Angoori (Punjabi Story) : S. Saki

ਅੰਗੂਰੀ (ਕਹਾਣੀ) : ਐਸ ਸਾਕੀ

ਉਹ ਪਿਛਲੇ ਪੰਦਰਾਂ ਸਾਲਾਂ ਦਾ ਅੰਗੂਰੀ ਨੂੰ ਰੋਜ਼ ਇੱਕ ਟੁੱਟੀ ਮੰਜੀ ‘ਤੇ ਲੰਮੀ ਪਈ ਵੇਖਦਾ ਆ ਰਿਹਾ ਸੀ। ਉਹ ਸਕੂਟਰ ‘ਤੇ ਬੈਠਾ ਫ…ਰ…ਰ… ਕਰਦਾ ਉਸ ਦੇ ਨੇੜਿਓਂ ਅੱਗੇ ਲੰਘ ਜਾਂਦਾ। ਅੰਗੂਰੀ ਦੀ ਇੱਕ ਝਲਕ ਜਿਹੀ ਹੀ ਉਸ ਦੀਆਂ ਅੱਖਾਂ ਨੂੰ ਪੈਂਦੀ ਪਰ ਕਦੇ ਵੀ ਅਜਿਹਾ ਕੁਝ ਨਾ ਹੋਇਆ ਜਿਸ ਨੇ ਉਸ ਦੇ ਮਨ ਨੂੰ ਵਿਚਲਿਤ ਕੀਤਾ ਹੋਵੇ ਪਰ ਪਿਛਲੇ ਛੇ ਮਹੀਨੇ ਤੋਂ ਤਾਂ ਜਿਵੇਂ ਅੰਗੂਰੀ ਅੱਖਾਂ ਹੀ ਅੱਖਾਂ ਰਾਹੀਂ ਉਹਦਾ ਰਾਹ ਰੋਕ ਕੇ ਖੜੋਣ ਲੱਗੀ ਸੀ। ਹੁਣ ਇਸ ਵਿੱਚ ਅੰਗੂਰੀ ਵਿਚਾਰੀ ਦਾ ਕੀ ਦੋਸ਼ ਸੀ? ਇਹ ਪੰਗਾ ਤਾਂ ਉਸ ਨੇ ਆਪ ਲਿਆ ਸੀ। ਆਪ ਉਸ ਨੂੰ ਛੇੜਿਆ ਸੀ। ਨਹੀਂ ਤਾਂ ਉਹ ਸਾਰਾ ਦਿਨ ਇਕੱਲੀ ਟੁੱਟੀ ਜਿਹੀ ਮੰਜੀ ‘ਤੇ ਚੁੱਪ ਧਾਰੀ ਬੈਠੀ ਰਹਿੰਦੀ ਜਾਂ ਲੰਮੀ ਪਈ ਦਿੱਸਦੀ ਸੀ।
ਉਸ ਕੋਲੋਂ ਵੀ ਅਣਜਾਣਪੁਣੇ ਵਿੱਚ ਇੱਕ ਭੁੱਲ ਹੋ ਗਈ ਸੀ। ਉਹ ਕਦੋਂ ਚਾਹੁੰਦਾ ਸੀ ਕਿ ਮੁਫ਼ਤ ਦੀ ਬਲਾ ਗਲ ਪਵੇ। ਅਸਲ ਵਿੱਚ ਜਿਹੜੇ ਸਕੂਲ ਉਹ ਨੌਕਰੀ ਕਰਦਾ ਸੀ ਉਹ ਦਿੱਲੀ ‘ਚ ਕਸ਼ਮੀਰੀ ਗੇਟ ਦੇ ਇੱਕ ਮੁਹੱਲੇ ਵਿੱਚ ਸੀ। ਪੰਦਰਾਂ ਸਾਲਾਂ ਤੋਂ ਉਹ ਇਸ ਸਕੂਲ ਵਿੱਚ ਨੌਕਰੀ ਕਰ ਰਿਹਾ ਸੀ।
ਸਕੂਲ ਪਹੁੰਚਣ ਲਈ ਉਸ ਨੂੰ ਪਹਿਲਾਂ ਇੱਕ ਗਲੀ ਪਾਰ ਕਰਨੀ ਪੈਂਦੀ ਸੀ। ਲੰਮੀ ਜਿਹੀ ਗਲੀ ਬਿਲਕੁਲ ਇੱਕ ਦੇਹ ਵਾਂਗ ਜਿਸ ਦੀਆਂ ਬਾਹਰ ਵੱਲ ਫੈਲੀਆਂ ਦੋਵੇਂ ਬਾਹਾਂ ‘ਤੇ ਜਿਵੇਂ ਘਰ ਹੀ ਘਰ ਉੱਗੇ ਹੋਏ ਸਨ। ਫਿਰ ਗਲੀ ‘ਤੇ ਥੋੜ੍ਹਾ ਜਿਹਾ ਉਪਰ ਉੱਠ ਇੱਕ ਡਿਉੜੀ ਵਿੱਚ ਵੜਨਾ ਪੈਂਦਾ ਸੀ ਜਿਸ ਨਾਲ ਇੱਕ ਖੁੱਲ੍ਹਾ ਬਰਾਂਡਾ ਜੁੜਿਆ ਹੋਇਆ ਸੀ ਜਿਸ ਥਾਣੀਂ ਲੰਘ ਕੇ ਉਸ ਦਾ ਸਕੂਲ ਆਉਂਦਾ ਸੀ। ਅੰਗੂਰੀ ਉਸ ਬਰਾਂਡੇ ਵਿੱਚ ਅਕਸਰ ਮੰਜੀ ਡਾਹੀ ਦਿਸਦੀ। ਵਾਣ ਵਾਲੀ ਮੰਜੀ ਜਿਸ ਦੀ ਦੌਣ ਜਾਂ ਤਾਂ ਕਈ ਵਾਰੀ ਟੁੱਟੀ ਹੁੰਦੀ ਜਾਂ ਫਿਰ ਢਿੱਲੀ ਹੁੰਦੀ। ਉੱਥੇ ਉਹ ਮੰਜੀ ਵਿੱਚ ਟੰਗਾਂ ਸੁਕੇੜੀ ਪਾਸੇ ਪਰਨੇ ਪਈ ਰਹਿੰਦੀ, ਜਿਵੇਂ ਉਹ ਅੰਗੂਰੀ ਦੀ ਦੇਹ ਨਾ ਹੋ ਕੇ ਕੱਪੜਿਆਂ ਦੀ ਇੱਕ ਗੱਠੜੀ ਹੋਵੇ ਜਿਸ ਨੂੰ ਕਿਸੇ ਨੇ ਬੰਨ੍ਹ ਕੇ ਉੱਥੇ ਸੁੱਟ ਦਿੱਤਾ ਹੋਵੇ। ਅੰਗੂਰੀ ਦੀ ਉਮਰ ਕੋਈ ਸੱਤਰ-ਬਹੱਤਰ ਤੋਂ ਉੱਤੇ ਹੀ ਹੋਣੀ। ਜੇ ਉਹ ਇਸ ਸਕੂਲ ਵਿੱਚ ਪਿਛਲੇ ਪੰਦਰਾਂ ਸਾਲਾਂ ਤੋਂ ਨੌਕਰੀ ਕਰਦਾ ਆ ਰਿਹਾ ਸੀ ਤਾਂ ਅੰਗੂਰੀ ਵੀ ਉਸੇ ਬਰਾਂਡੇ ਵਿੱਚ ਉਸ ਤੋਂ ਕਿਤੇ ਪਹਿਲਾਂ ਦੀ ਮੰਜੀ ਡਾਹ ਕੇ ਸੌਂਦੀ ਆ ਰਹੀ ਸੀ। ਭਾਵੇਂ ਉਹ ਉੱਥੋਂ ਹਰ ਰੋਜ਼ ਲੰਘਦਾ ਸੀ ਪਰ ਅਜਿਹੀ ਸਥਿਤੀ ਕਦੇ ਪੈਦਾ ਨਹੀਂ ਸੀ ਹੋਈ ਕਿ ਉਸ ਨੂੰ ਅੰਗੂਰੀ ਕੋਲੋਂ ਮੂੰਹ ਛੁਪਾ ਕੇ ਜਾਣਾ ਪਿਆ ਹੋਵੇ। ਬਸ ਉਸ ਦੇ ਸਾਹਮਣੇ ਹੁੰਦਿਆਂ ਹੀ ਉਹ ਦੋਵੇਂ ਹੱਥ ਜੋੜ, ਸ਼ਕਲ ਰੋਣ ਵਾਲੀ ਬਣਾ ਮੂੰਹ ਇਉਂ ਲਮਕਾ ਲੈਂਦੀ ਜਿਵੇਂ ਰਬੜ ਦਾ ਬਣਿਆ ਹੋਵੇ ਅਤੇ ਕਿਸੇ ਨੇ ਖਿੱਚ ਕੇ ਉਸ ਨੂੰ ਲੰਮਾ ਕਰ ਦਿੱਤਾ ਹੋਵੇ। ਉਸ ਦੇ ਸਕੂਟਰ ਦੀ ਆਵਾਜ਼ ਸੁਣਦਿਆਂ ਹੀ ਉਹ ਮੰਜੀ ਤੋਂ ਉੱਠ ਕੇ ਇੱਕੋ ਵਾਰੀ ਗ਼ਰੀਬੜੀ ਜਿਹੀ ਬਣ ਬਹਿ ਜਾਂਦੀ ਅਤੇ ਸਕੂਟਰ ਨੇੜੇ ਪਹੁੰਚਦਿਆਂ ਉਸ ਦੇ ਮੂੰਹ ਵਿੱਚ ਆਪ ਮੁਹਾਰੇ ਬੋਲ ਉੱਗ ਪੈਂਦੇ,
”ਬੱਚੇ ਜਿਉਣ…”
ਹੁਣ ਇਸ ਵਿੱਚ ਭਲਾ ਅੰਗੂਰੀ ਨੂੰ ਕਾਹਦਾ ਉਲਾਂਭਾ? ਅਸਲ ਵਿੱਚ ਤਾਂ ਉਸ ਨੂੰ ਆਪ ਸ਼ੇਖੀ ਮਾਰਨ ਅਤੇ ਆਪਣਾ ਵਡੱਪਣ ਦਿਖਾਉਣ ਦੀ ਆਦਤ ਸੀ। ਉਸ ਨੂੰ ਬਹੁਤ ਸੁਆਦ ਆਉਂਦਾ ਕਿਸੇ ਜ਼ਰੂਰਤਮੰਦ ਬੰਦੇ ਨੂੰ ਇਹ ਕਹਿ ਕੇ,
”ਓਏ! ਭਾਈ ਸਾਹਿਬ ਸਾਡੇ ਹੁੰਦਿਆਂ ਤੁਹਾਨੂੰ ਕਾਹਦੀ ਚਿੰਤਾ? ਬਹੁਤਾ ਫ਼ਿਕਰ ਨਾ ਕਰਨਾ ਸਭ ਠੀਕ ਹੋ ਜਾਵੇਗਾ। ਨਾਲੇ ਫ਼ਿਕਰ ਕਰਨ ਲਈ ਅਸੀਂ ਜੋ ਬੈਠੇ ਹਾਂ।”
ਖ਼ੈਰ ਗੱਲ ਤਾਂ ਅੰਗੂਰੀ ਦੀ ਚੱਲ ਰਹੀ ਸੀ। ਅੰਗੂਰੀ ਉਸ ਮੁਹੱਲੇ ਵਿੱਚ ਰਹਿੰਦੀ ਸੀ ਜਿੱਥੇ ਉਹ ਸਕੂਲ ਬਣਿਆ ਹੋਇਆ ਸੀ। ਅਸਲ ‘ਚ ਅੰਗੂਰੀ ਉਸ ਮੁਹੱਲੇ ਦੀ ਜਮਾਂਦਾਰਨੀ ਸੀ। ਭਾਵੇਂ ਹੁਣ ਉਹਦੇ ਪੁੱਤ-ਨੂੰਹਾਂ ਮੁਹੱਲੇ ਦੀ ਸਫ਼ਾਈ ਕਰਨ ਲੱਗੇ ਸਨ ਪਰ ਉਨ੍ਹਾਂ ਤੋਂ ਪਹਿਲਾਂ ਇਹ ਸਾਰਾ ਕੰਮ ਇਕੱਲੀ ਅੰਗੂਰੀ ਦੇ ਹੱਥ ਵਿੱਚ ਸੀ। ਮੁਹੱਲਾ ਮਹਾਜਨਾਂ ਦਾ ਸੀ। ਕਹਿੰਦੇ ਨੇ ਕੋਈ ਸੌ ਸਾਲ ਪਹਿਲਾਂ ਇੱਥੇ ਇੱਕ ਸੇਠ ਆਪਣੇ ਟੱਬਰ ਨਾਲ ਇਸ ਸਕੂਲ ਵਾਲੀ ਇਮਾਰਤ ਵਿੱਚ ਰਹਿੰਦਾ ਸੀ। ਬੜਾ ਅੱਯਾਸ਼ ਸੀ। ਉਸ ਨੇ ਅੰਗੂਰੀ ਦੇ ਸਹੁਰੇ ਦੇ ਪਿਓ ਨੂੰ ਘਰ ਦੇ ਕੰਮ ਕਾਰ ਲਈ ਘੋੜਿਆਂ ਅਤੇ ਡੰਗਰਾਂ ਵਾਲੇ ਤਬੇਲੇ ਨਾਲ ਰਹਿਣ ਲਈ ਇੱਕ ਕੋਠੜੀ ਦੇ ਦਿੱਤੀ ਸੀ। ਕੰਮ ਦਾ ਤਾਂ ਬੱਸ ਇੱਕ ਬਹਾਨਾ ਹੀ ਸੀ। ਅਸਲ ‘ਚ ਸੇਠ ਦੀ ਅੰਗੂਰੀ ਦੇ ਸਹੁਰੇ ਦੇ ਪਿਓ ਦੀ ਪਤਨੀ ‘ਤੇ ਨਿਗ੍ਹਾ ਟਿਕ ਗਈ ਸੀ ਜਿਹੜੀ ਬਹੁਤ ਖ਼ੂਬਸੂਰਤ ਸੀ। ਫਿਰ ਉਹ ਸੇਠ ਸਾਰੀ ਉਮਰ ਉਸ ਔਰਤ ਨਾਲ ਖੇਹ ਖਾਂਦਾ ਰਿਹਾ। ਸੇਠ ਤਾਂ ਮਰ ਮੁੱਕ ਗਿਆ ਪਰ ਅੰਗੂਰੀ ਦੇ ਸਹੁਰੇ ਦਾ ਪਿਓ ਉਹ ਥਾਂ ਛੱਡ ਕੇ ਨਾ ਗਿਆ।
ਹੌਲੀ-ਹੌਲੀ ਸੇਠ ਦੇ ਘਰ ਨਾਲ ਹੋਰ ਕਿੰਨੇ ਹੀ ਨਵੇਂ ਘਰ ਜੁੜ ਗਏ। ਉਧਰ ਅੰਗੂਰੀ ਦੇ ਸਹੁਰੇ ਦੇ ਪਿਓ ਦਾ ਟੱਬਰ ਵੀ ਵਧਦਾ ਗਿਆ ਭਾਵੇਂ ਉਹ ਸਫ਼ਾਈ ਸੇਵਕ ਸਨ ਪਰ ਤਾਂ ਵੀ ਉਨ੍ਹਾਂ ਸ਼ਾਹੂਕਾਰਾਂ ਦਾ ਮੁਹੱਲਾ ਨਾ ਛੱਡਿਆ। ਇਸ ਲਈ ਕਿਸੇ ਨੇ ਕੋਈ ਇਤਰਾਜ਼ ਵੀ ਨਹੀਂ ਕੀਤਾ।
ਜਦੋਂ ਉਸ ਨੇ ਸਕੂਲ ‘ਚ ਨੌਕਰੀ ਸ਼ੁਰੂ ਕੀਤੀ ਤਾਂ ਅੰਗੂਰੀ ਨੂੰ ਪਹਿਲੇ ਦਿਨ ਬਰਾਂਡੇ ‘ਚ ਡਹੀ ਮੰਜੀ ‘ਤੇ ਲੰਮੀ ਪਈ ਦੇਖਿਆ। ਵਰ੍ਹੇ ਲੰਘਦੇ ਗਏ ਪਰ ਉਸ ਵੱਲ ਉਸ ਨੇ ਬਹੁਤਾ ਧਿਆਨ ਨਾ ਦਿੱਤਾ। ਬਸ ਕਦੇ ਕਦਾਈਂ ਉਹ ਜ਼ਰੂਰ ਉੱਥੇ ਮੰਜੀ ‘ਤੇ ਬੈਠੀ ਕੁਝ ਖਾਂਦੀ ਜਾਂ ਲੰਮੀ ਪਈ ਦਿਸਦੀ।
ਇੱਕ ਦਿਨ ਉਹ ਸਵੇਰੇ ਸਕੂਲ ਜਾ ਰਿਹਾ ਸੀ ਕਿ ਪਤਾ ਨਹੀਂ ਉਸ ਨੂੰ ਕੀ ਹੋਇਆ। ਉਹਦੀ ਵਡੱਪਣ ਦਿਖਾਉਣ ਦੀ ਆਦਤ ਉਸ ਦੇ ਮਨ ਵਿੱਚ ਉੱਗ ਪਈ। ਉਸ ਨੇ ਜੇਬੋਂ ਪੰਜ ਰੁਪਏ ਕੱਢੇ ਅਤੇ ਅੰਗੂਰੀ ਨੂੰ ਫੜਾ ਦਿੱਤੇ। ਅੱਗੋਂ ਪੰਜ ਰੁਪਏ ਦੇਖ ਕੇ ਅੰਗੂਰੀ ਦਾ ਚਿਹਰਾ ਵੀ ਖਿੜ ਗਿਆ। ਉਸ ਨੇ ਦੋਵੇਂ ਹੱਥਾਂ ਨੂੰ ਢਿੱਲੇ ਜਿਹੇ ਢੰਗ ਨਾਲ ਉਂਜਲ ਬਣਾਈ ਜਿਵੇਂ ਹੇਠਾਂ ਨੂੰ ਡਿੱਗੇ ਜਾਂਦੇ ਪੰਜ ਦੇ ਨੋਟ ਨੂੰ ਝਪਟ ਕੇ ਫੜ ਲਿਆ। ਫਿਰ ਆਪ ਮੁਹਾਰੇ ਉਸ ਦੇ ਮੂੰਹੋਂ ਨਿਕਲਿਆ,
”ਬੱਚੇ ਜਿਉਣ, ਵੱਡੀਆਂ ਉਮਰਾਂ ਮਾਣਨ।” ਅੰਗੂਰੀ ਦੀ ਅਜਿਹੀ ਅਸੀਸ ਸੁਣਦਿਆਂ ਜਿਵੇਂ ਉਹ ਅੰਦਰੋਂ ਪੂਰਾ ਖਿੜ ਗਿਆ, ”ਵਾਹ! ਮਜ਼ਾ ਆ ਗਿਆ। ਆਹ! ਪੰਜ ਰੁਪਏ ਵੀ ਕੋਈ ਚੀਜ਼ ਹੁੰਦੇ ਨੇ। ਬੰਦਾ ਐਵੇਂ ਪਾਨ ਖਾ ਕੇ ਥੁੱਕ ਦਿੰਦੈ ਜਾਂ ਸਿਗਰਟ ਦੇ ਸੂਟੇ ਮਾਰ ਕੇ ਉਡਾ ਦਿੰਦੈ। ਕਿਵੇਂ ਪੰਜਾ ਦਾ ਨੋਟ ਫੜਦਿਆਂ ਸਾਰ ਉਸ ਨੇ ਗ਼ਰੀਬੜਾ ਜਿਹਾ ਮੂੰਹ ਬਣਾ ਲਿਆ ਸੀ ਅਤੇ ਫਿਰ ਉਸ ਨੇ ਕਿਵੇਂ ਬੱਚਿਆਂ ਨੂੰ ਅਸੀਸ ਦਿੱਤੀ ਸੀ।” ਜੇ ਗੱਲ ਇੱਥੇ ਹੀ ਮੁੱਕ ਜਾਂਦੀ ਤਾਂ ਵੀ ਖ਼ੈਰ ਸੀ ਪਰ ਇਸ ਤੋਂ ਬਾਅਦ ਤਾਂ ਉਹ ਵੱਡੀ ਮੁਸ਼ਕਲ ਵਿੱਚ ਫਸ ਗਿਆ। ਉਧਰ ਮਹੀਨੇ ਦੀ ਪਹਿਲੀ ਚੜ੍ਹੇ ਅਤੇ ਉਧਰ ਅੰਗੂਰੀ ਜਿਵੇਂ ਮੰਜੀ ‘ਤੇ ਬੈਠੀ ਬੈਠੀ ਵੀ ਉਸ ਨੂੰ ਘੇਰ ਲਵੇ। ਦੋਵੇਂ ਹੱਥਾਂ ਨੂੰ ਜੋੜ ਬੁੱਕ ਬਣਾ ਲਵੇ ਅਤੇ ਮੂੰਹ ਗ਼ਰੀਬੜਾ ਜਿਹਾ ਕਰ ਕੇ ਆਪਣੀ ਅਸੀਸ ਨੂੰ ਅਧੂਰਾ ਛੱਡ ਦੇਵੇ, ”ਬੱਚੇ ਜਿਉਣ।”
ਫਿਰ ਜਦੋਂ ਤੀਕ ਉਹਦੀ ਜੇਬੋਂ ਪੰਜ ਰੁਪਏ ਬਾਹਰ ਨਿਕਲ ਅੰਗੂਰੀ ਦੀ ਝੋਲੀ ਵਿੱਚ ਨਾ ਪੈ ਜਾਣ, ਉਹ ਰੋਜ਼ ਉੱਥੇ ਬਰਾਂਡੇ ‘ਚੋਂ ਜਿਵੇਂ ਉਸ ਨੂੰ ਲੰਘਣ ਨਾ ਦੇਵੇ। ਭਾਵੇਂ ਉਹ ਕਿੰਨਾ ਵੀ ਅੱਖ ਬਚਾਵੇ ਪਰ ਅੰਗੂਰੀ ਪਹਿਲੀ ਛੇ ਤਰੀਕ ਤੀਕ ਉਸ ਤੋਂ ਪੰਜ ਰੁਪਏ ਲੈ ਕੇ ਹੀ ਛੱਡੇ। ਬੱਸ ਫੇਰ ਮਹੀਨੇ ਦੇ ਬਾਕੀ ਦਿਨ ਜਾਂ ਤਾਂ ਉਹ ਉਸ ਨੂੰ ਚੁੱਪ ਮੰਜੀ ‘ਤੇ ਸੁੱਤੀ ਦਿਸੇ ਜਾਂ ਕਦੇ ਇਕੱਲੀ ਬੈਠੀ ਕੁਝ ਖਾਂਦੀ। ਉਸ ਨੂੰ ਇਉਂ ਜਾਪਦਾ ਜਿਵੇਂ ਪੰਜ ਰੁਪਏ ਲੈਣ ਦਾ ਅੰਗੂਰੀ ਦਾ ਉਸ ‘ਤੇ ਹੱਕ ਸੀ ਜਿਸ ਤੋਂ ਉਹ ਮੁਨਕਰ ਨਹੀਂ ਹੋ ਸਕਦਾ ਸੀ।
”ਓਏ! ਇਹ ਤਾਂ ਜ਼ਬਰਦਸਤੀ ਹੀ ਹੋ ਗਈ। ਪਰ ਹੈ ਤਾਂ ਅਖੀਰ ਨੂੰ… ਇਹ ਮੇਰੇ ਕੋਲੋਂ ਇੱਕ ਵਾਰੀ ਕੀ ਭੁੱਲ ਹੋ ਗਈ ਕਿ ਹਰ ਮਹੀਨੇ ਉਸ ਦੀ ਸਜ਼ਾ ਭੁਗਤਣੀ ਪੈਂਦੀ ਹੈ। ਇਹ ਤਾਂ ਫੇਰ ਧੱਕੇਸ਼ਾਹੀ ਹੀ ਹੋਈ ਨਾ।”
ਉਹ ਮਨ ਹੀ ਮਨ ਸੋਚਦਾ ਤੇ ਕੁੜ੍ਹਦਾ ਪਰ ਹੁਣ ਕੀ ਹੋ ਸਕਦਾ ਸੀ? ਅਜੇ ਪਹਿਲੀ ਤਰੀਕ ਚੜ੍ਹੀ ਹੀ ਸੀ ਕਿ ਜਿਵੇਂ ਮੰਜੀ ‘ਤੇ ਬੈਠਿਆਂ ਹੀ ਅੰਗੂਰੀ ਨੇ ਉਸ ਦਾ ਰਾਹ ਰੋਕ ਲਿਆ। ਅਜੇ ਉਸ ਨੇ ਹੱਥ ਜੋੜ ਬੁੱਕ ਬਣਾਈ ਹੀ ਸੀ ਕਿ ਉਹ ਤੇਜ਼ ਸਕੂਟਰ ਚਲਾਉਂਦਾ ਫ…ਰ…ਰ ਕਰਦਾ ਸਕੂਲ ਵੱਲ ਨਿਕਲ ਗਿਆ। ਜਿਵੇਂ ਉਸ ਨੇ ਤਾਂ ਅੰਗੂਰੀ ਨੂੰ ਵੇਖਿਆ ਹੀ ਨਹੀਂ ਸੀ ਅਤੇ ਨਾ ਹੀ ਉਹਦੀ ਆਵਾਜ਼ ਸੁਣੀ ਸੀ। ਇਸ ਤਰ੍ਹਾਂ ਛੇ ਦਿਨ ਲੰਘ ਗਏ ਪਰ ਉਹ ਅੰਗੂਰੀ ਦੇ ਹੱਥ ਨਾ ਚੜ੍ਹਿਆ। ਆਪਣੀ ਜਿੱਤ ‘ਤੇ ਉਹ ਅੰਦਰੋ-ਅੰਦਰ ਬਹੁਤ ਖ਼ੁਸ਼ ਹੁੰਦਾ। ਰੋਜ਼ ਅੰਦਰ ਜਿਵੇਂ ਲੱਡੂ ਫੁੱਟਣ ਪਰ ਅੱਗੋਂ ਅੰਗੂਰੀ ਵੀ ਕਿਹੜੀ ਘੱਟ। ਇੰਨੀ ਪੱਕੀ ਕਿ ਜਦੋਂ ਦੂਰੋਂ ਸਕੂਟਰ ਦੀ ਆਵਾਜ਼ ਸੁਣਾਈ ਦੇਵੇ ਤਾਂ ਚੁਸਤ ਹੋ ਕੇ ਮੰਜੀ ‘ਤੇ ਬਹਿ ਜਾਵੇ ਅਤੇ ਦੋਵੇਂ ਹੱਥ ਜੋੜ ਮੂੰਹ ਢਿੱਲਾ ਜਿਹਾ ਕਰ ਲਵੇ। ਕਈ ਦਿਨ ਲੰਘ ਗਏ ਪਰ ਉਸ ਨੇ ਅੰਗੂਰੀ ਨੂੰ ਡਾਹ ਨਹੀਂ ਦਿੱਤੀ। ਫਿਰ ਇੱਕ ਦਿਨ ਪਤਾ ਨਹੀਂ ਕਿਵੇਂ ਘਰੋਂ ਤੁਰਨ ਤੋਂ ਪਹਿਲਾਂ ਉਹਦੇ ਮਨ ‘ਚ ਆਇਆ, ‘ਚਲੋ ਅੱਜ ਉਸ ਨੂੰ ਪੰਜ ਰੁਪਏ ਦੇ ਹੀ ਦਿੰਦਾ ਹਾਂ। ਕਿੰਨੇ ਦਿਨ ਹੋ ਗਏ ਹੱਥ ਦੀ ਬੁੱਕਲ ਜਿਹੀ ਬਣਾਉਂਦੀ ਨੂੰ। ਕਿਵੇਂ ਗ਼ਰੀਬੜਾ ਜਿਹਾ ਮੂੰਹ ਕਰ ਲੈਂਦੀ ਹੈ। ਕੁੱਲ ਪੰਜ ਰੁਪਏ ਦੀ ਹੀ ਤਾਂ ਗੱਲ ਹੈ।’
ਇਹ ਸੋਚ ਕੇ ਨਾਲ ਹੀ ਉਸ ਨੇ ਪੰਜ ਰੁਪਏ ਦਾ ਇੱਕ ਨਵਾਂ ਨੋਟ ਪੈਂਟ ਦੀ ਸੱਜੀ ਜੇਬ ਵਿੱਚ ਪਾ ਲਿਆ ਤਾਂ ਕਿ ਸਕੂਟਰ ‘ਤੇ ਚੜ੍ਹਿਆਂ-ਚੜ੍ਹਿਆਂ ਉਹ ਬਾਹਰ ਕੱਢ ਅੰਗੂਰੀ ਦੀ ਬੁੱਕਲ ਵਿੱਚ ਸੁੱਟ ਦੇਵੇ ਪਰ ਇਹ ਕੀ? ਅਜੇ ਤਾਂ ਉਹ ਸਕੂਟਰ ਲੈ ਲੰਮੀ ਗਲੀ ਵਿੱਚ ਵੜਿਆ ਹੀ ਸੀ ਕਿ ਉਸ ਨੂੰ ਦੂਰੋਂ ਕਈ ਬੰਦੇ ਇਕੱਠੇ ਹੋਏ ਦਿੱਸੇ। ਉਨ੍ਹਾਂ ਵਿੱਚ ਕੁਝ ਖੜੋਤੇ ਤੇ ਕੁਝ ਗਲੀ ਵਿੱਚ ਵਿਛੀ ਦਰੀ ‘ਤੇ ਬੈਠੇ ਸਨ।
”ਮੁਹੱਲੇ ਵਿੱਚ ਕੋਈ ਮਰ ਗਿਆ ਹੋਣਾਂ। ਹਾਂ! ਉਹ ਰਾਮ ਲਾਲ ਦਾ ਪਿਓ ਹੋਣਾ ਜਿਹੜਾ ਪਿਛਲੇ ਹਫ਼ਤੇ ਕੋਠੇ ਦੀ ਛੱਤ ਤੋਂ ਹੇਠਾਂ ਵਿਹੜੇ ਵਿੱਚ ਪੱਕੇ ਫਰਸ਼ ‘ਤੇ ਡਿੱਗ ਪਿਆ ਸੀ, ਐਨੇ ਉੱਚੇ ਤੋਂ ਡਿੱਗ ਕੇ ਤਾਂ ਬੰਦਾ ਇਉਂ ਨਹੀਂ ਬਚਦਾ।”
ਉਸ ਨੇ ਆਪਣੇ ਆਪ ਨੂੰ ਜਿਵੇਂ ਇਹ ਸਵਾਲ ਕੀਤਾ ਤੇ ਆਪੇ ਉਸ ਦਾ ਜਵਾਬ ਦੇ ਦਿੱਤਾ। ਇਸ ਸੋਚ ਨਾਲ ਹੀ ਉਹ ਸਕੂਟਰ ਤੋਂ ਹੇਠਾਂ ਉੱਤਰ ਗਿਆ। ਉਸ ਨੇ ਭੀੜ ਤੋਂ ਦੂਰ ਹੀ ਸਕੂਟਰ ਨੂੰ ਜਿੰਦਰਾ ਮਾਰ ਦਿੱਤਾ ਅਤੇ ਹੈਲਮਟ ਉਸ ਦੀ ਸੀਟ ਨਾਲ ਲਾ ਕੇ ਹੌਲੀ-ਹੌਲੀ ਭੀੜ ਵੱਲ ਤੁਰ ਪਿਆ। ਅਜੇ ਉਹ ਡਿਉੜੀ ਵਿੱਚ ਵੜਿਆ ਹੀ ਸੀ ਕਿ ਉਹ ਤਾਂ ਜਿਵੇਂ ਤ੍ਰਭਕ ਕੇ ਇੱਕੋ ਥਾਂ ਖੜ੍ਹਾ ਰਹਿ ਗਿਆ ਕਿਉਂਕਿ ਇਹ ਮੁਹੱਲੇ ‘ਚ ਰਹਿੰਦਾ ਰਾਮ ਲਾਲ ਦਾ ਪਿਓ ਨਹੀਂ ਸੀ ਮਰਿਆ ਸਗੋਂ ਇਹ ਤਾਂ ਅੰਗੂਰੀ ਸੀ ਜਿਹੜੀ ਡਿਉੜੀ ਨਾਲ ਜੁੜੇ ਬਰਾਂਡੇ ਦੇ ਪੱਕੇ ਫਰਸ਼ ‘ਤੇ ਭੁੰਜੇ ਪਈ ਸੀ। ਉਹਦੀ ਦੇਹ ਲਾਲ ਕੱਪੜੇ ਨਾਲ ਕੱਜੀ ਹੋਈ ਸੀ। ਨੇੜੇ ਬੈਠੇ ਉਸ ਦੇ ਪਰਿਵਾਰ ਦੇ ਜੀਅ ਕੁਝ ਤਾਂ ਰੋ ਰਹੇ ਸਨ ਅਤੇ ਕਈਆਂ ਦੇ ਚਿਹਰੇ ਰੋਣ ਵਾਲੇ ਲੱਗ ਰਹੇ ਸਨ। ਇਹ ਸਭ ਦੇਖਦਿਆਂ ਸਾਰ ਪਤਾ ਨਹੀਂ ਉਸ ਦਾ ਸੱਜਾ ਹੱਥ ਕਿਉਂ ਉਹਦੀ ਪੈਂਟ ਦੀ ਜੇਬ੍ਹ ਵਿੱਚ ਚਲਾ ਗਿਆ ਜਿੱਥੇ ਅਜੇ ਵੀ ਪੰਜ ਦਾ ਨਵਾਂ ਨੋਟ ਪਿਆ ਸੀ, ਜਿਹੜਾ ਉਹ ਅੱਜ ਸਵੇਰੇ ਅੰਗੂਰੀ ਨੂੰ ਦੇਣ ਦਾ ਫ਼ੈਸਲਾ ਕਰ ਕੇ ਘਰੋਂ ਤੁਰਿਆ ਸੀ।
”ਚੰਗਾ ਹੋਇਆ ਸਹੁਰੀ ਦੀ ਮਰ ਗਈ। ਖਹਿੜਾ ਛੁੱਟ ਗਿਆ। ਹੁਣ ਰਾਹ ਰੋਕ ਕੇ ਤਾਂ ਨਹੀਂ ਖਲੋਵੇਗੀ।”
ਪਤਾ ਨਹੀਂ ਕਿਸੇ ਮ੍ਰਿਤਕ ਬਾਰੇ ਇਹ ਸੋਚਦੇ ਸਾਰ ਉਸ ਦਾ ਅੰਦਰ ਕਿਉਂ ਗਿਲਾਨੀ ਨਾਲ ਭਰ ਗਿਆ।
”ਕਦੇ ਕਿਸੇ ਮੁਰਦੇ ਬਾਰੇ ਵੀ ਇੰਜ ਸੋਚੀਦਾ ਹੈ?”
ਉਸ ਨੇ ਆਪਣੇ ਆਪ ਨੂੰ ਕਿਹਾ। ਅੰਗੂਰੀ ਅਜੇ ਤਕ ਵੀ ਉਂਜ ਹੀ ਭੁੰਜੇ ਪੱਕੇ ਫਰਸ਼ ‘ਤੇ ਪਈ ਸੀ। ਉਹ ਉਸ ਤੋਂ ਕੁਝ ਦੂਰੀ ‘ਤੇ ਮੌਨ ਹੋਇਆ ਖੜੋਤਾ ਸੀ ਅਤੇ ਉਸ ਦਾ ਇੱਕ ਹੱਥ ਪੈਂਟ ਦੀ ਜੇਬ ਵਿੱਚ ਸੀ। ਉਸ ਦੀਆਂ ਉਂਗਲਾਂ ਪੰਜ ਦੇ ਨੋਟ ਨੂੰ ਟੋਹ ਰਹੀਆਂ ਸਨ। ਉਹ ਉਸ ਵੇਲੇ ਕੁਝ ਨਹੀਂ ਸੋਚ ਪਾ ਰਿਹਾ ਸੀ। ਉਸ ਦੇ ਮਨ ਵਿੱਚ ਤਾਂ ਬੱਸ ਇੱਕੋ ਗੱਲ ਸੀ ਕਿ ਆਹ! ਕੀ ਹੋ ਗਿਆ? ਕੀ ਇਹ ਮਾੜਾ ਨਹੀਂ ਹੋਇਆ?
ਅੰਗੂਰੀ ਦੀ ਅਰਥੀ ਤਿਆਰ ਕਰ ਲਈ ਗਈ। ਉਹਦੇ ਸਰੀਰ ਨੂੰ ਚੰਗੀ ਤਰ੍ਹਾਂ ਲਾਲ ਦੁਸ਼ਾਲੇ ਨਾਲ ਕੱਜ ਦਿੱਤਾ ਗਿਆ। ਉਸ ਦੇ ਰਿਸ਼ਤੇਦਾਰਾਂ ਅਤੇ ਨੇੜਲਿਆਂ ਨੇ ਉਸ ਨੂੰ ਫੁੱਲਾਂ ਨਾਲ, ਹਾਰਾਂ ਨਾਲ ਸਜਾ ਦਿੱਤਾ। ਉਹ ਅਜੇ ਤਕ ਵੀ ਕੁਝ ਦੂਰੀ ‘ਤੇ ਖੜ੍ਹਾ ਅੰਗੂਰੀ ਦੀ ਦੇਹ ਨੂੰ ਨਿਹਾਰ ਰਿਹਾ ਸੀ। ਫਿਰ ਪਤਾ ਨਹੀਂ ਅਚਾਨਕ ਉਸ ਨੂੰ ਕਿਉਂ ਇਸ ਤਰ੍ਹਾਂ ਲੱਗਾ ਜਿਵੇਂ ਅੰਗੂਰੀ ਦਾ ਸਰੀਰ ਹਿੱਲਿਆ ਹੋਵੇ ਅਤੇ ਉਸ ਨੇ ਆਪਣੇ ਚਿਹਰੇ ਤੋਂ ਲਾਲ ਕੱਪੜਾ ਲਾਹ ਦੋਵੇਂ ਹੱਥ ਬਾਹਰ ਕੱਢ ਲਏ ਹੋਣ ਅਤੇ ਫਿਰ ਉਨ੍ਹਾਂ ਨੂੰ ਜੋੜ ਬੁੱਕ ਬਣਾ ਗ਼ਰੀਬੜਾ ਜਿਹਾ ਮੂੰਹ ਲਮਕਾ ਲੰਮਾ ਕਰਦਿਆਂ ਕਿਹਾ ਹੋਵੇ,
”ਬੱਚੇ ਜਿਉਣ…।”
ਇਸ ਆਵਾਜ਼ ਦੇ ਨਾਲ ਹੀ ਉਹ ਆਪਣੀ ਥਾਂ ਤੋਂ ਅੱਗੇ ਵਧ ਅੰਗੂਰੀ ਦੇ ਮ੍ਰਿਤਕ ਸਰੀਰ ਨੇੜੇ ਪਹੁੰਚ ਗਿਆ। ਉਸ ਦਾ ਸੱਜਾ ਹੱਥਾ ਅਜੇ ਤੀਕ ਵੀ ਪੈਂਟ ਦੀ ਜੇਬ ਵਿੱਚ ਸੀ ਜਿਸ ਦੀਆਂ ਉਂਗਲਾਂ ਨੇ ਪੰਜ ਦੇ ਨੋਟ ਨੂੰ ਘੁੱਟ ਕੇ ਫੜ ਰੱਖਿਆ ਸੀ। ਉਸ ਨੇ ਫੁਰਤੀ ਨਾਲ ਉਹ ਨੋਟ ਆਪਣੀ ਜੇਬੋਂ ਬਾਹਰ ਕੱਢ ਲਿਆ ਅਤੇ ਆਪਣੀ ਥਾਂ ‘ਤੇ ਖਲੋਤਿਆਂ ਇੰਜ ਅੱਗੇ ਨੂੰ ਝੁਕਿਆ ਜਿਵੇਂ ਨੋਟ ਅੰਗੂਰੀ ਵੱਲ ਕਰੇਗਾ ਅਤੇ ਉਹ ਉਸ ਨੂੰ ਝਪਟ ਕੇ ਫੜ ਲਵੇਗੀ।
ਪਰ ਜਦੋਂ ਉਹ ਝੁਕ ਕੇ ਹੱਥ ਉਸ ਦੀ ਦੇਹ ਨੇੜੇ ਲੈ ਗਿਆ ਤਾਂ ਉਸ ਦੇਖਿਆ ਅੰਗੂਰੀ ਤਾਂ ਅਜੇ ਤਕ ਵੀ ਕੱਪੜੇ ਨਾਲ ਕੱਜੀ ਅਡੋਲ ਪਈ ਸੀ, ਉਵੇਂ ਦੀ ਉਵੇਂ ਜਿਹੀ ਉਹ ਪਿਛਲੇ ਪੰਦਰਾਂ ਵਰ੍ਹਿਆਂ ਤੋਂ ਗੁੱਛਾ ਮੁੱਛਾ ਹੋਈ ਮੰਜੀ ਵਿੱਚ ਪਈ ਦਿਸਦੀ ਆ ਰਹੀ ਸੀ। ਬਿਲਕੁਲ ਇੱਕ ਕੱਪੜੇ ਦੀ ਗੱਠੜੀ ਜਿਹੀ ਜਿਸ ਨੂੰ ਜਿਵੇਂ ਕਿਸੇ ਨੇ ਬੰਨ੍ਹ ਕੇ ਮੰਜੀ ਵਿੱਚ ਸੁੱਟ ਰੱਖਿਆ ਸੀ। ਉਸ ਨੇ ਹੇਠਾਂ ਨੂੰ ਝੁਕ ਕੇ ਮਲਕੜੇ ਦੇ ਕੇ ਪੰਜ ਰੁਪਏ ਦਾ ਨੋਟ ਅੰਗੂਰੀ ਦੇ ਪੈਰਾਂ ਵੱਲ ਰੱਖ ਦਿੱਤਾ ਅਤੇ ਫਿਰ ਉਹ ਬਿਨਾਂ ਪਿੱਛੇ ਦੇਖਿਆਂ ਤਿੱਖੇ ਕਦਮਾਂ ਨਾਲ ਸਕੂਲ ਵੱਲ ਤੁਰ ਪਿਆ। ਸ਼ਾਇਦ ਇਹ ਉਸ ਦਾ ਅਖੀਰੀ ਅਧਿਕਾਰ ਸੀ ਜਿਹੜਾ ਅੰਗੂਰੀ ਨੇ ਉਸ ਕੋਲੋਂ ਮੱਲੋ ਮੱਲੀ ਖੋਹ ਲਿਆ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਐਸ. ਸਾਕੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ