਵਿਚੋਂ ਹਨੂਮਾਨ ਨੂੰ ਦੇਖ ਕੇ, ਇਕ ਨੇ ਕਿਹਾ ਸੀ :
''ਡੈਡ, ਇੰਡੀਆ ਵਿਚ ਪੂਛਾਂ ਵਾਲੇ ਲੋਕ ਵੀ ਨੇ?''
''ਨਹੀਂ''। ਉਹਨੇ ਹੱਸ ਕੇ ਕਿਹਾ?''
''ਫੇਰ ਇਹ ਕਿਥੋਂ ਆ ਗਏ?''
''ਇਹ ਗੱਲ ਕੁਝ ਹੋਰ ਹੈ। ਇਹ ਘੜੀ ਹੋਈ ਕਹਾਣੀ ਹੈ। ਇਹ ਹੁਬਹੂ ਸੱਚ ਨਹੀਂ।''
''ਫੇਰ ਇਹ ਘੜੀ ਕਿਉਂ ਗਈ ਹੈ, ਝੂਠ?''
''ਇਹ ਪ੍ਰਚੀਨ ਕਹਾਣੀ ਹੈ। ਇਹ ਇਸੇ ਤਰ੍ਹਾਂ ਹੀ ਹੁੰਦੀ ਹੈ। ਘੜੀ ਹੋਈ ਮਨੋਕਲਪਤ। ਇਹਨੂੰ ਮਿਥਿਹਾਸ ਕਹਿੰਦੇ ਹਨ। ਅੰਗਰੇਜ਼ੀ ਵਿਚ ਮਾਈਥਾਲੋਜੀ। ਇਹ ਹਰ ਕੌਮ ਦੀ ਹੁੰਦੀ ਹੈ। ਮਿਸਰ ਦੀ, ਯੂਨਾਨ ਦੀ, ਚੀਨ ਦੀ। ਇਹ ਆਪਣੀ ਹੈ। ਇਹ ਆਪਣੇ ਭਾਰਤ ਦੀ ਰੂਹ ਹੈ।''
''ਅੱਛਾ, ਇਹ ਰੂਹ ਹੈ।'' ਅਤੇ ਉਹ ਹੱਸ ਪਏ।
ਨਿਰੰਜਨ ਸਿੰਘ ਨੇ ਸੋਚਿਆ ਕਿ ਇਹ ਬੱਚੇ ਏਥੇ ਹੀ ਜਵਾਨ ਹੁੰਦੇ ਜਾ ਰਹੇ ਹਨ। ਹੋਰ ਵਰ੍ਹੇ ਲੰਘ ਗਏ ਤਾਂ ਹੋਰ ਵੱਡੇ ਹੋ ਜਾਣਗੇ ਤੇ ਫੇਰ ਤਾਂ ਇਹ ਉਕਾ ਹੀ ਭਾਰਤ ਨੂੰ ਜਾਣ ਹੀ ਨਹੀਂ ਸਕਣਗੇ-ਆਪਣੀ ਮਾਤਰੀ-ਭੂਮੀ ਨੂੰ। ਇਹਨਾਂ ਨੂੰ ਹੁਣ ਭਾਰਤ ਤੇ ਪੰਜਾਬ ਲੈ ਜਾਣਾ ਚਾਹੀਦਾ ਹੈ। ਦਿੱਲੀ ਦੇਖਣ, ਮੋਗਾ ਦੇਖਣ, ਤਾਜ ਦੇਖਣ, ਪਿੰਡ ਦੇਖਣ। ਅੰਮ੍ਰਿਤਸਰ ਦਰਬਾਰ ਸਾਹਿਬ ਤਾਂ ਅਵੱਸ਼ ਹੀ ਦੇਖਣਾ ਚਾਹੀਦਾ ਹੈ ਤੇ ਜਲ੍ਹਿਆਂਵਾਲਾ ਬਾਗ ਵੀ। ਇਹਨਾਂ ਨੂੰ ਤਾਂ ਜਲ੍ਹਿਆਂਵਾਲਾ ਬਾਗ ਦਾ ਉਕਾ ਹੀ ਪਤਾ ਨਹੀਂ।
ਅਤੇ ਉਹ ਉਹਨਾਂ ਨੂੰ ਦਸੰਬਰ ਦੇ ਅੱਧ ਵਿਚਕਾਰ ਜਿਹੇ ਇੰਡੀਆ ਲੈ ਕੇ ਆ ਗਿਆ ਸੀ। ਹੁਣ ਉਹਨਾਂ ਨੂੰ ਏਧਰ-ਉਧਰ ਪੰਜਾਬ ਅਤੇ ਹੋਰੀ ਥਾਂਈਂ ਸੈਰ ਕਰਾਉਂਦਾ ਫਿਰ ਰਿਹਾ ਸੀ। ਉਸ ਦੇ ਆਪਣੇ ਪਿੰਡ ਵਿਚ ਹੀ ਕਿਸੇ ਕੋਲ ਇਕ ਵੈਨ ਸੀ ਜੋ ਆਪ ਡਰਾਈਵ ਕਰ ਕੇ ਉਹਨੂੰ ਟੈਕਸੀ ਵਜੋਂ ਵਾਹੁੰਦਾ ਸੀ। ਉਹਨੇ, ਸਾਰੇ ਸਮੇਂ ਲਈ ਉਹ ਆਪਣੇ ਪਿੰਡ ਦੀ ਵੈਨ ਕਿਰਾਏ ਉਤੇ ਲੈ ਲਈ ਸੀ। ਪੈਸੇ ਦੀ ਫਿਕਰ ਨਹੀਂ ਸੀ। ਕਾਫੀ ਖੁੱਲ੍ਹਾ ਖਰਚ ਕਰ ਸਕਣ ਦੀ ਪਰੋਖੋਂ ਸੀ। ਇਉਂ ਸਾਲਮ ਕੀਤੀ ਵੈਨ ਸਸਤੀ ਵੀ ਸੀ, ਸੁਖਦਾਇਕ ਵੀ, ਜਿਵੇਂ ਆਪਣੀ ਹੀ ਗੱਡੀ ਹੋਵੇ।
ਪੰਜ ਸਨ ਉਹ ਵੈਨ ਵਿਚ। ਤਿੰਨ ਆਪ ਹੀ ਸਨ-ਦੋ ਮੁੰਡੇ ਇਕ ਉਹ ਆਪ-ਇਕ ਉਸ ਦਾ ਦੋਸਤ ਸੀ ਜੋ ਉਹਨੈ ਨਾਲ ਲੈ ਲਿਆ ਸੀ। ਪੰਜਵਾਂ ਡਰਾਈਵਰ ਸੀ। ਇਸ ਸਮੇਂ ਉਹ ਆਗਰਾ ਤੋਂ ਦਿੱਲੀ ਵੱਲ ਆ ਰਹੇ ਸਨ ਤੇ ਅੱਜ ਰਾਤ ਦਿੱਲੀ ਹੀ ਇਕ ਦੋਸਤ ਕੋਲ ਰਹਿਣਾ ਸੀ ਜੋ ਪਾਰਲੀਮੈਂਟ ਦਾ ਮੈਂਬਰ ਸੀ। ਜਨਵਰੀ ਦਾ ਪਹਿਲਾ ਹਫਤਾ ਅੰਤ ਨੂੰ ਛੂਹ ਰਿਹਾ ਸੀ ਤੇ ਇਸ ਸਮੇਂ ਸ਼ਾਮ ਰਾਤ ਦੀਆਂ ਜੂਹਾਂ ਵੱਲ ਵੱਧ ਰਹੀ ਸੀ। ਅਚਾਨਕ ਉਹਨਾਂ ਸੋਚਿਆ ਕਿ ਉਂਜੇ ਹੀ ਜਾ ਵੱਜਣ ਦੀ ਥਾਂ ਪਾਰਲੀਮੈਂਟ ਦੇ ਮੈਂਬਰ ਦੇ ਘਰ ਫੋਨ ਕਰ ਲੈਣਾ ਚਾਹੀਦਾ ਹੈ। ਘਰ ਹੋਵੇ ਤਾਂ ਠੀਕ ਹੈ, ਨਹੀਂ ਤਾਂ ਕਿਤੇ ਹੋਰ ਰਹਿਣ ਦਾ ਇੰਤਜ਼ਾਮ ਕੀਤਾ ਜਾਵੇ। ਉਹੀਓ ਗੱਲ ਹੋਈ ਸੀ। ਉਹਨਾਂ ਜਦੋਂ ਐਸ.ਟੀ.ਡੀ. ਤੋਂ ਕਿਤੋਂ ਫੋਨ ਕੀਤਾ ਪਤਾ ਲੱਗਾ ਕਿ ਐਮ.ਪੀ.ਸਾਹਿਬ ਅੱਜ ਏਥੇ ਨਹੀਂ ਹਨ, ਮਦਰਾਸ ਗਏ ਹੋਏ ਹਨ ਤੇ ਕੱਲ੍ਹ ਵਾਪਸ ਆ ਰਹੇ ਹਨ। ਉਹਨਾਂ ਬਿਨਾਂ ਘਰ ਰਹਿਣ ਦਾ ਕੋਈ ਵੀ ਮਤਲਬ ਨਹੀਂ ਸੀ। ਤਦੇ ਉਹਦੇ ਦੋਸਤ ਨੇ ਇਕ ਹੋਰ ਪਾਸੇ ਵੱਲ ਰਿੰਗ ਘੁਮਾਈ। ਉਹਦਾ ਇਕ ਜਿਗਰੀ ਦੋਸਤ ਰੋਹਿਨੀ ਵਿਖੇ ਰਹਿ ਰਿਹਾ ਸੀ। ਜਿਸ ਦਾ ਆਪਣਾ ਘਰ ਸੀ ਤੇ ਬੜਾ ਹੀ ਮਹਿਮਾਨ ਨਿਵਾਜ਼ ਸੀ। ਉਸ ਨੂੰ ਉਹ ਦੋਸਤ ਘਰ ਹੀ ਮਿਲ ਗਿਆ। ਕਿਹਾ ਗਿਆ ਕਿ ਪੰਜ ਜਣੇ ਉਸ ਕੋਲ ਆ ਰਹੇ ਹਾਂ ਤੇ ਉਸ ਕੋਲ ਹੀ ਰਹਾਂਗੇ। ਵੈਨ ਉਤੇ ਆ ਰਹੇ ਹਾਂ। ਪੰਜਾਂ ਬਾਰੇ ਵੀ ਸਾਰਾ ਵਿਸਤਾਰ ਦੱਸ ਦਿੱਤਾ ਗਿਆ ਸੀ ਕਿ ਤਿੰਨ ਕੈਨੇਡਾ ਵਾਲੇ ਹਨ, ਇਕ ਡਰਾਈਵਰ, ਇਕ ਉਹ ਆਪ। ਘੰਟੇ-ਸਵਾ ਘੰਟੇ ਤੱਕ ਉਹ ਉਸ ਕੋਲ ਆ ਪੁੱਜੇ ਸਨ। ਇਕ ਹੋਰ ਦੋਸਤ ਵੀ ਪੰਜਾਬ ਤੋਂ ਆਇਆ ਹੋਇਆ ਸੀ ਜੋ ਸ਼ਾਮੀ ਪੰਜ ਕੁ ਵਜੇ ਨਾਲ ਹੀ ਉਸ ਕੋਲ ਅੱਜ ਪੁੱਜਾ ਸੀ। ਚਲੋ, ਠੀਕ ਹੋ ਗਿਆ ਸੀ। ਮੇਜ਼ਬਾਨ ਖੁਸ਼ ਸੀ। ਮਹਿਫਲ ਜਿਹੀ ਬਣ ਗਈ ਸੀ।
ਡਰਾਇੰਗ ਰੂਮ ਵਿਚ ਸਾਰੇ ਹੀ ਦੀਵਾਨ ਅਤੇ ਸੋਫ਼ਿਆਂ ਉਤੇ ਏਧਰ ਉਧਰ ਬਹਿ ਗਏ ਸਨ। ਸਫਰ ਨਾਲ ਥੱਕੇ ਹੋਏ ਤਾਂ ਥੋੜ੍ਹਾ ਬਹੁਤ ਸਾਰੇ ਹੀ ਸਨ ਪਰ ਮੁੰਡੇ ਦੋਵੇਂ ਥੋੜ੍ਹਾ ਜਿਹਾ ਮੁਰਝਾਏ ਜਿਹੇ ਲੱਗ ਰਹੇ ਸਨ। ਜਾਪਦਾ ਸੀ ਜਿਵੇਂ ਉਹਨਾਂ ਦਾ ਮਨ ਏਥੇ ਨਹੀਂ ਸੀ, ਇਸ ਸਮੇਂ ਉਹ ਕਿਸੇ ਹੋਰ ਹੀ ਥਾਂਵੇਂ ਗਿਆ ਹੋਇਆ ਸੀ। ਚੁੱਪ ਚਾਪ ਬੈਠੇ ਉਹ ਖਾਲੀ-ਖਾਲੀ ਅੱਖਾਂ ਨਾਲ ਕੰਧਾਂ ਵਲ ਜਾਂ ਏਧਰ ਉਧਰ ਬਿੱਟ ਬਿੱਟ ਤੱਕ ਰਹੇ ਸਨ ਜਿਵੇਂ ਉਹਨਾਂ ਕੋਲੋਂ ਕੁਝ ਗੁਆਚ ਗਿਆ ਹੁੰਦਾ ਹੈ ਤੇ ਲੱਭ ਹੀ ਨਹੀਂ ਰਿਹਾ ਹੁੰਦਾ।
ਮੇਜ਼ਬਾਨ ਨੇ ਚਾਹ ਪੁੱਛੀ। ਚਾਹ ਦਾ ਸਮਾਂ ਹੀ ਨਹੀਂ ਸੀ ਤੇ ਚਾਹ ਉਹਨਾਂ ਰਾਹ ਵਿਚ ਹੀ ਕਿਤੇ ਪੀ ਲਈ ਹੋਈ ਸੀ। ਕੋਫ਼ੀ ਬਾਰੇ ਪੁੱਛਿਆ ਗਿਆ। ਕੋਫ਼ੀ ਵੀ ਨਹੀਂ ਸੀ ਚਾਹੀਦੀ।
ਨੌ-ਸਵਾ ਨੌ ਸਨ ਇਸ ਸਮੇਂ ਰਾਤ ਦੇ। ਇਸ ਸਮੇਂ ਚਾਹ ਜਾਂ ਕੌਫ਼ੀ ਕਿਸੇ ਦੀ ਲੋੜ ਨਹੀਂ ਸੀ। ਬੱਸ, ਖਾਣਾ ਖਾਣਾ ਸੀ, ਸੋ ਖਾਣਾ ਖਾ ਲਿਆ ਜਾਵੇਗਾ। ਮੇਜ਼ਬਾਨ ਕੋਲ ਵਧੀਆ ਬਾਹਰ ਦੀ ਵਿਸਕੀ ਆਈ ਪਈ ਸੀ। ਆਪ ਤਾਂ ਪੀਂਦਾ ਨਹੀਂ ਸੀ ਉਹ ਆਏ ਗਏ ਕਿਸੇ ਮਿੱਤਰ ਦੀ ਸੇਵਾ ਲਈ ਜ਼ਰੂਰ ਉਸ ਦੇ ਅੱਗੇ ਰੱਖੀ ਜਾ ਸਕਦੀ ਸੀ। ਸੋ ਮੇਜ਼ ਉਤੇ ਕੱਚ ਦੇ ਗਲਾਸ ਅਤੇ ਵਿਸਕੀ ਦੀ ਸੁਨਹਿਰੀ ਬੋਤਲ ਰੱਖੀ ਗਈ। ਅੰਡੇ ਬਣ ਕੇ ਆ ਗਏ। ਸਲਾਦ ਦੀ ਪਲੇਟ ਅਤੇ ਸੇਬ ਵੀ ਆ ਗਏ ਸਨ। ਕਿਚਨ ਵਿਚ ਅੰਦਰ ਖਾਣਾ ਤਿਆਰ ਹੋਣ ਲੱਗ ਪਿਆ ਸੀ। ਮੁੰਡੇ ਇੰਡੀਆ ਆਏ ਹਨ। ਇੰਡੀਆ ਦੀ ਦਾਲ-ਸਬਜ਼ੀ ਇੰਡੀਆ ਦੀ ਮਿੱਠੀ ਡਿਸ਼, ਇੰਡੀਆ ਦੇ ਫਲ-ਫਰੂਟ।
ਪਰ ਇਹ ਜਾਣ ਕੇ ਹੈਰਾਨੀ ਹੋਈ ਕਿ ਮੁੰਡੇ ਕਿਸੇ ਚੀਜ਼ ਨੂੰ ਵੀ ਮੂੰਹ ਨਹੀਂ ਲਾ ਰਹੇ ਸਨ। ਠੀਕ ਹੈ, ਸਿਆਲ ਸੀ, ਤ੍ਰੇਹ ਦੇ ਦਿਨ ਨਹੀਂ ਸਨ, ਤਾਂ ਵੀ ਸਭ ਨੂੰ ਆਉਂਦਿਆਂ ਹੀ ਕੱਚ ਦੇ ਗਲਾਸਾਂ ਵਿਚ ਪਾਣੀ ਦਿੱਤਾ ਗਿਆ ਸੀ ਅਤੇ ਸਭ ਨੇ ਥੋੜ੍ਹਾ-ਥੋੜ੍ਹਾ ਪਾਣੀ ਪੀ ਵੀ ਲਿਆ ਸੀ ਪਰ ਇਹਨਾਂ ਦੋਹਾਂ ਮੁੰਡਿਆਂ ਨੇ ਪਾਣੀ ਨਹੀਂ ਪੀਤਾ ਸੀ। ਕਿਹਾ ਗਿਆ ਕਿ ਇਹ ਏਥੋਂ ਦਾ ਪਾਣੀ ਪੀਂਦੇ ਨਹੀਂ ਹਨ। ਬੀਮਾਰ ਹੋਣ ਤੋਂ ਡਰਦੇ ਹਨ। ਮੇਜ਼ਬਾਨ ਨੇ ਆਖਿਆ ਕਿ ਹੁਣੇ ਸੋਡਾ ਆ ਜਾਂਦਾ ਹੈ, ਕੋਕਾ ਕੋਲਾ ਆ ਜਾਂਦਾ ਹੈ, ਥਮਜ਼ ਅੱਪ ਆ ਜਾਂਦਾ ਹੈ ਪਰ ਕਿਹਾ ਗਿਆ ਕਿ ਨਹੀਂ, ਇਹਨਾਂ ਨੂੰ ਇਹਨਾਂ ਦੀ ਵੀ ਲੋੜ ਨਹੀਂ। ਇਹਨਾਂ ਇਹ ਵੀ ਪੀਣਾ ਨਹੀਂ। ਬੜੀ ਅਜੀਬ ਗੱਲ ਸੀ। ਆਖ਼ਰ ਇਹ ਪੀਂਦੇ ਕੀ ਸਨ ਫੇਰ?
''ਕਾਕਾ! ਤੁਸੀਂ ਫੇਰ ਕੁੱਝ ਹੋਰ ਪੀ ਲਓ।'' ਮੇਜ਼ਬਾਨ ਨੇ ਆਖਿਆ ਪਰ ਉਹ ਕੁਝ ਵੀ ਬੋਲੇ ਨਹੀਂ। ਦੂਜੀ ਵਾਰੀ ਫੇਰ ਆਖਿਆ। ਫੇਰ ਵੀ ਉਹ ਬੋਲੇ ਨਹੀਂ। ਬੱਸ ਉਹਨਾਂ ਥੋੜ੍ਹਾ ਜਿਹਾ ਨਾਂਹ ਆਖਣ ਲਈ ਸਿਰ ਹਿਲਾਇਆ।
ਉਹਨਾਂ ਨੂੰ ''ਕਾਕਾ'' ਲਫ਼ਜ਼ ਦੀ ਵੀ ਸਮਝ ਨਹੀਂ ਆ ਸਕੀ ਸੀ। ਸ਼ਾਇਦ ਅਜਿਹੇ ਲਫ਼ਜ਼ ਉਹਨਾਂ ਦੇ ਕੰਨੀ ਪਏ ਹੀ ਨਹੀਂ ਸਨ ਕਦੇ। ਇਹਨਾਂ ਵਿਚ ਜੋ ਖੰਡ ਅਤੇ ਸ਼ਹਿਦ ਵਰਗੀ ਮਿੱਠਤ ਸੀ, ਉਹ ਉਸ ਤੋਂ ਜਾਣੂ ਨਹੀਂ ਸਨ।
''ਕੌਫੀ ਪੀ ਲਵੋ?''
''ਨਹੀਂ'' ਉਹਨਾਂ ਉਵੇਂ ਹੀ ਨਾਂਹ ਕਹਿਣ ਲਈ ਸਿਰ ਹਿਲਾਇਆ। ਏਨਾ ਚੰਗਾ, ਚਾਹ ਤੇ ਕੌਫ਼ੀ ਉਹਨਾਂ ਨੂੰ ਸਮਝ ਆ ਰਹੇ ਸਨ। ਖ਼ੈਰ, ਕੌਫ਼ੀ ਤਾਂ ਸਮਝ ਸਕਣਾ ਉਹਨਾਂ ਲਈ ਮੁਸ਼ਕਿਲ ਨਹੀਂ ਸੀ। ਇਸ ਅੰਗਰੇਜ਼ੀ ਲਫ਼ਜ਼ ਹੀ ਸੀ।
ਤਾਂ ਫੇਰ, ਉਹ ਖਾਣਗੇ ਕੀ? ਆਖ਼ਿਰ ਕੁੱਝ ਤਾਂ ਖਾਣਗੇ ਹੀ? ਕਦੇ ਦੱਸਿਆ ਗਿਆ ਕਿ ਅੰਡਿਆਂ ਦੇ ਇਕ-ਇਕ ਦੋ-ਦੋ ਸੈਂਡਵਿਚ ਲੈ ਲੈਣਗੇ। ਥੋੜ੍ਹਾ ਸੇਬ ਖਾ ਲੈਣਗੇ। ਪਾਣੀ ਨਹੀਂ ਪੀਣਗੇ। ਕੀ ਪੀਣਗੇ? ਕੁਝ ਵੀ ਨਹੀਂ। ਬੜੀ ਅਜੀਬ ਗੱਲ ਸੀ ਇਹ। ਮੁੰਡੇ ਸਨ ਕਿ ਇਕ ਪਹੇਲੀ। ਆਖ਼ਰ ਕੁਝ ਤਾਂ ਪੀਣਗੇ ਹੀ?
ਉਹਨਾਂ ਨੂੰ ਉਥੇ ਬੈਠਣ ਵਿਚ ਵੀ ਕੋਈ ਦਿਲਚਸਪੀ ਨਹੀਂ ਸੀ। ਉਹ ਜਿਵੇਂ ਬੱਧੇ ਰੁੱਧੇ ਜਿਹੇ ਹੀ ਉਥੇ ਸਭ ਵਿਚ ਬੈਠੇ ਸਨ ਤੇ ਆਪਣੇ ਆਪ ਵਿਚ ਪੂਰੀ ਤਰ੍ਹਾਂ ਉਹ ਅੱਕ-ਥੱਕ ਜਿਹੇ ਚੁੱਕੇ ਸਨ। ਇਹਨਾਂ ਦੀਆਂ ਉਣੀਂਦਰੀਆਂ ਤੇ ਥੱਕੀਆਂ-ਥੱਕੀਆਂ ਅੱਖਾਂ ਵਿਚ ਲਾਲ ਡੋਰੇ ਦਿਸ ਰਹੇ ਸਨ ਅਤੇ ਉਹ ਉਬਾਸੀਆਂ ਵੀ ਘੜੀ ਮੁੜੀ ਲੈ ਰਹੇ ਸਨ। ਵਿਸਕੀ ਉਹ ਪੀਂਦੇ ਨਹੀਂ ਸਨ। ਟੀਨ ਏਜ਼ਰ ਹੋਣ ਕਾਰਨ ਉਹਨਾਂ ਨੂੰ ਅਜੇ ਇਸ ਪਾਸੇ ਵੱਲ ਪਾਇਆ ਹੀ ਨਹੀਂ ਗਿਆ ਸੀ। ਬੀਅਰ ਵੀ ਪੀਣੀ ਨਹੀਂ ਸੀ। ਉਹਨਾਂ ਨੂੰ ਉਂਝ ਵੀ ਹੁਣ ਬੀਅਰ ਦਿੱਲੀ ਵਿਚ ਨੇੜੇ ਮਿਲਣੀ ਹੀ ਨਹੀਂ ਸੀ ਕਿਤੇ, ਵਰਜਿਤ ਏਰੀਆ ਹੋਣ ਕਾਰਨ। ਖ਼ੈਰ, ਜੇ ਮਿਲ ਵੀ ਜਾਂਦੀ ਤਾਂ ਉਹਨਾਂ ਪੀਣੀ ਹੀ ਨਹੀਂ ਸੀ ਇਹ ਇੰਡੀਆ ਦੀ ਬੀਅਰ। ਉਹਨਾਂ ਨੂੰ ਤਾਂ ਕੈਨੇਡਾ ਦਾ ਹੀ ਖਾਣਾ-ਪੀਣਾ ਮੁਆਫ਼ਿਕ ਸੀ। ਸਾਹ ਜ਼ਰੂਰ ਉਹ ਏਥੇ ਦੀਆਂ ਹਵਾਵਾਂ ਵਿਚ ਲੈ ਰਹੇ ਸਨ। ਇਸ ਲਈ ਮਜ਼ਬੂਰੀ ਸੀ। ਵਸ ਚਲਦਾ, ਸ਼ਾਇਦ ਉਹ ਏਥੇ ਸਾਹ ਵੀ ਲੈਣ ਤੋਂ ਬਚੇ ਹੀ ਰਹਿੰਦੇ।
ਉਹਨਾਂ ਦੀ ਉਕਤਾਹਟ ਦੇਖ, ਮੇਜ਼ਬਾਨ ਨੇ ਆਖਿਆ ਕਿ ਇਹਨਾਂ ਨੂੰ ਉਤੇ ਕਮਰੇ ਵਿਚ ਪਹੁੰਚਾਇਆ ਜਾਣਾ ਚਾਹੀਦਾ ਹੈ। ਬੈਡ ਲੱਗੇ ਹੋਏ ਹਨ ਉਪਰ। ਉਹ ਉਪਰ ਰੈਸਟ ਕਰਨ। ਇਹਨਾਂ ਨੂੰ ਸ਼ੈਂਡਵਿੱਚ ਆਦਿ ਉਤੇ ਹੀ ਪੁੱਜ ਜਾਣਗੀਆਂ। ਏਥੇ ਬੋਰ ਹੋ ਰਹੇ ਹਨ। ਇਵੇਂ ਹੀ ਕੀਤਾ ਗਿਆ ਸੀ। ਮੇਜ਼ਬਾਨ ਨੇ ਆਖਿਆ ਕਿ ਕਾਕਾ ਪਾਣੀ ਵੀ ਪੀ ਲਵੋ। ਸਾਡੇ ਫਿਲਟਰਡ ਪਾਣੀ ਹੈ। ਫਿਲਟਰ ਲੱਗਾ ਹੋਇਆ ਹੈ ਸਾਡੇ। ਫਿਲਟਰਡ ਪਾਣੀ ਆਖਣ ਨਾਲ ਉਹਨਾਂ ਨੇ ਪਾਣੀ ਪੀ ਲਿਆ। ਰੱਜ ਰੱਜ ਕੇ ਪੀ ਲਿਆ। ਨਹੀਂ ਤਾਂ ਉਹਨਾਂ ਨੇ ਉਵੇਂ ਬਿਨਾਂ ਪਾਣੀ ਹੀ ਗੁਜ਼ਰ ਕਰਨੀ ਸੀ। ਸੈਂਡਵਿਚ ਵੀ ਅੰਡਿਆਂ ਵਾਲੇ ਉਹਨਾਂ ਨੇ ਦੋ-ਦੋ, ਤਿੰਨ-ਤਿੰਨ ਖਾਧੇ।
ਮੁੰਡੇ ਕਲੀਨ ਸ਼ੇਵਨ ਸਨ ਤੇ ਦੋਹਾਂ ਨੇ ਹੀ ਜੀਨਾਂ ਅਤੇ ਜਰਸੀਆਂ ਪਹਿਨੀਆਂ ਹੋਈਆਂ ਸਨ। ਰੰਗ ਗੋਰੇ ਨਹੀਂ ਸਨ। ਕਣਕਵੰਨੇ ਭਾਰਤੀ ਸਨ ਪਰ ਉਂਝ ਉਹ ਭਾਰਤੀ ਨਹੀਂ ਸਨ। ਕੈਨੇਡੀਅਨ ਅੰਗਰੇਜ਼ ਸਨ। ਕਲੀਨ ਸ਼ੇਵਨ ਬਾਪ ਵੀ ਸੀ ਪਰ ਉਹ ਵਿਚੋਂ ਪੂਰਾ-ਸੂਰਾ ਭਾਰਤੀ ਪੰਜਾਬੀ ਸੀ। ਉਹਨੂੰ ਆਪਣੇ ਭਾਰਤ ਨਾਲ, ਪੰਜਾਬ ਨਾਲ ਪਿਆਰ ਸੀ। ਉਹਨਾਂ ਦੇ ਉਤੇ ਜਾਣ ਪਿਛੋਂ ਉਹ ਸਾਰੇ ਵਿਸਕੀ ਪੀਂਦੇ ਤੇ ਦੇਰ ਤੱਕ ਗੱਲਾਂ ਕਰਦੇ ਰਹੇ।
ਉਹਨਾਂ ਨੇ ਉਹਨਾਂ ਦੇ ਬਾਪ ਨੂੰ ਪੁੱਛਿਆ।
''ਕਿਹੋ ਜਿਹਾ ਲੱਗਾ ਫੇਰ। ਇਹਨਾਂ ਨੂੰ ਆਪਣਾ ਦੇਸ਼, ਇੰਡੀਆ?''
'ਬਸ, ਕਹਿੰਦੇ ਠੀਕ ਹੈ। ਟਰੈਫਿਕ ਕਹਿੰਦੇ ਬਹੁਤ ਹੈ। ਢੰਗ ਤਰੀਕਾ ਨਹੀਂ ਹੈ। ਕਦੇ ਗੱਡਾ ਆ ਜਾਂਦਾ ਹੈ, ਮੂਹਰੇ, ਕਦੇ ਮੱਝ ਆ ਜਾਂਦੀ ਹੈ ਅੱਗੇ। ਕੱਚੀ ਥਾਂ ਵੀ ਬਹੁਤ ਹੈ। ਸੜਕਾਂ ਚੰਗੀਆਂ ਨਹੀਂ ਹਨ। ਲੋਕੀਂ ਉਚੀ ਬੋਲਦੇ ਹਨ।
''ਤਾਜ਼ ਮਹਲ ਦੇਖਿਆ?
''ਹਾਂ, ਉਹ ਦਿਖਾਇਆ ਹੈ।''
''ਕੀ ਕਹਿੰਦੇ ਸਨ ਦੇਖ ਕੇ?''
''ਕਹਿੰਦੇ ਸਨ ਕਿ ਚੰਗਾ ਹੈ।''
''ਬੱਸ, ਕੇਵਲ ਚੰਗਾ ਹੀ?''
''ਬੱਸ, ਏਨਾ ਹੀ ਕਿਹਾ ਸੀ?''
''ਦਰਬਾਰ ਸਾਹਿਬ ਅੰਮ੍ਰਿਤਸਰ?''
''ਹਾਂ, ਉਹ ਵੀ ਦੇਖਿਆ।''
'ਉਸ ਬਾਰੇ ਕੀ ਕਹਿੰਦੇ ਸਨ?''
''ਬੱਸ, ਇਹੋ ਠੀਕ ਹੈ। ਬੋਲਦੇ ਹੀ ਥੋੜ੍ਹਾ ਹਨ।''
''ਯਾਰ ਇਹ ਤਾਂ ਆਪਣੇ ਦੇਸ਼ ਭਾਰਤ ਦੇ ਅਜੂਬੇ ਹਨ। ਇਕ ਚੰਨ, ਇਕ ਸੂਰਜ।''
''ਅਸਲ ਵਿਚ ਇਹਨਾਂ ਨੂੰ ਮਹੱਤਤਾ ਦਾ ਪਤਾ ਨਹੀਂ। ਕਹਿੰਦੇ ਨਾਈਸ ਬਿਲਡਿੰਗਾਂ ਹਨ।''
ਉਹਨੇ ਥੋੜ੍ਹਾ ਹੱਸ ਕੇ ਕਿਹਾ। ਬਾਕੀ ਵੀ ਮੁਸਕਾ ਪਏ ਕੁਝ।
''ਇਤਿਹਾਸ ਦੱਸ ਦੇਣਾ ਸੀ?''
''ਫਾਲੋ ਹੀ ਇਹ ਕਰਦੇ ਨਹੀਂ। ਏਨੇ ਜੋਗੇ ਇਹ ਕਿੱਥੇ ਹਨ। ਅਸਲ ਵਿਚ ਮੈਂ ਇਸ ਗੱਲੋਂ ਬਹੁਤ ਹੀ ਪ੍ਰੇਸ਼ਾਨ ਹਾਂ। ਮੈਂ ਚਾਹੁੰਦਾ ਹਾਂ ਕਿ ਇਹ ਆਪਣੀ ਮਾਤ੍ਰੀ ਭੂਮੀ ਨਾਲ ਜੁੜਨ। ਆਪਣੇ-ਆਪ ਦੀ ਜੜ੍ਹ ਨੂੰ ਜਾਨਣ। ਪਰ... ਜਦੋਂ ਅਸੀਂ ਆਏ ਸਾਂ, ਸਵੇਰ ਵੇਲੇ ਦਿੱਲੀ ਏਅਰਪੋਰਟ ਉਤੇ ਪੁੱਜੇ ਸਾਂ, ਜਹਾਜ ਲੈਂਡ ਕਰਨ ਲੱਗਾ। ਮੇਰੇ ਮੂੰਹੋਂ ਆਪਣੇ ਆਪ ਹੀ ਆ ਗਈ ਮੇਰੀ ਮਾਤ੍ਰੀ-ਭੂਮੀ, ਮਾਤ੍ਰੀ ਭੂਮੀ ਨਮਸਕਾਰ' ਦੇ ਲਫਜ਼ ਨਿਕਲ ਰਹੇ ਸਨ ਪਰ ਇਹ ਦੋਵੇਂ ਚੁੱਪ ਸਨ। ਜਹਾਜ ਵਿਚੋਂ ਲੱਥੇ ਤਾਂ ਮੈਂ ਧਰਤੀ ਨੂੰ ਹੱਥ ਲਾ ਕੇ ਮੱਥੇ ਨਾਲ ਛੁਹਾਇਆ ਤੇ ਨਮਸਕਾਰ ਆਖਿਆ ਪਰ ਇਹ ਚੁੱਪ ਦੇ ਚੁੱਪ ਸਨ। ਫੀਲਿੰਗ ਹੀ ਕੋਈ ਨਹੀਂ ਸੀ। ਸਗੋਂ ਇਉਂ ਦੇਖਣ ਜਿਵੇਂ ਮੈਂ ਕੋਈ ਪੱਥਰ-ਯੁੱਗ ਦਾ ਪਛੜਿਆ ਹੋਇਆ ਵਿਅਕਤੀ ਹੋਵਾਂ।''
''ਅਸਲ ਵਿਚ, ਨਿਰੰਜਣ ਸਿੰਘ ਜੀ'', ਮੇਜ਼ਬਾਨ ਨੇ ਆਖਿਆ, ''ਇਹ ਏਥੇ ਇਸ ਦੇਸ਼ ਨਾਲ ਫ਼ੈਮੀਲੀਅਰ ਨਹੀਂ ਹਨ ਤੇ ਨਾ ਹੀ ਹੋ ਸਕਦੇ ਹਨ। ਇਹਨਾਂ ਦਾ ਦੇਸ਼ ਇਹ ਹੈ ਵੀ ਨਹੀਂ। ਇਹਨਾਂ ਦਾ ਦੇਸ਼ ਕੈਨੇਡਾ ਹੈ। ਏਥੇ ਇਹ ਕੇਵਲ ਜੰਮੇ ਹਨ। ਜੰਮ ਕੋਈ ਕਿਤੇ ਵੀ ਸਕਦਾ ਹੈ। ਬਚਪਨ ਕਿਥੇ ਬੀਤਿਆ, ਕਿਸ ਮਾਹੌਲ ਵਿਚ ਬੀਤਿਆ, ਉਸ ਮਾਹੌਲ ਨਾਲ ਹੀ ਕਿਸੇ ਦਾ ਮੋਹ-ਪਿਆਰ ਹੋ ਸਕਦਾ ਹੈ। ਸੋ, ਇਸ ਵਿਚ ਪ੍ਰੇਸ਼ਾਨ ਹੋਣ ਦੀ ਕੋਈ ਵੀ ਗੱਲ ਨਹੀਂ ਹੈ। ਤੁਸੀਂ ਪ੍ਰੇਸ਼ਾਨ ਨਾ ਹੋਵੋ। ਪ੍ਰੇਸ਼ਾਨ ਤਾਂ ਹੋਣਾ ਤੁਹਾਨੂੰ ਉਕਾ ਹੀ ਨਹੀਂ ਚਾਹੀਦਾ। ਇਹ ਮੁੰਡੇ ਭਾਰਤੀ ਨਹੀਂ, ਨਾ ਹੀ ਓਪਰੇ ਹੋ ਜਾਣੇ ਹਨ। ਇਉਂ ਹੀ ਫੇਰ ਕਦੇ ਜਾ ਕੇ ਨਸਲਾਂ ਬਦਲ ਜਾਂਦੀਆਂ ਹਨ।''
''ਚੰਡੀਗੜ੍ਹ ਨੂੰ ਕਹਿੰਦੇ ਹਨ ਕਿ ਹਾਂ ਇਹ ਕੁਝ ਠੀਕ ਹੈ। ਏਥੇ ਰਿਹਾ ਜਾ ਸਕਦਾ ਹੈ।''
''ਉਹ ਯੂਰਪ ਦੇ ਨੇੜੇ ਹੈ ਨਾ। ਫ਼ਰਾਂਸੀਸੀ ਆਰਕੀਟੈਕਟ ਨੇ ਨਕਸ਼ਾ ਵਾਹਿਆ ਹੋਇਆ ਹੈ ਤੇ ਮਾਡਰਨ ਲੇਅ ਆਊਟ ਹੈ। ਆਪੇ ਹੀ ਪਸੰਦ ਹੈ। ਬਾਕੀ ਗੱਲਾਂ ਬਹੁਤੀਆਂ ਰਹਿਣ-ਸਹਿਣ ਦੀਆਂ ਵੀ ਹੁੰਦੀਆਂ ਹਨ। ਤੇ ਆਦਤ ਜਿਹੀ ਪੈ ਜਾਣ ਦੀਆਂ ਵੀ। ਚੰਡੀਗੜ੍ਹ ਵਿਚ ਰਹਿਣ ਵਾਲੇ ਨੂੰ ਪਿੰਡ ਜਾ ਕੇ ਰਹਿਣਾ ਪਵੇ ਤਾਂ ਉਹਨੂੰ ਔਖ ਹੋ ਜਾਂਦੀ ਹੈ। ਕਿਥੇ ਤਾਂ ਫਲਸ਼ ਟੱਟੀਆਂ, ਕਿਥੇ ਬਾਹਰ ਖੇਤਾਂ ਵਿਚ ਜਾਣਾ। ਪਿੰਡਾਂ ਵਿਚ ਰਹਿਣ ਵਾਲਾ ਵੀ ਚੰਡੀਗੜ੍ਹ ਵਿਚ ਆ ਕੇ ਪ੍ਰੇਸ਼ਾਨ ਜਿਹਾ ਹੋ ਜਾਂਦਾ ਹੈ। ਇਕ ਬੁੱਢੀ ਤੇ ਬੁੱਢਾ ਆਪਣੇ ਪੁੱਤਰ ਕੋਲ ਚੰਡੀਗੜ੍ਹ ਆਏ। ਮਾਈ ਨੂੰ ਚੰਡੀਗੜ੍ਹ ਟੱਟੀ ਨਾ ਆਵੇ। ਅਖੇ ਘਰ ਦੇ ਵਿਚ ਹੀ ਟੱਟੀ? ਟੱਟੀ ਤਾਂ ਬਾਹਰ ਜਾਈਦਾ ਹੈ। ਘਰ ਵਾਲੇ ਨੂੰ ਆਖਣ ਲੱਗੀ, ''ਚੱਲੋ ਜੀ, ਚੱਲੀਏ ਪਿੰਡ।'' ਤੀਜੇ ਦਿਨ ਹੀ ਪਿੰਡ ਮੁੜ ਆਈ। ਟੱਟੀ ਹੀ ਨਾ ਉਤਰੇ ਉਹਨੂੰ। ਇਸ ਲਈ ਨਿਰੰਜਨ ਸਿੰਘ ਜੀ, ਤੁਸੀਂ ਪ੍ਰੇਸ਼ਾਨ ਨਾ ਹੋਵੋ। ਉਹਨਾਂ ਦਾ ਇਹ ਦੇਸ਼ ਨਹੀਂ। ਦੂਜੀ ਗੱਲ ਇਹ ਵੀ ਹੈ, ਦੁਨੀਆਂ ਸਾਰੀ ਹੀ ਆਪਣੀ ਹੈ। ਸਾਰੇ ਦੇਸ਼ ਆਪਣੇ ਹਨ। ਹਿੰਦੁਸਤਾਨ ਆਰੀਆਂ ਦਾ ਦੇਸ਼ ਨਹੀਂ ਸੀ ਹੁੰਦਾ ਕਦੇ, ਅੱਜ ਇਹ ਹੈ ਹੀ ਆਰੀਆਂ ਦਾ। ਮੁਗਲ ਆਏ, ਪਠਾਨ ਆਏ, ਏਥੋਂ ਦੇ ਹੀ ਹੋ ਗਏ। ਹਾਲਾਂਕਿ ਬਾਹਰੋਂ ਆਏ ਸਨ। ਸੋ ਇਸ ਗੱਲ ਦੀ ਚਿੰਤਾ ਨਾ ਕਰੋ। ਅੱਜ ਤਾਂ ਦੁਨੀਆਂ ਉਂਝ ਵੀ ਸਾਰੀ ਇਕ ਹੁੰਦੀ ਜਾ ਰਹੀ ਹੈ। ਸੱਭਿਆਚਾਰ ਆਪੋ ਵਿਚ ਕਰੰਗੜੀਆਂ ਪਾ ਰਹੇ ਹਨ। ਅੰਗਰੇਜ਼ਾਂ ਦੇ ਘਰ ਹਬਸ਼ਣਾਂ, ਹਬਸ਼ੀਆਂ ਦੇ ਮੇਮਾਂ।''
''ਗੱਲ ਤਾਂ ਇਹ ਠੀਕ ਹੈ, ਪਰ....''
ਗਿਆਰਾਂ ਸਾਢੇ ਗਿਆਰ੍ਹਾਂ ਸਨ। ਸੌਣ ਦਾ ਵੇਲਾ ਹੋ ਗਿਆ ਸੀ। ਨਿਰੰਜਣ ਸਿੰਘ ਨੂੰ ਉਤੇ ਮੁੰਡਿਆਂ ਕੋਲ ਹੀ ਭੇਜਿਆ ਗਿਆ ਸੀ ਤਾਂ ਜੋ ਉਹਨ ਦੀ ਲੋੜ ਅਨੁਸਾਰ ਉਹ ਉਹਨਾਂ ਦੀ ਖਬਰਗੀਰੀ ਰੱਖੇ ਕਿਉਂਕਿ ਉਹਨਾਂ ਦੀ ਮਾਨਸਿਕਤਾ ਦਾ ਜਿੰਨਾ ਉਸ ਨੂੰ ਪਤਾ ਸੀ, ਹੋਰ ਕਿਸੇ ਨੂੰ ਨਹੀਂ ਸੀ। ਇਸ ਲਈ ਉਹਨੂੰ ਉਤੇ ਉਹਨਾਂ ਕੋਲ ਹੀ ਸੌਣਾ ਚਾਹੀਦਾ ਸੀ। ਬਾਕੀ ਸਾਰੇ ਏਧਰ-ਉਧਰ ਐਡਜਸਟ ਹੋ ਗਏ ਸਨ। ਕੋਠੀ ਵੱਡੀ ਨਹੀਂ ਸੀ, ਦਿਲ ਜਰੂਰ ਕੋਠੀ ਵਾਲੇ ਮੇਜ਼ਬਾਨ ਦਾ ਵੱਡਾ ਸੀ। ਛੇ ਬੰਦੇ ਅਚਾਨਕ ਆਏ ਦਿੱਲੀ ਵਿਚ ਸਾਂਭਣੇ ਕੋਈ ਛੋਟੀ ਗੱਲ ਨਹੀਂ ਸੀ। ਉਹ ਵੀ ਇਕ ਨੌਕਰੀ ਤੋਂ ਰਿਟਾਇਰ ਹੋਏ ਪ੍ਰੋਫੈਸਰ ਲਈ। ਭਾਵੇਂ ਪੁੱਤਰ ਤੇ ਨੂੰਹ ਦੋਵੇਂ ਚੰਗੀਆਂ ਨੌਕਰੀਆਂ ਉਤੇ ਸਨ ਜੋ ਮਹਾਂਰਾਸ਼ਟਰ ਵਿਚ ਸਨ ਪਰ ਉਹ ਆਪਣੀ ਥਾਵੇਂ ਸਨ। ਘਰ ਵਿਚ ਉਹ ਤਿੰਨ ਇੱਥੇ ਦਿੱਲੀ ਵਿਚ ਰਹਿ ਰਹੇ ਸਨ, ਉਹ, ਉਹਦੀ ਪਤਨੀ, ਤੇ ਪੁੱਤਰੀ। ਨੌਂ ਜੀਅ ਅੱਜ ਇਸ ਕੋਠੀ ਵਿਚ ਸੌਂ ਰਹੇ ਸਨ। ਨੌਆਂ ਨੇ ਹੀ ਖਾਣਾ ਖਾਧਾ।
ਸਵੇਰ ਹੋਈ। ਉਠੇ। ਮੁੰਡੇ ਅਤੇ ਉਹਨਾਂ ਦਾ ਪਿਤਾ ਉਤੋਂ ਹੀ ਤਿਆਰ ਹੋ ਕੇ ਡਰਾਇੰਗ ਰੂਮ ਵਿਚ ਆਏ ਸਨ ਤੇ ਇਸ ਸਮੇਂ ਉਹ ਏਧਰ-ਉਧਰ ਸੋਫ਼ਿਆਂ ਉਤੇ ਬੈਠੇ ਸਨ। ਟਾਇਲਟ ਅਤੇ ਬਾਥਰੂਮ ਉਤੇ ਵੀ ਬਣੇ ਹੋਏ ਸਨ। ਇਸ ਲਈ ਉਹ ਇਸ ਕੰਮੋਂ ਉਤੇ ਹੀ ਫ਼ਾਰਿਗ ਹੋ ਗਏ ਸਨ। ਟਾਇਲਟ ਇੰਗਲਿਸ਼ ਨਹੀਂ ਸੀ, ਬੈਠਵੀਂ ਹਿੰਦੂਸਤਾਨੀ ਸੀ। ਚਲੋ, ਕਿਵੇਂ ਨਾ ਕਿਵੇਂ ਉਹਨਾਂ ਨੇ ਕੰਮ ਚਲਾ ਲਿਆ ਹੋਵੇਗਾ। ਮੁੰਡਿਆਂ ਦੀ ਹੀ ਮੁਸ਼ਕਿਲ ਸੀ। ਬਾਪ ਵਲੋਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਸੀ। ਉਹੀ ਸਨ ਸਮੱਸਿਆ। ਹੇਠਾਂ ਵੀ ਜੋ ਟਾਇਲਟ ਸੀ, ਉਹ ਵੀ ਹਿੰਦੂਸਤਾਨੀ ਹੀ ਸੀ।
ਬਾਹਰ ਨਜ਼ਰ ਮਾਰੀ ਤਾਂ ਬਾਰਿਸ਼ ਪੈਂਦੀ ਨਜ਼ਰ ਆਈ। ਜਨਵਰੀ ਦੀ ਬਾਰਿਸ਼ ਚਾਂਦੀ ਵਰਗੀ ਸਾਫ ਕਣੀ।
''ਹਾਂ ਬਈ, ਨੌਜਵਾਨੋਂ, ਇੰਡੀਆ ਦੀ ਬਾਰਿਸ਼ ਦੇਖੋ! ਦੁਨੀਆਂ ਵਿਚ ਏਨੀ ਸੋਹਣੀ ਬਾਰਿਸ਼ ਕਿਤੇ ਵੀ ਨਹੀਂ ਹੁੰਦੀ। ਪੱਛਮ ਵਿਚ ਤਾਂ ਉਕਾ ਹੀ ਨਹੀਂ।'' ਉਹਨਾਂ ਵਿਚੋਂ ਕਿਸੇ ਇਕ ਨੇ ਮੁੰਡਿਆਂ ਨੂੰ ਸੰਬੋਧਨ ਕੀਤਾ। ''ਨਾ ਹੀ ਏਨੇ ਸੋਹਣੇ ਬੱਦਲ ਕਿਸੇ ਹੋਰ ਥਾਂ ਹੁੰਦੇ ਨੇ, ਕਾਲੇ ਘੱਟ ਘਨਘੋਰ ਬੱਦਲ।''
ਮੁੰਡੇ ਸਿਰਫ ਸੁਣਦੇ ਰਹੇ ਤੇ ਬਿਟਰ-ਬਿਟਰ ਤੱਕਦੇ ਰਹੇ। ਮੂੰਹੋਂ ਕੁਝ ਵੀ ਬੋਲੇ ਨਹੀਂ।
''ਇਹ ਜਨਵਰੀ ਦੇ ਦਿਨ ਹਨ। ਇੰਡੀਆ ਦੀ ਧੁੱਪ ਵੀ ਬੜੀ ਖੂਬਸੂਰਤ ਹੁੰਦੀ ਹੈ, ਜਨਵਰੀ ਦੇ ਦਿਨਾਂ ਵਿਚ। ਪੀਲੀ-ਪੀਲੀ ਰੇਸ਼ਮੀ ਧੁੱਪ। ਪੀਲੀ ਨਹੀਂ, ਬਸੰਤੀ ਧੁੱਪ।''
ਮੁੰਡੇ ਫੇਰ ਵੀ ਚੁੱਪ ਸਨ। ਬੱਸ, ਉਹ ਤੱਕਦੇ ਰਹੇ ਸਨ। ਖਾਲੀ-ਖਾਲੀ ਅੱਖਾਂ ਨਾਲ।
''ਇਹ ਬਸੰਤ ਦੇ ਦਿਨ ਹਨ। ਕੁਝ ਦਿਨਾਂ ਤੱਕ ਲੋਹੜੀ ਹੈ। ਫੇਰ ਬਸੰਤ ਆ ਜਾਵੇਗੀ। ਉਂਝ ਇਹ ਸਾਰੀ ਹੁਣੇ ਤੋਂ ਬਸੰਤ ਰੁੱਤ ਚੱਲ ਰਹੀ ਹੈ।''
''ਇਹਨਾਂ ਨੂੰ ਕੀ ਪਤਾ ਹੈ ਜੀ ਇਹਨਾਂ ਸੁੰਦਰਤਾਈਆਂ ਦਾ। ਇਹੀ ਤਾਂ ਮੈਨੂੰ ਦੁੱਖ ਹੈ।'' ਉਹਨਾਂ ਦਾ ਪਿਤਾ ਬੋਲਿਆ, ''ਇਹਨਾਂ ਨੂੰ ਆਪਣੇ ਆਪ ਦਾ ਤੇ ਆਪਣੇ ਦੇਸ਼ ਦਾ ਪਤਾ ਹੀ ਨਹੀਂ। ਕਈ ਵਾਰ ਕਹਿ ਚੁੱਕੇ ਹਨ, ਚੱਲੋ ਡੈਡ, ਵਾਪਸ ਚੱਲੋ।''
''ਹਿੰਦੂਸਤਾਨ ਦੇ ਸੂਰਜ ਵਰਗਾ ਸੂਰਜ ਕਿਤੇ ਵੀ ਨਹੀਂ ਹੈ। ਨਾ ਹੀ ਕਿਤੇ ਚੰਦਰਮਾ। ਦੇਖੇ ਹਨ ਇਹ ਚੰਨ ਸੂਰਜ?''
ਮੁੰਡਿਆਂ ਨੇ ਥੋੜ੍ਹਾ ਜਿਹਾ ਹੇਠਾਂ-ਉਤੇ ਸਿਰ ਹਿਲਾਇਆ।
''ਸਾਡੀ ਚੰਨ-ਚਾਨਣੀ ਵੀ ਬਹੁਤ ਖੂਬਸੂਰਤ ਹੈ। ਚਿੱਟੀ ਚੰਨ ਦੀ ਚਾਨਣੀ।''
ਮੁੰਡੇ ਕੇਵਲ ਤੱਕਦੇ ਰਹੇ।
''ਸਾਡੀ ਕਾਲੀ ਰਾਤ ਦਾ ਵੀ ਕਿਤੇ ਕੋਈ ਜਵਾਬ ਨਹੀਂ। ਮੱਸਿਆ ਦੀ ਕਾਲੀ ਰਾਤ ਜਿਵੇਂ ਕਾਲੀ ਮਖਮਲ ਵਿਚ ਸਿਤਾਰੇ ਜੜੇ ਹੁੰਦੇ ਹਨ।'' ਫੇਰ ਅੱਗੇ ਕਿਹਾ ਗਿਆ ''ਸਾਡਾ ਪਿੱਪਲ, ਸਾਡਾ ਮੋਰ। ਪਿੱਪਲ ਕੌਮੀ ਬਿਰਛ ਹੈ, ਮੋਰ ਸਾਡਾ ਕੌਮੀ ਪੰਛੀ।''
ਮੁੰਡਿਆਂ ਦੀਆਂ ਅੱਖਾਂ ਉਵੇਂ ਖੁੱਲ੍ਹੀਆਂ ਤੇ ਖਾਲੀ ਸਨ।
''ਸੱਚ ਇਹਨਾਂ ਦੇ ਨਾਂ ਕੀ ਹਨ? ਨਾਂ ਤਾਂ ਇਹਨਾਂ ਦੇ ਪੁੱਛੇ ਹੀ ਨਹੀਂ। ਕਿਉਂ ਬਈ, ਨੌਜਵਾਨੋ, ਕੀ ਹਨ ਨਾ ਤੁਹਾਡੇ?''
''ਇਕ ਦਾ ਨਾ ਹਰਿੰਦਰ ਹੈ, ਦੂਜੇ ਦਾ ਗੁਰਿੰਦਰ'' ਉਹਨਾਂ ਦਾ ਬਾਪ ਬੋਲਿਆ, ''ਕੈਨੇਡਾ ਵਿਚ ਆਪਣੇ ਆਪ ਨੂੰ ਇਕ ਹੈਰੀ ਅਖਵਾਉਂਦਾ ਹੈ, ਦੂਜੇ ਦਾ ਨਾਂ ਗੈਰੀ ਹੈ।''
''ਚਲੋ, ਬਹੁਤ ਠੀਕ ਹੈ। ਬਹੁਤ ਸੁੰਦਰ ਨਾਂ ਹਨ।''
ਮੁੰਡੇ ਕੁਝ ਨਹੀਂ ਬੋਲ ਰਹੇ ਸਨ।
ਵੀਹ, ਬਾਈ ਜਾਂ ਪੱਚੀ ਦਿਨ ਉਹ ਏਥੇ ਹੋਣਗੇ। ਆਖ਼ਰ ਉਹਨਾਂ ਦੇ ਵਾਪਸ ਜਾਣ ਲਈ ਸੀਟਾਂ ਬੁੱਕ ਕਰਵਾਈਆਂ ਗਈਆਂ।
ਸੀਟਾਂ ਬੁੱਕ ਹੋਣ ਨਾਲ ਹੀ ਜਿਵੇਂ ਉਹਨਾਂ ਦੀਆਂ ਅੱਖਾਂ ਵਿਚ ਕੁਝ ਚਮਕ ਜਿਹੀ ਆ ਗਈ ਸੀ। ਜਿਸ ਦਿਨ ਜਹਾਜ਼ ਉਡਿਆ, ਉਹਨਾਂ ਦੇ ਪਿਤਾ ਦੀਆਂ ਅੱਖਾਂ ਵਿਚ ਤਾਂ ਹੰਝੂ ਛਲਕ ਆਏ ਸਨ ਪਰ ਉਹਨਾਂ ਦੋਹਾਂ ਦੀਆਂ ਅੱਖਾਂ ਵਿਚ ਚੰਨ ਸੂਰਜ ਦੀਆਂ ਕਿਰਨਾਂ ਅਤੇ ਸਿਤਾਰੇ ਚਮਕ ਰਹੇ ਸਨ ਕਿਉਂਕਿ ਹੁਣ ਉਹ ਆਪਣੇ ਦੇਸ਼ ਵੱਲ ਉਡਦੇ ਜਾ ਰਹੇ ਸਨ।