Astitvavad Di Samajh : Dharam Chand Vatish

ਅਸਤਿਤਵਵਾਦ (Existentialism) ਦੀ ਸਮਝ : ਧਰਮਚੰਦ ਵਾਤਿਸ਼

ਅਸਤਿਤਵਵਾਦ ਇੱਕ ਅਜਿਹਾ ਦਰਸ਼ਨ ਹੈ ਜਿਸਨੇ ਦੂਜੇ ਮਹਾਂਯੁੱਧ ਤੋਂ ਬਾਅਦ ਤਤਕਾਲੀ ਬੌਧਿਕ ਫ਼ਿਜ਼ਾ ਨੂੰ ਬੇਹੱਦ ਪ੍ਰਭਾਵਿਤ ਕੀਤਾ। ਇਹ ਫ਼ਿਲਾਸਫ਼ੀ ਵੀਹਵੀਂ ਸਦੀ ਵਿੱਚ ਮਾਰਕਸਵਾਦ ਤੋਂ ਬਾਅਦ ਦੂਜੀ ਵੱਡੀ ਚਿੰਤਨ-ਪ੍ਰਣਾਲੀ ਸਵੀਕਾਰ ਕੀਤੀ ਗਈ। ਇਨ੍ਹਾਂ ਦੋਵਾਂ ਚਿੰਤਨ-ਪ੍ਰਣਾਲੀਆਂ ਨੇ ਅੱਗੋਂ ਸਾਹਿਤ, ਕਲਾ, ਸਮਾਜ ਅਤੇ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ, ਅਸਤਿਤਵਵਾਦ ਨੂੰ ਹੋਰਨਾਂ ਫ਼ਿਲਾਸਫ਼ੀਆਂ ਜਿਵੇਂ ਕਿ ਆਦਰਸ਼ਵਾਦ, ਸਮਾਜਵਾਦ, ਯਥਾਰਥਵਾਦ ਆਦਿ ਵਾਂਗ ਵਿਲੱਖਣ ਦਰਸ਼ਨ ਸਮਝਣ ਦੀ ਥਾਂ ਇੱਕ ਝੁਕਾਓ, ਵਤੀਰਾ ਜਾਂ ਵਿਚਾਰ ਕਿਹਾ ਗਿਆ। ਇਸ ਦਾ ਕਾਰਨ ਸ਼ਾਇਦ ਇਹ ਵੀ ਹੈ ਕਿ ਇਸ ਦਰਸ਼ਨ ਨੂੰ ਸਮਝਣਾ ਜੇ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹੈ ਅਤੇ ਇਸਦੀ ਸਮਝ ਦੇ ਪੈਂਡੇ ਤੇ ਚੱਲੇ ਰਾਹੀ ਨੂੰ ਸਖ਼ਤ ਮਗਜ਼-ਖਪਾਈ ਕਰਨੀ ਪੈਂਦੀ ਹੈ। ਇਹ ਦਰਸ਼ਨ ਬਹੁਰੰਗਾ ਹੋਣ ਕਾਰਨ ਵੀ ਸੋਚ ਨੂੰ ਚੱਕਰਵਿਊ ਵਿੱਚ ਪਾ ਦਿੰਦਾ ਹੈ। ਨਿਰਸੰਦੇਹ, ਇਸਦਾ ਪ੍ਰਚਾਰ ਬਹੁਤ ਹੋਇਆ, ਵਿਵਾਦਗ੍ਰਸਤ ਵੀ ਰਿਹਾ, ਸਮਕਾਲੀ ਚਿੰਤਨ ਨੇ ਇਸ ਤੋਂ ਅਨੇਕਾਂ ਪ੍ਰਭਾਵ ਵੀ ਗ੍ਰਹਿਣ ਕੀਤੇ, ਤਾਂ ਵੀ ਇਸ ਦਰਸ਼ਨ ਨੂੰ ਸਮਝਿਆ ਘੱਟ ਗਿਆ ਹੈ। ਅਜੋਕੇ ਸਮੇਂ ਦੀ ਅਨਿਸ਼ਚਤਤਾ ਅਤੇ ਵਿਭਿੰਨ ਖੇਤਰਾਂ ਦੇ ਮਨੁੱਖੀ ਤਣਾਵਾਂ ਨੇ ਇਸ ਦਰਸ਼ਨ ਵੱਲ ਬੁੱਧੀਜੀਵੀਆਂ ਦਾ ਧਿਆਨ ਆਕਰਸ਼ਤ ਕੀਤਾ। ਇਹ ਦਰਸ਼ਨ ਵਿਅਕਤੀ ਦੇ ਵਜੂਦ ਨੂੰ ਕੇਂਦਰ ਵਿੱਚ ਰੱਖਦਾ ਹੈ। ਉਸਨੂੰ ਤਸਦੀਕ ਅਤੇ ਪਰਵਾਨ ਕਰਦਾ ਹੈ। ਵਿਅਕਤੀ ਦੀ ਹੋਂਦ ਨੂੰ ਸਮਝਣ ਹਿਤ ਤਾਰਕਿਕੀਕਰਨ ਦੀ ਥਾਂ ਅਨੁਭਵ ਨੂੰ ਆਧਾਰ ਬਣਾਉਂਦਾ ਹੈ। ਬੰਦਾ ਇੱਕ ਦੰਭੀ ਸੰਸਾਰ ਵਿੱਚ ਆਪਣਾ ਜੀਵਨ ਜੀ ਰਿਹਾ ਹੈ। ਅਜਿਹੇ ਸੰਸਾਰ ਨੂੰ ਸਵੀਕਾਰ ਵੀ ਕੀਤਾ ਜਾ ਸਕਦਾ ਹੈ, ਰੱਦ ਵੀ। ਬੰਦੇ ਨੂੰ ਆਪਣੇ ਪ੍ਰਾਪਤ ਹਾਲਾਤ ਵਿੱਚ ਚੋਣ ਕਾਰਨ, ਅਮਲ ਕਰਨ ਅਤੇ ਫਲਸਰੂਪ ਨਤੀਜਿਆਂ ਦੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ। ਦਿੱਤੇ ਚੁਗਿਰਦੇ ਵਿੱਚ ਵਿਚਰਦਿਆਂ ਬੰਦਾ ਆਪਣੇ ਅਸਤਿਤਵ ਅਤੇ ਇਸਦੀ ਪਕਿਆਈ ਤੋਂ ਭਲੀ ਭਾਂਤ ਜਾਣੂ ਹੁੰਦਾ ਹੈ। ਬੰਦੇ ਨੂੰ ਹੋਰਨਾਂ ਬੰਦਿਆਂ ਨਾਲ ਸੰਬੰਧਾਂ ਅਤੇ ਆਪਣੇ ਸਵੈ ਨਾਲ਼ ਸੰਬੰਧਾਂ ਵਿੱਚੋਂ ਪੈਦਾ ਹੋਈਆਂ ਔਕੜਾਂ ਨਾਲ ਜੂਝਣਾ ਪੈਂਦਾ ਹੈ। ਅਜਿਹੀਆਂ ਪਰਿਸਥਿਤੀਆਂ ਇਸ ਦਰਸ਼ਨ ਨੂੰ ਆਧਾਰ ਪ੍ਰਦਾਨ ਕਰਦੀਆਂ ਹਨ। ਇਹ ਦਰਸ਼ਨ ਜੀਵਨ ਜਿੰਨਾ ਹੀ ਗੁੰਝਲਦਾਰ ਹੈ। ਇਸਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਵਿਵਸਥਤ ਨਹੀਂ। ਇਸੇ ਕਰਕੇ ਇਸਦੀ ਪਰਿਭਾਸ਼ਾ ਦੇਣ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ। ਇਸੇ ਲਈ ਅਨੇਕਾਂ ਵਿਦਵਾਨਾਂ ਦਾ ਮੱਤ ਹੈ ਇਸ ਫ਼ਿਲਾਸਫ਼ੀ ਨੂੰ ਪਰਿਭਾਸ਼ਤ ਕਰਨ ਨਾਲੋਂ ਇਸ ਦੀ ਵਿਆਖਿਆ ਹੀ ਕਰਨੀ ਬਣਦੀ ਹੈ ਕਿਉਂ ਜੋ ਪਰਿਭਾਸ਼ਤ ਤਾਂ ਕੇਵਲ ਵਿਵਸਥਤ ਦਰਸ਼ਨ ਹੀ ਕੀਤਾ ਜਾ ਸਕਦਾ ਹੈ। ਇਸ ਤੋਂ ਬਿਨਾ ਇਹ ਇੱਕ ਵੰਡੀ ਹੋਈ ਮਨੋਦਸ਼ਾ ਹੈ। ਇਸ ਵਾਦ ਦਾ ਬਾਨੀ ਕੀਰਕੇਗਾਰਦ ਡੈਨਮਾਰਕ ਦਾ ਇੱਕ ਈਸਾਈ ਸੀ। ਜਰਮਨ ਦਾਰਸ਼ਨਿਕ ਫਰੈਡਰਿਕ ਨੀਤਸ਼ੇ ਪੂਰਾ ਨਾਸਤਿਕ ਸੀ। ਮਾਰਟਿਨ ਬੂਬਰ ਯਹੂਦੀ ਸੀ। ਦੋਸਤੋਵਸਕੀ ਰੂੜੀਵਾਦੀ ਸਨਾਤਨੀ ਸੀ। ਐਲਬੇਅਰ ਕਾਮੂ ਅਤੇ ਕਾਰਲ ਜੈਸਪਰਸ ਦੋਵੇਂ ਉਦਾਰਵਾਦੀ ਸਨ। ਮਾਰਟਿਨ ਹਾਈਡਿਗਰ ਤਾਂ ਨਾਜ਼ੀ ਪਾਰਟੀ ਦਾ ਮੈਂਬਰ ਵੀ ਰਹਿ ਚੁੱਕਾ ਸੀ। ਨਿਕੋਲਸ ਬਰਦੀਏਵ, ਜਕ ਮੇਰੀਟੇਨ, ਬੁਲਟਮਾਨ ਅਤੇ ਪਾਲ ਟਿਲਿੱਕ ਆਦਿ ਸਾਰੇ ਹੀ ਧਾਰਮਿਕ ਸਨ। ਅਜਿਹੀਆਂ ਵਿਭਿੰਨਤਾਵਾਂ ਕਰਨਾ ਅਸਤਿਤਵਵਾਦ ਸੰਬੰਧੀ ਕੋਈ ਸਾਂਝਾ ਸੂਤਰ ਨਿਰਧਾਰਿਤ ਕਰਨਾ ਕਠਿਨ ਪ੍ਰਤੀਤ ਹੁੰਦਾ ਹੈ ਤਾਂ ਵੀ ਜਾਂ ਪਾਲ ਸਾਰਤਰ ਨੇ ਇੱਕ ਸਾਂਝਾ ਸੂਤਰ ਲੱਭ ਹੀ ਲਿਆ ਜਿਸ ਤੇ ਲਗਭਗ ਸਾਰੇ ਹੀ ਅਸਤਿਤਵਵਾਦੀ ਚਿੰਤਕ ਸਹਿਮਤ ਹਨ, ਇਹ ਸੂਤਰ ਹੈ:

ਅਸਤਿਤਵ ਸਾਰ ਤੋਂ ਪਹਿਲਾਂ ਹੈ।
Existence Precedes Essence

ਇਸਦੇ ਉਲਟ ਵਿਚਾਰ ਹੈ:

ਸਾਰ ਅਸਤਿਤਵ ਤੋਂ ਪਹਿਲਾਂ ਹੈ
Essence Precedes Existence

ਇਨ੍ਹਾਂ ਦੋਵਾਂ ਸੂਤਰਾਂ ਨੂੰ ਸਮਝਣ ਲਈ ਸਾਰਤਰ ਨੇ ਆਪਣੇ ਵਿਚਾਰ Existentialism and Human Emotions ਵਿੱਚ ਦਿੱਤੇ ਹਨ। ਉਹ ਕੈਂਚੀ ਦੀ ਉਦਾਹਰਨ ਦਿੰਦਿਆਂ ਦੱਸਦਾ ਹੈ ਕਿ ਕਾਗ਼ਜ਼ ਕੱਟਣ ਲਈ ਕੈਂਚੀ ਬਣਾਉਣ ਦਾ ਵਿਚਾਰ (ਸਾਰ) ਮਿਸਤਰੀ ਦੇ ਦਿਮਾਗ਼ ਵਿੱਚ ਪਹਿਲਾਂ ਆਉਂਦਾ ਹੈ। ਇਸ ਪ੍ਰਕਿਰਿਆ ਨੂੰ ਅਸੀਂ ਇੰਜ ਦਰਸਾ ਸਕਦੇ ਹਾਂ:

ਸਿਰਜਨਹਾਰ (ਮਿਸਤਰੀ)

ਉਸਦੇ ਮਨ ਵਿੱਚ ਵਿਚਾਰ

ਸਿਰਜਨ ਕਾਰਜ

ਤਿਆਰ ਮਾਲ (ਕੈਂਚੀ)

ਇਹ ਹੈ-ਸਾਰ (ਵਿਚਾਰ) ਅਸਤਿਤਵ ਤੋਂ ਪਹਿਲਾਂ ਦੀ ਉਦਾਹਰਨ। ਇਵੇਂ ਉਹ ਕਹਿੰਦਾ ਹੈ, "The individual man is the realisation of a certain concept in the divine intelligence)[1]ਇਸ ਸਿਧਾਂਤ ਨੂੰ ਜੇਕਰ ਸਵੀਕਾਰ ਕਰ ਲਿਆ ਜਾਵੇ, ਤਾਂ ਸਾਰਤਰ ਕਹਿੰਦਾ ਹੈ, ਕਿ ਸਾਡੀਆਂ ਖ਼ੁਸ਼ੀਆਂ ਅਤੇ ਸਾਡੀ ਸੰਪੂਰਨਤਾ ਦਾ ਸਾਧਨ ਉਹ ਹੈ ਜੋ ਸਾਡੇ ਸਿਰਜਨਹਾਰ ਰੱਬ ਨੇ ਸਾਨੂੰ ਸਿਰਜਨ ਸਮੇਂ ਸੋਚਿਆ। ਇਸ ਸੂਤਰ ਦੇ ਨਤੀਜੇ ਵਜੋਂ ਤਾਂ Both our nature and our value come from outside of us.[2] ਅਰਥਾਤ ਸਾਡੀ ਕ੍ਰਿਤੀ ਅਤੇ ਸਾਡੀ ਕੀਮਤ ਸਾਥੋਂ ਬਾਹਰੋਂ ਆਉਂਦੀ ਹੈ।

ਇੰਜ ਹੀ ਸਾਰਤਰ ਅਸਤਿਤਵ ਸਾਰ ਤੋਂ ਪਹਿਲਾਂ ਹੈ’ ਨੂੰ ਸਪਸ਼ਟ ਕਰਦਿਆਂ ਲਿਖਦਾ ਹੈ ਕਿ ਇਸ ਸੂਤਰ ਦਾ ਭਾਵ ਇਹ ਹੈ ਕਿ ਬੰਦੇ ਹੀ ਹੋਂਦ ਪਹਿਲਾਂ ਹੈ। ਉਹ ਸੰਸਾਰ-ਦ੍ਰਿਸ਼ ਤੇ ਪ੍ਰਗਟ ਹੁੰਦਾ ਹੈ ਅਤੇ ਬਾਅਦ ਵਿੱਚ ਆਪਣੇ ਸਵੈ ਨੂੰ ਪਰਿਭਾਸ਼ਤ ਕਰਦਾ ਹੈ। ਉਹ ਕੁੱਝ ਬਣਨ ਲਈ ਚੋਣ ਕਰਦਾ ਹੈ ਅਤੇ ਇੰਜ ਆਪਣੇ ਅਸਤਿਤਵ ਨੂੰ ਉਜਾਗਰ ਕਰਦਾ ਹੈ। Man is nothing else but he makes of himself.[3] ਅਰਥਾਤ ਬੰਦਾ ਉਹ ਕੁੱਝ ਹੀ ਹੈ ਜੋ ਕੁੱਝ ਉਹ ਆਪਣੇ ਆਪਨੂੰ ਬਣਾਉਂਦਾ ਹੈ। ਇਸ ਸੂਤਰ ਨੂੰ ਇੰਜ ਵੀ ਦਰਸਾਇਆ ਜਾ ਸਕਦਾ ਹੈ:

ਬੰਦੇ ਨੂੰ ਪ੍ਰਾਪਤ ਮਾਹੌਲ

ਅਨੇਕ ਸੰਭਾਵਨਾਵਾਂ

ਸੁਤੰਤਰ ਚੋਣ

ਚੋਣ 'ਤੇ ਅਮਲ

ਸਾਰ ਦੀ ਪ੍ਰਾਪਤੀ

ਮਨੁੱਖੀ ਸੁਤੰਤਰਤਾ, ਮਾਨਵੀ ਕੀਮਤਾਂ, ਮਨੁੱਖੀ ਚਿੰਤਾਵਾਂ, ਮਾਨਵੀ ਸੰਵੇਗ, ਉਸਦਾ ਅਤਾਰਕਿਕ ਵਿਅਕਤਿਤਵ ਆਦਿ ਸਭ ਕੁੱਝ ਅਸਤਿਤਵਵਾਦ ਦੇ ਅਧਿਐਨ ਦਾ ਖੇਤਰ ਹੈ। ਇਸ ਚਿੰਤਨ ਦੀ ਵਿਲੱਖਣਤਾ ਇਹ ਹੈ ਕਿ ਆਪਣਾ ਪੈਂਡਾ ਕੁਦਰਤ ਦੀ ਥਾਂ ਵਿਅਕਤੀ ਤੋਂ ਸ਼ੁਰੂ ਕਰਦਾ ਹੈ। ਸਾਰਤਰ ਵੀ ਆਪਣੇ ਚਿੰਤਨ ਦਾ ਆਧਾਰ ਵਿਅਕਤੀ ਨੂੰ ਬਣਾਉਂਦਾ ਹੈ। ਵਿਅਕਤੀ ਨੂੰ ਉਹ ਉਸਦੀ ਚੇਤਨਾ ’ਤੇ ਕੇਂਦਰਤ ਕਰਦਾ ਹੈ। ਚੇਤਨਾ ਕਿਸੇ ਬਾਹਰੀ ਦਬਾਅ ਤੋਂ ਸੁਤੰਤਰ ਹੋ ਕੇ ਫ਼ੈਸਲਾ ਕਰਦੀ ਹੈ। ਇਹ ਫੈਸਲਾ ਅਨੇਕਾਂ ਸੰਭਾਵਨਾਵਾਂ ਵਿੱਚੋਂ ਕਿਸੇ ਇੱਕ ਸੰਭਾਵਨਾ ਦੀ ਚੋਣ ਕਰਨ ਵਿੱਚ ਨਿਹਿਤ ਹੁੰਦਾ ਹੈ। ਅਸਤਿਤਵਵਾਦ ਵਸਤੂਆਂ ਅਤੇ 'ਸਾਰ’ ਤੇ ਆਧਾਰਿਤ ਚਿੰਤਨ ਦਾ ਧੁਰੋਂ ਹੀ ਵਿਰੋਧੀ ਹੈ। ਇਸ ਦਰਸ਼ਨ ਨੂੰ ਵਸਤੂ ਦੀ ਥਾਂ ਵਿਅਕਤੀ ਦਾ ਅਧਿਐਨ ਕਹਿਣਾ ਵਧੇਰੇ ਉਚਿਤ ਹੈ। ਅਸਤਿਤਵ ਦਾ ਅਧਿਐਨ ਕਦੇ ਵੀ ਵਸਤੁਪਰਕ ਨਹੀਂ ਹੋ ਸਕਦਾ। ਵਿਅਕਤੀ ਦੀ ਸਥੂਲ ਹੋਂਦ ਹੀ ਇਸ ਅਧਿਐਨ ਦੀ ਆਧਾਰ-ਸ਼ਿਲਾ ਹੈ। ਮ੍ਰਿਤਕ ਨਹੀਂ, ਜਿਉਂਦਾ ਵਿਅਕਤੀ ਹੀ ਜਾਣਿਆ ਜਾ ਸਕਦਾ ਹੈ। ਅਸਤਿਤਵ ਕਿਸੇ ਸਿਧਾਂਤ ਦਾ ਮੁਥਾਜ ਨਹੀਂ ਹੁੰਦਾ ਸਗੋਂ ਇਹ ਤਾਂ ਵਿਵਹਾਰਿਕ ਜੀਵਨ ਵਿੱਚ ਨਿਹਿਤ ਹੁੰਦਾ ਹੈ। ਯੂਨਾਨੀ ਚਿੰਤਨ ਬੰਦੇ ਦੀ ਹੋਂਦ ਨੂੰ ਤਾਰਕਿਕ ਸੂਤਰ ਪ੍ਰਦਾਨ ਕਰਦਾ ਹੈ ਪਰ ਅਸਤਿਤਵਵਾਦ ਵਿੱਚ ਤਰਕ ਸਹਾਇਕ ਵਜੋਂ ਤਾਂ ਕੰਮ ਆ ਸਕਦਾ ਹੈ ਪ੍ਰਧਾਨ ਸੂਤਰ ਵਜੋਂ ਨਹੀਂ। ਜੇ ਸੰਸਾਰ ਇੱਕ ਮੰਚ ਹੈ ਅਤੇ ਬੰਦੇ ਇਸ ਉੱਪਰ ਖੇਡੇ ਜਾਣ ਵਾਲੇ ਨਾਟਕ ਦੇ ਪਾਤਰ ਹਨ ਤਾਂ ਇਉਂ ਸਮਝਣਾ ਬਣਦਾ ਹੈ ਕਿ ਅਸਤਿਤਵਵਾਦੀ ਚਿੰਤਨ ਪਾਤਰਾਂ ਦੀ ਦ੍ਰਿਸ਼ਟੀ ਤੋਂ ਕਾਰਜ ਕਰਦਾ ਹੈ, ਨਾ ਕਿ ਦਰਸ਼ਕਾਂ ਦੀਆਂ ਨਜ਼ਰਾਂ ਨਾਲ। ਸੰਸਾਰਕ ਮੰਚ ਤੇ ਬੰਦੇ ਦੀ ਹੋਂਦ ਦਾ ਅਧਿਐਨ ਉਸਦੀ ਗਤੀਸ਼ੀਲਤਾ ਉੱਪਰ ਆਧਾਰਿਤ ਹੁੰਦਾ ਹੈ। ਜਾਂ ਪਾਲ ਸਾਰਤਰ ਦਾ ਕਥਨ ਹੈ ਕਿ ‘ਬੰਦਾ ਤਾਂ ਪਹਿਲਾਂ ਕੇਵਲ ਹੈ' ਹੁੰਦਾ ਹੈ, ਫਿਰ ਉਹ ਸਵੈ ਨਾਲ ਟਕਰਾਉਂਦਾ ਹੈ, ਸਵੈ ਨੂੰ ਉਭਾਰਦਾ ਹੈ ਅਤੇ ਬਾਅਦ ਵਿੱਚ ਆਪਣੇ ਆਪ ਨੂੰ ਪਰਿਭਾਸ਼ਤ ਕਰਦਾ ਹੈ।

ਇਸੇ ਲਈ ਤਾਂ ਬੰਦਾ ਸਾਰਤਰ ਦੇ ਦਰਸ਼ਨ ਵਿੱਚ ਕੇਂਦਰੀ ਸਥਾਨ ਗ੍ਰਹਿਣ ਕਰਦਾ ਹੈ:

Sartre Centres his philosophy on man, and he centres man on consciousness, freedom and a certain conception of praxis.[4]

ਅਸਤਿਤਵ ਦਾ ਕੋਈ ਸਾਰ ਨਿਸ਼ਚਿਤ ਨਹੀਂ ਹੁੰਦਾ ਕਿਉਂਕਿ ਅਸਤਿਤਵ ਹਮੇਸ਼ਾ ਹੀ ਸੰਭਾਵਨਾਵਾਂ ਭਰਪੂਰ ਹੁੰਦਾ ਹੈ ਅਤੇ ਨਿਰੰਤਰ ਵਿਕਸਦਾ ਰਹਿੰਦਾ ਹੈ। ਇਸੇ ਕਰਕੇ ਇਹ ਹਮੇਸ਼ਾ ਅਪੂਰਨ ਰਹਿੰਦਾ ਹੈ। ਉਹ ਆਪਣਾ ਸਾਰ ਆਪ ਬਣਾਉਂਦਾ ਹੈ।

ਸਮੁੱਚੇ ਸੰਸਾਰ ਦੀ ਫ਼ਿਲਾਸਫ਼ੀ ਦੋ ਮੁੱਖ ਕੇਂਦਰਾਂ ਤੋਂ ਆਪਣੀ ਹੋਂਦ ਗ੍ਰਹਿਣ ਕਰਦੀ ਹੈ। ਭਾਰਤ ਵਿੱਚ ਵੇਦ ਹਨ, ਉਪਨਿਸ਼ਦ ਹਨ। ਬਾਕੀ ਦਾ ਦਰਸ਼ਨ ਇਨ੍ਹਾਂ ਦੇ ਪੱਖ ਜਾਂ ਵਿਰੋਧ ਵਿੱਚ ਭੁਗਤਦਾ ਹੈ। ਇਉਂ ਭਾਰਤੀ ਦਰਸ਼ਨ ਵਿਕਸਿਤ ਹੁੰਦਾ ਹੈ। ਇਵੇਂ ਹੀ ਪੱਛਮੀ ਦਰਸ਼ਨ ਨੂੰ ਆਧਾਰ-ਸ਼ਿਲਾ ਪ੍ਰਦਾਨ ਕਰਦਾ ਹੈ ਯੂਨਾਨ ਦਾ ਦਾਰਸ਼ਨਿਕ ਸੁਕਰਾਤ। ਸੁਕਰਾਤ ਨੂੰ ਮੁੱਢਲਾ ਅਸਤਿਤਵਵਾਦੀ ਮੰਨਿਆ ਜਾ ਸਕਦਾ ਹੈ ਕਿਉਂ ਜੋ ਉਹ ਉਸ ਗੱਲ ਨੂੰ ਮੰਨਦਾ ਸੀ ਜੋ ਉਸਦੇ ਮਨ ਦੀ ਅਨੁਭਵ-ਸਮਰੱਥਾ ਨੂੰ ਸਹੀ ਲੱਗਦੀ ਸੀ। ਫਿਰ ਪਲੈਟੋ ਤੋਂ ਲੈ ਕੇ ਹੀਗਲ ਤੱਕ ਵਿਚਾਰ/ਸਾਰ ਭਾਰੂ ਰਿਹਾ ਜਿਸਨੂੰ ਕੀਰਕੇਗਾਰਦ ਨੇ ਵੰਗਾਰਿਆ ਅਤੇ ਉਸ ਤੋਂ ਬਾਅਦ ਅਜਿਹਾ ਦਰਸ਼ਨ ਹੋਂਦ ਵਿੱਚ ਆਇਆ ਜੋ ਭੌਤਿਕ ਅਤੇ ਜੀਵ-ਵਿਗਿਆਨਕ ਧਾਰਨਾਵਾਂ ਨਾਲ ਸਹਿਮਤ ਹੋਣ ਤੋਂ ਇਨਕਾਰੀ ਹੋ ਗਿਆ-ਇਹੋ ਦਰਸ਼ਨ 'ਅਸਤਿਤਵਵਾਦ’ ਅਖਵਾਇਆ।

ਅਸਤਿਤਵਵਾਦ ਨੂੰ ਸਮਝਣ ਲਈ ਮੋਟੀ ਜਿਹੀ ਉਦਾਹਰਨ ਹੀ ਲੈ ਲਵੋ। ਆਪਾਂ ਸਾਰੇ ਬੰਦੇ ਇਸ ਸੰਸਾਰ ਵਿੱਚ ਰਹਿੰਦੇ ਹੋਏ ਵੀ ਅੰਦਰੋਂ ਇਕੱਲੇ ਹੀ ਹਾਂ। ਆਪਣੀਆਂ ਖ਼ੁਸ਼ੀਆਂ, ਗਮੀਆਂ, ਉਮੀਦਾਂ, ਨਿਰਾਸ਼ਾਵਾਂ, ਭੈਅ, ਤੌਖ਼ਲੇ, ਚਿੰਤਾਵਾਂ ਨੂੰ ਆਪਣੇ ਅੰਦਰੋ-ਅੰਦਰੀ ਮਹਿਸੂਸ ਕਰਦੇ ਹਾਂ। ਦੂਜੇ ਕੋਈ ਸਾਡੀ ਇਸ ਅਵਸਥਾ ਨੂੰ ਇਨ-ਬਿਨ ਨਹੀਂ ਜਾਣ ਸਕਦੇ। ਉਹ ਸਾਨੂੰ ਬਾਹਰੋਂ ਵੇਖ ਸਕਦੇ ਹਨ। ਅਸੀਂ ਵੀ ਵੇਖਣ ਵਾਲੇ ਨੂੰ ਅੰਦਰੋਂ ਨਹੀਂ ਜਾਣ ਸਕਦੇ, ਬਾਹਰੋਂ ਹੀ ਜਾਣ ਸਕਦੇ ਹਾਂ। ਇਸ ਲਈ ਅਸਤਿਤਵਵਾਦੀ ਕਹਿੰਦੇ ਹਨ ਕਿ ਅਸਤਿਤਵ ਆਤਮਪਰਕ ਵਿਧੀ ਰਾਹੀਂ ਹੀ ਜਾਣਿਆ ਜਾ ਸਕਦਾ ਹੈ, ਵਸਤੂਪਰਕ ਰਾਹੀਂ ਨਹੀਂ। ਇਹ ਕੋਈ ਜ਼ਰੂਰੀ ਨਹੀਂ ਕਿ ਬਾਹਰੋਂ ਚਮਕਣ ਵਾਲੀ ਸ਼ਖ਼ਸੀਅਤ ਅਵੱਸ਼ ਕੀਮਤੀ ਹੋਵੇਗੀ ਅਤੇ ਨਾ ਚਮਕਣ ਵਾਲੀ ਮਿੱਟੀ। ਇਉਂ ਸਾਡੀ ਦ੍ਰਿਸ਼-ਇੰਦਰੀ ਧੋਖਾ ਵੀ ਖਾ ਸਕਦੀ ਹੈ।

ਅਸਤਿਤਵਵਾਦੀਆਂ ਦੇ ਚਿੰਤਨ ਦੇ ਵਿਸ਼ਿਆਂ ਵਿੱਚ ਕੁੱਝ ਅਜਿਹੀਆਂ ਗੱਲਾਂ ਸ਼ਾਮਲ ਹਨ ਜਿਵੇਂ-ਮੈਂ ਕੀ ਹਾਂ? ਕਿਉਂ ਹਾਂ? ਮੇਰੇ ਹੋਣ ਦਾ ਅਰਥ ਕੀ ਹੈ? ਇਵੇਂ ਅਸਤਿਤਵਵਾਦੀ ਆਪਣੀ ਮੌਤ ਨੂੰ ਹਮੇਸ਼ਾ ਚੇਤੇ ਰੱਖਦੇ ਹਨ। ਸਾਡੀ ਅੱਜ ਦੀ ਹੋਂਦ ਨਾਲ ਭਵਿੱਖ ਵਿੱਚ ਸਾਡੀ ਅਣਹੋਂਦ ਨਿਸ਼ਚਿਤ ਹੈ ਜਿਸਨੂੰ ਕਿਸੇ ਵੀ ਸੂਰਤ ਵਿੱਚ ਟਾਲਿਆ ਨਹੀਂ ਜਾ ਸਕਦਾ। ਫ਼ਰੀਦ ਜੀ ਇਸੇ ਬੰਨੇ ਸੰਕੇਤ ਕਰਦੇ ਹਨ:

ਫ਼ਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ।
ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ॥[5]

ਫ਼ਰੀਦਾ ਦੁਹੂ ਦੀਵੀ ਬਲੰਦਿਆ ਮਲਕੁ ਬਹਿਠਾ ਆਇ।
ਗੜ੍ਹ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ।[6]

ਇਸੇ ਨੂੰ ਅਸਤਿਤਵਵਾਦੀ ਨਿਰਰਥਕਤਾ/ਅਣਹੋਂਦ (Nothingness) ਕਹਿੰਦੇ ਹਨ। ਮੌਤ ਨੂੰ ਉਹ ਸਚੇਤ ਜਾਂ ਅਚੇਤ ਜਾਂ ਦੋਵਾਂ ਦੇ ਮਿਲਵੇਂ ਰੂਪ ਵਿੱਚ ਚਿਤਵਦੇ ਹਨ। ਇਸੇ ਵਿੱਚੋਂ ਭੈਅ ਅਤੇ ਚਿੰਤਾ (ਤੌਖ਼ਲਾ) ਉਪਜਦੇ ਹਨ।

ਵਸਤੂਪਰਕ ਅਧਿਐਨ ਵਿੱਚ ਤਾਂ ਉਨ੍ਹਾਂ ਦਾ ਉੱਕਾ ਹੀ ਵਿਸ਼ਵਾਸ ਨਹੀਂ। ਸਰੀਰਕ ਹੋਂਦ ਕੇਵਲ ਆਤਮਪਰਕ ਸਚਾਈ ਹੈ, ਕਿਉਂਕਿ ਆਤਮਕਤਾ ਵਿੱਚ ਹੀ ਅਨੁਭਵ, ਹੋਂਦ,ਪ੍ਰਤੱਖਣ, ਸੰਬੰਧ, ਕੀਮਤਾਂ, ਵੇਦਨਾ, ਸੰਵੇਦਨਾ, ਭੈਅ ਆਦਿ ਨਿਹਿਤ ਹਨ ਅਤੇ ਇਨ੍ਹਾਂ ਸਭ ਨੂੰ ਕਿਸੇ ਵੀ ਹੋਰ ਵਿਧੀ (ਆਤਮਪਰਕਤਾ ਤੋਂ ਬਿਨਾਂ) ਰਾਹੀਂ ਨਹੀਂ ਜਾਣਿਆ ਜਾ ਸਕਦਾ। ਇਨ੍ਹਾਂ ਦੇ ਅਧਿਐਨ ਦੀ ਭਰੋਸੇਯੋਗਤਾ ਵੀ ਸ਼ੱਕੀ ਹੈ। ਆਤਮਪਰਕਤਾ ਹੀ ਦੂਸਰਿਆਂ ਨਾਲ ਸਰੋਕਾਰ ਰੱਖਦੀ ਹੈ। ਬੰਦਾ ਸੰਸਾਰਿਕ ਫ਼ਿਜ਼ਾ ਵਿੱਚ ਸਰੀਰ ਤੋਂ ਵੱਧ ਬੜਾ ਕੁੱਝ ਹੋਰ ਹੈ। ਉਹਤਾਂ ਸੰਸਾਰ ਵਿੱਚ ਤੀਰਥ-ਯਾਤਰੀ ਸਮਾਨ ਹੈ।

ਅਸਤਿਤਵਵਾਦ ਦਾ ਅਧਿਐਨ ਕਰਦਿਆਂ ਓਪਰੀ ਨਜ਼ਰੇ ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਕਿ ਇਹ ਮੈਂ-ਵਾਦ (Solipsism) ਹੋਵੇ ਪਰ ਅਜਿਹੀ ਗੱਲ ਨਹੀਂ। ਮੈਂ-ਵਾਦ ਨੂੰ ਤਾਂ ਸਾਰੇ ਹੀ ਅਸਤਿਤਵਵਾਦੀ ਮੁੱਢੋਂ ਹੀ ਰੱਦ ਕਰਦੇ ਹਨ। ਇਹ ਤਾਂ ਮਾਨਵ ਦੇ ਅਧਿਐਨ ਦੁਆਰਾ ਮਨੁੱਖਤਾ ਦਾ ਅਧਿਐਨ ਹੈ। ਇਸ ਸੰਬੰਧੀ ਅਠਾਰਵੀਂ ਸਦੀ ਦੇ ਕਵੀ ਅਲੈਗਜ਼ੈਂਡ ਪੋਪ (Alexander Pope) ਦੇ ਸ਼ਬਦਾਂ ਵੱਲ ਧਿਆਨ ਦੇਣਾ ਲਾਹੇਵੰਦ ਹੈ ਜਦੋਂ ਉਹ ਕਹਿੰਦਾ ਹੈ- ਮਾਨਵਤਾ ਦਾ ਸਹੀ ਅਧਿਐਨ ਮਾਨਵ ਦਾ ਅਧਿਐਨ ਹੈ। 'Proper Study of Mankind is Man.' ਸ਼ੇਖ ਫ਼ਰੀਦ ਕਹਿੰਦੇ ਹਨ:

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖ ਨ ਲੇਖ।
ਆਪਨੜੇ ਗਿਰਿਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ।[7]

ਇਹੋ ‘ਸਿਰ ਨੀਵਾਂ' ਕਰਕੇ ਆਪਣੇ ਅੰਤਰੀਵ ’ਤੇ ਝਾਤ ਪਾਉਣਾ ਆਪਣੇ ‘ਸਵੈ’ ਦੀ, ਆਪਣੇ ਅਸਤਿਤਵ ਦੀ ਪਛਾਣ ਕਰਨਾ ਹੈ। ਗੁਰੂ ਸਾਹਿਬ ਫ਼ਰਮਾਉਂਦੇ ਨੇ 'ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ (ਆ.ਗ੍ਰੰ ਪੰ. 1192) ਦਰਅਸਲ ਅਸਤਿਤਵਵਾਦ ਆਪਣੀ ਮੈਂ (I) ਦੀ ਸਮਝ ਰਾਹੀਂ ਦੂਜੇ ਦੀ ਮੈਂ (The Other I) ਤੱਕ ਪਹੁੰਚਣ ਦਾ ਸਿਧਾਂਤ ਹੈ। ਪ੍ਰੋ. ਮੋਹਨ ਸਿੰਘ ਨੇ ਰੱਬ ਨੂੰ ਇੱਕ ਗੁੰਝਲਦਾਰ ਬੁਝਾਰਤ ਕਿਹਾ ਹੈ, ਜਿਸ ਦੇ ਪੇਚ ਖੋਲ੍ਹਦਿਆਂ ਬੰਦਾ ਖ਼ੁਦ ਕਾਫ਼ਰ ਬਣ ਜਾਂਦਾ ਹੈ। ਪਰ ਕਵੀ ਦਾ ਕਹਿਣਾ ਹੈ ਕਿ ਕਾਫ਼ਰ ਹੋਣ ਤੋਂ ਡਰਕੇ ਖੋਜ ਦੇ ਪੈਂਡੇ ਉੱਪਰ ਚੱਲਣ ਤੋਂ ਖੁੰਝਣਾ ਨਹੀਂ ਚਾਹੀਦਾ। ਠੀਕ, ਰੱਬ ਇੱਕ ਗੁੰਝਲਦਾਰ ਪਹੇਲੀ ਹੈ ਪਰ ‘ਮੈਂ' ਤਾਂ ਉਸਤੋਂ ਵੀ ਵੱਡੀ ਪਹੇਲੀ ਹੈ। ਸਰੀਰ ਦੇ ਕਾਬੂ ਵਿੱਚ ਹੋਣ ਤੇ ਵੀ ਬੰਦਾ ਆਪਣੀ ‘ਮੈਂ’ ਨੂੰ ਸਮਝਣ ਤੋਂ ਖੁੰਝਦਾ ਰਹਿੰਦਾ ਹੈ। ਇਹੋ ਬੰਦੇ ਦਾ ਦੁਖਾਂਤ ਹੈ। ਸੇਂਟ ਅਗਸਟਨ ਨੇ ਵੀ ਇਹੋ ਕਿਹਾ ਹੈ ਕਿ 'ਸਵੈ ਨੂੰ ਜਾਣੋ' (Know Thyself) ਅਸਤਿਤਵਵਾਦੀਆਂ ਵੱਲੋਂ ਅਸਤਿਤਵ ਦੀ ਮੁੱਖ ਰੂਪ ਵਿੱਚ ਵੰਡ ਦੋ ਭਾਗਾਂ ਵਿੱਚ ਕੀਤੀ ਗਈ ਹੈ। ਪ੍ਰਮਾਣਿਕ ਅਤੇ ਅਪ੍ਰਮਾਣਿਕ। ਪ੍ਰਮਾਣਿਕ ਅਸਤਿਤਵ ਹਮੇਸ਼ਾ ਹੀ ਕਥਨੀ ਅਤੇ ਕਰਨੀ ਦਾ ਪੂਰਾ ਹੁੰਦਾ ਹੈ। ਉਹ ਚੰਗੀਆਂ ਗੱਲਾਂ ਦਾ ਕੇਵਲ ਪ੍ਰਚਾਰ ਹੀ ਨਹੀਂ ਕਰਦਾ, ਆਪ ਵੀ ਅਮਲ ਕਰਦਾ ਹੈ। ਉਸਨੂੰ ਫਰਜ਼ ਅਤੇ ਜ਼ਿੰਮੇਵਾਰੀ (Duty and obligation) ਦਾ ਅਹਿਸਾਸ ਹੁੰਦਾ ਹੈ। ਇਸ ਨੁਕਤੇ ਨੂੰ ਸਾਰਤਰ ਨੇ 1946 ਵਿੱਚ ਲਿਖੇ ਇਕ ਨਿਬੰਧ Existentialism is Humanism ਵਿੱਚ ਸਪਸ਼ਟ ਕੀਤਾ ਹੈ ਕਿਉਂਕਿ Being and Nothing ਵਿੱਚ ਇਹ ਨੁਕਤਾ ਪੂਰਾ ਸਪਸ਼ਟ ਨਹੀਂ ਸੀ। ਜੇ ਕੋਈ ਵਿਅਕਤੀ ਧਾਰਮਿਕ ਅਸਤਿਤਵਵਾਦੀ ਹੈ ਤਾਂ ਉਹ ਧਾਰਮਿਕ ਗ੍ਰੰਥਾਂ ਨੂੰ ਕੇਵਲ ਪੜ੍ਹਦਾ ਹੀ ਨਹੀਂ, ਉਨ੍ਹਾਂ ਵਿੱਚ ਦਿੱਤੀ ਸਿੱਖਿਆ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਦਾ ਵੀ ਹੈ। ਨਾਸਤਿਕ ਅਸਤਿਤਵਵਾਦੀ ਵੀ ਆਪਣੇ ਹਰ ਕੰਮ ਦੀ ਚੋਣ ਮਾਨਵਵਾਦੀ ਦ੍ਰਿਸ਼ਟੀਕੋਣ ਅਨੁਸਾਰ ਕਰਦਾ ਹੈ ਜੋ ਵਿਅਕਤੀ ਕਹਿਣੀ ਅਤੇ ਕਰਨੀ ਦੇ ਪੂਰੇ ਨਹੀਂ ਹੁੰਦੇ, ਉਨ੍ਹਾਂ ਦਾ ਅਸਤਿਤਵ ਅਪ੍ਰਮਾਣਿਕ ਹੁੰਦਾ ਹੈ।

ਭਾਰਤੀ ਚਿੰਤਨ ਵੀ ਆਪਣੇ ਸਵੈ ਦੀ ਖੋਜ ਕਰਦਾ ਹੈ। 'ਆਤਮਾ ਵਿਧੀ' (Atman viddhi) ਅਸਤਿਤਵਵਾਦ ਵੱਲ ਹੀ ਸੰਕੇਤ ਕਰਦੀ ਹੈ। ਉਪਨਿਸ਼ਦਾਂ ਵਿੱਚ ‘ਤਤਵਾਮਸਿ’ (Thou art That) ਅਤੇ ‘ਅਹੰਮਬ੍ਰਹਮੋਅਸਮੀ’ (I am Braman) ਦੋ ਅਜਿਹੀਆਂ ਉਕਤੀਆਂ ਉਪਲਬਧ ਹਨ ਜੋ ਇਸ ਬੰਨੇ ਸੰਕੇਤ ਕਰਦੀਆਂ ਹਨ ਕਿ ਵਿਅਕਤੀ ਵਸਤੂ ਨਹੀਂ ਹੈ। ਪਰਮਾਤਮਾ ਦਾ ਵਾਸਾ ਮਨੁੱਖ ਦੇ ਅੰਦਰ ਹੀ ਹਿਰਨ ਦੀ ਕਸਤੂਰੀ ਵਾਂਗ ਹੈ। ਅਸਤਿਤਵਵਾਦੀਆਂ ਅਨੁਸਾਰ ਬੰਦੇ ਦੀ ਮਹਾਨਤਾ ਇਸ ਗੱਲ ਵਿੱਚ ਨਹੀਂ ਕਿ ਉਹ ਕੀ ਹੈ? ਸਗੋਂ ਇਸ ਸੰਭਾਵਨਾ (Possibility) ਵਿੱਚ ਨਿਹਿਤ ਹੈ ਕਿ ਉਹ ਕੀ ਬਣ ਸਕਦਾ ਹੈ। ਜੀਵਨ ਵਿੱਚ ਦੁੱਖ ਹਨ, ਬਿਮਾਰੀਆਂ ਹਨ, ਬੇਗਾਨਗੀ ਦਾ ਸਾਹਮਣਾ ਕਰਨਾ ਪੈਂਦਾ ਹੈ, ਨਿਰਾਸ਼ਾ ਹੈ, ਪਰੇਸ਼ਾਨੀ, ਅਕਾਊਪਨ ਆਦਿ ਹੈ। ਇਹ ਸਭ ਜੀਵਨ ਦਾ ਸੱਚ ਹੈ। ਬੰਦੇ ਨੂੰ ਇਨ੍ਹਾਂ ਸਭ ਨਾਂਹਮੁਖੀ ਪਰਿਸਥਿਤੀਆਂ ਨਾਲ ਟਕਰਾਉਣਾ ਪੈਂਦਾ ਹੈ। ਫ਼ਿਲਾਸਫ਼ੀ ਦੇ ਅਧਿਕਤਰ ਅਨੁਸ਼ਾਸ਼ਨ ਬੰਦੇ ਨੂੰ ਬੰਦੇ ਵਜੋਂ ਵੇਖਣ ਦੀ ਥਾਂ ਵਸਤੂ ਵਜੋਂ ਵੇਖਣ ਸਮੇਂ ਟਪਲਾ ਖਾਂਦੇ ਹਨ। ਜੀਵਨ ਦੀਆਂ ਦੁਸ਼ਵਾਰੀਆਂ ਅਤੇ ਨਿਰਾਸ਼ਾਵਾਂ ਵਿੱਚੋਂ ਅਸਤਿਤਵਵਾਦੀ ਊਸ਼ਾ ਦੀ ਲਾਲੀ ਉਡੀਕਦੇ ਹਨ ਅਤੇ ਇਉਂ ਆਸ਼ਾਵਾਦੀ ਰਹਿੰਦੇ ਹਨ। ਅਸਤਿਤਵਵਾਦੀਆਂ ਵਾਂਗ ਭਾਰਤੀ ਚਿੰਤਕ ਵੀ ਮੌਤ ਨੂੰ ਅਟੱਲ ਮੰਨਦੇ ਹਨ। ਉਹ ਵੀ ਬੰਦੇ ਦੀ ਪਾਰਗਮਤਾ (Transcendence) ਵਿੱਚ ਵਿਸ਼ਵਾਸ ਰੱਖਦੇ ਹਨ। ਉਹ ਵੀ ਮਨੁੱਖ ਨੂੰ ਸੁਤੰਤਰ ਗਤੀਸ਼ੀਲਤਾ ਵਿੱਚ ਵੇਖਣ ਦੇ ਇਛੁੱਕ ਹਨ। ਬਾਹਰਲਾ ਕੋਈ ਵੀ ਸਾਧਨ ਸਾਡੇ ਚੰਗੇ ਜਾਂ ਮੰਦੇ ਹੋਣ ਨੂੰ ਨਿਰਧਾਰਤ ਨਹੀਂ ਕਰ ਸਕਦਾ, ਚੰਗੇ ਜਾਂ ਮੰਦੇ ਤਾਂ ਅਸੀਂ ਅੰਦਰੋਂ ਹੋਣਾ ਹੈ। ਸਾਡੇ ਲਈ ਕਿਹੜਾ ਕਰਮ ਚੰਗਾ ਹੈ, ਇਹ ਸਾਡੇ ਅੰਦਰ ਨੇ ਨਿਰਣਾ ਕਰਨਾ ਹੈ। ਆਪਣੀ ਆਤਮਾ ਦੀ ਆਵਾਜ਼ ਸੁਣਨ ਲਈ ਮਨੁੱਖਤਾ ਨੂੰ ਸਾਵਧਾਨ ਕਰਦਾ ਹੋਇਆ Leon Brown ਲਿਖਦਾ ਹੈ: Listen to your own voice, your own soul; Too many people listen to the noise of the world instead of themselves.[8]

*****

1. Sartre Jean Paul, Existentialism and Human Emotions (Trans. By Bernard Frechman and Hazel Barines, New York, Citedel Press, 1977, P-14)
2. Op. Cit
3. Op. Cit, P-15
4. La Capra Dominick, A Preface to Sartre, Methuen & Co.Ltd, 1979, P-24
5. ਸ਼ੇਖ ਫ਼ਰੀਦ, ਜੀਵਨ ਤੇ ਰਚਨਾ, ਤਾਰਨ ਸਿੰਘ, ਬਲਬੀਰ ਕੌਰ, ਪੰਜਾਬੀ ਯੂਨੀਵਰਸਿਟੀ ਪਟਿਆਲਾ 1973, ਮੂਲਪਾਠ, ਸ਼ਲੋਕ 99
6. ਉਹੀ, ਸ਼ਲੋਕ 48
7. ਉਹੀ, ਸ਼ਲੋਕ, 61
8. The Tribune, 16-04-2014

  • ਮੁੱਖ ਪੰਨਾ : ਪੰਜਾਬੀ ਅਲੋਚਨਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •