Baar Praaiai Na Baisna Da Hoka Den Wala 'Sekh Farid'

ਬਾਰਿ ਪਰਾਇਐ ਨ ਬੈਸਣ ਦਾ ਹੋਕਾ ਦੇਣ ਵਾਲਾ 'ਸੇਖ ਫਰੀਦ'

ਬਾਰਿ ਪਰਾਇਐ ਨ ਬੈਸਣ ਦਾ ਹੋਕਾ ਦੇਣ ਵਾਲਾ 'ਸੇਖ ਫਰੀਦ'-ਹਰਿਭਜਨ ਸਿੰਘ ਭਾਟੀਆ

ਪੰਜਾਬ ਦੇ ਨਕਸ਼ੇ ਵਿਚ ਫਰੀਦਕੋਟ ਸ਼ਹਿਰ ਦਾ ਨਾਂ ਅਗੋਂ ਫਰੀਦਕੋਟ ਸ਼ਹਿਰ ਵਿਚ 'ਚਿੱਲਾ ਸ਼ੇਖ ਫਰੀਦ', 'ਗੁਰਦੁਆਰਾ ਗੋਦੜੀ ਸਾਹਿਬ', 'ਬਾਬਾ ਫ਼ਰੀਦ ਯੂਨੀਵਰਸਿਟੀ ਔਫ਼ ਮੈਡੀਕਲ ਸਾਇੰਸਜ਼', 'ਬਾਬਾ ਫ਼ਰੀਦ ਖੰਡ ਮਿੱਲ' ਅਤੇ ਬਾਬਾ ਫ਼ਰੀਦ ਪਬਲਿਕ ਸਕੂਲ ਆਦਿ ਕਈ ਕੁਝ ਹੈ ਜੋ ਏਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਆਖ਼ਿਰ ਕੀ ਸੰਬੰਧ ਰਿਹਾ ਹੈ ਬਾਬਾ ਫ਼ਰੀਦ ਜਾਂ ਸੇਖ ਫਰੀਦ ਦਾ ਫਰੀਦਕੋਟ ਦੀ ਧਰਤੀ ਨਾਲ? ਡਾ. ਬ੍ਰਹਮ ਜਗਦੀਸ਼ ਸਿੰਘ ਵਲੋਂ ਪ੍ਰੋ. ਪ੍ਰੀਤਮ ਸਿੰਘ ਦੁਆਰਾ ਲਿਖੀ ਪੁਸਤਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲੇ 'ਸੇਖ ਫਰੀਦ' ਦੀ ਭਾਲ ਵਿਚ ਉਚੇਚੇ ਤੌਰ ਉੱਪਰ ਲਿਖੇ ਮਜ਼ਮੂਨ "ਫਰੀਦਕੋਟ ਅਤੇ ਬਾਬਾ ਫ਼ਰੀਦ ਜੀ" ਨੂੰ ਪੜੋ ਤਾਂ ਇਸ ਦਾ ਅੰਤ ਇਸ ਉਕਤੀ ਨਾਲ ਹੁੰਦਾ ਹੈ ਕਿ "ਫਰੀਦਕੋਟ ਸ਼ਹਿਰ ਉੱਪਰ ਬਾਬਾ ਫ਼ਰੀਦ ਜੀ ਦੀ ਮਿਹਰ ਦਾ ਮੀਂਹ ਨਿਰੰਤਰ ਵਸਦਾ ਰਹਿੰਦਾ ਹੈ।" ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ "ਫ਼ਰੀਦਕੋਟ ਸ਼ਹਿਰ ਦਾ ਨਾਂ ਬਾਰ੍ਹਵੀਂ-ਤੇਰ੍ਹਵੀਂ ਸਦੀ ਦੇ ਮਹਾਨ ਸੂਫ਼ੀ ਦਰਵੇਸ਼ ਅਤੇ ਪੰਜਾਬੀ ਸਾਹਿਤ ਦੇ ਆਦਿ ਕਵੀ ਸ਼ੈਖ ਬਾਬਾ ਫ਼ਰੀਦ ਜੀ ਦੇ ਮੁਬਾਰਕ ਨਾਂ ਨਾਲ ਜੁੜਿਆ ਹੋਇਆ ਹੈ।" ਇਸ ਸੂਚਨਾ ਤੋਂ ਪੂਰਵ ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਨਾਬਾ ਨੇ ਲਿਖਿਆ ਕਿ ਫਰੀਦਕੋਟ ਦਾ ਪਹਿਲਾ ਨਾਮ ਮੋਕਲ ਨਗਰ ਰਾਜਾ ਮੋਕਲ ਦੇਵ ਦਾ ਵਸਾਇਆ ਹੋਇਆ ਸੀ ਪਰ ਬਾਬਾ ਫ਼ਰੀਦ ਜੀ ਦੇ ਚਰਨ ਪਾਉਣ ਸਮੇਂ ਉਸ ਨੇ ਉਨ੍ਹਾਂ ਦੇ ਨਾਮ ਪਰ ਹੀ ਫਰੀਦਕੋਟ ਨਾਮ ਰੱਖ ਦਿੱਤਾ ਤੇ ਹੁਣ ਤਕ ਇਸੇ ਨਾਮ ਤੇ ਵਸਦਾ ਆ ਰਿਹਾ ਹੈ। ਫਰੀਦਕੋਟ ਵਿਖੇ ਹਰ ਵਰ੍ਹੇ ਲੱਗਦੇ ਮੇਲਿਆਂ, ਕੀਰਤਨ ਦਰਬਾਰਾਂ, ਨਾਟ ਮੇਲਿਆਂ, ਸੈਮੀਨਾਰਾਂ ਅਤੇ ਖੇਡਾਂ ਦੇ ਟੂਰਨਾਮੈਂਟਾ ਆਦਿ ਤੋਂ ਲੋਕਾਂ ਦੀ ਇਸ ਦਰਵੇਸ਼ ਨਾਲ ਦਿਲੀ ਸਾਂਝ ਦੀ ਟੋਹ ਹਾਸਲ ਹੁੰਦੀ ਹੈ। ਇਸ ਸ਼ਹਿਰ ਦੇ ਕਿਸੇ ਬਜ਼ੁਰਗ ਜਾਂ ਦਾਨਿਸ਼ਵਰ ਨਾਲ ਮਸ਼ਵਰੇ ਵਿਚ ਪਵੋ ਤਾਂ ਕਈ ਤਰ੍ਹਾਂ ਦੀਆਂ ਦੰਦ-ਕਥਾਵਾਂ ਅਤੇ ਰਵਾਇਤਾਂ ਨਾਲ ਵਾਹ ਪੈਂਦਾ ਹੈ। ਉਨ੍ਹਾਂ ਦੰਦ-ਕਥਾਵਾਂ ਅਤੇ ਰਵਾਇਤਾਂ ਉੱਪਰੋਂ ਰਹੱਸ ਅਤੇ ਮੁਅਜਜ਼ਿਆਂ ਦੀ ਧੂੜ ਨੂੰ ਲਾਂਭੇ ਕਰ ਦੇਵੋ ਤਾਂ ਗੱਲ ਏਨੀ ਸਾਫ ਹੋ ਕੇ ਬਾਹਰ ਆਉਂਦੀ ਹੈ ਕਿ ਫ਼ਰੀਦ ਜੀ ਇਸ ਇਲਾਕੇ ਵਿਚੋਂ ਗੁਜ਼ਰੇ ਸਨ ਅਤੇ ਲੋਕਾਂ ਨੇ ਉਨ੍ਹਾਂ ਦੀ ਸ਼ਖ਼ਸੀਅਤ, ਮਿੱਠੇ ਬੋਲਾਂ ਅਤੇ ਚਿਰਸਥਾਈ ਪ੍ਰਭਾਵ ਛੱਡਣ ਵਾਲੀ ਸੱਚੀ ਸੁੱਚੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਇਸ ਇਲਾਕੇ ਦਾ ਨਾਂ ਮੋਕਲ ਨਗਰ ਤੋਂ ਫਰੀਦਕੋਟ ਰੱਖ ਦਿੱਤਾ।

ਪੰਜਾਬੀ ਕਾਵਿ ਧਾਰਾ ਦੇ ਇਸ ਪਿਤਾਮਾ ਦਾ ਪੂਰਾ ਨਾਂ ਸ਼ੇਖ ਫਰੀਦੁਦੀਨ ਮਸਊਦ ਗੰਜ-ਇ-ਸ਼ਕਰ ਸੀ। ਜਨਮ ਪਿੰਡ ਖੋਤਵਾਲ ਜ਼ਿਲਾ ਮੁਲਤਾਨ ਵਿਚ ੫ ਅਪਰੈਲ ੧੧੭੪ ਈ. ਨੂੰ ਹੋਇਆ। ਮਾਤਾ ਦਾ ਨਾਂ ਮਰੀਅਮ ਅਤੇ ਪਿਤਾ ਜਮਾਲੁਦੀਨ ਸੁਲੇਮਾਨ ਸਨ। ਆਪ ਚਿਸ਼ਤੀ ਸੰਪਰਦਾਇ ਦੇ ਮੁਖੀ ਖ਼ਵਾਜਾ ਕੁਤਬੁਦੀਨ ਬਖਤਯਾਰ ਕਾਕੀ ਦੇ ਮੁਰੀਦ ਸਨ ਅਤੇ ਇਨ੍ਹਾਂ ਨਾਲ ਇਨ੍ਹਾਂ ਦੀ ਮੁਲਾਕਾਤ ਮੁਲਤਾਨ ਦੇ ਮਦਰੱਸੇ ਵਿਚ ਮੁੱਢਲੀ ਤਾਲੀਮ ਹਾਸਲ ਕਰਦਿਆਂ ਹੋਈ ਸੀ। ਦਾਨਿਸ਼ਵਰਾਂ ਦਾ ਕਹਿਣਾ ਹੈ ਕਿ ਆਪ ੧੨੩੫ ਈ. ਵਿਚ ਆਪਣੇ ਮੁਰਸ਼ਦ ਦੀ ਗੱਦੀ ਉੱਪਰ ਬਿਰਾਜਮਾਨ ਹੋਏ ਅਤੇ ੧੭ ਅਕਤੂਬਰ ੧੨੬੫ ਈ. ਨੂੰ ਆਪ ਦਾ ਦਿਹਾਂਤ ਹੋ ਗਿਆ। ਆਪ ਦੀ ਪਾਕ ਪਟਨ ਸ਼ਰੀਫ਼ (ਪਾਕਿਸਤਾਨ) ਵਿਖੇ ਕਬਰ, ਦਰਗਾਹ ਅਤੇ ਮੁੱਲਵਾਨ ਯਾਦਗਾਰੀ ਵਸਤਾਂ ਮੌਜੂਦ ਹਨ।

ਬਾਬਾ ਫ਼ਰੀਦ ਜੀ ਦੇ ਜਨਮ, ਬਚਪਨ ਅਤੇ ਜੀਵਨ ਨਾਲ ਅਨੇਕਾਨੇਕ ਦੰਦ-ਕਥਾਵਾਂ, ਰਵਾਇਤਾਂ ਅਤੇ ਕਥਾ ਕਹਾਣੀਆਂ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿਚ ਜੁੜੀਆਂ ਹੋਈਆਂ ਹਨ। ਹੁਣ ਤਕ ਹੋਈ ਖੋਜ ਨੇ ਇਹ ਗੱਲ ਪ੍ਰਵਾਨ ਕਰ ਲਈ ਹੈ ਕਿ ਆਪ ਦਾ ਜੀਵਨ ਬਾਰ੍ਹਵੀਂ-ਤੇਰ੍ਹਵੀਂ ਸਦੀ ਵਿਚ ਹੀ ਗੁਜ਼ਰਿਆ। ਗੁਰੂ ਗ੍ਰੰਥ ਸਾਹਿਬ ਵਿਚ ਰਾਗ ਆਸਾ ਵਿਚ ਆਪ ਦੇ ਦੋ ਸ਼ਬਦ (ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰਨਾ ੪੮੮), ਰਾਗ ਸੂਹੀ ਵਿਚ ਦੋ ਸ਼ਬਦ (ਪੰਨਾ ੭੯੪) ਅਤੇ ੧੧੨ ਸਲੋਕ (ਪੰਨੇ ੧੩੭੭-੧੩੮੪) ਦਰਜ ਹਨ। ਕੀ ਕਾਰਣ ਹੈ ਕਿ ਕੁਝ ਪੰਨਿਆਂ ਵਿਚ ਫੈਲੀ ਇਹ ਰਚਨਾ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੇ ਹਰ ਸ਼ਖ਼ਸ ਦੇ ਹਿਰਦੇ ਅੰਦਰ ਡੂੰਘੀ ਉਤਰੀ ਹੋਈ ਹੈ?

ਜੇਕਰ ਮੱਧਕਾਲ ਦੇ ਕਿੱਸਾਕਾਰਾਂ ਵਲੋਂ ਬਾਬਾ ਫ਼ਰੀਦ ਜੀ ਦੀ ਪ੍ਰਸੰਸਾ ਵਿਚ ਉਚਾਰੀਆਂ ਟੂਕਾਂ (ਦੁੱਖ ਦਰਦ ਪੰਜਾਬ ਦਾ ਦੂਰ ਹੈ ਜੀ – ਵਾਰਸਸ਼ਾਹ) ਨੂੰ ਲਾਂਭੇ ਵੀ ਕਰ ਦਈਏ ਤਾਂ ਬਾਬਾ ਫ਼ਰੀਦ ਜੀ ਦੇ ਜੀਵਨ ਅਤੇ ਰਚਨਾ ਨੂੰ ਪੰਜਾਬੀ ਦਾਨਿਸ਼ਵਰ ਪੂਰੀ ਸਦੀ ਤੋਂ ਘੋਖ ਫਰੋਲ ਰਹੇ ਹਨ। ਪਹਿਲੇ ਕਰੀਬ ਪੰਜਾਹ ਵਰ੍ਹੇ ਤਾਂ ਫ਼ਰੀਦ ਜੀ ਦੇ ਜੀਵਨ ਸੰਬੰਧੀ ਭ੍ਰਾਂਤੀਆਂ ਸਿਰਜਣ ਅਤੇ ਨਜਿੱਠਣ ਵਿਚ ਹੀ ਲੰਘ ਗਏ। ਅਗਲੇ ਵੀਹ ਵਰ੍ਹੇ ਪੰਜਾਬੀ ਵਿਦਵਾਨ ਫ਼ਰੀਦ ਜੀ ਦੇ ਨਿਰਾਸ਼ਾਵਾਦੀ ਜਾਂ ਆਸ਼ਾਵਾਦੀ ਹੋਣ ਸੰਬੰਧੀ ਬਹਿਸ ਵਿਚ ਪਏ ਰਹੇ। ਇਨ੍ਹਾਂ ਵਿਚੋਂ ਜੇਕਰ ਇਕ ਨੇ ਇਹ ਗੱਲ ਆਖੀ ਕਿ "ਫ਼ਰੀਦ ਬਾਣੀ ਕੋਈ ਸਮਾਜਿਕ ਇਤਿਹਾਸਕ ਜਾਂ ਧਾਰਮਿਕ ਸਿੱਖਿਆ ਨਹੀਂ ਦੇਂਦੀ। ਉਹ ਇਕ ਅਜੇਹੀ ਸਿੱਖਿਆ ਹੈ ਜੋ ਦਰਿੱਦਰੀ ਲੋਕਾਂ ਨੂੰ, ਜੋ ਜੀਵਨ ਘੋਲ ਵਿਚ ਹਿੱਸਾ ਲੈਣ ਤੋਂ ਕੰਨੀ ਕਤਰਾਉਂਦੇ ਹਨ ਆਪਣੀ ਵੱਲ ਖਿੱਚਦੀ ਹੈ, ਇਹ ਮਨੁੱਖ ਨੂੰ ਸਿੱਥਲ ਕਰਨ ਵਾਲੀ ਆਦਰਸ਼ਵਾਦੀ ਸਿੱਖਿਆ ਹੈ।" (ਸੰਤ ਸਿੰਘ ਸੇਖੋਂ) ਤਾਂ ਦੂਸਰੇ ਨੇ ਉਸ ਨੂੰ "ਬੰਦੇ ਦੇ ਬੁਨਿਆਦੀ ਮਸਲੇ" ਨਾਲ ਜੋੜ ਕੇ (ਪ੍ਰੋ. ਕਿਸ਼ਨ ਸਿੰਘ) ਪਹਿਲੀ ਰਾਇ ਉੱਪਰ ਕਾਂਟਾ ਫੇਰ ਦਿੱਤਾ। ਅਗੋਂ ਦੋਵਾਂ ਦੇ ਪਿਛਲਗ ਪਹਿਲੀ ਜਾਂ ਦੂਸਰੀ ਰਾਇ ਦੀ ਧੂਹ-ਘਸੀਟ ਕਰਦੇ ਰਹੇ। ਪੱਛਮੀ ਪੰਜਾਬ ਦੇ ਦਾਨਿਸ਼ਵਰ ਨਜਮ ਹੁਸੈਨ ਸੱਯਦ ਨੇ ਪੜਚੋਲ ਦੇ ਆਧਾਰ ਉੱਪਰ ਇਸ ਗੱਲ ਤੋਂ ਇਨਕਾਰ ਕੀਤਾ ਕਿ "ਫ਼ਰੀਦ ਹਯਾਤੀ ਨੂੰ ਨਿੰਦਣ ਵਾਲਾ ਕੋਈ ਸਾਧੂ ਏ ਜਿਹੜਾ ਜੀਵਨ ਤੋਂ ਚਿੱਤ ਚਾਵਣ ਦੀ ਮੱਤ ਦੇਂਦਾ ਏ।" ਉਸ ਇਸ ਬਾਣੀ ਨੂੰ ਹੱਡ-ਵਰਤੇ ਤੇ ਤਨ-ਝਾਗੇ ਅਨੁਭਵਾਂ ਨਾਲ ਜੋੜ ਕੇ ਅਸਲੋਂ ਨਵੇਂ ਵਿਚਾਰਾਂ ਨਾਲ ਪੰਜਾਬੀ ਬੰਦੇ ਨੂੰ ਜੋੜਿਆ। ਉਸ ਫ਼ਰੀਦ ਬਾਣੀ ਵਿਚਲੇ ਕੂੜ ਤੇ ਸੱਚ, ਜ਼ਾਹਰ ਤੇ ਬਾਤਨ, ਦੁਵੱਲ ਤੇ ਇਕੱਲ ਦੇ ਵਿਰੋਧ ਜੁਟਾਂ ਨੂੰ ਪਛਾਣ ਇਸ ਰਚਨਾ ਵਿਚਲੀ ਨਿੱਕੀ ਤੋਂ ਨਿੱਕੀ ਰਮਜ਼ ਨੂੰ ਖੋਲ੍ਹਿਆ ਅਤੇ ਇਸ ਵਿਚਲੇ "ਅਮਲ" ਅਤੇ ਬੰਦੇ ਨੂੰ "ਜਗਾਉਣ" ਦੇ ਪੱਖਾਂ ਉੱਪਰ ਦਿੱਤੇ ਬਲ ਨੂੰ ਸਾਮ੍ਹਣੇ ਲਿਆਂਦਾ।

ਜ਼ਮਾਨੇ ਦੀ ਕਰਵਟ ਅਤੇ ਦਾਨਿਸ਼ਵਰਾਂ ਦੀ ਸੋਚ ਮੁਤਾਬਿਕ ਫ਼ਰੀਦ ਬਾਣੀ ਦੇ ਅਧਿਐਨਾਂ ਦੇ ਰੰਗ ਬਦਲਦੇ ਰਹੇ ਹਨ ਪਰੰਤੂ ਇਸ ਪਾਠ ਦਾ ਮੂਲ ਜੁੱਸਾ ਅਜੇ ਵੀ ਬਰਕਰਾਰ ਹੈ। ਇਸ ਦਾ ਉੱਪਰੋਂ ਸਰਲ ਤੇ ਵਿਚੋਂ ਜਟਿਲ ਸੁਭਾਅ ਅਜੇ ਵੀ ਕਿਸੇ ਪ੍ਰਮਾਣਿਕ ਵਿਧੀ ਦੀ ਤਲਾਸ਼ ਲਈ ਉਕਸਾਉਂਦਾ ਹੈ। ਇਹ ਸਾਡੇ ਵਿਰਸੇ ਦਾ ਅਟੁੱਟ ਅੰਗ ਹੈ। ਵਿਰਸੇ ਨੂੰ ਰੱਦ ਕਰਨ ਸਮੇਂ ਰਸੂਲ ਹਮਜ਼ਾਤੋਵ ਦੇ ਇਸ ਮਸ਼ਵਰੇ ਕਿ "ਜੇ ਤੁਸੀਂ ਅਤੀਤ ਨੂੰ ਪਸਤੋਲ ਨਾਲ ਫੁੰਡੋਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਉਡਾਏਗਾ" ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਅਤੇ ਅਤੀਤ ਜਾਂ ਵਿਰਸੇ ਨਾਲ ਸੰਬੰਧਿਤ ਫੋਕਟ, ਅਰਥ ਗੁਆ ਚੁੱਕੇ, ਹਨੇਰ ਬਿਰਤੀ ਨਾਲ ਭਰੇ ਅਤੇ ਵੇਲਾ ਵਿਹਾ ਚੁੱਕੇ ਵਰਤਾਰਿਆਂ ਨੂੰ ਅਗਾਂਹ ਠੇਲ੍ਹਣ ਵਿਚ ਵੀ ਕੋਈ ਸਿਆਣਪ ਨਹੀਂ। ਅਤੀਤ ਦੀਆਂ ਉਹੀ ਲਿਖਤਾਂ ਆਪਣੇ ਸਮੇਂ ਤੋਂ ਪਾਰ ਫੈਲਦੀਆਂ ਹਨ ਜਿਨ੍ਹਾਂ ਦਾ ਸੰਬੰਧ ਮੂਲ ਮਾਨਵੀ ਆਦਰਸ਼ਾਂ, ਸਰੋਕਾਰਾਂ ਅਤੇ ਭਾਵਨਾਵਾਂ ਨਾਲ ਹੁੰਦਾ ਹੈ। ਇਸ ਕੋਣ ਤੋਂ ਫ਼ਰੀਦ ਬਾਣੀ ਦੀ ਕਾਇਆ ਵਿਚ ਬਹੁਤ ਕੁਝ ਅਜਿਹਾ ਮੌਜੂਦ ਹੈ, ਜਿਹੜਾ ਅਜੋਕੇ ਜੀਵਨ ਦੇ ਮੂਲ ਆਦਰਸ਼ਾਂ ਅਤੇ ਪ੍ਰਮਾਣਿਕ ਜੀਵਨ ਸ਼ੈਲੀ ਲਈ ਲੋਅ ਪ੍ਰਦਾਨ ਕਰਦਾ ਹੈ।

ਫ਼ਰੀਦ ਬਾਣੀ ਦੀ ਸਤਹ ਤੋਂ ਗੁਜ਼ਰੋ ਤਾਂ ਇਸ ਵਿਚ ਮੋਤ, ਸੰਸਾਰ, ਰੱਬ, ਸਬਰ ਸੰਤੋਖ, ਸ਼ਾਂਤੀ, ਹਉਮੈ ਦੇ ਤਿਆਗ ਅਤੇ ਮਿੱਠਾ ਬੋਲਣ ਆਦਿ ਸੰਬੰਧੀ ਸ਼ਲ਼ੋਕ ਮਿਲ ਜਾਂਦੇ ਹਨ। ਕਿਰਦਾਰ ਅਤੇ ਗੱਲਬਾਤ ਜਾਂ ਭੇਖ ਅਤੇ ਅਮਲ ਦੇ ਫਰਕ ਨੂੰ ਉਘਾੜਣ ਵਾਲਾ ਸ਼ਲੋਕ:

ਫ਼ਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ॥
ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ॥

ਅਕਸਰ ਲੋਕਾਂ ਦੀ ਜ਼ੁਬਾਨ ਤੋਂ ਸੁਣੀਂਦਾ ਹੈ। ਜੀਵਨ ਦੀ ਛਿਨ ਭੰਗਰਤਾ ਨੂੰ ਦਰਸਾਉਂਦੇ ਬੋਲ:
ਫ਼ਰੀਦਾ ਕਿਥੈ ਤੈਂਡੇ ਮਾਪਿਆ ਜਿਨ੍ਹੀ ਤੂ ਜਣਿਓਹਿ।
ਵੀ ਅਕਸਰ ਲੋਕ ਹੋਠਾਂ ਤੇ ਗੂੰਜਦੇ ਸੁਣਾਈ ਦੇਂਦੇ ਹਨ। ਵੱਡਾ ਕਾਰਣ ਜਿਸ ਸਦਕਾ ਫ਼ਰੀਦ ਦੀ ਰਚਨਾ ਪੂਰੇ ਪੰਜਾਬ ਅਤੇ ਪੰਜਾਬੀਅਤ ਅੰਦਰ ਡੂੰਘੀ ਉਤਰੀ ਹੋਈ ਹੈ ਉਹ ਹੈ ਇਸ ਵਿਚਲਾ ਆਪਣਾ ਆਪਣਾ ਮਾਹੌਲ, ਮਹਿਕ ਅਤੇ ਸਮੁੱਚਾ ਵਾਤਾਵਰਣ। ਇਸ ਵਿਚ ਓਪਰਾ, ਪਰਾਇਆ ਜਾਂ ਮਾਂਗਵਾਂ ਕੁਝ ਵੀ ਨਹੀਂ। ਨਿਰਸੰਦੇਹ ਇਸ ਵਿਚਲਾ ਵਾਤਾਵਰਣ ਪੰਜਾਬੀਆਂ ਦਾ ਆਪਣਾ ਵਾਤਾਵਰਣ ਹੈ ਅਤੇ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਫ਼ਰੀਦ ਉਨ੍ਹਾਂ ਦੇ ਹੀ ਧੁਰ-ਡੂੰਘ ਵਿਚੋਂ ਕੋਈ ਬੋਲ ਉਚਾਰ ਰਿਹਾ ਹੋਵੇ।

ਬਾਬਾ ਫ਼ਰੀਦ ਨੇ ਆਪਣੀ ਰਚਨਾ ਵਿਚ ਬਹੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ: ਲੋਕ ਭਾਸ਼ਾ ਵਿਚ ਆਪਣੀ ਗੱਲ ਆਖਣਾ, ਦੋ ਪੰਗਤੀਆਂ ਵਿਚ ਜੀਵਨ ਦੇ ਅਰਕ ਤੇ ਸਿਆਣਪ ਨੂੰ ਨਿਚੋੜ ਕੇ ਰੱਖ ਦੇਣਾ, ਆਪਣੀ ਵਿਚਾਰਧਾਰਾ ਨੂੰ ਗੁੱਝੇ ਢੰਗ ਨਾਲ ਆਪਣੀ ਰਚਨਾ ਦੇ ਆਰ ਪਾਰ ਫੈਲਾਅ ਦੇਣਾ, ਗੂੜ੍ਹੇ ਸਥਾਨਕ ਰੰਗ ਨੂੰ ਅਪਣਾਉਣਾ, ਦੋ ਵੱਖ-ਵੱਖ ਪਰੰਪਰਾਵਾਂ ਨੂੰ ਸਿਰਜਣ-ਕਾਰਜ ਸਮੇਂ ਇਕਸੁਰ ਕਰ ਦੇਣਾ, ਸ਼ਾਇਰੀ ਦੇ ਗੁੱਝੇ ਢੰਗ ਤਰੀਕੇ ਨੂੰ ਕਿਧਰੇ ਵੀ ਜ਼ਰਬ ਨਾ ਆਉਣ ਦੇਣਾ, ਅਪਨਾਏ ਰੂਪਾਂ ਤੇ ਗ੍ਰਹਿਣ ਕੀਤੀ ਭਾਸ਼ਾ ਨਾਲ ਕੁਝ ਇਸ ਕਦਰ ਖੇਡਣਾ ਕਿ ਉਹ ਅਸਲੋਂ ਮੌਲਿਕ ਸਰੂਪ ਅਖਤਿਆਰ ਕਰ ਜਾਵੇ, ਕਿਸੇ ਵੀ ਅਣਸਿਰਜਤ ਜਾਂ ਗੈਰ ਸਿਰਜਣਾਤਮਕ ਵੇਰਵੇ ਨੂੰ ਆਪਣੀ ਸਿਰਜਣਾ ਦੇ ਅੰਦਰਵਾਰ ਦਾਖਲ ਨਾ ਹੋਣ ਦੇਣਾ ਅਤੇ ਆਪਣੀ ਰਚਨਾ ਵਿਚ ਕੁਝ ਅਜਿਹੀਆਂ ਸਿਆਣਪਾਂ ਨੂੰ ਛੁਪਾ ਜਾਣਾ ਜਿਹੜੀਆਂ ਸਮੇਂ-ਸਥਾਨ ਦੀਆਂ ਹੱਦਾਂ ਵਿਚ ਕੈਦ ਹੋਣ ਤੋਂ ਬਾਗੀ ਹੁੰਦੀਆਂ ਹਨ ਆਦਿ ਕੁਝ ਉਹ ਖੂਬੀਆਂ ਹਨ ਜੋ ਫ਼ਰੀਦ ਬਾਣੀ ਦੀ ਵਿੱਲਖਣਤਾ ਨੂੰ ਉਭਾਰਦੀਆਂ ਹਨ। ਉਸਦੀ ਸਿਰਜਣਾ ਵਿਚ ਦੋ ਪਰੰਪਰਾਵਾਂ (ਸਾਮੀ ਅਤੇ ਭਾਰਤੀ) ਦੀ ਕਾਵਿ ਸਿਆਣਪ ਆਪਣੇ ਸਿਖ਼ਰ ਅਤੇ ਪੂਰੇ ਜਲੌਅ ਵਿਚ ਦਿਖਾਈ ਦੇਂਦੀ ਹੈ। ਇਹ ਬਾਣੀ

"ਫ਼ਰੀਦ ਬਾਰਿ ਪਰਾਇਐ ਬੈਸਣਾ ਸਾਂਈ ਮੁਝੇ ਨ ਦੇਹਿ॥
ਜੇ ਤੁ ਏਵੈ ਰਖਸੀ ਜੀਉ ਸਰੀਰਹੇ ਲੇਹਿ"॥
ਰਾਹੀਂ ਇਸ ਭੂ-ਖੰਡ ਵਿਚ ਵਸਦੇ ਲੋਕਾਂ ਲਈ ਹੀ ਨਹੀਂ ਬਲਕਿ ਸਮੁੱਚੀ ਮਨੁੱਖਜਾਤੀ ਲਈ ਇੱਜ਼ਤ, ਅਣਖ ਅਤੇ ਸਵੈ-ਮਾਨ ਨਾਲ ਜੀਊਣ ਦੇ ਮਾਨਵੀ ਅਰਥਾਂ ਦਾ ਖੁਲਾਸਾ ਕਰਦੀ ਹੈ। ਇਹ ਸੂਰਤ ਤੇ ਸੀਰਤ, ਦਿੱਖ ਤੇ ਤੱਤ ਦਾ ਅਜੇਹਾ ਰਿਸ਼ਤਾ ਸਿਰਜਦੀ ਹੈ ਜਿਹੜਾ ਇਸਦੀ ਸਰਲਤਾ ਹੇਠ ਅੰਤਾਂ ਦੀ ਜਟਿਲਤਾ, ਗੰਭੀਰਤਾ ਅਤੇ ਅਰਥਾਂ ਦੇ ਬਹੁਪਾਸਾਰਾਂ ਨੂੰ ਛੁਪਾ ਲੈਣ ਦੇ ਸਮਰਥ ਹੈ। ਇਹ ਸ਼ਾਇਰੀ ਹੈ ਅਤੇ ਸ਼ਾਇਰੀ, ਪ੍ਰਸੰਗਾਂ ਅਤੇ ਸੰਦਰਭਾਂ ਨਾਲ ਬੱਝੀ ਹੋਣ ਦੇ ਬਾਵਜੂਦ, ਉਨ੍ਹਾਂ ਦੀ ਕੈਦ ਅਤੇ ਗੁਲਾਮੀ ਨੂੰ ਨਾਕਬੂਲ ਕਰਦੀ ਹੈ। ਇਸ ਲਈ ਇਸਨੂੰ ਕੈਦ ਕਰਨ ਨਾਲੋਂ ਮਾਨਵੀ ਖੁਲ੍ਹ ਦੇ ਮੰਡਲਾਂ ਵਿਚ ਵੀ ਵਿਚਰਣ ਦਾ ਅਵਸਰ ਪ੍ਰਦਾਨ ਕਰਨਾ ਚਾਹੀਦਾ ਹੈ। ਫ਼ਰੀਦ ਬਾਣੀ ਦੇ ਸਮੁੱਚੇ ਵਜੂਦ ਨੂੰ ਇਕਾਈ ਵਜੋਂ ਗ੍ਰਹਿਣ ਕਰੀਏ ਤਾਂ ਇਸ ਤੱਥ ਸੰਬੰਧੀ ਕੋਈ ਭਰਮ ਭੁਲੇਖਾ ਨਹੀਂ ਰਹਿੰਦਾ ਕਿ ਇਕ ਧਾਰਮਿਕ ਚੇਤਨਾ ਇਸ ਰਚਨਾ ਦੇ ਸਮੁੱਚੇ ਵਜੂਦ ਦੇ ਆਰ ਪਾਰ ਫੈਲ ਕੇ ਇਸਨੂੰ ਸੰਗਠਿਤ ਕਰਦੀ ਹੈ। ਇਹ ਧਾਰਮਿਕ ਚੇਤਨਾ ਮੌਤ ਦੀ ਅਨਿਵਾਰਿਤਾ ਅਤੇ ਅਟੱਲਤਾ ਨਾਲ ਪੱਕੇ ਪੀਡੇ ਰਿਸ਼ਤੇ ਵਿੱਚ ਬੱਝੀ ਹੋਈ ਹੈ। ਇਸ ਧਾਰਮਿਕਤਾ ਦੀ ਸਮਾਜਕਤਾ ਨੂੰ ਲੱਭੀਏ ਤਾਂ ਇਸ ਵਿਚੋਂ ਆਦਰਸ਼ਕ ਸਮਾਜ, ਆਦਰਸ਼ਕ ਆਚਾਰ ਅਤੇ ਆਦਾਰਸ਼ਕ ਵਿਅਕਤੀ ਜਾਂ ਜੀਵਨ ਮੁੱਲਾਂ ਦੇ ਮਾਡਲ ਦਿਖਾਈ ਦੇਂਦੇ ਹਨ। ਇਹ ਵੀ ਦਰੁਸਤ ਹੈ ਕਿ ਰਚਨਾ ਦਾ ਜ਼ੋਰ ਤਿਆਗ ਉੱਪਰ ਹੈ ਅਤੇ ਇਹ ਦਰਵੇਸ਼ੀ ਜੀਵਨ ਸ਼ੈਲੀ ਦਾ ਪੱਖ ਪੂਰਦੀ ਹੈ। ਅਸਲ ਵਿਚ ਇਸ ਤਿਆਗ ਨੂੰ ਨਿਰਲਿਪਤੀ ਦੇ ਅਰਥਾਂ ਵਿਚ ਵਧੇਰੇ ਸਮਝਣ ਤੇ ਪਰਿਭਾਸ਼ਤ ਕਰਨ ਦੀ ਜ਼ਰੂਰਤ ਹੈ। ਇਸ ਨਿਰਲਿਪਤੀ ਦਾ ਪ੍ਰਸੰਗ ਮਨੁੱਖ ਦੀ ਅਸੀਮ ਲਾਲਸਾ ਨੂੰ ਕਾਬੂ ਹੇਠ ਰੱਖਣ ਨਾਲ ਜਾ ਜੁੜਦਾ ਹੈ। "ਆਜੁ ਮਿਲਾਵਾ ਸ਼ੇਖ਼ ਫ਼ਰੀਦ ਟਾਕਿਮ ਕੂੰਜੜੀਆਂ ਮਨਹੁ ਮਚਿੰਦੜੀਆਂ" - ਪੰਗਤੀਆਂ ਇਸੇ ਤੱਥ ਵੱਲ ਹੀ ਇਸ਼ਾਰਾ ਕਰਦੀਆਂ ਹਨ। ਅਸਲ ਵਿਚ ਫ਼ਰੀਦ ਬਾਣੀ ਵਿਚ ਧਾਰਮਿਕ ਪ੍ਰਸੰਗ ਅਤੇ ਸਮਾਜਕ ਪ੍ਰਯੋਜਨ ਇਕ ਦੂਸਰੇ ਦੇ ਨਾਲ-ਨਾਲ ਤੁਰਦੇ ਹਨ। ਫ਼ਰੀਦ ਜੀ ਉਪਦੇਸ਼ ਜਾਂ ਪਰਚਾਰ ਦੀ ਸੁਰ ਨੂੰ ਉੱਚਾ ਹੋਣ ਦਾ ਮੌਕਾ ਨਹੀਂ ਦੇਂਦੇ, ਧੀਮੇ ਬੋਲਾਂ ਰਾਹੀਂ ਮਾਨਵੀ ਸਥਿਤੀਆਂ ਅਤੇ ਸਰੋਕਾਰਾਂ ਨੂੰ ਉਜਾਗਰ ਕਰਦੇ ਹਨ। ਇਹ ਧੀਮੇ ਬੋਲ ਅਤੇ ਮਾਨਵੀ ਸਥਿਤੀਆਂ ਮੁੜ-ਮੁੜ ਆਪਣੇ ਅਧਿਆਤਮਕ ਪ੍ਰਸੰਗਾਂ ਤੋਂ ਆਜ਼ਾਦ ਹੋਣ ਲਈ ਛਟਪਟਾਉਂਦੇ ਦਿਖਾਈ ਦੇਂਦੇ ਹਨ। ਇਸ ਵਿਚ ਬਿੰਬ ਮੂਲਕਤਾ, ਪ੍ਰਤੀਕਾਤਮਕਤਾ ਅਤੇ ਪ੍ਰਗੀਤਕਤਾ ਹੀ ਇਸ ਨੂੰ ਨਿਸ਼ਚਤ ਅਧਿਆਤਮਕ ਪ੍ਰਸੰਗਾਂ ਤੋਂ ਅਗਾਂਹ ਮਾਨਵੀ ਪ੍ਰਸੰਗਾਂ ਅਤੇ ਸਥਿਤੀਆਂ ਨਾਲ ਜੋੜ ਕੇ ਸਮਝਣ ਲਈ ਉਕਸਾਉਂਦੀ ਹੈ।

ਇਹ ਪ੍ਰਵਾਣਿਤ ਤੱਥ ਹੈ ਕਿ ਫ਼ਰੀਦ ਜੀ ਧਾਰਮਿਕ ਵਿਸ਼ਵਾਸ ਸਿਰਜਣ ਅਤੇ ਦ੍ਰਿੜ੍ਹ ਕਰਨ ਦੇ ਨਾਲ-ਨਾਲ ਆਦਰਸ਼ਕ ਸਮਾਜਕ ਆਚਾਰ ਅਤੇ ਵਿਅਕਤੀ ਦੀ ਸਿਰਜਣਾ ਲਈ ਕੁਝ ਨੈਤਿਕ ਕੀਮਤਾਂ ਉੱਪਰ ਸਚੇਤ ਪੱਧਰ ਉੱਪਰ ਬਲ ਦੇਂਦੇ ਹਨ। ਇਨ੍ਹਾਂ ਨੈਤਿਕ ਕੀਮਤਾਂ ਦਾ ਸੰਬੰਧ ਸਵੈ-ਸਮੀਖਿਆ, ਅਹਿੰਸਾ, ਨਿਮਰਤਾ, ਸੇਵਾ, ਧੀਰਜ, ਪ੍ਰਹੇਜ਼ਗਾਰੀ ਅਤੇ ਸਬਰ ਨਾਲ ਹੈ। ਫ਼ਰੀਦ ਬਾਣੀ ਕਿਧਰੇ ਵੀ ਐਸ਼ੇ-ਇਸ਼ਰਤ ਭਰਪੂਰ, ਇੰਦਰਿਆਵੀ ਸੁੱਖ ਨੂੰ ਹੀ ਜੀਵਨ ਦਾ ਇਕੋ ਇਕ ਸੁੱਖ ਮੰਨਣ ਅਤੇ ਬੇਰੋਕ ਪਾਸ਼ਵਿਕ ਵਿਹਾਰ ਦਾ ਪੱਖ ਪੂਰਦੀ ਦਿਖਾਈ ਨਹੀਂ ਦੇਂਦੀ। ਇਹ ਰਚਨਾ ਤਾਂ ਉਨ੍ਹਾਂ ਨਾਲ ਖੜ੍ਹਦੀ ਜਾਂ ਉਸ ਜੀਵਨ ਸ਼ੈਲੀ ਦਾ ਪੱਖ ਪੂਰਦੀ ਹੈ ਜਿਸਦੀ ਬੁਨਿਆਦ ਵਿਚ ਪਵਿੱਤਰਤਾ, ਸਬਰ, ਸ਼ੁਕਰ ਅਤੇ ਪਰਹੇਜ਼ ਵਿਦਮਾਨ ਹੈ। ਇਹ ਮਨੁੱਖ ਨੂੰ ਪਾਸ਼ਵਿਕ ਧਰਤਾਲ ਤੋਂ ਚੁੱਕ ਕੇ ਮਾਨਵੀ ਪੱਧਰ ਤਕ ਲਿਆਉਂਦੀ ਅਤੇ ਅੱਗੇ ਧਾਰਮਿਕ ਆਦਰਸ਼ ਨਾਲ ਜੋੜਦੀ ਹੈ। ਇਸ ਬਾਣੀ ਵਿਚ ਕੋਠੇ ਮੰਡਪ ਮਾੜੀਆਂ ਉਸਾਰਣਾ "ਕੂੜਾ ਸੌਦਾ" ਹੈ, ਚੋਪੜੀਆਂ ਦਾ ਸਿੱਟਾ ਦੁੱਖ ਨੂੰ ਦੱਸਿਆ ਹੈ, ਕਾਲੇ ਲੇਖ ਲਿਖਣ ਦਾ ਮਸ਼ਵਰਾ ਨਹੀਂ ਦਿੱਤਾ ਗਿਆ ਬੁਰੇ ਦਾ ਭਲਾ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਹਿਆਉ ਨ ਕੇਹੀ ਠਾਹਿ ਦਾ ਪੈਗ਼ਾਮ ਦਿੱਤਾ ਗਿਆ ਹੈ। ਧਾਰਮਿਕ ਘੇਰੇ ਵਿਚ ਰਹਿਣ ਦੇ ਬਾਵਜੂਦ ਇਹ ਉਨ੍ਹਾਂ ਦੇ ਨਾਲ ਨਾਲ ਜਾਂ ਸੰਗਸਾਥ ਵਿਚਰਦੀ ਹੈ ਜਿਨ੍ਹਾਂ ਦੀ ਜੀਵਨ ਸਥਿਤੀ "ਫ਼ਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ" ਜੇਹੀ ਹੈ। ਇਸ ਦਾ ਸਪੱਸ਼ਟ ਸੁਨੇਹਾ ਹੈ ਕਿ "ਫ਼ਰੀਦਾ ਕੋਠੇ ਮੰਡਪ ਮਾੜ੍ਹੀਆਂ ਏਤੁ ਨ ਲਾਏ ਚਿਤੁ"। ਸਿਰਫ ਖਾਣ-ਪੀਣ ਅਤੇ ਦੇਹੀ-ਪਾਲਣ ਵਾਲੇ ਫ਼ਰੀਦ ਬਾਣੀ ਦਾ ਤਿੱਖੇ ਵਿਅੰਗ ਦਾ ਵਿਸ਼ਾ ਹਨ। ਅਜੋਕੇ ਪ੍ਰਸੰਗ ਵਿਚ ਅਜ ਵੀ ਫ਼ਰੀਦ ਬਾਣੀ ਦੀਆਂ ਅਨੇਕਾਂ ਪ੍ਰਤਿਧੁਨੀਆਂ ਚੌਖੀਆਂ ਮੁੱਲਵਾਨ ਹਨ।

  • ਮੁੱਖ ਪੰਨਾ : ਪੰਜਾਬੀ ਅਲੋਚਨਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ