Alochana : Harbhajan Singh Bhatia

ਆਲੋਚਨਾ : ਹਰਿਭਜਨ ਸਿੰਘ ਭਾਟੀਆ

ਰੋਜ਼ਾਨਾ ਜ਼ਿੰਦਗੀ ਵਿੱਚ 'ਆਲੋਚਨਾ` ਸ਼ਬਦ ਦੇ ਅਰਥ ਇਸ ਦੇ ਅਸਲ ਅਰਥਾਂ ਤੋਂ ਐਨ ਉਲਟ ਪ੍ਰਕਿਰਤੀ ਦੇ ਧਾਰਨੀ ਹੋ ਚੁੱਕੇ ਹਨ । ਆਲੋਚਨਾ ਨਿੰਦਾ- ਸੂਚਕ ਲਫ਼ਜ਼ ਬਣ ਚੁੱਕਾ ਹੈ ਅਤੇ ਇਸ ਦੇ ਅਰਥ 'ਨੁਕਸ ਕੱਢਣਾ`, 'ਔਗੁਣ ਦੱਸਣਾ` ਜਾਂ 'ਦੋਸ਼ ਲੱਭਣਾ` ਆਦਿ ਬਣ ਚੁੱਕੇ ਹਨ । ਪਰੰਤੂ ਇਸ ਲਫ਼ਜ਼ ਨੇ ਤਾਂ ਸੰਸਕ੍ਰਿਤ ਦੇ 'ਲੋਚ` ਧਾਤੂ ਤੋਂ ਆਪਣੀ ਹੋਂਦ ਗ੍ਰਹਿਣ ਕੀਤੀ, ਜਿਸਦਾ ਅਰਥ 'ਦੇਖਣਾ` ਹੈ । 'ਆਲੋਚ` ਦਾ ਅਰਥ ਵੀ 'ਦੇਖਣਾ`, 'ਸੋਚਣਾ` ਹੀ ਹੈ । ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਆਲੋਚਨਾ ਸ਼ਬਦ ਦੇ ਅਰਥ ਘੇਰੇ ਨੂੰ ਨਿਸ਼ਚਿਤ ਕਰਦੇ ਹੋਏ ਇਸਦਾ ਅਰਥ ਜਾਂਚ, ਪੜਤਾਲ, ਗੁਣ ਦੋਸ਼ ਦਾ ਨਿਰਣਾ, ਨਜ਼ਰਸਾਨੀ, ਕਿਸੇ ਗ੍ਰੰਥ ਦੇ ਵਿਸ਼ਿਆਂ ਦੀ ਪੜਤਾਲ ਅਤੇ ਯਥਾਰਥ ਨਿਰਣੇ ਦਾ ਸਿੱਟਾ` ਦੱਸਿਆ ਹੈ । ਕੁਝ ਕੋਸ਼ਾਂ ਵਿੱਚ 'ਆਲੋਚਨਾ` ਦੇ ਅਰਥ ਦੇਖਣ ਦੀ ਕਿਰਿਆ, ਪਰਖ, ਸਮੀਖਿਆ, ਟੀਕਾ ਟਿੱਪਣੀ ਦੱਸੇ ਗਏ ਹਨ ।

'ਆਲੋਚਨਾ` ਲਈ ਅਕਸਰ ਕਈ ਸ਼ਬਦਾਂ ਜਿਵੇਂ ਪਰਖ, ਪੜਚੋਲ, ਸਮੀਖਿਆ, ਸਮਾਲੋਚਨਾ, ਵਿਵੇਚਨ, ਵਿਸ਼ਲੇਸ਼ਣ, ਮੁਲਾਂਕਣ, ਵਿਆਖਿਆ ਤੇ ਨਿਰਣਾ ਆਦਿ ਦੀ ਵਰਤੋਂ ਇੱਕ ਦੂਸਰੇ ਦੇ ਸਮਾਨਾਰਥੀ ਵਜੋਂ ਹੀ ਕਰ ਲਈ ਜਾਂਦੀ ਹੈ, ਹਾਲਾਂਕਿ ਇਹਨਾਂ ਵਿਚਾਲੇ ਹਲਕੀ ਜਿਹੀ ਅਰਥ ਭਿੰਨਤਾ ਮੌਜੂਦ ਹੈ । ਪੰਜਾਬੀ ਚਿੰਤਨ ਦੀ ਦੁਨੀਆ ਵਿੱਚ ਸ਼ੁਰੂ-ਸ਼ੁਰੂ ਵਿੱਚ ਪਰਖ, ਪੜਚੋਲ ਅਤੇ ਨੁਕਤਾਚੀਨੀ ਆਦਿ ਪਦਾਂ ਨੂੰ ਵਰਤਿਆ ਜਾਂਦਾ ਰਿਹਾ ਹੈ । ਇਹਨਾਂ ਨੂੰ ਕ੍ਰਮਵਾਰ ਪ੍ਰਸੰਸਾ ਤੇ ਨੁਕਸ ਦਰਸਾਉਣਾ ਅਤੇ ਕਿਸੇ ਗੁੱਝੇ ਜਾਂ ਭੇਦ ਭਰੇ ਨੁਕਤੇ ਨੂੰ ਸਾਮ੍ਹਣੇ ਲਿਆਉਣ ਆਦਿ ਅਰਥਾਂ ਵਿੱਚ ਵਰਤਿਆ ਜਾਂਦਾ ਰਿਹਾ ਹੈ । ਅਕਸਰ ਲੋਕਾਂ ਲਈ ਇਹ ਗਿਆਨ ਦਾ ਸੰਗਠਨ ਜਾਂ ਵਿਸ਼ੇਸ਼ ਪ੍ਰਕਾਰ ਦਾ ਗਿਆਨ ਜਾਂ ਗਿਆਨ ਦੀ ਸ਼ਾਖਾ ਨਹੀਂ, ਪ੍ਰਸੰਸਾ-ਸੂਚਕ ਜਾਂ ਨਿੰਦਾ ਸੂਚਕ ਕਥਨਾਂ ਦਾ ਸੰਗ੍ਰਹਿ ਹੈ । ਇਸ ਤੋਂ ਅਗਾਂਹ 'ਆਲੋਚਨਾ` ਨੂੰ ਵਿਸ਼ਾਲ ਅਰਥਾਂ ਵਿੱਚ ਗ੍ਰਹਿਣ ਕਰ ਕੇ ਦੋ ਭਾਗਾਂ ( ਸਿਧਾਂਤਿਕ ਤੇ ਵਿਹਾਰਿਕ ) ਵਿੱਚ ਵੰਡ ਲਿਆ ਜਾਂਦਾ ਹੈ । ਵਿਹਾਰਿਕ ਭਾਗ ਜਾਂ ਖੰਡ ਅੱਗੋਂ ਮੈਕਰੋ ਅਧਿਐਨ ਤੋਂ ਮਾਈਕ੍ਰੋ ਜਾਂ ਮਹੀਨ ਅਧਿਐਨ ਤੱਕ ਫੈਲਦਾ ਹੈ । ਇਸ ਸੰਕਲਪ ਨੂੰ ਵਿਸ਼ਾਲ ਅਰਥਾਂ ਵਿੱਚ ਵਰਤਦੇ ਹੋਏ ਚਿੰਤਕ ਜਿਵੇਂ ਭੂਮਿਕਾ, ਰੀਵਿਊ, ਸਿਧਾਂਤ, ਇਤਿਹਾਸ ਆਦਿ ਸਾਹਿਤ ਅਧਿਐਨ ਨਾਲ ਸੰਬੰਧਿਤ ਕਈ ਅਨੁਸ਼ਾਸਨਾਂ ਨੂੰ ਵੀ ਇਸ ਵਿੱਚ ਸ਼ਾਮਲ ਕਰਨ ਦੀ ਕੁਤਾਹੀ ਕਰ ਜਾਂਦੇ ਹਨ । ਹਰਿਭਜਨ ਸਿੰਘ ਨੇ ਆਪਣੀ ਪੁਸਤਕ 'ਸਿਸਟਮੀ' ਵਿਚਲੇ ਮਜ਼ਮੂਨ 'ਆਲੋਚਨਾ ਤੇ ਸਮੀਖਿਆ` ਵਿੱਚ ਆਲੋਚਨਾ ਨੂੰ ਸ਼ਬਦ ( ਆਲੋਚਨਾ ਸਾਹਿਤ ਦਾ ਅਧਿਐਨ ਆਪਣੀਆਂ ਸ਼ਰਤਾਂ ਉਪਰ ਕਰਦੀ ਹੈ, ਸਾਹਿਤ ਦੀਆਂ ਸ਼ਰਤਾਂ ਉਪਰ ਨਹੀਂ ) ਅਤੇ ਸਮੀਖਿਆ ਨੂੰ 'ਸੰਕਲਪ` ਵਜੋਂ ਵਰਤਣ ਦਾ ਸੁਝਾਅ ਦਿੱਤਾ ਸੀ । ਅਰਥਾਤ ਉਸ ਦੀ ਨਜ਼ਰ ਵਿੱਚ ਸਾਹਿਤ ਦਾ ਅਧਿਐਨ ਆਪਣੀਆਂ ਸ਼ਰਤਾਂ ਉਪਰ ਕਰਨਾ ਆਲੋਚਨਾ ਹੈ ਅਤੇ ਸਾਹਿਤ ਦੀਆਂ ਸ਼ਰਤਾਂ ਉਪਰ ਕਰਨਾ ਸਮੀਖਿਆ ਹੈ । ਉਸ ਨੇ ਕੇਵਲ ਸਾਹਿਤ-ਕੇਂਦਰਿਤ ਜਾਂ ਸਾਹਿਤਕਤਾ ਆਧਾਰਿਤ ਕਾਰਜ ਨੂੰ ਹੀ ਸਮੀਖਿਆ ਸਵੀਕਾਰ ਕੀਤਾ । ਪਰੰਤੂ ਇਹ ਨਿਖੇੜਾ ਪ੍ਰਵਾਨਯੋਗ ਨਾ ਹੋ ਸਕਿਆ । ਕੁਝ ਆਲੋਚਕ ਆਲੋਚਨਾ ਨੂੰ ਕ੍ਰਿਟਿਸਿਜ਼ਮ, ਸਮਾਲੋਚਨਾ ਨੂੰ ਕੰਪੈਰੇਟਿਵ ਕ੍ਰਿਟਿਸਿਜ਼ਮ ਅਤੇ ਸਮੀਖਿਆ ਨੂੰ ਵਿਹਾਰਿਕ ਜਾਂ ਨਿਕਟ ਪਾਠਗਤ ਅਧਿਐਨ ਨਾਲ ਜੋੜ ਕੇ ਵੱਖ-ਵੱਖ ਸੰਕਲਪਾਂ ਵਿਚਲੇ ਨਿਖੇੜ ਕਰਨ ਦੇ ਯਤਨ ਵਿੱਚ ਹਨ । ਪਰੰਤੂ ਇਸ ਨਿਖੇੜੇ ਨੂੰ ਵੀ ਫ਼ਿਲਹਾਲ ਪ੍ਰਵਾਨਗੀ ਪ੍ਰਾਪਤ ਨਹੀਂ ਹੋ ਸਕੀ । ਉਂਞ ਏਨਾ ਸਪਸ਼ਟ ਹੈ ਕਿ ਆਲੋਚਨਾ ਇੱਕ ਸਿਧਾਂਤਿਕ ਸੰਕੇਤ ਹੈ ਅਤੇ ਇਸ ਨੂੰ ਆਮ ਸਧਾਰਨ ਸ਼ਬਦ ਵਜੋਂ ਵਰਤਣਾ ਜਾਂ ਗ੍ਰਹਿਣ ਕਰਨਾ ਉਚਿਤ ਨਹੀਂ । ਮੋਟੇ ਤੌਰ ਉਪਰ ਇਸ ਸੰਕੇਤ ਦਾ ਸੰਬੰਧ ਸਾਹਿਤ ਜਾਂ ਕਲਾ ਕਿਰਤ ਦੇ ਗੁਣ-ਔਗੁਣਾਂ ਦੀ ਪਛਾਣ ਕਰ ਕੇ ਉਸ ਸੰਬੰਧੀ ਨਿਰਣਾ ਪ੍ਰਸਤੁਤ ਕਰਨ ਨਾਲ ਜਾ ਜੁੜਦਾ ਹੈ । 'ਇਨਸਾਈਕਲੋਪੀਡੀਆ ਆਫ਼ ਬ੍ਰਿਟੈਨਿਕਾ' ਵਿੱਚ ਇਸ ਦੇ ਮੁਢਲੇ ਤੇ ਮੂਲ ਅਰਥ ਇਸ ਤਰ੍ਹਾਂ ਕੀਤੇ ਗਏ ਹਨ :

ਆਲੋਚਨਾ ਦਾ ਅਰਥ ਸੁਹਜਮਈ ਚੀਜ਼ਾਂ ਦੇ ਗੁਣ-ਦੋਸ਼ਾਂ ਦੀ ਪਰਖ ਕਰਨਾ ਹੈ, ਚਾਹੇ ਇਹ ਪਰਖ ਸਾਹਿਤ ਖੇਤਰ ਵਿੱਚ ਕੀਤੀ ਗਈ ਹੋਵੇ, ਚਾਹੇ ਕੋਮਲ ਕਲਾਵਾਂ ਵਿੱਚ ਇਸ ਦਾ ਸਰੂਪ ਰਾਏ ਕਾਇਮ ਕਰ ਕੇ ਉਸਨੂੰ ਪ੍ਰਗਟ ਕਰਨਾ ਹੈ ।
ਕਾਰਲਾਈਲ ਆਲੋਚਨਾ ਨੂੰ 'ਕਿਸੇ ਪੁਸਤਕ ਬਾਰੇ ਆਲੋਚਕ ਦੀ ਮਾਨਸਿਕ ਪ੍ਰਤਿਕਿਰਿਆ ਦੇ ਸਿੱਟੇ` ਨਾਲ ਜੋੜਦਾ ਹੈ ਅਤੇ ਡਰਾਈਡਨ ਇਸ ਨੂੰ ਉਹ ਕਸੌਟੀ ਦੱਸਦਾ ਹੈ ਜਿਸਦੀ ਸਹਾਇਤਾ ਨਾਲ ਕਿਸੇ ਰਚਨਾ ਦਾ ਮੁੱਲ ਪਾਇਆ ਜਾ ਸਕੇ ।
'ਆਲੋਚਨਾ` ਸਾਹਿਤ ਜਾਂ ਕਲਾ ਉਪਰ ਆਧਾਰਿਤ ਹੁੰਦੀ ਹੈ । ਜਿਵੇਂ ਜੀਵਨ ਦੀ ਹੋਂਦ ਤੋਂ ਬਗ਼ੈਰ ਕਲਾ ਜਾਂ ਸਾਹਿਤ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਓਵੇਂ ਹੀ ਸਾਹਿਤ ਜਾਂ ਕਲਾ ਦੀ ਹੋਂਦ ਬਗ਼ੈਰ ਆਲੋਚਨਾ ਦੀ ਹੋਂਦ ਨੂੰ ਚਿਤਵਿਆ ਨਹੀਂ ਜਾ ਸਕਦਾ । ਅਸਲ ਵਿੱਚ ਆਲੋਚਨਾ ਕਲਾ ਜਾਂ ਸਾਹਿਤ ਸੰਬੰਧੀ ਰਉਂ (mood) ਉਪਰ ਆਧਾਰਿਤ ਟਿੱਪਣੀਆਂ ਦਾ ਸੰਗ੍ਰਹਿ ਮਾਤਰ ਨਹੀਂ ਸਗੋਂ ਨਾਰਥਰਪ ਫਰਾਈ ਦੇ ਕਹਿਣ ਅਨੁਸਾਰ ਵਿਚਾਰ ਅਤੇ ਗਿਆਨ ਦਾ ਸੰਗਠਨ ਹੈ । ਜਿੱਥੇ ਸਾਹਿਤ ਨੂੰ ਕਲਾ ਦਾ ਦਰਜਾ ਦਿੱਤਾ ਜਾਂਦਾ ਹੈ ਉੱਥੇ ਆਲੋਚਨਾ ਸਾਹਿਤ ਅਧਿਐਨ ਵਿਗਿਆਨ ਨਹੀਂ ਤਾਂ ਇੱਕ ਵਿਸ਼ੇਸ਼ ਪ੍ਰਕਾਰ ਦਾ ਗਿਆਨ ਜ਼ਰੂਰ ਹੈ । ਜਜ਼ਬਾ, ਕਲਪਨਾ ਅਤੇ ਅਨੁਭਵ ਦਾ ਸਮੂਰਤੀਕਰਨ ਸਾਹਿਤਕਾਰ ਦੇ ਹਥਿਆਰ ਹਨ ਜਦੋਂ ਕਿ ਆਲੋਚਕ ਬੁੱਧੀ,ਤਰਕ ਅਤੇ ਵਿਗਿਆਨਿਕ ਸੋਚਣੀ ਨਾਲ ਕਿਰਤ ਨੂੰ ਪਰਤ-ਦਰ-ਪਰਤ ਖੋਲ੍ਹਦਾ ਹੈ ।

ਰੀਵਿਊ, ਭੂਮਿਕਾ, ਆਲੋਚਨਾ, ਸਿਧਾਂਤ ਅਤੇ ਇਤਿਹਾਸ ਸਾਰੇ ਕਾਰਜ 'ਸਾਹਿਤ ਅਧਿਐਨ` ਦੇ ਕਿਸੇ ਇੱਕ ਜਾਂ ਦੂਸਰੇ ਪੱਖ ਜਾਂ ਪਸਾਰ ਨਾਲ ਸੰਬੰਧਿਤ ਹਨ । ਇਹ ਇੱਕ ਦੂਸਰੇ ਦੇ ਪੂਰਕ ਕਾਰਜ ਹਨ, ਵਿਰੋਧੀ ਨਹੀਂ । ਇਹਨਾਂ ਦਾ ਵਜੂਦ ਆਪਸੀ ਸਾਂਝ ਅਤੇ ਵੱਖਰਤਾ ਉਪਰ ਟਿਕਿਆ ਹੋਇਆ ਹੈ । ਮਿਸਾਲ ਵਜੋਂ ਰੀਵਿਊ ਦਾ ਅਸਲ ਮਕਸਦ ਨਵੀਂ ਛਪੀ ਰਚਨਾ ਬਾਰੇ ਪਾਠਕਾਂ ਨੂੰ ਵਾਕਫ਼ੀ ਦੇਣਾ ਜਾਂ ਉਸ ਦੇ ਉੱਭਰਵੇਂ ਗੁਣਾਂ ਦੀ ਤਾਰਕਿਕ ਵਿਆਖਿਆ ਕਰਨਾ ਹੁੰਦਾ ਹੈ । ਪ੍ਰਮਾਣਿਕ ਰੀਵਿਊ ਕਈ ਵਾਰ ਸਾਹਿਤ ਆਲੋਚਨਾ ਦੇ ਪੱਧਰ ਵਾਲੀ ਗੰਭੀਰਤਾ ਨੂੰ ਵੀ ਆਤਮਸਾਤ ਕਰਦੇ ਦਿਖਾਈ ਦਿੰਦੇ ਹਨ । ਭੂਮਿਕਾ, ਲੇਖਕ ਆਪਣੀ ਪੁਸਤਕ ਦੀ ਖ਼ੁਦ ਵੀ ਲਿਖਦਾ ਹੈ ਅਤੇ ਲਿਖਵਾਉਂਦਾ ਵੀ ਹੈ । ਇਸ ਵਿੱਚ ਸ਼ੁੱਭ ਦ੍ਰਿਸ਼ਟੀ ਜਾਂ ਮੂੰਹ-ਮੁਲਾਹਜ਼ੇ ਦਾ ਆ ਹਾਜ਼ਰ ਹੋਣਾ ਕੁਦਰਤੀ ਗੱਲ ਹੁੰਦੀ ਹੈ । ਇਸ ਦਾ ਅਸਲ ਮਕਸਦ ਲੇਖਕ ਤੇ ਰਚਨਾ ਦੀ ਜਾਣ- ਪਛਾਣ ਤੱਕ ਹੀ ਸੀਮਿਤ ਹੁੰਦਾ ਹੈ ਪਰੰਤੂ ਕਈ ਵਾਰ ਇਹ ਆਪਣੀ ਸੀਮਾ ਤੋਂ ਪਾਰ ਫ਼ੈਲ ਕੇ, ਸਾਹਿਤ ਰਚਨਾਵਾਂ ਦੇ ਧੁਰ-ਡੂੰਘ ਤੱਕ ਅੱਪੜ ਕੇ ਸਾਹਿਤ ਆਲੋਚਨਾ ਨਾਲ ਮੇਲ ਖਾਣੀ ਅਰੰਭ ਹੋ ਜਾਂਦੀ ਹੈ । ਸਾਹਿਤ ਆਲੋਚਨਾ ਦਾ ਮੂਲ ਮਕਸਦ ਸਾਹਿਤ ਰਚਨਾ ਦੀ ਵਿਆਖਿਆ, ਵਿਸ਼ਲੇਸ਼ਣ ਤੇ ਮੁਲਾਂਕਣ ਮਿਥਣਾ ਹੁੰਦਾ ਹੈ । ਰੈਨੇ ਵੈਲਿਕ ਇਸ ਦੀ ਪ੍ਰਕਿਰਤੀ ਨੂੰ ਸਮਝਣਯੋਗ ਬਣਾਉਣ ਲਈ ਇਸ ਨੂੰ ਅੰਤਰੰਗ ਅਤੇ ਬਹਿਰੰਗ ਕੋਟੀਆਂ ਵਿੱਚ ਵੰਡਣ ਦਾ ਸੁਝਾਅ ਦਿੰਦਾ ਹੈ । ਪਾਠ-ਕੇਂਦਰਿਤ, ਸਾਹਿਤ-ਕੇਂਦਰਿਤ, ਸਾਹਿਤਕਤਾ ਦੀ ਪਛਾਣ ਦੇ ਪ੍ਰਯੋਜਨ ਉਪਰ ਆਧਾਰਿਤ ਆਲੋਚਨਾ ਨੂੰ ਉਸ ਅੰਤਰੰਗ ਅਤੇ ਲੇਖਕ, ਪਾਠਕ, ਸਮਾਜ ਜਾਂ ਕਿਸੇ ਵੀ ਹੋਰ ਸਾਹਿਤ-ਬਾਹਰੀ ਬਿੰਦੂ ਉਪਰ ਆਧਾਰਿਤ ਆਲੋਚਨਾ ਨੂੰ ਬਹਿਰੰਗ ਆਲੋਚਨਾ ਆਖਿਆ ਹੈ । ਸਿਧਾਂਤ ਦਾ ਜਨਮ ਵੀ ਸਾਹਿਤ ਰਚਨਾਵਾਂ ਦੀ ਲੰਮੀ ਪਰੰਪਰਾ ਦੇ ਮੰਥਨ ਵਿੱਚੋਂ ਹੁੰਦਾ ਹੈ । ਸਿਧਾਂਤ ਅਸਲ ਵਿੱਚ ਰਚਨਾ ਵਿਚਲੇ ਨੇਮਪਰਕ ਧਰਾਤਲ ਦਾ ਹੀ ਨਾਂ ਹੈ । ਇਹ ਸਾਮਾਨਯ ਭਾਂਤ ਦਾ ਵੀ ਹੁੰਦਾ ਹੈ ਅਤੇ ਵਿਸ਼ੇਸ਼ ਕਿਸਮ ਦਾ ਵੀ । ਆਪਣੇ ਸਾਮਾਨਯ ਰੂਪ ਵਿੱਚ ਇਹ ਪਰੰਪਰਾ ਦੇ ਤੱਤਾਂ ਨੂੰ ਉਭਾਰਦਾ ਹੈ ਅਤੇ ਵਿਸ਼ੇਸ਼ ਰੂਪ ਵਿੱਚ ਰਚਨਾ ਦੀ ਵਿਲੱਖਣਤਾ ਅਤੇ ਅਦੁੱਤੀਅਤਾ ਦੇ ਗੁਣਾਂ ਨੂੰ ਪ੍ਰਗਟਾਉਂਦਾ ਹੈ । ਸਿਧਾਂਤ ਹਮੇਸ਼ਾ ਖ਼ਮੋਸ਼ ਧਰਾਤਲ ਉਪਰ ਵਿਚਰਦੀ ਸਮੁੱਚੀ ਵਿਹਾਰਿਕਤਾ ਨੂੰ ਆਪਣੇ ਨਿਯੰਤਰਨ ਹੇਠ ਰੱਖਦਾ ਹੈ । ਇਤਿਹਾਸਕਾਰੀ ਦਾ ਕਾਰਜ ਤੱਥ ਲੱਭਤ ਤੋਂ ਅਰੰਭ ਹੋ ਕੇ ਕਾਲਕ੍ਰਮਤਾ, ਨਿਰੰਤਰਤਾ, ਕਾਲ-ਵੰਡ ਰਾਹੀਂ, ਕਾਲਾਂ ਦੇ ਨਾਮਕਰਨ ਤੱਕ ਅੱਪੜਦਾ ਹੈ । ਰੈਨੇ ਵੈਲਿਕ ਅਤੇ ਆਸਟਨ ਵਾਰਨ ਦੀ 'ਥੀਊਰੀ ਆਫ਼ ਲਿਟਰੇਚਰ' ਵਿੱਚ ਪੇਸ਼ ਇਹ ਧਾਰਨਾ ਦਰੁਸਤ ਹੈ ਕਿ :

ਇਹਨਾਂ ਪੱਧਤੀਆਂ (ਸਿਧਾਂਤ, ਇਤਿਹਾਸ, ਆਲੋਚਨਾ) ਦਾ ਪ੍ਰਯੋਗ ਇੱਕ ਦੂਸਰੀ ਤੋਂ ਅਛੂਤਾ ਰਹਿ ਕੇ ਨਹੀਂ ਕੀਤਾ ਜਾ ਸਕਦਾ । ਇਹ ਇੱਕ ਦੂਜੇ ਨਾਲ ਏਨੇ ਗਹਿਰੇ ਰਿਸ਼ਤੇ ਵਿੱਚ ਬੱਝੀਆਂ ਹੋਈਆਂ ਹਨ ਕਿ ਬਿਨਾ ਆਲੋਚਨਾ ਅਤੇ ਇਤਿਹਾਸ ਦੇ ਸਿਧਾਂਤ ਦੀ ਜਾਂ ਬਿਨਾਂ ਸਾਹਿਤ ਅਤੇ ਆਲੋਚਨਾ ਦੇ ਇਤਿਹਾਸ ਦੀ ਜਾਂ ਬਿਨਾਂ ਇਤਿਹਾਸ ਅਤੇ ਸਿਧਾਂਤ ਦੇ ਆਲੋਚਨਾ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ।
ਨਾਰਥਰਪ ਫ਼ਰਾਈ ਨੇ ਆਪਣੇ ਮਜ਼ਮੂਨ 'Literary Criticism' ਵਿੱਚ ਸਾਹਿਤ ਆਲੋਚਨਾ ਦੇ ਸਰੂਪ ਨੂੰ ਸਮਝਣ ਲਈ ਦੋ ਕੋਟੀਆਂ ਨਿਰਣਾ-ਮੁੱਖ ਆਲੋਚਨਾ ਅਤੇ ਅਕਾਦਮਿਕ ਆਲੋਚਨਾ ਦਾ ਪ੍ਰਯੋਗ ਕੀਤਾ ਹੈ । ਨਿਰਣਾ- ਮੁੱਖ ਆਲੋਚਨਾ ਨੂੰ ਉਹ ਆਤਮਭਾਵੀ ਪ੍ਰਤਿਕਰਮਾਂ, ਵਿਅਕਤੀਗਤ ਪਸੰਦ-ਨਾਪਸੰਦ, ਭਾਵਨਾ-ਯੁਕਤਤਾ, ਖੰਡਗਤ ਅਧਿਐਨ, ਰਚਨਾ ਬਾਹਰੀ ਵੇਰਵਿਆਂ, ਪੂਰਵ ਮਿਥਿਤ ਧਾਰਨਾਵਾਂ ਅਤੇ ਸਿਧਾਂਤਿਕ ਤੇ ਇਤਿਹਾਸਿਕ ਪਰਿਪੇਖ ਤੋਂ ਵਿਰਵੀਆਂ ਟਿੱਪਣੀਆਂ ਨਾਲ ਜੋੜਦਾ ਹੈ । ਇਸ ਦੇ ਮੁਕਾਬਲੇ ਵਿੱਚ ਉਹ ਅਕਾਦਮਿਕ ਆਲੋਚਨਾ ਨੂੰ ਪ੍ਰਮਾਣਿਕ ਆਲੋਚਨਾ ਦਾ ਦਰਜਾ ਦਿੰਦਾ ਹੋਇਆ ਤਾਰਕਿਕ ਦ੍ਰਿਸ਼ਟੀ, ਵਸਤੂਮੂਲਕਤਾ, ਗਿਆਨ ਪ੍ਰਬੰਧ ਦੀ ਹੋਂਦ ਅਤੇ ਵਿਗਿਆਨਿਕ ਅਧਿਐਨ ਨੂੰ ਇਸਦੇ ਪਛਾਣ-ਚਿੰਨ੍ਹ ਦੱਸਦਾ ਹੈ । ਉਸ ਦੀ ਧਾਰਨਾ ਮੁਤਾਬਕ ਇਹ ਰਚਨਾ ਨੂੰ ਕਲਾਤਮਿਕ ਇਕਾਗਰਤਾ ਵਜੋਂ ਵਿਚਰਦੀ, ਕਾਲਗਤ ਤੇ ਵਿਧਾਗਤ ਪਰਿਪੇਖਾਂ ਪ੍ਰਤਿ ਸੁਚੇਤ ਰਹਿੰਦੀ, ਭ੍ਰਾਂਤੀਆਂ ਤੋਂ ਪੱਲਾ ਬਚਾ ਕੇ ਵਿਚਰਦੀ ਅਤੇ ਬਣਤਰ ਤੋਂ ਬੁਣਤੀ ਤੱਕ ਅਪੜਦੀ ਹੋਈ ਰਚਨਾ ਦੇ ਮੂਲ ਨੁਕਤਿਆਂ ਅਤੇ ਸੰਰਚਨਾਤਮਿਕ- ਨੇਮ ਤੱਕ ਅਪੜਦੀ ਹੈ ।

ਸਾਹਿਤ ਆਲੋਚਨਾ ਸਮਾਜ-ਮੂਲਕ, ਲੇਖਕ-ਮੂਲਕ, ਪਾਠਕ-ਮੂਲਕ ਅਤੇ ਰਚਨਾ-ਮੂਲਕ ਹੋ ਸਕਦੀ ਹੈ । ਪ੍ਰਮਾਣਿਕ ਆਲੋਚਨਾ ਉਸੇ ਨੂੰ ਮੰਨਿਆ ਜਾਂਦਾ ਹੈ ਜਿਹੜੀ ਬਹੁ-ਕੋਣਾਂ ਤੋਂ ਰਚਨਾ ਦੀਆਂ ਤਹਿਆਂ ਤੇ ਪਰਤਾਂ ਨੂੰ ਫਰੋਲਦੀ ਹੈ । ਇਹ ਸਾਹਿਤ ਦੀ ਵਿਆਖਿਆ-ਵਿਸ਼ਲੇਸ਼ਣ ਰਾਹੀਂ ਜੀਵਨ ਦੇ ਗੰਭੀਰ ਮਸਲਿਆਂ ਅਤੇ ਸੁਲਗਦੇ ਸਵਾਲਾਂ ਨਾਲ ਵੀ ਆਪਣਾ ਨਾਤਾ ਜੋੜਦੀ ਹੈ । ਰਵਿੰਦਰ ਸਿੰਘ ਰਵੀ ਦੀ ਪੁਸਤਕ 'ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ' ਦੇ ਅਰੰਭ ਵਿੱਚ ਦਰਜ ਇਹ ਧਾਰਨਾ ਭਰੋਸੇਯੋਗ ਹੈ ਕਿ :
ਸਾਹਿਤ-ਆਲੋਚਨਾ ਸਿਰਫ਼ ਸਾਹਿਤਿਕ ਕਿਰਤਾਂ ਅਤੇ ਲੇਖਕਾਂ ਦੇ ਅਧਿਐਨ ਅਤੇ ਮੁਲਾਂਕਣ ਦੀ ਸਮੱਸਿਆ ਮਾਤਰ ਨਹੀਂ । ਇਹ ਉਸੇ ਕਿਸਮ ਦਾ ਵਿਚਾਰਧਾਰਕ ਮਸਲਾ ਹੈ ਜਿਵੇਂ ਕੋਈ ਵੀ ਹੋਰ ਸਮੱਸਿਆ ਆਪਣੇ ਆਖ਼ਰੀ ਰੂਪ ਵਿੱਚ ਜੀਵਨ- ਦ੍ਰਿਸ਼ਟੀਕੋਣ ਅਤੇ ਵਿਸ਼ਵ-ਦ੍ਰਿਸ਼ਟੀਕੋਣ ਅਨੁਸਾਰ ਵਿਰੋਧੀ ਵਿਚਾਰਧਾਰਕ ਧਿਰਾਂ ਵਿੱਚ ਵੰਡੀ ਜਾ ਸਕਦੀ ਹੈ ।

  • ਮੁੱਖ ਪੰਨਾ : ਪੰਜਾਬੀ ਅਲੋਚਨਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ