Asmani Jogi : Rajasthani Lok Kahani

ਅਸਮਾਨੀ ਜੋਗੀ : ਰਾਜਸਥਾਨੀ ਲੋਕ ਕਥਾ

ਇੱਕ ਸੀ ਸੇਠ। ਸੱਤ ਉਸਦੇ ਬੇਟੇ, ਇੱਕ ਉਸਦੀ ਧੀ। ਧੀ ਸਭ ਤੋਂ ਛੋਟੀ, ਸੋਲਾਂ ਸਾਲ ਦੀ, ਬੇਅੰਤ ਸੁਹਣੀ, ਸੁਲੱਖਣੀ, ਸਿਧੀ ਸਾਦੀ, ਨਿਰਛਲ, ਮਿਠਬੋਲੀ, ਹੱਥਾਂ ਵਿੱਚ ਹੁਨਰ। ਸੱਤੇ ਭਾਈ ਸ਼ਾਦੀ ਸ਼ੁਦਾ, ਰੂਪਵੰਤੀਆਂ ਬਹੂਆਂ। ਇਕਲੌਤੀ ਧੀ ਮਾਪਿਆ ਦੇ ਨੈਣਾ ਦੀ ਜੋਤ। ਭਾਈਆਂ ਵਾਸਤੇ ਏਸ ਤਰ੍ਹਾਂ ਜਿਵੇਂ ਮੋਤੀਆਂ ਦੇ ਹਾਰ ਵਿਚਕਾਰ ਲਾਲ। ਹਥੇਲੀ ਵਿਚਕਾਰ ਮਹਿੰਦੀ ਦਾ ਟਿੱਕਾ । ਅੱਖਾਂ ਦਾ ਸੁਰਮਾ।

ਸੌਣ ਦੀ ਤੀਜ ਕੰਵਾਰੀਆਂ ਸੁਹਾਗਣਾ ਸਭ ਦਾ ਵੱਡਾ ਤਿਉਹਾਰ ਹੈ। ਹਰੀ ਭਰੀ ਸੁਹਾਵਣੀ ਧਰਤੀ ਉੱਪਰ ਔਰਤਾਂ ਹਾਰਸ਼ਿੰਗਾਰ ਉੱਪਰ ਜ਼ੋਰ ਲਾ ਦਿੰਦੀਆਂ ਹਨ। ਧਰਤੀ ਕਹਿੰਦੀ ਹੈ ਮੈਂ ਸੁਹਣੀ, ਮੇਰੀ ਸ਼ਾਨ ਵੇਖੋ, ਔਰਤਾਂ ਕਹਿੰਦੀਆਂ ਨੇ ਅਸੀਂ ਸੁਹਣੀਆਂ, ਸਾਡਾ ਸ਼ਿੰਗਾਰ ਦੇਖੋ। ਅਸਮਾਨ ’ਤੇ ਬਿਜਲੀਆਂ ਤਾਂ ਧਰਤੀ ਉੱਪਰ ਮੁਟਿਆਰਾਂ। ਉੱਧਰ ਕੋਇਲ, ਡੱਡੂ, ਮੋਰ, ਪਪੀਹੇ ਗਾਉਂਦੇ ਫਿਰਦੇ, ਇੱਧਰ ਕੁੜੀਆਂ ਦੇ ਗੀਤ ਕੰਨਾਂ ਵਿੱਚ ਰਸ ਘੋਲਦੇ। ਉੱਧਰ ਚਿੜੀਆਂ, ਇੱਧਰ ਕੁੜੀਆਂ। ਉੱਧਰ ਤੋਤਿਆਂ ਦੇ ਝੁੰਡ, ਇੱਧਰ ਨਾਰਾਂ ਦੇ ਝੁਰਮਟ। ਬੱਦਲ ਬੱਦਲ ਵਿੱਚ ਬਿਜਲੀਆਂ ਦੀ ਚਮਕ, ਪੀਂਘ ਪੀਂਘ ਤੇ ਕੁੜੀਆਂ ਦੇ ਝੂਟੇ।

ਹਾੜ੍ਹ ਗਿਆ, ਸੌ ਰੰਗ ਲੈ ਕੇ ਸਾਵਣ ਆਇਆ। ਪਿੰਡ ਦੇ ਹਰਿਆਵਲੇ ਬਾਗ਼ੀਂ ਨਿੰਮ ਦੇ ਟਾਹਣ ਟਾਹਣ ਉੱਪਰ ਪੀਂਘਾਂ ਦਾ ਝੁਰਮਟ। ਪੀਂਘਾਂ ਝੂਟਦੀਆਂ, ਧਰਤੀ ਉੱਪਰ ਉੱਠਦੀ, ਅਸਮਾਨ ਹੇਠ ਆਉਂਦਾ। ਦੋ ਦੋ ਕੁੜੀਆਂ ਇਕੱਠੀਆਂ ਝੂਟ ਰਹੀਆਂ। ਇਸ ਤਿਉਹਾਰ ਅੱਗੇ ਇੰਦਰਲੋਕ ਦਾ ਰੰਗ ਫਿਕਾ ਪੈ ਜਾਂਦਾ। ਸੇਠ ਦੀਆਂ ਸੱਤੇ ਬਹੂਆਂ ਅਤੇ ਧੀ ਦੇ ਠਾਠ ਸਭ ਤੋਂ ਵੱਖਰੇ। ਰੂਪ ਅਪਸਰਾਵਾਂ ਨੂੰ ਮਾਤ ਕਰੇ, ਸੌ ਰੰਗਾ ਸ਼ਿੰਗਾਰ ਗਜ਼ਬ। ਪੀਂਘਾਂ ਝੂਟਦੀਆਂ ਇਉਂ ਲਗਦੀਆਂ ਜਿਵੇਂ ਤਿਤਲੀਆਂ ਰੂਪ ਵਟਾ ਕੇ ਮੁਟਿਆਰਾਂ ਬਣ ਗਈਆਂ ਹੋਣ।

ਉਦੀਂ ਇੱਕ ਅਣਹੋਣੀ ਘਟਨਾ ਘਟੀ। ਸਭ ਤੋਂ ਛੋਟੀ ਬਹੂ ਅਤੇ ਨਣਦ ਇੱਕੋ ਪੀਂਘ ਇਕੱਠੀਆਂ ਝੂਟ ਰਹੀਆਂ ਸਨ। ਪੀਂਘ ਚੜ੍ਹਦੀ ਉਤਰਦੀ, ਇੰਦਰਧਨੁਖ ਬਣਦਾ ਮਿਟਦਾ। ਪੀਂਘ ਏਨੀ ਉਚੀ ਚੜ੍ਹੀ ਕਿ ਉਨ੍ਹਾਂ ਦੇ ਪੈਰ ਪੱਤਿਆਂ ਨੂੰ ਛੁਹਣ ਲੱਗੇ। ਪਰ ਇਹ ਕੀ, ਐਤਕੀ ਪੀਂਘ ਧਰਤੀ ਉੱਪਰ ਖ਼ਾਲੀ ਕਿਉਂ ਉਤਰੀ? ਇਸ ਤਰ੍ਹਾਂ ਤਾਂ ਕਦੇ ਨਹੀਂ ਸੀ ਹੋਇਆ। ਕਿਤੇ ਪੱਤਿਆਂ ਵਿੱਚ ਤਾਂ ਨੀ ਲੁਕ ਗਈਆਂ? ਨਿੰਮ ਦਾ ਦਰਖਤ ਸੰਘਣਾ ਫੈਲਿਆ ਦੂਰ ਦੂਰ ਤੱਕ ਪਸਰਿਆ ਹੋਇਆ ਸੀ। ਸੂਰਜ ਦੀਆਂ ਕਿਰਨਾਂ ਕਿਹੜਾ ਪਾਰ ਲੰਘ ਸਕਦੀਆਂ? ਕੋਈ ਕੌਤਕ ਕਰ ਰਹੀਆਂ ਹੋਣਗੀਆਂ। ਦੂਜੀਆਂ ਦੋ ਬਹੂਆਂ ਪੀਂਘ ਉੱਪਰ ਚੜ੍ਹੀਆਂ। ਝੂਲਾ ਪੱਤਿਆਂ ਨਾਲ ਛੁਹਣ ਲੱਗਾ। ਫੇਰ ਝੂਲਾ ਖ਼ਾਲੀ ਵਾਪਸ। ਇਉਂ ਕਰਦੇ ਕਰਦੇ ਅੱਠੇ ਲੋਪ ਹੋ ਗਈਆਂ। ਮੁਟਿਆਰਾਂ ਡਰ ਗਈਆਂ। ਪਤਾ ਲੱਗਣ ਸਾਰ ਜੇਠ ਦੇ ਸੱਤੇ ਬੇਟੇ ਭੱਜੇ ਆਏ। ਨਿੰਮ ਦਾ ਪੱਤਾ ਪੱਤਾ ਛਾਣ ਮਾਰਿਆ। ਉਥੇ ਤਾਂ ਚਿੜੀ ਵੀ ਨਾ ਲੱਭੀ। ਇਸ ਤਰ੍ਹਾਂ ਦੀ ਚਾਲ ਤਾਂ ਮੌਤ ਵੀ ਨਹੀਂ ਚਲਦੀ ਹੁੰਦੀ। ਹੰਸ ਉਤਾਰੀ ਮਾਰ ਜਾਏ, ਮਿੱਟੀ ਤਾਂ ਪਿੱਛੇ ਬਚੀ ਰਹਿੰਦੀ ਹੀ ਹੈ। ਮੌਤ ਨੇ ਆਪਣਾ ਕਿਤੇ ਤਰੀਕਾ ਤਾਂ ਨਹੀਂ ਬਦਲ ਲਿਆ? ਇੱਕੋ ਵਾਰ ਅੱਠ ਦੀਆਂ ਅੱਠ! ਹੰਝੂ ਮੁੱਕ ਗਏ, ਘਰ ਵਾਲੇ ਚੁੱਪ ਕਰ ਗਏ। ਹੋਰ ਕਰਦੇ ਤਾਂ ਕੀ ਕਰਦੇ? ਭੈਣ, ਸੱਤੇ ਭਰਜਾਈਆਂ ਸਣੇ ਚਲੀ ਗਈ, ਹਵੇਲੀ ਸੁੰਨ ਮਸਾਣ ਹੋ ਗਈ।

ਪਿੰਡ ਤੋਂ ਅੱਧੀ ਕੋਹ ਦੂਰ ਤਲਾਬ ਸੀ। ਉਚੇ ਕਿਨਾਰੇ। ਚਾਰੇ ਪਾਸੇ ਜੰਗਲੀ ਦਰਖਤ। ਇੱਕ ਬੋਹੜ ਤਾਂ ਤੀਹ ਬੋਹੜਾਂ ਜਿੰਨਾ ਵੱਡਾ। ਦੂਰ ਦੂਰ ਤੱਕ ਫੈਲਿਆ ਹੋਇਆ। ਪੈਰ ਘਸੀਟਦਾ ਘਸੀਟਦਾ ਸੇਠ ਦਾ ਸਭ ਤੋਂ ਛੋਟਾ ਬੇਟਾ ਨਹਾਉਣ ਵਾਸਤੇ ਤਲਾਬ ਵੱਲ ਜਾ ਰਿਹਾ ਸੀ। ਉਸਦੇ ਅੱਗੇ ਅੱਗੇ ਸਿਰਾਂ ਉੱਪਰ ਖ਼ਾਲੀ ਘੜੇ ਚੁੱਕੀ ਔਰਤਾਂ ਪਾਣੀ ਭਰਨ ਜਾ ਰਹੀਆਂ ਸਨ। ਰੰਗ ਬਿਰੰਗੇ ਲਿਬਾਸ। ਰੰਗ ਬਰੰਗ ਦੁਪੱਟੇ। ਫੁੱਮਣਦਾਰ ਗੁੱਤਾਂ। ਸੁਰਾਹੀਆਂ, ਘੜੇ, ਕਲਸ। ਝਿਲਮਿਲ ਝਿਲਮਿਲ ਰੁਣਝੁਣ ਰੁਣਝੁਣ ਸੁਣਕੇ ਯਾਦਾਂ ਵਿੱਚ ਖੋ ਗਿਆ। ਕਦੀ ਉਸਦੀ ਔਰਤ ਸੀ, ਛੇ ਭਰਜਾਈਆਂ ਸਨ। ਲੱਖਾਂ ਵਿੱਚੋਂ ਇੱਕ ਭੈਣ। ਇਨ੍ਹਾਂ ਔਰਤਾਂ ਦਾ ਰੰਗ ਰੂਪ ਤਾਂ ਉਨ੍ਹਾਂ ਦੇ ਪਰਛਾਵੇਂ ਵਰਗਾ ਵੀ ਨਹੀਂ। ਪਰ ਹੁਣ ਗਏ ਬੀਤੇ ਸਮੇਂ ਦੇ ਸੁਫ਼ਨੇ ਕੀ ਲੈਣੇ!

ਜਾਂਦੀਆਂ ਔਰਤਾਂ ਵਿੱਚੋਂ ਇੱਕ ਘੁਮਿਆਰੀ ਦੇ ਮੂੰਹੋਂ ਅਜਬ ਘੁਸਰ ਮੁਸਰ ਸੁਣੀ- 'ਦੇਖੋ ਰਾਮ, ਸੇਠ ਦੇ ਘਰ ਕੇਹੀ ਬਿਜਲੀ ਗਿਰੀ। ਮਰਜਾਣਾ ਅਸਮਾਨੀ ਜੋਗੀ ਪੀਂਘ ਝੂਟਦੀਆਂ ਅੱਠੇ ਜਣੀਆਂ ਨੂੰ ਜਹਾਜ ਵਿੱਚ ਬਿਠਾ ਕੇ ਲੈ ਉੱਡਿਆ। ਕਿਸੇ ਨੂੰ ਕੰਨੋ ਕੰਨ ਖ਼ਬਰ ਨਾ ਹੋਈ। ਨਾਗ ਡੰਗ ਲਵੇ ਸੌ ਇਲਾਜ। ਇਸ ਪਾਪੀ ਦੀਆਂ ਹਜ਼ਾਰ ਔਰਤਾਂ ਨੇ, ਫੇਰ ਵੀ ਸਬਰ ਨਹੀਂ। ਸਾਰਾ ਦਿਨ ਜਹਾਜ ਵਿੱਚ ਅਸਮਾਨ ਛਾਣਦਾ ਫਿਰਦਾ ਰਹਿੰਦੈ। ਰਾਤ ਨੂੰ ਮਨ ਚਾਹੀ ਐਸ਼ ਕਰਦੈ। ਨਵੀਆਂ ਔਰਤਾਂ, ਨਵੇਂ ਮਿਲਾਪ। ਰੱਬ ਕਰੇ ਇਸ ਦੀ ਰਾਖ ਉੱਡੇ, ਸੰਤੋਖ ਤਾਂ ਹੈ ਈ ਨੀ। ਇਹੋ ਜਿਹੇ ਪਾਪੀਆਂ ਨੂੰ ਮਾਰਨ ਵਾਸਤੇ ਭਗਵਾਨ ਪਤਾ ਨਹੀਂ ਏਨਾ ਆਲਸ ਕਿਉਂ ਕਰਦਾ ਹੈ। ਗ਼ੁੱਸਾ ਤਾਂ ਏਨਾ ਆਉਂਦੈ ਕਿ... ਪਰ ਮੈਂ ਹੋਈ ਔਰਤ ਜਾਤ, ਕਰ ਵੀ ਕੁਝ ਨੀ ਸਕਦੀ ਨਾ। ਸੇਠ ਦੇ ਬੇਟੇ ਨਿਰੇ ਮਿੱਟੀ ਦੇ ਮਾਧੋ। ਹੱਥ ਤੇ ਹੱਥ ਧਰੀ ਬੈਠੇ ਨੇ!'

ਸੇਠ ਦੇ ਬੇਟੇ ਦਾ ਰੋਮ ਰੋਮ ਕੰਨ ਬਣ ਗਿਆ। ਇੱਕ ਇੱਕ ਸ਼ਬਦ ਧਿਆਨ ਨਾਲ ਸੁਣਿਆਂ। ਸੁਣਕੇ ਵੀ ਸਬਰ ਰੱਖਿਆ। ਸਭ ਦੇ ਸਾਹਮਣੇ ਭੇਦ ਖੋਲ੍ਹੇ ਕਿ ਨਾ ਖੋਲ੍ਹੇ। ਬੁੱਲ੍ਹਾਂ ਤੱਕ ਆਏ ਸ਼ਬਦਾਂ ਨੂੰ ਮੁਸ਼ਕਲ ਨਾਲ ਰੋਕਿਆ।

ਇਹੋ ਜਿਹੀ ਹਾਲਤ ਵਿੱਚ ਨਹਾਉਣਾ ਕਿਸ ਨੂੰ ਯਾਦ ਰਹਿੰਦਾ? ਇੱਕ ਗੋਲ ਚਟਾਨ ਤੇ ਬੈਠ ਗਿਆ। ਬਾਕੀ ਔਰਤਾਂ ਤਾਂ ਆਪੋ ਆਪਣੇ ਘੜੇ ਭਰਕੇ ਤੁਰ ਗਈਆਂ, ਪਿੱਛੇ ਰਹਿ ਗਈ ਘੁਮਿਆਰੀ। ਘੜਾ ਚੁੱਕ ਕੇ ਉਹ ਜੰਗਲੀ ਬੋਹੜ ਕੇ ਖੱਡੇ ਵੱਲ ਗਈ, ਦੂਜਾ ਖਾਲੀ ਘੜਾ ਲਈ ਬਾਹਰ ਨਿਕਲੀ। ਫੂਸ ਨਾਲ ਛਾਣਕੇ ਪਾਣੀ ਭਰਨ ਲੱਗੀ। ਉਸ ਕੋਲ ਗਿਆ। ਕਹਿਣ ਲੱਗਾ- ਘੁਮਿਆਰੀ ਮਾਂ, ਮੈਂ ਅਸਮਾਨੀ ਜੋਗੀ ਦੀ ਗੱਲ ਸੁਣੀ। ਅਸੀਂ ਬੁਜਦਿਲ ਨਹੀਂ, ਪਰ ਪਤਾ ਈ ਨੀ ਲੱਗਾ, ਕੀ ਕਰਦੇ? ਪਾਣੀ ਭਰਦੀ ਭਰਦੀ ਘੁਮਿਆਰੀ ਨੇ ਉਸ ਵੱਲ ਦੇਖਿਆ। ਬੋਲੀ- ਪਤਾ ਲੱਗਣ ਤੇ ਵੀ ਕੋਈ ਕੁਝ ਨਹੀਂ ਕਰ ਸਕਦਾ। ਅਸਮਾਨੀ ਜੋਗੀ ਆਕਾਸ਼ ਵਿੱਚ ਰਹਿੰਦੈ। ਅਸੀਂ ਮਾਤ ਲੋਕ ਦੇ ਰਹਿਣ ਵਾਲੇ ਉਸਦਾ ਮੁਕਾਬਲਾ ਨਹੀਂ ਕਰ ਸਕਦੇ। ਇਹ ਤਾਂ ਮੌਤ ਦੇ ਵੀ ਵਸ ਵਿੱਚ ਨਹੀਂ। ਹਜ਼ਾਰ ਆਦਮੀ ਉਸ ਸਾਹਮਣੇ ਟਿਕ ਨਹੀਂ ਸਕਦੇ। ਮਹਾਂਬਲੀ, ਪੂਰਾ ਧੂਸ। ਜਾਬਰ। ਅਣਗਿਣਤ ਔਰਤਾਂ ਨੂੰ ਰੋਂਦੀਆਂ ਤੜਪਦੀਆਂ ਦੇਖਦੀ ਹਾਂ। ਅੱਖਾਂ ਭਰ ਆਉਂਦੀਆਂ ਨੇ ਪਰ ਕਰਾਂ ਕੀ, ਵਸ ਚਲੇ ਤਾਂ ਹੀ ਐ ਨਾ! ਧੱਕਾ ਲਾਉਣ ਨਾਲ ਪਹਾੜ ਹਿਲਦਾ ਹੋਵੇ ਤਾਂ ਅਸਮਾਨ ਜੋਗੀ ਦਾ ਵੀ ਵਾਲ ਵਿੰਗਾ ਹੋ ਜਾਵੇ! ਤੂੰ ਖਾਹਮਖਾਹ ਜਾਨ ਗੁਆ ਬੈਠੇਂਗਾ।

-ਇਹੋ ਜਿਹਾ ਜੀਣਾ ਵੀ ਕੀ ਜੀਣਾ? ਮੌਤ ਤੋਂ ਵੱਧ ਖ਼ਤਰਾ ਤਾਂ ਨਹੀਂ ਨਾ?

ਘੜਾ ਚੁਕਦੀ ਹੋਈ ਬੋਲੀ- ਹਾਂ ਮਰਨਾ ਮਨਜ਼ੂਰ ਹੋਵੇ ਫੇਰ ਕੀ ਡਰ। ਮੈਂ ਤਾਂ ਖ਼ੁਦ ਇਹੋ ਜਿਹੇ ਆਦਮੀ ਦੀ ਤਲਾਸ਼ ਕਰ ਰਹੀ ਸੀ। ਜਿੰਨੀ ਮੇਰੀ ਵਾਹ ਲੱਗੀ, ਕਰੂੰਗੀ। ਕਿਸੇ ਨਾਲ ਗੱਲ ਨਾ ਕਰੀਂ। ਅਸਮਾਨੀ ਜੋਗੀ ਨੂੰ ਪਤਾ ਲੱਗ ਗਿਆ ਫੇਰ ਖ਼ੈਰ ਨਹੀਂ। ਘਰ ਵੀ ਗੱਲ ਨਾ ਕਰੀਂ ਕੋਈ। ਅਸਮਾਨ ਵਿੱਚ ਥਾਂ ਦੀ ਕਿੱਥੇ ਕਮੀ? ਠਿਕਾਣਾ ਬਦਲ ਲਿਆ ਜਾਂ ਫਿਰ ਸ਼ੱਕ ਕਰਕੇ ਮੈਨੂੰ ਹਟਾ ਦਿੱਤਾ ਫੇਰ ਰੱਬ ਦੇ ਵੀ ਵਸ ਵਿੱਚ ਨਹੀਂ। ਬੜੀ ਹੁਸ਼ਿਆਰੀ ਨਾਲ ਕੰਮ ਕਰਨੈ।

ਕੌਲ ਕਰਾਰ ਹੋ ਗਏ ਤਾਂ ਘੁਮਿਆਰੀ ਨੇ ਸਾਰਾ ਭੇਤ ਦੇ ਦਿੱਤਾ ਤੇ ਦੱਸਿਆ ਉਹ ਅਸਮਾਨੀ ਜੋਗੀ ਦੀ ਹਵੇਲੀ ਪਾਣੀ ਭਰਦੀ ਹੈ। ਜਿੰਨੀਆਂ ਨਵੀਆਂ ਔਰਤਾਂ ਲੈ ਕੇ ਆਉਂਦੈ ਉਨੇ ਨਵੇਂ ਘੜੇ ਹੋਰ ਭਰਨੇ ਪੈਂਦੇ ਨੇ। ਤੁਹਾਡੀ ਔਰਤ, ਭੈਣ ਅਤੇ ਭਰਜਾਈਆਂ ਵਾਸਤੇ ਅੱਠ ਘੜੇ ਭਰਦੀ ਆਂ। ਨਵੀਂ ਔਰਤ ਦੇ ਨਾਮ ਦਾ ਘੜਾ ਭਰਕੇ ਲੈ ਜਾਉ, ਮੂਧਾ ਕਰ ਦਿਉ ਤਾਂ ਵੀ ਪਾਣੀ ਨਹੀਂ ਡੁੱਲ੍ਹਦਾ। ਜਦੋਂ ਮੈਂ ਬੋਹੜ ਦੀ ਖੋੜ ਵਿੱਚ ਘੜੇ ਧਰ ਦਿਨੀਆਂ, ਉਦੀਂ ਉਸਦਾ ਜਹਾਜ਼ ਆ ਜਾਂਦੈ। ਤਿੰਨ ਵਾਰ ਖੰਭ ਅੱਖਾਂ ਤੇ ਫੇਰੋ, ਜਹਾਜ਼ ਦਿਖਣ ਲੱਗ ਜਾਂਦੈ। ਜਦੋਂ ਵਿੱਚ ਘੜੇ ਟਿਕਾ ਦਿੰਨੀਆਂ ਲੈ ਕੇ ਉਦੀਂ ਉਡ ਜਾਂਦੈ। ਕਿਸੇ ਹੋਰ ਨੂੰ ਨਹੀਂ ਦਿਸਦਾ। ਉਸ ਕੋਲ ਸੱਤ ਜਹਾਜ ਨੇ। ਬਦਲ ਬਦਲ ਕੇ ਆਉਂਦੈ। ਅਸਮਾਨੀ ਜੋਗੀ ਨੇ ਉਸਨੂੰ ਤੋਤੇ ਦਾ ਖੰਭ ਦਿੱਤਾ ਹੋਇਐ। ਖੰਭ ਤੇ ਸੱਤ ਵਾਰ ਫੂਕ ਮਾਰੋ, ਜਹਾਜ ਆ ਉਤਰਦੈ। ਪਹਾੜ ਦੇ ਪਰਲੇ ਸਿਰੇ ਉੱਪਰ ਅਸਮਾਨ ਵਿੱਚ ਇਸ ਜੋਗੀ ਦਾ ਨੌ ਮੰਜ਼ਲਾ ਮਹਿਲ ਹੈ, ਨਾਮ ਹੈ ਹਵਾ ਮਹਿਲ। ਅੰਦਰ ਬਿਜਲੀਆਂ ਚਮਕਦੀਆਂ ਨੇ, ਤਾਰੇ ਟਹਿਕਦੇ ਨੇ, ਫੁੱਲਾਂ ਦੀਆਂ ਕੰਧਾਂ, ਹੀਰੇ ਮੋਤੀਆਂ ਜੜਿਤ ਕੇਸਰ ਦਾ ਫ਼ਰਸ਼, ਲਾਲਾਂ ਨਾਲ ਜੜੀ ਸੰਧੂਰ ਦੀ ਛੱਤ, ਸਦਰ ਦਰਵਾਜ਼ੇ ਦੇ ਪੱਲੇ ਸੌ ਮਣ ਸੋਨੇ ਦੇ ਬਣੇ ਹੋਏ, ਖੰਭ ਛੁਹਾਉ, ਖੁੱਲ੍ਹ ਜਾਂਦੈ। ਥਾਂ ਥਾਂ ਸੋਨੇ ਦੇ ਪਲੰਗ। ਪਲੰਗ ਪਲੰਗ ਉੱਪਰ ਰਾਤ ਦਿਨ ਹੰਝੂ ਵਗਾਉਂਦੀਆਂ ਧਰਤੀ ਦੀਆਂ ਅਣਗਿਣਤ ਔਰਤਾਂ। ਉਨ੍ਹਾਂ ਨੂੰ ਰੋਂਦੀਆਂ ਦੇਖ ਕੇ ਅਸਮਾਨੀ ਜੋਗੀ ਖਿੜ ਖਿੜ ਹਸਦੈ। ਉਥੇ ਅੱਖਾਂ ਵਿੱਚੋਂ ਗਿਰਨ ਸਾਰ ਹੰਝੂ ਮੋਤੀ ਬਣ ਜਾਂਦੇ ਨੇ। ਤੁਹਾਡੀ ਭੈਣ, ਔਰਤ ਅਤੇ ਭਰਜਾਈਆਂ ਦੀਆਂ ਅੱਖਾਂ ਵਿੱਚੋਂ ਤਾਂ ਸਾਵਣ ਦੇ ਬੱਦਲ ਬਰਸਦੇ ਨੇ। ਉਹਨਾਂ ਦੇ ਹੰਝੂਆਂ ਦੀਆਂ ਲੜੀਆਂ ਦੇਖ ਕੇ ਜੋਗੀ ਬਹੁਤ ਖ਼ੁਸ਼ ਹੁੰਦੈ।

ਜੋਗੀ ਦਾ ਰੰਗ ਇਹੋ ਜਿਹਾ ਜਿਵੇਂ ਬਿਜਲੀਆਂ ਉਸਦੀ ਦੇਹ ਵਿੱਚ ਢਲ ਗਈਆਂ ਹੋਣ। ਦੰਦਾਂ ਸਾਹਮਣੇ ਦੁੱਧ ਨੀ ਝੱਗ ਫਿਕੀ ਪੈ ਜਾਵੇ। ਅੰਗ ਅੰਗ ਏਨਾ ਕੋਮਲ ਕਿਵੇਂ ਫੁੱਲਾਂ ਦੀਆਂ ਪੱਤੀਆਂ ਦਾ ਪੁਤਲਾ। ਨਹੁੰ ਬੀਰ ਵਹੁਟੀਆਂ ਵਰਗੇ ਲਾਲ। ਅੱਖਾਂ ਵਿੱਚ ਸ਼ਰਾਬ ਦਾ ਠਾਠਾਂ ਮਾਰਦਾ ਸਰੋਵਰ। ਕਾਮਦੇਵ ਨੂੰ ਤਾਂ ਕੀਹਨੇ ਵੇਖਿਐ ਪਰ ਏਨਾ ਪਤੈ ਜੋਗੀ ਸਾਹਮਣੇ ਉਹ ਕੁਝ ਵੀ ਨਹੀਂ। ਔਰਤਾਂ ਦੇ ਰੂਪ ਦਾ ਭਉਰਾ। ਜਿਵੇਂ ਉਨ੍ਹਾਂ ਦੇ ਰਸ ਦੀ ਪ੍ਰਾਪਤੀ ਲਈ ਜੰਮਿਆ ਹੋਵੇ ਤੇ ਜਨਮ ਵੀ ਬਿਨਾਂ ਮੌਤ ਦਾ!

ਕਈ ਦਿਨਾਂ ਤੋਂ ਉਸਦਾ ਜੀ ਕਰਦਾ ਸੀ ਇਹ ਗੱਲਾਂ ਕਿਸੇ ਨੂੰ ਦੱਸੇ। ਅੱਜ ਬੋਝ ਹਲਕਾ ਹੋ ਗਿਆ। ਘੜੇ ਭਰ ਕੇ ਉਸਨੇ ਖੰਭ ਉੱਪਰ ਸੱਤ ਫੂਕਾਂ ਮਾਰੀਆਂ। ਥੋੜ੍ਹੀ ਦੇਰ ਬਾਅਦ ਜਹਾਜ ਉੱਤਰ ਆਇਆ। ਉਸ ਵਿੱਚ ਘੜੇ ਰੱਖੇ। ਦੋਵੇਂ ਅੰਦਰ ਬੈਠ ਗਏ, ਜਹਾਜ ਉੱਡ ਗਿਆ, ਉੱਪਰ ਚੜ੍ਹਨ ਲੱਗਾ, ਚੜ੍ਹਦਾ ਹੀ ਗਿਆ। ਅੱਖਾਂ ਵਿੱਚ ਸ਼ੇਸ਼ਨਾਗ ਦੀ ਜਾੜ੍ਹ ਦਾ ਸੁਰਮਾ ਪਾਇਆ ਤਾਂ ਜੋਗੀ ਦਾ ਨੌ ਮੰਜ਼ਲਾ ਮਹਿਲ ਦਿਸਣ ਲੱਗਾ। ਜਿਵੇਂ ਘੁਮਿਆਰੀ ਨੇ ਦੱਸਿਆ ਸੀ ਉਸੇ ਤਰ੍ਹਾਂ ਦਾ। ਜੋਗੀ ਨਵੀਆਂ ਔਰਤਾਂ ਲੱਭਣ ਬਾਹਰ ਗਿਆ ਹੋਇਆ ਸੀ। ਸੋਨੇ ਦਾ ਵੱਡਾ ਦਰਵਾਜ਼ਾ ਖੁੱਲ੍ਹਣ ਸਾਰ ਘੁਮਿਆਰੀ ਦੇ ਪਿੱਛੇ ਪਿੱਛੇ ਉਹ ਵੀ ਅੰਦਰ ਚਲਾ ਗਿਆ। ਭੈਣ, ਭਰਜਾਈਆਂ ਅਤੇ ਬੀਵੀ ਨੂੰ ਮਿਲਿਆ। ਰੋ ਰੋ ਉਨ੍ਹਾਂ ਦੀਆਂ ਅੱਖਾਂ ਲਾਲ ਸੁਰਖ ਹੋਈਆਂ ਪਈਆਂ ਸਨ। ਉਸਨੂੰ ਦੇਖਣ ਸਾਰ ਖ਼ੁਸ਼ੀਆਂ ਦਾ ਠਿਕਾਣਾ ਨਾ ਰਿਹਾ। ਘਰ ਦੀ ਰਾਜੀ ਖ਼ੁਸ਼ੀ ਪੁੱਛੀ, ਆਪਣੇ ਦੁੱਖ ਰੋਏ। ਪਿੰਡ ਦੇ ਦਰਖਤ ਅਤੇ ਘਰ ਦਾ ਚੁੱਲ੍ਹਾ ਚੌਂਕਾ ਦੇਖਣਗੀਆਂ ਤਾਂ ਖ਼ੁਸ਼ੀ ਮਿਲੇਗੀ। ਹੁਣ ਤੁਰੰਤ ਇੱਥੋਂ ਨਿਕਲਣ ਦੀ ਕਰੋ। ਚੰਡਾਲ ਆਇਆ ਕਿ ਆਇਆ। ਆ ਗਿਆ ਤੈਨੂੰ ਜਿਉਂਦਾ ਨਹੀਂ ਛੱਡੇਗਾ। ਜਹਾਜ ਵਿੱਚ ਤੁਰੰਤ ਬੈਠ ਗਏ ਤੇ ਉੱਡਣ ਲੱਗੇ। ਅੱਖਾਂ ਝਪਕਦਿਆਂ ਪਿੰਡ ਦਾ ਤਲਾਬ ਆ ਗਿਆ। ਬੋਹੜ ਦੀ ਖੱਡ ਵਿੱਚ ਜਹਾਜ ਉਤਰਿਆ। ਹੇਠ ਉਤਰ ਆਏ।

ਤਲਾਬ ਦੁਆਲੇ ਬੰਨ੍ਹ ਤੋਂ ਉਤਰ ਹੀ ਰਹੇ ਸਨ ਕਿ ਉਪਰਦੀ ਅਸਮਾਨੀ ਜੋਗੀ ਦਾ ਜਹਾਜ ਲੰਘਿਆ, ਅੱਠੇ ਜਨਾਨੀਆਂ ਪਛਾਣ ਲਈਆਂ। ਸਿੱਧਾ ਹੇਠ ਉਤਰਿਆ। ਉਸਨੂੰ ਦੇਖਣ ਸਾਰ ਜਨਾਨੀਆਂ ਦੇ ਪੈਰ ਜਿੱਥੇ ਸਨ, ਉਥੀ ਗੱਡੇ ਗਏ। ਸਾਰੀਆਂ ਨੂੰ ਜਹਾਜ ਵਿੱਚ ਬਿਠਾ ਲਿਆ। ਮੰਤਰ ਮਾਰ ਕੇ ਸੇਠ ਦੇ ਬੇਟੇ ਨੂੰ ਸਫ਼ੈਦ ਪੱਥਰ ਦਾ ਬੁੱਤ ਬਣਾ ਦਿੱਤਾ।

ਜੋਗੀ ਦਾ ਹਾਸਾ ਔਰਤਾਂ ਨੂੰ ਸੱਪ ਦੇ ਫੁੰਕਾਰੇ ਵਾਂਗ ਲੱਗਿਆ। ਹਸਦਾ ਹਸਦਾ ਬੋਲਿਆ- ਚੁੱਪ ਕਿਉਂ ਹੋ ਗਈਆਂ? ਰੋਵੋ। ਖ਼ੂਬ ਰੋਵੋ। ਰੋਣ ਦੀ ਪੂਰੀ ਆਗਿਆ। ਮੈਨੂੰ ਦੂਹਰਾ ਫ਼ਾਇਦਾ! ਰੋਂਦੀਆਂ ਜਨਾਨੀਆਂ ਇੱਕ ਤਾਂ ਮੈਨੂੰ ਸੁਹਣੀਆਂ ਬੜੀਆਂ ਲਗਦੀਆਂ ਨੇ ਨਾਲੇ ਫਿਰ ਮੋਤੀ ਤਾਂ ਹਨ ਹੀ। ਇੰਨੀਆਂ ਸਮਝਾਈਆਂ ਫੇਰ ਵੀ ਮੁੰਡੇ ਦੀਆਂ ਗੱਲਾਂ ਵਿੱਚ ਆ ਗਈਆਂ? ਪਤਾ ਨੀ ਲਗਦਾ ਮੇਰੇ ਹਵਾ ਮਹਿਲ ਵਿੱਚ ਕਿਸ ਖ਼ੁਸ਼ੀ ਦੀ ਕਮੀ ਹੈ! ਪਤਾ ਨਹੀਂ ਤੁਹਾਨੂੰ ਹੋਰ ਥਾਂ ਕਿਉਂ ਚੰਗਾ ਲਗਦੈ ਜਿਸ ਵਾਸਤੇ ਤੜਪਦੀਆਂ ਰਹਿੰਦੀਆਂ ਹੋ।

ਸੇਠ ਦੀ ਧੀ ਨੇ ਹਿੰਮਤ ਕਰਕੇ ਕਿਹਾ- ਜਿਸ ਦਿਨ ਇਹ ਗੱਲ ਸਮਝ ਆ ਗਈ ਉਸ ਦਿਨ ਤੈਨੂੰ ਵੀ ਇਹ ਮਹਿਲ ਖੱਡ ਤੋਂ ਬਦਸੂਰਤ ਲੱਗੇਗਾ। ਦੂਜੇ ਦੀ ਮਰਜ਼ੀ, ਦੂਜੇ ਦੇ ਸੁੱਖ ਖ਼ਾਤਰ ਜਿਉਣ ਤੋਂ ਵੱਡਾ ਦੁੱਖ ਕੀ ਹੈ? ਤੇਰਾ ਸੁੱਖ ਹੋਰ, ਸਾਡਾ ਸੁੱਖ ਹੋਰ। ਤੇਰੀ ਤਾਕਤ ਅੱਗੇ ਵਸ ਨੀ ਚਲਦਾ, ਇਹ ਸਾਡੀ ਲਾਚਾਰੀ ਹੈ। ਲਾਚਾਰੀ ਪਰ ਹਮੇਸ਼ਾਂ ਲਾਚਾਰੀ ਨਹੀਂ ਰਹਿੰਦੀ। ਜੋਰਾਵਰਾਂ ਦੀ ਤਾਕਤ ਇੱਕ ਦਿਨ ਟੁੱਟਿਆ ਕਰਦੀ ਹੈ। ਇਸ ਅਟੁੱਟ ਵਿਸ਼ਵਾਸ ਦੀ ਢਾਰਸ ਨਾ ਹੁੰਦੀ ਤਾਂ ਹੰਝੂਆਂ ਦਾ ਸਰੋਤ ਕਦੇ ਦਾ ਮੁੱਕ ਗਿਆ ਹੁੰਦਾ। ਹੁਣ ਡਰ ਅਤੇ ਸੰਗ ਨਾਲ ਕੰਮ ਨਹੀਂ ਚੱਲਣਾ। ਦਿਲ ਦੀ ਗੱਲ ਤੇਰੇ ਕੰਨਾਂ ਤੱਕ ਪਹੁੰਚਾਉਣੀ ਜ਼ਰੂਰੀ ਹੋ ਗਈ ਹੈ। ਦੂਜੀ ਵਾਰ ਅੱਜ ਜਹਾਜ ਵਿੱਚ ਬੈਠ ਕੇ ਮੈਨੂੰ ਮਹਿਸੂਸ ਹੋਇਆ ਕਿ ਦੁੱਖ ਤੋਂ ਡਰੋ ਤਾਂ ਦੁੱਖ ਵਧਦਾ ਹੈ। ਹਸਦੇ ਹਸਦੇ ਦੁੱਖ ਝੱਲੋ ਤਾਂ ਦੁੱਖ ਘਟਦਾ ਹੈ, ਸੁੱਖ ਵਧਦਾ ਹੈ। ਹੁਣ ਕੋਈ ਡਰ ਨਹੀਂ।

ਉਹ ਮੁਸਕਾਇਆ- ਤੇਰੇ ਡਰਨ ਨਾ ਡਰਨ ਨਾਲ ਮੈਨੂੰ ਕੀ ਫ਼ਰਕ ਪੈਂਦੈ? ਆਪਣੇ ਸੁੱਖ ਅੱਗੇ ਮੈਨੂੰ ਨਾ ਤਾਂ ਦੂਜਿਆਂ ਦਾ ਦੁੱਖ ਦਿਸਦਾ ਹੈ ਨਾ ਕੁਝ ਸੁਣਾਈ ਦਿੰਦਾ ਹੈ। ਮੈਂ ਆਪਣੇ ਸੁੱਖ ਵਿੱਚ ਮਗਨ ਹਾਂ। ਤਾਕਤ ਹੈ ਮੇਰੇ ਕੋਲ ਫਿਰ ਦਿਖਾਵਾਂ ਕਿਉਂ ਨਾ? ਆਦਮੀ ਤਾਂ ਆਦਮੀ, ਮੇਰੀ ਤਾਕਤ ਅੱਗੇ ਭਗਵਾਨ ਦਾ ਵੀ ਵਸ ਨਹੀਂ ਚਲਦਾ। ਜਿਸ ਦਿਨ ਦਿਲ ਕੀਤਾ ਮੈਂ ਭਗਵਾਨ ਬਣ ਜਾਊਂਗਾ। ਅਜੇ ਤਾਂ ਬਹੁਤ ਸੁੱਖ ਭੋਗਣੇ ਹਨ। ਔਰਤਾਂ ਦੀ ਸੰਗਤ ਤੋਂ ਬਿਨਾਂ ਹੋਰ ਸੁੱਖ ਕਿਹੜਾ ਹੈ? ਮੇਰੇ ਸੁੱਖ ਵਾਸਤੇ ਔਰਤਾਂ ਨੂੰ ਜੋਬਨ ਮਿਲਦਾ ਹੈ।

ਸੇਠ ਦੀ ਧੀ ਬੋਲੀ- ਤੇਰਾ ਕਥਨ ਠੀਕ ਹੁੰਦਾ ਫੇਰ ਤੈਥੋਂ ਬਾਅਦ ਮਰਦ ਪੈਦਾ ਈ ਨਾ ਹੁੰਦੇ? ਉਹ ਹਨ ਤਾਂ ਉਨ੍ਹਾਂ ਦੇ ਦੁੱਖ ਸੁੱਖ ਵੀ ਹਨ।

-ਇਹ ਗੱਲ ਮੈਂ ਮੰਨਾ ਤਾਂ ਹੀ ਨਾ! ਮੈਂ ਤਾਂ ਸੁਫ਼ਨੇ ਵਿੱਚ ਵੀ ਨਹੀਂ ਮੰਨਦਾ ਮੇਰੇ ਇਲਾਵਾ ਕੋਈ ਹੋਰ ਵੀ ਹੈ। ਜੇ ਹੈ ਤਾਂ ਉਹ ਵੀ ਮੇਰੇ ਸੁਖ ਵਾਸਤੇ ਹੈ। ਇਹ ਕਹਿੰਦੇ ਕਹਿੰਦੇ ਉਸਨੇ ਜਹਾਜ਼ ਵਿੱਚੋਂ ਮੂੰਹ ਬਾਹਰ ਕੱਢਿਆ ਤੇ ਹੇਠ ਦੇਖਦਾ ਹੋਇਆ ਬੋਲਿਆ- ਤੁਸੀਂ ਵੀ ਬਾਹਰ ਦੇਖੋ ਸਾਰੀਆਂ ਜਣੀਆਂ। ਸੂਰਜ ਵਾਂਗੂੰ ਮੈਂ ਧਰਤੀ ਨੂੰ ਉੱਪਰੋਂ ਦੇਖਿਆ ਕਰਦਾਂ। ਕੌਣ ਕਰ ਸਕਦੈ ਮੇਰੀ ਬਰਾਬਰੀ? ਸਾਰੀ ਧਰਤੀ ਮੇਰੇ ਪੈਰਾਂ ਹੇਠ! ਔਰਤਾਂ ਨੂੰ ਅਕਲ ਹੁੰਦੀ, ਮੇਰੇ ਬਿਨਾਂ ਕਿਸੇ ਨੂੰ ਪ੍ਰੀਤ ਨਾ ਕਰਦੀਆਂ। ਉੱਧਰ ਅਸਮਾਨ ਵਿੱਚ ਹਵਾ ਮਹਿਲ, ਫੁੱਲਾਂ ਦੀਆਂ ਕੰਧਾਂ, ਹੀਰੇ ਮੋਤੀ ਕੇਸਰ ਜੜਿਤ ਫ਼ਰਸ਼, ਲਾਲਾਂ ਨਾਲ ਮੜ੍ਹੀ ਸੰਧੂਰ ਦੀ ਛੱਤ, ਸੋਨੇ ਦੇ ਪਲੰਘ, ਸੋਨੇ ਦੇ ਦਰਵਾਜ਼ੇ। ਸਮਝ ਨੀ ਆਉਂਦਾ ਹੋਰ ਕਿਸ ਸੁੱਖ ਵਾਸਤੇ ਵਿਲਕਦੀਆਂ ਹੋ? ਆਪਣੀ ਜ਼ਬਾਨ ਨਾਲ ਆਪਣੇ ਰੂਪ ਦਾ ਕੀ ਬਿਆਨ ਕਰਨਾ, ਖ਼ੁਦ ਮੈਨੂੰ ਦੇਖ ਲੋ। ਮੇਰੇ ਤੁੱਲ ਆਦਮੀ ਦਿਖਾਉ ਕੋਈ ਕਿਤੇ ਪਰ ਜਾਨਵਰ ਬੱਤੀ ਪਦਾਰਥਾਂ ਦਾ ਸੁਆਦ ਦੀ ਜਾਣਨ? ਹਾਸੀ ਖ਼ੁਸ਼ੀ ਵਿੱਚ ਦਿਨ ਕੱਟਣ ਬਾਰੇ ਸੋਚਾਂ ਫੇਰ ਤਾਂ ਚੁਪਚਾਪ ਬੈਠਾ ਹੀ ਰਹਾਂ, ਉਡੀਕਦਾ ਰਹਾਂ। ਇਸ ਕਰਕੇ ਰੋਂਦੇ ਕੁਰਲਾਂਦੇ ਲੋਕ ਚੰਗੇ ਲੱਗਣ ਲੱਗ ਪਏ, ਸੁਭਾਅ ਬਦਲ ਗਿਆ। ਧਰਤੀ ਉੱਪਰਲੇ ਹਰੇਕ ਕੰਡੇ ਦਾ ਮੂੰਹ ਤਾਂ ਚਮੜੇ ਨਾਲ ਨਹੀਂ ਢਕ ਸਕਦੇ, ਪੈਰੀਂ ਜੋੜੇ ਪਹਿਨ ਲਏ। ਨਾ ਨੰਗੇ ਪੈਰ ਤੁਰੋ, ਨਾ ਕੰਡੇ ਚੁਭਣ।

ਤੇਜ਼ ਆਵਾਜ਼ ਵਿੱਚ ਸੇਠ ਦੀ ਧੀ ਬੋਲੀ- ਪਰ ਤੈਨੂੰ ਬਾਕੀਆਂ ਦੇ ਪੈਰਾਂ ਵਿੱਚ ਪਹਿਨੀਆਂ ਜੁੱਤੀਆਂ ਕਿਉਂ ਨੀ ਸੁਖਾਂਦੀਆਂ? ਤੁਹਾਡਾ ਕੰਮ ਕੰਡੇ ਵਿਛਾਣੇ ਤੇ ਹੋਰਾਂ ਦੇ ਜੋੜੇ ਉਤਰਨੇ।

-ਹਾਂ, ਠੀਕ ਹੈ। ਮੇਰਾ ਵਸ ਚਲਦਾ ਹੈ ਜਦੋਂ। ਵਸ ਚਲਦਾ ਹੈ ਤਾਂ ਹੀ ਭਗਵਾਨ ਵੀ ਪਿੱਛੇ ਨਹੀਂ ਹਟਦਾ। ਕੁਦਰਤ ਦਾ ਨਿਯਮ ਇਹੀ ਹੈ। ਜਿਸ ਵਿੱਚ ਜ਼ੋਰ ਨਹੀਂ ਉਹ ਕੀ ਜੋਰਾਵਰੀ ਦਿਖਾਏ? ਖ਼ਰਗੋਸ਼ ਸ਼ੇਰ ਜਿੰਨਾ ਤਕੜਾ ਹੋਵੇ ਤਾਂ ਸ਼ਿਕਾਰ ਕਰਨੋ ਹਟੇ ਫਿਰ? ਬਾਜ ਵਰਗੀ ਹਿੰਮਤ ਹੋਵੇ ਕਬੂਤਰ ਵਿੱਚ ਫੇਰ ਉਹ ਦਾਣੇ ਨਾ ਚੁਗਦਾ ਫਿਰੇ। ਖ਼ਰਗੋਸ਼ ਅਤੇ ਕਬੂਤਰ ਦੀਆਂ ਅਰਦਾਸਾਂ ਨਾਲ ਕੁਦਰਤ ਦਾ ਵਿਧਾਨ ਨਹੀਂ ਬਦਲਦਾ। ਬਰਾਬਰੀ ਦੀ ਤਾਕਤ ਨਾਲ ਨਿਆਂ ਮਿਲਦਾ ਹੈ, ਕੁਦਰਤ ਵਿੱਚ ਬਰਾਬਰੀ ਹੈ ਨਹੀਂ। ਕੀੜੀ ਅਤੇ ਹਾਥੀ, ਭੇਡ ਤੇ ਬਘਿਆੜ, ਚੂਹਾ ਤੇ ਬਿੱਲੀ, ਪਤੰਗਾ ਤੇ ਛਿਪਕਲੀ, ਹਿਰਨ ਤੇ ਸ਼ੇਰ ਇੱਕੋ ਸੋਟੀ ਨਾਲ ਨਹੀਂ ਹੱਕੇ ਜਾ ਸਕਦੇ। ਨਿਆਂ, ਏਕਤਾ, ਭਾਈਚਾਰਾ, ਬਰਾਬਰੀ ਵਗੈਰਾ ਵਗੈਰਾ ਕੁਦਰਤ ਵਿੱਚ ਨਹੀਂ ਹੋਇਆ ਕਰਦੇ।

ਸੇਠ ਦੀ ਛੋਟੀ ਨੂੰਹ ਬੋਲੀ- ਜੋ ਉਦਯ ਹੁੰਦੈ, ਅਸਤ ਹੁੰਦੈ। ਜੰਮਦੈ ਸੋ ਮਰਦੈ। ਖਿੜਦੈ ਤਾਂ ਕੁਮਲਾਉਂਦੈ। ਗ੍ਰਹਿਣ ਚੰਦ ਸੂਰਜ ਨੂੰ ਵੀ ਲਗਦੈ। ਕੁਦਰਤ ਦਾ ਸੁਭਾਅ ਹੈ ਸਵੇਰੇ ਛਾਂ ਇੱਧਰ, ਸ਼ਾਮੀ ਉੱਧਰ।

ਜੋਗੀ ਹੱਸਿਆ- ਰਟੇ ਰਟਾਏ ਇਹ ਗੁਰ ਮੈਂ ਬਥੇਰੇ ਸੁਣੇ ਨੇ। ਉਦੋਂ ਤੱਕ ਰਟੀ ਜਾਉ ਜਦ ਤਕ ਜੀਭ ਉੱਪਰ ਛਾਲੇ ਨਾ ਪੈ ਜਾਣ। ਇਨ੍ਹਾਂ ਥੋਥੀਆਂ ਗੱਲਾਂ ਵਿੱਚ ਕੁਝ ਨਹੀਂ ਰੱਖਿਆ। ਡੁੱਬਣ ਦੇ ਡਰੋਂ ਸੂਰਜ ਫਿਰ ਚੜ੍ਹੇ ਹੀ ਨਾ? ਡੁੱਬੀ ਜਾਵੇ, ਆਪਣੇ ਠਿਕਾਣਿਉਂ ਫੇਰ ਉਗ ਪੈਂਦੈ। ਮਰਨ ਦੇ ਡਰੋਂ ਕੋਈ ਜੰਮੇ ਈ ਨਾ? ਮੁਰਝਾਣ ਦੇ ਡਰੋਂ ਫੁੱਲ ਖਿੜਨ ਈ ਨਾ? ਪੁਰਾਣੇ ਪੱਤੇ ਝੜਦੇ ਨੇ, ਨਵੀਆਂ ਕੋਂਪਲਾਂ ਫੁਟਦੀਆਂ ਨੇ। ਜਨਮ ਦੀ ਆਪਣੀ ਥਾਂ, ਮੌਤ ਦੀ ਆਪਣੀ। ਦੋਵਾਂ ਨੂੰ ਮੇਲ ਕੇ ਦੇਖਣਾ ਬੇਵਕੂਫ਼ੀ ਹੈ। ਇਹੋ ਜਿਹੀਆਂ ਗੱਲਾਂ ਸੁਣ ਕੇ ਮੇਰੇ ਤਨਬਦਨ ਨੂੰ ਅੱਗ ਲੱਗ ਜਾਂਦੀ ਹੈ। ਮੂਰਖ ਦੇ ਹੁਕਮ ਤੇ ਕੁਦਰਤ ਆਪਣੀ ਹਾਜ਼ਰੀ ਲਗਵਾਣ ਲੱਗੇ ਫੇਰ ਚੜ੍ਹ ਲਿਆ ਦਿਨ!

ਸੇਠ ਦੀ ਧੀ ਸੰਕੋਚ ਤੋਂ ਮੁਕਤ ਹੋ ਗਈ। ਬੋਲੀ- ਰੌਸ਼ਨੀ ਵਾਸਤੇ ਬੰਦਾ ਕੇਵਲ ਸੂਰਜ ਭਰੋਸੇ ਨਹੀਂ ਰਹਿੰਦਾ। ਰਾਤ ਦੇ ਹਨ੍ਹੇਰੇ ਵਿੱਚ ਮਿੱਟੀ ਦਾ ਦੀਵਾ ਵੀ ਕੰਮ ਸਾਰ ਦਿੰਦੈ।

-ਜਨਾਨੀਆਂ ਨੂੰ ਭਰਮ ਹੈ ਕਿ ਗਰਦਣ ਉੱਪਰ ਸਿਰ ਹੋਵੇ ਤਾਂ ਉਸ ਵਿੱਚ ਅਕਲ ਵੀ ਹੁੰਦੀ ਹੈ। ਅਕਲ ਨਾਲ ਜਨਾਨੀਆਂ ਦੀ ਸਨਾਤਨੀ ਦੁਸ਼ਮਣੀ ਹੈ। ਤੈਨੂੰ ਵੀ ਲਗਦਾ ਹੋਣਾ, ਤੂੰ ਕੋਈ ਅਕਲ ਦੀ ਗੱਲ ਕੀਤੀ ਹੋਣੀ ਪਰ ਇਸ ਤੋਂ ਵੱਡੀ ਬੇਵਕੂਫ਼ੀ ਹੋਰ ਕੋਈ ਨਹੀਂ। ਹਨ੍ਹੇਰੇ ਵਿੱਚ ਦੀਵਾ ਬਲਣ ਦੀ ਕੀ ਲੋੜ? ਹਨ੍ਹੇਰੇ ਦਾ ਮਹਾਤਮ ਚਾਨਣ ਤੋਂ ਘੱਟ ਨਹੀਂ। ਕੁਦਰਤ ਨੇ ਹਨ੍ਹੇਰਾ ਕਰ ਦਿੱਤਾ ਤਾਂ ਆਦਮੀ ਚਾਨਣ ਦਾ ਝੰਜਟ ਕਿਉਂ ਕਰਦੈ? ਚਾਨਣ, ਚਾਨਣ ਦੀ ਥਾਂ, ਹਨੇਰਾ ਹਨੇਰੇ ਦੀ ਥਾਂ! ਹਨੇਰੇ ਵਿੱਚ ਚਾਨਣ ਕਰਕੇ ਆਦਮੀ ਕਦੇ ਸੁਖੀ ਨਹੀਂ ਹੋਏਗਾ। ਆਪਣੇ ਸੁਖ ਸਾਧਨ ਵਾਸਤੇ ਕੁਦਰਤ ਦੀ ਵਰਤੋਂ ਕਰੋ ਉਹ ਬੁਰਾ ਨਹੀਂ ਮਨਾਉਂਦੀ ਪਰ ਕੁਦਰਤ ਨੂੰ ਲਗਾਮ ਪਾਉਗੇ ਉਹ ਤੁਹਾਡੇ ਪਰਖਚੇ ਉਡਾ ਦਏਗੀ। ਬਹਾਰ ਤੇ ਆਈ ਘੋੜੀ ਨਹੀਂ ਸੋਚਦੀ ਇਹ ਘੋੜਾ ਕੌਣ, ਉਹ ਘੋੜਾ ਕੌਣ। ਬਹਾਰ ਤੇ ਆਈ ਗਾਂ ਨਹੀਂ ਸੋਚਦੀ ਇਹ ਸਾਨ੍ਹ ਕੌਣ, ਉਹ ਸਾਨ੍ਹ ਕੌਣ! ਇਹ ਪਰਪੰਚ ਆਦਮੀ ਦਾ ਹੈ, ਇਹ ਔਰਤ ਮੇਰੀ, ਉਹ ਔਰਤ ਤੇਰੀ। ਇਸ ਤਰ੍ਹਾਂ ਦੇ ਲੰਗੜੇ ਕਾਨੂੰਨ ਦੇਰ ਤੱਕ ਨਹੀਂ ਚੱਲਿਆ ਕਰਦੇ। ਆਦਮੀ ਦੀ ਨਜ਼ਰ ਤੋਂ ਪਰ੍ਹੇ ਹਟਕੇ ਕੁਦਰਤ ਆਪਣਾ ਨਾਚ ਨੱਚੇਗੀ। ਆਦਮੀ ਇਸ ਭਰਮ ਵਿੱਚ ਰਹਿੰਦਾ ਹੈ ਕਿ ਜੋ ਮੈਨੂੰ ਦਿਸਦਾ ਨਹੀਂ ਉਹ ਹੈ ਈ ਨੀ। ਮਾਲਕ ਮਾਲਕਣ, ਭਾਈ ਭੈਣ, ਦਿਉਰ ਭਰਜਾਈ, ਪਿਉ ਧੀ, ਸੱਸ ਜਵਾਈ ਦੇ ਰਿਸ਼ਤੇ ਆਦਮੀ ਵਾਸਤੇ ਨੇ। ਕੁਦਰਤ ਇਨ੍ਹਾਂ ਦਾ ਲਿਹਾਜ ਨਹੀਂ ਕਰਦੀ। ਅੱਖ ਦਾ ਗੁਣ ਹੈ ਉਸਦੀ ਜੋਤ। ਅੱਖ ਦਾ ਪਰਦਾ ਤਾਂ ਆਦਮੀ ਦਾ ਭਰਮ ਹੈ! ਅੱਖਾਂ ਮੀਚ ਕੇ ਨ੍ਹੇਰਾ ਨੀ ਹੁੰਦਾ। ਜਿਹੜੀ ਸਮਝਾਣ ਨਾਲ ਵੀ ਨਾ ਸਮਝੇ ਉਹ ਸਮਝਦਾਰੀ ਕਿਸ ਕੰਮ? ਰੱਸੀਆਂ ਧਾਗਿਆਂ ਨਾਲ ਤੁਸੀਂ ਕੁਦਰਤ ਦੀਆਂ ਬਾਹਾਂ ਨਹੀਂ ਬੰਨ੍ਹ ਸਕਦੇ। ਮੇਰੀ ਮੰਨੋ, ਮੈਂ ਕੁਦਰਤ ਦਾ ਅਵਤਾਰ ਹਾਂ। ਧਰਤੀ ਆਕਾਸ਼ ਉੱਪਰ ਮੇਰਾ ਅਖੰਡ ਰਾਜ ਹੈ। ਆਪਣੇ ਅਸਮਾਨ ਜੋਗੀ ਨੂੰ ਖ਼ੁਸ਼ੀ ਖ਼ੁਸ਼ੀ ਮਨਜ਼ੂਰ ਕਰੋ। ਮੇਰੇ ਹਵਾ ਮਹਿਲ ਨੂੰ ਆਪਣੇ ਕਲੇਸ਼ ਦੇ ਧੂੰਏਂ ਨਾਲ ਕਾਲਾ ਨਾ ਕਰੋ। ਹੱਸ ਖੇਡ ਕੇ ਜੀਵਨ ਬਿਤਾਉ। ਰੋਣ ਕੁਰਲਾਣ ਮੈਨੂੰ ਹੁਣ ਚੰਗਾ ਨੀ ਲਗਦਾ। ਜਿਵੇਂ ਬੱਦਲਾਂ ਤੋਂ ਵੱਡਾ ਧਰਤੀ ਦਾ ਕੋਈ ਭਤਾਰ ਨਹੀਂ ਉਵੇਂ ਅਸਮਾਨੀ ਜੋਗੀ ਜਿੱਡਾ ਔਰਤਾਂ ਦਾ ਕੋਈ ਭਤਾਰ ਨਹੀਂ। ਖੂਹਾਂ ਦਾ ਬੱਦਲਾਂ ਨਾਲ ਮੁਕਾਬਲਾ ਹੋਵੇ ਤਾਂ ਤੁਹਾਡੇ ਮਰਦਾਂ ਦਾ ਮੇਰੇ ਨਾਲ ਮੁਕਾਬਲਾ ਹੋਵੇ।

ਵੱਡੀ ਬਹੂ ਨੇ ਕਿਹਾ- ਬੱਦਲਾਂ ਦਾ ਕੀ ਭਰੋਸਾ, ਬਰਸਣ ਨਾ ਬਰਸਣ, ਰੁੱਸ ਜਾਣ ਤਾਂ ਖੇਤ ਸੁੱਕ ਜਾਵੇ! ਜ਼ਿਆਦਾ ਬਰਸ ਜਾਣ ਤਾਂ ਹੜ੍ਹ ਆ ਜਾਣ। ਖੂਹ ਤਾਂ ਆਪਣੇ ਹੱਥ ਵਸ ਹੈ। ਜਿੰਨਾ ਚਾਹੋ ਉਨਾ ਵਰਤੋ!

ਜੋਗੀ ਨੇ ਕਿਹਾ- ਖੂਹ ਦੇ ਖੇਤਾਂ ਉੱਪਰ ਬੱਦਲ ਨਹੀਂ ਬਰਸਦੇ? ਖੂਹ ਦੇ ਖੇਤਾਂ ਨੂੰ ਬਾਰਸ਼ ਦਾ ਪਾਣੀ ਵੀ ਮਿਲੇ ਫਸਲ ਦੁੱਗਣੀ ਹੋ ਜਾਂਦੀ ਹੈ।

ਸੇਠ ਦੀ ਧੀ ਬੋਲੀ- ਇਸ ਵਿਵਾਦ ਦਾ ਕੋਈ ਅੰਤ ਨਹੀਂ। ਕਿਸੇ ਦੇ ਸਿਰ ਉੱਪਰ ਕਿਸੇ ਹੋਰ ਦਾ ਸਿਰ ਕੱਟ ਕੇ ਨਹੀਂ ਰੱਖਿਆ ਜਾ ਸਕਦਾ। ਤੁਹਾਡੇ ਵਿਚਾਰ ਤੁਹਾਡੇ, ਸਾਡੇ ਸੰਸਕਾਰ ਸਾਡੇ। ਇੱਕ ਦਿਨ ਵਿੱਚ ਨਾ ਤੁਹਾਡੇ ਵਿਚਾਰ ਬਦਲਣ, ਨਾ ਸਾਡੇ ਸੰਸਕਾਰ। ਕੇਵਲ ਛੇ ਮਹੀਨਿਆਂ ਦੀ ਮੁਹਲਤ ਦਿਉ। ਫੇਰ ਜੋ ਕਹੋਗੇ ਹੁਕਮ ਮੰਨਾਂਗੇ। ਤੁਹਾਡੇ ਨਾਲੋਂ ਜ਼ਿਆਦਾ ਕੁਦਰਤ ਨੂੰ ਕੌਣ ਜਾਣੇ?

-ਨਾ ਮੈਨੂੰ ਔਰਤਾਂ ਦੀ ਘਾਟ, ਨਾ ਮੇਰੀ ਤਾਕਤ ਘਟੇ। ਜੋਗੀ ਪਹਿਲੀ ਵਾਰ ਤੁਹਾਡੇ ਉੱਪਰ ਰਹਿਮ ਕਰਨ ਲੱਗਿਆ ਹੈ। ਸਮਾਂ ਆਉਣ ਤੇ ਤੁਸੀਂ ਵੀ ਗੁਣਚੋਰ ਨਾ ਹੋਣਾ। ਔਰਤਾਂ, ਜਿੰਨੀਆਂ ਸਿਧੀਆਂ ਤੇ ਭੋਲੀਆਂ ਦਿਸਦੀਆਂ ਨੇ ਉਨੀਆਂ ਹੁੰਦੀਆਂ ਨੀ। ਛੇ ਮਹੀਨੇ ਦੀ ਮੁਹਲਤ ਦਿੱਤੀ।

ਜਹਾਜ਼ ਹਵਾ ਮਹਿਲ ਦੀ ਬਰਸਾਤੀ ਉਪਰ ਉਤਰਿਆ। ਵਾਪਸ ਜਾਣ ਵਾਸਤੇ ਘੁਮਿਆਰੀ ਨੇ ਜਹਾਜ਼ ਵਿੱਚ ਪੈਰ ਰੱਖਿਆ ਹੀ ਸੀ ਕਿ ਅਸਮਾਨੀ ਜੋਗੀ ਤੇ ਨਿਗ੍ਹਾ ਪਈ। ਇਹ ਤਾਂ ਮਰ ਜਾਣਾ ਅੱਠਾਂ ਨੂੰ ਵਾਪਸ ਲੈ ਆਇਆ ਫੇਰ! ਹਤਿਆਰੇ ਨੇ ਸੇਠ ਦਾ ਬੇਟਾ ਮਾਰ ਦਿੱਤਾ ਹੋਣਾ। ਬੁਰਾ ਹੋਇਆ।

ਘੁਮਿਆਰੀ ਨੂੰ ਦੇਖਣ ਸਾਰ ਜੋਗੀ ਗੱਜਿਆ- ਇਹ ਸਾਰਾ ਤੇਰਾ ਲਫੜਾ ਹੈ। ਤੇਰੇ ਬਿਨਾਂ ਕੋਈ ਭੇਦ ਨਹੀਂ ਜਾਣਦਾ। ਤੂੰ ਵਿਸ਼ਵਾਸਘਾਤ ਕਿਉਂ ਕੀਤਾ? ਘੁਮਿਆਰੀ ਨੇ ਸੋਚਿਆ ਡਰਨ ਨਾਲ ਕੁਝ ਨਹੀਂ ਬਣਨਾ। ਨਿਧੜਕ ਬੋਲੀ- ਮੈਨੂੰ ਕੰਮ ਤੋਂ ਹਟਾਣਾ ਹੈ ਐਵੇਂ ਹਟਾ ਦਿਉ। ਝੂਠੀ ਤੁਹਮਤ ਨਾ ਲਾਉ। ਜੇ ਪੜਤਾ ਨੀ ਖਾਂਦਾ ਨਾ ਸਹੀ। ਕੱਲ੍ਹ ਤੋਂ ਛੁੱਟੀ। ਮੈਂ ਭਲੀ ਮੇਰੀ ਮਿੱਟੀ ਭਲੀ! ਨਾ ਮਿੱਟੀ ਮੁੱਕੇ, ਨਾ ਮੈਂ ਗੁੰਨ੍ਹਣੋਂ ਥੱਕਾਂ।

-ਪੜਤੇ ਪੁੜਤੇ ਦੀ ਗੱਲ ਛੱਡ। ਜੀ ਕਰੇ ਹੀਰੇ ਮੋਤੀਆਂ ਦਾ ਘੜਾ ਭਰਕੇ ਲੈ ਜਾਹ। ਤੇਰੇ ਉੱਪਰ ਇਤਬਾਰ ਬਣ ਗਿਆ ਤਾਂ ਬਣ ਗਿਆ ਬੱਸ। ਤੈਨੂੰ ਦੇਖ ਪਰਖ ਰੱਖਿਐ। ਫੇਰ ਇਹ ਭੇਦ ਖੁੱਲ੍ਹਿਆ ਕਿਵੇਂ?

-ਮੈਨੂੰ ਕੀ ਪਤਾ? ਇੱਥੇ ਚਲਿਤ੍ਰ ਕਰਦੀਆਂ ਨਾਰਾਂ ਥੋੜ੍ਹੀਆਂ ਨੇ ਕਿਤੇ? ਕਿਸੇ ਨੇ ਕਾਗ਼ਜ਼ ਲਿਖ ਕੇ ਹੇਠਾਂ ਸੁੱਟ ਦਿੱਤਾ ਹੋਣਾ। ਪਰ ਜਦੋਂ ਤੁਹਾਨੂੰ ਸ਼ੱਕ ਹੋ ਈ ਗਿਆ, ਮੈਂ ਹੁਣ ਨੌਕਰੀ ਕਰਨੀਓ ਨੀਂ।

ਇਹੋ ਜਿਹੀ ਭਲੀ ਨੌਕਰਾਣੀ ਹੋਰ ਮਿਲਣੀ ਨਹੀਂ। ਇਸ ਬਿਨਾਂ ਤਾਂ ਇੱਕ ਦਿਨ ਕੰਮ ਨੀ ਚੱਲਣਾ! ਠੰਢਾ ਹੋ ਗਿਆ, ਕਿਹਾ- ਤੂੰ ਤਾਂ ਇੱਥੇ ਦੀ ਮਾਲਕਣ ਹੈਂ। ਤੈਨੂੰ ਨੌਕਰਾਣੀ ਕੌਣ ਕਹਿੰਦੈ ਭਲਾ?

-ਮੈਨੂੰ ਨੀ ਚਾਹੀਦੀ ਇਹੋ ਜਿਹੀ ਬੇਇੱਜ਼ਤੀ ਵਾਲੀ ਚਾਕਰੀ ਹੋਰ। ਅਜੇ ਤਾਂ ਹੱਥ ਪੈਰ ਚਲਦੇ ਨੇ। ਨਾ ਦੁਨੀਆ ਵਿੱਚ ਮਿੱਟੀ ਦਾ ਘਾਟਾ ਤੇ ਨਾ ਮੈਂ ਮਿੱਟੀ ਗੁੰਨ੍ਹਣੀ ਭੁੱਲੀ। ਆਪਣੇ ਹੀਰੇ ਮੋਤੀ ਆਪਣੇ ਕੋਲ ਰੱਖੋ।

ਜੋਗੀ ਦੇਰ ਤੱਕ ਮਿੰਨਤ ਮਨੌਤ ਕਰਦਾ ਰਿਹਾ ਤਾਂ ਕਿਤੇ ਘੁਮਿਆਰੀ ਮੰਨੀ। ਦਿਲੋਂ ਪੂਰੀ ਤਰ੍ਹਾਂ ਵਹਿਮ ਨਹੀਂ ਨਿਕਲਿਆ ਪਰ ਚੁੱਪ ਕਰ ਗਿਆ। ਘੁਮਿਆਰੀ ਦੇ ਮੂੰਹ ਵੱਲ ਦੇਖ ਕੇ ਸੋਚਣ ਲੱਗਾ-ਰੁੱਸੇ ਹੋਏ ਚਿਹਰੇ ਪਤਾ ਨਹੀਂ ਇਨੇ ਸੁਹਣੇ ਕਿਉਂ ਲਗਦੇ ਨੇ! ਪਰ ਅੱਗੇ ਨੂੰ ਧੋਖਾ ਨਾ ਹੋਵੇ, ਸਾਵਧਾਨ ਰਹਿਣਾ ਪਏਗਾ। ਘੁਮਿਆਰੀ ਸਾਹਮਣੇ ਨਿਤ ਨਵੀਆਂ ਔਰਤਾਂ ਦਾ ਸੰਗ ਕਰਦਾ ਹੈ, ਚੁਹਲ ਕਰਦਾ ਹੈ, ਕਿਉਂ ਬਰਦਾਸ਼ਤ ਕਰੇਗੀ? ਕੁੜ੍ਹਦੀ ਹੋਣੀ।

ਆਪਣੀਆਂ ਔਰਤਾਂ ਅਤੇ ਭੈਣ ਦੀ ਤਲਾਸ਼ ਵਿੱਚ ਤਲਾਬ ਵੱਲ ਭਟਕਦੇ ਸੱਤੇ ਭਰਾਵਾਂ ਨੂੰ ਜੋਗੀ ਨੇ ਸੰਗਮਰਮਰ ਦੇ ਬੁੱਤ ਬਣਾ ਦਿੱਤਾ। ਅੱਠੇ ਜਣੀਆਂ ਹਵਾ ਮਹਿਲ ਵਿੱਚ ਕੈਦ! ਅਜਿਹਾ ਕਰਦਿਆਂ ਉਸਦਾ ਜੋਸ਼ ਦੇਖਣ ਵਾਲਾ ਹੁੰਦਾ। ਕਿੰਨੇ ਸਾਲ ਧਰਤੀ ਦੇ ਮਨੁੱਖਾਂ ਨੂੰ ਪਤਾ ਨਾ ਲੱਗਾ ਉਨ੍ਹਾਂ ਦੀਆਂ ਔਰਤਾਂ ਕਿੱਧਰ ਲੋਪ ਹੋ ਜਾਂਦੀਆਂ ਨੇ। ਕੋਈ ਚੁੱਕ ਕੇ ਲੈ ਗਿਆ ਕਿ ਮਰ ਮੁੱਕ ਗਈਆਂ? ਜੋਗੀ ਨੂੰ ਵੀ ਕੀ ਪਤਾ ਹੋਣਾ ਸੀ ਉਨ੍ਹਾਂ ਦੇ ਘਰਾਂ ਵਿੱਚ ਕੀ ਹਾ ਕਲਾਪ ਹੋਇਆ। ਕੋਈ ਲਭਦਾ ਹੀ ਨਹੀਂ ਸੀ। ਸੇਠ ਦੇ ਬੇਟਿਆਂ ਨੇ ਲੱਭਣ ਦਾ ਪੰਗਾ ਲਿਆ ਤਾਂ ਜੋਗੀ ਨੂੰ ਜ਼ਾਇਕਾ ਆ ਗਿਆ ਜਦੋਂ ਪੱਥਰ ਦੇ ਬੁੱਤ ਬਣਾ ਕੇ ਤਲਾਬ ਕਿਨਾਰੇ ਚਿਣ ਦਿੱਤੇ। ਹੀਰੇ ਮੋਤੀ ਜੇ ਪੱਥਰਾਂ ਕੰਕਰਾਂ ਵਾਂਗ ਪੈਰਾਂ ਵਿੱਚ ਪਏ ਹੁੰਦੇ ਕੌਣ ਪੁੱਛਦਾ? ਪੈਰਾਂ ਦੀ ਠੋਕਰ ਖਾ ਕੇ ਕਦਰ ਹੁੰਦੀ ਤਾਂ ਫੇਰ ਰੇਤ ਮਿੱਟੀ ਠੋਕਰਾਂ ਖਾਂਦੇ ਹੀ ਰਹਿੰਦੇ ਹਨ। ਦੂਜੇ ਦੀ ਕਮਜ਼ੋਰੀ ਹੀ ਆਪਣੀ ਤਾਕਤ ਹੈ ਪਰ ਕੁਝ ਮੁਕਾਬਲਾ ਵੀ ਤਾਂ ਹੋਵੇ। ਸਾਹਮਣੇ ਵਾਲੇ ਦੇਖਣ ਸਾਰ ਹਥਿਆਰ ਸੁੱਟ ਦੇਣ ਫੇਰ ਕੀ ਇੱਜ਼ਤ? ਸੇਠ ਦੀ ਧੀ ਨੇ ਛੇ ਮਹੀਨੇ ਦੀ ਮੁਹਲਤ ਮੰਗ ਲਈ, ਠੀਕ ਹੀ ਹੋਇਆ। ਉਡੀਕ ਵਿੱਚ ਅਨੰਦ ਹੈ। ਤਿੰਨ ਮਹੀਨੇ ਬਾਕੀ ਰਹਿ ਗਏ ਬਸ।

ਜੋਗੀ ਦੇਖਦਾ ਬੁੱਢੇ ਬੁੱਢੀ ਨੂੰ। ਹਰ ਸਵੇਰ ਤਲਾਬ ਆਉਂਦੇ। ਕੰਬਦੇ ਹੱਥਾਂ ਨਾਲ ਸੱਤ ਮੂਰਤੀਆਂ ਨੂੰ ਪਾਣੀ ਨਾਲ ਨੁਹਾਂਦੇ। ਧੂਪ ਧੁਖਾਉਂਦੇ, ਆਰਤੀ ਉਤਾਰਦੇ। ਮਾਲਾ ਫੇਰਦੇ, ਮੂਰਤੀਆਂ ਨਾਲ ਲਿਪਟ ਲਿਪਟ ਰੋਂਦੇ। ਇਹ ਤਮਾਸ਼ਾ ਦੇਖ ਕੇ ਜੋਗੀ ਖ਼ੂਬ ਖ਼ੁਸ਼ ਹੁੰਦਾ, ਆਪਣੀ ਤਾਕਤ ਤੇ ਮਾਣ ਹੁੰਦਾ। ਧੂਪ ਬੱਤੀ ਕਰਨ ਨਾਲ ਪੱਥਰਾਂ ਵਿੱਚ ਜਾਨ ਪੈ ਜਾਏਗੀ? ਬੇਟੇ ਤਲਾਬ ਕਿਨਾਰੇ ਪੱਥਰ। ਬਹੂਆਂ ਤੇ ਬੇਟੀ ਜੋਗੀ ਦੀ ਕੈਦ ਵਿੱਚ। ਹੋਰ ਵੀ ਔਰਤਾਂ ਹਵਾ ਮਹਿਲ ਵਿੱਚ ਬੰਦ। ਕਦ ਮੁਕਤੀ ਮਿਲੇਗੀ? ਇਨ੍ਹਾਂ ਦੀ ਮੁਕਤੀ ਬਗੈਰ ਧਰਤੀ ਉੱਪਰ ਸੁਖ ਨਹੀਂ ਵਰਤੇਗਾ। ਸੁਖ ਬਗੈਰ ਆਦਮੀ ਕਿਵੇਂ ਜੀਏਗਾ, ਕਦ ਤੱਕ ਜੀਏਗਾ? ਸੋਨੇ ਦੇ ਦਰਵਾਜ਼ੇ ਤੋੜ ਕੇ ਹੁਸਨ ਕਦ ਬਾਹਰ ਆਏਗਾ? ਇਹੋ ਮੁਕਤੀ ਇਨਸਾਨ ਦਾ ਆਖ਼ਰੀ ਸੁਫ਼ਨਾ ਹੈ।

ਘੁਮਿਆਰੀ ਦਾ ਇੱਕ ਬੇਟਾ ਸੀ ਸੋਲਾਂ ਸਾਲ ਦਾ ਜੁਆਨ। ਬਣਦਾ ਫਬਦਾ। ਗੋਰਾ ਨਿਛੋਹ। ਭੋਲੀ ਸੂਰਤ। ਮੋਟੀਆਂ ਅੱਖਾਂ। ਹਸਦਾ, ਦੰਦਾਂ ਦੀਆਂ ਬਿਜਲੀਆਂ ਲਿਸ਼ਕਦੀਆਂ। ਘੁਮਿਆਰੀ ਨੇ ਡਰਦਿਆਂ ਵਿਆਹਿਆ ਨਹੀਂ, ਕਿਤੇ ਬਹੂ ਨੂੰ ਜੋਗੀ ਨਾ ਚੁਕ ਲਿਜਾਵੇ। ਮਿੰਨਤਾਂ ਤਰਲਿਆਂ ਨਾਲ ਦੁਸ਼ਟ ਥੋੜ੍ਹਾ ਮੰਨਦਾ ਹੈ!

ਹਮੇਸ਼ਾਂ ਵਾਂਗ ਇੱਕ ਦਿਨ ਤਲਾਬ ਵਿੱਚੋਂ ਪਾਣੀ ਭਰਨ ਨਿਕਲੀ, ਬੇਟਾ ਨਾਲ ਤੁਰ ਪਿਆ। ਬਥੇਰਾ ਰੋਕਿਆ, ਨਾ ਰੁਕਿਆ, ਨਾਲ ਨਾਲ ਤੁਰੀ ਗਿਆ। ਤਲਾਬ ਕਿਨਾਰੇ ਮੂਰਤੀਆਂ ਨੂੰ ਧੂਪ ਬੱਤੀ ਕਰਦੇ ਸੇਠ ਸੇਠਾਣੀ ਦੇਖ ਕੇ ਮਾਂ ਨੂੰ ਕਾਰਨ ਪੁੱਛਿਆ। ਮਾਂ ਨੇ ਬਥੇਰਾ ਟਾਲਿਆ ਪਰ ਕਾਹਨੂੰ। ਹਠ ਕਰੀ ਗਿਆ, ਦੱਸੋ ਮੂਰਤੀਆਂ ਕਿਸ ਦੀਆਂ ਹਨ! ਦੱਸਣਾ ਪਿਆ, ਕਿਵੇਂ ਜੋਗੀ ਪੀਂਘਾਂ ਝੂਟਦੀਆਂ ਬਹੂਆਂ ਅਤੇ ਬੇਟੀ ਨੂੰ ਜਬਰਨ ਲੈ ਗਿਆ। ਬੇਟੇ ਵਾਪਸ ਲਿਆਉਣ ਦੇ ਯਤਨਾਂ ਵਿੱਚ ਪੱਥਰ ਹੋ ਗਏ। ਇਹ ਵੀ ਦੱਸਿਆ ਕਿ ਕਿੰਨੇ ਸਾਲਾਂ ਤੋਂ ਹਵਾ ਮਹਿਲ ਵਿੱਚ ਪਾਣੀ ਭਰ ਰਹੀ ਹਾਂ। ਸੇਠ ਦੇ ਬੇਟਿਆਂ ਦੀ ਮਦਦ ਕੀਤੀ ਪਰ ਸਫ਼ਲ ਨਹੀਂ ਹੋਈ। ਇਨ੍ਹਾਂ ਸਭ ਔਰਤਾਂ ਦੀ ਮੁਕਤੀ ਕਿਵੇਂ ਹੋਵੇ ਪਤਾ ਨਹੀਂ ਲਗਦਾ...!

ਗੱਲਾਂ ਦਸਦੀ ਦਸਦੀ ਘੁਮਿਆਰੀ ਰੋ ਪਈ, ਕਿਹਾ- ਬੇਟੇ ਇਸੇ ਡਰ ਕਰਕੇ ਮੈਂ ਤੇਰਾ ਵਿਆਹ ਨਹੀਂ ਕਰਦੀ।

-ਇਹ ਤਾਂ ਕੋਈ ਗੱਲਾਂ ਨਹੀਂ ਮਾਂ ਬਸ ਏਨਾ ਦੱਸ ਕਿ ਮੈਥੋਂ ਜੋਗੀ ਦਾ ਭੇਦ ਲੁਕਾ ਕੇ ਕਿਉਂ ਰੱਖਿਆ। ਇਹ ਚੰਗਾ ਨਹੀਂ ਕੀਤਾ। ਘੁਮਿਆਰੀ ਨੇ ਹਵਾ ਮਹਿਲ ਦੀਆਂ ਸਾਰੀਆਂ ਗੱਲਾਂ ਦੱਸਦੀਆਂ। ਸਾਰੀਆਂ ਬੰਦੀ ਔਰਤਾਂ ਦੇ ਰੂਪ ਰੰਗ ਦਾ ਪੂਰਾ ਵੇਰਵਾ ਬਿਆਨ ਕੀਤਾ। ਸੇਠ ਦੀ ਬੇਟੀ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਦਿੱਤੇ। ਕੰਨ ਲਾ ਕੇ ਧਿਆਨ ਨਾਲ ਸੁਣਦਾ ਰਿਹਾ, ਮਨ ਹੀ ਮਨ ਜੁਗਤਾਂ ਲੜਾਉਂਦਾ ਰਿਹਾ।

ਬੋਹੜ ਦੇ ਖੱਡੇ ਵੱਲ ਜਾਂਦੀ ਮਾਂ ਨੂੰ ਉਸਨੇ ਕਿਹਾ- ਸੇਠ ਦੀ ਧੀ ਨੂੰ ਹਰੇਕ ਗੱਲ ਚੰਗੀ ਤਰ੍ਹਾਂ ਸਮਝਾ ਦੇਣੀ। ਦੇਖਾਂਗੇ ਕਿੰਨੀ ਕੁ ਹੁਸ਼ਿਆਰ ਹੈ। ਮੇਰੇ ਹੱਥੋਂ ਆਖ਼ਰ ਜੋਗੀ ਦਾ ਅੰਤ ਹੋਏਗਾ। ਜੋ ਜੋ ਮੈਂ ਪੁੱਛਿਐ, ਉਸਦਾ ਜਵਾਬ ਲਿਆ ਦਿਉ। ਫਿਕਰ ਨਾ ਕਰਨਾ, ਇੱਥੇ ਹੀ ਉਡੀਕ ਕਰ ਰਿਹਾਂ।

ਬੇਟੇ ਦੀ ਗੱਲ ਤੇ ਮਾਂ ਨੂੰ ਯਕੀਨ ਨਾ ਆਇਆ ਤਾਂ ਵੀ ਸੇਠ ਦੀ ਬੇਟੀ ਨੂੰ ਸਭ ਗੱਲ ਦੱਸੀ। ਘੁਮਿਆਰੀ ਨੇ ਹੌਂਸਲਾ ਦਿੱਤਾ। ਕੁੜੀ ਸੋਚਦੀ ਰਹੀ- ਕਿੱਥੇ ਇਹ ਮਹਾਂਬਲੀ ਜੋਗੀ, ਕਿੱਥੇ ਦੁੱਧ ਦੰਦਾ ਇਹ ਬੱਚਾ। ਪੰਜ ਮਹੀਨੇ ਲੰਘ ਗਏ ਨੇ ਇੱਕ ਮਹੀਨਾ ਰਹਿ ਗਿਆ। ਮਹੀਨਾ ਬੀਤਣ ਨੂੰ ਕੀ ਟਾਈਮ ਲਗਦੈ? ਜਦੋਂ ਰਾਮ ਨੇ ਰਾਖੀ ਨੀਂ ਕੀਤੀ, ਹੋਰ ਕੌਣ ਬਚਾਏਗਾ? ਚਲੋ, ਬੱਚੇ ਨੇ ਕਿਹਾ, ਆਪਾਂ ਸੁਣ ਲਿਆ, ਆਪਣਾ ਕੀ ਘਟਿਆ? ਮੌਕਾ ਮਿਲਿਆ ਜੋਗੀ ਤੋਂ ਪੁੱਛਾਂਗੀ। ਆਪਣੇ ਭਾਗ ਵਿੱਚ ਤਾਂ ਹੁਣ ਉਮਰ ਕੈਦ ਲਿਖੀ ਗਈ। ਕਰਮ ਕੌਣ ਮੇਟੇ?

ਘੁਮਾਰੀ ਸੇਠ ਦੀ ਧੀ ਨਾਲ ਗੱਲਾਂ ਕਰ ਰਹੀ ਸੀ ਕਿ ਦਰਵਾਜ਼ਾ ਖੁੱਲ੍ਹਿਆ, ਜੋਗੀ ਅੰਦਰ ਆਇਆ। ਅੱਜ ਛੇਤੀ ਕਿਵੇਂ ਆ ਗਿਆ? ਆਉਣ ਸਾਰ ਰੰਗ ਮਹਿਲ ਦੇ ਖ਼ਾਸ ਕਮਰੇ ਵਿੱਚ ਲੇਟ ਗਿਆ। ਰੰਗ ਮਹਿਲ ਦਾ ਇਹ ਹਿੱਸਾ ਪਾਣੀ ਦਾ ਬਣਿਆ ਹੋਇਆ ਸੀ। ਪਾਣੀ ਦਾ ਪਲੰਘ, ਪਾਣੀ ਦਾ ਵਿਛੌਣਾ, ਪਾਣੀ ਦੀ ਛੱਤ ਪਾਣੀ ਦਾ ਫ਼ਰਸ਼। ਪਰ ਭਿੱਜਣ ਦਾ ਸਵਾਲ ਈ ਨੀ। ਪਿਛਲੇ ਕੁਝ ਦਿਨਾਂ ਤੋਂ ਆਖੀ ਜਾ ਰਿਹਾ ਸੀ ਕਿ ਦਾਰੂ ਪੀਣ ਨੂੰ ਦਿਲ ਕਰਦੈ। ਘੁਮਿਆਰੀ ਨੇ ਇਸ਼ਾਰਾ ਕੀਤਾ, ਬਾਣੀਏਂ ਦੀ ਧੀ ਸੁਰਾਹੀ ਪੈਮਾਨਾ ਲੈ ਆਈ। ਦੋ ਪੈੱਗ ਗਟਾਗਟ ਚਾੜ੍ਹ ਗਿਆ। ਸਰੂਰ ਹੋਇਆ। ਘੁਮਿਆਰੀ ਨੇ ਇਸ਼ਾਰਾ ਕੀਤਾ, ਕੁੜੀ ਦੇ ਇੱਕ ਪੈਗ ਹੋਰ ਪਾ ਦਿੱਤਾ। ਘੁਮਿਆਰੀ ਬਾਹਰ ਚਲੀ ਗਈ। ਜੋਗੀ ਦੀ ਜੀਭ ਲੜਖੜਾਣ ਲੱਗੀ। ਬੋਲਿਆ- ਤੀਹ ਦਿਨ ਰਹਿ ਗਏ। ਇਹ ਨਹੀਂ ਲੰਘਦੇ। ਮੇਰੇ ਬਿਸਤਰ ਤੇ ਆ। ਕੁੜੀ ਬੋਲੀ- ਮੇਰੇ ਉੱਪਰ ਟੂਣਾ ਹੈ। ਤੀਹ ਦਿਨ ਤੋਂ ਪਹਿਲੋਂ ਸੰਜੋਗ ਹੋ ਗਿਆ ਤਾਂ ਮੇਰੀਆਂ ਅੱਖਾਂ ਫੁੱਟ ਜਾਣਗੀਆਂ। ਜੋਗੀ ਬੋਲਿਆ- ਤੇਰੀਆਂ ਦੋ ਅੱਖਾਂ ਫੁੱਟਣਗੀਆਂ ਤੈਨੂੰ ਹਜ਼ਾਰ ਅੱਖਾਂ ਦੇ ਦਿਆਂਗਾ। ਮੈਂ ਭਗਵਾਨ ਤੋਂ ਵਧ ਸ਼ਕਤੀਸ਼ਾਲੀ ਹਾਂ। ਕੁੜੀ ਬੋਲੀ- ਇਹ ਗੱਲ ਹੈ ਤਾਂ ਤੀਹ ਦਿਨ ਤੀਹ ਮਿੰਟਾਂ ਜਿੰਨੇ ਛੋਟੇ ਕਰ ਦਿਉ। ਅੱਧ ਘੰਟੇ ਵਿੱਚ ਮਹੀਨਾ ਬੀਤ ਜਾਏਗਾ! ਗਲਾਸ ਮੇਜ਼ ਤੇ ਧਰਕੇ ਬੋਲਿਆ- ਬਸ ਇੱਥੇ ਮੇਰਾ ਜ਼ੋਰ ਨਹੀਂ ਚਲਦਾ। ਸਮੇਂ ਦੀ ਗਤੀ ਮੈਂ ਘਟਾ ਵਧਾ ਨਹੀਂ ਸਕਦਾ।

-ਇਹੀ ਨਹੀਂ, ਕੁੜੀ ਨੇ ਕਿਹਾ, ਹੋਰ ਵੀ ਬੜਾ ਕੁਝ ਹੈ ਜੋ ਤੁਹਾਡੇ ਵਸ ਵਿੱਚ ਨਹੀਂ। ਤੁਸੀਂ ਨਹੀਂ ਮੰਨਣਾ ਚਾਹੁੰਦੇ ਨਾ ਸਹੀ, ਤੁਹਾਡੀ ਮਰਜ਼ੀ। ਤੁਹਾਨੂੰ ਆਪਣੇ ਚਮਤਕਾਰਾਂ ਦਾ ਬਹੁਤ ਭਰਮ ਹੈ। ਦਾਰੂ ਦਾ ਜਾਮ ਤੇ ਜਾਮ, ਕੁਝ ਜ਼ਿਆਦਾ ਚੜ੍ਹ ਗਈ, ਅੱਖਾਂ ਲਾਲ ਹੋ ਗਈਆਂ, ਜੀਭ ਬਹੁਤੀ ਡੋਲਣ ਲੱਗੀ। ਸੂਰਤ ਉਡੀ ਉਡੀ ਹੋ ਗਈ। ਪਿਆਰ ਦਾ ਦਿਖਾਵਾ ਕਰਦੀ ਕੁੜੀ ਨੇ ਤਿੰਨ ਪੈੱਗ ਹੋਰ ਪਿਲਾ ਦਿੱਤੇ। ਕਹਿਣ ਲੱਗਾ- ਹੁਣ ਮੈਂ ਧਰਤੀ ਤੋਂ ਲਿਆਂਦੀਆਂ ਔਰਤਾਂ ਤੋਂ ਥੱਕ ਗਿਆਂ। ਇੰਦਰਲੋਕ ਵਿੱਚ ਜਾਊਂਗਾ। ਅਗਲੀ ਉੜਾਨ ਪਰੀਆਂ ਵਾਸਤੇ ਹੋਏਗੀ। ਤੂੰ ਮੇਰਾ ਸਾਥ ਦਏਂ ਤਾਂ ਚੰਗਾ ਹੋਵੇ।

ਆਪਣੇ ਹੱਥਾਂ ਨਾਲ ਸ਼ਰਾਬ ਪਿਲਾਂਦੀ ਸੇਠ ਦੀ ਬੇਟੀ ਨੇ ਕਿਹਾ- ਮੈਨੂੰ ਡਰ ਲਗਦਾ ਹੈ। ਰਾਮ ਜਾਣੇ ਜੇ ਤੁਹਾਨੂੰ ਕੁਝ ਹੋ ਗਿਆ ਤਾਂ? ਇਸ ਹਵਾ ਮਹਿਲ ਦਾ ਕੀ ਹੋਵੇਗਾ? ਧਰਤੀ ਅਸਮਾਨ ਵਿਚਕਾਰ ਲਟਕੇ ਝੂਲੇ ਵਿੱਚ ਬੰਦ ਅਨੇਕ ਔਰਤਾਂ ਦਾ ਕੀ ਬਣੇਗਾ?

ਜੋਗੀ ਦੇ ਹੱਥ ਅਨਜਾਣ ਦਿਸ਼ਾਵਾਂ ਵੱਲ ਹਿੱਲਣ ਲੱਗੇ, ਬੋਲਿਆ- ਸਾਫ਼ ਕਿਉਂ ਨਹੀਂ ਕਹਿੰਦੀ ਤੈਨੂੰ ਡਰ ਲਗਦੈ ਕਿ ਜੋਗੀ ਮਰ ਨਾ ਜਾਵੇ। ਮੈਨੂੰ ਭਗਵਾਨ ਵੀ ਨਹੀਂ ਮਾਰ ਸਕਦਾ। ਸਮਝੀ? ਮੌਤ ਮੇਰੀ ਮੁੱਠੀ ਵਿੱਚ ਹੈ।

ਕੁੜੀ ਬੋਲੀ- ਤਾਂ ਵੀ ਡਰ ਨਹੀਂ ਘਟਦਾ। ਕੋਈ ਭੇਤ ਦੀ ਗੱਲ ਤੁਸੀਂ ਜਾਣੋ। ਤੁਹਾਡੇ ਬਗੈਰ ਸਾਡਾ ਇੱਥੇ ਹੋਰ ਹੈ ਕੌਣ?

-ਪਗਲੀ ਤੈਥੋਂ ਕੀ ਲੁਕਾਅ। ਪਹਿਲੀ ਵਾਰ ਇਹ ਭੇਤ ਤੈਨੂੰ ਦੱਸਣ ਲੱਗਾ ਹਾਂ। ਤੈਨੂੰ ਵੀ ਯਕੀਨ ਹੋ ਜਾਏਗਾ ਮੈਂ ਅਮਰ ਹਾਂ। ਸੱਤ ਸਮੁੰਦਰੋਂ ਪਾਰ ਇੱਕ ਮੰਦਰ ਹੈ। ਸਾਰੇ ਦਰਵਾਜ਼ਿਆਂ ਬਾਹਰ ਦੋ ਦੋ ਭੁੱਖੇ ਸ਼ੇਰ ਬੈਠੇ ਹਨ। ਚਾਰੇ ਪਾਸੇ ਸਮੁੰਦਰ ਹੀ ਸਮੁੰਦਰ। ਮੰਦਰ ਵਿੱਚ ਡੂੰਘਾ ਤਹਿਖਾਨਾ। ਤਹਿਖਾਨੇ ਵਿੱਚ ਸੋਨੇ ਦਾ ਪਿੰਜਰਾ। ਪਿੰਜਰੇ ਵਿੱਚ ਤੋਤਾ। ਤੋਤੇ ਵਿੱਚ ਮੇਰੀ ਜਾਨ। ਆਇਆ ਯਕੀਨ? ਮੌਤ ਪਹੁੰਚ ਸਕਦੀ ਹੈ ਉੱਥੇ? ਸਮੁੰਦਰ ਵਿੱਚ ਥਾਂ ਥਾਂ ਮੇਰੇ ਛੱਡੇ ਹੋਏ ਖ਼ੂਨੀ ਮਗਰਮੱਛ! ਮੌਤ ਨੂੰ ਤਾਂ ਸਾਹਾਂ ਨਾਲ ਪੀ ਜਾਣ! ਮੰਨ ਲਉ ਚਲਾਕੀ ਨਾਲ ਮੌਤ, ਮੰਦਰ ਤੱਕ ਪੁੱਜ ਗਏ, ਫਿਰ ਸ਼ੇਰ? ਕੱਚੀ ਨੂੰ ਨਾ ਚਬਾ ਜਾਣ? ਜੇ ਮੌਤ ਉੱਥੇ ਜਾਏ ਤਾਂ ਮੌਤ ਦਾ ਨਾਮੋ ਨਿਸ਼ਾਨ ਮਿਟ ਜਾਏ। ਮੌਤ ਨਾ ਰਹੇ ਤਾਂ ਸਾਰੇ ਅਮਰ ਹੋ ਜਾਣ। ਫੇਰ ਮੇਰੀ ਕੀ ਹੈਸੀਅਤ ਰਹੇ? ਇਸ ਕਰਕੇ ਇਹੋ ਜਿਹੇ ਭੇਦ ਮੈਂ ਮੌਤ ਨੂੰ ਵੀ ਨਹੀਂ ਦਸਦਾ। ਹੁਣ ਕੋਈ ਤੇਰੀ ਤਸੱਲੀ?

ਉਪਰਲੇ ਮਨੋ ਕੁੜੀ ਬੋਲੀ- ਜੇ ਇਹ ਗੱਲ ਹੈ ਫੇਰ ਠੀਕ।

ਅੱਜ ਜੋਗੀ ਨੂੰ ਦਾਰੂ ਜ਼ਿਆਦਾ ਚੜ ਗਈ। ਪਲੰਘ ਤੇ ਢੇਰ ਹੋ ਗਿਆ। ਉਹ ਬਾਹਰ ਨਿਕਲੀ। ਘੁਮਿਆਰੀ ਨੂੰ ਜੋਗੀ ਦੀ ਮੌਤ ਦਾ ਭੇਤ ਦੱਸ ਦਿੱਤਾ। ਫੇਰ ਘੁਮਿਆਰੀ ਦੇਰ ਕਿਉਂ ਕਰਦੀ? ਜਹਾਜ ਉਤਾਰਿਆ, ਵਿੱਚ ਬੈਠੀ ਤੇ ਜਾ ਉਤਰੀ ਬੋਹੜ ਦੇ ਦਰਖਤ ਹੇਠ। ਬੇਟਾ ਉੱਥੇ ਹੀ ਬੈਠਾ ਉਡੀਕ ਕਰ ਰਿਹਾ ਸੀ। ਬੱਚੇ ਦਾ ਦਿਲ ਟਿਕਾਣ ਵਾਸਤੇ ਉਸਨੂੰ ਜੋਗੀ ਦੀ ਮੌਤ ਦਾ ਭੇਤ ਦੱਸ ਦਿੱਤਾ। ਮਾਂ ਨੂੰ ਕੀ ਪਤਾ ਸੀ ਭੇਤ ਜਾਣ ਕੇ ਮੁੰਡਾ ਸੱਤ ਸਮੁੰਦਰੋਂ ਪਾਰ ਜਾਣ ਲਈ ਤਿਆਰ ਹੋ ਜਾਏਗਾ? ਪਤਾ ਹੁੰਦਾ ਦਸਦੀਓ ਨਾ! ਇਕਲੌਤੇ ਬੇਟੇ ਨੂੰ ਮੌਤ ਦੇ ਮੂੰਹ ਕਿਉਂ ਧੱਕੇ? ਉਹੀ ਜਾਣਦੀ ਹੈ ਕਿਵੇਂ ਪਾਲ ਪੋਸ ਕੇ ਵੱਡਾ ਕੀਤਾ। ਹਵਾ ਮਹਿਲ ਵਿੱਚ ਬੰਦ ਔਰਤਾਂ ਨਾਲ ਹਮਦਰਦੀ ਹੈ ਸੋ ਠੀਕ, ਪਰ ਉਨ੍ਹਾਂ ਦੀ ਰਿਹਾਈ ਖ਼ਾਤਰ ਬੇਟੇ ਦੀ ਬਲੀ ਕਿਵੇਂ ਦੇ ਦਏ? ਉਸਦੇ ਚਿਹਰੇ ਤੇ ਹੱਥ ਫੇਰਦੀ ਮਾਂ ਬੋਲੀ- ਬੇਟੇ ਫਣ ਚੁਕੀ ਮੇਲ੍ਹਦੇ ਸੱਪ ਨੂੰ ਦੇਖਕੇ ਬੱਚਾ ਤਾਲੀਆਂ ਵਜਾਣ ਲਗਦਾ ਹੈ, ਉਸ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ। ਪਰ ਇਹ ਉਸਦੀ ਨਾਦਾਨੀ ਹੈ। ਤੋਤਾ ਫੜਕੇ ਲਿਆਣ ਦਾ ਤੇਰਾ ਜੋਸ਼ ਇਸੇ ਤਰ੍ਹਾਂ ਦਾ ਹੈ।

ਉਸ ਮੁਸਕਾਇਆ- ਮਾਂ ਦੀ ਗੋਦ ਵਿੱਚ ਸੁੱਤੇ ਬੱਚੇ ਨੂੰ ਕੀ ਮੌਤ ਨਹੀਂ ਆ ਸਕਦੀ? ਮਾਂ ਦੇ ਰੋਕਣ ਨਾਲ ਮੌਤ ਰੁਕਦੀ ਹੁੰਦੀ ਫੇਰ ਕੋਈ ਬੇਟਾ ਮਰਦਾ ਈ ਨਾ। ਤੇਰੀ ਆਗਿਆ ਮੰਨ ਕੇ ਤੋਤਾ ਲੈਣ ਨਾ ਜਾਵਾਂ ਫੇਰ ਕਦੀ ਨਹੀਂ ਮਰਨਾ? ਕੇਵਲ ਮੌਤ ਜਾਣਦੀ ਹੈ ਕੱਲ੍ਹ ਨੂੰ ਚੜ੍ਹਨ ਵਾਲਾ ਸੂਰਜ ਮੈਂ ਦੇਖਾਂਗਾ ਕਿ ਨਹੀਂ। ਤੇ ਤੂੰ ਜਾਣਦੀ ਹੈਂ ਤਾਂ ਦੱਸ। ਫੇਰ ਤੇਰਾ ਆਖਾ ਨਹੀਂ ਮੋੜੂੰਗਾ।

ਮੂੰਹ ਅੱਡੀ ਬੇਟੇ ਵੱਲ ਬਿਟਰ ਬਿਟਰ ਦੇਖਦੀ ਰਹੀ। ਕੁੱਖ ਵਿੱਚੋਂ ਜੰਮਿਆ ਮੁੰਡਾ ਅਕਲ ਦੀ ਮਾਤ ਦੇ ਰਿਹਾ ਹੈ। ਜਿਹੜਾ ਉਸਦੀਆਂ ਗੱਲਾਂ ਨੂੰ ਗ਼ਲਤ ਸਮਝੇ ਉਹ ਨਾਦਾਨ! ਨਜ਼ਰ ਉਤਾਰਦੀ ਬੋਲੀ- ਬਲ ਬਲ ਜਾਵਾਂ ਮੇਰੇ ਬਚੜਿਆ। ਤੇਰੀ ਏਸ ਅਕਲ ਦਾ ਤਾਂ ਮੈਨੂੰ ਪਤਾ ਈ ਨੀ ਸੀ। ਤੇਰੀਆਂ ਸੁਣਕੇ ਤਾਂ ਲਗਦਾ ਹੈ ਮੈਂ ਤੈਨੂੰ ਨਹੀਂ ਤੂੰ ਮੈਨੂੰ ਜਨਮ ਦਿੱਤਾ ਹੈ। ਹੁਣ ਤੈਨੂੰ ਤੋਰਨ ਵਿੱਚ ਮੈਨੂੰ ਕੋਈ ਫ਼ਿਕਰ ਨਹੀਂ।

ਮਾਂ ਨੂੰ ਗੱਲ ਜਚ ਗਈ ਫੇਰ ਦੇਰ ਕਿਸ ਵਾਸਤੇ? ਮੂੰਹ ਵਿੱਚ ਗੁੜ ਦੀ ਰੋੜੀ ਪਾਈ ਤੇ ਤੁਰ ਪਿਆ ਸਮੁੰਦਰ ਦੇ ਕਿਨਾਰੇ ਵੱਲ। ਸਾਗਰ ਕੰਢੇ ਨਾਰੀਅਲ ਦੇ ਦਰਖਤ ਦੀ ਛਾਂ ਹੇਠ ਬੈਠ ਕੇ ਰੋਟੀ ਖਾਣ ਵਾਸਤੇ ਪੋਣਾ ਖੋਲ੍ਹਿਆ ਹੀ ਸੀ ਕਿ ਤਪਦੇ ਰੇਤੇ ਉੱਪਰ ਲਿਆ ਕੇ ਲਹਿਰ ਨੇ ਸੁਨਹਿਰੀ ਮੱਛੀ ਸੁੱਟ ਦਿੱਤੀ, ਤੜਪਣ ਲੱਗੀ। ਮੁੰਡਾ ਤੁਰੰਤ ਉੱਧਰ ਭੱਜਿਆ। ਚੁੱਕ ਕੇ ਮੱਛੀ ਵਾਪਸ ਸਮੁੰਦਰ ਵਿੱਚ ਸੁੱਟ ਦਿੱਤੀ। ਪਾਣੀ ਵਿੱਚ ਜਾ ਕੇ ਮੱਛੀ ਦੀ ਜਾਨ ’ਚ ਜਾਨ ਆਈ। ਕਲੋਲਾਂ ਕਰਨ ਲੱਗੀ। ਉਹ ਵੀ ਖ਼ੁਸ਼ ਹੋਇਆ। ਪੋਣੇ ਵਿੱਚ ਸੱਤ ਮਿੱਠੇ ਪਰੌਂਠੇ ਬੰਨ੍ਹੇ ਹੋਏ ਸਨ, ਬੁਰਕੀ ਬੁਰਕੀ ਕਰਕੇ ਸੱਤੇ ਮੱਛੀ ਨੂੰ ਖੁਆ ਦਿੱਤੇ। ਭੁੱਖ ਲੱਗੀ ਹੋਈ ਸੀ, ਮੱਛੀ ਸਾਰੀਆਂ ਬੁਰਕੀਆਂ ਖਾ ਗਈ। ਪੋਣਾ ਝਾੜਦਿਆਂ ਮੁੰਡੇ ਨੇ ਮੱਛੀ ਨੂੰ ਕਿਹਾ- ਬਸ, ਇਨੇ ਹੀ ਸਨ ਪਰੌਂਠੇ। ਹੋਰ ਨਹੀਂ। ਪਿਆਰੀ ਸੋਨਲ ਮੱਛੀ, ਲਗਦੈ ਤੂੰ ਅਜੇ ਰੱਜੀ ਨਹੀਂ ਪਰ ਤੈਨੂੰ ਕੀ ਖੁਆਵਾਂ ਹੁਣ?

ਸੋਨਲ ਮੱਛੀ ਬੋਲੀ- ਮੈਨੂੰ ਹੋਰ ਕੋਈ ਲੋੜ ਨਹੀਂ ਪਰ ਇਹ ਦੱਸ ਤੂੰ ਮੇਰੇ ਲਈ ਇਹ ਪਰੌਂਠੇ ਲੈ ਕੇ ਆਇਆ ਸੀ?

-ਨਹੀਂ, ਲਿਆਇਆ ਤਾਂ ਮੈਂ ਆਪਣੇ ਵਾਸਤੇ ਸੀ ਪਰ ਤੈਨੂੰ ਭੁਖੀ ਨੱਚਦੀ ਨੂੰ ਦੇਖ ਕੇ ਮੈਂ ਕੀ ਕਰਦਾ? ਭੁੱਖ ਪਿਆਸ ਦੀ ਮੈਨੂੰ ਬਹੁਤੀ ਪਰਵਾਹ ਹੋਇਆ ਵੀ ਨੀ ਕਰਦੀ।

ਸੋਨਲ ਮੱਛੀ ਪਾਣੀ ਵਿੱਚੋਂ ਮੂੰਹ ਬਾਹਰ ਕੱਢ ਕੇ ਬੋਲੀ- ਮੇਰੇ ਵੀਰ ਅੱਜ ਤੂੰ ਮੇਰੀ ਜਾਨ ਬਚਾਈ। ਖ਼ੁਦ ਭੁੱਖਾ ਰਹਿ ਕੇ ਮੈਨੂੰ ਮਿੱਠੇ ਪਰੌਂਠੇ ਖੁਆਏ। ਮੈਂ ਮੱਛੀਆਂ ਦੀ ਰਾਣੀ ਹਾਂ। ਕਦੇ ਕੋਈ ਮੁਸੀਬਤ ਆਵੇ, ਦੱਸੀਂ। ਮੈਨੂੰ ਯਾਦ ਕਰ ਲਵੀਂ।

ਟਾਈਮ ਸਿਰ ਮੁੰਡੇ ਨੂੰ ਅਕਲ ਦੀ ਗੱਲ ਯਾਦ ਆਈ। ਬੋਲਿਆ- ਆਵੇਗੀ ਕਦੋਂ? ਮੁਸੀਬਤ ਤਾਂ ਆਈ ਪਈ ਹੈ। ਤਾਂ ਹੀ ਤਾਂ ਏਨੀ ਦੂਰ ਪੈਦਲ ਆਇਆਂ!

ਸੋਨਲ ਮੱਛੀ ਨੂੰ ਉਸਨੇ ਹਵਾ ਮਹਿਲ, ਜੋਗੀ, ਤੋਤੇ ਦੀ ਸਾਰੀ ਕਥਾ ਸੁਣਾਈ। ਸੁਣਕੇ ਸੋਨਲ ਮੱਛੀ ਨੇ ਕਿਹਾ- ਇਹ ਤਾਂ ਮੇਰੇ ਖੱਬੇ ਹੱਥ ਦੀ ਖੇਡ ਹੈ! ਮੇਰੀ ਪਿੱਠ ਤੇ ਸਵਾਰ ਹੋ ਜਾਹ। ਕਸ ਕੇ ਫੜ ਕੇ ਰੱਖੀਂ। ਸਮੁੰਦਰ ਦਾ ਕੋਈ ਜੀਵ ਮੇਰੇ ਹੁੰਦੇ ਤੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਮੰਦਰ ਪਹੁੰਚ ਕੇ ਸ਼ੇਰਾਂ ਦਾ ਵੀ ਕਰੂੰਗੀ ਇੰਤਜ਼ਾਮ!

ਪਲੋਥੀ ਮਾਰ ਕੇ ਤੁਰੰਤ ਮੱਛੀ ਦੀ ਪਿੱਠ ਤੇ ਬੈਠਣ ਦੀ ਕੀਤੀ। ਪਾਣੀ ਨੂੰ ਚੀਰਦੀ ਹੋਈ ਸੋਨਲ ਸਰਰ... ਸਰਰ... ਦੌੜਨ ਲੱਗੀ। ਹਵਾ ਤੋਂ ਵੀ ਤੇਜ਼ ਰਫ਼ਤਾਰ! ਮੁੰਡੇ ਨੇ ਚੁਫ਼ੇਰੇ ਦੇਖਿਆ। ਸਮੁੰਦਰ ਦੀ ਤਾਂ ਲੀਲਾ ਹੀ ਨਿਆਰੀ ਹੈ! ਧਰਤੀ ਉੱਪਰ ਤਾਂ ਥਾਂ ਥਾਂ ਨਿਗ੍ਹਾ ਅਟਕਦੀ ਹੈ। ਕਿਤੇ ਚੜ੍ਹਾਈ, ਕਿਤੇ ਢਲਾਣ, ਕਿਤੇ ਟੋਏ ਕਿਤੇ ਟਿੱਬੇ। ਕਿਤੇ ਪਹਾੜ ਕਿਤੇ ਝੁੱਗੀਆਂ, ਕਿਤੇ ਮੈਦਾਨ ਕਿਤੇ ਹਵੇਲੀਆਂ। ਇੱਥੇ ਕੁਝ ਵੀ ਨਹੀਂ! ਪੱਥਰ ਕੰਕਰ ਦੀ ਤਾਂ ਗੱਲ ਦੂਰ ਇੱਥੇ ਤਾਂ ਰੇਤ ਦੀ ਚੁਟਕੀ ਵੀ ਨਹੀਂ! ਚੁੱਕ ਕੇ ਵੱਟਾ ਮਾਰਨ ਦੀ ਇੱਛਾ ਤਾਂ ਦਿਲ ਹੀ ਦਿਲ ਵਿੱਚ ਰਹਿ ਜਾਏ। ਇੱਥੇ ਤਾਂ ਖਿੱਦੋ ਖੂੰਡੀ ਵੀ ਨੀ ਖੇਡ ਸਕਦੇ। ਨਾ ਦਰਖਤ, ਨਾ ਦਰਖਤਾਂ ਉੱਪਰ ਪੀਲ ਪਲਾਂਘਣ ਖੇਡ ਸਕੀਏ, ਨਾ ਕੋਈ ਦਰਖਤ ਤੋਂ ਹੇਠ ਡਿੱਗੇ, ਨਾ ਕਿਸੇ ਦਾ ਹੱਥ ਪੈਰ ਟੁੱਟੇ! ਇਸ ਕਰਕੇ ਮਾਂ ਬਾਪ ਦੀ ਫਟਕਾਰ ਵੀ ਨਹੀਂ। ਹੇਠਾਂ ਚਾਰੇ ਪਾਸੇ ਨੀਲਾ ਪਾਣੀ, ਉੱਪਰ ਨੀਲਾ ਅਸਮਾਨ। ਨਾ ਪਾਣੀ ਦਾ ਕੋਈ ਅੰਤ ਨਾ ਅਸਮਾਨ ਦਾ ਕਿਤੇ ਕਿਨਾਰਾ! ਏਨਾ ਪਾਣੀ ਆ ਕਿੱਥੋਂ ਗਿਆ? ਜਿੰਨਾ ਮਰਜੀ ਨ੍ਹੇਰਾ ਹੋਵੇ, ਠੋਕਰ ਲੱਗਣ ਦਾ ਮਤਲਬ ਈ ਨੀ।

ਇਹ ਕੁਝ ਸੋਚਦਾ ਜਾ ਰਿਹਾ ਸੀ ਕਿ ਗੁਸੈਲਾ ਤੂਫ਼ਾਨ ਆ ਗਿਆ, ਗੱਜਿਆ, ਦਹਾੜਿਆ, ਖ਼ੌਫ਼ਨਾਕ, ਉਬਾਲੇ ਖਾ ਰਿਹਾ। ਹਵਾ ਜਿਵੇਂ ਕਿਸੇ ਦਾ ਪਿੱਛਾ ਕਰ ਰਹੀ ਹੋਵੇ! ਪਹਾੜਾਂ ਨੂੰ ਰੋੜ੍ਹ ਲਿਆਏ, ਇਹੋ ਜਿਹਾ ਤੂਫ਼ਾਨ! ਮੱਛੀ ਬੋਲੀ- ਡਰ ਨਾ ਜਾਈਂ। ਜਿਵੇਂ ਆਇਆ ਤੂਫ਼ਾਨ ਉਵੇਂ ਗਿਆ ਸਮਝ। ਮੈਨੂੰ ਕਸ ਕੇ ਫੜੀ ਰੱਖ ਬੱਸ। ਸੋਨਲ ਜੋ ਕਹਿੰਦੀ ਗਈ ਮੁੰਡਾ ਕਰਦਾ ਗਿਆ। ਲਹਿਰਾਂ ਦੇ ਪਹਾੜ ਇਉਂ ਉਠਦੇ ਤੇ ਡਿਗਦੇ ਜਿਵੇਂ ਸਮੁੰਦਰ ਨੂੰ ਕਿੱਧਰੇ ਹੋਰ ਭਜਾ ਦੇਣਗੇ। ਪੀਂਘ ਜਿਵੇਂ ਕਦੇ ਉੱਪਰ ਉੱਠਦੀ ਹੈ ਕਦੇ ਹੇਠਾਂ ਆਉਂਦੀ ਹੈ, ਇਸ ਤਰ੍ਹਾਂ ਮੱਛੀ, ਮੱਛੀ ਉੱਪਰ ਮੁੰਡਾ ਹਲੋਰੇ ਖਾਂਦੇ ਜਾ ਰਹੇ ਸਨ। ਥੋੜ੍ਹੀ ਦੇਰ ਬਾਦ ਤੂਫ਼ਾਨ ਥਮ ਗਿਆ। ਜਿਵੇਂ ਲੱਖਾਂ ਢੋਲ ਨਗਾਰੇ ਵਜਦੇ ਵਜਦੇ ਰੁਕ ਗਏ ਹੋਣ। ਦੂਰ ਦੂਰ ਤੱਕ ਸਾਫ਼ ਦਿਖਾਈ ਦੇਣ ਲੱਗਾ। ਨਾ ਕਿਧਰੇ ਵਾੜਾਂ, ਨਾ ਕੰਡੇ। ਜਿੰਨਾ ਮਰਜ਼ੀ ਨੰਗੇ ਪੈਰੀਂ ਭੱਜੀ ਜਾਉ। ਭੱਖੜਾ ਵੀ ਨੀ ਚੁਭਦਾ। ਰੋੜ ਨਾ ਕੰਕਰ। ਹੌਲੀ ਹੌਲੀ ਸੂਰਜ ਹੇਠਾਂ ਉਤਰਨ ਲੱਗਾ। ਤਪਦੇ ਤਪਦੇ ਨੂੰ ਗੋਤਾ ਲਾਉਣ ਦੀ ਲੋੜ ਪੈ ਗਈ। ਉਹੋ, ਸੂਰਜ ਦਾ ਇੱਕ ਕਿਨਾਰਾ ਪਾਣੀ ਨਾਲ ਲੱਗ ਕੇ ਗਿੱਲਾ ਹੋ ਗਿਆ। ਕਿਤੇ ਬੁਝ ਈ ਨਾ ਜਾਵੇ! ਲਉ ਜੀ, ਡੁੱਬਿਆ ਕਿ ਡੁੱਬਿਆ। ਹੁਣ ਪਤਾ ਲੱਗਾ ਇਹ ਤਾਂ ਹਰ ਸ਼ਾਮ ਸਮੁੰਦਰ ਵਿੱਚ ਡੁਬਕੀ ਲਾਉਂਦੈ। ਤਾਂ ਹੀ ਤਾਂ ਸਵੇਰ ਵੇਲੇ ਠੰਢਾ ਠੰਢਾ ਹੁੰਦੈ। ਰਾਤ ਦਾ ਹਨੇਰਾ ਅਸਮਾਨ ਉੱਪਰ ਛਾਣ ਲੱਗਾ। ਸਮੁੰਦਰ ਦਾ ਰੰਗ ਵੀ ਸਾਂਵਲਾ ਹੋਣ ਲੱਗਾ। ਅੱਖ ਮਿਚੌਲੀ ਖੇਡਦੇ ਤਾਰੇ ਦਿਸਣ ਲੱਗੇ। ਫੂਕਾਂ ਮਾਰੋ, ਅੱਗ ਤੇਜ਼ ਹੋ ਜਾਂਦੀ ਹੈ, ਇਸੇ ਤਰ੍ਹਾਂ ਸਮੁੰਦਰੀ ਹਵਾ ਲੱਗ ਲੱਗ ਚੰਦ ਤੇਜ ਹੋਣ ਲੱਗਾ। ਸਮੁੰਦਰ ਦੀ ਚਾਨਣੀ ਦਾ ਤਾਂ ਕੋਈ ਆਰਪਾਰ ਨਹੀਂ ਕਿਧਰੇ, ਪਾਣੀ ਨਾਲ ਛੁਹ ਕੇ ਠੰਢੀ ਹੋ ਜਾਂਦੀ ਹੈ। ਚਾਨਣੀ ਸਮੁੰਦਰ ਨੂੰ ਨੁਹਾ ਰਹੀ ਹੈ ਕਿ ਸਮੁੰਦਰ ਚਾਨਣੀ ਨੂੰ, ਪਤਾ ਨਹੀਂ ਲਗਦਾ। ਨ੍ਹਾਤੀ ਧੋਤੀ ਚਾਨਣੀ ਲਹਿਰਾਂ ਦੇ ਝੂਲੇ ਵਿੱਚ ਝੂਲ ਰਹੀ ਹੈ, ਉਸਦੀ ਛੁਹ ਨਾਲ ਸਾਂਵਲਾ ਪਾਣੀ ਝਿਲਮਿਲ ਝਿਲਮਿਲ ਕਰਨ ਲੱਗਾ।

ਜੁਆਨ ਦੇ ਦਿਲ ਦੀ ਕਲੀ ਕਲੀ ਖਿੜ ਗਈ। ਹਜ਼ਾਰ ਬਰਸ ਦੀ ਰੰਗੀਨ ਜ਼ਿੰਦਗੀ ਉਸਨੇ ਤਿੰਨ ਦਿਨ, ਤਿੰਨ ਰਾਤਾਂ ਵਿੱਚ ਹੀ ਦੇਖ ਲਈ। ਇਹ ਨਜ਼ਾਰਾ ਦੇਖਣ ਬਿਨ ਮਰ ਜਾਂਦਾ ਤਾਂ ਕਾਹਦੀ ਜੂਨ! ਜੋਗੀ ਨੇ ਕਿੰਨੀ ਦੂਰ ਕਿੰਨੀ ਖ਼ਤਰਨਾਕ ਥਾਂ ਤੇ ਮੰਦਰ ਬਣਵਾਇਆ!

ਸੋਨਲ ਮੱਛੀ ਨੇ ਮੰਦਰ ਦੇਖਣ ਸਾਰ ਪਿੰਜਰਾ ਉਡਾਣ ਦੀ ਵਿਉਂਤ ਸੋਚ ਲਈ। ਅੱਧੀ ਰਾਤ ਢਲਣ ਤੱਕ ਉਡੀਕ ਕੀਤੀ। ਪੂਰਨਮਾਸ਼ੀ ਦੀ ਰਾਤ, ਸਮੁੰਦਰ ਵਿੱਚ ਜਵਾਰਭਾਟਾ ਆਇਆ ਹੋਇਆ ਸੀ। ਭੁੱਖੇ ਸ਼ੇਰ ਸੱਜੇ ਖੱਬੇ ਸੌਂ ਰਹੇ ਸਨ। ਸ਼ੇਰਾਂ ਨੂੰ ਪਤਾ ਸੀ ਇੱਥੇ ਏਨੀ ਦੂਰ ਮੌਤ ਦੇ ਮੂੰਹ ਤੱਕ ਕੌਣ ਆ ਸਕਦੈ? ਸਮੁੰਦਰ ਦਾ ਪਾਣੀ ਏਨਾ ਉੱਚਾ ਚੜ੍ਹਿਆ ਕਿ ਮੰਦਰ ਦਾ ਤਹਿਖ਼ਾਨਾ ਪਾਣੀ ਨਾਲ ਭਰ ਗਿਆ। ਪਿੱਠ ਤੇ ਮੁੰਡੇ ਨੂੰ ਬਿਠਾਈ ਮੱਛੀ ਤਹਿਖਾਨੇ ਦੇ ਪਾਣੀ ਵਿੱਚ ਚਲੀ ਗਈ। ਕੁੰਡੇ ਨਾਲ ਲਟਕਦਾ ਹੋਇਆ ਪਿੰਜਰਾ ਆਰਾਮ ਨਾਲ ਹੀ ਉਤਾਰ ਲਿਆ। ਮੱਛੀ ਵਾਪਸ ਮੁੜੀ। ਤੋਤੇ ਦੀ ਟਿਵ-ਟਿਵ ਸੁਣਕੇ ਸ਼ੇਰ ਅੱਖਾਂ ਮਲਦੇ ਉੱਠੇ। ਇਉਂ ਦਹਾੜੇ ਕਿ ਮੌਤ ਨੂੰ ਵੀ ਕਾਂਬਾ ਛਿੜ ਜਾਏ। ਪਰ ਪਾਣੀ ਵਿੱਚ ਛਾਲਾਂ ਮਾਰਨ ਦੀ ਹਿੰਮਤ ਨਹੀਂ ਹੋਈ। ਸ਼ੇਰਾਂ ਨੂੰ ਕਿਹੜਾ ਮੌਤ ਪਿਆਰੀ ਲਗਦੀ ਹੈ?

ਇੱਧਰ ਮੰਦਰ ਵਿੱਚੋਂ ਤੋਤੇ ਦਾ ਪਿੰਜਰਾ ਬਾਹਰ ਨਿਕਲਿਆ ਉੱਧਰ ਹਵਾ ਮਹਿਲ ਵਿੱਚ ਸੁੱਤਾ ਜੋਗੀ ਹੜਬੜਾ ਕੇ ਉੱਠਿਆ। ਘੁਮਿਆਰੀ ਨੇੜੇ ਖੜ੍ਹੀ ਪੱਖਾ ਝੱਲ ਰਹੀ ਸੀ। ਜੋਗੀ ਦੇ ਚਿਹਰੇ ਤੋਂ ਹਵਾਈਆਂ ਉੱਡਣ ਲੱਗੀਆਂ। ਮੱਥੇ ਉੱਪਰ ਹੱਥ ਮਾਰ ਕੇ ਕਹਿੰਦਾ- ਘੁਮਿਆਰੀਏ, ਇਹ ਕੀ ਹੋ ਗਿਆ? ਚਾਣਚੱਕ ਮੇਰਾ ਦਮ ਕਿਉਂ ਘੁਟਣ ਲੱਗਾ?

ਘੁਮਿਆਰੀ ਬੋਲੀ- ਹੱਡ ਮਾਸ ਦਾ ਮਾਣਸ ਸਰੀਰ ਹੈ। ਮਾੜੀ ਮੋਟੀ ਢਿੱਲ ਮੱਠ ਕਦੇ ਹੋ ਈ ਜਾਇਆ ਕਰਦੀ ਹੈ। ਸਿਰ ਦਬਾ ਦਿੰਨੀ ਆਂ, ਆਰਾਮ ਆ ਜਾਏਗਾ। ਜੋਗੀ ਦੀ ਆਵਾਜ਼ ਵਿੱਚ ਕਮਜ਼ੋਰੀ ਸਾਫ਼ ਦਿਸ ਰਹੀ ਸੀ। ਸਿਰ ਖੁਰਕਦਾ ਖੁਰਕਦਾ ਬੋਲਿਆ- ਕੋਈ ਜਾਲਸਾਜ਼ੀ ਹੋਈ ਲਗਦੀ ਐ!

-ਕੀ ਗੱਲਾਂ ਕਰਨ ਲੱਗੇ? ਜਾਲਸਾਜ਼ੀ? ਤੁਹਾਡੇ ਨਾਲ? ਭਗਵਾਨ ਦਾ ਵਸ ਤਾਂ ਚਲਦਾ ਨਹੀਂ ਤੁਹਾਡੇ ਅੱਗੇ। ਆਦਮੀਆਂ ਦੀ ਕੀ ਔਕਾਤ! ਇੰਨੇ ਨੂੰ ਸੇਠ ਦੀ ਬੇਟੀ ਵੀ ਆ ਕੇ ਘੁਮਿਆਰੀ ਨੇੜੇ ਖੜ੍ਹੀ ਹੋ ਗਈ। ਇਸ ਮਹਿਲ ਵਿੱਚ ਤਾਂ ਕੋਈ ਮਰ ਵੀ ਨਹੀਂ ਸਕਦਾ। ਮ੍ਰਿਤਕ ਦੇਹ ਉੱਪਰ ਅੰਮ੍ਰਿਤ ਬੂੰਦਾਂ ਛਿੜਕ ਕੇ ਜੋਗੀ ਫੇਰ ਜਾਨ ਪਾ ਦਿ ੰਦਾ ਹੈ। ਕੇਹੋ ਜਿਹਾ ਨਰਕ, ਜਿੱਥੇ ਮਰਨ ਦੀ ਵੀ ਆਗਿਆ ਨਹੀਂ। ਰਾਤਾਂ ਦੀਆਂ ਕਾਲੀਆਂ ਕੰਬਲੀਆਂ ਕੌਣ ਓੜ੍ਹੇ?

ਘੁਮਿਆਰੀ ਬੇਚੈਨ ਸੀ, ਬੇਟੇ ਦੀ ਖ਼ਬਰ ਨਹੀਂ ਆਈ ਕੋਈ। ਅਚਾਨਕ ਭਿਆਨਕ ਚੀਕ ਮਾਰ ਕੇ ਜੋਗੀ ਉੱਠਿਆ। ਉਸਦੀ ਚੀਕ ਵਿੱਚ ਏਨਾ ਦਰਦ ਜਿਵੇਂ ਹਜ਼ਾਰ ਸ਼ੇਰ ਮੌਤ ਦੇ ਇੱਕੋ ਪੰਜੇ ਹੇਠ ਚਿੰਘਾੜੇ ਹੋਣ! ਉਸਦੀ ਚੀਕ ਨਾਲ ਹਵਾ ਮਹਿਲ ਡੋਲਣ ਲੱਗਾ। ਪਾਗਲਾਂ ਵਾਂਗ ਜੋਗੀ ਇੱਧਰ ਉੱਧਰ ਭੱਜਣ ਲੱਗਾ। ਚੀਕਿਆ- ਘੁਮਿਆਰੀ, ਮੇਰੇ ਨਾਲ ਇਹ ਕੀ ਹੋਇਐ? ਵਿਸ਼ਵਾਸਘਾਤ ਹੋ ਗਿਆ! ਮਰਦਾ ਮਰਦਾ ਵੀ ਹਤਿਆਰੇ ਨੂੰ ਜਿਉਂਦਾ ਨਹੀਂ ਛੱਡਾਂਗਾ। ਕਿੱਥੇ ਹੈ ਜਹਾਜ਼? ਚਲੋ ਮੇਰੇ ਨਾਲ ਚਲੋ।

ਸੇਠ ਦੀ ਬੇਟੀ ਅਤੇ ਘੁਮਿਆਰੀ ਨੂੰ ਨਾਲ ਲੈ ਕੇ ਛਾਲ ਮਾਰ ਕੇ ਜਹਾਜੇ ਚੜ੍ਹਿਆ। ਛਣਨ ਛਣਨ ਕਰਦਾ ਜਹਾਜ਼ ਉੱਡ ਪਿਆ। ਸੂਰਜ ਚੜ੍ਹਨ ਤੋਂ ਪਹਿਲਾਂ ਦੀ ਹਲਕੀ ਹਲਕੀ ਠੰਢ ਸੀ, ਹਲਕਾ ਹਲਕਾ ਚਾਨਣ ਪਰ ਜੋਗੀ ਦੇ ਰੋਮ ਰੋਮ ਵਿੱਚੋਂ ਚਿੰਗਾੜੇ ਤਿੜਕ ਰਹੇ ਸਨ। ਲਗਦਾ ਸੀ ਸੂਰਜ ਸਾਰੀ ਦੁਨੀਆ ਨੂੰ ਭਸਮ ਕਰੇਗਾ! ਲਟ ਲਟ ਕਰਕੇ ਧਰਤੀ ਜਲੇਗੀ, ਢੀਠ ਸੂਰਜ ਇਹ ਦੇਖ ਦੇਖ ਤਾੜੀਆਂ ਵਜਾਵੇਗਾ ਹੱਸੇਗਾ!

ਤਲਾਬ ਨੇੜੇ ਜਹਾਜ ਉਤਰਨ ਵਾਲਾ ਸੀ ਕਿ ਗ਼ੁੱਸੇ ਨਾਲ ਜੋਗੀ ਨੇ ਸੇਠ ਦੀ ਧੀ ਨੂੰ ਕਿਹਾ- ਮੈਂ ਤੇਰੇ ਉੱਪਰ ਭਰੋਸਾ ਕਰਕੇ ਮਾਰ ਖਾ ਗਿਆ। ਜਨਾਨੀ ਭਰੋਸੇਯੋਗ ਹੁੰਦੀ ਵੀ ਨੀ। ਗ਼ਲਤੀ ਦਾ ਨਤੀਜਾ ਤਾਂ ਭੁਗਤਣਾ ਪੈਣਾ ਈ ਏ ਹੁਣ!

ਸੱਤ ਮੂਰਤੀਆਂ ਵਿਚਕਾਰ ਇਕ ਸੁਹਣਾ ਜੁਆਨ ਖਲੋਤਾ ਮੁਸਕਾ ਰਿਹਾ ਸੀ। ਉਸ ਦੇ ਹੱਥ ਵਿੱਚ ਸੋਨੇ ਦਾ ਪਿੰਜਰਾ। ਪਿੰਜਰੇ ਦੇ ਤੋਤੇ ਵਿੱਚ ਜੋਗੀ ਦੀ ਜਾਨ! ਪਿੰਜਰਾ ਖੋਲ੍ਹ ਕੇ ਮੋਰੀ ਵਿੱਚੋਂ ਦੀ ਤੋਤਾ ਬਾਹਰ ਕੱਢਣ ਹੀ ਲੱਗਾ ਸੀ ਕਿ ਵਰੋਲੇ ਵਾਂਗ ਜੋਗੀ ਉਸ ਵੱਲ ਵਧਿਆ। ਜੋਰ ਦੀ ਗੱਜਿਆ-

ਛੱਡ ਦੇ, ਛੋਕਰੇ ਤੋਤੇ ਨੂੰ ਛੱਡ ਦੇ। ਤੈਨੂੰ ਤਾਂ ਮੈਂ ਮਰਦਾ ਮਰਦਾ ਵੀ ਮਾਰ ਦਿਊਂਗਾ...! ਚਲ ਛੱਡ ਇਸਨੂੰ। ਇਨਾਮ ਵਿੱਚ ਤੈਨੂੰ ਹਵਾ ਮਹਿਲ ਦਿੱਤਾ। ਹੁਣ ਤਾਂ ਛੱਡ ਦੇਹ!

ਮੂੰਹ ਵਿੱਚ ਅੱਗ ਦੀਆਂ ਲਪਟਾਂ ਕੱਢਦਾ ਹੋਇਆ ਮੁੰਡੇ ਕੋਲ ਪਹੁੰਚਣ ਹੀ ਲੱਗਾ ਸੀ ਕਿ ਤੋਤੇ ਦੀਆਂ ਲੱਤਾਂ ਤੋੜ ਦਿੱਤੀਆਂ। ਜੋਗੀ ਪਿੱਠ ਭਾਰ ਜ਼ਮੀਨ ਤੇ ਡਿੱਗ ਕੇ ਤੜਫਣ ਲੱਗਿਆ। ਤਲਾਬ ਦੇ ਬੰਨ੍ਹੇ ਉੱਪਰ ਚੜ੍ਹਨ ਦੀ ਬੜੀ ਕੋਸ਼ਿਸ਼ ਕੀਤੀ ਪਰ ਅੱਧ ਵਿਚਾਲਿਉਂ ਪੁੱਠਾ ਡਿੱਗ ਪੈਂਦਾ। ਸਾਰਾ ਸਰੀਰ ਲਹੂ ਲੁਹਾਣ ਹੋ ਗਿਆ।

ਘੁਮਿਆਰੀ ਦੂਰੋਂ ਚਿੱਲਾਈ- ਬੇਟੇ ਇਸ ਦੀ ਤਾਕਤ ਦਾ ਤੈਨੂੰ ਪਤਾ ਨਹੀਂ। ਦੇਰ ਨਾ ਕਰ। ਫਟਾਫਟ ਤੋਤੇ ਦੀ ਗਰਦਣ ਮਰੋੜ! ਫਟਾਫਟ!!!

ਮੁੰਡਾ ਹੱਸਿਆ- ਇਸਦੀ ਤਾਕਤ ਤਾਂ ਦਿੱਸ ਰਹੀ ਐ ਮਾਂ। ਤਮਾਮ ਉਮਰ ਮੌਜਾਂ ਹੀ ਮੌਜਾਂ ਕੀਤੀਆਂ ਇਸਨੇ, ਦੁੱਖ ਦਾ ਸੁਆਦ ਵੀ ਪਤਾ ਲੱਗੇ। ਬਿਨਾਂ ਦੁੱਖ, ਸੁਖ ਦਾ ਕੋਈ ਪਤਾ ਨੀਂ ਲਗਦਾ...!

ਲੱਤਾਂ ਤੁੜਾ ਕੇ ਜੋਗੀ ਬਹੁਤ ਕੂਕਿਆ, ਗਿੜਗਿੜਾਇਆ ਵੀ ਧਮਕਾਇਆ ਵੀ ਪਰ ਘੁਮਿਆਰੀ ਦੇ ਬੇਟੇ ਨੇ ਤੋਤਾ ਨਾ ਛੱਡਣਾ ਸੀ ਨਾ ਛੱਡਿਆ। ਖ਼ੂਨ ਨਾਲ ਨੁਚੜਦਾ ਲੋਟਣੀਆਂ ਖਾਂਦਾ ਰਿਹਾ।

ਸੇਠ ਦੀ ਬੇਟੀ ਨੇ ਸ਼ੀਸ਼ੇ ਦੀ ਸੁਰਾਹੀ ਵਿੱਚ ਲਿਆਂਦਾ ਅੰਮ੍ਰਿਤ ਮੂਰਤੀਆਂ ਉੱਪਰ ਛਿੜਕਿਆ। ਸੱਤੇ ਭਾਈ ਜਿਉਂਦੇ ਹੋ ਗਏ। ਉਬਾਸੀਆਂ ਲੈਂਦੇ ਉੱਠੇ ਤੇ ਕਿਹਾ- ਏਨੀ ਡੂੰਘੀ ਨੀਂਦ ਕਦੇ ਨੀ ਸੀ ਆਈ। ਬੜੀ ਦੇਰ ਸੁੱਤੇ...!

ਘੁਮਿਆਰੀ ਬੋਲੀ- ਥੁੱਕੋ ਆਪਣੀ ਕਹੀ ਗੱਲ ਤੇ। ਇਹੋ ਜਿਹੀ ਨੀਂਦ ਤਾਂ ਦੁਸ਼ਮਣਾਂ ਨੂੰ ਵੀ ਨਾ ਆਵੇ। ਖ਼ੂਨ ਨਾਲ ਲਿਬੜੇ ਜੋਗੀ ਨੂੰ ਦੇਖ ਕੇ ਪਿਛਲਾ ਸਮਾਂ ਯਾਦ ਆਇਆ। ਭੈਣ ਨੂੰ ਪੁੱਛਿਆ- ਤੇਰੀਆਂ ਭਰਜਾਈਆਂ ਕਿੱਥੇ ਨੇ?

ਕੁੜੀ ਬੋਲੀ- ਰੁਕੋ, ਥੋੜ੍ਹੀ ਦੇਰ ਬਾਅਦ ਆਈਆਂ ਸਮਝੋ। ਇਹ ਕਹਿਕੇ ਕੁੜੀ ਨੇ ਜੇਬੋਂ ਖੰਭ ਕੱਢਿਆ, ਸੱਤ ਫੂਕਾਂ ਮਾਰੀਆਂ। ਦੇਰ ਤੱਕ ਜਹਾਜ਼ ਨਜ਼ਰ ਨਹੀਂ ਆਇਆ। ਹੈਰਾਨੀ ਹੋਈ, ਹਵਾ ਮਹਿਲ ਹੇਠਾਂ ਉਤਰਦਾ ਦਿਖਾਈ ਦਿੱਤਾ। ਘੁਮਿਆਰੀ ਨੇ ਘਬਰਾ ਕੇ ਕਿਹਾ- ਬੇਟੇ ਹੋਰ ਦੇਰ ਨਾ ਕਰ। ਜਦੋਂ ਤੱਕ ਜੋਗੀ ਮਰਦਾ ਨਹੀਂ, ਹਵਾ ਮਹਿਲ ਧਰਤੀ ਤੇ ਨਹੀਂ ਉਤਰੇਗਾ। ਸੁਣਦਿਆਂ ਹੀ ਮੁੰਡੇ ਨੇ ਤੋਤੇ ਦੀ ਗਰਦਣ ਮਰੋੜ ਦਿੱਤੀ। ਹਜ਼ਾਰ ਬਿਜਲੀਆਂ ਇਕੱਠੀਆਂ ਕੜਕੀਆਂ। ਹਜ਼ਾਰ ਬੱਦਲ ਇਕੱਠੇ ਗੱਜੇ।

ਅਸਮਾਨ ਜੋਗੀ ਆਖ਼ਰੀ ਚੰਘਿਆੜ ਮਾਰ ਕੇ ਡਿੱਗ ਪਿਆ, ਠੰਢਾ ਹੋ ਗਿਆ। ਮਰਨਸਾਰ ਹਵਾ ਮਹਿਲ ਧਰਤੀ ਉੱਪਰ ਉਤਰ ਆਇਆ। ਸੋਨੇ ਦੇ ਦਰਵਾਜ਼ੇ ਖੁੱਲ੍ਹੇ। ਸਭ ਔਰਤਾਂ ਮੁਕਤ ਹੋ ਗਈਆਂ। ਜਿਉਂ ਹੀ ਬੰਦੀ ਮੁਕਤ ਹੋਈਆਂ, ਮਹਿਲ ਖਿੱਲਰ ਗਿਆ। ਉਦੋਂ ਤੋਂ ਤਲਾਬ ਕਿਨਾਰੇ ਧਰਤੀ ਉੱਪਰ ਕੇਸਰ ਦੇ ਫੁੱਲ ਖਿੜਨ ਲੱਗੇ। ਹੀਰੇ ਮੋਤੀ, ਲਾਲ ਜਵਾਹਰ, ਰਤਨ ਮਾਣਿਕਾਂ ਦੇ ਢੇਰ ਲੱਗ ਗਏ। ਸੇਠ ਸੇਠਾਣੀ ਧੂਪ ਬੱਤੀ ਕਰਨ ਆਏ ਤਾਂ ਨਜ਼ਾਰਾ ਦੇਖ ਕੇ ਦੰਗ ਰਹਿ ਗਏ। ਉਨ੍ਹਾਂ ਦੀ ਪੂਜਾ ਬੇਕਾਰ ਨਹੀਂ ਗਈ। ਅਣਗਿਣਤ ਔਰਤਾਂ ਦਾ ਮੇਲਾ, ਮੇਲੇ ਵਿਚਕਾਰ ਸੇਠ ਦੀ ਧੀ, ਨੂੰਹਾਂ ਦੇ ਚਿਹਰੇ ਦੀਵਿਆਂ ਵਾਂਗ ਚਮਕ ਰਹੇ ਸਨ।

ਸੌਣ ਦੀ ਤੀਜ ਤੋਂ ਪਹਿਲਾਂ ਹੀ ਇਹ ਕੇਹੀ ਸੁਹਾਵਣੀ ਤੀਜ ਆ ਗਈ? ਸਾਰੀ ਗੱਲ ਦਾ ਪਤਾ ਲੱਗਾ, ਸੇਠ ਨੇ ਕਿਹਾ- ਧੀ ਲਈ ਹੋਰ ਕਿਸੇ ਵਰ ਦੀ ਤਲਾਸ਼ ਕਿਸ ਵਾਸਤੇ? ਜਿਸਨੇ ਸਾਰੀਆਂ ਬਚਾ ਲਈਆਂ, ਉਸ ਨਾਲ ਫੇਰੇ ਦੇਣ ਦਾ ਐਲਾਨ ਕਰ ਦਿੱਤਾ। ਖ਼ੂਬ ਢੋਲ ਨਗਾਰੇ ਵੱਜੇ, ਦੜਿੰਗ ਦੜਿੰਗ ਤੜਿੰਗ ਤੜਿੰਗ ਲੋਕ ਨੱਚੇ। ਮੁਕਤ ਹੋਈਆਂ ਔਰਤਾਂ ਤਾਂ ਨੱਚਣੋ ਹਟਣ ਈ ਨਾ। ਬਹੁਤ ਗੀਤ ਗਾਏ।

ਖ਼ਬਰ ਫੈਲੀ, ਔਰਤਾਂ ਦੇ ਘਰ ਵਾਲੇ ਭੱਜੇ ਆਏ। ਘੁਮਿਆਰੀ ਨੇ ਸਾਰੀਆਂ ਦੇ ਪੱਲੇ ਮੋਤੀਆਂ ਨਾਲ ਭਰੇ ਤੇ ਧੀਆਂ ਵਾਂਗ ਵਿਦਾ ਕੀਤੀਆਂ।

ਜੋਗੀ ਜ਼ਮੀਨ ਵਿੱਚ ਦੱਬ ਦਿੱਤਾ। ਉਸ ਦੇ ਪੇਟ ਵਿੱਚੋਂ ਅੱਕ ਤੇ ਸਿਰ ਵਿੱਚੋਂ ਧਤੂਰਾ ਉੱਗਿਆ। ਕੁਦਰਤੀ ਉਸ ਦਿਨ ਮੈਂ ਉੱਥੇ ਗਿਆ ਹੋਇਆ ਸਾਂ। ਅੱਖੀਂ ਸਾਰਾ ਨਜ਼ਾਰਾ ਦੇਖਿਆ। ਜਿਹੜੇ ਮੇਰੀ ਗੱਲ ਸੱਚ ਮੰਨਣਗੇ ਉਹ ਘੁਮਿਆਰੀ ਦੇ ਬੇਟੇ ਵਾਂਗ ਸੁਖੀ ਵੱਸਣਗੇ। ਧੂਮ ਧੜੱਕੇ ਨਾਲ ਉਨ੍ਹਾਂ ਦਾ ਮਨ ਚਾਹਿਆ ਵਿਆਹ ਹੋਏਗਾ। ਜਿਹੜੇ ਸ਼ੱਕ ਕਰਨਗੇ, ਉਨ੍ਹਾਂ ਦੀ ਮਿੱਟੀ ਵਿੱਚੋਂ ਅੱਕ ਧਤੂਰੇ ਉਗਣਗੇ...!

(ਮੂਲ ਲੇਖਕ: ਵਿਜੇਦਾਨ ਦੇਥਾ)
(ਅਨੁਵਾਦਕ: ਹਰਪਾਲ ਸਿੰਘ ਪੰਨੂ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •