Baagi Kaidi (Punjabi Story) : Bhag Singh Jiwan Sathi

ਬਾਗੀ ਕੈਦੀ (ਕਹਾਣੀ) : ਭਾਗ ਸਿੰਘ ਜੀਵਨ ਸਾਥੀ

1.
ਆਦਮ ਕੱਦ ਸ਼ੀਸ਼ੇ ਸਾਹਮਣੇ ਖੜੀ ਸ਼ੀਲਾ ਅਪਣੇ ਹੁਸਨ ਦੇ ਮਸਤੇਵੇਂ ਵਿਚ ਹੋਰ ਮਸਤ ਹੋਣ ਈ ਲਗੀ ਸੀ ਕਿ ਕਮਰੇ ਵਿਚ ਪੱਬ ਧਰਦਿਆਂ ਸ਼ਿਸ਼ਨ-ਜਜ ਦੁਰਗਾ ਪ੍ਰਸ਼ਾਦਿ ਕਹਿਣ ਲਗਾ ‘ਇਨਾਂ ਰੱਨਾਂ ਨੂੰ ਦਿਨ ਰਾਤ ਵਧ ਹੂਰਾਂ ਪਰੀਆਂ ਬਨਣ ਦਾ ਹੀ ਮਸਤੇਵਾਂ ਚੜ੍ਹਿਆ ਰਹਿੰਦਾ ਹੈ। ਜੀਭ ਵਡੀ ਜਾਏ ਜੇ ਕਦੇ ਗਨੇਸ਼ੀ ਦੀ ਗਲ ਟੋਰੀ ਹੈ। ਅਪਣੇ ਭੈਣ ਭਰਾਵਾਂ ਦੇ ਹੀ ਗੌਣ ਗਾਂਦੀ ਰਹਿੰਦੀ ਹੈ। ਮੇਰੇ ਭੈਣਾਂ ਭਰਾ ਇਸਦੇ ਲਗਦੇ ਹੀ ਕੀ ਹਨ? (ਮੇਜ਼ ਤੇ ਖੁੰਡੀ ਧਰ) ਅਸਲ ਤਾਂ ਬੁਧੂ ਮੈਂ ਹੀ ਬਣ ਰਿਹਾ ਹਾਂ।
ਅੱਜ ਤੁਹਾਨੂੰ ਹੋ ਕੀ ਗਿਆ ਹੈ? ਕੀ ਮੇਰਾ ਹੁਸਨ ਤੁਹਾਨੂੰ ਚੁਬਦਾ ਹੈ? ਆਪ ਹੀ ਤਾਂ ਵਧ ਕਿਹਾ ਕਰਦੇ ਹੋ ਕਿ ਮਨੁਖ ਨੂੰ ਬਣ ਠਣ ਕੇ ਰਹਿਣਾ ਚਾਹੀਏ। ਹੁਸਨ ਜਾਦੂ ਹੈ। ਜਾਦੂ ਵਧ ਨਿਖਾਰਿਆ ਰਹਿਣਾ ਚਾਹੀਏ ਨਾ।
ਉਹ ਹੁਸਨ ਨਕੰਮਾ ਹੈ ਜਿਹੜਾ ਆਪਣਿਆਂ ਨੂੰ ਭੁਲਾ ਦੇਵੇ। ਉਸ ਰੁਪਏ ਨੂੰ ਪਾਪ ਦੀ ਕਮਾਈ ਸਮਝੋ ਜਿਹੜਾ ਦੁਖੀ ਭਰਾਵਾਂ ਨੂੰ ਵੇਖ ਰੇਸ਼ਮ ਤੇ ਖਰਚ ਹੋਏ।
ਸੋਫੇ ਤੇ ਬੈਠ, ਸ਼ੀਲਾ ਤੈਨੂੰ ਅਜੋ ਅਪਣੀ ਪੈਕੀਂ ਜਾਣਾ ਪਵੇਗਾ। ਮੈਂ ਤੈਨੂੰ ਆਪਣੇ ਪਾਸ ਨਹੀਂ ਰਖ ਸਕਦਾ। (ਅੱਖਾਂ ਚੋਂ ਇੰਝੂ ਕੇਰ, ਮੈਂ ਭਾਰਾ ਅਪ੍ਰਾਧੀ ਹਾਂ।
ਹੈਂ! ਕੀ ਬੋਲ ਰਹੇ ਹੋ? ਗਲ ਭੀ ਸੋ? ਤੁਸੀਂ ਕਦੇ ਰੋਏ ਨਹੀਂ ਸੋ। 'ਦੁਰਗਾ ਪ੍ਰਸਾਦਿ ਦੇ ਨਾਲ ਸੋਫੇ ਤੇ ਬੈਠਦੀ’ ਬਾਬੂ ਜੀ।
ਸ਼ੀਲਾ ਮਨੁਖ ਬੜਾ ਪਾਪੀ ਹੈ। ਕ੍ਰਿਤਘਨ ਹੈ। ਮੈਂ ਤੇਰੇ ਪਾਸੋਂ ਭੀ ਅਪਨਾ ਆਪ ਛੁਪਾ ਰਖਿਆ। ਮੈਂ ਬੜਾ ਘਟੀਆ ਬੰਦਾ ਸੀ।
ਕਿਹੋ ਜੇਹੀਆਂ ਪਏ ਗਲਾਂ ਕਰ ਰਹੇ ਹੋ?
ਤੈਨੂੰ ਖਬਰ ਈ ਹੈ ਨਾ ਕਿ ਮੇਰਾ ਬੜਾ ਭਰਾ ਡੇੜ ਸਾਲ ਦਾ ਜੇਲ੍ਹ ਵਿਚ ਹੈ?
ਹੂੰ।
ਹੂੰ ਦੀਏ ਬਚੀਏ, ਕਦੇ ਉਸ ਬਾਬਤ ਗਲ ਛੇੜੀ ਹੈ। ਆਖਰ ਮੇਰਾ ਮਾਂ-ਜਾਇਆ ਏ।
ਨੱਕ ਝੱੜਾ, ਮੈਂ ਕੀ ਉਸ ਦੀ ਗਲ ਕਰਨੀ ਸੀ, ਆਪ ਹੀ ਉਸ ਨੂੰ ਨਕੰਮਾ, ਝੂਠਾ ਤੇ ਘਟੀਆ ਦਸਦੇ ਹੁੰਦੇ ਹੋ।
ਭੂਤਨੀਏ ਤੂੰ ਫਿਰ ਖਲਨੇ ਦੀ ਕਿਵੇਂ ਹੋਈ? ਭਰਾ ਆਪੋ ਵਿਚ ਲਖਾਂ ਵੇਰ ਤੱਤੇ ਹੋ ਜਾਂਦੇ ਹਨ। ਸਿਆਣੀਆਂ ਇਸਤ੍ਰੀਆਂ ਮਾਂ-ਜਾਇਆ ਦੇ ਪਿਆਰ ਦੀ ਪਿਉਂਦ ਚੜ੍ਹਾ ਗੁਸੇ ਠੰਡੇ ਕਰਦੀਆਂ ਨੇ। ਪਰ ਤੂੰ ਤਾਂ ਸ਼ਰੀਕ ਉਜੜਿਆ ਵਿਹੜਾ ਮੋਕਲੇ ਮੰਨ ਇਕ ਦੀਆਂ ਹੋਰ ਚਾਰ ਨਾਲ ਮੁੜ੍ਹ ਸਾਡਾ ਮਿਲਨਾਂਂ ਜੁਲਨਾ ਭੀ ਬੰਦ ਕਰ ਦਿਤਾ।
'ਤੈਨੂੰ ਨਹੀਂ ਸ਼ੀਲਾ ਖਬਰ, ਮੈਂ ਕੁਝ ਭੀ ਨਹੀਂ ਸਾਂ। ਤੇ ਨਾ ਮੈਂ ਤੈਨੂੰ ਵਿਆਹਨ ਦਾ ਬੱਲ ਰਖਦਾ ਸਾਂ। ਜੋ ਅਜ ਮੈਂ ਦਿਸਦਾ ਆਂ, ਸਭ ਗਨੇਸ਼ੀ ਦੀ ਕਰਾਮਾਤ ਹੈ।
ਇਹ ਕਿੱਦਾਂ?
ਗਨੇਸ਼ੀ ਛੋਟੀ ਉਮਰ ਤੋਂ ਦਿਲੀ ਰਹਿੰਦਾ ਰਿਹਾ ਹੈ। ਉਸ ਨੂੰ ਸ਼ਹਿਰ ਦੀ ਹਵਾ ਲਗ ਗਈ। ਮੈਨੂੰ ਭੀ ਲੈ ਆਇਆ। ਪਤਾ ਜੂ ਪਹਿਲੇ ਮੈਂ ਘਆ ਖੋਤਦਾ ਸਾਂ। ਪਰ ਜਿਹੜੇ ਦੁਖਾਂ ਨਾਲ ਮੈਨੂੰ ਉਸ ਦਸਵੀਂ ਪੜ੍ਹਾਈ, ਮੈਂ ਜਾਂ ਊਹੋ ਹੀ ਬੁਝ ਸਕਦੇ ਆਂ। ਅਸੀਂ ਕਈ ਰਾਤਾਂ ਕਪਾਹ ਦੇ ਵੇਲਣਿਆਂ ਤੇ ਕਟੀਆਂ ਛੇ ਛੇ ਆਨੇ ਰਾਤ ਦੇ ਲੈ।
'ਅੱਖਾਂ ਪੂੰਝ, ਅਜ ਬੇਸ਼ਕ ਮੈਂ ਬੜਾ ਕੁਝ ਕਰ ਸਕਦਾ ਆਂ। ਪਰ ਉਸ ਵੇਲੇ ਮੇਰੇ ਵਿਚ ਇਕ ਰਾਤ ਕਟਨ ਦੀ ਦਿਲੀ ਵਿਚ ਅਕਲ ਤੇ ਪਹੁੰਚ ਨਹੀਂ ਸੀ। ਬਾਈ ਜੀ ਨੇ ਸਾਨੂੰ ਕੁਝ ਨਹੀਂ ਕਦੇ ਭੇਜਿਆ। ਉਹ ਭੇਜ ਸਕਦਾ ਹੀ ਨਹੀਂ ਸੀ। ਮਸਾਂ ਅਪਨੀ ਗੁਜ਼ਰ ਕਰਦਾ ਸੀ।
ਪਰ ਤੁਸੀਂ ਮੈਨੂੰ ਪੇਕੀਂ ਜਾਣ ਨੂੰ ਕਿਉਂ ਕਹਿ ਰਹੇ ਹੋ?
‘ਤੂੰ ਇਕ ਅਮੀਰ ਡਾਕਟਰ ਦੀ ਬੇਟੀ ਤੇ ਮੈਂ ਇਕ ਕਲੀਗਰ ਦਾ ਮੁੰਡਾ ਹਾਂ, ਜਿਸ ਦਿਨ ਤੇਰਾ ਮੇਰੇ ਨਾਲ ਵਿਆਹ ਹੋਇਆ, ਓਦੋਂ ਭੀ ਕੁਝ ਨਹੀਉਂ ਸਾਂ। ਤੂੰ ਬੀ. ਏ. ਤੇ ਮੈਂ ਸਾਂ ਦਸ ਪਾਸ। ਫਿਰ ਭੀ ਮੈਨੂੰ ਤੇਰੇ ਨਾਲ ਵਿਆਹ ਦਿਤਾ ਗਿਆ।
'ਬੜੇ ਆਦਮੀਆਂ ਨੂੰ ਲੜਕੀਆਂ ਸਾਰੇ ਦਿੰਦੇ ਆਏ ਹਨ ਪਰ ਬੜਿਆਂ ਦੀ ਲੜਕੀ ਮੁੱਛ ਵਾਲਾ ਅਕਲੋਊਆ ਮਰਦਾ ਈ ਵਿਆਹ ਕੇ ਲਿਆਂਦਾ ਹੈ। ਫਿਰ ਜਿਸ ਅੜਕਿਆਂ ਨਾਲ ਤੈਨੂੰ ਵਿਆਹ ਕੇ ਲਿਆਂਦਾ ਹੈ, ਇਹ ਗਨੇਸ਼ੀ ਦਾ ਜਾਦੂ ਈ ਸੀ। ਮੈਂ ਵਿਚਾਰਾ ਤਾਂ ਤੁਹਾਡੇ ਚੁਬਾਰੇ ਦੀ ਬਾਰੀਆਂ ਵਲ ਤਕਨ ਦੀ ਪਹੁੰਚ ਨਹੀਂ ਰਖਦਾ ਸਾਂ। ਪਰ ਆਫਰੀਨ ਉਸ ਦੇ ਜਿਸ ਏਨ੍ਹਾਂ ਬਾਰੀਆਂ ਵਿਚ ਬਠਾ ਦਿਤਾ ਤੁਹਾਡਾ, ਜੁਆਈ ਬਣਾ ਕੇ।
ਹੁਣ ਤੂੰ ਦਸ ਮੈਂ ਕੋਈ ਪਿਓ ਦਾ ਪੁਤਰ ਹਾਂ? ਜਿਸ ਮੈਨੂੰ ਘਾਈ ਤੋਂ ਸ਼ਿਸ਼ਨ ਜਜ ਤਕ ਅਪੜਾ ਦਿਤਾ, ਉਹ ਪਰਾਇਆਂ ਬੂਹਿਆਂ ਤੇ ਰੁਲਿਆ। ਤੇ ਮੈਂ ਐਸ਼ ਮਾਣਾਂ। ਅਜ ਸੁਪਨੇ ਵਿਚ ਜਿਹੜੀ ਲਾਹਨਤ ਮੇਰੇ ਤੇ ਮਾਤਾ ਜੀ ਨੇ ਰਾਤੀਂ ਪਾਈ ਹੈ। ਉਸ ਨੇ ਮੈਨੂੰ ਮਿਟੀ ਬਣਾ ਦਿਤਾ। ਮਾਤਾ ਜੀ ਕਹਿ ਗਏ ਕਿ ਨਿਜ ਮੇਰੀ ਕੁਖੋਂ ਜਣਦਾ। ਕੀ ਗਨੇਸ਼ੀ ਦਾ ਕੋਈ ਨਹੀਉਂ?
'ਸ਼ੀਲਾ ਅਪਨੇ ਵਾਂਗ ਗਨੇਸ਼ੀ ਭੀ ਦਿਲ ਰਖਦਾ ਹੈ। ਉਹ ਬੇ-ਸ਼ਕ ਵਧ ਸਿਆਸਤ ਵਿਚ ਖੁਬਿਆ ਹੋਇਆ ਹੈ ਪਰ ਉਹ ਸ਼ਾਇਰਾਨਾ ਦਿਲ ਦਾ ਨਖਰੇਵਾਂ ਪੰਛੀ ਏ।
ਇਹ ਤਾਂ ਦਸੋ ਤੁਸੀਂ ਕੀ ਚਹੁੰਦੇ ਹੋ?
ਅੰਬਾਲੇ ਵਾਲੀ ਕੋਠੀ ਤੇ ਬੈਂਕ ਦਾ ਸਾਰਾ ਰੁਪਿਆ ਗਨੇਸ਼ੀ ਦੇ ਨਾਮ ਕਰਕੇ ਕਾਗਜ਼ ਡਾਕ ਵਿਚ ਹੁਣੇ ਰਾਮੂ ਨੂੰ ਭੇਜਿਆ ਹੈ। ਪਰ ਉਸ ਨੇ ਮੋੜ ਦੇਣੇ ਹਨ। ਤਦੇ ਤੈਨੂੰ ਤੇਰੇ ਪੇਕੀਂ ਭੇਜ ਰਿਹਾ ਹਾਂ। ਜਿਸ ਹਾਲ ਗਨੇਸ਼ੀ ਰਹੂ ਉਸੇ ਮੈਂ ਰਹੂ। ਗਨੇਸ਼ੀ ਨਾਲੋਂ ਚੰਗਾ ਰਹਿਣਾ ਮੇਰੇ ਲਈ ਲਾਹਨਤ ਹੈ। ਤੂੰ ਮੇਰੀ ਇਸ ਔਕੜ ਵਿਚ ਮਦਦ ਨਹੀਂ ਕਰ ਸਕਦੀ? ਤੂੰ ਹੋਈ ਬੜਿਆਂ ਦੀ ਬੇਟੜੀ।
ਹੂੰ! ਮੈਂ ਬੁਝ ਗਈ। ਘੜੀ ਵਲ ਵੇਖ ਅਧਾ ਘੰਟਾ ਗਡੀ ਜਾਣ ਵਿਚ ਹੈ (ਬੂਹੇ ਪਾਸ ਅਪੜ ਰਾਮੁ ਜਲਦੀ ਤਾਂਗਾ ਲਿਆ। ਮੈਂ ਸਟੇਸ਼ਨ ਤੇ ਜਾਣਾ ਹੈ-ਰਜਿਸਟ੍ਰੀ ਕਰਾ ਆਇਆਂ।
ਜੀ ਹਾਂ।
ਲਿਆਇਆ ਹਜ਼ੂਰ-ਰਾਮੂ ਕੋਠੀ ਤੋਂ ਬਾਹਰ ਹੁੰਦਾ ਬੋਲਿਆ।

2.
ਕੈਦੀ ਤੇ ਸਖਤੀ ਕਰਨੀ ਹੋਵੇ ਤਾਂ ਉਸ ਨੂੰ ੪੮ ਨੰਬਰ ਕੋਠੜੀ ਵਿਚ ਬੰਦ ਕੀਤਾ ਜਾਂਦਾ ਏ। ਇਹ ਕੋਠੜੀ ਦਸ ਫੁਟ ਲੰਮੀ ਤੇ ਪੰਜ ਫੁਟ ਚੌੜੀ ਏ। ਇਸ ਦੀ ਛੱਤ ੩੦ ਫੁਟ ਉਚੀ ਰਖੀ ਗਈ ਹੈ। ਤਾਂਕੇ ਕੋਈ ਕੈਦੀ ਛਤ ਪਾਸ ਅਪੜ ਛਤਨ ਨੂੰ ਪਾੜ੍ਹਕੇ ਨਾ ਨਸ ਜਾਵੇ। ਇਸ ਦਾ ਬੂਹਾ ਲੋਹੇ ਦੀਆਂ ਦਸ ਸੂਤ ਮੋਟੀਆਂ ਸੀਖਾਂ ਵਾਲਾ ਬਨਾਇਆ ਗਿਆ ਹੈ। ਤਾਂਕੇ ਪੜਤਾਲ ਕਰਨ ਵਾਲੇ ਨੂੰ ਪਤਾ ਲਗਦਾ ਰਹੇ ਕਿ ਇਸ ਵਿਚੋਂ ਦੀ ਹਵਾ ਕੈਦੀ ਤਕ ਅਪੜ ਰਹੀ ਹੈ। ਪਰ ਹਵਾ ਏਥੇ ਅਪੜਦੀ ਉਸ ਸਮੇਂ ਹੈ ਜਦ ਲੋਹੜੇ ਦੀ ਅੰਧੇਰੀ ਚਲੇ। ਆਮ ਹਵਾ ਨੂੰ ਤਾਂ ਬਰਾਂਦਾ ਅਗੇ ਨਹੀਂ ਟਪਨ ਦੇਂਦਾ ਹੈ।

ਹਵਾ ਦੇ ਨਾਲ ਇਸ ਕੋਠੜੀ ਵਿਚ ਕਿਸੇ ਆਦਮੀ ਦਾ ਬੋਲ ਭੀ ਨਹੀਂ ਅਪੜਦਾ। ਇਸ ਗਲੋਂ ਕੈਦੀ ਬਹੁਤ ਘਾਬਰ ਜਾਂਦਾ ਹੈ। ਇਕ ਗਲ ਹੋਰ ਇਸ ਕੋਠੜੀ ਵਿਚ ਕੈਦੀ ਨੂੰ ਵਧੇਰੇ ਤੰਗ ਕਰਦੀ ਰਹਿੰਦੀ ਹੈ। ਉਹ ਹੈ ਟਟੀ ਤੇ ਪਸ਼ਾਬ ਦੀ ਬੰਦਸ਼ਾਂ, ਕਿਉਂਕਿ ਸੇਵੇਰੇ ੭ ਵਜੇ ਤੇ ਸ਼ਾਮ ਦੇ ੬ ਵਜੇ ਜੇਲ ਦਾ ਸੰਤਰੀ ਹੀ ਆਕੇ ਕੈਦੀ ਨੂੰ ਟਟੀ ਤੇ ਪਸ਼ਾਬ ਕਰਾਂਦਾ ਹੈ। ਕੋਠੜੀ ਚੋਂ ਕਢ ਕੇ। ਇਸ ਤੋਂ ਪਹਿਲਾਂ ਟਟੀ ਪਸ਼ਾਬ ਕੈਦੀ ਨੇ ਕਰਨਾ ਹੋਵੇ ਤਾਂ ਉਸ ਨੂੰ ਕਈ ਵੇਰ ਅੰਦਰ ਹੀ ਫਰਸ਼ ਉਤੇ ਕਰਨਾ ਪੈਂਦਾ ਹੈ। ਭਾਵੇਂ ਪਿਛੋਂ ਆਕੇ ਸੰਤਰੀ ਇਸ ਥਾਂ ਨੂੰ ਸਾਫ ਕਰਾ ਦੇਂਦਾ ਹੈ। ਪਰ ਮੁਸ਼ਕ ਜਾਂਦੀ ਨਹੀਂ ਹੈ। ਮਹੀਨੇ ਦੋ ਮਹੀਨੇ ਫਨਾਇਲ ਭੀ ਛਿੜਕਦੇ ਹਨ। ਪਰ ਗੰਦੀ ਮੁਸ਼ਕ ਦਾ ਅਸਰ ਰਹਿ ਹੀ ਜਾਂਦਾ ਹੈ। ਇਸੇ ਕੋਠੜੀ ਵਿਚ ਅਸੀਂ ਗਨੇਸ਼ੀ ਰਾਮ ਨੂੰ ਸੁਤਾ ਪਿਆ ਵੇਖ ਰਹੇ ਹਾਂ।

ਅਖ ਲਗਨ ਤੋਂ ਦਸ ਮਿੰਟ ਪਿਛੋਂ ਹੀ ਗਨੇਸ਼ੀ ਜਾਗਦਾ ਕਹਿਣ ਲਗਾ ਉਫ! ਕਿਤਨੀ ਗਰਮੀ, 'ਬੈਠਕੇ’ ਗਰਮੀ ਹੋਵੇ ਕੀਕਨ ਨਾ? ਮਹੀਨਾ ਜੂ ਜੇਠ ਹੋਇਆ। ਬੂਹੇ ਵਲ ਤਕ ਦਿਲ 'ਚ ਕੇਹੇ ‘ਅੰਗਰੇਜ਼-ਰਾਜ ਦੀਆਂ ਸਖਤੀਆਂ ਮੇਰਾ ਕਦਮ ਪਿਛੇ ਨਾ ਕਰ ਸਕੀਆਂ ਤਦ ਕਾਂਗਰਸ-ਰਾਜ ਮੇਰੇ ਪਾਸੋਂ ਕਿਵੇਂ ਆਸ ਕਰ ਸਕਦਾ ਹੈ ਕਿ ਉਸ ਦੀਆਂ ਸਖਤੀਆਂ ਤੋਂ ਤੰਗ ਆਕੇ ਉਸ ਕਾਂਗਰਸ ਦੀ ਸਪੋਟ (ਮਦਦ) ਕਰਾਂ। ਜਿਹੜੀ ਆਪਣੇ ਚੰਗੇ ਅਸੂਲਾਂ ਨੂੰ ਛਡ ਕੇ ਉਹ ਕੁਝ ਕਰਨ ਲਗ ਪਈ ਜਿਸ ਦੇ ਵਿਰੁਧ ਅੰਗਰੇਜ਼ ਨੂੰ ਕੋਸਦੀ ਸੀ, ਜਿਹੜੇ ਕਾਂਗਰਸੀ ਆਗੂ ਕਹਿਆ ਕਰਦੇ ਸਨ, ਵਜ਼ੀਰਾਂ ਨੂੰ ਸਾਦੇ ਰਹਿਣਾ ਚਾਹੀਦਾ ਹੈ ਤੇ ਪੰਜ ਸੌ ਤੋਂ ਵਧ ਤਨਖਾਹ ਨਹੀਂ ਲੈਣੀ ਚਾਹੀਦੀ ਹੈ। ਕਾਂਗਰਸ ਹਥ ਜਦ ਦੇਸ਼ ਦੀ ਹਕੂਮਤ ਆਈ ਤਦ ਪੰਜ ਸੌ ਤੋਂ ਵਧ ਤਨਖਾਹ ਨਹੀਂ ਵਜ਼ੀਰਾਂ ਦੀ ਹੋਵੇਗੀ। ਪਰ ਅਜ ਇਹੋ ਕੁਛ ਕਹਿਣ ਵਾਲੇ ਕਾਂਗਰਸੀ ਵਜ਼ੀਰ ਦਸ ਦਸ ਹਜ਼ਾਰ ਰੁਪਇਆ ਲੈ ਰਹੇ ਹਨ। ਇਸ ਦੇ ਨਾਲ ਬਲੈਕ ਮਾਰਕੀਟੀਆਂ ਨਾਲ ਘਿਓ-ਖਿਚੜੀ ਹੋ ਬੈਂਕਾਂ ਦੇ ਖਾਤੇ ਵਿਚ ਦਬਾ ਦਬ ਰੁਪਏ ਜਮਾ ਕਰ ਰਹੇ ਹਨ। ਜਿਨ੍ਹਾਂ ਕਾਂਗਰਸੀ ਵਜ਼ੀਰਾਂ ਪਾਸ ਕਾਂਗਰਸ ਰਾਜ ਤੋਂ ਪਹਿਲੇ ਕਦੇ ਇਕ ਸੌ ਰੁਪਏ ਜਮਾ ਨਹੀਂ ਹੋਏ ਸਨ ਅਜ ਉਹਨਾਂ ਦਾ ਲਖਾਂ ਰੁਪਿਆ ਬੈਂਕ ਵਿਚ ਜਮਾ ਹੈ।

ਵਡਾ ਅਸਚਰਜ ਤਾਂ ਸਫੀਰਾਂ ਦੇ ਖਰਚਾਂ ਤੋਂ ਆ ਰਿਹਾ ਹੈ। ਖਾਸ ਕਰ ਪੰਡਤ ਜਵਾਹਰ ਲਾਲ ਜੀ ਨਹਿਰੂ ਦੀ ਭੈਣ ਪੰਡਤ ਵਿਜੇ ਲਖਸ਼ਮੀ ਦੇ ਰੂਸ ਵਿਚ ਵਾਪਰੇ ਸਮਾਚਾਰ ਤੇ ਹੈਰਾਨੀ ਹੈ ਕਿ ਮਾਸਕੋ ਵਿਚ ਪੰਡਤ ਵਿਜੇ ਲਖਸ਼ਮੀ ਜੀ ਨੂੰ ਕੋਈ ਕੋਠੀ ਨਾ ਪਸੰਦ ਆਏ। ਤੇ ਕੋਠੀ ਮਾੜੀ ਮੋਟੀ ਪਸੰਦ ਆਈ ਤਾਂ ਫਰਨੀਚਰ ਨਾ ਚੰਗਾ ਲਗੇ। ਫਰਨੀਚਰ ਮੰਗਾਇਆ ਜਾਏ ਲਖਾਂ ਰੁਪਇਆਂ ਦਾ ਇੰਗਲੈਂਡ ਆਦ ਦੇਸ਼ ਤੋਂ। ਇਸ ਦੇ ਨਾਲ ਜਿਹੜੇ ਹੋਰ ਫਜ਼ੂਲ ਖਰਚ ਹੋਏ ਉਸ ਦੇ ਅੰਕੜੇ ਵਲ ਸੋਚੀਏ ਤਦ ਹਰ ਇਕ ਸਮਝਦਾਰ ਹਿੰਦੁਸਤਾਨੀ ਦੇ ਰੌਂਗਟੇ ਖੜੇ ਹੋ ਜਾਂਦੇ ਹਨ। ਤੇ ਸੋਚਦਾ ਹੈ ਕਿ ਪੰਡਤ ਵਿਜੇ ਲਖਸ਼ਮੀ ਜੀ ਨੂੰ ਰੂਸੀ ਸਰਕਾਰ ਨੇ ਇਸੇ ਲਈ ਵਾਪਸ ਹਿੰਦੁਸਤਾਨ ਮੋੜ ਦਿੱਤਾ ਹੈ ਕਿ ਇਹ ਵਧੇਰੇ ਐਸ਼ ਪਰਸਤ ਹੈ। ਪਰ ਕਾਂਗਰਸ ਸਰਕਾਰ ਨੇ ਉਸੇ ਪੰਡਤ ਵਿਜੇ ਲਖਸ਼ਮੀ ਨੂੰ ਅਮ੍ਰੀਕਾ ਵਿਚ ਭੇਜ ਦਿਤਾ ਸਫੀਰ ਬਨਾ। ਜਿਹੜਾ ਸਫੀਰ ਇਕ ਦੇਸ ਨੇ ਕੰਡਮ [ ਨਾ ਪਸੰਦ ] ਕੀਤਾ ਹੈ। ਉਸ ਨੂੰ ਦੂਸਰੇ ਦੇਸ ਵਿਚੋਂ ਸਫੀਰ ਬਨਾਣ ਦਾ ਸਾਫ ਮਤਲਬ ਹੈ। ਕਿ ਇਹ ਰਾਜ ਸ਼ਖਸੀ ਰਾਜ ਹੈ। ਤੇ ਹੈ ਭੈਣ ਭਰਾਵਾਂ ਦਾ ਰਾਜ। ਇਸ ਰਾਜ ਨੂੰ ਖਤਮ ਕਰਾਂਗੇ। ਇਹ ਸਰਮਾਏਦਾਰੀ ਰਾਜ ਹੈ। ਇਨੇ ਨੂੰ ਸੰਤਰੀ ਨੇ ਇਕ ਲਫਾਫਾ ਅੰਦਰ ਸੁਟਿਆ ਉਸ ਨੂੰ ਖੋਲ ਕੇ ਪੜ੍ਹਿਆ ਤਾਂ ਇਉਂ ਬੋਲਿਆ।

ਮੇਰੇ ਪਿਆਰੇ ਦੇਵਰ ਗਨੇਸ਼ੀ ਰਾਮ ਜੀ
ਪਿਆਰ ਭਰੀ ਨਮਸਤੇ।
ਸਿਨਮਰ ਬਿਨੇ ਹੈ ਕਿ ਜਿਥੇ ਮੈਂ ਆਪ ਦੇ ਸ਼ੁਭ ਇਰਾਦਿਆਂ ਨੂੰ ਹੁਣ ਤੀਕ ਨਾ ਸਮਝ ਸਕੀ। ਓਥੇ ਤੁਹਾਡੇ ਦੋਹਾਂ ਭਰਾਵਾਂ ਵਿਚ ਪਿਆਰ ਦੀ ਗੰਡ ਨੂੰ ਪੀਡਾ ਨਾ ਕਰ ਸਕੀ। ਸਗੋਂ ਆਪਣੇ ਵਲੋਂ ਮੇਰੀ ਇਹ ਯਤਨਦਾਰੀ ਰਹੀ ਹੈ ਕਿ ਤੁਹਾਨੂੰ ਆਪੋ ਵਿਚ ਦੂਰ ਤੋਂ ਦੂਰ ਕਰੀ ਜਾਵਾਂ। ਇਸ ਗਲ ਵਿਚ ਮੈਂ ਸਫਲ ਰਹੀ ਹਾਂ। ਇਸ ਕਾਰਵਾਈ ਤੋਂ ਮੰਨ ਰਹੀ ਹਾਂ ਕਿ ਮੈਂ ਬੜਾ ਅਪ੍ਰਾਧ ਕੀਤਾ ਹੈ। ਖਾਨਦਾਨੀ ਮੇਲ ਤੇ ਪਿਆਰ ਨੂੰ ਵਖ ਕਰਨ ਜੇਡ ਹੋਰ ਕੋਈ ਅਪ੍ਰਾਧ ਨਹੀਂ ਮੰਨਿਆ ਜਾ ਸਕਦਾ ਹੈ।

ਅਜੇਹੀ ਘਟੀਆ ਇਸਤ੍ਰੀ ਦਾ ਕੋਈ ਹੱਕ ਨਹੀਂ ਹੈ ਕਿ ਮੰਨੇ ਹੋਏ ਲੋਕ ਆਗੂ ਪਾਸੋਂ ਖਿਮਾ ਮੰਗੇ। ਪਰ ਆਪ ਦਾ ਬ੍ਰਿਧ ਖਿਮਾ ਕਰਨਾ ਹੈ। ਇਸ ਲਈ ਆਪਣੇ ਤੇ ਆਪ ਦੇ ਭਰਾ ਵਲੋਂ ਹਥ ਜੋੜ ਆਪ ਪਾਸੋਂ ਖਿਮਾ ਮੰਗ ਰਹੀ ਹਾਂ। ਦੂਜੀ ਗਲ ਇਹ ਹੈ ਕਿ ਰੁਸਨਾ ਮੰਨਣਾ ਦੇਵਰ-ਭਾਬੀ ਦਾ ਸਹੀ ਨਖਰਾ ਮੰਨਿਆ ਗਿਆ ਹੈ। ਭਾਬੀ ਦੇਵਰ ਨੂੰ ਪਰਖਨ ਲਈ ਅੜਾਉਣੀਆਂ ਘੜਦੀ ਆਈ ਹੈ। ਤੇ ਦੇਵਰ ਭਾਬੀ ਦੀਆਂ ਛੇੜਖਾਨੀਆਂ ਤੋਂ ਵਿਟਰਦੇ ਰਹੇ ਹਨ। ਵਿਟਰੇ ਦੇਵਰ ਨੂੰ ਭਾਬੀ ਮਨੌਂਦੀ ਹੈ। ਤੇ ਦੇਵਰ ਮੰਨਦਾ ਆਇਆ ਹੈ। ਹੁਣ ਮੈਂ ਸਮਝ ਗਈ ਮੇਰੇ ਮਿਠੇ ਗਨੇਸ਼ੀ ਦੇਵਰ ਨੇ ਮੇਰੀਆਂ ਛੇੜਖਾਨੀਆਂ ਤੇ ਭੁਲਾਂ ਨੂੰ ਭੁਲਾ ਦਿੱਤਾ ਹੈ। ਮੈਂ ਹੂਈ ਨਾ ਗਨੇਸ਼ੀ ਦੀ ਨਖਰੋ ਭਾਬੀ।
ਲੋਕਾਂ ਭਾਣੇ ਤੂੰ ਲੀਡਰ ਛਡ ਹੋਰ ਬਹੁਤ ਕੁਝ ਕਿਉਂ ਨਾ ਬਣ ਬਣ ਬਹਿਵੇਂ। ਪਰ ਮੇਰਾ ਤਾਂ ਨਟ ਖਟ ਦੇਵਰ ਹੀ ਹਾਂ। ਨਟਖਣੇ ਦੇਵਰ ਨੂੰ ਸਭੋ ਛੇੜ ਖਾਨੀਆਂ ਕਰਨ ਦਾ ਸ਼ੀਲਾ ਦਾ ਪੂਰਾ ਅਧਿਕਾਰ ਹੈ।
ਭਾਬੀ ਦੇ ਨਾਲ ਤੇਰੀ ਮੈਂ ਹੁਣ ਸਾਲੀ ਭੀ ਬਣ ਗਈ ਹਾਂ। ਸਾਲੀ ਅਧੇ ਘਰ ਵਾਲੀ ਮੰਨੀ ਗਈ ਹੈ। ਲਗਾ ਜੂ ਪਤਾ ਤਹਾਡੀ ਮੰਗਣੀ ਮੈਂ ਆਪਣੇ ਮਾਮੇ ਹਰੀਸ਼ ਦੀ ਲੜਕੀ ਬਿਮਲਾ ਨਾਲ ਕਰ ਦਿਤੀ ਹੈ ਫਰਕ ਏਨਾ ਹੈ। ਤੁਸੀਂ ਐਮ. ਏ. ਹੋ। ਉਹ ਬੀ. ਏ. ਵਿਚ ਪੜ੍ਹ ਰਹੀ ਹੈ।
ਹੁਣ ਤਾਂ ਬਣ ਗਈ ਨਾ ਤੁਹਾਡੀ ਭਾਬੀ ਦੇ ਨਾਲ ਦੂਹਰੀ ਸਾਲੀ। ਹੁਣ ਤੁਸੀਂ ਮੇਰੇ ਜੀਜਾ ਜੀ ਹੋਏ। ਜੀਜਾ ਜੀ ਉਹ ਗਲ ਹੁਣ ਤੁਹਾਨੂੰ ਮੰਨ ਲੈਣੀ ਚਾਹੀਦੀ ਹੈ। ਜਿਹੜੀ ਤੁਹਾਡੇ ਬੜੇ ਵੀਰ ਜੀ ਕਹਿ ਰਹੇ ਹਨ। ਤੁਹਾਡਾ ਕੁਝ ਘਟਦਾ ਨਹੀਂ। ਕਾਂਗਰਸ ਦੀ ਮਦਦ ਕਰਦੇ। ਹੁਣ ਤਕ ਆਪ ਕਾਂਗਰਸੀ ਰਹੇ ਹੋ। ਕਾਂਗਰਸੀ ਰਾਜ ਦਾ ਤੁਹਾਨੂੰ ਚਾਅ ਹੋਣਾ ਚਾਹੀਦਾ ਏ। ਤੁਹਾਡੇ ਪੁਰਾਣੇ ਮ੍ਰਿਤ ਸ: ਹਰਨਾਮ ਸਿੰਘ ਪ੍ਰਧਾਨ ਕਾਂਗਰਸ ਕਹਿੰਦੇ ਹਨ। ਅਸੀਂ ਉਨ੍ਹਾਂ ਦੇ ਪਕੇ ਸਾਥੀ ਹਾਂ। ਮਜ਼ਦੂਰ ਕਿਸਾਨ ਦੇ ਹਕਾਂ ਲਈ ਮਿ: ਗਨੇਸ਼ੀ ਰਾਮ ਤੋਂ ਕਿਸੇ ਗਲ ਘਟ ਨਹੀਂ ਰਹਿੰਦੇ।-ਕੋਈ ਸੇਵਾ
੨੭-੭-੪੯ਆਪ ਦੀ ਪਿਆਰੀ ਭਾਬੀ
ਸ਼ੀਲਾ

ਪਤ੍ਰਕਾ ਨੂੰ ਮੁੜ ਨਵੇਂ ਸਿਰਿਓਂ ਪੜ੍ਹਦਾ ਪੜ੍ਹਦਾ ਜਦ ਇਹ ਪੜ੍ਹਦਾ ਹੈ 'ਤੁਹਾਡੀ ਮੰਗਨੀ ਮੈਂ ਆਪਣੇ ਮਾਮੇ ਹਰੀਸ਼ ਦੀ ਲੜਕੀ ਬਿਮਲਾ ਨਾਲ ਕਰ ਦਿਤੀ ਹੈ ਤਾਂ ਦਿਲ ਵਿਚ ਸੋਚਦਾ ਹੈ ਕਿ ਹੈਂ! ਬਿਮਲਾ ਦੀ ਮੰਗਨੀ ਮੇਰੇ ਨਾਲ? ਬਿਮਲਾ ਮੰਨ ਕਿਵੇਂ ਗਈ ਹੈ? ਮੇਰਾ ਤੇ ਉਸ ਦਾ ਫਰਕ ਢੇਰ ਹੈ। ਮੈਂ ਪੰਤਾਲੀਆਂ ਵਰ੍ਹਿਆਂ ਦਾ ਤੇ ਉਹ ਬਾਈਆਂ ਵਰ੍ਹੀਆਂ ਦੀ ਹੁਸਨ-ਮਤੀ ਮੁਟਿਆਰ।
ਬੂਹੇ ਵਲ ਤਕ, ਉਠ ਕੇ ਕਮਰੇ ਵਿਚ ਟੁਰਨ ਲਗ ਪੈਂਦਾ ਹੈ। ਪੰਜ ਮਿੰਟ ਟੁਰਨ ਤੋਂ ਪਿਛੋਂ ਮਿਠੀ ਸੁਰ ਨਾਲ ਗਾਨ ਲਗ ਜਾਂਦਾ ਹੈ।

ਸਜਨੀ ਕਿਵੇਂ ਗਾਵਾਂ ਗਾਣੇ ਪ੍ਰੇਮ ਦੇ?
ਤੇਰੇ ਸੰਗ ਬਸਰਾਮ ਦੇ।
ਤੇਰੇ ਨੈਣਾਂ ਦੀ ਮਸਤ ਜਵਾਨੀ
ਭੁਲੀ ਬੈਠੀ ਹੈ ਦਰਦ ਇਨਸਾਨੀ,
ਤੇਰੇ ਨਾਲੋਂ ਲਖਾਂ ਗੁਣੇ ਵਧ ਸੋਹਣੀਆਂ ਮੁਟਿਆਰਾਂ।
ਮੇਰੇ ਨਾਲੋਂ ਮਨਾ ਮੂੰਹੀਂ ਵੱਧ ਗੁਣ ਕਾਰਾਂ।
ਰੀਝਾਂ ਨੂੰ ਅੰਦਰੇ ਅੰਦਰ ਨਪ ਰਖਿਆ।
ਹੁਸਨ ਜਵਾਨੀ ਨੂੰ ਰੋਟੀ ਦੀ ਥਾਂ ਲਕ ਛਡਿਆ।
ਜਵਾਨੀ ਹੋਵੇ ਰੂਪ ਨਿਸ਼ਾਨੀ ਹੋਵੇ।.................
ਦਿਲ ਚਾਹੁੰਦਾ ਹੈ ਮਨ ਮੋਣੀਆਂ ਮੁਟਿਆਰਾਂ ਨੂੰ।
ਪਾ ਗੱਲਵਿਕੜੀ ਮਾਨ ਲਵਾਂ ਪਿਆਰਾਂ ਨੂੰ।
ਪਰ ਗਲ ਵਿਕੜੀ ਪਾ ਨਹੀਂ ਸਕਦਾ।
ਨੈਣੀ ਨੈਣ ਰਸਾ ਨਹੀਂ ਸਕਦਾ।

ਇਨੇ ਨੂੰ ਸੰਤਰੀ ਲਛਮਨ ਸਿੰਘ ਨੇ ਬੂਹਾ ਖੋਲ੍ਹ ਮਿ: ਗਨੇਸ਼ੀ ਰਾਮ ਦੇ ਮੂਹਰੇ ਤਿੰਨ ਮੋਟੀਆਂ ਰੋਟੀਆਂ ਉਪਰ ਪੇਠੇ ਦੀ ਸਬਜ਼ੀ ਤੇ ਪਾਣੀ ਦਾ ਪਿਆਲਾ ਧਰਦਿਆਂ ਕਿਹਾ, ਆਪ ਸਾਡੀ ਹੀ ਖਾਤਰ ਇਹ ਔਖ ਝੱਲ ਰਹੇ ਹੋ। ਆਪ ਦਾ ਜੇਲ੍ਹ ਵਿਚ ਰਹਿਣਾ ਠੀਕ ਨਹੀਂ ਹੈ। ਮੈਂ ਆਪ ਦੀ ਹਰ ਤਰੀਕੇ ਦੇ ਨਾਲ ਮੱਦਦ ਕਰਨੀ ਚਾਹੁੰਦਾ ਹਾਂ।
ਮਥੇ ਉਪਰੋਂ ਪਸੀਨੇ ਦੇ ਹੱਥ ਨਾਲ ਪੂੰਰ ਦੇ ਮਿ: ਗਨੇਸ਼ੀ ਰਾਮ ਨੇ ਕਿਹਾ, ਮੇਰੀ ਮਦੱਦ ਕਰਨ ਨਾਲ ਆਪਨੂੰ ਬਹੁਤ ਨੁਕਸਾਨ ਹੋਵੇਗਾ।

ਅਗੇ ਕਿਹੜਾ ਅਸੀਂ ਸੁਖੀ ਆਂ। ਪੰਦਰਾਂ ਸਾਲ ਸਰਕਾਰ ਦੀ ਨੌਕਰੀ ਕਰਦੇ ਨੂੰ ਹੋ ਚੁਕੇ ਨੇ ਪਰ ਮੇਰੀ ਭੈੜੀ ਹਾਲਤ ਵਿੱਚ ਮਾਸਾਂ ਫਰਕ ਨਹੀਂ ਪਿਆ। ਘਰ ਦੀ ਗਰੀਬੀ ਨੂੰ ਦੂਰ ਕਰਨ ਵਾਸਤੇ ਨੌਕਰ ਹੋਇਆ ਆਂ ਪਰ ਘਰ ਦੀ ਹਾਲਤ ਉਹੋ ਹੈ ਜਿਹੜੀ ਮੇਰੇ ਨੌਕਰ ਹੋਣ ਤੋਂ ਪਹਿਲਾਂ ਸੀ। ਛੁਟੀ ਜਾਈਦਾ ਹੈ ਤਾਂ ਮਾਂ ਜਾਂਦੇ ਨੂੰ ਬੋਲਦੀ ਹੈ। ਬਚਾ ਵਿਸਵੇਦਾਰ ਹਰਨਾਮ ਸਿੰਘ ਦਾ ਬਿਆਜ ਵੱਧ ਰਿਹਾ ਹੈ। ਜਿਹੜੇ ਤੂੰ ਰੁਪਏ ਭੇਜੇ ਸਨ। ਉਨ੍ਹਾਂ ਵਿਚੋਂ ਅਧਿਆਂ ਦਾ ਬੀਜ ਲੈ ਕੇ ਪਾਇਆ ਤੇ ਅਧੇ ਰੁਪਏ ਬਿਆਜ ਦੇ ਦਿਤੇ ਬਿਸਵੇਦਾਰ ਹਰਦਮ ਸਿੰਘ ਨੂੰ। ਤੇ ਜਦੋਂ ਘਰ ਵਲ ਝਾਤੀ ਮਾਰਦਾ ਆਂ। ਵਿੰਗੇ ਡਿੰਗੇ ਜੰਗਾਲ ਲਗੇ ਪਿਤਲ ਦੇ ਭਾਂਡੇ, ਮੈਲੀਆਂ ਟਾਕੀਆਂ ਨਾਕ ਬਕੇ ਜੁਲੜ ਤੇ ਅਧੋ ਰਾਣੇ ਪੁਰਾਣੇ ਵਾਣ ਦੀਆਂ ਮੰਜੀਆਂ ਬਿਨਾਂ ਹੋਰ ਕੁਝ ਦਿਸਦਾ ਨਹੀਂ ਹੈ। ਮੈਂ ਸੋਚਦਾ ਆਂ ਕਿ ਉਹ ਦਿਨ ਕਦ ਆਊ ਜਦ ਬੋਰੀ ਕਣਕ ਦੀ ਖਾਣ ਲਈ ਘਰ ਹੋਵੇਗੀ। ਬੁਹਲ ਲਗਦੇ ਸਾਰ ਬਿਸਵੇਦਾਰ ਹਰਨਾਮ ਸਿੰਘ ਸਾਰੇ ਦਾਣੇ ਤੇ ਤੂੜੀ ਆਪਣੇ ਕੋਠਿਆਂ ਵਿਚ ਸੁਟਵਾ ਲੈਂਦਾ ਹੈ। ਤੇ ਬਾਪੂ ਜੀ ਨੂੰ ਕਹਿ ਦੇਂਦਾ ਹੈ। ਕਲ ਨੂੰ ਘਰੋਂ ਆਕੇ ਮਨ ਧੌਣ ਦਾਣੇ ਲੈ ਜਾਈਂ, ਘਰੋਂ ਮਿਲਦੇ ਸੁਸਰੀ ਤੇ ਸਲੇਬੇ ਦੀ ਮਾੜੀ ਕਣਕ ਛੋਲੇ। ਇਸ ਦੀਆਂ ਰੋਟੀਆਂ ਖਾਣ ਨਾਲ ਮੇਰੀ ਮਾਂ ਨੂੰ ਸੰਗਰਹਿਣੀ ਤੇ ਬਾਪੂ ਜੀ ਨੂੰ ਦਮੇਂ ਦੀ ਬੀਮਾਰੀ ਲਗ ਗਈ ਹੈ।
ਏਨੇ ਨੂੰ ਕੈਦੀਆਂ ਦੀ ਟੋਲੀ ਨਾਹਰੇ ਲੌਂਦੀ ਆਪਣੇ ਵਲ ਆਂਦੀ ਵੇਖ ਖੜੇ ਹੋ ਗਏ। ਉਹ ਬੋਲ ਰਹੇ ਸਨ। ਮਿ: ਗਨੇਸ਼ੀ ਰਾਮ ਜ਼ਿੰਦਾ ਬਾਦ। ਮਿ: ਗਨੇਸ਼ੀ ਰਾਮ ਨੂੰ ਸਾਡੇ ਨਾਲ ਰਖਿਆ ਜਾਏ।
ਸੁਪ੍ਰੀਡੰਟ ਜੇਲ੍ਹ ਤੇ ਕੁਝ ਸਪਾਹੀ ਭੀ ਅਪੜ ਗਏ। ਉਨ੍ਹਾਂ ਨੇ ਕੈਦੀਆਂ ਨੂੰ ਖਿੰਡ ਪੁੰਡ ਜਾਣ ਲਈ ਕਿਹਾ ਪਰ ਕੋਈ ਕੈਦੀ ਉਸ ਦੇ ਬੋਲ ਦੀ ਕੱਖ ਪਰਵਾਹ ਨਾਂ ਕਰੇ। ਸਗੋਂ ਕੈਦੀ ਬੋਲਨ ਲਗ ਪਏ, ਸੁਪ੍ਰਡੰਟ ਜੇਲ੍ਹ ਰਾਧਾ ਕ੍ਰਿਸ਼ਨ ਬਦਲ ਦਿਓ।
ਸੁਪਝਡੰਟ ਰਾਧਾ ਕ੍ਰਿਸ਼ਨ ਨੇ ੩੫ ਨੰਬਰ ਕੈਦੀ ਹਰੀ ਸਿੰਘ ਦੇ ਬੈਂਤ ਵੱਖੀ ਚਿ ਮਾਰਦੇ ਨੇ ਕਿਹਾ ਆਪੋ ਆਪਣੀ ਥਾਂ ਤੇ ਚਲੇ ਜਾਓ। ਨਹੀਂ ਗੋਲੀਆਂ ਨਾਲ ਉਡਾ ਦੇਵਾਂਗਾ।
ਬੈਂਤ ਖਾਂਦੇ ਹੀ ਹਰੀ ਸਿੰਘ ਸੁਪ੍ਰਡੰਟ ਤੇ ਭੁਖੇ ਸ਼ੇਰ ਵਾਂਗ ਕੁਦਿਆ। ਏਨੇ ਨੂੰ ਖੜੇ ਸਪਾਹੀਆਂ ਨੇ ਗੋਲੀ ਚਲਾ ਦਿਤੀ।
ਬਸ ਫੇਰ ਕੀ ਸੀ ਕੈਦੀਆਂ ਤੇ ਸਪਾਹੀਆਂ ਵਿਚ ਟਕਰ ਹੋ ਗਈ। ਸੁਪ੍ਰਡੰਟ ਰਾਧਾ ਕ੍ਰਿਸ਼ਨ ਤੇ ਅਜਿਹਾ ਹਰੀ ਸਿੰਘ ਨੇ ਹੂਰਾ ਮਾਰਿਆ ਕਿ ਉਹ ਸਿਰ ਪਰਨੇ ਫਰਸ਼ ਤੇ ਡਿਗ ਪਿਆ। ਡਿਗਦੇ ਦਾ ਸਿਰ ਫੱਟ ਗਿਆ, ਸੁਪ੍ਰਡੰਟ ਰਾਧਾ ਕ੍ਰਿਸ਼ਨ ਦੇ ਸਿਰ ਚੋਂ ਲਹੂ ਨਿਕਲਦਾ ਵੇਖ ਸਪਾਹੀ ਅੰਨੇ ਮੂੰਹ ਗੋਲੀ ਚਲਾਨ ਲਗ ਪਏ। ਇਕ ਗੋਲੀ ਮਿ: ਗਨੇਸ਼ੀ ਰਾਮ ਦੇ ਮਥੇ ਵਿਚ ਵਜੀ ਜਿਸ ਨਾਲ ਉਸ ਦੀ ਮੌਤ ਹੋ ਗਈ। ਏਨੇ ਨੂੰ ਕੈਦੀ ਨਸਕੇ ਇਕ ਕੋਠੜੀ ਚਿ ਜਾ ਧੁਸੇ ਤੇ ਉਸ ਦਾ ਬੂਹਾ ਬੰਦ ਕਰ ਲਿਆ।

  • ਮੁੱਖ ਪੰਨਾ : ਕਹਾਣੀਆਂ, ਭਾਗ ਸਿੰਘ ਜੀਵਨ ਸਾਥੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ