Amritsar Ton Preetnagar : Kartar Singh Suri

ਅੰਮ੍ਰਿਤਸਰ ਤੋਂ ਪ੍ਰੀਤਨਗਰ : ਕਰਤਾਰ ਸਿੰਘ ਸੂਰੀ

ਸਾਲ 1938 ਦਾ ਸੀ, ਬਾਊ ਜੀ (ਨਾਵਲਕਾਰ ਨਾਨਕ ਸਿੰਘ) ਨੂੰ ਸ. ਗੁਰਬਖਸ਼ ਸਿੰਘ ਦਾ ਖਤ ਆ ਗਿਆ ਕਿ ਮਾਡਲ ਟਾਊਨ, ਲਾਹੌਰ ਦੀ ਇਕ ਕਾਲੋਨੀ ਵਿਚ ਕੁਝ ਕੋਠੀਆਂ ਕਿਰਾਏ 'ਤੇ ਲੈ ਕੇ ਮੁਢਲੇ ਪ੍ਰੀਤ ਸੈਨਿਕਾਂ ਦੀ ਰਿਹਾਇਸ਼ ਦਾ ਬੰਦੋਬਸਤ ਹੋ ਗਿਆ ਹੈ, ਪ੍ਰੈਸ ਲਗਾ ਲਈ ਗਈ ਹੈ। ਜਲਦੀ ਹੀ ਆਪਣੇ ਪਰਿਵਾਰ ਸਮੇਤ ਇਥੇ ਆਉਣ ਲਈ ਬੇਨਤੀ ਕਰਾਂਗਾ।
ਸੱਚਮੁੱਚ ਦੀ ਕੁਝ ਸਮੇਂ ਬਾਅਦ ਸ. ਗੁਰਬਖਸ਼ ਸਿੰਘ ਦੀ ਚਿੱਠੀ ਆ ਗਈ ਜਿਸ ਵਿਚ ਮਾਡਲ ਟਾਊਨ ਪਹੁੰਚਣ ਦਾ ਸੱਦਾ ਦਿੱਤਾ ਹੋਇਆ ਸੀ। ਅਸੀਂ ਸਾਰਾ ਪਰਿਵਾਰ ਪਹਿਲਾਂ ਤੋਂ ਹੀ ਉਥੇ ਪਹੁੰਚਣ ਦੀ ਤਿਆਰੀ ਕਰ ਚੁਕੇ ਸਾਂ। ਮੇਰੀ ਤੇ ਕੁਲਦੀਪ ਦੀ ਪੜ੍ਹਾਈ ਛੁਡਾ ਲਈ ਗਈ। ਕੁਲਵੰਤ ਜਿਸ ਨੂੰ ਇਸੇ ਸਾਲ ਸਕੂਲ ਦਾਖ਼ਲ ਕਰਾਇਆ ਜਾਣਾ ਸੀ, ਨਾ ਕਰਾਇਆ ਜਾ ਸਕਿਆਾ। ਅਸੀਂ ਸਾਰਾ ਪਰਿਵਾਰ ਲਾਹੌਰ ਲਈ ਰਵਾਨਾ ਹੋ ਗਏ।
ਮਾਡਲ ਟਾਊਨ ਪਹੁੰਚ ਕੇ ਸਾਡੇ ਪਰਿਵਾਰ ਨੂੰ ਕੋਠੀ ਦਾ ਅੱਧਾ ਹਿੱਸਾ ਰਿਹਾਇਸ਼ ਲਈ ਮਿਲ ਗਿਆ, ਦੂਸਰੇ ਅੱਧ ਵਿਚ ਗਿਆਨੀ ਭਜਨ ਸਿੰਘ ਜੋ 'ਅੰਮ੍ਰਿਤ' ਰਸਾਲੇ ਦੇ ਸਹਾਇਕ ਸੰਪਾਦਕ ਰਹਿ ਚੁਕੇ ਸਨ, ਆ ਠਹਿਰੇ। ਇਨ੍ਹਾਂ ਤੋਂ ਇਲਾਵਾ ਪਿਆਰਾ ਸਿੰਘ ਸਹਿਰਾਈ, ਪਿਆਰਾ ਸਿੰਘ ਦਾਤਾ, ਦੀਨ ਦਿਆਲ, ਅਮਰ ਸਿੰਘ ਬੀ.ਏ. ਅਤੇ ਤਾਰਾ ਸਿੰਘ ਮਲਹੋਤਰਾ ਆਦਿ ਸੰਸਾਰ ਪ੍ਰੀਤ-ਮੰਡਲ ਦੇ ਮੈਂਬਰ ਵੀ ਮਾਡਲ ਟਾਊਨ ਪਹੁੰਚ ਚੁਕੇ ਸਨ। ਇਸ ਤੋਂ ਪਹਿਲਾਂ ਸ. ਗੁਰਬਖਸ਼ ਸਿੰਘ 'ਨਿਰੰਕਾਰੀ' ਲਾਹੌਰ ਤੋਂ ਆਪਣਾ 'ਦਰਬਾਰ ਪ੍ਰੈਸ' ਅਤੇ ਉਸ ਦਾ ਸਾਰਾ ਸਟਾਫ ਲੈ ਕੇ ਮਾਡਲ ਟਾਊਨ ਪਹੁੰਚੇ ਹੋਏ ਸਨ। ਭਾਪਾ ਪ੍ਰੀਤਮ ਸਿੰਘ, ਪੰਡਿਤ ਦੇਵੀ ਦਿਆਲ, ਸੋਹਣ ਸਿੰਘ ਤੇ ਮਹੇਸ਼ਰ ਸਿੰਘ ਵੀ ਆ ਗਏ ਸਨ।
ਗਿਆਨੀ ਭਜਨ ਸਿੰਘ ਦਾ ਲੜਕਾ ਸੇਵਾ ਜੋ ਮੈਥੋਂ ਦੋ ਕੁ ਸਾਲ ਵੱਡਾ ਸੀ, ਮੇਰਾ ਚੰਗਾ ਮਿੱਤਰ ਬਣ ਗਿਆ। ਕੁਝ ਮਹੀਨਿਆਂ ਬਾਅਦ 1938 ਵਿਚ ਹੀ ਇਹ ਸਾਰਾ ਪ੍ਰੀਤ-ਕਾਫਲਾ ਮਾਡਲ ਟਾਊਨ ਲਾਹੌਰ ਤੋਂ ਆਪਣੇ ਪੱਕੇ ਕਿਆਮ ਲਈ ਪ੍ਰੀਤ ਨਗਰ ਰਵਾਨਾ ਹੋ ਗਿਆ।
ਪ੍ਰੀਤ ਨਗਰ ਵਿਚ ਪ੍ਰੀਤ ਸੈਨਿਕਾਂ ਲਈ ਅੱਠ ਕੋਠੀਆਂ ਬਣ ਕੇ ਤਿਆਰ ਹੋ ਚੁਕੀਆਂ ਸਨ। ਸਾਨੂੰ ਸੱਤ ਨੰਬਰ ਕੋਠੀ ਅਲਾਟ ਹੋਈ। ਇਕ ਨੰਬਰ ਦੀ ਕੋਠੀ ਸ. ਗੁਰਬਖਸ਼ ਸਿੰਘ ਦੀ ਸੀ ਤੇ ਬਾਕੀ ਦੀਆਂ ਕੋਠੀਆਂ ਵਿਚ ਗਿਆਨੀ ਭਜਨ ਸਿੰਘ, ਕਰਤਾਰ ਸਿੰਘ ਸਚਦੇਵ, ਅਮਰ ਸਿੰਘ, ਪਿਆਰਾ ਸਿੰਘ ਸਹਿਰਾਈ ਅਤੇ ਦਰਸ਼ਨ ਸਿੰਘ ਆਦਿ ਰਹਿਣ ਲੱਗ ਪਏ। ਇਕ ਇਕ ਵਿਚ ਦੋ-ਦੋ ਪਰਿਵਾਰ ਰਹਿੰਦੇ ਸਨ। ਸਾਡੇ ਨਾਲ ਪੰਡਿਤ ਦੌਲਤ ਰਾਮ ਦਾ ਪਰਿਵਾਰ ਆ ਗਿਆ ਸੀ। ਇਹ ਪੰਡਿਤ ਦੌਲਤ ਰਾਮ ਉਹੀ ਸੀ ਜਿਸ ਤੋਂ ਗੁਰਬਖਸ਼ ਸਿੰਘ ਹੁਰਾਂ ਨੇ ਪ੍ਰੀਤ ਨਗਰ ਵਾਲੀ ਸਾਰੀ ਜ਼ਮੀਨ ਖਰੀਦੀ ਸੀ।
ਪ੍ਰੀਤ ਨਗਰ ਦਾ ਮਾਹੌਲ: ਪ੍ਰੀਤ ਨਗਰ ਵਿਚ ਸਾਡੇ ਸਮੇਤ ਹੋਰ ਵੀ ਪਰਿਵਾਰ ਵੱਖ-ਵੱਖ ਥਾਂਵਾਂ ਤੋਂ ਆਏ ਸਨ, ਸਭ ਨੂੰ ਇਥੋਂ ਦੀ ਜ਼ਿੰਦਗੀ, ਰਹਿਣੀ-ਬਹਿਣੀ, ਸਾਂਝੇ ਲੰਗਰ ਵਿਚ ਖਾਣਾਪਕਾਉਣਾ ਤੇ ਇਸਤਰੀ-ਪੁਰਸ਼ਾਂ ਵਿਚਲੀ ਆਪਸੀ ਖੁੱਲ੍ਹ ਬੜੀ ਅਨੋਖੀ, ਪਰ ਸੁਖਾਵੀਂ ਤੇ ਖੁਸ਼ਗਵਾਰ ਲੱਗੀ ਸੀ। ਸਭਨਾਂ ਨੂੰ ਇਥੋਂ ਦਾ ਹਾਸਿਆਂ ਤੇ ਖੁਸ਼ੀਆਂ ਖਿਲਾਰਦਾ ਪ੍ਰੀਤ-ਮਾਹੌਲ ਮੋਹਿਤ ਕਰਨ ਲੱਗਾ। ਪ੍ਰੀਤ ਨਗਰ ਦੀ ਆਪਣੀ ਕਲੱਬ ਵਿਚ ਇਸਤਰੀਆਂ, ਮਰਦ ਤੇ ਬੱਚੇ ਸਭ ਹਿੱਸਾ ਲੈਂਦੇ, ਬੈਡਮਿੰਟਨ ਤੇ ਵਾਲੀਬਾਲ ਆਦਿ ਖੇਡ ਸਾਰੇ ਰਲ ਕੇ ਖੇਡਦੇ, ਮੈਚ ਹੁੰਦੇ, ਨਾਟਕ ਖੇਡੇ ਜਾਂਦੇ, ਪਿਕਨਿਕਾਂ ਮਨਾਈਆਂ ਜਾਂਦੀਆਂ। ਕੁਝ ਹੀ ਦਿਨਾਂ ਵਿਚ ਇਹ ਸਾਰਾ ਪ੍ਰੀਤ-ਪਰਿਵਾਰ ਆਪਸ ਵਿਚ ਘੁਲ ਮਿਲ ਗਿਆ। ਬੱਚਿਆਂ ਦੀ ਆਪਸੀ ਸਾਂਝ ਵਧ ਗਈ।
1938 ਵਿਚ ਪ੍ਰੀਤ ਨਗਰ ਦਾ ਆਪਣਾ ਕੋਈ ਸਕੂਲ ਨਹੀਂ ਸੀ। ਮੇਰੇ ਦੋ ਛੋਟੇ ਭਰਾ ਕੁਲਦੀਪ ਤੇ ਕੁਲਵੰਤ ਤਾਂ ਪ੍ਰੀਤ ਨਗਰ ਰਹਿ ਕੇ ਹੀ ਸਹਿਰਾਈ ਜੀ ਤੋਂ ਘਰ ਵਿਚ ਹੀ ਪੜ੍ਹਦੇ ਰਹੇ। ਇਸੇ ਤਰ੍ਹਾਂ ਸ. ਗੁਰਬਖਸ਼ ਸਿੰਘ ਦੇ ਵੱਡੇ ਬੱਚਿਆਂ ਨੇ ਇਕ ਸਾਲ ਘਰ ਵਿਚ ਰਹਿ ਕੇ ਹੀ ਪੜ੍ਹਾਈ ਕੀਤੀ, ਪਰ ਮੈਂ ਤੇ ਗਿਆਨੀ ਭਜਨ ਸਿੰਘ ਦਾ ਲੜਕਾ ਸੇਵਾ ਸਿੰਘ ਲੋਪੋਕੀ ਦੇ ਡਿਸਟ੍ਰਿਕਟ ਬੋਰਡ ਹਾਈ ਸਕੂਲ ਵਿਚ ਦਾਖਲ ਹੋ ਗਏ। ਮੈਂ ਪੰਜਵੀਂ ਜਮਾਤ ਵਿਚ ਤੇ ਸੇਵਾ ਛੇਵੀਂ ਜਮਾਤ ਵਿਚ ਦਾਖਲ ਹੋਏ ਸਾਂ।
ਲੋਪੋਕੀ ਦਾ ਸਕੂਲ: ਪ੍ਰੀਤ ਨਗਰ ਤੋਂ ਲੋਪੋਕੀ ਇਕ ਮੀਲ ਦੀ ਦੂਰੀ 'ਤੇ ਸੀ, ਜਿਥੇ ਤੱਕ ਕੱਚੀ ਸੜਕ ਜਾਂਦੀ ਸੀ। ਰਸਤੇ ਵਿਚ ਕਈ ਟੋਏਟਿੱਬੇ ਆਉਂਦੇ, ਸੜਕ ਦੇ ਦੋਹੀਂ ਪਾਸੀਂ ਹਰੇ ਭਰੇ ਖੇਤ ਲਹਿ-ਲਹਾ ਰਹੇ ਹੁੰਦੇ, ਰਾਹ ਵਿਚ ਵਿਸ਼ਾਲ ਬੋਹੜਾਂ ਦੀ ਝੰਗੀ ਸੀ। ਬਰਸਾਤਾਂ ਦੇ ਮੌਸਮ ਵਿਚ ਟੋਏ ਪਾਣੀ ਨਾਲ ਭਰ ਜਾਂਦੇ, ਕੱਚੀ ਸੜਕ ਦੀ ਮਿੱਟੀ ਖੋਭਾ ਬਣ ਜਾਂਦੀ। ਚਿੱਕੜ ਤੇ ਖੋਭਿਆਂ ਵਿਚੋਂ ਲੰਘਦੇ ਅਸੀਂ ਪੈਦਲ ਸਕੂਲ ਪਹੁੰਚਦੇ ਸਾਂ।
ਜੁੱਤੀਆਂ ਹੱਥ ਵਿਚ ਫੜ ਲੈਂਦੇ ਤੇ ਪਜਾਮੇ ਟੁੰਗ ਲੈਂਦੇ। ਜਦੋਂ ਮੀਂਹ ਵਰ੍ਹ ਰਿਹਾ ਹੰਦਾ, ਮੈਂ ਤੇ ਸੇਵਾ ਛੱਤਰੀਆਂ ਲੈ ਕੇ ਆਉਂਦੇ ਸਾਂ, ਪਰ ਕੱਪੜੇ ਫਿਰ ਵੀ ਗਿੱਲੇ ਹੋ ਜਾਂਦੇ ਤੇ ਤੇਜ਼ ਹਵਾ ਵਿਚ ਛੱਤਰੀਆਂ ਉਡ-ਉਡ ਜਾਂਦੀਆਂ ਸਨ, ਜਿਨ੍ਹਾਂ ਦੀਆਂ ਕਮਾਨੀਆਂ ਵਿੰਗੀਆਂ ਟੇਢੀਆਂ ਹੋ ਜਾਂਦੀਆਂ ਤੇ ਕਈ ਵਾਰੀ ਬਿਲਕੁਲ ਪੁੱਠੀਆਂ ਹੋ ਜਾਂਦੀਆਂ।
ਗਰਮੀਆਂ ਦੇ ਦਿਨਾਂ ਵਿਚ ਸਖਤ ਗਰਮੀ ਪੈਂਦੀ ਸੀ। ਕੜਕਦੀ ਦੁਪਹਿਰ ਵਿਚ ਸਕੂਲੋਂ ਵਾਪਸ ਆਉਂਦਿਆਂ ਤਾਂ ਪਸੀਨੇ ਨਾਲ ਕੱਪੜੇ ਤਰ-ਬਤਰ ਹੋ ਜਾਂਦੇ। ਜਦੋਂ ਪਿਆਸ ਨਾਲ ਮੂੰਹ ਸੁੱਕਣ ਲੱਗ ਜਾਂਦਾ ਤਾਂ ਆਸ ਪਾਸ ਦੇ ਕਿਸੇ ਖੇਤਰ ਵਿਚ ਵਗਦੇ ਹਲਟ ਤੋਂ ਬੁੱਕਾਂ ਨਾਲ ਪਾਣੀ ਪੀਣਾ ਤੇ ਮੂੰਹ ਵੀ ਧੋਣਾ। ਜਦੋਂ ਬੋਹੜਾਂ ਕੋਲ ਪਹੁੰਚਣਾ, ਤਾਂ ਛਾਂ ਹੇਠ ਲੰਮੇ ਪੈ ਜਾਣਾ। ਕਈ ਵਾਰੀ ਨੀਂਦ ਨੇ ਗਲਬਾ ਪਾ ਲੈਣਾ ਤੇ ਅੱਖ ਲੱਗ ਜਾਣੀ, ਪਰ ਫਿਰ ਅੱਖਾਂ ਮਲਦੇ, ਆਪੋ ਆਪਣਾ ਬਸਤਾ ਚੁੱਕ ਕੇ ਘਰ ਤੁਰ ਪੈਣਾ।
ਲੋਪੋਕੀ ਪਿੰਡ ਵਿਚੋਂ ਲੰਘ ਕੇ ਸਾਡੇ ਡਿਸਟ੍ਰਿਕਟ ਬੋਰਡ ਹਾਈ ਸਕੂਲ ਨੂੰ ਰਾਹ ਜਾਂਦਾ ਸੀ ਜੋ ਪਿੰਡੋਂ ਬਾਹਰਵਾਰ ਸੀ। ਅਸੀਂ ਪਿੰਡ ਦੀਆਂ ਗਲੀਆਂ ਵਿਚੋਂ ਲੰਘਦੇ ਹੋਏ, ਚੌੜੀ ਗਲੀ ਵਿਚੋਂ ਹੋ ਕੇ ਸਕੂਲ ਪਹੁੰਚਦੇ ਸਾਂ। ਉਸ ਗਲੀ ਵਿਚ ਹਲਵਾਈ ਦੀ ਦੁਕਾਨ ਸੀ ਜਿਸ ਦੇ ਇਕ ਕੜਾਹੇ ਵਿਚ ਦੁੱਧ ਕੜ੍ਹ ਰਿਹਾ ਹੁੰਦਾ ਤੇ ਦੂਸਰੇ ਪਾਸੇ ਉਸ ਨੇ ਵੱਡੇ ਥਾਲ ਵਿਚ ਤਾਜ਼ੀ ਬਰਫੀ ਰੱਖੀ ਹੋਣੀ। ਆਮ ਤੌਰ 'ਤੇ ਜਦੋਂ ਅਸੀਂ ਉਸ ਦੀ ਦੁਕਾਨ ਕੋਲ ਪਹੁੰਚਦੇ ਤਾਂ ਉਹ ਬਰਫੀ ਦੀਆਂ ਵੱਡੀਆਂ ਵੱਡੀਆਂ ਟੁਕੜੀਆਂ ਕੱਟ ਰਿਹਾ ਹੁੰਦਾ। ਮੈਨੂੰ ਤੇ ਸੇਵੇ ਨੂੰ ਖਰਚਣ ਲਈ ਘਰੋਂ ਪੈਸੇ ਮਿਲਦੇ ਸਨ, ਸੋ ਅਸੀਂ ਉਸ ਦੀ ਦੁਕਾਨ ਤੋਂ ਅੱਧ ਅੱਧ ਪਾਅ ਬਰਫੀ ਖਰੀਦ ਲੈਣੀ ਤੇ ਰਸਤੇ ਵਿਚ ਬੜੇ ਸਵਾਦ ਨਾਲ ਖਾਂਦੇ ਹੋਏ ਸਕੂਲ ਪਹੁੰਚ ਜਾਣਾ। ਮੈਂ ਅੱਜ ਤੱਕ ਉਸ ਵਰਗੀ ਬਰਫੀ ਕਦੀ ਨਹੀਂ ਖਾਧੀ।
ਸਕੂਲ ਦੀ ਇਮਾਰਤ ਬਹੁਤ ਵੱਡੀ ਸੀ ਜਿਸ ਦੀ ਚਾਰ ਦੀਵਾਰੀ ਦੇ ਅੰਦਰ ਖੁੱਲ੍ਹਾ ਦਲਾਨ ਸੀ ਜਿਸ ਵਿਚ ਕੁਝ ਦੁਕਾਨਾਂ ਵੀ ਸਨ- ਕਿਤਾਬਾਂ ਤੇ ਸਟੇਸ਼ਨਰੀ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ। ਇਸੇ ਦਲਾਨ ਦੇ ਦੂਸਰੇ ਪਾਸੇ ਕੋਠੀਨੁਮਾ ਕਵਾਟਰ ਬਣਿਆ ਹੋਇਆ ਸੀ ਜਿਸ ਵਿਚ ਹੈਡਮਾਸਟਰ ਵਾਹਿਦ ਬਖਸ਼ ਦੀ ਰਿਹਾਇਸ਼ ਸੀ ਤੇ ਉਸ ਦੇ ਪਿਛਲੇ ਪਾਸੇ ਚਪੜਾਸੀਆਂ ਤੇ ਚੌਕੀਦਾਰਾਂ ਦੇ ਕਵਾਟਰ ਸਨ। ਸਕੂਲ ਦੀ ਬਿਲਡਿੰਗ ਦੇ ਪਿਛਲੇ ਪਾਸੇ ਖੁੱਲ੍ਹੀਆਂ ਗਰਾਊਂਡਾਂ ਸਨ, ਹਾਕੀ ਫੁੱਟਬਾਲ ਤੇ ਵਾਲੀਬਾਲ ਆਦਿ ਦੀਆਂ।
ਸਾਡੇ ਸਕੂਲ ਦੇ ਬਹੁਤੇ ਮਾਸਟਰ ਤੇ ਵਿਦਿਆਰਥੀ ਮੁਸਲਮਾਨ ਸਨ। ਸਵੇਰੇ ਪ੍ਰਾਰਥਨਾ ਹੁੰਦੀ ਜਿਸ ਵਿਚ ਉਰਦੂ ਨਗਮਾ 'ਲਬ ਪੈ ਆਈ ਹੈ ਦੁਆ, ਬਨ ਕੇ ਤਮੰਨਾ ਮੇਰੀ। ਜ਼ਿੰਦਗੀ ਹੋ ਸ਼ਮਹਾ ਕੀ ਸੂਰਤ ਐ ਖੁਦਾਇਆ ਮੇਰੀ।' ਤੇ ਜਾਂ ਫਿਰ 'ਖੁਦਾਇਆ ਕੌਨ ਹੈ ਸਾਨੀ ਤੇਰਾ ਸਾਰੇ ਜ਼ਮਾਨੇ ਮੇਂ' ਗਾਇਆ ਜਾਂਦਾ ਸੀ। ਇਕ ਮੁੰਡਾ ਅੱਗੇ ਬੋਲਦਾ ਸੀ ਤੇ ਬਾਕੀ ਸਭ ਮਗਰ। ਛੇਤੀ ਹੀ ਆਪਣੀ ਜਮਾਤ ਦੇ ਮੁੰਡਿਆਂ ਨਾਲ ਮੇਰੀ ਚੰਗੀ ਜਾਣ ਪਛਾਣ ਤੇ ਕੁਝ ਇਕ ਨਾਲ ਦੋਸਤੀ ਹੋ ਗਈ। ਮੇਰੇ ਪੱਕੇ ਦੋਸਤਾਂ ਵਿਚੋਂ ਦੋ ਸਕੇ ਭਰਾ ਸਨ- ਗੁਰਦੀਪ ਗਾਂਧੀ ਤੇ ਸੁਰਜੀਤ ਗਾਂਧੀ। ਇਹ ਦੋਵੇਂ ਸੱਕੀ ਨਦੀ ਦੇ ਕੋਲੋਂ ਪਿੰਡ ਤਰ੍ਹੀਣ (ਸੌੜੀਆਂ) ਤੋਂ ਲਗਭਗ ਪੰਜ ਛੇ ਮੀਲਾਂ ਦਾ ਪੈਂਡਾ ਪਾਰ ਕਰ ਕੇ ਸਕੂਲ ਪਹੁੰਚਦੇ ਸਨ। ਪੜ੍ਹਾਈ ਵਿਚ ਇਹ ਦੋਵੇਂ ਬੜੇ ਜ਼ਹੀਨ ਤੇ ਮਿਹਨਤੀ ਸਨ ਤੇ ਆਪਣੀ ਜਮਾਤ ਵਿਚੋਂ ਅੱਵਲ ਜਾਂ ਦੋਇਮ ਰਹਿੰਦੇ ਸਨ। ਤੀਸਰਾ ਮੇਰਾ ਮੁਸਲਮਾਨ ਦੋਸਤ ਸੀ ਅਬਦੁੱਲ ਰਹਿਮਾਨ ਜੋ ਅਰਾਈਆਂ ਦਾ ਪੁੱਤਰ ਸੀ ਤੇ ਪ੍ਰੀਤ ਨਗਰ ਦੇ ਨਾਲ ਦੇ ਪਿੰਡ ਚੱਕ ਮਿਸ਼ਰੀ ਖਾਂ ਦਾ ਰਹਿਣ ਵਾਲਾ ਸੀ।
ਪੰਜਵੀਂ ਪਾਸ ਕਰਨ ਤੋਂ ਬਾਅਦ ਜਦੋਂ ਮੈਂ ਲੋਪੋਕੀ ਦਾ ਸਕੂਲ ਛੱਡ ਕੇ ਪ੍ਰੀਤ ਨਗਰ ਦੇ ਆਪਣੇ ਸਕੂਲ ਵਿਚ ਦਾਖਲ ਹੋ ਗਿਆ, ਉਹ ਤਾਂ ਵੀ ਮੈਨੂੰ ਮਿਲਣ ਆਉਂਦਾ ਹੁੰਦਾ ਸੀ। ਪੜ੍ਹਾਈ ਵਿਚ ਵੀ ਲਾਇਕ, ਗੱਲਬਾਤ ਦਾ ਸਲੀਕਾ ਬੜਾ ਚੰਗਾ ਤੇ ਕੋਮਲ ਰੁਚੀਆਂ ਰੱਖਣ ਵਾਲਾ ਉਹ ਮੁੰਡਾ ਸੀ। ਉਸ ਨੂੰ ਫੁੱਲਾਂ ਨਾਲ ਬਹੁਤ ਪਿਆਰ ਸੀ, ਪਰ ਬਦਕਿਸਮਤੀ ਨੂੰ ਉਹ 1947 ਦੀ ਵੰਡ ਵੇਲੇ ਸਾਡੇ ਹੀ ਹਮਵਤਨਾਂ ਹੱਥੋਂ ਕਤਲ ਹੋ ਗਿਆ।
ਹੈਡਮਾਸਟਰ ਵਾਹਿਦ ਬਖਸ਼ ਬੜਾ ਸਖਤ ਆਦਮੀ ਸੀ। ਉਹ ਸਕੂਲ ਵਿਚਲੀ ਕਿਸੇ ਵੀ ਬਦਇੰਤਜ਼ਾਮੀ ਨੂੰ ਪਸੰਦ ਨਹੀਂ ਸੀ ਕਰਦਾ। ਉਸ ਦੇ ਹੁੰਦਿਆਂ ਨਾ ਕੋਈ ਟੀਚਰ ਤੇ ਨਾ ਹੀ ਮੁੰਡਾ ਪੂਰਾ ਪੀਰੀਅਡ ਖਤਮ ਹੋਣ ਤੋਂ ਪਹਿਲਾਂ ਕਲਾਸ ਵਿਚੋਂ ਨਿਕਲਣ ਦੀ ਜੁਰਅਤ ਕਰ ਸਕਦਾ ਸੀ। ਉਹ ਭਾਵੇਂ ਸਖਤ ਸੀ, ਪਰ ਬਹੁਤ ਕਾਮਯਾਬ ਪ੍ਰਬੰਧਕ ਸੀ। ਜਦੋਂ ਵੀ ਕੋਈ ਮੁੰਡਾ ਹੈਡਮਾਸਟਰ ਦੇ ਕੋਲੋਂ ਲੰਘਦਾ, ਆਪਣੇ ਸੱਜੇ ਹੱਥ ਨੂੰ ਮੱਥੇ ਕੋਲ ਲਿਜਾ ਕੇ ਹੈਡਮਾਸਟਰ ਸਾਹਿਬ ਨੂੰ ਝੁਕ ਕੇ ਸਲਾਮ ਕਰਦਿਆਂ ਕਹਿੰਦਾ, 'ਅਸਲਾਮਾ ਉਲੈਕਮ ਜਨਾਬ।'
ਮਾਸਟਰ ਦੀਨਾ ਨਾਥ ਸ਼ਰਮਾ: ਮਾਸਟਰ ਦੀਨਾ ਨਾਥ ਸ਼ਰਮਾ ਅੰਗਰੇਜ਼ੀ ਦਾ ਮਾਸਟਰ ਸੀ ਜੋ ਬਹੁਤ ਹੀ ਲਾਇਕ ਤੇ ਨਰਮ ਸੁਭਾਅ ਦਾ ਬੰਦਾ ਸੀ। ਉਹ ਪਗੜੀ ਬੰਨ੍ਹਦਾ ਤੇ ਪੱਗ ਦਾ ਪਿਛਲਾ ਲੜ ਵੀ ਟੁੰਗਿਆ ਹੁੰਦਾ ਸੀ। ਉਸ ਨੇ ਸ਼ਾਇਦ ਹੀ ਕਦੇ ਕਿਸੇ ਮੁੰਡੇ ਨੂੰ ਮਾਰਿਆ ਹੋਵੇ! ਪਿੰਡ ਦੇ ਮੁੰਡਿਆਂ ਦੀ ਅੰਗਰੇਜ਼ੀ ਅਕਸਰ ਕਮਜ਼ੋਰ ਹੁੰਦੀ ਹੈ, ਇਸ ਗੱਲ ਦਾ ਪੰਡਿਤ ਦੀਨਾ ਨਾਥ ਨੂੰ ਪੂਰਾ ਅਹਿਸਾਸ ਸੀ। ਉਹ ਕਿਹਾ ਕਰਦਾ ਸੀ ਕਿ ਜਿਸ ਨੂੰ ਅੰਗਰੇਜ਼ੀ ਦੀ ਗਰਾਮਰ ਆ ਗਈ, ਉਸ ਨੂੰ ਅੰਗਰੇਜ਼ੀ ਆ ਗਈ; ਤੇ ਜਿਸ ਦਾ ਸ਼ਬਦ ਭੰਡਾਰ ਜਿੰਨਾ ਵਧ ਗਿਆ ਤੇ ਸ਼ਬਦ ਜੋੜ ਸਹੀ ਯਾਦ ਹੋ ਗਏ, ਉਹ ਓਨਾ ਹੀ ਚੰਗਾ ਅੰਗਰੇਜ਼ੀਦਾਨ ਬਣ ਗਿਆ।
ਮਾਸਟਰ ਦੀਨਾ ਨਾਥ ਅੰਗਰੇਜ਼ੀ ਗਰਾਮਰ ਬੜੇ ਸਰਲ ਤੇ ਰੌਚਕ ਢੰਗ ਨਾਲ ਇਸ ਤਰ੍ਹਾਂ ਪੜ੍ਹਾਉਂਦਾ ਸੀ ਕਿ ਹਰ ਬੱਚੇ ਨੂੰ ਪੂਰੀ ਤਰ੍ਹਾਂ ਸਮਝ ਆ ਜਾਂਦੀ ਸੀ ਤੇ ਯਾਦ ਵੀ ਹੋ ਜਾਂਦੀ। ਉਸ ਦੀ ਸਿਖਾਈ ਹੋਈ ਗਰਾਮਰ ਤੇ ਉਸ ਦੀ ਸਹੀ ਵਰਤੋਂ ਬੜੀ ਮਿਹਨਤ ਤੇ ਲਗਨ ਨਾਲ ਸਾਨੂੰ ਸਿਖਾਈ ਸੀ। ਸਪੈਲਿੰਗ ਯਾਦ ਕਰਵਾਉਣ ਲਈ ਉਹ ਕਲਾਸ ਕੋਲੋਂ ਮੁਹਾਰਨੀ ਬੁਲਵਾਉਂਦਾ ਸੀ। ਪਹਿਲਾਂ ਉਹ ਕਿਸੇ ਸ਼ਬਦ ਦੇ ਸਪੈਲਿੰਗ ਆਪ ਬੋਲਦਾ, ਫਿਰ ਆਪਣੇ ਪਿਛੇ ਬੋਲਣ ਲਈ ਕਹਿੰਦਾ। ਇਸ ਤਰ੍ਹਾਂ ਮੁਸ਼ਕਿਲ ਤੋਂ ਮੁਸ਼ਕਿਲ ਸ਼ਬਦ ਜੋੜ ਜ਼ੁਬਾਨੀ ਯਾਦ ਹੋ ਜਾਂਦੇ। ਫਿਰ ਉਹ ਘਰ ਦਾ ਕੰਮ ਦੇਣ ਸਮੇਂ ਹਰ ਰੋਜ਼ ਅੰਗਰੇਜ਼ੀ ਦੇ ਪੰਜ ਸ਼ਬਦ ਦਿੰਦਾ ਜਿਨ੍ਹਾਂ ਦੇ ਸ਼ਬਦ ਜੋੜ ਘਰੋਂ ਯਾਦ ਕਰ ਕੇ ਆਉਣਾ ਹੁੰਦਾ ਸੀ ਤੇ ਕਲਾਸ ਵਿਚ ਆ ਕੇ ਸੁਣਾਉਣੇ ਹੁੰਦੇ ਸਨ। ਇਸ ਤੋਂ ਇਲਾਵਾ ਉਹ ਖੁਸ਼ਖਤ ਲਿਖਾਈ 'ਤੇ ਬੜਾ ਜ਼ੋਰ ਦਿੰਦਾ ਸੀ। ਚਾਰ ਲਕੀਰੀ ਅੰਗਰੇਜ਼ੀ ਦੀ ਕਾਪੀ ਉਤੇ 'ਜੀ' ਦੀ ਨਿੱਬ ਨਾਲ ਕਿਵੇਂ ਖੁਸ਼ਖਤ ਲਿਖਣਾ ਹੈ, ਉਹ ਸਾਨੂੰ ਸਿਖਾਉਂਦਾ। ਹਰ ਇਕ ਦੀ ਕਾਪੀ ‘ਤੇ ਪਹਿਲਾਂ ਆਪ ਲਿਖਦਾ, ਫਿਰ ਉਹੋ ਜਿਹਾ ਲਿਖਣ ਲਈ ਘਰ ਦਾ ਕੰਮ ਵੀ ਦਿੰਦਾ ਤੇ ਕਲਾਸ ਵਿਚ ਵੀ ਕਰਾਉਂਦਾ। ਉਹ ਮੁੰਡਿਆਂ ਦਾ ਹਰਮਨ ਪਿਆਰਾ ਅਧਿਆਪਕ ਸੀ, ਇਸੇ ਲਈ ਲੱਗਦੀ ਵਾਹ ਕਦੀ ਕਿਸੇ ਮੁੰਡੇ ਨੇ ਉਸ ਦੀ ਕਲਾਸ ਵਿਚ ਨਾਗਾ ਨਹੀਂ ਸੀ ਪਾਇਆ।
ਇਥੇ ਮੈਨੂੰ ਮਾਸਟਰ ਦੀਨਾ ਨਾਥ ਨਾਲ ਮੇਰੀ ਲਗਭਗ ਪੈਂਤੀ ਸਾਲਾਂ ਬਾਅਦ ਹੋਈ ਅਚਾਨਕ ਮੁਲਾਕਾਤ ਦਾ ਚੇਤਾ ਆ ਗਿਆ ਹੈ।
ਸ਼ਾਇਦ 1973 ਜਾਂ 74 ਦਾ ਸਾਲ ਸੀ, ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵਿਚ ਰੀਡਰ ਸਾਂ। ਇਕ ਦਿਨ ਮੈਂ ਆਪਣੀ ਕਲਾਸ ਲੈ ਕੇ ਮੁੜਿਆ ਤਾਂ ਮੇਰੇ ਕਮਰੇ ਵਿਚ ਬਜ਼ੁਰਗ ਹਿੰਦੂ ਸੱਜਣ ਬੈਠੇ ਮੇਰੀ ਇੰਤਜ਼ਾਰ ਕਰ ਰਹੇ ਸਨ। ਮੈਨੂੰ ਆਇਆ ਦੇਖ ਕੇ ਉਹ ਉਠ ਖੜ੍ਹੇ ਹੋਏ ਤੇ ਹੱਥ ਜੋੜ ਕੇ ਸਤਿਕਾਰ ਨਾਲ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ। ਮੈਂ ਬੈਠ ਜਾਣ ਦੀ ਬੇਨਤੀ ਕੀਤੀ। ਮੈਂ ਉਨ੍ਹਾਂ ਨੂੰ ਸਿਰ ਤੋਂ ਪੈਰਾਂ ਤੀਕ ਗਹੁ ਨਾਲ ਦੇਖ ਰਿਹਾ ਸਾਂ- "ਹੈਂ! ਹੂ-ਬ-ਹੂ ਓਹੀ ਨਕਸ਼-ਨੁਹਾਰ। ਸਿਰ 'ਤੇ ਉਸੇ ਤਰ੍ਹਾਂ ਦੀ ਪਗੜੀ ਜਿਸ ਦਾ ਪਿਛਲਾ ਲਾਂਗੜ ਲਮਕਾਉਣ ਦੀ ਥਾਂ ਪੱਗ ਵਿਚ ਟੁੰਗਿਆ ਹੋਇਆ ਸੀ। ਹੁਣੇ ਹੁਣੇ ਉਨ੍ਹਾਂ ਦੀ ਸੁਣੀ ਹੋਈ ਆਵਾਜ਼ ਵੀ ਓਹੋ। ਕੀ ਇਹ ਮੇਰੇ ਲੋਪੋਕੀ ਸਕੂਲ ਦੇ ਮਾਸਟਰ ਦੀਨਾ ਨਾਥ ਸ਼ਰਮਾ ਤਾਂ ਨਹੀਂ?" ਮੈਂ ਸੋਚ ਰਿਹਾ ਸਾਂ, ਮੈਂ ਫਿਰ ਵੀ ਪੁੱਛ ਲਿਆ, "ਜੇ ਮੈਂ ਭੁੱਲਦਾ ਨਹੀਂ ਤਾਂ ਕੀ ਆਪ ਮਾਸਟਰ ਦੀਨਾ ਨਾਥ ਸ਼ਰਮਾ ਤਾਂ ਨਹੀਂ?"
"ਹਾਂ ਹਾਂ, ਮੇਰਾ ਨਾਮ ਦੀਨਾ ਨਾਥ ਹੀ ਹੈ, ਪਰ ਤੁਸੀਂ ਮੈਨੂੰ ਕਿਸ ਤਰ੍ਹਾਂ ਜਾਣਦੇ ਹੋ?" ਮੈਂ ਉਠ ਕੇ ਉਨ੍ਹਾਂ ਦੇ ਚਰਨ ਛੋਹੇ ਤੇ ਦੱਸਿਆ ਕਿ ਮੈਂ ਲੋਪੋਕੀ ਸਕੂਲ ਵਿਚ ਉਨ੍ਹਾਂ ਕੋਲੋਂ ਪੰਜਵੀਂ ਜਮਾਤ ਵਿਚ ਅੰਗਰੇਜ਼ੀ ਪੜ੍ਹਦਾ ਰਿਹਾ ਹਾਂ। ਇਹ ਸੁਣ ਕੇ ਉਨ੍ਹਾਂ ਮੈਨੂੰ ਗਲੇ ਨਾਲ ਲਾ ਲਿਆ ਤੇ ਕਿਹਾ ਕਿ 'ਮੇਰਾ ਪੜ੍ਹਾਇਆ ਹੋਇਆ ਸਟੂਡੈਂਟ ਅੱਜ ਯੂਨੀਵਰਸਿਟੀ ਵਿਚ ਪ੍ਰੋਫੈਸਰ ਹੈ।' ਉਨ੍ਹਾਂ ਦਾ ਗਲਾ ਭਰ ਆਇਆ ਸੀ। ਮੈਂ ਉਨ੍ਹਾਂ ਲਈ ਚਾਹ ਮੰਗਵਾਈ ਤੇ ਪੁੱਛਿਆ ਕਿ ਤੁਸੀਂ ਅੱਜ ਇਥੇ ਅਚਾਨਕ ਕਿਸ ਤਰ੍ਹਾਂ ਆ ਗਏ? ਉਨ੍ਹਾਂ ਦੱਸਿਆ ਕਿ ਉਹ ਆਪਣੇ ਪੁੱਤਰ ਲੋਕ ਨਾਥ ਨੂੰ ਮਿਲਣ ਆਏ ਸਨ ਜੋ ਇਥੇ ਐਮ.ਏ. ਵਿਚ ਪੜ੍ਹਦਾ ਹੈ। "ਹੈਂ! ਲੋਕ ਨਾਥ ਤੁਹਾਡਾ ਪੁੱਤਰ ਹੈ, ਉਹ ਤਾਂ ਮੇਰਾ ਹੋਣਹਾਰ ਸ਼ਾਗਿਰਦ ਹੈ।" ਮੇਰੇ ਮੂੰਹੋਂ ਹੈਰਾਨੀ ਨਾਲ ਨਿਕਲਿਆ।
ਮਾਸਟਰ ਦੀਨਾ ਨਾਥ ਗਦਗਦ ਹੋ ਗਏ। ਉਨ੍ਹਾਂ ਦਾ ਸ਼ਾਗਿਰਦ, ਉਨ੍ਹਾਂ ਦੇ ਪੁੱਤਰ ਦਾ ਉਸਤਾਦ! ਉਨ੍ਹਾਂ ਦੀਆਂ ਅੱਖਾਂ ਵਿਚ ਖੁਸ਼ੀ, ਮਾਣ ਤੇ ਅਪਣੱਤ ਦੀ ਵਿਲੱਖਣ ਚਮਕ ਮੈਨੂੰ ਨਜ਼ਰੀਂ ਪਈ। ਮੈਂ ਉਨ੍ਹਾਂ ਨੂੰ ਦੱਸਿਆ ਕਿ ਲੋਕ ਨਾਥ ਤਾਂ ਅੱਜ ਹੀ ਪਿੰਡ ਗਿਆ ਹੈ, ਦੋ ਦਿਨਾਂ ਦੀ ਛੁੱਟੀ ਲੈ ਕੇ। ਉਹ ਕਹਿੰਦਾ ਸੀ, ਬਹੁਤ ਦਿਨਾਂ ਤੋਂ ਘਰ ਨਹੀਂ ਗਿਆ।
ਕੁਝ ਦੇਰ ਬੈਠਣ ਤੋਂ ਬਾਅਦ ਮਾਸਟਰ ਦੀਨਾ ਨਾਥ ਚਲੇ ਗਏ, ਪਰ ਮੈਂ ਵਰਤਮਾਨ ਤੇ ਭੂਤਕਾਲ ਦੀਆਂ ਜੁੜੀਆਂ ਕੜੀਆਂ ਬਾਰੇ ਸੋਚਦਾ ਰਿਹਾ। ਉਹੀ ਲੋਕ ਨਾਥ ਬਾਅਦ ਵਿਚ, ਪ੍ਰੋਫੈਸਰ ਲੋਕ ਨੱਥ ਬਣ ਗਿਆ ਤੇ ਮਸ਼ਹੂਰ ਕਵੀ ਤੇ ਲੇਖਕ ਵੀ।
ਮੌਲਵੀ ਅਬਦੁੱਲਾ: ਫਿਰ ਲੋਪੋਕੀ ਸਕੂਲ ਵੱਲ ਵਾਪਸ ਮੁੜਦਾ ਹਾਂ। ਉਰਦੂ ਉਨ੍ਹਾਂ ਦਿਨਾਂ ਵਿਚ ਲਾਜ਼ਮੀ ਮਜ਼ਮੂਨ ਹੁੰਦਾ ਸੀ ਜੋ ਸਾਨੂੰ ਮੌਲਵੀ ਅਬਦੁੱਲਾ ਪੜ੍ਹਾਇਆ ਕਰਦਾ ਸੀ। ਦਰਮਿਆਨਾ ਕੱਦ, ਨਿੱਕੀਆਂ ਅੱਖਾਂ ਤੇ ਕਿਸੇ ਹੱਦ ਤੱਕ ਮੋਟਾ ਨੱਕ ਸੀ ਉਸ ਦਾ। ਸਿਰ 'ਤੇ ਉਸ ਨੇ ਕੁੱਲੇ ਵਾਲੀ ਪੱਗ ਬੰਨ੍ਹੀ ਹੁੰਦੀ ਸੀ। ਕਤਰੀ ਹੋਈ ਛੋਟੀ ਦਾਹੜੀ ਤੇ ਲਬਾਂ ਤੋਂ ਕੱਟੀਆਂ ਛੋਟੀਆਂ ਮੁੱਛਾਂ ਰੱਖੀਆਂ ਹੋਈਆਂ ਸਨ। ਪ੍ਰੀਤ ਨਗਰ ਦੇ ਨੇੜੇ ਹੀ ਕਿਸੇ ਪਿੰਡ ਵਿਚ ਉਹ ਰਹਿੰਦਾ ਸੀ। ਅਸੀਂ ਉਸ ਨੂੰ ਓ.ਟੀ. ਮਾਸਟਰ ਕਹਿੰਦੇ ਸਾਂ।
ਮੌਲਵੀ ਅਬਦੁੱਲਾ ਸਾਨੂੰ ਇਮਲਾਹ (ਡਿਕਟੇਸ਼ਨ) ਲਿਖਾਉਂਦਾ ਸੀ। ਜਿਨ੍ਹਾਂ ਮੁੰਡਿਆਂ ਦੀਆਂ ਜ਼ਿਆਦਾ ਗਲਤੀਆਂ ਹੁੰਦੀਆਂ, ਉਨ੍ਹਾਂ ਨੂੰ ਬੈਂਚ 'ਤੇ ਖੜ੍ਹਾ ਕਰ ਕੇ ਹੱਥਾਂ 'ਤੇ ਚਪਟੀਆਂ ਮਾਰਦਾ। ਜਮਾਤ ਵਿਚ ਸ਼ਰਾਰਤ ਕਰਨ ਵਾਲੇ ਨੂੰ ਮੁਰਗਾ ਵੀ ਬਣਾਉਂਦਾ। ਗਾਚਣੀ ਨਾਲ ਪੋਚੀਆਂ ਤਖਤੀਆਂ 'ਤੇ ਉਰਦੂ ਲਿਖਣ ਲਈ ਉਚੇਰੀ ਘੜੀ ਹੋਈ ਕਾਨੇ ਦੀ ਕਲਮ ਨਾਲ ਮਿੱਟੀ ਦੀ ਦਵਾਤ ਵਿਚ ਪਾਈ ਹੋਈ ਕਾਲੀ ਸਿਆਹੀ ਨਾਲ ਉਹ ਸਾਨੂੰ ਇਕ ਇਕ ਲਫਜ਼ ਖੁਸ਼ਖਤ ਲਿਖਣਾ ਸਿਖਾਉਂਦਾ ਸੀ। ਕਾਲੇ ਰੰਗ ਦੀ ਦਾਣੇਦਾਰ ਸੁੱਕੀ ਸਿਆਹੀ ਨੂੰ ਅਸੀਂ ਦਵਾਤ ਵਿਚ ਪਾਉਂਦੇ, ਉਸ ਵਿਚ ਛੋਟੀ ਜਿਹੀ ਲੀਰ ਦਾ ਟੋਟਾ ਰੱਖ ਲੈਂਦੇ ਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਸੰਘਣਾ ਕਰ ਕੇ ਉਸ ਨੂੰ ਘੁਲੀ ਹੋਈ ਸਿਆਹੀ ਬਣਾ ਕੇ ਲਿਖਦੇ ਹੁੰਦੇ ਸਾਂ।
ਉਂਜ ਤਾਂ ਮੁੰਡੇ ਮਾਸਟਰਾਂ ਤੇ ਹੈਡਮਾਸਟਰ ਦੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਰਹਿੰਦੇ, ਕਦੀਕਦੀ ਕੋਈ ਮਾਸਟਰ ਕਿਸੇ ਮੁੰਡੇ ਨੂੰ ਘਰੋਂ ਘਿਓ ਲਿਆਉਣ ਲਈ ਕਹਿ ਦਿੰਦਾ ਤੇ ਕੋਈ ਗੰਨੇ ਜਾਂ ਸਾਗ। ਕਿਸੇ ਦੀ ਮੱਝ ਸੂੰਦੀ ਤਾਂ ਮਾਸਟਰ ਲਈ ਬ੍ਹੌਲੀ ਲੈ ਕੇ ਜਾਣੀ ਤਾਂ ਹਰ ਹਾਲਤ ਵਿਚ ਬਣਦੀ ਸੀ। ਕੋਈ ਕਿਸੇ ਮਾਸਟਰ ਲਈ ਦੁੱਧ ਲਿਆ ਰਿਹਾ ਹੈ ਤੇ ਅਰਾਈਆਂ ਦਾ ਕੋਈ ਮੁੰਡਾ ਹਰੀ ਤਾਜ਼ੀ ਸਬਜ਼ੀ। ਓ.ਟੀ. ਮੌਲਵੀ ਦੀਆਂ ਫਰਮਾਇਸ਼ਾਂ ਬਾਕੀਆਂ ਨਾਲੋਂ ਵੱਧ ਹੁੰਦੀਆਂ। ਉਂਜ ਉਹ ਮੁੰਡਿਆਂ ਦੀ ਤੌਫੀਕ ਦੇਖ ਕੇ ਫਰਮਾਇਸ਼ ਪਾਉਂਦਾ ਸੀ। ਇਕ ਦਿਨ ਮੌਲਵੀ ਓ.ਟੀ. ਨੇ ਸਾਡੀ ਜਮਾਤ ਨੂੰ ਇਹ ਖੁਸ਼ਖਬਰੀ ਸੁਣਾਈ ਕਿ ਅੱਲਾਹ ਤਾਲਾ ਨੇ ਉਸ ਨੂੰ ਫਰਜ਼ੰਦ (ਪੁੱਤਰ) ਦੀ ਦਾਤ ਬਖਸ਼ੀ ਹੈ। ਅਸੀਂ ਸਭਨਾਂ ਨੇ ਮੌਲਵੀ ਨੂੰ ਮੁਬਾਰਕ ਦਿੱਤੀ। ਮੌਲਵੀ ਨੇ ਸਾਨੂੰ ਸਮਝਾਇਆ ਕਿ ਮੁਬਾਰਕ ਸਿਰਫ ਮੂੰਹ ਨਾਲ ਹੀ ਨਹੀਂ ਦੇਈਦੀ, ਸਾਡੇ ਘਰ ਆ ਕੇ ਮੁਬਾਰਕ ਦਿਓ। ਕੋਈ ਚੰਗਾ ਜਿਹਾ ਤੋਹਫਾ ਲਿਆਓ ਜਿਸ ਨਾਲ ਸਾਡੀ ਬੇਗਮ ਵੀ ਖੁਸ਼ ਹੋ ਜਾਏ। ਮੁੰਡਿਆਂ ਨੇ ਘਰ ਆ ਕੇ ਆਪੋ ਆਪਣੇ ਮਾਪਿਆਂ ਨੂੰ ਇਹ ਗੱਲ ਦੱਸੀ ਤੇ ਮਾਪੇ ਅੰਮ੍ਰਿਤਸਰ ਤੋਂ ਤੋਹਫੇ ਖਰੀਦ ਕੇ ਮਾਸਟਰ ਦੇ ਘਰ ਦੇਣ ਗਏ।
ਕਾਫੀ ਦਿਨਾਂ ਬਾਅਦ ਇਕ ਦਿਨ ਮੌਲਵੀ ਸਾਹਿਬ ਨੇ ਜਮਾਤ ਵਿਚ ਮੈਨੂੰ ਮੁਖਾਤਿਬ ਹੋ ਕੇ ਤੇ ਸਭ ਨੂੰ ਸੁਣਾ ਕੇ ਕਿਹਾ, "ਬੱਚਾ ਛੋਟਾ ਹੋਣ ਕਰ ਕੇ ਰੋਂਦਾ ਬਹੁਤ ਹੈ, ਉਸ ਦੀ ਅੰਮਾ ਨੂੰ ਘਰ ਦਾ ਕੰਮ ਵੀ ਕਰਨਾ ਪੈਂਦਾ ਹੈ, ਮੈਂ ਮਦਰੱਸੇ ਆਉਣਾ ਹੁੰਦਾ ਹੈ, ਇਸ ਲਈ ਬੱਚੇ ਨੂੰ ਕੌਣ ਚੁੱਕੀ ਫਿਰੇ। ਬੱਚਿਓ! ਜੇ ਕਿਸੇ ਦੇ ਘਰ ਕੋਈ ਪੰਘੂੜਾ ਹੋਵੇ ਤਾਂ ਕੁਝ ਚਿਰ ਲਈ ਮੈਨੂੰ ਲਿਆ ਦੋਵੋ। ਬੱਚਾ ਪੰਘੂੜੇ ਵਿਚ ਪਿਆ ਰਿਹਾ ਕਰੇਗਾ।"
ਸੁਣ ਕੇ ਸਾਰੇ ਮੁੰਡੇ ਇਕ ਦੂਜੇ ਦੇ ਮੂੰਹ ਵੱਲ ਤੱਕਣ ਲੱਗੇ। ਪਿੰਡਾਂ ਦੇ ਗਰੀਬ ਬੱਚਿਆਂ ਨੇ ਤਾਂ ਪੰਘੂੜਾ ਦੇਖਿਆ ਤੱਕ ਨਹੀਂ ਸੀ। ਮਾਸਟਰ ਮੇਰੇ ਵੱਲ ਤੱਕ ਰਿਹਾ ਸੀ। ਮੈਨੂੰ ਝੱਟ ਖਿਆਲ ਆਇਆ ਕਿ ਸਾਡੇ ਘਰ ਬਹੁਤ ਵਧੀਆ ਪੰਘੂੜਾ ਫਾਲਤੂ ਪਿਆ ਹੈ ਜੋ ਬੜੇ ਸਾਲਾਂ ਤੋਂ ਸਟੋਰ ਵਿਚ ਰੱਖਿਆ ਹੋਇਆ ਹੈ। ਮੈਂ ਝੱਟ ਕਹਿ ਦਿੱਤਾ, "ਮੌਲਵੀ ਜੀ, ਸਾਡੇ ਘਰ ਪੰਘੂੜਾ ਹੈ, ਤੁਸੀਂ ਲੈ ਲੈਣਾ।" ਮਾਸਟਰ ਸੁਣ ਕੇ ਬਾਗ ਬਾਗ ਹੋ ਗਿਆ। ਮੈਂ ਬਾਊ ਜੀ ਨੂੰ ਪਹਿਲਾਂ ਹੀ ਸਾਰੀ ਗੱਲ ਦੱਸ ਚੁਕਾ ਸਾਂ। ਅਗਲੇ ਦਿਨ ਉਹ ਪ੍ਰੀਤ ਨਗਰ ਸਾਡੇ ਘਰ ਪੰਘੂੜਾ ਲੈਣ ਆ ਗਿਆ।
ਬਾਊ ਜੀ ਨੇ ਖੁਸ਼ੀ ਖੁਸ਼ੀ ਉਹ ਪੰਘੂੜਾ ਮਾਸਟਰ ਸਾਹਿਬ ਨੂੰ ਦੇ ਦਿੱਤਾ। ਮੁੜ ਕੇ ਉਹ ਪੰਘੂੜਾ ਸਾਨੂੰ ਵਾਪਸ ਨਹੀਂ ਮਿਲਿਆ। ਪਤਾ ਨਹੀਂ, ਮੌਲਵੀ ਸਾਹਿਬ ਨੇ ਬਾਅਦ ਵਿਚ ਆਪਣੇ ਕਿੰਨੇ ਕੁ ਫਰਜ਼ੰਦਾਂ ਨੂੰ ਉਸ ਵਿਚ ਝੂਟੇ ਦਿਵਾਏ ਹੋਣਗੇ! ਉਂਜ, ਏਨਾ ਜ਼ਰੂਰ ਯਾਦ ਹੈ ਕਿ ਉਸ ਤੋਂ ਬਾਅਦ ਜਿੰਨਾ ਸਮਾਂ ਵੀ ਮੈਂ ਸਕੂਲ ਵਿਚ ਪੜ੍ਹਦਾ ਰਿਹਾ, ਮੌਲਵੀ ਜੀ ਮੇਰੇ 'ਤੇ ਖਾਸ ਮਿਹਰਬਾਨ ਰਹੇ।
ਲੋਪੋਕੀ ਸਕੂਲ ਵਿਚ ਮੈਂ ਪੂਰਾ ਇਕ ਸਾਲ ਪੜ੍ਹਿਆ। ਪੰਜਵੀਂ ਜਮਾਤ ਪਾਸ ਕਰ ਕੇ ਛੇਵੀਂ ਵਿਚ ਪ੍ਰੀਤ ਨਗਰ ਦੇ ਆਪਣੇ ਬਣੇ ਐਕਟਿਵਿਟੀ ਸਕੂਲ ਵਿਚ ਦਾਖਲ ਹੋ ਗਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਕਰਤਾਰ ਸਿੰਘ ਸੂਰੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ