Punjabi Kavita
  

Bachan Bilas : Shivcharan Jaggi Kussa

ਬਚਨ ਬਿਲਾਸ : ਸ਼ਿਵਚਰਨ ਜੱਗੀ ਕੁੱਸਾ

ਪਿੰਡ ਦੇ ਗੁਰਦੁਆਰੇ ਕੋਲ ਇਕ ਪੁਰਾਣਾ ਬੋਹੜ। ਬੋਹੜ ਦੇ ਦੁਆਲੇ ਬਣਿਆ ਇੱਟਾਂ ਅਤੇ ਸੀਮਿੰਟ ਦਾ ਮਜਬੂਤ ਚਬੂਤਰਾ। ਬੁੱਢੇ ਬੋਹੜ ਦੀ ਠੰਢੀ-ਠੰਢੀ ਛਾਂ ਹੁੰਦੀ, ਮਾਂ ਦੀ ਅਸੀਸ ਵਰਗੀ! ਇਸ ਕਰਮਾਂ ਵਾਲੀ ਛਾਂ ਹੇਠ, ਛੇ ਸਾਲ ਦੀ ਉਮਰ ਤੋਂ ਲੈ ਕੇ ਅੱਸੀ ਸਾਲ ਦੀ ਉਮਰ ਦੇ ਬਜ਼ੁਰਗਾਂ ਤੱਕ ਇਕੱਤਰ ਹੁੰਦੇ। ਇਸ ਛਾਂ ਵਿਚ ਇਤਨਾ ਜਾਦੂ ਸੀ ਕਿ ਸਾਰੇ ਜ਼ਾਤ-ਪਾਤ ਦੇ ਅਰਥ ਭੁੱਲ ਜਾਂਦੇ। ਬੱਸ! ਚੇਤੇ ਰਹਿ ਜਾਂਦਾ, ਹੱਸਣਾ-ਖੇਡਣਾ ਅਤੇ ਲੱਤੋ-ਲੱਤੀ ਹੋਣਾ।

“ਉਏ ਆ ਬਈ ਬੀਘੜਾ ਕੀ ਹਾਲ ਐ?” ਬਚਿੰਤਾ ਬੁੜ੍ਹਾ ਪੁੱਛਦਾ।

“ਲੋਟ ਐ ਬਾਬਾ!”

“ਬੀਘੜਾ! ਮੱਲਾ ਇੱਕ ਗੱਲ ਪੁੱਛਾਂ?”

“ਬਾਬਾ ਕੋਈ ਪੁੱਠੀ ਗੱਲ ਨਾ ਕਰੀਂ।”

“ਹੈ ਕਮਲਾ! ਪੁੱਠੀ ਗੱਲ ਕਿਉਂ ਕਰੂੰ?”

“ਪੁੱਛ ਬਾਬਾ ਫੇਰ!”

“ਅੱਜ ਤੇਰੀ ਬੇਬੇ ਫ਼ੁਲਕਾਰੀ ਉਤੇ ਲੈ ਕੇ ਵੀਹੀਆਂ ‘ਚ ਕਾਹਤੋਂ ਗੇੜੇ ਦਿੰਦੀ ਫਿਰਦੀ ਸੀ? ਦੇਖਿਓ ਮੱਲੋ ਕਿਤੇ ਥੋਡਾ ਚੁੱਲ੍ਹਾ ਨਾ ਠੰਢਾ ਕਰਜੇ?”

ਹਾਸੜ ਪੈ ਗਈ।

“ਬਾਬਾ-ਮੈਨੂੰ ਪਹਿਲਾਂ ਈ ਪਤਾ ਸੀ ਬਈ ਤੀੰ ਕੋਈ ਲੁੱਚੀ ਗੱਲ ਈ ਕਰੇਂਗਾ।”

“ਮੱਲਾ-ਪੁੱਛਣ ‘ਚ ਕੋਈ ਹਰਜ ਤਾਂ ਨ੍ਹੀ?”

“ਉਏ ਬਾਬਾ! ਕਿਉਂ ਮਗਜ ਮਾਰੀਆਂ ਕਰਦਾ ਹੁੰਨੈਂ? ਮੇਰੀ ਬੇਬੇ ਦੇ ਤਾਂ ਛਪਾਕੀ ਨਿੱਕਲੀ ਵੀ ਸੀ – ਡਾਕਦਾਰ ਤੋਂ ਕੋਈ ਗੋਲੀ ਗੱਪਾ ਲੈਣ ਗਈ ਹੋਊ।”

“ਪਰ੍ਹਭਾਂ ਦੀ ਖ਼ੈਰ ਹੋਵੇ—!” ਬਾਬੂ ਮਰਾਸੀ ਖੱਚਰ ਲੈ ਕੇ ਆ ਗਿਆ।

“ਪਰ੍ਹਭਾ-ਖੱਚਰ ਦੇ ਦੋ ਪੈਰ ਦਿਖਾ! ”

“ਨਹੀਂ ਪਰ੍ਹਭਾ! ਮੇਰਾ ਸੰਦ ਜਿਆ ਬਣਿਆ ਵਿਐ – ਰਹਿਣ ਦਿਓ ਦੋ ਪੈਰ ਦੇਖਣ ਨੂੰ – ਖੱਚਰ ਮਾੜੀ ਐ – ਨਾ ਮੇਰੇ ਬੀਰ ਡਿੱਗਪੂਗੀ।”
“ਨਹੀਂ ਪਰ੍ਹਭਾ – ਇਹਦੇ ਦੋ ਪੈਰ ਜਰੂਰ ਦੇਖਣੇ ਐਂ – ਨਹੀਂ ਐਤਕੀਂ ਲਾਂਗਾ ਨ੍ਹੀ ਦੇਣਾ – ਫੇਰ ਹਾੜ੍ਹੇ ਨਾ ਕੱਢੀਂ – ਦੇਖ ਲੈ!”

ਬਾਬੂ ਮਰਾਸੀ ਨੇ ਖੱਚਰ ਦੇ ਅੱਡੀ ਮਾਰੀ। ਟੈਰ ਵਿਚਾਰੇ ਦੀ ਮਾੜੀ ਸੀ, ਮੋਸ਼ਨ ਫੜਨ ਦੀ ਵਜਾਏ, ਥਾਂ ‘ਤੇ ਹੀ “ਦਾਅੜ” ਕਰਦੀ ਡਿੱਗ ਪਈ। ਬਾਬੂ ਮੀਰ ਦੁਹਾਈ ਦੇਣ ਲੱਗ ਪਿਆ, “ਲਓ ਖਸਮੋਂ! ਚਾਰੇ ਪੈਰ ਈ ਦੇਖ ਲਓ!” ਟੈਰ ਦੀਆਂ ਚਾਰੇ ਟੰਗਾਂ ਹੀ ਉਤਾਂਹ ਹੋ ਗਈਆਂ ਸਨ।
“ਉਏ ਸੱਘਿਆ! ਤੂੰ ਕਿਮੇਂ ਬੁੜ-ਬੁੜ ਕਰਦਾ ਆਉਨੈਂ?” ਕਿਸੇ ਨੇ ਅਮਲੀ ਨੂੰ ਪੁੱਛਿਆ।
“ਕਾਹਦੀ ਗੱਲ ਐ ਯਾਰ? ਦਲੀਪ ਛੀਂਬੇ ਨੇ ਨਮੀਂ ਹੱਟੀ ਪਾਈ ਐ ਨਾ?”
“ਆਹੋ!”
“ਪਰਸੋਂ ਦਾ ਕੋਈ ਗਾਹਕ ਨੀ ਆਇਆ – ਤੇ ਭਾਈ ਮੈਂ ਪੰਜ ਸੇਰ ਕਣਕ ਲੈ ਕੇ ਜਾ ਫ਼ਸਿਆ – ਪੂਰੀ ਪੰਜ ਸੇਰ ਕਣਕ ਤੁਲਵਾ ਕੇ ਮੈਂ ਪੁੱਛਿਆ: ਕਿੰਨੇ ਦੀ ਐ? ਕਹਿੰਦਾ ਅਖੇ ਪੰਜ ਆਨੇ ਦੀ – ਮੈਂ ਕਿਹਾ ਕੁੱਤੀਏ ਜਾਤੇ! ਪਸੇਰੀ ਕਣਕ ਪੰਜ ਆਨੇ ਦੀ ਕਿਮੇਂ?

ਤੇ ਮੈਨੂੰ ਬਣਾ ਸਮਾਰ ਕੇ ਕਹਿੰਦਾ ਅਖੇ ਮੈਂ ਵੀ ਪਰਸੋਂ ਦਾ ਵਿਹਲਾ ਬੈਠੈਂ – ਤੈਥੋਂ ਈ ਪੂਰੇ ਕਰਨੇ ਐਂ – ਤੇ ਚੱਕ ਮੇਰੇ ਭਾਈ! ਪਸੇਰੀ ਕਣਕ ਨੂੰ ਉੜਦੂ ਲਾ ਗਿਆ – ਤੇ ਜਦੋਂ ਮੈਂ ਘਰੇ ਆਇਆ ਤਾਂ ਨਿੱਕੀ ਦੀ ਬੇਬੇ ਨੇ ਖੌਂਸੜਾ ਲਾਹ ਲਿਆ—!”
“ਉਏ ਕਬੀਛਰਾ!” ਨਹਿੰਗ ਸਿੰਘ ਨੇ ਛੋਟੇ ਬਹਿਵਤੀ ਨੂੰ ਕਿਹਾ। ਬਹਿਵਤੀ ਤੁਕਾਂ ਜੋੜਨ ਵਿਚ ਬੜਾ ਮਾਹਿਰ ਸੀ। ਜਿਸ ਕਰਕੇ ਸਾਰੇ ਪਿੰਡ ਵਾਲੇ ਉਸ ਨੂੰ ‘ਕਵੀਸ਼ਰ’ ਕਹਿੰਦੇ ਸਨ।
“ਹਾਂ ਬਾਬਾ?”
“ਗੱਜਣ ਤੇ ਬਾਰੂ ‘ਕੱਠੇ ਤੁਰੇ ਆਉਂਦੇ ਐ-ਇਹਨਾਂ ‘ਤੇ ਕਬੀਛਰੀ ਜੋੜ!”
“ਨਾ ਬਈ-ਕੁੱਟਣਗੇ!”

ਅਸਲ ਵਿਚ ਗੱਜਣ ਦਾ ਦਾਹੜਾ ਬੜਾ ਭਰਵਾਂ ਸੀ। ਸਾਰੇ ਮੂੰਹ ‘ਤੇ ਅੱਖਾਂ ਤੱਕ ਫ਼ੈਲਰਿਆ ਹੋਇਆ। ਪਰ ਇਸ ਦੇ ਬਿਲਕੁਲ ਉਲਟ ਬਾਰੂ ਸੱਠਾਂ ਸਾਲਾਂ ਦਾ ਹੋ ਗਿਆ ਸੀ, ਪਰ ਉਸ ਦੇ ਕੁਦਰਤੀਂ ਦਾਹੜੀ ਹੀ ਨਹੀਂ ਆਈ ਸੀ। ਲੰਕਾ ਦਾ ਚੋਰ ਲੱਗਦਾ ਸੀ।
“ਅਸੀਂ ਬੈਠੇ ਐਂ – ਜਮਾਂ ਨ੍ਹੀ ਕੁਛ ਆਖਣ ਦਿੰਦੇ – ਬਨ੍ਹ ਕੇਰਾਂ ਮੱਲ!”

“ਛੇਤੀ ਕਰ! ਡਰਦਾ ਕਾਹਤੋਂ ਐਂ?” ਕਹਿਣ ‘ਤੇ ਬਹਿਵਤੀ ਨੇ ਹੇਕ ਚੁੱਕੀ, “ਗੱਜਣ ਦੀ ਦਾਹੜੀ ਉਤੇ ਬੜਾ ਭਾਗ ਜੀ – ਬਾਰੂ ਸਿਉਂ ਨੂੰ ਦੇਤਾ ਚਿੱਟਾ ਈ ਜਵਾਬ ਜੀ—!”

ਹੱਸਦੀ ਮੁਡੀਹਰ ਦੀਆਂ ਵੱਖੀਆਂ ਟੁੱਟ ਗਈਆਂ।

“ਖੜ੍ਹ ਤੇਰੀ ਮਾਂ ਦੀ—!” ਬਾਰੂ ਝਈ ਲੈ ਕੇ ਪਿਆ ਤਾਂ ਬਹਿਵਤੀ ਤਿੱਤਰ ਹੋ ਗਿਆ।

“ਉਏ ਇਹਨੇ ਕਲਫ਼ ਲਾਉਣੀ ਕਦੋਂ ਕੁ ਤੋਂ ਛੱਡਤੀ?” ਦੁੱਲੇ ਨੂੰ ਆਉਂਦਾ ਦੇਖ ਕੇ ਧਰੜ ਬੋਲਿਆ।

“ਜਦੋਂ ਤੋਂ ਇਹਨਾਂ ਦੇ ਫ਼ੌਜੀ ਨੇ ਛੱਡਤੀ।”

“ਕੀ ਮਤਬਲ?”

“ਗੁਰੂ ਭਲਾ ਕਰੇ! ਜਦੋਂ ਫ਼ੌਜੀ ਕਲਫ਼ ਘੋਲ ਕੇ ਲਾਉਣ ਲੱਗਣਾ ਤਾਂ ਇਹਨੇ ਕੋਲ ਜਾ ਵੜਨਾ – ਫ਼ੌਜੀ ਨੇ ਤਾਂ ਬੁਰਸ਼-ਬਰਸ਼ ਨਾਲ ਲਾਉਣੀ ਤੇ ਇਹਨੇ ਪਤੰਦਰ ਨੇ ਪਰਾਂਤ ‘ਚ ਹੱਥ ਫੇਰਨ ਮਾਂਗੂੰ ਫ਼ੌਜੀ ਦੀ ਕਲਫ਼ ਆਲੀ ਪਲੇਟ ‘ਚ ਹੱਥ ਜਿਆ ਫੇਰ ਕੇ ਦਾਹੜੀ ‘ਤੇ ਊਂਈਂ ਮਲ ਲੈਣੀ – ਜਿਮੇਂ ਦੇਗ ਖਾ ਕੇ ਘਿਉ ਮਲੀਦੈ – ਤੇ ਅਖੀਰ ਅੱਕਿਆ ਵਿਆ ਫ਼ੌਜੀ ਕਲਫ਼ ਲਾਉਣੋਂ ਈ ਹੱਟ ਗਿਆ – ਤੇ ਇਹਨੇ ਆਪੇ ਈ ਹੱਟਣਾ ਸੀ।”
“ਲਓ ਜੀ! ਆਉਂਦੇ ਐ ਦਿਹਾਤੀ ਪ੍ਰੋਗਰਾਮ ਦੇ ਠੰਢੂ ਰਾਮ ਹੋਰੀਂ – ਮਿਲੋ ਇਹਨਾਂ ਨੂੰ!” ਹਰੀ ਅਤੇ ਟਪੂ ਪੰਡਤ ਨੂੰ ਆਉਂਦਿਆਂ ਦੇਖ ਕੇ ਸਾਧੂ ਲੰਮਾਂ ਬੋਲਿਆ।
“ਇਹ ਦੇਣਗੇ ਹੁਣ ਖ਼ਬਰਾਂ ਲਾਹੌਰ ਟੇਸ਼ਣ ਦੀਆਂ।”
“ਇਹਦੀ ਨਵੀਂ ਗੱਲ ਸੁਣੀ ਐਂ?”
“ਨਹੀਂ!”
“ਇਹ ਮੱਝ ਨਵੇਂ ਦੁੱਧ ਕਰਵਾਉਣ ਚਲਿਆ ਗਿਆ – ਹੱਥ ਜੋੜ ਕੇ ਝੋਟੇ ਮੂਹਰੇ ਖੜ੍ਹ ਗਿਆ – ਅਖੇ ਝੋਟਾ ਜੀ ਥੋਡਾ ਮਿੰਟ ਦਾ ਕੰਮ ਐਂ ਤੇ ਸਾਡੇ ਜੁਆਕਾਂ ਦੀ ਸਾਲ ਦੀ ਲੱਸੀ ਐ – ਕਿਰਪਾ ਕਰੋ-ਮਿੰਟ ਲਾਓ!”
ਹੱਸਦੀ ਮੁਡੀਹਰ ਲਿਟਣ ਲੱਗ ਪਈ।
“ਕਾਹਨੂੰ ਭਕਾਈ ਮਾਰਦੇਂ ਬਾਧੂ ਦੀ ਉਏ ਕੁੱਤਿਓ?” ਘੋਗੜ ਨੇ ਦਬਕਿਆ।
“ਰਾਮ ਰਾਮ ਜੀ!”
“ਰੱਮ ਰੱਮ ਪੰਡਜੀ!”
“ਪੰਡਜੀ – ਕੋਈ ਨਮੀਂ ਤਾਜੀ?”
ਟਪੂ ਪੰਡਤ ਹਕੀਮ ਸੀ। ਜਿਸ ਕਰ ਕੇ ਪਿੰਡ ਦੀ ਹਰ ਖ਼ਬਰ ਉਸ ਕੋਲ ਪਹਿਲਾਂ ਪਹੁੰਚਦੀ ਸੀ।
“ਬੱਕਰੀਆਂ ਆਲੇ ਗੇਲੇ ਦੀ ਬਹੂ ਕੋਲੇ ਕਾਕੈ!”
“ਦੁਰ ਫਿੱਟੇ ਮੂੰਹ ਭੈਣ ਦਾ ਛੁਣਛਣਾ ਦੇਣੇ!” ਅਮਲੀ ਇਉਂ ਟੱਪਿਆ ਜਿਵੇਂ ਉਸ ਦੇ ਪੈਰ ਹੇਠ ਸੱਪ ਆ ਗਿਆ ਸੀ।
“ਕਿਉਂ ਅਮਲੀਆ? ਤੈਨੂੰ ਬੜਾ ਦੁੱਖ ਲੱਗਿਆ?”
“ਕੁੜੀ ਸਾਲੇ ਦੀ ਬਿਆਹੁਣ ਆਲੀ ਹੋਈ ਪਈ ਐ – ਆਹ ਕੀ ਕੀਤਾ ਸਾਲੇ ਢੇਡ ਨੇ?”
“ਇਹ ਤਾਂ ਰੱਬ ਦੀ ਦੇਣ ਐਂ – ਕਿਤੇ ਸਿੱਟੇ ਜਾਂਦੇ ਐ?”

“ਹੱਟ ਕੁੱਤੀਏ ਸਾਲੇ ਆਪ ਨ੍ਹੀ ਕਹਿਣ ਦਿੰਦੇ – ਨਾਂ ਬੱਜੂ ਰੱਬ ਦਾ!”
“ਹੋਰ ਪੰਡਜੀ?”
“ਹੋਰ ਕੀ ਐ ਭਾਈ? ਕਲਜੁਗ ਆ ਗਿਆ! ਕਾਕੂ ਟੁੰਡੇ ਦੀ ਕੁੜੀ ਐ ਨਾ ਕੋਕੇ ਆਲੀ?”
“ਆਹੋ!”
“ਉਹਨੂੰ ਸਾਧ ਲੈ ਗਿਆ।”
“ਬਾਖਰੂ! ਕਿਮੇਂ?”
“ਰਾਮ ਬਖਸ਼ੀ ਰੱਖੇ – ਕਈ ਮਹੀਨਿਆਂ ਤੋਂ ਇਹਨਾਂ ਦੇ ਘਰੇ ਆਉਂਦਾ ਸੀ – ਅਖੇ ਥੋਡੇ ਘਰੇ ਕਿਸੇ ਨੇ ਤਬੀਤ ਨੱਪੇ ਵੇ ਐ – ਅੱਜ ਭਾਈ ਉਹਨੂੰ ਟੈਗਸੀ ‘ਚ ਲੈ ਕੇ ਆਏ – ਨਾਲ ਉਹਦੇ ਇਕ ਸਾਧਣੀ – ਸਾਧ ਨੇ ਤਾਂ ਕੁਛ ਕਿਹਾ ਨਾ ਤੇ ਸਾਧਣੀ ਕਹਿੰਦੀ ਅਖੇ ਆਹ ਕੁੜੀ ਨੂੰ ਤਾਂ ਅਸੀਂ ਦੋ-ਚਹੁੰ ਦਿਨਾਂ ਆਸਤੇ ਲੈ ਕੇ ਜਾਣੈਂ – ਸਾਡੀ ਸੇਵਾ ਕਰੂ ਤੇ ਸ਼ਾਂਤੀ ਪਾਊ!”
“ਤੇ ਫੇਰ ਤੋਰਤੀ ਇਹਨਾਂ ਨੇ?”
“ਲੈ ਉਹ ਤਾਂ ਸਾਰਾ ਟੱਬਰ ਹੱਥ ਜੋੜੀ ਖੜ੍ਹਾ – ਅਖੇ ਲੈਜੋ ਮਾਤਾ ਜੀ।”
“ਕੁੜੀ ਤਾਂ ਨੀ ਕਿਸੇ ਪਾਸੇ ਜੋਗੀ ਰਹਿੰਦੀ ਹੁਣ।”
“ਆਹੋ! ਕੀ ਪਤੈ ਬਈ ਇਹ ਸਾਲੇ ਕੀ ਸੁਆਹ ਖੇਹ ਖਾਂਦੇ ਐ?” ਅਮਲੀ ਕਾਫ਼ੀ ਚਿਰ ਬਾਅਦ ਬੋਲਿਆ ਸੀ।
“ਹੁਣ ਤਾਂ ਕੋਕੇ ਜੜ ਕੇ ਈ ਮੋੜਨਗੇ।”
“ਆਪਣੀ ਦੁਨੀਆਂ ਦੇ ਵੀ ਗੋਲੀ ਮਾਰੋ!”
“ਮਹਾਤੜ ਪਾਣੀ ਪੀਣ ਜਾ ਵੜੇ – ਸਾਲੇ ਭੈੜ੍ਹੇ ਜੇ ਆਨੇ ਕੱਢਣਗੇ – ਤੇ ਆਹ ਦੇਖਲਾ–! ਹੈਅ ਥੋਡੀ ਬੇੜੀ ਬਹਿਜੇ! ਗੜੌਂਧੇ ਅਰਗੀ ਕੁੜੀ ਸਾਹਣ ਨਾਲ ਤੋਰਤੀ।”
“ਪੰਡਜੀ-ਕੜਬਚੱਬਾਂ ਦਾ ਕੀ ਬਣਿਆ?”
“ਬਣਨਾ ਬਣਾਉਣਾ ਕੀ ਸੀ? ਠਾਣੇਦਾਰ ਨੇ ਪੈਸੇ ਪੂਸੇ ਲੈ ਕੇ ਰੱਸੇ ਲਾਹਤੇ।”
“ਦੇਖ ਲੈ ਸਾਲੇ ਦੇ ਪਿਉ – ਦਾਦੇ ਮੁੱਲ ਦੀਆਂ ਲਿਆਉਂਦੇ ਰਹੇ ਐ – ਹੁਣ ਇਹਨੂੰ ਪੋਪਲ ਜੇ ਨੂੰ ਮਾੜਾ ਜਿਆ ਪੜ੍ਹਿਆ ਲਿਖਿਆ ਕਰਕੇ ਰਿਸ਼ਤਾ ਹੋਇਆ ਸੀ – ਉਹ ਵੀ ਬਿਚਾਰੀ ਦਾਜ ਕਰ ਕੇ ਸਾੜਤੀ।”
“ਕੁੜੀ ਦੇ ਮਾਪਿਆਂ ਨੇ ਕੁਛ ਨ੍ਹੀਂ ਕੀਤਾ?”

“ਹੈ ਕਮਲਾ! ਪੁਲਸ ਪੈਸੇ ਆਲਿਆਂ ਦੀ ਮਿੱਤ ਐ – ਉਹ ਬਿਚਾਰੇ ਗਰੀਬ ਐ – ਐਮ ਐਲੇ ਕੋਲੇ ਵੀ ਬਥੇਰੇ ਗੇੜੇ ਕੱਢੇ ਐ – ਉਹ ਨਾਲ ਈ ਨ੍ਹੀ ਤੁਰਿਆ – ਕਹਿੰਦਾ ਅਖੇ ਥੋਡਾ ਘਰ ਦਾ ਮਸਲਾ ਐ ਆਪ ਨਬੇੜੋ – ਪੁੱਛਣਾ ਹੋਵੇ ਬਈ ਜਦੋਂ ਅਗਲਿਆਂ ਦੀ ਪਾਲੀ ਪੋਸੀ ਵੀ ਮਾਰਤੀ – ਫੇਰ ਘਰ ਦਾ ਮਸਲਾ ਕਾਹਦਾ ਰਹਿ ਗਿਆ? ਅਗਲੇ ਲਹੂ ਦੀ ਘੁੱਟ ਭਰ ਕੇ ਬਹਿ ਗਏ – ਕੁੜੀ ਦੀ ਮਾਂ ਨੂੰ ਤਾਂ ਦੱਸਦੇ ਐ ਬਈ ਓਦਣ ਦੇ ਦੰਦਲਾਂ ਦੌਰੇ ਪੈਣੋ ਨੀ ਹੱਟਦੇ।”
“ਕੀ ਦੋਸ਼ ਐ ਬਈ? ਅਗਲੇ ਦੀ ਇੱਕੋ ਇੱਕ ਜੁਆਨ ਧੀ ਸੀ।”
“ਅਸਲ ‘ਚ ਰੌਲਾ ਕੀ ਸੀ?”
“ਰੌਲਾ ਕੀ ਸੀ? ਇਹ ਮਾਊਂ ਜਿਆ ਆਬਦੀ ਮਾਂ ਦੀ ਚੁੱਕ ‘ਤੇ ਕੁੜੀ ਨੂੰ ਕਹਿੰਦਾ ਅਖੇ ਜਿਹੜੀ ਤੇਰੇ ਪਿਉ ਕੋਲੇ ਦੋ – ਤਿੰਨ ਕਿੱਲੇ ਜਮੀਨ ਐ – ਉਹ ਮੇਰੇ ਨਾਂ ਲੁਆਵੇ – ਦੱਸੋ ਬਈ ਜਿਉਂਦੇ ਜੀਅ ਅਗਲਾ ਕਦੋਂ ਹੱਥ ਵਢਾਉਂਦੈ?”
“ਹੈ ਸਾਲਾ ਚੋਰ?”
“ਹੁਣ ਆਪ ਤਾਂ ਕੁੜੀ ਦਾ ਪਿਉ ਮਰਿਆਂ ਅਰਗਾ ਈ ਐ – ਇਹਦੇ ਗੋਲੀ ਮਾਰੇ ਚੂਕਣੇ ‘ਚ ਸਾਲੇ ਦੇ!”
“ਉਏ ਗੋਲੀ ਮਾਰਨ ਜੋਕਰਾ ਉਹ ਕਾਹਨੂੰ ਐ ਬਿਚਾਰਾ? ਉਹ ਤਾਂ ਪੈਰੀਂ ਪੱਗਾਂ ਧਰੀ ਗਿਆ ਤੇ ਇਹ ਲਾਚੜਗੇ!”
“ਉਏ ਐਹੋ ਜੇ ਪੈਰੀਂ ਪੱਗਾਂ ਆਲੇ ਕਾਹਨੂੰ ਐਂ? ਐਹੋ ਜਿਆਂ ਦੀ ਤਾਂ ਇੱਕੋ ਟੱਕ ਨਾਲ ਲੱਤ ਗਰਚ ਦੇਣੇ ਲਾਹ ਕੇ ਪਰ੍ਹਾਂ ਮਾਰੇ-ਫੇਰ ਲੋਟ ਆਉਂਦੇ ਐ।”
“ਉਏ ਚਾਚਾ! ਕੱਲ੍ਹ ਨੂੰ ਘੰਟਾ ਖੰਡ ਇੰਜਣ ਦੇਮੇਂਗਾ? ” ਫੰਗਣ ਬੁੱਲ੍ਹੜ ਨੇ ਆ ਕੇ ਨਹਿੰਗ ਨੂੰ ਪੁੱਛਿਆ।
“ਕੀ ਕਰਨੈਂ?” ਨਹਿੰਗ ਦੀ ਥਾਂ ਪ੍ਰੀਤਮ ਫੱਲ੍ਹੀ ਬੋਲਿਆ।
“ਨਰਮਾਂ ਸਿੰਜਣੈ।”
“ਗੱਲ ਸੁਣ ਉਏ? ਡੂੜ੍ਹ ਥੋਡੇ ਕੋਲੇ ਕਿੱਲੈ – ਪੰਦਰਾਂ ਤੁਸੀਂ ਘਰ ਦੀ ਸਤੌਲ ਐਂ – ਤੁਸੀਂ ਤਾਂ ਛੱਪੜ ‘ਚੋਂ ਬਾਲਟੀ-ਬਾਲਟੀ ਪਾਣੀ ਦੀ ਪਾਵੋਂ ਤਾਂ ਨਰਮਾਂ ਤਰ ਹੋਜੂ – ਇੰਜਣ ਕੀ ਕਰਨੈਂ ਕੁੱਤੀਏ ਜਾਤੇ?”
“ਲੈਜੀਂ-ਲੈਜੀਂ!” ਚਲਾਕੂ ਕਾਮਰੇਡ ਨੇ ਨਹਿੰਗ ਵੱਲੋਂ ਹਾਮੀਂ ਭਰੀ।
“ਲੈ ਬਈ ਨਹਿੰਗਾ – ਇਕ ਗੱਲ ਦੱਸ?” ਕਾਮਰੇਡ ਨੇ ਉਸ ਵੱਲ ਮੂੰਹ ਕੀਤਾ।
“ਬਈ ਤੁਸੀਂ ਸੋਟੇ ਨੂੰ ਮੁਲਾਹਜੇ – ਤੋੜ ਕਿਉਂ ਆਖਦੇ ਐਂ?”
“ਦਸਵੇਂ ਪਾਤਸ਼ਾਹ ਨੇ ਇਹਦਾ ਨਾਂ ਰੱਖਿਆ ਸੀ ਕੁਤਕ।” ਨਹਿੰਗ ਨੇ ਕਹਿਣਾ ਸ਼ੁਰੂ ਕੀਤਾ।
“ਹਲਾ!”
“ਤੇ ਅਸੀਂ ਇਹਨੂੰ ਮੁਲਾਹਜੇ ਤੋੜ ਤਾਂ ਕਹਿੰਨੇ ਐਂ ਬਈ ਜੀਹਦੇ ਟੋਟਣ ‘ਚ ਇਕ ਠੁਕ ਗਿਆ – ਉਹਦੇ ਨਾਲ ਮੁਲਾਹਜਾ ਰਹਿੰਦਾ ਈ ਨ੍ਹੀ – ਅਗਲਾ ਪਾਰ ਬੋਲ ਜਾਂਦੈ – ਛੇਵੇਂ ਪਾਤਸ਼ਾਹ ਨੇ ਭਾਈ ਭੱਲਣ ਤੋਂ ਮੁਲਾਹਜੇ ਤੋੜ ਨਾਲ ਸ਼ੇਰ ਦਾ ਸ਼ਿਕਾਰ ਕਰਵਾਇਆ ਸੀ।”
“ਵਾਹ ਜੀ ਵਾਹ!”
“ਪੰਡਜੀ – ਰੱਤੂ ਦਾ ਕੀ ਹਾਲ ਐ ਸੱਚ?” ਆਤਮੇਂ ਫ਼ੱਕਰ ਨੇ ਅਚਾਨਕ ਪੁੱਛਿਆ।
“ਬੁਰਾ ਈ ਹਾਲ ਐ – ਦਿਲ ਦਾ ਰੋਗ ਐ – ਚੱਲੀ ਜਾਵੇ, ਚੱਲੀ ਜਾਵੇ – ਜਿੱਦੇਂ ਖੜ੍ਹ ਗਿਆ ਬੱਸ—!”
“ਮਾੜੀ ‘ਲਾਦ ਵੀ ਨਾ ਜੰਮੇ ਕਿਸੇ ਦੇ – ਕੱਲ੍ਹ ਦੀਆਂ ਗੱਲੈਂ – ਜਦੋਂ ਮੁਧਕਰ ਚੱਕਦਾ ਹੁੰਦਾ ਸੀ – ਕਿਸੇ ਨੂੰ ਨੇੜੇ ਨੀ ਸੀ ਲੱਗਣ ਦਿੰਦਾ – ‘ਲਾਦ ਮਾੜੀ ਲਿੱਕਲਗੀ – ਮੁੰਡਾ ਸਿਰੇ ਦਾ ਬੈਲੀ ਤੇ ਕੁੜੀ—? ਸਹੁਰੀ ਨੂੰ ਹਾਥ ਈ ਕੋਈ ਨ੍ਹੀ – ਕੋਈ ਚੂਹੜਾ ਚੱਪੜਾ ਨ੍ਹੀ ਛੱਡਿਆ ਲੇਖੇ ਨਾਲ – ਬੱਸ ਜਿੱਦਣ ਦੀ ਕੁੜੀ ਨੇ ਬੇਇਜ਼ਤੀ ਕੀਤੀ ਐ – ਓਦਣ ਦਾ ਮੰਜੇ ਤੋਂ ਈ ਨ੍ਹੀ ਉਠਿਆ ਸਹੁਰਾ।”
“ਉਹਨੇ ਸਹੁਰੀ ਨੇ ਬੇਇਜ਼ਤੀ ਕਾਹਤੋਂ ਕੀਤੀ?”
“ਕੀ ਦੱਸਾਂ ਸਹੁਰੀ ਦੇ ਕਾਰੇ? ਹੁਣ ਤਾਂ ਬਾਹਰਲੇ ਪਿੰਡਾਂ ਦੇ ਮੁੰਡੇ ਸਿੱਧੇ ਈ ਘਰੇ ਆਉਣ ਲੱਗਪੇ ਸੀ – ਇਹਨੇ ਕਿਤੇ ਰੋਕਿਆ ਰੂਕਿਆ ਹੋਊ, ਰੱਬ ਜਾਣੇ – ਬੱਸ! ਪਤਾ ਨ੍ਹੀ ਸਹੁਰੀ ਦੇ ਡਮਾਕ ਨੂੰ ਕੀ ਫਤੂਰ ਚੜ੍ਹਿਆ? ਮੁੰਡਿਆਂ ਦੇ ਸਾਹਮਣੇ ਈ ਸ਼ੁਰੂ ਹੋਗੀ – ਅਖੇ ਮੇਰੀ ਬੇਬੇ ਤਾਂ ਤੈਥੋਂ ਚੌਰਿਆ ਸਾਂਭੀ ਨਾ ਗਈ – ਮੈਨੂੰ ਕੀ ਸਾਂਭੇਂਗਾ? ਤੇ ਚੱਲ ਮੇਰੇ ਭਾਈ! ਉਹ ਦਿਨ ਗਿਆ ਤੇ ਆਹ ਆ ਗਿਆ – ਬਿਚਾਰਾ ਮੰਜੇ ‘ਤੇ ਪਿਆ ਈ ਚੂਕੀ ਜਾਂਦੈ – ਕੋਈ ਪਾਣੀ ਧਾਣੀ ਵੀ ਨੀ ਪੁੱਛਦਾ – ਹੁਣ ਤਾਂ ਓਸ ਗੱਲ ਦੇ ਆਖਣ ਮਾਂਗੂੰ ਮਾਵਾਂ ਧੀਆਂ ਨਾਅਮੇਂ ‘ਚ ਖੇਡਦੀਐਂ – ਮੇਲਾ ਈ ਲੱਗਿਆ ਰਹਿੰਦੈ ਘਰੇ ਸੁੱਖ ਨਾਲ।”
“ਹੈਅ ਥੋਡੀ ਗੰਦੇ ਟੱਬਰ ਦੀ!”
“ਕੀ ਕਰਨੈਂ ਐਹੋ ਜਿਆ ਪੈਸਾ-ਅੱਗ ਲਾਉਣੈਂ?”
“ਕਨੇਡੇ ਆਲਿਆਂ ਦੇ ਘਰੇ ਅੱਜ ਝੰਡੀਆਂ ਜੀਆਂ ਟੰਗੀ ਜਾਂਦੇ ਸੀ – ਕਿਸੇ ਦਾ ਬਿਆਹ-ਬੂਹ ਐ?”
“ਕਾਹਨੂੰ ਬਿਆਹ ਐ! ਉਹ ਤਾਂ ਬੁੜ੍ਹੇ – ਬੁੜ੍ਹੀ ਦੀ ਪੰਜਾਹਵੀਂ ਸ਼ਾਦੀ ਗਿਰਾਹ ਮਨਾਉਣ ਦੀ ਤਿਆਰੀ ਕਰਦੇ ਐ।”
“ਕੀ ਕਰਦੇ ਐ?” ਗੱਲ ਅਮਲੀ ਦੇ ਸਿਰ ਦੇ ਉਪਰੋਂ ਲੰਘ ਗਈ।
“ਉਏ ਅਮਲੀਆ! ਉਹਨਾਂ ਦੇ ਬੁੜ੍ਹੇ ਬੁੜ੍ਹੀ ਦੇ ਵਿਆਹ ਨੂੰ ਪੰਜਾਹ ਸਾਲ ਹੋਣ ਆਲੇ ਐ – ਉਹਨੂੰ ਮਨਾਉਣ ਦੀ ਤਿਆਰੀ ਕਰਦੇ ਐ।” ਕਿਸੇ ਨੇ ਜੋਰ ਦੇ ਕੇ ਕਿਹਾ।
“ਫ੍ਹਿੱਟ ਭੈਣ ਦੇ ਮੁੰਡਿਆਂ ਈ ਯ੍ਹਾਵੇ! ਦੇਸੀ ਟੱਟੂ ਤੇ ਕੁਰਾਸ਼ਾਨੀ ਦੁਲੱਤੇ! ਕੀ ਲੱਛਣ ਕਰਦੇ ਐ ਸਾਲੇ – ਬਈ ਲਹੁਡੀ ਦੇਣਿਓਂ – ਕਬਰਾਂ ‘ਚ ਥੋਡੀਆਂ ਲੱਤੈਂ – ਤੁਸੀਂ ਕਿਸੇ ਪੁੱਤ ਦਾ ਮਨਾਓ – ਕਿਸੇ ਪੋਤੇ ਦਾ ਮਨਾਓ – ਪੰਜਾਹਵਾਂ ਸਾਲ ਮਨਾਏ ਬਿਨਾ ਸਰਦਾ ਨ੍ਹੀ ਇਹਨਾਂ ਦਾ?”
“ਅਮਲੀਆ – ਅੰਨ੍ਹੀ ਕਮਾਈ ਘਰੇ ਆਉਂਦੀ ਐ – ਕਿਤੇ ਖਪਤ ਵੀ ਕਰਨੀ ਐਂ।”
“ਇਹ ਵੀ ਭਾਈ ਗੱਲ ਠੀਕ ਐ – ਹੱਥ ਖੁੱਲ੍ਹੈ – ਚੋਜ ਕਰਦੇ ਐ ਜੱਟ – ਕਹਿੰਦੇ ਹੁੰਦੇ ਐ – ਚਮਚਿਆਂ ਨਾਲ ਪੀਣ ਸ਼ਰਾਬਾਂ ਕਰਦੇ ਜੱਟ ਚੋਜ ਕੁੜ੍ਹੇ।”
“ਮਾਇਆ ਹਜਮ ਕਰਨੀ ਕਿਹੜਾ ਸੌਖੀ ਐ?”

“ਐਤਕੀਂ ਬੋਟਾਂ ‘ਚ ਕੌਣ ਜਿੱਤੂ ਬਈ?”
“ਬੋਟਾਂ ‘ਚ ਜਿੱਤੂ ਅਮਲੀ!” ਕੋਈ ਹੱਸਿਆ।
“ਨਹੀਂ ਹਾਸਾ ਨ੍ਹੀ – ਕੌਣ ਜਿੱਤੂ?”
“ਬੋਟਾਂ ‘ਚ ਜਿੱਤਣਗੇ ‘ਕਾਲੀ!”
“ਮੈਂ ਤਾਂ ਬੋਟ ਕਾਮਰੇਟ ਨੂੰ ਪਾਊਂ!”
“ਨਾਗੋਕਿਆਂ ਆਲੇ ਨੂੰ?”
“ਆਹੋ!”
“ਬਹੁਤ ਵੱਡੀ ਗਲਤੀ ਐ।”
“ਕਾਹਤੋਂ?”
“ਦੇਖ ਲਈਂ – ਨਾਗੋਕਿਆਂ ਆਲਾ ਕਾਮਰੇਟ ਪੱਠੇ ਆਪਣਿਓਂ ਖਾਇਆ ਕਰੂ – ਤੇ ਲੇਡੇ ਜਾ ਕੇ ਨਾਗੋਕੀ ਕਰਿਆ ਕਰੂ।”
ਹਾਸੜ ਪੈ ਗਈ।
“ਆਜੋ ਸਿੰਘੋ – ਗੱਫ਼ਾ ਲੈ ਲਓ!” ਗੁਰਦੁਆਰਿਓਂ ਭਾਈ ਜੀ ਨੇ ਹੋਕਰਾ ਮਾਰਿਆ।
“ਚਲੋ ਬਈ।” ਅਮਲੀ ਖੁਸ਼ੀ ‘ਚ ਕੁੜਤੇ ਦੀਆਂ ਬਾਹਵਾਂ ਚਾਹੜਨ ਲੱਗ ਪਿਆ।
“ਅਮਲੀਆ! ਬਾਂਹਾਂ ਤਾਂ ਇਉਂ ਚੜ੍ਹਾਉਣ ਲੱਗ ਪਿਆ – ਜਿਵੇਂ ਮੱਝ ਸੁਆਉਣੀ ਹੁੰਦੀ ਐ?”
“ਉਏ ਇਹ ਵੀ ਗੁਰਦੁਆਰੇ ਦੀ ਦੇਗ ‘ਤੇ ਈ ਬਚਿਆ ਵਿਐ – ਹੋਰ ਕਿਹੜਾ ਨ੍ਹਾਮੋਂ ਇਹਨੂੰ ਚੂਰੀ ਕੁੱਟ ਕੇ ਦਿੰਦੀ ਐ?” ਪਿੱਛੋਂ ਨ੍ਹੇਰੀ ਨੇ ਵਿਅੰਗ ਕਸਿਆ।
“ਕਰ ਲਓ! ਕਰ ਲਓ ਬਈ ਟਿੱਚਰਾਂ – ਥੋਡੀ ਉਮਰ ਐ।” ਅਮਲੀ ਬੋਲਿਆ।
ਤੇ ਫਿਰ ਸਾਰੇ ਗੁਰਦੁਆਰੇ ਨੂੰ ਵਾਹੋਦਾਹੀ ਹੋ ਤੁਰੇ।


ਪੰਜਾਬੀ ਕਹਾਣੀਆਂ (ਮੁੱਖ ਪੰਨਾ)