Aapne Dukh Mainu De Dio (Story in Punjabi) : Rajinder Singh Bedi

ਆਪਣੇ ਦੁੱਖ ਮੈਨੂੰ ਦੇ ਦਿਓ (ਕਹਾਣੀ) : ਰਾਜਿੰਦਰ ਸਿੰਘ ਬੇਦੀ

ਵਿਆਹ ਵਾਲੀ ਰਾਤ ਬਿਲਕੁਲ ਉਹ ਨਹੀਂ ਸੀ ਹੋਇਆ ਜੋ ਮਦਨ ਨੇ ਸੋਚਿਆ ਸੀ।
ਜਦੋਂ ਚਿਕਨੀ ਭਾਬੀ ਨੇ ਭਰਮਾਅ ਕੇ ਮਦਨ ਨੂੰ ਵਿਚਕਾਰਲੇ ਕਮਰੇ ਵਿਚ ਧਰੀਕ ਦਿਤਾ ਸੀ, ਉਦੋਂ ਇੰਦੂ ਸਾਹਮਣੇ ਸ਼ਾਲ ਵਿਚ ਲਿਪਟੀ, ਹਨੇਰੇ ਦਾ ਇਕ ਹਿੱਸਾ ਬਣੀ ਬੈਠੀ ਸੀ। ਬਾਹਰ ਚਿਕਨੀ ਭਾਬੀ, ਦਰਿਆਬਾਦ ਵਾਲੀ ਭੂਆ ਤੇ ਹੋਰ ਔਰਤਾਂ ਦਾ ਹਾਸਾ, ਰਾਤ ਦੀ ਚੁੱਪ ਵਿਚ ਪਾਣੀ ਵਿਚ ਮਿਸ਼ਰੀ ਵਾਂਗ ਹੌਲੀ–ਹੌਲੀ ਘੁਲ ਰਿਹਾ ਸੀ। ਸਾਰੀਆਂ ਔਰਤਾਂ ਇਹੋ ਸਮਝਦੀਆਂ ਸਨ ਕਿ ਏਨਾ ਵੱਡਾ ਹੋ ਜਾਣ 'ਤੇ ਵੀ ਮਦਨ ਕੁਝ ਨਹੀਂ ਸੀ ਜਾਣਦਾ। ਕਿਉਂਕਿ ਜਦੋਂ ਉਸਨੂੰ ਅੱਧੀ ਰਾਤ ਨੂੰ ਸੁੱਤੇ ਨੂੰ ਜਗਾਇਆ ਗਿਆ ਤਾਂ ਉਹ ਬੜਬੜਾ ਰਿਹਾ ਸੀ-“ਕਿੱਥੇ, ਕਿਉਂ ਲਈ ਜਾ ਰਹੇ ਹੋ ਮੈਨੂੰ?”
ਇਹਨਾਂ ਔਰਤਾਂ ਦੇ ਆਪਣੇ ਦਿਨ ਬੀਤ ਚੁੱਕੇ ਸਨ। ਪਹਿਲੀ ਰਾਤ ਬਾਰੇ ਇਹਨਾਂ ਦੇ ਸ਼ਰਾਰਤੀ ਪਤੀਆਂ ਨੇ ਜੋ ਕੁਝ ਕਿਹਾ ਤੇ ਮੰਨਿਆਂ–ਮਨਵਾਇਆ ਸੀ, ਉਸਦੀ ਭਿਣਕ ਤੀਕ ਬਾਕੀ ਨਹੀਂ ਸੀ ਰਹੀ ਉਹਨਾਂ ਦੇ ਕੰਨਾਂ ਵਿਚ। ਉਹ ਖ਼ੁਦ ਰਚ–ਵੱਸ ਚੁੱਕੀਆਂ ਸਨ ਤੇ ਹੁਣ ਆਪਣੀ ਇਕ ਹੋਰ ਭੈਣ ਨੂੰ ਵਸਾਉਣ 'ਤੇ ਤੁਲੀਆਂ ਹੋਈਆਂ ਸਨ। ਧਰਤੀ ਦੀਆਂ ਇਹ ਧੀਆਂ ਮਰਦ ਨੂੰ ਇੰਜ ਸਮਝਦੀਆਂ ਸਨ, ਜਿਵੇਂ ਬੱਦਲ ਦਾ ਟੁਕੜਾ ਹੋਵੇ, ਜਿਸ ਵੱਲ ਮੂੰਹ ਚੁੱਕ ਕੇ ਦੇਖਣਾ ਹੀ ਪੈਂਦਾ ਹੈ। ਨਾ ਵਰ੍ਹੇ ਤਾਂ ਮੰਨਤਾਂ–ਮੰਨਣੀਆਂ ਪੈਂਦੀਆਂ ਨੇ, ਚੜਾਵੇ ਚੜ੍ਹਾਉਣੇ ਪੈਂਦੇ ਨੇ, ਜਾਦੂ ਟੂਣੇ ਕਰਨੇ ਪੈਂਦੇ ਨੇ। ਹਾਲਾਂਕਿ ਮਦਨ ਕਾਲਕਾ ਜੀ ਦੀ ਖੁੱਲ੍ਹੀ ਆਬਾਦੀ ਵਿਚ ਘਰ ਦੇ ਸਾਹਮਣੇ ਪਿਆ ਇਹੀ ਵੇਲਾ ਉਡੀਕ ਰਿਹਾ ਸੀ। ਨਾਲੇ ਲੜਾਈ ਦੀ ਪੰਡ ਗੁਆਂਢੀ ਸਿਬਤੇ ਦੀ ਮੱਝ ਉਸਦੀ ਮੰਜੀ ਕੋਲ ਹੀ ਵੱਝੀ ਹੋਈ ਸੀ, ਜਿਹੜੀ ਵਾਰੀ ਵਾਰੀ ਫੁਕਾਰੇ ਮਾਰਦੀ, ਮਦਨ ਨੂੰ ਸੁੰਘਦੀ ਤੇ ਉਹ ਹੱਥ ਚੁੱਕ ਕੇ ਉਸਨੂੰ ਪਰ੍ਹਾਂ ਕਰਨ ਦੀ ਕੋਸ਼ਿਸ਼ ਕਰਦਾ-ਇੰਜ ਭਲਾ ਨੀਂਦ ਦਾ ਸਵਾਲ ਹੀ ਕਿੱਥੇ ਪੈਦਾ ਹੁੰਦਾ ਸੀ?
ਸਮੁੰਦਰ ਦੀਆਂ ਲਹਿਰਾਂ ਤੇ ਔਰਤਾਂ ਦੇ ਖ਼ੂਨ ਨੂੰ ਰਸਤਾ ਦਿਖਾਉਣ ਵਾਲਾ ਚੰਦ, ਇਕ ਖਿੜਕੀ ਦੇ ਰਸਤੇ ਅੰਦਰ ਆ ਗਿਆ ਸੀ ਤੇ ਉਡੀਕ ਰਿਹਾ ਸੀ ਕਿ ਦਰਵਾਜ਼ੇ ਦੇ ਉਸ ਪਾਸੇ ਖੜ੍ਹਾ ਮਦਨ ਅਗਲਾ ਪੈਰ ਕਿੱਥੇ ਧਰੇਗਾ? ਮਦਨ ਦੇ ਆਪਣੇ ਅੰਦਰ ਇਕ ਗਰਜਨ ਜਿਹੀ ਹੋ ਰਹੀ ਸੀ ਤੇ ਉਸਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਬਿਜਲੀ ਦਾ ਖੰਭਾ ਹੈ ਜਿਸਨੂੰ ਕੰਨ ਲਾ ਕੇ ਉਸਦੇ ਅੰਦਰਲੀ ਝਣਝਣਾਹਟ ਸੁਣੀ ਜਾ ਸਕਦੀ ਹੈ। ਕੁਝ ਚਿਰ ਇਵੇਂ ਖੜ੍ਹੇ ਰਹਿਣ ਪਿੱਛੋਂ ਉਸਨੇ ਪਲੰਘ ਨੂੰ ਘਸੀਟ ਕੇ ਚੰਦ ਦੀ ਚਾਨਣੀ ਵਿਚ ਕਰ ਦਿਤਾ ਤਾਂਕਿ ਲਾੜੀ ਦਾ ਮੂੰਹ ਤਾਂ ਵੇਖ ਸਕੇ। ਫੇਰ ਉਹ ਰੁਕ ਗਿਆ। ਉਸਨੇ ਸੋਚਿਆ ਇੰਦੂ ਮੇਰੀ ਪਤਨੀ ਹੈ, ਕੋਈ ਓਪਰੀ ਔਰਤ ਨਹੀਂ ਜਿਸਨੂੰ ਨਾ ਛੂਹਣ ਦਾ ਸਬਕ ਬਚਪਨ ਤੋਂ ਪੜ੍ਹਦਾ ਆਇਆ ਹੈ। ਸ਼ਾਲ ਵਿਚ ਲਿਪਟੀ ਹੋਈ ਲਾੜੀ ਨੂੰ ਦੇਖਦਿਆਂ ਹੋਇਆਂ ਉਸਨੇ ਫਰਜ਼ ਕਰ ਲਿਆ, ਇੱਥੇ ਇੰਦੂ ਦਾ ਮੂੰਹ ਹੋਵੇਗਾ, ਤੇ ਹੱਥ ਵਧਾਅ ਕੇ ਉਸਨੇ ਕੋਲ ਪਈ ਗੰਢੜੀ ਨੂੰ ਛੂਹਿਆ ਤਾਂ ਉਹੀ ਇੰਦੂ ਦਾ ਮੂੰਹ ਸੀ। ਮਦਨ ਨੇ ਸੋਚਿਆ ਸੀ ਉਹ ਆਸਾਨੀ ਨਾਲ ਮੈਨੂੰ ਆਪਣਾ ਆਪ ਨਹੀਂ ਦੇਖਣ ਦਵੇਗੀ, ਪਰ ਇੰਦੂ ਨੇ ਅਜਿਹਾ ਕੁਝ ਨਹੀਂ ਸੀ ਕੀਤਾ, ਜਿਵੇਂ ਪਿੱਛਲੇ ਕਈ ਸਾਲਾਂ ਤੋਂ ਉਸਨੂੰ ਵੀ ਇਸੇ ਪਲ ਦੀ ਉਡੀਕ ਹੋਵੇ-ਤੇ ਕਿਸੇ ਕਲਪਿਤ ਮੱਝ ਦੇ ਸੁੰਘਦੇ ਰਹਿਣ ਕਰਕੇ ਉਸਨੂੰ ਵੀ ਨੀਂਦ ਨਾ ਆ ਰਹੀ ਹੋਵੇ। ਉੱਡੀ ਹੋਈ ਨੀਂਦ ਤੇ ਬੰਦ ਅੱਖਾਂ ਦੀ ਬੇਚੈਨੀ ਹਨੇਰੇ ਦੇ ਬਾਵਜੂਦ ਪਰਤੱਖ ਫੜਫੜਾਉਂਦੀ ਹੋਈ ਨਜ਼ਰ ਆ ਰਹੀ ਸੀ। ਠੋਡੀ ਤਕ ਪਹੁੰਚਦਿਆਂ ਹੋਇਆਂ ਆਮ ਕਰਕੇ ਚਿਹਰਾ ਲੰਬੂਤਰਾ ਹੋ ਜਾਂਦਾ ਹੈ, ਪਰ ਇੱਥੇ ਤਾਂ ਸਭ ਕੁਝ ਗੋਲ ਗੋਲ ਸੀ। ਸ਼ਾਇਦ ਇਸੇ ਲਈ ਚੰਦ ਵਾਂਗ ਗੱਲ੍ਹਾਂ ਤੇ ਬੁੱਲ੍ਹਾਂ ਵਿਚਕਾਰ ਇਕ ਛਾਂ–ਦਾਰ ਗੁਫ਼ਾ ਜਿਹੀ ਬਣੀ ਹੋਈ ਸੀ, ਜਿਵੇਂ ਦੋ ਹਰੇ ਭਰੇ ਟੀਲਿਆਂ ਵਿਚਕਾਰ ਹੁੰਦੀ ਹੈ। ਮੱਥਾ ਕੁਝ ਛੋਟਾ ਸੀ, ਪਰ ਉਸ ਤੋਂ ਅੱਗੇ ਯਕਦਮ ਉੱਗੇ ਹੋਏ ਘੁੰਗਰਾਲੇ ਵਾਲ...
ਉਦੋਂ ਹੀ ਇੰਦੂ ਨੇ ਆਪਣਾ ਚਿਹਰਾ ਛੁਡਾਅ ਲਿਆ। ਜਿਵੇਂ ਉਹਨੇ ਦੇਖਣ ਦੀ ਇਜਾਜ਼ਤ ਦੇ ਦਿੱਤੀ ਹੋਵੇ, ਪਰ ਏਨੀ ਦੇਰ ਤਕ ਨਹੀਂ। ਆਖ਼ਰ ਸ਼ਰਮ ਦੀ ਵੀ ਤਾਂ ਕੋਈ ਹੱਦ ਹੁੰਦੀ ਹੈ। ਮਦਨ ਨੇ ਜ਼ਰਾ ਤਕੜੇ ਹੱਥਾਂ ਨਾਲ ਉਂਜ ਹੀ ਹੂੰ–ਹਾਂ ਕਰਦਿਆਂ ਹੋਇਆਂ ਲਾੜੀ ਦਾ ਚਿਹਰਾ ਫੇਰ ਉਪਰ ਚੁੱਕ ਲਿਆ ਤੇ ਸ਼ਰਾਬੀਆਂ ਵਰਗੀ ਆਵਾਜ਼ ਵਿਚ ਕਿਹਾ, “ਇੰਦੂ!”
ਇੰਦੂ ਕੁਝ ਡਰ ਜਿਹੀ ਗਈ। ਜ਼ਿੰਦਗੀ ਵਿਚ ਪਹਿਲੀ ਵਾਰੀ ਕਿਸੇ ਓਪਰੇ ਆਦਮੀ ਨੇ ਉਸਦਾ ਨਾਂ ਇੰਜ ਲਿਆ ਸੀ ਤੇ ਉਹ ਓਪਰਾ ਆਦਮੀ ਕਿਸੇ ਰੱਬੀ ਹੱਕ ਨਾਲ ਰਾਤ ਦੇ ਹਨੇਰੇ ਵਿਚ ਹੌਲੀ–ਹੌਲੀ ਉਸ ਇਕੱਲੀ ਨਿਹੱਥੀ ਤੇ ਮਜ਼ਬੂਰ ਔਰਤ ਦਾ ਆਪਣਾ ਬਣਦਾ ਜਾ ਰਿਹਾ ਸੀ। ਇੰਦੂ ਨੇ ਪਹਿਲੀ ਵਾਰ ਉਸਨੂੰ ਉਪਰੋਂ ਹੇਠਾਂ ਤਕ ਦੇਖਦਿਆਂ ਹੋਇਆਂ ਫੇਰ ਅੱਖਾਂ ਬੰਦ ਕਰ ਲਈਆਂ ਤੇ ਸਿਰਫ ਏਨਾ ਕਿਹਾ-“ਜੀ!”...ਉਸਨੂੰ ਖ਼ੁਦ ਆਪਣੀ ਆਵਾਜ਼ ਕਿਸੇ ਪਤਾਲ ਵਿਚੋਂ ਆਉਂਦੀ ਸੁਣਾਈ ਦਿਤੀ ਸੀ।
ਬੜੀ ਦੇਰ ਅਜਿਹਾ ਕੁਝ ਹੀ ਹੁੰਦਾ ਰਿਹਾ ਤੇ ਫੇਰ ਹੌਲੀ–ਹੌਲੀ ਗੱਲਾਂ ਤੁਰ ਪਈਆਂ। ਹੁਣ ਜਦੋਂ ਤੁਰੀਆਂ ਤਾਂ ਰੁਕਣ ਵਿਚ ਹੀ ਨਹੀਂ ਸੀ ਆਉਂਦੀਆਂ। ਇੰਦੂ ਦੇ ਪਿਤਾ, ਇੰਦੂ ਦੀ ਮਾਂ, ਇੰਦੂ ਦੇ ਭਰਾ, ਮਦਨ ਦੇ ਭੈਣ–ਭਰਾ, ਪਿਓ, ਉਹਨਾਂ ਦੀ ਰੇਲਵੇ ਮੇਲ ਸਰਵਿਸ ਦੀ ਨੌਕਰੀ, ਉਹਨਾਂ ਦੇ ਸੁਭਾਅ, ਕਪੜਿਆਂ ਦੀ ਪਸੰਦ, ਖਾਣ–ਪਾਣ ਦੀ ਆਦਤ...ਸਭ ਕਾਸੇ 'ਤੇ ਤਬੁਸਰਾ ਹੋਣ ਲੱਗਾ। ਵਿਚ ਵਿਚ ਮਦਨ ਗੱਲਬਾਤ ਤੋਂ ਪਰ੍ਹਾਂ ਹਟਦਿਆਂ ਕੁਝ ਹੋਰ ਵੀ ਕਰਨਾ ਚਾਹੁੰਦਾ ਤਾਂ ਇੰਦੂ ਘਚਾਲੀ ਦੇ ਜਾਂਦੀ। ਬੜੀ ਹੀ ਮਜ਼ਬੂਰੀ ਤੇ ਬੇਵੱਸੀ ਵਿਚ ਮਦਨ ਨੇ ਆਪਣੀ ਮਾਂ ਦੀ ਗੱਲ ਤੋਰੀ, ਜਿਹੜੀ ਉਸਨੂੰ ਸਤ ਸਾਲ ਦਾ ਛੱਡ ਕੇ ਦਿਕ ਦੇ ਕਲਾਵੇ ਵਿਚ ਚਲੀ ਗਈ ਸੀ। “ਜਿੰਨਾ ਚਿਰ ਜਿਉਂਦੀ ਰਹੀ ਵਿਚਾਰੀ,” ਮਦਨ ਨੇ ਕਿਹਾ, “ਬਾਊਜੀ ਦੇ ਹੱਥ ਦਵਾਈ ਦੀਆਂ ਸ਼ੀਸ਼ੀਆਂ ਹੀ ਰਹੀਆਂ। ਅਸੀਂ ਹਸਪਤਾਲ ਦੀਆਂ ਪੌੜੀਆਂ ਉੱਤੇ ਤੇ ਛੋਟਾ ਪਾਸ਼ੀ ਘਰੇ ਕੀੜਿਆਂ ਦੇ ਭੌਣ ਉੱਤੇ ਸੌਂਦੇ ਰਹੇ ਤੇ ਆਖ਼ਰ ਇਕ ਦਿਨ-28 ਮਾਰਚ ਦੀ ਸ਼ਾਮ...” ਤੇ ਮਦਨ ਚੁੱਪ ਹੋ ਗਿਆ। ਕੁਝ ਪਲਾਂ ਵਿਚ ਹੀ ਉਹ ਰੋਣ ਤੋਂ ਜ਼ਰਾ ਇਧਰ ਤੇ ਭੁੱਬਾਂ ਤੋਂ ਜ਼ਰਾ ਉਧਰ ਪਹੁੰਚ ਗਿਆ। ਇੰਦੂ ਨੇ ਘਬਰਾ ਕੇ ਮਦਨ ਦਾ ਸਿਰ ਆਪਣੀ ਛਾਤੀ ਨਾਲ ਲਾ ਲਿਆ। ਉਸ ਰੋਣ ਨੇ ਇੰਦੂ ਨੂੰ ਵੀ ਪਲ ਕੁ ਲਈ ਆਪਣੇਪਨ ਦੇ ਏਧਰ ਤੇ ਓਪਰੇਪਨ ਦੇ ਉਧਰ ਪਹੁੰਚਾ ਦਿਤਾ ਸੀ...ਮਦਨ ਇੰਦੂ ਤੋਂ ਕੁਝ ਹੋਰ ਵੀ ਚਾਹੁੰਦਾ ਸੀ ਪਰ ਇੰਦੂ ਨੇ ਉਸਦੇ ਹੱਥ ਫੜ੍ਹ ਲਏ ਤੇ ਕਿਹਾ-“ਮੈਂ ਤਾਂ ਪੜ੍ਹੀ–ਲਿਖੀ ਨਹੀਂ ਜੀ, ਪਰ ਮੈਂ ਮਾਂ–ਪਿਓ ਦੇਖੇ ਐ, ਭਰਾ ਤੇ ਭਾਬੀਆਂ ਦੇਖੀਐਂ, ਅਨੇਕਾ ਹੋਰ ਲੋਕ ਦੇਖੇ ਐ। ਇਸ ਲਈ ਮੈਂ ਕੁਸ਼ ਸਮਝਦੀ–ਬੁੱਝਦੀ ਆਂ...ਮੈਂ ਹੁਣ ਤੁਹਾਡੀ ਆਂ, ਆਪਣੇ ਬਦਲੇ ਵਿਚ ਤੁਹਾਥੋਂ ਇਕੋ ਚੀਜ਼ ਮੰਗਦੀ ਆਂ।”
ਰੋਣ ਵੇਲੇ ਤੇ ਉਸ ਤੋਂ ਪਿੱਛੋਂ ਵੀ ਇਕ ਨਸ਼ਾ ਜਿਹਾ ਸੀ। ਮਦਨ ਨੇ ਕੁਝ ਬੇਵੱਸੀ ਤੇ ਕੁਝ ਦਰਿਆ ਦਿਲੀ ਦੇ ਮਿਲੇ ਜੁਲੇ ਸ਼ਬਦਾਂ ਵਿਚ ਕਿਹਾ-
“ਕੀ ਮੰਗਦੀ ਏਂ?...ਤੂੰ ਜੋ ਵੀ ਕਹੇਂਗੀ ਮੈਂ ਦਿਆਂਗਾ।”
“ਪੱਕੀ ਗੱਲ?” ਇੰਦੂ ਬੋਲੀ।
ਮਦਨ ਕੁਝ ਉਤਾਵਲਾ ਜਿਹਾ ਹੋ ਕੇ ਬੋਲਿਆ, “ਹਾਂ, ਹਾਂ, ਕਹਿ 'ਤਾ...ਪੱਕੀ ਗੱਲ।”
ਪਰ ਇਸ ਦੌਰਾਨ ਮਦਨ ਦੇ ਮਨ ਵਿਚ ਇਕ ਸੰਸਾ ਉੱਠਿਆ-'ਮੇਰਾ ਕਾਰੋਬਾਰ ਪਹਿਲਾਂ ਈ ਮੰਦਾ ਏ, ਜੇ ਇੰਦੂ ਨੇ ਕੋਈ ਅਜਿਹੀ ਚੀਜ਼ ਮੰਗ ਲਈ ਜਿਹੜੀ ਪਹੁੰਚ ਤੋਂ ਬਾਹਰ ਹੋਈ ਤਾਂ ਕੀ ਬਣੇਗਾ?' ਪਰ ਇੰਦੂ ਨੇ ਮਦਨ ਦੇ ਖੁਰਦਰੇ ਹੱਥ ਨੂੰ ਆਪਣੇ ਦੋਵਾਂ ਹੱਥਾਂ ਵਿਚ ਲੈਂਦਿਆਂ ਤੇ ਉਸ ਉੱਤੇ ਆਪਣੀ ਗੱਲ੍ਹ ਰੱਖਦਿਆਂ ਕਿਹਾ-
“ਤੁਸੀਂ ਆਪਣੇ ਦੁੱਖ ਮੈਨੂੰ ਦੇ ਦਿਓ।”
ਮਦਨ ਹੈਰਾਨ ਰਹਿ ਗਿਆ। ਨਾਲ ਹੀ ਉਸਨੂੰ ਆਪਣੇ ਆਪ ਤੋਂ ਇਕ ਬੋਝ ਲੱਥਦਾ ਹੋਇਆ ਮਹਿਸੂਸ ਹੋਇਆ। ਉਸਨੇ ਚਾਨਣੀ ਵਿਚ ਇਕ ਵਾਰ ਫੇਰ ਇੰਦੂ ਦਾ ਚਿਹਰਾ ਦੇਖਣ ਦੀ ਕੋਸ਼ਿਸ਼ ਕੀਤੀ, ਪਰ ਸਾਫ ਸਪਸ਼ਟ ਕੁਝ ਨਾ ਦਿਖਾਈ ਦਿਤਾ। ਉਸਨੇ ਸੋਚਿਆ, ਇਹ ਮਾਂ ਜਾਂ ਕਿਸੇ ਸਹੇਲੀ ਦਾ ਰਟਾਇਆ ਹੋਇਆ ਵਾਕ ਹੋਵੇਗਾ, ਜਿਹੜਾ ਇੰਦੂ ਨੇ ਬੋਲ ਦਿਤਾ ਹੈ, ਬਸ। ਉਦੋਂ ਹੀ ਇਕ ਕੋਸਾ ਜਿਹਾ ਅੱਥਰੂ ਮਦਨ ਦੇ ਹੱਥ ਦੇ ਪੁੱਠੇ ਪਾਸੇ ਉੱਤੇ ਡਿੱਗਿਆ। ਉਸਨੇ ਇੰਦੂ ਨੂੰ ਆਪਣੇ ਨਾਲ ਘੁੱਟਦਿਆਂ ਹੋਇਆਂ ਕਿਹਾ-“ਦਿੱਤੇ।” ਪਰ ਇਹਨਾਂ ਸਾਰੀਆਂ ਗੱਲਾਂ ਨੇ ਮਦਨ ਤੋਂ ਉਸਦੀ ਪਸ਼ੂ ਬਿਰਤੀ ਖੋਹ ਲਈ ਸੀ।
ooo
ਸਾਰੇ ਮਹਿਮਾਨ ਇਕ ਇਕ ਕਰਕੇ ਵਿਦਾਅ ਹੋ ਗਏ। ਚਿਕਨੀ ਭਾਬੀ ਦੋ ਬੱਚਿਆਂ ਨੂੰ ਉਂਗਲ ਲਾਈ ਤੇ ਤੀਜਾ ਪੌੜੀਆਂ ਦੀ ਊਚ ਨੀਚ ਤੋਂ ਸੰਭਾਲਦੀ ਹੋਈ ਤੁਰ ਗਈ। ਦਰਿਆਬਾਦ ਵਾਲੀ ਭੂਆ, ਜਿਹੜੀ ਆਪਣੇ ਨੌਲੱਖੇ ਹਾਰ ਦੇ ਗਵਾਚ ਜਾਣ ਕਰਕੇ, ਰੋਂਦੀ–ਪਿੱਟਦੀ ਤੇ ਦੰਦਲਾਂ ਪਾਉਂਦੀ ਰਹੀ ਸੀ, ਤੇ ਜਿਹੜਾ ਬਾਥਰੂਮ ਵਿਚ ਪਿਆ ਲੱਭ ਗਿਆ ਸੀ, ਦਹੇਜ ਵਿਚੋਂ ਆਪਣੇ ਹਿੱਸੇ ਦੇ ਤਿੰਨ ਕਪੜੇ ਲੈ ਕੇ ਚਲੀ ਗਈ। ਫੇਰ ਚਾਚਾਜੀ ਗਏ, ਜਿਹਨਾਂ ਨੂੰ ਉਹਨਾਂ ਦੇ ਜੇ.ਪੀ. ਬਣਨ ਦੀ ਖ਼ਬਰ ਤਾਰ ਰਾਹੀਂ ਮਿਲ ਗਈ ਸੀ ਤੇ ਸ਼ਾਇਦ ਬੌਖ਼ਲਾਹਟ ਵਿਚ ਉਹ ਮਦਨ ਦੀ ਬਜਾਏ ਲਾੜੀ ਦਾ ਮੂੰਹ ਚੁੰਮਣ ਲੱਗੇ ਸਨ।
ਘਰੇ ਬੁੱਢੇ ਪਿਤਾ ਜੀ ਰਹਿ ਗਏ ਸਨ ਤੇ ਛੋਟੇ ਭੈਣ ਭਰਾ। ਛੋਟੀ ਦੁਲਾਰੀ ਤਾਂ ਹਰ ਵੇਲੇ ਭਾਬੀ ਦੇ ਗੋਡੇ ਮੁੱਢ ਬੈਠੀ ਰਹਿੰਦੀ ਸੀ। ਗਲੀ–ਮੁਹੱਲੇ ਦੀ ਜਿਹੜੀ ਗੁਆਂਢਣ ਲਾੜੀ ਨੂੰ ਵੇਖਣ ਆਵੇ ਉਹ, ਉਸ ਕੋਲ ਬੈਠੇ ਜਾਂ ਨਾ ਬੈਠੇ, ਬੈਠੇ ਤਾਂ ਕਿੰਨਾ ਚਿਰ ਬੈਠੇ, ਇਹ ਸਭ ਉਸਦੇ ਹੱਥ–ਵੱਸ ਸੀ। ਆਖ਼ਰ ਇਹ ਸਭ ਖ਼ਤਮ ਹੋਇਆ ਤੇ ਇੰਦੂ ਹੌਲੀ–ਹੌਲੀ ਪੁਰਾਣੀ ਹੋਣ ਲੱਗ ਪਈ। ਪਰ ਕਾਲਕਾ ਜੀ ਦੀ ਇਸ ਨਵੀਂ ਆਬਾਦੀ ਵਾਲੇ ਲੋਕ ਮਦਨ ਦੇ ਘਰ ਦੇ ਸਾਹਮਣੇ ਰੁਕ ਜਾਂਦੇ ਤੇ ਕਿਸੇ ਵੀ ਬਹਾਨੇ ਨਾਲ ਅੰਦਰ ਆ ਜਾਂਦੇ। ਇੰਦੂ ਉਹਨਾਂ ਨੂੰ ਦੇਖਦਿਆਂ ਹੀ ਝੱਟ ਘੁੰਡ ਕੱਢ ਲੈਂਦੀ। ਪਰ ਇਸ ਛੋਟੇ ਜਿਹੇ ਵਕਫ਼ੇ ਵਿਚ ਉਹਨਾਂ ਨੂੰ ਜੋ ਵੀ ਦਿਖਾਈ ਦੇ ਜਾਂਦਾ, ਉਹ ਬਿਨਾਂ ਘੁੰਡ ਦੇ ਦਿਖਾਈ ਵੀ ਨਹੀਂ ਸੀ ਦੇ ਸਕਦਾ।
ਮਦਨ ਦਾ ਕਾਰੋਬਾਰ ਗੰਦੇ ਬਰੋਜੇ ਦਾ ਸੀ। ਕਿਤੇ ਵੱਡੀ ਸਪਲਾਈ ਵਾਲੇ ਦੋ ਤਿੰਨ ਜੰਗਲਾਂ ਵਿਚ ਚੀਲ ਦੇ ਦੇਵਦਾਰ ਦੇ ਰੁੱਖਾਂ ਨੂੰ ਅੱਗ ਲੱਗ ਗਈ ਸੀ ਤੇ ਉਹ ਭੜ–ਭੜ ਮੱਚ ਕੇ ਸਵਾਹ ਹੋ ਗਏ ਸਨ। ਮੈਸੂਰ ਤੇ ਆਸਾਮ ਤੋਂ ਮੰਗਵਾਇਆ ਹੋਇਆ ਬਰੋਜਾ ਮਹਿੰਗਾ ਪੈਂਦਾ ਸੀ ਤੇ ਲੋਕ ਉਸਨੂੰ ਮਹਿੰਗੇ ਭਾਅ ਖ਼ਰੀਦਨ ਲਈ ਤਿਆਰ ਨਹੀਂ ਸਨ। ਇਕ ਤਾਂ ਆਮਦਨੀ ਘੱਟ ਹੋ ਗਈ ਸੀ, ਤੇ ਦੂਜਾ ਮਦਨ ਜਲਦੀ ਹੀ ਦੁਕਾਨ ਤੇ ਉਸਦੇ ਨਾਲ ਵਾਲਾ ਦਫ਼ਤਰ ਬੰਦ ਕਰਕੇ ਘਰ ਆ ਜਾਂਦਾ। ਘਰ ਪਹੁੰਚ ਕੇ ਉਸਦੀ ਪੂਰੀ ਕੋਸ਼ਿਸ਼ ਇਹੀ ਹੁੰਦੀ ਕਿ ਸਾਰੇ ਜਣੇ ਖਾ ਪੀ ਕੇ ਜਲਦੀ ਤੋਂ ਜਲਦੀ ਆਪੋ–ਆਪਣੇ ਬਿਸਤਰਿਆਂ ਵਿਚ ਪਹੁੰਚ ਜਾਣ। ਇਸੇ ਲਈ ਖਾਣੇ ਵੇਲੇ ਉਹ ਥਾਲੀਆਂ ਚੁੱਕ ਚੁੱਕ ਕੇ ਬਾਊਜੀ ਤੇ ਭੈਣ–ਭਰਾਵਾਂ ਦੇ ਅੱਗੇ ਰੱਖਦਾ ਤੇ ਖਾ ਹਟਣ ਪਿੱਛੋਂ ਜੂਠੇ ਭਾਂਡੇ ਸਮੇਟ ਕੇ ਨਲਕੇ ਕੋਲ ਰੱਖ ਆਉਂਦਾ। ਸਾਰੇ ਸਮਝਦੇ ਬਹੂ, ਭਾਬੀ ਨੇ ਮਦਨ ਦੇ ਸਿਰ ਵਿਚ ਕੁਝ ਪਾ ਦਿਤਾ ਹੈ ਤਾਂਹੀਏਂ ਤਾਂ ਹੁਣ ਉਹ ਘਰ ਦੇ ਕੰਮਕਾਜ ਵਿਚ ਦਿਲਚਸਪੀ ਲੈਣ ਲੱਗ ਪਿਆ ਹੈ। ਮਦਨ ਸਭ ਤੋਂ ਵੱਡਾ ਸੀ। ਕੁੰਦਨ ਉਸ ਤੋਂ ਛੋਟਾ ਤੇ ਪਾਸ਼ੀ ਸਭ ਤੋਂ ਛੋਟੀ। ਜਦੋਂ ਕੁੰਦਨ ਭਾਬੀ ਦੇ ਸਵਾਗਤ ਵਿਚ ਉਸਨੂੰ ਸਾਰਿਆਂ ਨਾਲ ਬੈਠ ਕੇ ਖਾਣ ਲਈ ਕਹਿੰਦਾ ਤਾਂ ਪਿਤਾ ਧਨੀਰਾਮ ਉੱਥੇ ਹੀ ਉਹਨੂੰ ਤਾੜ ਦਿੰਦੇ-“ਤੂੰ ਖਾਹ, ਆਰਾਮ ਨਾਲ ਬਹਿਕੇ,” ਉਹ ਕਹਿੰਦੇ, “ਉਹ ਵੀ ਖਾ ਲਏਗੀ।” ਤੇ ਫੇਰ ਰਸੋਈ ਵੱਲ ਦੇਖਦੇ ਰਹਿੰਦੇ ਤੇ ਜਦੋਂ ਬਹੂ ਖਾਣ ਪੀਣ ਤੋਂ ਵਿਹਲੀ ਹੋ ਜਾਂਦੀ ਤੇ ਭਾਂਡਿਆਂ ਵੱਲ ਹੁੰਦੀ ਤਾਂ ਉਸਨੂੰ ਰੋਕਦੇ ਹੋਏ ਕਹਿੰਦੇ, “ਰਹਿਣ ਦੇ ਬਹੂ, ਭਾਂਡੇ ਸਵੇਰੇ ਹੋ ਜਾਣਗੇ।”
ਇੰਦੂ ਕਹਿੰਦੀ-“ਨਹੀਂ ਬਾਊਜੀ, ਮੈਂ ਹੁਣੇ ਮਾਂਜ ਦੇਨੀ ਆਂ, ਮਿੰਟਾਂ 'ਚ।”
ਫੇਰ ਬਾਊ ਧਨੀਰਾਮ ਅਤੀ ਭਾਵੁਕ ਆਵਾਜ਼ ਵਿਚ ਕਹਿੰਦੇ-“ਮਦਨ ਦੀ ਮਾਂ ਹੁੰਦੀ ਤਾਂ ਇਹ ਸਭ ਤੈਨੂੰ ਕਰਨ ਦੇਂਦੀ?” ਤੇ ਇੰਦੂ ਝੱਟ ਆਪਣੇ ਹੱਥ ਰੋਕ ਲੈਂਦੀ।
ਛੋਟਾ ਪਾਸ਼ੀ ਭਾਬੀ ਤੋਂ ਸ਼ਰਮਾਉਂਦਾ ਸੀ। ਇਸ ਖ਼ਿਆਲ ਨਾਲ ਕਿ ਲਾੜੀ ਦੀ ਗੋਦ ਛੇਤੀ ਹਰੀ ਹੋਵੇ, ਚਿਕਨੀ ਭਾਬੀ ਤੇ ਦਰਿਆਬਾਦ ਵਾਲੀ ਭੂਆ ਨੇ ਇਕ ਰਸਮ ਅਨੁਸਾਰ ਪਾਸ਼ੀ ਨੂੰ ਇੰਦੂ ਦੀ ਗੋਦੀ ਵਿਚ ਬਿਠਾਅ ਦਿਤਾ ਸੀ। ਉਦੋਂ ਤੋਂ ਹੀ ਇੰਦੂ ਉਸਨੂੰ ਨਾ ਸਿਰਫ ਆਪਣਾ ਦਿਓਰ ਬਲਿਕੇ ਬਾਲ ਹੀ ਸਮਝਣ ਲੱਗ ਪਈ ਸੀ। ਜਦੋਂ ਉਹ ਪਿਆਰ ਨਾਲ ਪਾਸ਼ੀ ਨੂੰ ਆਪਣੀ ਬੁੱਕਲ ਵਿਚ ਲੈਣ ਦੀ ਕੋਸ਼ਿਸ਼ ਕਰਦੀ, ਉਹ ਘਬਰਾ ਜਾਂਦਾ ਤੇ ਆਪਣੇ ਆਪ ਨੂੰ ਛੁਡਾਅ ਕੇ ਦੋ ਹੱਥ ਦੀ ਦੂਰੀ 'ਤੇ ਜਾ ਖੜ੍ਹਾ ਹੁੰਦਾ-ਦੇਖਦਾ ਤੇ ਹੱਸਦਾ ਰਹਿੰਦਾ; ਕੋਲ ਆਉਂਦਾ ਨਾ ਦੂਰ ਜਾਂਦਾ। ਸਬੱਬ ਨਾਲ ਉਦੋਂ ਬਾਊਜੀ ਹਮੇਸ਼ਾ ਉੱਥੇ ਹੁੰਦੇ ਤੇ ਪਾਸ਼ੀ ਨੂੰ ਤਾੜਦੇ ਹੋਏ ਕਹਿੰਦੇ-“ਓਇ ਜਾਹ ਨਾ...ਭਾਬੀ ਪਿਆਰ ਕਰਦੀ ਏ। ਹੁਣੇ ਤੋਂ ਵੱਡਾ ਬਣ ਗਿਆ ਏਂ ਤੂੰ?” ਤੇ ਦੁਲਾਰੀ ਤਾਂ ਖਹਿੜਾ ਹੀ ਨਹੀਂ ਸੀ ਛੱਡਦੀ ਹੁੰਦੀ। ਉਸਦੀ 'ਮੈਂ ਤਾਂ ਭਾਬੀ ਦੇ ਨਾਲ ਈ ਸੰਵਾਂਗੀ' ਦੀ ਜ਼ਿਦ ਨੇ ਤਾਂ ਬਾਊਜੀ ਅੰਦਰ ਕੋਈ ਜਨਾਰਧਨ ਜਗਾ ਦਿਤਾ ਸੀ। ਇਕ ਰਾਤ ਇਸੇ ਗੱਲ ਦੀ ਜ਼ਿਦ ਕਰਕੇ ਦੁਲਾਰੀ ਦੇ ਜ਼ੋਰਦਾਰ ਥੱਪੜ ਵੀ ਪਿਆ ਤੇ ਉਹ ਘਰ ਦੀ ਅੱਧੀ–ਕੱਚੀ, ਅੱਧੀ–ਪੱਕੀ ਨਾਲੀ ਵਿਚ ਜਾ ਡਿੱਗੀ। ਇੰਦੂ ਨੇ ਅਹੂਲ ਕੇ ਚੁੱਕਿਆ ਤਾਂ ਸਿਰ ਤੋਂ ਦੁੱਪਟਾ ਉੱਡ ਗਿਆ। ਵਾਲਾਂ ਦੇ ਫੁੱਲ ਤੇ ਚਿੜੀਆਂ, ਮਾਂਗ ਦਾ ਸਿੰਧੂਰ ਤੇ ਕੰਨਾਂ ਦੇ ਝੁਮਕੇ ਸਭ ਨੰਗੇ ਹੋ ਗਏ। “ਬਾਊਜੀ!” ਇੰਦੂ ਨੇ ਹਊਂਕਾ ਜਿਹਾ ਖਿੱਚ ਕੇ ਕਿਹਾ...ਇਕੋ ਵੇਲੇ ਦੁਲਾਰੀ ਨੂੰ ਚੁੱਕਦਿਆਂ ਤੇ ਸਿਰ ਦਾ ਦੁਪੱਟਾ ਠੀਕ ਕਰਦਿਆਂ ਇੰਦੂ ਨੂੰ ਮੁੜ੍ਹਕਾ ਆ ਗਿਆ ਸੀ। ਉਸਨੇ ਬੇ–ਮਾਂ ਦੀ ਬੱਚੀ ਨੂੰ ਛਾਤੀ ਨਾਲ ਲਾ ਕੇ ਉਸਨੂੰ ਇਕ ਪਲੰਘ ਉੱਤੇ ਪਾ ਦਿਤਾ, ਜਿਸ ਉੱਤੇ ਗੱਦੇ ਤੇ ਸਿਰਹਾਣੇ ਪਏ ਸੀ। ਨਾ ਕਿਤੇ ਪੁਆਂਦੀ ਸੀ ਨਾ ਕਾਠ ਦੀ ਢੋਅ। ਸੱਟ ਤਾਂ ਇਕ ਪਾਸੇ ਕੋਈ ਕਿਧਰੇ ਚੁਭਣ ਵਾਲੀ ਚੀਜ਼ ਵੀ ਨਹੀਂ ਸੀ। ਫੇਰ ਇੰਦੂ ਦੀਆਂ ਉਂਗਲਾਂ ਦੁਲਾਰੀ ਦੇ ਸਿਰ ਦੇ ਗਮੋੜ੍ਹੇ ਨੂੰ ਪਲੋਸਤੀਆਂ ਹੋਈਆਂ-ਉਸਨੂੰ ਦੁਖਾਅ ਵੀ ਰਹੀਆਂ ਸਨ ਤੇ ਆਰਾਮ ਵੀ ਪਹੁੰਚਾਅ ਰਹੀਆਂ ਸਨ। ਦੁਲਾਰੀਆਂ ਦੀਆਂ ਗੱਲ੍ਹਾਂ ਵਿਚ ਵੱਡੇ ਵੱਡੇ ਤੇ ਪਿਆਰੇ ਪਿਆਰੇ ਟੋਏ ਪੈਂਦੇ ਸਨ। ਇੰਦੂ ਨੇ ਉਹਨਾਂ ਟੋਇਆਂ ਵੱਲ ਤੱਕਦਿਆਂ ਹੋਇਆਂ ਕਿਹਾ-“ਹਾਏ ਨੀਂ ਮੁੰਨੀਂ! ਤੇਰੀ ਸੱਸ ਮਰੇ, ਕੇਡੇ ਕੇਡੇ ਟੋਏ ਪੈਂਦੇ ਆ ਤੇਰੀਆਂ ਗੱਲ੍ਹਾਂ 'ਚ...!” ਮੁੰਨੀ ਨੇ ਮੁੰਨੀ ਵਾਂਗ ਹੀ ਕਿਹਾ-“ਟੋਏ ਤਾਂ ਤੇਰੇ ਵੀ ਪੈਂਦੇ ਨੇ ਭਾਬੀ!”
“ਹਾਂ ਮੁੰਨੀ!” ਇੰਦੂ ਨੇ ਕਿਹਾ ਤੇ ਠੰਡਾ ਹਊਕਾ ਖਿੱਚਿਆ।
ਮਦਨ ਨੂੰ ਕਿਸੇ ਗੱਲ ਦਾ ਗੁੱਸਾ ਸੀ। ਉਹ ਕੋਲ ਹੀ ਖੜ੍ਹਾ ਸਭ ਕੁਝ ਸੁਣ ਰਿਹਾ ਸੀ। ਬੋਲਿਆ, “ਮੈਂ ਤਾਂ ਕਹਿਣਾ, ਇਕ ਤਰ੍ਹਾਂ ਨਾਲ ਚੰਗਾ ਈ ਏ।”
“ਕਿਉਂ, ਚੰਗਾ ਕਿਉਂ ਐ?” ਇੰਦੂ ਨੇ ਪੁੱਛਿਆ।
“ਹੋਰ ਕੀ, ਨਾ ਹੋਊਗਾ ਬਾਂਸ, ਨਾ ਵੱਜੂਗੀ ਬੰਸਰੀ। ਸੱਸ ਨਾ ਹੋਵੇ ਤਾਂ ਕੋਈ ਝਗੜਾ ਈ ਨਹੀਂ ਰਹਿੰਦਾ।”
ਇੰਦੂ ਨੇ ਗੁੱਸਾ ਕਰਦਿਆਂ ਹੋਇਆਂ ਕਿਹਾ-“ਤੁਸੀਂ ਜਾਓ ਜੀ, ਸੌਂ ਜੋ ਜਾ ਕੇ, ਵੱਡੇ ਆਏ...ਕੋਈ ਹੋਵੇਗਾ ਤਾਂ ਲੜੇਗਾ ਵੀ। ਮਸਾਨਾ ਵਰਗੀ ਚੁੱਪ ਨਾਲੋਂ ਝਗੜਾ ਚੰਗਾ। ਜਾਓ ਨਾ, ਰਸੋਈ ਵਿਚ ਤੁਹਾਡਾ ਕੀ ਕੰਮ?”
ਮਦਨ ਕੱਚਾ ਜਿਹਾ ਹੋ ਗਿਆ ਸੀ। ਬਾਊ ਧਨੀਰਾਮ ਦੇ ਦਾਬੇ ਕਾਰਣ ਬਾਕੀ ਨਿਆਣੇ ਤਾਂ ਪਹਿਲਾਂ ਹੀ ਆਪੋ ਆਪਣੇ ਬਿਸਤਰਿਆਂ ਵਿਚ ਇੰਜ ਜਾ ਪਏ ਸਨ, ਜਿਵੇਂ ਡਾਕਘਰ ਵਿਚ ਚਿੱਠੀਆਂ ਸਾਰਟ ਹੁੰਦੀਆਂ ਨੇ, ਪਰ ਮਦਨ ਉੱਥੇ ਹੀ ਖੜ੍ਹਾ ਰਿਹਾ ਸੀ। ਵਿਰੋਧ ਨੇ ਉਸਨੂੰ ਢੀਠ ਤੇ ਬੇਸ਼ਰਮ ਬਣਾ ਦਿਤਾ ਸੀ। ਪਰ ਏਸ ਵੇਲੇ ਜਦੋਂ ਇੰਦੂ ਨੇ ਵੀ ਉਸਨੂੰ ਘੁਰਕ ਦਿਤਾ ਤਾਂ ਉਹ ਰੋਣਹਾਕ ਜਿਹਾ ਹੋ ਕੇ ਅੰਦਰ ਚਲਾ ਗਿਆ।
ਦੇਰ ਤਕ ਮਦਨ ਬਿਸਤਰੇ 'ਤੇ ਪਿਆ ਪਾਸੇ ਪਰਤਦਾ ਰਿਹਾ। ਪਰ ਬਾਊਜੀ ਦੇ ਡਰ ਕਰਕੇ ਇੰਦੂ ਨੂੰ ਆਵਾਜ਼ ਮਾਰਨ ਦੀ ਹਿੰਮਤ ਨਹੀਂ ਪਈ। ਉਸਦੀ ਬੇਵੱਸੀ ਦੀ ਹੱਦ ਹੋ ਗਈ, ਜਦੋਂ ਮੁੰਨੀਂ ਨੂੰ ਸੰਵਾਉਣ ਲਈ ਇੰਦੂ ਦੀ ਲੋਰੀ ਸੁਣਾਈ ਦਿਤੀ-“ਤੂੰ ਆ ਨੀਂਦੋ ਰਾਣੀ, ਨੀਂ ਕਮਲੀ ਮਸਤਾਨੀ।”
ਉਹ ਲੋਰੀ ਜਿਹੜੀ ਦੁਲਾਰੀ ਮੁੰਨੀ ਨੂੰ ਸੰਵਾਅ ਰਹੀ ਸੀ; ਮਦਨ ਦੀ ਨੀਂਦ ਉਡਾਅ ਰਹੀ ਸੀ। ਆਪਣੇ ਆਪ ਤੋਂ ਅੱਕ ਕੇ ਉਸਨੇ ਜ਼ੋਰ ਨਾਲ ਚਾਦਰ ਤਾਣ ਲਈ। ਸਫ਼ੇਦ ਚਾਦਰ ਦੇ ਸਿਰ ਤਕ ਲੈਣ ਤੇ ਖਾਹਮਖਾਹ ਸਾਹ ਰੋਕ ਲੈਣ ਕਰਕੇ ਕਿਸੇ ਲਾਸ਼ ਵਾਂਗ ਲੱਗਣ ਲੱਗ ਪਿਆ। ਮਦਨ ਨੂੰ ਇੰਜ ਲੱਗਿਆ ਜਿਵੇਂ ਉਹ ਮਰ ਚੁੱਕਿਆ ਹੈ ਤੇ ਉਸਦੀ ਲਾੜੀ ਇੰਦੂ ਉਸਦੇ ਕੋਲ ਬੈਠੀ ਉੱਚੀ ਉੱਚੀ ਰੋ ਰਹੀ ਹੈ ਤੇ ਜ਼ੋਰ ਜ਼ੋਰ ਨਾਲ ਸਿਰ ਪਿੱਟ ਰਹੀ ਹੈ, ਕੰਧ ਨਾਲ ਬਾਹਾਂ ਮਾਰ–ਮਾਰ ਕੇ ਚੂੜੀਆਂ ਭੰਨ ਰਹੀ ਹੈ, ਤੇ ਫੇਰ ਡਿੱਗਦੀ ਢੈਂਦੀ, ਰੋਂਦੀ ਪਿਟਦੀ ਰਸੋਈ ਵਿਚ ਜਾਂਦੀ ਹੈ ਤੇ ਚੁੱਲ੍ਹੇ ਦੀ ਸਵਾਹ ਸਿਰ ਵਿਚ ਪਾ ਲੈਂਦੀ ਹੈ, ਫੇਰ ਬਾਹਰ ਨਿਕਲ ਜਾਂਦੀ ਹੈ ਤੇ ਬਾਹਾਂ ਉਲਾਰ–ਉਲਾਰ ਕੇ ਗਲੀ ਮੁਹੱਲੇ ਦੇ ਲੋਕਾਂ ਨੂੰ ਫਰਿਆਦ ਕਰਦੀ ਹੈ-'ਲੋਕੋ ਮੈਂ ਲੁੱਟੀ ਗਈ ਵੇ!' ਹੁਣ ਉਸਨੂੰ ਦੁਪੱਟੇ ਦੀ ਪ੍ਰਵਾਹ ਨਹੀਂ, ਕਮੀਜ਼ ਦੀ ਪ੍ਰਵਾਹ ਨਹੀਂ, ਮਾਂਗ ਦਾ ਸਿੰਧੂਰ, ਵਾਲਾਂ ਦੇ ਫੁੱਲ ਤੇ ਫੁੱਲਝੜੀਆਂ ਸਭ ਨੰਗੇ ਹੋ ਗਏ ਨੇ, ਜਜ਼ਬਾਤਾਂ, ਖ਼ਿਆਲਾਤਾਂ ਦੇ ਤੋਤੇ ਉੱਡ ਚੁੱਕੇ ਨੇ...।
ਮਦਨ ਦੀਆਂ ਅੱਖਾਂ ਵਿਚੋਂ ਪਰਲ ਪਰਲ ਅੱਥਰੂ ਵਗ ਰਹੇ ਸਨ, ਹਾਲਾਂਕਿ ਰਸੋਈ ਵਿਚ ਇੰਦੂ ਹੱਸ ਰਹੀ ਸੀ ਪਲ ਭਰ ਵਿਚ ਆਪਣੇ ਸੁਹਾਗ ਦੇ ਉੱਜੜਨ ਤੇ ਮੁੜ ਵੱਸ ਜਾਣ ਵਲੋਂ ਅਣਜਾਣ...ਮਦਨ ਅਸਲੀਅਤ ਦੀ ਦੁਨੀਆਂ ਵਿਚ ਅਇਆ ਤੇ ਅੱਥਰੂ ਪੂੰਝਦਾ ਹੋਇਆ ਆਪਣੇ ਉਸ ਰੋਣੇ 'ਤੇ ਹੱਸਣ ਲੱਗ ਪਿਆ।...ਇਧਰ ਇੰਦੂ ਹੱਸ ਤਾਂ ਰਹੀ ਸੀ, ਪਰ ਉਸਦਾ ਹਾਸਾ ਫਿੱਕਾ–ਫਿੱਕਾ ਜਿਹਾ ਸੀ। ਬਾਊਜੀ ਦਾ ਖ਼ਿਆਲ ਕਾਰਕੇ ਉਹ ਕਦੀ ਉੱਚੀ ਆਵਾਜ਼ ਵਿਚ ਨਹੀਂ ਸੀ ਹੱਸਦੀ, ਜਿਵੇਂ ਖਿੜਖਿੜ ਹੱਸਣਾ ਕੋਈ ਨੰਗਾਪਨ ਹੋਵੇ-ਖ਼ਮੋਸ਼ੀ, ਦੁਪੱਟਾ, ਦੱਬਵਾਂ ਜਿਹਾ ਹਾਸਾ ਤੇ ਇਕ ਘੁੰਡ। ਫੇਰ ਮਦਨ ਨੇ ਇੰਦੂ ਦਾ ਇਕ ਕਲਪਿਤ ਬੁੱਤ ਬਣਾਇਆ ਤੇ ਉਸ ਨਾਲ ਸੈਂਕੜੇ ਗੱਲਾਂ ਕੀਤੀਆਂ। ਉਸ ਨਾਲ ਇੰਜ ਪਿਆਰ ਕੀਤਾ ਜਿਵੇਂ ਅੱਜ ਤਕ ਨਹੀਂ ਸੀ ਕੀਤਾ...ਉਹ ਫੇਰ ਆਪਣੀ ਦੁਨੀਆਂ ਵਿਚ ਪਰਤ ਆਇਆ, ਜਿਸ ਵਿਚ ਨਾਲ ਵਾਲਾ ਬਿਸਤਰਾ ਖ਼ਾਲੀ ਸੀ। ਉਸਨੇ ਹੌਲੀ–ਜਿਹੀ ਆਵਾਜ਼ ਮਾਰੀ-“ਇੰਦੂ” ਤੇ ਫੇਰ ਚੁੱਪ ਹੋ ਗਿਆ। ਇਸੇ ਉਧੇੜ–ਬੁਣ ਵਿਚ ਉਹ ਦੀਵਾਨੀ ਮਸਤਾਨੀ ਨੀਂਦ ਉਸਨੂੰ ਵੀ ਆ ਚੰਬੜੀ। ਇਕ ਉਂਘ ਜਿਹੀ ਆਈ, ਤੇ ਨਾਲ ਹੀ ਇੰਜ ਵੀ ਲੱਗਿਆ, ਜਿਵੇਂ ਵਿਆਹ ਦੀ ਰਾਤ ਵਾਲੀ ਗੁਆਂਢੀ ਸਿਬਤੇ ਦੀ ਮੱਝ ਉਸਦੇ ਮੂੰਹ ਦੇ ਕੋਲ ਆ ਕੇ ਫੁਕਾਰੇ ਮਾਰ ਰਹੀ ਹੈ। ਉਹ ਤ੍ਰਬਕ ਕੇ ਉਠਿਆ, ਫੇਰ ਰਸੋਈ ਵੱਲ ਦੇਖ ਕੇ ਸਿਰ ਖੁਰਕਦਿਆਂ ਹੋਇਆਂ ਦੋ ਤਿੰਨ ਉਬਾਸੀਆਂ ਲੈ ਕੇ ਲੇਟ ਗਿਆ ਤੇ ਸੌਂ ਗਿਆ।
ਮਦਨ ਜਿਵੇਂ ਕੰਨਾਂ ਨੂੰ ਕੋਈ ਹੁਕਮ ਦੇ ਕੇ ਸੁੱਤਾ ਸੀ। ਜਦੋਂ ਬਿਸਤਰੇ ਦੇ ਵੱਟ ਕੱਢ ਰਹੀ ਇੰਦੂ ਦੀਆਂ ਚੂੜੀਆਂ ਖੜਕੀਆਂ, ਖਣਕੀਆਂ ਤਾਂ ਉਹ ਵੀ ਤ੍ਰਬਕ ਕੇ ਉਠ ਬੈਠਾ ਹੋਇਆ। ਹਾਂ, ਯਕਦਮ ਜਾਗਣ ਕਰਕੇ ਮੁਹੱਬਤ ਦਾ ਜਜ਼ਬਾ ਹੋਰ ਵੀ ਤੇਜ਼ ਹੋ ਗਿਆ ਸੀ। ਪਿਆਰ ਦੀਆਂ ਅੰਗੜਾਈਆਂ ਲਏ ਬਗ਼ੈਰ ਆਦਮੀ ਸੌਂ ਜਾਵੇ ਤੇ ਇਕਦਮ ਉੱਠੇ ਤਾਂ ਮੁਹੱਬਤ ਦਮ ਤੋੜ ਦੇਂਦੀ ਹੈ। ਮਦਨ ਦਾ ਸਾਰਾ ਸਰੀਰ ਅੰਦਰ ਹੀ ਅੰਦਰ ਅੱਗ ਵਿਚ ਭੁੱਜ ਰਿਹਾ ਸੀ ਤੇ ਇਹੀ ਉਸਦੇ ਹਿਰਖ ਦਾ ਕਾਰਣ ਬਣ ਗਿਆ ਸੀ, ਤਦੇ ਉਸਨੇ ਕੁਝ ਖਰਵੀ ਜਿਹੀ ਆਵਾਜ਼ ਵਿਚ ਕਿਹਾ-
“ਸੋ, ਤੂੰ ਆ ਗਈ!”
“ਹਾਂ!”
“ਮੁੰਨੀ-ਸੌਂ ਮਰ ਗਈ?”
ਇੰਦੂ ਝੁਕੀ ਝੁਕੀ ਯਕਦਮ ਸਿੱਧੀ ਖੜ੍ਹੀ ਹੋ ਗਈ-“ਹਾਏ ਰਾਮ!” ਉਸਨੇ ਨੱਕ 'ਤੇ ਉਂਗਲ ਰੱਖਦਿਆਂ, ਹੈਰਾਨੀ ਜਿਹੀ ਨਾਲ ਕਿਹਾ, “ਅਹਿ ਕੀ ਕਹਿ ਰਹੇ ਓ? ਮਰੇ ਕਿਉਂ ਵਿਚਾਰੀ! ਮਾਪਿਆਂ ਦੀ ਇਕੋ ਧੀ ਐ...!”
“ਹਾਂ!” ਮਦਨ ਨੇ ਕਿਹਾ, “ਭਾਬੀ ਦੀ ਇਕੋ ਨਣਾਨ।” ਤੇ ਫੇਰ ਇਕਦਮ ਹਾਕਮਾਂ ਵਾਂਗ ਹੁਕਮ ਦਿਤਾ, “ਬਹੁਤਾ ਮੂੰਹ ਨਾ ਲਾਵੀਂ ਉਸ ਚੂੜੈਲ ਨੂੰ।”
“ਕਿਉਂ, ਇਸ 'ਚ ਕੋਈ ਪਾਪ ਐ?”
“ਇਹੀ ਪਾਪ ਏ,” ਮਦਨ ਨੇ ਚਿੜ ਕੇ ਕਿਹਾ, “ਪਿੱਛਾ ਈ ਨਹੀਂ ਛੱਡਦੀ ਤੇਰਾ। ਜਦੋਂ ਦੇਖੋ ਜੋਕ ਵਾਂਗ ਚੰਬੜੀ ਹੋਈ ਏ, ਦਫ਼ਾ ਈ ਨਹੀਂ ਹੁੰਦੀ।”
“ਹਾਅ!” ਇੰਦੂ ਨੇ ਮਦਨ ਦੇ ਮੰਜੇ ਉੱਤੇ ਬੈਠਦਿਆਂ ਹੋਇਆਂ ਕਿਹਾ, “ਭੈਣਾ ਤੇ ਧੀਆਂ ਨੂੰ ਇੰਜ ਦੁਰਕਾਰਨਾ ਨਹੀਂ ਚਾਹੀਦਾ। ਵਿਚਾਰੀਆਂ ਦੋ ਦਿਨ ਦੀਆਂ ਮਹਿਮਾਨ। ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ, ਇਕ ਦਿਨ ਚਲੀਆਂ ਈ ਜਾਣੀਐਂ।” ਇਸ ਪਿੱਛੋਂ ਇੰਦੂ ਕੁਝ ਕਹਿਣਾ ਚਾਹੁੰਦੀ ਸੀ,ਪਰ ਉਹ ਚੁੱਪ ਹੋ ਗਈ। ਉਸਦੀਆਂ ਅੱਖਾਂ ਸਾਹਮਣੇ ਆਪਣੇ ਮਾਂ,ਬਾਪ, ਭਰਾ, ਭੈਣਾ, ਚਾਚੇ, ਤਾਏ ਸਾਰੇ ਘੁੰਮ ਗਏ। ਕਦੀ ਉਹ ਵੀ ਉਹਨਾਂ ਦੀ ਪਿਆਰੀ ਸੀ, ਜਿਹੜੀ ਅੱਖ ਦੇ ਫੋਰੇ ਵਿਚ ਪਰਾਈ ਹੋਣ ਲੱਗੀ ਤੇ ਫੇਰ ਦਿਨ ਰਾਤ ਉਸਨੂੰ ਕੱਢੇ ਜਾਣ ਦੀਆਂ ਗੱਲਾਂ ਹੋਣ ਲੱਗੀਆਂ। ਜਿਵੇਂ ਘਰ ਵਿਚ ਕੋਈ ਵੱਡੀ ਸਾਰੀ ਖੁੱਡ ਹੈ ਜਿਸ ਵਿਚ ਕੋਈ ਨਾਗਿਨ ਰਹਿੰਦੀ ਹੈ ਤੇ ਜਦੋਂ ਤਕ ਉਹਨੂੰ ਫੜ੍ਹ ਕੇ ਬਾਹਰ ਨਹੀਂ ਸੁਟਵਾਇਆ ਜਾਂਦਾ, ਘਰ ਵਾਲੇ ਆਰਾਮ ਦੀ ਨੀਂਦ ਨਹੀਂ ਸੌਂ ਸਕਦੇ। ਦੂਰੋਂ ਦੂਰੋਂ ਕੀਲਣ ਵਾਲੇ, ਨੱਥਣ ਵਾਲੇ, ਦੰਦ ਭੱਨਣ ਵਾਲੇ ਮਾਂਦਰੀ ਬੁਲਾਏ ਗਏ, ਵੱਡੇ ਵੱਡੇ ਧਨਵੰਤਰੀ ਤੇ ਮੋਤੀ ਸਾਗਰ...ਆਖ਼ਰ ਇਕ ਦਿਨ ਉਤਰ ਪੱਛਮ ਵੱਲੋਂ ਇਕ ਲਾਲ ਹਨੇਰੀ ਆਈ ਤੇ ਜਦੋਂ ਸਾਫ ਹੋਈ ਤਾਂ ਉਹ ਲਾਰੀ ਖੜ੍ਹੀ ਸੀ ਜਿਸ ਵਿਚ ਗੋਟੇ ਕਿਨਾਰੀ ਵਿਚ ਲਿਪਟੀ ਇਕ ਲਾੜੀ ਬੈਠੀ ਸੀ। ਪਿੱਛੇ ਘਰ ਵਿਚ, ਇਕਸੁਰ, ਵੱਜਦੀ ਹੋਈ ਸ਼ਹਿਨਾਈ ਬੀਣ ਦੀ ਆਵਾਜ਼ ਲੱਗ ਰਹੀ ਸੀ। ਫੇਰ ਇਕ ਹੂਝਕੇ ਨਾਲ ਲਾਰੀ ਤੁਰ ਪਈ।
ਮਦਨ ਨੇ ਜ਼ਰਾ ਰੜਕਵੀਂ ਆਵਾਜ਼ ਵਿਚ ਕਿਹਾ, “ਤੁਸੀਂ ਔਰਤਾਂ ਬੜੀਆਂ ਚਾਲਾਕ ਹੁੰਦੀਆਂ ਓ। ਅਜੇ ਕੱਲ੍ਹ ਹੀ ਇਸ ਘਰ ਵਿਚ ਆਈ ਏਂ ਤੇ ਇੱਥੋਂ ਦੇ ਸਾਰੇ ਲੋਕ ਤੈਨੂੰ, ਮੈਥੋਂ, ਵੱਧ ਪਿਆਰ ਕਰਨ ਲੱਗ ਪਏ ਨੇ।”
“ਹਾਂ।” ਇੰਦੂ ਨੇ ਬੜੇ ਆਤਮ ਵਿਸ਼ਵਾਸ ਨਾਲ ਕਿਹਾ।
“ਇਹ ਸਭ ਝੂਠ ਏ...ਇਹ ਹੋ ਹੀ ਨਹੀਂ ਸਕਦਾ।”
“ਤੁਹਾਡਾ ਮਤਲਬ ਮੈਂ...”
“ਦਿਖਾਵਾ ਏ ਇਸ ਸਭ...ਹਾਂ!”
“ਅੱਛਾ ਜੀ!” ਇੰਦੂ ਨੇ ਅੱਖਾਂ ਭਰ ਕੇ ਕਿਹਾ, “ਇਹ ਸਭ ਦਿਖਾਵਾ ਐ ਮੇਰਾ?” ਤੇ ਉਠ ਕੇ ਆਪਣੇ ਮੰਜੇ 'ਤੇ ਚਲੀ ਗਈ ਤੇ ਸਿਰਹਾਣੇ ਵਿਚ ਮੂੰਹ ਗੱਡ ਕੇ ਸਿਸਕਨ ਲੱਗ ਪਈ। ਮਦਨ ਉਸਨੂੰ ਮਨਾਉਣ ਜਾਣ ਵਾਲਾ ਸੀ ਕਿ ਉਹ ਆਪ ਹੀ ਉਠ ਕੇ ਮਦਨ ਦੇ ਕੋਲ ਆ ਗਈ ਤੇ ਘੁੱਟ ਕੇ ਉਸਦਾ ਹੱਥ ਫੜ੍ਹਦੀ ਹੋਈ ਬੋਲੀ, “ਤੁਸੀਂ ਹਰ ਵੇਲੇ ਚੋਭਾਂ ਮਾਰਦੇ ਰਹਿੰਦੇ ਓ, ਹੋਇਆ ਕੀ ਐ ਤੁਹਾਨੂੰ?”
ਪਤੀਆਂ ਵਾਲਾ ਦਾਬਾ ਮਾਰਨ ਲਈ ਮਦਨ ਦੇ ਹੱਥ ਬਹਾਨਾ ਆ ਗਿਆ-“ਜਾਹ–ਜਾਹ, ਸੌਂ ਜਾਅ ਜਾ ਕੇ,” ਮਦਨ ਨੇ ਕਿਹਾ, “ਮੈਂ ਤੈਥੋਂ ਕੁਛ ਨਹੀਂ ਲੈਣਾ।”
“ਤੁਸੀਂ ਕੁਸ਼ ਨਹੀਂ ਲੈਣਾ, ਮੈਂ ਤਾਂ ਲੈਣਾ ਐਂ,” ਇੰਦੂ ਬੋਲੀ-“ਸਾਰੀ ਉਮਰ ਲੈਣਾ ਐਂ।” ਤੇ ਉਹ ਖੋਹਾ ਖਾਹੀ ਕਰਨ ਲੱਗ ਪਈ। ਮਦਨ ਉਸਨੂੰ ਪਰ੍ਹਾਂ ਧਰੀਕਦਾ ਸੀ ਤੇ ਉਹ ਨਾਲ ਲਿਪਟਦੀ ਜਾ ਰਹੀ ਸੀ। ਉਹ ਉਸ ਮੱਛੀ ਵਾਂਗ ਸੀ ਜਿਹੜੀ ਵਹਾਅ ਵਿਚ ਵਹਿ ਜਾਣ ਦੀ ਬਜਾਏ ਵਹਾਅ ਦੀ ਤੇਜ਼ ਧਾਰ ਦੇ ਉਲਟ ਉਪਰ ਹੋਰ ਉਪਰ ਪਹੁੰਚਣਾ ਚਾਹੁੰਦੀ ਹੈ। ਚੂੰਢੀਆਂ ਵੱਢਦੀ, ਹੱਥ ਫੜ੍ਹਦੀ, ਰੋਂਦੀ ਹੱਸਦੀ...ਉਹ ਕਹਿ ਰਹੀ ਸੀ-
“ਫੇਰ ਮੈਨੂੰ ਫਫਾਕੁਟਣੀ ਆਖੋਗੇ?”
“ਉਹ ਤਾਂ ਸਾਰੀਆਂ ਔਰਤਾਂ ਹੁੰਦੀਆਂ ਨੇ।”
“ਠਹਿਰੋ...ਤੁਹਾਡੀ ਤਾਂ...” ਇੰਜ ਲੱਗਿਆ ਜਿਵੇਂ ਇੰਦੂ ਕੋਈ ਗਾਲ੍ਹ ਕੱਢਣ ਲੱਗੀ ਸੀ ਤੇ ਉਸਨੇ ਮੂੰਹ ਵਿਚ ਕੁਝ ਗੁਣਗੁਣ ਜਿਹੀ ਵੀ ਕੀਤੀ। ਮਦਨ ਨੇ ਮੁੜਦਿਆਂ ਹੋਇਆਂ ਕਿਹਾ, “ਕੀ ਕਿਹਾ?” ਤੇ ਐਤਕੀਂ ਇੰਦੂ ਨੇ ਸੁਣੀ ਜਾ ਸਕਣ ਵਾਲੀ ਆਵਾਜ਼ ਵਿਚ ਦੁਹਰਾਇਆ। ਮਦਨ ਖਿੜ ਖਿੜ ਕਰਕੇ ਹੱਸ ਪਿਆ। ਅਗਲੇ ਹੀ ਛਿਣ ਇੰਦੂ ਮਦਨ ਦੀਆਂ ਬਾਹਾਂ ਵਿਚ ਸੀ ਤੇ ਕਹਿ ਰਹੀ ਸੀ-
“ਤੁਸੀਂ ਮਰਦ ਲੋਕ ਕੀ ਜਾਣੋ? ਜਿਸ ਨਾਲ ਪਿਆਰ ਹੁੰਦੈ ਉਸਦੇ ਸਾਰੇ ਛੋਟੇ ਵੱਡੇ ਪਿਆਰੇ ਲੱਗਦੇ ਐ। ਕੀ ਪਿਓ, ਕੀ ਭਰਾ ਤੇ ਕੀ ਭੈਣ।” ਤੇ ਫੇਰ ਅਚਾਨਕ ਕਿਤੇ ਦੂਰ ਦੇਖਦੀ ਹੋਈ ਬੋਲੀ, “ਮੈਂ ਤਾਂ ਦੁਲਾਰੀ ਮੁੰਨੀ ਦਾ ਵਿਆਹ ਕਰਾਂਗੀ।”
“ਹੱਦ ਹੋ ਗਈ,” ਮਦਨ ਨੇ ਕਿਹਾ, “ਅਜੇ ਇਕ ਹੱਥ ਦੀ ਹੋਈ ਨਹੀਂ ਕਿ ਵਿਆਹ ਦੀ ਸੋਚ ਪੈ ਗਈ?”
“ਤੁਹਾਨੂੰ ਇਕ ਹੱਥ ਦੀ ਦਿਸਦੀ ਐ ਨਾ?” ਤੇ ਫੇਰ ਆਪਣੇ ਦੋਵੇਂ ਹੱਥ ਮਦਨ ਦੀਆਂ ਅੱਖਾਂ ਉੱਤੇ ਰੱਖਦੀ ਹੋਈ ਕਹਿਣ ਲੱਗੀ-“ਜ਼ਰਾ ਅੱਖਾਂ ਬੰਦ ਕਰੋ ਤੇ ਫੇਰ ਖੋਲ੍ਹੋ...” ਮਦਨ ਨੇ ਸੱਚਮੁੱਚ ਹੀ ਅੱਖਾਂ ਬੰਦ ਕਰ ਲਈਆਂ ਤੇ ਫੇਰ ਜਦੋਂ ਕੁਝ ਦੇਰ ਤਕ ਨਾ ਖੋਲ੍ਹੀਆਂ ਤਾਂ ਇੰਦੂ ਬੋਲੀ-“ਹੁਣ ਖੋਲ੍ਹੋ ਵੀ, ਏਨੀ ਦੇਰ 'ਚ ਤਾਂ ਮੈਂ ਬੁੜ੍ਹੀ ਹੋ ਜਾਵਾਂਗੀ!” ਉਦੋਂ ਮਦਨ ਨੇ ਅੱਖਾਂ ਖੋਲ੍ਹੀਆਂ। ਪਲ ਭਰ ਲਈ ਉਸਨੂੰ ਇੰਜ ਲੱਗਿਆ, ਜਿਵੇਂ ਸਾਹਮਣੇ ਇੰਦੂ ਨਹੀਂ ਕੋਈ ਹੋਰ ਬੈਠੀ ਹੈ। ਉਹ ਹੈਰਾਨ ਜਿਹਾ ਰਹਿ ਗਿਆ।
“ਮੈਂ ਤਾਂ ਹੁਣੇ ਚਾਰ ਸੂਟ ਤੇ ਕੁਝ ਭਾਂਡੇ ਰੱਖ ਦਿੱਤੇ ਐ ਪਾਸੇ, ਉਸਦੇ ਲਈ।” ਇੰਦੂ ਨੇ ਕਿਹਾ ਤੇ ਜਦੋਂ ਮਦਨ ਨੇ ਕੋਈ ਜਵਾਬ ਨਾ ਦਿਤਾ ਤਾਂ ਉਸਨੂੰ ਝੰਜੋੜਦੀ ਹੋਈ ਬੋਲੀ-“ਤੁਸੀਂ ਕਿਉਂ ਪ੍ਰੇਸ਼ਾਨ ਹੁੰਦੇ ਓ? ਯਾਦ ਨਹੀਂ ਆਪਣਾ ਵਚਨ? ਤੁਸੀਂ ਆਪਣੇ ਦੁੱਖ ਮੈਨੂੰ ਦੇ ਚੁੱਕੇ ਓ।”
“ਐਂ?” ਮਦਨ ਨੇ ਤ੍ਰਬਕ ਕੇ ਕਿਹਾ ਤੇ ਫੇਰ ਜਿਵੇਂ ਬੇਫਿਕਰ ਹੋ ਗਿਆ। ਪਰ ਇਸ ਵਾਰੀ ਜਦੋਂ ਉਸਨੇ ਇੰਦੂ ਨੂੰ ਆਪਣੇ ਨਾਲ ਲਿਪਟਾਇਆ ਤਾਂ ਉਹ ਇਕ ਜਿਸਮ ਹੀ ਨਹੀਂ ਰਹਿ ਗਿਆ ਸੀ, ਨਾਲ ਇਕ ਰੂਹ ਵੀ ਸ਼ਾਮਿਲ ਹੋ ਗਈ ਸੀ।
ooo
ਮਦਨ ਲਈ ਇੰਦੂ ਰੂਹ ਹੀ ਰੂਹ ਸੀ। ਇੰਦੂ ਇਕ ਜਿਸਮ ਵੀ ਸੀ, ਪਰ ਉਹ ਹਮੇਸ਼ਾ ਕਿਸੇ ਨਾ ਕਿਸੇ ਕਾਰਣ ਕਰਕੇ ਮਦਨ ਦੀਆਂ ਨਜ਼ਰਾਂ ਤੋਂ ਪਰ੍ਹੇ ਹੀ ਰਿਹਾ। ਇਕ ਪਰਦਾ ਸੀ-ਸੁਪਨਿਆਂ ਦੀਆਂ ਤਾਰਾਂ ਦਾ ਬਣਿਆ ਹੋਇਆ, ਠੰਡੇ ਸਾਹਾਂ ਦੇ ਧੂੰਏਂ ਨਾਲ ਰੰਗਿਆ ਹੋਇਆ, ਠਹਾਕਿਆਂ ਦੀ ਕਸ਼ੀਦਾਕਾਰੀ ਨਾਲ ਚਕਾਚੌਂਧ ਕਰ ਦੇਣ ਵਾਲਾ, ਜਿਹੜਾ ਹਰ ਵੇਲੇ ਇੰਦੂ ਨੂੰ ਢਕੀ ਰੱਖਦਾ ਸੀ। ਮਦਨ ਦੀਆਂ ਨਿਗਾਹਾਂ ਤੇ ਹੱਥਾਂ ਰੂਪੀ ਦੁਸ਼ਾਸਨ ਸਦੀਆਂ ਤੋਂ ਇਸ ਦਰੋਪਦੀ ਦਾ ਚੀਰ ਹਰਨ ਕਰਦੇ ਆਏ ਸਨ, ਜਿਹੜੀ ਕਿ ਆਮ ਸ਼ਬਦਾਂ ਵਿਚ ਪਤਨੀ ਕਹਾਉਂਦੀ ਹੈ, ਪਰ ਸਦਾ ਉਸਨੂੰ ਆਸਮਾਨਾਂ ਤੋਂ ਥਾਨਾਂ ਦੇ ਥਾਨ, ਗਜ਼ਾਂ ਦੇ ਗਜ਼ ਨੰਗੇਜ਼ ਢਕਣ ਲਈ ਮਿਲਦਾ ਰਿਹਾ ਸੀ। ਦੁਸ਼ਾਸਨ ਥੱਕ ਹਾਰ ਕੇ ਇੱਥੇ ਉੱਥੇ ਡਿੱਗ ਪਏ ਸਨ ਪਰ ਦਰੋਪਦੀ ਉੱਥੇ ਹੀ ਖੜ੍ਹੀ ਸੀ। ਇੱਜ਼ਤ ਤੇ ਪਵਿੱਤਰਤਾ ਰੂਪੀ ਸਫ਼ੇਦ ਸਾੜ੍ਹੀ ਵਿਚ ਲਿਪਟੀ ਉਹ ਦੇਵੀ ਲੱਗ ਰਹੀ ਸੀ, ਤੇ...
ਮਦਨ ਦੇ ਮਚਲਦੇ ਹੋਏ ਹੱਥ ਪ੍ਰਾਸ਼ਚਿਤ ਦੇ ਪਸੀਨੇ ਨਾਲ ਤਰ ਹੋ ਜਾਂਦੇ, ਜਿਹਨਾਂ ਨੂੰ ਸੁਕਾਉਣ ਲਈ ਉਹ ਉਪਰ ਹਵਾ ਵਿਚ ਚੁੱਕ ਲੈਂਦਾ ਤੇ ਫੇਰ ਪੰਜਿਆਂ ਨੂੰ ਪੂਰੀ ਤਰ੍ਹਾਂ ਫੈਲਾਉਂਦਾ ਹੋਇਆ ਇਕ ਬਡਰੂਪ ਗਤੀ ਨਾਲ ਫੈਲ–ਸੁੰਗੜ ਰਹੀਆਂ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਸਾਹਮਣੇ ਕਰ ਲੈਂਦਾ ਤੇ ਫੇਰ ਉਂਗਲਾਂ ਦੇ ਵਿਚਕਾਰ ਦੀ ਝਾਕਦਾ-ਇੰਦੂ ਦਾ ਸੁੰਦਰ, ਗੁਦਗੁਦਾ ਤੇ ਸੰਗਮਰਮਰੀ ਜਿਸਮ ਸਾਹਮਣੇ ਹੁੰਦਾ। ਇਸਤੇਮਾਲ ਲਈ ਨੇੜੇ, ਦੁਰਵਰਤੋਂ ਲਈ ਦੂਰ-ਕਦੀ ਇੰਦੂ ਦੀ ਨਾਕਾਬੰਦੀ ਹੋ ਜਾਂਦੀ ਤਾਂ ਇਸ ਕਿਸਮ ਦੇ ਵਾਕ ਹੁੰਦੇ-
“ਹਾਏ ਜੀ! ਘਰ 'ਚ ਛੋਟੇ–ਵੱਡੇ ਸਾਰੇ ਐ, ਉਹ ਕੀ ਕਹਿਣਗੇ?”
ਮਦਨ ਕਹਿੰਦਾ-“ਛੋਟੇ ਕੁਛ ਸਮਝਦੇ ਨਹੀਂ, ਵੱਡੇ ਸਭ ਸਮਝ ਜਾਣਗੇ!”
ooo
ਇਸੇ ਦੌਰਾਨ ਬਾਊ ਧਨੀਰਾਮ ਦੀ ਬਦਲੀ ਸਹਾਰਨਪੁਰ ਦੀ ਹੋ ਗਈ। ਉੱਥੇ ਉਹ ਰੇਲਵੇ ਮੇਲ ਸਰਵਿਸ ਵਿਚ ਸਲੇਕਸ਼ਨ ਗਰੇਡ ਹੈਡ–ਕਲਰਕ ਜਾ ਲੱਗੇ। ਏਨਾ ਵੱਡਾ ਕਵਾਰਟਰ ਮਿਲਿਆ ਕਿ ਉਸ ਵਿਚ ਅੱਠ ਪਰਿਵਾਰ ਰਹਿ ਸਕਦੇ ਸਨ। ਪਰ ਬਾਊ ਧਨੀਰਾਮ ਉਸ ਵਿਚ ਇਕੱਲੇ ਹੀ ਲੱਤਾਂ ਪਸਾਰੀ ਬੈਠੇ ਰਹੇ। ਜ਼ਿੰਦਗੀ ਭਰ ਬਾਲ–ਬੱਚਿਆਂ ਨਾਲੋਂ ਕਦੀ ਵੱਖ ਨਹੀਂ ਸੀ ਹੋਏ। ਕੱਟੜ ਘਰੇਲੂ ਕਿਸਮ ਦੇ ਆਦਮੀ ਸਨ, ਅਖ਼ੀਰਲੀ ਉਮਰ ਵਿਚ ਇਸ ਇਕੱਲ ਨੇ ਉਹਨਾਂ ਦੀ ਜ਼ਿੰਦਗੀ ਵਿਚ ਤਲਖ਼ੀ ਪੈਦਾ ਕਰ ਦਿਤੀ। ਪਰ ਮਜ਼ਬੂਰੀ ਸੀ। ਬੱਚੇ ਸਾਰੇ ਦਿੱਲੀ ਵਿਚ ਮਦਨ ਤੇ ਇੰਦੂ ਕੋਲ ਸਨ ਤੇ ਉੱਥੇ ਹੀ ਸਕੂਲਾਂ ਵਿਚ ਪੜ੍ਹ ਰਹੇ ਸਨ। ਸਾਲ ਪੂਰਾ ਹੋਣ ਤੋਂ ਪਹਿਲਾਂ ਉਹਨਾਂ ਨੂੰ ਵਿਚਕਾਰੋਂ ਹਟਾਉਣਾ ਉਹਨਾਂ ਦੀ ਪੜ੍ਹਾਈ ਲਈ ਠੀਕ ਨਹੀਂ ਸੀ। ਬਾਊਜੀ ਨੂੰ ਦਿਲ ਦੇ ਦੌਰੇ ਪੈਣ ਲੱਗ ਪਏ।
ਗਰਮੀ ਦੀਆਂ ਛੁੱਟੀਆਂ ਹੋਈਆਂ ਤੇ ਉਹਨਾਂ ਦੇ ਵਾਰੀ ਵਾਰੀ ਲਿਖਣ 'ਤੇ ਮਦਨ ਨੇ ਇੰਦੂ ਨੂੰ ਕੁੰਦਨ, ਪਾਸ਼ੀ ਤੇ ਦੁਲਾਰੀ ਨਾਲ ਸਹਾਰਨਪੁਰ ਭੇਜ ਦਿਤਾ। ਧਨੀਰਾਮ ਦੀ ਦੁਨੀਆਂ ਚਹਿਕ ਉੱਠੀ। ਕਿੱਥੇ ਉਹਨਾਂ ਨੂੰ ਦਫ਼ਤਰ ਦੇ ਕੰਮ ਪਿੱਛੋਂ ਵਿਹਲ ਹੀ ਵਿਹਲ ਹੁੰਦੀ ਸੀ ਤੇ ਕਿੱਥੇ ਹੁਣ ਕੰਮ ਹੀ ਕੰਮ ਸੀ। ਬੱਚੇ, ਬੱਚਿਆਂ ਵਾਂਗ ਹੀ ਜਿੱਥੇ ਜਿੱਥੇ ਕਪੜੇ ਲਾਹੁੰਦੇ ਉੱਥੇ ਹੀ ਪਏ ਰਹਿਣ ਦਿੰਦੇ ਤੇ ਬਾਊਜੀ ਉਹਨਾਂ ਨੂੰ ਚੁੱਕਦੇ, ਸਾਂਭਦੇ ਫਿਰਦੇ। ਆਪਣੇ ਮਦਨ ਤੋਂ ਦੂਰ, ਅਲਸਾਈ ਹੋਈ ਰਤੀ ਇੰਦੂ ਤਾਂ ਆਪਣੇ ਪਹਿਰਾਵੇ ਵੱਲੋਂ ਵੀ ਅਵੇਸਲੀ ਹੋ ਗਈ ਸੀ। ਉਹ ਰਸੋਈ ਵਿਚ ਇੰਜ ਫਿਰਦੀ, ਜਿਵੇਂ ਕਾਜ਼ੀ ਹਾਊਸ ਵਿਚ ਗਊ ਬਾਹਰ ਵੱਲ ਮੂੰਹ ਚੁੱਕ ਚੁੱਕ ਆਪਦੇ ਮਾਲਿਕ ਨੂੰ ਲੱਭ ਰਹੀ ਹੋਵੇ। ਕੰਮ ਤੋਂ ਵਿਹਲੀ ਹੋ ਕੇ ਉਹ ਕਦੀ ਅੰਦਰ ਟਰੰਕਾਂ ਉੱਤੇ ਜਾ ਲੇਟਦੀ, ਕਦੀ ਬਾਹਰ ਕੰਬਰ ਦੇ ਬੂਟੇ ਕੋਲ ਤੇ ਕਦੀ ਅੰਬ ਦੇ ਰੁੱਖ਼ ਹੇਠ, ਜਿਹੜਾ ਵਿਹੜੇ ਵਿਚ ਸੈਂਕੜੇ ਹਜ਼ਾਰਾਂ ਦਿਲਾਂ ਨੂੰ ਬੋਚੀ ਖੜ੍ਹਾ ਸੀ।
ਸੌਣ, ਭਾਦੋਂ ਵਿਚ ਘੁਲਣ ਲੱਗਿਆ। ਵਿਹੜੇ ਵਿਚੋਂ ਬਾਹਰਲਾ ਦਰਵਾਜ਼ਾ ਖੁੱਲ੍ਹਦਾ ਤਾਂ ਕੁਆਰੀਆਂ, ਸੱਜ–ਵਿਆਹੀਆਂ ਕੁੜੀਆਂ ਪੀਂਘਾਂ ਝੂਟਦੀਆਂ ਹੋਈਆਂ ਗਾਉਂਦੀਆਂ : 'ਝੂਲਾ ਕਿਨ ਨੇ ਡਾਰੋ ਰੇ ਅਮਰੈਯਾਂ...' ਤੇ ਫੇਰ ਗੀਤ ਦੇ ਬੋਲ ਅਨੁਸਾਰ ਦੋ ਝੂਟਦੀਆਂ, ਦੋ ਝੂਟੇ ਦੇਂਦੀਆਂ। ਜੇ ਕਿਤੇ ਚਾਰ ਰਲ ਜਾਂਦੀਆਂ ਤਾਂ ਤੀਆਂ ਲੱਗ ਜਾਂਦੀਆਂ। ਪੱਕੀ ਉਮਰ ਦੀਆਂ ਤੇ ਬੁੱਢੀਆਂ ਤੀਵੀਂਆਂ ਇਕ ਪਾਸੇ ਖਲੋਤੀਆਂ ਵਿਹੰਦੀਆਂ ਰਹਿੰਦੀਆਂ। ਇੰਦੂ ਨੂੰ ਲੱਗਦਾ ਜਿਵੇਂ ਉਹ ਵੀ ਉਹਨਾਂ ਵਿਚ ਸ਼ਾਮਿਲ ਹੋ ਗਈ ਹੈ। ਝੱਟ ਉਹ ਮੂੰਹ ਭੂਆਂ ਲੈਂਦੀ ਤੇ ਠੰਡੇ ਸਾਹ ਭਰਦੀ ਹੋਈ ਸੌਂ ਜਾਂਦੀ। ਬਾਊਜੀ ਕੋਲੋਂ ਲੰਘਦੇ ਤਾਂ ਉਸਨੂੰ ਜਗਾਉਣ ਜਾਂ ਉਠਾਉਣ ਦੀ ਜ਼ਰਾ ਵੀ ਕੋਸ਼ਿਸ਼ ਨਾਲ ਕਰਦੇ, ਬਲਿਕੇ ਮੌਕਾ ਵਿਚਾਰ ਕੇ ਉਸਦੀ ਸਲਵਾਰ ਨੂੰ ਜਿਹੜੀ ਉਹਨੇ ਧੋਤੀ ਨਾਲ ਬਦਲੀ ਹੁੰਦੀ ਸੀ ਤੇ ਜਿਸਨੂੰ ਉਹ ਹਮੇਸ਼ਾ ਆਪਣੀ ਸੱਸ ਵਾਲੇ ਪੁਰਾਣੇ ਸੰਦਲ ਦੇ ਸੰਦੂਕ ਉੱਤੇ ਸੁੱਟ ਆਉਂਦੀ ਸੀ, ਚੁੱਕ ਕੇ ਕਿੱਲੀ ਉੱਤੇ ਟੰਗ ਦਿੰਦੇ। ਇੰਜ ਕਰਨ ਲੱਗਿਆਂ ਉਹਨਾਂ ਨੂੰ ਸਭ ਤੋਂ ਨਜ਼ਰਾਂ ਬਚਾਉਣੀਆਂ ਪੈਂਦੀਆਂ ਸਨ। ਪਰ ਅਜੇ ਸਲਵਾਰ ਨੂੰ ਸਾਂਭ ਕੇ ਮੁੜਦੇ, ਤਾਂ ਨਿਗਾਹ ਹੇਠਾਂ ਬਹੂ ਦੇ ਗਲਤ ਸਥਾਨ ਉੱਤੇ ਜਾ ਪੈਂਦੀ। ਫੇਰ ਉਹਨਾਂ ਦੀ ਹਿੰਮਤ ਜਵਾਬ ਦੇ ਜਾਂਦੀ ਤੇ ਉਹ ਇੰਜ ਕਾਹਲ ਨਾਲ ਕਮਰੇ ਵਿਚੋਂ ਬਾਹਰ ਨਿਕਲ ਜਾਂਦੇ, ਜਿਵੇਂ ਕੋਈ ਸੱਪ ਦਾ ਬੱਚਾ ਖੁੱਡ ਵਿਚੋਂ ਬਾਹਰ ਆ ਗਿਆ ਹੋਵੇ। ਫੇਰ ਵਰਾਂਡੇ ਵਿਚ ਉਹਨਾਂ ਦੀ ਆਵਾਜ਼ ਸੁਣਾਈ ਦੇਂਦੀ-'ਓਮ ਨਮੋ ਭਗਵਤੇ ਵਾਸੁਦੇਵਾ...'
ਆਂਢ–ਗੁਆਂਢ ਦੀਆਂ ਔਰਤਾਂ ਨੇ ਬਾਊਜੀ ਦੀ ਬਹੂ ਦੀ ਸੁੰਦਰਤਾ ਦੀਆਂ ਕਹਾਣੀਆਂ ਦੂਰ–ਦੂਰ ਤਕ ਪਹੁੰਚਾਅ ਦਿਤੀਆਂ ਸਨ। ਜਦੋਂ ਕੋਈ ਔਰਤ ਬਾਊ ਜੀ ਦੇ ਸਾਹਮਣੇ ਬਹੂ ਦੇ ਪਿਆਰੇਪਨ ਤੇ ਸੁਡੌਲ ਜਿਸਮ ਦੀਆਂ ਗੱਲਾਂ ਕਰਦੀ ਤਾਂ ਉਹ ਖੁਸ਼ੀ ਵਿਚ ਫੁੱਲ ਜਾਂਦੇ ਤੇ ਕਹਿੰਦੇ-“ਅਸੀਂ ਤਾਂ ਧੰਨ ਹੋ ਗਏ, ਅਮੀਰ ਚੰਦ ਦੀ ਮਾਂ! ਸ਼ੁਕਰ ਏ ਸਾਡੇ ਘਰ ਵਿਚ ਵੀ ਕੋਈ ਸਿਹਤਮੰਦ ਜੀਅ ਆਇਆ।” ਤੇ ਇਹ ਕਹਿੰਦਿਆਂ ਹੋਇਆਂ ਉਹਨਾਂ ਦੀਆਂ ਨਿਗਾਹਾਂ ਕਿਤੇ ਦੂਰ ਪਹੁੰਚ ਜਾਂਦੀਆਂ, ਜਿੱਥੇ ਦਿਕ ਦੀਆਂ ਯਾਦਾਂ ਸਨ। ਦਵਾਈ ਦੀਆਂ ਸ਼ੀਸ਼ੀਆਂ, ਹਸਪਤਾਲ ਦੀਆਂ ਪੌੜੀਆਂ ਤੇ ਕੀੜਿਆਂ ਦੇ ਭੌਣ। ਨਿਗਾਹਾਂ ਨੇੜੇ ਆਉਂਦੀਆਂ ਤਾਂ ਉਹਨਾਂ ਵਿਚ ਮੋਟੇ–ਮੋਟੇ ਗਦਰਾਏ ਜਿਸਮਾਂ ਵਾਲੇ ਕਈ ਬੱਚੇ ਆਸੀਂ–ਪਾਸੀਂ, ਪੱਟਾਂ ਉਪਰ, ਢੂਹੀਂ ਉੱਤੇ ਚੜ੍ਹਦੇ ਉਤਰਦੇ ਹੋਏ ਮਹਿਸੂਸ ਹੁੰਦੇ ਤੇ ਇੰਜ ਜਾਪਦਾ ਜਿਵੇਂ ਹੁਣੇ ਕੋਈ ਹੋਰ ਆ ਰਿਹਾ ਹੈ ਤੇ ਉਹ ਧੜਾਧੜ ਬੱਚੇ ਜੰਮ ਰਹੀ ਹੈ ਤੇ ਉਹਨਾਂ ਬੱਚਿਆਂ ਦੀ ਉਮਰ ਵਿਚ ਕੋਈ ਵਕਫ਼ਾ ਨਹੀਂ। ਕੋਈ ਵੱਡਾ ਹੈ, ਨਾ ਛੋਟਾ। ਸਾਰੇ ਇਕੋ ਜੇਡੇ-'ਓਮ ਨਮੋ ਭਗਵਤੇ...'
ਆਸੇ ਪਾਸੇ ਦੇ ਲੋਕ ਸਭ ਜਾਣਦੇ ਸਨ, ਇੰਦੂ ਬਾਊਜੀ ਦੀ ਚਹੇਤੀ ਬਹੂ ਹੈ। ਸੋ ਲੱਸੀ ਦੇ ਮਟਕੇ ਧਨੀਰਾਮ ਦੇ ਘਰ ਆਉਣ ਲੱਗੇ ਤੇ ਫੇਰ ਇਕ ਦਿਨ ਸਲਾਮਦੀਨ ਗੁਜਰ ਨੇ ਇਕ ਫਰਮਾਇਸ਼ ਪਾ ਦਿਤੀ। ਇੰਦੂ ਨੂੰ ਕਿਹਾ-“ਬੀਬੀ! ਮੇਰੇ ਮੁੰਡੇ ਨੂੰ ਆਰ.ਐੱਮ.ਐੱਸ. ਵਿਚ ਕੁਲੀ ਰਖਵਾ ਦਿਓ, ਅੱਲ੍ਹਾ ਤੁਹਾਨੂੰ ਅਜਰ (ਫਲ) ਦਵੇਗਾ।” ਇੰਦੂ ਦੇ ਇਸ਼ਾਰੇ ਦੀ ਦੇਰ ਸੀ ਕਿ ਸਲਾਮਦੀਨ ਦਾ ਮੁੰਡਾ ਨੌਕਰ ਲੱਗ ਗਿਆ, ਉਹ ਵੀ ਸਾਰਟਰ...ਜੋ ਨਹੀਂ ਲੱਗ ਸਕਿਆ; ਉਸਦੀ ਕਿਸਮਤ-ਅਸਾਮੀਆਂ ਜੋ ਜ਼ਿਆਦਾ ਨਹੀਂ ਸਨ।
ਬਹੂ ਦੇ ਖਾਣ ਪੀਣ ਤੇ ਸਿਹਤ ਦਾ ਬਾਊਜੀ ਖਾਸ ਖ਼ਿਆਲ ਰੱਖਦੇ ਸਨ। ਦੁੱਧ ਪੀਣ ਤੋਂ ਇੰਦੂ ਨੂੰ ਚਿੜ ਸੀ। ਉਹ ਰਾਤ ਨੂੰ ਖ਼ੁਦ ਦੁੱਧ ਨੂੰ ਬਾਟੀ ਵਿਚ ਠਾਰ ਕੇ ਗਿਲਾਸ ਵਿਚ ਪਾ ਕੇ ਬਹੂ ਨੂੰ ਪਿਆਉਣ ਲਈ ਉਸਦੀ ਮੰਜੀ ਕੋਲ ਆ ਜਾਂਦੇ। ਇੰਦੂ ਆਪਣੇ ਆਪ ਨੂੰ ਸਮੇਟਦਿਆਂ ਹੋਇਆਂ ਉਠਦੀ ਤੇ ਕਹਿੰਦੀ-“ਨਹੀਂ ਬਾਊਜੀ! ਮੈਥੋਂ ਨੀਂ ਪੀਤਾ ਜਾਂਦਾ।”
“ਤੇਰਾ ਤਾਂ ਸਹੁਰਾ ਵੀ ਪੀਏਗਾ।” ਉਹ ਮਜ਼ਾਕ ਵਿਚ ਕਹਿੰਦੇ।
“ਤਾਂ ਫੇਰ ਤੁਸੀਂ ਓ ਪੀ ਲਓ।” ਇੰਦੂ ਹੱਸਦੀ ਹੋਈ ਜਵਾਬ ਦੇਂਦੀ ਤੇ ਬਾਊਜੀ ਇਕ ਨਕਲੀ ਗੁੱਸੇ ਨਾਲ ਵਰ੍ਹ ਪੈਂਦੇ, “ਤੂੰ ਚਾਹੁੰਦੀ ਏਂ ਬਾਅਦ ਵਿਚ ਤੇਰੀ ਵੀ ਉਹੀ ਹਾਲਤ ਹੋਵੇ ਜਿਹੜੀ ਤੇਰੀ ਸੱਸ ਦੀ ਹੋਈ ਸੀ?”
“ਊਂ...ਹੂੰ...” ਇੰਦੂ ਲਾਡ ਵੱਸ ਰੁੱਸਣ ਲੱਗਦੀ। ਆਖ਼ਰ ਕਿਉਂ ਨਾ ਰੁੱਸਦੀ? ਉਹੀ ਲੋਕ ਨਹੀਂ ਰੁੱਸਦੇ ਜਿਹਨਾਂ ਨੂੰ ਮਨਾਉਣ ਵਾਲਾ ਕੋਈ ਨਾ ਹੋਵੇ। ਪਰ ਇੱਥੇ ਤਾਂ ਮਨਾਉਣ ਵਾਲੇ ਸਾਰੇ ਸਨ, ਰੁੱਸਣ ਵਾਲੀ ਸਿਰਫ ਇਕ। ਜਦੋਂ ਇੰਦੂ ਬਾਊਜੀ ਦੇ ਹੱਥੋਂ ਗਿਲਾਸ ਨਾ ਲੈਂਦੀ ਤਾਂ ਉਹ ਉਸਨੂੰ ਮੰਜੀ ਦੇ ਸਿਰਹਾਣੇ ਵੱਲ ਹੇਠਾਂ ਕਰਕੇ ਰੱਖ ਦਿੰਦੇ...ਤੇ “ਲੈ ਇਹ ਪਿਆ ਏ-ਤੇਰੀ ਮਰਜ਼ੀ ਹੋਏ ਪੀਵੀਂ, ਨਾ ਮਰਜ਼ੀ ਹੋਵੇ ਨਾ ਪੀਵੀਂ।” ਕਹਿੰਦੇ ਹੋਏ ਚਲੇ ਜਾਂਦੇ।
ਆਪਣੇ ਮੰਜੇ ਕੋਲ ਪਹੁੰਚ ਕੇ ਧਨੀਰਾਮ ਦੁਲਾਰੀ ਮੁੰਨੀ ਨਾਲ ਖੇਡਨ ਲੱਗਦੇ। ਦੁਲਾਰੀ ਨੂੰ ਬਾਊਜੀ ਦੇ ਨੰਗੇ ਪਿੰਡੇ ਦੇ ਨਾਲ ਪਿੰਡਾ ਘਸਾਉਣ ਤੇ ਢਿੱਡ ਤੇ ਮੂੰਹ ਰੱਖ ਕੇ ਭੜੂਕੇ ਮਾਰਨ ਦੀ ਆਦਤ ਸੀ। ਅੱਜ ਜਦੋਂ ਬਾਊਜੀ ਤੇ ਮੁੰਨੀ ਇਹ ਖੇਡ, ਖੇਡ ਰਹੇ ਸੀ, ਹੱਸ–ਹਸਾਅ ਰਹੇ ਸੀ ਤਾਂ ਮੁੰਨੀ ਨੇ ਭਾਬੀ ਵੱਲ ਦੇਖਦਿਆਂ ਹੋਇਆਂ ਕਿਹਾ-“ਦੁੱਧ ਤਾਂ ਖਰਾਬ ਹੋ ਜਾਏਗਾ ਬਾਊਜੀ, ਭਾਬੀ ਤਾਂ ਪੀਂਦੀ ਈ ਨਹੀਂ।”
“ਪੀਵੇਗੀ, ਜ਼ਰੂਰ ਪੀਵੇਗੀ ਬੇਟਾ,” ਬਾਊਜੀ ਨੇ ਦੂਜੇ ਹੱਥ ਨਾਲ ਪਾਸ਼ੀ ਨੂੰ ਨਾਲ ਪਾਂਦਿਆਂ ਹੋਇਆਂ ਕਿਹਾ, “ਔਰਤਾਂ ਘਰ ਦੀ ਕਿਸੇ ਚੀਜ਼ ਨੂੰ ਖਰਾਬ ਹੁੰਦਿਆਂ ਨਹੀਂ ਦੇਖ ਸਕਦੀਆਂ।” ਅਜੇ ਇਹ ਵਾਕ ਬਾਊਜੀ ਦੇ ਮੂੰਹ ਵਿਚ ਹੀ ਸੀ ਕਿ ਇਕ ਪਾਸਿਓਂ “ਹੁਸ਼, ਹੈ ਖਸਮਾਂਖਾਣੀ” ਦੀ ਆਵਾਜ਼ ਆਉਣ ਲੱਗੀ। ਪਤਾ ਲੱਗਿਆ, ਉਹ ਬਿੱਲੀ ਨੂੰ ਭਜਾਅ ਰਹੀ ਹੈ...ਤੇ ਫੇਰ ਕੋਈ ਗਟਾਗਟ ਜਿਹੀ ਆਵਾਜ਼ ਸੁਣਾਈ ਦਿਤੀ ਤੇ ਸਭ ਨੂੰ ਪਤਾ ਲੱਗ ਗਿਆ ਬਹੂ, ਭਾਬੀ ਨੇ ਦੁੱਧ ਪੀ ਲਿਆ ਹੈ...। ਕੁਝ ਚਿਰ ਪਿੱਛੋਂ ਕੁੰਦਨ ਬਾਊਜੀ ਦੇ ਕੋਲ ਆਇਆ ਤੇ ਕਿਹਾ-“ਬੋਜੀ, ਭਾਬੀ ਰੋ ਰਹੀ ਏ।”
“ਹੈਂਅ?” ਬਾਊਜੀ ਤ੍ਰਬਕੇ ਤੇ ਫੇਰ ਉਠ ਕੇ ਹਨੇਰੇ ਵਿਚ ਦੂਰ ਉਸ ਪਾਸੇ ਦੇਖਣ ਲੱਗੇ ਜਿਧਰ ਬਹੂ ਦੀ ਮੰਜੀ ਸੀ। ਕੁਝ ਚਿਰ ਇੰਜ ਹੀ ਬੈਠੇ ਰਹਿਣ ਪਿੱਛੋਂ ਫੇਰ ਲੇਟ ਗਏ ਤੇ ਕੁਝ ਸਮਝਦੇ ਹੋਏ ਕੁੰਦਨ ਨੂੰ ਕਹਿਣ ਲੱਗੇ-“ਜਾਹ...ਤੂੰ ਸੌਂ ਜਾ, ਉਹ ਵੀ ਸੌਂ ਜਾਏਗੀ ਆਪਣੇ ਆਪ।”
ਤੇ ਫੇਰ ਲੇਟ ਕੇ ਬਾਊ ਧਨੀਰਾਮ ਆਸਮਾਨ ਉੱਤੇ ਖਿੜੇ ਪ੍ਰਮਾਤਮਾ ਦੇ ਗੁਲਜ਼ਾਰ ਨੂੰ ਦੇਖਣ ਲੱਗੇ ਤੇ ਆਪਣੇ ਮਨ ਦੇ ਭਗਵਾਨ ਤੋਂ ਪੁੱਛਣ ਲੱਗੇ-'ਚਾਂਦੀ ਦੇ ਇਹਨਾਂ ਖੁੱਲ੍ਹਦੇ, ਬੰਦ ਹੁੰਦੇ ਫੁੱਲਾਂ ਵਿਚ ਮੇਰਾ ਫੁੱਲ ਕਿੱਥੇ ਹੈ?' ਤੇ ਫੇਰ ਪੂਰਾ ਆਸਮਾਨ ਉਹਨਾਂ ਨੂੰ ਦਰਦ ਦਾ ਇਕ ਦਰਿਆ ਦਿਖਾਈ ਦੇਣ ਲੱਗਾ ਤੇ ਕੰਨਾਂ ਵਿਚ ਇਕ ਲਗਾਤਾਰ 'ਹਾ–ਵ–ਹੂ' ਦੀ ਆਵਾਜ਼ ਸੁਣਾਈ ਦੇਣ ਲੱਗੀ। ਜਿਸਨੂੰ ਸੁਣਦੇ ਹੋਏ ਉਹ ਬਰੜਾਏ-'ਜਦੋਂ ਦੀ ਦੁਨੀਆਂ ਬਣੀ ਏੇਂ ਇਨਸਾਨ ਕਿੰਨਾ ਰੋਇਆ ਏ!' ਤੇ ਉਹ ਰੋਂਦੇ ਰੋਂਦੇ ਸੌਂ ਗਏ।
ooo
ਇੰਦੂ ਦੇ ਜਾਣ ਦੇ ਵੀਹ ਪੱਚੀ ਦਿਨਾਂ ਵਿਚ ਹੀ ਮਦਨ ਨੇ ਭਾ–ਦੀ ਮਚਾਉਣੀ ਸ਼ੁਰੂ ਕਰ ਦਿਤੀ। ਉਸਨੇ ਲਿਖਿਆ: 'ਮੈਂ ਬਾਜ਼ਾਰ ਦੀ ਰੋਟੀ ਖਾ–ਖਾ ਕੇ ਤੰਗ ਆ ਗਿਆ ਹਾਂ, ਮੈਨੂੰ ਕਬਜ਼ ਹੋ ਗਈ ਹੈ, ਗੁਰਦੇ ਦਾ ਦਰਦ ਸ਼ੁਰੂ ਹੋ ਗਿਆ ਹੈ।' ਫੇਰ ਜਿਵੇਂ ਦਫ਼ਤਰੀ ਲੋਕ ਛੁੱਟੀ ਦੀ ਅਰਜ਼ੀ ਦੇ ਨਾਲ ਡਾਕਟਰ ਦਾ ਸਰਟਿਫੀਕੇਟ ਭੇਜ ਦਿੰਦੇ ਨੇ, ਮਦਨ ਨੇ ਬਾਊ ਜੀ ਦੇ ਇਕ ਦੋਸਤ ਤੋਂ ਤਸਦੀਕ ਕਰਦੀ ਹੋਈ ਇਕ ਚਿੱਠੀ ਲਿਖਵਾ ਭੇਜੀ। ਉਸ ਉੱਤੇ ਵੀ ਜਦੋਂ ਕੋਈ ਗੌਰ ਨਾ ਹੋਈ ਤਾਂ ਇਕ ਡਬਲ ਤਾਰ-ਜਵਾਬੀ-ਕੀਤੀ।
ਜਵਾਬੀ ਤਾਰ ਦੇ ਪੈਸੇ ਡੁੱਬ ਗਏ, ਚਲੋ ਖ਼ੈਰ, ਪ੍ਰਵਾਹ ਨਹੀਂ। ਇੰਦੂ ਤੇ ਬੱਚੇ ਵਾਪਸ ਆ ਗਏ। ਮਦਨ ਨੇ ਇੰਦੂ ਨਾਲ ਦੋ ਦਿਨ ਸਿੱਧੇ ਮੂੰਹ ਗੱਲ ਨਹੀਂ ਕੀਤੀ। ਇਹ ਦੁੱਖ ਵੀ ਇੰਦੂ ਦਾ ਹੀ ਸੀ। ਇਕ ਦਿਨ ਮਦਨ ਨੂੰ ਇਕੱਲਾ ਵੇਖ ਕੇ ਉਸਨੇ ਫੜ੍ਹ ਲਿਆ ਤੇ ਬੋਲੀ-“ਐਂ ਮੂੰਹ ਫੁਲਾਈ ਬੈਠੋ ਓ, ਮੈਂ ਕੀ ਕਿਹੈ...ਕੀਤੈ...?”
ਮਦਨ ਆਪਣੇ ਆਪ ਨੂੰ ਛੁਡਾਉਂਦਾ ਹੋਇਆ ਬੋਲਿਆ-“ਛੱਡ, ਦੂਰ ਹੋ ਜਾ ਮੇਰੀਆਂ ਅੱਖਾਂ ਤੋਂ-ਕਮੀਨੀ!”
“ਇਹੀ ਕਹਿਣ ਲਈ ਐਨੀ ਦੂਰੋਂ ਬੁਲਾਇਐ?”
“ਹਾਂ!”
“ਛੱਡੋ ਵੀ ਹੁਣ।”
“ਖ਼ਬਰਦਾਰ! ਇਹ ਸਭ ਤੇਰਾ ਕੀਤਾ ਧਰਿਆ ਏ। ਜੇ ਤੂੰ ਆਉਣਾ ਚਾਹੁੰਦੀ ਤਾਂ ਕੀ ਬਾਊਜੀ ਰੋਕ ਲੈਂਦੇ?”
ਇੰਦੂ ਨੇ ਬੇਵੱਸੀ ਜਿਹੀ ਨਾਲ ਕਿਹਾ-“ਹਾਏ ਜੀ, ਤੁਸੀਂ ਤਾਂ ਜਵਾਕਾਂ ਵਰਗੀਆਂ ਗੱਲ ਕਰਦੇ ਓ। ਮੈਂ ਭਲਾ ਉਹਨਾਂ ਨੂੰ ਕਿਵੇਂ ਕਹਿ ਸਕਦੀ ਸੀ? ਸੱਚ ਪੁੱਛੋਂ ਤਾਂ ਤੁਸੀਂ ਮੈਨੂੰ ਬੁਲਾਅ ਕੇ ਬਾਊਜੀ 'ਤੇ ਬੜਾ ਜੁਲਮ ਕੀਤੈ।”
“ਕੀ ਮਤਲਬ?”
“ਮਤਲਬ ਕੁਸ਼ ਨੀਂ, ਉਹਨਾਂ ਦਾ ਜੀਅ ਬੜਾ ਲੱਗਾ ਹੋਇਆ ਸੀ ਜਵਾਕਾਂ ਨਾਲ।”
“ਤੇ ਮੇਰਾ ਜੀਅ?”
“ਤੁਹਾਡਾ ਜੀਅ? ਤੁਸੀਂ ਤਾਂ ਕਿਤੇ ਵੀ ਲਾ ਸਕਦੇ ਓ!” ਇੰਦੂ ਨੇ ਸ਼ਰਾਰਤ ਵਜੋਂ ਕਿਹਾ। ਤੇ ਕੁਝ ਇਸ ਤਰ੍ਹਾਂ ਮਦਨ ਵੱਲ ਦੇਖਿਆ ਕਿ ਉਸਦੇ ਸਬਰ ਦੀਆਂ ਸਾਰੀਆਂ ਢੇਰੀਆਂ ਢਹਿ ਗਈਆਂ। ਉਂਜ ਵੀ ਉਹ ਕੋਈ ਚੰਗਾ ਬਹਾਨਾ ਟੋਲ ਰਿਹਾ ਸੀ। ਉਸਨੇ ਇੰਦੂ ਨੂੰ ਫੜ੍ਹ ਕੇ ਆਪਣੀ ਹਿੱਕ ਨਾਲ ਲਾ ਲਿਆ ਤੇ ਬੋਲਿਆ-“ਬਾਊਜੀ ਤੇਰੇ 'ਤੇ ਬੜੇ ਖੁਸ਼ ਸਨ?”
“ਹਾਂ!” ਇੰਦੂ ਬੋਲੀ, “ਇਕ ਦਿਨ ਮੈਂ ਜਾਗੀ ਤਾਂ ਦੇਖਿਆ ਸਿਰਹਾਣੇ ਖੜ੍ਹੇ ਮੈਨੂੰ ਦੇਖ ਰਹੇ ਐ!”
“ਇਹ ਨਹੀਂ ਹੋ ਸਕਦਾ।”
“ਆਪਣੀ ਸੌਂਹ!”
“ਆਪਣੀ ਨਹੀਂ, ਮੇਰੀ ਸੌਂਹ ਖਾਹ।”
“ਤੁਹਾਡੀ ਸੌਂਹ ਤਾਂ ਮੈਂ ਨੀਂ ਖਾਂਦੀ, ਕੋਈ ਕੁਸ਼ ਵੀ ਦੇਵੇ।”
“ਹਾਂ!” ਮਦਨ ਨੇ ਸੋਚਦਿਆਂ ਹੋਇਆਂ ਕਿਹਾ, “ਕਿਤਾਬਾਂ ਵਿਚ ਇਸ ਨੂੰ ਸੈਕਸ ਕਹਿੰਦੇ ਨੇ।”
“ਸੈਕਸ?” ਇੰਦੂ ਨੇ ਪੁੱਛਿਆ, “ਉਹ ਕੀ ਹੁੰਦੈ ਜੀ?”
“ਉਹੀ ਜੋ ਮਰਦ ਤੇ ਔਰਤ ਦੇ ਵਿਚਕਾਰ ਹੁੰਦਾ ਏ।”
“ਹਾਏ ਰਾਮ” ਇੰਦੂ ਨੇ ਯਕਦਮ ਪਿੱਛੇ ਹਟਦਿਆਂ ਹੋਇਆਂ ਕਿਹਾ, “ਗੰਦੇ ਕਿਤੋਂ ਦੇ! ਸ਼ਰਮ ਨੀਂ ਆਉਂਦੀ ਬਾਊਜੀ ਬਾਰੇ ਐਂ ਸੋਚਦਿਆਂ...?”
“ਬਾਊਜੀ ਨੂੰ ਸ਼ਰਮ ਨਹੀਂ ਆਈ ਤੈਨੂੰ ਦੇਖਦਿਆਂ....?”
“ਕਿਉਂ?” ਇੰਦੂ ਨੇ ਬਾਊਜੀ ਦਾ ਪੱਖ ਲੈਂਦਿਆਂ ਕਿਹਾ, “ਉਹ ਆਪਣੀ ਬਹੂ ਨੂੰ ਦੇਖ ਕੇ ਖੁਸ਼ ਹੋ ਰਹੇ ਹੋਣਗੇ।”
“ਕਿਉਂ ਨਹੀਂ! ਜਦੋਂ ਬਹੂ ਤੇਰੇ ਵਰਗੀ ਹੋਵੇ।”
“ਤੁਹਾਡਾ ਮਨ ਗੰਦਾ ਐ,” ਇੰਦੂ ਨੇ ਨਫ਼ਰਤ ਨਾਲ ਕਿਹਾ, “ਇਸੇ ਲਈ ਤਾਂ ਤੁਹਾਡਾ ਕਾਰੋਬਾਰ ਵੀ ਗੰਦੇ ਬਰੋਜੇ ਦਾ ਐ। ਤੁਹਾਡੀਆਂ ਕਿਤਾਬਾਂ ਸਭ ਗੰਦਗੀ ਨਾਲ ਭਰੀਆਂ ਹੋਈਐਂ। ਤੁਹਾਨੂੰ ਤੇ ਤੁਹਾਡੀਆਂ ਕਿਤਾਬਾਂ ਨੂੰ ਇਸ ਦੇ ਸਿਵਾਏ ਹੋਰ ਕੁਝ ਦਿਖਾਈ ਓ ਨੀਂ ਦਿੰਦਾ। ਐਂ ਤਾਂ ਜਦੋਂ ਮੈਂ ਵੱਡੀ ਹੋ ਗਈ ਸੀ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਵਧ ਪਿਆਰ ਕਰਨਾ ਸ਼ੁਰੂ ਕਰ ਦਿਤਾ ਸੀ ਤਾਂ ਕੀ ਉਹ ਵੀ-ਉਹ ਸੀ ਨਿਗੁਰਾ-ਜੀਹਦਾ ਤੁਸੀਂ ਹੁਣੇ ਨਾਂਅ ਲੈ ਰਹੇ ਸੌ?” ਤੇ ਫੇਰ ਇੰਦੂ ਬੋਲੀ, “ਬਾਊਜੀ ਨੂੰ ਇੱਥੇ ਬੁਲਾਅ ਲਓ। ਉਹਨਾਂ ਦਾ ਉੱਥੇ ਜੀਅ ਵੀ ਨਹੀਂ ਲੱਗਦਾ। ਉਹ ਦੁਖੀ ਹੋਣਗੇ ਤਾਂ ਕੀ ਤੁਸੀਂ ਦੁਖੀ ਨਹੀਂ ਹੋਵੋਗੇ?”
ਮਦਨ ਆਪਣੇ ਬਾਊਜੀ ਨੂੰ ਬੜਾ ਪਿਆਰ ਕਰਦਾ ਸੀ। ਉਸਨੂੰ ਚੰਗੀ ਤਰ੍ਹਾਂ ਯਾਦ ਸੀ-ਜਦੋਂ ਮਾਂ ਬਿਮਾਰ ਰਹਿਣ ਲੱਗ ਪਈ ਸੀ ਤੇ ਕਦੀ ਉਸਦੀ ਮੌਤ ਦਾ ਖ਼ਿਆਲ ਮਦਨ ਦੇ ਦਿਲ 'ਚ ਆਉਂਦਾ ਸੀ ਤਾਂ ਉਹ ਅੱਖਾਂ ਬੰਦ ਕਰਦੇ ਪ੍ਰਾਰਥਨਾਂ ਸ਼ੁਰੂ ਕਰ ਦਿੰਦਾ ਹੁੰਦਾ ਸੀ-'ਓਮ ਨਮੋ ਭਗਵਤੇ ਵਾਸੁਦੇਵਾ...ਓਮ ਨਮੋ...' ਹੁਣ ਉਹ ਨਹੀਂ ਚਾਹੁੰਦਾ ਸੀ ਕਿ ਬਾਊਜੀ ਦੀ ਛਤਰਛਾਇਆ ਵੀ ਸਿਰ ਤੋਂ ਜਾਂਦੀ ਰਹੇ। ਖਾਸ ਕਰਕੇ ਅਜਿਹੇ ਵੇਲੇ ਜਦਕਿ ਉਹ ਆਪਣੇ ਕਾਰੋਬਾਰ ਨੂੰ ਵੀ ਠੀਕ ਤਰ੍ਹਾਂ ਨਹੀਂ ਸੀ ਜਮਾਅ ਸਕਿਆ। ਉਸਨੇ ਕੱਚੇ–ਪੱਕੇ ਜਿਹੇ ਮਨ ਨਾਲ ਇੰਦੂ ਨੂੰ ਸਿਰਫ ਏਨਾ ਕਿਹਾ-“ਅਜੇ ਰਹਿਣ ਦੇ ਬਾਊਜੀ ਨੂੰ। ਸ਼ਾਦੀ ਤੋਂ ਪਿੱਛੋਂ ਅਸੀਂ ਦੋਵੇਂ ਪਹਿਲੀ ਵਾਰ ਆਜ਼ਾਦੀ ਨਾਲ ਮਿਲ ਰਹੇ ਹਾਂ।”
ਤੀਜੇ ਚੌਥੇ ਦਿਨ ਬਾਊਜੀ ਦਾ ਹੰਝੂਆਂ ਨਾਲ ਭਿੱਜਿਆ ਖ਼ਤ ਆਇਆ-ਮੇਰੇ ਪਿਆਰੇ ਮਦਨ ਦੇ ਸੰਬੋਧਨ ਨਾਲ। 'ਮੇਰੇ ਪਿਆਰੇ' ਸ਼ਬਦ ਖਾਰੇ ਪਾਣੀ ਨਾਲ ਧੁਲ ਗਏ ਸਨ। ਲਿਖਿਆ ਸੀ-
'ਬਹੂ ਦੇ ਇੱਥੇ ਹੁੰਦਿਆਂ ਮੇਰੇ ਤਾਂ ਉਹੀ ਪੁਰਾਣੇ ਦਿਨ ਪਰਤ ਆਏ ਸਨ-ਤੇਰੀ ਮਾਂ ਦੇ ਦਿਨ। ਜਦੋਂ ਸਾਡੀ ਨਵੀਂ ਨਵੀਂ ਸ਼ਾਦੀ ਹੋਈ ਸੀ, ਤਾਂ ਉਹ ਵੀ ਏਨੀ ਹੀ ਅੱਲ੍ਹੜ ਸੀ। ਇੰਜ ਹੀ ਲਾਹੇ ਹੋਏ ਕਪੜੇ ਇਧਰ ਉਧਰ ਸੁੱਟ ਦਿੰਦੀ-ਪਿਤਾਜੀ ਸਾਂਭਦੇ ਫਿਰਦੇ। ਉਹੀ ਸੰਦਲ ਦਾ ਸੰਦੂਕ, ਉਹੀ ਬੇਤਰਤੀਬਾ ਛਿਛਪੱਤ। ਮੈਂ ਬਾਜ਼ਾਰ ਜਾ ਰਿਹਾ ਹਾਂ, ਕੁਛ ਨਹੀਂ ਤਾਂ ਦਹੀਂ ਵੜੇ ਜਾਂ ਰਬੜੀ ਲਿਆ ਰਿਹਾ ਹਾਂ। ਹੁਣ ਘਰ ਵਿਚ ਕੋਈ ਨਹੀਂ। ਉਹ ਥਾਂ, ਜਿੱਥੇ ਸੰਦਲ ਦਾ ਸੰਦੂਕ ਪਿਆ ਹੁੰਦਾ ਸੀ, ਖ਼ਾਲੀ ਹੈ...'
ਤੇ ਫੇਰ ਇਕ ਅੱਧੀ ਲਾਈਨ ਧੁਲੀ ਹੋਈ ਸੀ। ਅਖ਼ੀਰ ਵਿਚ ਲਿਖਿਆ ਸੀ-
'ਦਫ਼ਤਰ ਤੋਂ ਵਾਪਸੀ ਵੇਲੇ ਇੱਥੇ ਵੱਡੇ ਵੱਡੇ ਹਨੇਰੇ ਕਮਰਿਆਂ ਵਿਚ ਵੜਨ ਲੱਗਿਆਂ ਮੇਰੇ ਮਨ ਨੂੰ ਇਕ ਹੌਲ ਜਿਹਾ ਪੈਂਦਾ ਹੈ'-
ਤੇ ਫੇਰ-
'ਬਹੂ ਦਾ ਖ਼ਿਆਲ ਰੱਖੀਂ। ਉਸਨੂੰ ਕਿਸੇ ਐਸੀ ਵੈਸੀ ਦਾਈ ਦੇ ਹਵਾਲੇ ਨਾ ਕਰ ਦੇਵੀਂ।'
ਇੰਦੂ ਨੇ ਦੋਵਾਂ ਹੱਥਾਂ ਵਿਚ ਚਿੱਠੀ ਫੜ੍ਹ ਲਈ, ਲੰਮਾਂ ਸਾਹ ਖਿੱਚਿਆ, ਅੱਖਾਂ ਅੱਡੀਆਂ, ਸ਼ਰਮ ਨਾਲ ਪਾਣੀ ਪਾਣੀ ਹੁੰਦੀ ਹੋਈ ਬੋਲੀ-“ਮੈਂ ਮਰ ਗਈ, ਬਾਊਜੀ ਨੂੰ ਕਿਵੇਂ ਪਤਾ ਲੱਗ ਗਿਆ?”
ਮਦਨ ਨੇ ਚਿੱਠੀ ਫੜ੍ਹਦਿਆਂ ਹੋਇਆਂ ਕਿਹਾ-“ਬਾਊਜੀ ਕੋਈ ਬਾਲ ਨੇ? ਦੁਨੀਆਂ ਦੇਖੀ ਏ, ਸਾਨੂੰ ਜੰਮਿਆਂ ਏਂ।”
“ਹਾਂ, ਪਰ?” ਇੰਦੂ ਬੋਲੀ, “ਅਜੇ ਦਿਨ ਈ ਕਿੰਨੇ ਹੋਏ ਐ?”
ਤੇ ਫੇਰ ਉਸਨੇ ਇਕ ਤਿੱਖੀ ਨਜ਼ਰੇ ਆਪਣੇ ਢਿੱਡ ਵੱਲ ਤੱਕਿਆ ਜਿਸਨੇ ਅਜੇ ਵਧਣਾ ਵੀ ਸ਼ੁਰੂ ਨਹੀਂ ਸੀ ਕੀਤਾ ਤੇ ਫੇਰ ਵੀ ਬਾਊਜੀ ਜਾਂ ਕੋਈ ਹੋਰ ਦੇਖ ਸਕਦਾ ਹੈ; ਉਸਨੇ ਸਾੜ੍ਹੀ ਦੇ ਪੱਲੇ ਨਾਲ ਉਸਨੂੰ ਢਕ ਲਿਆ ਤੇ ਕੁਝ ਸੋਚਣ ਲੱਗੀ। ਉਦੋਂ ਹੀ ਇਕ ਚਮਕ ਜਿਹੀ ਉਸਦੇ ਚਿਹਰੇ ਉੱਤੇ ਆਈ ਤੇ ਉਹ ਬੋਲੀ-“ਤੁਹਾਡੇ ਸਹੁਰਿਆਂ ਵੱਲੋ ਸ਼ੀਰਨੀ ਆਏਗੀ?”
“ਮੇਰੇ ਸਹੁਰੇ...? ਓ–ਹਾਂ।” ਮਦਨ ਨੇ ਰਸਤਾ ਬਦਲਦਿਆਂ ਹੋਇਆਂ ਕਿਹਾ, “ਕਿੰਨੀ ਸ਼ਰਮ ਵਾਲੀ ਗੱਲ ਏ। ਅਜੇ ਛੇ ਅੱਠ ਮਹੀਨੇ ਸ਼ਾਦੀ ਨੂੰ ਹੋਏ ਨੇ ਤੇ ਅਹਿ ਆ ਗਿਆ ਏ।” ਉਸਨੇ ਇੰਦੂ ਦੇ ਪੇਟ ਵੱਲ ਇਸ਼ਾਰਾ ਕੀਤਾ।
“ਆ ਗਿਐ ਕਿ ਤੁਸੀਂ ਲਿਆਏ ਓ?”
“ਤੂੰ...ਇਸ ਸਾਰਾ ਤੇਰਾ ਕਸੂਰ ਏ। ਕੁਝ ਔਰਤਾਂ ਹੁੰਦੀਆਂ ਈ ਅਜਿਹੀਆਂ ਨੇ।”
“ਤੁਹਾਨੂੰ ਪਸੰਦ ਨਹੀਂ?”
“ਉੱਕਾ ਨਹੀਂ।”
“ਕਿਉਂ?”
“ਚਾਰ ਦਿਨ ਤਾਂ ਮਜ਼ੇ ਕਰ ਲੈਂਦੇ ਜ਼ਿੰਦਗੀ ਦੇ।”
“ਕੀ ਇਹ ਜ਼ਿੰਦਗੀ ਦਾ ਮਜ਼ਾ ਨਹੀਂ?” ਇੰਦੂ ਨੇ ਦੁਖੀ ਜਿਹੀ ਆਵਾਜ਼ ਵਿਚ ਕਿਹਾ-“ਤੀਵੀਂ ਆਦਮੀਂ ਵਿਆਹ ਕਿਸ ਲਈ ਕਰਦੇ ਐ? ਭਗਵਾਨ ਨੇ ਬਿਨਾਂ ਮੰਗਿਆਂ ਦੇ ਦਿਤੈ ਨਾ? ਪੁੱਛੋ ਉਹਨਾਂ ਨੂੰ ਜੀਹਨਾਂ ਦੇ ਨਹੀਂ ਹੁੰਦਾ। ਫੇਰ ਉਹ ਕੀ ਕੁਸ਼ ਕਰਦੀਐਂ...? ਪੀਰਾਂ ਫਕੀਰਾਂ ਕੋਲ ਜਾਂਦੀਐਂ। ਸਮਾਧੀਆਂ–ਮਜਾਰਾਂ ਉੱਤੇ ਧਾਗੇ ਬੰਨ੍ਹਦੀਐਂ, ਸੰਗ–ਸ਼ਰਮ ਨੂੰ ਪਾਸੇ ਰੱਖ ਕੇ ਦਰਿਆਵਾਂ ਦੇ ਕਿਨਾਰੇ ਨੰਗੀਆਂ ਹੋ ਕੇ ਸਰਕੰਡੇ ਕੱਟਦੀਐਂ, ਸ਼ਮਸ਼ਾਨਾ ਵਿਚ ਦੀਵੇ ਜਗਾਉਂਦੀਐਂ...।”
“ਚੰਗਾ! ਚੰਗਾ!” ਮਦਨ ਬੋਲਿਆ, “ਤੂੰ ਤਾਂ ਭਾਸ਼ਣ ਈ ਸ਼ੁਰੂ ਕਰ ਦਿਤਾ ਈ। ਔਲਾਦ ਲਈ ਥੋੜ੍ਹੀ ਉਮਰ ਪਈ ਸੀ?”
“ਹੋਵੇਗਾ ਤਾਂ,” ਇੰਦੂ ਨੇ ਲੜਾਕੀਆਂ ਤੀਵੀਂਆਂ ਵਾਂਗ ਹਵਾ ਵਿਚ ਉਂਗਲ ਨਚਾਂਦਿਆਂ ਹੋਇਆਂ ਕਿਹਾ, “ਫੇਰ ਤੁਸੀਂ ਹੱਥ ਵੀ ਨਾ ਲਾਉਣਾ। ਉਹ ਤੁਹਾਡਾ ਨਹੀਂ ਮੇਰਾ ਹੋਵੇਗਾ। ਤੁਹਾਨੂੰ ਤਾਂ ਉਸਦੀ ਲੋੜ ਨਹੀਂ ਪਰ ਉਸਦੇ ਦਾਦੇ ਨੂੰ ਬੜੀ ਐ-ਇਹ ਮੈਂ ਜਾਣਦੀ ਆਂ।”
ਫੇਰ ਕੁਝ ਨਾਰਾਜ਼ ਤੇ ਕੁਝ ਨਿਰਾਸ਼ ਹੋ ਕੇ ਇੰਦੂ ਨੇ ਆਪਣਾ ਮੂੰਹ ਦੋਵਾਂ ਹੱਥਾਂ ਵਿਚ ਛੁਪਾਅ ਲਿਆ। ਉਹ ਸੋਚਦੀ ਸੀ, ਪੇਟ ਵਿਚ ਇਸ ਨੰਨ੍ਹੀ ਜਿਹੀ ਜਿੰਦ ਦੀ ਖ਼ਬਰ ਮਿਲਣ 'ਤੇ ਇਸ ਜਿੰਦ ਦਾ ਕਰਤਾ ਥੋੜ੍ਹੀ–ਬਹੁਤੀ ਹਮਦਰਦੀ ਤਾਂ ਕਰੇਗਾ ਹੀ। ਪਰ ਮਦਨ ਚੁੱਪਚਾਪ ਬੈਠਾ ਰਿਹਾ। ਇਕ ਸ਼ਬਦ ਵੀ ਉਸਦੇ ਮੂੰਹੋਂ ਨਹੀਂ ਸੀ ਨਿਕਲਿਆ। ਇੰਦੂ ਨੇ ਚਿਹਰੇ ਤੋਂ ਹੱਥ ਹਟਾ ਕੇ ਮਦਨ ਵੱਲ ਦੇਖਿਆ ਤੇ ਹੋਣ ਵਾਲੀ ਪਹਿਲੋਟਨ ਦੇ ਖਾਸ ਅੰਦਾਜ਼ ਵਿਚ ਬੋਲੀ, “ਉਹ ਤਾਂ ਜੋ ਕੁਸ਼ ਮੈਂ ਕਹਿ ਰਹੀ ਆਂ ਪਿੱਛੋਂ ਹੋਵੇਗਾ, ਪਹਿਲਾਂ ਤਾਂ ਮੈਂ ਬਚਾਂਗੀ ਈ ਨਹੀਂ...ਮੈਨੂੰ ਬਚਪਨ ਤੋਂ ਈ ਸ਼ੰਕਾ ਐ ਇਸ ਗੱਲ ਦਾ।”
ਮਦਨ ਜਿਵੇਂ ਹਿਰਖ ਗਿਆ। ਇਹ 'ਖ਼ੂਬਸੂਰਤ ਚੀਜ਼' ਜਿਹੜੀ ਜੱਚਗੀ ਪਿੱਛੋਂ ਹੋਰ ਵੀ ਖ਼ੂਬਸੂਰਤ ਲੱਗਣ ਲੱਗ ਪਏਗੀ, ਮਰ ਜਾਏਗੀ? ਉਸਨੇ ਪਿੱਠ ਵਾਲੇ ਪਾਸਿਓਂ ਇੰਦੂ ਨੂੰ ਫੜ੍ਹ ਲਿਆ ਫੇਰ ਖਿੱਚ ਕੇ ਆਪਣੀਆਂ ਬਾਹਾਂ ਵਿਚ ਘੁੱਟ ਲਿਆ ਤੇ ਬੋਲਿਆ, “ਤੈਨੂੰ ਕੁਛ ਨਹੀਂ ਹੋਵੇਗਾ ਇੰਦੂ। ਮੈਂ ਤਾਂ ਮੌਤ ਦੇ ਮੂੰਹ ਵਿਚੋਂ ਵੀ ਖੋਹ ਕੇ ਲੈ ਆਵਾਂਗਾ ਤੈਨੂੰ-ਏਸ ਵਾਰੀ ਸਾਵਿਤਰੀ ਨਹੀਂ, ਸਤਯਵਾਨ ਦੀ ਵਾਰੀ ਏ...”
ਮਦਨ ਦੇ ਕਲਾਵੇ ਵਿਚ ਇੰਦੂ ਭੁੱਲ ਹੀ ਗਈ ਕਿ ਉਸਦਾ ਆਪਣਾ ਵੀ ਕੋਈ ਦੁਖ ਹੈ।
ਉਸ ਪਿੱਛੋਂ ਬਾਊਜੀ ਨੇ ਕੁਝ ਨਹੀਂ ਲਿਖਿਆ। ਹਾਂ, ਸਹਾਰਨਪੁਰ ਤੋਂ ਇਕ ਸਾਰਟਰ ਆਇਆ ਜਿਸ ਨੇ ਸਿਰਫ ਏਨਾ ਦੱਸਿਆ ਕਿ ਬਾਊਜੀ ਨੂੰ ਫੇਰ ਦੌਰੇ ਪੈਣ ਲੱਗ ਪਏ ਨੇ। ਇਕ ਦੌਰੇ ਵਿਚ ਤਾਂ ਉਹ ਲਗਭਗ ਚੱਲ ਹੀ ਵੱਸੇ ਸਨ। ਮਦਨ ਡਰ ਗਿਆ, ਇੰਦੂ ਰੋਣ ਲੱਗ ਪਈ। ਸਾਰਟਰ ਦੇ ਜਾਣ ਪਿੱਛੋਂ ਹਮੇਸ਼ਾ ਵਾਂਗ ਮਦਨ ਨੇ ਅੱਖਾਂ ਮੀਚ ਲਈਆਂ ਤੇ ਮਨ ਹੀ ਮਨ ਜਪਣ ਲੱਗਿਆ-'ਓਮ ਨਮੋ ਭਗਵਤੇ...'
ਦੂਜੇ ਦਿਨ ਹੀ ਮਦਨ ਨੇ ਪਿਓ ਨੂੰ ਚਿੱਠੀ ਲਿਖੀ-
'ਬਾਊਜੀ! ਆ ਜਾਓ, ਬੱਚੇ ਬੜਾ ਯਾਦ ਕਰਦੇ ਨੇ ਤੇ ਤੁਹਾਡੀ ਬਹੂ ਵੀ...'
ਪਰ ਆਖ਼ਰ ਨੌਕਰੀ ਸੀ। ਆਪਣੇ ਵੱਸ ਦੀ ਗੱਲ ਥੋੜ੍ਹਾ ਹੀ ਸੀ। ਧਨੀਰਾਮ ਦੇ ਖ਼ਤ ਅਨੁਸਾਰ ਉਹ ਛੁੱਟੀ ਲਈ ਕੋਸ਼ਿਸ਼ ਕਰ ਰਹੇ ਸਨ...ਉਹਨਾਂ ਬਾਰੇ ਮਦਨ ਦਾ ਦਿਨੋ ਦਿਨ ਦੋਖੀ ਅਹਿਸਾਸ ਵਧਦਾ ਜਾ ਰਿਹਾ ਸੀ-'ਜੇ ਮੈਂ ਇੰਦੂ ਨੂੰ ਉੱਥੇ ਹੀ ਰਹਿਣ ਦਿੰਦਾ ਤਾਂ ਮੇਰਾ ਕੀ ਘਸ ਜਾਂਦਾ?'
ooo
ਵਿਜੈ ਦਸਵੀਂ ਤੋਂ ਇਕ ਰਾਤ ਪਹਿਲਾਂ ਮਦਨ ਬੇਚੈਨੀ ਦੀ ਹਾਲਤ ਵਿਚ ਵਿਚਕਾਰਲੇ ਕਮਰੇ ਦੇ ਬਾਹਰ ਵਰਾਂਡੇ ਵਿਚ ਟਹਿਲ ਰਿਹਾ ਸੀ ਕਿ ਅੰਦਰੋਂ ਬੱਚੇ ਦੇ ਰੋਣ ਦੀ ਆਵਾਜ਼ ਆਈ ਤੇ ਉਹ ਤ੍ਰਬਕ ਕੇ ਦਰਵਾਜ਼ੇ ਵੱਲ ਅਹੁਲਿਆ। ਬੇਗਮ ਦਾਈ ਬਾਹਰ ਆਈ ਤੇ ਬੋਲੀ-“ਮੁਬਾਰਕ ਹੋਵੇ ਬਾਊਜੀ, ਮੁੰਡਾ ਹੋਇਆ ਏ।”
“ਮੁੰਡਾ?” ਮਦਨ ਬੜਰਾਇਆ ਤੇ ਫੇਰ ਫਿਕਰਾਂ ਵਿੰਨ੍ਹੀ ਆਵਾਜ਼ ਵਿਚ ਬੋਲਿਆ-“ਮਾਂ ਕੈਸੀ ਹੈ?”
ਬੇਗਮ ਬੋਲੀ-“ਖ਼ੈਰ ਮਿਹਰ ਏ, ਮੈਂ ਅਜੇ ਤੀਕ ਉਸਨੂੰ ਕੁੜੀ ਓ ਦੱਸੀ ਏ। ਜੱਚਾ ਜ਼ਿਆਦਾ ਖੁਸ਼ ਹੋ ਜਾਏ ਤਾਂ ਉਸਦੀ ਔਲ ਸੌਖੀ ਨਹੀਂ ਪੈਂਦੀ।”
“ਓ...” ਮਦਨ ਨੇ ਮੂਰਖਾਂ ਵਾਂਗ ਅੱਖਾਂ ਝਪਕਾਉਂਦਿਆਂ ਕਿਹਾ ਤੇ ਫੇਰ ਕਮਰੇ ਅੰਦਰ ਜਾਣ ਲਈ ਅਗਾਂਹ ਵਧਿਆ। ਬੇਗਮ ਨੇ ਉਸਨੂੰ ਉੱਥੇ ਹੀ ਰੋਕ ਦਿਤਾ ਤੇ ਕਹਿਣ ਲੱਗੀ- “ਤੇਰਾ ਅੰਦਰ ਕੀ ਕੰਮ?” ਤੇ ਫੇਰ ਅੰਦਰ ਹੋ ਕੇ ਦਰਵਾਜ਼ਾ ਭੇੜ ਲਿਆ।
ਮਦਨ ਦੀਆਂ ਲੱਤਾਂ ਅਜੇ ਤਕ ਕੰਬ ਰਹੀਆਂ ਸਨ। ਉਸ ਵੇਲੇ ਡਰ ਨਾਲ ਨਹੀਂ ਬਲਿਕੇ ਤਸੱਲੀ ਨਾਲ ਜਾਂ ਸ਼ਾਇਦ ਇਸ ਲਈ ਕਿ ਜਦੋਂ ਕੋਈ ਇਸ ਦੁਨੀਆਂ ਵਿਚ ਆਉਂਦਾ ਹੈ ਤਾਂ ਆਲੇ ਦੁਆਲੇ ਦੇ ਲੋਕਾਂ ਦੀ ਇਹੀ ਹਾਲਤ ਹੁੰਦੀ ਹੈ। ਮਦਨ ਨੇ ਸੁਣਿਆ ਸੀ, ਜਦੋਂ ਮੁੰਡਾ ਜੰਮਦਾ ਹੈ ਤਾਂ ਘਰ ਦੇ ਕੰਧਾਂ ਕੌਲੇ ਕੰਬਦੇ ਨੇ। ਜਿਵੇਂ ਡਰ ਰਹੇ ਹੋਣ ਕਿ ਵੱਡਾ ਹੋ ਕੇ ਸਾਨੂੰ ਵੇਚੇਗਾ ਕਿ ਰੱਖੇਗਾ। ਮਦਨ ਨੇ ਮਹਿਸੂਸ ਕੀਤਾ, ਜਿਵੇਂ ਸੱਚਮੁੱਚ ਹੀ ਕੰਧਾਂ ਕੰਬ ਰਹੀਆਂ ਸਨ...ਜੱਚਗੀ ਲਈ ਚਿਕਨੀ ਭਾਬੀ ਤਾਂ ਨਹੀਂ ਸੀ ਆਈ ਕਿਉਂਕਿ ਉਸਦਾ ਆਪਣਾ ਬਾਲ ਕਾਫੀ ਛੋਟਾ ਸੀ-ਹਾਂ, ਦਰਿਆਬਾਦ ਵਾਲੀ ਭੂਆ ਜ਼ਰੂਰ ਪਹੁੰਚ ਗਈ ਸੀ, ਜਿਸਨੇ ਜਨਮ ਸਮੇਂ 'ਰਾਮ–ਰਾਮ, ਰਾਮ–ਰਾਮ' ਦੀ ਰਟ ਲਾ ਦਿਤੀ ਸੀ ਤੇ ਹੁਣ ਉਹੀ ਰਟ ਧੀਮੀ ਹੋ ਗਈ ਸੀ...
ਜ਼ਿੰਦਗੀ ਭਰ ਮਦਨ ਨੂੰ ਆਪਣਾ ਆਪ ਏਨਾ ਫਜ਼ੂਲ ਤੇ ਬੇਕਾਰ ਕਦੀ ਨਹੀਂ ਸੀ ਲੱਗਿਆ। ਏਨੇ ਵਿਚ ਫੇਰ ਦਰਵਾਜ਼ਾ ਖੁੱਲ੍ਹਿਆ ਤੇ ਭੂਆ ਬਾਹਰ ਨਿਕਲੀ। ਵਰਾਂਡੇ ਦੀ ਬਿਜਲੀ ਦੀ ਮੱਧਮ ਜਿਹੀ ਰੌਸ਼ਨੀ ਵਿਚ ਉਸਦਾ ਚਿਹਰਾ ਕਿਸੇ ਪ੍ਰੇਤ ਦੇ ਚਿਹਰੇ ਵਰਗਾ-ਬਿਲਕੁਲ ਦੁਧੀਆ–ਸਫ਼ੇਦ- ਨਜ਼ਰ ਆ ਰਿਹਾ ਸੀ। ਮਦਨ ਨੇ ਉਸਦਾ ਰਸਤਾ ਰੋਕਦਿਆਂ ਕਿਹਾ-
“ਇੰਦੂ ਠੀਕ ਏ ਨਾ ਭੂਆ?”
“ਠੀਕ ਐ, ਠੀਕ ਐ, ਠੀਕ ਐ...” ਭੂਆ ਨੇ ਤਿੰਨ ਚਾਰ ਵਾਰੀ ਕਿਹਾ ਤੇ ਫੇਰ ਆਪਣਾ ਕੰਬਦਾ ਹੋਇਆ ਹੱਥ ਮਦਨ ਦੇ ਸਿਰ ਉੱਤੇ ਰੱਖ ਕੇ ਉਸਨੂੰ ਹੇਠਾਂ ਕੀਤਾ, ਚੁੰਮਿਆਂ ਤੇ ਬਾਹਰ ਚਲੀ ਗਈ।
ਭੂਆ ਵਰਾਂਡੇ ਦੇ ਦਰਵਾਜ਼ੇ ਵਿਚੋਂ ਬਾਹਰ ਜਾਂਦੀ ਹੋਈ ਨਜ਼ਰ ਆ ਰਹੀ ਸੀ। ਉਹ ਬੈਠਕ ਵਿਚ ਪਹੁੰਚੀ, ਜਿੱਥੇ ਬਾਕੀ ਬੱਚੇ ਸੁੱਤੇ ਹੋਏ ਸਨ। ਭੂਆ ਨੇ ਇਕ ਇਕ ਕਰਕੇ ਸਾਰਿਆਂ ਦੇ ਸਿਰ ਉੱਤੇ ਪਿਆਰ ਨਾਲ ਹੱਥ ਫੇਰਿਆ ਤੇ ਫੇਰ ਛੱਤ ਵੱਲ ਅੱਖਾਂ ਚੁੱਕ ਕੇ ਮੂੰਹ ਵਿਚ ਕੁਝ ਬਰੜਾਈ ਤੇ ਫੇਰ ਨਿਢਾਲ ਜਿਹੀ ਹੋ ਕੇ ਮੁੰਨੀ ਕੋਲ ਮੂਧੀ ਲੇਟ ਗਈ। ਉਸਦੇ ਹਿੱਲਦੇ ਹੋਏ ਮੋਢਿਆਂ ਤੋਂ ਪਤਾ ਲੱਗ ਰਿਹਾ ਸੀ ਜਿਵੇਂ ਰੋ ਰਹੀ ਹੈ। ਮਦਨ ਹੈਰਾਨ ਹੋਇਆ! ਭੂਆ ਨੇ ਕਈ ਬਾਲ ਜੰਮੇ ਸਨ ਫੇਰ ਕਿਉਂ ਉਸਦੀ ਰੂਹ ਇੰਜ ਕੰਬ ਗਈ ਹੈ...?
ਫੇਰ ਉਧਰਲੇ ਕਮਰੇ ਵਿਚੋਂ ਹਰਮਲ ਦੀ ਬੂ ਬਾਹਰ ਆਈ। ਧੂੰਏ ਦਾ ਇਕ ਗੁਬਾਰ ਜਿਹਾ ਆਇਆ, ਜਿਸਨੇ ਮਦਨ ਦਾ ਅਹਾਤਾ ਭਰ ਦਿਤਾ। ਉਸਦਾ ਸਿਰ ਚਕਰਾ ਗਿਆ। ਉਦੋਂ ਹੀ ਬੇਗਮ ਦਾਈ ਕਪੜੇ ਵਿਚ ਕੁਝ ਲਪੇਟਦੀ ਹੋਈ ਬਾਹਰ ਆਈ। ਕਪੜੇ ਉੱਤੇ ਖ਼ੂਨ ਹੀ ਖ਼ੂਨ ਸੀ, ਜਿਸ ਵਿਚੋਂ ਕੁਝ ਤੁਪਕੇ ਨਿਕਲ ਕੇ ਫਰਸ਼ ਉੱਤੇ ਡਿੱਗ ਪਏ। ਮਦਨ ਦੇ ਹੋਸ਼ ਉੱਡ ਗਏ। ਉਸਨੂੰ ਪਤਾ ਨਹੀਂ ਸੀ ਕਿ ਉਹ ਕਿੱਥੇ ਹੈ! ਅੱਖਾਂ ਖੁੱਲ੍ਹੀਆਂ ਸਨ, ਪਰ ਕੁਝ ਦਿਖਾਈ ਨਹੀਂ ਸੀ ਦੇ ਰਿਹਾ। ਵਿਚਕਾਰ ਇੰਦੂ ਦੀ ਇਕ ਮੁਰਦਲੀ ਜਿਹੀ ਆਵਾਜ਼ ਆਈ-“ਹਾ–ਏ...” ਤੇ ਫੇਰ ਬੱਚੇ ਕੇ ਰੋਣ ਦੀ ਆਵਾਜ਼...
ਤਿੰਨ ਚਾਰ ਦਿਨ ਬੜਾ ਕੁਝ ਹੋਇਆ। ਮਦਨ ਨੇ ਘਰ ਦੇ ਇਕ ਖੂੰਜੇ ਵਿਚ ਟੋਇਆ ਪੁੱਟ ਕੇ ਔਲ ਨੂੰ ਨੱਪ ਦਿਤਾ। ਕੁੱਤਿਆਂ ਨੂੰ ਅੰਦਰ ਆਉਣ ਤੋਂ ਰੋਕਿਆ। ਪਰ ਉਸਨੂੰ ਕੁਝ ਯਾਦ ਨਹੀਂ ਸੀ। ਉਸਨੂੰ ਇੰਜ ਲੱਗਿਆ ਜਿਵੇਂ ਹਰਮਲ ਦੀ ਬੂ ਦਿਮਾਗ ਵਿਚ ਵੱਸ ਜਾਣ ਪਿੱਛੋਂ ਅੱਜ ਹੀ ਉਸਨੂੰ ਹੋਸ਼ ਆਇਆ ਹੈ। ਕਮਰੇ ਵਿਚ ਉਹ ਇਕੱਲਾ ਹੀ ਸੀ ਤੇ ਇੰਦੂ-ਨੰਦ ਤੇ ਯਸ਼ੋਧਾ-ਤੇ ਦੂਜੇ ਪਾਸੇ ਨੰਦਲਾਲ-ਇੰਦੂ ਨੇ ਬੱਚੇ ਵੱਲ ਦੇਖਿਆ ਤੇ ਜਿਵੇਂ ਟੋਹ ਲੈਣ ਦੇ ਅੰਦਾਜ਼ ਵਿਚ ਬੋਲੀ-“ਬਿਲਕੁਲ ਈ ਤੁਹਾਡੇ 'ਤੇ ਗਿਐ!”
“ਹੋਵੇਗਾ,” ਮਦਨ ਨੇ ਇਕ ਸਰਸਰੀ ਜਿਹੀ ਨਿਗਾਹ ਨਾਲ ਬੱਚੇ ਵੱਲ ਦੇਖਦਿਆਂ ਕਿਹਾ-“ਮੈਂ ਤਾਂ ਕਹਿਣਾ ਸ਼ੁਕਰ ਏ ਭਗਵਾਨ ਦਾ ਤੂੰ ਬਚ ਗਈ।”
“ਹਾਂ!” ਇੰਦੂ ਨੇ ਕਿਹਾ-“ਮੈਂ ਤਾਂ ਸਮਝਦੀ ਸੀ...”
“ਸ਼ੁਭ–ਸ਼ੁਭ ਬੋਲ।” ਮਦਨ ਨੇ ਯਕਦਮ ਇੰਦੂ ਦੀ ਗੱਲ ਟੁੱਕਦਿਆਂ ਕਿਹਾ-“ਏਥੇ ਜੋ ਕੁਝ ਹੋਇਆ ਏ-ਮੈਂ ਤਾਂ ਹੁਣ ਤੇਰੇ ਨੇੜੇ ਵੀ ਨਹੀ ਫਟਕਣਾ।” ਤੇ ਮਦਨ ਨੇ ਜੀਭ ਦੰਦਾਂ ਹੇਠ ਨੱਪ ਲਈ।
“ਤੌਬਾ ਕਰੋ।” ਇੰਦੂ ਬੋਲੀ।
ਮਦਨ ਨੇ ਝੱਟ ਹੱਥ ਨਾਲ ਦੋਵੇਂ ਕੰਨ ਫੜ੍ਹ ਲਏ ਤੇ ਇੰਦੂ ਸੁਥਰਾ ਜਿਹਾ ਹਾਸਾ ਹੱਸਣ ਲੱਗੀ।
ਬੱਚਾ ਜੰਮਣ ਪਿੱਛੋਂ ਕਈ ਦਿਨਾਂ ਤਕ ਇੰਦੂ ਦੀ ਧਰਨ ਥਾਵੇਂ ਨਹੀਂ ਸੀ ਆਈ। ਉਹ ਘੁੰਮ ਘੁੰਮ ਕੇ ਬੱਚੇ ਨੂੰ ਲੱਭਦੀ ਰਹੀ ਸੀ, ਜਿਹੜਾ ਹੁਣ ਉਸ ਤੋਂ ਪਰ੍ਹੇ ਬਾਹਰਲੀ ਦੁਨੀਆਂ ਵਿਚ ਜਾ ਕੇ ਆਪਣੀ ਅਸਲੀ ਮਾਂ ਨੂੰ ਭੁੱਲ ਗਿਆ ਸੀ।
ਹੁਣ ਸਭ ਕੁਝ ਠੀਕ ਸੀ ਤੇ ਇੰਦੂ ਸ਼ਾਂਤੀ ਨਾਲ ਉਸ ਦੁਨੀਆਂ ਨੂੰ ਵੇਖ ਰਹੀ ਸੀ। ਜਾਪਦਾ ਸੀ ਉਸਨੇ ਮਦਨ ਦੇ ਹੀ ਨਹੀਂ ਸਾਰੀ ਦੁਨੀਆਂ ਦੇ ਗੁਨਾਹਗਾਰਾਂ ਦੇ ਗੁਨਾਹ ਮੁਆਫ਼ ਕਰ ਦਿਤੇ ਨੇ ਤੇ ਹੁਣ ਦੇਵੀ ਬਣ ਕੇ ਦਯਾ ਤੇ ਕਰੂਣਾ ਦਾ ਪ੍ਰਸ਼ਾਦ ਵੰਡ ਰਹੀ ਹੈ...ਮਦਨ ਨੇ ਇੰਦੂ ਦੇ ਮੂੰਹ ਵੱਲ ਤੱਕਿਆ ਤੇ ਸੋਚਣ ਲੱਗਾ-ਇਸ ਸਾਰੇ ਖ਼ੂਨ ਖ਼ਰਾਬੇ ਪਿੱਛੋਂ ਕੁਝ ਪਤਲੀ ਹੋ ਕੇ ਇੰਦੂ ਹੋਰ ਵੀ ਚੰਗੀ ਲੱਗਣ ਲੱਗ ਪਈ ਹੈ...ਉਦੋਂ ਹੀ ਇੰਦੂ ਨੇ ਆਪਣੇ ਦੋਵੇਂ ਹੱਥ ਛਾਤੀਆਂ ਉੱਤੇ ਰੱਖ ਲਏ।
“ਕੀ ਹੋਇਆ?” ਮਦਨ ਨੇ ਪੁੱਛਿਆ।
“ਕੁਸ਼ ਨੀਂ,” ਇੰਦੂ ਥੋੜ੍ਹਾ ਜਿਹਾ ਉਠਣ ਦੀ ਕੋਸ਼ਿਸ਼ ਕਰਦੀ ਹੋਈ ਬੋਲੀ-“ਇਸਨੂੰ ਭੁੱਖ ਲੱਗੀ ਐ।” ਤੇ ਉਸਨੇ ਬੱਚੇ ਵੱਲ ਇਸ਼ਾਰਾ ਕੀਤਾ।
“ਇਸ ਨੂੰ?...ਭੁੱਖ?...” ਮਦਨ ਨੇ ਪਹਿਲਾਂ ਬੱਚੇ ਵੱਲ ਤੇ ਫੇਰ ਇੰਦੂ ਵੱਲ ਦੇਖਦਿਆਂ ਕਿਹਾ-“ਤੈਨੂੰ ਕਿਵੇਂ ਪਤਾ ਲੱਗਿਆ?” “ਦੇਖਦੇ ਨੀਂ...!” ਇੰਦੂ ਹੇਠਾਂ ਵੱਲ ਨਿਗਾਹਾਂ ਕਰਦੀ ਹੋਈ ਬੋਲੀ-“ਸਭ ਗਿੱਲਾ ਹੋ ਗਿਐ!”
ਮਦਨ ਨੇ ਗਹੂ ਨਾਲ ਇੰਦੂ ਦੇ ਢਿੱਲੇ ਢਾਲੇ ਝਗਲੇ ਵੱਲ ਦੇਖਿਆ। ਝਰ–ਝਰ ਦੁੱਧ ਵਗ ਰਿਹਾ ਸੀ ਤੇ ਇਕ ਖਾਸ ਕਿਸਮ ਦੀ ਬੂ ਆ ਰਹੀ ਸੀ। ਫੇਰ ਇੰਦੂ ਨੇ ਬੱਚੇ ਵੱਲ ਹੱਥ ਵਧਾਉਂਦਿਆਂ ਹੋਇਆਂ ਕਿਹਾ-“ਇਸਨੂੰ ਮੈਨੂੰ ਫੜਾ ਦਿਓ।”
ਮਦਨ ਨੇ ਹੱਥ ਭੰਗੂੜੇ ਵੱਲ ਵਧਾਏ ਤੇ ਉਸੇ ਪਲ ਪਿਛਾਂਹ ਖਿੱਚ ਲਏ। ਫੇਰ ਕੁਝ ਹਿੰਮਤ ਤੋਂ ਕੰਮ ਲੈਂਦਿਆਂ ਉਸਨੇ ਬੱਚੇ ਨੂੰ ਇੰਜ ਚੁੱਕਿਆ, ਜਿਵੇਂ ਉਹ ਮਰਿਆ ਹੋਇਆ ਚੂਹਾ ਹੋਵੇ। ਅਖ਼ੀਰ ਉਸਨੇ ਬੱਚੇ ਨੂੰ ਇੰਦੂ ਦੀ ਗੋਦੀ ਵਿਚ ਪਾ ਦਿਤਾ। ਇੰਦੂ ਮਦਨ ਵੱਲ ਦੇਖਦੀ ਹੋਈ ਬੋਲੀ-“ਤੁਸੀਂ ਜਾਓ ਬਾਹਰ...”
“ਕਿਉਂ?...ਬਾਹਰ ਕਿਉਂ ਜਾਵਾਂ?” ਮਦਨ ਨੇ ਪੁੱਛਿਆ।
“ਜਾਓ ਨਾ...” ਇੰਦੂ ਨੇ ਜ਼ਰਾ ਮਚਲਦਿਆਂ ਰਤਾ ਸ਼ਰਮਾਉਂਦਿਆਂ ਹੋਇਆਂ ਕਿਹਾ-“ਤੁਹਾਡੇ ਸਾਹਮਣੇ ਮੈਂ ਦੁੱਧ ਨਈਂ ਪਿਆ ਸਕਾਂਗੀ।”
“ਹੈਂ!” ਮਦਨ ਹੈਰਾਨੀ ਨਾਲ ਬੋਲਿਆ-“ਮੇਰੇ ਸਾਹਮਣੇ...ਨਹੀਂ ਪਿਆ ਸਕੇਂਗੀ!” ਤੇ ਫੇਰ ਨਾਸਮਝਾਂ ਵਾਗ ਸਿਰ ਹਿਲਾਅ ਕੇ ਬਾਹਰ ਵੱਲ ਤੁਰ ਪਿਆ। ਦਰਵਾਜ਼ੇ ਕੋਲ ਪਹੁੰਚ ਕੇ ਮੁੜਦਿਆਂ ਹੋਇਆਂ ਇੰਦੂ ਉੱਤੇ ਨਿਗਾਹ ਮਾਰੀ...ਏਨੀ ਹੁਸੀਨ ਇੰਦੂ ਅੱਜ ਤਕ ਨਹੀਂ ਸੀ ਲੱਗੀ!
ooo
ਬਾਊ ਧਨੀਰਾਮ ਛੁੱਟੀ 'ਤੇ ਘਰ ਆਏ ਤਾਂ ਉਹ ਪਹਿਲਾਂ ਨਾਲੋਂ ਅੱਧੇ ਨਜ਼ਰ ਆ ਰਹੇ ਸਨ। ਜਦੋਂ ਇੰਦੂ ਨੇ ਪੋਤਾ ਉਹਨਾਂ ਦੀ ਗੋਦ ਵਿਚ ਪਾਇਆ ਤਾਂ ਉਹ ਖਿੜਪੁੜ ਗਏ। ਉਹਨਾਂ ਦੇ ਪੇਟ ਅੰਦਰ ਕੋਈ ਫੋੜਾ ਹੋ ਗਿਆ ਸੀ, ਜਿਹੜਾ ਚੌਵੀ ਘੰਟੇ ਉਹਨਾਂ ਨੂੰ ਸੂਲੀ 'ਤੇ ਟੰਗੀ ਰੱਖਦਾ ਸੀ। ਜੇ ਮੁੰਨਾ ਨਾ ਹੁੰਦਾ ਤਾਂ ਬਾਊਜੀ ਦੀ ਉਸ ਨਾਲੋਂ ਦਸ ਗੁਣਾ ਮਾੜੀ ਹਾਲਤ ਹੁੰਦੀ।
ਕਈ ਇਲਾਜ਼ ਕੀਤੇ ਗਏ। ਬਾਊਜੀ ਦੇ ਆਖ਼ਰੀ ਇਲਾਜ਼ ਵਿਚ ਡਾਕਟਰ ਨੇ ਅੱਧਾਨੀ ਬਰਾਬਰ ਪੰਦਰਾਂ ਵੀ ਗੋਲੀਆਂ ਰੋਜ਼ ਖਾਣ ਲਈ ਦੱਸ ਦਿੱਤੀਆਂ। ਪਹਿਲੇ ਦਿਨ ਹੀ ਉਹਨਾਂ ਨੂੰ ਏਨਾ ਪਸੀਨਾ ਆਇਆ ਕਿ ਦਿਨ ਵਿਚ ਤਿੰਨ ਤਿੰਨ ਚਾਰ ਚਾਰ ਵਾਰੀ ਕਪੜੇ ਬਦਲਨੇ ਪਏ। ਹਰ ਵਾਰੀ ਮਦਨ ਕਪੜੇ ਲਿਆ ਕੇ ਬਾਲਟੀ ਵਿਚ ਨਿਚੋੜਦਾ ਤਾਂ ਸਿਰਫ ਪਸੀਨੇ ਨਾਲ ਹੀ ਬਾਲਟੀ ਚੌਥਾ ਹਿੱਸਾ ਭਰ ਜਾਂਦੀ। ਰਾਤ ਨੂੰ ਉਹਨਾਂ ਨੂੰ ਵੱਤ ਆਉਣ ਲੱਗ ਪਏ ਤੇ ਉਹਨਾਂ ਆਵਾਜ਼ ਦਿਤੀ-
“ਬਹੂ! ਜ਼ਰਾ ਦਾਤੁਨ ਤਾਂ ਫੜਾਵੀਂ, ਮੂੰਹ ਦਾ ਸਵਾਦ ਬੜਾ ਖ਼ਰਾਬ ਹੋਇਆ ਹੋਇਐ।” ਬਹੂ ਕਾਹਲ ਨਾਲ ਗਈ ਤੇ ਦਾਤੂਨ ਚੁੱਕ ਲਿਆਈ। ਬਾਊਜੀ ਉਠ ਕੇ ਦਾਤੁਨ ਚੱਬ ਹੀ ਰਹੇ ਸਨ ਕਿ ਇਕ ਉਲਟੀ ਕੀ ਆਈ, ਨਾਲ ਹੀ ਖ਼ੂਨ ਦਾ ਪਰਨਾਲਾ ਚੱਲ ਪਿਆ। ਪੁੱਤਰ ਨੇ ਸਿਰਹਾਣੇ ਉੱਤੇ ਲਿਟਾਇਆ ਤਾਂ ਪੁਤਲੀਆਂ ਫਿਰ ਚੁੱਕੀਆਂ ਸਨ ਤੇ ਪਲਾਂ ਵਿਚ ਹੀ ਉਹ ਉਪਰ ਆਸਮਾਨ ਦੇ ਗੁਲਜ਼ਾਰ ਵਿਚ ਪਹੁੰਚ ਚੁੱਕੇ ਸਨ, ਜਿੱਥੇ ਉਹਨਾਂ ਆਪਣਾ ਸਥਾਨ ਮੱਲ ਲਿਆ ਸੀ।
ਮੁੰਨੇ ਨੂੰ ਜੰਮਿਆਂ ਸਿਰਫ ਵੀਹ–ਪੱਚੀ ਦਿਨ ਹੋਏ ਸਨ, ਇੰਦੂ ਨੇ ਮੂੰਹ, ਸਿਰ ਤੇ ਛਾਤੀ ਪਿੱਟ–ਪਿੱਟ ਆਪਣੇ ਆਪ ਨੂੰ ਨੀਲਾ ਕਰ ਲਿਆ। ਮਦਨ ਦੇ ਸਾਹਮਣੇ ਉਹੀ ਦ੍ਰਿਸ਼ ਸੀ, ਜਿਹੜਾ ਉਸਨੇ ਕਲਪਣਾ ਵਿਚ ਆਪਣੇ ਮਰਨੇ 'ਤੇ ਦੇਖਿਆ ਸੀ। ਫਰਕ ਸਿਰਫ ਏਨਾ ਸੀ ਕਿ ਇੰਦੂ ਨੇ ਚੂੜੀਆਂ ਤੋੜਨ ਦੀ ਬਜਾਏ ਲਾਹ ਕੇ ਰੱਖ ਦਿਤੀਆਂ ਸਨ। ਸਿਰ ਵਿਚ ਸਵਾਹ ਨਹੀਂ ਸੀ ਪਾਈ, ਪਰ ਜ਼ਮੀਨ ਤੋਂ ਮਿੱਟੀ ਲੱਗ ਜਾਣ ਕਰਕੇ ਤੇ ਵਾਲਾਂ ਦੇ ਖਿੱਲਰ ਜਾਣ ਨਾਲ ਚਿਹਰਾ ਭਿਆਨਕ ਹੋ ਗਿਆ ਸੀ। 'ਲੋਕੋ! ਮੈਂ ਲੁੱਟੀ ਗਈ ਵੇ' ਦੀ ਜਗ੍ਹਾ ਉਸਨੇ ਇਕ ਦਿਲ ਹਿਲਾਅ ਦੇਣ ਵਾਲੀ ਆਵਾਜ਼ ਵਿਚ ਚੀਕਣਾ ਸ਼ੁਰੂ ਕਰ ਦਿਤਾ ਸੀ-'ਲੋਕੋ! ਅਸੀਂ ਲੁੱਟੇ ਗਏ ਵੇ...'
ਘਰ ਬਾਹਰ ਦਾ ਕਿੰਨਾ ਬੋਝ ਮਦਨ ਉੱਤੇ ਆ ਪਿਆ ਸੀ, ਇਸ ਦਾ ਅਜੇ ਪੂਰੀ ਤਰ੍ਹਾਂ ਮਦਨ ਨੂੰ ਅੰਦਾਜ਼ਾ ਨਹੀਂ ਸੀ। ਸਵੇਰ ਹੋਣ ਤਕ ਉਸਦਾ ਦਿਲ ਉਛਲ ਕੇ ਸੰਘ ਵਿਚ ਅਟਕ ਗਿਆ। ਉਹ ਸ਼ਾਇਦ ਬਚ ਨਾ ਸਕਦਾ, ਜੇ ਉਹ ਘਰੋਂ ਬਾਹਰ ਬਾਂਦਰ ਦੇ ਕਿਨਾਰੇ ਸਿੱਲ੍ਹੀ ਮਿੱਟੀ ਉਪਰ ਮੂਧਾ ਲੇਟ ਕੇ ਆਪਣੇ ਦਿਲ ਨੂੰ ਠਿਕਾਣੇ ਨਾ ਲੈ ਆਉਂਦਾ...ਧਰਤੀ ਮਾਂ ਨੇ ਛਾਤੀ ਨਾਲ ਲਾ ਕੇ ਆਪਣੇ ਬੱਚੇ ਨੂੰ ਬਚਾਅ ਲਿਆ ਸੀ। ਛੋਟੇ ਬੱਚੇ ਕੁੰਦਨ, ਦੁਲਾਰੀ, ਮੁੰਨੀ ਤੇ ਪਾਸ਼ੀ ਇੰਜ ਚੀਕ–ਕੂਕ ਰਹੇ ਸਨ ਜਿਵੇਂ ਆਲ੍ਹਣੇ ਉੱਤੇ ਸ਼ਿਕਰੇ ਦੇ ਹਮਲੇ ਸਮੇਂ ਚਿੜੀਆਂ ਦੇ ਬੋਟ ਚੁੰਝਾਂ ਚੁੱਕ ਚੁੱਕ ਚੀਂ–ਚੀਂ ਕਰਦੇ ਨੇ। ਉਹਨਾਂ ਨੂੰ ਜੇ ਕੋਈ ਪਰਾਂ ਹੇਠ ਸਮੇਟਦੀ ਸੀ ਤਾਂ ਇੰਦੂ...
ਨਾਲੀ ਦੇ ਕਿਨਾਰੇ ਪਏ ਮਦਨ ਨੇ ਸੋਚਿਆ, ਹੁਣ ਤਾਂ ਇਹ ਦੁਨੀਆਂ ਮੇਰੇ ਲਈ ਖ਼ਤਮ ਹੋ ਗਈ ਹੈ। ਕੀ ਮੈਂ ਜਿਊਂ ਸਕਾਂਗਾ? ਜ਼ਿੰਦਗੀ ਵਿਚ ਕਦੀ ਹੱਸ ਸਕਾਂਗਾ? ਉਹ ਉਠਿਆ ਤੇ ਉਠ ਕੇ ਘਰੇ ਆ ਗਿਆ।
ਪੌੜੀਆਂ ਹੇਠ ਗੁਸਲਖ਼ਾਨਾ ਸੀ ਜਿਸ ਵਿਚ ਵੜ ਕੇ ਅੰਦਰੋਂ ਕੁੰਡੀ ਲਾਉਂਦਿਆਂ ਮਦਨ ਨੇ ਇਕ ਵਾਰੀ ਫੇਰ ਇਸ ਸਵਾਲ ਨੂੰ ਦੁਹਰਾਇਆ, ਮੈਂ ਕਦੀ ਹੱਸ ਵੀ ਸਕਾਂਗਾ?...ਤੇ ਉਹ ਖਿੜਖਿੜ ਕਰਕੇ ਹੱਸ ਪਿਆ ਸੀ। ਹਾਲਾਂਕਿ ਉਸਦੇ ਪਿਓ ਦੀ ਲਾਸ਼ ਅਜੇ ਤਕ ਬੈਠਕ ਵਿਚ ਪਈ ਸੀ।
ਪਿਓ ਨੂੰ ਅੱਗ ਦੇ ਹਵਾਲੇ ਕਰਨ ਤੋਂ ਪਹਿਲਾਂ ਮਦਨ ਅਰਥੀ ਉੱਤੇ ਪਏ ਉਸਦੇ ਜਿਸਮ ਸਾਹਮਣੇ ਡੰਡਵਤ ਕਰਨ ਦੀ ਮੁਦਰਾ ਵਿਚ ਲੇਟ ਗਿਆ। ਇਹ ਉਸਦਾ ਆਪਣੇ ਜਨਮ ਦਾਤਾ ਨੂੰ ਆਖ਼ਰੀ ਪ੍ਰਣਾਮ ਸੀ ਇਸੇ ਲਈ ਉਹ ਰੋ ਰਿਹਾ ਸੀ। ਉਸਦੀ ਇਹ ਹਾਲਤ ਦੇਖ ਕੇ ਮਾਤਮ ਵਿਚ ਸ਼ਾਮਿਲ ਹੋਣ ਵਾਲੇ ਰਿਸ਼ਤੇਦਾਰ ਤੇ ਮੁਹੱਲੇ ਵਾਲੇ ਵੀ ਸਿਲ–ਪੱਥਰ ਹੋ ਗਏ ਸਨ।
ਫੇਰ ਹਿੰਦੂ ਰਿਵਾਜ਼ ਅਨੁਸਾਰ ਸਭ ਤੋਂ ਵੱਡਾ ਪੁੱਤਰ ਹੋਣ ਦੇ ਨਾਤੇ ਮਦਨ ਨੂੰ ਚਿਤਾ ਨੂੰ ਅੱਗਨੀ ਦੇਣੀ ਪਈ। ਬਲਦੀ ਹੋਈ ਖੋਪੜੀ ਵਿਚ ਕਪਾਲ ਕ੍ਰਿਆ ਦੀ ਸੋਟੀ ਮਾਰਨੀ ਪਈ...ਔਰਤਾਂ ਬਾਹਰੋਂ ਹੀ ਸ਼ਮਸ਼ਾਨ ਦੇ ਖੂਹ 'ਤੇ ਨਹਾਅ ਕੇ ਵਾਪਸ ਜਾ ਚੁੱਕੀਆਂ ਸਨ। ਧਰਤੀ ਮਾਂ ਨੇ ਥੋੜ੍ਹੀ ਦੇਰ ਲਈ ਜਿਹੜੀ ਤਾਕਤ ਆਪਣੇ ਬੇਟੇ ਨੂੰ ਦਿਤੀ ਸੀ, ਰਾਤ ਘਿਰ ਆਉਣ ਤੇ ਫੇਰ ਹਵਸ ਵਿਚ ਢਲ ਗਈ...ਉਸਨੂੰ ਕੋਈ ਸਹਾਰਾ ਚਾਹੀਦਾ ਸੀ। ਕਿਸੇ ਅਜਿਹੇ ਜਜ਼ਬੇ ਦਾ ਸਹਾਰਾ, ਜਿਹੜਾ ਮੌਤ ਤੋਂ ਵੀ ਵੱਡਾ ਹੋਵੇ। ਉਸ ਵੇਲੇ ਧਰਤੀ ਮਾਂ ਦੀ ਧੀ, ਜਨਕ ਦੁਲਾਰੀ ਇੰਦੂ ਨੇ ਕਿਸੇ ਘੜੇ ਵਿਚੋਂ ਪੈਦਾ ਹੋ ਕੇ ਉਸ ਰਾਮ ਨੂੰ ਆਪਣੀਆਂ ਬਾਹਾਂ ਵਿਚ ਲੈ ਲਿਆ...ਉਸ ਰਾਤ ਜੇ ਇੰਦੂ ਆਪਣਾ ਆਪਾ ਇੰਜ ਮਦਨ ਉੱਤੇ ਨਾ ਵਾਰ ਦਿੰਦੀ ਤਾਂ ਏਡਾ ਵੱਡਾ ਦੁੱਖ ਮਦਨ ਨੂੰ ਲੈ ਡੁੱਬਦਾ।
ooo
ਦਸ ਮਹੀਨਿਆਂ ਵਿਚ ਹੀ ਇੰਦੂ ਦਾ ਦੂਜਾ ਬੱਚਾ ਆ ਗਿਆ। ਪਤਨੀ ਨੂੰ ਇਸ ਨਰਕ ਦੀ ਭੱਠੀ ਵਿਚ ਧਰੀਕ ਕੇ ਮਦਨ ਆਪ ਆਪਣਾ ਦੁੱਖ ਭੁੱਲ ਗਿਆ ਸੀ। ਕਦੀ ਕਦੀ ਉਸਨੂੰ ਖ਼ਿਆਲ ਆਉਂਦਾ, ਜੇ ਮੈਂ ਸ਼ਾਦੀ ਪਿੱਛੋਂ ਬਾਊਜੀ ਕੋਲ ਗਈ ਇੰਦੂ ਨੂੰ ਨਾ ਬੁਲਾਅ ਲੈਂਦਾ ਤਾਂ ਸ਼ਾਇਦ ਉਹ ਏਨੀ ਜਲਦੀ ਨਾ ਚਲੇ ਜਾਂਦੇ। ਪਰ ਫੇਰ ਉਹ ਪਿਓ ਦੀ ਮੌਤ ਨਾਲ ਹੋਏ ਘਾਟੇ ਨੂੰ ਪੂਰਾ ਕਰਨ ਵਿਚ ਜੁਟ ਜਾਂਦਾ...ਕਾਰੋਬਾਰ, ਜਿਹੜਾ ਪਹਿਲਾਂ ਲਾਪ੍ਰਵਾਹੀ ਕਰਕੇ ਮੰਦਾ ਹੋ ਗਿਆ ਸੀ, ਮੁੜ ਰਿੜ੍ਹ ਪਿਆ ਸੀ।
ਇਹਨੀਂ ਦਿਨੀ ਵੱਡੇ ਬੱਚੇ ਨੂੰ ਮਦਨ ਕੋਲ ਛੱਡ ਕੇ, ਛੋਟੇ ਨੂੰ ਛਾਤੀ ਨਾਲ ਲਾਈ ਇੰਦੂ ਪੇਕੇ ਚਲੀ ਗਈ। ਪਿੱਛੇ ਮੁੰਨਾਂ ਤਰ੍ਹਾਂ–ਤਰ੍ਹਾਂ ਦੀ ਜ਼ਿਦ ਕਰਦਾ, ਜਿਹੜੀ ਕਦੀ ਮੰਨੀ ਜਾਂਦੀ ਸੀ ਤੇ ਕਦੀ ਨਹੀਂ ਵੀ। ਪੇਕਿਓਂ ਇੰਦੂ ਦਾ ਖ਼ਤ ਆਇਆ-
'ਮੈਨੂੰ ਏਥੇ ਆਪਣੇ ਪੁੱਤਰ ਦੇ ਰੋਣ ਦੀਆਂ ਆਵਾਜ਼ਾਂ ਆਉਂਦੀਐਂ ਜੀ, ਉਸਨੂੰ ਕੋਈ ਮਾਰਦਾ ਤਾਂ ਨਹੀਂ...'
ਮਦਨ ਨੂੰ ਬੜੀ ਹੈਰਾਨੀ ਹੋਈ। ਇਕ ਅਣਪੜ੍ਹ, ਜਾਹਿਲ ਔਰਤ ਅਜਿਹੀਆਂ ਗੱਲ ਕਿੰਜ ਲਿਖ ਸਕਦੀ ਹੈ? ਫੇਰ ਉਸਨੇ ਆਪਣੇ ਆਪ ਤੋਂ ਪੁੱਛਿਆ-'ਕੀ ਇਹ ਵੀ ਕੋਈ ਰਟਿਆ ਹੋਇਆ ਸ਼ਬਦ–ਵਾਕ ਹੈ?'
ਸਾਲ ਬੀਤਦੇ ਗਏ। ਪੈਸੇ ਕਦੀ ਏਨੇ ਨਹੀਂ ਸੀ ਹੋਏ ਕਿ ਉਹਨਾਂ ਨਾਲ ਕੁਝ ਐਸ਼ ਹੋ ਸਕੇ। ਪਰ ਗੁਜਾਰੇ ਲਾਇਕ ਆਮਦਨ ਜ਼ਰੂਰ ਹੋ ਜਾਂਦੀ ਸੀ। ਦਿੱਕਤ ਉਦੋਂ ਹੁੰਦੀ ਜਦੋਂ ਕੋਈ ਵੱਡਾ ਖ਼ਰਚਾ ਅਚਾਨਕ ਆ ਪੈਂਦਾ...ਕੁੰਦਨ ਨੂੰ ਦਾਖ਼ਲਾ ਦਿਵਾਉਣਾ ਹੈ, ਦੁਲਾਰੀ ਮੁੰਨੀ ਦਾ ਸ਼ਗਨ ਭੇਜਣਾ ਹੈ। ਉਦੋਂ ਮਦਨ ਮੂੰਹ ਲਟਕਾਅ ਕੇ ਬੈਠ ਜਾਂਦਾ ਤੇ ਫੇਰ ਇੰਦੂ ਇਕ ਪਾਸਿਓਂ ਆਉਂਦੀ ਮੁਸਕਰਾਉਂਦੀ ਹੋਈ ਤੇ ਕਹਿੰਦੀ, “ਕਿਉਂ ਦੁਖੀ ਹੋ ਰਹੇ ਓ?” ਮਦਨ ਉਸ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖਦਾ ਹੋਇਆ ਕਹਿੰਦਾ, “ਦੁਖੀ ਨਾ ਹੋਵਾਂ? ਕੁੰਦਨ ਨੂੰ ਬੀ.ਏ. ਵਿਚ ਦਾਖਲਾ ਦਿਵਾਉਣਾ ਏਂ...ਮੁੰਨੀ...” ਇੰਦੂ ਫੇਰ ਹੱਸਦੀ ਤੇ ਕਹਿੰਦੀ, “ਚੱਲੋ ਮੇਰੇ ਨਾਲ।” ਤੇ ਮਦਨ ਭੇਡ ਦੇ ਬੱਚੇ ਵਾਂਗ ਇੰਦੂ ਦੇ ਪਿੱਛੇ–ਪਿੱਛੇ ਤੁਰ ਪੈਂਦਾ। ਇਦੂ ਸੰਦਲ ਦੇ ਸੰਦੂਕ ਕੋਲ ਪਹੁੰਚਦੀ, ਜਿਸਨੂੰ ਮਦਨ ਸਮੇਤ ਕਿਸੇ ਨੂੰ ਹੱਥ ਲਾਉਣ ਦੀ ਇਜਾਜ਼ਤ ਨਹੀਂ ਸੀ। ਕਦੀ ਕਦੀ ਇਸ ਗੱਲ 'ਤੇ ਨਾਰਾਜ਼ ਹੋ ਕੇ ਮਦਨ ਕਹਿੰਦਾ-“ਮਰੇਂਗੀ ਤਾਂ ਇਸ ਨੂੰ ਵੀ ਛਾਤੀ 'ਤੇ ਰੱਖ ਕੇ ਲੈ ਜਾਵੀਂ।” ਤੇ ਇੰਦੂ ਕਹਿੰਦੀ-“ਹਾਂ ਲੈ ਜਾਂ–ਗੀ।” ਫੇਰ ਇੰਦੂ ਉਸ ਵਿਚੋਂ ਲੋੜੀਂਦੀ ਰਕਮ ਕੱਢ ਕੇ ਸਾਹਮਣੇ ਰੱਖ ਦੇਂਦੀ।
“ਇਹ ਕਿੱਥੋਂ ਆਏ?”
“ਕਿਤੋਂ ਵੀ ਆਏ...ਤੁਹਾਨੂੰ ਅੰਬ ਖਾਣ ਤਾਈਂ ਮਤਲਬ ਐ ਕਿ...”
“ਫੇਰ ਵੀ?”
“ਤੁਸੀਂ ਜਾਓ ਆਪਣਾ ਕੰਮ ਸਾਰੋ।”
ਤੇ ਜਦੋਂ ਮਦਨ ਵਧੇਰੇ ਜ਼ਿਦ ਕਰਦਾ ਤਾਂ ਇੰਦੂ ਕਹਿੰਦੀ-“ਮੈਂ ਇਕ ਸੇਠ ਕਰ ਲਿਐ...!” ਤੇ ਫੇਰ ਹੱਸਣ ਲੱਗ ਪੈਂਦੀ। ਝੂਠਾ ਜਾਣਦਿਆਂ ਹੋਇਆਂ ਵੀ ਮਦਨ ਨੂੰ ਇਹ ਮਜ਼ਾਕ ਚੰਗਾ ਨਾ ਲੱਗਦਾ। ਫੇਰ ਇੰਦੂ ਕਹਿੰਦੀ-“ਮੈਂ ਚੋਰ–ਲੁਟੇਰੀ ਆਂ...ਤੁਸੀਂ ਨਹੀਂ ਜਾਣਦੇ? ਦਾਨੀ ਲੁਟੇਰੀ...ਜਿਹੜੀ ਇਕ ਹੱਥ ਨਾਲ ਲੁੱਟਦੀ ਐ ਤੇ ਦੂਜੇ ਨਾਲ ਗਰੀਬ–ਗੁਰਬਿਆਂ ਨੂੰ ਦੇ ਦੇਂਦਾ ਐ।”
ਇਸੇ ਤਰ੍ਹਾਂ ਮੁੰਨੀ ਦਾ ਵਿਆਹ ਹੋਇਆ ਜਿਸ ਵਿਚ ਅਜਿਹੀ ਹੀ ਲੁੱਟ ਦੇ ਗਹਿਣੇ ਬਣੇ। ਕਰਜ਼ਾ ਚੜ੍ਹਿਆ ਤੇ ਫੇਰ ਲੱਥ ਵੀ ਗਿਆ।
ਇੰਜ ਹੀ ਕੁੰਦਨ ਵੀ ਵਿਆਹਿਆ ਗਿਆ। ਆਸਮਾਨ ਵਿਚੋਂ ਬਾਊਜੀ ਤੇ ਮਾਂ ਦੇਖਦੇ ਤੇ ਫੁੱਲ ਬਰਸਾਉਂਦੇ ਜਿਹੜੇ ਕਿਸੇ ਨੂੰ ਨਜ਼ਰ ਨਾ ਆਉਂਦੇ। ਫੇਰ ਇੰਜ ਹੋਇਆ, ਉਪਰ ਮਾਂਜੀ ਤੇ ਬਾਊਜੀ ਵਿਚ ਝਗੜਾ ਹੋਣ ਲੱਗ ਪਿਆ। ਮਾਂ ਨੇ ਬਾਊਜੀ ਨੂੰ ਕਿਹਾ-“ਤੁਸੀਂ ਬਹੂ ਦੇ ਹੱਥ ਦੀ ਪੱਕੀ ਖਾ ਆਏ ਓ, ਤੇ ਉਸਦਾ ਸੁਖ ਵੀ ਦੇਖਿਆ ਏ ਪਰ ਮੈਂ ਕਰਮਾਂ ਸੜੀ ਨੇ ਕੁਝ ਵੀ ਨਹੀਂ ਦੇਖਿਆ...” ਤੇ ਇਹ ਝਗੜਾ ਵਿਸ਼ਨੂੰ, ਮਹੇਸ਼ ਤੇ ਸ਼ਿਵ ਤਕ ਪਹੁੰਚ ਗਿਆ। ਉਹਨਾਂ ਮਾਂ ਦੇ ਹੱਕ ਵਿਚ ਫੈਸਲਾ ਦਿਤਾ...ਤੇ ਇੰਜ ਮਾਂ, ਮਿਰਤੂ ਲੋਕ ਵਿਚ ਆ ਕੇ, ਬਹੂ ਦੀ ਕੁੱਖ ਵਿਚ ਵੱਸ ਗਈ...ਤੇ ਇੰਦੂ ਨੇ ਇਕ ਬੱਚੀ ਨੂੰ ਜਨਮ ਦਿਤਾ।
ਇੰਦੂ ਕੋਈ ਦੇਵੀ ਵੀ ਨਹੀਂ ਸੀ। ਜਦੋਂ ਕੋਈ ਅਸੂਲ ਦੀ ਗੱਲ ਹੁੰਦੀ ਤਾਂ ਨਣਾਨ, ਦਿਓਰ ਤਾਂ ਕੀ ਖ਼ੁਦ ਮਦਨ ਨਾਲ ਵੀ ਭਿੜ ਜਾਂਦੀ। ਮਦਨ ਇਮਾਨਦਾਰੀ ਦੀ ਏਸ ਪੁਤਲੀ ਨੂੰ ਨਾਰਾਜ਼ ਹੋ ਕੇ ਹਰੀਸ਼ਚੰਦਰ ਦੀ ਧੀ ਵੀ ਕਹਿੰਦਾ ਹੁੰਦਾ ਸੀ। ਕਿਉਂਕਿ ਇੰਦੂ ਦੀਆਂ ਗੱਲਾਂ ਵਿਚ ਉਲਝਾਅ ਹੋਣ ਦੇ ਬਾਵਜੂਦ ਸੱਚਾਈ ਤੇ ਧਰਮ ਦਾ ਵਧੇਰੇ ਅੰਸ਼ ਹੁੰਦਾ ਸੀ, ਇਸ ਲਈ ਮਦਨ ਕੇ ਟੱਬਰ ਦੇ ਬਾਕੀ ਸਾਰੇ ਲੋਕਾਂ ਦੀਆਂ ਅੱਖਾਂ ਇੰਦੂ ਦੇ ਸਾਹਮਣੇ ਨੀਵੀਆਂ ਹੀ ਰਹਿੰਦੀਆਂ ਸਨ। ਝਗੜਾ ਕਿੰਨਾ ਵੀ ਵਧ ਜਾਵੇ, ਮਦਨ ਆਪਣੇ ਪਤੀ ਦੇ ਅਧਿਕਾਰ ਸਦਕਾ ਕਿੰਨਾ ਵੀ ਇੰਦੂ ਦੀ ਗੱਲ ਨੂੰ ਰੱਦ ਕਰ ਦੇਵੇ, ਪਰ ਆਖ਼ਰ ਸਾਰੇ ਸਿਰ ਝੁਕਾ ਕੇ ਇੰਦੂ ਦੀ ਸ਼ਰਣ ਵਿਚ ਹੀ ਆਉਂਦੇ ਸਨ ਤੇ ਉਸ ਤੋਂ ਮੁਆਫ਼ੀ ਮੰਗਦੇ ਸਨ।
ਨਵੀਂ ਭਾਬੀ ਆਈ। ਕਹਿਣ ਨੂੰ ਤਾਂ ਉਹ ਵੀ ਪਤਨੀ ਸੀ, ਪਰ ਇੰਦੂ ਇਕ ਔਰਤ ਵੀ ਸੀ ਜਿਸਨੂੰ ਪਤਨੀ ਕਹਿੰਦੇ ਨੇ। ਉਸਦੇ ਉਲਟ ਛੋਟੀ ਭਾਬੀ ਰਾਣੀ ਇਕ ਪਤਨੀ ਸੀ ਜਿਸਨੂੰ ਔਰਤ ਕਹਿੰਦੇ ਨੇ। ਰਾਣੀ ਦੇ ਕਾਰਣ ਭਰਾਵਾਂ ਵਿਚ ਝਗੜਾ ਹੋਇਆ ਤੇ ਜੇ.ਪੀ. ਚਾਚੇ ਦੇ ਵਿਚ ਪੈਣ ਨਾਲ ਵੰਡ–ਵੰਡਾਰਾ-ਜਿਸ ਵਿਚ ਮਾਂ ਪਿਓ ਦੀ ਜਾਇਦਾਦ ਤਾਂ ਇਕ ਪਾਸੇ, ਇੰਦੂ ਦੀਆਂ ਆਪਣੀਆਂ ਬਣਾਈਆਂ ਹੋਈਆਂ ਚੀਜ਼ਾਂ ਵੀ ਵੰਡ ਦੀ ਲਪੇਟ ਵਿਚ ਆ ਗਈਆਂ ਤੇ ਇੰਦੂ ਮਨ ਮਸੋਸ ਕੇ ਰਹਿ ਗਈ।
ਜਿੱਥੇ ਸਭ ਕੁਝ ਮਿਲ ਜਾਣ ਪਿੱਛੋਂ ਤੇ ਵੱਖਰੇ ਹੋ ਕੇ ਵੀ ਕੁੰਦਨ ਤੇ ਰਾਣੀ ਠੀਕ ਠਾਕ ਨਹੀਂ ਸਨ ਵੱਸ ਸਕੇ, ਉੱਥੇ ਇੰਦੂ ਦਾ ਆਪਣਾ ਘਰ ਓਵੇਂ ਹੀ ਜਗਮਗ ਕਰਨ ਲੱਗ ਪਿਆ ਸੀ।
ਬੱਚੀ ਦੇ ਜਨਮ ਤੋਂ ਬਾਅਦ ਇੰਦੂ ਦੀ ਸਿਹਤ ਉਹ ਨਹੀਂ ਸੀ ਰਹੀ। ਬੱਚੀ ਹਰ ਵੇਲੇ ਇੰਦੂ ਦੀਆਂ ਛਾਤੀਆਂ ਨੂੰ ਚੰਬੜੀ ਰਹਿੰਦੀ। ਜਿੱਥੇ ਸਾਰੇ ਮਾਸ ਦੇ ਇਸ ਲੋਥੜੇ ਉੱਤੇ ਥੂਹ–ਥੂਹ ਕਰਦੇ ਸਨ, ਉੱਥੇ ਇਕ ਇੰਦੂ ਹੀ ਸੀ ਜਿਹੜੀ ਉਸਨੂੰ ਹਿੱਕ ਨਾਲ ਲਾਈ ਫਿਰਦੀ ਸੀ-ਜਦ ਕਦੀ ਖ਼ੁਦ ਵੀ ਪ੍ਰਸ਼ਾਨ ਹੋ ਜਾਂਦੀ ਤਾਂ ਬੱਚੀ ਨੂੰ ਝੱਲੀ ਵਿਚ ਪਾਉਂਦੀ ਹੋਈ ਬੋਲਦੀ-“ਤੂੰ ਮੈਨੂੰ ਜਿਉਂਣ ਵੀ ਦੇਵੇਂਗੀ...ਮਾਂ!” ਤੇ ਬੱਚੀ ਹੋਰ ਉੱਚੀ–ਉੱਚੀ ਚੀਕਾਟੇ ਛੱਡ ਦੇਂਦੀ।
ਮਦਨ ਵੀ ਇੰਦੂ ਤੋਂ ਕਤਰਾਉਣ ਲੱਗ ਪਿਆ ਸੀ। ਵਿਆਹ ਤੋਂ ਬਾਅਦ ਹੁਣ ਤਕ ਉਸਨੂੰ ਉਹ ਔਰਤ ਨਹੀ ਸੀ ਮਿਲੀ ਜਿਸਦੀ ਉਸਨੂੰ ਤਲਾਸ਼ ਸੀ। ਗੰਦਾ ਬਰੋਜਾ ਵਿਕਣ ਲੱਗ ਪਿਆ ਤੇ ਮਦਨ ਨੇ ਬਹੁਤ ਸਾਰਾ ਰੁਪਿਆ ਇੰਦੂ ਤੋਂ ਵੀਹਰ ਕੇ ਖਰਚ ਕਰਨਾ ਸ਼ੁਰੂ ਕਰ ਦਿਤਾ। ਬਾਊਜੀ ਦੇ ਚਲੇ ਜਾਣ ਪਿੱਛੋਂ ਕੋਈ ਪੁੱਛਣ ਵਾਲਾ ਵੀ ਤਾਂ ਨਹੀਂ ਸੀ ਰਿਹਾ। ਪੂਰੀ ਆਜ਼ਾਦੀ ਸੀ।
ਗੁਆਂਢੀ ਸਿਬਤੇ ਦੀ ਮੱਝ ਫੇਰ ਮਦਨ ਦੇ ਮੂੰਹ ਕੋਲ ਫੁਕਾਰੇ ਮਾਰਨ ਲੱਗ ਪਈ; ਵਾਰੀ ਵਾਰੀ ਫੁਕਾਰੇ ਮਾਰਦੀ। ਵਿਆਹ ਦੀ ਰਾਤ ਵਾਲੀ ਮੱਝ ਤਾਂ ਵਿਕ ਚੁੱਕੀ ਸੀ, ਪਰ ਉਸਦਾ ਮਾਲਿਕ ਜਿਉਂਦਾ ਸੀ। ਮਦਨ ਉਸ ਦੇ ਨਾਲ ਅਜਿਹੀਆਂ ਥਾਵਾਂ ਉੱਤੇ ਜਾਣ ਲੱਗ ਪਿਆ, ਜਿੱਥੇ ਰੌਸ਼ਨੀ ਤੇ ਪ੍ਰਛਾਵੇਂ ਅਜੀਬ ਅਣਘੜ ਜਿਹੀ ਸ਼ਕਲਾਂ ਬਣਾਉਦੇ ਨੇ। ਨੁੱਕਰ ਉੱਤੇ ਕਦੀ ਹਨੇਰੇ ਦੀ ਤਿਕੋਨ ਬਣਦੀ ਹੈ ਤੇ ਉਪਰ ਖਟਾਕ ਕਰਕੇ ਰੌਸ਼ਨੀ ਦਾ ਇਕ ਚਕੋਰ ਉਸਨੂੰ ਕੱਟ ਦਿੰਦਾ ਹੈ। ਕੋਈ ਤਸਵੀਰ ਪੂਰੀ ਨਹੀਂ ਬਣਦੀ। ਜਾਪਦਾ ਹੈ, ਇਕ ਪਾਸਿਓਂ ਇਕ ਪਾਜਾਮਾ ਨਿਕਲਿਆ ਤੇ ਫੁਰਰ ਕਰਕੇ ਆਸਮਾਨ ਵੱਲ ਉੱਡ ਗਿਆ। ਕਿਸੇ ਕੋਟ ਨੇ ਦੇਖਣ ਵਾਲੇ ਦਾ ਮੂੰਹ ਪੂਰੀ ਤਰ੍ਹਾਂ ਢਕ ਦਿਤਾ ਤੇ ਕੋਈ ਸਾਹ ਲੈਣ ਲਈ ਤੜਫਨ ਲੱਗ ਪਿਆ। ਉਦੋਂ ਹੀ ਰੌਸ਼ਨੀ ਦਾ ਚਕੋਰ ਇਕ ਚੌਖ਼ਟਾ ਬਣ ਗਿਆ ਤੇ ਉਸ ਵਿਚ ਕੋਈ ਸੂਰਤ ਨਜ਼ਰ ਆਉਣ ਲੱਗੀ। ਦੇਖਣ ਵਾਲੇ ਨੇ ਹੱਥ ਵਧਾਇਆ ਤਾਂ ਉਹ ਆਰਪਾਰ ਨਿਕਲ ਗਿਆ ਤੇ ਉੱਥੇ ਕੁਝ ਵੀ ਨਹੀਂ ਸੀ। ਪਿੱਛੇ ਕੋਈ ਕੁੱਤਾ ਰੋਣ ਲੱਗਿਆ, ਉਪਰੋਂ ਤਬਲੇ ਨੇ ਉਸਦੀ ਆਵਾਜ਼ ਨੱਪ ਲਈ।
ਮਦਨ ਨੂੰ ਉਸਦੀ ਕਲਪਣਾ ਦੇ ਬੁੱਤ–ਖ਼ਾਕੇ ਮਿਲੇ। ਪਰ ਹਰ ਜਗ੍ਹਾ ਇੰਜ ਲੱਗਿਆ ਜਿਵੇਂ ਆਰਟਿਸਟ ਤੋਂ ਕੋਈ ਟੱਚ ਗਲਤ ਲੱਗ ਗਿਆ ਹੋਵੇ। ਜਾਂ ਹਾਸੇ ਦੀ ਆਵਾਜ਼ ਲੋੜ ਨਾਲੋਂ ਵੱਧ ਉੱਚੀ ਸੀ ਤੇ ਮਦਨ ਬੇਦਾਗ ਸੱਚਾਈ ਤੇ ਟੁਣਕਵੇਂ ਹਾਸੇ ਦੀ ਭਾਲ ਵਿਚ ਗਵਾਚ ਗਿਆ।
ਸਿਬਤੇ ਨੇ ਉਸ ਵੇਲੇ ਆਪਣੀ ਘਰਵਾਲੀ ਨੂੰ ਇਹ ਗੱਲ ਦੱਸੀ, ਜਦੋਂ ਬੇਗ਼ਮ ਨੇ ਮਿਸਾਲੀ ਪਤੀ ਦੀ ਹੈਸੀਅਤ ਨਾਲ ਸਿਬਤੇ ਦੇ ਮੁਕਾਬਲੇ ਮਦਨ ਨੂੰ ਪੇਸ਼ ਕੀਤਾ; ਪੇਸ਼ ਹੀ ਨਹੀਂ ਕੀਤਾ ਬਲਿਕੇ ਮੂੰਹ 'ਤੇ ਮਾਰਿਆ। ਉਸਨੂੰ ਚੁੱਕ ਕੇ ਸਿਬਤੇ ਨੇ ਬੇਗ਼ਮ ਦੇ ਮੂੰਹ ਉੱਤੇ ਵਾਪਸ ਮਾਰਿਆ। ਜਾਪਦਾ ਸੀ ਕਿਸੇ ਕੱਟੇ ਤਰਬੂਜ਼ ਦਾ ਗੁਦਾ ਹੈ ਜਿਸਦੇ ਰੰਗ ਤੇ ਰੇਸ਼ੇ ਬੇਗ਼ਮ ਦੀ ਨੱਕ, ਉਸਦੀਆਂ ਅੱਖਾਂ ਤੇ ਕੰਨਾਂ 'ਤੇ ਲੱਗ ਗਏ ਨੇ। ਕਰੋੜਾਂ ਗਾਲ੍ਹਾਂ ਬਕਦੀ ਹੋਈ ਬੇਗ਼ਮ ਨੇ ਯਾਦਾਂ ਦੀ ਟੋਕਰੀ ਵਿਚੋਂ ਗੁੱਦਾ ਤੇ ਬੀਜ ਚੁੱਕੇ ਤੇ ਇੰਦੂ ਦੇ ਸਾਫ–ਸੁਥਰੇ ਵਿਹੜੇ ਵਿਚ ਖਿਲਾਰ ਦਿਤੇ।
ਇਕ ਇੰਦੂ ਦੀ ਬਜਾਏ ਦੋ ਇੰਦੂ ਹੋ ਗਈਆਂ, ਇਕ ਤਾਂ ਇੰਦੂ ਖ਼ੁਦ ਸੀ ਤੇ ਦੂਜੀ ਕੰਬਦੀ ਹੋਈ ਖੱਲ ਹੇਠ ਜਿਹੜੀ ਉਸਦੇ ਪੂਰੇ ਜਿਸਮ 'ਤੇ ਮੜ੍ਹੀ ਹੋਈ ਸੀ ਤੇ ਨਜ਼ਰ ਨਹੀਂ ਸੀ ਆ ਰਹੀ।
ਮਦਨ ਕਿਤੇ ਜਾਂਦਾ ਸੀ ਤਾਂ ਘਰੇ ਹੋ–ਕੇ, ਨਹਾ ਧੋ–ਕੇ, ਚੰਗੇ ਕਪੜੇ ਪਾ–ਕੇ, ਪਾਨ ਦੀ ਇਕ ਜੋੜੀ ਜਿਸ ਵਿਚ ਖੁਸ਼ਬੂਦਾਰ ਡਲੀ ਪਾਈ ਹੁੰਦੀ, ਮੂੰਹ ਵਿਚ ਪਾ–ਕੇ ਜਾਂਦਾ ਹੁੰਦਾ ਸੀ। ਪਰ ਉਸ ਦਿਨ ਮਦਨ ਘਰ ਆਇਆ ਤਾਂ ਇੰਦੂ ਦਾ ਰੂਪ ਹੀ ਹੋਰ ਸੀ। ਉਸਨੇ ਚਿਹਰੇ ਉੱਤੇ ਪਾਊਡਰ ਥੱਪਿਆ ਹੋਇਆ ਸੀ। ਗੱਲ੍ਹਾਂ ਉੱਤੇ ਲਾਲੀ ਲਿੱਪੀ ਹੋਈ ਸੀ। ਲਿਪਸਟਿਕ ਨਾ ਹੋਣ ਕਰਕੇ ਬੁੱਲ੍ਹ ਮੱਥੇ ਦੀ ਬਿੰਦੀ–ਪਾਊਡਰ ਨਾਲ ਇੰਜ ਰੰਗ ਲਏ ਸਨ ਕਿ ਮਦਨ ਦੀਆਂ ਨਜ਼ਰਾਂ ਉਹਨਾਂ ਵਿਚ ਉਲਝ ਕੇ ਰਹਿ ਗਈਆਂ।
“ਕੀ ਗੱਲ ਏ ਅੱਜ?” ਮਦਨ ਨੇ ਹੈਰਾਨ ਹੋ ਕੇ ਪੁੱਛਿਆ।
“ਕੁਸ਼ ਨੀਂ,” ਇੰਦੂ ਨੇ ਮਦਨ ਤੋਂ ਅੱਖਾਂ ਬਚਾਉਂਦਿਆਂ ਹੋਇਆਂ ਕਿਹਾ-“ਅੱਜ ਫ਼ੁਰਸਤ ਮਿਲੀ ਐ”
ਵਿਆਹ ਦੇ ਪੰਦਰਾਂ ਸਾਲ ਬੀਤ ਜਾਣ ਪਿੱਛੋਂ ਇੰਦੂ ਨੂੰ ਅੱਜ ਫ਼ੁਰਸਤ ਮਿਲੀ ਸੀ। ਉਹ ਵੀ ਉਸ ਵੇਲੇ ਜਦੋਂ ਚਿਹਰੇ ਉੱਤੇ ਸਿਆਹੀਆਂ ਪੈ ਗਈਆਂ ਸਨ ਤੇ ਬਲਾਊਜ਼ ਹੇਠ ਨੰਗੇ ਢਿੱਡ ਕੋਲ ਲੱਕ ਉੱਤੇ ਚਰਬੀ ਦੀਆਂ ਦੋ ਤਿੰਨ ਤੈਹਾਂ ਦਿਖਾਈ ਦੇਣ ਲੱਗ ਪਈਆਂ ਸਨ। ਅੱਜ ਇੰਦੂ ਨੇ ਅਜਿਹਾ ਇੰਤਜ਼ਾਮ ਕੀਤਾ ਸੀ ਕਿ ਇਹਨਾਂ ਉਣਤਾਈਆਂ ਵਿਚੋਂ ਇਕ ਵੀ ਨਜ਼ਰ ਨਹੀਂ ਸੀ ਆਉਂਦੀ ਪਈ। ਇੰਜ ਬਣੀ–ਠਣੀ, ਕਸੀ–ਕਸਾਈ ਬੜੀ ਹੁਸੀਨ ਲੱਗ ਰਹੀ ਸੀ ਉਹ। 'ਇਹ ਨਹੀਂ ਹੋ ਸਕਦਾ।' ਮਦਨ ਨੇ ਸੋਚਿਆ ਤੇ ਉਸਨੂੰ ਇਕ ਧੱਕਾ ਜਿਹਾ ਲੱਗਾ। ਉਸਨੇ ਇਕ ਵਾਰੀ ਫੇਰ ਭੌਂ ਕੇ ਇੰਦੂ ਵੱਲ ਗਹੂ ਨਾਲ ਦੇਖਿਆ...ਜਿਵੇਂ ਘੋੜਿਆਂ ਦੇ ਵਪਾਰੀ ਕਿਸੇ ਨਾਮੀਂ ਘੋੜੀ ਨੂੰ ਦੇਖਦੇ ਨੇ। ਉੱਥੇ ਘੋੜੀ ਵੀ ਸੀ ਤੇ ਲਾਲ ਲਗਾਮ ਵੀ...ਜਿਹੜੇ ਗਲਤ ਟੱਚ ਲੱਗੇ ਸਨ ਸ਼ਰਾਬੀ ਦੀਆਂ ਅੱਖਾਂ ਨੂੰ ਨਹੀਂ ਸੀ ਦਿਸ ਸਕੇ...ਇੰਦੂ ਸੱਚਮੁੱਚ ਖ਼ੂਬਸੂਰਤ ਸੀ। ਅੱਜ ਵੀ ਪੰਦਰਾਂ ਸਾਲ ਬਾਅਦ ਫੂਲਾਂ, ਰਸ਼ੀਦਾ, ਮਿਸੇਜ਼ ਰਾਬਰਟ ਤੇ ਉਹ ਦੀਆਂ ਭੈਣਾ ਉਸਦੇ ਸਾਹਮਣੇ ਪਾਣੀ ਭਰਦੀਆਂ ਸਨ...ਫੇਰ ਮਦਨ ਨੂੰ ਤਰਸ ਆਉਣ ਲੱਗਾ ਤੇ ਇਕ ਡਰ!
ਆਸਮਾਨ ਉੱਤੇ ਕੋਈ ਖਾਸ ਬੱਦਲ ਵੀ ਨਹੀਂ ਸਨ, ਪਰ ਪਾਣੀ ਵਰ੍ਹਨਾਂ ਸ਼ੁਰੂ ਹੋ ਗਿਆ ਸੀ। ਘਰ ਦੀ ਗੰਗਾ ਚੜ੍ਹੀ ਹੋਈ ਸੀ ਤੇ ਉਸਦਾ ਪਾਣੀ ਕਿਨਾਰਿਆਂ ਤੋਂ ਨਿਕਲ ਨਿਕਲ ਪੂਰੀ ਤਰਾਈ ਤੇ ਉਸਦੇ ਆਸਪਾਸ ਵੱਸਣ ਵਾਲੇ ਪਿੰਡਾਂ ਤੇ ਕਸਬਿਆਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਸੀ। ਇੰਜ ਜਾਪਦਾ ਸੀ, ਇਸੇ ਰਫ਼ਤਾਰ ਨਾਲ ਪਾਣੀ ਚੜ੍ਹਦਾ ਰਿਹਾ ਤਾਂ ਉਸ ਵਿਚ ਕੈਲਾਸ਼ ਪਰਬਤ ਵੀ ਡੁੱਬ ਜਾਵੇਗਾ...ਏਧਰ ਬੱਚੀ ਰੋਣ ਲੱਗ ਪਈ। ਅਜਿਹਾ ਰੋਣ-ਉਹ ਅੱਜ ਤਕ ਨਹੀਂ ਸੀ ਰੋਈ।
ਮਦਨ ਨੇ ਉਸਦੀ ਆਵਾਜ਼ ਸੁਣ ਕੇ ਅੱਖਾਂ ਬੰਦ ਕਰ ਲਈਆਂ। ਖੋਲ੍ਹੀਆਂ ਤਾਂ ਬੱਚੀ ਸਾਹਮਣੇ ਖੜ੍ਹੀ ਸੀ। ਜਵਾਨ ਔਰਤ ਬਣ ਕੇ। ਨਹੀਂ, ਨਹੀਂ ਉਹ ਇੰਦੂ ਸੀ। ਆਪਣੀ ਮਾਂ ਦੀ ਧੀ, ਆਪਣੀ ਧੀ ਦੀ ਮਾਂ; ਜਿਹੜੀ ਆਪਣੀਆਂ ਅੱਖਾਂ ਪਿੱਛੇ ਮੁਸਕਰਾ ਤੇ ਹੋਠਾਂ ਦੇ ਕੋਨਿਆਂ ਤੋਂ ਦੇਖ ਰਹੀ ਸੀ।
ਇਸੇ ਕਮਰੇ ਵਿਚ ਜਿੱਥੇ ਹਰਮਲ ਦੀ ਧੂੰਨੀ ਨੇ ਮਦਨ ਨੂੰ ਚਕਰਾ ਦਿਤਾ ਸੀ, ਅੱਜ ਖਸ ਦੀ ਖ਼ੁਸ਼ਬੋਈ ਨੇ ਬੌਂਦਲਾ ਦਿਤਾ। ਹਲਕੀ ਬਾਰਿਸ਼-ਤੇਜ਼ ਨਾਲੋਂ ਵਧੇਰੇ ਖ਼ਤਰਨਾਕ ਹੁੰਦੀ ਹੈ, ਇਸ ਲਈ ਬਾਹਰਲਾ ਪਾਣੀ ਉਪਰੋਂ ਕਿਸੇ ਕੜੀ ਵਿਚੋਂ ਰਿਸਦਾ ਹੋਇਆ ਇੰਦੂ ਤੇ ਮਦਨ ਦੇ ਵਿਚਾਲੇ ਟਪਕਣ ਲੱਗਿਆ...ਪਰ ਮਦਨ ਤਾਂ ਸ਼ਰਾਬੀ ਹੋਇਆ ਹੋਇਆ ਸੀ। ਇਸ ਨਸ਼ੇ ਸਦਕਾ ਉਸਦੀਆਂ ਅੱਖਾਂ ਮਿਚਣ ਲਈਆਂ ਸਨ ਤੇ ਤੇਜ਼ ਹੋ ਕੇ ਉਸਦੇ ਸਾਹ ਕਿਸੇ ਇਨਸਾਨ ਦੇ ਸਾਹ ਨਹੀਂ ਸੀ ਰਹੇ।
“ਇੰਦੂ...” ਮਦਨ ਨੇ ਕਿਹਾ ਤੇ ਉਸਦੀ ਆਵਾਜ਼ ਵਿਆਹ ਵਾਲੀ ਰਾਤ ਵਾਲੀ ਤੋਂ ਦੋ ਸੁਰ ਉੱਚੀ ਸੀ...ਤੇ ਇੰਦੂ ਨੇ ਪਾਸੇ ਦੇਖਦਿਆਂ ਹੋਇਆਂ ਕਿਹਾ-“ਜੀ”-ਤੇ ਉਸਦੀ ਆਵਾਜ਼ ਦੋ ਸੁਰ ਧੀਮੀ ਸੀ-ਫੇਰ ਅੱਜ ਚਾਨਣੀ ਦੀ ਬਜਾਏ ਮੱਸਿਆ ਸੀ।
ਇਸ ਤੋਂ ਪਹਿਲਾਂ ਕਿ ਮਦਨ ਇੰਦੂ ਵੱਲ ਹੱਥ ਵਧਾਉਂਦਾ, ਇੰਦੂ ਖ਼ੁਦ ਹੀ ਮਦਨ ਨਾਲ ਲਿਪਟ ਗਈ। ਫੇਰ ਮਦਨ ਨੇ ਹੱਥ ਨਾਲ ਇੰਦੂ ਦੀ ਠੋਡੀ ਉਪਰ ਚੁੱਕੀ ਤੇ ਦੇਖਣ ਲੱਗਿਆ, ਉਸਨੇ ਕੀ ਗੰਵਾਇਆ; ਕੀ ਪਾਇਆ ਹੈ? ਇੰਦੂ ਨੇ ਇਕ ਨਜ਼ਰ ਮਦਨ ਦੇ ਕਾਲੇ ਹੁੰਦੇ ਹੋਏ ਚਿਹਰੇ ਉਪਰ ਸੁੱਟੀ ਤੇ ਫੇਰ ਅੱਖਾਂ ਬੰਦ ਕਰ ਲਈਆਂ।
“ਅਹਿ ਕੀ?” ਮਦਨ ਨੇ ਤ੍ਰਬਕਦਿਆਂ ਹੋਇਆਂ ਕਿਹਾ-“ਤੇਰੀਆਂ ਅੱਖਾਂ ਸੁੱਜੀਆਂ ਹੋਈਆਂ ਨੇ!”
“ਐਵੇਂ ਈਂ,” ਇੰਦੂ ਨੇ ਕਿਹਾ ਤੇ ਬਾਲੜੀ ਵੱਲ ਇਸ਼ਾਰਾ ਕਰਦੀ ਹੋਈ ਬੋਲੀ-“ਰਾਤ ਭਰ ਜਗਾਇਆ ਐ ਏਸ ਚੁੜੈਲ ਮਈ ਨੇ।”
ਬੱਚੀ ਹੁਣ ਤਕ ਚੁੱਪ ਹੋ ਚੁੱਕੀ ਸੀ। ਜਿਵੇਂ ਸਾਹ ਰੋਕੀ ਦੇਖ ਹੋਵੇ, ਹੁਣ ਕੀ ਹੋਣ ਵਾਲਾ ਹੈ? ਆਸਮਾਨ ਤੋਂ ਪਾਣੀ ਵਰ੍ਹਨਾਂ ਬੰਦ ਹੋ ਗਿਆ ਸੀ। ਮਦਨ ਨੇ ਫੇਰ ਗੌਰ ਨਾਲ ਇੰਦੂ ਦੀਆਂ ਅੱਖਾਂ ਵਿਚ ਦੇਖਦਿਆਂ ਹੋਇਆਂ ਕਿਹਾ-“ਹਾਂ, ਪਰ...ਇਹ ਅੱਥਰੂ?”
“ਖੁਸ਼ੀ ਦੇ ਐ।” ਇੰਦੂ ਨੇ ਜਵਾਬ ਦਿਤਾ-“ਅੱਜ ਦੀ ਰਾਤ ਮੇਰੀ ਆ।” ਤੇ ਫੇਰ ਅਜੀਬ ਜਿਹਾ ਹਾਸਾ ਹੱਸਦੀ ਹੋਈ ਉਹ ਮਦਨ ਨਾਲ ਚਿਪਕ ਗਈ। ਇਕ ਨਮੋਸ਼ੀ ਜਿਹੀ ਦੇ ਅਹਿਸਾਸ ਨਾਲ ਮਦਨ ਨੇ ਕਿਹਾ-“ਅੱਜ ਵਰ੍ਹਿਆਂ ਬਾਅਦ ਮੇਰੇ ਮਨ ਦੀ ਮੁਰਾਦ ਪੂਰੀ ਏ, ਇੰਦੂ! ਮੈਂ ਹਮੇਸ਼ਾ ਚਾਹਿਆ ਸੀ।”
“ਪਰ ਤੁਸੀਂ ਕਿਹਾ ਨਹੀਂ,” ਇੰਦੂ ਬੋਲੀ-“ਯਾਦ ਐ ਵਿਆਹ ਦੀ ਰਾਤ ਮੈਂ ਤੁਹਾਥੋਂ ਕੀ ਮੰਗਿਆ ਸੀ?”
“ਹਾਂ!” ਮਦਨ ਬੋਲਿਆ-“ਆਪਣੇ ਦੁੱਖ ਮੈਨੂੰ ਦੇ ਦਿਓ।”
“ਤੁਸੀਂ ਕੁਝ ਵੀ ਤਾਂ ਨਹੀਂ ਸੀ ਮੰਗਿਆ ਮੈਥੋਂ।”
“ਮੈਂ?” ਮਦਨ ਨੇ ਹੈਰਾਨ ਹੁੰਦਿਆਂ ਹੋਇਆਂ ਕਿਹਾ-“ਮੈਂ ਕੀ ਮੰਗਦਾ? ਮੈਂ ਤਾਂ ਜੋ ਕੁਝ ਮੰਗ ਸਕਦਾ ਸਾਂ ਉਹ ਸਭ ਤੂੰ ਮੈਨੂੰ ਦੇ ਦਿਤਾ। ਮੇਰੇ ਆਪਣਿਆਂ ਨੂੰ ਪਿਆਰ, ਉਹਨਾਂ ਦੀ ਤਾਲੀਮ, ਵਿਆਹ–ਸ਼ਾਦੀ...ਇਹ ਪਿਆਰੇ ਪਿਆਰੇ ਬੱਚੇ...ਇਹ ਕੁਝ ਤਾਂ ਤੂੰ ਦੇ ਦਿਤਾ।”
“ਮੈਂ ਵੀ ਇਹੀ ਸਮਝੀ ਸੀ,” ਇੰਦੂ ਬੋਲੀ-“ਪਰ ਹੁਣ ਜਾ ਕੇ ਪਤਾ ਲੱਗਿਐ, ਇਉਂ ਨਹੀਂ।”
“ਕੀ ਮਤਲਬ?”
“ਕੁਸ਼ ਨਹੀਂ...” ਫੇਰ ਇੰਦੂ ਨੇ ਕੁਝ ਚਿਰ ਬਾਅਦ ਕਿਹਾ-“ਮੈਂ ਵੀ ਇਕ ਚੀਜ਼ ਰੱਖ ਲਈ।”
“ਕਿਹੜੀ ਚੀਜ਼ ਰੱਖ ਲਈ?”
ਇੰਦੂ ਕੁਝ ਚਿਰ ਚੁੱਪ ਰਹੀ ਤੇ ਫੇਰ ਆਪਣਾ ਮੂੰਹ ਪਰ੍ਹੇ ਕਰਦੀ ਹੋਈ ਬੋਲੀ-“ਆਪਣੀ ਲਾਜ...ਆਪਣੀ ਖੁਸ਼ੀ...ਉਸ ਵੇਲੇ ਤੁਸੀਂ ਵੀ ਕਹਿ ਦੇਂਦੇ, ਆਪਣੇ ਸੁਖ ਮੈਨੂੰ ਦੇ ਦੇ...ਤਾਂ ਮੈਂ...” ਇੰਦੂ ਦਾ ਗੱਚ ਭਰ ਆਇਆ।
ਤੇ ਕੁਝ ਚਿਰ ਬਾਅਦ ਉਹ ਬੋਲੀ-“ਹੁਣ ਤਾਂ ਮੇਰੇ ਕੋਲ ਕੁਸ਼ ਵੀ ਨਹੀਂ ਰਿਹਾ...”
ਮਦਨ ਦੇ ਹੱਥਾਂ ਦੀ ਪਕੜ ਢਿੱਲੀ ਪੈ ਗਈ। ਉਹ ਥਾਵੇਂ ਗੱਡਿਆ ਗਿਆ...ਇਹ ਅਣਪੜ੍ਹ ਔਰਤ?...ਕੋਈ ਰਟਿਆ ਰਟਾਇਆ ਵਾਕ...?
ਨਹੀਂ ਨਹੀਂ...ਇਹ ਤਾਂ ਹੁਣੇ ਸਾਹਮਣੇ ਹੀ ਜ਼ਿੰਦਗੀ ਦੀ ਭੱਠੀ ਵਿਚੋਂ ਨਿਕਲਿਆ ਹੈ। ਅਜੇ ਤਾਂ ਉਸ ਉੱਤੇ ਲਗਾਤਾਰ ਹਥੌੜੇ ਵਰ੍ਹ ਰਹੇ ਨੇ ਤੇ ਅੱਗ ਦੇ ਚੰਗਿਆੜੇ ਚਾਰੇ ਪਾਸੇ ਉੱਡ ਰਹੇ ਨੇ।
ਕੁਝ ਚਿਰ ਬਾਅਦ ਮਦਨ ਦੇ ਹੋਸ਼ ਠਿਕਾਣੇ ਆਏ ਤੇ ਬੋਲਿਆ-“ਮੈਂ ਸਮਝ ਗਿਆ ਇੰਦੂ...” ਫੇਰ ਰੋਂਦੇ ਹੋਏ ਮਦਨ ਤੇ ਇੰਦੂ ਇਕ ਦੂਜੇ ਨਾਲ ਲਿਪਟ ਗਏ। ਇੰਦੂ ਨੇ ਮਦਨ ਦਾ ਹੱਥ ਫੜ੍ਹਿਆ ਤੇ ਉਸਨੂੰ ਅਜਿਹੀ ਦੁਨੀਆਂ ਵਿਚ ਲੈ ਗਈ ਜਿੱਥੇ ਇਨਸਾਨ ਮਰ ਕੇ ਹੀ ਪਹੁੰਚ ਸਕਦਾ ਹੈ...
(ਅਨੁਵਾਦ: ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਜਿੰਦਰ ਸਿੰਘ ਬੇਦੀ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ