Aseen Ki Ban Gaye : Waryam Singh Sandhu

ਅਸੀਂ ਕੀ ਬਣ ਗਏ : ਵਰਿਆਮ ਸਿੰਘ ਸੰਧੂ

'ਸ਼ਾਮ ਦਾ ਘੁਸਮੁਸਾ ਅਜੇ ਪਸਰਿਆ ਹੀ ਸੀ ਤੇ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਇਹ ਘੁਸਮੁਸਾ ਇਕ-ਦਮ ਕਾਲੀ ਬੋਲੀ ਰਾਤ ਵਾਂਗ ਸਾਰੇ ਪਿੰਡ 'ਤੇ ਪਸਰ ਜਾਵੇਗਾ ਜਾਂ ਇਹ ਕਾਲੀ-ਬੋਲੀ ਰਾਤ ਕਿਸੇ ਪਰਿਵਾਰ ਜਾਂ ਵਿਸ਼ੇਸ਼ ਵਿਅਕਤੀਆਂ ਲਈ ਉਮਰਾਂ ਜਿੰਨੀ ਲੰਮੀ ਹੋ ਜਾਵੇਗੀ। ਦੀਵਾਲੀ ਨੇੜੇ ਸੀ, ਪਰ ਪੰਜਾਬ ਦੇ ਹਾਲਾਤ ਠੀਕ ਨਾ ਹੋਣ ਕਰਕੇ ਪਟਾਕੇ ਚਲਾਉਣ ਦੀ ਮਨਾਹੀ ਸੀ। ਉਂਜ ਲੋਕਾਂ ਇਹੋ ਸਮਝਿਆ ਕਿ ਕਿਸੇ ਨੇ ਨਿੱਕੇ ਮੋਟੇ ਪਟਾਕੇ ਹੀ ਚਲਾਏ ਹੋਣਗੇ। ਗੋਲੀ ਦੀ ਆਵਾਜ਼ ਤਾਂ ਲੱਗਦੀ ਨਹੀਂ ਸੀ।
ਪਰ ਇਹ ਗੋਲੀ ਦੀ ਹੀ ਆਵਾਜ਼ ਸੀ।
ਕਿਸੇ ਨੇ ਚੁਬਾਰੇ ਦੀ ਬਾਰੀ 'ਚੋਂ ਸਿਰ ਬਾਹਰ ਕੱਢ ਕੇ ਵੇਖਿਆ। ਸ਼ਾਮ ਲਾਲ ਕਾਹਲੀ ਕਾਹਲੀ ਦੁਕਾਨ ਬੰਦ ਕਰ ਰਿਹਾ ਸੀ।
"ਕੀ ਗੱਲ ਹੋਈ?" ਚੁਬਾਰੇ ਵਾਲੇ ਨੇ ਪੁੱਛਿਆ।
ਏਨੇ ਨੂੰ ਬਾਜ਼ਾਰ ਦੀ ਪਰਲੀ ਨੁੱਕਰੋਂ ਭੱਜਾ ਭੱਜਾ ਆਉਂਦਾ ਕੋਈ ਜਣਾ ਘਬਰਾਹਟ ਵਿਚ ਉੱਚੀ ਉੱਚੀ ਬੋਲਦਾ ਤੇ ਹੱਥ ਹਿਲਾਉਂਦਾ ਛਿਪਨ ਹੋ ਗਿਆ।
"ਦੁਕਾਨਾਂ ਬੰਦ ਕਰ ਦਿਓ । ਉਹਨਾਂ ਨੇ ਬੜਿਆਂ ਨੂੰ ਗੋਲੀਆਂ ਮਾਰੀਆਂ ਨੇ। ਭੱਜ ਜਾਓ ਸਭ। ਲੁਕ ਜੋ ਛੇਤੀ।"
ਸ਼ਾਮ ਲਾਲ ਤੋਂ ਕੰਬਦੇ ਹੱਥਾਂ ਨਾਲ ਛੇਤੀ ਛੇਤੀ ਦੁਕਾਨ ਦਾ ਤਾਲਾ ਨਹੀਂ ਸੀ ਲੱਗ ਰਿਹਾ। ਉਹ ਕੰਬਦੀ ਲੜਖੜਾਉਂਦੀ ਜ਼ਬਾਨ ਨਾਲ ਚੁਬਾਰੇ ਵਾਲੇ ਨੂੰ ਵੀ ਦੱਸ ਰਿਹਾ ਸੀ।
"ਓ ਜੀ, ਮੈਨੂੰ ਵੀ ਮਾਰਨ ਲੱਗੇ ਸਨ । ਮੈਂ ਭੱਜ ਕੇ ਦੁਕਾਨ ਅੰਦਰ ਵੜ ਗਿਆ। ਗੋਲੀਆਂ ਬੋਰੀਆਂ 'ਚ ਵੱਜੀਆਂ। ਫਿਰ ਉਹ ਕੇਵਲ ਵੱਲ ਹੋਏ। ਪਰ ਉਹ ਐਂ ਨੂੰ ਭੱਜ ਗਿਆ।" ਉਸ ਦੁਕਾਨ ਬੰਦ ਕਰਕੇ ਥੜ੍ਹੇ ਤੋਂ ਉੱਤਰਦਿਆਂ ਖੱਬੇ ਪਾਸੇ ਵੱਲ ਇਸ਼ਾਰਾ ਕਰਕੇ ਉਤਾਂਹ ਵੇਖਿਆ। ਪਰ ਚੁਬਾਰੇ ਦੀ ਬਾਰੀ ਤਾਂ ਕਦੋਂ ਦੀ ਬੰਦ ਹੋ ਚੁੱਕੀ ਸੀ!
ਸਾਹਮਣੇ ਕੇਵਲ ਦੀ ਦੁਕਾਨ ਉੱਤੇ ਦੂਧੀਆ ਰੌਸ਼ਨੀ ਵਿਚ ਉਸਦਾ ਮਠਿਆਈ ਵਾਲਾ ਸ਼ੋ-ਕੇਸ਼ ਚਮਕ ਰਿਹਾ ਸੀ। ਥੜ੍ਹੇ 'ਤੇ ਪਿਆ ਦਹੀਂ ਦਾ ਇੱਕ ਕੂੰਡਾ, ਜੋ ਵਿਕ ਜਾਣ ਕਰਕੇ ਖਾਲੀ ਹੋ ਗਿਆ ਸੀ, ਭੱਠੀ ਵੱਲ ਉੱਲਰਿਆ ਹੋਇਆ ਸੀ ਤੇ ਦੂਜਾ ਪੈਰ ਵੱਜਣ ਕਰਕੇ ਟੇਢਾ ਹੋ ਕੇ ਡੁੱਲ੍ਹਾ ਪਿਆ ਸੀ। ਜਿਸ ਛੋਟੇ ਕੱਪ ਨਾਲ ਉਹ ਕੂੰਡੇ ਵਿਚੋਂ ਦਹੀਂ ਮਿਣ ਕੇ ਪਾਉਂਦਾ ਸੀ, ਉਹ ਬਾਜ਼ਾਰ ਦੇ ਐਨ ਵਿਚਕਾਰ ਟੁੱਟਾ ਹੋਇਆ ਸੀ।
ਇੱਕ-ਦਮ ਸਾਰੇ ਬਾਜ਼ਾਰ ਵਿਚ ਦਿਓ ਫਿਰ ਗਿਆ। ਸੰਨ੍ਹਾਟਾ ਛਾ ਗਿਆ ਸੀ। ਸਹਿਮੀ ਹੋਈ ਚੁੱਪ ਕੰਨਾਂ ਵਿਚ 'ਸ਼ਾਂ ਸ਼ਾਂ' ਕਰ ਰਹੀ ਸੀ। ਸਭ ਅੰਦਰੋ ਅੰਦਰੀ ਦੜ ਗਏ ਸਨ। ਕੋਈ ਸਿਰ ਘਰ 'ਚੋਂ ਬਾਹਰ ਨਹੀਂ ਸੀ ਹੋ ਰਿਹਾ। ਕਿਧਰੋਂ ਕੋਈ ਆਵਾਜ਼ ਨਹੀਂ ਸੀ ਆ ਰਹੀ। ਸਾਰੇ ਪਿੰਡ ਨੂੰ ਜਿਵੇਂ ਸੱਪ ਸੁੰਘ ਗਿਆ ਸੀ।'
-0-0-0-0-
ਉਪਰਲਾ ਦ੍ਰਿਸ਼ ਮੇਰੀ ਕਹਾਣੀ 'ਭੱਜੀਆਂ ਬਾਹੀਂ'ਵਿਚੋਂ ਲਿਆ ਗਿਆ ਹੈ। ਨਾਵਾਂ ਦੀ ਬਦਲੀ ਤੋਂ ਇਲਾਵਾ ਇਸ ਵਿਚ ਪੇਸ਼ ਵੇਰਵਾ ਵਾਸਤਵਿਕਤਾ ਦੇ ਬਹੁਤ ਨੇੜੇ ਹੈ। ਮੈਂ ਉਦੋਂ ਅਜੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਚ ਨਹੀਂ ਸਾਂ ਆਇਆ ਅਤੇ ਆਪਣੇ ਪਿੰਡ ਸੁਰ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਦੇ ਹਾਈ ਸਕੂਲ ਵਿਚ ਹੀ ਪੜ੍ਹਾਉਂਦਾ ਸਾਂ।
ਇਹ ਛੇ ਅਕਤੂਬਰ 1984 ਦਾ ਦਿਨ ਸੀ।
ਸ਼ਾਮ ਹੋ ਚੱਲੀ ਸੀ। ਮੇਰੇ ਬੱਚੇ ਆਪਣੀ 'ਭੈਣ ਜੀ' ਕੋਲੋਂ ਟਿਊਸ਼ਨ ਪੜ੍ਹ ਕੇ ਅਜੇ ਪਰਤੇ ਨਹੀਂ ਸਨ। ਇਹਨਾਂ ਦਿਨਾਂ ਵਿਚ ਹਨ੍ਹੇਰਾ ਹੋਣ ਤੋਂ ਪਹਿਲਾਂ ਉਹਨਾਂ ਦਾ ਘਰ ਪਹੁੰਚਣਾ ਲਾਜ਼ਮੀ ਸੀ; ਪਰ ਅੱਜ ਤਾਂ ਉਹਨਾਂ ਨੇ ਦੇਰ ਕਰ ਦਿੱਤੀ ਸੀ। ਮੈਂ ਉਹਨਾਂ ਨੂੰ ਲੈਣ ਲਈ ਅੱਗਲਵਾਂਢੀ ਗਿਆ। ਉਹ ਆਰਾਮ ਨਾਲ ਆਪਸ ਵਿਚ ਗੱਲਾਂ ਕਰਦੇ 'ਟਹਿਲਦੇ' ਆ ਰਹੇ ਸਨ। ਮੈਂ ਉਹਨਾਂ ਨੂੰ ਛੇਤੀ ਤੁਰਨ ਲਈ ਕਿਹਾ। ਅਜੇ ਅਸੀਂ ਆਪਣੇ ਘਰ ਪੁੱਜੇ ਹੀ ਸਾਂ ਕਿ ਸਾਡੇ ਘਰ ਦੇ ਸਾਹਮਣਿਓਂ ਗੋਲੀ ਚੱਲਣ ਦੀ ਆਵਾਜ਼ ਆਈ।
"ਪਤਾ ਨਹੀਂ ਕੌਣ ਪਟਾਕੇ ਚਲਾਉਣ ਡਿਹਾ ਏ?" ਮਨ ਵਿਚ ਖ਼ੁਤਖ਼ੁਤੀ ਹੋਈ।
ਮੈਂ ਪੈਰੀਂ ਜੁੱਤੀ ਅੜਾ ਕੇ ਪਤਾ ਕਰਨ ਲਈ ਬਾਹਰ ਨਿਕਲਣ ਹੀ ਲੱਗਾ ਸਾਂ ਕਿ ਪਤਨੀ ਨੇ ਵਰਜਿਆ।
"ਸੁਣਦੇ ਨਹੀਂ, ਇਹ ਗੋਲੀ ਦੀ ਆਵਾਜ਼ ਐ। ਹੁਣ ਆਹ ਵੇਖੋ ਦੂਰੋਂ ਬਾਜ਼ਾਰ ਚੋਂ ਅਜੇ ਵੀ ਖੜਾਕ ਆਉਣ ਡਿਹਾ।"
"ਫਿਰ ਵੀ ਵੇਖਾਂ ਤਾਂ ਸਹੀ!"
ਮੈਂ ਉਸਦੇ ਰੋਕਦਿਆਂ ਵੀ ਬਾਹਰਲਾ ਦਰਵਾਜ਼ਾ ਖੋਲ੍ਹ ਕੇ ਬਾਜ਼ਾਰ ਵਿਚ ਆ ਗਿਆ । ਸਾਡਾ ਘਰ ਸਾਡੇ ਪਿੰਡ 'ਸੁਰ ਸਿੰਘ' ਦੇ ਮੇਨ ਬਾਜ਼ਾਰ ਵਿਚ ਸੀ। ਆਸੇ ਪਾਸੇ ਸਭ ਹਿੰਦੂ ਆਬਾਦੀ ਸੀ ਅਤੇ ਵਿਚਕਾਰ ਇੱਕੋ ਇੱਕ ਸੀ ਸਾਡਾ 'ਜੱਟ-ਸਿੱਖਾਂ' ਦਾ ਘਰ'। ਸਾਡਾ ਬਾਹਰਲਾ ਵੱਡਾ ਦਰਵਾਜ਼ਾ ਬਾਜ਼ਾਰ ਵਿਚ ਹੀ ਖੁੱਲ੍ਹਦਾ ਸੀ। ਪੰਦਰਾਂ ਕੁ ਫੁੱਟ ਬਾਜ਼ਾਰ ਛੱਡ ਕੇ ਸਾਡੇ ਦਰਵਾਜ਼ੇ ਦੇ ਐਨ ਸਾਹਮਣੇ ਗੁਰਲਾਲ ਚੰਦ ਦੀ ਹਲਵਾਈ ਦੀ ਦੁਕਾਨ ਸੀ। ਉਸਦੇ ਨਾਲ ਹੀ ਸਾਡੇ ਘਰ ਨੂੰ ਸਾਹਮਣੇ ਸੱਜੇ ਹੱਥ ਉਸਦੇ ਭਰਾ ਗੋਪਾਲ ਚੰਦ ਦੀ ਪੰਸਾਰੀ ਦੀ ਦੁਕਾਨ ਸੀ। ਹਾਲਾਤ ਦੇ ਮੱਦੇ-ਨਜ਼ਰ ਦੋਹਾਂ ਭਰਾਵਾਂ ਨੇ ਵੇਲੇ ਸਿਰ ਹੀ ਦੁਕਾਨਾਂ ਬੰਦ ਕਰ ਲਈਆਂ ਸਨ। ਪਰ ਫਿਰ ਵੀ ਅਜੇ ਬਾਜ਼ਾਰ ਵਿਚ ਚਹਿਲ- ਪਹਿਲ ਸੀ ਅਤੇ ਕਈ ਦੁਕਾਨਾਂ ਅਜੇ ਵੀ ਖੁੱਲ੍ਹੀਆਂ ਹੋਈਆਂ ਸਨ।। ਗੋਪਾਲ ਚੰਦ ਦੀ ਦੁਕਾਨ ਤੋਂ ਇੱਕ ਦੁਕਾਨ ਛੱਡ ਕੇ ਉਸਦੇ 'ਤੀਜੇ ਨੰਬਰ' ਦੇ ਘਰੋਂ ਅੱਡ ਹੋਏ ਮੁੰਡੇ 'ਮੰਗੇ' ਦੀ ਪਕੌੜਿਆਂ, ਦਹੀਂ-ਭੱਲਿਆਂ ਅਤੇ ਮਠਿਆਈ ਦੀ ਦੁਕਾਨ ਸੀ। ਇਹਨਾਂ ਸਾਰੀਆਂ ਦੁਕਾਨਾਂ ਦਾ ਮੂੰਹ ਲਹਿੰਦੇ ਨੂੰ ਸਾਡੇ ਘਰ ਨੂੰ ਸਾਹਮਣਾ ਸੀ ਜਦ ਕਿ ਸਾਡੇ ਘਰ ਵਾਂਗ ਚੜ੍ਹਦੇ ਪਾਸੇ ਨੂੰ ਮੂੰਹ ਵਾਲੀਆਂ ਦੋ ਦੁਕਾਨਾਂ ਸਾਡੇ ਘਰ ਦੀਆਂ ਕੰਧਾਂ ਦੇ ਸੱਜੇ ਖੱਬੇ ਪਾਸੇ ਲੱਗਦੀਆਂ ਸਨ। ਖੱਬੇ ਹੱਥ ਸੀ ਡਾਕਟਰ ਗੁਲਜ਼ਾਰੀ ਲਾਲ ਦੀ ਦੁਕਾਨ। ਉਸਨੂੰ ਸਾਰੇ 'ਲਾਲ ਡਾਕਟਰ' ਹੀ ਆਖਦੇ ਸਨ। ਸਾਡੇ ਘਰ ਦੇ ਸੱਜੇ ਹੱਥ ਸੀ ਵੇਦ ਪ੍ਰਕਾਸ਼ ਦੀ ਪੰਸਾਰੀ ਦੀ ਦੁਕਾਨ।
ਮੈਂ ਜਦੋਂ ਘਰੋਂ ਬਾਹਰ ਨਿਕਲਿਆ ਤਾਂ ਬਾਜ਼ਾਰ ਵਿਚ ਕੋਈ ਬੰਦਾ ਦਿਖਾਈ ਨਾ ਦਿੱਤਾ। ਵੇਦ ਪ੍ਰਕਾਸ਼ ਕੰਬਦੇ ਹੱਥਾਂ ਨਾਲ ਦੁਕਾਨ ਦਾ ਦਰਵਾਜ਼ਾ ਬੰਦ ਕਰ ਰਿਹਾ ਸੀ। ਕਹਾਣੀ ਵਿਚਲਾ 'ਸ਼ਾਮ ਲਾਲ' ਉਹੋ ਹੀ ਹੈ। ਚੁਬਾਰੇ 'ਚੋਂ ਸਿਰ ਬਾਹਰ ਕੱਢ ਕੇ ਸਵਾਲ ਕੀਤਾ ਸੀ ਗੁਰਲਾਲ ਚੰਦ ਨੇ। ਪਰ ਜਦੋਂ ਪਤਾ ਲੱਗਾ ਕਿ ਗੋਲੀ ਚੱਲੀ ਹੈ ਤਾਂ ਉਹਦਾ ਘਰ ਵਿਚ ਦੜ ਜਾਣਾ ਕੁਦਰਤੀ ਹੀ ਸੀ। ਦਰਵਾਜ਼ਾ ਬੰਦ ਕਰਕੇ ਆਪਣੇ ਘਰ ਨੂੰ ਦੌੜਦਿਆਂ ਹੋਇਆਂ ਘਰਕਦੀ ਆਵਾਜ਼ ਵਿਚ ਵੇਦ ਪ੍ਰਕਾਸ਼ ਨੇ ਮੈਨੂੰ ਆਖਿਆ, "ਮਾਸਟਰ ਜੀ ਤੁਸੀਂ ਘਰ ਨੂੰ ਜਾਓ। ਤੁਸੀਂ ਏਥੇ ਕੀ ਕਰਦੇ ਓ! ਉਹ ਮੁੜ ਕੇ ਵੀ ਆ ਸਕਦੇ ਨੇ। ਗੋਲੀਆਂ ਦਾ ਖੜਾਕ ਨਹੀਂ ਸੁਣਦਾ ਪਿਆ ਤੁਹਾਨੂੰ?"
ਗੱਲ ਤਾਂ ਉਸਦੀ ਠੀਕ ਸੀ। ਉਹਨਾਂ ਲਈ ਕਿਹੜਾ ਏਥੇ ਟਰੈਫ਼ਿਕ ਦਾ 'ਵੰਨ ਵੇ' ਕਾਨੂੰਨ ਲਾਗੂ ਹੁੰਦਾ ਸੀ! ਚੜ੍ਹਦੇ ਪਾਸੇ ਜਿੱਧਰ ਉਹ ਗਏ ਸਨ, ਪੁਲਿਸ ਚੌਕੀ ਹੋਣ ਕਰਕੇ ਉਧਰੋਂ ਮੁੜ ਕੇ ਵਾਪਸ ਆਉਣ ਅਤੇ ਪਿੰਡ ਦੇ ਲਹਿੰਦੇ ਪਾਸੇ 'ਨਿਕਲਣਾ' 'ਉਹਨਾਂ' ਲਈ ਉਂਜ ਵੀ ਵਧੇਰੇ 'ਸੁਰੱਖਿਅਤ' ਹੋਣਾ ਸੀ। ਪਰ ਮੈਂ ਘਰ ਨਹੀਂ ਗਿਆ। ਕੁਝ ਚਿਰ ਪਹਿਲਾਂ ਰੌਣਕ ਨਾਲ ਭਰੇ ਬਾਜ਼ਾਰ ਵਿਚ ਹੁਣ ਮੈਂ ਇਕੱਲਾ ਖਲੋਤਾ ਸਾਂ। ਬਾਜ਼ਾਰ ਸੁੰਨ-ਉਜਾੜ ਹੋਇਆ ਪਿਆ ਸੀ। ਬੰਦਾ ਨਾ ਬੰਦੇ ਦੀ ਜ਼ਾਤ! ਕਿਸੇ ਦੀ ਆਵਾਜ਼ ਵੀ ਨਹੀਂ ਸੀ ਆ ਰਹੀ। ਸੱਚ ਮੁੱਚ ਜਿਵੇਂ ਪਿੰਡ ਨੂੰ ਸੱਪ ਸੁੰਘ ਗਿਆ ਸੀ। ਬਾਜ਼ਾਰ ਵਿਚ ਖਲੋਤਿਆਂ ਮੈਂ ਸੋਚਿਆ ਕਿ 'ਉਹ' ਬਾਜ਼ਾਰ ਦੇ ਖੱਬੇ ਪਾਸੇ ਵੱਲੋਂ ਗੋਲੀਆਂ ਚਲਾਉਂਦੇ ਹੋਏ ਸੱਜੇ ਪਾਸੇ ਨੂੰ ਨਿਕਲੇ ਹਨ; ਬਾਜ਼ਾਰ ਦੇ ਖੱਬੇ ਹੱਥ ਜਾ ਕੇ ਵੇਖਾਂ ਤਾਂ ਸਹੀ!
ਮੈਂ ਖੱਬੇ ਪਾਸੇ ਨਜ਼ਰ ਮਾਰੀ ਤਾਂ ਸਾਡੇ ਘਰ ਤੋਂ ਪੰਜਾਹ ਕੁ ਗਜ਼ ਦੂਰ ਕੋਈ ਜਣਾ ਬਾਜ਼ਾਰ ਵਿਚ ਚੌਫ਼ਾਲ ਡਿੱਗਾ ਪਿਆ ਸੀ। ਮੈਂ ਮਦਦ ਕਰਨ ਲਈ ਤੁਰਤ ਉਹਦੇ ਕੋਲ ਪੁੱਜਾ। ਇਹ ਤਾਂ ਗੋਪਾਲ ਚੰਦ ਦਾ ਪੁੱਤਰ 'ਮੰਗਾ'ਸੀ। ਕਹਾਣੀ ਵਿਚ ਇਸਦਾ ਨਾਂ 'ਕੇਵਲ'ਹੈ। ਉਸਨੂੰ ਉਸਦੀ ਦੁਕਾਨ 'ਤੇ ਹੀ ਗੋਲੀ ਲੱਗ ਗਈ ਜਾਪਦੀ ਸੀ। ਜਾਨ ਬਚਾਉਣ ਲਈ ਦੁਕਾਨ ਤੋਂ ਦੌੜਦਾ ਹੋਇਆ ਇੱਥੇ ਆ ਕੇ ਢਹਿ ਪਿਆ ਸੀ। ਵਿਚਾਰਾ! ਖੁਸ਼ਦਿਲ ਮੰਗਾ ਹੁਣ ਲਾਸ਼ ਵਿਚ ਬਦਲ ਚੁੱਕਾ ਸੀ। ਮੈਂ ਹੁਣ ਉਸ ਲਈ ਕੁਝ ਨਹੀਂ ਸਾਂ ਕਰ ਸਕਦਾ!
ਉਥੇ ਖਲੋ ਕੇ, ਮੈਂ, ਪਿੱਛੇ ਬਾਜ਼ਾਰ ਵੱਲ ਨਜ਼ਰ ਮਾਰੀ ਤਾਂ ਵੇਖਿਆ ਲਾਲ ਡਾਕਟਰ ਦੀ ਦੁਕਾਨ ਖੁੱਲ੍ਹੀ ਹੋਈ ਸੀ। ਮੈਂ ਕਾਹਲੀ ਕਾਹਲੀ ਦੁਕਾਨ 'ਤੇ ਪੁੱਜਾ। ਵੇਖਿਆ; ਲਾਲ ਬੈਂਚ 'ਤੇ ਲੁੜਕਿਆ ਹੋਇਆ ਸੀ। ਗੋਲੀ ਉਸਦੇ ਨੱਕ 'ਚੋਂ ਲੰਘ ਕੇ ਗਲੇ ਵਿਚ ਅਟਕ ਗਈ ਸੀ। ਉਹ ਅਜੇ ਸਾਹ ਲੈ ਰਿਹਾ ਸੀ। ਸਾਹ ਲੈਂਦਿਆਂ 'ਘਰੜ ਘਰੜ'ਦੀ ਆਵਾਜ਼ ਆ ਰਹੀ ਸੀ। ਹਿੰਮਤ ਕਰਕੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਹੀ ਜਾ ਸਕਦੀ ਸੀ! ਮੈਂ ਦੌੜ ਕੇ ਘਰ ਆਪਣੀ ਪਤਨੀ ਨੂੰ ਦੱਸਿਆ। ਉਦੋਂ ਪਿੰਡ ਵਿਚ ਦਸ ਪੰਦਰਾਂ ਘਰਾਂ ਵਿਚ ਹੀ ਟੈਲੀਫ਼ੋਨ ਲੱਗੇ ਸਨ। ਮੈਂ ਉਸਨੂੰ ਆਪਣੇ ਘਰੋਂ ਗੁਲਜ਼ਾਰੀ ਲਾਲ ਦੇ ਘਰ ਦੇ ਨੇੜੇ ਤੇੜੇ ਕਿਸੇ ਨੂੰ ਫ਼ੋਨ ਕਰਨ ਵਾਸਤੇ ਆਖਿਆ। ਘਬਰਾਇਆ ਹੋਇਆ ਮੈਂ ਫਿਰ ਲਾਲ ਡਾਕਟਰ ਕੋਲ ਗਿਆ। ਉਹਦੇ ਹੱਥ ਘੁੱਟੇ ਅਤੇ ਹੌਂਸਲਾ ਰੱਖਣ ਲਈ ਕਿਹਾ। ਹੁਣ ਘੱਟੋ-ਘੱਟ ਚਾਰ ਬੰਦੇ ਤਾਂ ਚਾਹੀਦੇ ਸਨ ਇਸਨੂੰ ਚੁੱਕ ਕੇ ਲਿਜਾਣ ਲਈ। ਜਿੰਨ੍ਹਾਂ ਦੇ ਘਰਦੇ ਅਜੇ ਦੁਕਾਨਾਂ ਬੰਦ ਕਰਕੇ ਘਰੀਂ ਨਹੀਂ ਸਨ ਪਹੁੰਚੇ; ਖ਼ਤਰਾ ਟਲ ਗਿਆ ਜਾਣ ਕੇ, ਉਹਨਾਂ ਵਿਚੋਂ ਕੋਈ ਕੋਈ ਜਣਾ ਉਹਨਾਂ ਆਪਣਿਆਂ ਦੀ ਖ਼ੈਰ-ਸੁੱਖ ਪਤਾ ਕਰਨ ਲਈ ਬਾਜ਼ਾਰ ਵਿਚ ਨਿਕਲ ਆਇਆ ਸੀ। ਮੰਗੇ ਦਾ ਭਰਾ ਰਾਮ ਘਬਰਾਇਆ ਹੋਇਆ ਆਇਆ ਅਤੇ ਡਾਕਟਰ ਨੂੰ ਵੇਖ ਕੇ ਮੰਗੇ ਬਾਰੇ ਮੈਥੋਂ ਪੁੱਛਣ ਲੱਗਾ। ਮੈਂ ਬਾਜ਼ਾਰ ਵਿਚ ਪਏ ਮੰਗੇ ਵੱਲ ਇਸ਼ਾਰਾ ਕਰਕੇ ਉਸਨੂੰ ਦੁਖ਼ਦਾਈ ਖ਼ਬਰ ਸੁਣਾਈ। ਉਹ ਰੋਂਦਾ ਹੋਇਆ ਓਧਰ ਦੌੜਿਆ। ਉਹਦੀ ਲੇਰ ਨਿਕਲੀ, "ਹਾਇ! ਉਏ ਸਾਡੇ ਭਰਾ ਨੂੰ ਮਾਰ ਗਏ ਲੋਕੋ!" ਕੋਈ ਪਰ੍ਹਿਓਂ ਦੌੜਦਾ ਅਤੇ ਦੁਹਾਈ ਪਾਉਂਦਾ ਆਇਆ ਅਤੇ ਰਾਮ ਨੂੰ ਕਿਹਾ, "ਤੇਰੇ ਭਾਪੇ ਗੋਪਾਲ ਸ਼ਾਹ ਨੂੰ ਗੋਲੀਆਂ ਵੱਜੀਆਂ। ਉਹਨੂੰ ਬਚਾ ਲੌ ਭੱਜ ਕੇ, ਜੇ ਬਚਾਇਆ ਜਾਂਦਾ ਤਾਂ।"
ਮੰਗੇ ਨੂੰ ਭਰੇ ਬਾਜ਼ਾਰ ਵਿਚ ਲਾਵਾਰਿਸ ਛੱਡ ਕੇ ਉਹ ਪਿਓ ਨੂੰ ਲੱਭਣ ਭੱਜਾ। ਗੋਪਾਲ ਚੰਦ ਕਿਸੇ ਹੋਰ ਦੀ ਦੁਕਾਨ 'ਤੇ ਖਲੋਤਾ 'ਗੱਪ-ਸ਼ੱਪ'ਮਾਰ ਰਿਹਾ 'ਉਹਨਾਂ' ਦੇ 'ਰਾਹ' ਵਿਚ ਆ ਗਿਆ ਸੀ।
ਮੈਂ ਕਿਸੇ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਜ਼ੋਰ ਨਾਲ ਕਿਹਾ, "ਮੇਰੇ ਵੱਲ ਨਾ ਆ। ਡਾਕਟਰ ਦੇ ਘਰ ਜਾਹ ਭੱਜ ਕੇ । ਇਹਨੂੰ ਬਚਾ ਲਈਏ ਕਿਸੇ ਤਰ੍ਹਾਂ।"
ਥੋੜ੍ਹੀ ਦੇਰ ਪਿੱਛੋਂ ਗੁਲਜ਼ਾਰੀ ਲਾਲ ਦਾ ਛੋਟਾ ਭਰਾ ਵਿਜੈ, ਲਾਲ ਦੀ ਪਤਨੀ ਅਤੇ ਦੋਵੇਂ ਬੱਚੇ ਦੁਕਾਨ 'ਤੇ ਪਹੁੰਚ ਗਏ। ਚੀਕ -ਚਿਹਾੜਾ ਪੈ ਗਿਆ। ਸ਼ੋਰ ਸੁਣ ਕੇ ਮੇਰੀ ਪਤਨੀ ਵੀ ਬਾਹਰ ਆ ਗਈ।
"ਬਚਾਓ ਇਹਨਾਂ ਨੂੰ! ਛੇਤੀ ਤੋਂ ਛੇਤੀ ਹਸਪਤਾਲ ਲੈ ਕੇ ਜਾਓ। ਭੈਣ ਜੀ ਤੁਸੀਂ ਕੋਈ ਫ਼ਿਕਰ ਨਾ ਕਰੋ। ਕੁਝ ਨਹੀਂ ਹੁੰਦਾ ਭਾ ਜੀ ਨੂੰ। ਚੁੱਪ ਕਰ ਮੇਰੀ ਬੀਬੀ ਧੀ।" ਮੇਰੀ ਪਤਨੀ ਮੈਨੂੰ ਵੀ ਕਹਿ ਰਹੀ ਸੀ ਅਤੇ ਲਾਲ ਦੀ ਪਤਨੀ ਤੇ ਧੀ ਨੂੰ ਹੌਂਸਲਾ ਵੀ ਦੇ ਰਹੀ ਸੀ।
ਲਾਲ ਨਾਲ ਸਾਡੀ ਪਰਿਵਾਰਕ ਸਾਂਝ ਸੀ। ਇਹ ਸਾਂਝ ਤਾਂ ਸਾਡੀ ਉਂਜ ਸਾਰਿਆਂ ਆਂਢੀਆਂ ਗੁਆਂਢੀਆਂ ਨਾਲ ਹੀ ਸੀ। ਸਾਡੀ ਆਪਣੀ ਪੱਤੀ ਅਤੇ ਸ਼ਰੀਕੇ ਦੇ ਪਰਿਵਾਰ ਤਾਂ ਸਾਥੋਂ ਦੂਰ ਸਾਡੀ ਪੱਤੀ 'ਚੰਦੂ ਕੀ' ਵਿਚ ਵੱਸਦੇ ਸਨ। ਸਾਡਾ ਰੋਜ਼-ਮੱਰਾ ਦਾ ਭਾਈਚਾਰਾ ਤਾਂ ਇਹਨਾਂ ਲੋਕਾਂ ਨਾਲ ਹੀ ਸੀ। ਗੁਰਲਾਲ ਚੰਦ, ਗੋਪਾਲ ਚੰਦ, ਵੇਦ ਪ੍ਰਕਾਸ਼ ਤੇ ਲਾਭ ਚੰਦ ਹੁਰੀਂ ਹੀ ਮੇਰੇ ਨੇੜਲੇ 'ਚਾਚੇ-ਤਾਏ'ਸਨ। ਲਾਲ ਨਾਲ ਮੇਰਾ ਬਚਪਨ ਤੋਂ ਯਰਾਨਾ ਸੀ। ਉਸ ਦੇ ਪਿਤਾ ਕਰਮ ਚੰਦ ਨੂੰ ਜਦੋਂ ਕਦੀ ਦੁਕਾਨ 'ਤੇ ਮਰੀਜ਼ਾਂ ਵੱਲੋਂ ਵਿਹਲ ਹੁੰਦੀ ਸੀ ਤਾਂ ਉਹਨੇ ਕਈ ਵਾਰ ਸਾਡੇ ਘਰ ਵੜਦਿਆਂ ਦੂਰੋਂ ਹੀ ਐਲਾਨ ਕਰ ਦੇਣਾ, "ਹਰਨਾਮ ਕੁਰੇ! ਓ ਜੋਗਿੰਦਰ ਕੁਰੇ! ਕਿੱਥੇ ਓ? ਕੋਈ ਰੋਟੀ ਪਈ ਆ ਚੰਗੇਰ 'ਚ ਕਿ ਨਹੀਂ? ਘਰ ਨਹੀਂ ਜਾਇਆ ਗਿਆ। ਮਰੀਜ਼ ਆ ਗਏ ਸੀ; ਟਾਈਮ ਈ ਨਹੀਂ ਮਿਲਿਆ ਘਰ ਜਾਣ ਦਾ। ਲਿਆਓ ਫੜਾਓ ਦੋ ਰੋਟੀਆਂ ਹੈਥੋਂ।" ਉਹ ਮੇਰੀ ਦਾਦੀ ਅਤੇ ਮਾਂ ਨੂੰ ਮੁਖਾਤਬ ਹੁੰਦਾ।
"ਰੋਟੀਆਂ ਤਾਂ ਹੈਗੀਆਂ ਪਰ ਅਸੀਂ ਸੱਜਰੀਆਂ ਲਾਹ ਦੇਂਦੀਆਂ, ਜੀ।" ਦਾਦੀ ਜਾਂ ਮਾਂ 'ਚੋਂ ਕੋਈ ਆਖਦੀ। ਉਮਰ ਵਿਚ ਉਹ ਮੇਰੇ ਪਿਓ ਤੋਂ ਅੱਠ-ਦਸ ਸਾਲ ਵੱਡਾ ਸੀ ਪਰ 'ਡਾਕਟਰ' ਹੋਣ ਕਰਕੇ ਉਸਤੋਂ ਮੇਰੀ ਮਾਂ ਘੁੰਡ ਨਹੀਂ ਸੀ ਕੱਢਦੀ। ਉਹ ਥਾਲੀ ਵੀ ਨਾ ਲੈਂਦਾ। ਹਥੇਲੀ ਉਤੇ ਹੀ ਦੋ ਫੁਲਕੇ ਰੱਖ ਕੇ ਉਹਨਾਂ ਉੱਤੇ ਹੀ ਦਾਲ-ਸਬਜ਼ੀ ਪੁਆ ਲੈਂਦਾ ਅਤੇ ਸਾਡੇ ਚੌਂਤਰੇ ਦੀ ਛੋਟੀ ਜਿਹੀ ਕੰਧ 'ਤੇ ਪੈਰ ਰੱਖ ਕੇ ਖੜਾ-ਖਲੋਤਾ ਰੋਟੀ ਖਾ ਲੈਂਦਾ। ਉਹਦੀ ਮੌਤ ਤੋਂ ਪਿੱਛੋਂ ਦੁਕਾਨ ਉੱਤੇ ਲਾਲ ਬੈਠਣ ਲੱਗਾ। ਉਸ ਕੋਲ ਮੇਰੇ ਬੱਚੇ ਆਪੇ ਹੀ ਚਲੇ ਜਾਂਦੇ। ਬੀਮਾਰੀ ਦੱਸਦੇ ਤੇ ਦਵਾਈ ਲੈ ਕੇ ਆ ਜਾਂਦੇ। ਉਹ ਦਵਾਈ ਦੇ ਪੈਸਿਆਂ ਦਾ ਕੋਈ ਹਿਸਾਬ-ਕਿਤਾਬ ਨਾ ਲਿਖਦਾ। ਕਹਿੰਦਾ, "ਆਪੇ ਚੇਤੇ ਰੱਖੋ। ਇਹ ਤੁਹਾਡਾ ਕੰਮ ਏ।" ਅਸੀਂ ਦਵਾਈ ਲੈ ਕੇ ਆਉਂਦੇ ਤਾਂ ਤੁਰਤ ਦਵਾਈ ਦਾ ਵੇਰਵਾ ਕਾਪੀ 'ਤੇ ਲਿਖਦੇ ਤਾਂਕਿ ਬਾਅਦ ਵਿਚ ਕੋਈ 'ਆਈਟਮ' ਭੁਲੇਖੇ ਨਾਲ ਲਿਖਣੋਂ ਰਹਿ ਨਾ ਜਾਵੇ! ਹੋਰਨਾਂ ਦਾ ਹਿਸਾਬ ਕਿਤਾਬ ਉਹ ਲਿਖ ਕੇ ਰੱਖਦਾ ਹੀ ਸੀ ਪਰ ਸਾਡਾ ਹਿਸਾਬ ਕਿਤਾਬ ਰੱਖਣ ਲਈ ਤਿਆਰ ਨਹੀਂ ਸੀ। ਇਹ ਉਸਦਾ ਸਾਡੇ ਪਰਿਵਾਰ ਨੂੰ ਦੂਜਿਆਂ ਤੋਂ ਵੱਖਰਾ ਨਿਖੇੜ ਕੇ, ਸਾਡੇ ਲਈ ਮੋਹ ਅਤੇ ਮਾਣ ਜਤਾਉਣ ਦਾ ਹੀ ਇੱਕ ਸੰਕੇਤ ਸੀ। ਉਹ ਕਦੀ ਕਦੀ ਮੇਰੇ ਸੱਜੇ ਗੁੱਟ ਨੂੰ ਹੱਥ ਵਿਚ ਫੜ੍ਹਦਾ ਅਤੇ ਉਲਟਾ ਕਰਕੇ ਮੇਰੇ ਗੁੱਟ 'ਤੇ ਬਣੇ ਇੰਚ ਭਰ ਚੌੜੇ ਨਿਸ਼ਾਨ ਨੂੰ ਵੇਖਦਾ। ਫਿਰ ਹੱਸਦਿਆਂ ਆਖਦਾ, "ਬੜੀਆਂ ਜੁੱਤੀਆਂ ਪਈਆਂ ਸਨ ਉਦੋਂ ਬਾਊ ਜੀ ਤੋਂ।" ਰੰਬਿਆਂ ਨਾਲ ਖੂਹ ਕਿਆਰੀਆਂ ਖੇਡਦਿਆਂ ਬਚਪਨ ਵਿਚ ਉਸਤੋਂ ਮੇਰੇ ਗੁੱਟ 'ਤੇ ਰੰਬਾ ਵੱਜ ਗਿਆ ਸੀ, ਜਿਸ ਨਾਲ ਹੋਏ ਬੜੇ ਵੱਡੇ ਜ਼ਖ਼ਮ ਦਾ ਨਿਸ਼ਾਨ ਅਜੇ ਵੀ ਮੇਰੇ ਗੁੱਟ ਉੱਤੇ ਚਮਕਦਾ ਹੈ।
ਮੇਰੇ ਬਚਪਨ ਦਾ ਯਾਰ ਮੇਰੇ ਸਾਹਮਣੇ ਮਰਨਾਊ ਪਿਆ ਸੀ। ਇਸ ਨੂੰ ਬਚਾਉਣਾ ਜ਼ਰੂਰੀ ਸੀ। ਲੋਕਾਂ ਦੇ ਦਰਵਾਜ਼ੇ ਬੰਦ ਸਨ। ਮੰਜਾ ਕੱਢਣ ਕਰਕੇ ਖੋਲ੍ਹਿਆ ਮੇਰੇ ਘਰ ਦਾ ਦਰਵਾਜ਼ਾ ਅਜੇ ਵੀ ਚੌੜ-ਚੁਪੱਟ ਖੁੱਲ੍ਹਾ ਹੋਇਆ ਸੀ। ਮੈਂ ਘਰ ਦਾ ਅਤੇ ਦਿਲ ਦਾ ਦਰਵਾਜ਼ਾ ਬੰਦ ਨਹੀਂ ਸਾਂ ਕਰ ਸਕਦਾ! ਲੋਕਾਂ ਦੇ 'ਵੱਜੇ ਕੁੰਡੇ' ਅਤੇ 'ਗੁੰਗੀ ਚੁੱਪ' ਨੇ ਮੈਨੂੰ ਚੇਤਾ ਕਰਾਇਆ ਕਿ ਮੈਂ 'ਗੋਲੀਆਂ ਵੱਜਣ ਵਾਲਿਆਂ ਦਾ' 'ਸਹਾਇਕ' ਬਣ ਕੇ 'ਗੋਲੀਆਂ ਮਾਰਨ ਵਾਲਿਆਂ' ਦੀ 'ਮਾਰੂ ਨਾਰਾਜ਼ਗੀ' ਸਹੇੜ ਰਿਹਾ ਸਾਂ। ਪਰ ਇਹ ਇਹੋ ਜਿਹੀਆਂ ਗਿਣਤੀਆਂ ਮਿਣਤੀਆਂ ਕਰਨ ਦਾ ਸਮਾਂ ਨਹੀਂ ਸੀ।
"ਛੇਤੀ ਕਰੋ ਜੀ! ਵੇਖਦੇ ਕੀ ਓ!"
ਪਤਨੀ ਨੇ ਕਾਹਲੀ ਨਾਲ ਆਖਿਆ।
ਮੈਂ ਉਸਨੂੰ ਕਿਹਾ ਕਿ ਲਾਲ ਦੇ ਪਰਿਵਾਰ ਦੇ ਬਾਕੀ ਜੀਆਂ ਨੂੰ ਉਹ ਆਪਣੇ ਘਰ ਲੈ ਜਾਵੇ ਅਤੇ ਹੋ ਸਕੇ ਤਾਂ ਪੁਲਿਸ ਨੂੰ ਵੀ ਫ਼ੋਨ ਕਰ ਦਏ।
ਅਸਾਂ ਬਿਨਾਂ ਕੋਈ ਹੋਰ ਦੇਰੀ ਕੀਤਿਆਂ ਗੁਲਜ਼ਾਰੀ ਲਾਲ ਨੂੰ ਚੁੱਕ ਕੇ ਮੰਜੇ 'ਤੇ ਪਾਇਆ ਅਤੇ ਪਿੰਡੋਂ ਬਾਹਰਵਾਰ ਚੜ੍ਹਦੇ ਪਾਸੇ ਸਥਿਤ ਪਿੰਡ ਦੇ ਪ੍ਰਾਇਮਰੀ ਹੈਲਥ ਸੈਂਟਰ ਵੱਲ ਦੌੜ ਪਏ। ਬਾਜ਼ਾਰ ਵਿਚੋਂ ਲੰਘ ਰਹੇ ਸਾਂ ਤਾਂ ਵੇਖਿਆ; ਕਈ ਜਣਿਆਂ ਨੂੰ ਗੋਲੀਆਂ ਲੱਗੀਆਂ ਸਨ। ਉਹਨਾਂ ਦੇ ਵਾਲੀ ਵਾਰਸ ਵੀ ਉਹਨਾਂ ਨੂੰ 'ਸਾਂਭ' ਰਹੇ ਸਨ।
ਕੋਈ ਕਹਿ ਰਿਹਾ ਸੀ, "ਅਜੇ ਹੁਣੇ ਐਂ ਨੂੰ ਜਾਂਦੇ ਮੈਂ ਆਪ ਵੇਖੇ ਨੇ। ਹਾਲੇ ਪਿੰਡੋਂ ਬਾਹਰ ਨਹੀਂ ਗਏ ਹੋਣੇ। ਪੁਲਿਸ ਘੇਰਾ ਪਾਏ ਤਾਂ ਫੜ੍ਹੇ ਜਾ ਸਕਦੇ ਨੇ!"
ਬਾਜ਼ਾਰ ਲੰਘ ਕੇ ਅੱਗੇ ਹੋਏ ਤਾਂ ਰਾਹ ਵਿਚ ਖਲੋਤਾ ਪੁਲਿਸ ਚੌਕੀ ਦਾ ਥਾਣੇਦਾਰ ਮੰਜੀ 'ਤੇ ਪਿਆ ਬੰਦਾ ਵੇਖ ਕੇ ਪੁੱਛਣ ਲੱਗਾ, "ਕੌਣ ਏਂ? ਕੀ ਹੋਇਆ?"
ਅਸੀਂ ਦੱਸਿਆ ਤਾਂ ਘਬਰਾਇਆ ਹੋਇਆ ਕਹਿਣ ਲੱਗਾ, "ਮੈਂ ਤਾਂ ਕੁਦਰਤੀ ਐਥੇ ਦੁਕਾਨ 'ਤੇ ਖਲੋਤਾ ਸਾਂ ਕਿ ਉਹ ਦੂਰੋਂ ਗੋਲੀਆਂ ਚਲਾਉਂਦੇ ਆਉਂਦੇ ਦਿਸੇ। ਮੈਂ ਤਾਂ ਐਧਰ ਓਹਲੇ 'ਚ ਹੋ ਗਿਆ।" ਸਹਿਵਨ ਹੀ ਉਸਦੇ ਮੂੰਹੋਂ ਸੱਚ ਨਿਕਲ ਗਿਆ।
'ਇਸੇ ਪੁਲਿਸ' ਨੇ 'ਉਹਨਾਂ' ਨੂੰ ਫੜ੍ਹਨਾ ਸੀ!
ਪ੍ਰਾਇਮਰੀ ਹੈਲਥ ਸੈਂਟਰ ਕੋਲ ਪੁੱਜੇ ਤਾਂ ਸੀ ਆਰ ਪੀ ਵਾਲਿਆਂ ਦਾ ਟੋਲਾ ਲੰਗੜਾਉਂਦੀ ਚਾਲ ਪਿੰਡ ਵੱਲ ਜਾ ਰਿਹਾ ਸੀ। ਇਸ ਚਾਲੇ ਤਾਂ ਇਹਨਾਂ ਨੇ ਉਹਨਾਂ ਨੂੰ ਹੁਣੇ ਹੀ ਜਾ ਘੇਰਨਾ ਸੀ ਭਲਾ! ਹੌਲੀ ਹੌਲੀ ਹਸਪਤਾਲ ਵਿਚ ਖ਼ਾਸੀ ਭੀੜ ਇਕੱਠੀ ਹੋ ਗਈ ਸੀ। ਇੱਕ ਬੰਦੇ, ਮੰਗੇ ਦੀ ਮੌਤ ਹੋ ਗਈ ਸੀ ਅਤੇ ਹੋਰ ਚੌਦਾਂ ਬੰਦਿਆਂ ਨੂੰ ਗੋਲੀਆਂ ਲੱਗੀਆਂ ਸਨ। ਹਰੇਕ ਦੇ ਪੰਜ -ਪੰਜ, ਸੱਤ-ਸੱਤ ਵਾਰਸ ਨਾਲ ਆਏ ਸਨ। ਕਿਸ ਨੂੰ ਠੰਢਾ ਕੱਢਦਾ ਸੀ! ਡਾਕਟਰ ਗੁਰਦਿਆਲ ਸਿੰਘ ਗਿੱਲ ਮੇਰਾ ਜਾਣੂੰ ਸੀ। ਅਸੀਂ ਦੋਵੇਂ ਝਬਾਲ ਵਿਆਹੇ ਹੋਏ ਸਾਂ ਅਤੇ ਸਾਡੇ ਦੋਹਾਂ ਦੇ ਸਾਲਿਆਂ ਦਾ ਆਪਸ ਵਿਚ ਬੜਾ ਸਨੇਹ ਸੀ। ਉਸਨੇ ਫ਼ਿਕਰਮੰਦੀ ਨਾਲ ਕਿਹਾ, "ਸੰਧੂ ਸਾਹਿਬ! ਜੇ ਇਹਨਾਂ ਦੀ ਜਾਨ ਬਚਾਉਣੀ ਏਂ ਤਾਂ ਫ਼ਸਟ-ਏਡ ਦਿਵਾ ਕੇ ਇਹਨਾਂ ਨੂੰ ਛੇਤੀ ਤੋਂ ਛੇਤੀ ਅੰਬਰਸਰ ਲੈ ਜਾਓ।"
ਆਪਣਾ ਅਮਲਾ-ਫੈਲਾ ਲੈ ਕੇ ਡਾਕਟਰ ਗਿੱਲ ਮਰ੍ਹਮ-ਪੱਟੀ ਵਿਚ ਰੁੱਝ ਗਿਆ। ਵਿਜੈ ਨੂੰ ਲਾਲ ਕੋਲ ਖੜਾ ਕਰਕੇ ਮੈਂ ਦੂਜੇ ਜ਼ਖ਼ਮੀਆਂ ਦਾ ਹਾਲ-ਹਵਾਲ ਪਤਾ ਕਰਨ ਲੱਗਾ। ਸਾਰੇ ਮੇਰੇ ਆਪਣੇ ਹੀ ਤਾਂ ਸਨ। ਮੰਗੇ ਅਤੇ ਰਾਮ ਦਾ ਪਿਓ ਗੋਪਾਲ ਚੰਦ ਮੇਰਾ ਸਾਹਮਣਾ ਗੁਆਂਢੀ 'ਤਾਇਆ' ਸੀ। ਅੱਗੇ ਮਦਨ 'ਮੱਦੋ'ਦਾ ਮੁੰਡਾ ਸੀ। ਰਾਮ ਲੁਭਾਇਆ ਕੰਡਕਟਰ ਸੀ। ਚਮਨ ਲਾਲ ਸੀ ਅਤੇ ਹੋਰ ਕਿੰਨੇ ਜਣੇ ਸਨ! ਹਰ ਇੱਕ ਜਣਾ 'ਆਪਣੇ ਜ਼ਖ਼ਮੀ' ਵਾਸਤੇ ਸਭ ਤੋਂ ਪਹਿਲਾਂ ਮੁੱਢਲੀ ਸਹਾਇਤਾ ਦੇਣ ਦੀ ਮੰਗ ਕਰ ਰਿਹਾ ਸੀ।
ਏਨੇ ਗੰਭੀਰ ਮਰੀਜ਼ਾਂ ਦਾ ਇਲਾਜ ਕਰ ਸਕਣ ਦਾ ਪ੍ਰਾਇਮਰੀ ਹੈਲਥ ਸੈਂਟਰ ਵਿਚ ਕੋਈ ਪ੍ਰਬੰਧ ਨਹੀਂ ਸੀ।
ਲਾਲ ਦਾ ਮੂੰਹ ਅਤੇ ਗਲਾ ਸੁੱਜ ਗਿਆ ਸੀ । ਘੋਰੜੂ ਵੱਜਣ ਲੱਗਾ।
"ਭਾ ਜੀ ਹੁਣ ਕੀ ਕਰੀਏ?" ਲਾਲ ਦਾ ਭਰਾ ਬੇਵੱਸ ਹੋਇਆ ਮੈਨੂੰ ਪੁੱਛਣ ਲੱਗਾ। ਦੂਜੇ ਜਣੇ ਵੀ ਮੇਰੇ ਮੂੰਹ ਵੱਲ ਵੇਖਣ ਲੱਗੇ। ਉਹਨਾਂ ਨੂੰ ਤਾਂ ਕੋਈ ਸੁਝਦੀ ਔੜ੍ਹਦੀ ਨਹੀਂ ਸੀ। ਅੰਮ੍ਰਿਤਸਰ ਜਾਣ ਦਾ ਪ੍ਰਬੰਧ ਕਿਵੇਂ ਹੋਵੇ! ਅਚਨਚੇਤ ਮੈਨੂੰ ਖ਼ਿਆਲ ਆਇਆ, "ਆਪਾਂ ਸੀ ਆਰ ਪੀ ਵਾਲਿਆਂ ਨੂੰ ਆਖਦੇ ਆਂ। ਉਹਨਾਂ ਦੀਆਂ ਗੱਡੀਆਂ ਜਾਂ ਟਰੱਕ ਹੁੰਦੇ ਨੇ। ਆਓ! ਉਹਨਾਂ ਨਾਲ ਗੱਲ ਕਰੀਏ।"
ਹਸਪਤਾਲ ਦੇ ਨਾਲ ਹੀ ਸੀ ਆਰ ਪੀ ਵਾਲਿਆਂ ਦਾ 'ਡੇਰਾ' ਸੀ। ਮੇਰੇ ਨਾਲ ਹੀ ਹੋਰ ਜ਼ਖ਼ਮੀਆਂ ਦੇ ਵਾਰਸ ਵੀ ਉਧਰ ਨੂੰ ਤੁਰ ਪਏ। ਸੀ ਆਰ ਪੀ ਦਾ ਇੰਸਪੈਕਟਰ ਕਹਿੰਦਾ, "ਸਾਡੀਆਂ ਗੱਡੀਆਂ ਵਿਹਲੀਆਂ ਨਹੀਂ। ਅਸੀਂ ਪਿੰਡ ਨੂੰ ਘੇਰਾ ਪਾਉਣ ਲੱਗੇ ਆਂ।"
ਸਾਨੂੰ ਉਸਦੀ ਦਲੀਲ 'ਤੇ ਗੁੱਸਾ ਆਇਆ। ਕਿੰਨ੍ਹੀ ਥੋਥੀ ਦਲੀਲ ਸੀ!
'ਅਜੇ ਇਹਨਾਂ ਨੇ ਘੇਰਾ ਪਾਉਣਾ ਸੀ!'
"ਦੇਖੋ ਸ਼੍ਰੀ ਮਾਨ ਜੀ, ਤੁਹਾਡੇ ਵੱਲੋਂ ਸਹਿਯੋਗ ਨਾ ਦੇਣ ਕਰਕੇ ਜੇ ਸਾਡੇ ਬੰਦਿਆਂ 'ਚੋਂ ਕਿਸੇ ਦੀ ਜਾਨ ਚਲੀ ਗਈ ਤਾਂ ਉਸਦੇ 'ਕਤਲ਼' ਦੇ ਜ਼ਿੰਮੇਵਾਰ ਤੁਸੀਂ ਹੋਵੋਗੇ।" ਮੈਂ ਪੂਰੀ ਕਰੜਾਈ ਨਾਲ ਆਖਿਆ ਅਤੇ ਨਾਲ ਦੇ ਸਾਥੀਆਂ ਨੂੰ ਹੱਲਾ-ਸ਼ੇਰੀ ਦਿੱਤੀ। ਉਹਨਾਂ ਦੇ ਤਾਂ ਬੰਦੇ ਮਰਦੇ ਪਏ ਸਨ। ਉਹਨਾਂ ਦਾ ਉੱਬਲਦਾ ਅੰਦਰ ਬਾਹਰ ਆ ਗਿਆ। ਕਿਸੇ ਸਤੇ ਹੋਏ ਨੇ ਇਹ ਵੀ ਕਿਹਾ, "ਜੇ ਤੁਸੀਂ ਘੇਰਾ ਪਾਉਣ ਜੋਗੇ ਹੁੰਦੇ ਤਾਂ ਇਹ ਕੁਝ ਵਾਪਰਦਾ ਹੀ ਕਿਉਂ?"
"ਵੇਖੋ ਸਾਹਬ ਬਹਾਦਰ! ਸਾਡੀ ਮਦਦ ਕਰੋ ਨਹੀਂ ਤਾਂ ਤੁਹਾਡਾ ਇਹ ਰਵੱਈਆ ਤੁਹਾਡੇ ਅਫ਼ਸਰਾਂ ਨੂੰ ਦੱਸਾਂਗੇ। ਸਰਕਾਰ ਨੂੰ ਦੱਸਾਂਗੇ। ਦੁਖੀ ਬੰਦੇ ਕੋਲ ਹੋਰ ਚਾਰਾ ਵੀ ਕੀ ਹੈ!" ਮੇਰੇ ਬੋਲਾਂ ਵਿਚ ਤਰਲੇ, ਨਰਮੀ ਅਤੇ ਸਖ਼ਤੀ ਦਾ ਮਿਸ਼ਰਣ ਸੀ।
"ਚੱਲੋ ਕਰਦੇ ਆਂ ਕੋਈ ਬੰਦੋਬਸਤ।"
ਅਸਲ ਵਿਚ ਉਹ ਲੋਕਾਂ ਦੇ ਰੋਹ ਅੱਗੇ ਢੈਲਾ ਪੈ ਗਿਆ ਸੀ।
ਸੀ ਆਰ ਪੀ ਦੀਆਂ ਗੱਡੀਆਂ 'ਤੇ ਜ਼ਖ਼ਮੀਆਂ ਨੂੰ ਲੱਦਿਆ ਜਾਣ ਲੱਗਾ। ਲਾਲ ਨਾਲ ਉਸਦਾ ਛੋਟਾ ਭਰਾ ਵਿਜੈ ਅਤੇ ਹੋਰ ਇੱਕ-ਜਣਾ ਗਿਆ। ਗੋਪਾਲ ਚੰਦ ਨਾਲ ਰਾਮ ਅਤੇ ਉਸਦਾ ਫੌਜੀ ਭਰਾ ਬੈਠ ਗਏ। ਥੋੜ੍ਹੇ ਚਿਰ ਪਿੱਛੋਂ ਗੱਡੀਆਂ ਅੰਮ੍ਰਿਤਸਰ ਨੂੰ ਰਵਾਨਾ ਹੋ ਗਈਆਂ। ਇੰਜ ਸਭ ਨਾਲ ਕੁਝ ਲੋੜੀਂਦੇ ਬੰਦੇ ਬੈਠ ਗਏ।
ਰਾਤ ਅੱਧੀ ਤੋਂ ਵੱਧ ਬੀਤ ਚੁੱਕੀ ਸੀ। ਜ਼ਖ਼ਮੀਆਂ ਨਾਲ ਆਏ ਹੋਰ ਬਹੁਤ ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਵਾਪਸ ਮੁੜ ਗਏ। ਮੈਂ ਵੀ ਘਰ ਜਾਣ ਦੀ ਸੋਚੀ। ਲਾਲ ਦਾ ਪਰਿਵਾਰ ਮੇਰੇ ਘਰ ਬੈਠਾ 'ਸੁੱਖ-ਸਾਂਦ' ਦੀ ਉਡੀਕ ਕਰ ਰਿਹਾ ਸੀ। ਮੈਨੂੰ ਜਾ ਕੇ ਉਹਨਾਂ ਨੂੰ ਝੂਠਾ-ਸੱਚਾ ਹੌਂਸਲਾ ਦੇਣਾ ਹੋਵੇਗਾ।
ਕਿਸੇ ਕਿਹਾ, 'ਐਸ ਐਸ ਪੀ ਮੌਕਾ ਵੇਖਣ ਆ ਰਿਹਾ ਏ।"
ਦੂਜੇ ਆਖਣ ਲੱਗੇ, "ਚੱਲੋ, ਜਾ ਕੇ ਪੁਲਿਸ ਦੀ ਖ਼ਬਰ ਲਈਏ। ਥਾਣੇਦਾਰ ਤਾਂ ਆਪ ਮੂਤਦਾ ਲੁਕਦਾ ਫਿਰਦਾ ਸੀ। ਇਹਨਾਂ ਸਾਡੀ ਰਾਖੀ ਕੀ ਕਰਨੀ ਏਂ?" ਉਹਨਾਂ ਦਾ ਰੰਜ ਸੱਚਾ ਸੀ।
ਮੈਂ ਸੋਚਿਆ: ਪੁਲਿਸ ਨੂੰ ਮਿਲ ਕੇ ਮੈਂ ਹੁਣ ਕੀ ਲੈਣਾ ਸੀ! ਪੁਲਿਸ ਨਾਲ 'ਲੜ' ਕੇ ਹੁਣ ਹੋਣਾਂ ਵੀ ਕੀ ਸੀ! ਪਹਿਲ ਤਾਂ ਜ਼ਖ਼ਮੀਆਂ ਨੂੰ 'ਟਿਕਾਣੇ' 'ਤੇ ਪਹੁੰਚਾਉਣਾ ਸੀ ਅਤੇ ਉਹ ਕੰਮ ਹੋ ਗਿਆ ਸੀ।
ਦੂਜੇ ਲੋਕਾਂ ਨੇ 'ਕਮਾਂਡ' ਆਪਣੇ ਹੱਥ ਸਾਂਭ ਲਈ ਸੀ! ਉਹ ਅੱਗੇ ਲੱਗ ਕੇ ਪੁਲਿਸ-ਚੌਕੀ ਵੱਲ ਤੁਰ ਪਏ। ਮੈਂ ਵੀ ਉਹਨਾਂ ਦੇ ਪਿੱਛੇ ਪਿੱਛੇ ਚੱਲ ਪਿਆ। ਉਹ ਸਾਰੇ ਜਣੇ 'ਗੋਲੀ ਚਲਾਉਣ ਵਾਲਿਆਂ' ਬਾਰੇ ਅਨੁਮਾਨ ਲਾ ਰਹੇ ਸਨ।
'ਕੌਣ ਹੋ ਸਕਦੇ ਸਨ ਇਹ? ਬਲੂ ਸਟਾਰ ਆਪ੍ਰੇਸ਼ਨ ਦੇ ਦਿਨੀਂ ਵੀ ਪਿੰਡ ਦਾ ਭਾਈ-ਚਾਰਾ ਪਹਿਲਾਂ ਵਾਂਗ ਹੀ ਬਣਿਆਂ ਰਿਹਾ ਸੀ। ਲੱਗੇ ਕਰਫ਼ਿਊ ਵਿਚ ਵੀ ਪਿੰਡ ਦੇ ਦੁਕਾਨਦਾਰ, ਸੀ ਆਰ ਪੀ ਵਾਲਿਆਂ ਦੀ ਅੱਖ ਬਚਾ ਕੇ, ਲੋੜਵੰਦ ਲੋਕਾਂ ਨੂੰ ਪਿਛਲੇ ਦਰਵਾਜ਼ਿਓਂ 'ਸੌਦਾ-ਪੱਤਾ' ਦਿੰਦੇ ਰਹੇ ਸਨ। ਪਿਛਲੇ ਦਿਨਾਂ ਵਿਚ, ਦੋਵਾਂ ਭਾਈਚਾਰਿਆਂ ਦਰਮਿਆਨ ਇੱਕ ਬਰੀਕ ਜਿਹੇ ਵਖਰੇਵੇਂ ਦੇ ਭਾਵ ਪੈਦਾ ਹੋ ਜਾਣ ਦੇ ਬਾਵਜੂਦ ਪਿੰਡ ਵਿਚ 'ਹਿੰਦੂ-ਸਿੱਖ' ਦੇ ਹਵਾਲੇ ਨਾਲ ਦੁਸ਼ਮਣੀ ਕਮਾਉਣ ਦੀ ਕਦੀ ਕੋਈ ਦੱਸ-ਧੁੱਖ ਸੁਣੀ ਨਹੀਂ ਸੀ। ਹੰਸ ਰਾਜ ਪ੍ਰਭਾਕਰ, ਜੋ ਇਸ ਪਿੰਡ ਵਿਚ ਪਿਛਲੇ ਤੀਹ ਸਾਲਾਂ ਤੋਂ ਪੜ੍ਹਾ ਰਿਹਾ ਸੀ, ਕਰਫ਼ਿਊ ਦੇ ਇਹਨਾਂ ਦਿਨਾਂ ਵਿਚ ਵੀ ਹਰੇਕ ਸ਼ਾਮ ਨੂੰ ਪਿੰਡ ਦੀ, ਆਮ ਦਿਨਾਂ ਵਾਂਗ ਪਰਿਕਰਮਾਂ ਕਰਦਾ ਅਤੇ ਜਿੱਥੇ ਵੀ ਕੋਈ ਪੁਰਾਣਾ ਵਿਦਿਆਰਥੀ 'ਜਲ-ਪਾਣੀ' ਦੀ ਸੁਲਾਹ ਮਾਰਦਾ, ਉਸਨੂੰ ਬਾਖੁਸ਼ੀ ਆਪਣੀ 'ਸੇਵਾ ਕਰਨ ਦਾ'ਮਾਣ ਬਖ਼ਸ਼ਦਾ ਰਹਿੰਦਾ ਅਤੇ ਜੇ ਕੋਈ ਹਮਦਰਦ ਉਸਨੂੰ ਅਜਿਹੇ ਹਾਲਾਤ ਵਿਚ ਘਰੋਂ ਬਾਹਰ ਨਿਕਲਣ ਤੋਂ ਵਰਜਦਾ ਤਾਂ ਉਹ ਹੱਸ ਕੇ ਆਖਦਾ, "ਕੀ ਕਰਾਂ ! ਅੱਜ ਕਿਸੇ ਕੋਲੋਂ ਪੀਂਦਾਂ ਤਾਂ ਦੂਸਰਾ ਕੋਈ ਹੋਰ ਅਗਲੇ ਦਿਨ ਲਈ ਪਹਿਲਾਂ ਈ 'ਬੁੱਕ' ਕਰ ਲੈਂਦਾ; ਅਖੇ, " ਮਾਸਟਰ ਜੀ ਕੱਲ੍ਹ ਮੇਰੇ ਵੱਲ ਆਇਓ, ਪਹਿਲੇ ਤੋੜ ਦੀ ਪਈ ਏ ਮੇਰੇ ਕੋਲ! ਉਂਜ ਵੀ ਪਿੰਡ ਦੇ ਹਰ ਘਰ ਵਿਚ ਮੇਰਾ ਕੋਈ ਨ ਕੋਈ ਵਿਦਿਆਰਥੀ ਹੈ। ਕਿਸੇ ਦੀ ਮਾਂ ਸੂਈ ਹੈ, ਜੋ ਮੇਰੇ ਵੱਲ ਕੈਰੀ ਨਜ਼ਰ ਨਾਲ ਵੀ ਝਾਕ ਜਾਏ!"
ਪ੍ਰਭਾਕਰ ਇੱਕ ਦਿਨ ਮੈਨੂੰ ਕਹਿੰਦਾ, "ਰਾਤੀਂ ਮੈਨੂੰ- -ਮਿਲ ਗਿਆ।" ਉਸਨੇ ਪਿੰਡ ਦੇ 'ਖਾੜਕੂਆਂ'ਨਾਲ ਤੁਰੇ ਇੱਕ ਪੁਰਾਣੇ ਵਿਦਿਆਰਥੀ ਦਾ ਨਾਮ ਲਿਆ, "ਦੋ ਸਟੇਨਾਂ ਵਾਲੇ ਹੋਰ ਵੀ ਨਾਲ ਸਨ। ਮੇਰੇ ਗੋਡਿਆਂ ਨੂੰ ਹੱਥ ਲਾ ਕੇ ਕਹਿੰਦਾ, "ਮਾਸਟਰ ਜੀ ਐਸ ਵੇਲੇ ਘਰ ਬੈਠਿਆ ਕਰੋ। 'ਮਾਲ ਅਸਬਾਬ' ਅਸੀਂ, ਆਖੋ ਤਾਂ, ਘਰੇ ਅਪੜਾ ਦਿਆ ਕਰਾਂਗੇ।" ਮੇਰੇ ਪੈਰ ਉੱਖੜਦੇ ਵੇਖ ਕੇ ਕਹਿੰਦਾ, "ਚੱਲੋ! ਤੁਹਾਨੂੰ ਘਰ ਛੱਡ ਆਵਾਂ।" ਮੈਨੂੰ ਮੇਰੇ ਘਰ ਦੇ ਬੂਹੇ ਤਕ ਛੱਡ ਕੇ ਗਏ ਉਹ। ਸਾਡੇ ਇਹ ਮੁੰਡੇ ਸਾਨੂੰ ਮਾਰਨਗੇ? ਸਾਨੂੰ ਤਾਂ ਰਤੀ ਭਰ ਵੀ ਡਰ ਨਹੀਂ ਲੱਗਦਾ।"
ਸਾਰੇ ਲੋਕਾਂ ਵਿਚ ਭਾਵੇਂ ਹੰਸ ਰਾਜ ਪ੍ਰਭਾਕਰ ਵਰਗਾ 'ਸਵੈ ਵਿਸ਼ਵਾਸ' ਨਾ ਵੀ ਹੋਵੇ ਤਦ ਵੀ ਕਿਸੇ ਇਹ ਨਹੀਂ ਸੀ ਸੋਚਿਆ ਕਿ ਸਾਡੇ ਪਿੰਡ ਇਹੋ ਜਿਹੀ ਵਾਰਦਾਤ ਹੋ ਜਾਵੇਗੀ! ਸਾਰੇ ਕਹਿੰਦੇ, "ਸਾਡੇ ਪਿੰਡ ਨੂੰ ਗੁਰੂਆਂ-ਪੀਰਾਂ ਦੀ ਰੱਖ ਹੈ। ਏਥੇ ਕੁਝ ਵੀ ਬੁਰਾ ਨਹੀਂ ਹੋ ਸਕਦਾ।" ਫਿਰ ਇਹ ਕੌਣ ਸਨ, ਜੋ ਗੁਰੂਆਂ ਪੀਰਾਂ ਤੋਂ ਵੀ ਉਤੋਂ ਦੀ ਵਗ ਗਏ ਸਨ! ਜਿੰਨ੍ਹਾਂ ਜਾਣ ਬੁੱਝ ਕੇ ਪਿੰਡ ਦੇ ਸਦ-ਭਾਵੀ ਭਾਈਚਾਰੇ ਨੂੰ ਜ਼ਖਮੀ ਕੀਤਾ ਸੀ! ਇੱਕ ਨੂੰ ਮਾਰ ਕੇ ,ਹੋਰ ਕਈਆਂ ਨੂੰ ਮਰਨੇ ਪਾ ਦਿੱਤਾ ਸੀ!'
"ਪਿੰਡ ਦਾ ਬੰਦਾ ਹੋਊ ਕੋਈ ਵਿਚ ਜੀ, ਜ਼ਰੂਰ ਬਰ ਜ਼ਰੂਰ। ਪਿੰਡ ਦੇ ਬੰਦਿਆਂ ਦੀ ਸੂਹ ਤੇ ਸਾਥ ਤੋਂ ਬਿਨਾਂ ਕੋਈ ਏਨੇ ਹੌਂਸਲੇ ਨਾਲ ਇਹ ਕੰਮ ਨਹੀਂ ਕਰ ਸਕਦਾ। ਅਗਲਿਆਂ ਨੂੰ ਪਿੰਡ ਦੇ ਸਾਰੇ ਰਾਹਾਂ ਦਾ ਪਤਾ ਸੀ। ਪਰਲੇ ਪਾਸਿਓ ਆਏ। ਸਾਰੇ ਬਜ਼ਾਰ 'ਚ ਗੋਲੀਆਂ ਚਲਾ ਕੇ ਆਰਾਮ ਨਾਲ ਸਕੂਲ ਕੋਲੋਂ ਦੀ ਹੋ ਕੇ 'ਲਹੀਆਂ ਦੀ ਪੱਤੀ' ਵੱਲ ਬਾਹਰ ਨਿਕਲ ਗਏ। ਪਿੰਡ ਦੇ ਬੰਦੇ ਜ਼ਰੂਰ ਹੋਣਗੇ ਵਿਚ। ਮੈਂ ਆਪ ਵੇਖਿਆ, ਉਹਨਾਂ ਨੇ ਪਛਾਣੇ ਜਾਣ ਦੇ ਡਰੋਂ ਮੂੰਹ ਸਿਰ ਵਲ੍ਹੇਟੇ ਹੋਏ ਸਨ। ਪਿੰਡ ਦੇ ਬੰਦੇ ਸਨ ਜੀ ਵਿਚ। ਬਿਲਕੁਲ ਪੱਕ ਐ। ਕਿਸੇ ਹੋਰ ਨੂੰ ਮੂੰਹ ਲੁਕਾਉਣ ਦੀ ਭਲਾ ਕੀ ਲੋੜ ਸੀ!"
ਕੋਈ ਮੋਅਤਬਰ ਸੱਜਣ ਪੂਰੇ ਭਰੋਸੇ ਨਾਲ ਕਹਿ ਰਿਹਾ ਸੀ।
"ਕੌਣ ਹੋਵੇਗਾ ਭਲਾ ਪਿੰਡ ਦਾ ਬੰਦਾ ਵਿਚ?" ਆਪਣੀ ਜੁਗਿਆਸਾ ਸ਼ਾਂਤ ਕਰਨ ਲਈ ਕਿਸੇ ਵੱਲੋਂ ਪੁੱਛਿਆ ਗਿਆ ਇਹ ਇੱਕ ਵਾਜਬ ਸਵਾਲ ਸੀ।
"ਸਭ ਕੁਝ ਐਥੇ ਸਾਹਮਣੇ ਆ ਜਾਣਾ ਏਂ। ਤੂੰ ਵੇਖੀਂ ਸਹੀ। ਸਬਰ ਰੱਖ ਜ਼ਰਾ। ਅਜੇ ਹੁਣੇ ਦੱਸਣ ਵਾਲੀ ਗੱਲ ਨਹੀਂ।" ਇਸਦਾ ਭਾਵ ਸੀ ਕਿ ਉਸ ਕੋਲ ਕੋਈ 'ਪੱਕੀ ਸੂਚਨਾ' ਸੀ ਪਰ ਅਜੇ, ਹਾਲ ਦੀ ਘੜੀ, ਉਹ ਸਾਂਝੀ ਨਹੀਂ ਸੀ ਕਰਨੀ ਚਾਹੁੰਦਾ!
ਮੈਂ ਉਹਨਾਂ ਦੇ ਨਾਲ ਨਾਲ ਹੀ ਤੁਰ ਰਿਹਾ ਸਾਂ। ਇਹ ਸਵਾਲ ਤਾਂ ਮੇਰੇ ਅੰਦਰ ਵੀ ਚੱਕਰ ਲਾ ਰਹੇ ਸਨ। ਮੇਰੇ ਮਨ ਵਿਚ ਇਕ -ਦਮ ਇਹ ਖ਼ਿਆਲ ਆਇਆ:
'ਇਸ 'ਭੇਤ ਵਾਲੀ ਗੱਲ' ਨੂੰ ਉਹ, ਕਿਤੇ ਮੇਰੇ ਹਾਜ਼ਰ ਹੋਣ ਕਰਕੇ ਤਾਂ ਨਹੀਂ ਸੀ ਲੁਕਾ ਰਿਹਾ!'
ਅਚਨਚੇਤ ਮੈਨੂੰ ਇੱਕ ਵੱਖਰੀ ਸੋਚ ਨੇ ਘੇਰ ਲਿਆ। ਅੱਜ; ਹੁਣ ਤੀਕ ਕੀਤਾ ਮੇਰਾ ਸਾਰਾ ਉੱਦਮ ਅਤੇ ਉਤਸ਼ਾਹ ਕਿਰਨਾ ਸੁਰੂ ਹੋ ਗਿਆ। ਮੈਂ ਵੇਖਿਆ; ਏਨੇ ਲੋਕਾਂ ਦੀ ਭੀੜ ਵਿਚ ਪਗੜੀ ਵਾਲਾ ਤਾਂ ਮੈਂ ਇਕੱਲਾ ਹੀ ਸਾਂ! ਘੜੀ ਪਹਿਲਾਂ ਮੈਂ ਉਹਨਾਂ ਸਭਨਾਂ ਦਾ ਹਿੱਸਾ ਸਾਂ। ਉਹਨਾਂ ਦੇ ਗ਼ਮ ਅਤੇ ਪੀੜ ਵਿਚ ਪੂਰੀ ਤਰ੍ਹਾਂ ਸ਼ਰੀਕ। ਉਹਨਾਂ ਦਾ ਆਪਣਾ ਹੀ ਭਰਾ-ਭਾਈ! ਪਰ ਇਕ ਪਲ ਵਿਚ ਹੀ ਮੈਂ ਉਹਨਾਂ ਵਿਚ ਆਪਣੇ ਆਪ ਨੂੰ ਓਪਰਾ ਅਤੇ ਅਜਨਬੀ ਸਮਝਣ ਲੱਗ ਪਿਆ ਸਾਂ! ਇਹ ਵੀ ਸੋਚਣ ਲੱਗਾ ਕਿ ਇਹਨਾਂ ਵਿਚੋਂ ਕੋਈ ਇਹ ਵੀ ਸੋਚਦਾ ਹੋ ਸਕਦਾ ਹੈ ਕਿ ਮੈਂ ਇਕੱਲਾ ਇਹਨਾਂ ਵਿਚ ਕੀ ਕਰਦਾ ਪਿਆਂ! ਮੇਰੇ ਕੀਤੇ 'ਤਥਾ-ਕਥਿਤ' 'ਪਰਉਪਕਾਰ' ਦਾ ਜੋਸ਼ ਮੱਠਾ ਪੈ ਰਿਹਾ ਸੀ।
ਉਹਨਾਂ ਨਾਲ ਹੋ ਕੇ ਵੀ ਮੈਂ ਉਸ ਭੀੜ ਦਾ ਹਿੱਸਾ ਨਹੀਂ ਸਾਂ ਰਹਿ ਗਿਆ।
ਪਹਿਰੇ ਉੱਤੇ ਖਲੋਤੇ ਪੁਲਿਸ ਕਰਮਚਾਰੀਆਂ ਨੇ, "ਸਾਹਬ ਆਉਣ ਵਾਲੇ ਨੇ ਮੌਕਾ ਵੇਖਣ ਲਈ" ਆਖ ਕੇ ਸਭ ਨੂੰ ਪੁਲਿਸ-ਚੌਕੀ ਦੇ ਬਾਹਰ ਹੀ ਰੋਕ ਲਿਆ।
ਦਸ ਕੁ ਮਿੰਟ ਬਾਅਦ ਹੀ ਘੂਕਦੀਆਂ ਕਾਰਾਂ ਅਤੇ ਜੀਪਾਂ ਦਾ ਕਾਫ਼ਲਾ ਚੌਕੀ ਅੱਗੇ ਆਣ ਰੁਕਿਆ। ਕਾਰ ਅੰਦਰ ਬੈਠਿਆਂ ਹੀ ਐਸ ਐਸ ਪੀ ਨੇ ਖਲੋਤੇ ਬੰਦਿਆਂ ਨੂੰ ਹੋਈ ਵਾਰਦਾਤ ਬਾਰੇ ਪੁੱਛਿਆ। ਮੇਰੇ ਵਿਚੋਂ 'ਅੱਗੇ ਹੋਣ ਦਾ' ਉਤਸ਼ਾਹ ਮਰ ਚੁੱਕਾ ਸੀ। ਮੈਂ ਕੋਈ 'ਸਿੱਧੇ ਤੌਰ 'ਤੇ 'ਪੀੜਤ ਧਿਰ' ਨਹੀਂ ਸਾਂ! ਅਸਲੀ 'ਪੀੜਤ ਧਿਰ' ਦੇ ਲੋਕ ਇਕ ਦੂਜੇ ਤੋਂ ਪਹਿਲ ਕਰਦੇ, ਇੱਕ ਦੂਜੇ ਦੀ ਗੱਲ ਕੱਟਦੇ ਹੋਏ ਆਪੋ ਆਪਣਾ ਬਿਆਨ ਦੇ ਰਹੇ ਸਨ।
"ਪਿੰਡ ਦੇ ਬੰਦਿਆਂ ਦੀ ਸ਼ਹਿ ਤੋਂ ਬਿਨਾਂ ਨਹੀਂ ਹੋ ਸਕਦਾ ਜੀ ਇਹ ਕੰਮ।" ਕਿਸੇ ਨੇ ਕਿਹਾ।
"ਤੁਸੀਂ ਦੱਸੋ ਕੌਣ ਐਂ? ਫਿਰ ਮੇਰੀ ਕਾਰਵਾਈ ਵੇਖਿਓ। ਦੱਸੋ,ਦੱਸੋ; ਸਗੋਂ ਕੌਣ ਏਂ? ਬਿਨਾਂ ਕਿਸੇ ਡਰ-ਝਿਜਕ ਤੋਂ ਨਾਂ ਲਓ ਤੁਸੀਂ। ਦੱਸੋ ਤਾਂ ਸਹੀ ਇੱਕ ਵਾਰ।" ਐਸ ਐਸ ਪੀ ਨੇ ਉੱਚੀ ਅਤੇ ਤਿੱਖੀ ਆਵਾਜ਼ ਵਿਚ ਆਖਿਆ।
ਭੀੜ ਵਿਚੋਂ ਕੋਈ ਨਹੀਂ ਬੋਲਿਆ। ਮੈਨੂੰ ਮਹਿਸੂਸ ਹੋਇਆ; ਦੱਸਣ ਵਾਲਾ ਜਿਵੇਂ ਮੇਰੇ ਕਰ ਕੇ ਹੀ ਚੁੱਪ ਰਿਹਾ ਹੋਵੇ!
ਥੋੜ੍ਹੇ ਚਿਰ ਪਿੱਛੋਂ ਸਮੁੱਚੀ ਗਾਰਦ ਮੌਕਾ ਵੇਖਣ ਲਈ ਬਾਜ਼ਾਰ ਵੱਲ ਚੱਲ ਪਈ। ਕਿਸੇ ਨੂੰ ਵੀ 'ਓਧਰ' ਆਉਣ ਤੋਂ ਵਰਜ ਦਿੱਤਾ ਗਿਆ। ਮੇਰਾ ਘਰ ਤਾਂ ਬਾਜ਼ਾਰ ਦੇ ਐਨ ਵਿਚਕਾਰ ਸੀ ਅਤੇ ਉੱਥੇ ਬਾਜ਼ਾਰ ਵਿਚੋਂ ਲੰਘ ਕੇ ਹੀ ਜਾਇਆ ਜਾ ਸਕਦਾ ਸੀ। ਹੋਰਨਾਂ ਦੇ ਘਰਾਂ ਨੂੰ ਰਾਹ ਹੋਰ ਗਲੀਆਂ ਵਿਚੋਂ ਦੀ ਹੋ ਕੇ ਵੀ ਜਾਂਦੇ ਸਨ। ਉਹ ਸਾਰੇ ਆਪੋ ਆਪਣੇ ਘਰਾਂ ਨੂੰ ਤੁਰ ਗਏ। ਪਿੱਛੇ ਰਹਿ ਗਏ ਮੇਰੇ ਸਮੇਤ ਤਿੰਨ ਜਣੇ। ਅਸੀਂ ਪੁਲਿਸ ਦੀ ਵਾਪਸੀ ਦੀ ਉਡੀਕ ਕਰਨ ਲੱਗੇ।
ਅੱਧੇ ਪੌਣੇ ਘੰਟੇ ਪਿੱਛੋਂ ਪੁਲਿਸ ਪਰਤੀ ਤਾਂ ਅਸੀਂ ਹੌਂਸਲਾ ਕਰਕੇ ਪਿੰਡ ਵੱਲ ਤੁਰ ਪਏ। ਅਸੀਂ ਤਿੰਨੇ ਡਰੇ ਹੋਏ ਸਾਂ। ਰਾਹ ਵਿਚ ਮੋੜਾਂ, ਚੌਰਾਹਿਆਂ ਉੱਪਰ ਥਾਂ ਥਾਂ 'ਤੇ ਸਟੇਨਾਂ ਸੰਭਾਲੀ ਸੀ ਆਰ ਪੀ ਵਾਲੇ ਖਲੋਤੇ ਸਨ। ਦੂਜੇ ਦੋਂਹ ਜਣਿਆਂ ਦੇ ਘਰ ਬਾਜ਼ਾਰ ਦੇ ਮੁੱਢ ਵਿਚਲੀਆਂ ਗਲੀਆਂ ਵਿਚ ਸਨ। ਉਹ ਆਪੋ ਆਪਣੇ ਘਰਾਂ ਨੂੰ ਮੁੜ ਗਏ। ਸਾਹਮਣੇ ਖਲੋਤੇ ਦੋ ਸੀ ਆਰ ਪੀ ਵਾਲਿਆਂ ਨੇ ਮੈਨੂੰ ਉਹਨਾਂ ਦੋ 'ਹਿੰਦੂ ਭਰਾਵਾਂ' ਨਾਲ ਆਉਂਦੇ ਵੇਖ ਲਿਆ ਸੀ। ਉਹਨਾਂ ਮੈਨੂੰ ਕੋਈ 'ਸ਼ੱਕੀ ਬੰਦਾ' ਨਾ ਜਾਣ ਕੇ ਅੱਗੇ ਜਾਣ ਦਿੱਤਾ। ਮੈਂ ਹੌਂਸਲਾ ਕਰਕੇ ਤੁਰਿਆ ਗਿਆ। ਕਿਸੇ ਨੇ ਮੈਨੂੰ ਕੁਝ ਨਾ ਆਖਿਆ। ਜਿਉਂ ਹੀ ਮੈਂ ਆਪਣੇ ਘਰ ਵੱਲ ਮੁੜਦਾ ਬਾਜ਼ਾਰ ਦਾ ਮੋੜ ਮੁੜਿਆ ਤਾਂ ਇੱਕ ਚੀਕਦੀ ਆਵਾਜ਼ ਆਈ;
"ਰੁਕ ਜਾ! ਹੈਂਡਜ਼ ਅੱਪ!" ਮੋੜ ਉੱਤੇ ਖਲੋਤੇ ਸੀ ਆਰ ਪੀ ਵਾਲਿਆਂ ਨੇ ਮੇਰੀ ਹਿੱਕ ਵੱਲ ਸਟੇਨਾਂ ਸਿੱਧੀਆਂ ਕੀਤੀਆਂ ਹੋਈਆਂ ਸਨ।
"ਕੌਨ ਹੋ ਤੁਮ ?"
ਜਿਹੜੀ ਗੱਲ ਦਾ ਡਰ ਸੀ, ਉਹੋ ਹੋ ਗਈ ਸੀ। ਮੈਨੂੰ ਪਹਿਲਾਂ ਹੀ ਡਰ ਸੀ ਕਿ ਮੈਨੂੰ 'ਸਿੱਖ' ਸਮਝ ਕੇ ਕਿਤੇ ਸੀ ਆਰ ਪੀ ਵਾਲੇ ਰਾਹ 'ਚ ਘੇਰ ਨਾ ਲੈਂਦੇ ਹੋਣ! ਹੁਣੇ ਵਾਪਰੀ ਘਟਨਾ ਕਰਕੇ ਕਿਸੇ 'ਸਿੱਖ' ਨੂੰ ਵੇਖ ਕੇ, ਉਸਨੂੰ 'ਸ਼ੱਕੀ ਅੱਤਵਾਦੀ' ਸਮਝ ਕੇ ਉਹ ਗੋਲੀ ਵੀ ਮਾਰ ਸਕਦੇ ਸਨ! ਮੇਰੀ ਇਸ ਮਾਨਸਿਕਤਾ ਦਾ ਜ਼ਿਕਰ ਮੇਰੀ ਕਹਾਣੀ 'ਚੌਥੀ ਕੂਟ' ਦੇ ਅੰਤ ਉੱਤੇ ਰਾਤ ਸਮੇਂ ਗੱਡੀਓਂ ਉੱਤਰਨ ਵਾਲੇ ਅਤੇ ਪੁਲਿਸ ਤੋਂ ਡਰਨ ਵਾਲੇ 'ਸਿੱਖ' ਕਿਰਦਾਰਾਂ ਦੇ ਭੈ ਵਿਚੋਂ ਵੀ ਪੜ੍ਹਿਆ ਜਾ ਸਕਦਾ ਹੈ।
ਵੀਹਾਂ ਕਰਮਾਂ ਦੀ ਵਿੱਥ ਉੱਤੇ ਆਪਣੇ ਘਰ ਵੱਲ ਤੁਰਤ ਇਸ਼ਾਰਾ ਕਰਕੇ ਜਿੰਨੀ ਕਾਹਲੀ ਨਾਲ ਦੱਸਿਆ ਜਾ ਸਕਦਾ ਸੀ, ਮੈਂ ਆਪਣੇ ਇਸ ਵੇਲੇ ਇੱਥੇ ਹੋਣ ਦਾ ਕਾਰਨ ਦੱਸਿਆ। ਉਹ ਮੇਰੇ ਬੋਲਾਂ ਵਿਚਲੀ ਸਦਾਕਤ ਦਾ ਅਨੁਮਾਨ ਲਾ ਹੀ ਰਹੇ ਸਨ ਕਿ ਪਰੇ ਖਲੋਤਾ ਇੱਕ ਸਿਪਾਹੀ ਸਾਡੇ ਕੋਲ ਆਇਆ ਅਤੇ ਆਪਣੇ ਸਾਥੀਆਂ ਨੂੰ ਕਹਿਣ ਲੱਗਾ, "ਜਾਨੇ ਦੋ।"
ਉਹ ਸਵੇਰ ਵੇਲੇ ਬਾਜ਼ਾਰ ਵਿਚ ਪਹਿਰੇ 'ਤੇ ਖਲੋਤਾ ਮੈਂ ਕਈ ਵਾਰ ਵੇਖਿਆ ਸੀ। ਉਹ ਵੀ ਮੈਨੂੰ ਵਿੰਹਦਾ ਰਹਿੰਦਾ ਹੋਵੇਗਾ! ਸਟੇਨਾਂ ਨੀਵੀਆਂ ਹੋ ਗਈਆਂ। ਮੈਂ ਲੰਮਾਂ ਸਾਹ ਲੈ ਕੇ ਘਰ ਵੱਲ ਵਧਿਆ। ਪਰੇ ਬਾਜ਼ਾਰ ਦੇ ਵਿਚਕਾਰ ਮੰਗੇ ਦੀ ਲਾਵਾਰਿਸ ਲਾਸ਼ ਪਈ ਸੀ। ਥੋੜ੍ਹੀ ਵਿੱਥ 'ਤੇ ਇੱਕ ਕਾਲਾ ਕੁੱਤਾ ਉਹਦੇ ਸਿਰਹਾਣੇਂ ਬੈਠਾ ਸੀ! ਉਸਦੇ ਦੋਹੀਂ ਪਾਸੀਂ ਦਸ-ਪੰਦਰਾਂ ਗਜ਼ਾਂ ਦੀ ਵਿੱਥ ਉੱਤੇ ਵਰਦੀ ਵਾਲੇ ਸਟੇਨਧਾਰੀ 'ਰੱਖਿਅਕ' ਉਸਦੀ 'ਲਾਸ਼ ਦੀ ਰਾਖੀ' ਖਲੋਤੇ ਸਨ। ਪਰ ਇਸ 'ਸੁਰੱਖਿਆ' ਦਾ ਉਸਨੂੰ ਹੁਣ ਕੋਈ ਆਸਰਾ ਨਹੀਂ ਸੀ!
ਘਰ ਦਾ ਦਰਵਾਜ਼ਾ ਬੰਦ ਕਰਦਿਆਂ ਮੈਂ ਸਾਹਮਣੇ ਗੁਰਲਾਲ ਚੰਦ ਅਤੇ ਗੋਪਾਲ ਚੰਦ ਦੇ ਚੁਬਾਰਿਆਂ ਵੱਲ ਝਾਤ ਮਾਰੀ। ਇਸ ਘਰ 'ਚੋਂ ਮੰਗਾ ਗੁਜ਼ਰ ਗਿਆ ਸੀ ਅਤੇ ਪਰਿਵਾਰ ਦੇ ਮੁਖੀ ਗੋਪਾਲ ਚੰਦ ਨੂੰ ਗੋਲੀ ਵੱਜੀ ਸੀ। ਘਰ ਵਿਚੋਂ ਉੱਚੀ ਰੋਣ ਦੀ ਤਾਂ ਕੀ ਸਿਸਕਣ ਦੀ ਆਵਾਜ਼ ਵੀ ਨਹੀਂ ਸੀ ਆ ਰਹੀ! ਇਹ ਕੈਸੀ ਦਹਿਸ਼ਤ ਸੀ ਕਿ ਆਪਣਿਆਂ ਦੀ ਮੌਤ ਉੱਤੇ ਖੁੱਲ੍ਹ ਕੇ ਰੋਣ ਦਾ ਹੌਸਲਾ ਵੀ ਗਵਾਚ ਗਿਆ ਸੀ! ਉਹਨਾਂ ਦੇ ਘਰ ਦੇ ਜੀਆਂ ਵੱਲੋਂ ਬੁੱਲ੍ਹ ਚਿੱਥ ਕੇ, ਅੰਦਰੇ ਅੰਦਰ ਰੋਣ ਦੇ ਦਰਦ ਦਾ ਅਨੁਮਾਨ ਲਾ ਸਕਣਾ ਮੇਰੇ ਲਈ ਅਸੰਭਵ ਸੀ।
ਤੜ੍ਹਕਾ ਪਹਿਰ ਹੋ ਚੱਲਿਆ ਸੀ। ਬੱਚੇ ਲੇਟੇ ਹੋਏ ਸਨ। ਮੇਰੀ ਪਤਨੀ ਅਤੇ ਲਾਲ ਦੀ ਪਤਨੀ ਸਹਿਮੀਆਂ ਅਤੇ ਜਗਿਆਸੂ ਨਜ਼ਰਾਂ ਨਾਲ ਮੇਰੇ ਵੱਲ ਵੇਖ ਰਹੀਆਂ ਸਨ। ਮੈਂ ਉਹਨਾਂ ਲਈ ਕੀ ਖ਼ਬਰ ਲੈ ਕੇ ਆਇਆ ਸਾਂ! ਮੈਂ ਸਭ ਨੂੰ ਅੰਿਮ੍ਰਤਸਰ ਭੇਜਣ ਦੀ ਗੱਲ ਸੁਣਾ ਕੇ ਲਾਲ ਦੀ ਪਤਨੀ ਨੂੰ ਕਿਹਾ, "ਭੈਣ ਜੀ! ਮੈਨੂੰ ਆਪ ਡਾਕਟਰ ਗਿੱਲ ਨੇ ਕਿਹਾ ਹੈ ਕਿ ਖ਼ਤਰੇ ਵਾਲੀ ਕੋਈ ਗੱਲ ਨਹੀਂ। ਲਾਲ ਨੂੰ ਕੁਝ ਨਹੀਂ ਹੋਣ ਲੱਗਾ । ਤੁਸੀਂ ਹੌਂਸਲਾ ਰੱਖੋ। ਹੋਰ ਘੜੀ ਨੂੰ ਦਿਨ ਚੜ੍ਹ ਜਾਣਾ ਏਂ ਅਤੇ ਆਪਾਂ ਆਪ ਹੀ ਪਹੁੰਚ ਜਾਣਾ ਉੱਥੇ, ਉਹਦੇ ਕੋਲ। ਤੁਸੀਂ ਆਪਣੀ ਅੱਖੀਂ ਵੇਖ ਲੈਣਾ ਹੈ ਉਸਨੂੰ ਠੀਕ-ਠਾਕ ਹੋਇਆ; ਨੌ ਬਰ ਨੌ।"
ਬੱਚੇ ਵੀ ਉੱਠ ਕੇ ਬਹਿ ਗਏ ਸਨ। ਮੈਂ ਸਭ ਨੂੰ ਆਪੋ ਆਪਣੀ ਥਾਂ ਲੇਟ ਜਾਣ ਲਈ ਕਹਿ ਕੇ ਮੰਜੇ 'ਤੇ ਪੈ ਗਿਆ। ਪਿਛਲੇ ਕੁਝ ਘੰਟਿਆਂ ਵਿਚ ਵਾਪਰੀ ਹੋਣੀ ਨੇ ਮੇਰੇ ਸਿਰ ਨੂੰ ਸੁੰਨ ਕਰ ਦਿੱਤਾ ਸੀ। ਹੁਣੇ ਹੀ 'ਮੌਤ ਦੇ ਮੂੰਹੋ' ਬਚ ਕੇ ਆਇਆ ਹੋਣ ਕਰਕੇ ਮੈਂ ਮੌਤ ਨੂੰ ਆਪਣੇ ਨੇੜੇ ਨੇੜੇ ਮਹਿਸੂਸ ਕਰਨ ਲੱਗਾ। ਮੈਨੂੰ ਲੱਗਾ; ਗੋਲੀਆਂ ਚਲਾਉਣ ਵਾਲੇ ਹੁਣੇ ਮੇਰੇ ਘਰ ਦੀਆਂ ਕੰਧਾਂ ਟੱਪ ਕੇ, 'ਦਗੜ-ਦਗੜ' ਕਰਦੇ ਮੇਰੇ ਘਰ ਆਣ ਵੜੇ ਹਨ ਅਤੇ ਗੋਲੀਆਂ ਦਾ ਛਾਣਾ ਮਾਰਨ ਤੋਂ ਪਹਿਲਾਂ ਵਿਅੰਗ ਨਾਲ ਚੰਘਿਆੜੇ ਹਨ, "ਤੈਥੋਂ ਕਰਾਉਂਦੇ ਆਂ 'ਇਹਨਾਂ ਦੀ ਮਦਦ!' 'ਪੰਥ' ਦਿਆ ਗ਼ਦਾਰਾ!"
ਦੂਜੇ ਪਾਸਿਓਂ ਦੂਜੀ ਧਿਰ ਦੀਆਂ ਤਣੀਆਂ ਸਟੇਨਾਂ ਦਾ ਖੜਕਾ ਸੁਣਿਆਂ, "ਰੁਕ ਜਾ; ਹੈਂਡਜ਼ ਅੱਪ!"
ਮੈਂ ਉਹਨਾਂ ਵੇਲਿਆਂ ਦੇ ਸਾਰੇ ਪੰਜਾਬੀਆਂ ਵਾਂਗ ਬੇਬੱਸ ਅਤੇ ਬੇਹਿੱਸ ਹੋਇਆ ਪਿਆ ਸਾਂ!
ਮੇਰੇ ਸਾਹਮਣੇ ਕੰਧ 'ਤੇ ਲਟਕੇ ਗੁਰੂ ਨਾਨਕ ਦੇ ਚਿਤਰ ਵਿਚਲਾ 'ਆਸ਼ੀਰਵਾਦ' ਵਿਚ ਉੱਠਿਆ ਹੱਥ ਮੈਨੂੰ ਦਿਲ ਧਰਨ ਲਈ ਕਹਿ ਰਿਹਾ ਸੀ।

ਅਗਲੇ ਦਿਨ ਸਵੇਰੇ ਹੀ ਲਾਲ ਦਾ ਪਰਿਵਾਰ ਚਾਹ-ਪਾਣੀ ਪੀ ਕੇ ਆਪਣੇ ਘਰ ਚਲਾ ਗਿਆ ਤਾਂਕਿ ਛੇਤੀ ਤੋਂ ਛੇਤੀ ਤਿਆਰ ਹੋ ਕੇ ਲਾਲ ਦਾ ਪਤਾ ਕਰਨ ਲਈ ਅੰਮ੍ਰਿਤਸਰ ਜਾਇਆ ਜਾ ਸਕੇ ।
ਜਦੋਂ ਅਸੀਂ ਦੋਵੇਂ ਜੀਅ ਜ਼ਖ਼ਮੀਆਂ ਦਾ ਪਤਾ ਕਰਨ ਲਈ ਅੰਿਮ੍ਰਤਸਰ ਪਹੁੰਚੇ ਤਾਂ ਹਸਪਤਾਲ ਵਿਚ ਮਿਜ਼ਾਜ -ਪੁਰਸੀ ਲਈ ਆਉਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ। ਇਹਨਾਂ ਵਿਚ ਉਹਨਾਂ ਦੇ ਰਿਸ਼ਤੇਦਾਰ ਵੀ ਸਨ ਅਤੇ ਪਿੰਡ ਦੇ ਸਾਂਝਾਂ ਵਾਲੇ 'ਹੋਰ' ਆਦਮੀ ਵੀ। 'ਹਿੰਦੂ-ਸਿੱਖ'ਸਾਰੇ ਹੀ। ਸਾਰੇ ਜ਼ਖ਼ਮੀ ਇੱਕੋ ਹੀ ਵਾਰਡ ਵਿਚ ਪੱਟੀਆਂ ਵਿਚ ਲਿਪਟੇ ਮੰਜੀਆਂ ਉੱਤੇ ਲੇਟੇ ਹੋਏ ਸਨ। ਉਹਨਾਂ ਦੇ ਸਿਰਹਾਣੇ ਉਹਨਾਂ ਦੀ ਸਾਂਭ-ਸੰਭਾਲ ਲਈ ਉਹਨਾਂ ਦੇ ਵਾਰਿਸ ਬੈਠੇ ਸਨ। ਅਸੀਂ ਹਰੇਕ ਦੇ ਬੈੱਡ ਕੋਲ ਜਾਂਦੇ, ਵਾਪਰ ਚੁੱਕੀ ਹੋਣੀ 'ਤੇ ਅਫ਼ਸੋਸ ਕਰਦੇ, ਹੌਂਸਲਾ ਰੱਖਣ ਲਈ ਕਹਿੰਦੇ।
ਸਾਰੇ ਜਣੇ ਰੋਹ-ਰੰਜ ਅਤੇ ਸਹਿਮ ਦੇ ਪੁਤਲੇ ਬਣੇ ਹੋਏ ਸਨ। ਜਿਹੜੇ ਜ਼ਖ਼ਮੀ ਬੋਲ ਸਕਦੇ ਸਨ; ਉਹ ਆਪਣੇ ਉੱਪਰ ਹੋਏ ਹਮਲੇ ਦਾ ਬਿਰਤਾਂਤ ਸੁਣਾ ਰਹੇ ਸਨ। ਇੱਕ ਗੱਲ ਬਾਰ ਬਾਰ ਦੁਹਰਾਈ ਜਾ ਰਹੀ ਸੀ ਕਿ 'ਪਿੰਡ ਦੇ ਬੰਦਿਆਂ ਦੀ ਸੂਹ ਅਤੇ ਸ਼ਹਿ ਤੋਂ ਬਿਨਾਂ ਇਹ ਘਟਨਾ ਨਹੀਂ ਵਾਪਰ ਸਕਦੀ!' ਸਾਰੇ ਜਣੇ ਇਸ ਗੱਲ 'ਤੇ ਸਹਿਮਤ ਵੀ ਲੱਗਦੇ ਸਨ। ਉਹਨਾਂ ਦੇ ਕਹਿਣ ਦਾ ਭਾਵ ਸਾਫ਼ ਸੀ ਕਿ ਪਿੰਡ ਦੇ ਕਿਸੇ ਨਾ ਕਿਸੇ 'ਸਿੱਖ'ਦਾ ਹੱਥ ਸੀ ਇਸ ਘਟਨਾ ਪਿੱਛੇ!
ਉਹ ਠੀਕ ਵੀ ਹੋ ਸਕਦੇ ਸਨ, ਪਰ ਪਤਾ ਨਹੀਂ ਕਿਉਂ ਇਹ ਲੱਗਣ ਲੱਗਾ ਸੀ ਕਿ ਮੈਨੂੰ ਇਹ ਗੱਲ ਕੁਝ ਉਚੇਚ ਨਾਲ ਸੁਣਾਈ ਜਾ ਰਹੀ ਸੀ। ਚਮਨ ਲਾਲ ਕੋਲ ਪੁੱਜੇ ਤਾਂ ਉਹ ਦੱਸ ਰਿਹਾ ਸੀ:
"ਦੋ ਜਣੇ ਹੀ ਦੁਕਾਨ 'ਚ ਵੜੇ। ਬਾਕੀ ਬਾਹਰ ਖਲੋਤੇ ਰਹੇ। ਮੂੰਹ ਉਹਨਾਂ ਦੇ ਬੰਨ੍ਹੇ ਹੋਏ ਸਨ। ਇੱਕ ਤਾਂ ਛੇ-ਫੁੱਟਾ ਜਵਾਨ ਸੀ ਪੂਰਾ। ਲੰਮਾ ਤੇ ਪਤਲਾ। ਐਨ ਆਪਣੇ ਮਾਸਟਰ ਵਰਿਆਮ ਸੁੰਹ ਹੁਰਾਂ ਵਰਗਾ।" ਉਸ ਨੇ ਮੇਰੇ ਵੱਲ ਇਸ਼ਾਰਾ ਕੀਤਾ ਤਾਂ ਮੇਰੇ ਕਲੇਜੇ ਨੂੰ ਧੱਕਾ ਲੱਗਾ। ਕੰਨ 'ਸ਼ਾਂ ਸ਼ਾਂ'ਕਰਨ ਲੱਗੇ। ਪੈਰਾਂ ਹੇਠੋਂ ਜ਼ਮੀਨ ਹਿੱਲਣ ਲੱਗੀ। ਉਂਜ ਇਹ ਜ਼ਰੂਰੀ ਵੀ ਨਹੀਂ ਸੀ ਕਿ ਉਹ ਮੈਨੂੰ, ਗੋਲੀਆਂ ਮਾਰਨ/ਮਰਵਾਉਣ ਵਾਲਿਆਂ ਵਿਚੋਂ ਹੀ ਇੱਕ ਸਮਝਦਾ ਹੋਵੇ! ਇਹ ਤਾਂ ਮੇਰੀ 'ਦਿੱਖ' ਹੀ ਮੇਰੇ ਮਨ ਦਾ ਚੋਰ ਬਣ ਗਈ ਸੀ!
ਮੇਰੇ ਮਨ ਵਿਚ ਆਇਆ ਕਿ ਲਾਗੇ ਖਲੋਤੇ ਉਹਨਾਂ ਬੰਦਿਆਂ ਵਿਚੋਂ, ਜੋ ਰਾਤੀਂ ਮੇਰੇ ਨਾਲ ਹੀ ਜ਼ਖ਼ਮੀਆਂ ਦੀ ਸਾਂਭ-ਸੰਭਾਲ ਕਰਦੇ ਪਏ ਸਨ, ਕਿਸੇ ਨੂੰ ਤਾਂ ਆਖਣਾ ਚਾਹੀਦਾ ਹੈ, "ਮਾਸਟਰ ਹੁਰੀਂ ਤਾਂ ਰਾਤੀਂ ਸਾਡੇ ਨਾਲ ਮਰਦੇ ਖਪਦੇ ਰਹੇ। ਸਗੋਂ, ਜੇ ਇਹ ਸੀ ਆਰ ਪੀ ਵਾਲਿਆਂ ਨਾਲ ਲੜ ਕੇ ਉਹਨਾਂ ਨੂੰ ਗੱਡੀਆਂ ਦੇਣ ਲਈ ਮਜਬੂਰ ਨਾ ਕਰਦੇ ਤਾਂ ਫਿਰ ਪਤਾ ਨਹੀਂ ਕੀ ਹੁੰਦਾ!"
ਮੈਂ ਇੱਕ ਦੋ ਜਣਿਆਂ ਦੇ ਮੂੰਹ ਵੱਲ ਵੀ ਵੇਖਿਆ। ਪਰ ਕਿਸੇ ਨੇ ਕੁਝ ਨਾ ਕਿਹਾ।
ਚਮਨ ਲਾਲ ਦੱਸ ਰਿਹਾ ਸੀ, "ਉਹਨੇ ਰੀਵਾਲਵਰ ਮੇਰੇ ਵੱਲ ਸਿੱਧਾ ਕਰਕੇ ਫ਼ਾਇਰ ਕੀਤਾ; ਪਰ ਬਚਾਅ ਹੋ ਗਿਆ। ਮੈਂ ਹਰਫ਼ਲੇ ਨੇ ਪੀਪਾ ਚੁੱਕ ਕੇ ਆਪਣੇ ਅੱਗੇ ਕਰ ਲਿਆ। ਪੀਪੇ ਨੇ ਭਲਾ ਨੀ ਬਚਾਅ ਕਰਨਾ ਸੀ! ਇੱਕ ਗੋਲੀ ਆਹ ਮੇਰੀ ਲੱਤ 'ਚ ਲੱਗੀ ਤੇ ਇੱਕ ਮੋਢੇ 'ਤੇ। ਡਿੱਗ ਪਿਆ ਮੈਂ ਤਾਂ। ਫਿਰ ਨਹੀਂ ਪਤਾ ਲੱਗਾ ਕੁਛ।"
ਹੁਣ ਮੈਂ ਦੂਜੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਦਾ, ਬਿਗ਼ਾਨੇ ਵੱਗ ਵਿਚ ਗਵਾਚੀ ਵੱਛੀ ਵਾਂਗ ਫਿਰ ਰਿਹਾ ਸਾਂ। ਮੈਨੂੰ ਲੱਗਦਾ ਸੀ ਕਿ ਮੇਰੀ ਪਿੱਠ ਪਿੱਛੇ ਸਾਰੇ ਆਂਢੀ-ਗਵਾਂਢੀ ਕਹਿ ਰਹੇ ਸਨ, "ਹੁਣ ਵੇਖ ਕਿੱਡਾ ਹੇਜਲਾ ਬਣਿਆਂ ਫਿਰਦਾ! ਆਪੇ ਗੋਲੀਆਂ ਮਾਰਨੀਆਂ ਆਪੇ ਹਾਲ-ਚਾਲ ਪੁੱਛਣਾ! ਹਾਅ ਥੂਹ!"
ਮੈਂ ਇੱਥੇ 'ਸ਼ੱਕੀ', 'ਦੁਰਕਾਰੇ' ਅਤੇ 'ਨਾਪਸੰਦ' ਬੰਦੇ ਵਾਂਗ ਵਿਚਰ ਰਿਹਾ ਸਾਂ।

ਮੈਨੂੰ ਵੇਖ ਕੇ ਲਾਲ ਦੇ ਚਿਹਰੇ ਉੱਤੇ ਆਈ ਮੁਸਕਰਾਹਟ ਅਤੇ ਉਸ ਵੱਲੋਂ ਪੋਲੇ ਜਿਹੇ ਘੁੱਟਿਆ ਮੇਰਾ ਹੱਥ ਵੀ ਮੈਨੂੰ ਬਹੁਤੀ ਧਰਵਾਸ ਨਾ ਦੇ ਸਕੇ। ਲਾਲ ਦੀ ਪਤਨੀ ਆਖ ਰਹੀ ਸੀ, "ਸਾਨੂੰ ਤਾਂ ਰਾਤੀਂ ਭੈਣ ਜੀ ਹੁਣਾਂ ਆਪਣੇ ਘਰੋਂ ਜਾਣ ਹੀ ਨਹੀਂ ਸੀ ਦਿੱਤਾ। ਸਾਰੀ ਰਾਤ ਸਾਰਾ ਟੱਬਰ ਸਾਡੇ ਨਾਲ ਜਾਗਦੇ ਰਹੇ। ਵਿਚਾਰੇ! ਭਾ ਜੀ ਹੁਰਾਂ ਵਿਚਾਰਿਆਂ ਏਨਾ ਕੀਤਾ! ਭਗਵਾਨ ਇਹਨਾਂ ਸਾਰਿਆਂ ਦੀ ਲੰਮੀ ਉਮਰ ਕਰੇ!" ਉਸਨੇ ਮੇਰੀ ਪਤਨੀ ਨੂੰ ਵੱਖੀ ਨਾਲ ਘੁੱਟ ਲਿਆ।
ਘਰ ਨੂੰ ਵਾਪਸ ਮੁੜਦਿਆਂ ਅਸੀਂ ਸਾਰੇ ਰਾਹ ਚਮਨ ਲਾਲ ਦੇ ਬੋਲਾਂ ਵਿਚਲਾ ਰਹੱਸ ਸਮਝਣ ਦੀ ਕੋਸ਼ਿਸ਼ ਕਰਦੇ, ਇਸੇ ਨੁਕਤੇ ਬਾਰੇ ਹੀ ਸੋਚਦੇ ਆਏ। ਮੇਰੀ ਪਤਨੀ ਨੇ ਆਪਣੇ ਸੁਭਾ ਮੁਤਾਬਕ ਕਿਹਾ, "ਕੋਈ ਗੱਲ ਨਹੀਂ। ਉੱਤੇ ਪ੍ਰਮਾਤਮਾ ਤਾਂ ਵਿੰਹਦਾ ਏ ਸਭ ਕੁਝ। ਅਸੀਂ ਤਾਂ ਆਪਣੇ ਵਿਤ ਮੁਤਾਬਕ ਭਲਾ ਈ ਕੀਤਾ ਸਾਰਿਆਂ ਦਾ। ਸਾਡੇ ਲਈ ਤਾਂ ਸਾਡੇ ਗਵਾਂਢੀ ਸਾਡੇ ਮਾਂ-ਪਿਓ ਜਾਇਆਂ ਵਰਗੇ ਨੇ। ਐਵੇਂ ਆਖੀਏ; ਸਾਨੂੰ ਪਿਆਰ ਵੀ ਬੜਾ ਕਰਦੇ ਨੇ। ਤਾਇਆ ਲਾਭ ਚੰਦ, ਚਾਚਾ ਵੇਦ, ਤਾਇਆ ਗੁਰਲਾਲ ਚੰਦ ਸਭ ਦਾ ਮੈਨੂੰ 'ਧੀਏ!ਧੀਏ!' ਆਖਦਿਆਂ ਮੂੰਹ ਨਹੀਂ ਸੁੱਕਦਾ। ਤੁਹਾਡੀ ਏਨੀ ਇੱਜ਼ਤ ਕਰਦੇ ਨੇ ਸਭ! ਤੁਸੀਂ ਐਵੇਂ ਮਨ ਖ਼ਰਾਬ ਨਾ ਕਰੋ। ਲਾਲ ਤੁਹਾਨੂੰ ਭਰਾਵਾਂ ਵਾਂਗ ਸਮਝਦਾ ਹੈ। ਜੇ ਕੋਈ ਇੱਕ ਅੱਧ ਬੰਦਾ ਇਹੋ ਜਿਹੀ ਵਾਧੀ ਘਾਟੀ ਗੱਲ ਕਰਦਾ ਵੀ ਹੋਊ ਤਾਂ ਚਿੰਤਾ ਕਾਹਦੀ! ਜਦੋਂ ਸਾਡਾ ਅੰਦਰ ਸੁੱਚਾ ਸੱਚਾ! ਉਹ ਸੱਚਾ ਪਾਤਸ਼ਾਹ ਆਪੇ ਜਾਣੀ ਜਾਣ ਆਂ।"
"ਰਜਵੰਤ ਕੌਰੇ! ਆਪਣੀ ਜਾਨ ਖ਼ਤਰੇ ਵਿਚ ਪਾ ਕੇ ਖਾੜਕੂਆਂ ਦੀ ਨਾਰਾਜ਼ਗੀ ਸਹੇੜੀ। ਅਜੇ ਉਹਨਾਂ ਵੱਲੋਂ ਪਤਾ ਨਹੀਂ ਕੀ ਭਾਣਾ ਵਾਪਰਨਾ ਏਂ ਅਤੇ ਏਧਰ ਜਿੰਨ੍ਹਾਂ ਲਈ ਕੀਤਾ, ਇਹ, ਇਹੋ ਜਿਹੀਆਂ ਗੱਲਾਂ ਕਰਦੇ ਨੇ!" ਮੇਰਾ ਮਨ ਡਾਢਾ ਅਵਾਜ਼ਾਰ ਸੀ।
"ਤੁਸੀਂ ਵੀ ਐਵੇਂ ਈ ਕਰੀ ਜਾਂਦੇ ਓ। ਉਹਨੇ ਕਿਤੇ ਤੁਹਾਨੂੰ ਥੋੜ੍ਹਾ ਕਿਹਾ। ਉਹ ਤਾਂ ਸਰਸਰੀ ਅਗਲੇ ਦਾ ਹੁਲੀਆ ਦੱਸ ਰਿਹਾ ਸੀ । ਤੁਸੀਂ ਆਪਣੇ ਆਪ ਨਾਲ ਜੋੜੀ ਜਾਂਦੇ ਓ!"
ਮੈਨੂੰ ਉਹਦੀ ਗੱਲ ਦਰੁੱਸਤ ਲੱਗੀ।
ਫਿਰ ਵੀ ਮੈਂ ਸੋਚਦਾ ਰਹਿੰਦਾ, ਪੰਜਾਬ ਉੱਤੇ ਇਹ ਕਿਹੋ ਜਿਹੇ ਕਾਲੇ ਦਿਨ ਆ ਗਏ ਸਨ ਕਿ ਹਰ ਕੋਈ ਦੂਜੇ ਨੂੰ ਤਾਂ ਸ਼ੱਕ ਦੀ ਨਜ਼ਰ ਨਾਲ ਵੇਖਦਾ ਹੀ ਸੀ, ਆਪਣੇ ਆਪ ਨੂੰ ਵੀ, ਮੇਰੇ ਵਾਂਗ, 'ਸ਼ੱਕੀ' ਸਮਝਣ ਲੱਗ ਪਿਆ ਸੀ!
ਇਹ ਕੀ ਬਣ ਗਏ ਸਾਂ ਅਸੀਂ ?

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਵਰਿਆਮ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ