Bachian Dian Bachkana Gallan (Story in Punjabi) : Hans Christian Andersen

ਬੱਚਿਆਂ ਦੀਆਂ ਬਚਕਾਨਾ ਗੱਲਾਂ (ਕਹਾਣੀ) : ਹੈਂਸ ਕ੍ਰਿਸਚੀਅਨ ਐਂਡਰਸਨ

ਇੱਕ ਅਮੀਰ ਵਪਾਰੀ ਦੇ ਘਰ ਬੱਚਿਆਂ ਦੀ ਪਾਰਟੀ ਸੀ। ਉੱਥੇ ਅਮੀਰ ਤੇ ਵੱਡੇ ਲੋਕਾਂ ਦੇ ਬੱਚੇ ਆਏ ਹੋਏ ਸਨ। ਵਪਾਰੀ ਇੱਕ ਵਿਦਵਾਨ ਆਦਮੀ ਸੀ। ਉਸ ਦੇ ਪਿਤਾ ਨੇ ਉਸ ਨੂੰ ਪੜ੍ਹਨ ਲਈ ਕਾਲਜ ਵੀ ਭੇਜਿਆ ਸੀ ਤੇ ਉਸ ਨੇ ਕਾਲਜ ਦਾ ਇਮਤਿਹਾਨ ਪਾਸ ਕਰ ਲਿਆ ਸੀ। ਉਸ ਦਾ ਪਿਤਾ ਪਸ਼ੂਆਂ ਦਾ ਵਪਾਰੀ ਸੀ। ਉਸ ਨੇ ਹਮੇਸ਼ਾਂ ਆਪਣੇ ਕੰਮ ਨੂੰ ਈਮਾਨਦਾਰੀ ਤੇ ਮਿਹਨਤ ਨਾਲ ਕੀਤਾ ਸੀ ਤੇ ਹੁਣ ਉਸ ਦਾ ਪੁੱਤਰ, ਜੋ ਵਪਾਰੀ ਹੀ ਸੀ, ਉਸ ਨੇ ਆਪਣੇ ਪਿਤਾ ਦੇ ਕੰਮ ਨੂੰ ਵਧਾਇਆ ਸੀ। ਉਹ ਚਲਾਕ ਚੁਸਤ ਤਾਂ ਹੈ ਹੀ ਸੀ, ਨਾਲ ਹੀ ਉਹ ਕੋਮਲ ਦਿਲ ਦਾ ਮਾਲਕ ਵੀ ਸੀ ਪਰ ਲੋਕੀਂ ਉਸ ਨੂੰ ਉਸ ਦੇ ਦਿਲ ਕਰਕੇ ਨਹੀਂ ਸਗੋਂ ਪੈਸੇ ਕਰਕੇ ਜ਼ਿਆਦਾ ਜਾਣਦੇ ਸਨ। ਹਰ ਤਰ੍ਹਾਂ ਦੇ ਲੋਕ ਜਿਵੇਂ ਖਾਨਦਾਨੀ, ਬਹੁਤ ਵਿਦਵਾਨ ਅਤੇ ਜਿਹੜੇ ਇਨ੍ਹਾਂ ਗੁਣਾਂ ਦੇ ਮਾਲਕ ਨਹੀਂ ਵੀ ਸਨ, ਉਸ ਦੇ ਘਰ ਆਉਂਦੇ ਸਨ।
ਬੱਚਿਆਂ ਦੀ ਪਾਰਟੀ ਚੱਲ ਰਹੀ ਸੀ ਤੇ ਉਹ ਇੱਕ-ਦੂਜੇ ਨਾਲ ਭੋਲੇ-ਭਾਅ ਗੱਲਾਂ ਕਰ ਰਹੇ ਸਨ। ਉਨ੍ਹਾਂ ਵਿੱਚ ਇੱਕ ਖ਼ੂਬਸੂਰਤ ਛੋਟੀ ਬੱਚੀ ਸੀ, ਜਿਸ ਨੂੰ ਆਪਣੇ ’ਤੇ ਬਹੁਤ ਹੀ ਮਾਣ ਸੀ ਪਰ ਇਹ ਵਤੀਰਾ ਉਸ ਨੇ ਆਪਣੇ ਨੌਕਰਾਂ ਕੋਲੋਂ ਸਿੱਖਿਆ ਸੀ, ਨਾ ਕਿ ਆਪਣੇ ਮਾਪਿਆਂ ਕੋਲੋਂ, ਜੋ ਬਹੁਤ ਸੂਝਵਾਨ ਸਨ।
ਉਸ ਦੇ ਪਿਤਾ ਸੰਸਦ ਭਵਨ ਦੇ ਅਧਿਕਾਰੀ ਸਨ, ਜੋ ਦੇਸ਼ ’ਚ ਇੱਕ ਵੱਡਾ ਅਹੁਦਾ ਸਮਝਿਆ ਜਾਂਦਾ ਸੀ ਤੇ ਉਸ ਨਿੱਕੀ ਬੱਚੀ ਨੂੰ ਇਸ ਗੱਲ ਦਾ ਇਲਮ ਸੀ। ਉਹ ਬੱਚੀ ਕਿਸੇ ਗ਼ਰੀਬ ਘਰ ’ਚ ਵੀ ਜਨਮ ਲੈ ਸਕਦੀ ਸੀ ਕਿਉਂਕਿ ਜਨਮ ਲੈਣਾ ਕਿਸੇ ਦੇ ਵੀ ਵੱਸ ’ਚ ਨਹੀਂ ਹੈ। ਉਹ ਕਹਿਣ ਲੱਗੀ, ‘‘ਮੈਂ ਤਾਂ ਅਮੀਰ ਆਦਮੀ ਦੀ ਬੇਟੀ ਹਾਂ।’’ ਉਸ ਨੇ ਬੱਚਿਆਂ ਨੂੰ ਇਹ ਵੀ ਦੱਸਿਆ ਕਿ ਉਸ ਦਾ ਜਨਮ ਉੱਚੇ ਘਰਾਣੇ ’ਚ ਹੋਇਆ ਤੇ ਜਿਸ ਦਾ ਜਨਮ ਉੱਚੇ ਘਰਾਣੇ ’ਚ ਨਹੀਂ ਹੋਇਆ ਹੁੰਦਾ, ਉਹ ਦੁਨੀਆਂ ’ਚ ਕਦੀ ਸਫ਼ਲ ਨਹੀਂ ਹੋ ਸਕਦਾ। ਉਸ ਨੂੰ ਪੜ੍ਹਨ-ਲਿਖਣ ਤੇ ਮਿਹਨਤ ਕਰਨ ਦਾ ਕੋਈ ਲਾਭ ਨਹੀਂ ਕਿਉਂਕਿ ਜੇ ਕਿਸੇ ਨੇ ਉੱਚੇ ਘਰਾਣੇ ’ਚ ਜਨਮ ਨਹੀਂ ਲਿਆ ਤਾਂ ਉਹ ਜ਼ਿੰਦਗੀ ’ਚ ਕੁਝ ਵੀ ਹਾਸਲ ਨਹੀਂ ਕਰ ਸਕਦਾ। ਉਸ ਨੇ ਇਹ ਵੀ ਕਿਹਾ, ‘‘ਜਿਨ੍ਹਾਂ ਦੇ ਨਾਵਾਂ ਪਿੱਛੇ ‘ਸਨ’ ਲਗਦਾ ਹੈ, ਉਹ ਕਦੀ ਵੀ ਕੁਝ ਨਹੀਂ ਬਣ ਸਕਦੇ। ਸਾਨੂੰ ਆਪਣੀਆਂ ਬਾਹਵਾਂ ਆਪਣੀਆਂ ਵੱਖੀਆਂ ’ਤੇ ਰੱਖ ਕੇ ਤੇ ਕੂਹਣੀਆਂ ਨੂੰ ਬਿਲਕੁਲ ਤਿੱਖੀਆਂ ਰੱਖਣਾ ਚਾਹੀਦਾ ਹੈ ਤਾਂ ਜੋ ਜਿਨ੍ਹਾਂ ਲੋਕਾਂ ਦੇ ਨਾਵਾਂ ਪਿੱਛੇ ‘ਸਨ’ ਲਗਦਾ ਹੈ, ਅਸੀਂ ਉਨ੍ਹਾਂ ਨੂੰ ਆਪਣੇ ਤੋਂ ਦੂਰ ਰੱਖ ਸਕੀਏ।’’ ਫੇਰ ਉਸ ਸੁੰਦਰ ਬੱਚੀ ਨੇ ਆਪਣੀਆਂ ਪਿਆਰੀਆਂ ਬਾਹਵਾਂ ਤੇ ਕੂਹਣੀਆਂ ਨੂੰ ਬੜਾ ਤਿੱਖਾ ਕਰਕੇ ਸਭ ਨੂੰ ਦਿਖਾਇਆ। ਉਸ ਦੀਆਂ ਨਿੱਕੀਆਂ-ਨਿੱਕੀਆਂ ਬਾਹਵਾਂ ਬਹੁਤ ਪਿਆਰੀਆਂ ਲੱਗ ਰਹੀਆਂ ਸਨ।
ਪਰ ਵਪਾਰੀ ਦੀ ਛੋਟੀ ਬੇਟੀ ਨੂੰ ਉਸ ਦੀਆਂ ਇਨ੍ਹਾਂ ਗੱਲਾਂ ’ਤੇ ਬਹੁਤ ਗੁੱਸਾ ਚੜ੍ਹਿਆ ਕਿਉਂਕਿ ਉਸ ਦੇ ਪਿਤਾ ਦਾ ਨਾਮ ‘ਪੀਟਰਸਨ’ ਸੀ ਤੇ ਉਹ ਜਾਣਦੀ ਸੀ ਕਿ ਉਸ ਦੇ ਪਾਪਾ ਦੇ ਨਾਂ ਪਿੱਛੇ ‘ਸਨ’ ਸ਼ਬਦ ਲੱਗਦਾ ਹੈ। ਇਸ ਕਰਕੇ ਜਿੰਨੇ ਮਾਣ ਨਾਲ ਉਹ ਬੋਲ ਸਕਦੀ ਸੀ, ਬੋਲੀ, ‘‘ਪਰ ਮੇਰੇ ਪਾਪਾ ਤਾਂ ਸੌ ਡਾਲਰਾਂ ਦੇ ਚਾਕਲੇਟ ਲਿਆ ਕੇ ਬੱਚਿਆਂ ’ਚ ਵੰਡ ਸਕਦੇ ਸਨ। ਕੀ ਤੇਰੇ ਪਾਪਾ ਇੰਜ ਕਰ ਸਕਦੇ ਹਨ?’’
ਇੱਕ ਅਖ਼ਬਾਰ ਦੇ ਸੰਪਾਦਕ ਦੀ ਛੋਟੀ ਜਿਹੀ ਬੇਟੀ ਵੀ ਬੋਲੀ, ‘‘ਹਾਂ, ਤੇ ਮੇਰੇ ਪਾਪਾ ਤੇਰੇ ਤੇ ਹੋਰ ਸਭ ਦੇ ਪਾਪਾ ਨੂੰ ਅਖ਼ਬਾਰ ’ਚ ਲਿਆ ਸਕਦੇ ਹਨ। ਸਭ ਲੋਕ ਮੇਰੇ ਪਾਪਾ ਤੋਂ ਡਰਦੇ ਹਨ ਕਿਉਂਕਿ ਮੇਰੇ ਮੰਮੀ ਕਹਿੰਦੇ ਹਨ ਕਿ ਮੇਰੇ ਪਾਪਾ ਜੋ ਚਾਹੁਣ ਅਖ਼ਬਾਰ ’ਚ ਕਿਸੇ ਬਾਰੇ ਵੀ ਲਿਖ ਸਕਦੇ ਹਨ।’’ ਉਹ ਛੋਟੀ ਜਿਹੀ ਲੜਕੀ ਬਹੁਤ ਹੀ ਅਭਿਮਾਨੀ ਜਾਪ ਰਹੀ ਸੀ ਜਿਵੇਂ ਕਿ ਉਹ ਸੱਚੀ-ਮੁੱਚੀ ਦੀ ਸ਼ਹਿਜ਼ਾਦੀ ਹੋਵੇ ਤੇ ਹਰ ਕਿਸੇ ਨੂੰ ਉਸ ਕੋਲੋਂ ਅਜਿਹੇ ਵਤੀਰੇ ਦੀ ਸ਼ੰਕਾ ਵੀ ਸੀ।
ਪਰ ਦਰਵਾਜ਼ੇ ਦੇ ਬਾਹਰਵਾਰ, ਜੋ ਥੋੜ੍ਹਾ ਜਿਹਾ ਖੁੱਲ੍ਹਾ ਹੋਇਆ ਸੀ, ਉੱਥੇ ਇੱਕ ਗ਼ਰੀਬ ਬੱਚਾ ਖੜ੍ਹਾ ਸੀ। ਉਹ ਦਰਵਾਜ਼ੇ ਦੀ ਝੀਥ ਰਾਹੀਂ ਅੰਦਰ ਝਾਕ ਰਿਹਾ ਸੀ। ਉਹ ਅਤਿ ਨਿਮਾਣੇ ਦਰਜੇ ਦਾ ਜਾਪ ਰਿਹਾ ਸੀ। ਉਸ ਨੂੰ ਕਮਰੇ ਦੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਸੀ। ਉਹ ਬਾਵਰਚਣ ਦੀ ਕਬਾਬ ਬਣਾਉਣ ’ਚ ਮਦਦ ਕਰ ਰਿਹਾ ਸੀ। ਉਸ ਬਾਵਰਚਣ ਨੇ ਉਸ ਬੱਚੇ ਨੂੰ ਦਰਵਾਜ਼ੇ ਦੇ ਪਿੱਛੇ ਖਲੋ ਕੇ ਸੋਹਣੇ ਕੱਪੜਿਆਂ ’ਚ ਸਜੇ ਹੋਏ ਬੱਚਿਆਂ ਨੂੰ ਦੇਖਣ ਲਈ ਇਜਾਜ਼ਤ ਦੇ ਦਿੱਤੀ ਸੀ।
ਉਹ ਬੱਚੇ ਕਮਰੇ ਦੇ ਅੰਦਰ ਪਾਰਟੀ ਦਾ ਮਜ਼ਾ ਲੈ ਰਹੇ ਸਨ ਤੇ ਇਸ ਛੋਟੇ ਬੱਚੇ ਲਈ ਇਹ ਬਹੁਤ ਹੀ ਵੱਡੀ ਗੱਲ ਸੀ। ਉਹ ਸੋਚਣ ਲੱਗਾ, ‘‘ਕਾਸ਼! ਮੈਂ ਵੀ ਉਨ੍ਹਾਂ ’ਚੋਂ ਇੱਕ ਹੁੰਦਾ’’ ਤੇ ਫੇਰ ਉਸ ਨੇ ਸੁਣਿਆ ਕਿ ਬੱਚੇ ਨਾਵਾਂ ਬਾਰੇ ਕੀ ਕੀ ਬੋਲ ਰਹੇ ਸਨ ਤੇ ਇਹ ਗੱਲਾਂ ਉਸ ਨੂੰ ਹੋਰ ਨਿਰਾਸ਼ ਕਰਨ ਲਈ ਕਾਫ਼ੀ ਸਨ। ਉਸ ਦੇ ਮਾਪਿਆਂ ਕੋਲ ਉਸ ਲਈ ਅਖ਼ਬਾਰ ਖਰੀਦਣ ਲਈ ਤੇ ਉਸ ’ਚ ਕੁਝ ਲਿਖਣ ਲਈ ਇੱਕ ਪੈਸਾ ਵੀ ਘਰ ’ਚ ਨਹੀਂ ਸੀ ਹੁੰਦਾ ਤੇ ਸਭ ਤੋਂ ਉਦਾਸ ਕਰਨ ਵਾਲੀ ਗੱਲ ਇਹ ਸੀ ਕਿ ਉਸ ਦੇ ਪਾਪਾ ਦੇ ਨਾਂ ਤੇ ਫੇਰ ਉਸ ਦੇ ਆਪਣੇ ਨਾਂ ਦੇ ਪਿੱਛੇ ਵੀ ‘ਸਨ’ ਹੀ ਲਗਦਾ ਸੀ ਤੇ ਇਸ ਕਰਕੇ ਉਹ ਕਦੀ ਵੀ ਵੱਡਾ ਆਦਮੀ ਨਹੀਂ ਸੀ ਬਣ ਸਕਦਾ ਤੇ ਇਹੋ ਸੋਚ ਉਸ ਨੂੰ ਬਹੁਤ ਬੇਚੈਨ ਕਰ ਰਹੀ ਸੀ, ਪਰ ਫੇਰ ਵੀ ਉਹ ਇਸ ਦੁਨੀਆਂ ’ਚ ਪੈਦਾ ਹੋਇਆ ਹੈ ਤਾਂ ਜ਼ਿੰਦਗੀ ’ਚ ਕੋਈ ਮੰਜ਼ਿਲ ਤਾਂ ਉਸ ਲਈ ਹੋਵੇਗੀ ਹੀ। ਇਸ ਲਈ ਉਸ ਨੇ ਸੋਚਿਆ ਕਿ ਉਸ ਨੂੰ ਸੰਤੁਸ਼ਟ ਰਹਿਣਾ ਚਾਹੀਦਾ ਹੈ।
ਉਸ ਸ਼ਾਮ ਦੀ ਪਾਰਟੀ ਵਿੱਚ ਇਹੋ ਕੁਝ ਹੋਇਆ ਸੀ।
ਇਸ ਗੱਲ ਨੂੰ ਕਈ ਸਾਲ ਬੀਤ ਗਏ ਤੇ ਉਨ੍ਹਾਂ ’ਚੋਂ ਕਈ ਬੱਚੇ ਵੱਡੇ ਲੋਕ ਬਣ ਗਏ।
ਸ਼ਹਿਰ ਵਿੱਚ ਇੱਕ ਬਹੁਤ ਸ਼ਾਨਦਾਰ ਘਰ ਬਣ ਗਿਆ ਜਿਹੜਾ ਹਰ ਪ੍ਰਕਾਰ ਦੀਆਂ ਸੋਹਣੀਆਂ ਤੇ ਕੀਮਤੀ ਵਸਤੂਆਂ ਨਾਲ ਭਰਿਆ ਪਿਆ ਸੀ। ਹਰ ਕੋਈ ਇਸ ਘਰ ਨੂੰ ਵੇਖਣਾ ਲੋਚਦਾ ਸੀ। ਇੱਥੋਂ ਤੱਕ ਕਿ ਉਸ ਸ਼ਹਿਰ ਤੋਂ ਬਾਹਰ ਦੇ ਲੋਕਾਂ ਨੂੰ ਵੀ ਇਸ ਘਰ ’ਚ ਜੋ ਖਜ਼ਾਨਾ ਸੀ, ਉਸ ਦੀ ਝਲਕ ਦੇਖਣ ਲਈ ਇਜਾਜ਼ਤ ਲੈਣੀ ਪੈਂਦੀ।
ਇਹ ਘਰ ਉਸ ਗ਼ਰੀਬ ਛੋਟੇ ਲੜਕੇ ਦਾ ਹੈ, ਜੋ ਉਸ ਰਾਤ ਦਰਵਾਜ਼ੇ ਦੇ ਪਿੱਛੇ ਖਲੋਤਾ ਰਿਹਾ ਸੀ। ਉਹ ਸੱਚਮੁੱਚ ਇੱਕ ਵੱਡਾ ਆਦਮੀ ਬਣ ਗਿਆ ਸੀ, ਭਾਵੇਂ ਉਸ ਦੇ ਨਾਂ ਪਿੱਛੇ ‘ਸਨ’ ਲਗਦਾ ਸੀ। ਉਸ ਦਾ ਨਾਮ ਸੀ ‘ਥੋਰਵਾਡਸਨ’’।
ਉਨ੍ਹਾਂ ਤਿੰਨ ਬੱਚਿਆਂ ਵਿੱਚੋਂ ਇੱਕ ਜਿਸ ਦਾ ਜਨਮ ਉੱਚੇ ਘਰਾਣੇ ’ਚੋਂ ਸੀ, ਦੂਸਰਾ ਜੋ ਅਮੀਰ ਸੀ ਤੇ ਤੀਸਰਾ ਜਿਸ ਨੂੰ ਬੁੱਧੀਮਾਨ ਹੋਣ ਦਾ ਮਾਣ ਸੀ, ਹਾਂ ਉਨ੍ਹਾਂ ਨੂੰ ਵੀ ਦੁਨੀਆਂ ’ਚ ਇੱਜ਼ਤ ਤੇ ਸ਼ੋਹਰਤ ਹਾਸਲ ਸੀ, ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦੇ ਜਨਮ ਅਤੇ ਉਨ੍ਹਾਂ ਦੇ ਮਾਪਿਆਂ ਦੀ ਪੁਜ਼ੀਸ਼ਨ ਕਾਰਨ ਸਾਰੀਆਂ ਸਹੂਲਤਾਂ ਹਾਸਲ ਸਨ। ਕਈ ਸਾਲ ਪਹਿਲਾਂ ਉਸ ਸ਼ਾਮ ਦੀ ਪਾਰਟੀ ਦੌਰਾਨ ਜੋ ਕੁਝ ਉਹ ਬੱਚੇ ਸੋਚ ਜਾਂ ਬੋਲ ਰਹੇ ਸਨ, ਉਸ ਲਈ ਉਨ੍ਹਾਂ ਨੂੰ ਡਾਂਟਣ ਦਾ ਕੋਈ ਕਾਰਨ ਨਹੀਂ ਸੀ ਕਿਉਂਕਿ ਉਹ ਤਾਂ ਸਿਰਫ਼ ਬੱਚਿਆਂ ਦੀਆਂ ‘ਬਚਕਾਨਾ ਗੱਲਾਂ’ ਹੀ ਤਾਂ ਸਨ।
(ਅਨੁਵਾਦ: ਬਲਰਾਜ ਧਾਰੀਵਾਲ)

  • ਮੁੱਖ ਪੰਨਾ : ਹੈਂਸ ਕ੍ਰਿਸਚੀਅਨ ਐਂਡਰਸਨ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ