Bacy : Mark Twain

ਨੰਨ੍ਹੀ ਬੇਸੀ : ਮਾਰਕ ਟਵੇਨ

ਅਧਿਆਏ-1
ਨੰਨ੍ਹੀ ਬੇਸੀ ਈਸ਼ਵਰ ਦੀ ਸਹਾਇਤਾ ਕਰੇਗੀ

ਨੰਨ੍ਹੀ ਬੇਸੀ ਤਕਰੀਬਨ ਤਿੰਨ ਸਾਲਾਂ ਦੀ ਸੀ। ਉਹ ਇਕ ਚੰਗੀ ਬੱਚੀ ਸੀ। ਉਸ ਵਿੱਚ ਕੋਈ ਹਲਕਾਪਣ ਜਾਂ ਤੁੱਛਤਾ ਨਹੀਂ ਸੀ। ਉਹ ਚਿੰਤਨਸ਼ੀਲ ਅਤੇ ਵਿਚਾਰਸ਼ੀਲ ਸੀ ਅਤੇ ਚੀਜ਼ਾਂ ਦੇ ਪਿੱਛੇ ਦੇ ਕਾਰਨ ਲੱਭਣ ਵਿੱਚ ਅਤੇ ਉਨ੍ਹਾਂ ਵਿਚ ਤਾਲਮੇਲ ਕਾਇਮ ਕਰਨ ਲੱਗੀ ਰਹਿੰਦੀ ਸੀ। ਇੱਕ ਦਿਨ ਉਸਨੇ ਕਿਹਾ
‘‘ਅੰਮਾ, ਇੱਥੇ ਇੰਨੀਆਂ ਤਕਲੀਫਾਂ, ਦੁੱਖ ਅਤੇ ਪਰੇਸ਼ਾਨੀਆਂ ਕਿਉ ਹਨ? ਆਖ਼ਰ ਇਨ੍ਹਾਂ ਦਾ ਕੀ ਕੰਮ ਹੈ?’’
ਇਹ ਇੱਕ ਅਸਾਨ ਜਿਹਾ ਸਵਾਲ ਸੀ, ਅਤੇ ਇਸਦਾ ਉੱਤਰ ਦੇਣ ਵਿਚ ਅੰਮਾ ਨੂੰ ਕੋਈ ਦਿਕੱਤ ਪੇਸ਼ ਨਹੀਂ ਆਈ।

‘‘ਇਹ ਸਭ ਸਾਡੇ ਭਲੇ ਲਈ ਹੈ, ਮੇਰੀ ਬੱਚੀ। ਈਸ਼ਵਰ ਆਪਣੀ ਸਿਆਣਪ ਅਤੇ ਦਿਆਲੂ ਪ੍ਰਵਿਰਤੀ ਕਾਰਨ ਇਹ ਤਕਲੀਫ਼ਾਂ ਸਾਨੂੰ ਦਿੰਦਾ ਹੈ ਤਾਂ ਜੋ ਅਸੀਂ ਅਨੁਸ਼ਾਸ਼ਿਤ ਹੋ ਸਕੀਏ, ਅਤੇ ਚੰਗੇ ਬਣ ਸਕੀਏ।’’

‘‘ਕੀ ਇਨ੍ਹਾਂ ਤਕਲੀਫ਼ਾ ਨੂੰ ਉਹ ਭੇਜਦਾ ਹੈ?’’
‘‘ਹਾਂ।’’
‘‘ਕੀ ਸਾਰੀਆਂ ਤਕਲੀਫ਼ਾਂ ਨੂੰ ਉਹ ਹੀ ਭੇਜਦਾ ਹੈ?’’

‘‘ਹਾਂ, ਪਿਆਰੀ, ਸਾਰੀਆਂ ਤਕਲੀਫਾਂ ਨੂੰ। ਉਨ੍ਹਾਂ ਵਿਚੋਂ ਇੱਕ ਵੀ ਸੰਜਂੋਗ ਨਾਲ਼ ਨਹੀਂ ਆਉਦੀ। ਸਿਰਫ਼ ਉਹ ਹੀ ਉਨ੍ਹਾਂ ਨੂੰ ਭੇਜਦਾ ਹੈ, ਅਤੇ ਹਮੇਸ਼ਾਂ ਇਸੇ ਲਈ ਕਿ ਉਹ ਸਾਨੂੰ ਪਿਆਰ ਕਰਦਾ ਹੈ, ਅਤੇ ਸਾਨੂੰ ਚੰਗੇ ਬਣਾਉਂਦਾ ਹੈ। ’’

‘‘ਇਹ ਅਜੀਬ ਨਹੀਂ ਹੈ?’’

‘‘ਅਜੀਬ? ਕਿਉ, ਨਹੀਂ ਮੈਂ ਇਸ ਤਰ੍ਹਾਂ ਕਦੇ ਨਹੀਂ ਸੋਚਿਆ। ਮੈਂ ਕਦੇ ਕਿਸੇ ਨੂੰ ਇਸਨੂੰ ਅਜੀਬ ਕਹਿੰਦੇ ਨਹੀਂ ਸੁਣਿਆ। ਮੈਨੂੰ ਤਾਂ ਇਹ ਹਮੇਸ਼ਾਂ ਕੁਦਰਤੀ, ਸਹੀ, ਸਿਆਣਪ ਵਾਲ਼ਾ ਅਤੇ ਸਭ ਤੋਂ ਦਿਆਲੂ ਤੇ ਤਰਸ ਕਰਨ ਵਾਲ਼ਾ ਲੱਗਿਆ ਹੈ।’’

‘‘ਇਸ ਤਰ੍ਹਾਂ ਸਭ ਤੋਂ ਪਹਿਲਾਂ ਕਿਸਨੇ ਸੋਚਿਆ ਸੀ, ਅੰਮਾ? ਕੀ ਤੁਸੀਂ?’’
‘‘ਉਹ, ਨਹੀਂ, ਬੇਟੀ, ਮੈਨੂੰ ਅਜਿਹਾ ਸਿਖਾਇਆ ਗਿਆ ਸੀ।’’
‘‘ਤਹਾਨੂੰ ਅਜਿਹਾ ਕਿਸਨੇ ਸਿਖਾਇਆ ਸੀ, ਅੰਮਾ?’’

‘‘ਕਿਉ, ਅਸਲ ਵਿੱਚ, ਮੈਂ ਨਹੀਂ ਜਾਣਦੀ- ਮੈਨੂੰ ਯਾਦ ਨਹੀਂ ਆ ਰਿਹਾ। ਮੇਰੇ ਖ਼ਿਆਲ ਨਾਲ਼ ਮੇਰੀ ਮਾਂ ਨੇ, ਜਾਂ ਪ੍ਰਵਚਨਦਾਤਾ ਨੇ। ਪਰ ਇਹ ਤਾਂ ਅਜਿਹੀ ਚੀਜ਼ ਹੈ ਜਿਸਨੂੰ ਹਰ ਕੋਈ ਜਾਣਦਾ ਹੈ।’’

‘‘ਪਰ ਇਹ ਫ਼ਿਰ ਵੀ ਅਜੀਬ ਲੱਗਦਾ ਹੈ। ਕੀ ਈਸ਼ਵਰ ਨੇ ਹੀ ਨੌਰਿਸ ਨੂੰ ਟਾਇਫ਼ਸ ਦਿੱਤਾ ਸੀ?’’
‘‘ਹਾਂ’’
‘‘ਕਿਸ ਲਈ?’’
‘‘ਕਿਉ, ਉਸਨੂੰ ਅਨੁਸ਼ਾਸ਼ਿਤ ਕਰਨ ਅਤੇ ਚੰਗਾ ਬਣਾਉਣ ਲਈ।’’
‘‘ਪਰ ਉਹ ਤਾਂ ਮਰ ਗਿਆ ਅੰਮਾ, ਇਸ ਲਈ ਇਹ ਤਾਂ ਉਸਨੂੰ ਚੰਗਾ ਨਹੀਂ ਬਣਾ ਸਕਿਆ।’’
‘‘ਚੰਗਾ ਤਾਂ ਫਿਰ ਮੇਰੇ ਖ਼ਿਆਲ ਨਾਲ਼ ਇਹ ਕਿਸੇ ਹੋਰ ਕਾਰਨ ਹੋਵੇਗਾ। ਭਾਵੇਂ ਕੋਈ ਵੀ ਕਾਰਨ ਹੋਵੇ, ਅਸੀਂ ਇੰਨਾ ਜਾਣਦੇ ਹਾਂ ਕਿ ਉਹ ਕੋਈ ਵਾਜ਼ਬ ਕਾਰਨ ਹੋਵੇਗਾ।’’
‘‘ਤੁਹਾਡੇ ਵਿਚਾਰ ਤੋਂ ਇਹ ਕਾਰਨ ਕੀ ਸੀ, ਅੰਮਾ?’’
‘‘ਉਹੋ, ਤੂੰ ਏਨੇ ਸਵਾਲ ਕਰਦੀ ਏ! ਮੇਰਾ ਖ਼ਿਆਲ ਹੈ ਇਹ ਉਸਦੇ ਮਾਤਾ-ਪਿਤਾ ਨੂੰ ਅਨੁਸ਼ਾਸਿਤ ਕਰਨ ਲਈ ਸੀ।’’
‘‘ਫਿਰ ਤਾਂ ਇਹ ਸਹੀ ਨਹੀਂ ਹੈ, ਅੰਮਾ। ਉਨ੍ਹਾਂ ਲੋਕਾਂ ਲਈ ਉਸਦੀ ਜਿੰਦਗੀ ਕਿਉ ਖੋਹ ਲਈ ਜਾਵੇ ਜਦਕਿ ਉਹ ਕੁਝ ਨਹੀਂਂ ਕਰ ਰਿਹਾ ਸੀ?’’
‘‘ਉਹੋ, ਮੈਨੂੰ ਨਹੀਂ ਪਤਾ! ਮੈਨੂੰ ਬਸ ਏਨਾ ਪਤਾ ਹੈ ਕਿ ਉਹ ਕਿਸੇ ਚੰਗੇ ਅਤੇ ਸਿਆਣਪ ਭਰੇ ਅਤੇ ਦਇਆਵਾਨ ਕਾਰਨ ਕਰਕੇ ਹੋਇਆ।’’
‘‘ਕਿਹੜਾ ਕਾਰਨ, ਅੰਮਾ?’’
‘‘ਮੇਰੇ ਖ਼ਿਆਲ ਨਾਲ਼-ਮੇਰੇ ਖ਼ਿਆਲ ਨਾਲ਼- ਦੇਖੋ, ਇਹ ਇੱਕ ਫੈਸਲਾ ਸੀ, ਇਹ ਉਨ੍ਹਾਂ ਨੂੰ ਉਨ੍ਹਾਂ ਦੇ ਕਿਸੇ ਪਾਪ ਦੀ ਸਜ਼ਾ ਦੇਣ ਲਈ ਸੀ।’’
‘‘ਪਰ ਸਜ਼ਾ ਜਿਸਨੂੰ ਮਿਲੀ ਉਹ ਤਾਂ ਬਿੱਲੀ ਸੀ, ਅੰਮਾ। ਕੀ ਇਹ ਸਹੀ ਹੈ?’’

‘‘ਬਿਲਕੁਲ, ਬਿਲਕੁਲ। ਈਸ਼ਵਰ ਅਜਿਹਾ ਕੁਝ ਨਹੀਂ ਕਰਦਾ ਜੋ ਸਹੀ, ਸਿਆਣਪ ਭਰਪੂਰ ਅਤੇ ਦਇਆਵਾਨ ਨਾ ਹੋਵੇ। ਪਿਆਰੀ ਬੱਚੀ, ਤੂੰ ਹਾਲੇ ਇਹ ਗੱਲਾਂ ਨਹੀਂ ਸਮਝ ਸਕਦੀ, ਪਰ ਜਦੋ ਤੂੰ ਵੱਡੀ ਹੋ ਜਾਵੇਂਗੀ ਤਾਂ ਸਮਝ ਜਾਵੇਂਗੀ, ਅਤੇ ਜਾਣ ਜਾਵੇਂਗੀ ਕਿ ਇਹ ਨਿਆਂਪਰੂਨ ਅਤੇ ਸਿਆਣਪ ਭਰਪੂਰ ਹੈ।’’

ਪਲ ਭਰ ਰੁਕਣ ਤੋ ਬਾਅਦ-
‘‘ਕੀ ਈਸ਼ਵਰ ਨੇ ਹੀ ਉਸ ਅਜਨਬੀ ਉੱਤੇ ਘਰ ਦੀ ਛਤ ਸੁੱਟ ਦਿੱਤੀ ਸੀ ਜੋ ਅੱਗ ਵਿਚੋਂ ਅਪਾਹਜ ਬੁੱਢੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ?’’

‘‘ਹਾਂ, ਮੇਰੀ ਬੱਚੀ। ਰੁਕ! ਇਹ ਨਾ ਪੁੱਛੀਂ ਕਿ ਕਿਉ, ਕਿਉਕਿ ਮੈਂ ਨਹੀਂ ਜਾਣਦੀ। ਮੈਂ ਬਸ ਇੰਨਾ ਜਾਣਦੀ ਹਾਂ ਕਿ ਇਹ ਕਿਸੇ ਨਾ ਕਿਸੇ ਨੂੰ ਅਨੁਸ਼ਾਸ਼ਿਤ ਕਰਨ ਲਈ ਸੀ, ਕਿਸੇ ’ਤੇ ਫੈਸਲਾ ਸੀ, ਜਾਂ ਈਸ਼ਵਰ ਨੇ ਆਪਣੀ ਤਾਕਤ ਦਿਖਾਉਣ ਲਈ ਅਜਿਹਾ ਕੀਤਾ ਸੀ।’’

‘‘ਉਹ ਸ਼ਰਾਬੀ ਜਿਸਨੇ ਮਿਸੇਜ ਵੈਲਥ ਦੇ ਬੱਚੇ ਨੂੰ ਕੰਢਾ ਖੋਭ ਦਿੱਤਾ ਸੀ ਜਦੋਂ…..’’
‘‘ਉਸਤੇ ਧਿਆਨ ਨਾ ਦੇ, ਤੈਨੂੰ ਵੇਰਵਿਆਂ ਵਿੱਚ ਜਾਣ ਦੀ ਲੋੜ ਨਹੀਂ ਹੈ। ਏਨਾ ਤਾਂ ਪੱਕਾ ਹੈ ਕਿ ਇਹ ਉਸ ਬੱਚੇ ਨੂੰ ਅਨੁਸ਼ਾਸ਼ਿਤ ਕਰਨ ਲਈ ਸੀ। ਖੈਰ।’’

‘‘ਅੰਮਾ, ਮਿ. ਬਰਗੇਸ ਨੇ ਆਪਣੇ ਪ੍ਰਵਚਨ ਵਿੱਚ ਕਿਹਾ ਸੀ ਕਿ ਸਾਨੂੰ ਕੌਲਰਾ, ਟਾਈਫ਼ਾਈਡ ਅਤੇ ਲੌਕਜਾ ਵਰਗੀਆਂ ਹਜ਼ਾਰਾਂ ਬੀਮਾਰੀਆਂ ਦੇਣ ਲਈ ਕਰੋੜਾਂ ਸੂਖਮ ਜੀਵ ਸਾਡੇ ਅੰਦਰ ਭੇਜੇ ਜਾਂਦੇ ਹਨ- ਅੰਮਾ, ਕੀ ਈਸ਼ਵਰ ਉਨ੍ਹਾਂ ਨੂੰ ਭੇਜਦਾ ਹੈ?’’

‘‘ਓਹੋ, ਬਿਲਕੁਲ ਮੇਰੀ ਬੱਚੀ, ਨਿਸ਼ਚਿਤ ਰੂਪ ਨਾਲ। ਜ਼ਹਿਰਾ ਤੌਰ ’ਤੇ।’’
‘‘ਕਿਸ ਲਈ?’’
‘‘ਓਹੋ, ਸਾਨੂੰ ਅਨੁਸ਼ਾਸਿਤ ਕਰਨ ਲਈ। ਕੀ ਮੈਂ ਵਾਰ-ਵਾਰ ਤੈਨੂੰ ਇਹ ਦੱਸ ਨਹੀਂ ਚੁੱਕੀ ਹਾਂ?’’
‘‘ਇਹ ਤਾਂ ਭਿਆਨਕ ਕਰੂਰਤਾ ਹੈ, ਅੰਮਾ! ਅਤੇ ਮਰੂਖਤਾ ਵੀ! ਜੇ ਮੈਂ…’’
‘‘ਹਸ਼, ਉਹੋ, ਹਸ਼! ਕੀ ਤੂੰ ਕਹਿਰ ਵਰ੍ਹਾਉਣਾ ਚਾਹੁੰਦੀ ਏਂ?’’

‘‘ਅੰਮਾ ਤੈਨੂੰ ਪਤਾ ਹੈ, ਪਿਛਲੇ ਹਫ਼ਤੇ ਬਿਜਲੀ ਡਿੱਗੀ ਤੇ ਉਸਨੇ ਨਵੇਂ ਚਰਚ ਨੂੰ ਸਾੜ ਦਿੱਤਾ। ਕੀ ਇਹ ਚਰਚ ਨੂੰ ਅਨੁਸ਼ਾਸਿਤ ਕਰਨ ਲਈ ਸੀ?’’ (ਥੱਕ ਕੇ) ‘‘ਉਹੋ, ਮੇਰੇ ਖ਼ਿਆਲ ਨਾਲ਼, ਹਾਂ।’’

‘‘ਪਰ ਇਸ ਨਾਲ਼ ਇਕ ਸੂਰ ਮਰ ਗਿਆ ਜੋ ਕੁਝ ਨਹੀਂ ਕਰ ਰਿਹਾ ਸੀ। ਕੀ ਇਹ ਸਭ ਸੂਰ ਨੂੰ ਅਨੁਸ਼ਾਸਿਤ ਕਰਨ ਲਈ ਸੀ, ਅੰਮਾ?’’
‘‘ਪਿਆਰੀ ਬੱਚੀ, ਕੀ ਤੂੰ ਥੋੜੀ ਦੇਰ ਬਾਹਰ ਜਾ ਕੇ ਖੇਡਣਾ ਨਹੀਂ ਚਾਹੇਂਗੀ? ਜੇ ਤੂੰ ਚਾਹੇ ਤਾਂ……’’

‘‘ਅੰਮਾ, ਥੋੜਾ ਸੋਚੋ! ਮਿ. ਹੋਲਿਸਟਰ ਕਹਿੰਦੇ ਹਨ ਕਿ ਇੱਕ ਵੀ ਚਿੜੀ ਜਾਂ ਸੱਪ ਜਾਂ ਕਿਸੇ ਵੀ ਦੂਜੇ ਜੀਵ ਦੀ ਕਿਸੇ ਨਾਲ਼ ਦੁਸ਼ਮਣੀ ਨਹੀਂ ਹੈ, ਕਿ ਈਸ਼ਵਰ ਨੇ ਉਨ੍ਹਾਂ ਨੂੰ ਵੱਢਣ ਜਾਂ ਭੱਜਣ ਅਤੇ ਸਤਾਉਣ, ਅਤੇ ਮਾਰ ਦੇਣ ਅਤੇ ਖੂਨ ਚੂਸਣ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਅਨੁਸ਼ਾਸਿਤ ਕਰਨ ਅਤੇ ਚੰਗਾ ਅਤੇ ਧਾਰਮਿਕ ਬਣਾਉਣ ਲਈ ਉਨ੍ਹਾਂ ਨੂੰ ਭੇਜਿਆ ਹੈ। ਮਾਂ, ਕੀ ਇਹ ਸੱਚ ਹੈ-ਕਿਉਕਿ ਜੇ ਇਹ ਸੱਚ ਹੈ, ਤਾਂ ਮਿ. ਹੋਲਿਸਟਰ ਇਸ ਉੱਤੇ ਹੱਸਦੇ ਕਿਉ ਹਨ?’’

‘‘ਉਹ ਹੋਲਿਸਟਰ ਇੱਕ ਬਦਨਾਮ ਆਦਮੀ ਹੈ, ਅਤੇ ਮੈਂ ਚਾਹੁੰਦੀ ਹਾਂ ਕਿ ਤੂੰ ਉਸਦੀਆਂ ਗੱਲਾਂ ਨਾ ਸੁਣਿਆ ਕਰ।’’

‘‘ਕਿਉ ਅੰਮਾ, ਉਹ ਬਹੁਤ ਦਿਲਚਸਪ ਹਨ ਅਤੇ ਚੰਗਾ ਬਨਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਹਿੰਦੇ ਹਨ ਕਿ ਭਰਿੰਡ ਮਕੜੀਆਂ ਨੂੰ ਫੜਕੇ ਉਹਨਾਂ ਦੇ ਜਾਲਿਆਂ ਵਿੱਚ ਵਾੜ ਦਿੰਦੀਆਂ ਹਨ- ਜਿਉਦੇ, ਅੰਮਾ!- ਅਤੇ ਉਹ ਦਿਨੋਂ ਦਿਨ ਉੱਥੇ ਰਹਿੰਦੀਆਂ ਹਨ ਅਤੇ ਤੜਫ਼ਦੀਆਂ ਹਨ, ਅਤੇ ਭੁੱਖੀਆਂ ਭਰਿੰਡਾਂ ਸਾਰਾ ਸਮਾਂ ਉਨ੍ਹਾਂ ਦੀਆਂ ਲੱਤਾਂ ਚੱਬਦੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਦੇ ਢਿੱਡ ਕੁਤਰਦੀਆਂ ਰਹਿੰਦੀਆਂ ਹਨ, ਤਾਂ ਜੋ ਉਹ ਉਨ੍ਹਾਂ ਨੂੰ ਧਾਰਮਿਕ ਅਤੇ ਚੰਗਾ ਬਣਾ ਸਕਣ ਅਤੇ ਉਹ ਈਸ਼ਵਰ ਦੀ ਉਸਦੀਆਂ ਅਨੰਤ ਦਇਆਵਾਂ ਲਈ ਪ੍ਰਸ਼ੰਸ਼ਾ ਕਰਨ। ਮੈਨੂੰ ਲਗਦਾ ਹੈ ਮਿ. ਹੋਲਿਸਟਰ ਬਹੁਤ ਪਿਆਰੇ ਹਨ ਤੇ ਹਮੇਸ਼ਾਂ ਇੰਨੇ ਉਦਾਰ ਰਹਿੰਦੇ ਹਨ, ਕਿਉਕਿ ਜਦ ਮੈਂ ਉਨ੍ਹਾਂ ਤੋ ਪੁੱਛਿਆ ਕਿ ਕੀ ਉਹ ਕਦੇ ਕਿਸੇ ਮਕੜੀ ਨਾਲ਼ ਅਜਿਹਾ ਵਰਤਾਓ ਕਰਨਗੇ, ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਉਨ੍ਹਾਂ ਨੂੰ ਨਰਕ ਨਸੀਬ ਹੋਵੇਗਾ, ਅਤੇ ਫਿਰ ਉਹ…’’

‘‘ਮੇਰੀ ਬੱਚੀ! ਓਹ, ਈਸ਼ਵਰ ਵਾਸਤੇ……’’

‘‘ਅਤੇ ਅੰਮਾ, ਉਹ ਕਹਿੰਦੇ ਹਨ ਕਿ ਮਕੜੀ ਨੂੰ ਮੱਖੀ ਨੂੰ ਫੜ੍ਹਨ ਅਤੇ ਆਪਣੇ ਜ਼ਹਿਰੀਲੇ ਦੰਦ ਉਸਦੀਆਂ ਅੰਤੜੀਆਂ ਵਿੱਚ ਖੁਭੋ ਦੇਣ ਅਤੇ ਉਸਦਾ ਲਹੂ ਚੂਸਦੇ ਜਾਣ ਲਈ ਨਿਯੁਕਤ ਕੀਤਾ ਗਿਆ ਹੈ, ਤਾਂ ਜੋ ਉਸਨੂੰ ਅਨੁਸ਼ਾਸਿਤ ਕਰਕੇ ਈਸਾਈ ਬਣਾਇਆ ਜਾ ਸਕੇ, ਅਤੇ ਜਦੋਂ ਇਸ ਤਕਲੀਫ਼ ਤੇ ਦਰਦ ਨਾਲ਼ ਮੱਖੀ ਆਪਣੇ ਖੰਭ ਫੜਫੜਾਉਦੀ ਹੈ, ਤਾਂ ਤੂੰ ਉਸਦੀਆਂ ਅਹਿਸਾਨਮੰਦ ਅੱਖਾਂ ਵਿੱਚ ਵੇਖ ਸਕਦੀ ਏਂ ਕਿ ਉਹ ਸਾਰੀਆਂ ਚੰਗਿਆਈਆਂ ਦੇ ਦਾਤਾ ਨੂੰ ਧੰਨਵਾਦ ਦੇ ਰਹੀ ਹੈ- ਵੇਲ, ਮਿ. ਹੋਲਿਸਟਰ ਕਹਿੰਦੇ ਹਨ ਕਿ ਉਹ ਬਸ ਆਪਣੀ ਇੱਜਤ ਬਚਾਉਦੀ ਹੈ, ਅਤੇ ਉਹ ਇਹ ਵੀ…’’

‘‘ਉਫ਼, ਕੀ ਤੂੰ ਗੱਲਾਂ ਕਰਨ ਤੋਂ ਥੱਕੇਗੀਂ ਨਹੀਂ ! ਜੇ ਤੂੰ ਬਾਹਰ ਜਾ ਕੇ ਖੇਡਣਾ ਚਾਹੁੰਦੀ ਏਂ ਤਾਂ…’’

‘‘ਅੰਮਾ, ਉਹ ਤਾਂ ਆਪ ਕਹਿੰਦੇ ਹਨ ਕਿ ਸਾਰੀਆਂ ਔਕੜਾਂ ਅਤੇ ਤਕਲੀਫ਼ਾਂ ਅਤੇ ਦੁਰਗਤੀਆ ਅਤੇ ਸੜੇ ਹੋਏ ਰੋਗ ਅਤੇ ਭਿਆਨਕ ਚੀਜ਼ਾਂ ਅਤੇ ਬੁਰੀਆਂ ਚੀਜ਼ਾਂ ਸਾਨੂੰ ਅਨੁਸ਼ਾਸਿਤ ਕਰਨ ਲਈ ਦਇਆ ਅਤੇ ਉਦਾਰਤਾ ਵਜੋਂ ਭੇਜੀਆਂ ਜਾਂਦੀਆਂ ਹਨ, ਅਤੇ ਉਹ ਕਹਿੰਦੇ ਹਨ ਕਿ ਈਸ਼ਵਰ ਦੀ ਹਰ ਸੰਭਵ ਤਰੀਕੇ ਨਾਲ ਮੱਦਦ ਕਰਨਾ ਹਰ ਮਾਂ-ਪਿਉ ਦਾ ਫ਼ਰਜ ਹੈ। ਉਹ ਕਹਿੰਦੇ ਹਨ ਸਿਰਫ਼ ਝਿੜਕਾਂ ਮਾਰਨ ਤੇ ਕੋੜੇ ਮਾਰਨ ਨਾਲ਼ ਉਹ ਇਹ ਕੰਮ ਨਹੀਂ ਕਰ ਸਕਦੇ, ਕਿਉਕਿ ਇਸ ਨਾਲ਼ ਗੱਲ ਨਹੀਂ ਬਣੇਗੀ, ਇਹ ਕਮਜ਼ੋਰ ਕਦਮ ਹਨ ਅਤੇ ਕਿਸੇ ਕੰਮ ਦੇ ਨਹੀਂ ਹਨ- ਈਸ਼ਵਰ ਦਾ ਤਰੀਕਾ ਸਭ ਤੋਂ ਚੰਗਾ ਹੈ, – ਹਰ ਕਿਸੇ ਨੂੰ ਅਨੁਸ਼ਾਸਿਤ ਕਰਨਾ, ਉਸਨੂੰ ਅਪਾਹਿਜ ਬਣਾ ਦੇਣਾ ਅਤੇ ਮਾਰ ਦੇਣਾ, ਹਰ ਮਾਂ-ਪਿਉ ਦਾ ਫਰਜ਼ ਸਗੋਂ ਹਰ ਵਿਅਕਤੀ ਦਾ ਫਰਜ਼ ਹੈ, ਉਨ੍ਹਾਂ ਨੂੰ ਹਰ ਕਿਸੇ ਨੂੰ ਭੁੱਖ ਨਾਲ਼ ਤੜਫਾਉਣਾ ਚਾਹੀਦਾ ਹੈ, ਅਤੇ ਉਨ੍ਹਾਂ ਨੂੰ ਜਮਾ ਦੇਣਾ ਚਾਹਿਦਾ ਹੈ, ਰੋਗਾਂ ਨਾਲ਼ ਸੜਾ ਦੇਣਾ ਚਾਹਿਦਾ ਹੈ, ਅਤੇ ਉਨ੍ਹਾਂ ਨੂੰ ਕਤਲ ਅਤੇ ਚੋਰੀ ਕਰਨ ਅਤੇ ਬੇਇੱਜ਼ਤ ਅਤੇ ਬਦਨਾਮ ਹੋਣ ਤੇ ਮਜ਼ਬੂਰ ਕਰ ਦੇਣਾ ਚਾਹਿਦਾ ਹੈ। ਉਹ ਕਹਿੰਦੇ ਹਨ ਕਿ ਸਾਨੂੰ ਅਤੇ ਜਾਨਵਰਾਂ ਨੂੰ ਅਨੁਸ਼ਾਸਿਤ ਕਰਨ ਲਈ ਈਸ਼ਵਰ ਦੁਆਰਾ ਦਿੱਤੀ ਗਈ ਖੋਜ ਹੁਣ ਤੱਕ ਦੀ ਸਭ ਤੋਂ ਸ਼ਾਨਦਾਰ ਤਰਕੀਬ ਹੈ, ਅਤੇ ਕੋਈ ਮੂਰਖ ਵੀ ਇਸ ਤੋਂ ਚੰਗੀ ਤਰਕੀਬ ਨਹੀਂ ਲੱਭ ਸਕਦਾ। ਅੰਮਾ, ਏਡੀ ਵੀਰੇ ਨੂੰ ਇਸੇ ਤਰ੍ਹਾ ਅਨੁਸ਼ਾਸਿਤ ਕੀਤੇ ਜਾਣ ਦੀ ਲੋੜ ਹੈ, ਅਤੇ ਮੈਂ ਜਾਣਦੀ ਹਾਂ ਕਿ ਉਸਦੇ ਲਈ ਚੇਚਕ, ਖੁਜਲੀ, ਡਿਪਥੀਰਿਆ, ਹੱਡੀ-ਕੈਂਸਰ, ਦਿਲ ਦਾ ਰੋਗ ਅਤੇ ਕੈਂਸਰ ਜਿਹੀਆ ਬੀਮਾਰੀਆ ਕਿਥੋਂ ਲਿਆ ਸਕਦੀ ਏਂ, ਅਤੇ ਓ ਪਿਆਰੀ ਅੰਮਾਂ ਤੂੰ ਬੇਹੋਸ਼ ਹੋ ਗਈ! ਮੈਂ ਭੱਜ ਕੇ ਸਹਾਇਤਾ ਲਈ ਜਾਂਦੀ ਹਾਂ। ਹੁਣ ਇਸ ਗਰਮ ਮੌਸਮ ਵਿੱਚ ਸ਼ਹਿਰ ਵਿਚ ਰਹਿਣ ਦਾ ਇਹ ਫ਼ਲ ਮਿਲਿਆ।’’

ਅਧਿਆਏ-2
ਮਨੁੱਖ ਦੀ ਰਚਨਾ

ਅੰਮਾ- ਢੀਠ ਬੱਚੀ, ਕੀ ਤੂੰ ਅਜੇ ਵੀ ਉਸ ਬੁਰੇ ਨੀਚ ਹੋਲਿਸਟਰ ਨੂੰ ਮਿਲਦੀ ਰਹਿੰਦੀ ਏਂ?

ਬੇਸੀ- ਅੰਮਾ, ਉਹ ਬਹੁਤ ਦਿਲਚਸਪ ਹਨ, ਭਾਵੇਂ ਥੋੜੇ ਜਿਹੇ ਬਦਮਾਸ਼ ਹਨ, ਅਤੇ ਮੈਂ ਦਿਲਚਸਪ ਲੋਕਾਂ ਨੂੰ ਪਸੰਦ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੀ। ਸਾਡੇ ਵਿੱਚ ਇਹ ਗੱਲਬਾਤ ਹੋਈ

ਹੋਲਿਸਟਰ- ਬੇਸੀ, ਮਨ ਲੈ ਕਿ ਤੂੰ ਥੋੜਾ ਮਾਸ, ਥੋੜੀ ਹੱਡੀ ਅਤੇ ਰੋਏਂ ਲਏ, ਅਤੇ ਉਸ ਨਾਲ਼ ਇੱਕ ਬਿੱਲੀ ਬਣਾਈ ਅਤੇ ਉਸਨੂੰ ਕਿਹਾ ਕਿ ਹੁਣ ਤੂੰ ਕਿਸੇ ਜੀਵ ਦੇ ਪ੍ਰਤੀ ਬੇਰਹਿਮ ਨਹੀਂ ਰਹੇਂਗੀ, ਨਹੀਂ ਤਾਂ ਤੈਨੂੰ ਸਜ਼ਾ ਅਤੇ ਮੌਤ ਦਿੱਤੀ ਜਾਵੇਗੀ ਅਤੇ ਮੰਨ ਲੈ ਕਿ ਬਿੱਲੀ ਨੇ ਇਸ ਹੁਕਮ ਦੀ ਪਾਲਣਾ ਨਹੀਂ ਕੀਤੀ, ਇੱਕ ਚੂਹੇ ਨੂੰ ਫੜ੍ਹਕੇ ਤੜਫਾਇਆ ਅਤੇ ਉਸਨੂੰ ਮਾਰ ਦਿੱਤਾ। ਤੂੰ ਉਸ ਬਿੱਲੀ ਨਾਲ਼ ਕੀ ਕਰੇਂਗੀ?

ਬੇਸੀ – ਕੁਝ ਨਹੀਂ।
ਹੋਲਿਸਟਰ- ਕਿਉ?

ਬੇਸੀ- ਕਿਉਕਿ ਮੈਂ ਜਾਣਦੀ ਹਾਂ ਕਿ ਬਿੱਲੀ ਕੀ ਕਹੇਗੀ, ਉਹ ਕਹੇਗੀ ਕਿ ਇਹ ਤਾਂ ਉਸਦਾ ਸੁਭਾਅ ਹੈ। ਉਹ ਇਸ ਵਿੱਚ ਕੁਝ ਨਹੀਂ ਕਰ ਸਕਦੀ, ਉਹਨੇ ਆਪਣਾ ਸੁਭਾਅ ਨਹੀਂ ਬਣਾਇਆ ਹੈ, ਮੈਂ ਬਣਾਇਆ ਹੈ। ਇਸ ਲਈ ਉਸਨੇ ਜੋ ਕੀਤਾ ਹੈ ਉਸ ਲਈ ਮੈਂ ਜਿੰਮੇਵਾਰ ਹਾਂ- ਉਹ ਨਹੀਂ। ਮੈਂ ਇਸਦਾ ਜੁਆਬ ਨਹੀਂ ਦੇ ਸਕਦੀ, ਮਿ. ਹੋਲਿਸਟਰ।
ਹੋਲਿਸਟਰ- ਫਰੈਂਕੇਸਟਾਈਨ ਅਤੇ ਉਸਦੇ ਦੈਂਤ ਨਾਲ਼ ਵੀ ਇਹ ਹੀ ਮਾਮਲਾ ਹੈ।
ਬੇਸੀ- ਉਹ ਕੀ ਹੈ?

ਹੋਲਿਸਟਰ-ਫਰੈਂਕੇਸਟਾਈਨ ਨੇ ਥੋੜਾ ਮਾਸ, ਹੱਡੀ ਅਤੇ ਲਹੂ ਲਿਆ ਅਤੇ ਉਸ ਤੋਂ ਇੱਕ ਆਦਮੀ ਬਣਾ ਦਿੱਤਾ, ਉਹ ਆਦਮੀ ਭੱਜ ਗਿਆ ਅਤੇ ਹਰ ਥਾਂ ਬਲਾਤਕਾਰ, ਡਕੈਤੀ ਅਤੇ ਕਤਲ ਕਰਦਾ ਘੁੰਮਣ ਲੱਗਿਆ। ਫਰੈਂਕੇਸਟਾਈਨ ਡਰ ਗਿਆ ਤੇ ਉਸਨੇ ਨਿਰਾਸ਼ਾ ਵਿਚ ਕਿਹਾ, ਮੈਂ ਉਸਨੂੰ ਬਣਾਇਆ, ਬਿਨਾਂ ਉਸਦੀ ਮਰਜੀ ਤੋਂ, ਅਤੇ ਇਸ ਤਰ੍ਹਾਂ ਉਹ ਜੋ ਵੀ ਜੁਰਮ ਕਰਦਾ ਹੈ ਉਸਦਾ ਜਿੰਮੇਵਾਰ ਮੈਂ ਹਾਂ। ਮੁਜਰਮ ਮੈਂ ਹਾਂ, ਉਹ ਬੇਕਸੂਰ ਹੈ।
ਬੇਸੀ- ਨਿਸ਼ਚਿਤ ਰੂਪ ਨਾਲ਼ ਉਹ ਸਹੀ ਸੀ।
ਹੋਲਿਸਟਰ-ਮੇਰਾ ਨਤੀਜਾ ਵੀ ਇਹ ਹੀ ਹੈ। ਇਹੀ ਗੱਲ ਈਸ਼ਵਰ ਅਤੇ ਮਨੁੱਖ ਲਈ ਅਤੇ ਤੇਰੇ ਤੇ ਬਿੱਲੀ ਲਈ ਵੀ ਸਹੀ ਹੈ।
ਬੇਸੀ- ਅਜਿਹਾ ਕਿਵੇਂ?

ਹੋਲਿਸਟਰ-ਈਸ਼ਵਰ ਨੇ ਮਨੁੱਖ ਨੂੰ ਬਿਨਾਂ ਉਸਦੀ ਸਹਿਮਤੀ ਦੇ ਬਣਾਇਆ ਅਤੇ ਉਸਦਾ ਸਭਾਅ ਵੀ ਬਣਾਇਆ, ਉਸਨੂੰ ਫ਼ਰਿਸ਼ਤਿਆਂ ਵਰਗਾ ਬਣਾਉਣ ਦੀ ਬਜਾਏ ਦੁਸ਼ਟ ਬਣਾਇਆ ਅਤੇ ਫਿਰ ਕਿਹਾ,‘‘ਫ਼ਰਿਸ਼ਤਿਆਂ ਵਰਗਾ ਬਣ ਨਹੀਂ ਤਾਂ ਮੈਂ ਤੈਨੂੰ ਸਜ਼ਾ ਦੇਵਾਂਗਾ ਅਤੇ ਤਬਾਹ ਕਰ ਦੇਵਾਂਗਾ।’’ ਪਰ ਇਸ ਨਾਲ਼ ਕੋਈ ਫ਼ਰਕ ਨਹੀਂ ਪੈਂਦਾ, ਭਾਵੇਂ ਜੋ ਹੋਵੇ, ਆਦਮੀ ਜੋ ਵੀ ਕਰਦਾ ਹੈ, ਉਸਦਾ ਜਿੰਮੇਵਾਰ ਈਸ਼ਵਰ ਹੁੰਦਾ ਹੈ। ਸਿਰਫ਼ ਇੱਕ ਹੀ ਦੋਸ਼ੀ ਹੈ ਅਤੇ ਉਹ ਮਨੁੱਖ ਨਹੀਂ ਹੈ।

ਅੰਮਾ- ਇਹ ਭਿਆਨਕ ਹੈ! ਇਹ ਦੁਸ਼ਟਤਾਪੂਰਨ, ਈਸ਼ਵਰ ਦੀ ਅਲੋਚਨਾ, ਅਧਾਰਮਿਕ ਅਤੇ ਭਿਆਨਕ ਹੈ।
ਬੇਸੀ- ਹਾਂ ਅੰਮਾ, ਪਰ ਇਹ ਸੱਚ ਹੈ। ਮੈਂ ਤਾਂ ਬਿੱਲੀ ਬਣਾਉਣ ਨਹੀਂ ਜਾ ਰਹੀ। ਜੇ ਮੈਂ ਇੱਕ ਚੰਗੀ ਬਿੱਲੀ ਨਹੀਂ ਬਣਾ ਸਕਦੀ ਤਾਂ ਨਹੀਂ ਬਣਾਵਾਂਗੀ।

ਅਧਿਆਏ-3

ਅੰਮਾ, ਜੇਕਰ ਜੋਂਸ ਨਾਮ ਦਾ ਕੋਈ ਆਦਮੀ ਸਮਿਥ ਨਾਮ ਦੇ ਕਿਸੇ ਆਦਮੀ ਨੂੰ ਸਿਰਫ਼ ਮਨੋਰੰਜਨ ਲਈ ਮਾਰ ਦਿੰਦਾ ਹੈ, ਤਾਂ ਉਹ ਹੱਤਿਆ ਹੋਵੇਗੀ, ਹੈ ਨਾ, ਅਤੇ ਜੋਂਸ ਹੱਤਿਆਰਾ ਹੋਵੇਗਾ? ਹਾਂ, ਮੇਰੀ ਬੱਚੀ।
ਅਤੇ ਇਸ ਲਈ ਜੋਂਸ ਸਜ਼ਾ ਦੇ ਕਾਬਿਲ ਹੈ?
ਹਾਂ, ਮੇਰੀ ਬੱਚੀ।
ਕਿਉਂ, ਅੰਮਾ?

ਕਿਉ? ਕਿਉਕਿ ਦੱਸ ਹੁਕਮਾਂ ਵਿਚ ਈਸ਼ਵਰ ਨੇ ਮਨੁੱਖ ਦੀ ਹੱਤਿਆ ਦੀ ਮਨਾਹੀ ਕੀਤੀ ਹੈ, ਅਤੇ ਇਸ ਲਈ ਜੋ ਕੋਈ ਵੀ ਕਿਸੇ ਵਿਅਕਤੀ ਨੂੰ ਮਾਰਦਾ ਹੈ, ਉਹ ਜੁਰਮ ਕਰਦਾ ਹੈ ਅਤੇ ਉਸਨੂੰ ਇਸਦਾ ਫ਼ਲ ਭੁਗਤਣਾ ਹੋਵੇਗਾ।
ਪਰ ਅੰਮਾ, ਮੰਨ ਲਓ ਕਿ ਜਨਮ ਤੋਂ ਹੀ ਜੋਂਸ ਦਾ ਅਜਿਹਾ ਹਿੰਸਕ ਸੁਭਾਅ ਹੈ ਅਤੇ ਉਹ ਉਸਨੂੰ ਕਾਬੂ ਨਹੀਂ ਕਰ ਸਕਦਾ, ਤਾਂ?
ਉਸਨੂੰ ਆਪਣੇ ਆਪ ਨੂੰ ਕਾਬੂ ਕਰਨਾ ਹੋਵੇਗਾ? ਈਸ਼ਵਰ ਨੂੰ ਇਸਦੀ ਲੋੜ ਹੈ।
ਪਰ ਉਸਨੇ ਆਪਣਾ ਸੁਭਾਅ ਨਹੀਂ ਬਣਾਇਆ, ਅੰਮਾ, ਉਹ ਉਸ ਤਰ੍ਹਾਂ ਦੇ ਸੁਭਾਅ ਨਾਲ਼ ਹੀ ਜੰਮਿਆ ਹੈ, ਜਿਵੇਂ ਖਰਗੋਸ਼ ਅਤੇ ਸ਼ੇਰ, ਅਤੇ ਇਸੇ ਲਈ, ਉਹ ਕਿਵੇਂ ਜਿੰਮੇਵਾਰ ਹੋਇਆ?
ਕਿਉਂਕਿ ਈਸ਼ਵਰ ਕਹਿੰਦਾ ਹੈ ਕਿ ਉਹ ਜਿੰਮੇਵਾਰ ਹੈ, ਅਤੇ ਉਸਨੂੰ ਆਪਣੇ ਸੁਭਾਅ ’ਤੇ ਕਾਬੂ ਕਰਨਾ ਪਵੇਗਾ।

ਪਰ ਉਹ ਨਹੀਂ ਕਰ ਸਕਦਾ, ਅੰਮਾ, ਅਤੇ ਇਸ ਲਈ ਤੁਹਾਨੂੰ ਨਹੀਂ ਲੱਗਦਾ ਕਿ ਹੱਤਿਆ ਈਸ਼ਵਰ ਕਰ ਰਿਹਾ ਹੈ ਅਤੇ ਜਿੰਮੇਵਾਰ ਵੀ ਉਹ ਹੈ, ਕਿਉਂਕਿ ਉਸੇ ਨੇ ਤਾਂ ਜੋਂਸ ਨੂੰ ਉਹ ਸੁਭਾਅ ਦਿੱਤਾ ਜਿਸ ’ਤੇ ਉਹ ਕਾਬੂ ਨਹੀਂ ਕਰ ਸਕਦਾ?

ਸ਼ਾਂਤੀ, ਮੇਰੀ ਬੱਚੀ! ਉਸਨੂੰ ਕਾਬੂ ਕਰਨਾ ਹੀ ਪਵੇਗਾ, ਕਿਉਂਕਿ ਈਸ਼ਵਰ ਨੂੰ ਇਸਦੀ ਜਰੂਰਤ ਹੈ ਅਤੇ ਇੱਥੇ ਹੀ ਗੱਲ ਖ਼ਤਮ ਹੋ ਜਾਂਦੀ ਹੈ। ਇਹ ਗੱਲ ਨੂੰ ਖ਼ਤਮ ਕਰ ਦਿੰਦਾ ਹੈ, ਅਤੇ ਇਸਦੇ ਅੱਗੇ ਬਹਿਸ ਦੀ ਕੋਈ ਗੁੰਜਾਇਸ ਨਹੀਂ ਹੈ।

(ਚਿੰਤਨਸ਼ੀਲ ਵਿਰਾਮ ਤੋਂ ਬਾਅਦ) ਮੈਨੂੰ ਨਹੀਂ ਲੱਗਦਾ ਕਿ ਇਸ ਨਾਲ਼ ਗੱਲ ਖ਼ਤਮ ਹੋ ਜਾਂਦੀ ਹੈ। ਅੰਮਾ, ਹੱਤਿਆ ਹੱਤਿਆ ਹੈ, ਹੈ ਨਾ? ਅਤੇ ਜੋ ਵੀ ਇਸਨੂੰ ਕਰਦਾ ਹੈ, ਉਹ ਹੱਤਿਆਰਾ ਹੈ। ਇਹ ਇੱਕ ਸਿੱਧੀ, ਸਰਲ ਸੱਚਾਈ ਹੈ, ਹੈ ਨਾ?

(ਸ਼ੱਕ ਨਾਲ) ਹੁਣ ਤੂੰ ਕੀ ਨਤੀਜਾ ਕੱਢ ਰਹੀ ਏਂ, ਮੇਰੀ ਬੱਚੀ?
ਅੰਮਾ, ਜਦ ਈਸ਼ਵਰ ਨੇ ਜੋਂਸ ਨੂੰ ਤਿਆਰ ਕੀਤਾ ਤਾਂ ਉਹ ਉਸਨੂੰ ਇਕ ਖਰਗੋਸ਼ ਦਾ ਸੁਭਾਅ ਵੀ ਦੇ ਸਕਦਾ ਸੀ, ਜੇ ਉਹ ਚਾਹੁੰਦਾ, ਨਹੀਂ?
ਹਾਂ।
ਫਿਰ ਜੋਂਸ ਕਿਸੇ ਨੂੰ ਨਾ ਮਾਰਦਾ ਅਤੇ ਉਸਨੂੰ ਫ਼ਾਸੀ ਨਾ ਚੜ੍ਹਨਾ ਪੈਂਦਾ?
ਸੱਚ ਹੈ।
ਪਰ ਉਸਨੇ ਜੋਂਸ ਨੂੰ ਅਜਿਹਾ ਸੁਭਾਅ ਦੇਣਾ ਚੁਣਿਆ ਜੋ ਉਸਨੂੰ ਸਮਿੱਥ ਨੂੰ ਮਾਰਨ ਤੇ ਮਜ਼ਬੂਰ ਕਰ ਦੇਵੇਗਾ। ਕਿਉਂ, ਫਿਰ, ਉਹ ਜਿੰਮੇਵਾਰ ਨਹੀਂ ਹੈ?

ਕਿਉਂਕਿ ਉਸਨੇ ਜੋਂਸ ਨੂੰ ਇੱਕ ਬਾਈਬਲ ਵੀ ਦਿੱਤੀ। ਬਾਈਬਲ ਜੋਂਸ ਨੂੰ ਹੱਤਿਆ ਨਾ ਕਰਨ ਦੀ ਲੋੜੀਂਦੀ ਚੇਤਾਵਨੀ ਦਿੰਦੀ ਹੈ। ਇਸ ਲਈ ਜੋਂਸ ਜੇਕਰ ਅਜਿਹਾ ਕਰਦਾ ਹੈ ਤਾਂ ਇਸਦੇ ਲਈ ਸਿਰਫ਼ ਉਹੀ ਜਿੰਮੇਵਾਰ ਹੈ।

(ਇੱਕ ਹੋਰ ਵਿਰਾਮ) ਅੰਮਾ, ਕੀ ਈਸ਼ਵਰ ਨੇ ਮੱਖੀ ਨੂੰ ਬਣਾਇਆ?
ਨਿਸ਼ਚਿਤ ਰੂਪ ਨਾਲ਼, ਮੇਰੀ ਪਿਆਰੀ।
ਕਿਸ ਲਈ? ਕਿਸੇ ਮਹਾਨ ਅਤੇ ਚੰਗੇ ਉਦੇਸ਼ ਲਈ, ਅੰਮਾ?

ਅਸੀਂ ਨਹੀਂ ਜਾਣਦੇ ਮੇਰੀ ਬੱਚੀ। ਅਸੀਂ ਬੱਸ ਏਨਾ ਜਾਣਦੇ ਹਾਂ ਕਿ ਉਹ ਹਰ ਚੀਜ਼ ਕਿਸੇ ਮਹਾਨ ਅਤੇ ਚੰਗੇ ਉਦੇਸ਼ ਲਈ ਬਣਾਉਦਾ ਹੈ। ਪਰ ਇਹ ਤਿੰਨ ਸਾਲ ਤੋਂ ਥੋੜੀ ਜਿਹੀ ਵੱਡੀ, ਪਿਆਰੀ ਨੰਨ੍ਹੀ ਬੇਸੀ ਲਈ ਬਹੁਤ ਹੀ ਵੱਡਾ ਵਿਸ਼ਾ ਹੈ।

ਸ਼ਾਇਦ ਅੰਮਾ, ਪਰ ਇਸ ਵਿਚ ਮੈਨੂੰ ਬੜੀ ਦਿਲਚਸਪੀ ਹੈ। ਮੈਂ ਸਭ ਤੋਂ ਨਵੀਂ ਵਾਲ਼ੀ ਵਿਗਿਆਨ ਦੀ ਕਿਤਾਬ ਵਿੱਚ ਮੱਖੀਆਂ ਬਾਰੇ ਪੜ੍ਹ ਰਹੀ ਸੀ। ਉਸਨੂੰ ‘‘ਧਰਤੀ ਤੇ ਰਹਿਣ ਵਾਲ਼ੇ ਜੀਵਾਂ ਵਿੱਚ ਸਭ ਤੋਂ ਖ਼ਤਰਨਾਕ ਅਤੇ ਹੱਤਿਆਰਾ ਜੀਵ ਦੱਸਿਆ ਗਿਆ ਹੈ ਜੋ ਹਰ ਸਾਲ ਇਸਤਰੀਆਂ, ਪੁਰਸ਼ਾਂ ਅਤੇ ਬੱਚਿਆਂ ਵਿੱਚ ਜਾਨਲੇਵਾ ਰੋਗ ਫੈਲਾ ਕੇ ਹਜ਼ਾਰਾਂ ਦੀ ਸੰਖਿਆ ਵਿੱਚ ਉਨ੍ਹਾਂ ਦੀ ਜਾਨ ਲੈਂਦੀ ਹੈ।’’ ਜ਼ਰਾ ਸੋਚੋ ਅੰਮਾ, ਸਾਰਿਆਂ ਜੀਵਾਂ ਵਿਚੋਂ ਸਭ ਤੋਂ ਜ਼ਿਆਦਾ ਖਤਰਨਾਕ! ਹਰ ਤਰ੍ਹਾਂ ਨਾਲ਼ ਉਹ ਈਸ਼ਵਰ ਦੁਆਰਾ ਬਣਾਏ ਗਏ ਜੀਵਾਂ ਵਿਚੋਂ ਸਭ ਤੋ ਵੱਡਾ ਹੱਤਿਆਰਾ ਹੈ। ਇਸ ਕਿਤਾਬ ਵਿੱਚ ਵੇਖੋ ਕੀ ਲਿਖਿਆ ਹੈ

ਮੱਖੀ ਕਿਸੇ ਵੀ ਤਰ੍ਹਾਂ ਦੀ ਗੰਦਗੀ ਦੀ ਬਦਬੂ ਪ੍ਰਤੀ ਅਤਿਸੰਵੇਦਸ਼ੀਲ ਹੁੰਦੀ ਹੈ। ਜਦ ਵੀ ਅਜਿਹੀ ਕੋਈ ਗੰਦਗੀ ਸੌ ਗਜ਼ ਦੇ ਦਾਇਰੇ ਵਿੱਚ ਹੁੰਦੀ ਹੈ ਤਾਂ ਉਹ ਜਾਂਦੀ ਹੈ ਅਤੇ ਆਪਣਾ ਮੂੰਹ ਅਤੇ ਆਪਣੇ ਛੇ ਪੈਰਾਂ ਦੇ ਚਿਪਚਿਪੇ ਵਾਲਾਂ ਨੂੰ ਉਸ ਵਿੱਚ ਲਪੇਟ ਲੈਂਦੀ ਹੈ। ਇੱਕ ਜਾਂ ਦੋ ਸੈਕਿੰਡ ਹੀ ਰੋਗ ਦੇ ਇਨ੍ਹਾਂ ਕੀਟਾਣੂਆਂ ਨੂੰ ਹਜ਼ਾਰਾਂ ਦੀ ਸੰਖਿਆ ਵਿੱਚ ਇਕੱਠਾ ਕਰਨ ਲਈ ਕਾਫ਼ੀ ਹੁੰਦੇ ਹਨ, ਅਤੇ ਫਿਰ ਮੱਖੀ ਸਭ ਤੋਂ ਨੇੜਲੀ ਰਸੋਈ ਜਾਂ ਭੋਜਨ ਦੇ ਕਮਰੇ ਵਿੱਚ ਜਾਂਦੀ ਹੈ। ਉੱਥੇ ਮੱਖੀ ਮੀਟ, ਮੱਖਣ, ਬਰੈਡ, ਕੇਕ ਅਤੇ ਜੋ ਵੀ ਉਸਨੂੰ ਮਿਲਦਾ ਹੈ ਉਸਤੇ ਰੀਂਘਦੀ ਹੈ ਅਤੇ ਦੁੱਧ ਦੇ ਮਟਕੇ ਵਿੱਚ ਵੀ ਵੜ ਜਾਂਦੀ ਹੈ, ਅਤੇ ਆਪਣੇ ਹਰ ਕਦਮ ਤੇ ਰੋਗਾਣੂਆਂ ਨੂੰ ਛੱਡਦੀ ਜਾਂਦੀ ਹੈ। ਮੱਖੀ ਜਿੰਨੀ ਭੈੜੀ ਹੈ ਓਨੀ ਹੀ ਖਤਰਨਾਕ ਵੀ।

ਇਹ ਭਿਆਨਕ ਹੈ, ਅੰਮਾ! ਇਕ ਮੱਖੀ ਜੂਨ ਅਤੇ ਜੁਲਾਈ ਦੇ 60 ਦਿਨਾਂ ਵਿਚ 52 ਅਰਬ ਬੱਚੇ ਪੈਦਾ ਕਰਦੀ ਹੈ, ਅਤੇ ਉਹ ਬੀਮਾਰਾਂ ’ਤੇ ਰੀਂਘਦੀਆ ਹਨ ਅਤੇ ਮਵਾਦ, ਬਲਗਮ ਅਤੇ ਫੋੜਿਆਂ ਤੋਂ ਨਿਕਲਣ ਵਾਲੀ ਗੰਦਗੀ ਵਿਚ ਖੇਡਦੀਆਂ ਹਨ ਅਤੇ ਹਰ ਤਰ੍ਹਾਂ ਦੇ ਰੋਗਾਣੂਆਂ ਨਾਲ਼ ਆਪਣੇ ਆਪ ਨੂੰ ਲਪੇਟ ਲੈਂਦੀਆਂ ਹਨ ; ਫਿਰ ਉਹ ਹਰ ਕਿਸੇ ਦੇ ਖਾਣੇ ਦੀ ਟੇਬਲ ’ਤੇ ਜਾਂਦੀਆਂ ਹਨ ਅਤੇ ਇਨ੍ਹਾਂ ਰੋਗਾਣੂਆਂ ਨੂੰ ਮੱਖਣ ਅਤੇ ਦੂਜੀਆਂ ਖਾਣ ਵਾਲੀਆਂ ਚੀਜ਼ਾਂ ਤੇ ਝਾੜ ਦਿੰਦੀਆਂ ਹਨ ; ਅਤੇ ਇਸ ਘਿਣੌਣੀ ਪ੍ਰਕਿਕਿਆ ਰਾਹੀਂ ਕਈ ਤਕਲੀਫ਼ ਦੇਣ ਵਾਲੀਆਂ ਬੀਮਾਰੀਆਂ ਹੁੰਦੀਆਂ ਹਨ ਅਤੇ ਮੌਤ ਵੀ ਹੋ ਜਾਂਦੀ ਹੈ। ਅੰਮਾ ਸਿਰਫ਼ ਨਿਯੂਯਾਰਕ ਸ਼ਹਿਰ ਵਿੱਚ ਉਹ ਹਰ ਸਾਲ ਸੱਤ ਹਜ਼ਾਰ ਲੋਕਾਂ ਦੀ ਜਾਨ ਲੈਂਦੀਆਂ ਹਨ – ਉਹ ਲੋਕ ਜਿਨ੍ਹਾਂ ਨਾਲ਼, ਉਨ੍ਹਾਂ ਦਾ ਕੋਈ ਝਗੜਾ ਨਹੀਂ ਹੈ। ਬਿਨਾਂ ਕਾਰਨ ਦੇ ਜਾਨ ਲੈਣਾ ਹੱਤਿਆ ਹੈ- ਕੋਈ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ। ਅੰਮਾ?
ਹਾਂ?
ਕੀ ਮੱਖੀਆਂ ਕੋਲ਼ ਬਾਈਬਲ ਹੈ?
ਜ਼ਾਹਿਰ ਤੌਰ ਤੇ ਨਹੀਂ ਹੈ।

ਤੁਸੀਂ ਕਿਹਾ ਸੀ ਕਿ ਇਹ ਬਾਈਬਲ ਹੈ ਜੋ ਆਦਮੀ ਨੂੰ ਜਿੰਮੇਵਾਰ ਬਣਾਉਂਦੀ ਹੈ। ਜੇਕਰ ਈਸ਼ਵਰ ਨੇ ਮੱਖੀ ਨੂੰ ਉਸ ਸੁਭਾਅ ’ਤੇ ਕਾਬੂ ਕਰਨ ਲਈ ਬਾਈਬਲ ਨਹੀਂ ਦਿੱਤੀ, ਜੋ ਸੁਭਾਅ ਆਪ ਉਸਨੇ ਬਣਾਇਆ ਹੈ, ਤਾਂ ਈਸ਼ਵਰ ਹੀ ਜਿੰਮੇਵਾਰ ਹੋਇਆ। ਉਸੇ ਨੇ ਮੱਖੀ ਨੂੰ ਇਹ ਹੱਤਿਆਰਾ ਸੁਭਾਅ ਦਿੱਤਾ ਅਤੇ ਫਿਰ ਉਸਨੂੰ ਬਾਈਬਲ ਜਾਂ ਕਿਸੇ ਹੋਰ ਰੁਕਾਵਟ ਨਾਲ਼ ਰੋਕੇ ਬਿਨਾਂ ਥੋਕ ਵਿੱਚ ਹੱਤਿਆਵਾਂ ਕਰਨ ਲਈ ਭੇਜ ਦਿੱਤਾ। ਇਸ ਤਰ੍ਹਾਂ ਈਸ਼ਵਰ ਆਪ ਜਿੰਮੇਵਾਰ ਹੈ । ਈਸ਼ਵਰ ਇੱਕ ਹੱਤਿਆਰਾ ਹੈ। ਮਿ. ਹੋਲਿਸਟਰ ਅਜਿਹਾ ਕਹਿੰਦੇ ਹਨ। ਮਿ. ਹੋਲਿਸਟਰ ਕਹਿੰਦੇ ਹਨ ਕਿ ਈਸ਼ਵਰ ਮਨੁੱਖ ਲਈ ਇੱਕ ਅਤੇ ਆਪਣੇ ਲਈ ਦੂਜਾ ਨੈਤਿਕ ਨਿਯਮ ਨਹੀਂ ਬਣਾ ਸਕਦਾ। ਉਹ ਕਹਿੰਦੇ ਹਨ ਕਿ ਇਹ ਹਾਸੋਹੀਣਾ ਹੋਵੇਗਾ।

ਚੁੱਪ ਹੋ ਜਾਓ! ਕਾਸ਼ ਉਹ ਨਰਕ ਵਿੱਚ ਹੁੰਦਾ: ਉਹ ਇੱਕ ਬੁੁਰਾ, ਅਤਾਰਕਿਕ, ਬੇਤੁਕਾ ਖੋਤਾ ਹੈ, ਅਤੇ ਮੈਂ ਵਾਰ ਵਾਰ ਤੈਨੂੰ ਦੱਸ ਚੁੱਕੀ ਹਾਂ ਉਸਦੀ ਜ਼ਹਰੀਲੀ ਸੰਗਤ ਤੋਂ ਦੂਰ ਰਿਹਾ ਕਰੋ।

ਅਧਿਆਏ-4

‘‘ਅੰਮਾ, ਕੁਆਰੀ ਕੀ ਹੁੰਦੀ ਹੈ?’’
‘‘ਇੱਕ ਅਣਵਿਆਹੀ। ’’
‘‘ਅਣਵਿਆਹੀ ਕੀ ਹੁੰਦੀ ਹੈ?’’
‘‘ਕੋਈ ਲੜਕੀ ਜਾਂ ਔਰਤ ਜਿਸਦਾ ਵਿਆਹ ਨਾ ਹੋਇਆ ਹੋਵੇ।’’
‘‘ਜੋਨਾਸ ਚਾਚਾ ਕਹਿੰਦੇ ਹਨ ਕਿ ਕਦੀ-ਕਦੀ ਕੋਈ ਕੁਆਰੀ ਜਿਸਦਾ ਬੱਚਾ ਹੋਵੇ…….’’
‘‘ਬਕਵਾਸ! ਕਿਸੇ ਕੁਆਰੀ ਨੂੰ ਬੱਚਾ ਨਹੀਂ ਹੋ ਸਕਦਾ।’’
‘‘ਕਿਉ ਨਹੀਂ ਹੋ ਸਕਦਾ, ਅੰਮਾ?’’
‘‘ਕੁਝ ਕਾਰਨ ਹਨ ਜਿਨ੍ਹਾਂ ਕਰਕੇ ਅਜਿਹਾ ਨਹੀਂ ਹੋ ਸਕਦਾ।’’
‘‘ਕਿਹੜੇ ਕਾਰਨ ਅੰਮਾ?’’
‘‘ਸ਼ਰੀਰਕ। ਬੱਚਾ ਪੈਦਾ ਕਰਨ ਤੋਂ ਪਹਿਲਾਂ ਉਸਨੂੰ ਆਪਣਾ ਕੁਆਰਾਪਨ ਭੰਗ ਕਰਨਾ ਹੋਵੇਗਾ।’’
‘‘ਕੀ ਮਤਲਬ, ਅੰਮਾ?’’

‘‘ਚਲੋ, ਵੇਖਦੇ ਹਾਂ। ਇਹ ਕੁਝ ਅਜਿਹਾ ਹੈ: ਕੋਈ ਯਹੂਦੀ ਈਸਾਈ ਬਨਣ ਤੋਂ ਬਾਅਦ ਯਹੂਦੀ ਨਹੀਂ ਰਹਿ ਸਕਦਾ ; ਉਹ ਇਕੱਠੇ ਹੀ ਈਸਾਈ ਅਤੇ ਯਹੂਦੀ ਦੋਨੋਂ ਨਹੀਂ ਹੋ ਸਕਦਾ। ਬਸ ਉਵੇਂ ਹੀ, ਕੋਈ ਔਰਤ ਇਕੱਠੇ ਮਾਂ ਅਤੇ ਕੁਆਰੀ ਦੋਵੇਂ ਨਹੀਂ ਹੋ ਸਕਦੀ।’’

‘‘ਕਿਉ ਅੰਮਾ, ਸੈਲੀ ਬੁਰਕਸ ਦਾ ਇੱਕ ਬੱਚਾ ਹੈ; ਅਤੇ ਉਹ ਕੁਆਰੀ ਹੈ।’’
‘‘ਵਾਕਈ? ਕੌਣ ਕਹਿੰਦਾ ਹੈ?’’
‘‘ਉਹ ਆਪ ਅਜਿਹਾ ਕਹਿੰਦੀ ਹੈ।’’
‘‘ਓਹ। ਬੇਸ਼ੱਕ! ਕੀ ਕੋਈ ਹੋਰ ਗਵਾਹ ਹੈ?’’

‘‘ਹਾਂ-ਇੱਕ ਸੁਪਨਾ ਆਇਆ ਸੀ। ਉਹ ਕਹਿੰਦੀ ਹੈ ਕਿ ਗਵਰਨਰ ਦਾ ਨਿੱਜੀ ਸਕੱਤਰ ਸੁਪਨੇ ਵਿਚ ਆਇਆ ਅਤੇ ਉਸਨੇ ਉਸਨੂੰ ਦੱਸਿਆ ਕਿ ਉਸਨੂੰ ਬੱਚਾ ਹੋਣ ਜਾ ਰਿਹਾ ਹੈ ; ਅਤੇ ਬਿਲਕੁਲ ਅਜਿਹਾ ਹੀ ਹੋਇਆ।’’

‘‘ਕੋਈ ਤਾਜ਼ੁਬ ਨਹੀਂ! ਕੀ ਉਸ ਸਕੱਤਰ ਨੇ ਇਹ ਵੀ ਕਿਹਾ ਕਿ ਜੁਰਮ ਵਿੱਚ ਬਰਾਬਰ ਦਾ ਜਿੰਮੇਵਾਰ ਗਵਰਨਰ ਸੀ?’’

ਅਧਿਆਏ-5

ਬੇਸੀ-ਅੰਮਾ, ਤੂੰ ਮੈਨੂੰ ਦੱਸਿਆ ਸੀ ਨਾ ਕਿ ਕੋਈ ਸਾਬਕਾ-ਗਵਰਨਰ, ਜਿਵੇਂ ਕਿ ਮਿ. ਬਰਲਪ, ਉਹ ਹੁੰਦਾ ਹੈ ਜੋ ਗਵਰਨਰ ਰਿਹਾ ਹੋਵੇਂ : ਪਰ ਹੁਣ ਗਵਰਨਰ ਨਾ ਹੋਵੇ?
ਅੰਮਾ- ਹਾਂ, ਪਿਆਰੀ।
ਬੇਸੀ- ਅਤੇ ਮਿ. ਵਿਲੀਅਮਜ਼ ਕਹਿੰਦੇ ਹਨ ਕਿ ‘‘ਸਾਬਕਾ’’ ਦਾ ਮਤਲਬ ਹਮੇਸ਼ਾ ‘ਰਿਹਾ ਹੈ’ ਹੁੰਦਾ ਹੈ, ਹੈ ਨਾ?
ਅੰਮਾ- ਹਾਂ, ਬੱਚੀ। ਇਹ ਇੱਕ ਘਟੀਆ ਤਰੀਕਾ ਹੈ ; ਪਰ ਇਸ ਨਾਲ਼ ਮਤਲਬ ਨਿਕਲ ਜਾਂਦਾ ਹੈ।
ਬੇਸੀ(ਉਤਾਵਲੀ ਹੋ ਕੇ)-ਇਸਦਾ ਮਤਲਬ, ਅਖ਼ੀਰ ਮਿ. ਹੋਲਿਸਟਰ ਸਹੀ ਸਨ। ਉਹ ਕਹਿੰਦੇ ਹਨ ਕਿ ਕੁਆਰੀ ਮੈਰੀ ਹੁਣ ਕੁਆਰੀ ਨਹੀਂ ਹੈ। ਉਹ ਕਦੇ ਸੀ। ਉਹ ਕਹਿੰਦੇ ਹਨ-

ਅੰਮਾ- ਇਹ ਝੂਠ ਹੈ! ਉਹ, ਉਹ ਨਾਸਤਕ ਪਾਪੀ ਇੱਕ ਮਸੂਮ ਬੱਚੀ ਦੀਆਂ ਪਵਿੱਤਰ ਆਸਥਾਵਾਂ ਨੂੰ ਆਪਣੇ ਮੂਰਖਤਾਪੂਰਨ ਝੂਠਾਂ ਨਾਲ ਨਸ਼ਟ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਜੇਕਰ ਮੇਰਾ ਵੱਸ ਚਲਦਾ, ਤਾਂ ਮੈਂ
ਬੇਸੀ ਪਰ ਅੰਮਾ,ਇਮਾਨਦਾਰੀ ਤੇ ਸੱਚਾਈ ਨਾਲ਼ ਦੱਸੋ- ਕੀ ਉਹ ਹੁਣ ਵੀ ਕੁਆਰੀ ਹੈ- ਇਕ ਅਸਲੀ ਕੁਆਰੀ, ਕਿਉ?
ਅੰਮਾ- ਬਿਲਕੁਲ, ਉਹ ਹੈ : ਅਤੇ ਉਹ ਕੁਆਰੀ ਤੋਂ ਇਲਾਵਾ ਹੋਰ ਕੁਝ ਨਹੀਂ ਰਹੀ ਹੈ- ਉਹ, ਉਹ ਸਲਾਹੁਣਯੋਗ, ਸ਼ੁੱਧ, ਬੇਦਾਗ਼ ਅਤੇ ਸਾਫ਼ !

ਬੇਸੀ- ਅੰਮਾ, ਮਿ. ਹੋਲਿਸਟਰ ਕਿਉ ਕਹਿੰਦੇ ਹਨ ਕਿ ਉਹ ਨਹੀਂ ਹੋ ਸਕਦੀ। ਇਹੀ ਤਾਂ ਉਹ ਕਹਿੰਦੇ ਹਨ। ਉਹ ਕਹਿੰਦੇ ਹਨ ਕਿ ਉਹ ਬੱਚਾ ਪੈਦਾ ਹੋਣ ਤੋਂ ਬਾਅਦ ਉਸਦੇ ਪੰਜ ਬੱਚੇ ਹੋਏ ਜੋ ਗੈਰ ਹਾਜ਼ਰ ਤਰੀਕੇ ਨਾਲ਼ ਪੈਦਾ ਹੋਇਆ ਸੀ ਜਿਸਨੇ ਕੁਝ ਨਹੀਂ ਤੋੜਿਆ ਅਤੇ ਮਿ. ਹੋਲਿਸਟਰ ਸੋਚਦੇ ਹਨ ਕਿ ਸਾਲਾਂ-ਸਾਲ ਦੌਰਾਨ ਇੰਨੇ ਬੱਚੇ ਪੈਦਾ ਕਰਨ ਨਾਲ਼ ਕਿਸੇ ਵੀ ਕੁਆਰੀ ਦਾ ਕੁਆਰਾਪਨ ਇੰਨਾ ਢਿੱਲਾ ਹੋ ਜਾਵੇਗਾ ਕਿ ਵਾਲ ਸਟਰੀਟ ਵੀ ਇਸ ਸਟਾਕ ਨੂੰ ਬੇਹੱਦ ਕਮਜ਼ੋਰ ਮੰਨੇਗਾ ਅਤੇ ਤੁਸੀਂ ਉਸਨੂੰ ਕਿਸੇ ਵੀ ਡਿਸਕਾਉਟ ਤੇ ਉੱਥੇ ਨਹੀਂ ਰੱਖ ਸਕੋਗੇ ; ਕਿਉਕਿ ਬੋਰਡ ਕਹੇਗਾ ਕਿ ਇਹ ਤਾਂ ਵਾਈਲਡਕੈਟ ਹੈ, ਅਤੇ ਉਸਨੂੰ ਸੂਚੀਬੱਧ ਨਹੀਂ ਕਰੇਗਾ। ਉਹ ਅਜਿਹਾ ਕਹਿੰਦੇ ਹਨ। ਅਤੇ ਇਸ ਤੋਂ ਇਲਾਵਾ-
ਅੰਮਾ- ਫੌਰਨ ਨਰਸਰੀ ਜਾਓ! ਜਾਓ!

ਅਧਿਆਏ-6

‘‘ਅੰਮਾ, ਕੀ ਈਸਾ ਈਸ਼ਵਰ ਹੈ?’’
‘‘ਹਾਂ ਮੇਰੀ ਬੱਚੀ।’’
‘‘ਅੰਮਾ, ਉਹ ਇਕੱਠੇ ਹੀ ਖੁਦ ਅਤੇ ਕੋਈ ਹੋਰ ਕਿਵੇਂ ਹੋ ਸਕਦੇ ਹਨ?’’
‘‘ਮੇਰੀ ਪਿਆਰੀ, ਅਜਿਹਾ ਨਹੀਂ ਹੈ। ਉਹ ਸਿਆਮੀ ਜੌੜੇ ਬੱਚੇ ਵਾਂਗ ਹਨਦੋ ਵਿਅਕਤੀ, ਇੱਕ ਦੂਜੇ ਤੋਂ ਬਾਅਦ ਪੈਦਾ ਹੋਏ ; ਪਰ ਪਦਵੀ ਵਿੱਚ ਬਰਾਬਰ, ਤਾਕਤ ਵਿੱਚ ਬਰਾਬਰ।’’

‘‘ਹੁਣ ਮੇਰੀ ਸਮਝ ਵਿੱਚ ਆਇਆ, ਅੰਮਾ ਅਤੇ ਇਹ ਇਕਦਮ ਅਸਾਨ ਹੈ। ਇੱਕ ਜੁੜਵਾ ਬੱਚੇ ਨੇ ਆਪਣੀ ਮਾਂ ਨਾਲ਼ ਸੰਭੋਗ ਕੀਤਾ ਅਤੇ ਆਪਣੇ ਆਪ ਨੂੰ ਅਤੇ ਆਪਣੇ ਭਰਾ ਨੂੰ ਪੈਦਾ ਕੀਤਾ, ਇਸਤੋਂ ਬਾਅਦ ਉਸਨੇ ਆਪਣੀ ਦਾਦੀ ਨਾਲ਼ ਸੰਭੋਗ ਕੀਤਾ ਅਤੇ ਆਪਣੀ ਮਾਂ ਨੂੰ ਪੈਦਾ ਕੀਤਾ। ਮੇਰੇ ਖਿਆਲ ਨਾਲ਼ ਇਹ ਮੁਸ਼ਕਲ ਰਿਹਾ ਹੋਵੇਗਾ ; ਅੰਮਾ, ਪਰ ਦਿਲਚਸਪ ਵੀ। ਉਹ, ਕਿੰਨਾ ਮੁਸ਼ਕਿਲ। ਮੇਰੇ ਵਿਚਾਰ ਨਾਲ ਸਹਿ-ਅਪਰਾਧੀ…’’
‘‘ਈਸ਼ਵਰ ਦੇ ਮਾਮਲੇ ਵਿੱਚ ਸਭ ਕੁਝ ਸੰਭਵ ਹੈ, ਮੇਰੀ ਬੱਚੀ।’’

‘‘ਹਾਂ, ਸ਼ਾਇਦ। ਪਰ ਕਿਸੇ ਹੋਰ ਸਿਆਮੀ ਜੌੜੇ ਬੱਚੇ ਦੇ ਨਾਲ਼ ਨਹੀਂ, ਮੇਰੇ ਖਿਆਲ ਨਾਲ਼। ਤੈਨੂੰ ਤਾਂ ਨਹੀਂ ਲਗਦਾ ਨਾ ਅੰਮਾ ਕਿ ਕੋਈ ਸਾਧਾਰਨ ਸਿਆਮੀ ਜੁੜਵਾ ਬੱਚਾ ਆਪਣੀ ਮਾਂ ਨਾਲ ਸੰਭੋਗ ਕਰਕੇ ਆਪਣੇ ਆਪ ਨੂੰ ਅਤੇ ਆਪਣੇ ਭਰਾ ਨੂੰ ਪੈਦਾ ਕਰ ਸਕਦਾ ਹੈ, ਅਤੇ ਫਿਰ ਆਪਣੀ ਦਾਦੀ ਨਾਲ ਸੰਭੋਗ ਕਰਕੇ, ਆਪਣੀ ਮਾਂ ਨੂੰ ਵੀ ਪੈਦਾ ਕਰ ਸਕਦਾ ਹੈ, ਕਿਉ ਅੰਮਾ?’’
‘‘ਨਿਸ਼ਚਿਤ ਤੌਰ ਤੇ ਨਹੀਂ, ਮੇਰੀ ਬੱਚੀ। ਅਤੇ ਕੋਈ ਨਹੀਂ, ਸਿਰਫ ਈਸ਼ਵਰ ਹੀ ਇਨਾਂ ਹੈਰਾਨੀਜਨਕ ਅਤੇ ਪਵਿੱਤਰ ਚਮਤਕਾਰਾਂ ਨੂੰ ਅੰਜਾਮ ਦੇ ਸਕਦਾ ਹੈ।’’

‘‘ਅਤੇ ਉਨ੍ਹਾਂ ਦਾ ਅਨੰਦ ਲੈ ਸਕਦਾ ਹੈ। ਨਿਸ਼ਚਿਤ ਰੂਪ ਨਾਲ਼ ਉਹ ਇਸਦਾ ਅਨੰਦ ਲੈਂਦਾ ਹੈ, ਨਹੀਂ ਤਾਂ ਉਹ ਇਸ ਤਰ੍ਹਾਂ ਪਰਿਵਾਰ ਵਿੱਚ ਸ਼ਿਕਾਰ ਕਰਦਾ ਨਾ ਫ਼ਿਰਦਾ, ਹੈ ਨਾ, ਅੰਮਾ?ਜਿਸ ਨਾਲ਼ ਪਿੰਡ ਵਿਚ ਉਨ੍ਹਾਂ ਦੀ ਇਜੱਤ ਤੇ ਵੱਟਾ ਲਗਦਾ ਹੈ ਅਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ। ਮਿ. ਹੋਲਿਸਟਰ ਕਹਿੰਦੇ ਹਨ ਕਿ ਉਨ੍ਹਾਂ ਦਿਨਾਂ ਵਿੱਚ ਇਹ ਹੈਰਾਨੀਜਨਕ ਤੇ ਮਹਿਮਾਪੂਰਣ ਸੀ, ਪਰ ਅੱਜ ਕਾਰਗਰ ਨਹੀਂ ਹੈ। ਉਹ ਕਹਿੰਦੇ ਹਨ ਕਿ ਜੇ ਮਾਂ ਮੈਰੀ ਅੱਜ ਸ਼ਿਕਾਗੋ ਵਿੱਚ ਹੁੰਦੀ ; ਅਤੇ ਗਰਭਵਤੀ ਹੋ ਜਾਂਦੀ ਅਤੇ ਉਹ ਅਖ਼ਬਾਰ ਵਾਲਿਆਂ ਨੂੰ ਦਸੱਦੀ ਕਿ ਈਸ਼ਵਰ ਸਹਿ-ਅਪਰਾਧੀ ਹੈ, ਤਾਂ ਉਹ ਦੱਸ ਵਿਚੋਂ ਦੋ ਨੂੰ ਵੀ ਯਕੀਨ ਨਾ ਦਵਾ ਪਾਉਦੀ। ਉਹ ਕਹਿੰਦੇ ਹਨ ਕਿ ਅਜਿਹੇ ਬਹੁਤ ਸਾਰੇ ਲੋਕ ਹਨ।’’
‘‘ਮੇਰੀ ਬੱਚੀ!’’
‘‘ਖੈਰ, ਉਹ ਅਜਿਹਾ ਕਹਿੰਦੇ ਹਨ।’’
‘‘ਉਹ, ਮੈਂ ਚਾਹੁੰਦੀ ਹਾਂ ਕਿ ਤੂੰ ਉਸ ਦੁਸ਼ਟ, ਪਾਪੀ ਆਦਮੀ ਤੋਂ ਦੂਰ ਰਹੇਂ।’’

‘‘ਉਹ ਦੁਸ਼ਟ ਬਨਣ ਦਾ ਇਰਾਦਾ ਨਹੀਂ ਰੱਖਦੇ, ਅੰਮਾ ਅਤੇ ਉਹ ਈਸ਼ਵਰ ਨੂੰ ਦੋਸ਼ ਨਹੀਂ ਦਿੰਦੇ। ਨਹੀਂ, ਉਹ ਈਸ਼ਵਰ ਨੂੰ ਬਿਲਕੁਲ ਦੋਸ਼ ਨਹੀਂ ਦਿੰਦੇ ; ਉਹ ਕਹਿੰਦੇ ਹਨ ਕਿ ਉਹ ਸਭ ਸਾਰੇ ਈਸ਼ਵਰ- ਅਜਿਹਾ ਹੀ ਕਰਦੇ ਹਨ। ਇਹ ਉਨ੍ਹਾਂ ਦੀ ਆਦਤ ਹੈ, ਉਹ ਹਮੇਂਸ਼ਾ ਤੋਂ ਹੀ ਅਜਿਹੇ ਰਹੇ ਹਨ।’’

‘‘ਕਿਹੋ ਜਿਹੇ ਰਹੇ ਹਨ, ਪਿਆਰੀ?’’

‘‘ਕੁਆਰੀਆਂ ਦਾ ਕੁਆਰਾਪਨ ਭੰਗ ਕਰਦੇ ਫਿਰਦੇ ਹਨ। ਉਹ ਕਹਿੰਦੇ ਹਨ ਕਿ ਇਸ ਵਿਚਾਰ ਦੀ ਕਾਢ ਈਸ਼ਵਰ ਨੇ ਨਹੀਂ ਕੀਤੀ ਉਸਦੇ ਜੰਮਣ ਤੋਂ ਪਹਿਲਾ ਹੀ ਇਹ ਪੁਰਾਣਾ ਅਤੇ ਅਕਾ ਦੇਣ ਵਾਲਾ ਬਣ ਚੁੱਕਿਆ ਸੀ। ਮਿ. ਹੋਲਿਸਟਰ ਕਹਿੰਦੇ ਹਨ ਕਿ ਉਸਨੇ ਕਿਸੇ ਚੀਜ਼ ਦੀ ਕਾਢ ਨਹੀਂ ਕੀਤੀ, ਸਗੋਂ ਉਸਨੂੰ ਆਪਣੀ ਬਾਈਬਲ ਅਤੇ ਆਪਣੇ ਵਿਨਾਸ਼ ਅਤੇ ਆਪਣੀ ਨੈਤਿਕਤਾ ਅਤੇ ਆਪਣੇ ਵਿਚਾਰ ਪਹਿਲਾਂ ਦੇ ਈਸ਼ਵਰਾਂ ਤੋਂ ਮਿਲੇ, ਅਤੇ ਉਨ੍ਹਾਂ ਈਸ਼ਵਰਾਂ ਨੂੰ ਇਹ ਸਭ ਹੋਰ ਪਹਿਲਾਂ ਦੇ ਈਸ਼ਵਰਾਂ ਤੋਂ ਮਿਲਿਆ। ਉਹ ਕਹਿੰਦੇ ਹਨ ਕਿ ਹੁਣ ਤਕ ਕੋਈ ਅਜਿਹਾ ਈਸ਼ਵਰ ਨਹੀਂ ਆਇਆ ਹੈ ਜੋ ਕਿਸੇ ਕੁਆਰੀ ਦੇ ਗਰਭ ਤੋਂ ਨਾ ਜੰਮਿਆ ਹੋਵੇ। ਮਿ. ਹੋਲਿਸਟਰ ਕਹਿੰਦੇ ਹਨ ਕਿ ਜਿੱਥੇ ਈਸ਼ਵਰ ਹੈ ਉਥੇ ਕੋਈ ਕੁਆਰੀ ਸੁਰੱਖਿਅਤ ਨਹੀਂ ਹੈ। ਉਹ ਕਹਿੰਦੇ ਹਨ ਕਿ ਕਾਸ਼ ਉਹ ਈਸ਼ਵਰ ਹੁੰਦੇ ; ਉਹ ਕਹਿੰਦੇ ਹਨ ਕਿ ਉਹ ਕੁਆਰੇਪਨ ਨੂੰ ਇੰਨਾ ਦੁਰਲੱਭ ਬਣਾ ਦਿੰਦੇ ਕਿ-’’

‘‘ਸ਼ਾਂਤ, ਸ਼ਾਂਤ! ਇੰਨੀ ਤੇਜ਼ੀ ਨਾਲ਼ ਨਾ ਭੱਜ, ਮੇਰੀ ਬੱਚੀ। ਜੇ ਤੂੰ’’
‘‘ਅਤੇ ਉਨ੍ਹਾਂ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਰਾਤ ਨੂੰ ਆਪਣੇ ਦਰਵਾਜੇ ਬੰਦ ਕਰ ਲਿਆ ਕਰਾਂ, ਕਿਉਕਿ’’
‘‘ਹਸ਼, ਹਸ਼, ਚੁੱਪ ਹੋ ਜਾ!’’
‘‘ਕਿਉਕਿ, ਭਾਵੇਂ ਮੈ ਅਜੇ ਸਾਢੇ ਤਿੰਨ ਸਾਲ ਦੀ ਹਾਂ ਅਤੇ ਆਦਮੀਆਂ ਤੋਂ ਬਿਲਕੁਲ ਸੁਰੱਖਿਅਤ ਹਾਂ’’

‘‘ਮੇਰੀ ਐਨ, ਆਓ ਅਤੇ ਇਸ ਬੱਚੀ ਨੂੰ ਲੈ ਜਾਓ! ਹੁਣ ਤੂੰ ਜਾ, ਅਤੇ ਉਦੋਂ ਤੱਕ ਮੇਰੇ ਕੋਲ਼ ਨਾ ਆਵੀਂ ਜਦੋਂ ਤੱਕ ਤੈਨੂੰ ਧਰਮ ਸ਼ਾਸਤਰ ਤੋਂ ਨੀਚੇ ਦੇ ਪੱਧਰ ਦੇ ਹੋਰ ਕਿਸੇ ਘੱਟ ਭਿਆਨਕ ਵਿਸ਼ੇ ਵਿਚ ਦਿਲਚਸਪੀ ਪੈਦਾ ਨਹੀਂ ਹੁੰਦੀ।’’
‘‘ਬੇਸੀ (ਜਾਂਦੇ ਹੋਏ)- ਮਿ. ਹੋਲਿਸਟਰ ਕਹਿੰਦੇ ਹਨ ਕਿ ਅਜੇਹਾ ਕੋਈ ਵਿਸ਼ਾ ਨਹੀਂ’’

(1908)

(ਅਨੁਵਾਦਕ: ਵਰੁਣ)

  • ਮੁੱਖ ਪੰਨਾ : ਮਾਰਕ ਟਵੇਨ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ