Annhe Raah (Story in Punjabi) : Ivan Bunin

ਅੰਨ੍ਹੇ ਰਾਹ (ਕਹਾਣੀ) : ਇਵਾਨ ਬੂਨਿਨ

ਪਤਝੜ ਦੇ ਠੰਢੇ, ਬਰਸਾਤੀ ਮੌਸਮ ਵਿੱਚ, ਪਾਣੀ ਨਾਲ਼ ਭਰੀ, ਖੱਡਿਆਂ ਵਾਲੀ ਤੌਲਾ ਸ਼ਹਿਰ ਦੀ ਵੱਡੀ ਸੜਕ ਦੇ ਕੰਡੇ ਇੱਕ ਝੌਂਪੜੀ ਜਿਹਦੇ ਇੱਕ ਪਾਸੇ ਸਰਕਾਰੀ ਡਾਕ ਬੰਗਲਾ ਤੇ ਦੂਜੀ ਬਾਹੀ ਸਰਾਂ ਸੀ, ਜਿਥੇ ਵਿਸਰਾਮ ਹੋ ਸਕਦਾ ਸੀ ਜਾਂ ਰਾਤ ਕੱਟੀ ਜਾ ਸਕਦੀ ਸੀ, ਤੇ ਦੁਪਹਿਰ ਦੀ ਰੋਟੀ ਜਾਂ ਬੱਸ ਚਾਹ ਪੀਤੀ ਜਾ ਸਕਦੀ ਸੀ, ਦੇ ਲਾਗੇ ਚਿੱਕੜ ਵਿੱਚ ਲੱਥ-ਪੱਥ ਅੱਧ ਖੁੱਲੀ ਛਤਰੀ ਵਾਲੀ ਬੱਘੀ ਆ ਕੇ ਰੁਕੀ। ਬੱਘੀ ਨੂੰ ਆਮ ਜਿਹੇ ਤਿੰਨ ਘੋੜੇ ਖਿੱਚ ਰਹੇ ਸਨ, ਜਿਹਨਾਂ ਦੀਆਂ ਪੂਛਲਾਂ ਚਿੱਕੜ ਨਾਲ਼ ਲਿੱਬੜੀਆਂ ਸਨ। ਕੋਚਵਾਨ ਦੀ ਗੱਦੀ ਉਤੇ ਇੱਕ ਹਟਾ-ਕੱਟਾ, ਵਸਮਾ ਲੱਗੀ ਛਿਦਰੀ ਦਾੜ੍ਹੀ ਵਾਲਾ, ਪੱਕੇ ਰੰਗ ਦਾ ਗੰਭੀਰ ਆਦਮੀ ਬੈਠਾ ਸੀ, ਉਸ ਆਪਣੇ ਮੋਟੇ ਸੂਤੀ ਕੋਟ ਦੀ ਪੇਟੀ ਕੱਸ ਕੇ ਬੰਨ੍ਹੀ ਹੋਈ ਸੀ, ਉਹ ਪੁਰਾਣੇ ਜ਼ਮਾਨੇ ਦੇ ਡਾਕੁਵਾਂ ਵਰਗਾ ਲੱਗ ਰਿਹਾ ਸੀ। ਬੱਘੀ ਵਿੱਚ ਸਿਆਣਾ, ਅਧਖੜ ਉਮਰ ਦਾ, ਕਾਲੇ ਭਰਵੱਟੇ, ਚਿੱਟੀਆਂ ਮੁੱਛਾਂ ਤੇ ਧੌਲੇ ਝਾਟੇ ਵਾਲਾ ਇੱਕ ਫ਼ੌਜੀ ਅਫ਼ਸਰ ਬੈਠਾ ਸੀ। ਉਸ ਵੱਡੀ ਸਾਰੀ ਟੋਪੀ ਤੇ ਊਦਬਲਾ ਦੀ ਫ਼ਰ ਦਾ ਖੜੇ ਕਾਲਰ ਵਾਲਾ, ਸ਼ਾਹ ਨਿਕੋਲਸ ਦੇ ਜ਼ਮਾਨੇ ਵਿੱਚ ਪ੍ਰਚਲਿਤ ਰਿਹਾ ਘਸਮੈਲੇ ਰੰਗ ਦਾ ਕੋਟ ਪਾਇਆ ਸੀ। ਉਹਦੀਆਂ ਚਿੱਟੀਆਂ ਮੁੱਛਾਂ, ਇਸੇ ਰੰਗ ਦੀਆਂ ਕਲਮਾਂ ਨਾਲ਼ ਜਾ ਲੱਗੀਆਂ ਸਨ; ਠੋਡੀ ਮੁੱਨੀ ਹੋਈ ਸੀ ਤੇ ਉਹਦੀ ਨੁਹਾਰ ਅਲੀਕਸਾਂਦਰ ਦੋਮ ਨਾਲ਼ ਰੱਲਦੀ ਸੀ। ਅਲੀਕਸਾਂਦਰ ਦੇ ਰਾਜ ਵੇਲੇ ਫ਼ੌਜੀ ਅਫ਼ਸਰਾਂ ਵਿੱਚ ਉਹਦੇ ਰੰਗ-ਰੂਪ ਦੀ ਚੋਖੀ ਰੀਸ ਸੀ; ਟੋਹ ਲੈਂਦੀਆਂ ਨਿਗਾਹਵਾਂ ਵਾਲੇ ਅਫ਼ਸਰ ਦੇ ਕਠੋਰ ਚਿਹਰੇ ’ਤੋਂ ਥਕੇਵਾਂ ਝੱਲਕ ਰਿਹਾ ਸੀ।

ਜਦੋਂ ਘੋੜੇ ਖਲੋਤੇ, ਅਫ਼ਸਰ ਨੇ ਪਿੰਨਿਆਂ ਤਾਈਂ ਉੱਚੇ ਬੂਟਾਂ ਵਾਲਾ ਅਪਣਾ ਪੈਰ ਬੱਘੀ ਵਿੱਚੋਂ ਬਾਹਰ ਕੱਢਿਆ ਤੇ ਬਕਰੋਟੇ ਦੀ ਖੱਲ ਦੇ ਦਸਤਾਨਿਆਂ ਵਾਲੇ ਹੱਥਾਂ ਨਾਲ਼ ਕੋਟ ਦੇ ਪੱਲੀਆਂ ਨੂੰ ਸੰਭਾਲਦਾ ਕਾਹਲ਼ੀ ਵਿੱਚ ਝੌਂਪੜੀ ਵੱਲ ਵਧਿਆ।

“ਖੱਬੇ ਪਾਸੇ ਸਰਕਾਰ।” ਕੋਚਵਾਨ ਆਪਣੀ ਗੱਦੀ ਉੱਤੋਂ ਖਰਵੀ ਆਵਾਜ਼ ਵਿੱਚ ਚੀਕਿਆ। ਤੇ ਆਪਣੇ ਉੱਚੇ ਲੰਬੇ ਕੱਦ ਵਜ੍ਹੋਂ ਸਰਦਲ ਉੱਤੇ ਨਿਓਂ ਕੇ ਅਫ਼ਸਰ ਡਿਓੜ੍ਹੀ ਦੇ ਅੰਦਰ ਵੜਿਆ ਤੇ ਫਿਰ ਖੱਬੀ ਲਾਹਮ ਵਾਲੇ ਢਾਰੇ ਵਿੱਚ।

ਅੰਦਰ ਨਿੱਘਾ ਤੇ ਸਾਫ਼ ਸੁਥਰਾ ਸੀ: ਖੱਬੀ ਨੁੱਕੜ ਵਿੱਚ ਇਸਾ ਮਸੀਹ ਦੀ ਸੋਣਹਿਰੀ ਮੂਰਤ ਟੰਗੀ ਹੋਈ ਸੀ, ਜਿਹਦੇ ਹੇਠਾਂ ਕੋਰੀ ਵਿਛਾਈ ਨਾਲ਼ ਢੱਕੀ ਮੇਜ਼ ਸੀ, ਲਾਗੇ ਝਾੜ-ਪੂੰਝ ਕੇ ਮੂੜ੍ਹੇ ਡਾਹੇ ਹੋਏ ਸਨ, ਸੱਜੇ ਪਾਸੇ ਕੋਨੇ ਵਿੱਚ ਕੁੱਝ ਦੂਰ ਰਸੋਈ ਦੀ ਪੋਚੀ ਹੋਈ ਲੂੰਬੀ ਸੀ। ਉਹਦੇ ਕੋਲ਼ ਹੀ ਇੱਕ ਚੌਕੀ ਸੀ, ਜਿਹਦੇ ਉੱਤੇ ਤੁਰਕੀ ਕਾਲੀਨ ਵਰਗਾ ਧੁੱਸਾ ਠੱਪਿਆ ਪਿਆ ਸੀ। ਉਧਰੋਂ ਬੂਹੇ ਦੇ ਪਿੱਛੋਂ ਉਬਲਦੀ ਬੰਦ ਗੋਭੀ, ਮਾਸ ਤੇ ਤੇਜ ਪੱਤੇ ਦੀ ਸਵਾਦੀ ਮਹਿਕਾਰ ਆ ਰਹੀ ਸੀ।

ਆਉਣ ਵਾਲੇ ਨੇ ਅਪਣਾ ਕੋਟ ਲਾਹ ਕੇ ਮੂੜ੍ਹੇ ਉੱਤੇ ਸੁੱਟਿਆ। ਨਿਰੀ ਵਰਦੀ ਤੇ ਲੰਬੇ ਬੂਟਾਂ ਵਿੱਚ ਉਹ ਬਾਹਲ਼ਾ ਸੁਘੜ ਜਾਪਣ ਲੱਗਾ; ਉਸ ਨੇ ਦਸਤਾਨੇ ਤੇ ਟੋਪੀ ਉਤਾਰੀ ਤੇ ਥੱਕੇ ਹੋਏ ਢੰਗ ਨਾਲ਼ ਸਿਰ ਉੱਤੇ ਅਪਣਾ ਮਰੀੜਾ ਪੀਲ਼ਾ ਹੱਥ ਫੇਰਿਆ। ਸਿੱਧੇ ਵਾਹੇ ਹੋਏ ਵਾਲ਼ ਕੰਨ ਪਟੀਆਂ ਤੋਂ ਅੱਖੀਆਂ ਵੱਲ ਨੂੰ ਥੋੜ੍ਹੇ ਕੁੰਡਲੇ ਸਨ; ਕਾਲੀਆਂ ਅੱਖਾਂ ਵਾਲੇ ਉਹਦੇ ਸੋਹਣੇ ਲੰਬੂ ਤੁਰੇ ਚਿਹਰੇ ਉੱਤੇ ਅਜੇ ਵੀ ਕਿਧਰੇ-ਕਿਧਰੇ ਮਾਤਾ ਦੇ ਮੱਧਮ ਦਾਗ਼ ਸਨ। ਢਾਰਾ ਸੱਖਣਾ ਸੀ ਤੇ ਜ਼ਰਾ ਕੋ ਬੂਹਾ ਖੋਲ੍ਹ ਕੇ ਰੁੱਖੀ ਜਿਹੀ ਆਵਾਜ਼ ਵਿੱਚ ਉਹ ਕੂਕਿਆ:

“ਇਥੇ ਕੋਈ ਹੈ?”

ਵਾਜ ਸੁਣਦਿਆਂ ਸਾਰ ਲਾਲ਼ ਚੋਲ਼ੀ ਤੇ ਕਾਲੇ ਕਘਰੇ ਵਾਲੀ ਇੱਕ ਤੀਵੀਂ ਅੰਦਰ ਆਈ। ਉਹਦੇ ਕੇਸ ਕਾਲੇ ਸਨ। ਆਪਣੀ ਉਮਰ ਦੇ ਹਿਸਾਬ ਨਾਲ਼ ਉਹ ਵਾਹਵਾ ਸੋਹਣੀ-ਸਣੱਖੀ ਸੀ, ਜਿਵੇਂ ਕੋਈ ਬੁੱਢੀ ਵਣਜਾਰਣ। ਉਹਦੇ ਉੱਤਲੇ ਹੋਂਠ ਤੇ ਗੱਲ੍ਹਾਂ ਉੱਤੇ ਲੂੰ ਸਨ। ਥੋੜ੍ਹੀ ਮੋਟੀ ਜ਼ਰੂਰ ਸੀ, ਪਰ ਫੁਰਤੀਲੀ। ਭਾਰਾ ਜੋਬਨ ਤੇ ਹੰਸ ਵਰਗਾ ਤਿਕੋਣਾ ਢਿੱਡ ਸੀ ਉਹਦਾ।

“ਜੀ ਆਇਆਂ ਨੂੰ।” ਉਹ ਬੋਲੀ, “ਖਾਣਾ ਪਸੰਦ ਕਰੋਗੇ ਜਾਂ ਚਾਹ ਪਿਆਵਾਂ?”

ਬੰਦੇ ਦੀ ਪੇਤਲੀ ਨਜ਼ਰ ਤੀਵੀਂ ਦੇ ਗੋਲ ਮਟੋਲ ਮੋਢਿਆਂ ਤੋਂ ਹੁੰਦੀ ਲੱਤਾਂ ਵੇਖਦੀ ਹੋਈ ਉਹਦੀ ਤਾਤਾਰੀ ਚਪਲ ਤਾਈਂ ਗਈ। ਤੇ ਉਸ ਬੇਧਿਆਨੀ ਵਿੱਚ ਵਲਦਾ ਦਿੱਤਾ:

“ਬੱਸ ਚਾਹ। ਮਾਲਕਣ ਐਂ ਜਾਂ ਨੌਕਰਾਣੀ?”

“ਮਾਲਕਣ, ਹਜ਼ੂਰ।”

“ਮਤਲਬ, ਆਪ ਹੀ ਕੰਮ ਕਾਜ ਸੰਭਾਲਿਆ ਏ?”

“ਜੀ ਹਾਂ। ਆਪੋਂ।”

“ਕਿਉਂ? ਖਸਮ ਵਿਹੂਣੀ ਐਂ, ਇਸ ਲਈ ਆਪ ਕਾਰ ਵਿਹਾਰ ਚਲਾਉਂਦੀ ਐਂ?”

“ਰੰਡੀ ਨਹੀਂ ਹਾਂ, ਸਾਹਿਬ। ਦਿਨ ਤਾਂ ਕਿਸੇ ਤਰ੍ਹਾਂ ਕੱਟਣੇ ਹੋਏ। ਤੇ ਮੈਨੂੰ ਕੰਮ ਕਾਜ ਵਧੀਆ ਲਗਦਾ ਏ।”

“ਅੱਛਾ, ਇਹ ਚੰਗੀ ਗੱਲ ਏ। ਤੂੰ ਇਹ ਬੜਾ ਸਾਫ਼ ਸੁਥਰਾ ਤੇ ਸੁਹਾਵਣਾ ਰੱਖਿਆ ਹੋਇਆ ਏ।”

ਔਰਤ ਸਾਰਾ ਸਮਾਂ ਉਹਨੂੰ ਘੋਖਦੀ ਹੋਈ ਨੀਝ ਨਾਲ਼ ਨਿਹਾਰਦੀ ਰਹੀ।

“ਮੈਨੂੰ ਸਫ਼ਾਈ ਪਸੰਦ ਏ।” ਉਹ ਬੋਲੀ,”ਵੱਡੇ ਘਰਾਣਿਆਂ ਵਿੱਚ ਪਲ਼ੀ ਵਧੀ ਹਾਂ, ਭਲਾ ਸੁਘੜ ਸਲੀਕੇ ਨਾਲ਼ ਕਿਉਂ ਨਾ ਰਾਹਵਾਂਗੀ, ਨਿਕੋਲਾਈ ਅਲੀਕਸਈਵਚ।”

ਬੰਦਾ ਇੱਕ ਦਮ ਸਿੱਧਾ ਖੜੋ ਗਿਆ, ਤੇ ਹੈਰਾਨੀ ਨਾਲ਼ ਉਹਦੇ ਆਨੇ ਟਿੱਡੇ ਰਹਿ ਗਏ।

“ਨਦਈਜਦਾ! ਤੋਂ?” ਉਸ ਛੇਤੀ ਦੇਣੀ ਆਖਿਆ।

“ਹਾਂ ਮੈਂ, ਨਿਕੋਲਾਈ ਅਲੀਕਸਈਵਚ!” ਔਰਤ ਨੇ ਦੱਸਿਆ।

“ਹਾਲ ਓਏ ਰੱਬਾ!” ਮੂੜ੍ਹੇ ਉੱਤੇ ਬਹਿ ਕੇ ਇੱਕ ਟਕ ਉਹਨੂੰ ਵੇਖਦਾ ਉਹ ਬੋਲਿਆ, “ਕੌਣ ਇਹ ਸੋਚ ਸਕਦਾ ਸੀ? ਕਿੰਨੇ ਵਰ੍ਹਿਆਂ ਬਾਅਦ ਅਸੀਂ ਇੱਕ ਦੂਜੇ ਦੇ ਮਿੱਥੇ ਲੱਗੇ ਹਾਂ? ਲਗਭਗ ਪੈਂਤੀ?”

“ਤ੍ਰੀਹ, ਨਿਕੋਲਾਈ ਅਲੀਕਸਈਵਚ। ਮੈਂ ਹੁਣ ਅੜਤਾਲੀ ਸਾਲਾਂ ਦੀ ਹਾਂ, ਤੇ ਤੋਂ ਸੱਠ ਦੇ ਐੜ ਗੇੜ ਹੋਵੇਂਗਾ, ਮੇਰਾ ਖ਼ਿਆਲ ਏ।”

“ਲਗਭਗ ਏਨਾ ਹੀ। ਓਏ ਰੱਬਾ, ਕਿੰਨੀ ਅਜੀਬ ਗੱਲ ਏ।”

“ਇਸ ਵਿੱਚ ਅਜੀਬ ਕੀ ਏ, ਜਨਾਬ?”

“ਪਰ ਸਭ ਕੁੱਝ, ਸਾਰਾ ਕੁਸ਼ ਹੀ… ਤੂੰ ਕਿਉਂ ਨਹੀਂ ਸਮਝਦੀ ਪਈ!”

ਉਹਦੀ ਅਨਗਹਿਲੀ ਤੇ ਥਕੇਵਾਂ ਜਾਂਦਾ ਰਿਹਾ; ਉਹ ਖੜੋ ਗਿਆ ਤੇ ਨੀਵੀਂ ਪਾਈ, ਕਮਰੇ ਵਿੱਚ ਉਦਮ ਨਾਲ਼ ਟਹਿਲਣ ਲੱਗਾ। ਫਿਰ ਉਹਨੇ ਰੁਕ ਕੇ ਸ਼ਰਮ ਦੇ ਮਾਰੇ ਲਾਲ਼ ਹੁੰਦੀਆਂ ਕਹਿਣਾ ਸ਼ੁਰੂ ਕੀਤਾ:

“ਮੈਨੂੰ ਤੇਰੇ ਬਾਰੇ ਵਿੱਚ ਉਦੋਂ ਤੋਂ ਕੱਖ ਪਤਾ ਨਹੀਂ। ਤੋਂ ਇਥੇ ਕਿਵੇਂ ਆਈ? ਆਪਣੇ ਮਾਲਕਾਂ ਕੋਲ਼ ਕਿਉਂ ਨਹੀਂ ਰਹਿੰਦੀ?”

“ਤੇਰੇ ਮਗਰੋਂ ਉਨ੍ਹਾਂ ਮੈਨੂੰ ਆਜ਼ਾਦ ਕਰ ਦਿੱਤਾ ਸੀ।”

“ਫਿਰ ਉਹਦੇ ਬਾਅਦ ਤੂੰ ਕਿੱਥੇ ਰਹੀ?”

“ਇਹ ਲੰਬੀ ਕਹਾਣੀ ਏ।”

“ਆਖਦੀ ਐਂ ਕਿ ਤੂੰ ਵਿਆਹ ਨਹੀਂ ਕਰਵਾਇਆ?”

“ਆਹੋ, ਨਹੀਂ ਪਰਨੀਹੀ।”

“ਕਿਉਂ? ਏਨੀ ਸੁੰਦਰ ਹੋਣ ਦੇ ਬਾਵਜੂਦ?”

“ਇਹ ਮੈਥੋਂ ਹੋਇਆ ਨਹੀਂ।”

“ਕਿਉਂ? ਕੀ ਮਤਲਬ ਏ ਤੇਰਾ?”

“ਇਸ ਵਿੱਚ ਸਮਝਾਉਣ ਵਾਲੀ ਕਿਹੜੀ ਗੱਲ ਏ? ਯਾਦ ਹੋਵੀ ਸ਼ਾਇਦ ਕਿ ਮੈਂ ਤੈਨੂੰ ਕੰਨਾਂ ਪਿਆਰ ਕਰਦੀ ਸਾਂ।”

ਨਮੋਸ਼ੀ ਪਾਰੋਂ ਉਹਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਪਏ। ਮੱਥੇ ਵੱਟ ਪਾਈ ਉਹ ਕਮਰੇ ਵਿੱਚ ਫਿਰ ਚੱਕਰ ਕੱਟਣ ਲੱਗਾ।

“ਸਭ ਖ਼ਤਮ ਹੋ ਜਾਂਦਾ ਏ, ਮੇਰੀ ਜਾਨ।” ਉਹ ਬੁੜਬੜਾਇਆ, “ਪਿਆਰ, ਜਵਾਨੀ, ਸਾਰਾ ਕੁੱਝ। ਨਿਗੂਣੀ ਤੇ ਸਧਾਰਨ ਜਿਹੀ ਗੱਲ ਏ। ਵੇਲੇ ਨਾਲ਼ ਸਭ ਮੁੱਕ ਜਾਂਦਾ ਏ। ਜਿਵੇਂ ਅੰਜੀਲ ਵਿੱਚ ਲਿਖਿਆ ਏ ਕਿ ਲੰਘ ਗਏ ਪਾਣੀਆਂ ਨੂੰ ਕਿਵੇਂ ਕੋਈ ਚੇਤੇ ਰੱਖੇਗਾ।”

“ਜਿਹਦੀ ਕਿਸਮਤ ’ਚ ਜੋ ਹੋਵੇ, ਨਿਕੋਲਾਈ ਅਲੀਕਸਈਵਚ! ਜਵਾਨੀ ਸਾਰਿਆਂ ਦੀ ਢਿੱਲ ਜਾਂਦੀ ਏ, ਪਰ ਇਸ਼ਕ ਨਹੀਂ ਬਡ਼ਾ ਹੁੰਦਾ।”

ਉਹਨੇ ਅਪਣਾ ਸਿਰ ਚੁੱਕਿਆ ਤੇ ਖੜ੍ਹਾ ਹੋ ਕੇ ਫਿੱਕਾ ਜਿਹਾ ਹੱਸਦਿਆਂ ਬੋਲਿਆ:

“ਜ਼ਿੰਦਗੀ ਭਰ ਤਾਂ ਮੈਨੂੰ ਤੋਂ ਪਿਆਰ ਨਹੀਂ ਕਰ ਸਕਦੀ ਸੀਂ!”

“ਕਿਉਂ ਨਹੀਂ! ਜਿੰਨਾ ਜੀਵਨ ਗੁਜ਼ਰਿਆ, ਇਕੱਲੇ ਗੁਜ਼ਾਰਿਆ ਏ। ਮੈਨੂੰ ਪਤਾ ਸੀ ਕਿ ਤੇਰੇ ਲਈ ਕਦੇ ਦਾ ਸਭ ਕੁੱਝ ਖ਼ਤਮ ਹੋ ਗਿਆ। ਤੇਰੇ ਲਈ ਤਾਂ ਸ਼ਾਇਦ ਕੁੱਝ ਹੋਇਆ ਹੀ ਨਾ ਹੋਵੇ। ਪਰ… ਤੈਨੂੰ ਦੋਸ਼ ਦੇਣ ਵਿੱਚ ਵੀ ਦੇਰ ਹੋ ਗਈ। ਸੱਚ ਏ ਕਿ ਤੂੰ ਬੜੀ ਬੇਦਰਦੀ ਨਾਲ਼ ਮੈਨੂੰ ਛੱਡ ਗਈਓਂ। ਹੋਰ ਗੱਲਾਂ ਭੁੱਲ ਵੀ ਜਾਵਾਂ, ਪਰ ਸਿਰਫ਼ ਬੇ-ਪੱਤ ਹੋਣ ਵਜ੍ਹੋਂ ਮੈਂ ਕਈ ਵਾਰ ਖ਼ੁਦਕਸ਼ੀ ਦਾ ਸੋਚਿਆ। ਨਿਕੋਲਾਈ ਅਲੀਕਸਈਵਚ, ਕਦੀ ਉਹ ਵੇਲ਼ਾ ਸੀ ਜਦੋਂ ਮੈਂ ਤੈਨੂੰ ਨਕੋਲਈਨਕਾ ਆਖਦੀ ਸਾਂ, ਤੇ ਤੈਨੂੰ ਯਾਦ ਏ ਜਾਂ ਨਹੀਂ? ਤੂੰ ਮੈਨੂੰ ਕਿਸਰਾਂ ਬੁਲਾਉਂਦਾ ਸੀ? ਤੂੰ ਮੈਨੂੰ ਅਕਸਰ ਘਣ-ਛਾਵੇਂ ਬਿਰਖਾਂ ਨਾਲ਼ ਘਿਰੇ ਅੰਧਿਆਰੇ ਰਾਹਵਾਂ ਦੇ ਬਾਰੇ ਵਿੱਚ ਸ਼ਿਅਰ ਸੁਣਾਉਂਦਾ ਸੀ।” ਉਹਨੇ ਪੀੜ ਪਰੁੱਚੀ ਮੁਸਕਾਨ ਨਾਲ਼ ਕਿਹਾ।

“ਉਹ! ਤੂੰ ਕਿਡੀ ਮਨ ਭਾਉਂਦੀ ਸੀ।” ਉਹਨੇ ਸਿਰ ਹਿਲਾਉਂਦੇ ਹੋਏ ਕਿਹਾ, “ਕਿੰਨੀ ਨਿੱਘੀ, ਸੁੰਦਰ ਤੇ ਰੂਪ ਵਾਣ! ਕੀ ਅੱਖਾਂ ਸਨ। ਚੇਤੇ ਈ ਕਿਵੇਂ ਲੋਕ ਤੈਨੂੰ ਤਾੜਦੇ ਰਹਿੰਦੇ ਸਨ?”

“ਹਾਂ। ਤੂੰ ਵੀ ਬੜਾ ਲੁਭਾਵਣਾ ਸੀ। ਤੈਨੂੰ ਚਾਨਣ ਏ, ਇਹ ਤੂੰ ਹੀ ਸੀ ਜਿਹਦੇ ਉੱਤੇ ਮੈਂ ਅਪਣਾ ਸੋਹੱਪਣ ਤੇ ਵੇਗ ਵਾਰ ਛੱਡਿਆ। ਇਹ ਗਲ ਜਿਉਂਦੇ ਜੀ ਕਿਵੇਂ ਵਿਸਰ ਸਕਦੀ ਏ?”

“ਆਹ! ਸਭ ਕੁੱਝ ਬੀਤ ਜਾਂਦਾ ਏ। ਸਾਰਾ ਕਸ਼ ਭੁੱਲ ਜਾਂਦਾ ਏ।”

“ਸਭ ਕੁੱਝ ਬੀਤ ਜਾਂਦਾ ਏ, ਪਰ ਕੁੱਝ ਵੀ ਭੁੱਲਦਾ ਨਹੀਂ।”

“ਚਲੀ ਜਾ,” ਉਹ ਆਖਦਾ ਹੋਇਆ ਬਾਰੀ ਕੋਲ਼ ਜਾ ਖਲੋਤਾ। “ਭਲਾ ਹੋਵੀ ਟੁਰ ਜਾ!”

ਤੇ ਰੁਮਾਲ ਕੱਢ ਕੇ ਅੱਖਾਂ ਉੱਤੇ ਧਰਦਿਆਂ ਉਹ ਕਾਹਲ਼ੀ ਨਾਲ਼ ਬੋਲਿਆ:

“ਜੇਕਰ ਰੱਬ ਵੀ ਮੈਨੂੰ ਬਖ਼ਸ਼ ਦੇਵੇ। ਜ਼ਾਹਰ ਏ ਕਿ ਤੂੰ ਮੈਨੂੰ ਮਾਫ਼ ਕਰ ਦਿੱਤਾ ਏ।”

ਉਹ ਬੂਹੇ ਤੱਕ ਗਈ ਤੇ ਰੁਕ ਕੇ ਬੋਲੀ:

“ਨਾ, ਨਿਕੋਲਾਈ ਅਲੀਕਸਈਵਚ, ਮੇਰੇ ਵੱਲੋਂ ਮਾਫ਼ੀ ਕੋਈ ਨਹੀਂ। ਅਸਾਂ ਸੁੱਤੀ ਕਲਾ ਜਗਾ ਲਈ ਏ ਤਾਂ ਮੈਂ ਤੈਨੂੰ ਦੱਸ ਦੀਆਂ: ਤੈਨੂੰ ਮੈਂ ਕਦੀ ਮਾਫ਼ ਨਹੀਂ ਕਰ ਸਕਦੀ। ਜਿਸਰਾਂ ਉਸ ਵੇਲੇ ਧਰਤੀ ਉੱਤੇ ਤੇਥੋਂ ਵੱਧ ਮੈਨੂੰ ਕੋਈ ਪਿਆਰਾ ਨਹੀਂ ਸੀ, ਇੰਜ ਹੀ ਮਗਰੋਂ ਵੀ ਕੋਈ ਸ਼ੈ ਤੇਥੋਂ ਉੱਤੇ ਨਹੀਂ ਸੀ। ਤੇ ਇਸੇ ਲਈ ਮੈਂ ਤੈਨੂੰ ਮਾਫ਼ ਨਹੀਂ ਕਰ ਸਕਦੀ। ਠੀਕ! ਪਰ ਯਾਦ ਦੀ ਵੀ ਕੋਈ ਹੱਦ ਏ, ਜਿੰਨਾਂ ਮਰਜ਼ੀ ਕਰ ਲੳ ਮੋਏ ਨੇ ਕਬਰ ਵਿੱਚੋਂ ਉੱਠ ਕੇ ਤਾਂ ਨਹੀਂ ਆ ਜਾਣਾ ਹੁੰਦਾ।”

“ਆਹੋ, ਠੀਕ ਆਖਦੀ ਐਂ, ਕੋਈ ਫ਼ਾਇਦਾ ਨਹੀਂ, ਬੱਘੀ ਲਿਆਉਣ ਦਾ ਆਖ,” ਉਸ ਪਹਿਲਾਂ ਨਾਲੋਂ ਕਠੋਰ ਚਿਹਰੇ ਨਾਲ਼ ਬਾਰੀ ਕੋਲੋਂ ਹਟਦੇ ਹੋਏ ਵਲਦਾ ਦਿੱਤਾ, “ਤੈਨੂੰ ਇੱਕ ਗੱਲ ਦੱਸਾਂ: ਮੇਰਾ ਜੀਵਨ ਵੀ ਸੁਖਾਲਾ ਨਹੀਂ ਲੰਘਿਆ, ਹਾੜਾ ਈ ਇਂਜ ਨਾ ਸੋਚ। ਮੈਨੂੰ ਹਿਰਖ ਏ ਪਈ ਸ਼ਾਇਦ ਮੈਂ ਤੇਰਾ ਮਾਣ ਤੋੜਿਆ, ਪਰ ਮੈਂ ਤੈਨੂੰ ਸਾਫ਼ ਦੱਸ ਦਿਆਂ ਕਿ ਤੇਰੇ ਨਾਲ਼ ਜੋ ਮੈਂ ਕੀਤੀ, ਇਸ ਤੋਂ ਵੱਧ ਭੈੜੀ ਮੇਰੇ ਨਾਲ਼ ਹੋਈ। ਆਪਣੀ ਤੀਵੀਂ ਨੂੰ ਮੈਂ ਪਾਗਲਾਂ ਵਾਂਗੂੰ ਚਾਹੁੰਦਾ ਸਾਂ ਪਰ ਉਹ ਹਰਜਾਈ ਨਿਕਲੀ ਤੇ ਮੈਨੂੰ ਛੱਡ ਗਈ। ਆਪਣੇ ਪੁੱਤਰ ਦੇ ਮੈਂ ਬੜੇ ਲਾਡ ਲਡਾਏ, ਤੇ ਉਹਦੇ ਵੱਡੇ ਹੋਣ ਤੇ ਕਈ ਆਸਾਂ ਉਮੀਦਾਂ ਬੰਨ੍ਹਿਆਂ। ਪਰ ਉਹ ਬਦਮਾਸ਼, ਫ਼ਜ਼ੂਲ ਖ਼ਰਚ, ਢੀਠ, ਨਿਰਮੋਹ, ਬੇ-ਈਮਾਨ ਤੇ ਮੇਰਾ ਗੁਸਤਾਖ਼ ਨਿਕਲਿਆ। ਹਾਂ, ਇਹ ਸਭ ਵੀ ਬਹੁਤ ਆਮ ਗੱਲਾਂ ਨੇਂ। ਖ਼ੁਸ਼ ਰਹੋ ਮੇਰੀ ਪਿਆਰੀ ਸੱਖੀ। ਮੈਂ ਸੋਚਦਾ ਹਾਂ ਕਿ ਤੈਨੂੰ ਛੱਡ ਕੇ ਮੈਂ ਜ਼ਿੰਦਗੀ ਦੀ ਸਭ ਤੋਂ ਕੀਮਤੀ ਸ਼ੈ ਗੁਆ ਦਿੱਤੀ।”

ਉਹ ਉਹਦੇ ਨੇੜੇ ਹੋਈ। ਉਹਦਾ ਹੱਥ ਚੁਮਿਆ, ਉਸ ਵੀ ਉਹਦੇ ਹੱਥ ਦੀ ਚੁੰਮੀ ਲਈ।

“ਬੱਘੀ ਮੰਗਵਾ ਦੇ।”

ਜਦੋਂ ਉਹ ਪੈਂਡਾ ਕਰਦੇ ਅਗਾਂਹ ਨਿਕਲ ਗਏ, ਉਦਾਸ ਜਿਹਾ ਉਹ ਸੋਚਣ ਲੱਗਾ: “ਹਾਂ, ਕਿੰਨੀ ਮਨਮੋਹਣੀ ਸੀ ਉਹ! ਜਾਦੂ ਭਰੀ ਰੂਪ ਮੱਤੀ!” ਉਹਨੇ ਨਮੋਸ਼ੀ ਵਿੱਚ ਆਪਣੇ ਆਖ਼ਰੀ ਬੋਲ ਯਾਦ ਕੀਤੇ। ਫਿਰ ਇਹ ਵੀ ਯਾਦ ਕੀਤਾ ਕਿ ਉਸ ਉਹਦਾ ਹੱਥ ਚੁੰਮਿਆ ਸੀ ਤੇ ਅੱਚਨਚੇਤੀ ਉਹਨੂੰ ਆਪਣੀ ਹੀ ਸੰਗਾ ਉੱਤੇ ਸ਼ਰਮ ਮਹਿਸੂਸ ਹੋਈ। “ਕੀ ਇਹ ਸੱਚ ਨਹੀਂ ਕਿ ਉਹਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਚੰਗੇ ਪਲ ਮੈਨੂੰ ਦਾਨ ਕੀਤੇ?”

ਦੋਮੇਲਾਂ ਉੱਤੇ ਸੂਰਜ ਡੁੱਬ ਰਿਹਾ ਸੀ। ਕੋਚਵਾਨ ਸਾਰਾ ਵਕਤ ਖ਼ਤਰਨਾਕ ਖੱਡਿਆਂ ਨੂੰ ਵਲਾਉਂਦਾ ਘੱਟ ਡੂੰਘੀਆਂ ਲੀਹਾਂ ਉੱਤੇ ਘੋੜਿਆਂ ਨੂੰ ਦੌਡਾਉਂਦਾ ਹੋਇਆ ਮਨ ਹੀ ਮਨ ਵਿੱਚ ਕੁੱਝ ਸੋਚ ਰਿਹਾ ਸੀ। ਓੜਕ ਉਸ ਗੰਭੀਰ ਆਵਾਜ਼ ਵਿੱਚ ਕਿਹਾ:

“ਸਾਹਿਬ, ਜਦੋਂ ਅਸੀਂ ਓਥੋਂ ਨਿਕਲੇ, ਉਹ ਬਾਰੀ ਵਿੱਚੋਂ ਝਾਕ ਰਹੀ ਸੀ। ਲਗਦਾ ਏ ਪੁਰਾਣੀ ਵਾਕਫ਼ੀ ਏ ਤੁਹਾਡੇ ਨਾਲ਼?”

“ਹਾਂ, ਚੋਖੇ ਚਿਰ ਤੋਂ ਭਰਾਵਾ।”

“ਬੜੀ ਸਿਆਣੀ ਤੀਵੀਂ ਜੇ। ਦੱਸਦੇ ਨੇ ਕਿ ਉਹ ਨਿੱਤ ਦਿਹਾੜੀ ਅਮੀਰ ਹੁੰਦੀ ਪਈ ਏ। ਬਿਆਜ ਉੱਤੇ ਵੀ ਰੁਪਈਆ ਦਿੰਦੀ ਏ।”

“ਇਹ ਸਭ ਫ਼ਜ਼ੂਲ ਏ।”

“ਕਿਉਂ ਜੀ, ਕੌਣ ਵਧੀਆ ਢੰਗ ਨਾਲ਼ ਨਹੀਂ ਜੀਣਾ ਚਾਹੁੰਦਾ! ਜੇਕਰ ਈਮਾਨਦਾਰੀ ਨਾਲ਼ ਕਰਜ਼ ਦਿੱਤਾ ਜਾਵੇ ਤਾਂ ਇਸ ਵਿੱਚ ਕੀ ਹਰਜ ਏ। ਆਖਦੇ ਨੇ ਕਿ ਉਹ ਵਿਹਾਰ ਦੀ ਖਰੀ ਪਰ ਕਰੜੀ ਏ। ਜੇਕਰ ਰਕਮ ਵੇਲੇ ਸਿਰ ਨਾ ਪਰਤਾਓ ਤਾਂ ਖ਼ੁਦ ਨੂੰ ਹੀ ਦੋਸ਼ੀ ਸਮਝੋ।”

“ਆਹੋ, ਠੀਕ ਏ, ਖ਼ੁਦ ਨੂੰ ਹੀ ਦੋਸ਼ੀ ਜਾਣੋ… ਘੋੜਿਆਂ ਨੂੰ ਤਿਖਾ ਟੋਰ, ਗੱਡੀ ਫੜਨ ਵਿੱਚ ਸਾਨੂੰ ਦੇਰ ਨਾ ਹੋ ਜਾਏ…।”

ਡੁੱਬਦੇ ਸੂਰਜ ਦੀਆਂ ਸੁਨਹਿਰੀ ਰਿਸ਼ਮਾਂ ਖ਼ਾਲੀ ਖੇਤਾਂ ਉੱਤੇ ਪੈ ਰਹੀਆਂ ਸਨ, ਘੋੜੇ ਪਾਣੀ ਵਿੱਚ ਸ਼ੜਪ-ਸ਼ੜਪ ਕਰਦੇ ਦੌੜ ਰਹੇ ਸਨ। ਉਹ ਪਲ ਭਰ ਲਈ ਝਲਕ ਜਾਂਦੀਆਂ ਘੋੜਿਆਂ ਦੀਆਂ ਖੁਰੀਆਂ ਵੱਲ ਵੇਖਦਾ ਹੋਇਆ, ਆਪਣੇ ਕਾਲੇ ਭਰਵੱਟੇ ਸਕੋੜ ਕੇ ਸੋਚ ਰਿਹਾ ਸੀ:

“ਆਹੋ, ਖ਼ੁਦ ਨੂੰ ਹੀ ਦੋਸ਼ੀ ਸਮਝੋ। ਹਾਂ ਉਹੀ ਚੰਗੇ ਪਲ ਸਨ, ਨਾ ਸਿਰਫ਼ ਵਧੀਆ ਸਗੋਂ ਮੰਤਰ ਮਗੁਧ ਵੀ।” ਚਾਰੇ ਪਾਸੇ ਸੂਹੇ ਜੰਗਲ਼ੀ ਗੁਲਾਬ ਖਿੜ ਰਹੇ ਸਨ, ਘਣਛਾਵੇਂ ਬਿਰਖਾਂ ਦੇ ਵਿਚਕਾਰੋਂ ਲੰਘਦਾ ਅੰਨ੍ਹਾ ਰਾਹ… “ਉਹ ਮੇਰਿਆ ਰੱਬਾ! ਕੀ ਹੁੰਦਾ ਜੇਕਰ ਮੈਂ ਉਹਨੂੰ ਛੱਡਿਆ ਨਾ ਹੁੰਦਾ? ਕਿਡਾ ਮੂਰਖ ਪੁਣਾ! ਸਰਾਏ ਦੀ ਮਾਲਕਣ ਇਹੀ ਨਦਈਜਦਾ ਅੱਜ ਮੇਰੀ ਸਵਾਣੀ ਹੁੰਦੀ, ਪੀਟਰਜ਼ਬਰਗ ਵਾਲੇ ਘਰ ਦੀ ਮਾਲਕਣ ਨਾਲੇ ਮੇਰੇ ਬੱਚਿਆਂ ਦੀ ਮਾਂ?”

ਅੱਖਾਂ ਬੰਦ ਕੀਤੀ ਉਹ ਸਿਰ ਹਿਲਾ ਰਿਹਾ ਸੀ।

(ਪੰਜਾਬੀ ਅਨੁਵਾਦ: ਖ਼ਾਲਿਦ ਫ਼ਰਹਾਦ ਧਾਰੀਵਾਲ)

  • ਮੁੱਖ ਪੰਨਾ : ਕਹਾਣੀਆਂ, ਇਵਾਨ ਬੂਨਿਨ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •